ਅਰਬ-ਇਜ਼ਰਾਈਲ ਜੰਗ: ਇਜ਼ਰਾਈਲ ਦੀ ''''ਦਾਦੀ'''' ਗੋਲਡਾ ਮੇਅਰ ਜਿਸ ਨੇ 6 ਦਿਨਾਂ ਵਿਚ ਫਤਿਹ ਹਾਸਲ ਕੀਤੀ

05/13/2021 7:51:04 PM

ਇਜ਼ਰਾਈਲ ਦੀ ਗੋਲਡਾ ਮੇਅਰ
Getty Images
ਗੋਲਡਾ ਮੇਅਰ ਦੇ ਬਾਰੇ ’ਚ ਇਜ਼ਰਾਈਲ ਦੇ ਪਹਿਲੇ ਪ੍ਰਧਾਨ ਮੰਤਰੀ ਡੇਵਿਡ ਬੇਨ ਗੁਰਿਓਂ ਨੇ ਕਿਹਾ ਸੀ ਕਿ ''ਗੋਲਡਾ ਮੇਰੇ ਮੰਤਰੀ ਮੰਡਲ ਦੀ ਇੱਕਲੀ ਮਰਦ ਹੈ''

ਗੋਲਡਾ ਮੇਅਰ ਲਈ ਕਿਹਾ ਜਾਂਦਾ ਹੈ ਕਿ ਉਹ ਪੂਰੇ ਇਜ਼ਰਾਈਲ ਦੀ ਹੀ ਦਾਦੀ ਮਾਂ ਸਨ। ਉਹ ਪੁਰਾਣੇ ਜ਼ਮਾਨੇ ਦਾ ਕੋਟ ਅਤੇ ਸਕਰਟ ਪਾਇਆ ਕਰਦੇ।

ਉਨ੍ਹਾਂ ਦੀ ਜੁੱਤੀ ਹਮੇਸ਼ਾਂ ਹੀ ਕਾਲੇ ਰੰਗ ਦੀ ਹੁੰਦੀ ਅਤੇ ਉਹ ਜਿੱਥੇ ਵੀ ਜਾਂਦੇ, ਉਨ੍ਹਾਂ ਦੇ ਹੱਥ ''ਚ ਉਨ੍ਹਾਂ ਦਾ ਪੁਰਾਣਾ ਹੈਂਡ ਬੈਗ ਜ਼ਰੂਰ ਹੁੰਦਾ।

ਉਹ ਇੱਕ ਚੇਨ ਸਮੋਕਰ ਵੀ ਅਤੇ ਉਨ੍ਹਾਂ ਦੀ ਸਿਗਰਟ ''ਚ ਕੋਈ ਫਿਲਟਰ ਵੀ ਨਹੀਂ ਹੁੰਦਾ ਸੀ।

ਉਹ ਹਮੇਸ਼ਾਂ ਹੀ ਲੋਕਾਂ ਨੂੰ ਆਪਣੀ ਰਸੋਈ ''ਚ ਚਾਹ ਪੀਦਿਆਂ ਹੀ ਮਿਲਦੇ, ਜਿਸ ਨੂੰ ਕਿ ਉਹ ਆਪ ਬਣਾਉਂਦੇ। ਉਹ ਔਰਤਾਂ ਦੀ ਘੜ੍ਹੀ ਦੀ ਬਜਾਏ ਮਰਦਾਂ ਦੀ ਘੜੀ ਪਹਿਨਦੇ। ਉਹ ਆਪਣੇ ਹੱਥੀਂ ਸੇਬ ਕੱਟ ਕੇ ਆਪਣੇ ਮਹਿਮਾਨਾਂ ਨੂੰ ਖੁਆਉਂਦੇ।

ਉਨ੍ਹਾਂ ਦੇ ਬਾਰੇ ''ਚ ਇਜ਼ਰਾਈਲ ਦੇ ਪਹਿਲੇ ਪ੍ਰਧਾਨ ਮੰਤਰੀ ਡੇਵਿਡ ਬੇਨ ਗੁਰਿਓਂ ਨੇ ਕਿਹਾ ਸੀ ਕਿ ''ਗੋਲਡਾ ਮੇਰੇ ਮੰਤਰੀ ਮੰਡਲ ਦੀ ਇੱਕਲੀ ਮਰਦ ਹੈ''।

ਇਹ ਵੀ ਪੜ੍ਹੋ:-

ਕਿਸੇ ਵੀ ਪ੍ਰਸੰਗ ''ਚ ਅਜਿਹੀ ਗੱਲ ਕਿਸੇ ਵੀ ਔਰਤ ਨੂੰ ਵਧੀਆ ਲੱਗਦੀ, ਪਰ ਇਸ ਨੂੰ ਸੁਣਦਿਆਂ ਹੀ ਗੋਲਡਾ ਮੇਅਰ ਆਪਣੇ ਦੰਦ ਪਸੀਜਣੇ ਸ਼ੁਰੂ ਕਰ ਦਿੰਦੇ।

ਉਨ੍ਹਾਂ ਦਾ ਵਿਚਾਰ ਸੀ ਕਿ ਕਿਸੇ ਵੀ ਕੰਮ ਨੂੰ ਕਿਸੇ ਵਿਅਕਤੀ ਦੇ ਲਿੰਗ ਨਾਲ ਜੋੜ ਕੇ ਨਹੀਂ ਵੇਖਿਆ ਜਾਣਾ ਚਾਹੀਦਾ ਹੈ।

ਇਜ਼ਰਾਈਲ ਦੀ ਗੋਲਡਾ ਮੇਅਰ
AFP
1969 ''ਚ ਜਦੋਂ ਇਜ਼ਰਾਈਲ ਦੇ ਤੀਜੇ ਪ੍ਰਧਾਨ ਮੰਤਰੀ ਲੇਵਾਈ ਅਸ਼ਕੋਲ ਦੀ ਮੌਤ ਹੋਈ ਤਾਂ ਉਸ ਸਮੇਂ ਗੋਲਡਾ ਮੇਅਰ ਨੂੰ ਸੰਨਿਆਸ ਤੋਂ ਵਾਪਸ ਬੁਲਾ ਕੇ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਗਿਆ

ਨਿਕਸਨ ਗੋਲਡਾ ਮੇਅਰ ਦੇ ਪ੍ਰਸ਼ੰਸਕ ਸਨ

ਗੋਲਡਾ ਮੇਅਰ ਦਾ ਜਨਮ 3 ਮਈ, 1889 ਨੂੰ ਯੁਕਰੇਨ ਦੀ ਰਾਜਧਾਨੀ ਕਿਏਵ ਵਿਖੇ ਹੋਇਆ। ਉਹ ਉਨ੍ਹਾਂ ਲੋਕਾਂ ''ਚੋਂ ਇੱਕ ਸੀ ਜਿੰਨ੍ਹਾਂ ਨੇ 1948 ''ਚ ਇਜ਼ਰਾਈਲ ਦੀ ਆਜ਼ਾਦੀ ਦੇ ਐਲਾਨਨਾਮੇ ''ਤੇ ਦਸਤਖ਼ਤ ਕੀਤੇ ਸਨ । 1956 ''ਚ ਉਹ ਇਜ਼ਰਾਇਲ ਦੀ ਵਿਦੇਸ਼ ਮੰਤਰੀ ਵੀ ਬਣੇ।

1965 ''ਚ ਉਨ੍ਹਾਂ ਨੇ ਕਈ ਅਹਿਮ ਅਹੁਦਿਆਂ ''ਤੇ ਸੇਵਾਵਾਂ ਨਿਭਾਈਆਂ ਅਤੇ ਬਾਅਦ ''ਚ ਉਨ੍ਹਾਂ ਨੇ ਸਰਗਰਮ ਰਾਜਨੀਤੀ ਤੋਂ ਸੰਨਿਆਸ ਲੈ ਲਿਆ।

1969 ''ਚ ਜਦੋਂ ਇਜ਼ਰਾਈਲ ਦੇ ਤੀਜੇ ਪ੍ਰਧਾਨ ਮੰਤਰੀ ਲੇਵਾਈ ਅਸ਼ਕੋਲ ਦੀ ਮੌਤ ਹੋਈ ਤਾਂ ਉਸ ਸਮੇਂ ਗੋਲਡਾ ਮੇਅਰ ਨੂੰ ਸੰਨਿਆਸ ਤੋਂ ਵਾਪਸ ਬੁਲਾ ਕੇ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਗਿਆ।

ਸਾਲ 1971 ''ਚ ਬਤੌਰ ਪ੍ਰਧਾਨ ਮੰਤਰੀ ਉਹ ਪਹਿਲੀ ਵਾਰ ਅਮਰੀਕਾ ਦੇ ਦੌਰੇ ''ਤੇ ਸਨ। ਇਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਗੋਲਡਾ ਮੇਅਰ ਦੀ ਗੱਲਬਾਤ ਕਰਨ ਦੇ ਤਰੀਕੇ ਤੋਂ ਬਹੁਤ ਪ੍ਰਭਾਵਿਤ ਹੋਏ।

ਬਾਅਦ ''ਚ ਉਨ੍ਹਾਂ ਨੇ ਆਪਣੀ ਸਵੈ-ਜੀਵਨੀ ''ਆਰ ਐਨ : ਦ ਮੈਮੋਰੀਜ਼ ਆਫ਼ ਰਿਚਰਡ ਨਿਕਸਨ'' ''ਚ ਲਿਖਿਆ ਸੀ ਕਿ "ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਅਸੀਂ ਦੋਵੇਂ ਓਵਲ ਦਫ਼ਤਰ ਦੀਆਂ ਕੁਰਸੀਆਂ ''ਤੇ ਬੈਠੇ ਹੋਏ ਸੀ ਅਤੇ ਫੋਟੋਗ੍ਰਾਫਰ ਸਾਡੀਆਂ ਤਸਵੀਰਾਂ ਖਿੱਚਣ ਲਈ ਆਏ ਤਾਂ ਗੋਲਡਾ ਮੁਸਕਰਾ ਰਹੀ ਸੀ ਅਤੇ ਦੋਸਤਾਨਾ ਗੱਲਾਂ ਕਰ ਰਹੀ ਸੀ। ਜਿਵੇਂ ਹੀ ਫੋਟੋਗ੍ਰਾਫਰ ਕਮਰੇ ਤੋਂ ਬਾਹਰ ਗਏ ਤਾਂ ਉਨ੍ਹਾਂ ਨੇ ਆਪਣੇ ਸੱਜੇ ਪੈਰ ''ਤੇ ਖੱਬਾ ਪੈਰ ਰੱਖਿਆ ਅਤੇ ਆਪਣੀ ਸਿਗਰਟ ਪੀਣੀ ਸ਼ੁਰੂ ਕਰ ਦਿੱਤੀ ਅਤੇ ਕਿਹਾ ਕਿ ''ਮਿਸਟਰ ਪ੍ਰੈਜ਼ੀਡੈਂਟ, ਹੁਣ ਦੱਸੋ ਕਿ ਤੁਸੀਂ ਉਨ੍ਹਾਂ ਜਹਾਜ਼ਾਂ ਦਾ ਕੀ ਕਰ ਰਹੇ ਹੋ, ਜਿੰਨ੍ਹਾਂ ਦੀ ਸਾਨੂੰ ਬਹੁਤ ਸਖ਼ਤ ਜ਼ਰੂਰਤ ਹੈ?''

“ਗੋਲਡਾ ਮੇਅਰ ਦਾ ਰਵੱਈਆ ਇਕ ਮਰਦ ਵਾਂਗ ਹੁੰਦਾ ਸੀ ਅਤੇ ਉਹ ਚਾਹੁੰਦੇ ਵੀ ਸੀ ਕਿ ਉਨ੍ਹਾਂ ਦੇ ਨਾਲ ਇਕ ਮਰਦ ਦੀ ਤਰ੍ਹਾਂ ਹੀ ਵਰਤਾਓ ਕੀਤਾ ਜਾਵੇ।"

ਭਾਰਤ ਦੀ ਗੁਪਤ ਤੌਰ ''ਤੇ ਕੀਤੀ ਸੀ ਮਦਦ

1971 ਦੀ ਭਾਰਤ-ਪਾਕਿ ਜੰਗ ਦੌਰਾਨ ਗੋਲਡਾ ਮੇਅਰ ਨੇ ਗੁਪਤ ਤੌਰ ''ਤੇ ਭਾਰਤ ਨੂੰ ਸੈਨਿਕ ਮਦਦ ਪਹੁੰਚਾਈ ਸੀ, ਜਦਕਿ ਦੋਵਾਂ ਦੇਸ਼ਾਂ ਦਰਮਿਆਨ ਕੋਈ ਵੀ ਕੂਟਨੀਤਕ ਸੰਬੰਧ ਮੌਜੂਦ ਨਹੀਂ ਸਨ ਅਤੇ ਇਜ਼ਰਾਈਲ ਦਾ ਸਭ ਤੋਂ ਨਜ਼ਦੀਕੀ ਮਿੱਤਰ ਦੇਸ਼ ਅਮਰੀਕਾ ਪਾਕਿਸਤਾਨ ਦਾ ਸਮਰਥਨ ਕਰ ਰਿਹਾ ਸੀ।

ਅਮਰੀਕੀ ਪੱਤਰਕਾਰ ਗੈਰੀ ਜੇ ਬੈਸ ਨੇ ਨਹਿਰੂ ਲਾਇਬ੍ਰੇਰੀ ''ਚ ਪਏ ''ਹਕਸਰ ਪੇਪਰਜ਼'' ਦਾ ਹਵਾਲਾ ਦਿੰਦਿਆਂ ਆਪਣੀ ਕਿਤਾਬ '' ਬਲੱਡ ਟੈਲੀਗ੍ਰਾਮ'' ''ਚ ਲਿਖਿਆ ਹੈ ਕਿ " ਇਜ਼ਰਾਈਲ ਦੀ ਪ੍ਰਧਾਨ ਮੰਤਰੀ ਗੋਲਡਾ ਮੇਅਰ ਨੇ ਗੁਪਤ ਤੌਰ ''ਤੇ ਇਜ਼ਰਾਈਲੀ ਹਥਿਆਰਾਂ ਦੇ ਵਿਕਰੇਤਾ ਸ਼ਲੋਮੋ ਜ਼ਬਲੁਦੋਵਿਕਜ਼ ਜ਼ਰੀਏ ਭਾਰਤ ਨੂੰ ਕੁਝ ''ਮੋਟਰਾਂ'' ਅਤੇ ''ਹਥਿਆਰ'' ਭਿਜਵਾਏ ਸਨ।

ਇੰਨ੍ਹਾਂ ਹਥਿਆਰਾਂ ਨਾਲ ਕੁਝ ਇਜ਼ਰਾਈਲੀ ਟ੍ਰੇਨਰ ਵੀ ਭਾਰਤ ਆਏ ਸਨ। ਜਦੋਂ ਇੰਦਰਾ ਗਾਂਧੀ ਦੇ ਪ੍ਰਮੁੱਖ ਸਕੱਤਰ ਪੀ ਐੱਨ ਹਕਸਰ ਨੇ ਹੋਰ ਹਥਿਆਰਾਂ ਦੀ ਮੰਗ ਕੀਤੀ ਸੀ ਤਾਂ ਗੋਲਡਾ ਮੇਅਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਇਜ਼ਰਾਈਲ ਭਾਰਤ ਦੀ ਮਦਦ ਕਰਦਾ ਰਹੇਗਾ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

"ਉਸ ਸਮੇਂ ਇਜ਼ਰਾਈਲ ਨੇ ਇਹ ਸੰਕੇਤ ਵੀ ਦਿੱਤਾ ਸੀ ਕਿ ਇਸ ਮਦਦ ਦੇ ਬਦਲੇ ''ਚ ਭਾਰਤ ਨੂੰ ਇਜ਼ਰਾਈਲ ਨਾਲ ਕੂਟਨੀਤਕ ਸੰਬੰਧ ਕਾਇਮ ਕਰਨੇ ਚਾਹੀਦੇ ਹਨ।

ਪਰ ਭਾਰਤ ਨੇ ਇਸ ਸਲਾਹ ਨੂੰ ਇਹ ਕਹਿ ਕਿ ਨਾਮਨਜ਼ੂਰ ਕਰ ਦਿੱਤਾ ਸੀ ਕਿ ਇਸ ਸੰਬੰਧ ਨੂੰ ਸੋਵੀਅਤ ਸੰਘ ਪਸੰਦ ਨਹੀਂ ਕਰੇਗਾ।"

20 ਸਾਲ ਬਾਅਦ ਨਰਸਿਮ੍ਹਾ ਰਾਓ ਦੀ ਅਗਵਾਈ ਵਾਲੀ ਭਾਰਤੀ ਸਰਕਾਰ ਨੇ ਇਜ਼ਰਾਈਲ ਨਾਲ ਕੂਟਨੀਤਕ ਸੰਬੰਧ ਕਾਇਮ ਕੀਤੇ ਸਨ।

ਇਜ਼ਰਾਈਲ ਦੀ ਗੋਲਡਾ ਮੇਅਰ
AFP
ਗੋਲਡਾ ਮੇਅਰ ਨੇ ਮੋਸਾਦ ਦੇ ਏਜੰਟਾਂ ਨੂੰ ਹੁਕਮ ਦਿੱਤਾ ਸੀ ਕਿ ਘਟਨਾ ਦੇ ਜ਼ਿੰਮੇਵਾਰ ਸਾਰੇ ਵਿਅਕਤੀਆਂ, ਚਾਹੇ ਉਹ ਦੁਨੀਆ ਦੇ ਕਿਸੇ ਵੀ ਕੋਨੇ ''ਚ ਕਿਉਂ ਨਾ ਹੋਣ, ਨੂੰ ਚੁਣ ਚੁਣ ਕੇ ਮਾਰਿਆ ਜਾਵੇ

'' ਰੈਥ ਆਫ਼ ਗਾਡ''

1972 ''ਚ ਜਦੋਂ ਮਿਊਨਿਖ ਓਲੰਪਿਕ ਦੌਰਾਨ ਅਰਬ ਕੱਟੜਪੰਥੀਆਂ ਨੇ ਓਲੰਪਿਕ ਪਿੰਡ ''ਚ ਵੜ੍ਹ ਕੇ 11 ਇਜ਼ਰਾਈਲੀ ਖਿਡਾਰੀਆਂ ਨੂੰ ਮਾਰ ਦਿੱਤਾ ਸੀ ਤਾਂ ਉਸ ਸਮੇਂ ਗੋਲਡਾ ਮੇਅਰ ਨੇ ਮੋਸਾਦ ਦੇ ਏਜੰਟਾਂ ਨੂੰ ਹੁਕਮ ਦਿੱਤਾ ਸੀ ਕਿ ਇਸ ਘਟਨਾ ਦੇ ਜ਼ਿੰਮੇਵਾਰ ਸਾਰੇ ਵਿਅਕਤੀਆਂ, ਚਾਹੇ ਉਹ ਦੁਨੀਆ ਦੇ ਕਿਸੇ ਵੀ ਕੋਨੇ ''ਚ ਕਿਉਂ ਨਾ ਹੋਣ, ਨੂੰ ਚੁਣ ਚੁਣ ਕੇ ਮਾਰਿਆ ਜਾਵੇ।

ਇਸ ਆਪ੍ਰੇਸ਼ਨ ਨੂੰ ''ਰੈਥ ਆਫ਼ ਗਾਡ'' ਦਾ ਨਾਂਅ ਦਿੱਤਾ ਗਿਆ ਸੀ।

ਇਸ ਘਟਨਾ ''ਤੇ ਇਕ ਕਿਤਾਬ ''ਵਨ ਡੇਅ ਇਨ ਸੈਪਟੈਂਬਰ'' (ਸਤੰਬਰ ਦਾ ਇੱਕ ਦਿਨ) ਲਿਖਣ ਵਾਲੇ ਸਾਈਮਨ ਰੀਵਜ਼ ਦਾ ਕਹਿਣਾ ਹੈ, "ਗੋਲਡਾ ਮੇਅਰ ਨੇ ਜਨਰਲ ਅਹਰੋਂ ਯਾਰੀਵ ਅਤੇ ਜ਼ਵੀ ਜ਼ਮੀਰ ਨੂੰ ਆਪਣੇ ਘਰ ਬੁਲਾਇਆ। ਉਨ੍ਹਾਂ ਨੇ ਪਹਿਲਾਂ ਯਹੂਦੀ ਲੋਕਾਂ ਦੀ ਤ੍ਰਾਸਦੀ ਅਤੇ ਫਿਰ ਜਰਮਨੀ ''ਚ ਉਨ੍ਹਾਂ ਨਾਲ ਕੀਤੇ ਗਏ ਵਤੀਰੇ ਦਾ ਜ਼ਿਕਰ ਕੀਤਾ।”

“ਫਿਰ ਉਨ੍ਹਾਂ ਨੇ ਮਿਊਨਿਖ ਦਾ ਜ਼ਿਕਰ ਕੀਤਾ, ਜਿੱਥੇ ਕਿ 11 ਇਜ਼ਰਾਈਲੀ ਖਿਡਾਰੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਅਚਾਨਕ ਹੀ ਉਨ੍ਹਾਂ ਨੇ ਇਕ ਲੰਮਾ ਸਾਹ ਲਿਆ ਅਤੇ ਆਪਣਾ ਸਿਰ ਉਪਰ ਚੁੱਕ ਕੇ ਯਾਰੀਵ ਅਤੇ ਜ਼ਮੀਰ ਦੀਆਂ ਅੱਖਾਂ ''ਚ ਅੱਖਾਂ ਪਾ ਕੇ ਕਿਹਾ, ''ਸੈਂਡ ਫੋਰਥ ਦ ਬੁਆਏਜ਼''।"

ਇਜ਼ਰਾਈਲ ਦੀ ਗੋਲਡਾ ਮੇਅਰ
Getty Images
ਗੋਲਡਾ ਨੂੰ ਸੀਰੀਆ ਦੇ ਇਕ ਸੰਵੇਦਨਸ਼ੀਲ ਸਰੋਤ ਵੱਲੋਂ ਦੱਸਿਆ ਗਿਆ ਸੀ ਕਿ ਸੀਰੀਆ ਇਜ਼ਰਾਈਲ ''ਤੇ ਹਮਲਾ ਕਰਨ ਜਾ ਰਿਹਾ ਹੈ

ਜੌਰਡਨ ਦੇ ਸ਼ਾਹ ਹੁਸੈਨ ਦੀ ਗੋਲਡਾ ਨਾਲ ਗੁਪਤ ਮੁਲਾਕਾਤ

1971 ''ਚ ਮਿਸਰ ਅਤੇ ਸੀਰੀਆ ਨੇ ਇਜ਼ਰਾਈਲ ਦੇ ਸਭ ਤੋਂ ਪਵਿੱਤਰ ਦਿਹਾੜੇ ਯੋਮ ਕਿਪਪੂਰ ਮੌਕੇ ਇਜ਼ਰਾਈਲ ''ਤੇ ਹਮਲਾ ਕਰ ਦਿੱਤਾ ਸੀ। ਇਸ ਹਮਲੇ ਦੀ ਥੋੜੀ ਬਹੁਤ ਜਾਣਕਾਰੀ ਮੇਅਰ ਨੂੰ ਸੀ।

25 ਸਤੰਬਰ, 1973 ਦੀ ਸਵੇਰ ਨੂੰ ਤਲ ਅਵੀਵ ਦੇ ਉੱਤਰ ''ਚ ਹਰਜ਼ਲੀਆ ''ਚ ਮੋਸਾਦ ਦੇ ਇੱਕ ਸੇਫ਼ (ਸੁਰੱਖਿਅਤ) ਹਾਊਸ ''ਤੇ ਇਕ ਬੇਲ 206 ਹੈਲੀਕਾਪਟਰ ਨੇ ਲੈਂਡ ਕੀਤਾ ਸੀ। ਇਸ ਦੇ ਨਾਲ ਹੀ ਇਜ਼ਰਾਈਲ ਦੀ ਚੋਟੀ ਦੀ ਲੀਡਰਸ਼ਿਪ ''ਚ ਹਲਚਲ ਮਚ ਗਈ।

ਆਖ਼ਰਕਾਰ ਰੋਜ਼ਾਨਾ ਹੀ ਜੌਰਡਨ ਦੇ ਬਾਦਸ਼ਾਹ ਹੁਸੈਨ ਸਰਹੱਦ ਪਾਰ ਕਰਕੇ ਇਜ਼ਰਾਈਲ ਦੀ ਪ੍ਰਧਾਨ ਮੰਤਰੀ ਨਾਲ ਐਮਰਜੈਂਸੀ ਬੈਠਕ ਕਰਨ ਤਾਂ ਨਹੀਂ ਆਉਂਦੇ ਸਨ। ਉਹ ਇੱਕ ਵੱਡੀ ਖ਼ਬਰ ਲੈ ਕੇ ਗੋਲਡਾ ਮੇਅਰ ਕੋਲ ਆਏ ਸਨ।

ਉਨ੍ਹਾਂ ਨੂੰ ਸੀਰੀਆ ਦੇ ਇਕ ਸੰਵੇਦਨਸ਼ੀਲ ਸਰੋਤ ਵੱਲੋਂ ਦੱਸਿਆ ਗਿਆ ਸੀ ਕਿ ਸੀਰੀਆ ਇਜ਼ਰਾਈਲ ''ਤੇ ਹਮਲਾ ਕਰਨ ਜਾ ਰਿਹਾ ਹੈ।

ਗੋਲਡਾ ਮੇਅਰ ਦੀ ਜੀਵਨੀ ਲਿਖਣ ਵਾਲੀ ਐਲੀਨੋਰ ਬਰਕੇਟ ਲਿਖਦੀ ਹੈ ਕਿ "ਗੋਲਡਾ ਦਾ ਸ਼ਾਹ ਹੁਸੈਨ ਨੂੰ ਪਹਿਲਾ ਸਵਾਲ ਸੀ ਕਿ ਕੀ ਸੀਰੀਆ ਇਹ ਸਭ ਮਿਸਰ ਦੀ ਮਦਦ ਤੋਂ ਬਿਨ੍ਹਾ ਕਰੇਗਾ?”

“ਹੁਸੈਨ ਨੇ ਜਵਾਬ ਦਿੱਤਾ ਸੀ- ਮੇਰਾ ਅੰਦਾਜ਼ਾ ਹੈ ਕਿ ਮਿਸਰ ਸੀਰੀਆ ਦਾ ਸਹਿਯੋਗ ਕਰੇਗਾ। ਜਦੋਂ ਰੱਖਿਆ ਮੰਤਰੀ ਮੋਸ਼ੇ ਦਯਾਨ ਨੂੰ ਇਸ ਬਾਰੇ ਦੱਸਿਆ ਗਿਆ ਤਾਂ ਉਨ੍ਹਾਂ ਨੇ ਇਸ ਖ਼ਬਰ ਨੂੰ ਕੋਈ ਖਾਸ ਅਹਿਮੀਅਤ ਨਾ ਦਿੱਤੀ। ਉਨ੍ਹਾਂ ਕਿਹਾ ਕਿ ਜੌਰਡਨ ਦੇ ਮਿਸਰ ਨਾਲ ਅਜਿਹੇ ਸਬੰਧ ਨਹੀਂ ਹਨ ਕਿ ਉਸ ਨੂੰ ਇਸ ਸਭ ਦੀ ਜਾਣਕਾਰੀ ਹੋਵੇ। ਉਨ੍ਹਾਂ ਨੇ ਗੋਲਡਾ ਨੂੰ ਕਿਹਾ, ਅਸੀਂ ਸੀਰੀਆ ''ਤੇ ਨਜ਼ਰ ਰੱਖਾਂਗੇ। ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ।"

ਇਜ਼ਰਾਈਲ ਦੀ ਗੋਲਡਾ ਮੇਅਰ
Getty Images
ਕਈ ਲੋਕਾਂ ਨੇ ਕਿਹਾ ਕਿ ਮਿਸਰ ’ਤੇ ਹਮਲੇ ਨੂੰ ਟਾਲਣ ''ਚ ਅਸਫਲ ਰਹਿਣਾ ਗੋਲਡਾ ਮੇਅਰ ਦੀ ਇੱਕ ਬਹੁਤ ਵੱਡੀ ਨਾਕਾਮੀ ਨੂੰ ਦਰਸਾਉਂਦਾ ਹੈ

ਗੋਲਡ ਮੇਅਰ ਦੀ ਨਾਕਾਮੀ

ਇਜ਼ਰਾਈਲ ਦੀ ਖੁਫ਼ੀਆ ਏਜੰਸੀ ਮੋਸਾਦ ਨੂੰ ਇਹ ਵੀ ਪਤਾ ਲੱਗਿਆ ਸੀ ਕਿ ਮਿਸਰ ਦੀ ਫੌਜ ਦੀ ਇਕ ਟੁੱਕੜੀ ਸਵੇਜ ਨਹਿਰ ਵੱਲ ਵੱਧ ਰਹੀ ਹੈ ਅਤੇ ਉਸ ਨੇ 1 ਲੱਖ 20 ਹਜ਼ਾਰ ਰਿਜ਼ਰਵ ਸੈਨਿਕਾਂ ਨੂੰ ਵੀ ਬੁਲਾ ਲਿਆ ਗਿਆ ਹੈ।

ਇਸ ਬਾਰੇ ਸੁਣ ਕੇ ਵੀ ਮੋਸ਼ੇ ਨੇ ਕਿਹਾ ਸੀ ਕਿ ਮਿਸਰ ਅਪਣਾ ''ਰੂਟੀਨ ਸੈਨਿਕ ਅਭਿਆਸ'' ਕਰ ਰਿਹਾ ਹੈ। ਬਾਅਦ ''ਚ ਕਈ ਲੋਕਾਂ ਨੇ ਕਿਹਾ ਕਿ ਇਸ ਹਮਲੇ ਨੂੰ ਟਾਲਣ ''ਚ ਅਸਫਲ ਰਹਿਣਾ ਗੋਲਡਾ ਮੇਅਰ ਦੀ ਇੱਕ ਬਹੁਤ ਵੱਡੀ ਨਾਕਾਮੀ ਨੂੰ ਦਰਸਾਉਂਦਾ ਹੈ।

ਕਿੰਗਜ਼ ਕਾਲਜ, ਲੰਡਨ ਦੇ ਯੁੱਧ ਅਧਿਐਨ ਵਿਭਾਗ ਦੇ ਡਾਕਟਰ ਐਰਿਕ ਬਰੈਗਮੈਨ, ਜੋ ਕਿ ਇਜ਼ਰਾਈਲੀ ਫੌਜ ''ਚ ਵੀ ਸੇਵਾਵਾਂ ਨਿਭਾ ਚੁੱਕੇ ਹਨ, ਦਾ ਕਹਿਣਾ ਹੈ, "ਗੋਲਡਾ ਨੂੰ ਭਰੋਸਾ ਸੀ ਕਿ ਸਮਾਂ ਇਜ਼ਰਾਈਲ ਦੇ ਨਾਲ ਹੈ। ਜੇਕਰ ਕੁਝ ਸਬਰ ਰੱਖਿਆ ਜਾਵੇ ਤਾਂ ਅਰਬ ਕੁਝ ਹੀ ਸਮੇਂ ''ਚ ਇਸ ਗੱਲ ਦਾ ਆਦੀ ਹੋ ਜਾਵੇਗਾ ਕਿ ਸਾਈਨਾਈ ਇਜ਼ਰਾਈਲ ਦਾ ਹੀ ਹਿੱਸਾ ਹੈ ਅਤੇ ਗੋਲਾਨ ਘਾਟੀ ਅਤੇ ਪੱਛਮੀ ਕਿਨਾਰਾ ਵੀ ਇਜ਼ਰਾਈਲ ਦਾ ਹੀ ਇਕ ਹਿੱਸਾ ਹੈ।"

ਉਹ ਅੱਗੇ ਕਹਿੰਦੇ ਹਨ, "ਮੈਨੂੰ ਲੱਗਦਾ ਹੈ ਕਿ ਗੋਲਡਾ ਦੀ ਇਹ ਸੋਚ ਗਲਤ ਸੀ। ਮੈਂ ਇਕ ਆਗੂ ਤੋਂ ਉਮੀਦ ਕਰਦਾ ਹਾਂ ਕਿ ਉਸ ਦੀ ਨਜ਼ਰ ਉਨ੍ਹਾਂ ਚੀਜ਼ਾਂ ''ਤੇ ਵੀ ਜਾਵੇ, ਜਿਸ ਵੱਲ ਅਸੀਂ ਆਮ ਲੋਕ ਧਿਆਨ ਨਹੀਂ ਕਰਦੇ ਹਾਂ।”

“ਮੇਰਾ ਵਿਚਾਰ ਹੈ ਕਿ ਜੇਕਰ ਉਨ੍ਹਾਂ ਨੇ 1971 ''ਚ ਅਰਬ ਵੱਲੋਂ ਦਿੱਤੇ ਪ੍ਰਸਤਾਵ ਨੂੰ ਮਨ ਲਿਆ ਹੁੰਦਾ ਤਾਂ ਯੌਮ ਕਿਪੂਰ ਦੀ ਲੜਾਈ ਹੀ ਨਹੀਂ ਹੋਣੀ ਸੀ, ਜਿਸ ''ਚ ਇਜ਼ਰਾਈਲ ਦੇ ਲਗਭਗ 3 ਹਜ਼ਾਰ ਸੈਨਿਕ ਮਾਰੇ ਗਏ ਸਨ। ਸਾਡੇ ਲਈ ਉਹ ਇਕ ਦਰਦਨਾਕ ਘਟਨਾ ਸੀ।"

ਇਜ਼ਰਾਈਲ ਦੀ ਗੋਲਡਾ ਮੇਅਰ
Getty Images
"ਇਜ਼ਰਾਈਲ ਦੇ ਫੌਜ ਮੁੱਖੀ ਡਾਡੋ ਪਹਿਲਾਂ ਮਿਸਰ ''ਤੇ ਹਵਾਈ ਹਮਲਾ ਕਰਨ ਦੇ ਹੱਕ ''ਚ ਸਨ, ਕਿਉਂਕਿ ਇਹ ਤਾਂ ਸਪੱਸ਼ਟ ਹੋ ਗਿਆ ਸੀ ਕਿ ਜੰਗ ਤਾਂ ਹੋਵੇਗੀ ਹੀ।"

ਗੋਲਡਾ ਨੇ ਮਿਸਰ ''ਤੇ ਪਹਿਲਾਂ ਹਵਾਈ ਹਮਲਾ ਕਰਨ ਲਈ ਹਾਮੀ ਨਾ ਭਰੀ

ਇਜ਼ਰਾਈਲ ਨੂੰ ਜੰਗ ਸ਼ੁਰੂ ਹੋਣ ਤੋਂ 6 ਘੰਟੇ ਪਹਿਲਾਂ ਹੀ ਮਿਸਰ ''ਚ ਆਪਣੇ ਉੱਚ ਸੂਤਰਾਂ ਤੋਂ ਪਤਾ ਲੱਗ ਗਿਆ ਸੀ ਕਿ ਮਿਸਰ ਇਜ਼ਰਾਈਲ ''ਤੇ ਹਮਲਾ ਕਰਨ ਜਾ ਰਿਹਾ ਹੈ। ਪਰ ਇਸ ਦਾ ਜਵਾਬ ਕਿਵੇਂ ਦਿੱਤਾ ਜਾਵੇ, ਇਸ ਬਾਰੇ ਇਜ਼ਰਾਈਲੀ ਫੌਜ ਦੀ ਉੱਚ ਲੀਡਰਸ਼ਿਪ ''ਚ ਮਤਭੇਦ ਸਨ।

ਗੋਲਡ ਮੇਅਰ ਆਪਣੀ ਸਵੈ ਜੀਵਨੀ ''ਮਾਈ ਲਾਈਫ'' ''ਚ ਲਿਖਦੀ ਹੈ ਕਿ "ਇਜ਼ਰਾਈਲ ਦੇ ਫੌਜ ਮੁੱਖੀ ਡਾਡੋ ਪਹਿਲਾਂ ਮਿਸਰ ''ਤੇ ਹਵਾਈ ਹਮਲਾ ਕਰਨ ਦੇ ਹੱਕ ''ਚ ਸਨ, ਕਿਉਂਕਿ ਇਹ ਤਾਂ ਸਪੱਸ਼ਟ ਹੋ ਗਿਆ ਸੀ ਕਿ ਜੰਗ ਤਾਂ ਹੋਵੇਗੀ ਹੀ।”

“ਉਨ੍ਹਾਂ ਨੇ ਮੈਨੂੰ ਕਿਹਾ ਕਿ ਸਾਡੀ ਹਵਾਈ ਸੈਨਾ ਦੁਪਹਿਰ ਤੱਕ ਹਮਲਾ ਕਰਨ ਦੀ ਸਥਿਤੀ ''ਚ ਹੋਵੇਗੀ, ਬਸ਼ਰਤੇ ਤੁਸੀਂ ਇਸ ਸਮੇਂ ਹੀ ਹੁਕਮ ਜਾਰੀ ਕਰੋ। ਪਰ ਮੈਂ ਤਾਂ ਪਹਿਲਾਂ ਹੀ ਆਪਣਾ ਮਨ ਬਣਾ ਲਿਆ ਸੀ। ਮੈਂ ਕਿਹਾ ਡਾਡੋ ਮੈਂ ਇਸ ਦੇ ਖ਼ਿਲਾਫ਼ ਹਾਂ। ਸਾਨੂੰ ਭਵਿੱਖ ਬਾਰੇ ਕੁਝ ਪਤਾ ਨਹੀਂ ਹੈ।”

“ਹੋ ਸਕਦਾ ਹੈ ਕਿ ਸਾਨੂੰ ਬਾਹਰੀ ਮਦਦ ਦੀ ਵੀ ਜ਼ਰੂਰਤ ਪਵੇ। ਜੇਕਰ ਅਸੀਂ ਪਹਿਲਾਂ ਹਮਲਾ ਕਰਦੇ ਹਾਂ ਤਾਂ ਸਾਨੂੰ ਬਾਹਰੀ ਮਦਦ ਹਾਸਲ ਨਹੀਂ ਹੋਵੇਗੀ। ਮੈਂ ਇਸ ਪ੍ਰਸਤਾਵ ਨੂੰ ਦਿਲ ਤੋਂ ਹਾਂ ਕਹਿਣਾ ਚਾਹੁੰਦੀ ਹਾਂ ਪਰ ਫਿਰ ਵੀ ਮੈਨੂੰ ਨਾ ਕਹਿਣਾ ਪੈ ਰਿਹਾ ਹੈ।"

ਉਨ੍ਹਾਂ ਦਿਨਾਂ ਦਾ ਇਕ ਹੋਰ ਵਰਣਨ ਐਲੀਨੋਰ ਨੇ ਗੋਲਡਾ ''ਤੇ ਲਿਖੀ ਜੀਵਨੀ ''ਚ ਵੀ ਕੀਤਾ ਹੈ।

ਉਹ ਲਿਖਦੀ ਹੈ, "ਮੋਸ਼ੇ ਦੋੜਦੇ ਹੋਏ ਗੋਲਡਾ ਦੇ ਦਫ਼ਤਰ ''ਚ ਆਏ ਅਤੇ ਬੋਲੇ ''ਗੋਲਡਾ ਮੈਂ ਗਲਤ ਸੀ''। ਅਸੀਂ ਤਬਾਹੀ ਵੱਲ ਵੱਧ ਰਹੇ ਹਾਂ। ਤੁਸੀਂ ਚਾਹੋ ਤਾਂ ਮੇਰਾ ਅਸਤੀਫਾ ਲੈ ਲਓ। ਗੋਲਡਾ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਜਿਵੇਂ ਹੀ ਮੋਸ਼ੇ ਬਾਹਰ ਗਏ, ਗੋਲਡਾ ਇਕ ਹਾਲ ''ਚ ਚਲੀ ਗਈ। ਉਨ੍ਹਾਂ ਦੇ ਸਹਿਯੋਗੀ ਲੂ ਕਾਡਰ ਨੇ ਵੇਖਿਆ ਕਿ ਉਹ ਰੋ ਰਹੀ ਸੀ।"

"ਉਹ ਬੋਲੀ ਕਿ ਮੋਸ਼ੇ ਹਥਿਆਰ ਸੁੱਟਣ ਬਾਰੇ ਸੋਚ ਰਿਹਾ ਹੈ। ਤੁਸੀਂ ਮੇਰੇ ਇੱਕ ਦੋਸਤ ਦੇ ਘਰ ਜਾਓ। ਉਹ ਇਕ ਡਾਕਟਰ ਹੈ। ਮੈਂ ਉਨ੍ਹਾਂ ਨੂੰ ਕਹਿ ਦੇਵਾਂਗੀ ਕਿ ਉਹ ਤੁਹਾਨੂੰ ਕੁਝ ਗੋਲੀਆਂ ਦੇ ਦੇਵੇ, ਜਿਸ ਨਾਲ ਕਿ ਮੈਂ ਆਪਣੇ ਆਪ ਨੂੰ ਮਾਰ ਸਕਾਂ ਅਤੇ ਜਿਉਂਦੇ ਜੀਅ ਅਰਬਾਂ ਦੇ ਹੱਥ ਨਾ ਆ ਸਕਾਂ।"

ਇਹ ਵੀ ਪੜ੍ਹੋ

ਇਜ਼ਰਾਈਲ ਦੀ ਗੋਲਡਾ ਮੇਅਰ
Getty Images
ਇਹ ਧਾਰਣਾ ਵੀ ਖ਼ਤਮ ਹੁੰਦੀ ਵਿਖਾਈ ਦਿੱਤੀ ਸੀ ਕਿ ਇਜ਼ਰਾਈਲ ਨੂੰ ਕੋਈ ਹਰਾ ਨਹੀਂ ਸਕਦਾ ਹੈ

ਨਸਲਵਾਦ ਦਾ ਇਲਜ਼ਾਮ

ਯੌਮ ਕਿਪੂਰ ਜੰਗ ''ਚ ਭਾਵੇਂ ਜਿੱਤ ਇਜ਼ਰਾਈਲ ਦੀ ਹੀ ਹੋਈ ਸੀ, ਪਰ ਉਸ ਦੇ 3 ਹਜ਼ਾਰ ਸੈਨਿਕ ਇਸ ਜੰਗ ਦਾ ਸ਼ਿਕਾਰ ਹੋਏ ਸਨ। ਇਹ ਧਾਰਨਾ ਵੀ ਖ਼ਤਮ ਹੁੰਦੀ ਵਿਖਾਈ ਦਿੱਤੀ ਸੀ ਕਿ ਇਜ਼ਰਾਈਲ ਨੂੰ ਕੋਈ ਹਰਾ ਨਹੀਂ ਸਕਦਾ ਹੈ।

ਗੋਲਡਾ ਮੇਅਰ ਨੂੰ ਸਮੇਂ ਤੋਂ ਪਹਿਲਾਂ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ।

ਮੈਂ ਇਜ਼ਰਾਈਲ ''ਚ ਰਹਿੰਦੇ ਭਾਰਤੀ ਪੱਤਰਕਾਰ ਹਰਿੰਦਰ ਮਿਸ਼ਰਾ ਨੂੰ ਪੁੱਛਿਆ ਕਿ ਗੋਲਡਾ ਮੇਅਰ ਦੀ ਮੌਤ ਤੋਂ 40 ਸਾਲ ਬਾਅਦ ਇਜ਼ਰਾਈਲ ਦੇ ਲੋਕ ਉਨ੍ਹਾਂ ਬਾਰੇ ਕੀ ਸੋਚਦੇ ਹਨ ?

ਹਰਿੰਦਰ ਨੇ ਦੱਸਿਆ, "ਗੋਲਡਾ ਨੂੰ ਲੈ ਕੇ ਇਜ਼ਰਾਈਲ ''ਚ ਦੋ ਧੜੇ ਮੌਜੂਦ ਹਨ। ਇਕ ਧਿਰ ਤਾਂ ਇਹ ਮੰਨਦੀ ਹੈ ਕਿ ਉਹ ਬਹੁਤ ਹੀ ਤਾਕਤਵਰ ਆਗੂ ਸੀ। ਉਨ੍ਹਾਂ ਨੇ ਇਜ਼ਰਾਈਲ ਮੁਲਕ ਨੂੰ ਬਣਾਉਣ ''ਚ ਬਹੁਤ ਹੀ ਅਹਿਮ ਭੂਮਿਕਾ ਅਦਾ ਕੀਤੀ ਹੈ। ਉਹ ਆਪਣੀ ਗੱਲ ਨਿਡਰ ਹੋ ਕੇ ਕਹਿੰਦੀ ਸੀ ਅਤੇ ਆਪਣੇ ਫ਼ੈਸਲਿਆਂ ''ਤੇ ਵੀ ਕਾਇਮ ਰਹਿੰਦੀ ਸੀ।

ਪਰ ਦੂਜੀ ਧਿਰ ਦਾ ਮੰਨਣਾ ਹੈ ਕਿ ਏਸ਼ੀਆਈ ਅਤੇ ਅਫ਼ਰੀਕੀ ਯਹੂਦੀਆਂ ਲਈ ਉਨ੍ਹਾਂ ਦੇ ਮਨ ''ਚ ਕੋਈ ਵਿਸ਼ੇਸ਼ ਜਗ੍ਹਾ ਨਹੀਂ ਸੀ। ਉਹ ਗੋਲਡਾ ''ਤੇ ਨਸਲਵਾਦ ਦਾ ਵੀ ਇਲਜ਼ਾਮ ਲਗਾਉਂਦੇ ਸਨ। ਪਰ ਕੁਲ ਮਿਲਾ ਕੇ ਉਨ੍ਹਾਂ ਨੂੰ ਇਜ਼ਰਾਈਲ ਦੇ ਚੋਟੀ ਦੇ ਆਗੂਆਂ ''ਚੋਂ ਇਕ ਮੰਨਿਆ ਜਾਂਦਾ ਹੈ।"

ਦਿਨ ''ਚ 18 ਘੰਟੇ ਕੰਮ

75 ਸਾਲ ਦੀ ਉਮਰ ''ਚ ਵੀ ਉਹ 25 ਸਾਲ ਦੀ ਕੁੜੀ ਵਾਂਗਕੰਮ ਕਰਿਆ ਕਰਦੀ ਸੀ ਅਤੇ ਉਨ੍ਹਾਂ ਦਾ ਦਿਨ ਸਵੇਰੇ ਤੜਕਸਾਰ 4 ਵਜੇ ਖ਼ਤਮ ਹੁੰਦਾ ਸੀ।

ਗੋਲਡਾ ਮੇਅਰ ਆਪਣੀ ਸਵੈ ਜੀਵਨੀ ''ਚ ਲਿਖਦੀ ਹੈ, "ਕਈ ਵਾਰ ਮੇਰੇ ਘਰ ਦੇ ਬਾਹਰ ਖੜ੍ਹੇ ਅੰਗ ਰੱਖਿਅਕ ਵੇਖਦੇ ਸਨ ਕਿ ਸਵੇਰੇ 4 ਵਜੇ ਵੀ ਮੇਰੀ ਰਸੋਈ ਦੀ ਲਾਈਟ ਚਾਲੂ ਹੁੰਦੀ ਸੀ। ਉਨ੍ਹਾਂ ''ਚੋਂ ਇਕ ਇਹ ਵੇਖਣ ਲਈ ਘਰ ਦੇ ਅੰਦਰ ਆਉਂਦਾ ਸੀ ਕਿ ਮੈਂ ਠੀਕ ਤਾਂ ਹਾਂ। ਫਿਰ ਮੈਂ ਸਾਡੇ ਦੋਵਾਂ ਲਈ ਚਾਹ ਬਣਾਉਂਦੀ ਸੀ ਅਤੇ ਅਸੀਂ ਉਦੋਂ ਤੱਕ ਵੱਖ-ਵੱਖ ਮੁੱਦਿਆਂ ''ਤੇ ਚਰਚਾ ਕਰਦੇ ਸੀ, ਜਦੋਂ ਤੱਕ ਮੈਨੂੰ ਮਹਿਸੂਸ ਨਹੀਂ ਹੁੰਦਾ ਸੀ ਕਿ ਹੁਣ ਮੈਨੂੰ ਸੌ ਜਾਣਾ ਚਾਹੀਦਾ ਹੈ।"

ਗੋਲਡਾ ਮੇਅਰ ਨੇ ਇਕ ਵਾਰ ਇਕ ਇੰਟਰਵਿਊ ''ਚ ਕਿਹਾ ਸੀ, "ਜਦੋਂ ਕਦੇ ਸਾਂਤੀ ਸਥਾਪਤ ਹੋਵੇਗੀ ਤਾਂ ਅਸੀਂ ਸ਼ਾਇਦ ਅਰਬਾਂ ਨੂੰ ਇਸ ਗੱਲ ਲਈ ਮੁਆਫ਼ ਕਰ ਵੀ ਦੇਈਏ ਕਿ ਉਨ੍ਹਾਂ ਨੇ ਸਾਡੇ ਪੁੱਤਰਾਂ ਨੂੰ ਮੌਤ ਦੇ ਘਾਟ ਉਤਾਰਿਆ ਹੈ, ਪਰ ਅਸੀਂ ਉਨ੍ਹਾਂ ਨੂੰ ਇਸ ਗੱਲ ਲਈ ਬਿਲਕੁੱਲ ਵੀ ਮੁਆਫ਼ ਨਹੀਂ ਕਰ ਸਕਦੇ ਕਿ ਉਨ੍ਹਾਂ ਨੇ ਆਪਣੇ ਹੀ ਪੁੱਤਰਾਂ ਨੂੰ ਮਾਰਨ ਲਈ ਸਾਨੂੰ ਮਜਬੂਰ ਕੀਤਾ ਹੈ।"

ਕਮੀਆਂ ਦੇ ਨਾਲ-ਨਾਲ ਕਈ ਚੰਗੀਆਂ ਆਦਤਾਂ

ਗੋਲਡਾ ਮੇਅਰ ਦਾ ਸਭ ਤੋਂ ਵਧੀਆ ਮੁਲਾਂਕਣ ਐਡਵਿਨਾ ਕਰੇ ਨੇ ਕੀਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਗੋਲਡਾ ਇਕ ਇਨਸਾਨ ਸੀ, ਜਿਸ ''ਚ ਕੁਝ ਕਮੀਆਂ ਦੇ ਨਾਲ ਨਾਲ ਬਹੁਤ ਸਾਰੀਆਂ ਚੰਗੀਆਂ ਆਦਤਾਂ ਵੀ ਮੌਜੂਦ ਸੀ।

ਐਡਵਿਨਾ ਕਹਿੰਦੀ ਹੈ, "ਇਸ ਤਰ੍ਹਾਂ ਦੇ ਲੋਕ ਦੁਨੀਆ ''ਚ ਹਨ ਜੋ ਕਿ ਇਕ ਮਹਾਨ ਨੇਤਾ ਨੂੰ ਬਣਾਉਣਾ ਚਾਹੁੰਦੇ ਹਨ। ਉਹ ਵੀ ਇਸ ਤਰ੍ਹਾਂ ਦਾ ਨੇਤਾ ਜਿਸ ''ਚ ਕਿ ਕਿਸੇ ਵੀ ਤਰ੍ਹਾਂ ਦੀ ਖੋਟ ਨਾ ਹੋਵੇ। ਪਰ ਉਹ ਅਸਲ ਲੋਕਾਂ ਦਾ ਆਗੂ ਨਹੀਂ ਹੁੰਦਾ ਹੈ, ਕਿਉਂਕਿ ਲੋਕਾਂ ''ਚ ਤਾਂ ਚੰਗੀਆਂ ਆਦਤਾਂ ਦੇ ਨਾਲ ਨਾਲ ਕੁਝ ਕਮੀਆਂ ਵੀ ਹੁੰਦੀਆਂ ਹਨ। ਪਰ ਇਸ ਸਭ ਦੇ ਬਾਵਜੂਦ ਜੇਕਰ ਅਸੀਂ ਉਨ੍ਹਾਂ ਦੀ ਪ੍ਰਸ਼ੰਸਾ ਕਰ ਰਹੇ ਹਾਂ ਤਾਂ ਇਸ ਦਾ ਮਤਲਬ ਇਹ ਹੈ ਕਿ ਅਸੀਂ ਉਨ੍ਹਾਂ ਨੂੰ ਬਿਹਤਰ ਢੰਗ ਨਾਲ ਸਮਝ ਪਾ ਰਹੇ ਹਾਂ।"

"ਗੋਲਡਾ ਭਾਵੁਕ ਸੀ, ਆਪਣੇ ਦੇਸ਼ ਦੇ ਲਈ ਵਚਨਬੱਧ ਸੀ, ਸਖ਼ਤ ਸੀ, ਸਥਿਤੀ ਨਾਲ ਸਮਝੌਤਾ ਕਰਨਾ ਉਸ ਦੀ ਸ਼ਖਸੀਅਤ ਦਾ ਹਿੱਸਾ ਨਹੀਂ ਸੀ। ਹਾਂ , ਇਹ ਜ਼ਰੂਰ ਹੈ ਕਿ ਉਨ੍ਹਾਂ ਕੋਲੋਂ ਵੀ ਕੁਝ ਗਲਤੀਆਂ ਹੋਈਆਂ ਹਨ, ਪਰ ਉਹ ਇਕ ਅਸਲ ਇਨਸਾਨ, ਮਨੁੱਖ ਸੀ। ਉਹ ਅਜਿਹੀ ਔਰਤ ਨਹੀਂ ਸੀ, ਜਿਸ ਦੀ ਭੂਮਿਕਾ ਕਿਸੇ '' ਸਕ੍ਰਿਪਟ ਰਾਈਟਰ'' ਨੇ ਲਿਖੀ ਸੀ।"

ਇਹ ਵੀ ਪੜ੍ਹੋ:

https://www.youtube.com/watch?v=3Dov3P0WGSs

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''ca7dfc01-a8f2-4d24-815c-0475e552498c'',''assetType'': ''STY'',''pageCounter'': ''punjabi.international.story.57090352.page'',''title'': ''ਅਰਬ-ਇਜ਼ਰਾਈਲ ਜੰਗ: ਇਜ਼ਰਾਈਲ ਦੀ \''ਦਾਦੀ\'' ਗੋਲਡਾ ਮੇਅਰ ਜਿਸ ਨੇ 6 ਦਿਨਾਂ ਵਿਚ ਫਤਿਹ ਹਾਸਲ ਕੀਤੀ'',''author'': ''ਰੇਹਾਨ ਫ਼ਜ਼ਲ'',''published'': ''2021-05-13T14:10:15Z'',''updated'': ''2021-05-13T14:10:15Z''});s_bbcws(''track'',''pageView'');

Related News