ਕੋਰੋਨਾਵਾਇਰਸ : ਕੋਵਿਡ -19 ਤੋਂ ਠੀਕ ਹੋਣ ਤੋਂ ਬਾਅਦ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

Wednesday, Jun 02, 2021 - 05:51 PM (IST)

ਕੋਰੋਨਾਵਾਇਰਸ : ਕੋਵਿਡ -19 ਤੋਂ ਠੀਕ ਹੋਣ ਤੋਂ ਬਾਅਦ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
ਕੋਰੋਨਾ
Getty Images

"ਹੁਣ ਆਰਾਮ ਹੈ ਜਾਂ ਅਜੇ ਵੀ ਤਕਲੀਫ ਹੁੰਦੀ ਹੈ? ਰਿਪੋਰਟ ਨੈਗੇਟਿਵ ਆਈ ?"

ਤੁਹਾਡੇ ਵਿਚੋਂ ਕਿੰਨੇ ਹੀ ਲੋਕਾਂ ਨੇ ਪਿਛਲੇ ਦਿਨਾਂ ਵਿੱਚ ਕਿਸੇ ਨਾ ਕਿਸੇ ਆਪਣੇ ਜਾਣਕਾਰਾਂ ਨੂੰ ਇਹ ਸਵਾਲ ਪੁੱਛਿਆ ਹੋਵੇਗਾ ਜਾਂ ਇਨ੍ਹਾਂ ਸਵਾਲਾਂ ਦਾ ਜਵਾਬ ਦਿੱਤਾ ਹੋਵੇਗਾ।

ਤੁਹਾਡੇ ਆਪਣਿਆਂ ਦੀਆਂ ਚਿੰਤਾਵਾਂ ਵਾਲੀਆਂ ਭਾਵਨਾਵਾਂ ਸ਼ਾਇਦ ਹੀ ਕਿਸੇ ਸਰਕਾਰੀ ਅੰਕੜੇ ਵਿੱਚ ਕਦੇ ਗਿਣੀਆਂ ਜਾ ਸਕਣ ਪਰ ਜੇਕਰ ਗਿਣਨਾ ਵੀ ਹੈ ਤਾਂ ਭਾਰਤ ਵਿੱਚ ਲਗਪਗ ਦੋ ਕਰੋੜ ਲੋਕ ਕੋਰੋਨਾਵਾਇਰਸ ਨੂੰ ਮਾਤ ਦੇ ਚੁੱਕੇ ਹਨ।

ਇਹ ਵੀ ਪੜ੍ਹੋ:

ਇਨ੍ਹਾਂ ਅੰਕੜਿਆਂ ਵਿੱਚ ਸ਼ਾਇਦ ਤੁਹਾਡੇ ਕੁਝ ਜਾਣਕਾਰ ਵੀ ਹੋਣਗੇ ਜੋ ਕੋਰੋਨਾਵਾਇਰਸ ਨੂੰ ਮਾਤ ਦੇ ਚੁੱਕੇ ਹਨ। ਇਹ ਕਹਾਣੀ ਤੁਹਾਡੇ ਉਨ੍ਹਾਂ ਆਪਣਿਆਂ ਲਈ ਹੀ ਹੈ।

ਕਿਉਂਕਿ ਕੋਰੋਨਾ ਹਾਰਿਆ ਭਲੇ ਹੈ ਪਰ ਹਾਲੇ ਤਕ ਖ਼ਤਮ ਨਹੀਂ ਹੋਇਆ।

ਕੋਰੋਨਾ
Getty Images

ਕੋਰੋਨਾਵਾਇਰਸ ਨਾਲ ਠੀਕ ਹੋਣ ਤੋਂ ਬਾਅਦ ਵੀ ਕਈ ਲੋਕ ਦੂਸਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਕਿਸੇ ਨੂੰ ਛੋਟੇ- ਮੋਟੇ ਕੰਮ ਕਰਨ ਤੋਂ ਬਾਅਦ ਥਕਾਵਟ ਹੁੰਦੀ ਹੈ ਅਤੇ ਕਿਸੇ ਨੂੰ ਸਾਹ ਲੈਣ ਵਿੱਚ ਸਮੱਸਿਆ।

ਕਿਸੇ ਨੂੰ ਦਿਲ ਨਾਲ ਸਬੰਧਿਤ ਕੋਈ ਨਵਾਂ ਰੋਗ ਲੱਗ ਗਿਆ ਹੈ ਤਾਂ ਕਈਆਂ ਨੂੰ ਕੁਝ ਹੋਰ ਪਰੇਸ਼ਾਨੀਆਂ ਦੇਖਣ ਅਤੇ ਸੁਣਨ ਨੂੰ ਮਿਲ ਰਹੀਆਂ ਹਨ।

ਡਾਕਟਰਾਂ ਦੀ ਸੁਣੀ ਜਾਵੇ ਤਾਂ ਕੋਵਿਡ ਤੋਂ ਬਾਅਦ ਵੀ ਸਾਂਭ ਸੰਭਾਲ ਓਨੀ ਹੀ ਜ਼ਰੂਰੀ ਹੈ ਜਿੰਨੀ ਕੋਵਿਡ ਦੇ ਸਮੇਂ।

ਤੁਸੀਂ ਜਿੰਨਾ ਖ਼ਿਆਲ ਕੋਵਿਡ ਦੇ ਸਮੇਂ ਰੱਖਿਆ, ਬਿਮਾਰੀ ਤੋਂ ਠੀਕ ਹੋਣ ਤੋਂ ਬਾਅਦ ਕੁਝ ਹਫ਼ਤੇ ਜਾਂ ਕਈ ਮਹੀਨਿਆਂ ਤੱਕ ਓਨੀ ਹੀ ਸਾਂਭ ਸੰਭਾਲ ਦੀ ਜ਼ਰੂਰਤ ਹੈ।

ਨਹੀਂ ਤਾਂ ਅਜਿਹਾ ਨਾ ਹੋਵੇ ਕਿ ਛੋਟੀ ਜਿਹੀ ਲਾਪਰਵਾਹੀ ਤੁਹਾਡੇ ਉੱਤੇ ਭਾਰੀ ਪੈ ਜਾਵੇ।

ਕੋਰੋਨਾ
Getty Images

ਕੋਵਿਡ -19 ਦਾ ਸਰੀਰ ਉੱਪਰ ਅਸਰ

ਇਸ ਦੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਕੋਵਿਡ ਨਾਲ ਸਰੀਰ ਦੇ ਕਿਹੜੇ ਅੰਗ ਜਾਂ ਹਿੱਸੇ ਹਨ ਜੋ ਜ਼ਿਆਦਾ ਪ੍ਰਭਾਵਿਤ ਹੋ ਸਕਦੇ ਹਨ।

ਹੁਣ ਤਕ ਬਹੁਤ ਸਾਰੇ ਲੋਕ ਇਸ ਨੂੰ ਸਰਦੀ ਜ਼ੁਕਾਮ ਵਾਲੀ ਬਿਮਾਰੀ ਮੰਨਦੇ ਹਨ। ਆਮ ਲੋਕਾਂ ਨੂੰ ਲੱਗਦਾ ਹੈ ਕਿ ਇਸ ਦਾ ਅਸਰ ਕੇਵਲ ਫੇਫੜਿਆਂ ਉਪਰ ਹੀ ਹੁੰਦਾ ਹੈ।

ਪਰ ਅਜਿਹਾ ਨਹੀਂ ਹੈ। ਕਿਉਂਕਿ ਬਿਮਾਰੀ ਨਵੀਂ ਹੈ, ਇਸ ਲਈ ਹੌਲੀ- ਹੌਲੀ ਹੀ ਸਰੀਰ ਦੇ ਦੂਸਰੇ ਅੰਗਾਂ ਉੱਪਰ ਇਸ ਦੇ ਅਸਰ ਬਾਰੇ ਪਤਾ ਲੱਗ ਰਿਹਾ ਹੈ।

ਹੁਣ ਇਸ ਗੱਲ ਦੇ ਸਬੂਤ ਮੌਜੂਦ ਹਨ ਕਿ ਕੋਵਿਡ-19 ਦੀ ਬਿਮਾਰੀ ਵਿੱਚ ਦਿਲ, ਦਿਮਾਗ, ਮਾਸਪੇਸ਼ੀਆਂ,ਧਮਨੀਆਂ,ਨਾੜਾਂ, ਖੂਨ ,ਅੱਖਾਂ ਵਰਗੇ ਸਰੀਰ ਦੇ ਦੂਸਰੇ ਅੰਗਾਂ ਉੱਪਰ ਵੀ ਅਸਰ ਪੈਂਦਾ ਹੈ।

ਇਹੀ ਕਾਰਨ ਹੈ ਕਿ ਹਾਰਟ ਅਟੈਕ, ਡਿਪ੍ਰੈਸ਼ਨ ,ਥਕਾਨ, ਸਰੀਰ ਵਿੱਚ ਦਰਦ ,ਬਲੱਡ ਕਲੌਟਿੰਗ ਅਤੇ ਬਲੈਕ ਫੰਗਸ ਵਰਗੀਆਂ ਦਿੱਕਤਾਂ ਦਾ ਸਾਹਮਣਾ ਲੋਕ ਕਰ ਰਹੇ ਹਨ।

ਡਾਕਟਰ ਸਲਾਹ ਦਿੰਦੇ ਹਨ ਕਿ ਠੀਕ ਹੋਣ ਤੋਂ ਬਾਅਦ ਵੀ ਸਰੀਰ ਦੇ ਦੂਸਰੇ ਅੰਗਾਂ ਵਿਚ ਹੋਣ ਵਾਲੇ ਬਦਲਾਅ ਨੂੰ ਤੁਸੀਂ ਨਜ਼ਰਅੰਦਾਜ਼ ਨਾ ਕਰੋ ਅਤੇ ਲੋਡ਼ ਪੈਣ ਤੇ ਡਾਕਟਰ ਦੀ ਸਲਾਹ ਜ਼ਰੂਰ ਲਓ।

ਹਲਕੇ ਲੱਛਣਾਂ ਵਾਲੇ ਕੋਵਿਡ-19 ਤੋਂ ਠੀਕ ਹੋਣ ਮਗਰੋਂ ਕੀ ਕੀਤਾ ਜਾਵੇ

ਭਾਰਤ ਸਰਕਾਰ ਦਾ ਮੰਨਣਾ ਹੈ ਕੋਵਿਡ-19 ਦੇ 90 ਫ਼ੀਸਦੀ ਤੋਂ ਜ਼ਿਆਦਾ ਮਰੀਜ਼ ਘਰ ਵਿੱਚ ਰਹਿ ਕੇ ਹੀ ਠੀਕ ਹੋ ਜਾਂਦੇ ਹਨ।

ਇਹ ਉਹ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਇਲਾਜ ਵਾਸਤੇ ਹਸਪਤਾਲ ਜਾਣ ਦੀ ਲੋੜ ਨਹੀਂ ਪੈਂਦੀ ਪਰ ਘਰ ਵਿੱਚ ਰਹਿ ਕੇ ਠੀਕ ਹੋਏ ਅਜਿਹੇ ਲੋਕਾਂ ਲਈ ਪੋਸਟ ਕੋਵਿਡ ਕੇਅਰ ਬਹੁਤ ਜ਼ਰੂਰੀ ਹੈ।

ਇਸ ਬਾਰੇ ਦੱਸਦੇ ਹੋਏ ਗੰਗਾ ਰਾਮ ਹਸਪਤਾਲ ਵਿੱਚ ਮੈਡੀਸਨ ਵਿਭਾਗ ਦੇ ਹੈੱਡ ਡਾ ਐੱਸ ਪੀ ਬਾਇਓਤਰਾ ਆਖਦੇ ਹਨ,"ਹਲਕੇ ਲੱਛਣਾਂ ਵਾਲੇ ਮਰੀਜ਼ਾਂ ਨੂੰ ਵੀ ਪੂਰੀ ਤਰ੍ਹਾਂ ਠੀਕ ਹੋਣ ਵਿੱਚ ਦੋ ਤੋਂ ਅੱਠ ਹਫ਼ਤਿਆਂ ਦਾ ਸਮਾਂ ਲੱਗ ਸਕਦਾ ਹੈ। ਇਹ ਸਮਾਂ ਹਰ ਇਨਸਾਨ ਅਲੱਗ ਹੁੰਦਾ ਹੈ।

ਕਮਜ਼ੋਰੀ,ਜ਼ਿਆਦਾ ਕੰਮ ਕਰਨ ਤੇ ਥਕਾਵਟ,ਭੁੱਖ ਨਾ ਲੱਗਣਾ, ਨੀਂਦ ਬਹੁਤ ਆਉਣਾ ਜਾਂ ਬਿਲਕੁਲ ਵੀ ਨਾ ਆਉਣਾ, ਸਰੀਰ ਵਿੱਚ ਦਰਦ, ਸਰੀਰ ਦਾ ਹਲਕਾ ਗਰਮ ਰਹਿਣਾ, ਘਬਰਾਹਟ-ਇਹ ਕੁਝ ਅਜਿਹੇ ਲੱਛਣ ਹਨ ਜੋ ਮਾਈਲਡ ਮਰੀਜ਼ਾਂ ਵਿਚ ਆਮ ਤੌਰ ਤੇ ਠੀਕ ਹੋਣ ਤੋਂ ਬਾਅਦ ਦੇਖਣ ਨੂੰ ਮਿਲਦੇ ਹਨ।"

ਡਾ ਬਾਇਓਤਰਾ ਵੀ ਕੋਰੋਨਾਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਆਪਣੇ ਠੀਕ ਹੋਏ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਵਾਸਤੇ ਉਨ੍ਹਾਂ ਦੀ ਸਲਾਹ ਹੈ-

1) ਜੇਕਰ ਤੁਸੀਂ ਖ਼ੁਦ ਨੂੰ ਸਿਹਤਮੰਦ ਮਹਿਸੂਸ ਕਰ ਰਹੇ ਹੋ ਤਾਂ ਨੈਗੇਟਿਵ ਰਿਪੋਰਟ ਦੀ ਜੇਕਰ ਜ਼ਰੂਰਤ ਨਾ ਹੋਵੇ ਤਾਂ ਟੈਸਟ ਨਾ ਕਰਾਓ। 14 ਦੇਰ ਬਾਅਦ ਇਕਾਂਤਵਾਸ ਖ਼ਤਮ ਕਰ ਸਕਦੇ ਹੋ। ਭਾਰਤ ਸਰਕਾਰ ਨੇ ਵੀ ਇਸ ਬਾਰੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।

2) ਰਿਕਵਰੀ ਦੇ ਦੌਰਾਨ ਖਾਣ ਪੀਣ ਦਾ ਵਿਸ਼ੇਸ਼ ਧਿਆਨ ਰੱਖੋ। ਪ੍ਰੋਟੀਨ ਅਤੇ ਹਰੀਆਂ ਸਬਜ਼ੀਆਂ ਦਾ ਸੇਵਨ ਜ਼ਿਆਦਾ ਮਾਤਰਾ ਵਿੱਚ ਕਰੋ। ਅਜਿਹਾ ਇਸ ਲਈ ਜ਼ਰੂਰੀ ਹੈ ਕਿਉਂਕਿ ਬਿਮਾਰੀ ਦੌਰਾਨ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਘੱਟ ਹੋ ਜਾਂਦੀ ਹੈ।

3) ਨਿਯਮਿਤ ਤੌਰ ਤੇ ਯੋਗ ਅਤੇ ਪ੍ਰਾਣਾਯਾਮ ਕਰੋ। ਸਾਹ ਲੈਣ ਵਾਲੀਆਂ ਐਕਸਰਸਾਈਜ਼ ਕਰੋ ਅਤੇ ਇੱਕੋ ਵੇਲੇ ਬਹੁਤ ਸਾਰਾ ਕੰਮ ਨਾ ਕਰੋ।

4) ਠੀਕ ਹੋਣ ਤੋਂ ਕੁਝ ਦਿਨ ਬਾਅਦ ਤੱਕ(15-30 ਦਿਨ ) ਆਕਸੀਜਨ ਬੁਖਾਰ ਬਲੱਡ ਪ੍ਰੈਸ਼ਰ ਸ਼ੂਗਰ ਜ਼ਰੂਰ ਧਿਆਨ ਰੱਖੋ ।

5) ਗਰਮ ਜਾਂ ਕੋਸਾ ਪਾਣੀ ਹੀ ਪੀਓ। ਦਿਨ ਵਿੱਚ ਦੋ ਵਾਰ ਭਾਫ਼ ਜ਼ਰੂਰ ਲਓ। ਅੱਠ- ਦਸ ਘੰਟੇ ਦੀ ਨੀਂਦ ਲੈ ਕੇ ਆਰਾਮ ਜ਼ਰੂਰ ਕਰੋ।

6) ਸੱਤ ਦਿਨਾਂ ਬਾਅਦ ਡਾਕਟਰ ਤੋਂ ਫਾਲੋਅੱਪ ਚੈੱਕਅੱਪ ਜ਼ਰੂਰ ਕਰਵਾਓ।

ਕੋਰੋਨਾਵਾਇਰਸ
BBC

ਡਾ ਬਾਇਓਤਰਾ ਮੁਤਾਬਿਕ ਕੋਵਿਡ ਦੇ ਮਾਈਲਡ ਮਰੀਜ਼ ਠੀਕ ਹੋਣ ਤੋਂ ਦਸ -ਪੰਦਰਾਂ ਦਿਨ ਦੇ ਬਾਅਦ ਕੰਮ ਤੇ ਵਾਪਸੀ ਕਰ ਸਕਦੇ ਹਨ। ਡਾਕਟਰਾਂ ਨੇ ਜੇਕਰ ਕੁਝ ਦਵਾਈਆਂ ਕੁਝ ਹਫ਼ਤੇ ਤੱਕ ਖਾਣ ਦੀ ਸਲਾਹ ਦਿੱਤੀ ਹੈ ਤਾਂ ਉਨ੍ਹਾਂ ਦਾ ਸੇਵਨ ਜ਼ਰੂਰ ਕਰੋ। ਦਵਾਈ ਬੰਦ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।

ਜੇਕਰ ਤੁਸੀਂ ਕੋ-ਮੌਰਬੀਡ ਹੋ ਤਾਂ ਡਾਕਟਰਾਂ ਨੇ ਠੀਕ ਹੋਣ ਤੋਂ ਬਾਅਦ ਵੀ ਜੋ ਦਵਾਈਆਂ ਦੱਸੀਆਂ ਹਨ ਉਨ੍ਹਾਂ ਨੂੰ ਖਾਣਾ ਜਾਰੀ ਰੱਖੋ। ਅਜਿਹੇ ਮਰੀਜ਼ਾਂ ਨੂੰ ਜ਼ਿਆਦਾ ਚੌਕਸ ਰਹਿਣ ਦੀ ਲੋੜ ਹੁੰਦੀ ਹੈ।

ਡਾ ਬਾਇਓਤਰਾ ਮੁਤਾਬਿਕ ਘਰ ਵਿੱਚ ਰਹਿ ਕੇ ਠੀਕ ਹੋਣ ਵਾਲੇ ਮਰੀਜ਼ਾਂ ਨੂੰ ਆਪਣੇ ਸਰੀਰ ਵਿੱਚ ਹੋਣ ਵਾਲੇ ਬਦਲਾਅ ਉੱਤੇ ਬਰੀਕੀ ਨਾਲ ਨਜ਼ਰ ਰੱਖਣੀ ਚਾਹੀਦੀ ਹੈ। ਜੇਕਰ ਕਿਸੇ ਵੀ ਹਾਲਾਤ ਵਿੱਚ ਕਿਸੇ ਬਦਲਾਅ ਬਾਰੇ ਸਮਝ ਨਾ ਆਵੇ ਤਾਂ ਡਾਕਟਰ ਨਾਲ ਤੁਰੰਤ ਸੰਪਰਕ ਕਰੋ।

ਘੱਟ ਗੰਭੀਰ ਅਤੇ ਜ਼ਿਆਦਾ ਗੰਭੀਰ ਲੱਛਣਾਂ ਵਾਲੇ ਮਰੀਜ਼ ਕੀ ਕਰਨ?

ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਵਿਚ ਪਲਮਿਨੋਲੋਜਿਸਟ ਡਾਕਟਰ ਦੇਸ਼ ਦੀਪਕ ਵੀ ਇਨ੍ਹਾਂ ਦਿਨਾਂ ਵਿੱਚ ਕੋਵਿਡ ਦੇ ਮਰੀਜ਼ਾਂ ਦੇ ਇਲਾਜ ਵਿੱਚ ਲੱਗੇ ਹੋਏ ਹਨ।

ਬੀਬੀਸੀ ਨਾਲ ਫੋਨ ਤੇ ਗੱਲਬਾਤ ਵਿਚ ਉਨ੍ਹਾਂ ਦੱਸਿਆ," ਗੰਭੀਰ ਮਰੀਜ਼ ਜੋ ਠੀਕ ਹੋ ਕੇ ਘਰ ਵਾਪਸ ਆਏ ਹਨ, ਲਈ ਕੋਈ ਇੱਕ ਗਾਈਡਲਾਈਨ ਨਹੀਂ ਹੋ ਸਕਦੀ। ਇਹ ਮਰੀਜ਼ ਦੇ ਇਮਿਊਨ ਰਿਸਪਾਂਸ ਅਤੇ ਕੇਸ ਟੂ ਕੇਸ ਬੇਸ ਉੱਪਰ ਦੇਖਿਆ ਜਾਣਾ ਚਾਹੀਦਾ ਹੈ।"

ਉਨ੍ਹਾਂ ਮੁਤਾਬਕ ਸਰੀਰ ਵਿੱਚ ਪਾਣੀ ਦੀ ਮਾਤਰਾ ਸਹੀ ਰੱਖਣ ਲਈ ਭਰਪੂਰ ਮਾਤਰਾ ਵਿੱਚ ਤਰਲ ਪਦਾਰਥ ਦਾ ਸੇਵਨ, ਚੰਗਾ ਖਾਣਾ, ਥਕਾਵਟ ਵਾਲੇ ਕੰਮ ਨਾ ਕਰਨਾ-ਇਨ੍ਹਾਂ ਗੱਲਾਂ ਦਾ ਧਿਆਨ ਗੰਭੀਰ ਲੱਛਣਾਂ ਵਿੱਚ ਠੀਕ ਹੋਏ ਮਰੀਜ਼ਾਂ ਨੂੰ ਰੱਖਣਾ ਚਾਹੀਦਾ ਹੈ।

ਆਪਣੇ ਪਿਛਲੇ ਸਾਲ ਦੇ ਤਜਰਬੇ ਦੇ ਆਧਾਰ ਤੇ ਉਨ੍ਹਾਂ ਦੱਸਿਆ ਕਿ ਗੰਭੀਰ ਲੱਛਣਾਂ ਵਾਲੇ ਮਰੀਜ਼ ਨੂੰ ਪੂਰੀ ਤਰ੍ਹਾਂ ਠੀਕ ਹੋਣ ਵਿੱਚ ਤਿੰਨ ਮਹੀਨੇ ਤੱਕ ਦਾ ਸਮਾਂ ਲੱਗ ਸਕਦਾ ਹੈ। ਜੋ ਮਰੀਜ਼ ਜ਼ਿਆਦਾ ਦਿਨ ਹਸਪਤਾਲ ਵਿੱਚ ਰਹਿ ਕੇ ਆਉਂਦੇ ਹਨ ਉਨ੍ਹਾਂ ਦੀ ਰਿਕਵਰੀ ਦੂਜਿਆਂ ਦੇ ਮੁਕਾਬਲੇ ਥੋੜ੍ਹੀ ਹੌਲੀ ਹੋ ਸਕਦੀ ਹੈ।

ਪਰ ਅਜਿਹਾ ਨਹੀਂ ਹੈ ਕਿ ਇਸ ਦੌਰਾਨ ਉਹ ਕੇਵਲ ਬਿਸਤਰੇ ਉੱਪਰ ਹੀ ਰਹਿਣ।

ਕੋਰੋਨਾ
Getty Images

ਅਜਿਹੇ ਲੋਕਾਂ ਨੂੰ ਠੀਕ ਹੋਣ ਤੋਂ ਬਾਅਦ ਸਾਹ ਦੀਆਂ ਐਕਸਰਸਾਈਜ਼, ਪ੍ਰਾਣਾਯਾਮ ਨਾਲ ਦਿਨ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਇਹ ਲੋਕ ਸਮੇਂ ਸਮੇਂ ਤੇ ਆਪਣੇ ਰੁਟੀਨ ਵਿਚ ਨਵੀਂਆਂ ਚੀਜ਼ਾਂ ਜੋੜ ਸਕਦੇ ਹਨ।

ਡਾ ਦੇਸ਼ ਦੀਪਕ ਮੁਤਾਬਿਕ, "ਅਜਿਹੇ ਮਰੀਜ਼ਾਂ ਨੂੰ ਸਾਈਕੋ ਸੋਸ਼ਲ ਸਪੋਰਟ ਜ਼ਿਆਦਾ ਚਾਹੀਦੀ ਹੁੰਦੀ ਹੈ। ਖਾਸ ਕਰਕੇ ਬਜ਼ੁਰਗਾਂ ਅਤੇ ਦੂਸਰੀ ਬੀਮਾਰੀਆਂ ਨਾਲ ਜੂਝ ਰਹੇ ਲੋਕਾਂ ਨੂੰ।"

" ਘਰ ਵਿੱਚ ਆ ਕੇ ਆਕਸੀਜਨ ਚੈੱਕ ਕਰਨਾ,ਸਮੇਂ ਸਿਰ ਸਹੀ ਦਵਾਈਆਂ ਖਾਣਾ- ਇਹ ਛੋਟੀਆਂ ਛੋਟੀਆਂ ਦਿੱਕਤਾਂ ਹੁੰਦੀਆਂ ਹਨ ਜੋ ਮਾਨਸਿਕ ਤੌਰ ਤੇ ਇਨ੍ਹਾਂ ਨੂੰ ਕਾਫੀ ਪਰੇਸ਼ਾਨ ਕਰ ਸਕਦੀਆਂ ਹਨ। ਅਜਿਹੀ ਸੂਰਤ ਵਿੱਚ ਪਰਿਵਾਰ ਅਤੇ ਆਂਢ- ਗੁਆਂਢ ਦਾ ਸਹਿਯੋਗ ਬਹੁਤ ਜ਼ਰੂਰੀ ਹੁੰਦਾ ਹੈ। ਲੋੜ ਪੈਣ ਤੇ ਮੈਂਟਲ ਹੈਲਥ ਕਾਉਂਸਲਰ ਦੀ ਮਦਦ ਵੀ ਲਈ ਜਾ ਸਕਦੀ ਹੈ। ਸਾਕਾਰਾਤਮਕ ਸੋਚਣਾ ਬਹੁਤ ਮਾਅਨੇ ਰੱਖਦਾ ਹੈ।"

ਕੁਛ ਠੀਕ ਹੋਏ ਮਰੀਜ਼ਾਂ ਨੂੰ ਹੋ ਸਕਦਾ ਹੈ ਕਿ ਘਰ ਵਿੱਚ ਕੁਝ ਦਿਨ ਹੋਰ ਆਕਸੀਜਨ ਸਪੋਰਟ ਤੇ ਰਹਿਣ ਦੀ ਸਲਾਹ ਡਾਕਟਰ ਨੇ ਦਿੱਤੀ ਹੋਵੇ । ਅਜਿਹੇ ਮਰੀਜ਼ਾਂ ਦਾ ਵੀ ਖਾਸ ਖਿਆਲ ਰੱਖਣ ਦੀ ਲੋਡ਼ ਹੁੰਦੀ ਹੈ।

ਉਨ੍ਹਾਂ ਨੂੰ ਹੌਲੀ -ਹੌਲੀ ਡਾਕਟਰ ਦੀ ਸਲਾਹ ਮੁਤਾਬਕ ਆਕਸੀਜਨ ਉੱਤੇ ਨਿਰਭਰਤਾ ਘੱਟ ਕਰਨ ਵੱਲ ਜਾਣਾ ਚਾਹੀਦਾ ਹੈ।

ਡਾ ਦੇਸ਼ ਦੀਪਕ ਦੱਸਦੇ ਹਨ ਕਿ ਹਰ ਮਾਡਰੇਟ ਅਤੇ ਸਵੀਅਰ ਮਰੀਜ਼ਾਂ ਵਿੱਚ ਪੋਸਟ ਕੋਵਿਡ ਕੁਝ ਪਰੇਸ਼ਾਨੀਆਂ ਅਤੇ ਦਿੱਕਤਾਂ ਹੋਣ ਇਹ ਕੋਈ ਜ਼ਰੂਰੀ ਨਹੀਂ ਹੈ। ਅਜਿਹਾ ਘੱਟ ਮਾਮਲਿਆਂ ਵਿਚ ਹੀ ਹੁੰਦਾ ਹੈ।

ਅਜਿਹੇ ਮਾਮਲਿਆਂ ਬਾਰੇ ਦੱਸਦੇ ਹੋਏ ਉਹ ਆਖਦੇ ਹਨ,"ਕੁਝ ਮਰੀਜ਼ਾਂ ਵਿੱਚ ਅੱਗੇ ਚੱਲ ਕੇ ਫੇਫੜਿਆਂ ਨਾਲ ਜੁੜੀਆਂ ਕੁਝ ਦਿੱਕਤਾਂ ਹੋ ਸਕਦੀਆਂ ਹਨ -ਜਿਵੇਂ ਫੇਫੜਿਆਂ ਦਾ ਸੁੰਘੜ ਜਾਣਾ। ਕੁਝ ਮਰੀਜ਼ਾਂ ਵਿੱਚ ਦਿਲ ਨਾਲ ਜੁੜੀਆਂ ਬਿਮਾਰੀਆਂ ਵੀ ਦੇਖਣ ਨੂੰ ਮਿਲੀਆਂ ਹਨ ਅਜਿਹੇ ਮਾਮਲਿਆਂ ਵਿੱਚ ਕੋਈ ਇੱਕ ਗਾਈਡ ਲਾਈਨ ਨਹੀਂ ਦਿੱਤੀ ਜਾ ਸਕਦੀ।"

"ਅਜਿਹੇ ਮਰੀਜ਼ਾਂ ਨੂੰ ਆਪਣੀ ਡਾਕਟਰ ਦੀ ਸਲਾਹ ਉੱਤੇ ਹੀ ਰਿਕਵਰੀ ਪੀਰੀਅਡ ਵਿੱਚ ਚੱਲਣਾ ਚਾਹੀਦਾ ਹੈ।"

ਵਿਸ਼ਵ ਸਿਹਤ ਸੰਗਠਨ ਵੱਲੋਂ ਵੀ ਇਸ ਬਾਰੇ ਵਿਸਥਾਰ ਵਿੱਚ ਕੋਈ ਜਾਣਕਾਰੀ ਜਾਂ ਗਾਈਡ ਲਾਈਨ ਨਹੀਂ ਜਾਰੀ ਕੀਤੀ ਗਈ। ਇਸ ਸਾਲ ਜਨਵਰੀ ਦੇ ਮਹੀਨੇ ਵਿਚ ਜਾਰੀ ਇਕ ਨੋਟ ਵਿੱਚ ਹਸਪਤਾਲ ਜਾ ਕੇ ਠੀਕ ਹੋਏ ਕੋਰੋਨਾ ਵਾਇਰਸ ਦੇ ਮਰੀਜ਼ਾਂ ਲਈ ਫਾਲੋ ਚੈੱਕਅੱਪ ਅਤੇ ਲੋਅ ਡੋਜ਼ ਐਂਟੀ ਕੋਐਗੂਲੈਂਟ ਜਾਂ ਬਲੱਡ ਥਿਨਰ ਦੇ ਇਸਤੇਮਾਲ ਦੀ ਸਲਾਹ ਦਿੱਤੀ ਗਈ ਸੀ।

ਡਾ ਦੇਸ਼ ਦੀਪਕ ਆਖਦੇ ਹਨ ਕਿ ਮਰੀਜ਼ ਨੂੰ ਠੀਕ ਹੋਣ ਤੋਂ ਬਾਅਦ ਬਲੱਡ ਥਿਨਰ ਦੀ ਜ਼ਰੂਰਤ ਹੈ ਜਾਂ ਨਹੀਂ ਇਸ ਦੇ ਲਈ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

ਇਸ ਤੋਂ ਇਲਾਵਾ ਕੁਝ ਲੋਕ ਹਸਪਤਾਲ ਤੋਂ ਵਾਪਿਸ ਆਉਣ ਤੋਂ ਬਾਅਦ ਮਾਸਪੇਸ਼ੀਆਂ ਵਿੱਚ ਕਮਜ਼ੋਰੀ ਦੀ ਸ਼ਿਕਾਇਤ ਵੀ ਕਰਦੇ ਹਨ। ਅਜਿਹੇ ਮਰੀਜ਼ਾਂ ਨੂੰ ਡਾਕਟਰ ਚੰਗੀ ਮਾਤਰਾ ਵਿੱਚ ਪ੍ਰੋਟੀਨ ਵਾਲੇ ਖਾਣੇ ਦੀ ਸਲਾਹ ਦਿੰਦੇ ਹਨ।

ਕੋਵਿਡ-19 ਦੇ ਠੀਕ ਹੋਏ ਕੁਝ ਮਰੀਜ਼ਾਂ ਵਿੱਚ ਦਵਾਈਆਂ ਦੇ ਸਾਈਡ ਇਫੈਕਟ ਕਈ ਹਫ਼ਤਿਆਂ ਬਾਅਦ ਦੇਖਣ ਨੂੰ ਮਿਲਦੇ ਹਨ। ਕਈਆਂ ਵਿਚ ਫੰਗਲ ਇਨਫੈਕਸ਼ਨ ਦੀ ਸ਼ਿਕਾਇਤ ਵੀ ਸਾਹਮਣੇ ਆ ਰਹੀ ਹੈ।

ਅਜਿਹੇ ਮਰੀਜ਼ਾਂ ਲਈ ਜ਼ਰੂਰੀ ਹੈ ਕਿ ਠੀਕ ਹੋਣ ਤੋਂ ਬਾਅਦ ਵੀ ਆਪਣੇ ਸਰੀਰ ਵਿਚ ਹੋਣ ਵਾਲੇ ਬਦਲਾਅ ਉੱਪਰ ਨਜ਼ਰ ਰੱਖਣ।

ਅਜਿਹੇ ਮਰੀਜ਼ਾਂ ਨੂੰ ਹਸਪਤਾਲ ਵਿੱਚੋਂ ਛੁੱਟੀ ਮਿਲਣ ਦੇ ਪੰਦਰਾਂ ਦਿਨ ਬਾਅਦ ਦੁਬਾਰਾ ਡਾਕਟਰ ਨਾਲ ਫਾਲੋਅਪ ਚੈੱਕਅਪ ਕਰਨਾ ਹੋਵੇਗਾ। ਜੇਕਰ ਇਸ ਦੌਰਾਨ ਡਾਕਟਰ ਕੋਈ ਟੈਸਟ ਕਰਾਉਣ ਦੀ ਸਲਾਹ ਦਿੰਦੇ ਹਨ ਤਾਂ ਉਹ ਜ਼ਰੂਰ ਕਰਵਾਇਆ ਜਾਵੇ ।

ਇਸ ਦੌਰਾਨ ਮਾਸਕ ਪਾਉਣਾ ਵਾਰ ਵਾਰ ਹੱਥ ਧੋਣਾ ਅਤੇ ਦੋ ਗਜ਼ ਦੀ ਦੂਰੀ ਦਾ ਖ਼ਿਆਲ ਰੱਖਣਾ ਵੀ ਓਨਾ ਹੀ ਜ਼ਰੂਰੀ ਹੈ ਜਿਨ੍ਹਾਂ ਉੱਪਰ ਲਿਖੀਆਂ ਗਈਆਂ ਗੱਲਾਂ।

ਇਹ ਵੀ ਪੜ੍ਹੋ:

https://www.youtube.com/watch?v=4NSJd74-lAY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''ff8e26f1-e476-48f7-9598-aac7a2d830a1'',''assetType'': ''STY'',''pageCounter'': ''punjabi.india.story.57327534.page'',''title'': ''ਕੋਰੋਨਾਵਾਇਰਸ : ਕੋਵਿਡ -19 ਤੋਂ ਠੀਕ ਹੋਣ ਤੋਂ ਬਾਅਦ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ'',''author'': ''ਸਰੋਜ ਸਿੰਘ '',''published'': ''2021-06-02T12:18:51Z'',''updated'': ''2021-06-02T12:18:51Z''});s_bbcws(''track'',''pageView'');

Related News