ਕੀ ਸਾਵਰਕਰ ਨੇ ਗਾਂਧੀ ਦੇ ਕਹਿਣ ’ਤੇ ਅੰਗਰੇਜ਼ਾਂ ਤੋਂ ਮਾਫੀ ਮੰਗੀ ਸੀ - ਫੈਕਟ ਚੈੱਕ

Friday, Oct 15, 2021 - 05:08 PM (IST)

ਕੀ ਸਾਵਰਕਰ ਨੇ ਗਾਂਧੀ ਦੇ ਕਹਿਣ ’ਤੇ ਅੰਗਰੇਜ਼ਾਂ ਤੋਂ ਮਾਫੀ ਮੰਗੀ ਸੀ - ਫੈਕਟ ਚੈੱਕ

ਅੰਡੇਮਾਨ ਦੀ ਸੈਲੂਲਰ ਜੇਲ੍ਹ ਵਿੱਚ ਸਜ਼ਾ ਭੁਗਤਦੇ ਹੋਏ ਵਿਨਾਇਕ ਦਾਮੋਦਰ ਸਾਵਰਕਰ ਨੇ ਅੰਗਰੇਜ਼ੀ ਹਕੂਮਤ ਦੇ ਅੱਗੇ ਜੋ ਰਹਿਮ ਲਈ ਪਟੀਸ਼ਨਾਂ ਦਾਇਰ ਕੀਤੀਆਂ, ਕੀ ਉਹ ਮਹਾਤਮਾ ਗਾਂਧੀ ਦੇ ਕਹਿਣ ''ਤੇ ਲਿਖੀਆਂ ਅਤੇ ਭੇਜੀਆਂ ਗਈਆਂ ਸਨ?

ਜੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਦਾਅਵੇ ਨੂੰ ਸੱਚ ਮੰਨਿਆ ਜਾਵੇ ਤਾਂ ਬਿਲਕੁਲ ਅਜਿਹਾ ਹੀ ਹੋਇਆ ਸੀ।

ਇਹ ਦਾਅਵਾ ਰਾਜਨਾਥ ਸਿੰਘ ਨੇ 12 ਅਕਤੂਬਰ ਨੂੰ ਸਾਵਰਕਰ ''ਤੇ ਲਿਖੀ ਗਈ ਇੱਕ ਨਵੀਂ ਕਿਤਾਬ ਦੀ ਰਿਲੀਜ਼ ਮੌਕੇ ਕੀਤਾ ਸੀ।

ਰਾਜਨਾਥ ਸਿੰਘ ਨੇ ''ਵੀਰ ਸਾਵਰਕਰ: ਦਿ ਮੈਨ ਹੂ ਕੁੱਡ ਹੈਵ ਪ੍ਰੀਵੈਂਟਡ ਪਾਰਟੀਸ਼ਨ'' ਨਾਮਕ ਕਿਤਾਬ ਦੇ ਰਿਲੀਜ਼ ਸਮਾਰੋਹ ਵਿੱਚ ਕਿਹਾ, "ਸਾਵਰਕਰ ਦੇ ਖਿਲਾਫ਼ ਝੂਠ ਫੈਲਾਇਆ ਗਿਆ।"

"ਕਿਹਾ ਗਿਆ ਕਿ ਉਨ੍ਹਾਂ ਨੇ ਅੰਗਰੇਜ਼ਾਂ ਦੇ ਸਾਹਮਣੇ ਵਾਰ-ਵਾਰ ਰਹਿਮ ਲਈ ਪਟੀਸ਼ਨ ਪਾਈ, ਪਰ ਸੱਚਾਈ ਇਹ ਹੈ ਕਿ ਰਹਿਮ ਲਈ ਪਟੀਸ਼ਨ ਉਨ੍ਹਾਂ ਨੇ ਖੁਦ ਨੂੰ ਮੁਆਫ ਕਰਨ ਲਈ ਨਹੀਂ ਦਿੱਤੀ ਸੀ।"

"ਉਨ੍ਹਾਂ ਨੂੰ ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਰਹਿਮ ਲਈ ਪਟੀਸ਼ਨ ਦਾਇਰ ਕਰੋ। ਮਹਾਤਮਾ ਗਾਂਧੀ ਦੇ ਕਹਿਣ ''ਤੇ ਉਨ੍ਹਾਂ ਨੇ ਰਹਿਮ ਲਈ ਪਟੀਸ਼ਨ ਪਾਈ ਸੀ।"

ਰਾਜਨਾਥ ਸਿੰਘ ਦੇ ਇਸ ਬਿਆਨ ਤੋਂ ਬਾਅਦ ਭਾਰਤ ਵਿੱਚ ਇੱਕ ਬਹਿਸ ਛਿੜ ਗਈ ਹੈ।

ਜਿੱਥੇ ਇੱਕ ਪਾਸੇ ਵਿਰੋਧੀ ਪਾਰਟੀਆਂ ਇਸ ਬਿਆਨ ਨੂੰ ਲੈ ਕੇ ਸਰਕਾਰ ''ਤੇ ਨਿਸ਼ਾਨਾ ਸਾਧ ਰਹੀਆਂ ਹਨ, ਉੱਥੇ ਦੂਜੇ ਪਾਸੇ ਇਤਿਹਾਸਕਾਰ ਵੀ ਇਸ ਬਿਆਨ ਦੀ ਸੱਚਾਈ ''ਤੇ ਸਵਾਲ ਚੁੱਕ ਰਹੇ ਹਨ।

ਨਵੀਂ ਕਿਤਾਬ ਵਿੱਚ ਅਜਿਹਾ ਕੋਈ ਜ਼ਿਕਰ ਨਹੀਂ ਹੈ

''ਵੀਰ ਸਾਵਰਕਰ: ਦਿ ਮੈਨ ਹੂ ਕੁੱਡ ਹੈਵ ਪ੍ਰੀਵੈਂਟਡ ਪਾਰਟੀਸ਼ਨ'' ਜਾਂ ''ਵੀਰ ਸਾਵਰਕਰ: ਉਹ ਵਿਅਕਤੀ ਜੋ ਵੰਡ ਨੂੰ ਰੋਕ ਸਕਦਾ ਸੀ'' ਕਿਤਾਬ ਨੂੰ ਉਦੈ ਮਾਹੁਰਕਰ ਅਤੇ ਚਿਰਾਯੁ ਪੰਡਿਤ ਦੁਆਰਾ ਲਿਖਿਆ ਗਿਆ ਹੈ।

ਉਦੈ ਮਾਹੁਰਕਰ ਇੱਕ ਪੱਤਰਕਾਰ ਰਹਿ ਚੁੱਕੇ ਹਨ ਅਤੇ ਵਰਤਮਾਨ ਵਿੱਚ ਭਾਰਤ ਸਰਕਾਰ ਵਿੱਚ ਸੂਚਨਾ ਕਮਿਸ਼ਨਰ ਦੇ ਅਹੁਦੇ ''ਤੇ ਹਨ।

ਬੀਬੀਸੀ ਨੇ ਉਨ੍ਹਾਂ ਤੋਂ ਪੁੱਛਿਆ ਕਿ, ਕੀ ਉਨ੍ਹਾਂ ਦੀ ਨਵੀਂ ਕਿਤਾਬ ਵਿੱਚ ਇਸ ਗੱਲ ਦਾ ਜ਼ਿਕਰ ਹੈ ਕਿ ਵੀਰ ਸਾਵਰਕਰ ਨੇ ਮਹਾਤਮਾ ਗਾਂਧੀ ਦੇ ਕਹਿਣ ''ਤੇ ਅੰਗਰੇਜ਼ਾਂ ਦੇ ਸਾਹਮਣੇ ਰਹਿਮ ਲਈ ਪਟੀਸ਼ਨ ਦਾਇਰ ਕੀਤੀ ਸੀ। ਮਾਹੁਰਕਰ ਨੇ ਕਿਹਾ, "ਨਹੀਂ, ਮੇਰੀ ਕਿਤਾਬ ਵਿੱਚ ਇਸਦਾ ਜ਼ਿਕਰ ਨਹੀਂ ਹੈ।"

ਅਸੀਂ ਉਨ੍ਹਾਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਕਿ, ਕੀ ਉਹ ਇਸਨੂੰ ਆਪਣੀ ਕਿਤਾਬ ਦੇ ਭਵਿੱਖ ਦੇ ਸੰਸਕਰਣਾਂ ਵਿੱਚ ਸ਼ਾਮਲ ਕਰਨਗੇ, ਇਸ ''ਤੇ ਉਨ੍ਹਾਂ ਨੇ ਕਿਹਾ, "ਮੈਂ ਇਸ ਬਾਰੇ ਫੈਸਲਾ ਕਰਾਂਗਾ। ਤੁਸੀਂ ਮੈਨੂੰ ਟ੍ਰੈਪ ਨਾ ਕਰੋ (ਫਸਾਉ ਨਾ)।"

ਅਸੀਂ ਮਾਹੁਰਕਰ ਨੂੰ ਪੁੱਛਿਆ ਕਿ, ਕੀ ਸਾਵਰਕਰ ''ਤੇ ਕਿਤਾਬ ਲਿਖਦੇ ਸਮੇਂ ਉਨ੍ਹਾਂ ਦੁਆਰਾ ਕੀਤੇ ਗਏ ਅਧਿਐਨ ਵਿੱਚ ਰਾਜਨਾਥ ਸਿੰਘ ਦੇ ਦਾਅਵੇ ਵਾਲੀ ਗੱਲ ਸਾਹਮਣੇ ਆਈ?

ਇਸ ਦੇ ਜਵਾਬ ਵਿੱਚ ਉਨ੍ਹਾਂ ਕਿਹਾ, "ਮੈਂ ਇਹ ਨਹੀਂ ਕਹਿ ਰਿਹਾ ਕਿ ਮੇਰਾ ਸਾਵਰਕਰ ''ਤੇ ਪੂਰਾ ਅਧਿਐਨ ਹੈ।"

ਇਹ ਵੀ ਪੜ੍ਹੋ-

"ਸਾਵਰਕਰ ਬਾਰੇ ਅਜੇ ਵੀ ਬਹੁਤ ਸਾਰੇ ਤੱਥ ਹਨ ਜੋ ਲੋਕਾਂ ਨੂੰ ਨਹੀਂ ਪਤਾ। ਸਾਵਰਕਰ ਜੀ ''ਤੇ ਮੇਰਾ ਅਧਿਐਨ ਅਜੇ ਪੂਰਾ ਨਹੀਂ ਹੋਇਆ ਹੈ।"

"ਮੈਂ ਅੱਗੇ ਹੋਰ ਕਿਤਾਬ ਵੀ ਲਿਖ ਸਕਦਾ ਹਾਂ ਅਤੇ ਇਸ ਗੱਲ ਨੂੰ ਵੀ ਸ਼ਾਮਲ ਕਰ ਸਕਦਾ ਹਾਂ। ਮੈਂ ਇਹ ਦਾਅਵਾ ਨਹੀਂ ਕਰਦਾ ਕਿ ਮੈਂ ਸਾਵਰਕਰ ਬਾਰੇ ਸਭ ਕੁਝ ਜਾਣਦਾ ਹਾਂ।"

ਮਾਹੁਰਕਰ ਨੇ ਇਸ ਗੱਲ ਬਾਰੇ ਆਪਣੇ ਨਾਲ ਅਧਿਐਨ ਕਰਨ ਵਾਲੇ ਸਹਿਯੋਗੀਆਂ ਨਾਲ ਗੱਲ ਕਰਨ ਲਈ ਕੁਝ ਸਮਾਂ ਮੰਗਿਆ ਅਤੇ ਫਿਰ ਬੀਬੀਸੀ ਨੂੰ ਕਿਹਾ, "ਉਹ ਗੱਲ ਸਹੀ ਹੈ।"

"ਬਾਬਾ ਰਾਓ ਸਾਵਰਕਰ, ਜੋ ਉਨ੍ਹਾਂ ਦੇ ਭਰਾ ਸਨ, ਉਹ ਗਾਂਧੀ ਜੀ ਕੋਲ ਗਏ ਸਨ ਅਤੇ ਗਾਂਧੀ ਜੀ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਸੀ। ਪੁਸਤਕ ਦੇ ਅਗਲੇ ਸੰਸਕਰਣ ਵਿੱਚ ਅਸੀਂ ਇਸ ਗੱਲ ਨੂੰ ਸ਼ਾਮਲ ਕਰਾਂਗੇ।"

"ਬਾਬਾ ਰਾਓ ਸਾਵਰਕਰ ਨਾਲ ਆਰਐੱਸਐੱਸ ਦੇ ਕੁਝ ਲੋਕ ਵੀ ਗਾਂਧੀ ਜੀ ਨੂੰ ਮਿਲਣ ਗਏ ਸਨ। ਇਹ ਗੱਲ ਬਾਬਾ ਰਾਓ ਦੀ ਲਿਖਤ ਵਿੱਚ ਮਿਲਦੀ ਹੈ।"

ਕੀ ਸਾਵਰਕਰ ਵੰਡ ਨੂੰ ਰੋਕ ਸਕਦੇ ਸਨ?

ਇਸ ਪੁਸਤਕ ਦਾ ਨਾਂ ਕਾਫ਼ੀ ਦਿਲਚਸਪ ਹੈ, ''ਵੀਰ ਸਾਵਰਕਰ: ਦਿ ਮੈਨ ਹੂ ਕੁੱਡ ਹੈਵ ਪ੍ਰੀਵੈਂਟਡ ਪਾਰਟੀਸ਼ਨ'', ਜਦਕਿ ਸੱਚਾਈ ਇਹ ਹੈ ਕਿ ਸਾਵਰਕਰ ਉਸ ਵਿਅਕਤੀ ਵਜੋਂ ਜਾਣੇ ਜਾਂਦੇ ਹਨ ਜਿਨ੍ਹਾਂ ਨੇ ਦੋ-ਰਾਸ਼ਟਰਵਾਦ ਦੇ ਸਿਧਾਂਤ ਦੀ ਗੱਲ ਸਭ ਤੋਂ ਪਹਿਲਾਂ ਕੀਤੀ।

ਮੁਸਲਿਮ ਲੀਗ ਨੇ 1940 ਦੇ ਲਾਹੌਰ ਸੈਸ਼ਨ ਵਿੱਚ ਮੁਸਲਮਾਨਾਂ ਲਈ ਇੱਕ ਵੱਖਰੇ ਦੇਸ਼ ਦੀ ਗੱਲ ਪਹਿਲੀ ਵਾਰ ਕੀਤੀ ਸੀ, ਪਰ ਸਾਵਰਕਰ ਅਜਿਹਾ ਪਹਿਲਾਂ ਤੋਂ ਕਹਿੰਦੇ ਆ ਰਹੇ ਸਨ।

ਉਨ੍ਹਾਂ ਨੇ ਇਸ ਤੋਂ ਤਿੰਨ ਸਾਲ ਪਹਿਲਾਂ 1937 ਵਿੱਚ ਅਹਿਮਦਾਬਾਦ ਵਿੱਚ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਸੀ ਕਿ ਹਿੰਦੂ ਅਤੇ ਮੁਸਲਮਾਨ ਦੋ ਵੱਖ-ਵੱਖ ਰਾਸ਼ਟਰ ਹਨ ਅਤੇ ਦੋਵਾਂ ਦਾ ਇਸ ਧਰਤੀ ਉੱਤੇ ਅਧਿਕਾਰ ਬਰਾਬਰ ਨਹੀਂ ਹੈ।

ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਕਿਤਾਬ ''ਹਿੰਦੂਤਵ: ਹੂ ਇਜ਼ ਏ ਹਿੰਦੂ'' ਵਿੱਚ ਸਪਸ਼ਟ ਤੌਰ ''ਤੇ ਲਿਖਿਆ ਹੈ ਕਿ ਰਾਸ਼ਟਰ ਦਾ ਆਧਾਰ ਧਰਮ ਹੈ ਅਤੇ ਉਨ੍ਹਾਂ ਨੇ ਭਾਰਤ ਨੂੰ ''ਹਿੰਦੂਸਥਾਨ'' ਕਿਹਾ ਹੈ।

ਉਨ੍ਹਾਂ ਨੇ ਆਪਣੀ ਕਿਤਾਬ ਵਿੱਚ ਲਿਖਿਆ, "ਹਿੰਦੁਸਤਾਨ ਦਾ ਅਰਥ ਹਿੰਦੂਆਂ ਦੀ ਧਰਤੀ ਤੋਂ ਹੈ। ਹਿੰਦੂਤਵ ਲਈ ਭੂਗੋਲਿਕ ਏਕਤਾ ਬਹੁਤ ਜ਼ਰੂਰੀ ਹੈ। ਇੱਕ ਹਿੰਦੂ ਮੂਲ ਰੂਪ ਨਾਲ ਇੱਥੋਂ ਦਾ ਨਾਗਰਿਕ ਹੈ ਜਾਂ ਆਪਣੇ ਪੁਰਖਿਆਂ ਦੇ ਕਾਰਨ ''ਹਿੰਦੂਸਥਾਨ'' ਦਾ ਨਾਗਰਿਕ ਹੈ।"

ਸਾਵਰਕਰ ਨੇ ਇਸ ਕਿਤਾਬ ਵਿੱਚ ਲਿਖਿਆ ਹੈ, "ਸਾਡੇ ਮੁਸਲਮਾਨਾਂ ਜਾਂ ਈਸਾਈਆਂ ਦੇ ਕੁਝ ਮਾਮਲਿਆਂ ਵਿੱਚ, ਜਿਨ੍ਹਾਂ ਨੂੰ ਜ਼ਬਰਦਸਤੀ ਗੈਰ-ਹਿੰਦੂ ਧਰਮ ਵਿੱਚ ਤਬਦੀਲ ਕੀਤਾ ਗਿਆ, ਉਨ੍ਹਾਂ ਦੀ ਪਿੱਤਰ ਭੂਮੀ ਵੀ ਇਹੀ ਹੈ ਅਤੇ ਸਭਿਆਚਾਰ ਦਾ ਇੱਕ ਵੱਡਾ ਹਿੱਸਾ ਵੀ ਇੱਕੋ-ਜਿਹਾ ਹੈ।"

"ਪਰ ਫਿਰ ਵੀ ਉਨ੍ਹਾਂ ਨੂੰ ਹਿੰਦੂ ਨਹੀਂ ਮੰਨਿਆ ਜਾ ਸਕਦਾ। ਹਾਲਾਂਕਿ ਹਿੰਦੂਆਂ ਦੀ ਤਰ੍ਹਾਂ ਹਿੰਦੂਸਥਾਨ ਉਨ੍ਹਾਂ ਦੀ ਵੀ ਪਿੱਤਰ-ਭੂਮੀ ਹੈ ਪਰ ਉਨ੍ਹਾਂ ਦੀ ਪੁੰਨ-ਭੂਮੀ ਨਹੀਂ ਹੈ।"

"ਉਨ੍ਹਾਂ ਦੀ ਪੁੰਨ-ਭੂਮੀ ਦੂਰ ਅਰਬ ਵਿੱਚ ਹੈ। ਉਨ੍ਹਾਂ ਦੇ ਵਿਸ਼ਵਾਸ, ਉਨ੍ਹਾਂ ਦੇ ਧਰਮ ਗੁਰੂ, ਵਿਚਾਰ ਅਤੇ ਨਾਇਕ ਇਸ ਮਿੱਟੀ ਦੀ ਉਪਜ ਨਹੀਂ ਹਨ।"

ਇਸ ਤਰ੍ਹਾਂ ਸਾਵਰਕਰ ਨੇ ਰਾਸ਼ਟਰ ਦੇ ਨਾਗਰਿਕਾਂ ਵਜੋਂ ਹਿੰਦੂਆਂ ਅਤੇ ਮੁਸਲਮਾਨਾਂ-ਈਸਾਈਆਂ ਨੂੰ ਬੁਨਿਆਦੀ ਤੌਰ ''ਤੇ ਇੱਕ-ਦੂਜੇ ਤੋਂ ਵੱਖਰਾ ਦੱਸਿਆ ਅਤੇ ਪੁੰਨ-ਭੂਮੀ ਵੱਖਰੀ ਹੋਣ ਦੇ ਆਧਾਰ ''ਤੇ ਰਾਸ਼ਟਰ ਦੇ ਪ੍ਰਤੀ ਉਨ੍ਹਾਂ ਦੀ ਵਫ਼ਾਦਾਰੀ ''ਤੇ ਸ਼ੱਕ ਕੀਤਾ।

ਭਾਰਤ ਦੀ ਵੰਡ ਵਿੱਚ ਭਿਆਨਕ ਹਿੰਦੂ-ਮੁਸਲਿਮ ਦੰਗਿਆਂ ਦੀ ਵੱਡੀ ਭੂਮਿਕਾ ਸੀ।

ਭਾਰਤ ਦੀ ਵੰਡ ਸਿਰਫ ਹਿੰਦੂ-ਮੁਸਲਿਮ ਏਕਤਾ ਨਾਲ ਹੀ ਰੋਕੀ ਜਾ ਸਕਦੀ ਸੀ, ਜਿਸ ਦੀ ਕੋਸ਼ਿਸ਼ ਗਾਂਧੀ ਕਰ ਰਹੇ ਸਨ, ਪਰ ਉਨ੍ਹਾਂ ਨੂੰ ਬੁਨਿਆਦੀ ਤੌਰ ''ਤੇ ਇੱਕ-ਦੂਜੇ ਤੋਂ ਵੱਖਰਾ ਸਾਬਿਤ ਕਰਨ ਵਿੱਚ ਸਾਵਰਕਰ ਨੇ ਵੱਡੀ ਭੂਮਿਕਾ ਨਿਭਾਈ।

ਕੀ ਕਹਿੰਦੇ ਹਨ ਵੀਰ ਸਾਵਰਕਰ ਦੇ ਵਾਰਿਸ?

ਰਣਜੀਤ ਸਾਵਰਕਰ, ਵੀਰ ਸਾਵਰਕਰ ਦੇ ਛੋਟੇ ਭਰਾ ਡਾ. ਨਾਰਾਇਣ ਰਾਓ ਸਾਵਰਕਰ ਦੇ ਪੋਤੇ ਹਨ ਅਤੇ ਮੁੰਬਈ ਵਿੱਚ ''ਸੁਤੰਤਰਯਵੀਰ ਸਾਵਰਕਰ ਰਾਸ਼ਟਰੀ ਸਮਾਰਕ'' ਨਾਲ ਜੁੜੇ ਹੋਏ ਹਨ।

ਉਹ ਇਸ ਗੱਲ ਨੂੰ ਨਹੀਂ ਮੰਨਦੇ ਕਿ ਮਹਾਤਮਾ ਗਾਂਧੀ ਦੇ ਕਹਿਣ ''ਤੇ ਵੀਰ ਸਾਵਰਕਰ ਨੇ ਰਹਿਮ ਲਈ ਪਟੀਸ਼ਨ ਦਾਇਰ ਕੀਤੀ ਸੀ।

ਰਾਜਨਾਥ ਸਿੰਘ ਦੇ ਬਿਆਨ ਬਾਰੇ ਉਹ ਕਹਿੰਦੇ ਹਨ, "ਮੈਨੂੰ ਲੱਗਦਾ ਹੈ ਕਿ ਇਸ ਵਿੱਚ ਜ਼ੁਬਾਨ ਤਿਲ੍ਹਕਣ ਵਾਲੀ ਗੱਲ ਹੋ ਸਕਦੀ ਹੈ। ਮਹਾਤਮਾ ਗਾਂਧੀ ਨੇ ਆਪਣੇ ਲੇਖਾਂ ਵਿੱਚ ਯਾਚਿਕਾ ਦਾਇਰ ਕਰਨ ਦਾ ਸਮਰਥਨ ਕੀਤਾ ਸੀ।"

"ਉਨ੍ਹਾਂ ਨੇ ਸਾਵਰਕਰ ਭਰਾਵਾਂ ਦੀ ਰਿਹਾਈ ''ਤੇ ਦੋ ਲੇਖ ਲਿਖੇ ਸਨ। ਗਾਂਧੀ ਨੇ ਕਿਹਾ ਸੀ ਕਿ ਸਾਡੇ ਵਿਚਕਾਰ ਵਿਚਾਰਕ ਮਤਭੇਦ ਹਨ, ਪਰ ਜੇ ਸਾਵਰਕਰ ਸ਼ਾਂਤੀਪੂਰਨ ਗੱਲਬਾਤ ਦੀ ਰਾਹ ''ਤੇ ਆ ਰਹੇ ਹਨ, ਤਾਂ ਅਸੀਂ ਉਨ੍ਹਾਂ ਦਾ ਸਵਾਗਤ ਕਰਦੇ ਹਾਂ।"

"ਉਨ੍ਹਾਂ ਨੇ ਸਪੱਸ਼ਟ ਤੌਰ ''ਤੇ ਕਿਹਾ ਕਿ ਸਾਵਰਕਰ ਇੱਕ ਮਹਾਨ ਦੇਸ਼ ਭਗਤ ਹਨ ਅਤੇ ਉਹ ਅੰਡੇਮਾਨ ਵਿੱਚ ਰਹਿੰਦੇ ਹੋਏ ਮਾਤ ਭੂਮੀ ਨੂੰ ਪਿਆਰ ਕਰਨ ਦੀ ਕੀਮਤ ਅਦਾ ਕਰ ਰਹੇ ਹਨ।"

ਰਣਜੀਤ ਸਾਵਰਕਰ ਦਾ ਕਹਿਣਾ ਹੈ ਕਿ ਵੀਰ ਸਾਵਰਕਰ ਦੀਆਂ ਯਾਚਿਕਾਵਾਂ ਸਿਰਫ ਆਪਣੇ ਲਈ ਹੀ ਨਹੀਂ ਬਲਕਿ ਹੋਰ ਸਾਰੇ ਸਿਆਸੀ ਕੈਦੀਆਂ ਲਈ ਵੀ ਸਨ।

ਉਹ ਕਹਿੰਦੇ ਹਨ ਕਿ ਤਤਕਾਲੀ ਗ੍ਰਹਿ ਮੰਤਰੀ ਰੇਜੀਨਾਲਡ ਕ੍ਰੈਡੌਕ ਨੇ ਵੀਰ ਸਾਵਰਕਰ ਦੀ ਯਾਚਿਕਾ ਬਾਰੇ ਲਿਖਿਆ ਹੈ, "ਇਹ ਰਹਿਮ ਲਈ ਇੱਕ ਅਰਜ਼ੀ ਹੈ, ਪਰ ਇਸ ਵਿੱਚ ਕੋਈ ਅਫਸੋਸ ਜਾਂ ਪਛਤਾਵਾ ਨਹੀਂ ਹੈ।"

ਰਣਜੀਤ ਕਹਿੰਦੇ ਹਨ, "ਸਾਵਰਕਰ ਨੇ ਜੋ ਕੀਤਾ ਉਸ ਲਈ ਗਾਂਧੀ ਦਾ ਸਮਰਥਨ ਸੀ ਅਤੇ ਉਨ੍ਹਾਂ ਦੀ ਮਨਜ਼ੂਰੀ ਸੀ। ਮੈਨੂੰ ਲੱਗਦਾ ਹੈ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਮਤਲਬ ਇਹੀ ਸੀ।"

ਇਤਿਹਾਸ ਨਾਲ ਛੇੜਛਾੜ?

ਵਿਵਾਦਪੂਰਨ ਬਿਆਨ ਬਾਰੇ, ਗਾਂਧੀ ਪੀਸ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਗਾਂਧੀ ਦੇ ਇੱਕ ਡੂੰਘੇ ਵਿਦਵਾਨ ਕੁਮਾਰ ਪ੍ਰਸ਼ਾਂਤ ਕਹਿੰਦੇ ਹਨ, "ਅਜਿਹਾ ਨਾ ਤਾਂ ਪਹਿਲਾਂ ਵੇਖਿਆ ਹੈ ਅਤੇ ਨਾ ਸੁਣਿਆ ਹੈ ਕਿਉਂਕਿ ਨਾ ਅਜਿਹਾ ਹੋਇਆ ਹੈ ਅਤੇ ਨਾ ਹੀ ਕਿਤੇ ਇਸ ਬਾਰੇ ਲਿਖਿਆ ਗਿਆ ਹੈ।"

ਉਹ ਕਹਿੰਦੇ ਹਨ, "ਇਹ ਲੋਕ ਇਤਿਹਾਸ ਦੇ ਨਵੇਂ-ਨਵੇਂ ਸਫ਼ੇ ਲਿਖਣ ਦੀ ਕਲਾ ਵਿੱਚ ਬਹੁਤ ਮਾਹਰ ਹਨ।”

“ਮੈਂ ਅਕਸਰ ਕਹਿੰਦਾ ਹਾਂ ਕਿ ਜਿਨ੍ਹਾਂ ਲੋਕਾਂ ਕੋਲ ਆਪਣਾ ਇਤਿਹਾਸ ਨਹੀਂ ਹੁੰਦਾ। ਉਹ ਹਮੇਸ਼ਾ ਦੂਜਿਆਂ ਦੇ ਇਤਿਹਾਸ ਨੂੰ ਆਪਣੀ ਮੁੱਠੀ ਵਿੱਚ ਰੱਖਣ ਦੀ ਕੋਸ਼ਿਸ਼ ਕਰਦੇ ਹਨ। ਰਾਜਨਾਥ ਜੀ ਨੇ ਬਹੁਤ ਹਲਕੀ ਗੱਲ ਕੀਤੀ ਹੈ।"

ਕੁਮਾਰ ਪ੍ਰਸ਼ਾਂਤ ਦਾ ਕਹਿਣਾ ਹੈ ਕਿ ਗਾਂਧੀ ਦਾ ਸਾਵਰਕਰ ਦੇ ਮੁਆਫੀਨਾਮੇ ਨਾਲ ਵੀ ਕਦੇ ਕੋਈ ਸੰਬੰਧ ਨਹੀਂ ਰਿਹਾ। ਉਹ ਕਹਿੰਦੇ ਹਨ, "ਜੇ ਮੁਆਫੀਨਾਮੇ ਵਰਗੀ ਕੋਈ ਚੀਜ਼ ਗਾਂਧੀ ਜੀ ਦੇ ਜੀਵਨ ਵਿੱਚ ਹੁੰਦੀ, ਤਾਂ ਉਨ੍ਹਾਂ ਨੇ ਆਪ ਵੀ ਇਸ ''ਤੇ ਅਮਲ ਕੀਤਾ ਹੁੰਦਾ।"

"ਉਨ੍ਹਾਂ ਨੇ ਨਾ ਤਾਂ ਕਦੇ ਮੁਆਫੀਨਾਮਾ ਲਿਖਿਆ ਅਤੇ ਨਾ ਹੀ ਕਿਸੇ ਹੋਰ ਸੱਤਿਆਗ੍ਰਹੀ ਨੂੰ ਮੁਆਫੀਨਾਮੇ ਦਾ ਰਸਤਾ ਦੱਸਿਆ, ਇਸ ਲਈ ਇਸ ਗੱਲ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸੱਚਾਈ ਅਤੇ ਈਮਾਨਦਾਰੀ ਨਹੀਂ ਹੈ।"

"ਇਹ ਬਹੁਤ ਛੋਟੀਆਂ ਚੀਜ਼ਾਂ ਹਨ, ਪਰ ਇਹ ਸਮਾਂ ਹੀ ਅਜਿਹਾ ਚੱਲ ਰਿਹਾ ਹੈ ਕਿ ਇਸ ਤਰ੍ਹਾਂ ਦੀਆਂ ਗੱਲ ਹੋ ਰਹੀਆਂ ਹਨ।"

''ਗਾਂਧੀ ਦੀ ਹੱਤਿਆ ਨਾਲ ਜੁੜੇ ਦਾਗ਼ ਧੋਣ ਦੀ ਕੋਸ਼ਿਸ਼''

ਸੀਨੀਅਰ ਪੱਤਰਕਾਰ ਨੀਲਾਂਜਨ ਮੁਖੋਪਾਧਿਆਏ ਨੇ ਰਾਸ਼ਟਰੀ ਸਵੈਸੇਵਕ ਸੰਘ ਦੇ ਵੱਡੇ ਨਾਵਾਂ ''ਤੇ ''ਦਿ ਆਰਐਸਐਸ: ਆਈਕਨਸ ਆਫ਼ ਦਿ ਇੰਡੀਅਨ ਰਾਈਟ'' ਨਾਂ ਦੀ ਕਿਤਾਬ ਲਿਖੀ ਹੈ।

ਉਹ ਕਹਿੰਦੇ ਹਨ ਕਿ ਸਾਵਰਕਰ ਉੱਤੇ ਜੋ ਸਭ ਤੋਂ ਵੱਡਾ ਵਿਵਾਦ ਹੈ ਉਹ ਮਹਾਤਮਾ ਗਾਂਧੀ ਦੀ ਹੱਤਿਆ ਨਾਲ ਜੁੜਿਆ ਹੋਇਆ ਹੈ।

"ਉਸ ਮਾਮਲੇ ਵਿੱਚ ਸਾਵਰਕਰ ਬਰੀ ਹੋ ਗਏ ਪਰ ਉਸ ਤੋਂ ਬਾਅਦ ਬਣਾਏ ਗਏ ਕਪੂਰ ਕਮਿਸ਼ਨ ਦੀ ਰਿਪੋਰਟ ਨੇ ਉਨ੍ਹਾਂ ਨੂੰ ਪੂਰੀ ਦੋਸ਼-ਮੁਕਤ ਨਹੀਂ ਮੰਨਿਆ ਅਤੇ ਸ਼ੱਕ ਦੀ ਸੂਈ ਗਾਂਧੀ ਹੱਤਿਆਕਾਂਡ ਵਿੱਚ ਸਾਵਰਕਰ ਦੀ ਸ਼ਮੂਲੀਅਤ ਵੱਲ ਇਸ਼ਾਰਾ ਕਰਦੀ ਰਹੀ।"

"ਇਹ ਸਾਵਰਕਰ ਦੀ ਵਿਰਾਸਤ ਦਾ ਦਾਗ ਹੈ ਜਿਸ ਨੂੰ ਅੱਜ ਦੀ ਸਰਕਾਰ ਧੋਣ ਦੀ ਕੋਸ਼ਿਸ਼ ਕਰ ਰਹੀ ਹੈ।"

ਸਾਲ 1948 ਵਿੱਚ, ਮਹਾਤਮਾ ਗਾਂਧੀ ਦੀ ਹੱਤਿਆ ਦੇ ਛੇਵੇਂ ਦਿਨ ਵਿਨਾਇਕ ਦਾਮੋਦਰ ਸਾਵਰਕਰ ਨੂੰ ਗਾਂਧੀ ਦੀ ਹੱਤਿਆ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦੇ ਸ਼ੱਕ ਵਿੱਚ ਮੁੰਬਈ ਤੋਂ ਗ੍ਰਿਫਤਾਰ ਕੀਤਾ ਗਿਆ ਸੀ।"

"ਹਾਲਾਂਕਿ, ਉਨ੍ਹਾਂ ਨੂੰ ਫਰਵਰੀ 1949 ਵਿੱਚ ਬਰੀ ਕਰ ਦਿੱਤਾ ਗਿਆ ਸੀ।

ਮੁਖੋਪਾਧਿਆਏ ਕਹਿੰਦੇ ਹਨ, "ਰਾਜਨਾਥ ਸਿੰਘ ਦਾ ਬਿਆਨ ਕਿ ਗਾਂਧੀ ਜੀ ਦੇ ਕਹਿਣ ''ਤੇ ਸਾਵਰਕਰ ਨੇ ਅੰਗਰੇਜ਼ਾਂ ਨੂੰ ਮੁਆਫ਼ੀਨਾਮਾ ਲਿਖਿਆ, ਉਨ੍ਹਾਂ ''ਤੇ ਲੱਗੇ ਇੱਕ ਵੱਡੇ ਦਾਗ ਨੂੰ ਮਿਟਾਉਣ ਦੀ ਕੋਸ਼ਿਸ਼ ਹੈ।"

"ਹੁਣ ਇੱਕੋ ਚੀਜ਼ ਬਾਕੀ ਰਹਿੰਦੀ ਹੈ। ਕੱਲ੍ਹ ਕੋਈ ਹੋਰ ਸਿਆਸਤਦਾਨ ਆਵੇਗਾ ਅਤੇ ਕਹੇਗਾ ਕਿ ਗੌਡਸੇ ਨੇ ਵੀ ਗਾਂਧੀ ਜੀ ਦੇ ਕਹਿਣ ''ਤੇ ਬੰਦੂਕ ਚੁੱਕੀ ਅਤੇ ਉਨ੍ਹਾਂ ਨੂੰ ਮਾਰ ਦਿੱਤਾ।"

ਉਨ੍ਹਾਂ ਦਾ ਕਹਿਣਾ ਹੈ ਕਿ "ਅਸੀਂ ਇਤਿਹਾਸ ਦੇ ਮਿਥਿਹਾਸ ਹੋਣ ਵਾਲੇ ਸਮੇਂ ਵਿੱਚ ਜੀ ਰਹੇ ਹਾਂ। ਹਰ ਰੋਜ਼ ਇੱਕ ਝੂਠ ਨੂੰ ਵਾਰ-ਵਾਰ ਬੋਲ ਕੇ ਉਸਨੂੰ ਸੱਚ ਬਣਾ ਦਿੱਤਾ ਜਾਂਦਾ ਹੈ।"

ਮੁਖੋਪਾਧਿਆਏ ਅਨੁਸਾਰ ਇਹ ਸਾਰਾ ਵਿਵਾਦ ਸੁਰਖੀਆਂ ਵਿੱਚ ਇਤਿਹਾਸ ਦੀ ਗੱਲ ਕਰਨ ਦੇ ਰੁਝਾਨ ਨੂੰ ਦਰਸਾਉਂਦਾ ਹੈ।

ਉਹ ਕਹਿੰਦੇ ਹਨ, "ਇਤਿਹਾਸ ਦੀ ਗੱਲ ਸੁਰਖੀਆਂ ਵਿੱਚ ਨਹੀਂ ਹੋ ਸਕਦੀ। ਇਤਿਹਾਸ ਬਾਰੇ ਵਿਸਥਾਰ ਨਾਲ ਗੱਲ ਕਰਨੀ ਹੁੰਦੀ ਹੈ।"

"ਮੈਨੂੰ ਲੱਗਦਾ ਹੈ ਕਿ ਇਹ ਕਹਿ ਦੇਣਾ ਕਿ ਸਾਵਰਕਰ ਨੇ ਗਾਂਧੀ ਜੀ ਦੇ ਕਹਿਣ ''ਤੇ ਮੁਆਫ਼ੀਨਾਮਾ ਲਿਖਿਆ, ਇਤਿਹਾਸਕ ਤੌਰ ''ਤੇ ਗਲਤ ਹੈ।"

''ਹਿੰਦੂਤਵ'' ਸ਼ਬਦ ਦੇ ਰਚਨਾਕਾਰ

ਇਤਿਹਾਸਕਾਰਾਂ ਦੇ ਅਨੁਸਾਰ, ਸਾਵਰਕਰ ਦੇ ਰਾਜਨੀਤਿਕ ਜੀਵਨ ਨੂੰ ਸਪਸ਼ਟ ਤੌਰ ''ਤੇ ਦੋ ਵੱਖ-ਵੱਖ ਪੜਾਵਾਂ ਵਿੱਚ ਵੰਡਿਆ ਜਾ ਸਕਦਾ ਹੈ।

ਨੀਲਾਂਜਨ ਮੁਖੌਉਪਾਧਿਆਇ
BBC
ਨੀਲਾਂਜਨ ਮੁਖੋਪਾਧਿਆਏ ਅਨੁਸਾਰ ਇਹ ਸਾਰਾ ਵਿਵਾਦ ਸੁਰਖੀਆਂ ਵਿੱਚ ਇਤਿਹਾਸ ਦੀ ਗੱਲ ਕਰਨ ਦੇ ਰੁਝਾਨ ਨੂੰ ਦਰਸਾਉਂਦਾ ਹੈ

ਮੁਖੋਪਾਧਿਆਏ ਕਹਿੰਦੇ ਹਨ, "ਪਹਿਲਾ ਪੜਾਅ ਸ਼ੁਰੂ ਹੁੰਦਾ ਹੈ ਵੀਹਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ, ਜਦੋਂ ਉਹ ਇੱਕ ਨੌਜਵਾਨ ਰਾਸ਼ਟਰਵਾਦੀ ਸਨ।"

"ਉਹ ਵਿਲਾਇਤ ਗਏ ਅਤੇ ਰਾਸ਼ਟਰਵਾਦੀ ਅੰਦੋਲਨਾਂ ਵਿੱਚ ਸ਼ਾਮਲ ਹੋਏ, ਜਿਸ ਕਾਰਨ ਉਨ੍ਹਾਂ ਨੂੰ ਕਾਲੇਪਾਣੀ ਦੀ ਸਜ਼ਾ ਹੋਈ ਅਤੇ ਉਨ੍ਹਾਂ ਨੂੰ ਅੰਡੇਮਾਨ ਦੀ ਜੇਲ੍ਹ ਭੇਜਿਆ ਗਿਆ।"

ਉਨ੍ਹਾਂ ਅਨੁਸਾਰ, ਆਪਣੇ ਰਾਜਨੀਤਿਕ ਜੀਵਨ ਦੇ ਇਸ ਸਮੇਂ ਦੌਰਾਨ ਸਾਵਰਕਰ ਨੇ 1857 ਦੇ ਬਾਰੇ ਵਿੱਚ ਇੱਕ ਬਹੁਤ ਮਹੱਤਵਪੂਰਨ ਕਿਤਾਬ ਲਿਖੀ "ਜਿਸ ਵਿੱਚ ਉਨ੍ਹਾਂ ਨੇ 1857 ਦੀ ਕ੍ਰਾਂਤੀ ਨੂੰ ਹਿੰਦੂ-ਮੁਸਲਿਮ ਏਕਤਾ ਦੀ ਇੱਕ ਵਿਲੱਖਣ ਮਿਸਾਲ ਕਿਹਾ" ਅਤੇ ਕਿਹਾ ਸੀ ਕਿ "ਹਿੰਦੂ ਅਤੇ ਮੁਸਲਮਾਨ ਇਕੱਠੇ ਹੋਏ, ਇਸ ਲਈ ਅੰਗਰੇਜ਼ੀ ਸ਼ਾਸਨ ਨੂੰ ਇੰਨਾ ਵੱਡਾ ਝਟਕਾ ਲੱਗਾ ਸੀ।"

ਮੁਖੋਪਾਧਿਆਏ ਕਹਿੰਦੇ ਹਨ ਕਿ ਸਾਵਰਕਰ ਦੇ ਰਾਜਨੀਤਕ ਜੀਵਨ ਦੇ ਦੂਜੇ ਪੜਾਅ ਵਿੱਚ, ਅੰਡੇਮਾਨ ਜੇਲ੍ਹ ਵਿੱਚ ਰਹਿਣ ਦੌਰਾਨ ਉਨ੍ਹਾਂ ਦਾ ਮਨ ਬਦਲ ਜਾਂਦਾ ਹੈ ਅਤੇ ਉਹ ਅੰਗਰੇਜ਼ਾਂ ਤੋਂ ਮੁਆਫੀ ਮੰਗਦੇ ਹਨ।

ਉਹ ਕਹਿੰਦੇ ਹਨ, "ਉਨ੍ਹਾਂ ਨੂੰ ਅੰਡੇਮਾਨ ਜੇਲ੍ਹ ਤੋਂ ਤਾਂ ਰਿਹਾਅ ਕਰ ਦਿੱਤਾ ਗਿਆ, ਪਰ ਨਾਗਪੁਰ ਅਤੇ ਪੁਣੇ ਦੀਆਂ ਜੇਲ੍ਹਾਂ ਵਿੱਚ ਰੱਖਿਆ ਗਿਆ।"

"ਕਿਉਂਕਿ ਉਹ ਕ੍ਰਾਂਤੀਕਾਰੀ ਰਾਸ਼ਟਰਵਾਦ ਦਾ ਹਿੱਸਾ ਸਨ, ਇਸ ਲਈ ਉਨ੍ਹਾਂ ਦੀ ਲਗਾਤਾਰ ਚੱਲ ਰਹੀ ਨਿਆਇਕ ਹਿਰਾਸਤ ਵਿਰੁੱਧ ਬਹੁਤ ਸਾਰੇ ਰਾਸ਼ਟਰਵਾਦੀ ਸਿਆਸਤਦਾਨਾਂ ਨੇ ਆਵਾਜ਼ ਚੁੱਕੀ ਅਤੇ ਉਨ੍ਹਾਂ ਨੂੰ ਛੱਡਣ ਲਈ ਅਰਜ਼ੀ ਦਿੱਤੀ ਸੀ।"

ਪਰ ਮੁਖੋਪਾਧਿਆਏ ਦਾ ਕਹਿਣਾ ਹੈ ਕਿ ਜਿਸ ਕਾਰਨ ਸਾਵਰਕਰ ਅੱਜ ਵੀ ਵਿਵਾਦਾਂ ਵਿੱਚ ਘਿਰੇ ਹੋਏ ਹਨ, ਉਹ ਹੈ ਸੈਲੂਲਰ ਜੇਲ੍ਹ ਵਿੱਚ ਲਿਖੀ ਗਈ ਉਨ੍ਹਾਂ ਦੀ ਹਸਤ-ਲਿਪੀ (ਖਰੜਾ) ਜਿਸਦਾ ਨਾਮ ਹੈ ''ਹਿੰਦੂਤਵ: ਅਸੀਂ ਕੌਣ ਹਾਂ''।

"ਇਸ ਦਸਤਾਵੇਜ਼ ਤੋਂ ਪ੍ਰੇਰਿਤ ਹੋ ਕੇ ਕੇਸ਼ਵ ਬਲੀਰਾਮ ਹੇਡਗੇਵਾਰ ਨੇ ਰਾਸ਼ਟਰੀ ਸਵੈਸੇਵਕ ਸੰਘ ਦਾ ਗਠਨ ਕੀਤਾ। ਹਿੰਦੂ ਰਾਸ਼ਟਰਵਾਦੀ ਵਿਚਾਧਾਰਾ ਸਾਵਰਕਰ ਤੋਂ ਪਹਿਲਾਂ ਹੀ ਵਿਕਸਤ ਹੋ ਰਹੀ ਸੀ।"

"ਪਰ ਇਸ ਗੱਲ ਦਾ ਸਿਹਰਾ ਸਾਵਰਕਰ ਦੇ ਸਿਰ ਬੰਨ੍ਹਿਆ ਜਾਂਦਾ ਹੈ ਕਿ ਉਨ੍ਹਾਂ ਨੇ ਆਪਣੀ ਕਿਤਾਬ ਰਾਹੀਂ ਹਿੰਦੂਤਵ ਨੂੰ ਕੋਡੀਫਾਈ ਕੀਤਾ। ਉਹੀ ਕਿਤਾਬ ਹੇਡਗੇਵਾਰ ਲਈ ਰਾਸ਼ਟਰੀ ਸਵੈਸੇਵਕ ਸੰਘ ਦੇ ਗਠਨ ਲਈ ਇੱਕ ਪ੍ਰੇਰਣਾਦਾਇਕ ਦਸਤਾਵੇਜ਼ ਬਣ ਗਈ।”

ਮੁਖੋਪਾਧਿਆਏ ਦਾ ਮੰਨਣਾ ਹੈ ਕਿ ਸਾਵਰਕਰ ਸੰਗਠਨ ਦੇ ਨੇਤਾ ਦੇ ਰੂਪ ਵਿੱਚ ਢੁਕਵੇਂ ਨਹੀਂ ਰਹੇ ਅਤੇ ਇਸੇ ਕਾਰਨ ਉਹ ਕਦੇ ਵੀ ਆਰਐਸਐਸ ਵਿੱਚ ਸ਼ਾਮਲ ਨਹੀਂ ਹੋਏ, "ਬਲਕਿ ਉਹ ਆਰਐਸਐਸ ਦੇ ਵੱਡੇ ਆਲੋਚਕ ਸਨ।

ਉਹ ਕਹਿੰਦੇ ਹਨ, "1966 ਵਿੱਚ ਆਪਣੀ ਮੌਤ ਤੱਕ ਉਨ੍ਹਾਂ ਦੇ ਆਰਐਸਐਸ ਨਾਲ ਸਬੰਧ ਬਹੁਤ ਮਾੜੇ ਸਨ। ਸਾਵਰਕਰ ਆਰਐਸਐਸ ਨੂੰ ਇੱਕ ਮਾਮੂਲੀ ਸੰਸਥਾ ਹੀ ਸਮਝਦੇ ਸਨ।"

"ਇਸ ਦੇ ਨਾਲ ਹੀ ਉਹ ਦੂਜੇ ਵਿਸ਼ਵ ਯੁੱਧ ਦੌਰਾਨ ਬ੍ਰਿਟਿਸ਼ ਨੀਤੀਆਂ ਦੇ ਵੱਡੇ ਸਮਰਥਕ ਸਨ। ਉਨ੍ਹਾਂ ਕਿਹਾ ਕਿ ਹਿੰਦੂਆਂ ਨੂੰ ਆਪਣੇ ਆਪ ਨੂੰ ਮਜ਼ਬੂਤ ਬਣਾਉਣ ਲਈ ਬ੍ਰਿਟੇਨ ਦੀ ਫੌਜ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ।"

"ਉਹ ਆਪਣੀ ਪੂਰੀ ਜ਼ਿੰਦਗੀ ਵਿੱਚ ਕਿਸੇ ਵੀ ਅੰਗਰੇਜ਼ੀ ਵਿਰੋਧੀ ਅੰਦੋਲਨ ਵਿੱਚ ਸ਼ਾਮਲ ਨਹੀਂ ਹੋਏ। ਉਹ ਭਾਰਤ ਛੱਡੋ ਅੰਦੋਲਨ ਵਿੱਚ ਵੀ ਸ਼ਾਮਲ ਨਹੀਂ ਹੋਏ।"

ਇਹ ਆਪਣੇ ਆਪ ਵਿੱਚ ਇੱਕ ਤਰ੍ਹਾਂ ਦਾ ਵਿਅੰਗ ਹੈ ਕਿ ਜਿਸ ਰਾਸ਼ਟਰੀ ਸਵੈਸੇਵਕ ਸੰਘ ਅਤੇ ਭਾਰਤੀ ਜਨਸੰਘ ਦੇ ਸਾਵਰਕਰ ਕਦੇ ਮੈਂਬਰ ਨਹੀਂ ਸਨ, ਉਸੇ ਸੰਘ ਪਰਿਵਾਰ ਵਿੱਚ ਉਨ੍ਹਾਂ ਦਾ ਨਾਮ ਬਹੁਤ ਸਤਿਕਾਰ ਅਤੇ ਸਨਮਾਨ ਨਾਲ ਲਿਆ ਜਾਂਦਾ ਹੈ।

ਸਾਲ 2000 ਵਿੱਚ, ਵਾਜਪਾਈ ਸਰਕਾਰ ਨੇ ਸਾਵਰਕਰ ਨੂੰ ਭਾਰਤ ਦਾ ਸਰਵਉੱਚ ਨਾਗਰਿਕ ਪੁਰਸਕਾਰ ''ਭਾਰਤ ਰਤਨ'' ਦੇਣ ਲਈ ਤਤਕਾਲੀ ਰਾਸ਼ਟਰਪਤੀ ਕੇਆਰ ਨਾਰਾਇਣਨ ਨੂੰ ਪ੍ਰਸਤਾਵ ਭੇਜਿਆ ਸੀ, ਜਿਸ ਨੂੰ ਨਾਰਾਇਣਨ ਨੇ ਅਸਵੀਕਾਰ ਕਰ ਦਿੱਤਾ ਸੀ।

ਗੈਰ-ਜ਼ਰੂਰੀ ਰੌਲਾ?

ਇਤਿਹਾਸਕਾਰ ਅਤੇ ਵੀਰ ਸਾਵਰਕਰ ਦੀ ਜੀਵਨੀ ਦੇ ਲੇਖਕ ਵਿਕਰਮ ਸੰਪਤ ਨੇ ਇੱਕ ਟਵੀਟ ਵਿੱਚ ਕਿਹਾ ਕਿ ਇਸ ਬਿਆਨ ਉੱਤੇ ਪੈ ਰਿਹਾ ਰੌਲਾ ਗੈਰ-ਜ਼ਰੂਰੀ ਹੈ।

ਉਹ ਆਪਣੀ ਕਿਤਾਬ ਅਤੇ ਕਈ ਇੰਟਰਵਿਊਆਂ ਵਿੱਚ ਪਹਿਲਾਂ ਹੀ ਇਹ ਕਹਿ ਚੁੱਕੇ ਹਨ ਕਿ 1920 ਵਿੱਚ ਗਾਂਧੀ ਜੀ ਨੇ ਸਾਵਰਕਰ ਭਰਾਵਾਂ ਨੂੰ ਯਾਚਿਕਾ ਦਾਇਰ ਕਰਨ ਦੀ ਸਲਾਹ ਦਿੱਤੀ ਸੀ ਅਤੇ ਆਪਣੀ ਪਤ੍ਰਿਕਾ ''ਯੰਗ ਇੰਡੀਆ'' ਵਿੱਚ ਇੱਕ ਲੇਖ ਰਾਹੀਂ ਉਨ੍ਹਾਂ ਦੀ ਰਿਹਾਈ ਬਾਰੇ ਗੱਲ ਕੀਤੀ ਸੀ।

ਯੰਗ ਇੰਡੀਆ ਵਿੱਚ ਗਾਂਧੀ ਨੇ ਜੋ ਲੇਖ ਲਿਖਿਆ ਸੀ ਉਸਦਾ ਸਿਰਲੇਖ ਸੀ "ਸਾਵਰਕਰ ਭਰਾ"।

ਉਸ ਵਿੱਚ ਹੋਰ ਕਈ ਗੱਲਾਂ ਨਾਲ ਉਨ੍ਹਾਂ ਨੇ ਇਹ ਵੀ ਲਿਖਿਆ ਸੀ ਕਿ "ਉਹ ਦੋਵੇਂ ਸਪੱਸ਼ਟ ਤੌਰ ''ਤੇ ਕਹਿੰਦੇ ਹਨ ਕਿ ਉਹ ਬ੍ਰਿਟਿਸ਼ ਰਾਜ ਤੋਂ ਆਜ਼ਾਦੀ ਨਹੀਂ ਚਾਹੁੰਦੇ, ਇਸਦੇ ਉਲਟ, ਉਨ੍ਹਾਂ ਨੂੰ ਲੱਗਦਾ ਹੈ ਕਿ ਅੰਗਰੇਜ਼ਾਂ ਦੇ ਸਹਿਯੋਗ ਨਾਲ ਭਾਰਤ ਦੀ ਕਿਸਮਤ ਸਭ ਤੋਂ ਚੰਗੀ ਤਰ੍ਹਾਂ ਬਣਾਈ ਜਾ ਸਕਦੀ ਹੈ।"

ਸ਼ਮਸੁਲ ਇਸਲਾਮ, ਦਿੱਲੀ ਯੂਨੀਵਰਸਿਟੀ ਵਿੱਚ ਰਾਜਨੀਤੀ ਵਿਗਿਆਨ ਪੜ੍ਹਾ ਚੁੱਕੇ ਹਨ ਅਤੇ ''ਸਾਵਰਕਰ-ਹਿੰਦੂਤਵ: ਮਿਥਸ ਅਤੇ ਸੱਚ'' ਨਾਮਕ ਕਿਤਾਬ ਦੇ ਲੇਖਕ ਹਨ। ਇਸੇ ਪੁਸਤਕ ਦੇ ਅੰਗਰੇਜ਼ੀ ਸੰਸਕਰਣ ਦਾ ਨਾਂ ਹੈ ''ਸਾਵਰਕਰ ਅਨਮਾਸਕਡ''।

ਉਹ ਕਹਿੰਦੇ ਹਨ ਕਿ ਸਾਵਰਕਰ ਨੇ 1911 ਵਿੱਚ ਸੈਲੂਲਰ ਜੇਲ੍ਹ ਵਿੱਚ ਜਾਂਦੇ ਹੀ ਪਹਿਲੇ ਹੀ ਸਾਲ ਰਹਿਮ ਲਈ ਪਟੀਸ਼ਨ ਦਾਇਰ ਕੀਤੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਉਸ ਤੋਂ ਬਾਅਦ ਉਨ੍ਹਾਂ ਨੇ ਸਾਲ 1913, 1914, 1918, 1920 ਵਿੱਚ ਵੀ ਰਹਿਮ ਲਈ ਅਰਜ਼ੀਆਂ ਲਿਖੀਆਂ।

ਇਸਲਾਮ ਕਹਿੰਦੇ ਹਨ, "ਰਹਿਮ ਲਈ ਪਟੀਸ਼ਨ ਦਾਇਰ ਕਰਨਾ ਕੋਈ ਅਪਰਾਧ ਨਹੀਂ ਹੁੰਦਾ। ਇਹ ਕੈਦੀਆਂ ਦੀ ਆਪਣੀ ਸ਼ਿਕਾਇਤ ਦਰਜ ਕਰਾਉਣ ਦਾ ਇੱਕ ਅਧਿਕਾਰ ਹੈ। ਪਰ ਸਾਵਰਕਰ ਦੇ ਮੁਆਫੀਨਾਮੇ ਗੋਡੇ ਟੇਕਣ ਵਾਲੇ ਹਨ।”

“ਬਹੁਤ ਸਾਰੇ ਕ੍ਰਾਂਤੀਕਾਰੀ ਜਿਨ੍ਹਾਂ ਨੂੰ ਕਾਲੇਪਾਣੀ ਵਿੱਚ ਫਾਂਸੀ ''ਤੇ ਲਟਕਾ ਦਿੱਤਾ ਗਿਆ, ਪਾਗਲ ਹੋ ਗਏ ਜਾਂ ਜਿਨ੍ਹਾਂ ਨੇ ਆਤਮ-ਹੱਤਿਆ ਕਰ ਲਈ, ਉਨ੍ਹਾਂ ਵਿੱਚੋਂ ਵੀ ਕਿਸੇ ਨੇ ਮੁਆਫੀਨਾਮੇ ਨਹੀਂ ਲਿਖੇ।"

ਇਸਲਾਮ ਦੇ ਅਨੁਸਾਰ, ਮੁਆਫੀਨਾਮੇ ਸਿਰਫ ਚਾਰ ਲੋਕਾਂ ਨੇ ਲਿਖੇ, ਜਿਨ੍ਹਾਂ ਵਿੱਚ ਸਾਵਰਕਰ, ਅਰਬਿੰਦੋ ਘੋਸ਼ ਦੇ ਭਰਾ ਬਾਰਿੰਦਰ ਘੋਸ਼, ਰਿਸ਼ੀਕੇਸ਼ ਕਾਂਜੀਲਾਲ ਅਤੇ ਗੋਪਾਲ ਸ਼ਾਮਲ ਸਨ।

ਉਹ ਕਹਿੰਦੇ ਹਨ, "ਰਿਸ਼ੀਕੇਸ਼ ਕਾਂਜੀਲਾਲ ਅਤੇ ਗੋਪਾਲ ਦੀਆਂ ਅਰਜ਼ੀਆਂ ਵਿੱਚ ਕਿਹਾ ਗਿਆ ਕਿ ਉਹ ਰਾਜਨੀਤਿਕ ਕੈਦੀ ਹਨ ਅਤੇ ਉਨ੍ਹਾਂ ਨਾਲ ਉਸੇ ਤਰ੍ਹਾਂ ਵਿਵਹਾਰ ਕੀਤਾ ਜਾਣਾ ਚਾਹੀਦਾ ਹੈ।

ਇਹ ਅਰਜ਼ੀਆਂ ਬਿਲਕੁਲ ਜਾਇਜ਼ ਸਨ ਜਿਨ੍ਹਾਂ ਦਾ ਤਕਨੀਕੀ ਨਾਂ ਰਹਿਮ ਲਈ ਪਟੀਸ਼ਨ ਹੈ। ਪਰ ਸਾਵਰਕਰ ਅਤੇ ਬਾਰਿੰਦਰ ਘੋਸ਼ ਦੀਆਂ ਅਰਜ਼ੀਆਂ (ਯਾਚਿਕਾਵਾਂ) ਸ਼ਰਮਨਾਕ ਹਨ।"

ਸ਼ਮਸੁਲ ਇਸਲਾਮ ਦੇ ਅਨੁਸਾਰ, ਹਿੰਦੂ ਮਹਾਸਭਾ ਅਤੇ ਆਰਐਸਐਸ ਦੇ ਬਹੁਤ ਸਾਰੇ ਲੋਕਾਂ ਨੇ ਸਾਵਰਕਰ ਦੀ ਜੀਵਨੀ ਲਿਖੀ ਹੈ, ਪਰ ਉਨ੍ਹਾਂ ਵਿੱਚ ਕਿਤੇ ਵੀ ਜ਼ਿਕਰ ਨਹੀਂ ਹੈ ਕਿ ਗਾਂਧੀ ਜੀ ਦੇ ਕਹਿਣ ''ਤੇ ਉਨ੍ਹਾਂ ਨੇ ਯਾਚਿਕਾਵਾਂ ਦਾਇਰ ਕੀਤੀਆਂ ਸਨ।

ਉਹ ਕਹਿੰਦੇ ਹਨ, "ਸਭ ਤੋਂ ਸ਼ਰਮਨਾਕ ਮੁਆਫੀਨਾਮਾ 14 ਨਵੰਬਰ, 1913 ਦਾ ਹੈ ਅਤੇ ਗਾਂਧੀ ਜੀ ਭਾਰਤ ਦੀ ਸਿਆਸਤ ਵਿੱਚ 1915 ਦੇ ਅੰਤ ਵਿੱਚ ਆਏ ਇਸ ਲਈ ਇਹ ਸਮਝਣਾ ਬਹੁਤ ਮਹੱਤਵਪੂਰਨ ਹੈ ਕਿ ਗਾਂਧੀ ਦੇ ਕਹਿਣ ''ਤੇ ਮੁਆਫ਼ੀਨਾਮਾ ਲਿਖਣ ਦੀ ਗੱਲ ਦਾ ਕੋਈ ਅਰਥ ਹੀ ਨਹੀਂ।

ਇਸਲਾਮ ਦੇ ਅਨੁਸਾਰ, ਗਾਂਧੀ ਨੇ ''ਯੰਗ ਇੰਡੀਆ'' ਵਿੱਚ ਸਾਵਰਕਰ ਦੇ ਮੁਆਫੀਨਾਮੇ ''ਤੇ ਇੱਕ ਲੇਖ ਲਿਖਿਆ, ਜਿਸ ਵਿੱਚ ਕਿਹਾ ਗਿਆ ਸੀ ਕਿ "ਸਾਵਰਕਰ ਵਰਗੇ ਲੋਕਾਂ ਨੇ ਮੁਆਫੀਨਾਮੇ ਲਿਖ ਕੇ ਨੈਤਿਕ ਤਾਕਤ ਵੀ ਗੁਆ ਦਿੱਤੀ।"

ਇਸਲਾਮ ਦਾ ਮੰਨਣਾ ਹੈ ਕਿ ਅਜਿਹੇ ਵਿਵਾਦਪੂਰਨ ਬਿਆਨਾਂ ਰਾਹੀਂ ਗਾਂਧੀ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਕਹਿੰਦੇ ਹਨ, "ਇਹ ਲੋਕ ਗਾਂਧੀ ਜੀ ਨੂੰ ਘੜੀਸ ਕੇ ਨੱਥੂਰਾਮ ਗੋਡਸੇ ਅਤੇ ਸਾਵਰਕਰ ਦੇ ਬਰਾਬਰ ਲਿਆਉਣਾ ਚਾਹੁੰਦੇ ਹਨ।"

ਇਹ ਵੀ ਪੜ੍ਹੋ:

https://www.youtube.com/watch?v=LcpSOUohMJk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''77c8d199-bfa8-4ca3-9e6e-ad5c08129fdb'',''assetType'': ''STY'',''pageCounter'': ''punjabi.india.story.58916660.page'',''title'': ''ਕੀ ਸਾਵਰਕਰ ਨੇ ਗਾਂਧੀ ਦੇ ਕਹਿਣ ’ਤੇ ਅੰਗਰੇਜ਼ਾਂ ਤੋਂ ਮਾਫੀ ਮੰਗੀ ਸੀ - ਫੈਕਟ ਚੈੱਕ'',''author'': ''ਰਾਘਵੇਂਦਰ ਰਾਓ'',''published'': ''2021-10-15T11:31:09Z'',''updated'': ''2021-10-15T11:31:09Z''});s_bbcws(''track'',''pageView'');

Related News