ਉੱਤਰਾਖੰਡ: ਨੈਨੀਤਾਲ ਦੀ ਨੈਨੀ ਝੀਲ ਕਿਵੇਂ ਬਣ ਗਈ ਤਬਾਹੀ ਦਾ ਤਾਲ
Thursday, Oct 21, 2021 - 11:53 AM (IST)

ਉਤਰਾਖੰਡ ਵਿੱਚ ਰਿਕਾਰਡ ਤੋੜ ਮੀਂਹ ਨੇ ਕੁਮਾਊਂ ਖੇਤਰ ਵਿੱਚ ਬਹੁਤ ਤਬਾਹੀ ਮਚਾ ਦਿੱਤੀ ਹੈ।
ਇਸ ਮੀਂਹ ਦਾ ਪ੍ਰਭਾਵ, ਆਪਣੇ ਤਾਲਾਂ ਲਈ ਮਸ਼ਹੂਰ ਤੇ ਸੈਲਾਨੀਆਂ ਦੇ ਪਸੰਦੀਦਾ ਸ਼ਹਿਰ ਨੈਨੀਤਾਲ ''ਤੇ ਸਭ ਤੋਂ ਵੱਧ ਦਿਖਾਈ ਦਿੱਤਾ ਹੈ।
ਕੋਸੀ, ਗੌਲਾ, ਰਾਮਗੰਗਾ, ਮਹਾਕਾਲੀ ਦੇ ਨਾਲ-ਨਾਲ ਇਲਾਕੇ ਦੀਆਂ ਸਾਰੀਆਂ ਨਦੀਆਂ ਅਤੇ ਜਲ ਧਾਰਾਵਾਂ ਪਾਣੀ ਨਾਲ ਪੂਰੀਆਂ ਭਰੀਆਂ ਹੋਈਆਂ ਹਨ।
ਸੈਂਕੜੇ ਢਿਗਾਂ ਡਿੱਗਣ ਕਾਰਨ ਬਹੁਤ ਸਾਰੇ ਮਕਾਨ ਢਹਿ ਗਏ ਹਨ ਅਤੇ ਜ਼ਿਆਦਾਤਰ ਸੜਕਾਂ ਬੰਦ ਹਨ।
ਕੁਮਾਊਂ ਦੇ ਡੀਆਈਜੀ ਨੀਲੇਸ਼ ਭਰਨੇ ਨੇ ਬੀਬੀਸੀ ਨੂੰ ਦੱਸਿਆ, "ਹੁਣ ਤੱਕ 46 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਬਚਾਅ ਕਾਰਜ ਜਾਰੀ ਹੈ।"
ਅਜਿਹੇ ਵਿੱਚ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ।
ਉਨ੍ਹਾਂ ਦੱਸਿਆ, "ਵੱਖ-ਵੱਖ ਖੇਤਰਾਂ ਵਿੱਚ ਆਪਰੇਸ਼ਨ ਚੱਲ ਰਿਹਾ ਹੈ। ਜਿਨ੍ਹਾਂ ਖੇਤਰਾਂ ਵਿੱਚ ਵਾਹਨਾਂ ਦੇ ਜਾਣ ਦੀ ਸਥਿਤੀ ਨਹੀਂ ਹੈ, ਫੋਰਸ ਉੱਥੇ ਪੈਦਲ ਪਹੁੰਚ ਰਹੀ ਹੈ।"
"ਤਬਾਹੀ ਦਾ ਕੇਂਦਰ ਨੈਨੀਤਾਲ ਜ਼ਿਲ੍ਹੇ ਦੇ ਮੁਕਤੇਸ਼ਵਰ ਅਤੇ ਰਾਮਗੜ੍ਹ ਖੇਤਰਾਂ ਵਿੱਚ ਰਿਹਾ ਹੈ।"
ਮੰਗਲਵਾਰ ਨੂੰ ਨੈਨੀਤਾਲ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ਕਈ ਥਾਵਾਂ ''ਤੇ ਮਲਬੇ ਦੇ ਆਉਣ ਕਾਰਨ ਬੰਦ ਹੋ ਗਈਆਂ ਸਨ।
ਪਰ ਡੀਆਈਜੀ ਭਰਨੇ ਨੇ ਦੱਸਿਆ ਕਿ ਸਾਰੀਆਂ ਸੜਕਾਂ ਖੋਲ੍ਹ ਦਿੱਤੀਆਂ ਗਈਆਂ ਹਨ ਅਤੇ ਹੁਣ ਆਵਾਜਾਈ ਚਾਲੂ ਹੋ ਗਈ ਹੈ।
124 ਸਾਲਾਂ ਵਿੱਚ ਸਭ ਤੋਂ ਵੱਧ ਮੀਂਹ
ਮੌਸਮ ਵਿਗਿਆਨ ਕੇਂਦਰ, ਉੱਤਰਾਖੰਡ ਵੱਲੋਂ ਦਰਜ ਕੀਤੇ ਗਏ ਅੰਕੜਿਆਂ ਅਨੁਸਾਰ, ਇਹ ਮੀਂਹ ਉਤਰਾਖੰਡ ਦੇ ਕੁਮਾਊਂ ਖੇਤਰ ਵਿੱਚ ਪਿਛਲੇ 124 ਸਾਲਾਂ ''ਚ ਪੈਣ ਵਾਲਾ ਹੁਣ ਤੱਕ ਦਾ ਸਭ ਤੋਂ ਵੱਧ ਮੀਂਹ ਹੈ।
ਮੌਸਮ ਵਿਗਿਆਨ ਕੇਂਦਰ, ਉੱਤਰਾਖੰਡ ਦੇ ਡਾਇਰੈਕਟਰ ਬਿਕਰਮ ਸਿੰਘ ਨੇ ਦੱਸਿਆ, "1897 ਵਿੱਚ, ਨੈਨੀਤਾਲ ਜ਼ਿਲ੍ਹੇ ਦੇ ਮੁਕਤੇਸ਼ਵਰ ਵਿੱਚ ਪਹਿਲੀ ਵਾਰ ਮੌਸਮ ਕੇਂਦਰ ਸਥਾਪਤ ਕੀਤਾ ਗਿਆ ਸੀ।"
"ਉਦੋਂ ਤੋਂ ਹੁਣ ਤੱਕ ਦਰਜ ਕੀਤੇ ਗਏ ਅੰਕੜਿਆਂ ਦੇ ਅਨੁਸਾਰ, ਕੁਮਾਊਂ ਵਿੱਚ ਸਭ ਤੋਂ ਵੱਧ 254.5 ਮਿਲੀਮੀਟਰ ਮੀਂਹ 18 ਸਤੰਬਰ 1914 ਨੂੰ ਦਰਜ ਕੀਤਾ ਗਿਆ ਸੀ ਅਤੇ 24 ਘੰਟਿਆਂ ਵਿੱਚ ਮੁਕਤੇਸ਼ਵਰ ਮੌਸਮ ਕੇਂਦਰ ਨੇ 340.8 ਮਿਲੀਮੀਟਰ ਮੀਂਹ ਦਰਜ ਕੀਤਾ ਹੈ।"
ਇਸੇ ਤਰ੍ਹਾਂ ਕੁਮਾਊਂ ਦੇ ਮੈਦਾਨੀ ਇਲਾਕਿਆਂ ਵਿੱਚ ਵੀ ਮੀਂਹ ਦਾ ਰਿਕਾਰਡ ਟੁੱਟਿਆ ਹੈ ਅਤੇ ਪੰਤਨਗਰ ਮੌਸਮ ਵਿਗਿਆਨ ਕੇਂਦਰ ਵਿੱਚ 24 ਘੰਟਿਆਂ ਵਿੱਚ 403.2 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ।
ਜਦਕਿ ਹੁਣ ਤੱਕ ਦਰਜ ਅੰਕੜਿਆਂ ਵਿੱਚ 10 ਜੁਲਾਈ 1990 ਨੂੰ ਸਭ ਤੋਂ ਵੱਧ, 228 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਸੀ।
ਬਿਕਰਮ ਸਿੰਘ ਨੇ ਦੱਸਿਆ ਕਿ ਪੱਛਮੀ ਗੜਬੜੀ ਨੇ ਬੰਗਾਲ ਦੀ ਖਾੜੀ ਤੋਂ ਉੱਠਣ ਵਾਲੀਆਂ ਨਮੀ ਭਰੀਆਂ ਹਵਾਵਾਂ ਨੂੰ 75 ਡਿਗਰੀ ਪੂਰਬ ਵੱਲ ਆ ਕੇ ਰੋਕ ਦਿੱਤਾ।
ਜਿਸ ਕਾਰਨ ਨਮੀ ਵਾਲੀਆਂ ਹਵਾਵਾਂ ਉੱਪਰ ਵੱਲ ਨੂੰ ਉੱਠਣ ਕਾਰਨ ਇਹ ਭਾਰੀ ਮੀਂਹ ਪਿਆ।
ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਇਸ ਦੇ ਹਰ ਕੇਂਦਰ ਵਿੱਚ ਭਾਰੀ ਬਾਰਿਸ਼ (ਹੈਵੀ ਤੋਂ ਐਕਸਟ੍ਰੀਮਲੀ ਹੈਵੀ ਰੇਨਫਾਲ) ਦਰਜ ਹੋਈ ਹੈ, ਜੋ ਕਿ ਇੱਕ ਬੇਮਿਸਾਲ ਸਥਿਤੀ ਹੈ।
ਹਾਲਾਂਕਿ, ਹੁਣ ਇਹ ਸਥਿਤੀ ਟਲ ਗਈ ਹੈ ਅਤੇ ਹੁਣ ਮੌਸਮ ਠੀਕ ਹੋ ਜਾਵੇਗਾ।
ਨੈਨੀ ਝੀਲ ਹੋਈ ਓਵਰਫਲੋ
ਦੂਜੇ ਪਾਸੇ, ਭਾਰੀ ਮੀਂਹ ਦੇ ਦੌਰਾਨ ਨੈਨੀਤਾਲ ਦੀ ਮਸ਼ਹੂਰ ਨੈਨੀ ਝੀਲ ਦਾ ਪਾਣੀ ਓਵਰਫਲੋ ਹੋ ਗਿਆ।
ਜਿਸ ਕਾਰਨ ਮੱਲੀਤਾਲ ਵਿੱਚ ਨੈਣਾ ਦੇਵੀ ਮੰਦਰ, ਮਾਲ ਰੋਡ ਅਤੇ ਤੱਲੀਤਾਲ ਦੇ ਨਵਾਂ ਬਾਜ਼ਾਰ ਇਲਾਕੇ ਵਿੱਚ ਹੜ੍ਹ ਆ ਗਿਆ ਅਤੇ ਕਈ ਦੁਕਾਨਾਂ ਤੇ ਘਰਾਂ ਵਿੱਚ ਪਾਣੀ ਭਰ ਗਿਆ
ਤੱਲੀਤਾਲ ਦੇ ਵਸਨੀਕ ਰਾਜੀਵ ਲੋਚਨ ਸਾਹ ਨੇ ਦੱਸਿਆ, "ਚਾਰੇ ਪਾਸਿਓਂ ਪਾਣੀ ਨਾਲ ਘਿਰੇ ਅਸੀਂ ਜਿਵੇਂ ਕਿਸੇ ਟਾਪੂ ''ਤੇ ਹਾਂ। ਹਰ ਪਾਸੇ ਭਿਆਨਕ ਦ੍ਰਿਸ਼ ਹੈ। ਅਸੀਂ ਸਾਰੀ ਰਾਤ ਇਸੇ ਤਰ੍ਹਾਂ ਡਰ ਵਿੱਚ ਬਿਤਾਈ।"
ਇਹ ਵੀ ਪੜ੍ਹੋ-
- ਉੱਤਰਾਖੰਡ ਵਿੱਚ ਹੜ੍ਹ ਕਾਰਨ 47 ਲੋਕਾਂ ਦੀ ਮੌਤ, ਕੇਰਲ ਤੇ ਤਮਿਲਨਾਡੂ ਵਿੱਚ ਕੀ ਹੈ ਹਾਲ
- ਵਾਤਾਵਰਨ ਤਬਦੀਲੀ: ਪਿਛਲਾ ਦਹਾਕਾ ਅਧਿਕਾਰਤ ਤੌਰ ''ਤੇ ਸਭ ਤੋਂ ਗਰਮ ਐਲਾਨਿਆ ਗਿਆ
- 6 ਅਸਰਦਾਰ ਤਰੀਕੇ, ਜਿਸ ਨਾਲ ਵਾਤਾਵਰਨ ਨੂੰ ਬਚਾਇਆ ਜਾ ਸਕਦਾ ਹੈ
ਤੱਲੀਤਾਲ ਕ੍ਰਿਸ਼ਣਾਪੁਰ ਵਿੱਚ ਰਹਿਣ ਵਾਲੇ ਪ੍ਰਿਯੰਕਾ ਬਿਸ਼ਟ ਕਹਿੰਦੇ ਹਨ, "ਮੈਂ ਆਪਣੀ ਜ਼ਿੰਦਗੀ ਵਿੱਚ ਨੈਨੀ ਝੀਲ ਨੂੰ ਹੜ੍ਹ ਦੀ ਤਰ੍ਹਾਂ ਓਵਰਫਲੋ ਹੁੰਦੇ ਕਦੇ ਵੀ ਨਹੀਂ ਵੇਖਿਆ।"
"ਝੀਲ ਤੋਂ ਇੰਨਾ ਜ਼ਿਆਦਾ ਪਾਣੀ ਵਗ ਰਿਹਾ ਹੈ ਕਿ ਨਵਾਂ ਬਾਜ਼ਾਰ ਅਤੇ ਭਵਾਲੀ ਰੋਡ ਦੀਆਂ ਦੁਕਾਨਾਂ ਅਤੇ ਲੋਕਾਂ ਦੇ ਘਰਾਂ ਵਿੱਚ ਪਾਣੀ ਭਰ ਗਿਆ ਹੈ। ਲੋਕਾਂ ਨੂੰ ਬਹੁਤ ਨੁਕਸਾਨ ਹੋਇਆ ਹੈ।"
ਨੈਨੀਤਾਲ ਸ਼ਹਿਰ ਵਿੱਚ ਰਹਿਣ ਵਾਲੇ ਵਾਤਾਵਰਣ ਦੇ ਜਾਣਕਾਰ ਅਤੇ ਇਤਿਹਾਸਕਾਰ ਸ਼ੇਖਰ ਪਾਠਕ ਕਹਿੰਦੇ ਹਨ, "ਇਤਿਹਾਸ ਵਿੱਚ ਵੀ ਨੈਨੀਤਾਲ ਦੇ ਨੇੜੇ ਅਜਿਹੀਆਂ ਅਤਿਅੰਤ (ਐਕਸਟ੍ਰੀਮ) ਕੁਦਰਤੀ ਸਥਿਤੀਆਂ ਬਣੀਆਂ ਹਨ।"
"1920-21 ਵਿੱਚ ਵੀ ਇਸੇ ਤਰ੍ਹਾਂ ਦੀ ਭਾਰੀ ਬਾਰਿਸ਼ ਹੋਈ ਸੀ ਅਤੇ ਉਸ ਤੋਂ ਪਹਿਲਾਂ 1880 ਵਿੱਚ, ਸਤੰਬਰ ਦੀ 14 ਤੋਂ 18 ਤਾਰੀਖ ਦੌਰਾਨ ਭਾਰੀ ਮੀਂਹ ਪੈਣ ਤੋਂ ਬਾਅਦ ਨੈਨੀ ਝੀਲ ਦੇ ਉੱਪਰਲੇ ਸਿਰੇ ਦੀ ਪਹਾੜੀ ਤੋਂ ਇੱਕ ਵੱਡੀ ਢਿਗ ਡਿੱਗ ਪਈ ਸੀ।"
"ਜਿਸ ਦੀ ਚਪੇਟ ''ਚ ਆ ਕੇ 155 ਲੋਕਾਂ ਦੀ ਮੌਤ ਹੋ ਗਈ ਸੀ। ਇਸ ਵਾਰ ਦੇ ਭਾਰੀ ਮੀਂਹ ਅਤੇ ਹੜ੍ਹ ਨੇ ਇੱਥੇ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ।"
ਪਾਠਕ ਇਹ ਵੀ ਦੱਸਦੇ ਹਨ, "ਨੈਨੀਤਾਲ ਝੀਲ ਦੇ ਜਾਣੇ-ਪਛਾਣੇ ਇਤਿਹਾਸ ਵਿੱਚ ਅਜਿਹਾ ਓਵਰਫਲੋ ਕਦੇ ਨਹੀਂ ਵੇਖਿਆ ਗਿਆ।"
"ਇੱਕ ਤਾਂ ਬੇਹੱਦ ਭਾਰੀ ਮੀਂਹ ਇਸ ਦਾ ਇੱਕ ਕਾਰਨ ਰਿਹਾ ਅਤੇ ਦੂਜਾ ਕਾਰਨ ਇਹ ਹੈ ਕਿ ਲੇਕ ਬ੍ਰਿਜ ਵਿੱਚ ਬਣਾਇਆ ਗਿਆ ਪਾਣੀ ਦਾ ਰਸਤਾ ਵੀ ਨਾਸਮਝੀ ਨਾਲ ਬਣਾਇਆ ਗਿਆ ਹੈ।"
"ਇਸ ਨੂੰ ਹੋਰ ਵੱਡਾ ਬਣਾਉਣਾ ਚਾਹੀਦਾ ਸੀ। ਮੀਂਹ ਦੇ ਕਾਰਨ, ਝੀਲ ਵਿੱਚ ਪਾਣੀ ਲਿਆਉਣ ਵਾਲੇ ਸਾਰੇ ਹੀ ਨਾਲਿਆਂ ਵਿੱਚੋਂ ਇੰਨਾ ਜ਼ਿਆਦਾ ਪਾਣੀ ਆਇਆ ਕਿ ਉਸ ਤੇਜ਼ੀ ਦੇ ਨਾਲ ਉਸ ਦੀ ਨਿਕਾਸੀ ਨਹੀਂ ਹੋ ਸਕੀ ਅਤੇ ਤੱਲੀਤਾਲ ਖੇਤਰ ਵਿੱਚ ਹੜ੍ਹ ਵਿੱਚ ਆ ਗਿਆ।"
ਨੈਨੀਤਾਲ ਜ਼ਿਲ੍ਹੇ ਦੇ ਹੀ ਰਾਮਗੜ੍ਹ, ਰਾਮਨਗਰ, ਕੈਂਚੀ, ਓਖਲਕੋਂਡਾ ਅਤੇ ਹੋਰ ਇਲਾਕਿਆਂ ਤੋਂ ਇਲਾਵਾ ਊਧਮ ਸਿੰਘ ਨਗਰ, ਅਲਮੋੜਾ, ਬਾਗੇਸ਼ਵਰ, ਪਿਥੌਰਾਗੜ੍ਹ ਅਤੇ ਚੰਪਾਵਤ ਜ਼ਿਲ੍ਹਿਆਂ ਵਿੱਚ ਵੀ ਹੜ੍ਹ ਆਉਣ ਅਤੇ ਢਿਗਾਂ ਡਿੱਗਣ ਕਾਰਨ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।
ਰਾਹਤ ਅਤੇ ਬਚਾਅ ਏਜੰਸੀਆਂ, ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ ਅਤੇ ਹਵਾਈ ਫੌਜ ਦੇ ਦੋ ਹੈਲੀਕਾਪਟਰ ਵੀ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਲਈ ਭੇਜੇ ਗਏ ਹਨ।
ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਜ਼ਿਆਦਾ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਦੌਰਾ ਕੀਤਾ ਹੈ ਅਤੇ ਲੋਕਾਂ ਨੂੰ ਸਬਰ ਅਤੇ ਸੰਜਮ ਰੱਖਣ ਦੀ ਅਪੀਲ ਕੀਤੀ ਹੈ।
ਕੀ ਹਨ ਇਸ ਤਬਾਹੀ ਦੇ ਕਾਰਨ
ਆਮ ਤੌਰ ''ਤੇ ਮਾਨਸੂਨ ਦੇ ਖਤਮ ਹੋ ਜਾਣ ਤੋਂ ਬਾਅਦ ਅਕਤੂਬਰ ਵਿੱਚ ਅਜਿਹੇ ਭਾਰੀ ਮੀਂਹ ਬਾਰੇ ਵਾਤਾਵਰਨ ਦੇ ਜਾਣਕਾਰਾਂ ਅਤੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਮੌਸਮ ਦੇ ਚੱਕਰ ਵਿੱਚ ਹੋ ਰਹੀਆਂ ਤਬਦੀਲੀਆਂ ਦਾ ਸਪੱਸ਼ਟ ਸੰਕੇਤ ਹਨ।
ਪੀਪਲਜ਼ ਸਾਇੰਸ ਇੰਸਟੀਚਿਊਟ ਨਾਲ ਜੁੜੇ ਸੀਨੀਅਰ ਵਿਗਿਆਨੀ ਅਤੇ ਵਾਤਾਵਰਣ ਦੇ ਜਾਣਕਾਰ ਰਵੀ ਚੋਪੜਾ ਕਹਿੰਦੇ ਹਨ, "ਇਹ ਲਗਾਤਾਰ ਵੇਖਿਆ ਜਾ ਰਿਹਾ ਹੈ ਕਿ ਪਹਿਲਾਂ ਜਿਹੜੀ ਬਾਰਿਸ਼ ਚੌਮਾਸਾ (ਬਰਸਾਤ ਦੇ ਮੌਸਮ ਵਿੱਚ) ਹੁੰਦੀ ਸੀ।"
"ਬੀਤੇ ਸਮੇਂ ਵਿੱਚ ਉਸਦਾ ਵਿਵਹਾਰ ਹੁਣ ਬਦਲ ਗਿਆ ਹੈ। ਵਿਗਿਆਨੀਆਂ ਨੇ 1980 ਦੇ ਦਹਾਕੇ ਵਿੱਚ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਜਦੋਂ ਮੌਸਮ ਵਿੱਚ ਤਬਦੀਲੀ ਆਵੇਗੀ ਤਾਂ ਤਾਪਮਾਨ ਵਧੇਗਾ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs&t=1s
"ਜਿਹੜੀ ਬਾਰਿਸ਼ ਹੋਵੇਗੀ ਉਹ ਘੱਟ ਦਿਨਾਂ ਲਈ ਹੋਵੇਗੀ ਪਰ ਜ਼ਿਆਦਾ ਭਾਰੀ ਹੋਵੇਗੀ ਤਾਂ ਇਸ ਸਾਲ ਵੀ ਅਤੇ ਹਾਲ ਦੇ ਸਾਲਾਂ ਵਿੱਚ ਵੀ ਅਸੀਂ ਅਜਿਹਾ ਹੀ ਹੁੰਦਾ ਵੇਖਿਆ ਹੈ।
ਰਵੀ ਚੋਪੜਾ, ਅਜਿਹੇ ਭਾਰੀ ਮੀਂਹ ਨੂੰ ਉਤਰਾਖੰਡ ਹਿਮਾਲਿਆ ਦੇ ਕੱਚੇ ਪਹਾੜਾਂ ਲਈ ਖਤਰਨਾਕ ਦੱਸਦੇ ਹਨ, "ਉਤਰਾਖੰਡ ਦੇ ਪਹਾੜ ਕਮਜ਼ੋਰ ਹਨ, ਖਾਸ ਕਰਕੇ ਜਿੱਥੇ ਮੇਨ ਬਾਊਂਡ੍ਰੀ ਫਾਲਟ ਅਤੇ ਮੇਨ ਸੈਂਟ੍ਰਲ ਥ੍ਰਸਟ ਹੈ।"
"ਅਜਿਹੀ ਸਥਿਤੀ ਵਿੱਚ, ਭਾਰੀ ਮੀਂਹ ਦੇ ਦੌਰਾਨ ਇੱਥੇ ਬਹੁਤ ਚੱਟਾਨਾਂ ਖਿਸਕਦੀਆਂ ਹਨ ਅਤੇ ਕਈ ਬਸਤੀਆਂ ਇਨ੍ਹਾਂ ਦੀ ਮਾਰ ਵਿੱਚ ਆ ਜਾਂਦੀਆਂ ਹਨ ਅਤੇ ਹਾਦਸੇ ਵਾਪਰਦੇ ਹਨ।"
ਮੌਸਮ ਵਿਭਾਗ ਵੱਲੋਂ 18 ਸਤੰਬਰ ਤੋਂ ਤਿੰਨ ਦਿਨਾਂ ਲਈ ਡਬਲ ਰੈੱਡ ਅਲਰਟ ਜਾਰੀ ਕੀਤਾ ਗਿਆ ਸੀ ਅਤੇ 2013 ਵਾਂਗ ਭਿਆਨਕ ਭਾਰੀ ਮੀਂਹ ਦਾ ਖਦਸ਼ਾ ਜਤਾਇਆ ਗਿਆ ਸੀ।
ਜਿਸ ਤੋਂ ਬਾਅਦ ਉੱਤਰਾਖੰਡ ਦੇ ਸਾਰੇ ਜ਼ਿਲ੍ਹਿਆਂ ਵਿੱਚ ਪ੍ਰਸ਼ਾਸਨ ਨੇ ਆਪਦਾ ਰਾਹਤ ਕਰਮਚਾਰੀਆਂ ਨੂੰ ਤੈਨਾਤ ਰਹਿਣ ਦੇ ਆਦੇਸ਼ ਦਿੱਤੇ ਸਨ ਅਤੇ ਚਾਰਧਾਮ ਯਾਤਰਾ ''ਵੀ ਰੋਕ ਦਿੱਤੀ ਗਈ ਸੀ।
ਇਹ ਵੀ ਪੜ੍ਹੋ:
- ਕੋਰੋਨਾਵਾਇਰਸ ਦੇ ਕਾਲ ’ਚ ਕੀ ਤੁਹਾਨੂੰ ਨੀਂਦ ਘੱਟ ਆ ਰਹੀ ਹੈ, ਕੀ ਇਹ ਬਿਮਾਰੀ ਹੈ ਜਾਂ ਕੁਝ ਹੋਰ
- ਜਦੋਂ ਤੁਸੀਂ ਮਿੱਠਾ ਖਾਣਾ ਛੱਡ ਦਿੰਦੇ ਹੋ ਤਾਂ ਤੁਹਾਡੇ ਦਿਮਾਗ ''ਤੇ ਕੀ ਅਸਰ ਹੁੰਦਾ ਹੈ
- ਆਈਫ਼ੋਨ 13 ''ਚ ਕੀ ਹੈ ਖ਼ਾਸ ਤੇ ਭਾਰਤ ਵਿੱਚ ਕੀ ਹੋਵੇਗੀ ਕੀਮਤ
https://www.youtube.com/watch?v=DmgOfEX_mhQ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''be085e60-3233-48c1-ad47-8d26777b4cfa'',''assetType'': ''STY'',''pageCounter'': ''punjabi.india.story.58983767.page'',''title'': ''ਉੱਤਰਾਖੰਡ: ਨੈਨੀਤਾਲ ਦੀ ਨੈਨੀ ਝੀਲ ਕਿਵੇਂ ਬਣ ਗਈ ਤਬਾਹੀ ਦਾ ਤਾਲ'',''author'': ''ਰੋਹਿਤ ਜੋਸ਼ੀ'',''published'': ''2021-10-21T06:10:57Z'',''updated'': ''2021-10-21T06:19:47Z''});s_bbcws(''track'',''pageView'');