ਉਨ੍ਹਾਂ ਕੁਝ ਮਿੰਟਾਂ ਦੀ ਕਹਾਣੀ ਜਦੋਂ ਨੇਪਾਲ ਦੇ ਯੁਵਰਾਜ ਨੇ ਪੂਰੇ ਸ਼ਾਹੀ ਪਰਿਵਾਰ ਨੂੰ ਗੋਲੀਆਂ ਨਾਲ਼ ਭੁੰਨ ਸੁੱਟਿਆ -ਵਿਵੇਚਨਾ

2021-06-03T16:51:27.003

ਨੇਪਾਲ ਦਾ ਸ਼ਾਹੀ ਪਰਿਵਾਰ
Getty Images
ਨੇਪਾਲ ਦਾ ਸ਼ਾਹੀ ਪਰਿਵਾਰ

1 ਜੂਨ, 2001 ਦੀ ਸ਼ਾਮ ਨੇਪਾਲ ਨਰੇਸ਼ ਦੇ ਨਿਵਾਸ ਸਥਾਨ ਨਾਰਾਇਣਹਿਤ ਮਹਿਲ ਦੇ ਤ੍ਰਿਭੁਵਨ ਸਦਨ ਵਿੱਚ ਇੱਕ ਪਾਰਟੀ ਹੋਣ ਵਾਲੀ ਸੀ ਅਤੇ ਇਸ ਦੇ ਮੇਜ਼ਬਾਨ ਸਨ ਯੁਵਰਾਜ ਦੀਪੇਂਦਰ।

ਹਰ ਨੇਪਾਲੀ ਮਹੀਨੇ ਦੇ ਤੀਜੇ ਸ਼ੁੱਕਰਵਾਰ ਨੂੰ ਹੋਣ ਵਾਲੀ ਇਸ ਪਾਰਟੀ ਦੀ ਸ਼ੁਰੂਆਤ ਮਹਾਰਾਜਾ ਬੀਰੇਂਦਰ ਨੇ 1972 ਵਿੱਚ ਰਾਜਗੱਦੀ ਸੰਭਾਲਣ ਦੇ ਬਾਅਦ ਕੀਤੀ ਸੀ।

ਇੱਕ ਮਹੀਨੇ ਪਹਿਲਾਂ ਮਈ ਵਿੱਚ ਇਹ ਪਾਰਟੀ ਮਹੇਂਦਰ ਮੰਜ਼ਿਲ ਵਿੱਚ ਹੋਈ ਸੀ, ਜਿੱਥੇ ਮਹਾਰਾਜਾ ਬੀਰੇਂਦਰ ਦੀ ਸੌਤੇਲੀ ਮਾਂ ਅਤੇ ਸਾਬਕਾ ਨੇਪਾਲ ਨਰੇਸ਼ ਮਹੇਂਦਰ ਦੀ ਦੂਜੀ ਪਤਨੀ ਰਤਨਾ ਦੇਵੀ ਰਹਿੰਦੀ ਹੁੰਦੀ ਸੀ।

ਇਹ ਵੀ ਪੜ੍ਹੋ-

ਕਮੀਜ਼ ਅਤੇ ਪਤਲੂਨ ਪਹਿਨੇ ਹੋਏ ਯੁਵਰਾਜ ਦੀਪੇਂਦਰ ਆਪਣੇ ਏਡੀਸੀ ਮੇਜਰ ਗਜੇਂਦਰ ਬੋਹਰਾ ਨਾਲ ਸ਼ਾਮ 6 ਵੱਜ ਕੇ 45 ਮਿੰਟ ''ਤੇ ਹੀ ਬਿਲੀਅਰਡਜ਼ ਰੂਮ ਪਹੁੰਚ ਚੁੱਕੇ ਸਨ।

ਉਨ੍ਹਾਂ ਨੇ ਮੇਜਰ ਬੋਹਰਾ ਨਾਲ ਕੁਝ ਦੇਰ ਬਿਲੀਅਰਡਜ਼ ਦੇ ਕੁਝ ਸ਼ਾਟਸ ਦੀ ਪ੍ਰੈਕਟਿਸ ਕੀਤੀ ਸੀ।

ਪਾਰਟੀ ਵਿੱਚ ਸਭ ਤੋਂ ਪਹਿਲਾਂ ਪਹੁੰਚੇ ਸਨ ਮਹਾਰਾਜ ਬੀਰੇਂਦਰ ਦੇ ਜੀਜਾ ਜੀ ਅਤੇ ਭਾਰਤੀ ਰਿਆਸਤ ਸਰਗੁਜਾ ਦੇ ਰਾਜਕੁਮਾਰ ਰਹਿ ਚੁੱਕੇ ਮਹੇਸ਼ਵਰ ਕੁਮਾਰ ਸਿੰਘ, ਜਦੋਂ ਉਹ ਬਿਲੀਅਰਡਜ਼ ਰੂਮ ਵਿੱਚ ਦਾਖਲ ਹੋਏ ਤਾਂ ਯੁਵਰਾਜ ਦੀਪੇਂਦਰ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਉਨ੍ਹਾਂ ਨੇ ਉਨ੍ਹਾਂ ਤੋਂ ਪੁੱਛਿਆ ਕਿ ਤੁਸੀਂ ਕੀ ਪੀਣਾ ਪਸੰਦ ਕਰੋਗੇ? ਮਹੇਸ਼ਵਰ ਸਿੰਘ ਨੇ ਜਵਾਬ ਦਿੱਤਾ ਫੇਮਸ ਗ੍ਰਾਉਸ।

ਥੋੜ੍ਹੀ ਦੇਰ ਵਿੱਚ ਲਾਲ ਸਾੜ੍ਹੀ ਪਹਿਨੇ ਹੋਏ ਮਹਾਰਾਣੀ ਐਸ਼ਵਰਿਆ ਅਤੇ ਮਹਾਰਾਜਾ ਬੀਰੇਂਦਰ ਦੀਆਂ ਤਿੰਨ ਭੈਣਾਂ ਰਾਜਕੁਮਾਰੀ ਸ਼ੋਭਾ, ਸ਼ਾਂਤੀ ਅਤੇ ਸ਼ਾਰਦਾ ਵੀ ਪਹੁੰਚ ਗਈਆਂ।

ਲਗਭਗ 7 ਵੱਜ ਕੇ 40 ਮਿੰਟ ''ਤੇ ਦੀਪੇਂਦਰ ਦੇ ਚਚੇਰੇ ਭਾਈ ਪਾਰਸ ਆਪਣੀ ਮਾਂ ਰਾਜਕੁਮਾਰੀ ਕੋਮਲ, ਭੈਣ ਪ੍ਰੇਰਣਾ ਅਤੇ ਪਤਨੀ ਹਿਮਾਨੀ ਨਾਲ ਪਹੁੰਚੇ।

ਮਹਾਰਾਜਾ ਬੀਰੇਂਦਰ ਨੂੰ ਆਉਣ ਵਿੱਚ ਥੋੜ੍ਹੀ ਦੇਰ ਹੋ ਗਈ ਕਿਉਂਕਿ ਉਹ ਇੱਕ ਮੈਗ਼ਜ਼ੀਨ ਦੇ ਸੰਪਾਦਕ ਮਾਧਵ ਰਿਮਾਲ ਨੂੰ ਇੰਟਰਵਿਊ ਦੇ ਰਹੇ ਸਨ।

ਇਸ ਵਿਚਕਾਰ ਮਹਾਰਾਜਾ ਦੀ ਮਾਂ ਆਪਣੀ ਮਰਸਡੀਜ਼ ਵਿੱਚ ਪਹੁੰਚੀ। ਉਨ੍ਹਾਂ ਦੇ ਇੱਕ ਹੱਥ ਵਿੱਚ ਉਨ੍ਹਾਂ ਦਾ ਪਰਸ ਅਤੇ ਦੂਜੇ ਹੱਥ ਵਿੱਚ ਹੱਥ ਨਾਲ ਝੱਲਣ ਵਾਲਾ ਪੱਖਾ ਸੀ।

ਉਹ ਬਿਲੀਅਰਡਜ਼ ਰੂਮ ਨਾਲ ਲੱਗਦੇ ਇੱਕ ਛੋਟੇ ਜਿਹੇ ਕਮਰੇ ਵਿੱਚ ਸੋਫ਼ੇ ''ਤੇ ਜਾ ਕੇ ਬੈਠ ਗਈ।

ਰਾਜਕੁਮਾਰ ਦੀਪੇਂਦਰ
Getty Images
ਸਭ ਨੂੰ ਲੱਗਾ ਕਿ ਦੀਪੇਂਦਰ ਕੋਈ ਖੇਡ ਖੇਡ ਰਹੇ ਸਨ

ਕੁਝ ਹੀ ਮਿੰਟਾਂ ਬਾਅਦ ਬਿਲੀਅਰਡਜ਼ ਰੂਮ ਦਾ ਦਰਵਾਜ਼ਾ ਖੁੱਲ੍ਹਿਆ ਅਤੇ ਮਹਾਰਾਜਾ ਬੀਰੇਂਦਰ ਅੰਦਰ ਦਾਖਲ ਹੋਏ।

ਉਹ ਕਾਰ ਤੋਂ ਆਉਣ ਦੀ ਬਜਾਏ ਆਪਣੇ ਦਫ਼ਤਰ ਤੋਂ ਪੈਦਲ ਚੱਲ ਕੇ ਉੱਥੇ ਪਹੁੰਚੇ ਸਨ।

ਉਨ੍ਹਾਂ ਦੇ ਏਡੀਸੀ ਸੁੰਦਰ ਪ੍ਰਤਾਪ ਰਾਣਾ ਉਨ੍ਹਾਂ ਨੂੰ ਦਰਵਾਜ਼ੇ ਤੱਕ ਛੱਡ ਕੇ ਚਲੇ ਗਏ ਕਿਉਂਕਿ ਇਹ ਇੱਕ ਨਿੱਜੀ ਪਾਰਟੀ ਸੀ ਅਤੇ ਉੱਥੇ ਬਾਹਰੀ ਲੋਕਾਂ ਨੂੰ ਰੁਕਣ ਦੀ ਆਗਿਆ ਨਹੀਂ ਸੀ। ਉਹ ਸਿੱਧੇ ਆਪਣੀ ਮਾਂ ਕੋਲ ਗਏ।

ਦੀਪੇਂਦਰ ਨੂੰ ਉਨ੍ਹਾਂ ਦੇ ਬੈੱਡਰੂਮ ਵਿੱਚ ਲੈ ਜਾਇਆ ਗਿਆ

ਇਸ ਵਿਚਕਾਰ ਲੋਕਾਂ ਨੇ ਦੇਖਿਆ ਕਿ ਦੀਪੇਂਦਰ ਜਿਵੇਂ ਅਚਾਨਕ ਨਸ਼ੇ ਵਿੱਚ ਆ ਗਏ ਹੋਣ। ਉਨ੍ਹਾਂ ਦੀ ਜ਼ੁਬਾਨ ਲੜਖੜਾਉਣ ਲੱਗੀ ਅਤੇ ਉਨ੍ਹਾਂ ਨੂੰ ਖੜ੍ਹੇ ਹੋਣ ਵਿੱਚ ਦਿੱਕਤ ਹੋਣ ਲੱਗੀ।

ਮਿੰਟਾਂ ਵਿੱਚ ਉਹ ਹੇਠ ਡਿੱਗ ਗਏ। ਇਸ ਸਮੇਂ ਰਾਤ ਦੇ ਸਾਢੇ ਅੱਠ ਵੱਜ ਚੁੱਕੇ ਸਨ। ਇਸ ਤੋਂ ਪਹਿਲਾਂ ਦੀਪੇਂਦਰ ਕਦੇ ਵੀ ਬਹੁਤ ਸ਼ਰਾਬ ਪੀਣ ਦੇ ਬਾਵਜੂਦ ਨਸ਼ੇ ਵਿੱਚ ਨਹੀਂ ਦੇਖੇ ਗਏ ਸਨ।

ਉਨ੍ਹਾਂ ਨੂੰ ਆਪਣੇ ਉੱਪਰ ਕੰਟਰੋਲ ਕਰਨਾ ਆਉਂਦਾ ਸੀ।

ਰਾਜਕੁਮਾਰ ਦੀਪੇਂਦਰ
Getty Images
ਦੀਪੇਂਦਰ ਦੀ ਗੋਲੀ ਮਹਾਰਾਜ ਬੀਰੇਂਦਰ ਦੀ ਗਰਦਨ ਦੇ ਸੱਜੇ ਹਿੱਸੇ ਵਿੱਚ ਲੱਗੀ

ਇਸ ਤੋਂ ਪਹਿਲਾਂ ਕਿ ਮਹਾਰਾਜਾ ਬੀਰੇਂਦਰ ਨਾਲ ਵਾਲੇ ਕਮਰੇ ਤੋਂ ਬਿਲੀਅਰਡਜ਼ ਰੂਮ ਵਿੱਚ ਪਹੁੰਚਦੇ ਪਾਰਸ, ਰਾਜਕੁਮਾਰ ਨਿਰਾਜਨ ਅਤੇ ਡਾਕਟਰ ਰਾਜੀਵ ਸ਼ਾਹੀ ਨੇ ਭਾਰੀ ਭਰਕਮ ਦੀਪੇਂਦਰ ਨੂੰ ਉਨ੍ਹਾਂ ਦੇ ਹੱਥਾਂ ਅਤੇ ਪੈਰਾਂ ਤੋਂ ਫੜਦੇ ਹੋਏ ਚੁੱਕਿਆ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਬੈੱਡਰੂਮ ਵਿੱਚ ਲੈ ਜਾ ਕੇ ਉਨ੍ਹਾਂ ਨੂੰ ਜ਼ਮੀਨ ''ਤੇ ਵਿਛੇ ਹੋਏ ਗੱਦੇ ''ਤੇ ਲਿਟਾ ਦਿੱਤਾ।

ਉਨ੍ਹਾਂ ਨੇ ਬੈੱਡਰੂਮ ਦੀਆਂ ਬੱਤੀਆਂ ਬੁਝਾਈਆਂ ਅਤੇ ਵਾਪਸ ਪਾਰਟੀ ਵਿੱਚ ਪਰਤ ਆਏ।

ਜੋਨਾਥਨ ਗ੍ਰੇਗਸਨ ਆਪਣੀ ਕਿਤਾਬ ''ਮੈਸੇਕਰ ਐਟ ਦਿ ਪੈਲੇਸ'' ਵਿੱਚ ਲਿਖਦੇ ਹਨ, "ਕਮਰੇ ਵਿੱਚ ਇਕੱਲਾ ਛੱਡ ਦਿੱਤਾ ਜਾਣ ਦੇ ਬਾਅਦ ਦੀਪੇਂਦਰ ਬਾਥਰੂਮ ਵਿੱਚ ਗਏ ਅਤੇ ਉੱਥੇ ਉਨ੍ਹਾਂ ਨੇ ਉਲਟੀ ਕੀਤੀ। ਉਨ੍ਹਾਂ ਨੇ ਫਿਰ ਇੱਕ ਸੈਨਿਕ ਵਰਦੀ ਪਹਿਨੀ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

"ਉਸ ਦੇ ਉੱਪਰ ਉਨ੍ਹਾਂ ਨੇ ਕਾਲੀਆਂ ਜ਼ੁਰਾਬਾਂ, ਸੈਨਿਕ ਬੂਟ ਅਤੇ ਕਾਲੇ ਚਮੜੇ ਦੇ ਦਸਤਾਨੇ ਪਹਿਨੇ। ਇਸ ਦੇ ਬਾਅਦ ਉਨ੍ਹਾਂ ਨੇ ਆਪਣੀ ਪਸੰਦੀਦਾ 9 ਐੱਮਐੱਮ ਪਿਸਟਲ ਅਤੇ MP5K ਸਬਮਸ਼ੀਨ ਗਨ ਅਤੇ ਕੋਲਟ ਐੱਮ-16 ਰਾਈਫਲ ਚੁੱਕੀ ਅਤੇ ਬਿਲੀਅਰਡਜ਼ ਰੂਮ ਵੱਲ ਚੱਲ ਪਏ।"

ਦੀਪੇਂਦਰ ਨੇ ਸੈਨਿਕ ਭੇਸ ਵਿੱਚ ਬਿਲੀਅਰਡਜ਼ ਰੂਮ ਵਿੱਚ ਪ੍ਰਵੇਸ਼ ਕੀਤਾ

ਬਿਲੀਅਰਡਜ਼ ਰੂਮ ਦੇ ਮੱਧ ਵਿੱਚ ਕੁਝ ਔਰਤਾਂ ਗੱਲਾਂ ਕਰ ਰਹੀਆਂ ਸਨ। ਅਚਾਨਕ ਉਨ੍ਹਾਂ ਦੀ ਨਜ਼ਰ ਸੈਨਿਕ ਯੂਨੀਫਾਰਮ ਪਹਿਨੇ ਯੁਵਰਾਜ ਦੀਪੇਂਦਰ ''ਤੇ ਪਈ।

ਮਹਾਰਾਜਾ ਬੀਰੇਂਦਰ ਦੀ ਚਚੇਰੀ ਭੈਣ ਕੇਤਕੀ ਚੇਸਟਰ ਨੇ ਬੀਬੀਸੀ ਨੂੰ ਦੱਸਿਆ, "ਜਦੋਂ ਉਹ ਅੰਦਰ ਆਏ ਤਾਂ ਉਨ੍ਹਾਂ ਦੇ ਦੋਵਾਂ ਹੱਥਾਂ ਵਿੱਚ ਇੱਕ-ਇੱਕ ਬੰਦੂਕ ਸੀ। ਉਹ ਪੂਰੀ ਸੈਨਿਕ ਵਰਦੀ ਵਿੱਚ ਸਨ।"

"ਉਨ੍ਹਾਂ ਨੇ ਕਾਲਾ ਚਸ਼ਮਾ ਵੀ ਪਹਿਨ ਰੱਖਿਆ ਸੀ। ਮੈਂ ਆਪਣੇ ਕੋਲ ਖੜ੍ਹੀ ਔਰਤ ਨੂੰ ਕਿਹਾ ਕਿ ਯੁਵਰਾਜ ਦੀਪੇਂਦਰ ਆਪਣੇ ਹਥਿਆਰਾਂ ਨੂੰ ਸ਼ੋਅ ਆਫ ਕਰਨ ਆਏ ਹਨ।"

ਉਸ ਸਮੇਂ ਤੱਕ ਨੇਪਾਲ ਨਰੇਸ਼ ਬਿਲੀਅਰਡਜ਼ ਰੂਮ ਵਿੱਚ ਆ ਚੁੱਕੇ ਸਨ। ਉਨ੍ਹਾਂ ਦੇ ਹੱਥ ਵਿੱਚ ਕੋਕ ਦਾ ਇੱਕ ਗਿਲਾਸ ਸੀ ਕਿਉਂਕਿ ਡਾਕਟਰ ਨੇ ਉਨ੍ਹਾਂ ਦੇ ਸ਼ਰਾਬ ਪੀਣ ''ਤੇ ਪਾਬੰਦੀ ਲਗਾ ਰੱਖੀ ਸੀ।

ਦੀਪੇਂਦਰ ਨੇ ਆਪਣੇ ਪਿਤਾ ਵੱਲ ਦੇਖਿਆ। ਉਸ ਸਮੇਂ ਉਨ੍ਹਾਂ ਦੇ ਚਿਹਰੇ ''ਤੇ ਕਿਸੇ ਭਾਵਨਾ ਦਾ ਨਾਮੋਨਿਸ਼ਾਨ ਨਹੀਂ ਸੀ।

ਅਗਲੇ ਹੀ ਸੈਕਿੰਡ ਉਨ੍ਹਾਂ ਨੇ ਆਪਣੇ ਸੱਜੇ ਹੱਥ ਨਾਲ ਜਰਮਨੀ ਵਿੱਚ ਬਣੀ ਆਪਣੀ MP5-K ਸਬਮਸ਼ੀਨ ਗਨ ਦਾ ਟ੍ਰਿਗਰ ਦਬਾਇਆ।

ਉਸ ਦੀਆਂ ਕਈ ਗੋਲੀਆਂ ਛੱਤ ''ਤੇ ਲੱਗੀਆਂ ਅਤੇ ਉਨ੍ਹਾਂ ਦਾ ਕੁਝ ਪਲਾਸਟਰ ਉੱਖੜ ਕੇ ਹੇਠ ਡਿੱਗ ਗਿਆ।

ਇਹ ਵੀ ਪੜ੍ਹੋ-

ਨੇਪਾਲ ਨਰੇਸ਼ ਨੇ ਕਿਹਾ ''ਕੇ ਕਾਰਦੇਕੋ''

ਕੁਝ ਸੈਕਿੰਡ ਤੱਕ ਸਾਰੇ ਮਹਿਮਾਨ ਉਸੀ ਜਗ੍ਹਾ ''ਤੇ ਖੜ੍ਹੇ ਰਹੇ ਜਿੱਥੇ ਉਹ ਖੜ੍ਹੇ ਸਨ ਜਿਵੇਂ ਕਿ ਉਹ ਦੀਪੇਂਦਰ ਦੇ ਅਗਲੇ ਕਦਮ ਦਾ ਇੰਤਜ਼ਾਰ ਕਰ ਰਹੇ ਹੋਣ।

ਉਨ੍ਹਾਂ ਨੂੰ ਲੱਗਿਆ ਕਿ ਦੀਪੇਂਦਰ ਕੋਈ ਖੇਡ ਖੇਡ ਰਹੇ ਸਨ ਅਤੇ ਗ਼ਲਤੀ ਨਾਲ ਉਨ੍ਹਾਂ ਦੀ ਬੰਦੂਕ ਤੋਂ ਗੋਲੀ ਨਿਕਲ ਗਈ ਹੈ।

ਜੋਨਾਥਨ ਗ੍ਰੇਗਸਨ ਆਪਣੀ ਕਿਤਾਬ ''ਮੈਸੇਕਰ ਐਟ ਦਿ ਪੈਲੇਸ'' ਵਿੱਚ ਲਿਖਦੇ ਹਨ, "ਸ਼ੁਰੂ ਵਿੱਚ ਨੇਪਾਲ ਨਰੇਸ਼ ਬਿਲੀਅਰਡਜ਼ ਦੀ ਮੇਜ਼ ਦੇ ਨਾਲ ਬਿਨਾਂ ਹਿੱਲੇ ਡੁੱਲੇ ਖੜ੍ਹੇ ਰਹੇ। ਫਿਰ ਉਨ੍ਹਾਂ ਨੇ ਦੀਪੇਂਦਰ ਵੱਲ ਕਦਮ ਵਧਾਇਆ।"

"ਦੀਪੇਂਦਰ ਨੇ ਬਿਨਾਂ ਕੋਈ ਸ਼ਬਦ ਕਹੇ ਬੀਰੇਂਦਰ ''ਤੇ ਤਿੰਨ ਗੋਲੀਆਂ ਚਲਾਈਆਂ। ਕੁਝ ਦੇਰ ਤੱਕ ਉਹ ਖੜ੍ਹੇ ਰਹੇ, ਇੱਥੋਂ ਤੱਕ ਕਿ ਉਨ੍ਹਾਂ ਨੇ ਸਲੋ ਮੋਸ਼ਨ ਵਿੱਚ ਆਪਣਾ ਗਿਲਾਸ ਮੇਜ਼ ''ਤੇ ਰੱਖਿਆ।"

ਇਸ ਵਿਚਕਾਰ ਦੀਪੇਂਦਰ ਮੁੜੇ ਅਤੇ ਬਿਲੀਅਰਡਜ਼ ਰੂਮ ਤੋਂ ਨਿਕਲ ਕੇ ਗਾਰਡਨ ਵੱਲ ਚਲੇ ਗਏ।

ਤਿੰਨ ਸੈਕਿੰਡ ਬਾਅਦ ਲੋਕਾਂ ਨੂੰ ਅਹਿਸਾਸ ਹੋਇਆ ਕਿ ਦੀਪੇਂਦਰ ਦੀ ਗੋਲੀ ਮਹਾਰਾਜ ਬੀਰੇਂਦਰ ਦੀ ਗਰਦਨ ਦੇ ਸੱਜੇ ਹਿੱਸੇ ਵਿੱਚ ਲੱਗੀ ਹੈ।

ਕੇਤਕੀ ਚੈਸਟਰ ਦੱਸਦੀ ਹੈ, "ਅਸੀਂ ਦੇਖ ਸਕਦੇ ਸੀ ਕਿ ਮਹਾਰਾਜ ਸਦਮੇ ਵਿੱਚ ਸਨ। ਉਹ ਲਗਭਗ ਸਲੋ ਮੋਸ਼ਨ ਵਿੱਚ ਹੇਠ ਡਿੱਗੇ ਸਨ।"

ਇਸ ਵਿਚਕਾਰ ਨੇਪਾਲ ਨਰੇਸ਼ ਦੇ ਜਵਾਈ ਕੈਪਟਨ ਰਾਜੀਵ ਸ਼ਾਹੀ ਨੇ ਆਪਣੇ ਗ੍ਰੇ ਰੰਗ ਦੇ ਕੋਟ ਨੂੰ ਉਤਾਰ ਕੇ ਮਹਾਰਾਜਾ ਦੀ ਗਰਦਨ ''ਤੇ ਲਗਾ ਦਿੱਤਾ ਤਾਂ ਕਿ ਉਸ ਵਿੱਚੋਂ ਨਿਕਲਣ ਵਾਲੇ ਖੂਨ ਨੂੰ ਰੋਕਿਆ ਜਾ ਸਕੇ।

ਬੀਰੇਂਦਰ ਉਦੋਂ ਤੱਕ ਬੇਹੋਸ਼ ਨਹੀਂ ਹੋਏ ਸਨ। ਉਨ੍ਹਾਂ ਨੇ ਆਪਣੀ ਦੂਜੀ ਸੱਟ ਵੱਲ ਇਸ਼ਾਰਾ ਕਰਦੇ ਹੋਏ ਕਿਹਾ, "ਰਾਜੀਵ ਪੇਟ ਵਿੱਚ ਵੀ।"

ਫਿਰ ਮਹਾਰਾਜਾ ਬੀਰੇਂਦਰ ਨੇ ਆਪਣਾ ਸਿਰ ਚੁੱਕਣ ਦੀ ਕੋਸ਼ਿਸ਼ ਕੀਤੀ ਅਤੇ ਨੇਪਾਲੀ ਵਿੱਚ ਬੁੜਬੁੜਾਏ ''ਕੇ ਕਾਰਦੇਕੋ'' ਯਾਨੀ ''ਤੂੰ ਕੀ ਕਰ ਦਿੱਤਾ?'' ਇਹ ਉਨ੍ਹਾਂ ਦੇ ਆਖਰੀ ਸ਼ਬਦ ਸਨ।

ਇਸ ਦੌਰਾਨ ਦੀਪੇਂਦਰ ਨੇ ਕਮਰੇ ਵਿੱਚ ਦੁਬਾਰ ਪ੍ਰਵੇਸ਼ ਕੀਤਾ। ਉਦੋਂ ਤੱਕ ਉਨ੍ਹਾਂ ਨੇ ਇਟਲੀ ਵਿੱਚ ਬਣੀ ਆਪਣੀ ਗਨ ਹੇਠ ਸੁੱਟ ਦਿੱਤੀ ਸੀ। ਹੁਣ ਉਨ੍ਹਾਂ ਦੇ ਹੱਥ ਵਿੱਚ ਐੱਮ-16 ਰਾਈਫਲ ਸੀ।

ਲੜਕੀ ਨਾਲ ਦੀਪੇਂਦਰ ਦੀ ਨਜ਼ਦੀਕੀ ਪਸੰਦ ਨਹੀਂ ਸੀ ਸ਼ਾਹੀ ਜੋੜੇ ਨੂੰ

ਆਖਿਰ ਦੀਪੇਂਦਰ ਨੇ ਮਹਾਰਾਜਾ ਬੀਰੇਂਦਰ ''ਤੇ ਗੋਲੀ ਕਿਉਂ ਚਲਾਈ? ਬੀਬੀਸੀ ਨੇ ਇਹੀ ਸਵਾਲ ਪੁੱਛਿਆ ਦੀਪੇਂਦਰ ਦੀ ਭੂਆ ਕੇਤਕੀ ਚੇਸਟਰ ਤੋਂ।

ਕੇਤਕੀ ਦਾ ਜਵਾਬ ਸੀ, "ਉਹ ਇੱਕ ਲੜਕੀ ਨਾਲ ਵਿਆਹ ਕਰਨਾ ਚਾਹੁੰਦੇ ਸਨ। ਉਨ੍ਹਾਂ ਦੀ ਦਾਦੀ ਅਤੇ ਉਨ੍ਹਾਂ ਦੀ ਮਾਂ ਨੂੰ ਇਹ ਪਸੰਦ ਨਹੀਂ ਸੀ।"

"ਉਨ੍ਹਾਂ ਨੂੰ ਖਰਚ ਕਰਨ ਲਈ ਓਨੇ ਪੈਸੇ ਨਹੀਂ ਮਿਲ ਰਹੇ ਸਨ ਜਿੰਨੇ ਉਹ ਚਾਹੁੰਦੇ ਸਨ। ਉਸ ਵਜ੍ਹਾ ਨਾਲ ਉਨ੍ਹਾਂ ਨੇ ਆਪਣਾ ਆਪਾ ਖੋ ਦਿੱਤਾ ਸੀ।"

ਦੀਪੇਂਦਰ ਇਸ ਸਭ ਤੋਂ ਬਹੁਤ ਨਿਰਾਸ਼ ਸਨ ਅਤੇ ਉਨ੍ਹਾਂ ਦੀ ਮਾਨਸਿਕ ਸਥਿਤੀ ਡਾਵਾਂਡੋਲ ਜਿਹੀ ਹੋ ਚੱਲੀ ਸੀ।

ਇਸ ਦੀ ਹਵਾ ਲੰਡਨ ਤੱਕ ਪਹੁੰਚ ਚੁੱਕੀ ਸੀ। ਮਈ, 2001 ਦੀ ਸ਼ੁਰੂਆਤ ਵਿੱਚ ਉਨ੍ਹਾਂ ਦੇ ਲੰਡਨ ਵਿੱਚ ਸਰਪ੍ਰਸਤ ਰਹੇ ਲਾਰਡ ਕੇਮੋਇਜ਼ ਨੇ ਮਹਾਰਾਜਾ ਬੀਰੇਂਦਰ ਨੂੰ ਫੈਕਸ ਕਰਕੇ ਇਸ ਬਾਰੇ ਸੂਚਿਤ ਵੀ ਕੀਤਾ ਸੀ।

ਉਨ੍ਹਾਂ ਨੇ ਲਿਖਿਆ ਸੀ ਕਿ ਯੁਵਰਾਜ ਜੀਵਨ ਵਿੱਚ ਆਪਣੀ ਭੂਮਿਕਾ ਅਤੇ ਆਪਣੀ ਪਸੰਦ ਦਾ ਵਿਆਹ ਨਾ ਕਰਨ ਦੇ ਅਧਿਕਾਰ ਨੂੰ ਲੈ ਕੇ ਕਾਫ਼ੀ ਨਾਖੁਸ਼ ਸਨ।

ਮਹਾਰਾਣੀ ਐਸ਼ਵਰਿਆ ਨੇ ਮਹਿਸੂਸ ਕਰ ਲਿਆ ਸੀ ਕਿ ਉਨ੍ਹਾਂ ਲਈ ਦੀਪੇਂਦਰ ਨੂੰ ਆਪਣੇ ਪਸੰਦ ਦਾ ਵਿਆਹ ਕਰਨ ਤੋਂ ਰੋਕਣਾ ਬਹੁਤ ਮੁਸ਼ਕਿਲ ਹੋਵੇਗਾ।

ਇਸ ਲਈ ਉਨ੍ਹਾਂ ਦੀਪੇਂਦਰ ਨੂੰ ਸਪੱਸ਼ਟ ਕਰ ਦਿੱਤਾ ਸੀ ਕਿ ਜੇਕਰ ਉਨ੍ਹਾਂ ਨੇ ਇਸ ਮਾਮਲੇ ਵਿੱਚ ਆਪਣੇ ਮਾਤਾ-ਪਿਤਾ ਦੀ ਗੱਲ ਨਹੀਂ ਮੰਨੀ ਤਾਂ ਉਨ੍ਹਾਂ ਨੂੰ ਆਪਣੀ ਸ਼ਾਹੀ ਪਦਵੀ ਤੋਂ ਹੱਥ ਧੋਣਾ ਪਵੇਗਾ।

ਚਾਚੇ ''ਤੇ ਗੋਲੀ ਚਲਾਈ

ਇਸ ਦੌਰਾਨ ਦੀਪੇਂਦਰ ਦੇ ਪਿਆਰੇ ਚਾਚਾ ਧੀਰੇਂਦਰ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ।

ਕੇਤਕੀ ਚੈਸਟਰ ਦੱਸਦੀ ਹੈ, "ਅਚਾਨਕ ਮਹਾਰਾਜ ਬੀਰੇਂਦਰ ਦੇ ਛੋਟੇ ਭਰਾ ਧੀਰੇਂਦਰ ਸ਼ਾਹ ਨੇ ਦੀਪੇਂਦਰ ਨੂੰ ਰੋਕਦੇ ਹੋਏ ਕਿਹਾ, ''ਬਾਬਾ ਹੁਣ ਬਹੁਤ ਹੋ ਚੁੱਕਿਆ। ਆਪਣੀ ਬੰਦੂਕ ਮੈਨੂੰ ਦੇ ਦੋ।"

"ਦੀਪੇਂਦਰ ਨੇ ਬਹੁਤ ਨਜ਼ਦੀਕ ਤੋਂ ਉਨ੍ਹਾਂ ''ਤੇ ਗੋਲੀ ਚਲਾਈ ਅਤੇ ਉਹ ਉੱਡਦੇ ਹੋਏ ਦੂਰ ਜਾ ਡਿੱਗੇ।"

"ਉਸ ਦੇ ਬਾਅਦ ਤਾਂ ਦੀਪੇਂਦਰ ਦਾ ਆਪਣੇ ਉੱਪਰ ਕੰਟਰੋਲ ਪੂਰੀ ਤਰ੍ਹਾਂ ਨਾਲ ਖਤਮ ਹੋ ਗਿਆ ਅਤੇ ਉਹ ਹਰ ਕਿਸੇ ''ਤੇ ਗੋਲੀ ਚਲਾਉਣ ਲੱਗਿਆ। ਰਾਜਕੁਮਾਰ ਪਾਰਸ ਨੇ ਚੀਕ ਕੇ ਕਿਹਾ ਕਿ ਸਭ ਲੋਕ ਸੋਫ਼ੇ ਦੀ ਆੜ ਲੈ ਲੈਣ।"

ਕੇਤਕੀ ਨੂੰ ਖੁਦ ਵੀ ਗੋਲੀ ਲੱਗੀ। ਦੀਪੇਂਦਰ ਨੂੰ ਲੱਗਿਆ ਕਿ ਕੇਤਕੀ ਵੀ ਮਰ ਗਈ ਹੈ ਕਿਉਂਕਿ ਉਨ੍ਹਾਂ ਦਾ ਸਿਰ ਅਤੇ ਵਾਲ ਵੀ ਖੂਨ ਨਾਲ ਲੱਥਪੱਥ ਸਨ।

ਇੱਕ ਗੋਲੀ ਮਹਾਰਾਜਾ ਗਿਆਨੇਂਦਰ ਦੀ ਪਤਨੀ ਅਤੇ ਪਾਰਸ ਦੀ ਮਾਂ ਨੂੰ ਲੱਗੀ ਅਤੇ ਉਨ੍ਹਾਂ ਦੇ ਫੇਫੜੇ ਨੂੰ ਪਾਰ ਕਰ ਗਈ।

ਦੀਪੇਂਦਰ ਨੇ ਆਪਣੇ ਪਿਤਾ ''ਤੇ ਫਿਰ ਗੋਲੀ ਚਲਾਈ। ਇਸ ਵਾਰ ਗੋਲੀ ਮਹਾਰਾਜਾ ਬੀਰੇਂਦਰ ਦੇ ਸਿਰ ਨੂੰ ਪਾਰ ਕਰ ਗਈ।

ਉਨ੍ਹਾਂ ਦੀ ਖੂਨ ਨਾਲ ਭਰੀ ਟੋਪੀ ਅਤੇ ਚਸ਼ਮਾ ਹੇਠ ਡਿੱਗ ਗਏੇ। ਉਹ ਮੂਧੇ ਮੂੰਹ ਡਿੱਗੇ ਹੋਏ ਸਨ ਅਤੇ ਉਨ੍ਹਾਂ ਦੇ ਪੈਰ ਬਾਰ ਵੱਲ ਸਨ।

ਕੇਤਕੀ ਉਹ ਦ੍ਰਿਸ਼ ਅਜੇ ਵੀ ਨਹੀਂ ਭੁੱਲ ਸਕੀ ਹੈ ਜਦੋਂ ਦੀਪੇਂਦਰ ਨੇ ਆ ਕੇ ਆਪਣੇ ਜ਼ਖ਼ਮੀ ਪਿਤਾ ਨੂੰ ਆਪਣੇ ਪੈਰਾਂ ਨਾਲ ਠੋਕਰ ਮਾਰੀ ਸੀ।

ਕੇਤਕੀ ਯਾਦ ਕਰਦੀ ਹੈ, "ਉਹ ਦ੍ਰਿਸ਼ ਮੇਰੀਆਂ ਅੱਖਾਂ ਵਿੱਚ ਹਮੇਸ਼ਾ ਲਈ ਅੰਕਿਤ ਹੋ ਗਿਆ ਜਦੋਂ ਦੀਪੇਂਦਰ ਨੇ ਲਗਭਗ ਮਰ ਚੁੱਕੇ ਆਪਣੇ ਪਿਤਾ ਨੂੰ ਆਪਣੇ ਪੈਰਾਂ ਨਾਲ ਠੋਕਰ ਮਾਰੀ ਸੀ।"

"ਇਹ ਦੇਖਣ ਲਈ ਕਿ ਉਹ ਮਰ ਚੁੱਕੇ ਹਨ ਜਾਂ ਜਿਉਂਦੇ ਹਨ। ਹਰ ਸੰਸਕ੍ਰਿਤੀ ਵਿੱਚ ਮ੍ਰਿਤਕ ਵਿਅਕਤੀ ਦਾ ਸਨਮਾਨ ਕੀਤਾ ਜਾਂਦਾ ਹੈ। ਗੋਲੀ ਮਾਰਨ ਤੋਂ ਜ਼ਿਆਦਾ ਇੱਕ ਹਿੰਦੂ ਵਿਅਕਤੀ ਦੇ ਆਪਣੇ ਪਿਤਾ ਦੀ ਲਾਸ਼ ਨੂੰ ਠੋਕਰ ਮਾਰਨ ਦੇ ਦ੍ਰਿਸ਼ ਨੇ ਮੈਨੂੰ ਧੱਕਾ ਪਹੁੰਚਾਇਆ।"

ਏਡੀਸੀ ਦੀ ਭੂਮਿਕਾ ''ਤੇ ਸਵਾਲ

ਨਾਰਾਇਣਹਿਤ ਮਹਿਲ ਦੇ ਤ੍ਰਿਭੁਵਨ ਭਵਨ ਵਿੱਚ ਨੇਪਾਲ ਨਰੇਸ਼ ਅਤੇ ਸ਼ਾਹੀ ਪਰਿਵਾਰ ਦੇ ਬਾਰਾਂ ਹੋਰ ਲੋਕ ਜਾਂ ਤਾਂ ਮਾਰੇ ਜਾ ਚੁੱਕੇ ਸਨ ਜਾਂ ਜ਼ਖ਼ਮੀ ਸੀ। ਤਿੰਨ ਤੋਂ ਚਾਰ ਮਿੰਟ ਵਿਚਕਾਰ ਗੋਲੀਬਾਰੀ ਖ਼ਤਮ ਹੋ ਗਈ।

ਨੇਪਾਲ ਦਾ ਸ਼ਾਹੀ ਪਰਿਵਾਰ
Getty Images
ਮਹਾਰਜਾ ਬੀਰੇਂਦਰ ਦੀ ਮੌਤ ਦਾ ਐਲਾਨ ਅਗਲੇ ਦਿਨ ਦੁਪਹਿਰ ਤੱਕ ਕੀਤਾ ਗਿਆ

ਨੇਪਾਲ ਦੀ ਇਸ ਸਭ ਤੋਂ ਮੁਸ਼ਕਿਲ ਘੜੀ ਵਿੱਚ ਗੋਲੀਆਂ ਦੀ ਆਵਾਜ਼ ਸੁਣਨ ਦੇ ਬਾਵਜੂਦ ਕਰੈਕ ਕਮਾਂਡੋ ਦੀ ਟਰੇਨਿੰਗ ਲੈ ਚੁੱਕੇ ਕਿਸੇ ਵੀ ਏਡੀਸੀ ਨੇ ਦੌੜ ਕੇ ਘਟਨਾ ਸਥਾਨ ''ਤੇ ਪਹੁੰਚਣ ਦੀ ਕੋਸ਼ਿਸ਼ ਨਹੀਂ ਕੀਤੀ।

ਉਹ ਆਪਣੇ ਕਮਰੇ ਵਿੱਚ ਹੀ ਬੈਠੇ ਰਹੇ। ਉਨ੍ਹਾਂ ਦੇ ਕਮਰੇ ਬਿਲੀਅਰਡਜ਼ ਰੂਮ ਤੋਂ ਸਿਰਫ਼ 150 ਗਜ਼ ਦੀ ਦੂਰੀ ''ਤੇ ਸਨ।

ਹਾਲਾਂਕਿ ਜੇਕਰ ਉਹ ਕੋਸ਼ਿਸ਼ ਕਰਦੇ ਤਾਂ ਬਿਲੀਅਰਡਜ਼ ਰੂਮ ਵਿੱਚ 10 ਸੈਕਿੰਡ ਦੇ ਅੰਦਰ ਪਹੁੰਚ ਸਕਦੇ ਸਨ।

ਬਾਅਦ ਵਿੱਚ ਜਾਂਚ ਕਮੇਟੀ ਦੀ ਰਿਪੋਰਟ ਦੇ ਆਧਰ ''ਤੇ ਚਾਰੋਂ ਏਡੀਸੀ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ।

ਮਹਾਰਾਣੀ ਐਸ਼ਵਰਿਆ ''ਤੇ ਪਿੱਛੋਂ ਗੋਲੀ ਚਲਾਈ

ਇਸ ਵਿਚਕਾਰ ਦੀਪੇਂਦਰ ਫਿਰ ਬਿਲੀਅਰਡਜ਼ ਰੂਮ ਦੇ ਬਾਹਰ ਨਿਕਲ ਕੇ ਗਾਰਡਨ ਵਿੱਚ ਚਲੇ ਗਏ।

ਮਹਾਰਾਣੀ ਐਸ਼ਵਰਿਆ ਉਨ੍ਹਾਂ ਦੇ ਪਿੱਛੇ ਪਿੱਛੇ ਦੌੜੀ। ਰਾਜਕੁਮਾਰ ਨਿਰਾਜਨ ਵੀ ਉਨ੍ਹਾਂ ਦੇ ਪਿੱਛੇ ਗਏ। ਥੋੜ੍ਹੀ ਦੇਰ ਬਾਅਦ ਦੋ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ।

ਐਂਡ ਆਫ ਦਿ ਲਾਈਨ
Penguin books

ਨੀਲੇਸ਼ ਮਿਸ਼ਰਾ ਆਪਣੀ ਕਿਤਾਬ ''ਐਂਡ ਆਫ ਦਿ ਲਾਈਨ'' ਵਿੱਚ ਲਿਖਦੇ ਹਨ, "ਰਸੋਈ ਘਰ ਤੋਂ ਇੱਕ ਨੌਕਰ ਸਾਂਤਾ ਕੁਮਾਰ ਖੜਕਾ ਨੇ ਮਹਾਰਾਣੀ ਐਸ਼ਵਰਿਆ ਦੇ ਜੀਵਨ ਦੇ ਅੰਤਿਮ ਪਲਾਂ ਨੂੰ ਦੇਖਿਆ।"

"ਰਾਣੀ ਨੇ ਪੌੜੀਆਂ ਚੜ੍ਹ ਕੇ ਦੀਪੇਂਦਰ ਦੇ ਬੈੱਡਰੂਮ ਵੱਲ ਜਾਣ ਦੀ ਕੋਸ਼ਿਸ਼ ਕੀਤੀ। ਉਹ ਨੇਪਾਲੀ ਵਿੱਚ ਜ਼ੋਰ ਜ਼-ਰ ਨਾਲ ਚਿਲਾ ਰਹੀ ਸੀ। ਉਨ੍ਹਾਂ ਨੇ ਸੱਤ ਪੌੜੀਆਂ ਚੜ੍ਹੀਆਂ ਹੋਣਗੀਆਂ ਕਿ ਇੱਕ ਗੋਲੀ ਉਨ੍ਹਾਂ ਦੇ ਸਿਰ ਨੂੰ ਪਾਰ ਕਰ ਗਈ।"

"ਉਹ ਸੰਗਮਰਮਰ ਦੀਆਂ ਪੌੜੀਆਂ ਤੋਂ ਡਿੱਗੀ। ਉਨ੍ਹਾਂ ਨੂੰ ਪਿਛਿਓਂ ਗੋਲੀ ਮਾਰੀ ਗਈ ਸੀ ਅਤੇ ਉਹ ਦੀਪੇਂਦਰ ਦੀ ਅੰਤਿਮ ਸ਼ਿਕਾਰ ਸੀ।"

ਉਨ੍ਹਾਂ ਨੂੰ ਸ਼ਾਇਦ ਇਹ ਗਲਤਫਹਿਮੀ ਸੀ ਕਿ ਉਨ੍ਹਾਂ ਦਾ ਆਪਣਾ ਬੇਟਾ ਉਨ੍ਹਾਂ ''ਤੇ ਗੋਲੀ ਨਹੀਂ ਚਲਾਏਗਾ। ਪਰ ਉਨ੍ਹਾਂ ਦੇ ਇਹ ਅੰਦਾਜ਼ਾ ਗਲਤ ਨਿਕਲਿਆ।

ਇਸ ਦੇ ਬਾਅਦ ਦੀਪੇਂਦਰ ਗਾਰਡਨ ਵਿੱਚ ਇੱਕ ਛੋਟੇ ਤਲਾਬ ''ਤੇ ਬਣੇ ਬ੍ਰਿਜ ''ਤੇ ਗਏ। ਉੱਥੇ ਉਹ ਪਾਗਲਾਂ ਦੀ ਤਰ੍ਹਾਂ ਇੱਕ ਜਾਂ ਦੋ ਬਾਰ ਚਿਲਾਏ ਅਤੇ ਫਿਰ ਆਖਰੀ ਗੋਲੀ ਦੀ ਆਵਾਜ਼ ਸੁਣਾਈ ਦਿੱਤੀ।

ਉਹ ਪਿੱਠ ਦੇ ਭਾਰ ਡਿੱਗੇ। ਇੱਕ ਗੋਲੀ ਉਨ੍ਹਾਂ ਦੇ ਸਿਰ ਨੂੰ ਪਾਰ ਕਰ ਗਈ ਸੀ। ਉਨ੍ਹਾਂ ਦੇ ਸਿਰ ਦੇ ਖੱਬੇ ਪਾਸੇ ਕੰਨ ਦੇ ਪਿੱਛੇ ਗੋਲੀ ਲੱਗਣ ਦਾ ਇੱਕ ਸੈਂਟੀਮੀਟਰ ਲੰਬਾ ਨਿਸ਼ਾਨ ਸੀ।

ਉਨ੍ਹਾਂ ਦੇ ਸੱਜੇ ਪਾਸੇ ਸਿਰ ਵਿੱਚ ਕੰਨ ਦੇ ਉੱਪਰ ਗੋਲੀ ਬਾਹਰ ਨਿਕਲਣ ਦਾ ਨਿਸ਼ਾਨ ਸੀ। ਦੋਵੇਂ ਸੱਟਾਂ ਤੋਂ ਖੂਨ ਨਿਕਲ ਰਿਹਾ ਸੀ, ਪਰ ਦੀਪੇਂਦਰ ਅਜੇ ਵੀ ਜਿਉਂਦੇ ਸਨ।

ਜੈਗੂਆਰ ਕਾਰ ਰਾਹੀਂ ਮਹਾਰਾਜਾ ਨੂੰ ਹਸਪਤਾਲ ਲੈ ਜਾਇਆ ਗਿਆ

ਉੱਧਰ ਮਹਾਰਾਜਾ ਬੀਰੇਂਦਰ ਵੀ ਇੰਨੀਆਂ ਗੋਲੀਆਂ ਖਾਣ ਦੇ ਬਾਵਜੂਦ ਅਜੇ ਜਿਉਂਦੇ ਸਨ।

ਜਦੋਂ ਉਨ੍ਹਾਂ ਦੇ ਏਡੀਸੀ ਨੇ ਉਨ੍ਹਾਂ ਨੂੰ ਹਸਪਤਾਲ ਲੈ ਜਾਣ ਲਈ ਜੈਗੂਆਰ ਕਾਰ ਦੀ ਪਿਛਲੀ ਸੀਟ ''ਤੇ ਲਿਟਾਇਆ ਤਾਂ ਉਨ੍ਹਾਂ ਦੇ ਦੋਵੇਂ ਕੰਨਾਂ ਤੋਂ ਖੂਨ ਨਿਕਲ ਰਿਹਾ ਸੀ।

ਉਨ੍ਹਾਂ ਦੇ ਸਾਰੇ ਕੱਪੜੇ ਖੂਨ ਨਾਲ ਭਰੇ ਹੋਏ ਸਨ। ਉਨ੍ਹਾਂ ਦੀ ਨਬਜ਼ ਕਰੀਬ ਕਰੀਬ ਜਾ ਚੁੱਕੀ ਸੀ, ਪਰ ਉਨ੍ਹਾਂ ਦੇ ਹੱਥ ਵਿੱਚ ਥੋੜ੍ਹੀ ਹਰਕਤ ਸੀ। ਉਨ੍ਹਾਂ ਨੂੰ ਘੱਟ ਤੋਂ ਘੱਟ ਅੱਠ ਗੋਲੀਆਂ ਵੱਜੀਆਂ ਸਨ।

ਉਨ੍ਹਾਂ ਦੀ ਕਾਰ ਦੇ ਪਿੱਛੇ ਚੱਲ ਰਹੀ ਟੋਇਟਾ ਵਿੱਚ ਮਹਾਰਾਣੀ ਐਸ਼ਵਰਿਆ ਦਾ ਸਰੀਰ ਸੀ। ਜਦੋਂ ਇਹ ਦੋਵੇਂ ਕਾਰਾਂ ਹਸਪਤਾਲ ਪਹੁੰਚੀਆਂ ਤਾਂ ਉਸ ਸਮੇਂ ਰਾਤ ਦੇ ਸਵਾ ਨੌਂ ਵੱਜੇ ਸਨ।

ਥੋੜ੍ਹੀ ਦੇਰ ਵਿੱਚ ਨੇਪਾਲ ਦੇ ਸਰਵਸ਼੍ਰੇ਼ਸ਼ਠ ਨਿਊਰੋਸਰਜਨ, ਪਲਾਸਟਿਕ ਸਰਜਨ ਅਤੇ ਦਿਲ ਦੇ ਰੋਗਾਂ ਦੇ ਮਾਹਿਰ ਹਸਪਤਾਲ ਪਹੁੰਚ ਗਏ ਸਨ।

ਰਾਣੀ ਨੂੰ ਕਾਰ ਤੋਂ ਉਤਾਰਦੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਉਸੀ ਸਮੇਂ ਇੱਕ ਹਰੇ ਰੰਗ ਦੀ ਟੋਇਟਾ ਲੈਂਡਕਰੂਜ਼ਰ ਵੀ ਹਸਪਤਾਲ ਵੱਲ ਵਧ ਰਹੀ ਸੀ ਜਿਸ ਵਿੱਚ ਰਾਜਕੁਮਾਰ ਪਾਰਸ ਅਗਲੀ ਸੀਟ ''ਤੇ ਬੈਠੇ ਹੋਏ ਸਨ।

ਪਿਛਲੀਆਂ ਸੀਟਾਂ ''ਤੇ ਦੀਪੇਂਦਰ ਦੇ ਏਡੀਸੀ ਗਜੇਂਦਰ ਬੋਹਰਾ ਅਤੇ ਰਾਜੂ ਕਾਰਕੀ ਨੇ ਯੁਵਰਾਜ ਦੀਪੇਂਦਰ ਅਤੇ ਰਾਜਕੁਮਾਰ ਨਿਰਾਜਨ ਦੇ ਸਰੀਰ ਨੂੰ ਫੜਿਆ ਹੋਇਆ ਸੀ।

ਇਹ ਇੱਕ ਅਜੀਬ ਜਿਹੀ ਸਥਿਤੀ ਸੀ। ਇੱਕ ਹੀ ਕਾਰ ਵਿੱਚ ਹਤਿਆਰੇ ਅਤੇ ਉਸ ਦੇ ਸ਼ਿਕਾਰ ਨੂੰ ਲੈ ਜਾਇਆ ਜਾ ਰਿਹਾ ਸੀ।

ਟਰੌਮਾ ਸੈਂਟਰ ਵਿੱਚ ਬੈੱਡ ਘਟ ਗਏ

ਇਹ ਲੋਕ ਸਾਢੇ ਨੌਂ ਵਜੇ ਹਸਪਤਾਲ ਪਹੁੰਚੇ। ਉੱਥੇ ਪਹੁੰਚਣ ਦੇ ਕੁਝ ਮਿੰਟਾਂ ਦੇ ਅੰਦਰ ਰਾਜਕੁਮਾਰ ਨਿਰਾਜਨ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਮਹਾਰਾਜ ਬੀਰੇਂਦਰ ਅਤੇ ਮਹਾਰਾਣੀ ਐਸ਼ਵਰਿਆ ਦੀਆਂ ਤਸਵੀਰਾਂ ਲੈ ਕੇ ਖੜ੍ਹੇ ਉਨ੍ਹਾਂ ਸਮਰਥਕ
Getty Images
ਮਹਾਰਾਜ ਬੀਰੇਂਦਰ ਅਤੇ ਮਹਾਰਾਣੀ ਐਸ਼ਵਰਿਆ ਦੀਆਂ ਤਸਵੀਰਾਂ ਲੈ ਕੇ ਖੜ੍ਹੇ ਉਨ੍ਹਾਂ ਸਮਰਥਕ

ਜੋਨਾਥਨ ਗ੍ਰੇਗਸਨ ਲਿਖਦੇ ਹਨ, "ਇਸ ਵਿਚਕਾਰ ਨੇਪਾਲ ਦੇ ਚੋਟੀ ਦੇ ਨਿਊਰੋ ਸਰਜਨ ਡਾਕਟਰ ਉਪੇਂਦਰ ਦੇਵਕੋਟਾ ਇੱਕ ਟਰਾਲੀ ਕੋਲ ਰੁਕੇ ਜਿੱਥੇ ਇੱਕ ਸੈਨਿਕ ਡਾਕਟਰ ਖੂਨ ਨਾਲ ਭਰੇ ਹੋਏ ਰਾਸ਼ਟਰੀ ਪੁਸ਼ਾਕ ਪਹਿਨੇ ਹੋਏ ਸ਼ਖ਼ਸ ਦਾ ਇਲਾਜ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।"

"ਉਸ ਦੇ ਗਲੇ ਵਿੱਚ ਇੱਕ ਲੌਕਿਟ ਲਟਕਿਆ ਹੋਇਆ ਸੀ ਜਿਸ ਵਿੱਚ ਸਾਈਂ ਬਾਬਾ ਦਾ ਇੱਕ ਚਿੱਤਰ ਸੀ। ਹਾਲਾਂਕਿ ਉਹ ਮਹਾਰਾਜਾ ਬੀਰੇਂਦਰ ਨੂੰ ਪਹਿਲਾਂ ਮਿਲ ਚੁੱਕੇ ਸਨ, ਪਰ ਉਹ ਉਸ ਸਮੇਂ ਜ਼ਖ਼ਮੀ ਬੀਰੇਂਦਰ ਨੂੰ ਪਛਾਣ ਨਹੀਂ ਸਕੇ।"

ਯੁਵਰਾਜ ਦੀਪੇਂਦਰ ਨੇ ਉਸ ਦਿਨ ਆਪਣੇ ਪਰਿਵਾਰ ਦੇ ਇੰਨੇ ਲੋਕਾਂ ਨੂੰ ਮਾਰਿਆ ਸੀ ਕਿ ਹਸਪਤਾਲ ਦੇ ਟਰੌਮਾ ਹਾਲ ਦੇ ਸਾਰੇ ਬੈੱਡ ਭਰ ਗਏ ਸਨ।

ਜਦੋਂ ਦੀਪੇਂਦਰ ਨੂੰ ਸਟਰੈਚਰ ''ਤੇ ਅੰਦਰ ਲਿਆਂਦਾ ਗਿਆ ਤਾਂ ਉਨ੍ਹਾਂ ਲਈ ਕੋਈ ਖਾਲੀ ਬੈੱਡ ਨਹੀਂ ਬਚਿਆ ਸੀ।

ਉਨ੍ਹਾਂ ਨੂੰ ਜ਼ਮੀਨ ''ਤੇ ਵਿਛਾਏ ਗਏ ਗੱਦੇ ''ਤੇ ਰੱਖਿਆ ਗਿਆ। ਦੀਪੇਂਦਰ ਦੇ ਸਿਰ ਦੇ ਦੋਵੇਂ ਪਾਸੇ ਤੋਂ ਖੂਨ ਨਿਕਲ ਰਿਹਾ ਸੀ।

ਉਹ ਸਾਹ ਲੈਂਦੇ ਹੋਏ ਬਹੁਤ ਆਵਾਜ਼ ਕਰ ਰਹੇ ਸਨ, ਪਰ ਉਨ੍ਹਾਂ ਦਾ ਬਲੱਡ ਪ੍ਰੈਸ਼ਰ 100/60 ਸੀ ਜੋ ਚਿੰਤਾਜਨਕ ਨਹੀਂ ਸੀ।

ਪਰ ਉਨ੍ਹਾਂ ਦੀਆਂ ਅੱਖਾਂ ਦੀਆਂ ਪੁਤਲੀਆਂ ''ਤੇ ਤੇਜ਼ ਰੌਸ਼ਨੀ ਦਾ ਕੋਈ ਅਸਰ ਨਹੀਂ ਪੈ ਰਿਹਾ ਸੀ। ਮਿੰਟਾਂ ਵਿੱਚ ਦੀਪੇਂਦਰ ਨੂੰ ਅਪਰੇਸ਼ਨ ਥੀਏਟਰ ਵਿੱਚ ਲੈ ਜਾਇਆ ਗਿਆ।

ਦੀਪੇਂਦਰ ਨੂੰ ਰਾਜਾ ਬਣਾਇਆ ਗਿਆ

ਅਗਲੇ ਦਿਨ ਛਪਣ ਵਾਲੇ ਅਖ਼ਬਾਰਾਂ ਵਿੱਚ ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਦਾ ਕੋਈ ਜ਼ਿਕਰ ਨਹੀਂ ਸੀ, ਪਰ ਇਸ ਖ਼ਬਰ ਨੂੰ ਦਬਾਏ ਰੱਖਣ ਦਾ ਯਤਨ ਸਫਲ ਨਹੀਂ ਹੋ ਸਕਿਆ।

ਮਹਾਰਾਣੀ ਐਸ਼ਵਰਿਆ ਦੀ ਮ੍ਰਿਤਕ ਦੇਹ
Getty Images
ਮਹਾਰਾਣੀ ਐਸ਼ਵਰਿਆ ਦੀ ਮ੍ਰਿਤਕ ਦੇਹ

ਇਸ ਘਟਨਾ ਨੂੰ ਕਵਰ ਕਰਨ ਲਈ 2 ਜੂਨ, 2001 ਨੂੰ 10 ਵਜੇ ਸਵੇਰੇ ਮੈਂ ਦਿੱਲੀ ਤੋਂ ਕਾਠਮੰਡੂ ਪਹੁੰਚ ਗਿਆ ਸੀ, ਪਰ ਉਦੋਂ ਤੱਕ ਨੇਪਾਲ ਦੇ ਲੋਕਾਂ ਨੂੰ ਇਸ ਹੱਤਿਆ ਕਾਂਡ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ।

ਹਾਲਾਂਕਿ ਨੇਪਾਲ ਰੇਡਿਓ ''ਤੇ ਸਵੇਰ ਤੋਂ ਹੀ ਸ਼ੋਕ ਸੰਗੀਤ ਵੱਜਣ ਲੱਗਿਆ ਸੀ।

ਆਖਿਰ ਉਨ੍ਹਾਂ ਨੇ ਹੱਤਿਆ ਕਾਂਡ ਦੇ 14 ਘੰਟੇ ਬਾਅਦ ਦੁਪਹਿਰ 11 ਵਜੇ ਪ੍ਰੋਗਰਾਮ ਰੋਕ ਕੇ ਐਲਾਨ ਕੀਤਾ ਕਿ ਕੱਲ੍ਹ ਰਾਤ ਸਵਾ ਨੌਂ ਵਜੇ ਮਹਾਰਾਜਾ ਬੀਰੇਂਦਰ ਬੀਰ ਬਿਕਰਮ ਸ਼ਾਹ ਦਾ ਦੇਹਾਂਤ ਹੋ ਗਿਆ।

ਉਨ੍ਹਾਂ ਦੀ ਜਗ੍ਹਾ ਉਨ੍ਹਾਂ ਦੇ ਸਭ ਤੋਂ ਵੱਡੇ ਬੇਟੇ ਯੁਵਰਾਜ ਦੀਪੇਂਦਰ ਨੂੰ ਅਗਲਾ ਮਹਾਰਾਜਾਧਿਰਾਜ ਐਲਾਨਿਆ ਜਾਂਦਾ ਹੈ ਕਿਉਂਕਿ ਉਹ ਅਜੇ ਸ਼ਾਸਨ ਕਰਨ ਦੀ ਸਥਿਤੀ ਵਿੱਚ ਨਹੀਂ ਹਨ, ਉਨ੍ਹਾਂ ਦੀ ਜਗ੍ਹਾ ਰਾਜਕੁਮਾਰ ਗਿਆਨੇਂਦਰ ਰੀਜੈਂਟ ਦੀ ਤਰ੍ਹਾਂ ਕੰਮ ਕਰਨਗੇ, ਪਰ ਨੇਪਾਲ ਵਾਸੀਆਂ ਨੂੰ ਇਹ ਨਹੀਂ ਦੱਸਿਆ ਗਿਆ ਕਿ ਮਹਾਰਾਜਾ ਬੀਰੇਂਦਰ ਦੀ ਮੌਤ ਕਿਵੇਂ ਹੋਈ?

ਅੰਤਿਮ ਯਾਤਰਾ ਵਿੱਚ ਲੱਖਾਂ ਲੋਕ

2 ਜੂਨ 2001 ਨੂੰ ਦੁਪਹਿਰ 4 ਵਜੇ ਜਦੋਂ ਰਾਜ ਪਰਿਵਾਰ ਦੀ ਅੰਤਿਮ ਯਾਤਰਾ ਸ਼ੁਰੂ ਹੋਈ ਤਾਂ ਪੂਰਾ ਕਾਠਮੰਡੂ ਜਿਵੇਂ ਸੜਕਾਂ ''ਤੇ ਉਤਰ ਆਇਆ।

ਦੇਸ਼ ਦੇ ਹਜ਼ਾਰਾਂ ਲੋਕਾਂ ਨੇ ਮਹਾਰਾਜਾ ਦੇ ਸਨਮਾਨ ਵਿੱਚ ਆਪਣੇ ਸਿਰ ਮੁਨਵਾ ਦਿੱਤੇ।

ਸ਼ਾਹੀ ਪਰਿਵਾਰ ਦੀਆਂ ਮ੍ਰਿਤਕ ਦੇਹਾਂ ਨੂੰ ਕਾਠਮੰਡੂ ਦੇ ਸੈਨਿਕ ਹਸਪਤਾਲ ਤੋਂ ਬਾਗਮਤੀ ਨਦੀਂ ਦੇ ਤਟ ਉੱਤੇ ਪਸ਼ੂਪਤੀ ਨਾਥ ਆਰਿਆ ਘਾਟ ਕੰਪਲੈਕਸ ਲਿਆੰਦਾ ਗਿਆ, ਜਿਥੇ ਉਨ੍ਹਾਂ ਦਾ ਅੰਤਮ ਸੰਸਕਾਰ ਕੀਤਾ ਗਿਆ
Getty Images
ਸ਼ਾਹੀ ਪਰਿਵਾਰ ਦੀਆਂ ਮ੍ਰਿਤਕ ਦੇਹਾਂ ਨੂੰ ਕਾਠਮੰਡੂ ਦੇ ਸੈਨਿਕ ਹਸਪਤਾਲ ਤੋਂ ਬਾਗਮਤੀ ਨਦੀਂ ਦੇ ਤਟ ਉੱਤੇ ਪਸ਼ੂਪਤੀ ਨਾਥ ਆਰਿਆ ਘਾਟ ਕੰਪਲੈਕਸ ਲਿਆੰਦਾ ਗਿਆ, ਜਿਥੇ ਉਨ੍ਹਾਂ ਦਾ ਅੰਤਮ ਸੰਸਕਾਰ ਕੀਤਾ ਗਿਆ

ਨਾਈਆਂ ਨੇ ਇਸ ਕੰਮ ਲਈ ਕੋਈ ਪੈਸੇ ਨਹੀਂ ਲਏ। ਸ਼ਾਮ ਵੇਲੇ ਵਿੱਚ ਰਾਜ ਪਰਿਵਾਰ ਦੇ ਇੱਕ ਮੈਂਬਰ ਦੀਪਕ ਬਿਕਰਮ ਨੇ ਆਰੀਆਘਾਟ ''ਤੇ ਸਾਰੀਆਂ ਚਿਤਾਵਾਂ ਨੂੰ ਅਗਨੀ ਭੇਟ ਕੀਤਾ।

ਯੁਵਰਾਜ ਦੀਪੇਂਦਰ ਨੂੰ ਕਦੇ ਹੋਸ਼ ਨਹੀਂ ਆਇਆ। 4 ਜੂਨ 2001 ਨੂੰ ਸਵੇਰੇ 3 ਵੱਜ ਕੇ 40 ਮਿੰਟ ''ਤੇ ਉਨ੍ਹਾਂ ਨੇ ਵੀ ਆਪਣੇ ਪ੍ਰਾਣ ਤਿਆਗ ਦਿੱਤੇ।

ਲਗਭਗ 54 ਘੰਟੇ ਤੱਕ ਨੇਪਾਲ ''ਤੇ ਉਸ ਵਿਅਕਤੀ ਦਾ ਰਾਜ ਰਿਹਾ ਜੋ ਬੇਹੋਸ਼ ਸੀ ਅਤੇ ਉਸ ''ਤੇ ਆਪਣੇ ਪਿਤਾ ਦੀ ਹੱਤਿਆ ਕਰਨ ਦਾ ਦੋਸ਼ ਸੀ।

ਉਨ੍ਹਾਂ ਦੀ ਮੌਤ ਦੇ ਬਾਅਦ ਨੇਪਾਲ ਨਰੇਸ਼ ਬੀਰੇਂਦਰ ਦੇ ਛੋਟੇ ਭਾਈ ਗਿਆਨੇਂਦਰ ਤਿੰਨ ਦਿਨਾਂ ਦੇ ਅੰਦਰ ਨੇਪਾਲ ਦੇ ਤੀਜੇ ਰਾਜਾ ਬਣੇ।

ਪਰ ਨੇਪਾਲ ਦੀ ਰਾਜਸ਼ਾਹੀ ਇਸ ਝਟਕੇ ਤੋਂ ਕਦੇ ਉੱਭਰ ਨਹੀਂ ਸਕੀ ਅਤੇ 2008 ਵਿੱਚ ਨੇਪਾਲ ਨੇ ਰਾਜਾਸ਼ਾਹੀ ਨੂੰ ਤਿਆਗ ਕੇ ਗਣਤੰਤਰ ਦਾ ਰਸਤਾ ਚੁਣਿਆ।

ਇਹ ਵੀ ਪੜ੍ਹੋ:

https://www.youtube.com/watch?v=4NSJd74-lAY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''ffdd36eb-153e-4d07-8fca-4e3492bd3f52'',''assetType'': ''STY'',''pageCounter'': ''punjabi.international.story.57326096.page'',''title'': ''ਉਨ੍ਹਾਂ ਕੁਝ ਮਿੰਟਾਂ ਦੀ ਕਹਾਣੀ ਜਦੋਂ ਨੇਪਾਲ ਦੇ ਯੁਵਰਾਜ ਨੇ ਪੂਰੇ ਸ਼ਾਹੀ ਪਰਿਵਾਰ ਨੂੰ ਗੋਲੀਆਂ ਨਾਲ਼ ਭੁੰਨ ਸੁੱਟਿਆ -ਵਿਵੇਚਨਾ'',''author'': ''ਰੇਹਾਨ ਫ਼ਜ਼ਲ'',''published'': ''2021-06-03T11:15:04Z'',''updated'': ''2021-06-03T11:15:04Z''});s_bbcws(''track'',''pageView'');