ਕੋਵਿਡ-19 ਪੌਜ਼ੀਟਿਵ ਕੁਝ ਗਰਭਵਤੀ ਔਰਤਾਂ ਨੂੰ ਗਰਭਪਾਤ ਦੀ ਚੋਣ ਕਰਨ ਦਾ ਸੁਝਾਅ ਕਿਉਂ ਦਿੱਤਾ ਜਾਂਦਾ ਹੈ

Friday, May 28, 2021 - 06:51 AM (IST)

ਕੋਵਿਡ-19 ਪੌਜ਼ੀਟਿਵ ਕੁਝ ਗਰਭਵਤੀ ਔਰਤਾਂ ਨੂੰ ਗਰਭਪਾਤ ਦੀ ਚੋਣ ਕਰਨ ਦਾ ਸੁਝਾਅ ਕਿਉਂ ਦਿੱਤਾ ਜਾਂਦਾ ਹੈ
ਰਿਸਪੈਕਫੁਲ ਮੈਟਰਨਿਟੀ
Getty Images

ਕਾਜਲ (ਬਦਲਿਆ ਹੋਇਆ ਨਾਂ) ਸੱਤ ਸਾਲਾਂ ਤੋਂ ਗਰਭ ਧਾਰਨ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਲਈ, ਜਦੋਂ ਉਹ ਗਰਭਵਤੀ ਹੋਈ ਤਾਂ ਉਹ ਅਤੇ ਉਸ ਦਾ ਪਤੀ ਬਹੁਤ ਖੁਸ਼ ਹੋਏ।

ਜਦੋਂ ਉਹ ਗਾਇਨਾਕੋਲੋਜਿਸਟ ਕੋਲ ਰੁਟੀਨ ਜਾਂਚ ਲਈ ਗਏ ਤਾਂ ਕਾਜਲ ਨੇ ਡਾਕਟਰ ਨੂੰ ਦੱਸਿਆ ਕਿ ਉਸ ਨੂੰ ਕੋਵਿਡ ਦੀ ਲਾਗ ਲੱਗੀ ਸੀ।

"ਮੈਡਮ, ਮੈਨੂੰ ਕੋਵਿਡ ਹੋ ਗਿਆ ਸੀ, ਪਰ ਮੈਂ ਹੁਣ ਬਿਲਕੁਲ ਠੀਕ ਹਾਂ। ਮੈਂ ਸਾਰੀਆਂ ਦਵਾਈਆਂ ਲੈ ਲਈਆਂ ਹਨ ਅਤੇ ਹੁਣ ਮੈਨੂੰ ਇਸ ਦਾ ਕੋਈ ਲੱਛਣ ਨਹੀਂ ਹੈ।"

ਇਹ ਵੀ ਪੜ੍ਹੋ-

ਗਾਇਨਾਕੋਲੋਜਿਸਟ ਹੈਰਾਨ ਰਹਿ ਗਈ ਜਦੋਂ ਉਸ ਨੇ ਕਾਜਲ ਵੱਲੋਂ ਲਈਆਂ ਗਈਆਂ ਦਵਾਈਆਂ ਦੀ ਸੂਚੀ ਵੇਖੀ।

ਉਸ ਨੇ ਬਹੁਤ ਸਾਰੀਆਂ ਉਹ ਦਵਾਈਆਂ ਲਈਆਂ ਸਨ ਜੋ ਗਰਭ ਅਵਸਥਾ ਦੌਰਾਨ ਵਰਜਿਤ ਹਨ ਇਸ ਲਈ ਡਾਕਟਰ ਨੇ ਕਾਜਲ ਨੂੰ ਬੱਚੇ ਦਾ ਗਰਭਪਾਤ ਕਰਾਉਣ ਦਾ ਸੁਝਾਅ ਦਿੱਤਾ।

ਨਾਸਿਕ ਦੀ ਇਸਤਰੀ ਰੋਗਾਂ ਦੀ ਮਾਹਿਰ ਡਾ. ਨਿਵੇਦਿਤਾ ਪਵਾਰ ਨੇ ਉਪਰੋਕਤ ਅਨੁਭਵ ਨੂੰ ਬੀਬੀਸੀ ਨਾਲ ਸਾਂਝਾ ਕੀਤਾ।

"ਮੈਂ ਉਸ ਨੂੰ ਕਿਹਾ ਕਿ ਉਹ ਇਸ ਗਰਭ ਅਵਸਥਾ ਨੂੰ ਜਾਰੀ ਨਾ ਰੱਖੇ। ਉਹ ਰੋਣ ਲੱਗੀ। ਪਰ, ਉਸ ਨੂੰ ਮਨਾਉਣ ਲਈ ਲੰਬੀ ਗੱਲਬਾਤ ਤੋਂ ਬਾਅਦ ਅਤੇ ਉਸ ਦੇ ਪਤੀ ਵੱਲੋਂ ਉਸ ਨੂੰ ਯਕੀਨ ਦਿਵਾਉਣ ਤੋਂ ਬਾਅਦ, ਉਸ ਨੇ ਇਸ ਨੂੰ ਸਵੀਕਾਰ ਕਰ ਲਿਆ।"

ਡਾ. ਪਵਾਰ ਨੇ ਆਪਣੀ ਇੱਕ ਹੋਰ ਮਰੀਜ਼ ਨੂੰ ਵੀ ਇਹੀ ਸੁਝਾਅ ਦਿੱਤਾ, ਮਰੀਜ਼ ਨੇ ਕਿਹਾ ਕਿ ਉਹ ਸਮੱਸਿਆ ਨੂੰ ਸਮਝ ਗਈ ਹੈ ਅਤੇ ਉਹ ਗਰਭਪਾਤ ਕਰਾਏਗੀ, ਪਰ ਉਹ ਦੁਬਾਰਾ ਡਾ. ਪਵਾਰ ਕੋਲ ਵਾਪਸ ਨਹੀਂ ਆਈ।

ਕੋਰੋਨਾ ਦੀ ਦੂਜੀ ਲਹਿਰ ਪਹਿਲੀ ਨਾਲੋਂ ਵਧੇਰੇ ਘਾਤਕ ਹੈ। ਇਸ ਲਹਿਰ ਵਿੱਚ ਬਹੁਤ ਸਾਰੇ ਆਪਣੇ ਅਜ਼ੀਜ਼ਾਂ ਨੂੰ ਗੁਆ ਚੁੱਕੇ ਹਨ ਅਤੇ ਕੁਝ ਬਣਨ ਵਾਲੀਆਂ ਮਾਵਾਂ ਨੇ ਆਪਣੇ ਅਣਜੰਮੇ ਬੱਚਿਆਂ ਨੂੰ ਵੀ ਗੁਆ ਦਿੱਤਾ ਹੈ। ਅਜਿਹਾ ਕਿਉਂ?

ਇਸ ਦਾ ਮੁੱਖ ਕਾਰਨ ਹੈ ਜਿਵੇਂ ਕਿ ਬਹੁਤ ਸਾਰੇ ਗਾਇਨਾਕੋਲੋਜਿਸਟਸ ਦੁਆਰਾ ਸਮਝਾਇਆ ਗਿਆ ਹੈ, ਉਹ ਹੈ ਕਿ ਕੋਵਿਡ-19 ਦੇ ਇਲਾਜ ਦੌਰਾਨ ਦਿੱਤੀਆਂ ਜਾਂਦੀਆਂ ਦਵਾਈਆਂ ਬੱਚੇ ਲਈ ਨੁਕਸਾਨਦੇਹ ਹਨ।

ਇਹ ਬੱਚੇ ਵਿੱਚ ਨੁਕਸ ਪੈਦਾ ਕਰ ਸਕਦੀਆਂ ਹਨ। ਇਸ ਲਈ ਜੇ ਇੱਕ ਗਰਭਵਤੀ ਔਰਤ ਕੋਰੋਨਾ ਪੌਜ਼ੀਟਿਵ ਹੁੰਦੀ ਹੈ ਤਾਂ ਇਹ ਬਹੁਤ ਸਾਰੀਆਂ ਡਾਕਟਰੀ ਪੇਚੀਦਗੀਆਂ ਦਾ ਕਾਰਨ ਬਣ ਸਕਦਾ ਹੈ।

ਡਾ. ਪਵਾਰ ਨੇ ਕਿਹਾ, "ਬਹੁਤ ਸਾਰੀਆਂ ਔਰਤਾਂ ਜਿਹੜੀਆਂ ਕੋਰੋਨਾ ਦੀ ਲਾਗ ਦਾ ਸ਼ਿਕਾਰ ਹੋਈਆਂ ਹਨ, ਉਹ ਆਪਣੀ ਗਾਇਨਾਕੋਲੋਜਿਸਟ ਨੂੰ ਇਸ ਬਾਰੇ ਜਾਣਕਾਰੀ ਨਹੀਂ ਦਿੰਦੀਆਂ ਅਤੇ ਆਮ ਡਾਕਟਰ ਮਾੜੇ ਪ੍ਰਭਾਵਾਂ ਬਾਰੇ ਸੋਚੇ ਬਗ਼ੈਰ ਦਵਾਈ ਲਿਖ ਦਿੰਦੇ ਹਨ।"

"ਔਰਤਾਂ ਇਨ੍ਹਾਂ ਦਵਾਈਆਂ ਦਾ ਕੋਰਸ ਪੂਰਾ ਕਰਦੀਆਂ ਹਨ। ਇਸ ਲਈ, ਅਸੀਂ ਇਨ੍ਹਾਂ ਔਰਤਾਂ ਨੂੰ ਗਰਭਪਾਤ ਕਰਾਉਣ ਦਾ ਸੁਝਾਅ ਦਿੰਦੇ ਹਾਂ। ਮੈਂ ਆਪਣੇ ਕੁਝ ਮਰੀਜ਼ਾਂ ਦੇ ਗਰਭਪਾਤ ਵਿੱਚ ਸਹਾਇਤਾ ਕੀਤੀ ਹੈ। ਇਹ ਗਰਭ ਅਵਸਥਾ ਦੇ ਸ਼ੁਰੂਆਤੀ ਪੜਾਅ ਵਿੱਚ ਸੰਭਵ ਹੈ, ਪਰ ਸਥਿਤੀ ਕਾਫ਼ੀ ਗੁੰਝਲਦਾਰ ਹੈ।"

ਗਰਭ ਅਵਸਥਾ ਦੇ ਪਹਿਲੇ ਤਿੰਨ ਮਹੀਨਿਆਂ ਨੂੰ ਆਰਗੋਜੈਨੇਸਿਸ (organogenesis) ਕਿਹਾ ਜਾਂਦਾ ਹੈ। ਇਸ ਸਮੇਂ ਦੌਰਾਨ ਬੱਚੇ ਦੇ ਅੰਗ ਬਣਦੇ ਹਨ। ਜੇ ਇਸ ਮਿਆਦ ਦੇ ਦੌਰਾਨ ਕੁਝ ਹੋਰ ਦਵਾਈਆਂ ਲਈਆਂ ਜਾਂਦੀਆਂ ਹਨ ਤਾਂ ਇਹ ਬੱਚੇ ਦੇ ਅੰਗ ਬਣਨ ਦੀ ਪ੍ਰਕਿਰਿਆ ਨੂੰ ਨਕਾਰਾਤਮਕ ਤੌਰ ''ਤੇ ਪ੍ਰਭਾਵਿਤ ਕਰ ਸਕਦਾ ਹੈ।

ro eggs
BBC
ਲਾਗ ਦੌਰਾਨ ਲਈਆਂ ਗਈਆਂ ਦਵਾਈਆਂ ਨਾਲ ਬੱਚੇ ਵਿੱਚ ਨੁਕਸ ਪੈਦਾ ਹੋ ਸਕਦਾ

ਕਈ ਵਾਰ ਦਿਲ ਵਿੱਚ ਨੁਕਸ ਹੁੰਦਾ ਹੈ ਅਤੇ ਕਈ ਵਾਰ ਹੱਥ ਅਤੇ ਪੈਰ ਸਹੀ ਤਰ੍ਹਾਂ ਨਹੀਂ ਬਣਦੇ।

ਡਾ. ਪਵਾਰ ਦਾ ਕਹਿਣਾ ਹੈ, "ਹਰ ਕੋਈ ਪਹਿਲੀ ਵਾਰ ਕੋਰੋਨਾ ਦਾ ਸਾਹਮਣਾ ਕਰ ਰਿਹਾ ਹੈ। ਇਸ ਲਈ ਇਸ ਬਾਰੇ ਕੁਝ ਵਿਗਿਆਨਕ ਅੰਕੜੇ ਪ੍ਰਾਪਤ ਹੋਣ ਵਿੱਚ ਇੱਕ ਜਾਂ ਦੋ ਸਾਲਾਂ ਦਾ ਸਮਾਂ ਲੱਗੇਗਾ, ਅਤੇ ਉਸ ਸਮੇਂ ਤੱਕ ਕੋਈ ਵੀ ਗਾਇਨਾਕੋਲੋਜਿਸਟ ਬੱਚੇ ''ਤੇ ਇਨ੍ਹਾਂ ਦਵਾਈਆਂ ਦੇ ਮਾੜੇ ਪ੍ਰਭਾਵਾਂ ਦੀ ਭਵਿੱਖਬਾਣੀ ਨਹੀਂ ਕਰ ਸਕਦੀ।"

"ਪਰ, ਇਹ ਨਿਸ਼ਚਤ ਕੀਤਾ ਜਾ ਸਕਦਾ ਹੈ ਕਿ ਬਹੁਤ ਸਾਰੀਆਂ ਦਵਾਈਆਂ ਜੋ ਕੋਰੋਨਾ ਦੇ ਇਲਾਜ ਦੌਰਾਨ ਲਿਖੀਆਂ ਗਈਆਂ ਜਿਵੇਂ ਕਿ ਫੇਬੀਫਲੂ ਭਰੂਣ ਲਈ ਬਹੁਤ ਨੁਕਸਾਨਦੇਹ ਹੈ। ਅਸੀਂ ਉਨ੍ਹਾਂ ਮਾਵਾਂ ਨੂੰ ਗਰਭਪਾਤ ਕਰਾਉਣ ਦਾ ਸੁਝਾਅ ਦਿੰਦੇ ਹਾਂ ਜਿਨ੍ਹਾਂ ਨੇ ਇਹ ਦਵਾਈ ਲਈ ਹੈ।"

"ਪਰ, ਜੇ ਕੋਈ ਮਾਂ ਜੋ ਗਰਭ ਅਵਸਥਾ ਦੇ ਦੂਜੇ ਪੜਾਅ ਵਿੱਚ ਹੈ, ਉਸ ਕੋਲ ਗਰਭਪਾਤ ਕਰਾਉਣ ਦਾ ਵਿਕਲਪ ਨਹੀਂ ਹੈ। ਅਜਿਹੀ ਸਥਿਤੀ ਵਿੱਚ ਅਸੀਂ ਜੋਖ਼ਮ ਦੇ ਬਾਵਜੂਦ ਗਰਭ ਅਵਸਥਾ ਨੂੰ ਜਾਰੀ ਰੱਖਦੇ ਹਾਂ। ਇਹ ਸਿਰਫ਼ ਸਮਾਂ ਹੀ ਦੱਸ ਸਕਦਾ ਹੈ ਕਿ ਇਸ ਨਾਲ ਬੱਚੇ ''ਤੇ ਕੀ ਪ੍ਰਭਾਵ ਪੈਣਗੇ।"

ਪਰ, ਸਵਾਲ ਇਹ ਹੈ ਕਿ ਕਿੰਨੀਆਂ ਮਾਵਾਂ ਨੂੰ ਗਰਭਪਾਤ ਕਰਨ ਦੀ ਸਿਫਾਰਸ਼ ਕੀਤੀ ਜਾ ਸਕਦੀ ਹੈ? ਜਿਹੜੀਆਂ ਔਰਤਾਂ ਵੀਹ ਸਾਲ ਦੀ ਉਮਰ ਦੇ ਆਸ ਪਾਸ ਦੀਆਂ ਹਨ, ਉਹ ਇਸ ਵਾਰ ਗਰਭਪਾਤ ਕਰਵਾ ਸਕਦੀਆਂ ਹਨ ਕਿਉਂਕਿ ਉਹ ਬਾਅਦ ਵਿੱਚ ਇਹ ਮੌਕਾ ਹਾਸਲ ਕਰ ਸਕਦੀਆਂ ਹਨ।

ਪਰ, ਉਹ ਔਰਤਾਂ ਜਿਨ੍ਹਾਂ ਨੂੰ ਕੁਝ ਹਾਰਮੋਨਲ ਸਮੱਸਿਆਵਾਂ ਹਨ, ਜਾਂ ਜੋ ਗਰਭ ਅਵਸਥਾ ਲਈ ਸਹੀ ਉਮਰ-ਹੱਦ ਨੂੰ ਪਾਰ ਕਰ ਰਹੀਆਂ ਹਨ, ਅਤੇ ਜਿਹੜੀਆਂ ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਗਰਭਵਤੀ ਹੋਈਆਂ ਹਨ, ਉਹ ਹੁਣ ਵਧੇਰੇ ਇੰਤਜ਼ਾਰ ਨਹੀਂ ਕਰ ਸਕਦੀਆਂ ਅਤੇ ਇਸ ਲਈ ਉਹ ਗਰਭਪਾਤ ਬਾਰੇ ਵੀ ਸੋਚ ਨਹੀਂ ਸਕਦੀਆਂ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਨੌਂ ਮਹੀਨੇ ਪ੍ਰੀਖਿਆ ਦੀ ਘੜੀ

"ਮੈਂ ਆਪਣੀ ਗਰਭ ਅਵਸਥਾ ਦੇ ਸੱਤਵੇਂ ਮਹੀਨੇ ਵਿੱਚ ਸੀ ਅਤੇ ਮੇਰੀ ਮਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ। ਮੇਰੇ ਅਣਜੰਮੇ ਬੱਚੇ ਦਾ ਭਾਰ ਸਿਰਫ਼ ਡੇਢ ਕਿਲੋਗ੍ਰਾਮ ਸੀ। ਮੇਰੇ ਗਰਭਧਾਰਨ ਦੇ ਸਮੇਂ ਤੋਂ ਕੋਈ ਨਾ ਕੋਈ ਸਮੱਸਿਆ ਆਉਂਦੀ ਰਹੀ।"

"ਮੈਂ ਸਹੀ ਖੁਰਾਕ ਨਹੀਂ ਲਈ। ਮੈਂ ਮਾਨਸਿਕ ਦਬਾਅ, ਉਦਾਸੀ ਵਿੱਚੋਂ ਲੰਘ ਰਹੀ ਸੀ ਅਤੇ ਅੱਠਵੇਂ ਮਹੀਨੇ ਵਿੱਚ ਮੈਂ ਕੋਰੋਨਾ ਪੌਜੀਟਿਵ ਹੋ ਗਈ।"

"ਅਸੀਂ ਵੱਖੋ ਵੱਖਰੇ ਸਰੋਤਾਂ ਤੋਂ ਸੁਣਿਆ ਹੈ ਕਿ ਕੁਝ ਔਰਤਾਂ ਆਪਣੇ ਮਾਸਕ ਧਰਮ ਦੌਰਾਨ ਮਰ ਗਈਆਂ, ਕਈਆਂ ਨੂੰ ਹਸਪਤਾਲ ਨਹੀਂ ਮਿਲ ਸਕਿਆ, ਇਸ ਲਈ ਮੈਨੂੰ ਡਰ ਸੀ ਕਿ ਕਿ ਮੇਰਾ ਹਸ਼ਰ ਵੀ ਕਿਤੇ ਇਸ ਤਰ੍ਹਾਂ ਦਾ ਨਾ ਹੋਵੇ।"

"ਮੈਂ ਅਤੇ ਮੇਰਾ ਪਤੀ ਸਾਲਾਂ ਤੋਂ ਬੱਚੇ ਦੀ ਉਡੀਕ ਕਰ ਰਹੇ ਸੀ ਅਤੇ ਅਸੀਂ ਸਮਝ ਨਹੀਂ ਪਾ ਰਹੇ ਸੀ ਕਿ ਹੁਣ ਕੀ ਕਰੀਏ ... ਸਾਨੂੰ ਲਗਾਤਾਰ ਤਣਾਅ ਅਤੇ ਲਗਾਤਾਰ ਡਰ ਸਤਾ ਰਿਹਾ ਸੀ।"

ਇਹ ਸ਼ਬਦ ਰੇਸ਼ਮਾ ਰਨਸੂਬੇ ਦੇ ਹਨ, ਜਿਨ੍ਹਾਂ ਨੇ ''ਕੋਰੋਨਾ ਸਮੇਂ'' ਦੌਰਾਨ ਇੱਕ ਬੱਚੇ ਨੂੰ ਜਨਮ ਦਿੱਤਾ।

ਮਾਂ ਬਣਨ ਵਾਲੀਆਂ ਔਰਤਾਂ ਪਿਛਲੇ ਡੇਢ ਸਾਲ ਤੋਂ ਇਸ ਡਰ ਨਾਲ ਜੀਅ ਰਹੀਆਂ ਸਨ। ਉਹ ਜੋੜੇ ਜੋ ਗਰਭ ਧਾਰਨ ਕਰਨਾ ਚਾਹੁੰਦੇ ਹਨ ਅਤੇ ਗਾਇਨਾਕੋਲੋਜਿਸਟ ਜੋ ਉਨ੍ਹਾਂ ਦਾ ਇਲਾਜ ਕਰਦੇ ਹਨ, ਉਹ ਵੀ ਦਬਾਅ ਹੇਠ ਹਨ।

"ਅਸੀਂ ਬਹੁਤ ਸਾਰੇ ਮਰੀਜ਼ਾਂ ਨੂੰ ਇਸ ਸਮੇਂ ਦੌਰਾਨ ਆਪਣੀ ਗਰਭ ਧਾਰਨ ਦੀ ਯੋਜਨਾਬੰਦੀ ਨਾ ਕਰਨ ਲਈ ਕਹਿੰਦੇ ਰਹੇ। ਅਸੀਂ ਪਿਛਲੇ ਸਾਲ ਵੀ ਇਸ ਦਾ ਸੁਝਾਅ ਦਿੱਤਾ ਸੀ, ਪਰ, ਮਹਾਂਮਾਰੀ ਦਾ ਅੰਤ ਨਜ਼ਰ ਨਹੀਂ ਆਉਂਦਾ।"

"ਆਈਵੀਐੱਫ ਪ੍ਰਕਿਰਿਆ ਰੁਕ ਗਈ ਹੈ, ਪਰ, ਉਹ ਔਰਤਾਂ ਜੋ 35-37 ਸਾਲ ਦੀਆਂ ਹਨ, ਜੋ ਗਰਭ ਧਾਰਨ ਕਰਨ ਵਿੱਚ ਪਹਿਲਾਂ ਹੀ ਲੇਟ ਹੁੰਦੀਆਂ ਹਨ, ਉਹ ਜ਼ਿਆਦਾ ਇੰਤਜ਼ਾਰ ਨਹੀਂ ਕਰ ਸਕਦੀਆਂ।"

ਡਾ. ਪਵਾਰ ਨੇ ਕਿਹਾ, ''ਅਸੀਂ ਉਨ੍ਹਾਂ ਨੂੰ ਇੰਤਜ਼ਾਰ ਕਰਨ ਲਈ ਕਿਵੇਂ ਕਹਿ ਸਕਦੇ ਹਾਂ? ਅਸੀਂ ਜਿੰਨਾ ਹੋ ਸਕੇ ਸੰਭਾਲ ਲੈਂਦੇ ਹਾਂ। ਅਸੀਂ ਵਿਅਕਤੀਗਤ ਕੇਸਾਂ ''ਤੇ ਵਿਚਾਰ ਕਰਦਿਆਂ ਸੁਝਾਅ ਦਿੰਦੇ ਹਾਂ, ਪਰ ਇਸ ਸਮੇਂ ਦੌਰਾਨ ਗਰਭ ਅਵਸਥਾ ਅਸਲ ਵਿੱਚ ਮੁਸ਼ਕਿਲ ਹੈ।"

ਡਾ. ਪਵਾਰ ਨੇ ਅੱਗੇ ਕਿਹਾ, ''"ਅਸੀਂ ਇਲਾਜ ਕਰ ਰਹੇ ਹਾਂ, ਪਰ ਸਾਨੂੰ ਪੱਕਾ ਪਤਾ ਨਹੀਂ ਹੈ ਕਿ ਮਾਂ ਦੀ ਜਾਨ ਨੂੰ ਕਿੰਨਾ ਜੋਖ਼ਿਮ ਹੈ, ਸਾਨੂੰ ਨਹੀਂ ਪਤਾ ਕਿ ਬੱਚੇ ਦਾ ਕੀ ਨੁਕਸਾਨ ਹੋਏਗਾ ਜਾਂ ਨਹੀਂ, ਸਾਨੂੰ ਇਹ ਵੀ ਡਰ ਹੈ ਕਿ ਕੀ ਅਸੀਂ ਖੁਦ ਮਰੀਜ਼ ਦਾ ਇਲਾਜ ਕਰਦੇ ਸਮੇਂ ਸੰਕਰਮਿਤ ਹੋਵਾਂਗੇ।"

"ਕੋਵਿਡ ਸਮੇਂ ਦੌਰਾਨ ਸਬੰਧਤ ਔਰਤ, ਉਸ ਦੇ ਪਰਿਵਾਰਕ ਮੈਂਬਰ ਅਤੇ ਉਸ ਦੇ ਡਾਕਟਰਾਂ ਲਈ ਗਰਭ ਅਵਸਥਾ ਦੇ 9 ਮਹੀਨਿਆਂ ਨੂੰ ਲੰਘਾਉਣਾ ਬਹੁਤ ਵੱਡੀ ਪ੍ਰੀਖਿਆ ਦੀ ਘੜੀ ਹੈ।''''

ਇਹ ਵੀ ਪੜ੍ਹੋ-

''ਮੈਂ ਬੱਚੇ ਨੂੰ ਆਪਣੇ ਤੋਂ ਦੂਰ ਕਿਵੇਂ ਰੱਖ ਸਕਦੀ ਹਾਂ?''

ਨਾਸਿਕ ਸ਼ਹਿਰ ਦੀ ਰਹਿਣ ਵਾਲੀ ਜ਼ੂਬੀਆ ਸ਼ੇਖ ਨੇ ਕੁਝ ਮਹੀਨੇ ਪਹਿਲਾਂ ਇੱਕ ਬੱਚੇ ਨੂੰ ਜਨਮ ਦਿੱਤਾ ਸੀ। ਉਸ ਸਮੇਂ ਤੱਕ ਉਹ ਕੋਵਿਡ ਪੌਜੀਟਿਵ ਨਹੀਂ ਆਈ ਸੀ, ਪਰ, ਜਣੇਪੇ ਤੋਂ ਬਾਅਦ ਉਹ ਉਸ ਔਰਤ ਤੋਂ ਸੰਕਰਮਿਤ ਹੋ ਗਈ ਜੋ ਬੱਚੇ ਦੀ ਮਾਲਸ਼ ਕਰਨ ਆਉਂਦੀ ਸੀ।

ਜਾਂਚ ਤੋਂ ਬਾਅਦ ਉਸ ਦੇ ਮਨ ਵਿੱਚ ਸਭ ਤੋਂ ਮਹੱਤਵਪੂਰਣ ਪ੍ਰਸ਼ਨ ਇਹ ਸੀ ਕਿ ਬੱਚੇ ਨੂੰ ਦੁੱਧ ਕਿਵੇਂ ਚੁੰਘਾਉਣਾ ਹੈ?

"ਡਾਕਟਰ ਨੇ ਮੈਨੂੰ ਕਿਹਾ ਕਿ ਬੱਚੇ ਨੂੰ ਮੇਰੇ ਤੋਂ ਦੂਰ ਰੱਖੋ ਅਤੇ ਬਾਹਰੀ ਦੁੱਧ ਦਿਓ। ਪਰ, ਮੈਂ ਬੱਚੇ ਨੂੰ ਆਪਣੇ ਤੋਂ ਦੂਰ ਕਿਵੇਂ ਰੱਖ ਸਕਦੀ ਸੀ? ਕਿਸੇ ਤਰ੍ਹਾਂ ਮੈਂ ਦੋ ਮਾਸਕ ਪਾਏ ਅਤੇ ਬੱਚੇ ਨੂੰ ਦੁੱਧ ਪਿਆਇਆ ਅਤੇ ਫਿਰ ਬੱਚੇ ਨੂੰ ਵਾਪਸ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੇ ਦਿੱਤਾ।"

"ਖੁਸ਼ਕਿਸਮਤੀ ਨਾਲ ਮੈਂ ਬਹੁਤ ਜ਼ਿਆਦਾ ਸੰਕਰਮਣ ਦਾ ਸ਼ਿਕਾਰ ਨਹੀਂ ਹੋਈ ਸੀ ਅਤੇ ਮੈਂ ਕੁਝ ਦਿਨਾਂ ਵਿੱਚ ਇਸ ਤੋਂ ਠੀਕ ਹੋ ਗਈ ਸੀ, ਪਰ ਉਨ੍ਹਾਂ ਦਿਨਾਂ ਦੌਰਾਨ ਮੇਰੇ ਲਈ ਬੱਚੇ ਤੋਂ ਦੂਰ ਰਹਿਣਾ ਬਹੁਤ ਮੁਸ਼ਕਿਲ ਸੀ। ਮੈਨੂੰ ਲਗਾਤਾਰ ਡਰ ਸੀ ਕਿ ਮੇਰੀ ਬਿਮਾਰੀ ਕਾਰਨ ਬੱਚੇ ਨੂੰ ਕੁਝ ਨਾ ਹੋ ਜਾਵੇ।"

ਆਈਵੀਐੱਫ ਇਲਾਜ ਰੁਕੇ

ਉਹ ਜੋੜੇ ਜੋ ਗਰਭ ਧਾਰਨ ਕਰਨਾ ਚਾਹੁੰਦੇ ਹਨ, ਪਰ ਕੁਦਰਤੀ ਤੌਰ ''ਤੇ ਬੱਚੇ ਨੂੰ ਜਨਮ ਨਹੀਂ ਦੇ ਸਕੇ, ਉਨ੍ਹਾਂ ਕੋਲ ਆਈਵੀਐੱਫ ਇਲਾਜ ਦਾ ਵਿਕਲਪ ਹੈ, ਪਰ, ਕੋਰੋਨਾ ਦੀ ਪਹਿਲੀ ਅਤੇ ਦੂਜੀ ਲਹਿਰ ਦੌਰਾਨ, ਇਸ ਇਲਾਜ ਦਾ ਅਨੁਪਾਤ ਘੱਟ ਗਿਆ ਅਤੇ ਬਹੁਤ ਸਾਰੇ ਜੋੜਿਆਂ ਦੀ ਉਮੀਦ ਖਤਮ ਹੋ ਗਈ ਹੈ।

ਰਚਨਾ (ਨਾਮ ਬਦਲਿਆ) ਨੇ ਵੀ ਇਸ ਸਥਿਤੀ ਦਾ ਸਾਹਮਣਾ ਕੀਤਾ ਹੈ। "ਸਾਡੇ ਕੋਲ ਆਖ਼ਰੀ ਮੌਕਾ ਸੀ, ਪਰ ਅਸੀਂ ਹੁਣ ਇਸ ਨੂੰ ਗੁਆ ਚੁੱਕੇ ਹਾਂ।" ਤੜਫ਼ਦੀ ਹੋਈ ਉਹ ਸਿਰਫ਼ ਇਹ ਹੀ ਕਹਿ ਸਕਦੀ ਹੈ।

ਡਾ. ਨੰਦਿਨੀ ਪਲਸ਼ੇਤਕਰ ਐੱਫਓਜੀਐੱਸਆਈ - ਫੈਡਰੇਸ਼ਨ ਆਫ ਔਬਸਟੈਟ੍ਰਿਕ ਐਂਡ ਗਾਇਨਾਕੋਲੋਜਿਸਟ ਸੋਸਾਇਟੀਜ਼ ਆਫ਼ ਇੰਡੀਆ ਦੀ ਸਾਬਕਾ ਪ੍ਰਧਾਨ ਹੈ ਅਤੇ ਉਹ ਮੁੰਬਈ ਦੇ ਲੀਲਾਵਤੀ ਹਸਪਤਾਲ ਦੀ ਆਈਵੀਐੱਫ ਮਾਹਰ ਹੈ।

ਤਾਲਾਬੰਦੀ ਦੌਰਾਨ ਆਈਵੀਐੱਫ ਦੇ ਇਲਾਜ ਦੀ ਗਿਣਤੀ ਜ਼ੀਰੋ ''ਤੇ ਆ ਗਈ ਸੀ। ਵਿਸ਼ਵ ਭਰ ਵਿੱਚ ਇਸ ਇਲਾਜ ਨੂੰ ਰੋਕਣ ਦਾ ਸੁਝਾਅ ਦਿੱਤਾ ਗਿਆ ਸੀ, ਪਰ ਹੁਣ ਹੌਲੀ ਹੌਲੀ ਉਹ ਫਿਰ ਤੋਂ ਸ਼ੁਰੂ ਹੋ ਗਏ ਹਨ।

ਉਹ ਕਹਿੰਦੀ ਹੈ, "ਜਿਹੜੀਆਂ ਔਰਤਾਂ ਦੇਰੀ ਨਾਲ ਵਿਆਹ ਕਰਵਾਉਂਦੀਆਂ ਹਨ ਜਾਂ ਜਿਨ੍ਹਾਂ ਕੋਲ ਸਿਰਫ਼ ਆਈਵੀਐੱਫ ਦਾ ਹੀ ਵਿਕਲਪ ਹੁੰਦਾ ਹੈ, ਉਹ ਦੋ ਜਾਂ ਜ਼ਿਆਦਾ ਸਾਲ ਹੋਰ ਇੰਤਜ਼ਾਰ ਨਹੀਂ ਕਰ ਸਕਦੀਆਂ।"

"ਆਈਵੀਐੱਫ ਨੂੰ ਰੋਕਣ ਦੇ ਕੁਝ ਹੋਰ ਕਾਰਨ ਵੀ ਹਨ। ਇੱਕ, ਤਾਲਾਬੰਦੀ ਕਾਰਨ ਲੋਕ ਆਮ ਤੌਰ ''ਤੇ ਆਪਣੇ ਘਰਾਂ ਤੋਂ ਬਾਹਰ ਨਹੀਂ ਜਾ ਸਕਦੇ ਅਤੇ ਦੂਜਾ ਆਮਦਨ ਘੱਟ ਗਈ ਹੈ।"

"ਪੂਰੀ ਆਰਥਿਕਤਾ ਹੌਲੀ ਹੋ ਗਈ ਹੈ, ਕਈਆਂ ਨੇ ਨੌਕਰੀਆਂ ਗੁਆ ਦਿੱਤੀਆਂ ਹਨ, ਇਸ ਲਈ ਜ਼ਿਆਦਾਤਰ ਲੋਕ ਇਹ ਇਲਾਜ ਸਹਿਣ ਨਹੀਂ ਕਰ ਸਕਦੇ। ਇਸ ਦਾ ਅਸਰ ਇਸ ਪ੍ਰਕਿਰਿਆ ''ਤੇ ਵੀ ਪਿਆ ਹੈ।''''

ਹਿੰਮਤ ਨਾ ਹਾਰੋ

ਹਾਲਾਂਕਿ ਹਾਲਾਤ ਬੁਰੇ ਹਨ, ਸਾਨੂੰ ਉਮੀਦ ਛੱਡਣ ਦੀ ਜ਼ਰੂਰਤ ਨਹੀਂ। ਡਾ. ਪਲਸ਼ੇਤਕਰ ਨੇ ਕਿਹਾ, ''''ਇਸ ਕਾਰਨ ਘਬਰਾਉਣ ਦਾ ਕੋਈ ਕਾਰਨ ਨਹੀਂ ਹੈ। ਮੈਂ ਔਰਤਾਂ ਨੂੰ ਸਕਾਰਾਤਮਕ ਰਹਿਣ ਅਤੇ ਸਕਾਰਾਤਮਕ ਨਜ਼ਰੀਆ ਰੱਖਣ ਲਈ ਕਹਿੰਦੀ ਹਾਂ।"

ਜਦੋਂ ਜ਼ੀਕਾ ਵਾਇਰਸ ਆਇਆ ਸੀ ਤਾਂ ਇਹ ਸਿਫਾਰਸ਼ ਕੀਤੀ ਗਈ ਸੀ ਕਿ ਗਰਭਵਤੀ ਔਰਤਾਂ ਗਰਭਪਾਤ ਕਰਵਾ ਦੇਣ ਕਿਉਂਕਿ ਇਹ ਵਾਇਰਸ ਅਣਜੰਮੇ ਬੱਚੇ ਨੂੰ ਵੀ ਸੰਕਰਮਿਤ ਕਰ ਸਕਦਾ ਹੈ ਅਤੇ ਕਿਸੇ ਨੁਕਸ ਦਾ ਕਾਰਨ ਬਣ ਸਕਦਾ ਹੈ।

ਡਾ. ਪਲਸ਼ੇਤਕਰ ਕਹਿੰਦੀ ਹੈ ਕਿ ਪਰ ਜਿੱਥੇ ਤੱਕ ਕੋਰੋਨਾਵਾਇਰਸ ਦਾ ਸਬੰਧ ਹੈ, ਅਜਿਹੀਆਂ ਕੋਈ ਹਦਾਇਤਾਂ ਨਹੀਂ ਹਨ।

ਉਹ ਅੱਗੇ ਕਹਿੰਦੀ ਹੈ ਕਿ ਕੋਵਿਡ ਦੇ ਵਿਰੁੱਧ ਬਹੁਤ ਸਾਰੀਆਂ ਦਵਾਈਆਂ ਹਨ ਜਿਹੜੀਆਂ ਕੋਰੋਨਾ ਪੌਜੀਟਿਵ ਗਰਭਵਤੀ ਔਰਤਾਂ ਵੀ ਲੈ ਸਕਦੀਆਂ ਹਨ।

"ਮੈਂ ਉਹ ਦਵਾਈ ਆਪਣੇ ਮਰੀਜ਼ਾਂ ਨੂੰ ਦਿੱਤੀ ਹੈ, ਅਤੇ ਰੱਬ ਦੀ ਮਿਹਰ ਸਦਕਾ ਅਜੇ ਤੱਕ ਕੋਈ ਮਾੜਾ ਪ੍ਰਭਾਵ ਨਹੀਂ ਹੋਇਆ ਹੈ।"

"ਮੈਂ ਆਪਣੇ ਕਿਸੇ ਵੀ ਮਰੀਜ਼ ਨੂੰ ਗਰਭਪਾਤ ਕਰਾਉਣ ਦਾ ਸੁਝਾਅ ਨਹੀਂ ਦਿੱਤਾ ਹੈ। ਮੇਰੇ ਖਿਆਲ ਵਿੱਚ ਹੁਣ ਡਾਕਟਰਾਂ ਨੂੰ ਅਹਿਸਾਸ ਹੋ ਗਿਆ ਹੈ ਕਿ ਅਜਿਹੇ ਮਾਮਲਿਆਂ ਵਿੱਚ ਕੀ ਕਰਨਾ ਹੈ।"

ਉਹ ਕਹਿੰਦੀ ਹੈ ਕਿ ਬਹੁਤ ਸਾਰੀਆਂ ਦਵਾਈਆਂ ਹਨ ਜੋ ਗਰਭ ਅਵਸਥਾ ਦੇ ਪਹਿਲੇ ਪੰਜ ਹਫ਼ਤਿਆਂ ਦੌਰਾਨ ਦਿੱਤੀਆਂ ਜਾ ਸਕਦੀਆਂ ਹਨ, ਪਰ, ਉਹ ਇਹ ਵੀ ਮੰਨਦੀ ਹੈ ਕਿ ਅਮਰੀਕਾ ਵਿੱਚ ਕੁਝ ਖੋਜਾਂ ਵਿੱਚ ਦੇਖਿਆ ਗਿਆ ਹੈ ਕਿ ਕੋਵਿਡ ਗਰਭਵਤੀ ਔਰਤਾਂ ਦੇ ਮਾਮਲਿਆਂ ਵਿੱਚ ਵਧੇਰੇ ਖ਼ਤਰਨਾਕ ਸਾਬਤ ਹੋ ਸਕਦਾ ਹੈ।

"ਇਸ ਲਈ ਅਸੀਂ ਮੰਗ ਕਰ ਰਹੇ ਹਾਂ ਕਿ ਗਰਭਵਤੀ ਔਰਤਾਂ ਨੂੰ ਪਹਿਲ ਦੇ ਆਧਾਰ ''ਤੇ ਟੀਕਾ ਲਗਵਾਇਆ ਜਾਵੇ। ਟੀਕਾ ਲਵਾਉਣ ਵਿੱਚ ਕੋਈ ਨੁਕਸਾਨ ਨਹੀਂ ਹੈ, ਜਿਵੇਂ ਕਿ ਅਧਿਐਨਾਂ ਨੇ ਅਜਿਹਾ ਸਾਬਤ ਕੀਤਾ ਹੈ।"

ਪਰ, ਜਦੋਂ ਦੇਸ਼ ਵਿੱਚ ਟੀਕਿਆਂ ਦੀ ਘਾਟ ਹੈ, ਤਾਂ ਗਰਭਵਤੀ ਔਰਤਾਂ ਉਨ੍ਹਾਂ ਨੂੰ ਕਿਵੇਂ ਪ੍ਰਾਪਤ ਕਰ ਸਕਦੀਆਂ ਹਨ।

ਇਹ ਸੁਨਿਸ਼ਚਿਤ ਕਰੋ ਕਿ ਤੁਹਾਨੂੰ ਬੁਖ਼ਾਰ ਨਹੀਂ ਹੋਣਾ ਚਾਹੀਦਾ

ਡਾਕਟਰਾਂ ਨੇ ਦੇਖਿਆ ਹੈ ਕਿ ਕੋਵਿਡ ਲਾਗ ਔਰਤਾਂ ਦੇ ਸਮੇਂ ਤੋਂ ਪਹਿਲਾਂ ਜਣੇਪੇ ਹੋਣ ਦੀ ਵਧੇਰੇ ਸੰਭਾਵਨਾ ਹੈ।

ਯੂਕੇ ਵਿੱਚ ਕੁਝ ਦਿਨ ਪਹਿਲਾਂ ਕੀਤੇ ਗਏ ਇੱਕ ਅਧਿਐਨ ਵਿੱਚ ਇਹ ਵੀ ਸਾਹਮਣੇ ਆਇਆ ਸੀ ਕਿ ਜੇ ਔਰਤਾਂ ਜਣੇਪੇ ਤੋਂ ਪਹਿਲਾਂ ਕੋਵਿਡ ਲਾਗ ਦਾ ਸ਼ਿਕਾਰ ਹੋ ਜਾਂਦੀਆਂ ਹਨ, ਤਾਂ ਇਸ ਗੱਲ ਦੀ ਸੰਭਾਵਨਾ ਹੈ ਕਿ ਬੱਚਾ ਮਰਿਆ ਹੋਇਆ ਪੈਦਾ ਹੋਏਗਾ ਜਾਂ ਸਮੇਂ ਤੋਂ ਪਹਿਲਾਂ ਜਣੇਪਾ ਹੋਵੇਗਾ।

ਡਾਕਟਰ ਪਲਸ਼ੇਤਕਰ ਨੇ ਕਿਹਾ, "ਪੂਰੀ ਤਰ੍ਹਾਂ ਵਿਕਸਤ ਭਰੂਣ ਆਮ ਤੌਰ ''ਤੇ 38 ਹਫ਼ਤਿਆਂ ਦਾ ਹੁੰਦਾ ਹੈ। ਜੇ ਬੱਚੇ ਨੂੰ ਪਹਿਲਾਂ ਜਨਮ ਦਿੱਤਾ ਜਾਂਦਾ ਹੈ ਤਾਂ ਇਸ ਨੂੰ ਸਮੇਂ ਤੋਂ ਪਹਿਲਾਂ ਜਣੇਪਾ ਕਿਹਾ ਜਾਂਦਾ ਹੈ।ਬੁਖਾਰ ਅਜਿਹੇ ਸਮੇਂ ਤੋਂ ਪਹਿਲਾਂ ਜਣੇਪੇ ਦਾ ਕਾਰਨ ਬਣ ਸਕਦਾ ਹੈ ਜਾਂ ਕੁਝ ਮਾਮਲਿਆਂ ਵਿੱਚ ਇਹ ਗਰਭਪਾਤ ਵੀ ਕਰ ਸਕਦਾ ਹੈ।"

"ਇਸ ਲਈ, ਜੇ ਕੋਈ ਮਰੀਜ਼ ਗਰਭਵਤੀ ਹੈ ਅਤੇ ਉਸ ਨੂੰ ਕੋਵਿਡ ਹੋ ਜਾਂਦਾ ਹੈ, ਤਾਂ ਮੈਂ ਉਸ ਨੂੰ ਸੁਝਾਅ ਦਿੰਦੀ ਹਾਂ ਕਿ ਉਹ ਇਹ ਯਕੀਨੀ ਬਣਾਏ ਕਿ ਉਸ ਨੂੰ ਬੁਖਾਰ ਨਾ ਹੋਵੇ। ਜੇ ਬੁਖਾਰ ਵਧਦਾ ਹੈ, ਤਾਂ ਇਹ ਕੇਸ ਗੁੰਝਲਦਾਰ ਬਣਾ ਸਕਦਾ ਹੈ।"

ਪਰ, ਉਨ੍ਹਾਂ ਨੇ ਦੁਹਰਾਇਆ ਕਿ ਸਾਨੂੰ ਘਬਰਾਉਣਾ ਨਹੀਂ ਚਾਹੀਦਾ ਅਤੇ ਸਹੀ ਇਲਾਜ ਲੈਣਾ ਚਾਹੀਦਾ ਹੈ।

ਇਹ ਵੀ ਪੜ੍ਹੋ:

https://www.youtube.com/watch?v=VSn-sY-ODCo

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''025d3e97-2d91-4302-8283-cc3bb0966d48'',''assetType'': ''STY'',''pageCounter'': ''punjabi.india.story.57273308.page'',''title'': ''ਕੋਵਿਡ-19 ਪੌਜ਼ੀਟਿਵ ਕੁਝ ਗਰਭਵਤੀ ਔਰਤਾਂ ਨੂੰ ਗਰਭਪਾਤ ਦੀ ਚੋਣ ਕਰਨ ਦਾ ਸੁਝਾਅ ਕਿਉਂ ਦਿੱਤਾ ਜਾਂਦਾ ਹੈ'',''author'': ''ਅਨਘਾ ਪਾਠਕ '',''published'': ''2021-05-28T01:12:29Z'',''updated'': ''2021-05-28T01:12:29Z''});s_bbcws(''track'',''pageView'');

Related News