ਜਦੋਂ ਭਾਰਤੀ ਸਮੁੰਦਰੀ ਜਹਾਜ਼ ਆਈਐੱਨਐੱਸ ਵਿਕਰਾਂਤ ਨੂੰ ਡੁਬੋਣ ਆਈ ਪਾਕ ਪਣਡੁੱਬੀ ਗਾਜ਼ੀ ਆਪੇ ਤਬਾਹ ਹੋਈ

Sunday, Oct 17, 2021 - 10:53 AM (IST)

ਜਦੋਂ ਭਾਰਤੀ ਸਮੁੰਦਰੀ ਜਹਾਜ਼ ਆਈਐੱਨਐੱਸ ਵਿਕਰਾਂਤ ਨੂੰ ਡੁਬੋਣ ਆਈ ਪਾਕ ਪਣਡੁੱਬੀ ਗਾਜ਼ੀ ਆਪੇ ਤਬਾਹ ਹੋਈ

8 ਨਵੰਬਰ 1971, ਨੂੰ ਪਾਕਿਸਤਾਨੀ ਪਣਡੁੱਬੀ ਪੀਐੱਨਐੱਸ ਗਾਜ਼ੀ ਦੇ ਕਪਤਾਨ ਜ਼ਫ਼ਰ ਮੁਹੰਮਦ ਖਾਨ ਨੇ ਗਿਰਾਈ ਰੋਡ ਸਥਿਤ ਗੌਲਫ ਕਲੱਬ ਵਿੱਚ ਗੌਲਫ਼ ਖੇਡਣਾ ਸ਼ੁਰੂ ਕੀਤਾ ਹੀ ਸੀ ਕਿ ਉਨ੍ਹਾਂ ਕੋਲ ਸੁਨੇਹਾ ਪੁੱਜਿਆ ਕਿ ਫੌਰਨ ਲਿਆਕਤ ਬੈਰਕ ਵਿਚਲੇ ਨੌਸੈਨਾ ਦੇ ਮੁੱਖ ਦਫਤਰ ਵਿਖੇ ਪਹੁੰਚਣ।

ਉਥੇ ਨੇਵਲ ਵੈੱਲਫੇਅਰ ਅਤੇ ਆਪ੍ਰੇਸ਼ਨ ਪਲਾਨਜ਼ ਦੇ ਨਿਰਦੇਸ਼ਕ ਕੈਪਟਨ ਭਾਂਬਲ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਕਿ ਨੇਵੀ ਪ੍ਰਮੁੱਖ ਨੇ ਉਨ੍ਹਾਂ ਨੂੰ ਭਾਰਤੀ ਨੇਵੀ ਦੇ ਸੁਮੰਦਰੀ ਬੇੜੇ ਆਈਐੱਨਐੱਸ ਵਿਕਰਾਂਤ ਨੂੰ ਤਬਾਹ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ।

ਉਨ੍ਹਾਂ ਨੇ ਇੱਕ ਲਿਫ਼ਾਫ਼ਾ ਚੁੱਕਿਆ ਅਤੇ ਜ਼ਫ਼ਰ ਨੂੰ ਦਿੰਦੇ ਹੋਏ ਆਖਿਆ ਕਿ ਵਿਕਰਾਂਤ ਬਾਰੇ ਜਿੰਨੀ ਜਾਣਕਾਰੀ ਹੋ ਸਕਦੀ ਹੈ,ਉਹ ਇਸ ਲਿਫ਼ਾਫ਼ੇ ਵਿੱਚ ਮੌਜੂਦ ਹੈ।

ਜ਼ਫਰ ਨੂੰ ਆਖਿਆ ਗਿਆ ਕਿ ਗਾਜ਼ੀ ਉੱਪਰ ਤੈਨਾਤ ਸਾਰੇ ਨੇਵੀ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਜਾਣ ਅਤੇ ਅਗਲੇ ਦਸ ਦਿਨਾਂ ਦੇ ਅੰਦਰ ਉਨ੍ਹਾਂ ਨੂੰ ਕੰਮ ਪੂਰਾ ਕਰਨ ਲਈ ਭੇਜਿਆ ਜਾਵੇ।

ਜੰਗ ਤੋਂ ਵੀਹ ਸਾਲ ਬਾਅਦ ਪ੍ਰਕਾਸ਼ਿਤ ਹੋਈ ਕਿਤਾਬ ''ਦਿ ਸਟੋਰੀ ਆਫ਼ ਪਾਕਿਸਤਾਨ ਨੇਵੀ''ਵਿੱਚ ਦੱਸਿਆ ਗਿਆ ਹੈ ਕਿ ਪਾਕਿਸਤਾਨੀ ਨੇਵੀ ਨੇ 14-24 ਨਵੰਬਰ ਵਿਚਕਾਰ ਆਪਣੀਆਂ ਸਾਰੀਆਂ ਪਣਡੁੱਬੀਆਂ ਨੂੰ ਆਪਣੇ ਪਹਿਲਾਂ ਤੋਂ ਤੈਅ ਇਲਾਕਿਆਂ ਵੱਲ ਵਧਣ ਦਾ ਆਦੇਸ਼ ਦਿੱਤਾ ਸੀ।

ਗਾਜ਼ੀ ਨੂੰ ਸਭ ਤੋਂ ਦੂਰ ਬੰਗਾਲ ਦੀ ਖਾੜੀ ਵਿਚ ਜਾਣ ਲਈ ਆਖਿਆ ਗਿਆ ਸੀ, ਜਿੱਥੇ ਉਸ ਉੱਪਰ ਵਿਕਰਾਂਤ ਨੂੰ ਲੱਭਣ ਅਤੇ ਬਰਬਾਦ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।

"ਇਸ ਫ਼ੈਸਲੇ ਦੀ ਰਣਨੀਤਕ ਸਮਝਦਾਰੀ ਉੱਤੇ ਕਦੇ ਸਵਾਲ ਨਹੀਂ ਚੁੱਕੇ ਗਏ।ਪਾਕਿਸਤਾਨ ਕੋਲ ਗਾਜ਼ੀ ਹੀ ਇਕੱਲੀ ਅਜਿਹੀ ਪਣਡੁੱਬੀ ਸੀ, ਜਿਸ ''ਚ ਦੂਰ ਜਾ ਕੇ ਦੁਸ਼ਮਣ ਦੇ ਖੇਤਰ ਵਾਲੇ ਪਾਣੀ ਵਿੱਚ ਜਾ ਕੇ ਆਪਣੇ ਟੀਚੇ ਹਾਸਲ ਕਰਨ ਦੀ ਸਮਰੱਥਾ ਸੀ।

ਜੇਕਰ ਗਾਜ਼ੀ ਵਿਕਰਾਂਤ ਨੂੰ ਡੁਬੋਣ ਜਾਂ ਨੁਕਸਾਨ ਪਹੁੰਚਾਉਣ ਵਿੱਚ ਸਫ਼ਲ ਹੋ ਗਈ ਹੁੰਦੀ ਤਾਂ ਉਸ ਨਾਲ ਭਾਰਤੀ ਨੇਵੀ ਦੀਆਂ ਯੋਜਨਾਵਾਂ ਨੂੰ ਬਹੁਤ ਨੁਕਸਾਨ ਪਹੁੰਚਣਾ ਸੀ।

ਸੰਭਾਵਿਤ ਸਫ਼ਲਤਾ ਦਾ ਲਾਲਚ ਐਨਾ ਜ਼ਿਆਦਾ ਸੀ ਕਿ ਕੀ ਕੁਝ ਸ਼ੱਕ ਹੋਣ ਦੇ ਬਾਵਜੂਦ ਇਸ ਮਿਸ਼ਨ ਨੂੰ ਅੱਗੇ ਲੈਕੇ ਜਾਣ ਦੀ ਮਨਜ਼ੂਰੀ ਦਿੱਤੀ ਗਈ।"

ਵਿਕਰਾਂਤ ਦੇ ਬੌਇਲਰ ਵਿੱਚ ਖ਼ਰਾਬੀ

ਕੈਪਟਨ ਭਾਂਬਲ ਅਤੇ ਕਮਾਂਡਰ ਜ਼ਫ਼ਰ ਦੇ ਵਿੱਚ ਹੋਈ ਗੱਲਬਾਤ ਤੋਂ ਇਕ ਸਾਲ ਪਹਿਲਾਂ ਵਿਕਰਾਂਤ ਦੇ ਕਮਾਂਡਰ ਕੈਪਟਨ ਅਰੁਨ ਪ੍ਰਕਾਸ਼ ਉਨ੍ਹਾਂ ਦੇ ਚੀਫ ਇੰਜਨੀਅਰ ਦੁਆਰਾ ਭੇਜੀ ਰਿਪੋਰਟ ਨੂੰ ਪੜ੍ਹ ਰਹੇ ਸਨ।

ਰਿਪੋਰਟ ਵਿੱਚ ਆਖਿਆ ਗਿਆ ਸੀ ਕਿ ਵਿਕਰਾਂਤ ਦੇ ਬੌਆਇਲਰ ਦੇ ਵਾਟਰ ਡਰੰਮ ਵਿੱਚ ਤਰੇੜਾਂ ਆ ਗਈਆਂ ਹਨ, ਜਿਸ ਦੀ ਮੁਰੰਮਤ ਭਾਰਤ ਵਿੱਚ ਨਹੀਂ ਹੋ ਸਕਦੀ।

1965 ਦੀ ਲੜਾਈ ਸਮੇਂ ਵੀ ਵਿਕਰਾਂਤ ਵਿਚ ਕੁਝ ਸਮੱਸਿਆਵਾਂ ਦੇ ਕਾਰਨ ਉਸ ਨੂੰ ਯੁੱਧ ਵਿੱਚ ਹਿੱਸਾ ਲੈਣ ਦੇ ਲਾਇਕ ਨਹੀਂ ਸਮਝਿਆ ਗਿਆ ਸੀ।

ਬੌਆਇਲਰ ਵਿੱਚ ਤਰੇੜਾਂ ਦੇ ਕਾਰਨ ਵਿਕਰਾਂਤ ਵੱਧ ਤੋਂ ਵੱਧ 12 ਨਾਟਸ ਦੀ ਗਤੀ ਨਾਲ ਹੀ ਚੱਲ ਸਕਦਾ ਸੀ। ਕਿਸੇ ਵੀ ਸਮੁੰਦਰੀ ਜੰਗੀ ਬੇੜੇ ਦੇ ਲਈ ਜਹਾਜ਼ ਨੂੰ ਹਵਾ ਵਿਚ ਉਡਾਉਣ ਦੀ ਸਮਰੱਥਾ ਹਾਸਿਲ ਕਰਨ ਲਈ ਵੀਹ ਤੋਂ ਪੱਚੀ ਨਾਟਸ ਦੀ ਗਤੀ ਜ਼ਰੂਰੀ ਹੁੰਦੀ ਹੈ।

ਵਿਕਰਾਂਤ ਦਾ ਪੁਰਾਣਾ ਨਾਮ ਐੱਚ ਐੱਮ ਐੱਸ ਹਰਕੁਲੀਸ ਸੀ, ਜਿਸ ਨੂੰ ਭਾਰਤ ਨੇ 1957 ਵਿੱਚ ਬ੍ਰਿਟੇਨ ਤੋਂ ਖਰੀਦਿਆ ਸੀ।

1943 ਵਿੱਚ ਇਸ ਨੂੰ ਬਣਾਇਆ ਗਿਆ ਸੀ ਪਰ ਇਹ ਦੂਸਰੇ ਵਿਸ਼ਵ ਯੁੱਧ ਵਿਚ ਭਾਗ ਨਹੀਂ ਲੈ ਸਕਿਆ ਸੀ।

ਵਿਕਰਾਂਤ ਉਸ ਵੇਲੇ ਪੱਛਮੀ ਬੇੜੇ ਵਿਚ ਤੈਨਾਤ ਸੀ ਪਰ ਖ਼ਰਾਬ ਹਾਲਤ ਨੂੰ ਦੇਖਦੇ ਹੋਏ ਨੇਵੀ ਨੇ ਤੈਅ ਕੀਤਾ ਕਿ ਉਸ ਨੂੰ ਪੂਰਬੀ ਖੇਤਰ ਦਾ ਹਿੱਸਾ ਬਣਾਉਣ ਵਿੱਚ ਹੀ ਭਲਾਈ ਹੈ।

ਵਿਕਰਾਂਤ ਅਚਾਨਕ ਬੰਬਈ ਤੋਂ ਗਾਇਬ ਹੋਇਆ

ਇਆਨ ਕਾਰਡੋਜ਼ੋ ਆਪਣੀ ਕਿਤਾਬ ''1971 ਸਟੋਰੀਜ਼ ਆਫ ਗ੍ਰੇਟ ਐਂਡ ਗਲੋਰੀ ਫਰੌਮ ਇੰਡੋ ਪਾਕ ਵਾਰ'' ਵਿੱਚ ਲਿਖਦੇ ਹਨ,"ਨਵੰਬਰ 1971, ਵਿੱਚ ਬੰਬਈ ਦੇ ਇੱਕ ਹੋਟਲ ਵਿੱਚ ਰਹਿ ਰਹੇ ਪਾਕਿਸਤਾਨੀ ਜਾਸੂਸਾਂ ਨੇ ਆਪਣੇ ਹੈਂਡਲਰਜ਼ ਨੂੰ ਖਬਰ ਦਿੱਤੀ ਕਿ ਵਿਕਰਾਂਤ ਬੰਬਈ ਵਿੱਚ ਹੀ ਖੜ੍ਹਾ ਹੈ। 13 ਨਵੰਬਰ ਨੂੰ ਉਨ੍ਹਾਂ ਨੂੰ ਵਿਕਰਾਂਤ ਕਿਤੇ ਨਜ਼ਰ ਨਹੀਂ ਆਇਆ।”

“ਵਿਕਰਾਂਤ ਅਚਾਨਕ ਗਾਇਬ ਹੋ ਗਿਆ।ਇਸ ਦੌਰਾਨ ਪਾਕਿਸਤਾਨ ਨਾਲ ਹਮਦਰਦੀ ਰੱਖਣ ਵਾਲੇ ਇਕ ਪੱਛਮੀ ਦੇਸ਼ ਦੇ ਸਹਾਇਕ ਨੇਵਲ ਅਟੈਸ਼ੇ ਨੇ ਪੱਛਮੀ ਕਮਾਨ ਦੇ ਫਲੈਗ ਆਫੀਸਰ ਕਮਾਂਡਰ ਇਨ ਚੀਫ਼ ਦੇ ਏਡੀਸੀ ਨੂੰ ਇਹ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਵਿਕਰਾਂਤ ਹੈ ਕਿੱਥੇ।"

"ਭਾਰਤੀ ਨੇਵਲ ਇੰਟੈਲੀਜੈਂਸ ਨੂੰ ਤੁਰੰਤ ਇਸਦੇ ਬਾਰੇ ਸੂਚਨਾ ਦਿੱਤੀ ਗਈ। ਪਾਕਿਸਤਾਨੀ ਜਾਸੂਸਾਂ ਨੂੰ ਹਵਾ ਲੱਗ ਗਈ ਕਿ ਵਿਕਰਾਂਤ ਮਦਰਾਸ ਪਹੁੰਚ ਚੁੱਕਿਆ ਹੈ।”

"ਕੀ ਇਹ ਮਹਿਜ਼ ਇਕ ਸੰਯੋਗ ਸੀ ਕਿ ਉਨ੍ਹੀਂ ਦਿਨੀਂ ਪਾਕਿਸਤਾਨ ਦਾ ਸਮਰਥਨ ਕਰਨ ਵਾਲੇ ਉਸੇ ਪੱਛਮੀ ਦੇਸ਼ ਦਾ ਇੱਕ ਜਹਾਜ਼ ਮਦਰਾਸ ਗਿਆ ਅਤੇ ਉਸ ਵਿੱਚ ਕੋਈ ਖ਼ਰਾਬੀ ਆ ਗਈ ਜਿਸ ਦੇ ਕਾਰਨ ਉਸ ਨੇ ਮਦਰਾਸ ਬੰਦਰਗਾਹ ਦੇ ਆਸਪਾਸ ਕਈ ਉਡਾਣਾਂ ਭਰੀਆਂ।”

“ਕੀ ਇਨ੍ਹਾਂ ਉਡਾਣਾਂ ਦਾ ਮਕਸਦ ਇਸ ਗੱਲ ਦੀ ਪੁਸ਼ਟੀ ਕਰਨਾ ਸੀ ਕਿ ਵਿਕਰਾਂਤ ਮਦਰਾਸ ''ਚ ਹੈ ਜਾਂ ਨਹੀਂ?”

ਭਾਰਤੀ ਇੰਟੈਲੀਜੈਂਸ ਨੇ ਪਾਕਿਸਤਾਨ ਦਾ ਗੁਪਤ ਕੋਡ ਤੋੜਿਆ

8 ਨਵੰਬਰ 1971 ਨੂੰ ਖੁਫ਼ੀਆ ਤਰੀਕੇ ਨਾਲ ਵਾਇਰਲੈੱਸ ਸੰਦੇਸ਼ ਸੁਣਨ ਵਾਲੇ ਮੇਜਰ ਧਰਮ ਦੇਵ ਦੱਤ ਨੇ ਆਪਣੇ ਰਕਾਲ ਆਰ ਏ ਰੇਡੀਓ 150 ਰਿਸੀਵਰ ਦੇ ਨਾਬ ਘੁਮਾ ਕੇ ਕਰਾਚੀ ਅਤੇ ਢਾਕਾ ਵਿਚਕਾਰ ਜਾਣ ਵਾਲੇ ਸੁਨੇਹਿਆਂ ਨੂੰ ਸੁਣਨ ਦੀ ਕੋਸ਼ਿਸ਼ ਕੀਤੀ।

ਉਸ ਦਿਨ ਸੁਨੇਹਿਆਂ ਦੀ ਸੰਖਿਆ ਵਿੱਚ ਅਚਾਨਕ ਆਈ ਤੇਜ਼ੀ ਨਾਲ ਉਨ੍ਹਾਂ ਨੂੰ ਅੰਦਾਜ਼ਾ ਹੋ ਗਿਆ ਕਿ ਕੁਝ ਵੱਡਾ ਹੋਣ ਵਾਲਾ ਹੈ ਅਤੇ ਇਹ ਜ਼ਰੂਰੀ ਸੀ ਕਿ ਭਾਰਤ ਨੂੰ ਇਸ ਦੀ ਜਾਣਕਾਰੀ ਹੋਵੇ।

ਧਰਮ ਨੂੰ ਐੱਨਡੀਏ ਦੇ ਸਮੇਂ ਤੋਂ ਹੀ ਉਨ੍ਹਾਂ ਦੇ ਸਾਥੀ ਥ੍ਰੀਡੀ ਦੇ ਨਾਮ ਨਾਲ ਬੁਲਾਉਂਦੇ ਸਨ ਕਿਉਂਕਿ ਕਾਗਜ਼ਾਂ ਵਿੱਚ ਉਨ੍ਹਾਂ ਦਾ ਨਾਮ ਧਰਮ ਦੇਵ ਦੱਤ ਦਰਜ ਸੀ।

ਉਨ੍ਹਾਂ ਦੇ ਟੇਪ ਰਿਕਾਰਡਰ ਆਈਬੀਐਮ ਦੇ ਮੇਨਫਰੇਮ ਕੰਪਿਊਟਰ ਨਾਲ ਲਿੰਕ ਸਨ। ਅਚਾਨਕ ਦੱਸ ਨਵੰਬਰ ਨੂੰ ਉਹ ਪਾਕਿਸਤਾਨੀ ਨੇਵੀ ਦਾ ਕੋਡ ਤੋੜਨ ਵਿੱਚ ਸਫ਼ਲ ਹੋ ਗਏ ਅਤੇ ਸਾਰੀ ਬੁਝਾਰਤ ਹੱਲ ਹੋ ਗਈ।

ਉਨ੍ਹਾਂ ਨੇ ਪੂਰਬੀ ਕਮਾਨ ਦੇ ਸਟਾਫ਼ ਅਫ਼ਸਰ ਜਨਰਲ ਜੈਕਬ ਨੂੰ ਫੋਨ ਕਰ ਕੇ ਉਹ ਕੋਡਵਰਡ ਦੱਸਿਆ ਜਿਸ ਦਾ ਮਤਲਬ ਸੀ ਕਿ ਪਾਕਿਸਤਾਨੀ ਨੇਵਲ ਕੋਡ ਨੂੰ ਤੋੜ ਲਿਆ ਗਿਆ ਹੈ।

ਉੱਥੋਂ ਪਹਿਲੀ ਵਾਰ ਪਤਾ ਲੱਗਿਆ ਸੀ ਕਿ ਪਾਕਿਸਤਾਨੀ ਨੇਵੀ ਦਾ ਮੁੱਖ ਟੀਚਾ ਭਾਰਤੀ ਸਮੁੰਦਰੀ ਬੇੜੇ ਆਈਐੱਨਐੱਸ ਵਿਕਰਾਂਤ ਨੂੰ ਡੁਬੋਣਾ ਸੀ। ਪਾਕਿਸਤਾਨ ਦਾ ਦੂਜਾ ਟੀਚਾ ਆਪਣੀਆਂ ਪਣਡੁੱਬੀਆਂ ਦੀ ਵਰਤੋਂ ਕਰਦੇ ਹੋਏ ਭਾਰਤ ਦੇ ਪੱਛਮੀ ਬੇੜੇ ਦਾ ਨੁਕਸਾਨ ਕਰਨਾ ਸੀ।

ਭਾਰਤ ਆਉਣ ਤੋਂ ਪਹਿਲਾਂ ਗਾਜ਼ੀ ਨੇ ਸ੍ਰੀਲੰਕਾ ਵਿੱਚ ਭਰਵਾਇਆ ਤੇਲ

ਗਾਜ਼ੀ ਪਣਡੁੱਬੀ 14,ਨਵੰਬਰ 1971 ਨੂੰ ਕਰਾਚੀ ਤੋਂ ਆਪਣੇ ਮਿਸ਼ਨ ਲਈ ਨਿਕਲੀ। ਗਾਜ਼ੀ ਪਹਿਲਾਂ ਸ੍ਰੀਲੰਕਾ ਪੁੱਜੀ, ਜਿਥੇ ਤ੍ਰਿੰਕੋਮਾਲੀ ਵਿੱਚ ਚਾਰ ਦਿਨ ਬਾਅਦ ਤੇਲ ਭਰਵਾਇਆ ਗਿਆ। ਇੱਥੋਂ ਮਦਰਾਸ ਲਈ ਤਿਆਰੀ ਕੀਤੀ ਗਈ ਪਰ ਕਰਾਚੀ ਤੋਂ ਸੁਨੇਹਾ ਆਇਆ ਕਿ ਵਿਕਰਾਂਤ ਹੁਣ ਮਦਰਾਸ ਵਿੱਚ ਨਹੀਂ ਹੈ।

ਜ਼ਫਰ ਨੇ ਕਰਾਚੀ ਸੁਨੇਹਾ ਭੇਜਿਆ ਕਿ ਵਿਕਰਾਂਤ ਗਾਇਬ ਹੋ ਗਿਆ ਹੈ ਅਤੇ ਇਸ ਲਈ ਉਨ੍ਹਾਂ ਲਈ ਅਗਲਾ ਟੀਚਾ ਕੀ ਹੈ।

ਕਰਾਚੀ ਤੋਂ ਪਾਕਿਸਤਾਨ ਦੇ ਪੂਰਬੀ ਬੇੜੇ ਦੇ ਕਮਾਂਡਰ ਰੀਅਰ ਐਡਮਿਰਲ ਮੁਹੰਮਦ ਸ਼ਰੀਫ ਨੂੰ ਕੋਡਿਡ ਸੰਦੇਸ਼ ਭੇਜ ਕੇ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਵਿਕਰਾਂਤ ਬਾਰੇ ਕੋਈ ਜਾਣਕਾਰੀ ਹੈ?

ਇਨ੍ਹਾਂ ਸਾਰੇ ਸੁਨੇਹਿਆਂ ਨੂੰ ਥ੍ਰੀਡੀ ਮੋਨੀਟਰ ਕਰ ਰਹੇ ਸਨ ਅਤੇ ਕੋਡਿਡ ਭਾਸ਼ਾ ਵਿਚ ਨੇਵੀ ਦੇ ਮੁੱਖ ਦਫ਼ਤਰ ਭੇਜ ਰਹੇ ਸਨ।

ਉਧਰ ਪਾਕਿਸਤਾਨ ਵੀ ਭਾਰਤ ਦੇ ਸੁਨੇਹਿਆਂ ਨੂੰ ਮੋਨੀਟਰ ਕਰ ਰਿਹਾ ਸੀ। ਉਸ ਨੇ ਕਮਾਂਡਰ ਜ਼ਫਰ ਖਾਨ ਨੂੰ ਸੂਚਿਤ ਕੀਤਾ ਕਿ ਵਿਕਰਾਂਤ ਹੁਣ ਵਿਸ਼ਾਖਾਪਟਨਮ ਪਹੁੰਚ ਚੁੱਕਿਆ ਹੈ।

ਪਾਕਿਸਤਾਨ ਨੇਵੀ ਦੇ ਮੁੱਖ ਦਫ਼ਤਰ ਅਤੇ ਗਾਜ਼ੀ ਦੇ ਕੈਪਟਨ ਨੂੰ ਅਹਿਸਾਸ ਹੋ ਗਿਆ ਕਿ ਵਿਕਰਾਂਤ ਨੂੰ ਤਬਾਹ ਕਰਨ ਦਾ ਸਭ ਤੋਂ ਵਧੀਆ ਮੌਕਾ ਵਿਸ਼ਾਖਾਪਟਨਮ ਵਿਖੇ ਹੀ ਹੈ।

ਜਦੋਂ ਥ੍ਰੀਡੀ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹ ਕਾਫੀ ਪਰੇਸ਼ਾਨ ਹੋ ਗਏ।

ਇਆਨ ਕਾਰਡੋਜ਼ੋ ਲਿਖਦੇ ਹਨ ਉਨ੍ਹਾਂ ਨੇ ਸੋਚਿਆ ਕਿ ਜੇਕਰ ਪਾਕਿਸਤਾਨੀ ਨੇਵੀ ਨੇ ਆਪਣੇ ਸੰਦੇਸ਼ ਦੇ ਜ਼ਰੀਏ ਆਪਣੇ ਇਰਾਦੇ ਜੱਗ ਜ਼ਾਹਿਰ ਕਰਕੇ ਬੇਵਕੂਫੀ ਕੀਤੀ ਹੈ ਭਾਰਤੀ ਨੇਵੀ ਵੀ ਪਿੱਛੇ ਨਹੀਂ ਹਟੇਗੀ।

ਉਨ੍ਹਾਂ ਨੇ ਸੈਨਾ ਸਿਗਨਲ ਇੰਟੈਲੀਜੈਂਸ ਨੂੰ ਆਪਣੇ ਵਿਚਾਰਾਂ ਤੋਂ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਵਿਕਰਾਂਤ ਦੀ ਲੋਕੇਸ਼ਨ ਪਾਕਿਸਤਾਨੀਆਂ ਨੂੰ ਪਤਾ ਲੱਗ ਚੁੱਕੀ ਹੈ ਅਤੇ ਇਸ ਤੋਂ ਬਚਣ ਲਈ ਭਾਰਤ ਨੂੰ ਲੋੜੀਂਦੇ ਕਦਮ ਚੁੱਕਣੇ ਪੈਣਗੇ।

ਦਸੰਬਰ ਦੀ ਉਹ ਰਾਤ ਜਦੋਂ ਗਾਜ਼ੀ ਵਿਸ਼ਾਖਾਪਟਨਮ ਪੁੱਜੀ

ਗਾਜ਼ੀ ਨੇ 23 ਨਵੰਬਰ 1971 ਨੂੰ ਤ੍ਰਿੰਕੋਮਾਲੀ ਤੋਂ ਵਿਸ਼ਾਖਾਪਟਨਮ ਵੱਲ ਵਧਣਾ ਸ਼ੁਰੂ ਕੀਤਾ। 25 ਨਵੰਬਰ ਨੂੰ ਗਾਜ਼ੀ ਨੇ ਮਦਰਾਸ ਪਾਰ ਕੀਤਾ ਅਤੇ ਇੱਕ ਦਸੰਬਰ ਦੀ ਰਾਤ ਨੂੰ 11:45 ''ਤੇ ਵਿਸ਼ਾਖਾਪਟਨਮ ਬੰਦਰਗਾਹ ਦੇ ਨੈਵੀਗੇਸ਼ਨ ਵਿੱਚ ਦਾਖ਼ਲ ਹੋ ਗਏ।

ਮੇਜਰ ਜਨਰਲ ਫਜ਼ਲ ਮੁਕੀਨ ਖਾਨ ਆਪਣੀ ਕਿਤਾਬ ''ਪਾਕਿਸਤਾਨਜ਼ ਕਰਾਈਸਿਸ ਇਨ ਲੀਡਰਸ਼ਿਪ'' ਵਿੱਚ ਲਿਖਦੇ ਹਨ ਕਿ ਉਨ੍ਹਾਂ ਨਾਲ ਦਿੱਕਤ ਇਹ ਸੀ ਕਿ ਨੇਵੀਗੇਸ਼ਨ ਚੈਨਲ ਦੀ ਡੂੰਘਾਈ ਘੱਟ ਹੋਣ ਕਾਰਨ ਗਾਜ਼ੀ ਬੰਦਰਗਾਹ ਤੋਂ 2.1 ਨਾਟੀਕਲ ਮੀਲ ਹੀ ਜਾ ਸਕਦੀ ਸੀ ਇਸ ਤੋਂ ਅੱਗੇ ਨਹੀਂ।

ਕਮਾਂਡਰ ਜ਼ਫ਼ਰ ਨੇ ਤੈਅ ਕੀਤਾ ਕਿ ਉਹ ਜਿੱਥੇ ਹਨ, ਉੱਥੇ ਹੀ ਰਹਿਣਗੇ ਅਤੇ ਵਿਕਰਾਂਤ ਦੇ ਬਾਹਰ ਆਉਣ ਦੀ ਉਡੀਕ ਕਰਨਗੇ।

ਅਜਿਹੇ ਵਿਚ ਗਾਜ਼ੀ ਦੇ ਮੈਡੀਕਲ ਅਫ਼ਸਰ ਨੇ ਚਿੰਤਾ ਜਤਾਈ ਕਿ ਗ਼ਾਜ਼ੀ ਤੋਂ ਨਿਕਲ ਰਹੇ ਫਿਊਮਜ਼ ਨਾਲ ਨਾ ਸਿਰਫ਼ ਗ਼ਾਜ਼ੀ ਤੇ ਨੇਵੀ ਜਵਾਨਾਂ ਦੀ ਸਿਹਤ ਬਾਰੇ ਚਿੰਤਾ ਵਧਾ ਰਹੇ ਹਨ ਸਗੋਂ ਗਾਜ਼ੀ ਦੀ ਸੁਰੱਖਿਆ ਲਈ ਵੀ ਖਤਰਾ ਵਧ ਗਿਆ ਹੈ।

ਉਨ੍ਹਾਂ ਨੇ ਸਲਾਹ ਦਿੱਤੀ ਕਿ ਗ਼ਾਜ਼ੀ ਰਾਤ ਨੂੰ ਉੱਪਰ ਪਾਣੀ ਤੋਂ ਬਾਹਰ ਆ ਕੇ ਤਾਜ਼ੀ ਹਵਾ ਲਵੇ ਅਤੇ ਇਸੇ ਦੌਰਾਨ ਬੈਟਰੀਆਂ ਨੂੰ ਵੀ ਬਦਲਿਆ ਜਾਵੇ।

ਇਹ ਵੀ ਪੜ੍ਹੋ:

ਜਦੋਂ ਗਾਜ਼ੀ ਤੇ ਨੇਵੀ ਜਵਾਨਾਂ ਦੀ ਤਬੀਅਤ ਵਿਗੜੀ

ਕਮਾਂਡਰ ਖ਼ਾਨ ਨੂੰ ਵੀ ਅੰਦਾਜ਼ਾ ਹੋ ਗਿਆ ਸੀ ਕਿ ਜੇਕਰ ਪਣਡੁੱਬੀ ਦਾ ਹਾਈਡ੍ਰੋਜਨ ਸੁਰੱਖਿਆ ਮਾਪਦੰਡਾਂ ਤੋਂ ਵੱਧ ਗਿਆ ਤਾਂ ਗਾਜ਼ੀ ਦੇ ਖ਼ੁਦ ਨੂੰ ਤਬਾਹ ਕਰਨ ਦਾ ਖਤਰਾ ਵੀ ਵਧ ਜਾਵੇਗਾ।

ਜ਼ਫ਼ਰ ਇਹ ਵੀ ਜਾਣਦੇ ਸਨ ਕਿ ਜੇਕਰ ਗਾਜ਼ੀ ਨੂੰ ਸੂਰਜ ਦੀ ਰੌਸ਼ਨੀ ਵਿੱਚ ਮੁਰੰਮਤ ਲਈ ਉੱਪਰ ਲਿਆਂਦਾ ਗਿਆ ਤਾਂ ਉਸ ਨੂੰ ਤੁਰੰਤ ਵੇਖ ਲਿਆ ਜਾਵੇਗਾ।

ਗਾਜ਼ੀ ਇੱਕ ਵੱਡੀ ਪਣਡੁੱਬੀ ਸੀ ਅਤੇ ਦੂਰ ਤੋਂ ਹੀ ਦੇਖੀ ਜਾ ਸਕਦੀ ਸੀ।

ਸ਼ਾਮ ਪੰਜ ਵਜੇ ਪਣਡੁੱਬੀ ਦੇ ਐਗਜ਼ੈਕੇਟਿਵ ਅਫਸਰ ਅਤੇ ਮੈਡੀਕਲ ਅਫਸਰ ਦੋਨਾਂ ਨੇ ਕੈਪਟਨ ਜ਼ਫ਼ਰ ਨੂੰ ਸੂਚਿਤ ਕੀਤਾ ਕਿ ਪਣਡੁੱਬੀ ਦੇ ਅੰਦਰ ਦੀ ਹਵਾ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਗਈ ਹੈ ਜਿਸ ਕਾਰਨ ਇਕ ਜਵਾਨ ਬੇਹੋਸ਼ ਵੀ ਹੋ ਗਿਆ ਹੈ।

ਉਨ੍ਹਾਂ ਨੂੰ ਸਲਾਹ ਦਿੱਤੀ ਗਈ ਰਾਤ ਤਕ ਇੰਤਜ਼ਾਰ ਕਰਨ ਦਾ ਸਮਾਂ ਨਹੀਂ ਹੈ। ਗਾਜ਼ੀ ਨੂੰ ਇਸੇ ਸਮੇਂ ਉੱਪਰ ਸਤਾ ਉੱਤੇ ਚਲੇ ਜਾਣਾ ਚਾਹੀਦਾ ਹੈ।

ਇਸੇ ਦੌਰਾਨ ਪਣਡੁੱਬੀ ਦੇ ਅੰਦਰ ਦੀ ਹਵਾ ਲਗਾਤਾਰ ਪ੍ਰਦੂਸ਼ਿਤ ਹੋ ਰਹੀ ਸੀ। ਕਈ ਜਵਾਨਾਂ ਨੇ ਖੰਘਣਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਦੀਆਂ ਅੱਖਾਂ ਉੱਪਰ ਵੀ ਇਸ ਦਾ ਅਸਰ ਪੈਣਾ ਸ਼ੁਰੂ ਹੋ ਗਿਆ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਭਾਰਤੀ ਬੇੜਾ ਗਾਜ਼ੀ ਦੀ ਦਿਸ਼ਾ ਵਿਚ ਆਉਂਦਾ ਦਿਖਿਆ

ਕੈਪਟਨ ਜ਼ਫ਼ਰ ਨੇ ਹੁਕਮ ਦਿੱਤਾ ਕਿ ਗਾਜ਼ੀ ਨੂੰ ਪੈਰੀਸਕੋਪ ਦੇ ਪੱਧਰ ਤਕ ਲਿਜਾ ਕੇ ਪਹਿਲਾਂ ਬਾਹਰ ਦਾ ਜਾਇਜ਼ਾ ਲਿਆ ਜਾਵੇ। ਗਾਜ਼ੀ ਨੂੰ ਹੌਲੀ ਹੌਲੀ ਸਮੁੰਦਰ ਦੇ ਤਲ ਤੋਂ ਪੱਚੀ ਫੁੱਟ ਥੱਲੇ ਤਕ ਲਿਜਾਇਆ ਗਿਆ।

ਓਥੋਂ ਪੈਰੀਸਕੋਪ ਰਾਹੀਂ ਬਾਹਰ ਦਾ ਜਾਇਜ਼ਾ ਲੈ ਰਹੇ ਕੈਪਟਨ ਜ਼ਫਰ ਸੁੰਨ ਰਹਿ ਗਏ। ਉਨ੍ਹਾਂ ਨੇ ਦੇਖਿਆ ਕਿ ਲਗਪਗ ਇਕ ਕਿਲੋਮੀਟਰ ਦੂਰੀ ਤੇ ਇਕ ਵੱਡਾ ਭਾਰਤੀ ਸਮੁੰਦਰੀ ਬੇੜਾ ਉਨ੍ਹਾਂ ਦੀ ਦਿਸ਼ਾ ਵੱਲ ਵਧ ਰਿਹਾ ਹੈ।

ਜ਼ਫਰ ਨੇ ਬਿਨਾਂ ਸਮਾਂ ਬਰਬਾਦ ਕੀਤੇ ਗਾਜ਼ੀ ਨੂੰ ਹੇਠਾਂ ਡਰਾਈਵ ਕਰਨ ਦੇ ਆਦੇਸ਼ ਜਾਰੀ ਕੀਤੇ। 90 ਸੈਕਿੰਡ ਬਾਅਦ ਗਾਜ਼ੀ ਫਿਰ ਤੋਂ ਸਮੁੰਦਰ ਦੇ ਤਲ ਤਕ ਚਲੀ ਗਈ।

ਇੱਕ ਮਿੰਟ ਦੇ ਅੰਦਰ ਭਾਰਤੀ ਬੇੜਾ ਗਾਜ਼ੀ ਦੇ ਉੱਪਰੋਂ ਗੁਜ਼ਰ ਗਿਆ। ਕੈਪਟਨ ਖ਼ਾਨ ਹੇਠਾਂ ਹੀ ਹਾਲਾਤ ਠੀਕ ਹੋਣ ਦਾ ਇੰਤਜ਼ਾਰ ਕਰਨ ਲੱਗੇ।

ਇਸੇ ਦੌਰਾਨ ਮੈਡੀਕਲ ਅਫਸਰ ਨੇ ਅੱਗੇ ਕਿਹਾ ਕਿ ਹਾਲਾਤ ਹੋਰ ਖ਼ਰਾਬ ਹੋ ਰਹੇ ਹਨ। ਪਣਡੁੱਬੀ ਦਾ ਪਾਣੀ ਦੀ ਸਤਾ ਉਪਰ ਜਾਣਾ ਜ਼ਰੂਰੀ ਹੁੰਦਾ ਹੈ।

ਇਹ ਵੀ ਤੈਅ ਕੀਤਾ ਗਿਆ ਕਿ ਗਾਜ਼ੀ 3-4 ਦਸੰਬਰ ਦੀ ਰਾਤ ਨੂੰ 12 ਵਜੇ ਉੱਪਰ ਜਾਏਗੀ ਅਤੇ ਚਾਰ ਘੰਟੇ ਮੁਰੰਮਤ ਦਾ ਕੰਮ ਕਰਨ ਤੋਂ ਬਾਅਦ ਸਵੇਰੇ ਚਾਰ ਵਜੇ ਫਿਰ ਹੇਠਾਂ ਆ ਜਾਵੇਗੀ।

ਜ਼ਫਰ ਨੇ ਨੇਵੀਂ ਜਵਾਨਾਂ ਨੂੰ ਆਦੇਸ਼ ਦਿੱਤਾ ਕਿ ਇਸ ਦੌਰਾਨ ਉਹ ਜੇਕਰ ਚਾਹੁਣ ਤਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਚਿੱਠੀ ਲਿਖ ਸਕਦੇ ਹਨ, ਜਿਸ ਨੂੰ ਵਾਪਸ ਜਾਂਦੇ ਹੋਏ ਤ੍ਰਿੰਕੋਮਾਲੀ ਤੋਂ ਪੋਸਟ ਕੀਤਾ ਜਾਵੇਗਾ।

ਇੰਦਰਾ ਗਾਂਧੀ
Getty Images

ਪ੍ਰਧਾਨ ਮੰਤਰੀ ਨੇ ਕੌਮ ਦੇ ਨਾਮ ਸੁਨੇਹੇ ਦੌਰਾਨ ਸੁਣਿਆ ਗਿਆ ਵੱਡਾ ਧਮਾਕਾ

ਜ਼ਫ਼ਰ ਨੂੰ ਇਸ ਗੱਲ ਦੀ ਖ਼ਬਰ ਨਹੀਂ ਸੀ ਕਿ 3 ਦਸੰਬਰ ਦੀ ਸ਼ਾਮ 5:45 ਉੱਪਰ ਪਾਕਿਸਤਾਨ ਨੇ ਭਾਰਤ ਉਪਰ ਹਮਲਾ ਕੀਤਾ ਸੀ।

ਪਾਕਿਸਤਾਨ ਵਿਚ ਵਾਈਸ ਐਡਮਿਰਲ ਮੁਜ਼ੱਫਰ ਹੁਸੈਨ ਕਰਾਚੀ ਵਿੱਚ ਆਪਣੇ ਦਫ਼ਤਰ ਵਿੱਚ ਚਹਿਲਕਦਮੀ ਕਰ ਰਹੇ ਸਨ।

ਉਨ੍ਹਾਂ ਨੂੰ ਜ਼ਫ਼ਰ ਦੀ ਉਸ ਖ਼ਬਰ ਦੀ ਉਡੀਕ ਸੀ ਜਿਸ ਵਿੱਚ ਉਹ ਦੱਸਣਗੇ ਕਿ ਵਿਕਰਾਂਤ ਨਸ਼ਟ ਹੋ ਗਿਆ ਹੈ ਪਰ ਗਾਜ਼ੀ ਪੂਰੀ ਤਰ੍ਹਾਂ ਚੁੱਪ ਸੀ।

3-4 ਦਸੰਬਰ ਦੀ ਅੱਧੀ ਰਾਤ ਦੌਰਾਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੇਸ਼ ਨੂੰ ਸੰਬੋਧਨ ਕਰਕੇ ਪਾਕਿਸਤਾਨ ਦੇ ਹਮਲੇ ਦੀ ਸੂਚਨਾ ਦਿੱਤੀ।

ਇਹ ਭਾਸ਼ਣ ਹਾਲੇ ਚੱਲ ਹੀ ਰਿਹਾ ਸੀ ਕਿ ਵਿਸ਼ਾਖਾਪਟਨਮ ਬੰਦਰਗਾਹ ਤੋਂ ਥੋੜ੍ਹੀ ਦੂਰ ਇੱਕ ਜ਼ਬਰਦਸਤ ਧਮਾਕਾ ਹੋਇਆ।

ਇਹ ਧਮਾਕਾ ਏਨਾ ਤੇ ਸੀ ਕਿ ਬੰਦਰਗਾਹ ਦੇ ਸਾਹਮਣੇ ਬਣੇ ਘਰਾਂ ਦੇ ਸ਼ੀਸ਼ੇ ਟੁੱਟ ਗਏ।

ਦੂਰ ਤੋਂ ਲੋਕਾਂ ਨੇ ਵੇਖਿਆ ਕਿ ਸਮੁੰਦਰ ਦਾ ਪਾਣੀ ਬਹੁਤ ਉਪਰ ਤਕ ਉਛਲ ਕੇ ਥੱਲੇ ਡਿੱਗ ਗਿਆ।

ਕੁਝ ਲੋਕਾਂ ਨੂੰ ਲੱਗਿਆ ਕਿ ਭੂਚਾਲ ਆ ਗਿਆ ਹੈ ਅਤੇ ਕੁਝ ਨੇ ਸਮਝਿਆ ਕਿ ਪਾਕਿਸਤਾਨ ਦੀ ਹਵਾਈ ਸੈਨਾ ਨੇ ਬੰਬਾਰੀ ਕੀਤੀ ਹੈ।

ਵਿਸਫੋਟ ਦਾ ਸਮਾਂ 12:15 ਦੱਸਿਆ ਗਿਆ। ਬਾਅਦ ਵਿਚ ਗਾਜ਼ੀ ਤੋਂ ਮਿਲੀ ਘੜੀ ਤੋਂ ਪਤਾ ਲੱਗਿਆ ਕਿ ਇਸੇ ਸਮੇਂ ਘੜੀ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ।

ਚਾਰ ਦਸੰਬਰ ਦੀ ਦੁਪਹਿਰ ਕੁਝ ਮਛੇਰੇ ਸਮੁੰਦਰ ਤੋਂ ਗਾਜ਼ੀ ਦੇ ਕੁਝ ਟੁੱਕੜੇ ਲੈ ਕੇ ਆਏ।

ਵਿਕਰਾਂਤ ਨੂੰ ਗੁਪਤ ਰੂਪ ਨਾਲ ਅੰਡੇਮਾਨ ਭੇਜਿਆ ਗਿਆ

ਇਸ ਕਹਾਣੀ ਦਾ ਸਭ ਤੋਂ ਵੱਡਾ ਮੋੜ ਇਹ ਸੀ ਕਿ ਵਿਕਰਾਂਤ ਵਿਸ਼ਾਖਾਪਟਨਮ ਵਿਚ ਸੀ ਹੀ ਨਹੀਂ। ਇਹ ਪਤਾ ਲੱਗਦੇ ਹੀ ਪਾਕਿਸਤਾਨ ਦੀ ਪਣਡੁੱਬੀ ਨੂੰ ਵਿਕਰਾਂਤ ਦੀ ਭਾਲ ਵਿਚ ਅੰਡੇਮਾਨ ਦੀਪ ਭੇਜ ਦਿੱਤਾ ਗਿਆ ਸੀ।

ਉਸ ਦੀ ਜਗ੍ਹਾ ਇਕ ਪੁਰਾਣੇ ਆਈਐੱਨਐੱਸ ਰਾਜਪੂਤ ਨੂੰ ਲਗਾ ਕੇ ਪਾਕਿਸਤਾਨੀਆਂ ਨੂੰ ਇਹ ਭੁਲੇਖਾ ਪਾਇਆ ਗਿਆ ਕਿ ਵਿਕਰਾਂਤ ਵਿਸ਼ਾਖਾਪਟਨਮ ਵਿਚ ਖੜ੍ਹਾ ਹੈ।

1971 ਵਿੱਚ ਪੂਰਬੀ ਕਮਾਨ ਦੇ ਪ੍ਰਮੁੱਖ ਵਾਈਸ ਐਡਮਿਰਲ ਐੱਨ ਕ੍ਰਿਸ਼ਨਨ ਨੇ ਆਪਣੀ ਆਤਮਕਥਾ ''ਏ ਸੇਲਰਜ਼ ਸਟੋਰੀ'' ਵਿੱਚ ਲਿਖਿਆ ਹੈ,"ਰਾਜਪੂਤ ਨੂੰ ਵਿਸ਼ਾਖਾਪਟਨਮ ਤੋਂ 160 ਕਿਲੋਮੀਟਰ ਦੂਰ ਲਿਜਾਇਆ ਗਿਆ ਅਤੇ ਆਖਿਆ ਗਿਆ ਕਿ ਉਹ ਵਿਕਰਾਂਤ ਦੇ ਕੋਲ ਰਸਾਇਣ ਦੀ ਵਰਤੋਂ ਕਰੇ ਅਤੇ ਉਸ ਦੀਆਂ ਰੇਡੀਓ ਫਰੇਕੁਇੰਸੀ ਉੱਪਰ ਖ਼ੂਬ ਸਾਰੀ ਰਸਦ ਦੀ ਮੰਗ ਕਰੇ ਜੋ ਵਿਕਰਾਂਤ ਵਰਗੇ ਵਿਸ਼ਾਲ ਜਹਾਜ਼ ਲਈ ਜ਼ਰੂਰੀ ਹੁੰਦੀਆਂ ਹਨ।"

"ਵਿਸ਼ਾਖਾਪਟਨਮ ਦੇ ਬਾਜ਼ਾਰ ਤੋਂ ਬਹੁਤ ਵੱਡੀ ਮਾਤਰਾ ਵਿੱਚ ਰਾਸ਼ਨ, ਮੀਟ ਅਤੇ ਸਬਜ਼ੀਆਂ ਖਰੀਦੀਆਂ ਗਈਆਂ ਤਾਂ ਕਿ ਉੱਥੇ ਮੌਜੂਦ ਪਾਕਿਸਤਾਨੀ ਜਸੂਸ ਇਹ ਖ਼ਬਰ ਦੇ ਸਕਣ ਕਿ ਵਿਕਰਾਂਤ ਇਸ ਸਮੇਂ ਵਿਸ਼ਾਖਾਪਟਨਮ ਹੈ। ਭਾਰਤੀ ਵਾਇਰਲੈੱਸ ਟ੍ਰੈਫਿਕ ਤੋਂ ਪਾਕਿਸਤਾਨ ਨੂੰ ਝਾਂਸਾ ਦਿੱਤਾ ਗਿਆ ਕਿ ਇੱਥੇ ਇੱਕ ਬਹੁਤ ਵੱਡਾ ਸਮੁੰਦਰੀ ਬੇੜਾ ਖੜ੍ਹਾ ਹੈ।”

“ਜਾਣ ਬੁੱਝ ਕੇ ਵਿਕਰਾਂਤ ਦੀ ਸੁਰੱਖਿਆ ਪ੍ਰੋਟੋਕੋਲ ਨੂੰ ਤੋੜਦੇ ਹੋਏ ਇਕ ਨੇਵੀ ਅਫ਼ਸਰ ਵੱਲੋਂ ਆਪਣੀ ਮਾਂ ਦੀ ਸਿਹਤ ਬਾਰੇ ਪੁੱਛਣ ਲਈ ਇਕ ਤਾਰ ਵੀ ਕਰਵਾਇਆ ਗਿਆ। ਝਾਂਸਾ ਦੇਣ ਦੀ ਇਸ ਮੁਹਿੰਮ ਵਿਚ ਸਫਲ ਹੋਣ ਦਾ ਸਬੂਤ ਗਾਜ਼ੀ ਦੇ ਬਚੇ ਖੁਚੇ ਟੁਕੜਿਆਂ ਵਿੱਚ ਕਰਾਚੀ ਤੋਂ ਆਏ ਸਿਗਨਲ ਤੋਂ ਮਿਲਿਆ ਜਿਸ ਵਿਚ ਕਿਹਾ ਗਿਆ ਸੀ ਕਿ ''ਇੰਟੈਲੀਜੈਂਸ ਇੰਡੀਕੇਟ ਕੈਰੀਅਰ ਇਨ=ਪੋਰਟ'' ਯਾਨੀ ਖੁਫੀਆ ਜਾਣਕਾਰੀ ਅਨੁਸਾਰ ਵਿਕਰਾਂਤ ਬੰਦਰਗਾਹ ਵਿਚ ਹੀ ਹੈ।”

ਜ਼ਿਆਦਾ ਹਾਈਡ੍ਰੋਜਨ ਨਾਲ ਹੋਇਆ ਗਾਜ਼ੀ ਵਿਚ ਧਮਾਕਾ?

ਗਾਜ਼ੀ ਦੇ ਡੁੱਬਣ ਦੇ ਕਾਰਨਾਂ ਬਾਰੇ ਸਿਰਫ਼ ਅੰਦਾਜ਼ੇ ਹੀ ਲਗਾਏ ਜਾ ਸਕਦੇ ਹਨ।ਸ਼ੁਰੂਆਤ ਵਿੱਚ ਭਾਰਤੀ ਨੇਵੀ ਨੇ ਇਸ ਗੱਲ ਦਾ ਸਿਹਰਾ ਆਪਣੇ ਸਿਰ ਲੈਣ ਦੀ ਕੋਸ਼ਿਸ਼ ਕੀਤੀ ਕਿ ਉਸ ਦੇ ਬੇਰੇ ਆਈਐੱਨਐੱਸ ਰਾਜਪੂਤ ਨੇ ਗਾਜ਼ੀ ਨੂੰ ਡੁਬੋਇਆ ਹੈ। ਇੱਕ ਸ਼ੱਕ ਇਹ ਵੀ ਜਤਾਈ ਗਈ ਕਿ ਗਾਜ਼ੀ ਆਪਣੀ ਹੀ ਬਣਾਈ ਗਈ ਸੁਰੰਗ ਵਿਚੋਂ ਗੁਜ਼ਰ ਗਈ।

ਤੀਸਰਾ ਅਨੁਮਾਨ ਇਹ ਵੀ ਲਗਾਇਆ ਗਿਆ ਕਿ ਜਿਨ੍ਹਾਂ ਬਾਰੂਦੀ ਸੁਰੰਗਾਂ ਨੂੰ ਪਣਡੁੱਬੀ ਲੈ ਕੇ ਚੱਲ ਰਹੀ ਸੀ ਉਨ੍ਹਾਂ ਵਿੱਚ ਅਚਾਨਕ ਵਿਸਫੋਟ ਹੋਇਆ ਅਤੇ ਗਾਜ਼ੀ ਨੇ ਜਲ ਸਮਾਧੀ ਲੈ ਲਈ।ਚੌਥੀ ਸੰਭਾਵਨਾ ਇਹ ਪ੍ਰਗਟਾਈ ਗਈ ਕਿ ਪਣਡੁੱਬੀ ਵਿਚ ਲੋੜ ਤੋਂ ਜ਼ਿਆਦਾ ਹਾਈਡਰੋਜਨ ਜਮ੍ਹਾਂ ਹੋ ਗਈ, ਜਿਸ ਦੇ ਕਾਰਨ ਉਸ ਵਿਚ ਧਮਾਕਾ ਹੋਇਆ।

ਡੁੱਬਣ ਤੋਂ ਬਾਅਦ ਗਾਜ਼ੀ ਦੀ ਜਾਂਚ ਕਰਨ ਵਾਲੇ ਜ਼ਿਆਦਾਤਰ ਭਾਰਤੀ ਅਫਸਰਾਂ ਅਤੇ ਗੋਤਾਖੋਰਾਂ ਦਾ ਮੰਨਣਾ ਹੈ ਕਿ ਚੌਥੀ ਸੰਭਾਵਨਾ ਸਭ ਤੋਂ ਵੱਧ ਹੈ।

ਗਾਜ਼ੀ ਦੇ ਮਲਬੇ ਦੀ ਜਾਂਚ ਕਰਨ ਵਾਲੇ ਦੱਸਦੇ ਹਨ ਕਿ ਗ਼ਾਜ਼ੀ ਦਾ ਢਾਂਚਾ ਵਿਚਕਾਰ ਤੋਂ ਟੁੱਟਿਆ ਸੀ ਨਾ ਕਿ ਉਸ ਜਗ੍ਹਾ ਤੋਂ ਜਿੱਥੇ ਟਾਰਪੀਡੋ ਰੱਖੇ ਰਹਿੰਦੇ ਹਨ।”

“ਜੇਕਰ ਟਾਰਪੀਡੋ ਜਾਂ ਬਾਰੂਦੀ ਸੁਰੰਗ ਵਿੱਚ ਵਿਸਫੋਟ ਹੋਇਆ ਹੁੰਦਾ ਤਾਂ ਪਣਡੁੱਬੀ ਦੇ ਅਗਲੇ ਹਿੱਸੇ ਨੂੰ ਜ਼ਿਆਦਾ ਨੁਕਸਾਨ ਪੁੱਜਦਾ। ਇਸ ਤੋਂ ਇਲਾਵਾ ਗਾਜ਼ੀ ਦੇ ਮੈਸੇਜ ਲੌਗ ਬੁੱਕ ਤੋਂ ਜਿੰਨੇ ਵੀ ਸੰਦੇਸ਼ ਭੇਜੇ ਗਏ ਸਨ ਉਨ੍ਹਾਂ ਵਿੱਚੋਂ ਜ਼ਿਆਦਾਤਰ ਵਿੱਚ ਜ਼ਿਕਰ ਸੀ ਕਿ ਪਣਡੁੱਬੀ ਦੇ ਅੰਦਰ ਲੋੜ ਤੋਂ ਜ਼ਿਆਦਾ ਹਾਈਡ੍ਰੋਜਨ ਬਣ ਰਹੀ ਹੈ।

ਵਿਕਰਾਂਤ
Getty Images

ਗਾਜ਼ੀ ਦੇ ਡੁੱਬਣ ਉੱਪਰ ਸਵਾਲ

ਗਾਜ਼ੀ ਦੇ ਡੁੱਬਣ ਦੀ ਪਹਿਲੀ ਖ਼ਬਰ ਭਾਰਤੀ ਨੇਵੀ ਦੇ ਮੁੱਖ ਦਫ਼ਤਰ ਵੱਲੋਂ 9 ਦਸੰਬਰ ਨੂੰ ਦਿੱਤੀ ਗਈ ਜਦਕਿ ਗ਼ਾਜ਼ੀ 3-4 ਦਸੰਬਰ1971 ਨੂੰ ਹੀ ਡੁੱਬ ਗਈ ਸੀ।

ਵਾਈਸ ਐਡਮਿਰਲ ਜੀ ਐਮ ਹੀਰਾਨੰਦਾਨੀ ਆਪਣੀ ਕਿਤਾਬ ''ਟਰਾਂਜ਼ਿਸ਼ਨ ਟੂ ਟਰਾਇੰਫ ਇੰਡੀਅਨ ਨੇਵੀ 1965-1975'' ਵਿੱਚ ਲਿਖਦੇ ਹਨ,"ਭਾਰਤ ਦੁਆਰਾ ਗਾਜ਼ੀ ਨੂੰ ਡੁਬੋਣ ਅਤੇ ਉਸ ਦਾ ਐਲਾਨ ਕੀਤੇ ਜਾਣ ਵਿੱਚ ਛੇ ਦਿਨ ਦੇ ਫ਼ਰਕ ਨੇ ਕਈ ਸਵਾਲਾਂ ਨੂੰ ਜਨਮ ਦਿੱਤਾ।

ਇਸ ਤੋਂ ਇਸ ਗੱਲ ਨੂੰ ਵੀ ਬਲ ਮਿਲਿਆ ਕਿ ਸ਼ਾਇਦ ਪਣਡੁੱਬੀ ਨੇ ਯੁੱਧ ਦੇ ਐਲਾਨ ਤੋਂ ਪਹਿਲਾਂ ਆਪਣੇ ਆਪ ਨੂੰ ਡੁਬੋ ਲਿਆ ਸੀ।

26 ਨਵੰਬਰ ਤੋਂ ਬਾਅਦ ਗਾਜ਼ੀ ਦੇ ਕਰਾਚੀ ਨਾਲ ਸੰਪਰਕ ਨਾ ਕਰਨ ਕਾਰਨ ਇਨ੍ਹਾਂ ਸੰਭਾਵਨਾਵਾਂ ਨੂੰ ਹੋਰ ਬਲ ਮਿਲਿਆ।

ਕੁਝ ਹਲਕਿਆਂ ਵਿੱਚ ਇਹ ਵੀ ਆਖਿਆ ਗਿਆ ਸੀ ਕਿ ਭਾਰਤ ਨੇ 9 ਦਸੰਬਰ ਨੂੰ ਆਪਣੇ ਆਈਐੱਨਐੱਸ ਖੁਖਰੀ ਨੂੰ ਡੁਬੋਏ ਜਾਣ ਦੀ ਖ਼ਬਰ ਤੋਂ ਧਿਆਨ ਹਟਾਉਣ ਲਈ ਗਾਜ਼ੀ ਦੇ ਡੁੱਬਣ ਦਾ ਐਲਾਨ ਕੀਤਾ ਸੀ।"

ਭਾਰਤ ਵੱਲੋਂ ਸਪੱਸ਼ਟੀਕਰਨ ਦਿੱਤਾ ਗਿਆ ਕਿ ਭਾਰਤ ਇਹ ਐਲਾਨ ਕਰਨ ਤੋਂ ਪਹਿਲਾਂ ਸਾਰੇ ਸਬੂਤਾਂ ਰਾਹੀਂ ਪੁਸ਼ਟੀ ਕਰ ਲੈਣਾ ਚਾਹੁੰਦਾ ਸੀ।

ਸਮੁੰਦਰ ਦੇ ਅੰਦਰ ਗਾਜ਼ੀ ਦੀ ਜਾਂਚ ਵਿੱਚ ਬਹੁਤ ਦਿੱਕਤ ਆ ਰਹੀ ਸੀ ਕਿਉਂਕਿ ਸਮੁੰਦਰ ਦੀਆਂ ਲਹਿਰਾਂ ਬਹੁਤ ਤੇਜ਼ ਸਨ।

5 ਦਸੰਬਰ ਨੂੰ ਭਾਰਤ ਦੇ ਗੋਤਾਖੋਰਾਂ ਨੂੰ ਪੁਖਤਾ ਸਬੂਤ ਮਿਲੇ ਕਿ ਡੁੱਬੀ ਪਣਡੁੱਬੀ ਅਸਲ ਵਿਚ ਗਾਜ਼ੀ ਹੀ ਹੈ।

ਤੀਸਰੇ ਦਿਨ ਗੋਤਾਖੋਰ ਪਣਡੁੱਬੀ ਦਾ ਕੂਲਿੰਗ ਟਾਵਰ ਹੈਚ ਖੋਲ੍ਹਣ ਵਿਚ ਸਫ਼ਲ ਹੋਏ ਅਤੇ ਉਸੇ ਦਿਨ ਪਣਡੁੱਬੀ ਤੋਂ ਪਹਿਲੀ ਮ੍ਰਿਤਕ ਦੇਹ ਵੀ ਮਿਲੀ।

ਭਾਰਤ ਨੇ ਅਮਰੀਕਾ ਅਤੇ ਪਾਕਿਸਤਾਨ ਦਾ ਪ੍ਰਸਤਾਵ ਠੁਕਰਾਇਆ

ਗਾਜ਼ੀ ਅੱਜ ਤਕ ਵਿਸ਼ਾਖਾਪਟਨਮ ਬੰਦਰਗਾਹ ਦੇ ਬਾਹਰੀ ਇਲਾਕੇ ਵਿਚ ਜਲ ਸਮਾਧੀ ਲੈ ਕੇ ਮੌਜੂਦ ਹੈ। ਅਮਰੀਕੀਆਂ ਨੇ ਗਾਜ਼ੀ ਨੂੰ ਆਪਣੇ ਖ਼ਰਚੇ ਉੱਪਰ ਇਸ ਆਧਾਰ ਤੇ ਸਮੁੰਦਰ ਤੋਂ ਬਾਹਰ ਕੱਢਣ ਦਾ ਪ੍ਰਸਤਾਵ ਭਾਰਤ ਸਰਕਾਰ ਅੱਗੇ ਰੱਖਿਆ ਸੀ ਕਿ ਇਹ ਪਣਡੁੱਬੀ ਮੂਲ ਰੂਪ ਤੋਂ ਅਮਰੀਕਾ ਦੀ ਹੈ, ਜੋ ਉਨ੍ਹਾਂ ਨੇ ਪਾਕਿਸਤਾਨ ਨੂੰ ਲੀਜ਼ ਉੱਪਰ ਦਿੱਤੀ ਸੀ।

ਪਰ ਭਾਰਤ ਨੇ ਇਹ ਆਖਦੇ ਹੋਏ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਕਿ ਗ਼ਾਜ਼ੀ ਗ਼ੈਰਕਾਨੂੰਨੀ ਤਰੀਕੇ ਨਾਲ ਭਾਰਤ ਦੇ ਪਾਣੀਆਂ ਅੰਦਰ ਦਾਖ਼ਲ ਹੋਈ ਸੀ ਅਤੇ ਉਸ ਨੂੰ ਪਾਕਿਸਤਾਨ ਦੁਆਰਾ ਭਾਰਤ ਉੱਪਰ ਹਮਲੇ ਤੋਂ ਬਾਅਦ ਨਸ਼ਟ ਕੀਤਾ ਗਿਆ ਸੀ।

ਪਾਕਿਸਤਾਨੀਆਂ ਨੇ ਵੀ ਆਪਣੇ ਖਰਚੇ ਉਪਰ ਗਾਜ਼ੀ ਨੂੰ ਬਾਹਰ ਕੱਢਣ ਦੀ ਪੇਸ਼ਕਸ਼ ਕੀਤੀ ਸੀ ਪਰ ਉਨ੍ਹਾਂ ਨੂੰ ਵੀ ਉਹੀ ਜਵਾਬ ਮਿਲਿਆ ਜੋ ਅਮਰੀਕੀਆਂ ਨੂੰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ:

https://www.youtube.com/watch?v=lunuu5Cl9W4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''c4d57309-7353-4cb2-8289-d5c41ebe72bf'',''assetType'': ''STY'',''pageCounter'': ''punjabi.india.story.58941627.page'',''title'': ''ਜਦੋਂ ਭਾਰਤੀ ਸਮੁੰਦਰੀ ਜਹਾਜ਼ ਆਈਐੱਨਐੱਸ ਵਿਕਰਾਂਤ ਨੂੰ ਡੁਬੋਣ ਆਈ ਪਾਕ ਪਣਡੁੱਬੀ ਗਾਜ਼ੀ ਆਪੇ ਤਬਾਹ ਹੋਈ'',''author'': ''ਰੇਹਾਨ ਫ਼ਜ਼ਲ '',''published'': ''2021-10-17T05:10:49Z'',''updated'': ''2021-10-17T05:10:49Z''});s_bbcws(''track'',''pageView'');

Related News