ਕੋਰੋਨਾ ਕਾਰਨ ਵਿਧਵਾ ਹੋਈ ਇੱਕ ਔਰਤ ਦੀ ਦਿਲਚੀਰਵੀਂ ਕਹਾਣੀ ਜਿਸ ਨੇ 37 ਸਾਲਾ ਪਤੀ ਨੂੰ ਗੁਆ ਲਿਆ
Wednesday, Jun 23, 2021 - 07:36 AM (IST)

ਕੋਰੋਨਾਵਾਇਰਸ ਮਹਾਂਮਾਰੀ ਦੀ ਦੂਜੀ ਲਹਿਰ ਨੇ ਪਰਿਵਾਰਾਂ ਨੂੰ ਤਬਾਹ ਕਰ ਦਿੱਤਾ ਅਤੇ ਬਹੁਤ ਸਾਰੀਆਂ ਔਰਤਾਂ ਦੇ ਜੀਵਨ ਸਾਥੀ ਉਨ੍ਹਾਂ ਤੋਂ ਵਿੱਛੜ ਗਏ ਹਨ।
ਇਨ੍ਹਾਂ ਵਿੱਚੋਂ ਜ਼ਿਆਦਾਤਰ ਆਪਣੀ ਉਮਰ ਦੇ 30ਵੇਂ ਅਤੇ 40ਵੇਂ ਸਾਲਾਂ ਵਿੱਚ ਹਨ। ਇਨ੍ਹਾਂ ਨੇ ਪਹਿਲਾਂ ਕਦੇ ਕੋਈ ਕੰਮ ਨਹੀਂ ਕੀਤਾ ਅਤੇ ਆਪਣੇ ਆਪ ਨੂੰ ਇੱਕ ਸੁਆਣੀ ਵਜੋਂ ਸੀਮਤ ਕੀਤਾ ਹੋਇਆ ਸੀ।
ਹੁਣ, ਉਹ ਆਰਥਿਕਤਾ ਦੇ ਸੰਕਟ ਦਾ ਸਾਹਮਣਾ ਕਰ ਰਹੇ ਇੱਕ ਅਨਿਸ਼ਚਤ ਭਵਿੱਖ ਦਾ ਸਾਹਮਣਾ ਕਰ ਰਹੀਆਂ ਹਨ।
ਇਹ ਵੀ ਪੜ੍ਹੋ:
- ਮੁਸਲਮਾਨ ਔਰਤਾਂ ਵੱਲੋਂ ਵਧੇਰੇ ਬੱਚੇ ਪੈਦਾ ਕਰਨ ਬਾਰੇ ਕੀ ਕਹਿੰਦੇ ਅੰਕੜੇ
- ਨਵਜੋਤ ਸਿੱਧੂ ਤੇ ਹੋਰਾਂ ਦੇ ਬਾਗੀ ਸੁਰਾਂ ਕਰਕੇ ਘਿਰੇ ਕੈਪਟਨ ਦੀਆਂ ਇਹ ਹਨ ਚੁਣੌਤੀਆਂ
- ਹਿੰਦੂ ਮੁੰਡੇ ਤੇ ਮੁਸਲਿਮ ਕੁੜੀ ''ਤੇ ਬਣੀ ਡਰਾਮਾ ਸੀਰੀਜ਼ ਤੋਂ ਪਾਕਿਸਤਾਨ ''ਚ ਕਿਉਂ ਨਾਰਾਜ਼ ਹੋਏ ਲੋਕ
ਬਹੁਤ ਸਾਰੀਆਂ ਔਰਤਾਂ ਜੋ ਹਾਲ ਹੀ ਵਿੱਚ ਵਿਧਵਾ ਹੋਈਆਂ ਹਨ, ਉਹ ਪਿੱਤਰਸੱਤਾਵਾਦੀ ਵਿਵਸਥਾਵਾਂ ਦਾ ਹਿੱਸਾ ਹਨ ਅਤੇ ਉਨ੍ਹਾਂ ਕੋਲ ਕੋਈ ਪੇਸ਼ੇਵਰ ਡਿਗਰੀ ਨਹੀਂ ਹੈ ਅਤੇ ਨਾ ਹੀ ਪਹਿਲਾਂ ਕੀਤੇ ਕਿਸੇ ਕੰਮ ਦਾ ਤਜਰਬਾ ਹੈ।
ਉਨ੍ਹਾਂ ਵਿੱਚੋਂ ਬਹੁਤ ਸਾਰੀਆਂ ਲਈ ਦੁਬਾਰਾ ਵਿਆਹ ਕਰਾਉਣ ਦਾ ਬਦਲ ਵੀ ਨਹੀਂ ਹੈ।
ਬੀਬੀਸੀ ਨੇ ਹਾਲ ਹੀ ਵਿੱਚ ਇੱਕ ਵਿਧਵਾ ਔਰਤ ਨਾਲ ਗੱਲ ਕੀਤੀ ਜੋ 32 ਸਾਲਾਂ ਦੇ ਹਨ। ਪਤੀ ਨੂੰ ਗੁਆਉਣ ਮਗਰੋਂ ਉਨ੍ਹਾਂ ਦੇ ਡਰ ਅਤੇ ਉਸ ਤੋਂ ਬਾਅਦ ਦੀ ਜ਼ਿੰਦਗੀ ਬਾਰੇ ਉਨ੍ਹਾਂ ਨਾਲ ਗੱਲ ਕੀਤੀ ਗਈ।
ਰੇਨੂ ਦੇ ਪਤੀ 25 ਅਪ੍ਰੈਲ 2021 ਨੂੰ ਕੋਵਿਡ ਕਾਰਨ ਜ਼ਿੰਦਗੀ ਦੀ ਜੰਗ ਹਾਰ ਗਏ ਸਨ।
ਰੇਨੂ ਦੀ ਕਹਾਣੀ ਉਨ੍ਹਾਂ ਦੀ ਜ਼ੁਬਾਨੀ
ਮੈਂ ਜਦੋਂ ਉਸ ਨੂੰ ਯਾਦ ਕਰਦੀ ਹਾਂ ਤਾਂ ਮੈਂ ਉਸ ਦੀ ਚਿੱਟੀ ਟੀ-ਸ਼ਰਟ ਪਹਿਨਦੀ ਹਾਂ। ਪਰ ਮੈਨੂੰ ਇਹ ਵੀ ਪਤਾ ਹੈ ਕਿ ਟੀ-ਸ਼ਰਟ ਸਦਾ ਲਈ ਨਹੀਂ ਰਹੇਗੀ, ਮਤਲਬ ਸਭ ਸਦੀਵੀਂ ਨਹੀਂ ਹੈ।
ਵਿਆਹ ਸਦਾ ਲਈ ਰਹਿਣਾ ਹੁੰਦਾ ਹੈ, ਪਰ ਇਹ ਨਹੀਂ ਰਿਹਾ।
ਉਸ ਤੋਂ ਬਿਨਾਂ ਸੌਣਾ ਬਹੁਤ ਅਜੀਬ ਲੱਗਦਾ ਹੈ। ਜਾਗਣਾ ਬਹੁਤ ਅਜੀਬ ਲੱਗਦਾ ਅਤੇ ਰੋਣ ਲਈ ਸ਼ਾਂਤ ਜਗ੍ਹਾ ਦੀ ਭਾਲ ਕਰਨੀ ਹੁੰਦੀ ਹੈ। ਇਹ ਸਭ ਅਜੀਬ ਹੈ।
ਮੇਰੀ 9 ਸਾਲਾਂ ਦੀ ਬੇਟੀ ਉਦੋਂ ਤੱਕ ਨਹੀਂ ਸੌਂਦੀ ਜਦੋਂ ਤੱਕ ਮੈਂ ਨਹੀਂ ਸੌਂ ਜਾਂਦੀ। ਉਹ ਸਿਰਫ਼ ਨੌਂ ਸਾਲਾਂ ਦੀ ਹੈ, ਪਰ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਹੋਈ ਕੋਈ ਮੌਤ ਤੁਹਾਨੂੰ ਜਲਦੀ ਵੱਡਾ ਕਰ ਦਿੰਦੀ ਹੈ।
ਇੱਕ ਦਿਨ ਮੈਂ ਉਸ ਨੂੰ ਛੱਤ ''ਤੇ ਰੋਂਦੀ ਹੋਈ ਨੂੰ ਦੇਖਿਆ। ਉਹ ਆਪਣੇ ਪਿਤਾ ਦੀ ਫੋਟੋ ਫੜ੍ਹ ਕੇ ਸਿਸਕੀਆਂ ਭਰ ਰਹੀ ਸੀ।
ਮੈਂ ਉਸ ਕੋਲ ਗਈ ਅਤੇ ਕਿਹਾ ਕਿ ਜੇ ਉਹ ਰੌਂਦੀ ਹੈ ਤਾਂ ਮੈਂ ਪਰਿਵਾਰ ਦੀ ਦੇਖਭਾਲ ਕਿਵੇਂ ਕਰਾਂਗੀ। ਉਸ ਨੇ ਮੇਰੇ ਨਾਲ ਵਾਅਦਾ ਕੀਤਾ ਕਿ ਉਹ ਨਹੀਂ ਰੋਏਗੀ ਅਤੇ ਉਸ ਨੇ ਮੇਰੇ ਤੋਂ ਵਾਅਦਾ ਲਿਆ ਕਿ ਮੈਂ ਵੀ ਕਦੇ ਨਹੀਂ ਰੋਵਾਂਗੀ। ਅਸੀਂ ਇਸ ਡੀਲ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਹੀਆਂ ਹਾਂ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs
ਮੇਰਾ ਬੇਟਾ ਚਾਰ ਸਾਲ ਦਾ ਹੈ। ਉਹ ਸੋਚਦਾ ਹੈ ਕਿ ਉਸ ਦੇ ਪਿਤਾ ਹਸਪਤਾਲ ਗਏ ਹਨ ਅਤੇ ਜਲਦੀ ਵਾਪਸ ਆ ਜਾਣਗੇ।
ਮੈਨੂੰ ਯਾਦ ਹੈ ਜਿਸ ਦਿਨ ਪਤੀ ਦਾ ਦੇਹਾਂਤ ਹੋਇਆ। ਉਸ ਦੇ ਫੇਫੜੇ ਖ਼ਰਾਬ ਹੋ ਗਏ ਸਨ। ਅਸੀਂ ਕਦੇ ਨਹੀਂ ਸੋਚਿਆ ਸੀ ਕਿ ਉਸ ਨੂੰ ਕੋਵਿਡ-19 ਹੈ, ਪਰ ਇੱਕ ਰਾਤ ਪਹਿਲਾਂ, ਜਦੋਂ ਉਸ ਨੂੰ ਸਾਹ ਦੀ ਸ਼ਿਕਾਇਤ ਹੋਣ ਤੋਂ ਬਾਅਦ ਅਸੀਂ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਕਿਹਾ ਕਿ ਉਹ ਕੋਰੋਨਾ ਪੌਜ਼ੀਟਿਵ ਹੈ।
ਹਸਪਤਾਲ ਵਿੱਚ ਜ਼ਿਆਦਾ ਆਕਸੀਜਨ ਨਹੀਂ ਬਚੀ ਸੀ, ਇਸ ਲਈ ਉਨ੍ਹਾਂ ਨੇ ਮੇਰੇ ਸਹੁਰਾ ਪਰਿਵਾਰ ਨੂੰ ਮੇਰੇ ਪਤੀ ਨੂੰ ਘਰ ਲੈ ਜਾਣ ਲਈ ਕਿਹਾ। ਹਾਲਾਂਕਿ, ਅਸੀਂ ਉਸ ਦੇ ਦੋਸਤਾਂ ਦੀ ਮਦਦ ਨਾਲ ਉਸ ਲਈ ਸਿਲੰਡਰਾਂ ਦਾ ਪ੍ਰਬੰਧ ਕੀਤਾ।
ਉਹ ਉਸ ਦੁਪਹਿਰ ਨੂੰ ਸੌਂ ਗਿਆ। ਇਹ ਅਪ੍ਰੈਲ 25 ਦਾ ਦਿਨ ਸੀ। ਉਸ ਦੇ ਕੁਝ ਦੋਸਤ ਸਾਡੇ ਕੋਲ ਆਏ ਹੋਏ ਸਨ। ਮੈਂ ਆਪਣੇ ਸਹੁਰਿਆਂ ਅਤੇ ਬੱਚਿਆਂ ਨੂੰ ਪਤੀ ਤੋਂ ਦੂਰ ਰਹਿਣ ਲਈ ਕਿਹਾ। ਮੈਂ ਉਸ ਦੇ ਨਾਲ ਸੀ।
ਸ਼ਾਮ ਨੂੰ, ਉਸ ਨੇ ਮੈਨੂੰ ਬੱਚਿਆਂ ਨੂੰ ਆਪਣੇ ਕੋਲ ਲਿਆਉਣ ਲਈ ਕਿਹਾ। ਉਸ ਨੇ ਦੂਰੀ ਬਣਾਈ ਰੱਖਣ ਲਈ ਮੇਰੇ ਵੱਲ ਇਸ਼ਾਰਾ ਕੀਤਾ ਅਤੇ ਫਿਰ ਉਸ ਨੇ ਦੋਹਾਂ ਬੱਚਿਆਂ ਵੱਲ ਵੇਖਿਆ ਅਤੇ ਮੁਸਕੁਰਾਇਆ।
ਉਹ ਸਿਰਫ਼ 37 ਸਾਲ ਦਾ ਸੀ
ਮੈਂ ਕਿਹਾ ਕਿ ਉਸ ਨੂੰ ਕੁਝ ਨਹੀਂ ਹੋਣ ਵਾਲਾ ਹੈ। ਉਸ ਨੇ ਕਿਹਾ ਕਿ ਜਦੋਂ ਮੈਂ ਉਨ੍ਹਾਂ ਦੇ ਨਾਲ ਹਾਂ ਤਾਂ ਉਨ੍ਹਾਂ ਨੂੰ ਅਜਿਹਾ ਕੁਝ ਨਹੀਂ ਸੋਚਣਾ ਚਾਹੀਦਾ।
ਰਾਤ ਦੇ ਸਾਢੇ 10 ਵਜੇ ਦੇ ਕਰੀਬ ਹੋਏ ਸਨ। ਅਸੀਂ ਆਕਸੀਜਨ ਸਿਲੰਡਰ ਨੂੰ ਬਦਲ ਰਹੇ ਸੀ ਤਾਂ ਜਦੋਂ ਉਸ ਦੇ ਦੋਸਤ ਅਤੇ ਸਾਡੇ ਗੁਆਂਢੀ ਨੇ ਆਕਸੀਮੀਟਰ ਰੀਡਿੰਗ ਚੈੱਕ ਕੀਤੀ ਅਤੇ ਉਸ ਦਾ ਐੱਸਪੀਓ2 ਦਾ ਲੈਵਲ ਜ਼ੀਰੋ ਸੀ। ਉਸ ਦੀ ਨਬਜ਼ ਦੀ ਦਰ 15 ਸੀ।
ਉਸ ਦੇ ਦੋਸਤ ਸੰਦੀਪ ਨੇ ਸੀਪੀਆਰ ਕੀਤੀ। ਉਹ ਇੱਕ ਮੈਡੀਕਲ ਪੇਸ਼ੇਵਰ ਹੈ। ਉਸ ਨੇ ਇੱਕ ਟੀਕਾ ਵੀ ਲਗਾਇਆ ਜੋ ਹਸਪਤਾਲ ਦੇ ਡਾਕਟਰ ਨੇ ਦਿੱਤਾ ਸੀ।
ਮੇਰੇ ਪਤੀ ਦੇ ਦਿਲ ਨੇ ਧੜਕਣਾ ਬੰਦ ਕਰ ਦਿੱਤਾ, ਉਸ ਦਾ ਬਸ ਇਸ ਤਰ੍ਹਾਂ ਹੀ ਦੇਹਾਂਤ ਹੋ ਗਿਆ। ਉਹ ਸਿਰਫ਼ 37 ਸਾਲ ਦਾ ਸੀ।
ਇੱਕ ਪਲ ਵਿੱਚ ਜ਼ਿੰਦਗੀ ਬਦਲ ਜਾਂਦੀ ਹੈ, ਇਹ ਸੱਚ ਹੈ
ਮੈਨੂੰ ਉਹ ਰਸੋਈ ਦੀਆਂ ਯਾਦਾਂ ਯਾਦ ਹਨ। ਲੌਕਡਾਊਨ ਦੌਰਾਨ ਅਸੀਂ ਇਕੱਠੇ ਖਾਣਾ ਬਣਾਉਂਦੇ ਸੀ।
ਉਹ ਗੂਗਲ ਤੋਂ ਦੇਖਦਾ ਅਤੇ ਮੈਂ ਸਬਜ਼ੀਆਂ ਨੂੰ ਕੱਟਦੀ ਅਤੇ ਉਹ ਉਨ੍ਹਾਂ ਨੂੰ ਪਕਾਉਂਦੇ।
ਹੁਣ ਇੱਥੇ ਕੋਈ ਮੈਨੂੰ ਇਹ ਦੱਸਣ ਲਈ ਨਹੀਂ ਹੈ ਕਿ ਕੀ ਪਕਾਉਣਾ ਹੈ।
ਕਿਸੇ ਹੋਰ ਚੀਜ਼ ਤੋਂ ਜ਼ਿਆਦਾ ਮੈਨੂੰ ਭਵਿੱਖ ਤੋਂ ਡਰ ਲੱਗਦਾ ਹੈ। ਮੈਨੂੰ ਆਪਣੇ ਬੱਚਿਆਂ ਬਾਰੇ ਸੋਚ ਕੇ ਡਰ ਲੱਗ ਰਿਹਾ ਹੈ। ਮੈਂ ਪਿਆਰ ਦੇ ਬਿਨਾਂ ਵਾਲੇ ਆਪਣੇ ਭਵਿੱਖ ਤੋਂ ਸੁਚੇਤ ਹਾਂ।
ਮੈਂ ਹਮੇਸ਼ਾ ਇੱਕ ਪੇਸ਼ੇਵਰ ਮੇਕਅਪ ਆਰਟਿਸਟ ਬਣਨਾ ਚਾਹੁੰਦੀ ਸੀ। ਮੈਂ 10ਵੀਂ ਜਮਾਤ ਤੋਂ ਬਾਅਦ ਸਕੂਲ ਛੱਡ ਦਿੱਤਾ ਸੀ। ਮੈਨੂੰ ਪੜ੍ਹਾਈ ਬਹੁਤ ਜ਼ਿਆਦਾ ਪਸੰਦ ਨਹੀਂ ਸੀ।
ਮੇਰਾ ਪੁਰਾਣੀ ਦਿੱਲੀ ਵਿੱਚ ਪਾਲਣ ਪੋਸ਼ਣ ਹੋਇਆ ਸੀ ਅਤੇ ਮੇਰੀ ਮਾਂ ਹੋਮਮੇਕਰ ਸੀ ਤੇ ਮੇਰੇ ਪਿਤਾ ਰੇਲਵੇ ਵਿੱਚ ਕੰਮ ਕਰਦੇ ਸਨ।
ਮੈਂ ਅਤੇ ਮੇਰਾ ਜੁੜਵਾਂ ਭਰਾ ਪੁਰਾਣੇ ਘਰ ਵਿੱਚ ਪੈਦਾ ਹੋਏ ਸੀ। ਮੈਂ ਭੈਣਾਂ-ਭਰਾਵਾਂ ਵਿੱਚੋਂ ਸਭ ਤੋਂ ਵੱਡੀ ਹਾਂ। ਬਾਅਦ ਵਿੱਚ ਮੇਰੀ ਮਾਂ ਨੇ ਦੋ ਹੋਰ ਬੱਚਿਆਂ ਨੂੰ ਜਨਮ ਦਿੱਤਾ ਸੀ।
ਮੈਨੂੰ ਸਜਣਾ ਸਵਰਨਾ ਪਸੰਦ ਸੀ ਅਤੇ ਮੇਕਅਪ ਕਰਨਾ ਮੇਰਾ ਜਨੂੰਨ ਸੀ ਅਤੇ ਮੈਂ ਛੇਵੀਂ ਕਲਾਸ ਵਿੱਚ ਆਪਣੀ ਮਾਸੀ ਦੀ ਲਿਪਸਟਿਕ ਵਰਤਣੀ ਸ਼ੁਰੂ ਕਰ ਦਿੱਤੀ।
ਉਹ ਨਾਰਾਜ਼ ਹੋ ਜਾਂਦੀ ਸੀ, ਪਰ ਫਿਰ ਵੀ ਮੈਨੂੰ ਪਰਵਾਹ ਨਹੀਂ ਸੀ। ਮੇਰੀ ਭੂਆ ਦਾ ਲਕਸ਼ਮੀ ਨਗਰ ਵਿੱਚ ਇੱਕ ਪਾਰਲਰ ਸੀ ਅਤੇ ਮੈਂ ਉੱਥੇ ਜਾ ਕੇ ਉਨ੍ਹਾਂ ਦਾ ਕੰਮਕਾਜ ਦਾ ਢੰਗ ਵੇਖਦੀ ਹੁੰਦੀ ਸੀ।
ਮੈਂ ਜਵਾਨ ਸੀ ਅਤੇ ਮੈਨੂੰ ਕਦੇ ਵੀ ਕੋਈ ਅਜਿਹਾ ਨਹੀਂ ਮਿਲਿਆ ਜਿਸ ਨਾਲ ਮੈਂ ਵਿਆਹ ਕਰਵਾਉਣਾ ਚਾਹੁੰਦੀ ਹੋਵਾਂ ਅਤੇ ਫਿਰ ਜਦੋਂ ਮੈਂ 20 ਸਾਲਾਂ ਦੀ ਹੋਈ ਤਾਂ ਮੈਂ ਆਪਣੇ ਪਤੀ ਨੂੰ ਮਿਲੀ।
ਇਹ ਸਾਲ 2009 ਸੀ
ਅਸੀਂ ਪਹਿਲੀ ਵਾਰ ਉਸ ਸਮੇਂ ਮਿਲੇ ਜਦੋਂ ਉਹ ਮੇਰੇ ਪਰਿਵਾਰ ਨਾਲ ਮਿਲਣ ਲਈ ਆਪਣੇ ਮਾਪਿਆਂ ਨਾਲ ਆਇਆ ਸੀ। ਇਹ ਇੱਕ ਅਰੇਂਜਡ ਮੈਰਿਜ ਸੀ।
ਮੈਂ ਸਿਰਫ਼ 20 ਸਾਲਾਂ ਦੀ ਸੀ। ਮੇਰੇ ਪਿਤਾ ਜੀ ਦੀ ਤਬੀਅਤ ਠੀਕ ਨਹੀਂ ਸੀ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਮੇਰਾ ਵਿਆਹ ਦੇਖਣਾ ਚਾਹੁੰਦੇ ਹਨ।
ਜਿਵੇਂ ਕਿ ਪੁਰਾਣੀਆਂ ਫਿਲਮਾਂ ਵਿੱਚ ਵਾਪਰਦਾ ਹੈ, ਮੈਂ ਸਨੈਕਸ ਅਤੇ ਚਾਹ ਦੀ ਇੱਕ ਟ੍ਰੇਅ ਲੈ ਕੇ ਗਈ ਜਦੋਂ ਮੈਂ ਉਸ ਨੂੰ ਪਹਿਲੀ ਵਾਰ ਦੇਖਿਆ ਸੀ। ਸਾਨੂੰ ਇੱਕ ਕਮਰੇ ਵਿੱਚ ਇੱਕ ਦੂਜੇ ਨਾਲ ਇਕੱਲੇ ਬੈਠ ਕੇ ਗੱਲ ਕਰਨ ਅਤੇ ਫੈਸਲਾ ਲੈਣ ਲਈ ਕਿਹਾ ਗਿਆ ਸੀ।
ਮੈਂ ਉਸ ਨੂੰ ਕਿਹਾ ਕਿ ਮੈਨੂੰ ਸਜਣਾ ਸਵਰਨਾ ਅਤੇ ਮੇਕਅਪ ਕਰਨਾ ਚੰਗਾ ਲੱਗਦਾ ਹੈ ਅਤੇ ਉਸ ਨੇ ਮੈਨੂੰ ਭਰੋਸਾ ਦਿਵਾਇਆ ਕਿ ਉਸ ਦੇ ਪਰਿਵਾਰ ਨੂੰ ਮੇਰੇ ਅਜਿਹਾ ਕਰਨ ''ਤੇ ਕੋਈ ਸਮੱਸਿਆ ਨਹੀਂ ਹੈ। ਉਹ ਹੱਸਦਾ ਰਿਹਾ ਅਤੇ ਫਿਰ ਉਸ ਨੇ ਕਿਹਾ ਕਿ ਉਸ ਨੇ ਮੈਨੂੰ ਪਹਿਲਾਂ ਹੀ ਪਸੰਦ ਕੀਤਾ ਹੋਇਆ ਹੈ।
ਮੈਂ ਵਾਪਸ ਉੱਥੇ ਗਈ ਜਿੱਥੇ ਸਾਡੇ ਪਰਿਵਾਰ ਵਾਲੇ ਬੈਠੇ ਸਨ ਅਤੇ ਉਨ੍ਹਾਂ ਨੂੰ ਦੱਸਿਆ ਕਿ ਮੈਨੂੰ ਉਹ ਮੁੰਡਾ ਚੰਗਾ ਲੱਗਿਆ ਹੈ।
ਮੈਨੂੰ ਯਾਦ ਹੈ ਕਿ ਮੈਨੂੰ ਉਸ ਦੀ ਮੁਸਕਰਾਹਟ ਪਸੰਦ ਆਈ ਸੀ। ਵਿਆਹ ਕਰਾਉਣ ਦਾ ਇਹ ਚੰਗਾ ਕਾਰਨ ਸੀ। ਮੈਂ ਆਪਣੇ ਮਨ ਹੀ ਮਨ ਸੋਚਿਆ।
ਇਕ ਸਾਲ ਬਾਅਦ, ਸਾਡਾ ਵਿਆਹ 19 ਨਵੰਬਰ, 2010 ਨੂੰ ਹੋਇਆ।
ਮੈਂ ਕੁਝ ਮਹੀਨਿਆਂ ਬਾਅਦ ਹੀ ਆਪਣੇ ਪਹਿਲੇ ਬੱਚੇ ਨਾਲ ਗਰਭਵਤੀ ਹੋ ਗਈ ਅਤੇ ਮੈਂ ਉਸ ਸਮੇਂ ਮਾਂ ਨਹੀਂ ਬਣਨਾ ਚਾਹੁੰਦੀ ਸੀ। ਇਹ ਬਹੁਤ ਜਲਦੀ ਸੀ, ਪਰ ਮੇਰੇ ਪਤੀ ਨੇ ਕਿਹਾ ਕਿ ਸਾਨੂੰ ਬੱਚੇ ਨੂੰ ਜਨਮ ਦੇਣਾ ਚਾਹੀਦਾ ਹੈ।
ਇਸ ਲਈ ਮੇਰੀ ਧੀ ਪੈਦਾ ਹੋਈ ਅਤੇ ਉਸ ਨੇ ਉਸ ਨੂੰ ਬਹੁਤ ਪਿਆਰ ਕੀਤਾ।
2013 ਵਿੱਚ ਮੈਂ ਇੱਕ ਮੇਕਅਪ ਕੋਰਸ ਕੀਤਾ ਅਤੇ ਮੇਰੀ ਲਗਭਗ ਪਲੇਸਮੈਂਟ ਹੋ ਗਈ ਸੀ, ਪਰ ਮੇਰੀ ਧੀ ਬਹੁਤ ਛੋਟੀ ਸੀ ਅਤੇ ਇਸ ਲਈ ਮੈਂ ਘਰ ਰਹਿਣ ਦਾ ਫੈਸਲਾ ਕੀਤਾ।
ਪਰ ਮੈਂ ਫ੍ਰੀਲਾਂਸ ਕੰਮ ਕੀਤਾ ਅਤੇ ਮੈਂ ਪ੍ਰਤੀ ਮਹੀਨਾ ਲਗਭਗ 20,000-25,000 ਰੁਪਏ ਬਣਾ ਲੈਂਦੀ ਸੀ। ਸਾਲ 2016 ਵਿੱਚ ਮੇਰਾ ਬੇਟਾ ਪੈਦਾ ਹੋਇਆ ਸੀ।
''ਜ਼ਿੰਦਗੀ ਅਤੇ ਮੌਤ ਦੀ ਕੋਈ ਗਰੰਟੀ ਨਹੀਂ''
ਪਿਛਲੇ ਸਾਲ ਅਪ੍ਰੈਲ ਵਿੱਚ ਮੇਰੇ ਕੋਲ 20 ਵਿਆਹਾਂ ਦੀਆਂ ਮੇਕਅਪ ਬੁਕਿੰਗਾਂ ਸਨ। ਮੈਂ ਬਹੁਤ ਸਾਰਾ ਪੈਸਾ ਕਮਾਉਣਾ ਸੀ, ਪਰ ਲੌਕਡਾਊਨ ਲੱਗ ਗਿਆ ਅਤੇ ਇੱਕ ਸਾਲ ਤੱਕ ਕੰਮ ਨਹੀਂ ਕੀਤਾ।
ਜੋ ਮੈਂ ਪੈਸੇ ਕਮਾਏ ਸਨ, ਉਨ੍ਹਾਂ ਦੀ ਕੋਈ ਬਚਤ ਨਹੀਂ ਕੀਤੀ। ਮੈਂ ਗਹਿਣੇ ਖਰੀਦੇ, ਤੋਹਫ਼ੇ ਖਰੀਦੇ, ਜੁੱਤੇ ਅਤੇ ਗਾਉਨ ਖਰੀਦ ਲਏ।
ਮੇਰਾ ਪਤੀ ਅਕਸਰ ਇਸ ਗੱਲੋਂ ਪਰੇਸ਼ਾਨ ਹੁੰਦਾ ਸੀ ਅਤੇ ਉਹ ਮੈਨੂੰ ਕਹਿੰਦਾ ਸੀ ਕਿ ਜ਼ਿੰਦਗੀ ਅਤੇ ਮੌਤ ਦੀ ਕੋਈ ਗਰੰਟੀ ਨਹੀਂ ਹੈ, ਪਰ ਜਦੋਂ ਤੁਸੀਂ ਜਵਾਨ ਹੁੰਦੇ ਹੋ ਅਤੇ ਤੁਹਾਡੇ ਕੋਲ ਪੈਸਾ ਹੁੰਦਾ ਹੈ, ਉਦੋਂ ਤੁਸੀਂ ਮੌਤ ਬਾਰੇ ਨਹੀਂ ਸੋਚਦੇ।
ਫਰਵਰੀ ਵਿੱਚ ਅਸੀਂ ਰਾਜੌਰੀ ਗਾਰਡਨ (ਦਿੱਲੀ) ਵਿੱਚ ਇੱਕ ਮਾਲ ਵਿੱਚ ਗਏ ਹੋਏ ਸੀ। ਪਰਿਵਾਰ ਵਿੱਚ ਇੱਕ ਵਿਆਹ ਸੀ ਅਤੇ ਅਸੀਂ ਉਸ ਲਈ ਖਰੀਦਦਾਰੀ ਕਰਨ ਗਏ ਹੋਏ ਸੀ। ਮੈਂ ਉਦੋਂ ਉੱਥੇ ਗੁਲਾਬੀ ਗਾਊਨ ਡਮੀ ''ਤੇ ਦੇਖਿਆ।
ਇਹ ਡਿਸਪਲੇ ਵਿੰਡੋ ਵਿੱਚ ਸੀ ਅਤੇ ਮੈਨੂੰ ਇਹ ਬਹੁਤ ਪਸੰਦ ਆ ਗਿਆ। ਮੈਂ ਆਸ ਕੀਤੀ ਕਿ ਇਹ ਲਗਭਗ 4,000 ਰੁਪਏ ਦਾ ਹੋਵੇਗਾ ਕਿਉਂਕਿ ਮੇਰੇ ਕੋਲ ਉਸ ਸਮੇਂ ਇੰਨੇ ਹੀ ਪੈਸੇ ਸਨ।
ਪਰ ਜਦੋਂ ਅਸੀਂ ਸ਼ੋਅਰੂਮ ਦੇ ਅੰਦਰ ਗਏ ਤਾਂ ਸੇਲਜ਼ਮੈਨ ਨੇ ਕਿਹਾ ਕਿ ਗਾਊਨ 8,000 ਰੁਪਏ ਦਾ ਹੈ।
ਮੈਂ ਆਪਣੇ ਪਤੀ ਨੂੰ ਕਿਹਾ ਕਿ ਇਹ ਪੈਸਿਆਂ ਦੀ ਬਰਬਾਦੀ ਹੋਵੇਗੀ ਕਿਉਂਕਿ ਕੋਈ ਵੀ ਰੋਜ਼ ਗਾਊਨ ਨਹੀਂ ਪਾਉਂਦਾ। ਮੈਂ ਆਪਣੇ ਬੱਚਿਆਂ ਲਈ ਸਾਮਾਨ ਖਰੀਦਿਆ ਅਤੇ ਵਾਪਸ ਘਰ ਆ ਗਏ।
ਅਗਲੀ ਸ਼ਾਮ, ਮੇਰਾ ਪਤੀ ਆਪਣੇ ਹੱਥ ਵਿੱਚ ਇੱਕ ਪੈਕੇਟ ਲੈ ਕੇ ਕੰਮ ਤੋਂ ਵਾਪਸ ਆਇਆ। ਉਸ ਨੇ ਮੈਨੂੰ ਉਸ ਦੀ ਪੈਕਿੰਗ ਖੋਲ੍ਹਣ ਲਈ ਕਿਹਾ। ਉਸ ਨੇ ਮੈਨੂੰ ਉਹ ਗਾਊਨ ਲਿਆਂਦਾ ਸੀ।
ਜਦੋਂ ਮੈਂ ਉਸ ਲਈ ਬਟੂਆ ਲਿਆਂਦਾ ਤਾਂ ਉਹ ਪਰੇਸ਼ਾਨ ਹੋ ਗਿਆ। ਉਸ ਨੇ ਕਿਹਾ ਕਿ ਮੈਂ ਪੈਸੇ ਬਰਬਾਦ ਕਰ ਰਹੀ ਹਾਂ।
ਮੈਂ ਉਸ ਨੂੰ ਉਸ ਸਮੇਂ ਦੀ ਯਾਦ ਦਿਵਾ ਦਿੱਤੀ ਜਦੋਂ ਉਸ ਨੇ ਮੇਰੇ ਲਈ ਉਹ ਗਾਊਨ ਲਿਆਂਦਾ ਸੀ। ਇਹ ਉਸ ਦਾ ਆਖ਼ਰੀ ਤੋਹਫ਼ਾ ਸੀ ਅਤੇ ਬਟੂਆ ਉਸ ਨੂੰ ਮੇਰੇ ਵੱਲੋਂ ਆਖਰੀ ਤੋਹਫ਼ਾ ਸੀ।

ਕੁਝ ਦਿਨਾਂ ਬਾਅਦ, ਮੈਂ ਉਹ ਚੀਜ਼ਾਂ ਦੇ ਦੇਵਾਂਗੀ ਜੋ ਮੇਰੇ ਪਤੀ ਦੀਆਂ ਸਨ। ਰਸਮਾਂ ਹੀ ਇਸ ਤਰ੍ਹਾਂ ਹਨ, ਪਰ ਫਿਰ ਮੈਂ ਕੁਝ ਚੀਜ਼ਾਂ ਰੱਖਾਂਗੀ, ਉਸ ਬਟੂਏ ਵਾਂਗ ਜੋ ਮੈਂ ਉਸ ਲਈ ਇਸ ਸਾਲ ਮਾਰਚ ਵਿੱਚ ਖਰੀਦਿਆ ਸੀ।
ਮੈਨੂੰ ਲੱਗਦਾ ਹੈ ਕਿ ਮੈਂ ਉਸ ਨੂੰ ਕੁਝ ਦੱਸਣਾ ਚਾਹੁੰਦੀ ਸੀ, ਉਹ ਇਹ ਸੀ ਕਿ ਮੈਂ ਆਪਣੀ ਗੋਆ ਯਾਤਰਾ ਤੋਂ ਬਾਅਦ ਪੈਸੇ ਦੀ ਬਚਤ ਕਰਾਂਗੀ, ਜੋ ਅਪ੍ਰੈਲ ਵਿੱਚ ਹੋਣੀ ਸੀ। ਮੈਂ ਹਮੇਸ਼ਾ ਸਮੁੰਦਰ ਨੂੰ ਵੇਖਣਾ ਚਾਹੁੰਦੀ ਸੀ।
ਮੈਂ ਫੋਟੋਆਂ ਖਿਚਵਾਉਣਾ ਚਾਹੁੰਦੀ ਸੀ ਜਿਵੇਂ ਦੂਜੇ ਜੋੜੇ ਜਦੋਂ ਗੋਆ ਜਾਂਦੇ ਸਨ। ਉਹ ਮੇਰਾ ਯਾਤਰਾ ਦਾ ਸਾਥੀ ਸੀ। ਮੈਂ ਉਸ ਨੂੰ ਬਹੁਤ ਯਾਦ ਕਰਦੀ ਹਾਂ।
ਬਚਤ ਖ਼ਤਮ ਹੋ ਗਈ ਤਾਂ ਜੀਣਾ ਮੁਸ਼ਕਲ ਹੋ ਜਾਵੇਗਾ
ਹੁਣ ਮੈਨੂੰ ਇਨ੍ਹਾਂ ਸਾਰੀਆਂ ਥਾਵਾਂ ''ਤੇ ਕੌਣ ਲਿਜਾਏਗਾ? ਮੈਂ ਬਹੁਤ ਇਕੱਲੀ ਹਾਂ।
ਇਸ ਨੂੰ ਇੱਕ ਮਹੀਨੇ ਤੋਂ ਵੱਧ ਹੋ ਗਿਆ ਹੈ। ਮੇਰੇ ਸਹੁਰੇ ਨੂੰ ਕੋਈ ਪੈਨਸ਼ਨ ਮਿਲਦੀ ਹੈ, ਜੋ ਅਸਲ ਵਿੱਚ 4,000 ਰੁਪਏ ਹੈ।
ਮੇਰੀ ਧੀ ਇੱਕ ਨਿੱਜੀ ਸਕੂਲ ਜਾਂਦੀ ਹੈ ਅਤੇ ਉਸ ਦੀ ਫੀਸ 2,100 ਰੁਪਏ ਹੈ। ਜਦੋਂ ਸਾਡੀ ਬਚਤ ਖਤਮ ਹੋ ਗਈ ਤਾਂ ਸਾਡੇ ਲਈ ਜੀਣਾ ਮੁਸ਼ਕਲ ਹੋ ਜਾਵੇਗਾ।
ਮੇਰੇ ਪਤੀ ਦਾ ਭਰਾ ਵੀ ਇੱਕ ਨਿੱਜੀ ਫਰਮ ਵਿੱਚ ਕੰਮ ਕਰਦਾ ਹੈ ਅਤੇ ਕੋਈ ਜ਼ਿਆਦਾ ਕਮਾਈ ਨਹੀਂ ਕਰਦਾ, ਇਸ ਲਈ ਅਸੀਂ ਉਸ ਤੋਂ ਪਰਿਵਾਰ ਦੀ ਦੇਖਭਾਲ ਦੀ ਉਮੀਦ ਨਹੀਂ ਕਰ ਸਕਦੇ।
ਮੈਂ ਇੱਕ ਨੌਕਰੀ ਲੱਭ ਰਹੀ ਹਾਂ। ਮੈਂ ਕੁਝ ਫਾਰਮ ਭਰੇ ਹਨ ਅਤੇ ਚਾਈਲਡ ਸਰਵਾਈਵਲ ਇੰਡੀਆ ਤੋਂ ਜਵਾਬ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਨੌਕਰੀ ਲੱਭਣ ਵਿਚ ਮੇਰੀ ਮਦਦ ਕਰ ਸਕਦੇ ਹਨ।
ਕੋਵਿਡ-19 ਸਥਿਤੀ ਕਾਰਨ ਫ੍ਰੀਲਾਂਸਿੰਗ ਲੰਬੇ ਸਮੇਂ ਦਾ ਹੱਲ ਨਹੀਂ ਹੈ।

ਮੈਂ ਆਪਣੇ ਬੱਚਿਆਂ ਦੇ ਭਵਿੱਖ ਤੋਂ ਡਰਦੀ ਹਾਂ। ਮੈਂ ਚਾਹੁੰਦੀ ਹਾਂ ਕਿ ਮੇਰੇ ਬੱਚੇ ਪੜ੍ਹਾਈ ਕਰਨ ਅਤੇ ਉਨ੍ਹਾਂ ਦਾ ਕਰੀਅਰ ਵਧੀਆ ਹੋਵੇ।
ਮੈਂ ਆਪਣੀ ਜ਼ਿੰਦਗੀ ਕਿਸੇ ਤਰ੍ਹਾਂ ਜੀਅ ਲਵਾਂਗੀ। ਪਰ ਹਾਂ, ਬਹੁਤ ਇਕੱਲਤਾ ਹੈ ਜਿਸ ਨੂੰ ਮੈਂ ਮਹਿਸੂਸ ਕਰ ਰਹੀ ਹਾਂ।
ਲੋਕ ਅੱਗੇ ਵਧ ਰਹੇ ਹਨ। ਸਭ ਆਪਣੇ-ਆਪਣੇ ਘਰ ਵਾਪਸ ਜਾਂਦੇ ਹਨ ਅਤੇ ਮੈਂ ਇਸ ਕਮਰੇ ਵਿੱਚ ਅਟਕ ਜਾਂਦੀ ਹਾਂ। ਇਸ ਸਭ ਦੀ ਅਣਹੋਂਦ ਨਾਲ ਘਰ ਮੈਨੂੰ ਸੰਘਣੀ ਧੁੰਦ ਵਰਗਾ ਲੱਗਦਾ ਹੈ। ਕੋਈ ਇਸ ਵਿੱਚੋਂ ਕਿਵੇਂ ਲੰਘ ਸਕਦਾ ਹੈ?
ਜਦੋਂ ਵੀ ਮੈਂ ਇਕੱਲੀ ਹੁੰਦੀ ਹਾਂ, ਮੈਂ ਉਸ ਬਾਰੇ ਸੋਚਦੀ ਹਾਂ। ਮੈਂ ਆਪਣੀਆਂ ਵੀਡੀਓਜ਼ ਨੂੰ ਫੋਨ ''ਤੇ ਵੇਖਦੀ ਹਾਂ। ਉਸ ਦੀਆਂ ਚੀਜ਼ਾਂ ਮੇਰੇ ਦੁਆਲੇ ਹਨ।
ਕਈ ਵਾਰ ਮੈਨੂੰ ਮਹਿਸੂਸ ਹੁੰਦਾ ਹੈ ਕਿ ਉਹ ਵਾਪਸ ਆ ਰਿਹਾ ਹੈ, ਪਰ ਇਹ ਸਭ ਅਸਥਾਈ ਹੈ, ਸ਼ਾਇਦ ਇਹ ਸਿਰਫ਼ ਇੱਕ ਮਾੜਾ ਸੁਪਨਾ ਹੈ।
ਉਹ ਮੇਰੀ ਫੋਟੋ, ਬੱਚਿਆਂ ਦੀ ਫੋਟੋ ਅਤੇ ਆਪਣੇ ਮਾਤਾ-ਪਿਤਾ ਦੀ ਫੋਟੋ ਉਸ ਬਟੂਏ ਵਿੱਚ ਰੱਖਦਾ ਸੀ ਜੋ ਮੈਂ ਉਸ ਨੂੰ ਦਿੱਤਾ ਸੀ।
ਉਹ ਇੱਕ ਸਾਡਾ ਛੋਟਾ ਜਿਹਾ ਜੀਵਨ ਸੀ। ਸਾਡੇ ਸੁਪਨੇ ਸਨ। ਸਾਡੇ ਆਪਣੇ ਡਰ ਸਨ। ਹੁਣ ਇਹ ਮੈਂ ਹਾਂ ਅਤੇ ਸਾਰੇ ਵਾਅਦੇ ਜੋ ਮੈਨੂੰ ਨਿਭਾਉਣੇ ਹਨ ਅਤੇ ਸਾਰੀਆਂ ਯਾਦਾਂ ਜੋ ਹੁਣ ਇੰਨੀਆਂ ਹਕੀਕਤ ਲੱਗਦੀਆਂ ਹਨ।
ਉਸ ਦਾ ਨਾਮ ਅਮਿਤ ਸੀ। ਮੈਨੂੰ ਉਸ ਦਾ ਨਾਮ ਪਸੰਦ ਆਇਆ। ਇਹ ਛੋਟਾ ਅਤੇ ਪਿਆਰਾ ਸੀ।
ਬਹੁਤ ਸਾਰੇ ਲੋਕ ਮੈਨੂੰ ਦੁਬਾਰਾ ਵਿਆਹ ਕਰਾਉਣ ਲਈ ਕਹਿ ਰਹੇ ਹਨ, ਪਰ ਮੈਂ ਆਪਣੇ ਬੱਚਿਆਂ ਦੀ ਚਿੰਤਾ ਕਰਦੀ ਹਾਂ।
ਜੇ ਮੇਰੇ ਬੱਚਿਆਂ ਨੇ ਨਵੇਂ ਪਿਤਾ ਨੂੰ ਸਵੀਕਾਰ ਨਹੀਂ ਕੀਤਾ ਤਾਂ ਕੀ ਹੋਵੇਗਾ? ਮੇਰੀ ਧੀ ਆਪਣੇ ਪਿਤਾ ਨਾਲ ਬਹੁਤ ਜੁੜੀ ਹੋਈ ਸੀ।
ਉਹ ਸਵੇਰੇ ਜਲਦੀ ਉੱਠਦਾ ਸੀ ਅਤੇ ਮੈਨੂੰ ਜਗਾ ਦਿੰਦਾ ਸੀ ਤੇ ਫਿਰ ਅਸੀਂ ਦੋਵੇਂ ਸੈਰ ਕਰਨ ਲਈ ਚਲੇ ਜਾਂਦੇ ਸੀ।
ਜੇ ਮੈਂ ਉਸ ਨੂੰ ਕਦੇ ਡਰਾ ਦਿੰਦੀ ਤਾਂ ਉਹ ਪਰੇਸ਼ਾਨ ਹੋ ਜਾਂਦਾ। ਉਹ ਮੈਨੂੰ ਬਹੁਤ ਪਿਆਰ ਕਰਦਾ ਸੀ। ਉਹ ਚਾਹੁੰਦਾ ਸੀ ਕਿ ਉਹ ਇੱਕ ਪਾਇਲਟ ਬਣੇ।
ਇਹ ਬਹੁਤ ਜਲਦੀ ਹੈ। ਜੇ ਮੈਂ ਦੁਬਾਰਾ ਵਿਆਹ ਕਰਾਉਣ ਦਾ ਫੈਸਲਾ ਕੀਤਾ ਤਾਂ ਮੇਰੇ ਸੱਸ-ਸਹੁਰਾ ਇਤਰਾਜ਼ ਨਹੀਂ ਕਰਨਗੇ, ਪਰ ਜੇ ਮੈਂ ਜਾਂਦੀ ਹਾਂ ਤਾਂ ਉਨ੍ਹਾਂ ਦੀ ਦੇਖਭਾਲ ਕੌਣ ਕਰੇਗਾ?
ਮੈਂ ਆਪਣੇ ਪਤੀ ਨਾਲ ਵਾਅਦਾ ਕੀਤਾ ਸੀ ਕਿ ਮੈਂ ਉਨ੍ਹਾਂ ਦੇ ਆਸ-ਪਾਸ ਹੋਵਾਂਗੀ।
ਮੇਰੇ ਇੱਕ ਦੋਸਤ ਨੇ ਮੈਨੂੰ ਫੋਨ ਕੀਤਾ ਅਤੇ ਉਸ ਨੇ ਕਿਹਾ ਕਿ ਉਹ ਮੇਰੇ ਨਾਲ ਵਿਆਹ ਕਰਨ ਲਈ ਤਿਆਰ ਹੈ, ਪਰ ਮੈਂ ਉਸ ਨੂੰ ਕਿਹਾ ਕਿ ਮੈਂ ਤਿਆਰ ਨਹੀਂ ਹਾਂ।
ਮੈਂ ਉਸ ਨੂੰ ਇੱਕ ਸਾਲ ਤੋਂ ਵੱਧ ਸਮੇਂ ਤੋਂ ਜਾਣਦੀ ਹਾਂ ਅਤੇ ਮੇਰੇ ਪਤੀ ਉਸ ਬਾਰੇ ਜਾਣਦੇ ਸਨ। ਮੈਨੂੰ ਨਹੀਂ ਪਤਾ ਕਿ ਉਸ ਦਾ ਪਰਿਵਾਰ ਇੱਕ ਦੋ ਬੱਚਿਆਂ ਵਾਲੀ ਵਿਧਵਾ ਨੂੰ ਸਵੀਕਾਰ ਕਰੇਗਾ।
ਮੇਰਾ ਦੋਸਤ ਕਹਿੰਦਾ ਹੈ ਕਿ ਉਸ ਦਾ ਪਰਿਵਾਰ ਅਗਾਂਹਵਧੂ ਹੈ, ਪਰ ਉਦੋਂ ਕੀ ਹੋਵੇਗਾ ਜੇ ਉਹ ਮੇਰੇ ਨਾਲ ਵਿਆਹ ਕਰਾਉਣ ਤੋਂ ਬਾਅਦ ਮੇਰੇ ਬੱਚਿਆਂ ਨੂੰ ਖੁਸ਼ ਨਹੀਂ ਰੱਖਦਾ।
ਮੇਰੇ ਇਨਕਾਰ ਕਰਨ ਤੋਂ ਬਾਅਦ, ਉਹ ਮੇਰੇ ਨਾਲ ਜ਼ਿਆਦਾ ਗੱਲ ਨਹੀਂ ਕਰਦਾ।
ਮੈਂ ਸਭ ਕੁਝ ਰੱਬ ''ਤੇ ਛੱਡ ਦਿੱਤਾ ਹੈ।
ਇਹ ਵੀ ਪੜ੍ਹੋ:
- ਆਇਸ਼ਾ ਖੁਦਕੁਸ਼ੀ ਦਾ ਵੀਡੀਓ: ''''ਮੈਂ ਅੱਲ੍ਹਾ ਅੱਗੇ ਦੁਆ ਕਰਾਂਗੀ ਕਿ ਮੈਂ ਮੁੜ ਕਦੇ ਇਨਸਾਨਾਂ ਦੀ ਸ਼ਕਲ ਵੀ ਨਾ ਵੇਖਾਂ''''
- ਸਰਦੂਲ ਸਿਕੰਦਰ ਨੂੰ ਮਿਲ ਕੇ ਹੰਸ ਰਾਜ ਹੰਸ ਦੀ ਕਿਹੜੀ ਗ਼ਲਤਫ਼ਹਿਮੀ ਦੂਰ ਹੋਈ ਸੀ
- ਮੋਗਾ ਵਿੱਚ ਦੋ ਸਕੀਆਂ ਭੈਣਾਂ ਦੇ ਕਤਲ ਮਾਮਲੇ ਬਾਰੇ ਪੁਲਿਸ ਦਾ ਕੀ ਕਹਿਣਾ ਹੈ
https://www.youtube.com/watch?v=bfLSNBKDuu8
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''d1735a64-8fcd-4eff-a2c0-586da62e800d'',''assetType'': ''STY'',''pageCounter'': ''punjabi.india.story.57563409.page'',''title'': ''ਕੋਰੋਨਾ ਕਾਰਨ ਵਿਧਵਾ ਹੋਈ ਇੱਕ ਔਰਤ ਦੀ ਦਿਲਚੀਰਵੀਂ ਕਹਾਣੀ ਜਿਸ ਨੇ 37 ਸਾਲਾ ਪਤੀ ਨੂੰ ਗੁਆ ਲਿਆ'',''author'': ''ਚਿੰਕੀ ਸਿਨਹਾ'',''published'': ''2021-06-23T02:00:15Z'',''updated'': ''2021-06-23T02:00:15Z''});s_bbcws(''track'',''pageView'');