ਕੋਰੋਨਾਵਾਇਰਸ: ਬਿਹਾਰ-ਯੂਪੀ ''''ਚ ਦਰਿਆਵਾਂ ''''ਚ ਤੈਰਦੀਆਂ ਅੱਧ-ਸੜੀਆਂ ਲਾਸ਼ਾਂ ਲੋਕਾਂ ਦੀ ਪ੍ਰੇਸ਼ਾਨੀ ਦਾ ਸਬੱਬ ਬਣ ਰਹੀਆਂ
Tuesday, May 11, 2021 - 10:21 PM (IST)
ਬਿਹਾਰ ਦੇ ਬਕਸਰ ਦੇ ਚੌਸਾ ਬਲਾਕ ''ਚ ਹੀ ਗੰਗਾਂ ਨਦੀ ''ਚ ਲਾਸ਼ਾਂ ਤੈਰਦੀਆਂ ਨਹੀਂ ਵਿਖਾਈ ਦਿੱਤੀਆਂ ਹਨ ਬਲਕਿ ਜ਼ਿਲ੍ਹੇ ਦੇ ਸਿਮਰੀ ਬਲਾਕ ਦੀ ਕੇਸ਼ੋਪੁਰ ਪੰਚਾਇਤ, ਵੀਸ ਦਾ ਡੇਰਾ, ਤਿਲਕ ਰਾਏ ਦਾ ਹਾਤਾ ਅਤੇ ਮਾਨ ਸਿੰਘ ਪੱਟੀ ''ਚ ਵੀ ਗੰਗਾਂ ''ਚ ਲਾਸ਼ਾਂ ਸੁੱਟੀਆਂ ਜਾ ਰਹੀਆਂ ਹਨ। ਸਥਾਨਕ ਲੋਕਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਸਿਮਰੀ ਪੱਛਮੀ ਦੇ ਜ਼ਿਲ੍ਹਾ ਕੌਂਸਲਰ ਵਿਜੇ ਮਿਸ਼ਰਾ ਨੇ ਬੀਬੀਸੀ ਨੂੰ ਦੱਸਿਆ, "ਲੋਕ ਗਰੀਬ ਹਨ, ਅੰਤਿਮ ਸਸਕਾਰ ਨਹੀਂ ਕਰ ਪਾ ਰਹੇ ਹਨ। ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਵੀ ਕੋਈ ਸਹਿਯੋਗ ਹਾਸਲ ਨਹੀਂ ਹੋ ਰਿਹਾ ਹੈ।”
“ਇਸ ਲਈ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਵੱਲੋਂ ਲਾਸ਼ਾਂ ਇੰਝ ਹੀ ਗੰਗਾ ''ਚ ਸੁੱਟੀਆਂ ਜਾ ਰਹੀਆਂ ਹਨ। ਲਾਸ਼ਾਂ ਕਿਨਾਰੇ ਆ ਕੇ ਲੱਗ ਰਹੀਆਂ ਹਨ। ਮਾਨ ਸਿੰਘ ਪੱਟੀ, ਕੇਸ਼ੋਪੁਰ ਪੰਚਾਇਤ ਜੋ ਕਿ ਗੰਗਾ ਤੋਂ ਮਹਿਜ਼ 100-150 ਮੀਟਰ ਹੀ ਦੂਰੀ ''ਤੇ ਸਥਿਤ ਹੈ, ਉੱਥੇ ਇੰਨ੍ਹਾਂ ਲਾਸ਼ਾ ਨਾਲ ਬਦਬੂ ਫੈਲ ਰਹੀ ਹੈ।"
ਇਹ ਵੀ ਪੜ੍ਹੋ
- ਅਰਵਿੰਦ ਕੇਜਰੀਵਾਲ ਨੇ ਵੈਕਸੀਨ ਲਈ ਨੈਸ਼ਨਲ ਪਾਲਿਸੀ ਬਣਾਉਣ ਦੀ ਗੱਲ ਕਹੀ ਤਾਂ ਬੀਜੇਪੀ ਨੇ ਦਿੱਤਾ ਇਹ ਜਵਾਬ
- ਯੇਰੂਸ਼ਲਮ ਸੰਕਟ: ਕੀ ਹੈ ਵਿਵਾਦ ਜਿਸ ਕਾਰਨ ਇਜ਼ਰਾਇਲ ਨੇ ਕੀਤਾ ਹਵਾਈ ਹਮਲਾ
- ਕੋਰੋਨਾਵਾਇਰਸ: ਕੁੰਭ ਮੇਲਾ ਕਿਵੇਂ ਬਣ ਗਿਆ ''ਸੁਪਰ ਸਪ੍ਰੈਡਰ'' ਸਮਾਗਮ
ਹਾਲਾਂਕਿ ਸਿਮਰੀ ਬਲਾਕ ਦੇ ਵਿਕਾਸ ਅਧਿਕਾਰੀ ਅਜੈ ਕੁਮਾਰ ਸਿੰਘ ਨੇ ਬੀਬੀਸੀ ਨੂੰ ਕਿਹਾ, "ਚੌਸਾ ਬਲਾਕ ''ਚ ਲਾਸ਼ਾਂ ਮਿਲਣ ਤੋਂ ਬਾਅਦ 10 ਮਈ ਦੀ ਸ਼ਾਮ ਨੂੰ ਪ੍ਰਦੇਸ਼ ਅਧਿਕਾਰੀ ਅਤੇ ਮੈਂ ਵੀ ਬਲਾਕ ਦੇ ਗੰਗਾ ਨਾਲ ਲੱਗਦੇ ਹਿੱਸਿਆਂ ''ਚ ਗਿਆ ਸੀ, ਪਰ ਸਾਨੂੰ ਉੱਥੇ ਅਜਿਹਾ ਕੁਝ ਨਹੀਂ ਮਿਲਿਆ। ਜੇਕਰ ਭਵਿੱਖ ''ਚ ਅਜਿਹੀ ਕੋਈ ਲਾਸ਼ ਮਿਲਦੀ ਹੈ ਤਾਂ ਅਸੀਂ ਉਸ ਦਾ ਪੂਰੇ ਰੀਤੀ ਰਿਵਾਜਾਂ ਨਾਲ ਅੰਤਿਮ ਸਸਕਾਰ ਕਰਾਂਗੇ।"
ਕੀ ਕਹਿਣਾ ਹੈ ਪਿੰਡਵਾਸੀਆਂ ਦਾ?
ਪਰ ਬਲਾਕ ਵਿਕਾਸ ਅਫ਼ਸਰ ਦੇ ਦਾਅਵਿਆਂ ਨੂੰ ਨਕਾਰਦਿਆਂ ਪਿੰਡਵਾਸੀ ਨਹਿਰ ਕੰਢੇ ਲਾਸ਼ਾਂ ਮਿਲਣ ਦੀ ਗੱਲ ਕਰ ਰਹੇ ਹਨ।
ਕੇਸ਼ੋਪੁਰ ਪੰਚਾਇਤ ਦਾ ਯੋਗੇਸ਼ ਯਾਦਵ ਕਾਲਜ ਦਾ ਵਿਦਿਆਰਥੀ ਹੈ। ਉਸ ਦਾ ਘਰ ਪਿੰਡ ਦੀ ਨਹਿਰ ਕੰਢੇ ਹੈ।
ਯੋਗੇਸ਼ ਦਾ ਕਹਿਣਾ ਹੈ, "ਸਾਡਾ ਪੂਰਾ ਵਾਰਡ ਹੀ ਲਾਸ਼ਾਂ ਦੀ ਬਦਬੂ ਤੋਂ ਪ੍ਰੇਸ਼ਾਨ ਹੈ। ਰੋਟੀ-ਟੁੱਕ ਵੀ ਅੰਦਰ ਨਹੀਂ ਲੰਘਦਾ ਹੈ। ਕੋਰੋਨਾ ਦੇ ਸਮੇਂ ''ਚ ਲੋਕ ਲਾਸ਼ਾਂ ਇੰਝ ਹੀ ਸੁੱਟ ਕੇ ਜਾ ਰਹੇ ਹਨ। ਮਨਾ ਕਰਨ ਦੇ ਬਾਵਜੂਦ ਵੀ ਉਹ ਅਜਿਹਾ ਕਰਦੇ ਹਨ। ਰੋਜ਼ਾਨਾ ਹੀ ਲਾਸ਼ਾਂ ਇੱਥੇ ਮਿਲਦੀਆਂ ਹਨ, ਪਰ ਪ੍ਰਸ਼ਾਸਨ ਦਾ ਇਸ ਮਸਲੇ ਵੱਲ ਕੋਈ ਧਿਆਨ ਨਹੀਂ ਹੈ।"
ਬਲਾਕ ਦੀ ਬਲਿਹਾਰ ਪੰਚਾਇਤ ਦੇ ਦਿਵਾਕਰ ਨੇ ਦੱਸਿਆ, "ਸਾਡੇ ਪਿੰਡ ਦੇ ਨਾਲ ਹੀ ਵੀਸ ਦੇ ਡੇਰੇ ਦਾ ਘਾਟ ਹੈ। 10 ਮਈ ਦੀ ਸ਼ਾਮ ਨੂੰ ਇੱਥੇ 10-15 ਲਾਸ਼ਾਂ ਕਿਨਾਰੇ ''ਤੇ ਲੱਗੀਆਂ ਮਿਲੀਆਂ। ਜਿਸ ਤੋਂ ਬਾਅਦ ਅਸੀਂ ਸਾਰਿਆਂ ਨੇ ਲੰਬੇ ਬਾਂਸ ਦੀ ਮਦਦ ਨਾਲ ਲਾਸ਼ਾਂ ਨੂੰ ਵਗਦੇ ਪਾਣੀ ''ਚ ਰੋੜਿਆ। ਇਹ ਸਾਰੀਆਂ ਲਾਸ਼ਾਂ ਕੋਰੋਨਾ ਦੇ ਕਾਰਨ ਹੀ ਆ ਰਹੀਆਂ ਹਨ।"
ਇਸ ਤੋਂ ਇਲਾਵਾ ਇਸ ਬਲਾਕ ਦੇ ਕਪਿਲ ਮੁਨੀ ਅਤੇ ਬੰਟੀ ਕੁਮਾਰ ਨੇ ਬੀਬੀਸੀ ਨੂੰ ਦੱਸਿਆ ਕਿ ਕਿਵੇਂ ਇੰਨ੍ਹਾਂ ਲਾਸ਼ਾਂ ਨਾਲ ਨੇੜੇ ਦੇ ਇਲਾਕਿਆਂ ''ਚ ਪ੍ਰੇਸ਼ਾਨੀ ਹੋ ਰਹੀ ਹੈ।
ਇਹ ਵੀ ਪੜ੍ਹੋ
- ਪੀਐਮ ਕੇਅਰਜ਼ ਫੰਡ ਜ਼ਰੀਏ ਵੈਂਟੀਲੇਟਰ ਮੰਗਵਾਏ ਗਏ, ਕਿੰਨ੍ਹੇ ਆਏ ਤੇ ਕਿੰਨੇ ਕਾਰਗਰ
- ਕੀ ਨਿੰਬੂ, ਕਪੂਰ, ਨੈਬੁਲਾਇਜ਼ਰ ਵਰਗੇ ਨੁਸਖ਼ਿਆਂ ਨਾਲ ਵੱਧਦਾ ਹੈ ਆਕਸੀਜਨ ਲੈਵਲ
- ਕੀ ਮਾਹਵਾਰੀ ਦੌਰਾਨ ਕੋਵਿਡ ਵੈਕਸੀਨ ਲੈਣਾ ਸੁਰੱਖਿਅਤ ਹੈ
ਸਿਵਾਨ ''ਚ ਵੀ ਲੋਕ ਪ੍ਰੇਸ਼ਾਨ
ਅਜਿਹਾ ਨਹੀਂ ਹੈ ਕਿ ਇਸ ਕੋਰੋਨਾ ਕਾਲ ਦੌਰਾਨ ਲਾਸ਼ਾਂ ਦੀ ਇਸ ਤਰ੍ਹਾਂ ਹੋ ਰਹੀ ਬੇਕਦਰੀ ਨਾਲ ਸਿਰਫ ਬਕਸਰ ਹੀ ਪ੍ਰੇਸ਼ਾਨ ਹੈ। ਸਿਵਾਨ ਦੇ ਗੁਠਨੀ ਬਲਾਕ ਦੇ ਯੋਗੀਆਡੀਹ ਪਿੰਡ ਦੇ ਲੋਕ ਵੀ ਇਸ ਸਥਿਤੀ ਕਾਰਨ ਪ੍ਰੇਸ਼ਾਨ ਹਨ। ਪਿੰਡ ਵਾਸੀਆਂ ਨੇ ਪਿੰਡ ਦੀ ਸੜਕ ''ਤੇ ਬਾਂਸ ਲਗਾ ਕੇ ਮਿਸ਼ਰ ਘਾਟ (ਸ਼ਮਸ਼ਾਨ ਘਾਟ) ਜਾਣ ਦਾ ਰਸਤਾ ਹੀ ਬੰਦ ਕਰ ਦਿੱਤਾ ਹੈ।
ਪਿੰਡ ਦੇ ਵਿਨੋਦ ਸਿੰਘ ਨੇ ਬੀਬੀਸੀ ਨੂੰ ਦੱਸਿਆ, "ਇੱਥੇ ਗੰਡਕ ਨਦੀ ਹੈ, ਜਿਸ ਦੇ ਕੰਢੇ ਮਿਸ਼ਰ ਢਾਟ ''ਤੇ ਬਨਕਾ, ਕਟਹੀ, ਰਾਮਪੁਰ, ਸੋਹਨਪੁਰ, ਚਿਲਮਰਵਾ ਕਹਿ ਸਕਦੇ ਹਾਂ ਕਿ ਇਸ ਇਲਾਕੇ ਦੇ ਨਾਲ ਨਾਲ ਯੂਪੀ ਤੋਂ ਵੀ ਲਾਸ਼ਾਂ ਦਾ ਸਸਕਾਰ ਇੱਥੇ ਕੀਤਾ ਜਾਂਦਾ ਹੈ।"
ਉਹ ਅੱਗੇ ਕਹਿੰਦੇ ਹਨ, " ਇਸ ਸਮੇਂ ਜੋ ਵੀ ਲਾਸ਼ਾਂ ਇੱਥੇ ਆ ਰਹੀਆਂ ਹਨ , ਉਨ੍ਹਾਂ ਦੇ ਪਰਿਵਾਰਕ ਮੈਂਬਰ ਲਾਸ਼ਾਂ ਨੂੰ ਅੱਗ ਲਗਾ ਕੇ ਚਲੇ ਜਾਂਦੇ ਹਨ। ਉਹ ਲਾਸ਼ ਦਾ ਪੂਰੀ ਤਰ੍ਹਾਂ ਨਾਲ ਅਗਨੀ ਭੇਟ ਹੋਣ ਦਾ ਵੀ ਇੰਤਜ਼ਾਰ ਨਹੀਂ ਕਰਦੇ ਹਨ। ਇਸ ਸਮੇਂ ਸੁੱਕੀ ਲਕੜੀ ਵੀ ਬਹੁਤ ਹੀ ਮੁਸ਼ਕਲ ਨਾਲ ਮਿਲ ਰਹੀ ਹੈ, ਜਿਸ ਕਰਕੇ ਲਾਸ਼ਾਂ ਪੂਰੀ ਤਰ੍ਹਾਂ ਨਾਲ ਨਹੀਂ ਸੜ੍ਹ ਰਹੀਆਂ ਹਨ।"
" ਅੱਧੀਆਂ ਸੜ੍ਹ ਚੁੱਕੀਆਂ ਲਾਸ਼ਾਂ ਇਸੇ ਤਰ੍ਹਾਂ ਹੀ ਸੁੱਟ ਦਿੱਤੀਆਂ ਜਾਂਦੀਆਂ ਹਨ। ਜਿੰਨ੍ਹਾਂ ਨੂੰ ਕੁੱਤੇ ਖਾਂਦੇ ਹਨ ਅਤੇ ਪੂਰੇ ਪਿੰਡ ''ਚ ਮਾਸ ਦੇ ਲੋਥੜੇ ਲੈ ਕੇ ਘੁੰਮਦੇ ਹਨ। ਪਿੰਡ ''ਚ ਕਈ ਲੋਕਾਂ ਨੂੰ ਸਰਦੀ ਜ਼ੁਕਾਮ ਵੀ ਹੋ ਗਿਆ ਹੈ। ਸਾਡੇ ਪਿੰਡ ''ਚ ਵੀ ਇਕ ਵਿਅਕਤੀ ਕੋਰੋਨਾ ਦੀ ਲਾਗ ਨਾਲ ਪ੍ਰਭਾਵਿਤ ਹੋਇਆ ਸੀ ਜਿਸ ਦੀ ਕਿ 9 ਤਰੀਖ ਨੂੰ ਮੌਤ ਹੋ ਗਈ ਹੈ।"
ਦੂਜੇ ਪਾਸੇ ਗੁਠਨੀ ਦੇ ਬਲਾਕ ਵਿਕਾਸ ਅਧਿਕਾਰੀ ਧੀਰਜ ਕੁਮਾਰ ਦੁਬੇ ਨੇ ਇਸ ਸਬੰਧ ''ਚ ਬੀਬੀਸੀ ਨੂੰ ਦੱਸਿਆ ਕਿ " ਘਾਟ ''ਤੇ ਮੈਜਿਸਟਰੇਟ ਲੋਕਾਂ ਦੀ ਨਿਯੁਕਤੀ ਕੀਤੀ ਗਈ ਹੈ।ਉਹ ਉੱਥੋਂ ਦੀ ਵਿਵਸਥਾ ਦੀ ਪੂਰੀ ਨਿਗਰਾਨੀ ਕਰ ਰਹੇ ਹਨ। ਕਿਸੇ ਵੀ ਚੀਜ਼ ਦੀ ਕੋਈ ਘਾਟ ਨਹੀਂ ਹੈ।"
71 ਲਾਸ਼ਾਂ ਦਾ ਕੀਤਾ ਗਿਆ ਪੋਸਟ ਮਾਰਟਮ
ਗੰਗਾ ਨਦੀ ਦੇ ਕਿਨਾਰੇ ਵਸਿਆ ਬਕਸਰ ਜ਼ਿਲ੍ਹਾ, ਬਿਹਾਰ ਅਤੇ ਉੱਤਰ ਪ੍ਰਦੇਸ਼ ਦਾ ਸਰਹੱਦੀ ਜ਼ਿਲ੍ਹਾ ਹੈ। ਇਸ ਦੇ ਉੱਤਰ ''ਚ ਯੂਪੀ ਦਾ ਬਲਿਆ, ਦੱਖਣ ਵਾਲ ਬਿਹਾਰ ਦਾ ਰੋਹਤਾਸ ਜ਼ਿਲ੍ਹਾ, ਪੱਛਮ ''ਚ ਯੂਪੀ ਦਾ ਗਾਜ਼ੀਪੁਰ ਅਤੇ ਬਲਿਆ ਜ਼ਿਲ੍ਹੇ ਅਤੇ ਪੂਰਬ ''ਚ ਬਿਹਾਰ ਦਾ ਭੋਜਪੁਰ ਜ਼ਿਲ੍ਹਾ ਪੈਂਦਾ ਹੈ।
ਬਕਸਰ ਪ੍ਰਸ਼ਾਸਨ ਨੇ 10 ਮਈ ਤੱਕ 30 ਤੋਂ 40 ਲਾਸ਼ਾਂ ਦੇ ਹੋਣ ਦੀ ਗੱਲ ਕਹੀ ਸੀ। ਪਰ ਚੌਸਾ ਸ਼ਮਸ਼ਾਨਘਾਟ ''ਚ ਮਿਲੀਆਂ 71 ਲਾਸ਼ਾਂ ਦਾ ਪੋਸਟਮਾਰਟਮ ਹੋਇਆ ਹੈ।
ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਜਤਿੰਦਰ ਨਾਥ ਨੇ ਬੀਬੀਸੀ ਨੂੰ ਦੱਸਿਆ, " 71 ਲਾਸ਼ਾਂ ਦਾ ਪੋਸਟਮਾਰਟਮ ਕੀਤਾ ਗਿਆ ਹੈ। ਬਾਡੀ ਡਿਕੰਪੋਜ਼ ਹੈ, ਇਸ ਲਈ ਮੌਤ ਦਾ ਸਹੀ ਕਾਰਨ ਪਤਾ ਨਹੀਂ ਲੱਗ ਸਕਦਾ ਹੈ। ਬਾਕੀ ਲਾਸ਼ਾਂ ਦਾ ਡੀਐਨਏ ਵੀ ਇੱਕਠਾ ਕੀਤਾ ਗਿਆ ਹੈ।"
ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਕਨ੍ਹਈਆ ਕੁਮਾਰ ਨੇ ਕਿਹਾ , " ਘਾਟ ''ਤੇ ਮਿਲੀਆਂ ਸਾਰੀਆਂ ਹੀ ਲਾਸ਼ਾਂ ਨੂੰ ਦਫ਼ਨਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਭਵਿੱਖ ''ਚ ਮੁੜ ਕੁਝ ਅਜਿਹਾ ਨਾ ਹੋਵੇ ਇਸ ਲਈ ਸਾਰੇ ਪ੍ਰਸ਼ਾਸਨਿਕ ਅੀਧਕਾਰੀਆਂ ਨੂੰ ਸਖ਼ਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।"
ਚੌਸਾ ਸ਼ਮਸ਼ਾਨ ਘਾਟ ਵਿਖੇ ਗਏ ਪੱਤਰਕਾਰ ਕਿਸ਼ੋਰ ਕਪਿੰਦਰ ਦੱਸਦੇ ਹਨ, " ਯੂਪੀ ਵਾਲੇ ਪਾਸਿਓਂ ਪਹਿਲਾਂ ਵੀ ਲਾਸ਼ਾਂ ਪਾਣੀ ਦੇ ਵਹਾ ਨਾਲ ਆਉਂਦੀਆਂ ਰਹੀਆਂ ਹਨ। ਪਰ ਇਸ ਵਾਰ ਇੰਨ੍ਹਾਂ ਲਾਸ਼ਾਂ ਦੀ ਗਿਣਤੀ ਵਧੇਰੇ ਹੈ। ਕੋਰੋਨਾ ਕਾਲ ਦੌਰਾਨ ਲੋਕਾਂ ਦੀ ਆਰਥਿਕ ਸਥਿਤੀ ਵੀ ਪ੍ਰਭਾਵਿਤ ਹੋਈ ਹੈ, ਜਿਸ ਦੇ ਕਾਰਨ ਵੀ ਲੋਕ ਆਪਣੇ ਮ੍ਰਿਤਕ ਪਰਿਜਨ ਦਾ ਪੂਰੇ ਰੀਤੀ ਰਿਵਾਜਾਂ ਨਾਲ ਅੰਤਿਮ ਸਸਕਾਰ ਨਹੀਂ ਕਰ ਪਾ ਰਹੇ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs
ਲਾਸ਼ਾਂ ਦਾ ਅੰਤਿਮ ਸਸਕਾਰ ਅਤੇ ਹਿੰਦੂ ਰੀਤੀ ਰਿਵਾਜ
ਇਸ ਮਹਾਂਮਾਰੀ ਕਾਲ ਦੌਰਾਨ ਮ੍ਰਿਤਕ ਦੇਹਾਂ ਦਾ ਸਸਕਾਰ ਕਰਨਾ ਇੱਕ ਮੁਸ਼ਕਲ ਅਤੇ ਮਹਿੰਗਾ ਕਾਰਜ ਬਣਦਾ ਜਾ ਰਿਹਾ ਹੈ।
ਦੈਨਿਕ ਭਾਸਕਰ ਅਖ਼ਬਾਰ ਦੇ ਬਕਸਰ ਐਡੀਸ਼ਨ ''ਚ ਪ੍ਰਕਾਸ਼ਤ ਇਕ ਰਿਪੋਰਟ ਮੁਤਬਕ ਇਕ ਲਾਸ ਦੇ ਅੰਤਿਮ ਸਸਕਾਰ ਲਈ ਸ਼ਮਸ਼ਾਨਘਾਟ ''ਚ 15-20 ਹਜ਼ਾਰ ਖਰਚ ਹੋ ਰਹੇ ਹਨ। ਇਸ ਰਿਪੋਰਟ ਅਨੁਸਾਰ ਬਕਸਰ ਦੇ ਸ਼ਮਸ਼ਾਨਘਾਟ ''ਚ ਐਂਬੂਲੈਂਸ ''ਚੋਂ ਮ੍ਰਿਤਕ ਦੇਹ ਕੱਢਣ ਲਈ 2000 ਰੁ., ਲਕੜੀ ਅਤੇ ਹੋਰ ਸਮਾਨ ਲਈ 12 ਹਜ਼ਾਰ ਰੁ. ਲਏ ਜਾ ਰਹੇ ਹਨ।
ਹਾਲਾਂਕਿ ਚੌਸਾ ''ਚ ਗੰਗਾ ''ਚ ਇਸ ਤਰ੍ਹਾਂ ਲਾਸ਼ਾਂ ਦੇ ਵਹਿਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਬਕਸਰ ਪ੍ਰਸ਼ਾਸਨ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ ਕਿ ਸਾਡੇ ਇੱਥੇ (ਬਿਹਾਰ) ਇਹ ਰਿਵਾਜ ਨਹੀਂ ਹੈ।
ਇਸ ਸਬੰਧ ''ਚ ਹਿੰਦੂ ਰੀਤੀ ਰਿਵਾਜਾਂ ਤੋਂ ਜਾਣੂ ਅਤੇ ਬਕਸਰ ਦੇ ਸਥਾਨਕ ਵਸਨੀਕ ਪ੍ਰਭੰਜਨ ਭਰਦਵਾਜ ਦੱਸਦੇ ਹਨ, " ਬਿਹਾਰ ''ਚ ਕਈ ਥਾਵਾਂ ''ਤੇ ਮ੍ਰਿਤਕ ਦੇਹਾਂ ਦਾ ਅੰਤਿਮ ਸਸਕਾਰ ਕੀਤਾ ਜਾਂਦਾ ਹੈ। ਪਰ ਕੁਝ ਹਾਲਾਤਾਂ ਜਿਵੇਂ ਕਿ ਸੱਪ ਦੇ ਕੱਟਣ ਜਾਂ ਫਿਰ ਕਿਸੇ ਗੰਭੀਰ ਬਿਮਾਰੀ ਜਿਵੇਂ ਕੋੜ, ਜਿਸ ''ਚ ਛੂਆ ਛੂਤ ਦੀ ਸੰਭਾਵਨਾ ਰਹਿੰਦੀ ਹੈ, ''ਚ ਮ੍ਰਿਤਕ ਦੇਹ ਨੂੰ ਪਾਣੀ ''ਚ ਵਹਾ ਦਿੱਤਾ ਜਾਂਦਾ ਹੈ।"
" ਅਜਿਹੀ ਸਥਿਤੀ ''ਚ ਘੜੇ ''ਚ ਪਾਣੀ ਭਰ ਕੇ ਉਸ ਨੂੰ ਮ੍ਰਿਤਕ ਦੇਹ ਨਾਲ ਬੰਨ੍ਹ ਦਿੱਤਾ ਜਾਂਦਾ ਹੈ ਅਤੇ ਪਾਣੀ ''ਚ ਵਹਾ ਦਿੱਤਾ ਜਾਂਦਾ ਹੈ। ਸੱਪ ਦੇ ਡੰਗ ਨਾਲ ਮਰਨ ਵਾਲੇ ਵਿਅਕਤੀ ਦੀਆਂ ਅੰਤਿਮ ਰਸਮਾਂ ਵੀ ਇਸ ਤਰ੍ਹਾਂ ਹੀ ਨਿਭਾਈਆਂ ਜਾਂਦੀਆਂ ਹਨ। ਉਨ੍ਹਾਂ ਨੂੰ ਕੇਲੇ ਦੇ ਡੰਡੇ ਨਾਲ ਬੰਨ੍ਹ ਕੇ ਪਾਣੀ ''ਚ ਵਹਾ ਦਿੱਤਾ ਜਾਂਦਾ ਹੈ।"
ਉਹ ਅੱਗੇ ਕਹਿੰਦੇ ਹਨ, " ਪਰ ਕਰਮਨਾਸ਼ਾ ਨਦੀ ਜੋ ਕਿ ਬਿਹਾਰ ਅਤੇ ਯੂਪੀ ਦਰਮਿਆਨ ਵਗਦੀ ਹੈ, ਜੇਕਰ ਤੁਸੀਂ ਯੂਪੀ ਦੇ ਹਿੱਸੇ ''ਚ ਪੈਂਦੇ ਪਿੰਡਾਂ ਵੱਲ ਜਾਓਗੇ ਤਾਂ ਉੱਥੇ ਸੈਂਕੜੇ ਹੀ ਪਿੰਡ ਵਸਦੇ ਹਨ, ਜਿੱਥੇ ਲਾਸ਼ ਨੂੰ ਸਿਰਫ ਅੱਗ ਲਗਾ ਕੇ ਹੀ ਪਾਣੀ ''ਚ ਵਹਾ ਦਿੱਤਾ ਜਾਂਦਾ ਹੈ।"
ਯੂਪੀ ''ਚ ਵੀ ਗੰਗਾ ''ਚ ਦਰਜਨਾਂ ਲਾਸ਼ਾਂ ਤੈਰਦੀਆਂ ਮਿਲੀਆਂ
ਬਿਹਾਰ ਦੇ ਬਕਸਰ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ''ਚ ਵੀ ਗੰਗਾ ''ਚ ਕਈ ਲਾਸ਼ਾਂ ਤੈਰਦੀਆਂ ਮਿਲੀਆਂ ਹਨ। ਸਥਾਨਕ ਲੋਕਾਂ ਅਨੁਸਾਰ ਪਿਛਲੇ ਦੋ-ਤਿੰਨ ਦਿਨਾਂ ਦੌਰਾਨ ਦੋ ਦਰਜਨ ਤੋਂ ਵੀ ਵੱਧ ਲਾਸ਼ਾਂ ਵੱਖ-ਵੱਖ ਥਾਵਾਂ ''ਤੇ ਗੰਗਾ ਕਿਨਾਰੇ ਵੇਖੀਆਂ ਗਈਆਂ ਹਨ। ਕਈ ਘਾਟਾਂ ''ਤੇ ਵੀ ਲਾਸ਼ਾਂ ਨਹਿਰ ''ਚ ਪਈਆਂ ਮਿਲੀਆਂ ਹਨ।
ਇੰਨ੍ਹਾਂ ਲਾਸ਼ਾਂ ਦੇ ਕੋਰੋਨਾ ਲਾਗ ਨਾਲ ਪ੍ਰਭਾਵਿਤ ਹੋਣ ਦੀ ਸੰਭਾਵਨਾ ਦੇ ਕਾਰਨ ਲੋਕਾਂ ''ਚ ਡਰ ਦਾ ਮਹੌਲ ਬਣਿਆ ਹੋਇਆ ਹੈ।
ਗਾਜ਼ੀਪੁਰ ਦੇ ਜ਼ਿਲ੍ਹਾ ਮੈਜਿਸਟਰੇਟ ਮੰਗਲਾ ਪ੍ਰਸਾਦ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਜਾਣਕਾਰੀ ਮਿਲਣ ਤੋਂ ਬਾਅਧ ਜਾਂਚ ਟੀਮ ਦਾ ਗਠਨ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ, " ਸਾਡੇ ਅਧਿਕਾਰੀ ਮੌਕੇ ''ਤੇ ਮੌਜੂਦ ਹਨ ਅਤੇ ਜਾਂਚ ਜਾਰੀ ਹੈ। ਅਸੀਂ ਇਹ ਜਾਣਨ ਦਾ ਯਤਨ ਕਰ ਰਹੇ ਹਾਂ ਕਿ ਇਹ ਲਾਸ਼ਾਂ ਕਿੱਥੋਂ ਆਈਆਂ ਹਨ। ਇਸ ਦੀ ਜਾਂਚ ਲਈ ਟੀਮ ਦਾ ਗਠਨ ਕਰ ਦਿੱਤਾ ਗਿਆ ਹੈ।"
ਗਾਜ਼ੀਪੁਰ ਦਾ ਗਹਿਮਰ ਪਿੰਡ ਬਿਹਾਰ ਦੇ ਬਕਸਰ ਜ਼ਿਲ੍ਹੇ ਨੇੜੇ ਪੈਂਦਾ ਹੈ। ਗੰਗਾ ਨਦੀ ਗਹਿਮਰ ਤੋਂ ਹੁੰਦਿਆਂ ਹੋਇਆ ਹੀ ਬਿਹਾਰ ''ਚ ਦਾਖਲ ਹੁੰਦੀ ਹੈ।
ਬਕਸਰ ਜ਼ਿਲ੍ਹੇ ''ਚ ਜਦੋਂ ਵੱਡੀ ਗਿਣਤੀ ''ਚ ਲਾਸ਼ਾਂ ਮਿਲੀਆਂ ਸਨ ਤਾਂ ਉਸ ਸਮੇਂ ਵੀ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਇਹ ਲਾਸ਼ਾਂ ਯੂਪੀ ਦੀਆਂ ਵੱਖ-ਵੱਖ ਥਾਵਾਂ ਤੋਂ ਵਹਿ ਕੇ ਇੱਥੇ ਪਹੁੰਚੀਆਂ ਹੋਣਗੀਆਂ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕੋਰੋਨਾ ਦੀ ਲਾਗ ਅਤੇ ਹੋਰ ਕਈ ਕਿਸਮ ਦੇ ਬੁਖਾਰ ਦੇ ਕਾਰਨ ਪਿੰਡਾਂ ''ਚ ਕਈ ਮੌਤਾਂ ਹੋ ਰਹੀਆਂ ਹਨ।
ਗਾਜ਼ੀਪੁਰ ਵਸਨੀਕ ਪੱਤਰਕਾਰ ਉਮੇਸ਼ ਸ਼੍ਰੀਵਾਸਤਵ ਦੱਸਦੇ ਹਨ, " ਕੋਵਿਡ ਦੇ ਡਰ ਦੇ ਕਾਰਨ ਲੋਕ ਮ੍ਰਿਤਕ ਦੇਹਾਂ ਦਾ ਸਸਕਾਰ ਹੀ ਨਹੀਂ ਕਰ ਰਹੇ ਹਨ, ਬਲਕਿ ਉਨ੍ਹਾਂ ਨੂੰ ਗੰਗਾ ''ਚ ਵਹਾ ਰਹੇ ਹਨ। ਜੋ ਵੀ ਲਾਸ਼ਾਂ ਮਿਲ ਰਹੀਆਂ ਹਨ ਉਹ ਇੱਥੋਂ ਦੀਆਂ ਨਹੀਂ ਹਨ, ਕਿਉਂਕਿ ਲਾਸ਼ਾਂ ਦੀ ਸਥਿਤੀ ਤੋਂ ਅੰਦਾਜ਼ਾ ਲੱਗ ਰਿਹਾ ਹੈ ਕਿ ਉਹ ਬਹੁਤ ਦੂਰ ਤੋਂ ਪਾਣੀ ਦੇ ਵਹਾ ਨਾਲ ਆਈਆਂ ਹਨ।"
ਇਸ ਤੋਂ ਪਹਿਲਾਂ ਹਮੀਰਪੁਰ ਜ਼ਿਲ੍ਹੇ ਤੋਂ ਹੁੰਦੀ ਹੋਈ ਯਮੁਨਾ ਨਦੀ ''ਚ ਵੀ ਦਰਜਨਾਂ ਹੀ ਲਾਸ਼ਾਂ ਤੈਰਦੀਆਂ ਮਿਲੀਆਂ ਸਨ। ਉਸ ਸਮੇਂ ਵੀ ਇਹ ਅੰਦਾਜ਼ਾ ਲਗਾਇਆ ਗਿਆ ਸੀ ਕਿ ਇਹ ਲਾਸ਼ਾਂ ਕੋਰੋਨਾ ਪ੍ਰਭਾਵਿਤ ਲੋਕਾਂ ਦੀਆਂ ਹਨ।
ਹਾਲਾਂਕਿ ਹਮੀਰਪੁਰ ਦੇ ਜ਼ਿਲ੍ਹਾ ਅਧਿਕਾਰੀ ਦਾ ਕਹਿਣਾ ਹੈ ਕਿ ਕੋਵਿਡ ਦੀ ਲਾਗ ਨਾਲ ਮਰਨ ਵਾਲੇ ਲੋਕਾਂ ਦੀਆਂ ਮ੍ਰਿਤਕ ਦੇਹਾਂ ਚੰਗੀ ਤਰ੍ਹਾਂ ਨਾਲ ਪੈਕ ਕਰਕੇ ਉਨ੍ਹਾਂ ਦੇ ਪਰਿਵਾਰ ਨੂੰ ਸੌਂਪੀਆਂ ਜਾਂਦੀਆਂ ਹਨ, ਇਸ ਲਈ ਉਨ੍ਹਾਂ ਦੇ ਇਸ ਤਰ੍ਹਾਂ ਸੁੱਟੇ ਜਾਣ ਦੀ ਸੰਭਾਵਨਾ ਹੀ ਨਹੀਂ ਰਹਿੰਦੀ ਹੈ।
ਇਹ ਵੀ ਪੜ੍ਹੋ:
- ''ਅਰਸ਼ਦੀਪ ਨੂੰ ਕੈਨੇਡਾ ਭੇਜਣਾ ਸਾਡਾ ਸੁਪਨਾ ਸੀ, ਪਰ ਹੁਣ ਇਹ ਸੁਪਨਾ ਭਾਰਤ ਹੈ''
- ਇਨ੍ਹਾਂ ਆਲੀਸ਼ਾਨ ਹਵੇਲੀਆਂ ਤੇ ਮਹਿਲਾਂ ਨੂੰ ਖਰੀਦਣ ਤੋਂ ਲੋਕ ਇਸ ਲਈ ਡਰਦੇ ਹਨ
- ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ ਦਾ ਔਰਤ ਨੇ ਕਥਿਤ ਤੌਰ ''ਤੇ ਗੁਪਤ ਅੰਗ ਵੱਢਿਆ
https://www.youtube.com/watch?v=3Dov3P0WGSs
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''8699286a-bd8e-42f2-92c1-46b688da1ed1'',''assetType'': ''STY'',''pageCounter'': ''punjabi.india.story.57078086.page'',''title'': ''ਕੋਰੋਨਾਵਾਇਰਸ: ਬਿਹਾਰ-ਯੂਪੀ \''ਚ ਦਰਿਆਵਾਂ \''ਚ ਤੈਰਦੀਆਂ ਅੱਧ-ਸੜੀਆਂ ਲਾਸ਼ਾਂ ਲੋਕਾਂ ਦੀ ਪ੍ਰੇਸ਼ਾਨੀ ਦਾ ਸਬੱਬ ਬਣ ਰਹੀਆਂ'',''author'': ''ਸੀਟੂ ਤਿਵਾੜੀ ਅਤੇ ਸਮੀਰਾਤਮਜ ਮਿਸ਼ਰ'',''published'': ''2021-05-11T16:37:19Z'',''updated'': ''2021-05-11T16:37:19Z''});s_bbcws(''track'',''pageView'');