ਕੋਰੋਨਾਵਾਇਰਸ: ਵਿਸ਼ਵਰੂਪ ਰਾਏ ਚੌਧਰੀ ਦੀਆਂ ਗੱਲਾਂ ਵਿੱਚ ਕਿਤੇ ਤੁਸੀਂ ਵੀ ਤਾਂ ਨਹੀਂ ਆ ਰਹੇ

05/10/2021 8:36:00 AM

ਵਿਸ਼ਵਸਰੂਪ ਰਾਏ ਚੌਧਰੀ
Getty Images
ਵਿਸ਼ਵਸਰੂਪ ਰਾਏ ਚੌਧਰੀ

ਭਾਰਤ ਵਿਚ ਵੈਕਸੀਨ ਦੇ ਖਿਲਾਫ ਅਭਿਆਨ ਚਲਾ ਰਹੇ ਇਕ ਵਿਅਕਤੀ ਦਾ ਦਾਅਵਾ ਹੈ ਕਿ ਕੋਰੋਨਾ ਸੰਬੰਧੀ ਮੈਡੀਕਲ ਸਾਇੰਸ ਦਾ ਨਜ਼ਰੀਆ ਬਿਲਕੁਲ ਗ਼ਲਤ ਹੈ। ਸੋਸ਼ਲ ਮੀਡੀਆ ਉੱਪਰ ਕਾਫ਼ੀ ਮਸ਼ਹੂਰ ਹੋ ਚੁੱਕੇ ਵਿਸ਼ਵਰੂਪ ਰਾਏ ਚੌਧਰੀ ਨਾਮ ਦਾ ਇਹ ਵਿਅਕਤੀ ਸਿਰਫ਼ ਖਾਣ ਪੀਣ ਨਾਲ ਕੋਵਿਡ-19 ਦੇ ਇਲਾਜ ਦਾ ਗ਼ਲਤ ਦਾਅਵਾ ਕਰਕੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਖ਼ਤਰੇ ਵਿੱਚ ਪਾ ਰਿਹਾ ਹੈ। ਐਡ ਮੈਨ ਅਤੇ ਰੇਹਾ ਕੰਸਾਰਾ ਦੀ ਰਿਪੋਰਟ ਵਿਸ਼ਵਰੂਪ ਰਾਏ ਚੌਧਰੀ ਦੇ ਦਾਅਵਿਆਂ ਦਾ ਕੋਈ ਅੰਤ ਨਹੀਂ ਹੈ।

ਮੁੰਬਈ ਵਿੱਚ ਕੋਰਨਾਵਾਇਰਸ ਲਾਗ ਤੋਂ ਬਚਾਅ ਲਈ ਟੀਕਾਕਰਨ ਲਈ ਲੱਗੀ ਲਾਈਨ
EPA
ਮੁੰਬਈ ਵਿੱਚ ਕੋਰਨਾਵਾਇਰਸ ਲਾਗ ਤੋਂ ਬਚਾਅ ਲਈ ਟੀਕਾਕਰਨ ਲਈ ਲੱਗੀ ਲਾਈਨ

ਆਪਣੀ ਵੈੱਬਸਾਈਟ ਵਿਚ ਇਕ ਵੀਡੀਓ ਦੌਰਾਨ ਉਹ ਆਖਦੇ ਹਨ," ਮੇਰੇ ਹਿਸਾਬ ਨਾਲ ਜ਼ਿਆਦਾਤਰ ਮੌਤਾਂ ਕੋਰੋਨਾ ਵਾਇਰਸ ਨਾਲ ਨਹੀਂ ਬਲਕਿ ਇਸ ਦੇ ਇਲਾਜ ਦੇ ਕਾਰਨ ਹੋ ਰਹੀਆਂ ਹਨ।"ਚੌਧਰੀ ਭਾਰਤ ਵਿੱਚ ਸੋਸ਼ਲ ਮੀਡੀਆ ਤੇ ਬਹੁਤ ਸਰਗਰਮ ਹਨ ਅਤੇ ਕੁਝ ਦਿਨ ਪਹਿਲਾਂ ਚੌਧਰੀ ਨੂੰ ਕਈ ਪਲੈਟਫਾਰਮਾਂ ਨੇ ਬੈਨ ਕਰ ਦਿੱਤਾ ਹੈ। ਚੌਧਰੀ ਦਾ ਦਾਅਵਾ ਹੈ ਕਿ ਮਰੀਜ਼ਾਂ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਦਰਅਸਲ ਡਾਕਟਰਾਂ ਤੇ ਵੱਡੇ ਵੱਡੇ ਉਦਯੋਗਿਕ ਘਰਾਣਿਆਂ ਦੀਆਂ ਜੇਬਾਂ ਭਰਨ ਵਾਸਤੇ ਹੁੰਦੀਆਂ ਹਨ, ਇਹ ਦਵਾਈਆਂ ਪੈਸਾ ਕਮਾਉਣ ਲਈ ਕੁਝ ਲੋਕਾਂ ਦੀ ਸਾਜ਼ਿਸ਼ ਦਾ ਨਤੀਜਾ ਹਨ। ਚੌਧਰੀ ਨੇ ਬੀਬੀਸੀ ਨੂੰ ਦੱਸਿਆ, "ਦਵਾਈਆਂ ਕਿਸੇ ਬੀਮਾਰੀ ਨੂੰ ਠੀਕ ਕਰਨ ਵਿਚ ਸਹਾਇਤਾ ਨਹੀਂ ਕਰਦੀਆਂ। ਮੈਂ ਬੜੀ ਸ਼ਿੱਦਤ ਨਾਲ ਇਸ ਗੱਲ ਨੂੰ ਮੰਨਦਾ ਹਾਂ ਕਿ ਮਨੁੱਖ ਨੂੰ ਵੈਕਸੀਨ ਦੀ ਵੀ ਕੋਈ ਲੋੜ ਨਹੀਂ ਹੈ।"ਚੌਧਰੀ ਨੇ ਆਪਣੀਆਂ ਕਈ ਵੀਡੀਓ ਵਿਚ ਇਹ ਦਾਅਵਾ ਵੀ ਕੀਤਾ ਹੈ ਕਿ ਫਲ ਅਤੇ ਸਬਜ਼ੀਆਂ ਨਾਲ ਭਰਪੂਰ ਉਨ੍ਹਾਂ ਦਾ ਡਾਈਟ ਪਲੈਨ ਨਾ ਸਿਰਫ਼ ਕੋਵਿਡ-19 ਨੂੰ ਖ਼ਤਮ ਕਰ ਦੇਵੇਗਾ ਬਲਕਿ ਡਾਈਬੀਟੀਜ਼ ਅਤੇ ਏਡਜ਼ ਵਰਗੀਆਂ ਬਿਮਾਰੀਆਂ ਦਾ ਵੀ ਇਲਾਜ ਕਰੇਗਾ। ਹਾਲਾਂਕਿ ਮੈਡੀਕਲ ਸਾਇੰਸ ਇਨ੍ਹਾਂ ਦਾਅਵਿਆਂ ਨੂੰ ਬਕਵਾਸ ਮੰਨਦਾ ਹੈ। ਵਿਸ਼ਵਸਰੂਪ ਰਾਏ ਚੌਧਰੀ ਆਪਣੇ ਫਾਲੋਅਰਜ਼ ਨੂੰ ਦੱਸਦੇ ਹਨ ਕਿ ਕੋਰੋਨਾ ਦੇ ਇਲਾਜ ਲਈ ਹਸਪਤਾਲ ਜਾਣ ਤੋਂ ਬਾਅਦ ਮਰੀਜ਼ ਦੇ ਠੀਕ ਹੋਣ ਨਾਲੋਂ ਮਰਨ ਦਾ ਖ਼ਦਸ਼ਾ ਜ਼ਿਆਦਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਕੋਵਿਡ ਮਰੀਜ਼ ਆਕਸੀਜਨ ਲੈਣ ਦੀ ਬਜਾਏ ਹੱਥ ਨਾਲ ਚੱਲਣ ਵਾਲੇ ਪੱਖੇ ਦੀ ਹਵਾ ਦੇ ਸਾਹਮਣੇ ਬੈਠ ਜਾਣ ਤਾਂ ਜ਼ਿਆਦਾ ਚੰਗਾ ਮਹਿਸੂਸ ਕਰਨਗੇ। ਵਿਸ਼ਵਸਰੂਪ ਰਾਏ ਚੌਧਰੀ ਦੇ ਕਈ ਆਲੋਚਕ ਉਨ੍ਹਾਂ ਨੂੰ ਇੱਕ ਖ਼ਤਰਨਾਕ ਫਰਾਡ ਮੰਨਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਦਿੱਤੀ ਜਾਣ ਵਾਲੀ ਅਜਿਹੀ ਗ਼ਲਤ ਸਲਾਹ ਨਾਲ ਭਾਰਤ ਵਿੱਚ ਚੱਲ ਰਹੀ ਕੋਰੋਨਾ ਦੀ ਦੂਜੀ ਲਹਿਰ ਨਾਲ ਹਾਲਾਤ ਹੋਰ ਖ਼ਰਾਬ ਹੋਣਗੇ।

ਕੋਰਨਾਵਾਇਰਸ
Reuters

ਭਾਰਤ ਦੀ ਫੈਕਟ ਚੈਕਿੰਗ ਵੈੱਬਸਾਈਟ ਆਲਟ ਨਿਊਜ਼ ਦੀ ਸੀਨੀਅਰ ਐਡੀਟਰ ਡਾ. ਸੁਮੱਈਆ ਖ਼ਾਨ ਨੇ ਕਿਹਾ, "ਵਿਸ਼ਵਸਰੂਪ ਰਾਏ ਚੌਧਰੀ ਇਕ ਝੋਲਾ ਛਾਪ ਡਾਕਟਰ ਹੈ । ਉਹਦੀ ਬਹੁਤ ਵੱਡੀ ਫੈਨ ਫੌਲੋਇੰਗ ਹੈ ਅਤੇ ਇਹੀ ਚੀਜ਼ ਉਸ ਨੂੰ ਹੋਰ ਖ਼ਤਰਨਾਕ ਬਣਾ ਦਿੰਦੀ ਹੈ।"ਚੌਧਰੀ ਨੇ ਆਪਣੀਆਂ ਕਈ ਕਿਤਾਬਾਂ, ਆਨਲਾਈਨ ਵੀਡੀਓ ਕੋਰਸ ਅਤੇ ਲਾਈਵ ਈਵੈਂਟਸ ਦੇ ਜ਼ਰੀਏ ਪ੍ਰਸ਼ੰਸਕਾਂ ਦੀ ਵੱਡੀ ਭੀੜ ਜੁਟਾਈ ਹੈ। ਹਾਲਾਂਕਿ ਯੂਟਿਊਬ, ਟਵਿੱਟਰ ਅਤੇ ਫੇਸਬੁੱਕ ਵਰਗੇ ਸੋਸ਼ਲ ਮੀਡੀਆ ਪਲੈਟਫਾਰਮ ਨੇ ਉਨ੍ਹਾਂ ਨੂੰ ਪਿਛਲੇ ਸਾਲ ਬੈਨ ਕਰ ਦਿੱਤਾ ਹੈ ਪਰ ਉਸ ਤੋਂ ਪਹਿਲਾਂ ਹੀ ਚੌਧਰੀ ਨੇ ਫਾਲੋਅਰਜ਼ ਦੀ ਵੱਡੀ ਫ਼ੌਜ ਤਿਆਰ ਕਰ ਲਈ ਸੀ। ਟੈਲੀਗ੍ਰਾਮ ਅਤੇ ਵ੍ਹੱਟਸਐਪ ਉੱਤੇ ਉਨ੍ਹਾਂ ਦੇ ਅਨਆਫਿਸ਼ੀਅਲ ਚੈਨਲ ਬਰਕਰਾਰ ਹਨ। ਚੌਧਰੀ ਦੇ ਪ੍ਰਸ਼ੰਸਕ ਪ੍ਰਾਕਸੀ ਅਕਾਉਂਟ ਰਾਹੀਂ ਕੰਟੈਂਟ ਅਪਲੋਡ ਕਰਦੇ ਹਨ ਜੋ ਅੱਗੇ ਫੈਲਦਾ ਰਹਿੰਦਾ ਹੈ। ਵ੍ਹੱਟਸਐਪ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਆਪਣੇ ਪਲੈਟਫਾਰਮ ਰਾਹੀਂ ਕੋਰੋਨਾ ਵਾਇਰਸ ਨਾਲ ਜੁੜੀਆਂ ਗ਼ਲਤ ਜਾਣਕਾਰੀਆਂ ਨੂੰ ਫੈਲਣ ਤੋਂ ਰੋਕਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਪਰ ਟੈਲੀਗ੍ਰਾਮ ਨੇ ਪ੍ਰਤੀਕਿਰਿਆ ਮੰਗੇ ਜਾਣ ਤੇ ਕੋਈ ਜਵਾਬ ਨਹੀਂ ਦਿੱਤਾ।

ਪ੍ਰਚਾਰ ਦੇ ਸਹਾਰੇ ਹੋਇਆ ਮਕਬੂਲ

ਵਿਸ਼ਵਰੂਪ ਰਾਏ ਚੌਧਰੀ ਆਪਣੇ ਆਪ ਨੂੰ ਇਕ ਬਹਾਦੁਰ ਸ਼ਖਸ ਦੇ ਤੌਰ ਤੇ ਪੇਸ਼ ਕਰਦੇ ਹਨ ਜੋ ਜਨਤਾ ਨੂੰ ਠੱਗਣ ਵਾਲੇ ਮੈਡੀਕਲ ਸੰਸਥਾਵਾਂ ਖ਼ਿਲਾਫ਼ ਖੜ੍ਹੇ ਹਨ।

ਚੌਧਰੀ ਦਾ ਕਹਿਣਾ ਹੈ ਕਿ ਕੋਵਿਡ ਕਿਸੇ ਵੀ ਆਮ ਫਲੂ ਵਰਗਾ ਹੈ। ਚੌਧਰੀ ਦਾ ਦਾਅਵਾ ਹੈ ਕਿ ਫੇਸ ਮਾਸਕ ਵਾਇਰਸ ਨੂੰ ਰੋਕਣ ਵਿੱਚ ਕੋਈ ਮਦਦ ਨਹੀਂ ਕਰਦਾ ਸਗੋਂ ਮਾਸਕ ਲੋਕਾਂ ਨੂੰ ਹੋਰ ਬੀਮਾਰ ਬਣਾਉਂਦਾ ਹੈ।

ਕੋਰੋਨਾ ਵਾਇਰਸ ਸਬੰਧੀ ਪ੍ਰਕਾਸ਼ਿਤ ਆਪਣੀ ਈ-ਸਮੱਗਰੀ ਵਿੱਚ ਚੌਧਰੀ ਨੇ ਉਸ ਵਿਅਕਤੀ ਨੂੰ ਇੱਕ ਲੱਖ ਰੁਪਏ ਦੇਣ ਦਾ ਦਾਅਵਾ ਕੀਤਾ ਹੈ ਜੋ ਇਸ ਗੱਲ ਨੂੰ ਸਾਬਿਤ ਕਰ ਸਕੇ ਕਿ ''ਬਿਮਾਰੀ ਠੀਕ ਕਰਨ ਵਿੱਚ ਟੀਕਿਆਂ ਨੇ ਉਸਦੀ ਸਹਾਇਤਾ ਕੀਤੀ ਹੈ।''

ਹਾਲਾਂਕਿ ਇਹ ਹਕੀਕਤ ਹੈ ਕਿ ਪਿਛਲੇ ਕਈ ਦਹਾਕਿਆਂ ਵਿੱਚ ਮੈਡੀਕਲ ਖੋਜ ਨਾਲ ਜੁੜੇ ਤਮਾਮ ਪ੍ਰਕਾਸ਼ਨਾਂ ਨੇ ਇਸ ਗੱਲ ਦਾ ਦਸਤਾਵੇਜ਼ੀਕਰਨ ਕੀਤਾ ਹੈ ਕਿ ਕਿਸ ਤਰ੍ਹਾਂ ਟੀਕਿਆਂ ਨੇ ਪੂਰੀ ਦੁਨੀਆਂ ਵਿੱਚ ਬਿਮਾਰੀਆਂ ਨੂੰ ਰੋਕਣ ਅਤੇ ਖ਼ਤਮ ਕਰਨ ਵਿੱਚ ਸਹਾਇਤਾ ਕੀਤੀ ਹੈ। ਚੌਧਰੀ ਇਸ ਗੱਲ ਨੂੰ ਪੂਰੀ ਤਰ੍ਹਾਂ ਖਾਰਿਜ ਕਰ ਦਿੰਦੇ ਹਨ।

ਕੇਵਲ ਖਾਣ ਪੀਣ ਨਾਲ ਇਲਾਜ ਦਾ ਦਾਅਵਾ

ਵਿਸ਼ਵ ਸਰੂਪ ਚੌਧਰੀ ਨੇ ਲਗਪਗ ਇਕ ਦਹਾਕੇ ਪਹਿਲਾਂ ਸਾਰੀਆਂ ਬੀਮਾਰੀਆਂ ਦਾ ਇਲਾਜ ਕਰਨ ਵਾਲਾ ਆਪਣਾ ਡਾਈਟ ਪਲੈਨ ਤਿਆਰ ਕੀਤਾ ਸੀ। ਇਸ ਤੋਂ ਪਹਿਲਾਂ ਕਈ ਕਰੀਅਰ ਬਦਲਣ ਵਾਲੇ ਚੌਧਰੀ ਨੇ ਇੰਜਨੀਅਰਿੰਗ ਦੀ ਪੜ੍ਹਾਈ ਤੋਂ ਬਾਅਦ ਫ਼ਿਲਮ ਮੇਕਿੰਗ ਦੇ ਜ਼ਰੀਏ ਬੌਲੀਵੁੱਡ ਵਿੱਚ ਵੀ ਹੱਥ ਅਜ਼ਮਾਇਆ। ਇੱਕ ਫਿਲਮ ਵਿੱਚ ਖੁਦ ਨੂੰ ਬਤੌਰ ਹੀਰੋ ਪੇਸ਼ ਵਾਲੇ ਚੌਧਰੀ ਇੰਡੀਆ ਅਤੇ ਏਸ਼ੀਆ ਬੁੱਕ ਆਫ਼ ਰਿਕਾਰਡਜ਼ ਦੇ ਚੀਫ਼ ਐਡੀਟਰ ਵੀ ਹਨ। ਇਹ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਦੀ ਤਰਜ਼ ਤੇ ਬਣਿਆ ਹੈ ਪਰ ਉਸ ਨਾਲ ਸੰਬੰਧਿਤ ਨਹੀਂ ਹੈ। ਟੈਕਨਾਲੋਜੀ ਵੈੱਬਸਾਈਟ ''ਰੈਸਟ ਆਫ਼ ਵਰਲਡ ''ਵਿੱਚ ਕੰਮ ਕਰਨ ਵਾਲੇ ਪੱਤਰਕਾਰ ਨਿਲੇਸ਼ ਕ੍ਰਿਸਟੋਫਰ ਦੱਸਦੇ ਹਨ ਕਿ ਇੱਕ ਵਾਰੀ ਚੌਧਰੀ ਦੀ ਪਤਨੀ ਨੂੰ ਫਲੂ ਹੋਇਆ ਸੀ ਜੋ ਠੀਕ ਨਹੀਂ ਹੋ ਰਿਹਾ ਸੀ। ਉਸ ਦੌਰ ਵਿੱਚ ਚੌਧਰੀ ਨੇ ਪੋਸ਼ਣ ਨਾਲ ਜੁੜੇ ਪ੍ਰਯੋਗ ਸ਼ੁਰੂ ਕੀਤੇ। ਕ੍ਰਿਸਟੋਫਰ ਦੱਸਦੇ ਹਨ," ਚੌਧਰੀ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਦੀ ਪਤਨੀ ਦਾ ਫਲੂ ਠੀਕ ਨਹੀਂ ਹੋ ਰਿਹਾ ਸੀ। ਡਾਕਟਰਾਂ ਦੇ ਚੱਕਰ ਲਗਾ ਰਹੇ ਸਨ। ਕਿਸੇ ਵੀ ਤਰ੍ਹਾਂ ਇਲਾਜ ਕਰਨਾ ਚਾਹੁੰਦੇ ਸਨ ਪਰ ਸਫ਼ਲਤਾ ਨਹੀਂ ਮਿਲ ਰਹੀ ਸੀ।""ਤਦ ਉਹਨਾਂ ਨੇ ਖ਼ੁਦ ਪ੍ਰਯੋਗ ਕਰਨ ਦਾ ਫ਼ੈਸਲਾ ਲਿਆ। ਉਸਨੇ ਦਾਅਵਾ ਕੀਤਾ ਕਿ ਖ਼ੁਦ ਕਰਕੇ ਸਿੱਖਣ ਦੀ ਪ੍ਰਕ੍ਰਿਆ ਵਿੱਚ ਉਸਨੇ ਕੁਝ ਰਿਸਰਚ ਪੇਪਰ ਪੜ੍ਹੇ ਅਤੇ ਫ਼ਿਰ ਇੱਕ ਜਾਦੂਈ ਨੁਸਖ਼ਾ ਤਿਆਰ ਕੀਤਾ। ਇਹ ਸੀ ਨਾਰੀਅਲ ਪਾਣੀ, ਖੱਟੇ ਫਲ ਅਤੇ ਕੁਝ ਸਬਜ਼ੀਆਂ ਦਾ ਮੇਲ।"

ਵਿਸ਼ਵਸਰੂਪ ਰਾਏ ਚੌਧਰੀ ਦਾ ਦਾਅਵਾ ਹੈ ਕਿ ਪੱਖੇ ਅੱਗੇ ਬੈਠਣ ਨਾਲ ਆਕਸੀਜ਼ਨ ਠੀਕ ਹੋ ਜਾਂਦੀ ਹੈ
Reuters
ਵਿਸ਼ਵਸਰੂਪ ਰਾਏ ਚੌਧਰੀ ਦਾ ਦਾਅਵਾ ਹੈ ਕਿ ਪੱਖੇ ਅੱਗੇ ਬੈਠਣ ਨਾਲ ਆਕਸੀਜ਼ਨ ਪੱਧਰ ਠੀਕ ਹੋ ਜਾਂਦਾ ਹੈ

ਭਾਰਤ ਵਿਚ ਆਯੁਰਵੈਦਿਕ ਦਵਾਈਆਂ ਦੀ ਪੁਰਾਣੀ ਪਰੰਪਰਾ ਹੈ। ਇਸ ਵਿੱਚ ਭੋਜਨ ਅਤੇ ਜੜੀ ਬੂਟੀਆਂ ਰਾਹੀਂ ਇਲਾਜ ਕੀਤਾ ਜਾਂਦਾ ਹੈ। ਚੌਧਰੀ ਨੇ ਲਗਾਤਾਰ ਆਪਣੇ ਨੁਸਖਿਆਂ ਬਾਰੇ ਹੈਰਾਨ ਵਾਲੇ ਜ਼ਬਰਦਸਤ ਦਾਅਵੇ ਕੀਤੇ ਹਨ।

ਚੌਧਰੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਲਾਹ ਮੰਨਣ ਵਾਲੇ ਲੋਕਾਂ ਉਪਰ ਇਸ ਨੇ ਚਮਤਕਾਰੀ ਅਸਰ ਕੀਤਾ ਹੈ। ਜਿਸ ਰਾਹੀਂ ਭੋਜਨ ਅਤੇ ਜੜੀ ਬੂਟੀਆਂ ਦੁਆਰਾ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ ਕ੍ਰਿਸਟੋਫਰ ਆਖਦੇ ਹਨ ਕਿ ਨਿਸ਼ਚਿਤ ਤੌਰ ਤੇ ਉਹ ਇਸ ਸਮੇਂ ਭਾਰਤ ਵਿੱਚ ਸਭ ਤੋਂ ਵੱਡੇ ਨੀਮ ਹਕੀਮਾਂ ਵਿੱਚੋਂ ਇੱਕ ਹੈ। ਜਦੋਂ ਪਹਿਲੀ ਵਾਰ ਕੋਰੋਨਾ ਵਾਇਰਸ ਦਾ ਹਮਲਾ ਹੋਇਆ ਤਾਂ ਚੌਧਰੀ ਨੇ ਇਸ ਨੂੰ ''ਫਲੂ ਵਰਗੀ ਬਿਮਾਰੀ'' ਘੋਸ਼ਿਤ ਕਰ ਦਿੱਤਾ ਅਤੇ ਕਿਹਾ ਕਿ ਇਹ ਬਿਮਾਰੀ ਉਸ ਦੇ 3 ਸਟੈਪ ਫਲੂ ਡਾਇਟ ਨਾਲ ਠੀਕ ਹੋ ਜਾਵੇਗੀ।ਚੌਧਰੀ ਡਾਇਟ ਪਲੈਨ ਲਈ ਇੱਕ ਮਰੀਜ਼ ਕੋਲੋਂ 500 ਰੁਪਏ ਲੈਂਦੇ ਹਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਕ੍ਰਿਸਟੋਫਰ ਦੱਸਦੇ ਹਨ," ਵਿਸ਼ਵਰੂਪ ਰਾਏ ਚੌਧਰੀ ਨੇ ਆਨਲਾਈਨ ਨਿਊਟ੍ਰੀਸ਼ਨ ਕੋਰਸ, ਸਰਟੀਫਿਕੇਸ਼ਨ ਪ੍ਰੋਗਰਾਮ ਸਰਟੀਫਿਕੇਸ਼ਨ ਪ੍ਰੋਗਰਾਮ ਅਤੇ ਕੰਸਲਟੈਂਸੀ ਸਰਵਿਸ ਰਾਹੀਂ ਵੱਡਾ ਡਿਜੀਟਲ ਸਾਮਰਾਜ ਖੜ੍ਹਾ ਕਰ ਲਿਆ ਹੈ। ਇਹੀ ਉਸ ਦਾ ਬਿਜ਼ਨੈੱਸ ਮਾਡਲ ਹੈ। ਬੀਮਾਰੀ ਕੋਈ ਵੀ ਹੋਵੇ ਇਲਾਜ ਦਾ ਤਰੀਕਾ ਇੱਕੋ ਹੈ। ਇਲਾਜ ਦਾ ਇਹ ਮਾਡਲ ਕਦੇ ਬਦਲਦਾ ਨਹੀਂ।" ਚੌਧਰੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਕੋਵਿਡ ਦੇ ਪੰਜਾਹ ਹਜ਼ਾਰ ਮਰੀਜ਼ਾਂ ਦਾ ਇਲਾਜ ਕੀਤਾ ਹੈ ਅਤੇ ਇੱਕ ਦੀ ਵੀ ਮੌਤ ਨਹੀਂ ਹੋਣ ਦਿੱਤੀ। ਦਿੱਲੀ ਮੈਡੀਕਲ ਕਾਉਂਸਿਲ ਦੇ ਪ੍ਰਧਾਨ ਡਾ. ਅਰੁਣ ਗੁਪਤਾ ਆਖਦੇ ਹਨ ਕਿ ਜ਼ਿਆਦਾਤਰ ਲੋਕ ਵਾਇਰਸ ਦਾ ਸ਼ਿਕਾਰ ਹੋਣ ਤੋਂ ਬਾਅਦ ਠੀਕ ਹੋ ਜਾਂਦੇ ਹਨ। ਉਨ੍ਹਾਂ ਦੇ ਠੀਕ ਹੋਣ ਵਿੱਚ ਇਸ ਗੱਲ ਦਾ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਕੀ ਖਾ ਰਹੇ ਹਨ। ਗੁਪਤਾ ਆਖਦੇ ਹਨ, "ਤੁਸੀਂ ਸੌ ਮਰੀਜ਼ ਲਓ। ਮੈਂ ਦਾਅਵਾ ਕਰਦਾ ਹਾਂ ਕਿ ਮੈਂ ਇਨ੍ਹਾਂ ਸਭ ਨੂੰ ਠੀਕ ਕਰ ਦੂੰਗਾ। ਤੁਸੀਂ ਦੇਖੋਗੇ ਕਿ 97 ਬਗੈਰ ਕਿਸੇ ਇਲਾਜ ਦੇ ਆਪਣੇ ਆਪ ਠੀਕ ਹੋ ਰਹੇ ਹਨ।"ਡਾ ਗੁਪਤਾ ਆਖਦੇ ਹਨ ਕਿ ਇਸ ਤਰ੍ਹਾਂ ਦੇ ਦੁਰਪ੍ਰਚਾਰ ਨੂੰ ਰੋਕਣ ਦੀ ਜ਼ਰੂਰਤ ਹੈ। ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਇਸ ਉੱਤੇ ਧਿਆਨ ਦੇਵੇ ਅਤੇ ਲੋਕਾਂ ਨੂੰ ਅਜਿਹੀਆਂ ਗ਼ਲਤ ਜਾਣਕਾਰੀਆਂ ਫੈਲਾਉਣ ਤੋਂ ਰੋਕਿਆ ਜਾਵੇ।

ਚੌਧਰੀ ਇਲਾਜ ਦੇ ਆਪਣੇ ਤਰੀਕੇ ਦਾ ਪੁਰਜ਼ੋਰ ਸਮਰਥਨ ਕਰਦੇ ਹਨ। ਇਨ੍ਹਾਂ ਆਰੋਪਾਂ ਦਾ ਖੰਡਨ ਵੀ ਕਰਦੇ ਹਨ ਕਿ ਉਨ੍ਹਾਂ ਦੀਆਂ ਦੱਸੀਆਂ ਗੱਲਾਂ ਨਾਲ ਲੋਕਾਂ ਦੀ ਸਿਹਤ ਖ਼ਤਰੇ ਵਿੱਚ ਪੈਂਦੀ ਹੈ। ਬੀਬੀਸੀ ਨੂੰ ਉਨ੍ਹਾਂ ਕਿਹਾ, "ਮੈਂ ਲੋਕਾਂ ਨੂੰ ਜੋ ਗੱਲਾਂ ਦੱਸੀਆਂ ਹਨ ਉਨ੍ਹਾਂ ਦੇ ਗਲਤ ਅਸਰ ਦਾ ਕੋਈ ਸਬੂਤ ਮੇਰੇ ਸਾਹਮਣੇ ਪੇਸ਼ ਕਰ ਸਕੋਗੇ? ਮੈਨੂੰ ਨਹੀਂ ਲੱਗਦਾ ਕਿ ਕੀ ਉਹ ਕੋਈ ਅਜਿਹਾ ਸਬੂਤ ਦੇ ਸਕਣਗੇ।"

ਚੌਧਰੀ ਦੇ ਖ਼ਿਲਾਫ਼ ਅਪਰਾਧਿਕ ਸ਼ਿਕਾਇਤ

ਹਾਲਾਂਕਿ ਇਕ ਮਾਮਲੇ ਵਿਚ ਚੌਧਰੀ ਦੇ ਖ਼ਿਲਾਫ਼ ਜਾਂਚ ਚੱਲ ਰਹੀ ਹੈ। ਇਸ ਮਾਮਲੇ ਵਿੱਚ ਆਰੋਪ ਲਗਾਏ ਗਏ ਹਨ ਕਿ ਇਕ ਮਹਿਲਾ ਦੀ ਉਨ੍ਹਾਂ ਦੇ ਇਲਾਜ ਨਾਲ ਮੌਤ ਹੋ ਗਈ ਹੈ।

ਦਿੱਲੀ ਦੇ ਇਕ ਇੰਜਨੀਅਰ ਜੈਦੀਪ ਬਿਹਾਨੀ ਨੇ ਚੌਧਰੀ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕਰਵਾਇਆ ਹੈ। ਬਿਹਾਰੀ ਨੇ ਆਪਣੀ ਮਾਂ ਸ਼ਾਂਤੀ ਦੀ ਮੌਤ ਲਈ ਚੌਧਰੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਦੀ 2017 ਵਿੱਚ ਮੌਤ ਹੋ ਗਈ ਸੀ। 56 ਸਾਲਾ ਸ਼ਾਂਤੀ ਡਾਇਬਿਟੀਜ਼ ਅਤੇ ਦਿਲ ਦੀ ਬਿਮਾਰੀ ਦੀ ਮਰੀਜ਼ ਸੀ ਅਤੇ ਨਾਲ ਹੀ ਥਾਇਰਾਇਡ ਨਾਲ ਜੂਝ ਰਹੀ ਸੀ। ਬਿਹਾਨੀ ਨੂੰ ਇੰਟਰਨੈੱਟ ਰਾਹੀਂ ਚੌਧਰੀ ਬਾਰੇ ਪਤਾ ਲੱਗਿਆ। ਇਸ ਤੋਂ ਬਾਅਦ ਹਜ਼ਾਰਾਂ ਰੁਪਏ ਖ਼ਰਚ ਕਰਕੇ ਜੈਦੀਪ ਆਪਣੀ ਮਾਤਾ ਨੂੰ ਚੌਧਰੀ ਕੋਲ ਲੈ ਗਏ। ਇਸ ਤਿੰਨ ਦਿਨ ਦੇ ਪ੍ਰੋਗਰਾਮ ਵਿਚ ਚੌਧਰੀ ਡਾਇਬਟੀਜ਼ ਦਾ ਇਲਾਜ ਦੱਸਦੇ ਹਨ। ਇਹ ਪ੍ਰੋਗਰਾਮ ਦਿੱਲੀ ਦੇ ਬਾਹਰ ਇੱਕ ਸ਼ਾਂਤ ਅਤੇ ਖੁੱਲ੍ਹੀ ਜਗ੍ਹਾ ਵਿਖੇ ਆਯੋਜਿਤ ਸੀ। ਪਹਿਲੀ ਸ਼ਾਮ ਚੌਧਰੀ ਵੀਡੀਓ ਵਿੱਚ ਲੋਕਾਂ ਨੂੰ ਇਹ ਕਹਿੰਦੇ ਦਿਖ ਰਹੇ ਹਨ ਕਿ ਤੁਸੀਂ ਦਵਾਈਆਂ ਲੈਣੀਆਂ ਬੰਦ ਕਰ ਦਿਓ। ਵੀਡੀਓ ਵਿੱਚ ਉਹ ਅੱਗੇ ਕਹਿੰਦੇ ਹਨ, "ਮੇਰੇ ਕੋਲ ਇਕ ਬਕਸਾ ਹੈ। ਇਹਦਾ ਨਾਮ ਹੈ ਮੈਡੀਕਲ ਔਰੇਂਜ ਬਾਕਸ। ਅਸੀਂ ਸਾਰੀਆਂ ਦਵਾਈਆਂ ਇਸ ਵਿੱਚ ਰੱਖ ਕੇ ਤਾਲਾ ਲਗਾ ਦੇਵਾਂਗੇ। ਇਸ ਤੋਂ ਬਾਅਦ ਮੈਨੂੰ ਨਹੀਂ ਲਗਦਾ ਕਿ ਤੁਹਾਨੂੰ ਕਿਸੇ ਦਵਾਈ ਦੀ ਲੋੜ ਪਵੇਗੀ।"

ਚੌਧਰੀ ਨੇ ਉਥੇ ਆਏ ਲੋਕਾਂ ਨੂੰ ਕਿਹਾ ਕਿ ਜ਼ਿਆਦਾ ਖ਼ਰਾਬ ਸਿਹਤ ਵਾਲੀ ਸ਼ਾਂਤੀ ਬਿਹਾਨੀ ਵਰਗੇ ਮਰੀਜ਼ਾਂ ਉੱਤੇ ਨਜ਼ਰ ਰੱਖੀ ਜਾਵੇਗੀ ਅਤੇ ਜੇਕਰ ਲੋੜ ਪਈ ਤਾਂ ਕੁਝ ਦਵਾਈਆਂ ਦਿੱਤੀਆਂ ਜਾਣਗੀਆਂ ਪਰ ਜੋ ਭੋਜਨ ਅਸੀਂ ਦੱਸਾਂਗੇ ਅੱਗੇ ਚੱਲ ਕੇ ਉਹੀ ਉਨ੍ਹਾਂ ਦੀ ਪ੍ਰਮੁੱਖ ਦਵਾਈ ਬਣ ਜਾਵੇਗੀ। ਚੌਧਰੀ ਉਥੇ ਆਏ ਲੋਕਾਂ ਨੂੰ ਆਖਦੇ ਹਨ, "ਜਿਸ ਸਮੇਂ ਤੋਂ ਤੁਸੀਂ ਸਾਡੀ ਦੱਸੀ ਪਹਿਲੀ ਡਾਈਟ ਲੈਣਾ ਸ਼ੁਰੂ ਕਰੋਗੇ ਉਸੇ ਸਮੇਂ ਤੋਂ ਹਾਰਟ ਅਟੈਕ ਪਰੂਫ਼ ਹੋ ਜਾਓਗੇ।"

ਸ਼ਾਂਤੀ ਬਿਹਾਨੀ ਪਹਿਲਾਂ ਤੋਂ ਹੀ ਕਈ ਦਵਾਈਆਂ ਲੈ ਰਹੀ ਸੀ ਪਰ ਉਹਨਾਂ ਨੇ ਆਪਣੀਆਂ ਦਵਾਈਆਂ ਉਸ ਨਾਰੰਗੀ ਡੱਬੇ ਵਿੱਚ ਪਾ ਦਿੱਤੀਆਂ ਸੀ ਜਿਸ ਨੂੰ ਤਾਲਾ ਜੜ ਦਿੱਤਾ ਗਿਆ ਸੀ। ਅਗਲੇ ਦਿਨ ਉਹਨਾਂ ਨੇ ਸਿਰ ਚਕਰਾਉਣ ਦੀ ਸ਼ਿਕਾਇਤ ਕੀਤੀ ਅਤੇ ਡਿੱਗ ਪਈ। ਹਸਪਤਾਲ ਚ ਭਰਤੀ ਕਰਵਾਇਆ ਗਿਆ ਪਰ ਦਿਲ ਦੇ ਦੌਰੇ ਨਾਲ ਮੌਤ ਹੋ ਗਈ। ਬਿਹਾਨੀ ਨੇ ਚੌਧਰੀ ਖ਼ਿਲਾਫ਼ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਮੈਡੀਕਲ ਪ੍ਰੈਕਟੀਸ਼ਨਰ ਹੋਣ ਦਾ ਉਨ੍ਹਾਂ ਦਾ ਦਾਅਵਾ ਝੂਠਾ ਹੈ ਅਤੇ ਉਹ ਫਰਜ਼ੀ ਇਲਾਜ ਕਰਦੇ ਹਨ। ਡਾਇਬਟੀਜ਼ ਦਾ ਇਲਾਜ ਦੱਸਣ ਲਈ ਆਯੋਜਿਤ ਪ੍ਰੋਗਰਾਮ ਵਿਚ ਚੌਧਰੀ ਸ਼ਾਂਤੀ ਨੂੰ ਐਮਰਜੈਂਸੀ ਕੇਅਰ ਦੇਣ ਵਿੱਚ ਨਾਕਾਮ ਰਹੇ ਪਰ ਚੌਧਰੀ ਇਨ੍ਹਾਂ ਆਰੋਪਾਂ ਨੂੰ ਸਿਰੇ ਤੋਂ ਖਾਰਜ ਕਰਦੇ ਹਨ।

ਚੌਧਰੀ ਦੀ ਵੈੱਬਸਾਈਟ ਵਿਚ ਉਨ੍ਹਾਂ ਦੀਆਂ ਜਿਨ੍ਹਾਂ ਡਿਗਰੀਆਂ ਦੀ ਲਿਸਟ ਹੈ ਉਸ ਵਿਚ ਸਭ ਤੋਂ ਪ੍ਰਮੁੱਖ ਹੈ ਡਾਈਬੀਟੀਜ਼ ਵਿਚ ਆਨਰੇਰੀ ਪੀਐੱਚਡੀ । ਇਹ ਡਿਗਰੀ ਜ਼ਾਂਬੀਆ ਦੀ ਐਲਾਇੰਸ ਯੂਨੀਵਰਸਿਟੀ ਦੀ ਹੈ। ਇਸ ਸੰਸਥਾਨ ਦੀ ਵੈੱਬਸਾਈਟ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਦਾ ਹੈੱਡਕੁਆਰਟਰ ਅਫ਼ਰੀਕਾ ਵਿੱਚ ਨਹੀਂ ਬਲਕਿ ਕਿਸੀ ਕੈਰੇਬਿਆਈ ਦੇਸ਼ ਵਿੱਚ ਹੈ। ਇਹ ਲੱਗਦਾ ਹੈ ਕਿ ਸ਼ਾਇਦ ਇਸੇ ਡਿਗਰੀ ਦੀ ਬਦੌਲਤ ਚੌਧਰੀ ਆਪਣੇ ਆਪ ਨੂੰ ਡਾਕਟਰ ਕਹਿੰਦੇ ਹਨ ਪਰ ਇਸ ਬਾਰੇ ਪੁੱਛੇ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ। ਬਿਹਾਨੀ ਦੇ ਇਲਜ਼ਾਮਾਂ ਦੇ ਜਵਾਬ ਵਿੱਚ ਚੌਧਰੀ ਦੇ ਬੁਲਾਰੇ ਨੇ ਕਿਹਾ ਕਿ ਬਿਹਾਨੀ ਦੀ ਮਾਂ ਕਾਫ਼ੀ ਬਿਮਾਰ ਸੀ ਅਤੇ ਹਰ ਸਮੇਂ ਪਾਨ ਮਸਾਲਾ ਚੱਬਦੀ ਰਹਿੰਦੀ ਸੀ। ਬਿਹਾਨੀ ਨੇ ਇਸ ਤੋਂ ਇਨਕਾਰ ਕੀਤਾ ਹੈ। ਬਿਹਾਨੀ ਦਾ ਕਹਿਣਾ ਹੈ ਕਿ ਜੋ ਲੋਕ ਵੀ ਚੌਧਰੀ ਦੀ ਸਲਾਹ ਲੈਣ ਜਾ ਰਹੇ ਹਨ ਉਨ੍ਹਾਂ ਨੂੰ ਮੇਰੇ ਅਨੁਭਵ ਨੂੰ ਇੱਕ ਚਿਤਾਵਨੀ ਵਾਂਗ ਲੈਣਾ ਚਾਹੀਦਾ ਹੈ। ਉਹ ਆਖਦੇ ਹਨ, "ਇਸ ਉਮਰ ਵਿੱਚ ਆਪਣੇ ਪਿਤਾ ਅਤੇ ਆਪਣੇ ਬੱਚਿਆਂ ਨੂੰ ਬਗ਼ੈਰ ਦਾਦੀ ਦੇ ਦੇਖ ਕੇ ਮੈਂ ਜੋ ਮਹਿਸੂਸ ਕਰਦਾ ਹਾਂ, ਉਹ ਤੁਹਾਨੂੰ ਦੱਸਣਾ ਮੁਸ਼ਕਿਲ ਹੈ।"

ਇਹ ਵੀ ਪੜ੍ਹੋ:

https://www.youtube.com/channel/UCN5piaaZEZBfvFJLd_kBHnA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''0e7988b5-cfc0-45ae-b02a-6bd399a470f6'',''assetType'': ''STY'',''pageCounter'': ''punjabi.india.story.57035226.page'',''title'': ''ਕੋਰੋਨਾਵਾਇਰਸ: ਵਿਸ਼ਵਰੂਪ ਰਾਏ ਚੌਧਰੀ ਦੀਆਂ ਗੱਲਾਂ ਵਿੱਚ ਕਿਤੇ ਤੁਸੀਂ ਵੀ ਤਾਂ ਨਹੀਂ ਆ ਰਹੇ'',''published'': ''2021-05-10T02:58:24Z'',''updated'': ''2021-05-10T02:58:24Z''});s_bbcws(''track'',''pageView'');

Related News