ਤਾਲਿਬਾਨ ਦੇ ਰਾਜ ਵਿੱਚ ਬੱਚੇ ਪੈਦਾ ਕਰਨਾ ਔਰਤਾਂ ਲਈ ਇੰਝ ''''ਖੌਫ਼ਨਾਕ'''' ਹੋ ਗਿਆ ਹੈ
Tuesday, Sep 21, 2021 - 07:53 AM (IST)


ਰਾਬੀਆ ਨੇ ਕੁਝ ਹੀ ਦਿਨ ਪਹਿਲਾਂ ਅਫ਼ਗਾਨਿਸਤਾਨ ਦੇ ਪੂਰਬ ਵਿੱਚ ਨੰਗਰਹਾਰ ਸੂਬੇ ਦੇ ਇੱਕ ਛੋਟੇ ਜਿਹੇ ਹਸਪਤਾਲ ਵਿੱਚ ਆਪਣੇ ਬੱਚੇ ਨੂੰ ਜਨਮ ਦਿੱਤਾ ਸੀ।
ਆਪਣੇ ਨਵਜੰਮੇ ਬੱਚੇ ਨੂੰ ਆਪਣੀਆਂ ਬਾਹਾਂ ਵਿੱਚ ਝੁਲਾਉਂਦੇ ਹੋਏ ਉਹ ਕਹਿੰਦੇ ਹਨ, "ਇਹ ਮੇਰਾ ਤੀਜਾ ਬੱਚਾ ਹੈ, ਪਰ ਇਸ ਵਾਰ ਤਜਰਬਾ ਬਿਲਕੁਲ ਵੱਖਰਾ ਸੀ। ਇਹ ਬਹੁਤ ਭਿਆਨਕ ਸੀ।"
ਬੱਚੇ ਨੂੰ ਜਨਮ ਦੇਣ ਵਾਲੀ ਜਿਸ ਯੂਨਿਟ ਵਿੱਚ ਰਾਬੀਆ ਨੇ ਆਪਣਾ ਜਣੇਪਾ ਕੀਤਾ, ਇਸ ਯੂਨਿਟ ਦੀਆਂ ਮੁੱਢਲੀਆਂ ਸਹੂਲਤਾਂ ਵਿੱਚ ਮਹਿਜ਼ ਕੁਝ ਹਫਤਿਆਂ ਵਿੱਚ ਹੀ ਭਾਰੀ ਗਿਰਾਵਟ ਹੋ ਗਈ ਹੈ।
ਰਾਬੀਆ ਨੂੰ ਉੱਥੇ ਨਾ ਤਾਂ ਦਰਦ ਦੀ ਦਵਾਈ ਦਿੱਤੀ ਗਈ, ਨਾ ਹੋਰ ਕੋਈ ਦਵਾਈ ਅਤੇ ਨਾ ਖਾਣਾ ਦਿੱਤਾ ਗਿਆ।
43C (109F) ਤਾਪਮਾਨ ਵਿੱਚ ਹਸਪਤਾਲ ਦਾ ਹਾਲ ਬੇਹਾਲ ਸੀ, ਬਿਜਲੀ ਕੱਟ ਦਿੱਤੀ ਗਈ ਸੀ ਅਤੇ ਜਨਰੇਟਰਾਂ ਨੂੰ ਚਲਾਉਣ ਲਈ ਤੇਲ ਉਪਲੱਬਧ ਨਹੀਂ ਸੀ।
ਰਾਬੀਆ ਦੇ ਦਾਈ ਆਬਿਦਾ ਕਹਿੰਦੇ ਹਨ, "ਸਾਨੂੰ ਇੰਨਾ ਪਸੀਨਾ ਆ ਰਿਹਾ ਸੀ ਜਿਵੇਂ ਅਸੀਂ ਨਹਾ ਕੇ ਆਏ ਹੋਈਏ। ਆਬਿਦਾ ਨੇ ਅਜਿਹੇ ਔਖੇ ਸਮੇਂ ਵਿੱਚ ਬਿਨਾਂ ਰੌਸ਼ਨੀ ਅਤੇ ਹਵਾ ਦੇ, ਮਹਿਜ਼ ਮੋਬਾਈਲ ਫ਼ੋਨ ਦੀ ਰੌਸ਼ਨੀ ਦੁਆਰਾ ਬੱਚੇ ਨੂੰ ਜਨਮ ਦਿਵਾਉਣ ਲਈ ਅਣਥੱਕ ਮਿਹਨਤ ਕੀਤੀ।"
"ਇਹ ਮੇਰੀ ਨੌਕਰੀ ਦੇ ਦੌਰਾਨ ਹੋਏ ਸਭ ਤੋਂ ਭੈੜੇ ਤਜ਼ਰਬਿਆਂ ਵਿੱਚੋਂ ਇੱਕ ਸੀ। ਇਹ ਬਹੁਤ ਦਰਦਨਾਕ ਸੀ। ਪਰ ਤਾਲਿਬਾਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ, ਹਸਪਤਾਲ ਵਿੱਚ ਸਾਡੀ ਹਰ ਰਾਤ ਅਤੇ ਹਰ ਦਿਨ ਦੀ ਇਹੀ ਕਹਾਣੀ ਹੈ।"
ਬੱਚੇ ਦੇ ਜਨਮ ਦੌਰਾਨ ਜਿੰਦਾ ਬਚਣ ਦਾ ਮਤਲਬ ਹੈ ਕਿ ਰਾਬੀਆ ਕੁਝ ਖੁਸ਼ਕਿਸਮਤ ਔਰਤਾਂ ਵਿੱਚੋਂ ਇੱਕ ਹਨ।
ਇਹ ਵੀ ਪੜ੍ਹੋ-
- ਚਰਨਜੀਤ ਚੰਨੀ ਸਹੁੰ ਚੁੱਕਣ ਤੋਂ ਬਾਅਦ - ਪਾਰਟੀ ਸੁਪਰੀਮ ਹੈ, ਪਾਰਟੀ ਫੈਸਲੇ ਕਰੇਗੀ, ਸਰਕਾਰ ਲਾਗੂ ਕਰੇਗੀ
- ਕੀ ਪੰਜਾਬ ’ਚ ਦਲਿਤ ਭਾਈਚਾਰੇ ਤੋਂ ਚਰਨਜੀਤ ਚੰਨੀ ਦਾ ਮੁੱਖ ਮੰਤਰੀ ਬਣਨਾ ਦਾ ਕਾਂਗਰਸ ਤੇ ਦਲਿਤਾਂ ਨੂੰ ਫਾਇਦਾ ਹੋਵੇਗਾ
- ਹਿੰਦੂ-ਸਿੱਖ ਹੋਣਾ ਬਾਅਦ ਦੀ ਗੱਲ ਹੈ, ਮੁੱਖ ਮੰਤਰੀ ਚੰਗਾ ਇਨਸਾਨ ਹੋਵੇ - ਜਥੇਦਾਰ
ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਅਨੁਸਾਰ, ਅਫਗਾਨਿਸਤਾਨ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿੱਚੋ ਇੱਕ ਹੈ ਜਿੱਥੇ ਜਨਮ ਦੇਣ ਵਾਲਿਆਂ ਮਾਵਾਂ ਅਤੇ ਬੱਚਿਆਂ ਦੀ ਮੌਤ ਦਰਾਂ ਦੇ ਅੰਕੜੇ ਸਭ ਤੋਂ ਮਾੜੇ ਹਨ, ਜਿਨ੍ਹਾਂ ਅਨੁਸਾਰ ਇੱਥੇ ਪ੍ਰਤੀ 10,000 ਜਨਮ ਦੇਣ ਵਾਲੀਆਂ ਔਰਤਾਂ ਵਿੱਚੋਂ 638 ਦੀ ਮੌਤ ਹੋ ਜਾਂਦੀ ਹੈ।
ਪਹਿਲਾਂ ਇਹ ਸਥਿਤੀ ਬਦ ਤੋਂ ਬਦਤਰ ਸੀ। ਫਿਰ 2001 ਵਿੱਚ ਯੂਐੱਸ ਦੇ ਅਗਵਾਈ ਵਾਲੇ ਹਮਲੇ ਤੋਂ ਬਾਅਦ ਮਾਵਾਂ ਅਤੇ ਨਵਜੰਮੇ ਬੱਚਿਆਂ ਦੀ ਦੇਖਭਾਲ ਬਾਰੇ ਕੀਤੀ ਗਈ ਪ੍ਰਗਤੀ ਵੀ ਤੇਜ਼ੀ ਨਾਲ ਵਿਗੜਦੀ ਜਾ ਰਹੀ ਹੈ।
ਸੰਯੁਕਤ ਰਾਸ਼ਟਰ ਜਨਸੰਖਿਆ ਫੰਡ (ਯੂਐਨਐਫਪੀਏ) ਦੇ ਕਾਰਜਕਾਰੀ ਨਿਰਦੇਸ਼ਕ ਨਤਾਲੀਆ ਕੈਨਮ ਕਹਿੰਦੇ ਹਨ, "ਹੁਣ ਬਹੁਤ ਗੰਭੀਰਤਾ ਅਤੇ ਨਿਰਾਸ਼ਾ ਦੀ ਭਾਵਨਾ ਹੈ। ਮੈਂ ਵਾਕਈ ਇਸਦਾ ਭਾਰ ਮਹਿਸੂਸ ਕਰਦੀ ਹਾਂ।"

ਯੂਐਨਐਫਪੀਏ ਦਾ ਅਨੁਮਾਨ ਹੈ ਕਿ, ਜੇ ਔਰਤਾਂ ਅਤੇ ਲੜਕੀਆਂ ਦੀ ਤੁਰੰਤ ਸਹਾਇਤਾ ਨਾ ਕੀਤੀ ਗਈ ਤਾਂ ਜਣੇਪਾ ਮੌਤਾਂ ਵਿੱਚ 51,000 ਤੱਕ ਦਾ ਵਾਧਾ ਹੋ ਸਕਦਾ ਹੈ।
ਇਸ ਤੋਂ ਇਲਾਵਾ 4.8 ਮਿਲੀਅਨ ਅਣਇੱਛਤ ਗਰਭ ਅਵਸਥਾਵਾਂ ਦੀ ਸਥਿਤੀ ਹੋ ਸਕਦੀ ਹੈ ਅਤੇ ਇਸ ਦੇ ਦੁਗਣੇ ਲੋਕ ਅਜਿਹੇ ਹੋ ਸਕਦੇ ਹਨ ਜੋ ਹੁਣ ਤੋਂ ਲੈ ਕੇ 2025 ਵਿਚਕਾਰ ਪਰਿਵਾਰ ਨਿਯੋਜਨ ਕਲੀਨਿਕਾਂ ਤੱਕ ਨਹੀਂ ਪਹੁੰਚ ਸਕਣਗੇ।
ਜਨ ਸਿਹਤ ਦੇ ਮੁਖੀ ਡਾ. ਵਾਹਿਦ ਮਜਰੂਹ ਕਹਿੰਦੇ ਹਨ, "ਅਫ਼ਗਾਨਿਸਤਾਨ ਵਿੱਚ ਮੁੱਢਲੀਆਂ ਸਿਹਤ ਸਹੂਲਤਾਂ ਢਹਿ-ਢੇਰੀ ਹੋ ਰਹੀਆਂ ਹਨ ... ਬਦਕਿਸਮਤੀ ਨਾਲ ਮਾਵਾਂ ਦੀ ਮੌਤ ਦਰ ਅਤੇ ਬੱਚਿਆਂ ਦੀ ਮੌਤ ਦਰ ਵਧੇਗੀ।"
"ਡਾ. ਵਾਹਿਦ ਇਕਲੌਤੇ ਅਜਿਹੇ ਮੰਤਰੀ ਹਨ ਜੋ ਕਾਬੁਲ ''ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਵੀ ਆਪਣੇ ਅਹੁਦੇ ''ਤੇ ਬਣੇ ਹੋਏ ਹਨ। ਉਨ੍ਹਾਂ ਨੇ ਅਫਗਾਨ ਲੋਕਾਂ ਦੀ ਚੰਗੀ ਸਿਹਤ ਲਈ ਲੜਨ ਦਾ ਵਾਅਦਾ ਕੀਤਾ ਹੈ, ਪਰ ਹੁਣ ਉਨ੍ਹਾਂ ਨੂੰ ਇੱਕ ਮੁਸ਼ਕਿਲ ਲੜਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ।"
ਇਹ ਦੇਸ਼ ਹੁਣ ਦੁਨੀਆ ਭਰ ਤੋਂ ਕੱਟਿਆ ਹੋਇਆ ਹੈ। ਜਦੋਂ ਵਿਦੇਸ਼ੀ ਸੈਨਿਕਾਂ ਦੀ ਵਾਪਸੀ ਸ਼ੁਰੂ ਹੋਈ, ਤਾਂ ਤਾਲਿਬਾਨ ਨੇ ਸੱਤਾ ਵਿੱਚ ਆਉਣ ਦੇ ਨਾਲ ਵਿਦੇਸ਼ੀ ਸਹਾਇਤਾ ''ਤੇ ਵੀ ਰੋਕ ਲੱਗ ਗਈ ਜੋ ਕਿ ਅਫ਼ਗਾਨਿਸਤਾਨ ਦੀ ਸਿਹਤ ਸੰਭਾਲ ਪ੍ਰਣਾਲੀ ਨੂੰ ਬਹੁਤ ਜ਼ਿਆਦਾ ਵਿੱਤੀ ਸਹਾਇਤਾ ਦਿੰਦੀ ਹੈ।
ਪੱਛਮ ਤੋਂ ਸਹਾਇਤਾ ਦੇਣ ਵਾਲੇ, ਜਿਨ੍ਹਾਂ ਵਿੱਚ ਯੂਐੱਸ ਅਤੇ ਡਬਲਯੂਐਚਓ ਵਰਗੇ ਸਮੂਹ ਵੀ ਸ਼ਾਮਲ ਹਨ, ਤਾਲਿਬਾਨ ਨੂੰ ਫੰਡ ਪਹੁੰਚਾਉਣ ਵਿੱਚ ਆਉਣ ਵਾਲੀ ਮੁਸ਼ਕਿਲ ਅਤੇ ਅਸ਼ਾਂਤ ਕਾਬੁਲ ਹਵਾਈ ਅੱਡੇ ''ਤੇ ਡਾਕਟਰੀ ਸਪਲਾਈ ਕਰਨ ਵਿੱਚ ਆਉਂਦੀ ਔਖਿਆਈ ਦਾ ਹਵਾਲਾ ਦਿੰਦੇ ਹਨ।
ਔਰਤਾਂ ਦੀ ਪ੍ਰਜਨਨ ਸਿਹਤ ਲਈ ਦਵਾਈਆਂ ਅਤੇ ਜੀਵਨ-ਰੱਖਿਅਕ ਸਪਲਾਈ ਤੱਕ ਪਹੁੰਚ ਕਾਫ਼ੀ ਪ੍ਰਭਾਵਿਤ ਹੋ ਰਹੀ ਹੈ। ਕੋਰੋਨਾਵਾਇਰਸ ਦੇ ਫੈਲਣ ਨਾਲ ਇਹ ਸਥਿਤੀ ਦੁੱਗਣੀ ਮਾੜੀ ਹੋ ਗਈ ਹੈ।
ਡਾ. ਮਜਰੂਹ ਕਹਿੰਦੇ ਹਨ, "ਕੋਵਿਡ ਦੀ ਚੌਥੀ ਲਹਿਰ ਦੀ ਸੰਭਾਵਨਾ ਨੂੰ ਲੈ ਕੋਈ ਤਿਆਰੀ ਨਹੀਂ ਹੈ।"
ਆਬਿਦਾ ਦੀ ਜਣੇਪਾ ਇਕਾਈ ਵਿੱਚ, ਫੰਡਾਂ ''ਤੇ ਰੋਕ ਦਾ ਮਤਲਬ ਹੈ ਕਿ ਉਹ ਆਪਣੀ ਐਂਬੂਲੈਂਸ ਸੇਵਾ ਚਲਾਉਣ ਵਿੱਚ ਵੀ ਅਸਮਰੱਥ ਹਨ। ਉਨ੍ਹਾਂ ਕੋਲ ਇੰਧਨ ਤੱਕ ਦੇ ਪੈਸੇ ਨਹੀਂ ਹਨ।
"ਕੁਝ ਹੀ ਰਾਤਾਂ ਪਹਿਲਾਂ, ਇੱਕ ਮਾਂ ਜਣੇਪੇ ਦੇ ਨੇੜੇ ਸੀ ਅਤੇ ਉਨ੍ਹਾਂ ਨੇ ਤੁਰੰਤ ਐਂਬੂਲੈਂਸ ਬੁਲਵਾਈ ਕਿਉਂਕਿ ਉਹ ਬਹੁਤ ਜ਼ਿਆਦਾ ਦਰਦ ਵਿੱਚ ਸੀ। ਸਾਨੂੰ ਉਨ੍ਹਾਂ ਨੂੰ ਟੈਕਸੀ ਲੱਭਣ ਲਈ ਕਹਿਣਾ ਪਿਆ, ਪਰ ਕੋਈ ਟੈਕਸੀ ਵੀ ਉਪਲੱਭਧ ਨਹੀਂ ਸੀ।"
ਆਬਿਦਾ ਦੱਸਦੇ ਹਨ, "ਆਖਿਰ ਜਦੋਂ ਉਨ੍ਹਾਂ ਨੂੰ ਇੱਕ ਕਾਰ ਲੱਭੀ ਤਾਂ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ, ਔਰਤ ਨੇ ਕਾਰ ਵਿੱਚ ਹੀ ਬੱਚੇ ਨੂੰ ਜਨਮ ਦੇ ਦਿੱਤਾ।"
"ਇਸ ਦੌਰਾਨ ਭਿਆਨਕ ਗਰਮੀ ਤੇ ਤੇਜ਼ ਦਰਦ ਦੇ ਕਾਰਨ ਉਹ ਔਰਤ ਕਈ ਘੰਟਿਆਂ ਤੱਕ ਬੇਹੋਸ਼ ਹੋ ਗਈ। ਸਾਨੂੰ ਨਹੀਂ ਸੀ ਲੱਗਦਾ ਕਿ ਉਹ ਬਚੇਗੀ। ਬੱਚਾ ਵੀ ਬਹੁਤ ਗੰਭੀਰ ਹਾਲਤ ਵਿੱਚ ਸੀ, ਅਤੇ ਸਾਡੇ ਕੋਲ ਉਹਨਾਂ ਦੋਵਾਂ ਵਿੱਚੋਂ ਕਿਸੇ ਇੱਕ ਨੂੰ ਵੀ ਇਲਾਜ ਮੁਹੱਈਆ ਕਰਵਾਉਣ ਲਈ ਕੁਝ ਨਹੀਂ ਸੀ।"
ਖੁਸ਼ਕਿਸਮਤੀ ਨਾਲ ਔਰਤ ਦੀ ਨਵਜੰਮੀ ਧੀ ਬਚ ਗਈ। ਤਿੰਨ ਦਿਨਾਂ ਬਾਅਦ, ਗੰਭੀਰ ਤੌਰ ''ਤੇ ਕਮਜ਼ੋਰ ਉਸ ਔਰਤ ਦੀ ਸਥਿਤੀ ਵਿੱਚ ਸੁਧਾਰ ਹੋਣ ਲਗਾ ਅਤੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ।
ਇਹ ਵੀ ਪੜ੍ਹੋ-
- ਤਾਲਿਬਾਨ ਖ਼ਿਲਾਫ਼ ਅਫ਼ਗਾਨ ਔਰਤਾਂ ਵੱਲੋਂ ਸੋਸ਼ਲ ਮੀਡੀਆ ''ਤੇ ਚਲਾਈ ਮੁੰਹਿਮ ਕੀ ਹੈ
- ਜਿਉਂਦੇ ਜੀਅ ਤਾਬੂਤਾਂ ਵਿੱਚ ਬੰਦ ਹੋ ਕੇ ਪਾਕਿਸਤਾਨ ਜਾ ਰਹੀਆਂ ਹਨ ਅਫ਼ਗਾਨ ਔਰਤਾਂ
- ਅਫ਼ਗਾਨਿਸਤਾਨ: ਔਰਤਾਂ ਨੂੰ ਪੱਥਰ ਮਾਰ ਕੇ ਸਜ਼ਾ ਦੇਣ ਦੀ ਰਵਾਇਤ ਬਦਲੇਗੀ? - ਤਾਲਿਬਾਨ ਦਾ ਕੀ ਹੈ ਜਵਾਬ

ਯੂਐੱਨਐੱਫਪੀਏ ਦੇ ਡਾ. ਕੈਨਮ ਕਹਿੰਦੇ ਹਨ, "ਅਸੀਂ ਇੱਕ ਸਿਸਟਮ ਨੂੰ ਸਹੀ ਕਰਨ ਲਈ ਦਿਨ ਅਤੇ ਰਾਤ ਓਵਰਟਾਈਮ ਕਰ ਰਹੇ ਹਾਂ, ਪਰ ਸਾਨੂੰ ਫੰਡਾਂ ਦੀ ਜ਼ਰੂਰਤ ਹੈ। ਪਿਛਲੇ ਕੁਝ ਹਫ਼ਤਿਆਂ ਦੀਆਂ ਨਾਟਕੀ ਘਟਨਾਵਾਂ ਤੋਂ ਪਹਿਲਾਂ ਵੀ, ਹਰ 2 ਘੰਟੇ ਵਿੱਚ ਜਨਮ ਦੇਣ ਵਾਲੀਆਂ ਵਿੱਚੋਂ ਇੱਕ ਅਫਗਾਨ ਔਰਤ ਦੀ ਮੌਤ ਹੁੰਦੀ ਰਹੀ ਹੈ।"
"ਅਫ਼ਗਾਨ ਔਰਤਾਂ ਅਤੇ ਲੜਕੀਆਂ ਦੀਆਂ ਜੀਵਨ ਬਚਾਉਣ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸੰਯੁਕਤ ਰਾਸ਼ਟਰ ਦੀ 606 ਮਿਲੀਅਨ ਡਾਲਰ ਦੀ ਵਿਆਪਕ ਅਪੀਲ ਦੇ ਹਿੱਸੇ ਵਜੋਂ, ਯੂਐਨਐਫਪੀਏ 29.2 ਮਿਲੀਅਨ ਡਾਲਰ ਦੀ ਮੰਗ ਕਰ ਰਿਹਾ ਹੈ।"
"ਇਸ ਨੂੰ ਭਰੋਸਾ ਹੈ ਕਿ, ਮਾਨਵਤਾਵਾਦੀ ਸਹਾਇਤਾ ਦੀ ਸਖ਼ਤ ਜ਼ਰੂਰਤ ਦੇ ਮੱਦੇਨਜ਼ਰ, ਜ਼ਰੂਰੀ ਡਾਕਟਰੀ ਅਤੇ ਸਿਹਤ ਸੰਭਾਲ ਸਮਾਨ ਦੀ ਆਵਾਜਾਈ ਲਈ ਅਤੇ ਮੋਬਾਈਲ ਸਿਹਤ ਕਲੀਨਿਕਾਂ ਲਈ ਸੁਰੱਖਿਅਤ ਰਸਤਾ ਦਿੱਤਾ ਜਾਵੇਗਾ।"
ਯੂਐੱਨਐੱਫਪੀਏ ਚਿੰਤਤ ਹੈ ਕਿ ਬਾਲ ਵਿਆਹ ਦੇ ਵਧ ਰਹੇ ਜੋਖ਼ਮ ਨਾਲ ਮੌਤ ਦਰ ਹੋਰ ਵਧੇਗੀ।
ਵਧਦੀ ਗਰੀਬੀ, ਲੜਕੀਆਂ ਦੇ ਸਕੂਲ ਨਾ ਜਾਣ ਦੀ ਚਿੰਤਾ ਅਤੇ ਅੱਤਵਾਦੀਆਂ ਵੱਲੋਂ ਲੜਕੀਆਂ ਜਾਂ ਕਿਸ਼ੋਰ ਉਮਰ ਦੀਆਂ ਔਰਤਾਂ ਦੇ ਜ਼ਬਰਦਸਤੀ ਵਿਆਹਾਂ ਦਾ ਡਰ, ਇਸ ਮੁੱਦੇ ਨੂੰ ਹੋਰ ਗੰਭੀਰ ਬਣਾ ਰਿਹਾ ਹੈ।
ਡਾਕਟਰ ਕੈਨਮ ਕਹਿੰਦੇ ਹਨ, "ਜੇ ਤੁਸੀਂ ਇੱਕ ਜਵਾਨ ਮਾਂ ਹੋ, ਤਾਂ ਤੁਹਾਡੇ ਬਚਣ ਦੀ ਸੰਭਾਵਨਾ ਤੁਰੰਤ ਘਟ ਜਾਂਦੀ ਹੈ।"
ਔਰਤਾਂ ''ਤੇ ਤਾਲਿਬਾਨ ਦੀਆਂ ਨਵੀਆਂ ਪਾਬੰਦੀਆਂ, ਪਹਿਲਾਂ ਤੋਂ ਹੀ ਨਾਜ਼ੁਕ ਸਿਹਤ ਸੰਭਾਲ ਪ੍ਰਣਾਲੀ ਨੂੰ ਹੋਰ ਵਿਗਾੜ ਰਹੀਆਂ ਹਨ। ਅਫਗਾਨਿਸਤਾਨ ਦੇ ਬਹੁਤ ਸਾਰੇ ਖੇਤਰਾਂ ਵਿੱਚ, ਔਰਤਾਂ ਨੂੰ ਆਪਣੇ ਚਿਹਰੇ ਨਕਾਬ ਜਾਂ ਬੁਰਕੇ ਨਾਲ ਢਕਣੇ ਪੈ ਰਹੇ ਹਨ।
ਪਰ ਵਧੇਰੇ ਚਿੰਤਾ ਦੀਆਂ ਖਬਰਾਂ ਇਹ ਹਨ ਕਿ ਹਸਪਤਾਲਾਂ ਅਤੇ ਕਲੀਨਿਕਾਂ ਨੂੰ ਆਦੇਸ਼ ਦਿੱਤੇ ਜਾ ਰਹੇ ਹਨ ਕਿ ਔਰਤ ਮਰੀਜ਼ਾਂ ਨੂੰ ਜਾਂਚਣ ਲਈ ਔਰਤ ਸਟਾਫ ਦਾ ਹੀ ਹੋਣਾ ਜ਼ਰੂਰੀ ਹੈ।
ਆਪਣਾ ਨਾਮ ਨਾ ਦੱਸਣ ਦੀ ਸ਼ਰਤ ''ਤੇ ਇੱਕ ਦਾਈ ਨੇ ਬੀਬੀਸੀ ਨੂੰ ਦੱਸਿਆ ਕਿ ਤਾਲਿਬਾਨ ਨੇ ਇੱਕ ਮਰਦ ਡਾਕਟਰ ਨਾਲ ਕੁੱਟਮਾਰ ਕੀਤੀ ਕਿਉਂਕਿ ਉਨ੍ਹਾਂ ਨੇ ਇਕਾਂਤ ਵਿੱਚ ਇੱਕ ਔਰਤ ਦੀ ਜਾਂਚ ਕੀਤੀ ਸੀ।
ਉਹ ਦਾਈ ਦੱਸਦੇ ਹਨ ਕਿ, ਦੇਸ਼ ਦੇ ਪੂਰਬੀ ਹਿੱਸੇ ਵਿੱਚ ਬਣੇ ਉਨਾਂ ਦੇ ਮੈਡੀਕਲ ਸੈਂਟਰ ਵਿੱਚ, "ਜੇ ਕਿਸੇ ਔਰਤ ਮਰੀਜ਼ ਨੂੰ ਔਰਤ ਡਾਕਟਰ ਦੁਆਰਾ ਨਹੀਂ ਵੇਖਿਆ ਜਾ ਸਕਦਾ, ਤਾਂ ਮਰਦ ਡਾਕਟਰ ਉਸ ਔਰਤ ਮਰੀਜ਼ ਨੂੰ ਕੇਵਲ ਉਦੋਂ ਵੇਖ ਸਕਦਾ ਹੈ ਜਦੋਂ ਉੱਥੇ ਦੋ ਜਾਂ ਵਧੇਰੇ ਲੋਕ ਮੌਜੂਦ ਹੋਣ।"
ਔਰਤਾਂ ਨੂੰ ਵੀ ਇਹ ਆਦੇਸ਼ ਦਿੱਤਾ ਗਿਆ ਹੈ ਕਿ ਉਹ "ਮਹਰਮ", ਜਾਂ ਪੁਰਸ਼ ਰਿਸ਼ਤੇਦਾਰ ਤੋਂ ਬਿਨਾਂ ਆਪਣੇ ਘਰ ਤੋਂ ਬਾਹਰ ਨਾ ਨਿੱਕਲਣ।
ਨੰਗਰਹਾਰ ਸੂਬੇ ਵਿੱਚ ਜ਼ਾਰਮੀਨਾ, ਪੰਜ ਮਹੀਨਿਆਂ ਦੇ ਗਰਭਵਤੀ ਹਨ।
ਉਹ ਕਹਿੰਦੇ ਹਨ, "ਮੇਰੇ ਪਤੀ ਇੱਕ ਗਰੀਬ ਆਦਮੀ ਹਨ ਜੋ ਸਾਡੇ ਬੱਚਿਆਂ ਦਾ ਪੇਟ ਭਰਨ ਲਈ ਕੰਮ ਕਰਦੇ ਹਨ ਤਾਂ ਮੈਂ ਉਨ੍ਹਾਂ ਨੂੰ ਮੇਰੇ ਨਾਲ ਸਿਹਤ ਕੇਂਦਰ ਜਾਣ ਲਈ ਕਿਉਂ ਕਹਾਂ?"
10,000 ਅਫਗਾਨਾਂ ''ਤੇ ਕੇਵਲ 4.6 ਡਾਕਟਰ
ਆਬਿਦਾ ਕਹਿੰਦੇ ਹਨ ਕਿ ਇੱਕ ਪੁਰਸ਼ ਸਹਿਯੋਗੀ ਦੀ ਜ਼ਰੂਰਤ ਦਾ ਮਤਲਬ ਇਹ ਹੈ ਕਿ, ਇੱਕ ਦਾਈ ਅਤੇ ਅੰਡਰ-ਰਿਸੋਰਸ ਕਲੀਨਿਕ ਦੇ ਬਾਵਜੂਦ ਵੀ ਜ਼ਰਮਿਨਾ ਵਰਗੀਆਂ ਬਹੁਤ ਸਾਰੀਆਂ ਔਰਤਾਂ ਮਹੱਤਵਪੂਰਣ ਜਾਂਚ ਨਹੀਂ ਕਰਵਾ ਸਕਦੀਆਂ।
ਇਸੇ ਤਰ੍ਹਾਂ, ਬਹੁਤ ਸਾਰੀਆਂ ਔਰਤ ਸਿਹਤ ਸੰਭਾਲ ਕਰਮਚਾਰੀ ਆਪਣੇ ਕੰਮ ''ਤੇ ਨਹੀਂ ਜਾ ਸਕਦੀਆਂ।
ਡਬਲਯੂਐੱਚਓ ਦੀ ਗਣਨਾ ਹੈ ਕਿ ਪ੍ਰਤੀ 10,000 ਅਫਗਾਨਾਂ ''ਤੇ ਕੇਵਲ 4.6 ਡਾਕਟਰ, ਨਰਸਾਂ ਅਤੇ ਦਾਈਆਂ ਹਨ, ਜੋ ਇਸ "ਨਾਜ਼ੁਕ ਘਾਟ ਦੀ ਹੱਦ" ਨੂੰ ਸਮਝਣ ਤੋਂ ਲਗਭਗ ਪੰਜ ਗੁਣਾ ਘੱਟ ਹੈ।
ਇਹ ਅੰਕੜਾ ਹੁਣ ਹੋਰ ਘੱਟ ਹੋਣ ਦੀ ਸੰਭਾਵਨਾ ਹੈ, ਕਿਉਂਕਿ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ ਜਾਂ ਦੇਸ਼ ਛੱਡ ਕੇ ਚਲੇ ਗਏ ਹਨ।

ਅਗਸਤ ਦੇ ਅਖੀਰ ਵਿੱਚ, ਤਾਲਿਬਾਨ ਨੇ ਔਰਤ ਸਿਹਤ ਸੰਭਾਲ ਕਰਮਚਾਰੀਆਂ ਨੂੰ ਕੰਮ ''ਤੇ ਵਾਪਸ ਆਉਣ ਲਈ ਕਿਹਾ ਸੀ।
ਡਾ. ਮਜਰੂਹ ਕਹਿੰਦੇ ਹਨ, ਪਰ "ਇਹ ਸੁਨਿਸ਼ਚਿਤ ਕਰਨ ਲਈ ਕਿ ਉਨ੍ਹਾਂ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ, ਵਿਸ਼ਵਾਸ ਨੂੰ ਦੁਬਾਰਾ ਬਣਾਉਣ ਵਿੱਚ ਸਮਾਂ ਲਗਦਾ ਹੈ।"
ਕਾਬੁਲ ਦੇ ਇੱਕ ਔਰਤ ਗਾਇਨੀਕੋਲੋਜਿਸਟ ਡਾ. ਨਬੀਜ਼ਾਦਾ ਕਹਿੰਦੇ ਹਨ, "ਸਭ ਕੁਝ ਰਾਤੋ-ਰਾਤ ਬਦਲ ਗਿਆ।"
ਤਾਲਿਬਾਨ ਦੇ ਦਾਖਲ ਹੋਣ ਤੋਂ ਬਾਅਦ ਡਾ. ਨਬੀਜ਼ਾਦਾ ਨੇ ਅਸਤੀਫਾ ਦੇ ਦਿੱਤਾ ਸੀ ਅਤੇ ਉਨ੍ਹਾਂ ਨੇ 24 ਘੰਟਿਆਂ ਤੱਕ ਕਾਬੁਲ ਹਵਾਈ ਅੱਡੇ ਦੇ ਬਾਹਰ ਉਡੀਕ ਕੀਤੀ ਤਾਂ ਜੋ ਉਹ ਇੱਥੋਂ ਬਚ ਕੇ ਨਿੱਕਲ ਸਕਣ।
ਉਨ੍ਹਾਂ ਦੇ ਸਾਬਕਾ ਸਹਿਯੋਗੀ ਵੀ ਜਾਂ ਤਾਂ ਅਫ਼ਗਾਨਿਸਤਾਨ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ ਸਨ ਜਾਂ ਉਨ੍ਹਾਂ ਨੇ ਕੰਮ ਛੱਡ ਕੇ ਘਰ ਵਿੱਚ ਹੀ ਸੁਰੱਖਿਅਤ ਰਹਿਣ ਦਾ ਫ਼ੈਸਲਾ ਕੀਤਾ ਸੀ।
ਡਾ. ਨਬੀਜ਼ਾਦਾ ਕਹਿੰਦੇ ਹਨ, "ਮੇਰੀ ਗੁਆਂਢਣ, 35 ਹਫ਼ਤਿਆਂ ਦੇ ਗਰਭਵਤੀ ਹਨ ਅਤੇ ਉਨ੍ਹਾਂ ਨੂੰ ਸੀਜੇਰੀਅਨ ਕਰਵਾਉਣ ਲਈ ਇੱਕ ਤਾਰੀਖ ਤੈਅ ਕਰਨ ਦੀ ਲੋੜ ਹੈ ਪਰ ਉਨ੍ਹਾਂ ਦੇ ਡਾਕਟਰ ਦਾ ਫੋਨ ਬੰਦ ਹੈ।"
"ਉਹ ਬਹੁਤ ਪ੍ਰੇਸ਼ਾਨ ਤੇ ਚਿੰਤਤ ਹਨ ਅਤੇ ਆਪਣੇ ਬੱਚੇ ਦੀ ਹਰਕਤ ਨੂੰ ਵੀ ਮਹਿਸੂਸ ਨਹੀਂ ਕਰ ਪਾ ਰਹੇ ਹਨ।"
ਜਨਤਕ ਸਿਹਤ ਸੰਭਾਲ ਸਟਾਫ ਨੂੰ ਘੱਟੋ-ਘਟ ਤਿੰਨ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਹੈ।
ਆਬਿਦਾ ਵੀ ਉਨ੍ਹਾਂ ਵਿੱਚੋਂ ਇੱਕ ਹਨ। ਪਰ ਬਿਨਾਂ ਤਨਖ਼ਾਹ ਦੇ ਵੀ ਉਹ ਹੋਰ ਦੋ ਮਹੀਨਿਆਂ ਲਈ ਕੰਮ ਜਾਰੀ ਰੱਖਣ ਦੀ ਉਮੀਦ ਕਰਦੇ ਹਨ।
ਉਹ ਕਹਿੰਦੇ ਹਨ, "ਮੈਂ ਅਜਿਹਾ ਆਪਣੇ ਮਰੀਜ਼ਾਂ ਅਤੇ ਆਪਣੇ ਲੋਕਾਂ ਲਈ ਕਰਨਾ ਚਾਹੁੰਦੀ ਹਾਂ ... ਪਰ ਫੰਡਾਂ ਦੇ ਬਿਨਾਂ, ਇਹ ਸਿਰਫ਼ ਸਾਡੇ ਬਾਰੇ ਨਹੀਂ ਹੈ ਬਲਕਿ ਸਾਡੇ ਮਰੀਜ਼ਾਂ ਲਈ ਚਿੰਤਾਜਨਕ ਹੈ। ਉਹ ਬਹੁਤ ਗਰੀਬ ਹਨ।"
ਹਿਊਮਨ ਰਾਈਟਸ ਵਾਚ ਦੇ ਔਰਤ ਅਧਿਕਾਰ ਵਿਭਾਗ ਦੇ ਸਹਿਯੋਗੀ ਨਿਰਦੇਸ਼ਕ, ਹੀਥਰ ਬੱਰ ਕਹਿੰਦੇ ਹਨ, "ਅਫਗਾਨ ਲੋਕ ਜੰਗ ਵਿੱਚ ਮਾਰੇ ਜਾਣ ਬਾਰੇ ਬਹੁਤ ਕੁਝ ਸੁਣਦੇ ਹਨ।"
"ਪਰ ਬਹੁਤ ਘੱਟ ਲੋਕ ਇਸ ਬਾਰੇ ਗੱਲ ਕਰਦੇ ਸੁਣਾਈ ਦਿੰਦੇ ਹਨ ਕਿ ਕਿੰਨੀਆਂ ਔਰਤਾਂ ਅਤੇ ਬੱਚੇ ਜਨਮ ਦੇਣ ਦੀ ਪ੍ਰਕਿਰਿਆ ਵਿੱਚ ਆਪਣੀ ਜਾਨ ਗੁਆ ਦਿੰਦੇ ਹਨ।"
ਮਈ ਵਿੱਚ ਇੱਕ ਕਾਬੁਲ ਫੇਰੀ ''ਤੇ, ਉਹ ਕਹਿੰਦੇ ਹਨ ਕਿ ਇੱਕ ਹਸਪਤਾਲ ਨੇ ਹੋਰ ਸਾਰੇ ਤਰ੍ਹਾਂ ਦੀਆਂ ਕਟੌਤੀਆਂ ਕਰਕੇ ਸਟਾਫ ਦੀਆਂ ਤਨਖਾਹਾਂ ਬਚਾਉਣ ਦੀ ਕੋਸ਼ਿਸ਼ ਕੀਤੀ।
ਜਣੇਪੇ ਵਾਲੀਆਂ ਬਹੁਤ ਸਾਰੀਆਂ ਔਰਤਾਂ ਨੂੰ ਜਨਮ ਦੇਣ ਲਈ ਆਪਣੀ ਖੁਦ ਦੀ ਸਪਲਾਈ ਖਰੀਦਣ ਲਈ ਮਜਬੂਰ ਕੀਤਾ ਗਿਆ।
ਬੱਰ ਦੱਸਦੇ ਹਨ, "ਇੱਕ ਔਰਤ ਨੇ ਦਸਤਾਨੇ, ਸਟੇਰੇਲਾਈਜ਼ਿੰਗ ਫਲਿਊਡ, ਅਤੇ ਹੱਥ ਵਿੱਚ ਕੈਥੀਟਰ ਲਈ ਇੱਕ ਟਿਊਬ ਵਰਗੀਆਂ ਚੀਜ਼ਾਂ ''ਤੇ ਲਗਭਗ 26 ਡਾਲਰ ਖਰਚ ਕੀਤੇ।"
"ਉਸ ਨੇ ਆਪਣੇ ਲਗਭਗ ਸਾਰੇ ਪੈਸੇ ਖਰਚ ਕਰ ਦਿੱਤੇ ਅਤੇ ਉਹ ਬਹੁਤ ਜ਼ਿਆਦਾ ਤਣਾਅ ਵਿੱਚ ਸੀ ਕਿਉਂਕਿ ਉਸਨੂੰ ਸੀਜੇਰੀਅਨ ਕਰਵਾਉਣ ਦੀ ਜ਼ਰੂਰਤ ਸੀ, ਤਾਂ ਉਸਨੂੰ ਆਪਣੀ ਸਕੈਲਪਲ ਖਰੀਦਣੀ ਪਈ।"
ਪਰ ਹੁਣ, ਦਵਾਈ ਅਤੇ ਡਾਕਟਰੀ ਸਪਲਾਈ ਦੀ ਘਾਟ ਦਾ ਮਤਲਬ ਹੈ ਕਿ ਉਹ ਸਿਰਫ਼ ਨਿੱਜੀ ਸਿਹਤ ਦੇਖਭਾਲ ਸਹੂਲਤਾਂ ਤੋਂ ਹੀ ਖਰੀਦੇ ਜਾ ਸਕਦੇ ਹਨ, ਜੋ ਕਿ ਬਹੁਤ ਸਾਰੇ ਅਫ਼ਗਾਨ ਲੋਕਾਂ ਲਈ ਪਹੁੰਚ ਤੋਂ ਬਾਹਰ ਦਾ ਬਦਲ ਹੈ।
ਜ਼ਰਮਿਨਾ ਕਹਿੰਦੇ ਹਨ, "ਮੈਂ ਰ ਗਰਭਵਤੀ ਔਰਤਾਂ ਨੂੰ ਸਾਡੇ ਸਥਾਨਕ ਕਲੀਨਿਕ ਵਿੱਚ ਕਿਸੇ ਦਵਾਈ ਦੀ ਉਡੀਕ ਕਰਦਿਆਂ ਅਤੇ ਖਾਲੀ ਹੱਥ ਘਰ ਪਰਤਦਿਆਂ ਵੇਖਿਆ ਹੈ।"
"ਮੈਂ ਹਸਪਤਾਲ ਦੀ ਬਜਾਏ ਘਰ ਵਿੱਚ ਜਨਮ ਦੇਣਾ ਪਸੰਦ ਕਰਾਂਗੀ ਕਿਉਂਕਿ ਇੱਥੇ ਕੋਈ ਦਵਾਈ ਅਤੇ ਕੋਈ ਸਹੂਲਤਾਂ ਨਹੀਂ ਹਨ। ਮੈਂ ਆਪਣੇ ਬੱਚੇ ਅਤੇ ਆਪਣੀ ਸਿਹਤ ਲਈ ਚਿੰਤਤ ਹਾਂ।"
ਵਿਸ਼ਵ ਬੈਂਕ ਦੇ ਅਨੁਸਾਰ, ਅਫ਼ਗਾਨਿਸਤਾਨ ਦੀ ਲਗਭਗ 54.5% ਆਬਾਦੀ ਰਾਸ਼ਟਰੀ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੀ ਹੈ। ਇਹ ਜ਼ਿਆਦਾਤਰ ਲੋਕ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਹਨ।
ਪੱਛਮੀ ਹੇਰਾਤ ਸੂਬੇ ਦੇ ਗਰੀਬ ਅਤੇ ਅਲੱਗ-ਥਲੱਗ ਪਿੰਡਾਂ ਦੇ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਡਾ. ਲੋਦੀ ਨੇ ਕਿਹਾ, "ਅਸੀਂ ਅਜਿਹੇ ਸਮਾਜ ਨਾਲ ਨਜਿੱਠ ਰਹੇ ਹਾਂ ਜਿਸ ਦੀਆਂ ਕਈ ਲੋੜਾਂ ਹਨ ਅਤੇ ਜਿਨ੍ਹਾਂ ਕੋਲ ਬਹੁਤ ਹੀ ਘੱਟ ਸਾਧਨ ਹਨ।"
"ਅਸੀਂ ਇੱਕ ਵਿਨਾਸ਼ਕਾਰੀ ਸਿਹਤ ਸੰਕਟ ਦਾ ਸਾਹਮਣਾ ਕਰ ਰਹੇ ਹਾਂ।"
ਕਈ ਸਿਹਤ ਸਬੰਧੀ
ਤਾਲਿਬਾਨ ਦੇ ਕਬਜ਼ੇ ਤੋਂ ਬਾਅਦ, ਉਨ੍ਹਾਂ ਦੀ ਟੀਮ ਨੇ ਕੁਪੋਸ਼ਣ, ਅਨੀਮੀਆ, ਮਾਨਸਿਕ ਸਿਹਤ ਸੰਬੰਧੀ ਵਿਗਾੜਾਂ ਅਤੇ ਜਣੇਪੇ ਦੀਆਂ ਪੇਚੀਦਗੀਆਂ ਵਿੱਚ ਜ਼ਬਰਦਸਤ ਵਾਧਾ ਵੇਖਿਆ ਹੈ।
28 ਸਾਲਾ ਲੀਨਾ, ਹੇਰਾਤ ਪ੍ਰਾਂਤ ਦੇ ਇੱਕ ਛੋਟੇ ਜਿਹੇ ਪਿੰਡ ਦੇ ਰਹਿਣ ਵਾਲੇ ਹਨ।
ਉਹ ਕਹਿੰਦੇ ਹਨ, "ਤਾਲਿਬਾਨ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ, ਇੱਕ ਹੈਲਥ ਕਲੀਨਿਕ ਨੇ ਮੇਰੀ ਜਾਂਚ ਦੌਰਾਨ ਮੈਨੂੰ ਗਰਭ ਅਵਸਥਾ ਵਿੱਚ ਕੁਪੋਸ਼ਣ ਅਤੇ ਅਨੀਮੀਆ ਨਾਲ ਗ੍ਰਸਤ ਪਾਇਆ ਸੀ।"
ਫਿਰ ਤਾਲਿਬਾਨ ਨੇ ਇਸ ਖੇਤਰ ਉੱਤੇ ਕਬਜ਼ਾ ਕਰ ਲਿਆ ਅਤੇ ਉਨ੍ਹਾਂ ਦੇ ਪਤੀ ਜੋ ਕਿ ਇੱਕ ਚਰਵਾਹੇ ਸਨ, ਨੇ ਆਪਣੀ ਨੌਕਰੀ ਗੁਆ ਦਿੱਤੀ।
ਪੈਸਿਆਂ ਦੀ ਕਮੀ ਅਤੇ ਤਾਲਿਬਾਨ ਦੇ ਡਰ ਕਾਰਨ, ਲੀਨਾ ਫਿਰ ਦੁਬਾਰਾ ਕਲੀਨਿਕ ਨਹੀਂ ਗਏ। ਇਸਤੋਂ ਮਗਰੋਂ ਉਹ ਬੱਸ ਉਸੇ ਵੇਲੇ ਕਲੀਨਿਕ ਗਏ ਜਦੋਂ ਉਨ੍ਹਾਂ ਦੇ ਜਣੇਪੇ ਦਾ ਸਮਾਂ ਆ ਗਿਆ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs&t=1s
ਉਹ ਦੱਸਦੇ ਹਨ, "ਮੇਰੇ ਪਤੀ ਮੈਨੂੰ ਗਧੇ ''ਤੇ ਉੱਥੇ ਲੈ ਕੇ ਗਏ। ਇੱਕ ਦਾਈ ਨੇ ਸਾਰੀਆਂ ਪੇਚੀਦਗੀਆਂ ਨੂੰ ਸੰਭਾਲਿਆ ਅਤੇ ਮੇਰੇ ਬੱਚੇ ਦੇ ਜਨਮ ਵਿੱਚ ਸਹਾਇਤਾ ਕੀਤੀ। ਬੱਚੇ ਦਾ ਵਜ਼ਨ ਵੀ ਜਨਮ ਸਮੇਂ ਘੱਟ ਸੀ।"
ਲੀਨਾ "ਬਹੁਤ ਮਾੜੀ ਹਾਲਤ" ਵਿੱਚ ਘਰ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਬਿਨਾਂ ਕਿਸੇ ਆਮਦਨੀ ਦੇ ਉਹ ਆਪਣੇ ਬੱਚੇ ਦਾ ਪਾਲਣ-ਪੋਸ਼ਣ ਕਿਵੇਂ ਕਰਨ।
ਬਹੁਤ ਸਾਰੇ ਅਫ਼ਗਾਨ ਲੋਕਾਂ ਨੂੰ ਡਰ ਹੈ ਕਿ ਦੇਸ਼ ਵਿੱਚ ਸਿਹਤ ਸੁਵਿਧਾਵਾਂ ਦਾ ਸੰਕਟ, ਮੁੜ ਨਾ ਠੀਕ ਹੋਣ ਵਾਲੀ ਸਥਿਤੀ ਤੱਕ ਪਹੁੰਚ ਗਿਆ ਹੈ ਅਤੇ ਕੁਝ ਸਭ ਤੋਂ ਕਮਜ਼ੋਰ ਲੋਕ, ਗਰਭਵਤੀ ਔਰਤਾਂ, ਨਵੀਆਂ ਮਾਵਾਂ ਅਤੇ ਛੋਟੇ ਬੱਚੇ, ਇਸ ਦਾ ਖਮਿਆਜ਼ਾ ਭੁਗਤ ਰਹੇ ਹਨ।
ਆਬਿਦਾ ਹੁਣ ਆਪਣੀ ਦਾਈ ਦੀ ਡਿਊਟੀ ਕਰਦੇ ਹੋਏ ਬਿਲਕੁਲ ਨਾਉਮੀਦ ਹਨ।
ਉਹ ਕਹਿੰਦੇ ਹਨ, "ਹਰ ਬੀਤੇ ਦਿਨ ਦੇ ਨਾਲ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਕੋਈ ਨਹੀਂ ਜਾਣਦਾ ਕਿ ਸਾਡਾ ਕੀ ਬਣੇਗਾ।"
ਇੰਟਰਵਿਊ ਦੇਣ ਵਾਲਿਆਂ ਦੇ ਨਾਂ ਬਦਲੇ ਗਏ ਹਨ।
ਇਲਸਟ੍ਰੇਸ਼ਨਜ਼ - ਈਲੇਨ ਜੰਗ
ਇਹ ਵੀ ਪੜ੍ਹੋ:
- ਮੀਨੋਪੌਜ਼ ਕੀ ਹੈ ਜਿਸ ਕਾਰਨ ਔਰਤਾਂ ਦਾ ਵਿਹਾਰ ਬਦਲ ਸਕਦਾ ਹੈ
- ਜਦੋਂ ਤੁਸੀਂ ਮਿੱਠਾ ਖਾਣਾ ਛੱਡ ਦਿੰਦੇ ਹੋ ਤਾਂ ਤੁਹਾਡੇ ਦਿਮਾਗ ''ਤੇ ਕੀ ਅਸਰ ਹੁੰਦਾ ਹੈ
- ਸਕੂਲ ਦੀਆਂ ਛੁੱਟੀਆਂ ਵਿੱਚ ਇਸ 12 ਸਾਲਾ ਬੱਚੇ ਨੇ ਕਰੋੜਾਂ ਰੁਪਏ ਕਿਵੇਂ ਕਮਾਏ
https://www.youtube.com/watch?v=HEHt6fPzky4
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''6c0b73a7-d815-4523-be74-9cdfd1391c94'',''assetType'': ''STY'',''pageCounter'': ''punjabi.international.story.58625336.page'',''title'': ''ਤਾਲਿਬਾਨ ਦੇ ਰਾਜ ਵਿੱਚ ਬੱਚੇ ਪੈਦਾ ਕਰਨਾ ਔਰਤਾਂ ਲਈ ਇੰਝ \''ਖੌਫ਼ਨਾਕ\'' ਹੋ ਗਿਆ ਹੈ'',''author'': ''ਈਲੇਨ ਜੰਗ ਅਤੇ ਹਾਫਿਜ਼ੁੱਲਾ ਮਾਰੂਫ'',''published'': ''2021-09-21T02:21:14Z'',''updated'': ''2021-09-21T02:21:14Z''});s_bbcws(''track'',''pageView'');