ਮੰਟੋ ਜਿਸ ਨੇ ਕਿਹਾ ਮੇਰੇ ਅਫ਼ਸਾਨੇ ਨਹੀਂ, ਜ਼ਮਾਨਾ ਨਾਕਾਬਿਲੇ ਬਰਦਾਸ਼ਤ ਹੈ

Monday, May 10, 2021 - 06:06 PM (IST)

ਮੰਟੋ ਜਿਸ ਨੇ ਕਿਹਾ ਮੇਰੇ ਅਫ਼ਸਾਨੇ ਨਹੀਂ, ਜ਼ਮਾਨਾ ਨਾਕਾਬਿਲੇ ਬਰਦਾਸ਼ਤ ਹੈ
ਮੰਟੋ
BBC

ਉਰਦੂ ਦੀਆਂ ਬਹੁਤ ਸਾਰੀਆਂ ਕਿਤਾਬਾਂ ਅਜਿਹੀਆਂ ਹਨ ਜਿਨ੍ਹਾਂ ''ਤੇ ਵੱਖ-ਵੱਖ ਇਲਜ਼ਾਮਾਂ ਤਹਿਤ ਮੁਕੱਦਮੇ ਚੱਲੇ। ਉਹ ਕਿਤਾਬਾਂ ਜ਼ਬਤ ਹੋਈਆਂ ਅਤੇ ਕੁਝ ਲੇਖਕਾਂ ਨੂੰ ਕੈਦ ਜਾਂ ਜੁਰਮਾਨਾ ਭਰਨ ਵਰਗੀਆਂ ਮੁਸ਼ਕਿਲਾਂ ਵੀ ਝੱਲਣੀਆਂ ਪਈਆਂ।

ਇਨ੍ਹਾਂ ਕਿਤਾਬਾਂ ਵਿੱਚ ਡਿਪਟੀ ਨਜ਼ੀਰ ਅਹਿਮਦ ਦੀ ''ਉਮਹਾਤ-ਉਲ-ਉੰਮਾ'', ਮੁਨਸ਼ੀ ਪ੍ਰੇਮਚੰਦ ਦੀ ''ਸੋਜ਼-ਏ-ਵਤਨ'' ਅਤੇ ਪ੍ਰਗਤੀਸ਼ੀਲ ਕਥਾ ਲੇਖਕਾਂ ਦਾ ਸੰਗ੍ਰਹਿ ''ਅੰਗਾਰੇ'' ਸਭ ਤੋਂ ਉੱਪਰ ਹੈ।

ਪਰ ਸਆਦਤ ਹਸਨ ਮੰਟੋ ਇਨ੍ਹਾਂ ਸਾਰੇ ਲੇਖਕਾਂ ਤੋਂ ਵੀ ਅੱਗੇ ਨਿਕਲ ਗਏ।

ਇਹ ਵੀ ਪੜ੍ਹੋ

ਪਾਕਿਸਤਨ ਦੇ ਗਠਨ ਤੋਂ ਪਹਿਲਾਂ ਮੰਟੋ ਦੀਆਂ ਤਿੰਨ ਕਹਾਣੀਆਂ ''ਕਾਲੀ ਸਲਵਾਰ'', ''ਧੂੰਆਂ'' ਅਤੇ ''ਬੂ'' ''ਤੇ ਅਸ਼ਲੀਲਤਾ ਦੇ ਇਲਜ਼ਾਮ ਵਿੱਚ ਮੁਕੱਦਮੇ ਚੱਲੇ। ਇਨ੍ਹਾਂ ਮੁਕੱਦਮਿਆਂ ਵਿੱਚ ਸਜ਼ਾਵਾਂ ਵੀ ਹੋਈਆਂ, ਪਰ ਹਰ ਵਾਰ ਅਪੀਲ ਕਰਨ ''ਤੇ ਅਦਾਲਤ ਨੇ ਮੰਟੋ ਅਤੇ ਉਨ੍ਹਾਂ ਦੀਆਂ ਕਹਾਣੀਆਂ ਨੂੰ ਅਸ਼ਲੀਲਤਾ ਦੇ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ।

ਪਾਕਿਸਤਾਨ ਦੇ ਬਣਨ ਦੇ ਬਾਅਦ ਸਆਦਤ ਹਸਨ ਮੰਟੋ ਨੇ ਜੋ ਪਹਿਲੀ ਕਹਾਣੀ ਲਿਖੀ ਉਸ ਦਾ ਨਾਂ ''ਠੰਢਾ ਗੋਸ਼ਤ'' ਸੀ। ਇਹ ਨਾ ਸਿਰਫ਼ ਪਾਕਿਸਤਾਨ ਦੀ ਸਥਾਪਨਾ ਦੇ ਬਾਅਦ ਲਿਖੀ ਗਈ ਉਨ੍ਹਾਂ ਦੀ ਪਹਿਲੀ ਕਹਾਣੀ ਸੀ, ਬਲਕਿ ਆਪਦੀ ਵਿਸ਼ੇਸ਼ ਪ੍ਰਕਿਰਤੀ ਦੇ ਸੰਦਰਭ ਵਿੱਚ ਵੀ ਇਸ ਦਾ ਬਹੁਤ ਮਹੱਤਵ ਹੈ।

ਮੰਟੋ
BBC

ਮੰਟੋ ਦੀ ਇਹ ਮਸ਼ਹੂਰ ਕਹਾਣੀ ਲਾਹੌਰ ਦੇ ਅਦਬੀ ਮਹਾਨਾਮਾ (ਸਾਹਿਤਕ ਮਾਸਿਕ) ''ਜਾਵੇਦ'' ਵਿੱਚ ਮਾਰਚ 1949 ਦੇ ਸੰਸਕਰਣ ਵਿੱਚ ਪ੍ਰਕਾਸ਼ਿਤ ਹੋਈ ਸੀ।

ਦੈਨਿਕ ''ਇਨਕਲਾਬ'' ਵਿੱਚ ਪ੍ਰਕਾਸ਼ਿਤ ਹੋਣ ਵਾਲੀ ਇੱਕ ਖ਼ਬਰ ਅਨੁਸਾਰ, 30 ਮਾਰਚ ਨੂੰ ਪੱਤ੍ਰਿਕਾ ਦੇ ਦਫ਼ਤਰ ''ਤੇ ਛਾਪਾ ਮਾਰਿਆ ਗਿਆ ਅਤੇ ਪੱਤ੍ਰਿਕਾ ਦੀਆਂ ਸਾਰੀਆਂ ਕਾਪੀਆਂ ਨੂੰ ਜ਼ਬਤ ਕਰ ਲਿਆ ਗਿਆ।

ਖ਼ਬਰ ਵਿੱਚ ਦੱਸਿਆ ਗਿਆ ਹੈ ਕਿ ਛਾਪਾ ਮਾਰਨ ਦਾ ਕਾਰਨ ''ਠੰਢਾ ਗੋਸ਼ਤ'' ਦਾ ਪ੍ਰਕਾਸ਼ਨ ਸੀ। ਇਸ ਖ਼ਬਰ ਵਿੱਚ ਇਸ ਗੱਲ ''ਤੇ ਵੀ ਹੈਰਾਨੀ ਪ੍ਰਗਟ ਕੀਤੀ ਗਈ ਸੀ ਕਿ ਇਹ ਪੱਤ੍ਰਿਕਾ ਇੰਕ ਦਿਨ ਪਹਿਲਾਂ ਹੀ ਮਾਰਕੀਟ ਵਿੱਚ ਆਈ ਸੀ।

7 ਮਈ, 1949 ਨੂੰ ਪੰਜਾਬ ਸਰਕਾਰ ਦੀ ਪ੍ਰੈੱਸ ਬਰਾਂਚ ਨੇ ਸਆਦਤ ਹਸਨ ਮੰਟੋ ਦੇ ਇਲਾਵਾ ''ਜਾਵੇਦ'' ਦੇ ਸੰਪਾਦਕ ਆਰਿਫ ਅਬਦੁੱਲ ਮਤੀਨ ਅਤੇ ਪ੍ਰਕਾਸ਼ਕ ਨਸੀਰ ਅਨਵਰ ਦੇ ਖਿਲਾਫ਼ ''ਠੰਢਾ ਗੋਸ਼ਤ'' ਪ੍ਰਕਾਸ਼ਿਤ ਕਰਨ ਕਾਰਨ ਮੁਕੱਦਮਾ ਦਰਜ ਕਰਾ ਦਿੱਤਾ।

ਮੰਟੋ ਨੇ ''ਠੰਢਾ ਗੋਸ਼ਤ'' ''ਤੇ ਚੱਲਣ ਵਾਲੇ ਮੁਕੱਦਮੇ ਦਾ ਪੂਰਾ ਵਿਵਰਣ ਇਸੀ ਨਾਂ (ਠੰਢਾ ਗੋਸ਼ਤ ਦੇ ਨਾਂ) ਨਾਲ ਛਪਣ ਵਾਲੇ ਕਹਾਣੀ ਸੰਗ੍ਰਹਿ ਦੀ ਪ੍ਰਸਤਾਵਨਾ ਵਿੱਚ ''ਜ਼ਹਿਮਤ ਮੇਹਰ ਦਰਖ਼ਸ਼ਾਂ'' ਦੇ ਨਾਂ ਨਾਲ ਲਿਖਿਆ ਹੈ।

ਮੰਟੋ ਲਿਖਦੇ ਹਨ ਕਿ ''ਜਦੋਂ ਮੈਂ ਭਾਰਤ ਦੀ ਨਾਗਰਿਕਤਾ ਛੱਡ ਕੇ ਜਨਵਰੀ 1948 ਵਿੱਚ ਲਾਹੌਰ ਆਇਆ ਤਾਂ ਮੇਰੀ ਮਾਨਸਿਕ ਸਥਿਤੀ ਤਿੰਨ ਮਹੀਨੇ ਤੱਕ ਅਜੀਬ ਰਹੀ। ਮੈਨੂੰ ਸਮਝ ਵਿੱਚ ਨਹੀਂ ਆਉਂਦਾ ਸੀ ਕਿ ਮੈਂ ਕਿੱਥੇ ਹਾਂ ਭਾਰਤ ਵਿੱਚ ਹਾਂ ਜਾਂ ਪਾਕਿਸਤਾਨ ਵਿੱਚ। ਬਾਰ-ਬਾਰ ਦਿਮਾਗ਼ ਵਿੱਚ ਉਲਝਣ ਪੈਦਾ ਕਰਨ ਵਾਲਾ ਸਵਾਲ ਗੂੰਜਦਾ, ਕੀ ਪਾਕਿਸਤਾਨ ਦਾ ਸਾਹਿਤ ਅਲੱਗ ਹੋਵੇਗਾ? ਜੇਕਰ ਹੋਵੇਗਾ, ਤਾਂ ਕਿਵੇਂ ਹੋਵੇਗਾ?

ਉਹ ਲਿਖਦੇ ਹਨ ਕਿ ''ਉਹ ਸਭ ਕੁਝ ਜੋ ਅਣਵੰਡੇ ਭਾਰਤ ਵਿੱਚ ਲਿਖਿਆ ਗਿਆ ਹੈ। ਉਸ ਦਾ ਮਾਲਕ ਕੌਣ ਹੈ? ਕੀ ਇਸ ਦੀ ਵੀ ਵੰਡ ਕੀਤਾ ਜਾਵੇਗੀ? ਕੀ ਭਾਰਤੀਆਂ ਅਤੇ ਪਾਕਿਤਸਾਨੀਆਂ ਦੀਆਂ ਬੁਨਿਆਦੀ ਸਮੱਸਿਆਵਾਂ ਇੱਕੋ ਜਿਹੀਆਂ ਨਹੀਂ ਹਨ? ਕੀ ਸਾਡਾ ਦੇਸ਼ ਧਾਰਮਿਕ ਦੇਸ਼ ਹੈ? ਦੇਸ਼ ਦੇ ਤਾਂ ਅਸੀਂ ਹਰ ਹਾਲ ਵਿੱਚ ਵਫ਼ਾਦਾਰ ਰਹਾਂਗੇ, ਪਰ ਕੀ ਸਾਨੂੰ ਸਰਕਾਰ ਦੀ ਆਲੋਚਨਾ ਕਰਨ ਦੀ ਇਜਾਜ਼ਤ ਹੋਵੇਗੀ? ਕੀ ਆਜ਼ਾਦੀ ਦੇ ਬਾਅਦ ਇੱਥੋਂ ਦੇ ਹਾਲਤ ਗੋਰਿਆਂ ਦੀ ਸਰਕਾਰ ਦੇ ਹਾਲਾਤ ਤੋਂ ਅਲੱਗ ਹੋਣਗੇ?''''

ਮੰਟੋ
BBC

ਭਾਰਤ ਵੰਡ ਦੇ ਬਾਅਦ ਮਨ ਵਿੱਚ ਉੱਠੇ ਸਵਾਲ

ਉਸ ਦੇ ਬਾਅਦ ਮੰਟੋ ਫੈਜ਼, ਚਿਰਾਗ਼ ਹਸਨ ਹਸਰਤ, ਅਹਿਮਦ ਨਦੀਮ ਕਾਸਮੀ ਅਤੇ ਸਾਹਿਰ ਲੁਧਿਆਣਵੀ ਨੂੰ ਮਿਲੇ, ਪਰ ਕੋਈ ਵੀ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਨਹੀਂ ਦੇ ਸਕਿਆ।

ਉਨ੍ਹਾਂ ਨੇ ਹਲਕੇ-ਫੁਲਕੇ ਲੇਖ ਲਿਖਣੇ ਸ਼ੁਰੂ ਕੀਤੇ ਜੋ ''ਇਮਰੋਜ਼'' ਵਿੱਚ ਪ੍ਰਕਾਸ਼ਿਤ ਹੋਏ ਸਨ। ਲੇਖਾਂ ਦਾ ਇਹ ਸੰਗ੍ਰਹਿ ਬਾਅਦ ਵਿੱਚ ''ਤਲਖ਼, ਤਰੁਸ਼ ਅਤੇ ਸ਼ੀਰੀਂ'' ਸਿਰਲੇਖ ਨਾਲ ਪ੍ਰਕਾਸ਼ਿਤ ਹੋਇਆ।

ਉਸੀ ਸਮੇਂ ਵਿੱਚ ਅਹਿਮਦ ਨਦੀਮ ਕਾਸਨੀ ਨੇ ਲਾਹੌਰ ਤੋਂ ''ਨੁਕੂਸ਼'' ਦਾ ਪ੍ਰਕਾਸ਼ਨ ਸ਼ੁਰੂ ਕੀਤਾ। ਕਾਸਮੀ ਜੀ ਦੇ ਕਹਿਣ ''ਤੇ ਮੰਟੋ ਨੇ ਪਾਕਿਸਤਾਨ ਵਿੱਚ ਆਪਣੀ ਪਹਿਲੀ ਕਹਾਣੀ ''ਠੰਢਾ ਗੋਸ਼ਤ'' ਲਿਖੀ।

ਮੰਟੋ ਲਿਖਦੇ ਹਨ ਕਿ ਕਾਸਮੀ ਸਾਹਿਬ ਨੇ ਇਹ ਕਹਾਣੀ ਮੇਰੇ ਸਾਹਮਣੇ ਪੜ੍ਹੀ। ਕਹਾਣੀ ਖਤਮ ਕਰਨ ਦੇ ਬਾਅਦ ਉਨ੍ਹਾਂ ਨੇ ਮੈਨੂੰ ਮੁਆਫ਼ੀ ਭਰੇ ਲਹਿਜੇ ਵਿੱਚ ਕਿਹਾ, ''''ਮੰਟੋ ਸਾਹਿਬ, ਮੁਆਫ਼ ਕਰਨਾ ਕਹਾਣੀ ਬਹੁਤ ਚੰਗੀ ਹੈ, ਪਰ ''ਨੁਕੂਸ਼'' ਲਈ ਬਹੁਤ ਗਰਮ ਹੈ।''''

ਕੁਝ ਦਿਨਾਂ ਦੇ ਬਾਅਦ ਕਾਸਮੀ ਦੇ ਕਹਿਣ ''ਤੇ ਮੰਟੋ ਨੇ ਇੱਕ ਹੋਰ ਕਹਾਣੀ ਲਿਖੀ, ਜਿਸ ਦਾ ਸਿਰਲੇਖ ਸੀ ''ਖੋਲ੍ਹ ਦਿਓ''।

ਇਹ ਕਹਾਣੀ ''ਨੁਕੂਸ਼'' ਵਿੱਚ ਪ੍ਰਕਾਸ਼ਿਤ ਹੋਈ ਸੀ, ਪਰ ਸਰਕਾਰ ਨੇ ਛੇ ਮਹੀਨੇ ਲਈ ''ਨੁਕੂਸ਼'' ਦਾ ਪ੍ਰਕਾਸ਼ਨ ਬੰਦ ਕਰ ਦਿੱਤਾ। ਅਖ਼ਬਾਰਾਂ ਵਿੱਚ ਸਰਕਾਰ ਦੇ ਇਸ ਕਦਮ ਦਾ ਵਿਰੋਧ ਹੋਇਆ, ਪਰ ਸਰਕਾਰੀ ਆਦੇਸ਼ ਨਹੀਂ ਬਦਲਿਆ ਗਿਆ।

ਜਗਦੀਸ਼ ਚੰਦਰ ਵਾਧਵਨ ਨੇ ਆਪਣੀ ਪੁਸਤਕ ''ਮੰਟੋ ਨਾਮਾ'' ਵਿੱਚ ਲਿਖਿਆ ਹੈ ਕਿ ਅਹਿਮਦ ਨਦੀਮ ਕਾਸਮੀ ਦੇ ਮਨ੍ਹਾ ਕਰਨ ਦੇ ਬਾਅਦ ਮੰਟੋ ਨੇ ''ਠੰਢਾ ਗੋਸ਼ਤ'' ''ਅਦਬ ਲਤੀਫ਼'' ਦੇ ਸੰਪਾਦਕ ਚੌਧਰੀ ਬਰਕਤ ਅਲੀ ਨੂੰ ਦੇ ਦਿੱਤੀ, ਪਰ ਪ੍ਰੈੱਸ ਦੇ ਮਨ੍ਹਾ ਕਰਨ ਦੇ ਕਾਰਨ ਇਹ ਕਹਾਣੀ ਉਸ ਪੱਤ੍ਰਿਕਾ ਵਿੱਚ ਪ੍ਰਕਾਸ਼ਿਤ ਨਹੀਂ ਹੋ ਸਕੀ।

ਇਸ ਦੇ ਬਾਅਦ ਮੰਟੋ ਨੇ ਇਹ ਕਹਾਣੀ ''ਮੁਮਤਾਜ ਸ਼ੀਰੀਂ'' ਨੂੰ ਭੇਜੀ, ਪਰ ਉਨ੍ਹਾਂ ਨੇ ਵੀ ਇਸ ਨੂੰ ਪਸੰਦ ਕਰਨ ਦੇ ਬਾਵਜੂਦ ਪ੍ਰਕਾਸ਼ਿਤ ਕਰਨ ਤੋਂ ਮਨ੍ਹਾ ਕਰ ਦਿੱਤਾ।

''ਮੁਮਤਾਜ ਸ਼ੀਰੀਂ'' ਦੇ ਬਾਅਦ ਆਰਿਫ਼ ਅਬਦੁਲ ਮਤੀਨ ਨੇ ਮੰਟੋ ਨਾਲ ਜ਼ਿੱਦ ਕਰਕੇ ''ਠੰਢਾ ਗੋਸ਼ਤ'' ਨੂੰ ਆਪਣੀ ਪੱਤ੍ਰਿਕਾ ''ਜਾਵੇਦ'' ਲਈ ਮੰਗਿਆ। ਉਸ ਸਮੇਂ ਇਹ ਕਹਾਣੀ ''ਸਵੇਰਾ'' ਦੇ ਮਾਲਕ ਚੌਧਰੀ ਨਜ਼ੀਰ ਅਹਿਮਦ ਦੇ ਕੋਲ ਸੀ।

ਇਸ ਲਈ ਮੰਟੋ ਨੇ ਉਨ੍ਹਾਂ ਦੇ ਨਾਂ ਇੱਕ ਰੁੱਕਾ (ਪੱਤਰ) ਲਿਖ ਦਿੱਤਾ, ''''ਇਹ ''ਜਾਵੇਦ'' ਵਾਲੇ ਆਪਣੀ ਪੱਤ੍ਰਿਕਾ ਜ਼ਬਤ ਕਰਾਉਣਾ ਚਾਹੁੰਦੇ ਹਨ। ਕਿਰਪਾ ਕਰਕੇ ਉਨ੍ਹਾਂ ਨੂੰ ''ਠੰਢਾ ਗੋਸ਼ਤ'' ਦਾ ਮਸੌਦਾ ਦੇ ਦਿਓ।''''

ਆਰਿਫ਼ ਅਬਦੁਲ ਮਤੀਨ ਨੇ ਇਹ ਕਹਾਣੀ ਲੈ ਲਈ ਅਤੇ ਇਸ ਨੂੰ ਆਪਣੀ ਸਾਹਿਤਕ ਪੱਤ੍ਰਿਕਾ ''ਜਾਵੇਦ'' ਦੇ ਮਾਰਚ 1949 ਦੇ ਸੰਸਕਰਣ ਵਿੱਚ ਪ੍ਰਕਾਸ਼ਿਤ ਕਰ ਦਿੱਤਾ।

ਮੰਟੋ ਨੇ ਲਿਖਿਆ ਹੈ ਕਿ ਇੱਕ ਮਹੀਨੇ ਬਾਅਦ ''ਜਾਵੇਦ'' ਦੇ ਉੱਥੇ ਛਾਪਾ ਪਿਆ, ਜਦੋਂ ਕਿ ''ਇਨਕਲਾਬ'' ਵਿੱਚ ਛਪੀ ਖ਼ਬਰ ਮੁਤਾਬਿਕ ਇਹ ਛਾਪਾ ''ਜਾਵੇਦ'' ਦੇ ਪ੍ਰਕਾਸ਼ਨ ਦੇ ਅਗਲੇ ਹੀ ਦਿਨ ਪੈ ਗਿਆ।

ਮੰਟੋ ਦਾ ਬਿਆਨ ਜ਼ਿਆਦਾ ਸਹੀ ਲੱਗਦਾ ਹੈ ਕਿਉਂਕਿ ਉਸ ਸਮੇਂ ਤੱਕ ''ਜਾਵੇਦ'' ਦਾ ਅੰਕ ਲਾਹੌਰ ਅਤੇ ਲਾਹੌਰ ਦੇ ਬਾਹਰ ਵੰਡਿਆ ਜਾ ਚੁੱਕਿਆ ਸੀ। ''ਜਾਵੇਦ'' ਦੇ ਦਫ਼ਤਰ ''ਤੇ ਪ੍ਰੈੱਸ ਬਰਾਂਚ ਦੇ ਇੰਚਾਰਜ ਚੌਧਰੀ ਮੁਹੰਮਦ ਹੁਸੈਨ ਦੇ ਇਸ਼ਾਰੇ ''ਤੇ ਇਹ ਛਾਪਾ ਮਾਰਿਆ ਗਿਆ ਸੀ।

ਮੰਟੋ ਲਿਖਦੇ ਹਨ ਕਿ ''ਹਾਲਾਂਕਿ ਬੁਢਾਪੇ ਦੇ ਕਾਰਨ ਚੌਧਰੀ ਮੁਹੰਮਦ ਹੁਸੈਨ ਦੇ ਹੱਥ ਕਮਜ਼ੋਰ ਹੋ ਚੁੱਕੇ ਸਨ, ਪਰ ਉਨ੍ਹਾਂ ਨੇ ਇੱਕ ਜ਼ੋਰ ਦਾ ਝਟਕਾ ਦਿੱਤਾ ਅਤੇ ਪੁਲਿਸ ਦੀ ਮਸ਼ੀਨਰੀ ਹਰਕਤ ਵਿੱਚ ਆ ਗਈ।''''

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

''ਠੰਢਾ ਗੋਸ਼ਤ'' ਮੰਟੋ ਲਈ ਬਹੁਤ ਗਰਮ ਕਹਾਣੀ ਸਾਬਤ ਹੋਈ। ਇਸ ਨੇ ਮੰਟੋ ਵਰਗੇ ਸਖ਼ਤ ਇਨਸਾਨ ਦਾ ਵੀ ਸਾਰਾ ਜ਼ੋਰ ਕੱਢ ਕੇ ਰੱਖ ਦਿੱਤਾ।

ਮਾਮਲਾ ਪ੍ਰੈੱਸ ਅਡਵਾਇਜ਼ਰੀ ਬੋਰਡ ਦੇ ਸਾਹਮਣੇ ਪੇਸ਼ ਹੋਇਆ ਜਿਸ ਦੇ ਕਨਵੀਨਰ ਪਾਕਿਸਤਾਨ ਟਾਈਮਜ਼ ਦੇ ਸੰਪਾਦਕ ਫੈਜ਼ ਅਹਿਮਦ ਫੈਜ਼ ਸਨ ਅਤੇ ਬੋਰਡ ਵਿੱਚ ਸਿਵਿਲ ਐਂਡ ਮਿਲਟਰੀ ਗਜਟ ਦੇ ਐੱਫਡਬਲਯੂ ਬੋਸਟਨ, ਜ਼ਿਮੀਂਦਾਰ ਦੇ ਮੌਲਾਨਾ ਅਖ਼ਤਰ ਅਲੀ ਨਵਾ-ਏ-ਵਕਤ ਦੇ ਹਮੀਦ ਨਿਜ਼ਾਮੀ, ਸਫੀਨਾ ਦੇ ਵਕਾਰ ਅੰਬਾਲਵੀ ਅਤੇ ਜਦੀਦ ਨਿਜ਼ਾਮ ਦੇ ਅਮੀਨੁਦੀਨ ਸਹਿਰਾਈ ਸ਼ਾਮਲ ਸਨ।

ਚੌਧਰੀ ਮੁਹੰਮਦ ਹੁਸੈਨ ਨੇ ਬੋਰਡ ਦੇ ਅੱਗੇ ਪੱਤ੍ਰਿਕਾ ਦੇ ਹੋਰ ਵਿਦਰੋਹੀ ਅਤੇ ਭੜਕਾਊ ਲੇਖ ਪੇਸ਼ ਕੀਤੇ, ਪਰ ਬੋਰਡ ਨੇ ਇਨ੍ਹਾਂ ਇਲਜ਼ਾਮਾਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ, ਪਰ ''ਠੰਢਾ ਗੋਸ਼ਤ'' ''ਤੇ ਆ ਕੇ ਗੱਲ ਅਟਕ ਗਈ।

ਫੈਜ਼ ਸਾਹਬ ਨੇ ਇਸ ਨੂੰ ਗੈਰ ਅਸ਼ਲੀਲ ਕਿਹਾ, ਪਰ ਮੌਲਾਨਾ ਅਖ਼ਤਰ ਅਲੀ ਵਕਾਰ ਅੰਬਾਲਵੀ ਅਤੇ ਹਮੀਦ ਨਿਜ਼ਾਮੀ ਨੇ ਇਸ ਨੂੰ ''ਦੁਰਭਾਵਨਾ'' ਕਿਹਾ।

ਫੈਸਲਾ ਇਹ ਹੋਇਆ ਕਿ ਮਾਮਲੇ ਨੂੰ ਅਦਾਲਤ ''ਤੇ ਛੱਡ ਦਿੱਤਾ ਜਾਵੇ।

14 ਵਿਅਕਤੀਆਂ ਦੀ ਹੋਈ ਗਵਾਹੀ

ਕੁਝ ਦਿਨਾਂ ਬਾਅਦ ਮੰਟੋ ਅਤੇ ਜਾਵੇਦ ਦੇ ਪ੍ਰਕਾਸ਼ਕ ਨਸੀਰ ਅਨਵਰ ਅਤੇ ਸੰਪਾਦਕ ਆਰਿਫ਼ ਅਬਦੁਲ ਮਤੀਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੰਟੋ ਦੀ ਜ਼ਮਾਨਤ ਉਨ੍ਹਾਂ ਦੇ ਦੋਸਤ ਸੇਖ਼ ਸਲੀਮ ਨੇ ਦਿੱਤੀ ਸੀ।

ਮਸ਼ਹੂਰ ਸ਼ਾਇਰ ਅਤੇ ਕਾਨੂੰਨ ਦੇ ਮਾਹਿਰ ਮੀਆਂ ਤਸਦਦੂਕ ਹੁਸੈਨ ਖਾਲਿਦ ਨੇ ਖ਼ੁਦ ਵੀ ਇਸ ਮੁਕੱਦਮੇ ਦੀ ਪੈਰਵੀ ਕਰਨ ਦੀ ਪੇਸ਼ਕਸ਼ ਕੀਤੀ ਜਿਸ ਨੂੰ ਮੰਟੋ ਨੇ ਸ਼ੁਕਰੀਏ ਨਾਲ ਸਵੀਕਾਰ ਕਰ ਲਿਆ ਸੀ।

ਮੁਕੱਦਮਾ ਮੈਜਿਸਟ੍ਰੇਟ ਏਐੱਮ ਸਈਦ ਦੀ ਅਦਾਲਤ ਵਿੱਚ ਪੇਸ਼ ਹੋਇਆ। ਅਭਿਯੋਜਨ ਪੱਖ ਵੱਲੋਂ ਸ਼੍ਰੀ ਮੁਹੰਮਦ ਯਾਕੂਬ, ਮੁਹੰਮਦ ਤੁਫੈਲ ਹਲੀਮ, ਜਿਆ-ਉਦ-ਦੀਨ ਅਹਿਮਦ ਅਤੇ ਕੁਝ ਹੋਰ ਲੋਕ ਪੇਸ਼ ਕੀਤੇ ਗਏ।

ਇਸ ਮਾਮਲੇ ਦੇ ਪੱਖ ਵਿੱਚ ਸਫ਼ਾਈ ਦੇਣ ਲਈ 30 ਗਵਾਹਾਂ ਦੀ ਸੂਚੀ ਪੇਸ਼ ਕੀਤੀ ਗਈ ਤਾਂ ਮੈਜਿਸਟ੍ਰੇਟ ਨੇ ਕਿਹਾ, ''''ਮੈਂ ਇੰਨੀ ਵੱਡੀ ਭੀੜ ਨੂੰ ਨਹੀਂ ਬੁਲਾ ਸਕਦਾ।''''

ਬਹੁਤ ਵਿਚਾਰ-ਚਰਚਾ ਦੇ ਬਾਅਦ ਉਹ 14 ਗਵਾਹਾਂ ਨੂੰ ਬੁਲਾਉਣ ਲਈ ਸਹਿਮਤ ਹੋਏ ਜਿਨ੍ਹਾਂ ਵਿੱਚੋਂ ਕੁੱਲ ਸੱਤ ਗਵਾਹ ਅਦਾਲਤ ਦੇ ਸਾਹਮਣੇ ਪੇਸ਼ ਹੋਏ।

ਇਨ੍ਹਾਂ ਗਵਾਹਾਂ ਵਿੱਚ ਸੈਯਦ ਆਬਿਦ ਅਲੀ ਆਬਿਦ, ਅਹਿਮਦ ਸਈਦ, ਡਾਕਟਰ ਖਲੀਫਾ ਅਬਦੁਲ ਹਕੀਮ, ਡਾਕਟਰ ਸਈਦੁੱਲਾਹ, ਫੈਜ਼ ਅਹਿਮਦ ਫੈਜ਼, ਸੂਫੀ ਗੁਲਾਮ ਮੁਸਤਫਾ ਤਬੱਸੁਮ ਅਤੇ ਡਾਕਟਰ ਆਈ ਲਤੀਫ ਨੇ ਮੰਟੋ ਦੇ ਪੱਖ ਵਿੱਚ ਬਿਆਨ ਦਰਜ ਕਰਾਏ।

ਅਦਾਲਤ ਵੱਲੋਂ ਚਾਰ ਗਵਾਹ ਤਾਜਵਰ ਨਜੀਬਾਬਾਦੀ, ਆਗਾ ਸ਼ੋਰਿਸ਼ ਕਸ਼ਮੀਰੀ, ਅਬੂ ਸਈਦ ਬਜ਼ਮੀ ਅਤੇ ਮੁਹੰਮਦ ਦੀਨ ਤਾਸੀਰ ਪੇਸ਼ ਹੋਏ।

ਪਹਿਲੇ ਤਿੰਨ ਗਹਾਵਾਂ ਨੇ ਕਹਾਣੀ ਨੂੰ ''ਅਪਮਾਨਜਨਕ, ਗੰਦਾ ਅਤੇ ਇਤਰਾਜ਼ਯੋਗ'' ਦੱਸਿਆ, ਜਦੋਂ ਕਿ ਡਾਕਟਰ ਤਾਸੀਰ ਦਾ ਇਹ ਕਹਿਣਾ ਸੀ ਕਿ ਇਹ ਕਹਾਣੀ ਸਾਹਿਤਕ ਤੌਰ ''ਤੇ ਖਰਾਬ ਹੈ, ਪਰ ਸਾਹਿਤਕ ਹੈ।

ਉਨ੍ਹਾਂ ਦਾ ਕਹਿਣਾ ਸੀ ਕਿ ਕੁਝ ਅਜਿਹੇ ਸ਼ਬਦ ਹਨ ਜਿਨ੍ਹਾਂ ਨੂੰ ਅਸ਼ਲੀਲ ਕਿਹਾ ਜਾ ਸਕਦਾ ਹੈ, ਪਰ ਮੈਂ ਅਸ਼ਲੀਲ ਇਸ ਲਈ ਨਹੀਂ ਕਹਿੰਦਾ ਕਿਉਂਕਿ ਅਸ਼ਲੀਲ ਸ਼ਬਦ ਦੀ ਪਰਿਭਾਸ਼ਾ ਬਾਰੇ ਮੈਂ ਖੁਦ ਸਪੱਸ਼ਟ ਨਹੀਂ ਹਾਂ। ਇਨ੍ਹਾਂ ਗਵਾਹਾਂ ਦੇ ਬਿਆਨ ਦੇ ਬਾਅਦ ਮੰਟੋ ਨੇ ਆਪਣਾ ਲਿਖਤੀ ਬਿਆਨ ਦਰਜ ਕਰਾਇਆ।

ਜਗਦੀਸ਼ ਚੰਦਰ ਵਾਧਵਨ ਲਿਖਦੇ ਹਨ ਕਿ ਆਖ਼ਿਰਕਾਰ 16 ਜਨਵਰੀ 1950 ਦੀ ਤਰੀਕ ਆ ਗਈ। ਅਦਾਲਤ ਨੇ ਮੁਲਜ਼ਮਾਂ ਨੂੰ ਅਸ਼ਲੀਲ ਕਹਾਣੀ ਲਿਖਣ ਅਤੇ ਪ੍ਰਕਾਸ਼ਿਤ ਕਰਨ ਦੇ ਦੋਸ਼ ਵਿੱਚ ਹਰੇਕ ''ਤੇ ਤਿੰਨ ਸੌ ਰੁਪਏ ਦਾ ਜੁਰਮਾਨਾ ਲਗਾਇਆ ਅਤੇ ਮੰਟੋ ਨੂੰ ਤਿੰਨ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ, ਜਦੋਂਕਿ ਨਸੀਰ ਅਨਵਰ ਅਤੇ ਆਰਿਫ਼ ਅਬਦੁਲ ਮਤੀਨ ਨੂੰ 21-21 ਦਿਨਾਂ ਦੀ ਸਖ਼ਤ ਕਿਰਤ ਕਰਨ ਦੀ ਸਜ਼ਾ ਸੁਣਾਈ ਗਈ।

ਦੋਸ਼ੀਆਂ ਨੇ ਇਸ ਫ਼ੈਸਲੇ ਦੇ ਖਿਲਾਫ਼ ਸੈਸ਼ਨ ਕੋਰਟ ਵਿੱਚ ਅਪੀਲ ਕੀਤੀ ਜਿੱਥੇ ਮੈਜਿਸਟ੍ਰੇਟ ਇਲਾਇਤੁੱਲਾ ਖਾਨ ਨੇ ਦੋਸ਼ੀਆਂ ਦੀ ਅਪੀਲ ਨੂੰ ਸਵੀਕਾਰ ਕਰਦੇ ਹੋਏ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਖਾਰਜ ਕਰ ਦਿੱਤਾ ਅਤੇ ਤਿੰਨਾਂ ਮੁਲਜ਼ਮਾਂ ਨੂੰ ਬਾਇੱਜ਼ਤ ਬਰੀ ਕਰਦੇ ਹੋਏ ਉਨ੍ਹਾਂ ਵੱਲੋਂ ਅਦਾ ਕੀਤਾ ਗਿਆ ਜੁਰਮਾਨਾ ਵਾਪਸ ਕਰਨ ਦਾ ਆਦੇਸ਼ ਦਿੱਤਾ।

ਪਰ ਸਰਕਾਰ ਨੇ ਇਸ ਫ਼ੈਸਲੇ ਦੇ ਖਿਲਾਫ਼ ਹਾਈ ਕੋਰਟ ਵਿੱਚ ਅਪੀਲ ਦਾਇਰ ਕਰ ਦਿੱਤੀ। ਲਾਹੌਰ ਹਾਈ ਕੋਰਟ ਦੇ ਚੀਫ ਜਸਟਿਸ ਮੁਹੰਮਦ ਮੁਨੀਰ ਅਤੇ ਜਸਟਿਸ ਮੁਹੰਮਦ ਜਾਨ ਨੇ ਅਪੀਲ ''ਤੇ ਸੁਣਵਾਈ ਕੀਤੀ।

ਇਹ ਵੀ ਪੜ੍ਹੋ

ਮੰਟੋ ਕੋਲੋਂ ਪਾਕਿਸਤਾਨ ਕਿਉਂ ਡਰਦਾ ਹੈ?

''ਸਮਰਾਲੇ ਤੋਂ ਲਾਹੌਰ ਗਏ ਲੇਖਕ ਮੰਟੋ ਨੂੰ ਲੋਕ ਯਾਦ ਕਰਦੇ ਨੇ ਸਰਕਾਰਾਂ ਨਹੀਂ''

ਉਨ੍ਹਾਂ ਨੇ 8 ਅਪ੍ਰੈਲ, 1952 ਨੂੰ ਆਪਣਾ ਫ਼ੈਸਲਾ ਸੁਣਾਇਆ।

ਇਹ ਫ਼ੈਸਲਾ ਬਹੁਤ ਹੀ ਉਚਿਤ ਅਤੇ ਵਜ਼ਨਦਾਰ ਸੀ ਅਤੇ ਅਸ਼ਲੀਲਤਾ ''ਤੇ ਦਿੱਤੇ ਗਏ ਫ਼ੈਸਲਿਆਂ ਵਿੱਚ ਇੱਕ ਮੀਲ ਦੇ ਪੱਥਰ ਦੀ ਹੈਸੀਅਤ ਰੱਖਦਾ ਹੈ।

ਜਸਟਿਸ ਮੁਹੰਮਦ ਮੁਨੀਰ ਨੇ ਅਸ਼ਲੀਲਤਾ ਬਾਰੇ ਪੇਸ਼ ਕੀਤੀ ਜਾਣ ਵਾਲੀ ਹਰ ਦਲੀਲ ਦਾ ਬਹੁਤ ਸਪੱਸ਼ਟ ਜਵਾਬ ਦਿੱਤਾ ਅਤੇ ਫ਼ੈਸਲੇ ਵਿੱਚ ਲਿਖਿਆ ਕਿ ''ਠੰਢਾ ਗੋਸ਼ਤ'' ਦੀ ਰੂਪਰੇਖਾ ਹਾਨੀਕਾਰਕ ਨਹੀਂ ਹੈ, ਪਰ ਵਿਵਰਣ ਅਤੇ ਵਿਰੋਧਾਭਾਸੀ ਕਥਨ ਅਸ਼ਲੀਲ ਹਨ। ਇਸ ਲਈ ਸਆਦਤ ਹਸਨ ਮੰਟੋ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਤਿੰਨ ਸੌ ਰੁਪਏ ਪ੍ਰਤੀ ਵਿਅਕਤੀ ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ ਇੱਕ ਮਹੀਨੇ ਦੀ ਸਖ਼ਤ ਸਜ਼ਾ ਦਾ ਹੁਕਮ ਸੁਣਾਇਆ ਜਾਂਦਾ ਹੈ।

ਇਸ ਪ੍ਰਕਾਰ ਪਾਕਿਸਤਾਨ ਦੇ ਸਾਹਿਤਕ ਅਤੇ ਨਿਆਂਇਕ ਇਤਿਹਾਸ ਦਾ ਇਹ ਵਿਲੱਖਣ ਮੁਕੱਦਮਾ ਖ਼ਤਮ ਹੋਇਆ।

ਮੰਟੋ
BBC

ਮੌਤ ਦੇ ਬਾਅਦ ਖ਼ਤਮ ਹੋਇਆ ਇੱਕ ਮੁਕੱਦਮਾ

''ਠੰਢਾ ਗੋਸ਼ਤ'' ਦਾ ਮਾਮਲਾ ਖ਼ਤਮ ਹੋਇਆ ਤਾਂ ਕੁਝ ਸਾਲ ਬਾਅਦ ਮੰਟੋ ਇੱਕ ਹੋਰ ਕਹਾਣੀ ''ਉੱਪਰ ਨੀਚੇ ਔਰ ਦਰਮਿਆਨ'' ''ਤੇ ਚਲਾਏ ਜਾਣ ਵਾਲੇ ਅਸ਼ਲੀਲਤਾ ਦੇ ਇੱਕ ਹੋਰ ਮੁਕੱਦਮੇ ਵਿੱਚ ਫਸ ਗਏ। ਇਹ ਕਹਾਣੀ ਸਭ ਤੋਂ ਪਹਿਲਾਂ ਲਾਹੌਰ ਦੇ ਅਖ਼ਬਾਰ ''ਅਹਿਸਾਨ'' ਵਿੱਚ ਪ੍ਰਕਾਸ਼ਿਤ ਹੋਈ ਸੀ। ਉਸ ਸਮੇਂ ਤੱਕ ਚੌਧਰੀ ਮੁਹੰਮਦ ਹੁਸੈਨ ਦੀ ਮੌਤ ਹੋ ਗਈ ਸੀ, ਇਸ ਲਈ ਲਾਹੌਰ ਵਿੱਚ ਸ਼ਾਂਤੀ ਸੀ।

ਪਰ ਬਾਅਦ ਵਿੱਚ ਜਦੋਂ ਇਹ ਕਹਾਣੀ ਕਰਾਚੀ ਦੀ ਇੱਕ ਪੱਤ੍ਰਿਕਾ ''ਪਿਯਾਮ-ਏ-ਮਸ਼ਰਿਕ'' ਵਿੱਚ ਪ੍ਰਕਾਸ਼ਿਤ ਹੋਈ ਤਾਂ ਉੱਥੋਂ ਦੀ ਸਰਕਾਰ ਹਰਕਤ ਵਿੱਚ ਆਈ ਅਤੇ ਮੰਟੋ ਨੂੰ ਅਦਾਲਤ ਵਿੱਚ ਬੁਲਾ ਲਿਆ ਗਿਆ।

ਇਹ ਮਾਮਲਾ ਮੈਜਿਸਟ੍ਰੇਟ ਮਹਿੰਦੀ ਅਲੀ ਸਿੱਦੀਕੀ ਦੀ ਅਦਾਲਤ ਵਿੱਚ ਪੇਸ਼ ਹੋਇਆ ਜਿਨ੍ਹਾਂ ਨੇ ਸਿਰਫ਼ ਕੁਝ ਤਰੀਕਾਂ ਦੀ ਸੁਣਵਾਈ ਦੇ ਬਾਅਦ ਮੰਟੋ ''ਤੇ 25 ਰੁਪਏ ਦਾ ਜੁਰਮਾਨਾ ਲਗਾਇਆ।

ਜੁਰਮਾਨਾ ਤੁਰੰਤ ਅਦਾ ਕਰ ਦਿੱਤਾ ਗਿਆ ਅਤੇ ਇਸ ਤਰ੍ਹਾਂ ਇਸ ਅੰਤਿਮ ਮੁਕੱਦਮੇ ਤੋਂ ਵੀ ਮੰਟੋ ਨੂੰ ਬਰੀ ਕਰ ਦਿੱਤਾ ਗਿਆ।

ਮੰਟੋ
BBC

''ਫੈਨ ਹੋ ਤਾਂ ਜੁਰਮਾਨਾ ਕਿਉਂ ਲਗਾਇਆ?''

ਬਲਰਾਜ ਮੇਨਰਾ ਨੇ ਆਪਣੀ ਕਿਤਾਬ ''ਦਸਤਾਵੇਜ਼'' ਵਿੱਚ ਲਿਖਿਆ ਹੈ ਕਿ ''ਮਹਿੰਦੀ ਅਲੀ ਸਿੱਦੀਕੀ ਮੰਟੋ ਦੇ ਪ੍ਰਸ਼ੰਸਕ ਸਨ। ਉਨ੍ਹਾਂ ਨੇ ਅਗਲੇ ਦਿਨ ਮੰਟੋ ਨੂੰ ਕੌਫ਼ੀ ਪੀਣ ਲਈ ਬੁਲਾਇਆ।

ਉਨ੍ਹਾਂ ਨੇ ਕੌਫ਼ੀ ਪੀਣ ਦੌਰਾਨ ਮੰਟੋ ਨੂੰ ਕਿਹਾ, ''''ਮੈਂ ਤੁਹਾਨੂੰ ਇਸ ਦੌਰ ਦਾ ਬਹੁਤ ਵੱਡਾ ਕਹਾਣੀਕਾਰ ਮੰਨਦਾ ਹਾਂ। ਤੁਹਾਨੂੰ ਮਿਲਣ ਦਾ ਮਕਸਦ ਸਿਰਫ਼ ਇਹ ਸੀ ਕਿ ਤੁਸੀਂ ਇਹ ਖਿਆਲ ਦਿਲ ਵਿੱਚ ਲੈ ਕੇ ਨਾ ਜਾਓ ਕਿ ਮੈਂ ਤੁਹਾਡਾ ਪ੍ਰਸ਼ੰਸਕ ਨਹੀਂ ਹਾਂ।''''

ਮੰਟੋ ਲਿਖਦੇ ਹਨ, ''''ਮੈਂ ਬਹੁਤ ਹੈਰਾਨ ਹੋਇਆ। ਤੁਸੀਂ ਮੇਰੇ ਫੈਨ ਹੋ, ਤਾਂ ਜਨਾਬ ਤੁਸੀਂ ਮੇਰੇ ਉੱਪਰ ਜੁਰਮਾਨਾ ਕਿਉਂ ਲਗਾਇਆ?''''

ਉਨ੍ਹਾਂ ਨੇ ਮੁਸਕਰਾਉਂਦੇ ਹੋਏ ਕਿਹਾ, ''''ਇਸ ਦਾ ਜਵਾਬ ਮੈਂ ਤੁਹਾਨੂੰ ਇੱਕ ਸਾਲ ਦੇ ਬਾਅਦ ਦੇਵਾਂਗਾ।''''

ਇੱਕ ਸਾਲ ਬਾਅਦ ਮਹਿੰਦੀ ਅਲੀ ਸਿੱਦੀਕੀ ਨੇ ਇਸ ਮੁਕੱਦਮੇ ਦਾ ਵਿਵਰਣ ''ਪੰਜਵਾਂ ਮੁਕੱਦਮਾ'' ਦੇ ਸਿਰਲੇਖ ਨਾਲ ਇੱਕ ਸਾਹਿਤਕ ਪੱਤ੍ਰਿਕਾ ''ਅਫ਼ਕਾਰ'' ਵਿੱਚ ਪ੍ਰਕਾਸ਼ਿਤ ਕਰਾਇਆ, ਪਰ ਉਸ ਸਮੇਂ ਤੱਕ ਮੰਟੋ ਦੀ ਮੌਤ ਹੋ ਚੁੱਕੀ ਸੀ।

ਮੰਟੋ
BBC

ਮਹਿੰਦੀ ਅਲੀ ਸਿੱਦੀਕੀ ਨੇ ਮੁਕੱਦਮੇ ਦਾ ਇਹ ਪੂਰਾ ਵਿਵਰਣ ਆਪਣੀ ਆਤਮਕਥਾ ''ਬਿਲਾ ਕਮੋ ਕਾਸਤ'' ਵਿੱਚ ਵੀ ਲਿਖਿਆ ਹੈ।

ਮਹਿੰਦੀ ਅਲੀ ਸਿੱਦੀਕੀ ਨੇ ਇਸ ਲੇਖ ਵਿੱਚ ਲਿਖਿਆ ਸੀ ਕਿ ''''1954 ਦੇ ਅੰਤ ਵਿੱਚ ਮੈਨੂੰ ਪਤਾ ਲੱਗਿਆ ਕਿ ਮੰਟੋ ਨੇ ਲੇਖਾਂ ਦਾ ਇੱਕ ਨਵਾਂ ਸੰਗ੍ਰਹਿ ਪ੍ਰਕਾਸ਼ਿਤ ਕੀਤਾ ਹੈ ਜਿਸ ਦਾ ਨਾਂ ''ਉੱਪਰ, ਨੀਚੇ ਔਰ ਦਰਮਿਆਨ'' ਹੈ।''''

''''ਮੈਨੂੰ ਹੈਰਾਨੀ ਵੀ ਹੋਈ ਅਤੇ ਖੁਸ਼ੀ ਵੀ ਜਦੋਂ ਲੋਕਾਂ ਨੇ ਮੈਨੂੰ ਦੱਸਿਆ ਕਿ ਮੰਟੋ ਨੇ ਇਸ ਸੰਗ੍ਰਹਿ ਨੂੰ ਮੇਰਾ ਨਾਂ ਦਿੱਤਾ ਹੈ। ਉਨ੍ਹਾਂ ਦੀ ਦਿਲੀ ਮੁਹੱਬਤ ਅਤੇ ਵਿਸ਼ਵਾਸ ਦਾ ਇਸ ਤੋਂ ਬਿਹਤਰ ਪ੍ਰਮਾਣ ਮਿਲਣਾ ਮੁਸ਼ਕਿਲ ਹੈ।''''

''''ਮੈਂ ਇੱਕ ਅਗਿਆਤ ਜਿਹਾ ਵਿਅਕਤੀ ਖੁਸ਼ ਹਾਂ ਕਿ ਸ਼ਾਇਦ ਇਸ ਤਰ੍ਹਾਂ ਹੀ ਮੇਰਾ ਨਾਂ ''ਦੁਰਲੱਭ ਸਾਹਿਤ'' ਦੇ ਰੂਪ ਵਿੱਚ ਕੁਝ ਦਿਨਾਂ ਲਈ ਸਾਹਿਤ ਜਗਤ ਵਿੱਚ ਰਹਿ ਜਾਵੇਗਾ।''''

ਇਹ ਵੀ ਪੜ੍ਹੋ:

https://www.youtube.com/watch?v=kcW2eO_p0e0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''165c22a4-422b-4a05-a4bd-9a4e98d5690c'',''assetType'': ''STY'',''pageCounter'': ''punjabi.india.story.57047652.page'',''title'': ''ਮੰਟੋ ਜਿਸ ਨੇ ਕਿਹਾ ਮੇਰੇ ਅਫ਼ਸਾਨੇ ਨਹੀਂ, ਜ਼ਮਾਨਾ ਨਾਕਾਬਿਲੇ ਬਰਦਾਸ਼ਤ ਹੈ'',''author'': ''ਅਕੀਲ ਅੱਬਾਸ ਜਾਫਰੀ'',''published'': ''2021-05-10T12:29:58Z'',''updated'': ''2021-05-10T12:29:58Z''});s_bbcws(''track'',''pageView'');

Related News