ਕੌਣ ਸੀ ਸਾਗਰ ਰਾਣਾ ਜਿਸ ਦੇ ਕਤਲ ਕੇਸ ਵਿੱਚ ਪਹਿਲਵਾਨ ਸੁਸ਼ੀਲ ਕੁਮਾਰ ਮੁਲਜ਼ਮ ਹੈ

05/11/2021 8:21:02 PM

“ਸਾਡਾ ਤਾਂ ਸਭ ਕੁਝ ਖ਼ਤਮ ਹੋ ਗਿਆ, ਹੁਣ ਕੁਝ ਨਹੀਂ ਰਿਹਾ, ਸਾਨੂੰ ਉਸ ਤੋਂ ਬਹੁਤ ਉਮੀਦਾਂ ਸਨ, ਛੋਟੀ ਅਜਿਹੀ ਉਮਰ ਦੇ ਵਿਚ ਹੀ ਮੇਰੇ ਭਾਣਜੇ ਨੇ ਪਰਿਵਾਰ ਦਾ ਅਤੇ ਦੇਸ਼ ਦਾ ਨਾਮ ਚਮਕਾ ਦਿੱਤਾ ਸੀ, ਪਰ ਹੁਣ ਸਾਡਾ ਕੁਝ ਨਹੀਂ ਰਿਹਾ।”

ਇਹ ਸ਼ਬਦ ਦਿੱਲੀ ਦੇ ਛਤਰਸ਼ਾਲ ਸਟੇਡੀਅਮ ਵਿਖੇ ਪਿਛਲੇ ਦਿਨੀਂ ਪਹਿਲਵਾਨਾਂ ਦੇ ਦੋ ਧੜਿਆਂ ਵਿਚ ਮਾਰੇ ਗਏ ਪਹਿਲਵਾਨ ਸਾਗਰ ਰਾਣਾ ਦੇ ਮਾਮਾ ਆਨੰਦ ਸਿੰਘ ਦੇ ਹਨ।

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਸਾਗਰ ਨੂੰ ਮਹਿਜ਼ 14 ਸਾਲ ਦੀ ਉਮਰ ਵਿਚ ਉਸ ਦੇ ਪਿਤਾ, ਜੋ ਕਿ ਇਸ ਸਮੇਂ ਦਿੱਲੀ ਪੁਲਿਸ ਵਿਚ ਹੈੱਡ ਕਾਂਸਟੇਬਲ ਵਜੋਂ ਕੰਮ ਕਰਦੇ ਹਨ, ਛਤਰਸ਼ਾਲ ਸਟੇਡੀਅਮ ਵਿਚ ਕੁਸ਼ਤੀ ਦੇ ਦਾਅ-ਪੇਚ ਸਿੱਖਣ ਲਈ ਛੱਡ ਆਏ ਸਨ।

ਇਹ ਵੀ ਪੜ੍ਹੋ

ਕੀ ਹੈ ਪੂਰਾ ਮਾਮਲਾ?

ਦਿੱਲੀ ਪੁਲਿਸ ਦੀ 5 ਮਈ ਦੀ ਐਫਆਈਆਰ ਨੰਬਰ 0218 (ਬੀਬੀਸੀ ਪੰਜਾਬੀ ਕੋਲ ਕਾਪੀ ਮੌਜੂਦ ਹੈ) ਮੁਤਾਬਕ ਮਾਮਲਾ ਦਿੱਲੀ ਦੇ ਮਾਡਲ ਟਾਊਨ ਇਲਾਕਾ ਦੇ ਛਤਰਸ਼ਾਲ ਸਟੇਡੀਅਮ ਦਾ ਹੈ ਜਿੱਥੇ ਪਹਿਲਵਾਨਾਂ ਦੇ ਦੋ ਗੁੱਟਾਂ ਦੇ ਵਿਚਾਲੇ ਆਪਸ ਵਿਚ ਝਗੜਾ ਹੋਇਆ ਜਿਸ ਵਿਚ ਕੁਝ ਪਹਿਲਵਾਨ ਜ਼ਖਮੀ ਹੋ ਗਏ।

ਇਹਨਾਂ ਵਿਚੋਂ ਇੱਕ ਸਾਗਰ ਨਾਮਕ ਪਹਿਲਵਾਨ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ।

ਮਾਮਲੇ ਦੀ ਐਫਆਈਆਰ ਸਹਾਇਕ ਸਬ-ਇੰਸਪੈਕਟਰ ਜਤੇਂਦਰ ਸਿੰਘ ਦੀ ਪੀਸੀਆਰ ਕਾਲ ਦੇ ਆਧਾਰ ''ਤੇ ਦਾਇਰ ਕੀਤੀ ਹੈ। ਮੁੱਢਲੀ ਜਾਂਚ ਦੇ ਆਧਾਰ ਉੱਤੇ ਪੁਲਿਸ ਐਫਆਈਆਰ ਵਿਚ ਦਰਜ ਕੀਤਾ ਗਿਆ ਹੈ ਕਿ ਘਟਨਾ ਨੂੰ ਸੁਸ਼ੀਲ ਕੁਮਾਰ ਅਤੇ ਉਸ ਦੇ ਸਾਥੀਆਂ ਨੇ ਅੰਜਾਮ ਦਿੱਤਾ ਹੈ।

ਸੁਸ਼ੀਲ ਕੁਮਾਰ ਦੋ ਵਾਰ ਦੇ ਉਲੰਪਿਕ ਮੈਡਲ ਵਿਜੇਤਾ ਹਨ ਅਤੇ ਐਫਆਈਆਰ ਦਰਜ ਹੋਣ ਤੋਂ ਬਾਅਦ ਫ਼ਿਲਹਾਲ ਉਹ ਲਾਪਤਾ ਹਨ।

ਖ਼ਬਰ ਏਜੰਸੀ ਪੀਟੀਆਈ ਅਨੁਸਾਰ ਦਿੱਲੀ ਪੁਲਿਸ ਨੇ ਇਸ ਪਹਿਲਵਾਨ ਦੇ ਖ਼ਿਲਾਫ਼ ਲੁੱਕ ਆਊਟ ਸਰਕੁਲਰ ਵੀ ਜਾਰੀ ਕਰ ਦਿੱਤਾ ਹੈ ਅਤੇ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਐਫ ਆਈ ਆਰ ਮੁਤਾਬਕ ਪੁਲਿਸ ਨੇ ਮੌਕੇ ਉੱਤੇ ਬਰਾਮਦ ਕੀਤੀਆਂ ਗੱਡੀਆਂ ਵਿਚੋਂ ਕੁਝ ਅਸਲਾ ਅਤੇ ਡੰਡੇ ਬਰਾਮਦ ਕੀਤੇ ਹਨ।

ਸਾਗਰ 23 ਸਾਲ ਦੀ ਉਮਰ ਚ ਜੂਨੀਅਰ ਚੈਂਪੀਅਨ ਬਣਿਆ

ਫੋਨ ਉਤੇ ਗੱਲਬਾਤ ਕਰਦਿਆਂ ਆਨੰਦ ਸਿੰਘ ਨੇ ਦੱਸਿਆ ਕਿ ਸਾਗਰ ਪਰਿਵਾਰ ਵਿਚ ਵੱਡਾ ਸੀ ਅਤੇ ਉਸ ਤੋਂ ਛੋਟਾ ਆਸਟ੍ਰੇਲੀਆ ਵਿਚ ਇਸ ਸਮੇਂ ਪੜਾਈ ਕਰ ਰਿਹਾ ਹੈ।

ਹਰਿਆਣਾ ਦੇ ਸੋਨੀਪਤ ਸ਼ਹਿਰ ਨਾਲ ਸਬੰਧਿਤ ਸਾਗਰ ਨੇ ਮਿਹਨਤ ਵੀ ਬਹੁਤ ਕੀਤੀ ਅਤੇ 23 ਸਾਲ ਦੀ ਉਮਰ ਤਕ ਉਸ ਨੇ ਜੂਨੀਅਰ ਨੈਸ਼ਨਲ ਚੈਂਪੀਅਨ ਦਾ ਖ਼ਿਤਾਬ ਆਪਣੇ ਨਾਮ ਕਰ ਲਿਆ ਸੀ।

ਆਨੰਦ ਸਿੰਘ ਮੁਤਾਬਕ ਕਈ ਦੇਸ਼ਾਂ ਵਿਚ ਉਸ ਦਾ ਭਾਣਜਾ ਮੈਡਲ ਜਿੱਤਣ ਵਿਚ ਕਾਮਯਾਬ ਹੋਇਆ ਅਤੇ ਉਸ ਦਾ ਸੁਪਨਾ ਉਲੰਪਿਕ ਵਿਚ ਜਾ ਕੇ ਮੈਡਲ ਜਿੱਤਣ ਦਾ ਸੀ।

ਸਾਗਰ ਦੇ ਸੁਭਾਅ ਬਾਰੇ ਗੱਲ ਕਰਦਿਆਂ ਆਨੰਦ ਸਿੰਘ ਨੇ ਦੱਸਿਆ ਕਿ ਉਹ ਬਹੁਤ ਘੱਟ ਬੋਲਣ ਵਾਲਾ ਅਤੇ ਸ਼ਰਮੀਲੇ ਸੁਭਾਅ ਦਾ ਸੀ।

ਅਕਸਰ ਜਦੋਂ ਉਹ ਪਰਿਵਾਰ ਨੂੰ ਮਿਲਣ ਲਈ ਸੋਨੀਪਤ ਆਉਂਦਾ ਤਾਂ ਬਹੁਤ ਘੱਟ ਹੀ ਬੋਲਦਾ ਸੀ। ਲੜਾਈ ਦੀ ਘਟਨਾ ਬਾਰੇ ਬੋਲਦੇ ਹੋਏ ਆਨੰਦ ਸਿੰਘ ਨੇ ਕਿਹਾ, “ਜੋ ਲੜਕਾ ਸ਼ਰਮੀਲੇ ਸੁਭਾਅ ਦਾ ਹੋਵੇ ਉਹ ਕਿਸੇ ਨਾਲ ਲੜ ਕਿਵੇਂ ਸਕਦਾ ਹੈ।”

ਉਨ੍ਹਾਂ ਇਲਜ਼ਾਮ ਲਗਾਇਆ ਕਿ ਇਸ ਘਟਨਾ ਨੂੰ ਜਾਣ ਬੁੱਝ ਕੇ ਅੰਜਾਮ ਦਿੱਤਾ ਗਿਆ ਹੈ, ਕਿਉਂਕਿ ਹਮਲਵਾਰ ਉਸ ਦੀ ਖੇਡ ਤੋਂ ਸਾੜਾ ਕਰਦੇ ਸਨ, ਇਸ ਲਈ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

ਉਨ੍ਹਾਂ ਦੱਸਿਆ ਕਿ ਦਿਲੀ ਵਿਚ ਲੌਕਡਾਊਨ ਲੱਗਣ ਦੇ ਕਾਰਨ ਸਾਗਰ ਸਟੇਡੀਅਮ ਤੋਂ ਬਾਹਰ ਕਮਰਾ ਲੈ ਕੇ ਪਿੱਠ ਵਿਚ ਲੱਗੀ ਸੱਟ ਦਾ ਇਲਾਜ ਹਸਪਤਾਲ ਤੋਂ ਕਰਵਾ ਰਿਹਾ ਸੀ ਅਤੇ ਅਚਾਨਕ ਇਹ ਘਟਨਾ ਵਾਪਰ ਗਈ ਜਿਸ ਨੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ ਹੈ।

ਕੌਣ ਹਨ ਸੁਸ਼ੀਲ ਕੁਮਾਰ

ਦਿੱਲੀ ਦੇ ਰਹਿਣ ਵਾਲੇ ਸੁਸ਼ੀਲ ਕੁਮਾਰ ਨੇ ਲਗਾਤਾਰ ਦੋ ਉਲੰਪਿਕ ਵਿਚ ਤਮਗ਼ਾ ਜਿੱਤ ਕੇ ਭਾਰਤੀ ਕੁਸ਼ਤੀ ਦੇ ਇਤਿਹਾਸ ਵਿਚ ਇੱਕ ਨਵਾਂ ਮੁਕਾਮ ਸਿਰਜ ਦਿੱਤਾ ਸੀ।

ਭਾਰਤੀ ਕੁਸ਼ਤੀ ਦੇ ਖੇਤਰ ਵਿਚ 2008 ਦੀਆਂ ਬੀਜਿੰਗ ਉਲੰਪਿਕ ਵਿਚ ਸੁਸ਼ੀਲ ਕੁਮਾਰ ਨੇ 66 ਕਿਲੋਗ੍ਰਾਮ ਵਿਚ ਕਾਂਸੇ ਦਾ ਤਮਗ਼ਾ ਜਿੱਤ ਕੇ 56 ਸਾਲ ਦਾ ਇੰਤਜ਼ਾਰ ਖ਼ਤਮ ਕੀਤਾ ਸੀ।

ਇਸ ਤੋਂ ਬਾਅਦ ਸੁਸ਼ੀਲ ਕੁਮਾਰ ਨੇ 2012 ਦੀਆਂ ਲੰਦਨ ਉਲੰਪਿਕ ਵਿਚ ਫਿਰ ਤੋਂ ਸਿਲਵਰ ਮੈਡਲ ਜਿੱਤ ਕੇ ਭਾਰਤੀ ਕੁਸ਼ਤੀ ਨੂੰ ਦੁਨੀਆ ਪੱਧਰ ਉੱਤੇ ਪਹੁੰਚ ਦਿੱਤਾ।

ਬਾਅਦ ਵਿਚ ਸੁਸ਼ੀਲ ਦੀ ਕਾਮਯਾਬੀ ਹੋਰਨਾਂ ਖਿਡਾਰੀਆਂ ਲਈ ਪ੍ਰੇਰਨਾ ਸਰੋਤ ਬਣੀ। ਖ਼ਾਸ ਤੌਰ ਉੱਤੇ ਪਹਿਲਵਾਨ ਯੋਗੇਸ਼ਵਰ ਦੱਤ, ਗੀਤਾ ਅਤੇ ਬਬੀਤਾ ਫੋਗਟ, ਬਜਰੰਗ ਪੂਨੀਆ, ਰਵੀ ਪੂਨੀਆ ਅਤੇ ਹੋਰ ਪਹਿਲਵਾਨ ਸੁਸ਼ੀਲ ਦੇ ਨਕਸ਼ੇ ਕਦਮਾਂ ਉੱਤੇ ਚੱਲ ਕੇ ਕੁਸ਼ਤੀ ਨੂੰ ਕੌਮਾਂਤਰੀ ਪੱਧਰ ਉੱਤੇ ਹੋਰ ਅੱਗੇ ਲੈ ਕੇ ਅੱਗੇ ਗਏ।

ਇਹ ਵੀ ਪੜ੍ਹੋ

ਸੁਸ਼ੀਲ ਦੀ ਚਰਚਾ ਨਾ ਸਿਰਫ਼ ਖੇਡ ਦੇ ਮੈਦਾਨ ਉੱਤੇ ਹੋਈ ਬਲਕਿ ਉਹ ਟੀਵੀ ਸਟਾਰ ਵੀ ਬਣ ਗਿਆ ਕਿ ਐਡ ਕੰਪਨੀਆਂ ਨੇ ਆਪਣੇ ਸਮਾਨ ਦੀ ਸੁਸ਼ੀਲ ਤੋਂ ਮਸ਼ਹੂਰੀ ਕਰਵਾਈ।

ਛਤਰਸ਼ਾਲ ਸਟੇਡੀਅਮ ਦੀ ਇਹ ਘਟਨਾ ਉਸ ਸਮੇਂ ਵਾਪਰੀ ਹੈ ਜਦੋਂ ਭਾਰਤੀ ਕੁਸ਼ਤੀ ਟੋਕੀਓ ਉਲੰਪਿਕ ਵਿਚ ਸਭ ਤੋਂ ਜ਼ਿਆਦਾ ਪਹਿਲਵਾਨਾਂ ਨੂੰ ਐਂਟਰੀ ਮਿਲਣ ਉੱਤੇ ਖ਼ੁਸ਼ੀ ਮਨਾ ਰਹੀ ਸੀ। ਇਸ ਵਾਰ ਕੁਸ਼ਤੀ ਦੇ ਖੇਤਰ ਵਿਚ ਭਾਰਤ ਦੇ 8 ਪਹਿਲਵਾਨਾਂ ਨੂੰ ਦਾਖਲਾ ਮਿਲਿਆ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਘਟਨਾ ਤੋਂ ਕੁਸ਼ਤੀ ਸੰਘ ਵੀ ਦੁਖੀ

ਰੇਸਲਿੰਗ ਫੈਡਰੇਸ਼ਨ ਆਫ਼ ਇੰਡੀਆ ਵੀ ਇਸ ਘਟਨਾ ਤੋਂ ਦੁਖੀ ਹੈ। ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਫੈਡਰੇਸ਼ਨ ਦੇ ਉਪ ਪ੍ਰਧਾਨ ਦਰਸ਼ਨ ਲਾਲ ਨੇ ਆਖਿਆ ਕਿ ਇਸ ਘਟਨਾ ਕਾਰਨ ਖੇਡ ਜਗਤ ਖ਼ਾਸ ਤੌਰ ਉੱਤੇ ਕੁਸ਼ਤੀ ਨਾਲ ਜੁੜੇ ਲੋਕ ਦੁਖੀ ਹਨ।

ਦਰਸ਼ਨ ਲਾਲ ਨੇ ਦੱਸਿਆ ਕਿ ਇਸ ਘਟਨਾ ਦੀ ਸੱਚਾਈ ਕੀ ਹੈ ਫ਼ਿਲਹਾਲ ਇਸ ਬਾਰੇ ਪਤਾ ਨਹੀਂ ਹੈ ਪਰ ਜੋ ਵੀ ਹੋਇਆ ਇਹ ਠੀਕ ਨਹੀਂ ਹੈ।

ਉਨ੍ਹਾਂ ਆਖਿਆ ਕਿ ਘਟਨਾ ਵਿਚ ਸੁਸ਼ੀਲ ਸ਼ਾਮਲ ਹੈ ਜਾਂ ਨਹੀਂ ਇਹ ਜਾਂਚ ਦਾ ਵਿਸ਼ਾ ਹੈ ਪਰ ਇੱਕ ਗੱਲ ਸਪਸ਼ਟ ਹੈ ਕਿ ਇਸ ਨਾਲ ਭਾਰਤੀ ਵਿਚ ਕੁਸ਼ਤੀ ਬਦਨਾਮ ਜ਼ਰੂਰ ਹੋਈ ਹੈ।

ਉਨ੍ਹਾਂ ਆਖਿਆ ਕਿ ਕੁਸ਼ਤੀ ਬਹੁਤ ਹੀ ਪਵਿੱਤਰ ਖੇਡ ਹੈ ਪਰ ਜਿਸ ਤਰੀਕੇ ਨਾਲ ਇਸ ਖੇਡ ਵਿਚ ਗਲੈਮਰ ਅਤੇ ਪੈਸਾ ਆਇਆ ਉਸ ਨੇ ਖੇਡ ਨੂੰ ਤਾਂ ਅਮੀਰ ਬਣਾਇਆ ਹੈ ਪਰ ਇਸ ਦਾ ਮਾੜਾ ਪ੍ਰਭਾਵ ਬਹੁਤ ਘੱਟ ਲੋਕਾਂ ਨੂੰ ਦਿਸਦਾ ਹੈ ਅਤੇ ਇਹ ਘਟਨਾ ਮਾੜੇ ਪ੍ਰਭਾਵ ਦੀ ਹੀ ਨਿਸ਼ਾਨੀ ਹੈ।

ਉਨ੍ਹਾਂ ਦੱਸਿਆ ਕਿ ਪਹਿਲਵਾਨਾਂ ਦੀ ਆਪਸੀ ਲੜਾਈ ਦੀਆਂ ਬਹੁਤ ਘੱਟ ਘਟਨਾਵਾਂ ਹੁੰਦੀਆਂ ਹਨ, ਥੋੜ੍ਹੀ ਬਹੁਤ ਨੋਕ ਝੋਕ ਚਲਦੀ ਹੈ ਪਰ ਅਜਿਹੀ ਘਟਨਾ ਬਹੁਤ ਘੱਟ ਦੇਖਣ ਅਤੇ ਸੁਣਨ ਨੂੰ ਮਿਲਦੀ ਹੈ। ਇਸ ਕਰ ਕੇ ਕੁਸ਼ਤੀ ਜਗਤ ਇਸ ਸਮੇਂ ਦੁਖੀ ਹੈ।

ਦਰਸ਼ਨ ਲਾਲ ਨੇ ਕਿਹਾ, "ਸੁਸ਼ੀਲ ਕੁਮਾਰ ਨੂੰ ਉਹ ਬਹੁਤ ਪੁਰਾਣੇ ਜਾਣਦੇ ਹਨ ਅਤੇ ਕਈ ਵਾਰ ਮੁਲਾਕਾਤ ਵੀ ਹੋਈ ਹੈ ਉਸ ਦੇ ਸੁਭਾਅ ਵਿਚ ਮੈ ਕਦੇ ਕੋਈ ਫ਼ਰਕ ਨਹੀਂ ਦੇਖਿਆ ਰੱਬ ਜਾਣੇ ਕੀ ਹੋਇਆ ਕਿ ਇਹ ਗੱਲ ਇੱਥੇ ਤੱਕ ਪਹੁੰਚ ਗਈ।”

ਉਨ੍ਹਾਂ ਦੱਸਿਆ ਕਿ ਸੁਸ਼ੀਲ ਦਾ ਉਲੰਪਿਕ ਵਿਚ ਮੈਡਲ ਆਉਣ ਤੋਂ ਬਾਅਦ ਕੁਸ਼ਤੀ ਨੂੰ ਭਾਰਤ ਵਿਚ ਸਨਮਾਨ ਨਾਲ ਦੇਖਿਆ ਜਾਣ ਲੱਗਾ ਕਿਉਂਕਿ ਉਸ ਤੋਂ ਪਹਿਲਾਂ ਲੋਕ ਸੋਚਦੇ ਸਨ ਕਿ ਇਹ ਕਿਹੜਾ ਮੈਡਲ ਜਿੱਤਦੇ ਹਨ।

“ਉਸ ਦੇ ਚੈਂਪੀਅਨ ਬਣਨ ਨਾਲ ਕੁਸ਼ਤੀ ਵਿਚ ਪੈਸਾ ਵੀ ਆਇਆ ਅਤੇ ਬਹੁਤ ਸਾਰੇ ਖਿਡਾਰੀਆਂ ਨੇ ਉਸ ਤੋਂ ਪ੍ਰੇਰਿਤ ਹੋ ਕੇ ਦੇਸ਼ ਦੀ ਝੋਲੀ ਵਿਚ ਮੈਡਲ ਜਿੱਤੇ।”

ਇਹ ਵੀ ਪੜ੍ਹੋ:

https://www.youtube.com/watch?v=FaHBGgcIZsY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''84ca2516-5369-4c58-a5e5-d6b434da77b8'',''assetType'': ''STY'',''pageCounter'': ''punjabi.india.story.57073098.page'',''title'': ''ਕੌਣ ਸੀ ਸਾਗਰ ਰਾਣਾ ਜਿਸ ਦੇ ਕਤਲ ਕੇਸ ਵਿੱਚ ਪਹਿਲਵਾਨ ਸੁਸ਼ੀਲ ਕੁਮਾਰ ਮੁਲਜ਼ਮ ਹੈ'',''author'': ''ਸਰਬਜੀਤ ਸਿੰਘ ਧਾਲੀਵਾਲ'',''published'': ''2021-05-11T14:38:43Z'',''updated'': ''2021-05-11T14:38:43Z''});s_bbcws(''track'',''pageView'');

Related News