ਦਲਿਤ ਸ਼ਬਦ ਵਰਤਣ ਉੱਤੇ ਐੱਸੀਸੀ ਕਮਿਸ਼ਨ ਨੂੰ ਇਤਰਾਜ਼ ਪਰ ਚਿੰਤਕਾਂ ਤੋਂ ਸੁਣੋ ਇਸ ਸ਼ਬਦ ਦੇ ਕੀ ਹਨ ਮਾਅਨੇ

2021-09-23T17:23:22.513

ਅੰਬੇਦਕਰ
AFP

ਪੰਜਾਬ ਵਿਚ ਚਰਨਜੀਤ ਸਿੰਘ ਚੰਨੀ ਸੂਬੇ ਦੇ ਨਵੇਂ ਮੁੱਖ ਮੰਤਰੀ ਬਣੇ ਹਨ। ਉਨ੍ਹਾਂ ਦਾ ਪਿਛੋਕੜ ਦਲਿਤ ਭਾਈਚਾਰੇ ਨਾਲ ਹੈ, ਇਸ ਲਈ ਮੀਡੀਆ ਅਤੇ ਸਿਆਸੀ ਹਲਕਿਆਂ ਵਿਚ ਉਨ੍ਹਾਂ ਨੂੰ ਪੰਜਾਬ ਦਾ ਪਹਿਲਾ ਦਲਿਤ ਮੁੱਖ ਮੰਤਰੀ ਕਿਹਾ ਜਾ ਰਿਹਾ ਹੈ।

ਕਾਂਗਰਸ ਪਾਰਟੀ ਵਲੋਂ ਇੱਕ ਦਲਿਤ ਭਾਈਚਾਰੇ ਦੇ ਆਗੂ ਨੂੰ ਮੁੱਖ ਮੰਤਰੀ ਬਣਾਉਣ ਦਾ ਸਿਹਰਾ ਆਪਣੇ ਸਿਰ ਬੰਨ੍ਹਿਆ ਜਾ ਰਿਹਾ ਹੈ ਤਾਂ ਮੀਡੀਆ ਵਿਚ ਵੀ ਮੁੱਖ ਮੰਤਰੀ ਲਈ ਦਲਿਤ ਮੁੱਖ ਮੰਤਰੀ ਸ਼ਬਦ ਵਰਤਿਆ ਜਾ ਰਿਹਾ ਹੈ।

ਪਿਛਲੇ ਕੁਝ ਮਹੀਨਿਆ ਨੂੰ ਸੂਬੇ ਦੀ ਹਰ ਪਾਰਟੀ ਦਲਿਤ ਭਾਈਚਾਰੇ ਵਿਚੋਂ ਮੁੱਖ ਮੰਤਰੀ ਜਾਂ ਮੰਤਰੀ ਬਣਾਉਣ ਦਾ ਚੋਣ ਵਾਅਦਾ ਕਰ ਰਹੀ ਸੀ, ਇਸ ਲਈ ਵੀ ਚੰਨੀ ਦੇ ਮਾਮਲੇ ਨੇ ਬਹਿਸ ਨੂੰ ਹੋਰ ਭਖ਼ਾ ਦਿੱਤਾ।

ਇਸੇ ਦੌਰਾਨ ਪੰਜਾਬ ਦੇ ਐੱਸਸੀ ਕਮਿਸ਼ਨ ਨੇ ਇਸ ਦਾ ਨੋਟਿਸ ਲਿਆ ਅਤੇ ਮੀਡੀਆ ਅਦਾਰਿਆਂ ਨੂੰ ਮੱਧ ਪ੍ਰਦੇਸ਼ ਹਾਈ ਕੋਰਟ ਅਤੇ ਕੇਂਦਰ ਸਰਕਾਰ ਦੀ ਨੋਟੀਫਿਕੇਸ਼ਨ ਦਾ ਹਵਾਲਾ ਦੇ ਕੇ ਦਲਿਤ ਸ਼ਬਦ ਦੀ ਵਰਤੋਂ ਤੋਂ ਗੁਰੇਜ਼ ਕਰਨ ਲਈ ਕਿਹਾ।

ਪੰਜਾਬ ਐੱਸਸੀ ਕਮਿਸ਼ਨ ਦੀ ਚੇਅਰਪਰਸਨ ਤੇਜਿੰਦਰਪਾਲ ਕੌਰ ਨੇ ਇਸ ਦੀ ਥਾਂ ਸ਼ਡਿਊਲਡ ਕਾਸਟ ਸ਼ਬਦ ਵਰਤਣ ਲਈ ਕਿਹਾ ਗਿਆ।

ਐੱਸੀ ਕਮਿਸ਼ਨ ਦੇ ਮੈਂਬਰ ਗਿਆਨ ਚੰਦ ਨੇ ਬੀਬੀਸੀ ਨੂੰ ਦੱਸਿਆ ਕਿ ਚਰਨਜੀਤ ਸਿੰਘ ਚੰਨੀ ਦੇ ਨਾਮ ਨਾਲ ਦਲਿਤ ਸ਼ਬਦ ਤੋਂ ਇੰਝ ਲਗਦਾ ਸੀ ਕਿ ਜਿਵੇਂ ਉਹ ਸਿਰਫ਼ ਦਲਿਤਾਂ ਦੇ ਮੁੱਖ ਮੰਤਰੀ ਹੋਣ ਅਤੇ ਨਾ ਕਿ ਸਮੁੱਚੇ ਪੰਜਾਬ ਦੇ।

ਇਸ ਸਮੁੱਚੀ ਬਹਿਸ ਨੇ ਹੇਠ ਲਿਖੇ ਸਵਾਲ ਦਲਿਤ ਸ਼ਬਦ ਨੂੰ ਲੈ ਕੇ ਖੜ੍ਹੇ ਕਰ ਦਿੱਤੇ ਹਨ-

  • ਦਲਿਤ ਸ਼ਬਦ ਦੀ ਵਰਤੋਂ ''ਤੇ ਜੋ ਇਤਰਾਜ਼ ਹੋ ਰਿਹਾ ਹੈ ਇਸ ਉੱਤੇ ਬੁੱਧੀਜੀਵੀਆਂ ਅਤੇ ਚਿੰਤਕਾਂ ਦੀ ਕੀ ਰਾਇ ਹੈ?
  • ਜੋਤੀ ਰਾਓ ਫ਼ੂਲੇ ਨੇ ਦਲਿਤ ਸ਼ਬਦ ਦੀ ਵਰਤੋਂ ਕੀਤੀ, ਮਹਾਤਮਾ ਗਾਂਧੀ ਨੇ ਹਰੀਜਨ ਦੀ, ਇਸੇ ਤਰ੍ਹਾਂ ਕਾਸ਼ੀ ਰਾਮ ਨੇ ਬਹੁਜਨ ਦੀ। ਵੱਖ ਵੱਖ ਸਮੇਂ ਵੱਖ ਸ਼ਬਦਾਂ ਦੀ ਵਰਤੋਂ ਉੱਤੇ ਸ਼ਬਦਾਂ ''ਤੇ ਇਤਰਾਜ਼ ਨੂੰ ਦੇ ਕੀ ਮਾਅਨੇ ਹਨ?
  • ਜੇ ਇਸ ਸ਼ਬਦ ਦੀ ਵਰਤੋਂ ਇਕ ਨਾ-ਮਨਜ਼ੂਰ ਬਿਰਤਾਂਤ ਪੈਦਾ ਕਰਦੀ ਹੈ ਤਾਂ ਹੋਰ ਕਿਹੜਾ ਸ਼ਬਦ ਸਹੀ ਹੋਵੇਗਾ ਜਿਸ ਦੀ ਵਰਤੋਂ ਸਵਿਕਾਰਿਤ ਹੋਵੇ?
  • ਐੱਸਸੀ ਕਮਿਸ਼ਨ ਦੇ ਫ਼ੈਸਲਿਆਂ ਨਾਲ ਜ਼ਮੀਨੀ ਤੌਰ ''ਤੇ ਫ਼ਰਕ ਪਵੇਗਾ ਕੀ ਕੁਝ ਅਸਲੋਂ ਬਦਲੇਗਾ?
  • ਕਿਸੇ ਹੋਰ ਸ਼ਬਦ ਦੀ ਵਰਤੋਂ ਨਾਲ ਭਾਵਨਾਵਾਂ ਨੂੰ ਸੱਟ ਨਹੀਂ ਲੱਗੇਗੀ, ਇਸ ਗੱਲ ਦੀ ਗਾਰੰਟੀ ਕਿਵੇਂ ਲਈ ਜਾ ਸਕਦੀ ਹੈ?

ਬੀਬੀਸੀ ਪੰਜਾਬੀ ਨੇ ਇਨ੍ਹਾਂ ਸਵਾਲਾਂ ਦੇ ਜਵਾਬ ਜਾਨਣ ਲਈ ਮਾਹਰਾਂ ਅਤੇ ਚਿੰਤਕਾਂ ਨਾਲ ਗੱਲਬਾਤ ਕੀਤੀ ਅਤੇ ਇਹ ਸਵਾਲ ਪੁੱਛੇ। ਇਹ ਰਿਪਰੋਟ ਉਨ੍ਹਾਂ ਦੇ ਜਵਾਬ ਉੱਤੇ ਅਧਾਰਿਤ ਹੈ।

ਇਹ ਵੀ ਪੜ੍ਹੋ:


ਦਲਿਤ ਸ਼ਬਦ ਦੀ ਵਰਤੋਂ ਬਾਰੇ ਕੀ ਬੋਲੇ ਦੇਸ ਰਾਜ ਕਾਲੀ

ਪੰਜਾਬ ਦੀ ਸਿਆਸਤ ਵਿੱਚ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਮ ਮੀਡੀਆ ਵਿੱਚ ਉਭਰਦਿਆ ਸਾਰ ਹੀ ਇੱਕ ਸ਼ਬਦ ਨੇ ਵੱਢ ਮਾਰਿਆ, ਉਹ ਸ਼ਬਦ ਸੀ ''ਦਲਿਤ'', ''ਦਲਿਤ ਮੁੱਖ ਮੰਤਰੀ''।

ਐੱਸਸੀ ਕਮਿਸ਼ਨ ਪੰਜਾਬ ਦੀ ਚੇਅਰਪਰਸਨ ਤੇਜਿੰਦਰਪਾਲ ਕੌਰ ਨੇ ਬਿਆਨ ਦੇ ਦਿੱਤਾ ਕਿ ਮੀਡੀਆ ਨੂੰ ਦਲਿਤ ਸ਼ਬਦ ਕਿਸੇ ਵਾਸਤੇ ਇਸਤੇਮਾਲ ਨਹੀਂ ਕਰਨਾ ਚਾਹੀਦਾ।

ਸਾਡੇ ਚਿੰਤਨ ਮੁਤਾਬਕ, ਪਹਿਲਾਂ ਉਨ੍ਹਾਂ ਨੇ ਕਿਹਾ ਸ਼ੈਡਇਊਲ ਕਾਸਟ ਸ਼ਬਦ ਦੀ ਵਰਤੋਂ ਕਰੋ, 1936 ਦਾ ਵੇਲਾ ਸੀ, ਜਦੋਂ ਕੁਝ ਕਾਸਟਾਂ (ਜਾਤਾਂ) ਦਾ ਸ਼ੈਡਿਊਲ ਬਣਾਇਆ, ਇਵੇਂ ਤਾਂ ਕੋਈ ਨਾਮ ਨਹੀਂ ਹੈ।

ਦੇਸ ਰਾਜ ਕਾਲੀ
BBC

ਇਸੇ ਤਰ੍ਹਾਂ ਮਹਾਤਮਾ ਗਾਂਧੀ ਨੇ ਹਰੀਜਨ ਸ਼ਬਦ ਦਾ ਇਸਤੇਮਾਲ ਕੀਤਾ ਸੀ, ਕਾਸ਼ੀਰਾਮ ਨੇ ਬਹੁਜਨ ਸ਼ਬਦ ਦਾ ਇਸਤੇਮਾਲ ਕੀਤਾ ਸੀ, ਮਹਾਤਮਾ ਜਯੋਤੀ ਰਾਓ ਫੂਲੇ ਜੀ ਨੇ ਸਭ ਤੋਂ ਪਹਿਲਾਂ ਦਲਿਤ ਸ਼ਬਦ ਦਾ ਇਸਤੇਮਾਲ ਕੀਤਾ।

"ਉਨ੍ਹਾਂ ਨੇ ਸਮਾਜਕ ਅਤੇ ਆਰਥਿਕ ਪੱਖੋਂ ਕਮਜ਼ੋਰ ਭਾਈਚਾਰੇ ਲਈ ਇਸਤੇਮਾਲ ਕੀਤਾ। ਪੂਨਾ ਪੈਕਟ ਵਿੱਚ ਵੀ ਮਹਾਤਮਾ ਗਾਂਧੀ ਅਤੇ ਡਾ. ਬੀਆਰ ਅੰਬੇਡਕਰ ਵਲੋਂ ਵੀ ਇਸ ਸ਼ਬਦ ਦੀ ਵਰਤੋਂ ਹੋਈ। ਅੰਬੇਡਕਰ ਦੇ ਕਈ ਆਰਟੀਕਲਾਂ ਵਿੱਚ ਦਲਿਤ ਸ਼ਬਦ ਦਾ ਵੀ ਇਸਤੇਮਾਲ ਕੀਤਾ।

ਦਲਿਤ ਸ਼ਬਦ ਇਤਿਹਾਸ ਹੈ, ਇਹ ਸਿਧਾਂਤਕ ਤੌਰ ''ਤੇ ਸਾਡੇ ਸਮਾਜ ਵਿੱਚ ਜਿੱਥੇ ਜਾਤਵਾਦ ਹੈ, ਅਰਥਚਾਰੇ ਦੇ ਨਾਲ-ਨਾਲ ਛੂਆਛਾਤ ਸਣੇ ਮਨਾਂ ਵਿਚ ਉਹ ਨਫ਼ਰਤ ਹੈ।

ਅਸੀਂ ਜਦੋਂ ਰਾਖਵੇਂਕਰਨ ਦੀ ਗੱਲ ਕਰਦੇ ਹਾਂ ਤਾਂ ਉੱਥੇ ਸਮਾਜਕ ਵਿਤਕਰਾ ਨਾਲ ਜੁੜਿਆਂ ਹੋਇਆ।

ਇਸ ਵਿਤਕਰੇ ਖ਼ਿਲਾਫ਼ ਜਿਹੜੀਆਂ ਧਿਰਾਂ ਲੜਦੀਆਂ ਨੇ ਉਨ੍ਹਾਂ ਨੂੰ ਦਲਿਤ ਕਿਹਾ ਜਾਂਦਾ।

ਲੋਕਾਂ ਦੇ ਜਾਤ ਕਾਰਨ ਸੋਸ਼ਣ ਤੇ ਦਮਨ ਦੀ ਵਿਆਖਿਆ ਵਾਸਤੇ ਵੀ ਦਲਿਤ ਸ਼ਬਦ ਵਰਤਿਆ ਜਾਂਦਾ ਹੈ।

ਮੱਧ ਪ੍ਰਦੇਸ਼ ਦੀ ਗਵਾਲੀਅਰ ਹਾਈ ਕੋਰਟ ਬੈਂਚ ਨੇ 2018 ਵਿੱਚ ਇਹ ਫ਼ੈਸਲਾ ਕੀਤਾ ਕਿ ਸਰਕਾਰ ਨੂੰ ਸਰਕਾਰੀ ਦਸਤਾਵੇਜ਼ਾਂ ਵਿੱਚ ਦਲਿਤ ਸ਼ਬਦ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਅਤੇ ਸੰਵਿਧਾਨਕ ਤੌਰ ''ਤੇ ਸ਼ਡਿਊਲ ਕਾਸਟ ਸ਼ਬਦ ਇਸਤੇਮਾਲ ਕਰਨਾ ਚਾਹੀਦਾ।

ਉਹ ਫ਼ੈਸਲਾ ਦਫ਼ਤਰੀ, ਸਰਕਾਰੀ ਕੰਮਕਾਜ਼ਾਂ ਲਈ ਸੀ ਨਾ ਕਿ ਲੋਕਾਂ ਲਈ। ਆਮ ਲੋਕਾਂ ਤੇ ਦੱਬੇ-ਕੁਚਲੇ ਲੋਕਾਂ ਲਈ ਜੂਝਦੇ ਲੋਕਾਂ ਲ਼ਈ ਇਹ ਸੰਕੇਤਕ ਸ਼ਬਦ ਹੈ, ਜੋ ਦਮਨ ਨੂੰ ਪ੍ਰਭਾਸ਼ਿਤ ਕਰਦਾ ਹੈ।


ਪ੍ਰੋਫੈਸਰ ਨਵਜੋਤ ਕੌਰ ਦਾ ਨਜ਼ਰੀਆ-

ਪ੍ਰੋਫ਼ੈਸਰ ਨਵਜੋਤ ਕੋਰ
BBC

ਪ੍ਰੋਫੈਸਰ ਨਵਜੋਤ ਕੌਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਪੜ੍ਹਾਉਂਦੇ ਹਨ, ਉਨ੍ਹਾਂ ਨੇ ਇਸ ਮਸਲੇ ਬਾਰੇ ਕਿਹਾ:

ਇਹ ਚਰਚਾ ਤਾਂ ਇੱਕ ਦੋ ਦਿਨਾਂ ਤੋਂ ਹੀ ਚੱਲ ਰਹੀ ਹੈ, ਜਦੋਂ ਤੋਂ ਪੰਜਾਬ ਐੱਸਸੀ ਕਮਿਸ਼ਨ ਨੇ ਕਿਹਾ ਹੈ ਕਿ ਦਲਿਤ ਦੀ ਜਗ੍ਹਾ ਤੇ ਐੱਸਸੀ ਵਰਗ ਵਰਤਿਆ ਜਾਵੇ। ਹਾਲਾਂਕਿ ਸੰਵਿਧਾਨਕਿ ਤੌਰ ''ਤੇ ਸ਼ਡਿਊਲਡ ਕਾਸਟ ਹੀ ਵਰਤਿਆ ਜਾਂਦਾ ਹੈ।

ਹਾਲਾਂਕਿ"ਦਲਿਤ ਸ਼ਬਦ ਸਿਰਫ਼ ਐੱਸਸੀ ਭਾਈਚਾਰੇ ਲਈ ਨਹੀਂ ਸੀ ਵਰਤਿਆ ਜਾ ਰਿਹਾ ਸਗੋਂ ਇਸ ਦੀ ਵਰਤੋਂ ਬਹੁਤ ਸਾਰੇ ਹੋਰ ਪਿਛੜੇ ਵਰਗਾਂ ਲਈ ਵੀ ਕੀਤੀ ਜਾ ਰਹੀ ਸੀ।

ਦਲਿਤ ਸ਼ਬਦ ਸੰਸਕ੍ਰਿਤ ਦੇ ਦਾਲੀਆ ਸ਼ਬਦ ਤੋਂ ਲਿਆ ਗਿਆ ਹੈ ਜਿਸ ਦਾ ਮਤਲਬ ਹੈ ਜਿਸ ਨੂੰ ਤੋੜਿਆ ਗਿਆ ਹੋਵੇ।

ਜਿਵੇਂ ਸਾਨੂੰ ਪਤਾ ਹੈ ਸਾਡੇ ਸਮਾਜ ਵਿੱਚ ਚਾਰ ਜਾਤਾਂ ਹਨ ਬ੍ਰਹਮਣ, ਖੱਤਰੀ, ਸੂਦ ਅਤੇ ਵੈਸ਼ ਪਰ ਇਹ ਸ਼ਬਦ ਪੰਜਵੀਂ ਜਾਤ ਜਿਸ ਨੂੰ ਅਸੀਂ ਪੰਚਾਮਾ ਕਹਿ ਦਿੰਦੇ ਹਾਂ ਉਸ ਲਈ ਵੀ ਵਰਤਿਆ ਜਾਂਦਾ ਹੈ।

ਇਸ ਤਰ੍ਹਾਂ ਇਹ ਸ਼ਬਦ ਉਨ੍ਹਾਂ ਲੋਕਾਂ ਲਈ ਵਰਤਿਆ ਜਾਂਦਾ ਸੀ ਜਿਨ੍ਹਾਂ ਨੂੰ ਅਛੂਤ ਕਿਹਾ ਗਿਆ ਹੈ।

1880 ਵਿੱਚ ਮਹਾਤਮਾ ਫੂਲੇ ਜੀ ਨੇ ਇਸ ਨੂੰ ਵਰਤਿਆ।

ਹੁਣ 21ਵੀਂ ਸਦੀ ਵਿੱਚ ਬਹੁਤ ਸੰਘਰਸ਼ ਹੋ ਚੁੱਕਿਆ ਹੈ ਸਥਿਤੀਆਂ ਬਦਲ ਚੁੱਕੀਆਂ ਹਨ। ਹੁਣ ਸਾਨੂੰ ਨੌਜਵਾਨਾਂ ਦੀ ਨਬਜ਼ ਪਛਾਨਣੀ ਪਵੇਗੀ। ਉਸੇ ਪ੍ਰਸੰਗ ਵਿੱਚ ਇਸ ਸ਼ਬਦ ਨੂੰ ਦੁਬਾਰਾ ਸੋਚਣਾ ਪਵੇਗਾ।

ਇਤਰਾਜ਼ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ?

ਬਹੁਤ ਸਾਰੇ ਭਾਰਤੀ ਅਤੇ ਪੱਛਮੀ ਸਮਾਜ ਸ਼ਾਸਤਰੀਆਂ ਨੇ ਜਾਤ ਪ੍ਰਣਾਲੀ ਦਾ ਅਧਿਐਨ ਕੀਤਾ ਹੈ।

ਬਹੁਤ ਜਣਿਆਂ ਦਾ ਕਹਿਣਾ ਹੈ ਕਿ ਜਿਵੇਂ ਪੱਛਮ ਵਿੱਚ ਨਸਲ ਹੈ ਉਸੇ ਤਰ੍ਹਾਂ ਭਾਰਤ ਵਿੱਚ ਜਾਤ ਹੈ ਪਰ ਕਈਆਂ ਦਾ ਕਹਿਣਾ ਹੈ ਕਿ ਇਹ ਦੋਵੇਂ ਵੱਖ-ਵੱਖ ਹਨ।

ਜਾਤ ਪ੍ਰਣਾਲੀ ਭਾਰਤੀ ਸਮਾਜ ਦੀ ਇੱਕ ਨਵੇਕਲੀ ਪ੍ਰਣਾਲੀ ਹੈ, ਜੋ ਕਿ ਜਨਮ ਅਧਾਰਿਤ ਹੈ।

ਇਸ ਪ੍ਰਣਾਲੀ ਵਿੱਚ ਇੱਕ ਜਾਤ ਵਿਸ਼ੇਸ਼ ਨੂੰ ਜਨਮ ਤੋਂ ਹੀ ਅਛੂਤ ਮੰਨਿਆ ਗਿਆ ਹੈ।

ਉਨ੍ਹਾਂ ਦੇ ਸ਼ੋਸ਼ਣ ਖ਼ਿਲਾਫ਼ ਇਤਿਹਾਸ ਵਿੱਚ ਸਮੇਂ-ਸਮੇਂ ਤੇ ਸਮਾਜ ਸੁਧਾਰਕ ਆਏ ਅਤੇ ਲਹਿਰਾਂ ਚੱਲੀਆਂ।

ਜਿਵੇਂ ਕਿ ਫੂਲੇ ਸਾਹਿਬ ਨੇ 1880 ਵਿੱਚ ਇੱਕ ਸੱਤਿਆ ਸ਼ੋਧਕ ਸਮਾਜ ਦੀ ਗੱਲ ਕੀਤੀ। ਇੱਕ ਅਜਿਹਾ ਸਮਾਜ ਜੋ ਕਿ ਸੱਤ ਉੱਪਰ ਅਧਾਰਿਤ ਹੋਵੇਗਾ।

ਇਸ ਸਮਾਜ ਵਿੱਚ ਦਲਿਤ ਲੋਕਾਂ ਨੂੰ ਬਰਾਬਰੀ ਦਾ ਦਰਜਾ ਹਾਸਲ ਹੋਵੇਗਾ।

ਹੋਰ ਕਿਹੜਾ ਸ਼ਬਦ ਸਹੀ ਹੋਵੇਗਾ

ਬਹੁਤ ਸਾਰੇ ਲੋਕਾਂ ਨੂੰ ਐੱਸਸੀ ਉੱਪਰ ਵੀ ਇਤਰਾਜ਼ ਹੈ ਕਿ ਸਾਨੂੰ ਐੱਸਸੀ ਨਹੀਂ ਸਾਨੂੰ ਦਲਿਤ ਕਿਹਾ ਜਾਵੇ।

ਜਿਵੇਂ ਮੈਂ ਕਿਹਾ ਦਲਿਤ ਸ਼ਬਦ 1970 ਵਿੱਚ ਦਲਿਤ ਪੈਂਥਰ ਦੇ ਆਉਣ ਨਾਲ ਚਰਾਚਾ ਵਿੱਚ ਆਇਆ।

ਉਨ੍ਹਾਂ ਦਾ ਕਹਿਣਾ ਸੀ ਕਿ ਦਲਿਤ ਸਿਰਫ਼ ਐੱਸਸੀ ਨਹੀਂ ਹੈ ਸਗੋਂ, ਦਲਤਿ ਐੱਸਟੀ ਵੀ ਹਨ, ਦਲਿਤ ਔਰਤਾਂ ਵੀ ਹਨ, ਦਲਿਤ ਬੋਧੀ ਵੀ ਹਨ, ਦਲਿਤ ਉਹ ਸਾਰੇ ਨੇ ਜਿਨ੍ਹਾਂ ਨੂੰ ਦਬਾਇਆ ਗਿਆ ਹੈ। ਜਿਨ੍ਹਾਂ ਦਾ ਸ਼ੋਸ਼ਣ ਹੋਇਆ ਹੈ।

ਉਨ੍ਹਾਂ ਸ਼ਬਦ ਨੇ ਇੱਕ ਸਭਿਆਚਾਰਕ ਪਛਾਣ ਦੇ ਨਾਲ ਜੋੜ ਲਿਆ ਹੈ।

ਕਿਹੜਾ ਸ਼ਬਦ ਵਰਤਿਆ ਜਾਵੇ ਇਹ ਦੱਸਣਾ ਬੜਾ ਮੁਸ਼ਕਲ ਹੈ।

ਮੇਰੀ ਰਾਇ ਮੁਤਾਬਕ ਇਹ ਸਾਰੇ ਸ਼ਬਦ ਜਾਤ ਅਧਾਰਿਤ ਹਨ। ਅਸੀਂ ਤਾਂ ਪੰਜਾਬ ਤੋਂ ਹਾਂ ਅਤੇ ਗੁਰੂਆਂ ਦੀ ਧਰਤੀ ਹੈ। ਅਸੀਂ ਸਾਰੇ ਮਨੁੱਖ ਹਾਂ।

ਅਸੀਂ ਜਾਤ ਉੱਪਰ ਕਿਉਂ ਕਿਉਂ ਇੱਕ ਦੂਜੇ ਦੀ ਪਛਾਣ ਕਰੀਏ?

ਇਤਿਹਾਸ ਨੂੰ ਦੇਖਿਆ ਜਾਵੇ ਤਾਂ ਨਵੇਂ-ਨਵੇਂ ਸ਼ਬਦ ਆਏ ਹਨ ਕਿਸੇ ਨੇ ਉਸ ਨੂੰ ਮੰਨਿਆ ਹੈ ਅਤੇ ਕਿਸੇ ਨੇ ਉਸ ਦਾ ਵਿਰੋਧ ਕੀਤਾ ਹੈ।

ਹਾਲਾਂਕਿ 1947 ਤੋਂ ਬਾਅਦ ਸੰਵਿਧਾਨ ਮੁਤਾਬਕ ਸ਼ਡਿਊਲਡ ਕਾਸਟ ਸ਼ਬਦ ਹੀ ਵਰਤਣਾ ਪਵੇਗਾ।

ਜ਼ਮੀਨੀ ਤੌਰ ''ਤੇ ਫ਼ਰਕ ਪਵੇਗਾ

ਇਸ ਦੇ ਦੋ ਪੱਖ ਹਨ। ਜਿਵੇਂ ਪੰਜਾਬ ਵਿੱਚ ਗੱਲ ਹੋ ਰਹੀ ਸੀ ਕਿ ਦਲਿਤ ਡੀਪਟੀ ਸੀਐੱਮ ਹੋ ਜਾਵੇ। ਇਸ ਨੂੰ ਅਸੀਂ ਇੱਕ ਸਿਆਸੀ ਸ਼੍ਰੇਣੀ ਬਣਾ ਲਿਆ ਹੈ, ਸਿਆਸੀ ਪਾਰਟੀ ਇਸ ਦਾ ਜਸ਼ਨ ਮਨਾ ਰਹੀਆਂ ਹਨ ਤੇ ਦੂਜੀਆਂ ਨੂੰ ਚੁਣੌਤੀ ਦੇ ਰਹੀਆਂ ਹਨ।

ਤਾਂ ਇੱਕ ਗੱਲ ਤਾਂ ਇਹ ਹੈ ਕਿ ਸਿਆਸੀ ਤੌਰ ''ਤੇ ਤੁਸੀਂ ਇਸ ਸ਼ਬਦ ਨੂੰ ਕਿਵੇਂ ਵਰਤਦੇ ਹੋ ਵੋਟਾਂ ਲੈਣ ਲਈ।

ਦੂਜੇ ਪਾਸੇ ਮੇਰੀ ਕਈ ਆਮ ਬੰਦਿਆਂ ਨਾਲ ਗੱਲ ਹੋ ਰਹੀ ਹੈ ਕਿ ਤੁਸੀਂ ਦਲਿਤ ਕਹਾਉਣਾ ਪਸੰਦ ਕਰੋਗੇ ਜਾਂ ਐੱਸਸੀ।

ਉਸ ਵਿੱਚ ਇਕ ਵਰਗ ਹੈ ਜੋ ਕਹਿੰਦਾ ਹੈ ਕਿ ਅਸੀਂ ਆਪਣੇ ਆਪ ਨੂੰ ਐੱਸਸੀ ਕਹਾਉਣਾ ਜ਼ਿਆਦਾ ਪਸੰਦ ਕਰਾਂਗੇ ਕਿਉਂਕਿ ਦਲਿਤ ਸਾਨੂੰ ਅਪਮਾਨਜਨਕ ਸ਼ਬਦ ਲਗਦਾ ਹੈ।

ਪੰਜਾਬ ਵਿੱਚ ਪੁੱਤ ਜੱਟਾਂ ਦੇ ਬਹੁਤ ਚਲਦਾ ਹੈ ਦੂਜੇ ਪਾਸੇ ਪੁੱਤ ਚਮਾਰਾਂ ਦੇ। ਇਸ ਤਰ੍ਹਾਂ ਹੁਣ ਉਹ ਆਪਣੀ ਪਛਾਣ ਨੂੰ ਲੁਕਾਣ ਦੇ ਬਜਾਏ ਜਾਂ ਕਿਸੇ ਹੋਰ ਸ਼ਬਦ ਦੇ ਪਿੱਛੇ ਛੁਪਾਣ ਨਾਲੋਂ ਉਹ ਆਪਣੀ ਪਛਾਣ ਦਾ ਜਸ਼ਨ ਮਨਾਉਣਾ ਚਾਹੁੰਦੇ ਹਨ।

ਕਮਿਸ਼ਨ ਦੇ ਫੈਸਲੇ ਦਾ ਕੀ ਫਰਕ ਪਵੇਗਾ। ਕੁਦਰਤੀ ਤੌਰ ’ਤੇ ਕਮਿਸ਼ਨਾਂ ਦਾ ਕੰਮ ਸਰਕਾਰ ਮੁਤਾਬਕ ਚੱਲਣਾ ਹੁੰਦਾ ਹੈ ਅਤੇ ਕਮਿਸ਼ਨ ਨੇ ਸਰਕਾਰ ਦੇ ਨੋਟੀਫਿਕੇਸ਼ਨ ਮੁਤਾਬਕ ਕਿਹਾ ਹੈ।

ਲੋਕਾਂ ਦਾ ਮੰਨਣਾ ਹੈ ਕਿ ਇੱਕ ਸੀਐੱਮ ਨੂੰ ਵਾਰ ਵਾਰ ਦਲਿਤ ਕਹਿਣ ਨਾਲੋਂ ਇੱਕ ਵਿਅਕਤੀ ਦੇ ਤੌਰ ਤੇ ਪਛਾਣੋ। ਉਹ ਇੱਕ ਪੜ੍ਹੇ-ਲਿਖੇ ਵਿਅਕਤੀ ਹਨ, ਵਾਰ-ਵਾਰ ਚੁਣ ਕੇ ਆਏ ਹਨ। ਉਨ੍ਹਾਂ ਨੂੰ ਕੰਮਾਂ ਤੋਂ ਪਛਾਣਿਆ ਜਾਵੇ।

ਮੈਂ ਰਿਪੋਰਟ ਕਾਰਡ ਵਿੱਚ ਕਿੰਨੇ ਨੰਬਰ ਲਏ ਹਨ ਇਹ ਅਹਿਮ ਹੋਣਾ ਚਾਹੀਦਾ ਹੈ ਨਾ ਕਿ ਮੇਰਾ ਨਾਮ ਅਹਿਮ ਹੋਣਾ ਚਾਹੀਦਾ ਹੈ।


ਬਲਬੀਰ ਮਾਧੋਪੁਰੀ ਦਾ ਨਜ਼ਰੀਆ

ਮਾਧੋਪੁਰੀ
BBC

ਬਲਬੀਰ ਮਾਧੋਪੁਰੀ ਜਾਣੇ ਪਛਾਣੇ ਲੇਖਕ ਅਤੇ ਚਿੰਤਕ ਹਨ , ਜੋ ਦਲਿਤ ਮਸਲਿਆਂ ਉੱਤੇ ਖ਼ਾਸ ਪਕੜ ਰੱਖਦੇ ਹਨ।

ਦਲਿਤ ਸ਼ਬਦ ਆਪਣੇ ਆਪ ਵਿੱਚ ਇੱਕ ਬਹੁਤ ਹੀ ਕ੍ਰਾਂਤੀਕਾਰੀ ਸ਼ਬਦ ਹੈ।

ਇਹ ਜਾਤਾਂ-ਪਾਤਾਂ ਧਰਮਾਂ ਤੇ ਭਾਸ਼ਾਵਾਂ ਦੇ ਮਸਲਿਆ ਤੋਂ ਉੱਠ ਕੇ ਇੱਕ ਛਤਰੀ ਦਾ ਕੰਮ ਕਰਦਾ ਹੈ।

ਅਨਸੂਚਿਤ ਜਾਤੀਆਂ ਜਿਹੜੀਆਂ ਅੱਜ ਪਛੜੀਆਂ ਜਾਤੀਆਂ ਕਹੀਆਂ ਜਾਂਦੀਆਂ ਹਨ। ਉਨ੍ਹਾਂ ਨੂੰ ਇਨਸਾਨੀ ਹੱਕਾਂ-ਹਕੂਕਾਂ ਵਾਸਤੇ ਜੋੜਦਾ ਹੈ, ਇਕੱਠਾ ਕਰਦਾ ਹੈ।

ਇਹ ਸ਼ਬਦ ਉਨ੍ਹਾਂ ਨੂੰ ਪ੍ਰੇਰਨਾ ਦਿੰਦਾ ਹੈ ਕਿ ਇਨ੍ਹਾਂ ਗੱਲਾਂ ਤੋਂ ਉੱਪਰ ਉੱਠ ਕੇ ਅਸੀਂ ਸਾਰੇ ਇਨਸਾਨ ਹਾਂ।

ਮਨੁੱਖਤਾ ਦੀ ਗੱਲ ਕਰਦਾ ਹੈ, ਮਨੂਵਾਦ ਦੀ ਗੱਲ ਕਰਦਾ ਹੈ ਉਸ ਨਾਲ ਜੂਝਣ ਲਈ ਮੈਦਾਨ ਤਿਆਰ ਕਰਦਾ ਹੈ।

ਦਲਿਤ ਸ਼ਬਦ ਲੋਕਾਂ ਨੂੰ ਜਾਤ-ਪਾਤ ਦੇ ਸ਼ਿਕੰਜੇ ਵਿੱਚੋਂ ਕੱਢਣ ਵਿੱਚ ਬਹੁਤ ਵੱਡਾ ਚੇਤਨਾ ਦਾ ਪਸਾਰਾ ਕਰਦਾ ਹੈ।

ਇਹ ਅਹਿਸਾਸ ਕਰਾਉਂਦਾ ਹੈ, ਮਨੁੱਖ ਹੋਣ ਦਾ ਉਸ ਦੀ ਪਛਾਣ ਦਾ।

ਅਫ਼ਰੀਕਾ ਮਹਾਂਦੀਪ ਵਿੱਚ 58 ਦੇਸ਼ ਹਨ। ਉਨ੍ਹਾਂ ਵਿੱਚ ਵਸਣ ਵਾਲੀ ਪਹਿਲੀ ਕੌਮ ਨੂੰ ਪਹਿਲਾਂ ਹਬਸ਼ੀ ਕਿਹਾ ਜਾਂਦਾ ਸੀ।

ਉਨ੍ਹਾਂ ਲੋਕਾਂ ਨੇ ਇਤਿਰਾਜ਼ ਕੀਤਾ ਕਿ ਸਾਨੂੰ ਹਬਸ਼ੀ ਨਾ ਕਹੋ। ਸਾਨੂੰ ਕਾਲੇ ਕਿਹਾ ਜਾਵੇ ਕਿਉਂਕਿ ਰੰਗ ਨੂੰ ਕਿਸੇ ਤਰ੍ਹਾਂ ਛੁਪਾਇਆ ਨਹੀਂ ਜਾ ਸਕਦਾ।

ਇਸੇ ਤਰ੍ਹਾਂ ਭਾਰਤ ਵਿੱਚ ਜਾਤਵਾਦ ਨਸਲਵਾਦ ਦਾ ਹੀ ਇੱਕ ਰੂਪ ਹੈ।

ਅੱਜ ਦੇ ਵਿਗਿਆਨਕ ਯੁੱਗ ਵਿੱਚ ਅਸੀਂ ਜਾਤਾਂ ਪਾਤਾਂ ਨੂੰ ਹੋਰ ਕਿੰਨੀ ਦੇਰ ਢੋਂਦੇ ਰਹਾਂਗੇ।

ਮੈਨੂੰ ਕਈ ਲੋਕ ਦਲਿਤ ਲੇਖਕ ਕਹਿੰਦੇ ਹਨ, ਮੈਨੂੰ ਕੋਈ ਇਤਰਾਜ਼ ਨਹੀ ਹੁੰਦਾ।

ਪਰ ਇਹ ਸ਼ਬਦ ਸਾਡੀ ਸਮਾਜਿਕ ਚੇਤਨਾ ਨਾਲ ਜੁੜਿਆ ਹੈ ਕਿ ਸਮੁੱਚੇ ਭਾਰਤ ਵਿੱਚ ਅਸੀਂ ਲੋਕਾਂ ਦੀ ਬਿਹਤਰੀ ਲਈ ਕੀ ਕਰੀਏ।

ਉੱਤਰੀ ਭਾਰਤ ਵਿੱਚ ਸੰਤ ਮਤ ਅਤੇ ਗੁਰਮਤਿ ਦੀਆਂ ਲਹਿਰਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਏਕ ਪਿਤਾ ਏਕਸ ਕੇ ਹਮ ਬਾਰਿਕ। ਗੁਰੂ ਗੋਬਿੰਦ ਸਿੰਘ ਨੇ ਗੱਲ ਹੀ ਨਿਬੇੜ ਦਿੱਤੀ ਕਿ ਮਾਨਸ ਕੀ ਜਾਤ ਸਭੇ ਏਕੇ ਪਹਿਚਾਨਬੋ।

ਪੰਜਾਬ ਦੀ ਦਲਿਤ ਅਵਾਜ਼

ਪੰਜਾਬ ਦੇ ਸੰਬੰਧ ਵਿੱਚ ਵੀ ਇੱਕ ਗੱਲ ਕਰਨੀ ਚਾਹੁੰਦਾ ਹਾਂ ਕਿ ਜਿਹੜੀ ਅਸੀਂ ਦਲਿਤ ਸ਼ਬਦ ਬਾਰੇ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ 1925 ਵਿੱਚ ਦਲਿਤ ਉਦਾਰ ਸਮਿਤੀ ਹੁਸ਼ਿਆਰਪੁਰ ਵਿੱਚ ਬਣਾਈ ਗਈ।

ਦੂਜੀ ਗੱਲ 1928 ਦੇ ਵਿੱਚ ਆਦਿ ਧਰਮ ਮੰਡਲ ਨੇ ਆਪਣਾ ਇੱਕ ਮੈਮੋਰੈਂਡਮ, ਉਸ ਸਮੇਂ ਲਾਹੌਰ ਵਿੱਚ ਗਏ ਸਾਈਮਨ ਕਮਿਸ਼ਨ ਨੂੰ ਦਿੱਤਾ।

ਉਸ ਮੈਮੋਰੈਂਡਮ ਦਾ ਤਰਜ਼ਮਾ ਦੇਸ਼ ਸੇਵਕ ਅਖ਼ਬਾਰ ਨੇ ਕੀਤਾ। ਉਸ ਮੈਮੋਰੈਂਡਮ ਵਿਚਲੇ ਡਿਪਰੈਸਡ/ਓਪਰੈਸਡ ਕਲਾਸਿਜ਼ ਦਾ ਤਰਜਮਾ ਕੀਤਾ ਗਿਆ, ਉਹ ਦਲਿਤ ਸ਼ਬਦ ਸੀ।

ਇਸੇ ਤਰ੍ਹਾਂ ਲਾਹੌਰ ਤੋਂ ਛਪਦੀ ਇੱਕ ਮੈਗਜ਼ੀਨ ਦਾ ਨਾਮ ਹੀ ਦਲਿਤ ਬੰਦੂ ਸੀ।

ਉਸ ਤੋਂ ਬਾਅਦ ਜਿਹੜੀਆਂ ਹੋਰ ਲਹਿਰਾਂ ਆਈਆਂ ਉਨ੍ਹਾਂ ਨੇ ਵੀ ਇਸ ਸ਼ਬਦ ਦੀ ਵਰਤੋਂ ਕੀਤੀ।

ਇਹ ਇੱਕ ਪੁਰਾਣਾ ਸ਼ਬਦ ਹੈ ਤੇ ਵੱਖ-ਵੱਖ ਸਟੇਟਾਂ ਦੇ ਵਿੱਚ ਇਸ ਨੂੰ ਵਰਤਿਆ ਜਾ ਰਿਹਾ ਹੈ।

ਇਹ ਕਿਸੇ ਦੇ ਖ਼ਿਲਾਫ਼ ਨਹੀਂ ਹੈ, ਇਹ ਮਨੁੱਖਤਾ ਨੂੰ ਜੋੜਨ ਦੀ ਗੱਲ ਕਰਦਾ ਹੈ।

ਸ਼ਬਦਾਂ ਦੀ ਵਰਤੋਂ ਤੇ ਉਨ੍ਹਾਂ ਸ਼ਬਦਾਂ ''ਤੇ ਇਤਰਾਜ਼

ਜੋਤੀ ਰਾਓ ਫੂਲੇ ਵੱਲੋਂ ਕੀਤੀ ਗੱਲ ਦੀ ਆਪਣੀ ਅਹਿਮੀਅਤ ਹੈ ਤੇ ਸੰਦਰਭ ਹੈ।

ਮਹਾਤਮਾ ਗਾਂਧੀ ਨੇ ਜਿਹੜਾ ਸ਼ਬਦ ਹਰੀਜਨ ਦਿੱਤਾ ਸੀ ਭਾਵੇਂ ਕਿ ਹੁਣ ਸੁਪਰੀਮ ਕੋਰਟ ਵੱਲੋਂ ਪੂਰੇ ਤੌਰ ਉੱਤੇ ਪਾਬੰਦੀਸ਼ੁਦਾ ਹੈ।

ਇੱਥੇ ਜਿਹੜੇ ਇਤਰਾਜ਼ ਉੱਠੇ ਹਨ ਉਹ ਭਾਵੇਂ ਪੰਜਾਬ ਵਿੱਚ ਉੱਠੇ ਜਾਂ ਬਾਹਰ ਕਿ ਜੇ ਅਸੀਂ ਜਿਨ੍ਹਾਂ ਨੂੰ ਅੱਜ ਅਨੁਸੂਚਿਤ ਜਾਤੀਆਂ ਸੰਵਿਧਾਨ ਦੇ ਮੁਤਾਬਕ ਕਿਹਾ ਗਿਆ ਹੈ, ਪ੍ਰਮਾਤਮਾਂ ਦੀ ਸੰਤਾਨ ਹਾਂ, ਤਾਂ ਦੂਜੇ ਲੋਕ ਕਿਸ ਦੀ ਸੰਤਾਨ ਹਨ।

ਇਸ ਕਾਰਨ ਅੰਦੋਲਨ ਹੋਏ ਜਿਸ ਕਾਰਨ ਸੁਪਰੀਮ ਕੋਰਟ ਨੇ ਇਸ ਨੂੰ ਵਰਤਣ ਉੱਤੇ ਰੋਕ ਦਿੱਤਾ।

ਉਸ ਤੋਂ ਬਾਅਦ ਕਾਂਸ਼ੀ ਰਾਮ ਨੇ ਬਹੁਜਨ ਦੀ ਗੱਲ ਕੀਤੀ। ਬਹੁ ਜਨ ਉਨ੍ਹਾਂ ਲੋਕਾਂ ਨੂੰ ਕਿਹਾ ਗਿਆ, ਜਿਹੜੇ ਇਸ ਦੇਸ਼ ਦੇ ਮੂਲ ਨਿਵਾਸੀ ਹਨ।

ਅੱਜ ਦੀਆਂ ਅਨੁਸੂਚਿਤ ਜਾਤੀਆਂ, ਪਛੜੀਆਂ ਜਾਤੀਆਂ ਜਾਂ ਇਨ੍ਹਾਂ ਵਿੱਚੋਂ ਦੂਜੇ ਧਰਮਾਂ ਵਿੱਚ ਚਲੇ ਗਏ ਲੋਕ, ਉਹ ਸਾਰੇ ਇਸ ਦੇ ਦਾਇਰੇ ਹੇਠ ਆਉਂਦੇ ਹਨ।

ਇਹ ਵੀ ਪੜ੍ਹੋ:

ਹੁਣ ਜੇ ਮੈਨੂੰ ਕੋਈ ਦਲਿਤ ਲੇਖਕ ਕਹਿੰਦਾ ਹੈ ਤਾਂ ਮੈਨੂੰ ਉਸ ਉੱਪਰ ਵੀ ਕੋਈ ਇਤਰਾਜ਼ ਨਹੀਂ ਅਤੇ ਜੇ ਮੇਰਾ ਸਰਟੀਫਿਕੇਟ ਜੋ ਸੰਵਿਧਾਨ ਮੁਤਾਬਕ ਮੈਨੂੰ ਅਨੁਸੂਚਿਤ ਜਾਤੀ ਦਾ ਦਸਦਾ ਹੈ ਤਾਂ ਉਹ ਨੌਕਰੀ ਦੇ ਨਾਲ ਸੰਬੰਧਿਤ ਹੈ, ਮੈਨੂੰ ਉਸ ਤੇ ਵੀ ਕੋਈ ਇਤਰਾਜ਼ ਨਹੀਂ ਹੈ।

ਅਨੁਸਿਚਤ ਜਾਤੀ ਸ਼ਬਦ ਸਰਕਾਰੀ ਕੰਮਾਂ ਵਾਸਤੇ ਹੈ ਅਤੇ ਸਮਾਜਿਕ ਕੰਮਾਂ ਵਾਸਤੇ ਸਭ ਨੂੰ ਜੋੜਨ ਵਾਲਾ ਸ਼ਬਦ ਦਲਿਤ ਹੈ।

ਹੋਰ ਕਿਹੜਾ ਸ਼ਬਦ ਸਹੀ ਹੋਵੇਗਾ ਜਿਸ ਦੀ ਵਰਤੋਂ ਸਵਿਕਾਰਿਤ ਹੋਵੇ?

ਮੈਂ ਐਦਾਂ ਸਮਝਦਾ ਹਾਂ ਜਿਵੇਂ ਪਹਿਲਾਂ ਹਰੀਜਨ ਸ਼ਬਦ ਸੀ ਅਤੇ ਉਸ ਤੋਂ ਪਹਿਲਾਂ ਹੋਰ ਵੀ ਕਈ ਸਨ, ਜਿਨ੍ਹਾਂ ਦੇ ਮੈਂ ਇੱਥੇ ਨਾਂਅ ਨਹੀਂ ਲੈਣੇ ਚਾਹੁੰਦਾ।

ਉਨ੍ਹਾਂ ਤੋਂ ਬਾਅਦ ਦਲਿਤ ਦਾ ਸ਼ਬਦ ਆ ਗਿਆ ਫਿਰ ਅਨੁਸੂਚਿਤ ਜਾਤੀਆਂ ਦਾ ਆ ਗਿਆ। ਅਸੀਂ ਇਨ੍ਹਾਂ ਸ਼ਬਦਾਂ ਬਾਰੇ ਹੀ ਜੂਝਦੇ ਰਹੀਏ?

ਅਸੀਂ ਉਸ ਸਿਸਟਮ ਬਾਰੇ ਕਿਉਂ ਗੱਲ ਨਹੀਂ ਕਰਦੇ ਜੋ ਸਾਡੇ ਲਈ ਨਵੀਆਂ ਤੋਂ ਨਵੀਆਂ ਸਮੱਸਿਆਵਾਂ ਖੜ੍ਹੀਆਂ ਕਰਦਾ ਹੈ।

ਸਾਨੂੰ ਉਹ ਸਮੱਸਿਆਵਾਂ ਰੋਕਣ ਲਈ ਕੰਮ ਕਰਨਾ ਚਾਹੀਦਾ ਹੈ। ਅਜੇ ਤੱਕ ਹੋਰ ਕੋਈ ਸ਼ਬਦ ਸਾਹਮਣੇ ਨਹੀਂ ਆਇਆ ਹੈ।

ਮੈਨੂੰ ਲਗਦਾ ਹੈ ਕਿ ਇਸ ਨਾਲ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਜਾਂ ਕਿਸੇ ਹੋਰ ਤਰ੍ਹਾਂ ਦੀ ਸੱਟ ਨਹੀਂ ਲਗਦੀ।

ਇਹ ਇੱਕ ਸਮਾਜਿਕ ਨਿਆਂ ਦੀ ਗੱਲ ਕਰਨ ਵਾਲਾ ਸ਼ਬਦ ਹੈ, ਇਸ ਵਿੱਚ ਕਿਸੇ ਨੂੰ ਕੋਈ ਇਤਰਾਜ਼ ਨਹੀਂ।

ਸਰਕਾਰ ਦਾ ਤਾ ਸਮਾਜਿਕ ਨਿਆਂ ਬਾਰੇ ਆਪਣਾ ਮੰਤਰਾਲਾ ਹੈ।

ਪਤਾ ਨਹੀਂ ਕਿੱਥੋਂ ਇਸ ਤਰ੍ਹਾਂ ਦੇ ਇਤਰਾਜ਼ ਉੱਠਣੇ ਸ਼ੁਰੂ ਹੋ ਜਾਂਦੇ ਹਨ।

ਜ਼ਮੀਨੀ ਤੌਰ ''ਤੇ ਫ਼ਰਕ ਪਵੇਗਾ ਕੀ ਕੁਝ ਅਸਲੋਂ ਬਦਲੇਗਾ।

ਪ੍ਰਬੰਧਕਾਂ ਨੂੰ ਜਿਹੜੇ ਕਈ ਫ਼ੈਸਲੇ ਕਰਨੇ ਪੈਂਦੇ ਹਨ ਉਸ ਪਿੱਛੇ ਕਈ ਮਨਸ਼ੇ ਹੁੰਦੇ ਹਨ, ਜਿਨ੍ਹਾਂ ਦੀ ਪੂਰਤੀ ਲਈ ਅਜਿਹਾ ਕੀਤਾ ਜਾਂਦਾ ਹੈ।

ਜੇ ਉਨ੍ਹਾਂ ਨੂੰ ਸੰਵਿਧਾਨਕ ਤੌਰ ਤੇ ਕੋਈ ਗੱਲ ਲਗਦੀ ਹੈ ਤਾਂ ਸਰਟੀਫਿਕੇਟ ਉੱਪਰ ਸ਼ਡਿਊਲ ਕਾਸਟ ਲਿਖ ਦਿਓ।

ਜੇ ਸਮਾਜਿਕ ਅੰਦੋਲਨ ਵਾਸਤੇ ਦਲਿਤ ਸ਼ਬਦ ਸਾਡੇ ਸਾਹਿਤ ਵਿੱਚ ਆਉਂਦਾ ਹੈ ਤਾਂ ਇਹ ਕਿਵੇਂ ਬੈਨ ਹੋ ਜਾਵੇਗਾ।

ਇਸ ਦਾ ਇਤਿਹਾਸ ਬਹੁਤ ਪੁਰਾਣਾ ਹੈ। ਇਸ ਗੱਲ ਨੂੰ ਵਧਾਉਣ ਦੀ ਲੋੜ ਨਹੀਂ ਹੈ ਸਗੋਂ ਸਾਨੂ ਰਲ ਕੇ ਉਨ੍ਹਾਂ ਮਸਲਿਆਂ ਨੂੰ ਚੁੱਕਣਾ ਚਾਹੀਦਾ ਹੈ।

ਜਿਸ ਨਾਲ ਸਮੂਹ ਸਮਾਜ ਦੀ ਤਰੱਕੀ ਹੋ ਜਾਵੇ। ਉਸ ਵਿੱਚ ਖਿੱਚੋਤਾਣ ਨਾ ਹੋਵੇ, ਖਹਿਬੜਬਾਜੀ ਨਾ ਹੋਵੇ, ਤਣਾਅ ਨਾ ਹੋਵੇ।


ਗਿਆਨ ਚੰਦ, ਮੈਂਬਰ ਐੱਸੀ ਕਮਿਸ਼ਨ ਦਾ ਨਜ਼ਰੀਆ

ਗਿਆਨ ਚੰਦ ਮੈਂਬਰ ਐੱਸੀ ਕਮਿਸ਼ਨ
BBC

ਕਮਿਸ਼ਨ ਵੱਲੋਂ ਨਵੇਂ ਮੁੱਖ ਮੰਤਰੀ ਨੂੰ ਦਲਿਤ ਕਹੇ ਜਾਣ ਤੇ ਇਤਰਾਜ਼ ਜਤਾਇਆ ਗਿਆ ਹੈ, ਇਸ ਪਿੱਛੇ ਕੀ ਕਾਰਨ ਹੈ?

ਇਸ ਦੇ ਪਿੱਛੇ ਕਾਰਨ ਇਹ ਸੀ ਕਿ ਪਿਛਲੇ ਦਿਨਾਂ ਦੌਰਾਨ ਇਲੈਕਟਰਾਨਿਕ ਮੀਡੀਆ ਵਿੱਚ ਇੰਨਾ ਕੁ ਪਰਚਾਰ ਕਿ ਦਲਿਤ ਮੁੱਖ ਮੰਤਰੀ, ਦਲਿਤ ਮੁੱਖ ਮੰਤਰੀ ਹੋਇਆ।

ਇਸ ਤਰ੍ਹਾਂ ਲੱਗਿਆ ਕਿ ਉਹ ਸਿਰਫ਼ ਦਲਿਤਾਂ ਦਾ ਮੁੱਖ ਮੰਤਰੀ ਹੈ ਪੰਜਾਬ ਦਾ ਮੁੱਖ ਮੰਤਰੀ ਨਹੀਂ।

ਇਸ ਤੋਂ ਇਲਾਵਾ ਦਲਿਤ ਇੱਕ ਘ੍ਰਿਣਾਜਨਕ ਸ਼ਬਦ ਹੈ। ਇਹ ਦਸਦਾ ਹੈ ਕਿ ਸ਼ਡਿਊਲਡ ਕਾਸਟ ਭਾਈਚਾਰਾ, ਘਟੀਆ ਲੋਕ ਹਨ।

ਇਸ ਸ਼ਬਦ ''ਤੇ ਪਾਬੰਦੀ ਲਾਉਣ ਲਈ ਇਸ ਤੋਂ ਪਹਿਲਾਂ ਮਹਾਰਾਸ਼ਟਰ ਹਾਈ ਕੋਰਟ ਵੱਲੋਂ ਅਤੇ ਮੱਧ ਪ੍ਰਦੇਸ਼ ਹਾਈ ਕੋਰਟ ਵੱਲੋਂ ਇੱਕ ਫ਼ੈਸਲਾ ਵੀ ਆ ਚੁੱਕਿਆ ਸੀ।

(ਕਿਉਂਕਿ) ਇਸ ਦੇ ਨਾਲ ਸਾਡੇ ਲੋਕ- ਸ਼ਿਡਿਊਲਡ ਕਾਸਟ ਲੋਕ ਆਪਣੇ-ਆਪ ਨੂੰ ਘਟੀਆ ਮਹਿਸੂਸ ਕਰਦੇ ਹਨ।

ਇਸ ਲਈ ਕਮਿਸ਼ਨ ਨੂੰ ਕਹਿਣਾ ਪਿਆ ਕਿ ਇਸ ਸ਼ਬਦ ਤੇ ਪਾਬੰਦੀ ਲਗਾਈ ਜਾਵੇ। ਉਹ ਮੁੱਖ ਮੰਤਰੀ ਪੰਜਾਬ ਦਾ ਹੈ ਨਾ ਕਿ ਦਲਿਤਾਂ ਦਾ ਹੈ।

ਫਿਰ ਕਿਹੜਾ ਸ਼ਬਦ ਵਰਤਿਆ ਜਾਵੇ?

“ਸ਼ਡਿਊਲਡ ਕਾਸਟ।”

ਸੰਵਿਧਾਨ ਦੇ ਮੁਤਾਬਕ ਸ਼ਬਦ ਹੈ ਜਦਕਿ ਦਲਿਤ ਸ਼ਬਦ ਕਿਤੇ ਨਹੀਂ ਹੈ।

ਸੰਵਿਧਾਨਕ ਸ਼ਬਦ ਸ਼ਡਿਊਲਡ ਕਾਸਟ ਵਰਤਿਆ ਜਾਵੇ, ਐੱਸਸੀ ਵਰਗ ਵਰਤਿਆ ਜਾਵੇ।

ਇਹ ਵੀ ਪੜ੍ਹੋ:

https://www.youtube.com/watch?v=nFMzNemxwgI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''9eb1f486-d302-4f49-b559-54bd241afed6'',''assetType'': ''STY'',''pageCounter'': ''punjabi.india.story.58661206.page'',''title'': ''ਦਲਿਤ ਸ਼ਬਦ ਵਰਤਣ ਉੱਤੇ ਐੱਸੀਸੀ ਕਮਿਸ਼ਨ ਨੂੰ ਇਤਰਾਜ਼ ਪਰ ਚਿੰਤਕਾਂ ਤੋਂ ਸੁਣੋ ਇਸ ਸ਼ਬਦ ਦੇ ਕੀ ਹਨ ਮਾਅਨੇ'',''published'': ''2021-09-23T11:49:45Z'',''updated'': ''2021-09-23T11:49:45Z''});s_bbcws(''track'',''pageView'');

Related News