ਨਾਂਬੀ ਨਰਾਇਣਨ: ਜਸੂਸੀ ਸਕੈਂਡਲ ਜਿਸ ਨੇ ਇੱਕ ਵਿਗਿਆਨੀ ਦਾ ਕਰੀਅਰ ਤਬਾਹ ਕਰ ਦਿੱਤਾ

04/20/2021 5:50:40 PM

ਕਲਪਨਾ ਕਰੋ ਕਿ ਇੱਕ ਨਾਟਕੀ ਪਲ ਵਿੱਚ ਤੁਹਾਡੀ ਸਾਰੀ ਜ਼ਿੰਦਗੀ ਹੀ ਬਦਲ ਜਾਵੇ। 27 ਸਾਲ ਪਹਿਲਾਂ ਅਜਿਹਾ ਹੀ ਕੁਝ ਭਾਰਤ ਦੇ ਇੱਕ ਉੱਘੇ ਵਿਗਿਆਨੀ ਨਾਲ ਹੋਇਆ, ਜਦੋਂ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਦਾ ਦਰਵਾਜ਼ਾ ਖੜਕਾਇਆ।

ਉਹ ਠੰਢ ਦੀ ਦੁਪਿਹਰ ਸੀ। ਕੇਰਲ ਦੀ ਰਾਜਧਾਨੀ ਤ੍ਰਿਵੇਂਦਰਮ ਦੀ ਤੰਗ ਗਲੀ ਵਿੱਚ ਵਸੇ ਇੱਕ ਘਰ ਵਿੱਚ ਤਿੰਨ ਪੁਲਿਸ ਅਧਿਕਾਰੀ ਆਏ।

ਨਾਂਬੀ ਨਾਰਾਇਣਨ ਯਾਦ ਕਰਦੇ ਹਨ ਕਿ ਤਿੰਨੋਂ ਪੁਲਿਸ ਅਧਿਕਾਰੀ ਉਨ੍ਹਾਂ ਨਾਲ ਬਹੁਤ ਨਿਮਰਤਾ ਅਤੇ ਸਤਿਕਾਰ ਨਾਲ ਪੇਸ਼ ਆ ਰਹੇ ਸਨ।

ਪੁਲਿਸ ਅਧਿਕਾਰੀਆਂ ਨੇ ਪੁਲਾੜ ਵਿਗਿਆਨੀ ਨਾਰਾਇਣਨ ਨੂੰ ਦੱਸਿਆ ਕਿ ਉਨ੍ਹਾਂ ਦੇ ਬੌਸ (ਡੀਆਈਜੀ) ਉਨ੍ਹਾਂ ਨਾਲ ਗੱਲ ਕਰਨਾ ਚਾਹੁੰਦੇ ਹਨ।

"ਕੀ ਮੈਂ ਅੰਡਰ ਅਰੈਸਟ ਹਾਂ?" ਨਾਰਾਇਣ ਨੇ ਪੁੱਛਿਆ।

"ਨਹੀਂ ਸਰ।" ਪੁਲਿਸ ਅਧਿਕਾਰੀ ਨੇ ਜਵਾਬ ਦਿੱਤਾ।

ਇਹ ਸਭ 30 ਨਵੰਬਰ, 1994 ਨੂੰ ਹੋਇਆ। ਨਾਂਬੀ ਨਾਰਾਇਣਨ ਉਸ ਸਮੇਂ ਇਸਰੋ ਦੇ ਕ੍ਰਾਈਜੈਨਿਕ ਰਾਕੇਟ ਇੰਜਨ ਪ੍ਰੋਗਰਾਮ ਦੀ ਆਗਵਾਈ ਕਰ ਰਹੇ ਸਨ। ਇਸ ਪ੍ਰੋਜੈਕਟ ਲਈ ਉਹ ਰੂਸ ਤੋਂ ਤਕਨੀਕ ਲੈ ਰਹੇ ਸਨ।

ਨਾਂਬੀ ਨਾਰਾਇਣਨ ਪੁਲਿਸ ਦੀ ਗੱਡੀ ਵੱਲ ਵਧੇ। ਉਨ੍ਹਾਂ ਨੇ ਪੁੱਛਿਆ ਕਿ ਉਨ੍ਹਾਂ ਨੇ ਅਗਲੀ ਸੀਟ ''ਤੇ ਬੈਠਣਾ ਹੈ ਜਾਂ ਪਿਛਲੀ ''ਤੇ।

ਇਹ ਵੀ ਪੜ੍ਹੋ-

ਆਮ ਤੌਰ ''ਤੇ ਸ਼ੱਕੀਆਂ ਨੂੰ ਪੁਲਿਸ ਦੀ ਗੱਡੀ ਵਿੱਚ ਪਿਛਲੀ ਸੀਟ ''ਤੇ ਬਿਠਾਇਆ ਜਾਂਦਾ ਹੈ ਪਰ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਅਗਲੀ ਸੀਟ ''ਤੇ ਬੈਠਣ ਨੂੰ ਕਿਹਾ ਅਤੇ ਗੱਡੀ ਗਲੀ ਵਿੱਚੋਂ ਬਾਹਰ ਨਿਕਲ ਗਈ।

ਜਦੋਂ ਉਹ ਪੁਲਿਸ ਸਟੇਸ਼ਨ ਪਹੁੰਚੇ ਤਾਂ ਡੀਆਈਜੀ ਉੱਥੇ ਨਹੀਂ ਸਨ। ਇਸ ਲਈ ਨਾਰਾਇਣ ਨੂੰ ਇੱਕ ਬੈਂਚ ''ਤੇ ਬੈਠ ਕੇ ਉਡੀਕ ਕਰਨ ਲਈ ਕਿਹਾ ਗਿਆ।

1990 ਦੇ ਸ਼ੁਰੂ ਵਿੱਚ ਰੂਸ ਦੇ ਵਿਗਿਆਨੀਆਂ ਨਾਲ ਨਾਂਬੀ ਨਰਾਇਣਨ (ਸੱਜੇ)
BBC
1990 ਦੇ ਸ਼ੁਰੂ ਵਿੱਚ ਰੂਸ ਦੇ ਵਿਗਿਆਨੀਆਂ ਨਾਲ ਨਾਂਬੀ ਨਰਾਇਣਨ (ਸੱਜੇ)

ਉਹ ਬੈਂਚ ''ਤੇ ਬੈਠੇ ਰਹੇ ਅਤੇ ਉੱਥੋਂ ਲੰਘਣ ਵਾਲੇ ਪੁਲਿਸਕਰਮੀ ਉਨ੍ਹਾਂ ਨੂੰ ਘੂਰਦੇ ਰਹੇ।

ਨਾਰਾਇਣਨ ਦੱਸਦੇ ਹਨ, "ਉਨ੍ਹਾਂ ਦੀ ਨਿਗ੍ਹਾ ਕੁਝ ਇਸ ਤਰ੍ਹਾਂ ਸੀ ਜਿਵੇਂ ਉਹ ਕਿਸੇ ਅਜਿਹੇ ਸ਼ਖ਼ਸ ਨੂੰ ਦੇਖ ਰਹੇ ਹੋਣ, ਜਿਸ ਨੇ ਕੋਈ ਅਪਰਾਧ ਕੀਤਾ ਹੋਵੇ।"

ਨਾਰਾਇਣਨ ਉਡੀਕ ਕਰਦੇ ਰਹੇ ਪਰ ਡੀਆਈਜੀ ਨਾ ਆਏ। ਰਾਤ ਵਿੱਚ ਉਨ੍ਹਾਂ ਨੂੰ ਬੈਂਚ ''ਤੇ ਬੈਠੇ-ਬੈਠੇ ਹੀ ਨੀਂਦ ਆ ਗਈ।

ਅਗਲੀ ਸਵੇਰ ਜਦੋਂ ਉਨ੍ਹਾਂ ਦੀ ਅੱਖ ਖ਼ੁੱਲ੍ਹੀ ਤਾਂ ਦੱਸਿਆ ਗਿਆ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ।

ਉਸ ਸਮੇਂ ਤੱਕ ਪੁਲਿਸ ਸਟੇਸ਼ਨ ਵਿੱਚ ਪੱਤਰਕਾਰਾਂ ਦੀ ਭੀੜ ਇਕੱਠੀ ਹੋ ਚੁੱਕੀ ਸੀ ਅਤੇ ਕੁਝ ਹੀ ਘੰਟਿਆ ਅੰਦਰ ਅਖ਼ਬਾਰ ਉਨ੍ਹਾਂ ਨੂੰ ''ਗੱਦਾਰ'' ਕਹਿ ਰਹੇ ਸਨ।

ਇੱਕ ਅਜਿਹਾ ਗੱਦਾਰ ਜਿਸਨੇ ਮਾਲਦੀਵ ਦੀਆਂ ਦੋ ਔਰਤਾਂ ਦੇ ਹਨੀ ਟ੍ਰੈਪ ਵਿੱਚ ਫ਼ਸ ਕੇ ਰੂਸ ਤੋਂ ਭਾਰਤ ਨੂੰ ਮਿਲਣ ਵਾਲੀ ਤਕਨੀਕ ਪਾਕਿਸਤਾਨ ਨੂੰ ਵੇਚ ਦਿੱਤੀ ਸੀ।

ਇਸਦੇ ਬਾਅਦ ਨਾਰਾਇਣਨ ਦੀ ਜ਼ਿੰਦਗੀ ਕਦੇ ਵੀ ਪਹਿਲਾਂ ਵਰਗੀ ਨਾ ਰਹੀ।

ਸਕੈਂਡਲ ਤੋਂ ਪਹਿਲਾਂ ਦੀ ਜ਼ਿੰਦਗੀ

ਨਾਂਬੀ ਨਾਰਾਇਣਨ ਇੱਕ ਮੱਧ-ਵਰਗੀ ਪਰਿਵਾਰ ਵਿੱਚ ਜਨਮੇ ਸਨ। ਆਪਣੀਆਂ ਪੰਜ ਭੈਣਾਂ ਤੋਂ ਬਾਅਦ ਜਨਮੇ ਨਾਰਾਇਣ ਮਾਤਾ-ਪਿਤਾ ਦੀ ਛੇਵੀਂ ਔਲਾਦ ਸਨ।

ਉਨ੍ਹਾਂ ਦੇ ਪਿਤਾ ਨਾਰੀਅਲ ਦੇ ਕਾਰੋਬਾਰੀ ਸਨ ਅਤੇ ਮਾਂ ਘਰੇਲੂ ਔਰਤ ਸੀ ਜੋ ਬੱਚਿਆਂ ਦੀ ਦੇਖਭਾਲ ਕਰਦੀ ਸੀ।

ਨੌਜਵਾਨ ਨਾਂਬੀ ਨਾਰਾਇਣਨ
BBC
ਨੌਜਵਾਨ ਨਾਂਬੀ ਨਾਰਾਇਣਨ

ਨਾਰਾਇਣਨ ਇੱਕ ਹੁਸ਼ਿਆਰ ਵਿਦਿਆਰਥੀ ਸਨ ਅਤੇ ਆਪਣੀ ਜਮਾਤ ਵਿੱਚ ਹਮੇਸ਼ਾ ਪਹਿਲੇ ਨੰਬਰ ''ਤੇ ਆਉਂਦੇ ਸਨ। ਇਸਰੋ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਇੰਜੀਨੀਅਰਿੰਗ ਕਾਲਜ ਤੋਂ ਡਿਗਰੀ ਲਈ ਅਤੇ ਕੁਝ ਸਮੇਂ ਤੱਕ ਖੰਡ ਦੀ ਫ਼ੈਕਟਰੀ ਵਿੱਚ ਕੰਮ ਕੀਤਾ।

ਉਹ ਦੱਸਦੇ ਹਨ, ''''ਏਅਰਕਰਾਫ਼ਟ ਮੈਨੂੰ ਹਮੇਸ਼ਾ ਖਿੱਚਦੇ ਸਨ।''''

ਇਸਰੋ ਵਿੱਚ ਕੰਮ ਕਰਦੇ ਹੋਏ ਨਾਰਾਇਣਨ ਨੇ ਤੇਜ਼ੀ ਨਾਲ ਤਰੱਕੀ ਕੀਤੀ।

ਉਨ੍ਹਾਂ ਨੂੰ ਅਮਰੀਕਾ ਦੀ ਪ੍ਰਿੰਸਟਨ ਯੂਨੀਵਰਸਿਟੀ ਵਿੱਚ ਰਾਕੇਟ ਨਾਲ ਜੁੜੀ ਤਕਨੀਕ ਦਾ ਅਧਿਐਨ ਕਰਨ ਲਈ ਸਕਾਲਰਸ਼ਿਪ ਵੀ ਮਿਲੀ।

ਉੱਥੋਂ ਪੜ੍ਹਾਈ ਦੇ ਇੱਕ ਸਾਲ ਬਾਅਦ ਉਹ ਭਾਰਤ ਵਾਪਸ ਪਰਤੇ ਤੇ ਆ ਕੇ ਫ਼ਿਰ ਤੋਂ ਇਸਰੋ ਵਿੱਚ ਕੰਮ ਕਰਨ ਲੱਗੇ।

ਇਸਰੋ ਵਿੱਚ ਉਨ੍ਹਾਂ ਨੇ ਭਾਰਤੀ ਪੁਲਾੜ ਪ੍ਰੋਗਰਾਮ ਦੇ ਜਨਮਦਾਤਿਆਂ ਜਿਵੇਂ ਵਿਕਰਮ ਸਾਰਾਭਾਈ (ਇਸਰੋ ਦੇ ਸੰਸਥਾਪਕ ਅਤੇ ਪਹਿਲੇ ਪ੍ਰਧਾਨ), ਸਤੀਸ਼ ਧਵਨ ਅਤੇ ਏਪੀਜੇ ਅਬਦੁੱਲ ਕਲਾਮ (ਜੇ ਬਾਅਦ ਵਿੱਚ ਭਾਰਤ ਦੇ 11ਵੇਂ ਰਾਸ਼ਟਰਪਤੀ ਬਣੇ) ਦੇ ਨਾਲ ਕੰਮ ਕੀਤਾ।

ਨਾਰਾਇਣਨ ਯਾਦ ਕਰਦੇ ਹਨ, ''''ਜਦੋਂ ਮੈਂ ਇਸਰੋ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਉਸ ਸਮੇਂ ਇਹ ਆਪਣੇ ਸ਼ੁਰੂਆਤੀ ਦੌਰ ਵਿੱਚ ਸੀ। ਸੱਚ ਕਹੀਏ ਤਾਂ ਕਿਸੇ ਤਰ੍ਹਾਂ ਦਾ ਰਾਕੇਟ ਸਿਸਟਮ ਵਿਕਸਿਤ ਕਰਨ ਦੀ ਸਾਡੀ ਕੋਈ ਯੋਜਨਾ ਸੀ ਹੀ ਨਹੀਂ। ਆਪਣੇ ਏਅਰਕ੍ਰਾਫ਼ਟ ਉਡਾਉਣ ਲਈ ਅਸੀਂ ਅਮਰੀਕਾ ਅਤੇ ਫ਼ਰਾਂਸ ਦੇ ਰਾਕੇਟ ਇਸਤੇਮਲ ਕਰਨ ਦੀ ਯੋਜਨਾ ਬਣਾ ਰਹੇ ਸੀ।''''

ਹਾਲਾਂਕਿ ਇਹ ਯੋਜਨਾ ਬਾਅਦ ਵਿੱਚ ਬਦਲ ਗਈ ਅਤੇ ਨਾਰਾਇਣਨ ਭਾਰਤ ਦੇ ਸਵਦੇਸ਼ੀ ਰਾਕੇਟ ਬਣਾਉਣ ਦੇ ਪ੍ਰੋਜੈਕਟ ਵਿੱਚ ਅਹਿਮ ਭੂਮਿਕਾ ਨਿਭਾਉਣ ਲੱਗੇ।

ਸਾਲ 1994 ਤੱਕ ਉਨ੍ਹਾਂ ਨੇ ਇੱਕ ਵਿਗਿਆਨੀ ਵਜੋਂ ਬਹੁਤ ਮਿਹਨਤ ਨਾਲ ਕੰਮ ਕੀਤਾ। ਉਸ ਸਮੇਂ ਤੱਕ ਜਦੋਂ ਨਵੰਬਰ 1994 ਵਿੱਚ ਉਨ੍ਹਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਨਾ ਗਈ।

ਨਾਰਾਇਣਨ ਦੀ ਗ੍ਰਿਫ਼ਤਾਰੀ ਤੋਂ ਇੱਕ ਮਹੀਨਾ ਪਹਿਲਾਂ ਕੇਰਲ ਪੁਲਿਸ ਨੇ ਮਾਲਦੀਵ ਦੀ ਇੱਕ ਔਰਤ ਮਰੀਅਮ ਰਾਸ਼ੀਦਾ ਨੂੰ ਆਪਣੇ ਵੀਜ਼ੇ ਵਿੱਚ ਨਿਰਧਾਰਿਤ ਸਮੇਂ ਤੋਂ ਜ਼ਿਆਦਾ ਸਮੇਂ ਤੱਕ ਭਾਰਤ ਰਹਿਣ ਦੇ ਇਲਜ਼ਾਮ ਤਹਿਤ ਗ੍ਰਿਫ਼ਤਾਰ ਕੀਤਾ ਸੀ।

ਰਾਸ਼ੀਦਾ ਦੀ ਗ੍ਰਿਫ਼ਤਾਰੀ ਤੋਂ ਕੁਝ ਮਹੀਨੇ ਬਾਅਦ ਪੁਲਿਸ ਨੇ ਮਾਲਦੀਵ ਦੀ ਇੱਕ ਬੈਂਕ ਮੁਲਾਜ਼ਮ ਫ਼ੌਜ਼ੀਆ ਹਸਨ ਨੂੰ ਗ੍ਰਿਫ਼ਤਾਰ ਕੀਤਾ। ਇਸ ਤੋਂ ਬਾਅਦ ਇੱਕ ਵੱਡਾ ਸਕੈਂਡਲ ਸਾਹਮਣੇ ਆਇਆ।

ਪੁਲਿਸ ਤੋਂ ਮਿਲੀ ਕੁਝ ਜਾਣਕਾਰੀ ਦੇ ਆਧਾਰ ''ਤੇ ਸਥਾਨਕ ਅਖ਼ਬਾਰਾਂ ਨੇ ਆਪਣੀਆਂ ਖ਼ਬਰਾਂ ਵਿੱਚ ਲਿਖਿਆ ਮਾਲਦੀਵ ਦੀਆਂ ਇਹ ਔਰਤਾਂ ਭਾਰਤੀ ਰਾਕੇਟ ਨਾਲ ਜੁੜੀਆਂ ''ਗੁਪਤ ਜਾਣਕਾਰੀਆਂ'' ਚੋਰੀ ਕਰਕੇ ਪਾਕਿਸਤਾਨ ਨੂੰ ਵੇਚ ਰਹੀਆਂ ਸਨ ਅਤੇ ਇਸ ਵਿੱਚ ਇਸਰੋ ਦੇ ਵਿਗਿਆਨੀਆਂ ਦੀ ਮਿਲੀਭੁਗਤ ਵੀ ਹੈ।

ਫ਼ਿਰ ਇਹ ਦਾਅਵੇ ਵੀ ਕੀਤੇ ਜਾਣ ਲੱਗੇ ਕਿ ਨਾਂਬੀ ਨਾਰਾਇਣਨ ਵੀ ਮਾਲਦੀਵ ਦੀਆਂ ਔਰਤਾਂ ਦੇ ਹਨੀ ਟ੍ਰੈਪ ਦੇ ਸ਼ਿਕਾਰ ਹੋਏ ਵਿਗਿਆਨੀਆਂ ਵਿੱਚੋਂ ਇੱਕ ਹਨ।

ਸਕੈਂਡਲ ਤੋਂ ਬਾਅਦ ਦੀ ਜ਼ਿੰਦਗੀ

ਰਸਮੀ ਤੌਰ ''ਤੇ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਨਾਰਾਇਣਨ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਉਹ ਯਾਦ ਕਰਦਿਆਂ ਦੱਸਦੇ ਹਨ ਕਿ ਜੱਜ ਨੇ ਮੈਨੂੰ ਪੁੱਛਿਆ, ਕੀ ਮੈਂ ਆਪਣੇ ਅਪਰਾਧ ਕਬੂਲ ਕਰਾਂਗਾ?

ਮੈਂ ਪੁੱਛਿਆ, ''''ਕਿਹੜਾ ਅਪਰਾਧ?''''

ਉਨ੍ਹਾਂ ਨੇ ਕਿਹਾ, ''''ਇਹ ਸੱਚ ਹੈ ਕਿ ਤੁਸੀਂ ਤਕਨੀਕ ਦੂਜੇ ਦੇਸ ਤੱਕ ਪਹੁੰਚਾਈ ਹੈ।''''

ਜੱਜ ਨੇ ਉਨ੍ਹਾਂ ਨੂੰ ਗਿਆਰਾਂ ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਅਤੀਤ ਨੂੰ ਟਟੋਲਣ ''ਤੇ ਉਹ ਤਸਵੀਰਾਂ ਮਿਲਦੀਆਂ ਹਨ ਜਿੰਨ੍ਹਾਂ ਵਿੱਚ ਇੱਕ ਵਿਗਿਆਨੀ ਗਹਿਰੇ ਰੰਗ ਦੀ ਕਮੀਜ਼ ਪਹਿਨੇ ਤੇ ਹਲਕੇ ਸਲੇਟੀ ਰੰਗ ਦੀ ਪੈਂਟ ਪਹਿਨੇ, ਪੁਲਿਸ ਨਾਲ ਘਿਰਿਆ ਹੋਇਆ, ਅਦਾਲਤ ਦੀਆਂ ਪੌੜੀਆਂ ਤੋਂ ਹੇਠਾਂ ਉੱਤਰ ਰਿਹਾ ਹੈ।

ਉਸ ਸਮੇਂ ਨੂੰ ਯਾਦ ਕਰਦਿਆਂ ਨਾਰਾਇਣਨ ਨੇ ਆਪਣੀ ਜੀਵਨੀ ਵਿੱਚ ਲਿਖਿਆ, ''''ਪਹਿਲਾਂ ਤਾਂ ਮੈਂ ਸਦਮੇ ਵਿੱਚ ਸੀ ਪਰ ਬਾਅਦ ਵਿੱਚ ਲੱਗਿਆ ਜਿਵੇਂ ਮੈਂ ਦਿਨੇਂ ਹੀ ਕੋਈ ਸੁਫ਼ਨਾ ਦੇਖ ਰਿਹਾ ਹਾਂ। ਇੱਕ ਵਾਰ ਤਾਂ ਇਹ ਸਭ ਇਸ ਤਰ੍ਹਾਂ ਲੱਗਿਆ ਜਿਵੇਂ ਮੈਂ ਕੋਈ ਫ਼ਿਲਮ ਦੇਖ ਰਿਹਾ ਹਾਂ ਅਤੇ ਉਹ ਫ਼ਿਲਮ ਮੇਰੇ ਹੀ ਆਲੇ-ਦੁਆਲੇ ਘੁੰਮ ਰਹੀ ਹੈ।''''

ਅਗਲੇ ਕੁਝ ਮਹੀਨੇ ਨਾਰਾਇਣਨ ਦਾ ਅਕਸ ਅਤੇ ਇੱਜਤ ਜਿਵੇਂ ਟੁੱਕੜਿਆਂ ਵਿੱਚ ਖਿੱਲ੍ਹਰ ਗਏ।

ਉਨ੍ਹਾਂ ''ਤੇ ਭਾਰਤ ਦੇ ਸਰਕਾਰੀ ਗੁਪਤਤਾ ਕਾਨੂੰਨ (ਆਫ਼ੀਸ਼ੀਅਲ ਸੀਕ੍ਰੇਟ ਐਕਟ) ਦੀ ਉਲੰਘਣਾ ਅਤੇ ਭ੍ਰਿਸ਼ਟਾਚਾਰ ਸਮੇਤ ਕਈ ਹੋਰ ਮਾਮਲੇ ਦਰਜ ਕੀਤੇ ਗਏ।

ਜਾਂਚ ਕਰਨ ਵਾਲੇ ਉਨ੍ਹਾਂ ਨੂੰ ਕੁੱਟਦੇ ਅਤੇ ਕੁੱਟਣ ਤੋਂ ਬਾਅਦ ਇੱਕ ਬਿਸਤਰੇ ''ਤੇ ਬੰਨ੍ਹ ਦਿੰਦੇ। ਉਹ ਉਨ੍ਹਾਂ ਨੂੰ 30 ਘੰਟਿਆਂ ਤੱਕ ਖੜ੍ਹੇ ਰੱਖਕੇ ਸਵਾਲਾਂ ਦੇ ਜਵਾਬ ਦੇਣ ਨੂੰ ਮਜਬੂਰ ਕਰਿਆ ਕਰਦੇ ਸਨ।

ਉਨ੍ਹਾਂ ਨੂੰ ਲਾਈ ਡਿਟੈਕਟਰ (ਝੂਠ ਫ਼ੜਨ ਵਾਲਾ ਟੈਸਟ) ਲੈਣ ਲਈ ਮਜਬੂਰ ਕੀਤਾ ਜਾਂਦਾ ਸੀ, ਜਦੋਂ ਕਿ ਇਸ ਨੂੰ ਭਾਰਤੀ ਅਦਾਲਾਤਾਂ ਵਿੱਚ ਸਬੂਤ ਦੇ ਤੌਰ ''ਤੇ ਮਾਣਤਾ ਨਹੀਂ ਹੈ।

ਨਾਰਾਇਣਨ ਨੂੰ ਸਖ਼ਤ ਸੁਰੱਖਿਆ ਵਾਲੀ ਜੇਲ੍ਹ ਵਿੱਚ ਰੱਖਿਆ ਗਿਆ ਸੀ। ਉਨ੍ਹਾਂ ਦੇ ਸੈਲ ਵਿੱਚ ਲੋਕਾਂ ਨੂੰ ਕੁੱਟ ਕੁੱਟਕੇ ਮਾਰ ਦੇਣ ਵਾਲਾ ਇੱਕ ਸੀਰੀਅਲ ਕਿੱਲਰ ਵੀ ਸੀ। (ਉਸ ਵਿਅਕਤੀ ਨੇ ਨਾਰਾਇਣਨ ਨੂੰ ਕਿਹਾ ਸੀ ਕਿ ਉਹ ਇਸ ਬਾਰੇ ਵਿੱਚ ਖ਼ਬਰਾਂ ਪੜ੍ਹਦਾ ਹੈ ਅਤੇ ਉਸ ਨੂੰ ਲੱਗਦਾ ਹੈ ਕਿ ਉਹ (ਨਾਰਾਇਣਨ) ਬੇਕਸੂਰ ਹੈ।)

ਇਹ ਵੀ ਪੜ੍ਹੋ:

ਨਾਰਾਇਣਨ ਨੇ ਪੁਲਿਸ ਨੂੰ ਦੱਸਿਆ ਸੀ ਕਿ ਰਾਕੇਟ ਦੀ ਖ਼ੂਫ਼ੀਆ ਜਾਣਕਾਰੀ ''ਕਾਗ਼ਜ਼ ਦੇ ਜ਼ਰੀਏ ਟਰਾਂਸਫ਼ਰ ਨਹੀਂ ਕੀਤੀ ਜਾ ਸਕਦੀ'' ਅਤੇ ਉਨ੍ਹਾਂ ਨੂੰ ਸਾਫ਼ ਤੌਰ ''ਤੇ ਫ਼ਸਾਇਆ ਜਾ ਰਿਹਾ ਹੈ।

ਉਸ ਸਮੇਂ ਭਾਰਤ ਸ਼ਕਤੀਸ਼ਾਲੀ ਰਾਕੇਟ ਇੰਜਣ ਬਣਾਉਣ ਲਈ ਕ੍ਰਈਜੈਨਿਕ ਤਕਨੀਕ ਨੂੰ ਹਾਸਿਲ ਕਰਨ ਲਈ ਸੰਘਰਸ਼ ਕਰ ਰਿਹਾ ਸੀ ਅਤੇ ਇਸ ਲਈ ਜਾਂਚ ਕਰਨ ਵਾਲਿਆਂ ਨੇ ਨਾਰਾਇਣਨ ਦੀਆਂ ਗੱਲਾਂ ''ਤੇ ਭਰੋਸਾ ਨਾ ਕੀਤਾ।

ਇਸ ਮਾਮਲੇ ਵਿੱਚ ਨਾਰਾਇਣਨ ਨੂੰ 50 ਦਿਨ ਗ੍ਰਿਫ਼ਤਾਰੀ ਵਿੱਚ ਬਿਤਾਉਣੇ ਪਏ ਸਨ। ਉਹ ਇੱਕ ਮਹੀਨਾ ਜੇਲ੍ਹ ਵਿੱਚ ਵੀ ਰਹੇ ਸਨ।

ਜਦੋਂ ਵੀ ਉਨ੍ਹਾਂ ਨੂੰ ਅਦਾਲਤੀ ਸੁਣਵਾਈ ਲਈ ਲੈ ਜਾਇਆ ਜਾਂਦਾ, ਭੀੜ ਚੀਕ-ਚੀਕ ਕੇ ਉਨ੍ਹਾਂ ਨੂੰ ਗੱਦਾਰ ਅਤੇ ਜਸੂਸ ਬੁਲਾਉਂਦੀ।

ਹਾਲਾਂਕਿ ਨਾਰਾਇਣਨ ਦੀ ਗ੍ਰਿਫ਼ਤਾਰੀ ਦੇ ਇੱਕ ਮਹੀਨੇ ਬਾਅਦ ਭਾਰਤ ਦੀ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਨੇ ਕੇਰਲ ਤੋਂ ਇਹ ਮਾਮਲਾ ਆਪਣੇ ਹੱਥਾਂ ਵਿੱਚ ਲੈ ਲਿਆ।

ਨਾਰਾਇਣਨ ਨੇ ਸੀਬੀਆਈ ਦੇ ਜਸੂਸਾਂ ਨੂੰ ਦੱਸਿਆ ਕਿ ਉਹ ਜਿੰਨ੍ਹਾਂ ਵੀ ਜਾਣਕਾਰੀਆਂ ''ਤੇ ਕੰਮ ਕਰਦੇ ਸਨ ਉਨ੍ਹਾਂ ਵਿੱਚੋਂ ਕੋਈ ਵੀ ਜਾਣਕਾਰੀ ''ਕਲਾਸੀਫ਼ਾਈਡ'' ਨਹੀਂ ਸੀ।

ਇੱਕ ਜਸੂਸ ਨੇ ਨਾਰਾਇਣਨ ਤੋਂ ਇਸ ਬਾਰੇ ਮੁਆਫ਼ੀ ਵੀ ਮੰਗੀ ਸੀ। ਉਸ ਨੇ ਕਿਹਾ ਸੀ, ''''ਮੈਨੂੰ ਪਤਾ ਨਹੀਂ ਇੰਨਾਂ ਕੁਝ ਕਿਵੇਂ ਹੋ ਗਿਆ, ਸਾਨੂੰ ਇਸ ਦਾ ਦੁੱਖ ਹੈ।''''

ਆਖ਼ਰਕਾਰ 19 ਜਨਵਰੀ, 1995 ਨੂੰ ਨਾਂਬੀ ਨਾਰਾਇਣਨ ਨੂੰ ਜ਼ਮਾਨਤ ਮਿਲੀ ਅਤੇ ਅੱਧੀ ਰਾਤ ਤੋਂ ਕੁਝ ਸਮਾਂ ਪਹਿਲਾਂ ਉਹ ਆਪਣੇ ਘਰ ਪਹੁੰਚੇ।

ਉਹ ਪੌੜੀਆਂ ਰਾਹੀਂ ਉੱਪਰ ਗਏ ਅਤੇ ਸਭ ਤੋਂ ਪਹਿਲਾਂ ਆਪਣੀ ਪਤਨੀ ਨੂੰ ਖ਼ਬਰ ਦਿੱਤੀ। ਉਨ੍ਹਾਂ ਦੀ ਪਤਨੀ ਹਨੇਰੇ ਕਮਰੇ ਵਿੱਚ ਜ਼ਮੀਨ ''ਤੇ ਸੌਂ ਰਹੀ ਸੀ। ਨਾਰਾਇਣਨ ਨੇ ਦੋ ਵਾਰ ਉਨ੍ਹਾਂ ਦਾ ਨਾਮ ਲੈ ਕਿ ਬੁਲਾਇਆ ਤਾਂ ਉਹ ਉੱਠੀ।

https://www.youtube.com/watch?v=eAsHtVW24ww

ਨਾਰਾਇਣਨ ਯਾਦ ਕਰਦੇ ਹਨ, ''''ਉਸਨੇ ਹੌਲੀ ਜਿਹੇ ਪਾਸਾ ਬਦਲਿਆ, ਆਪਣਾ ਸਿਰ ਚੁੱਕਿਆ ਅਤੇ ਚੁੱਪ-ਚਾਪ ਮੇਰੀਆਂ ਅੱਖਾਂ ਵਿੱਚ ਦੇਖਦੀ ਰਹੀ।"

"ਉਸ ਦੇ ਚਹਿਰੇ ''ਤੇ ਅਜੀਬ ਭਾਵ ਸਨ। ਜਿਵੇਂ ਉਹ ਮੈਨੂੰ ਭਿਆਨਕ ਕੰਮ ਕਰਦਿਆਂ ਦੇਖ ਰਹੀ ਹੋਵੇ। ਉਸ ਦੇ ਬਾਅਦ ਉਹ ਜ਼ੋਰ ਨਾਲ ਚੀਕ-ਚੀਕ ਕੇ ਰੋਣ ਲੱਗੀ। ਅਜਿਹੀ ਚੀਕ ਮੈਂ ਪਹਿਲਾਂ ਕਦੇ ਨਹੀਂ ਸੀ ਸੁਣੀ। ਨਾ ਕਿਸੇ ਇਨਸਾਨ ਦੀ ਤੇ ਨਾ ਹੀ ਕਿਸੇ ਜਾਨਵਰ ਦੀ।''''

ਮੀਨਾਕਸ਼ੀ ਅੱਮਲ (ਨਾਰਾਇਣਨ ਦੀ ਪਤਨੀ) ਦੀ ਚੀਕ ਪੂਰੇ ਘਰ ਵਿੱਚ ਗੂੰਜ ਉੱਠੀ। ਕੁਝ ਦੇਰ ਬਾਅਦ ਉਹ ਚੁੱਪ ਹੋ ਗਈ।

ਪਤੀ ਦੇ ਜੇਲ੍ਹ ਜਾਣ ਅਤੇ ਉਨ੍ਹਾਂ ਦੀ ਗ਼ੈਰ-ਮੌਜੂਦਗੀ ਨਾਲ ਮੀਨਾਕਸ਼ੀ ਦੀ ਮਾਨਸਿਕ ਸਿਹਤ ''ਤੇ ਬਹੁਤ ਬੁਰਾ ਅਸਰ ਪਿਆ ਸੀ। ਦੋਵਾਂ ਦੇ ਵਿਆਹ ਨੂੰ ਕਰੀਬ 30 ਸਾਲ ਹੋ ਚੁੱਕੇ ਸਨ ਅਤੇ ਉਨ੍ਹਾਂ ਦੇ ਦੋ ਬੱਚੇ ਵੀ ਸਨ।

ਨਾਰਾਇਣਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਰੋਜ਼ ਮੰਦਰ ਜਾਣ ਵਾਲੀ ਮੀਨਾਕਸ਼ੀ ਡਿਪਰੈਸ਼ਨ ਵਿੱਚ ਚਲੀ ਗਈ ਅਤੇ ਉਨ੍ਹਾਂ ਨੇ ਕਿਸੇ ਨਾਲ ਵੀ ਗੱਲ ਕਰਨਾ ਬੰਦ ਕਰ ਦਿੱਤਾ।

ਨਾਰਾਇਣਨ ਤੋਂ ਇਲਾਵਾ ਪੰਜ ਹੋਰ ਲੋਕਾਂ ''ਤੇ ਵੀ ਜਸੂਸੀ ਅਤੇ ਪਾਕਿਸਤਾਨ ਨੂੰ ਰਾਕੇਟ ਤਕਨੀਕ ਵੇਚਣ ਦਾ ਇਲਜ਼ਾਮ ਲੱਗਿਆ ਸੀ।

ਇਸਰੋ ਵਿੱਚ ਕੰਮ ਕਰਨ ਵਾਲੇ ਡੀ ਸਸਿਕੁਮਾਰ, ਦੋ ਹੋਰ ਭਾਰਤੀ ਪੁਰਸ਼ (ਰੂਸੀ ਪੁਲਾੜ ਏਜੰਸੀ ਦੇ ਇੱਕ ਕਾਰਕੁਨ ਅਤੇ ਇੱਕ ਕੰਟਰੈਕਟਰ) ਅਤੇ ਮਾਲਦੀਵ ਦੀਆਂ ਦੋ ਔਰਤਾਂ ਨੂੰ ਵੀ ਇਸ ਸਿਲਸਿਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਨਾਰਾਇਣਨ ਆਪਣੀ ਗ੍ਰਿਫ਼ਤਾਰੀ ਤੋਂ ਪਹਿਲਾਂ ਇਨ੍ਹਾਂ ਵਿੱਚੋਂ ਕਿਸੇ ਨੂੰ ਵੀ ਕਦੇ ਨਹੀਂ ਸਨ ਮਿਲੇ।

ਮੁੱਖ ਘਟਨਾਕ੍ਰਮ

  • 1994: ਨਾਰਾਇਣਨ ਨੂੰ ਗ੍ਰਿਫ਼ਤਾਰ ਕੀਤਾ ਗਿਆ, ਹਿਰਾਸਤ ਵਿੱਚ ਰੱਖਿਆ ਗਿਆ ਅਤੇ ਫ਼ਿਰ ਜਨਵਰੀ, 1995 ਵਿੱਚ ਉਨ੍ਹਾਂ ਨੂੰ ਜ਼ਮਾਨਤ ਮਿਲੀ
  • 1996: ਸੀਬੀਆਈ ਨੇ ਉਨ੍ਹਾਂ ਨੂੰ ਕਲੀਨ ਚਿੱਟ ਦਿੱਤੀ
  • 1998: ਸੁਪਰੀਮ ਕੋਰਟ ਨੇ ਕੇਰਲ ਸਰਕਾਰ ਦੀ ਅਪੀਲ ਰੱਦ ਕਰ ਦਿੱਤੀ
  • 2001: ਕੇਰਲ ਸਰਕਾਰ ਨੇ ਨਾਰਾਇਣਨ ਨੂੰ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ
  • 2018: ਸੁਪਰੀਮ ਕੋਰਟ ਨੇ ਮਾਮਲੇ ਨੂੰ ਗ਼ਲਤ ਤਰੀਕੇ ਨਾਲ ਮੜ੍ਹੇ ਜਾਣ ਦੀ ਜਾਂਚ ਦੇ ਹੁਕਮ ਦਿੱਤੇ

ਸਾਲ 1996 ਵਿੱਚ ਸੀਬੀਆਈ ਨੇ ਆਪਣੀ 104 ਸਫ਼ਿਆ ਦੀ ਰਿਪੋਰਟ ਜਾਰੀ ਕੀਤੀ ਅਤੇ ਸਾਰੇ ਮੁਲਜ਼ਮਾਂ ਨੂੰ ਕਲੀਨ ਚਿੱਟ ਦੇ ਦਿੱਤੀ।

ਸੀਬੀਆਈ ਨੇ ਕਿਹਾ ਕਿ ਨਾ ਤਾਂ ਇਸਰੋ ਤੋਂ ਗੁਪਤ ਕਾਗਜ਼ ਚੋਰੀ ਹੋਣ ਦੇ ਸਬੂਤ ਹਨ ਅਤੇ ਨਾ ਹੀ ਪੈਸਿਆਂ ਦੇ ਲੈਣ ਦੇਣ ਦੇ। ਇਸਰੋ ਦੀ ਇੱਕ ਅੰਦਰੂਨੀ ਜਾਂਚ ਤੋਂ ਵੀ ਪਤਾ ਲੱਗਿਆ ਹੈ ਕਿ ਕ੍ਰਾਈਜੈਨਿਕ ਇੰਜਨ ਨਾਲ ਜੁੜੇ ਕਾਗਜ਼ ਗਵਾਚੇ ਨਹੀਂ ਸਨ।

ਇਸ ਤੋਂ ਬਾਅਦ ਨਾਂਬੀ ਨਾਰਾਇਣਨ ਨੇ ਇੱਕ ਵਾਰ ਫ਼ਿਰ ਇਸਰੋ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਹੁਣ ਉਹ ਬੈਂਗਲੌਰ ਵਿੱਚ ਇੱਕ ਪ੍ਰਸ਼ਾਸਨਿਕ ਭੂਮਿਕਾ ਵਿੱਚ ਰਹੇ ਹਨ।

ਹਾਲਾਂਕਿ ਇਸ ਸਭ ਤੋਂ ਬਾਅਦ ਉਨ੍ਹਾਂ ਦੀਆਂ ਪਰੇਸ਼ਾਨੀਆਂ ਮੁੱਕੀਆਂ ਨਹੀਂ।

ਸੀਬੀਆਈ ਨੇ ਮਾਮਲਾ ਬੰਦ ਕਰਨ ਦੇ ਬਾਵਜੂਦ, ਸੂਬਾ ਸਰਕਾਰ ਨੇ ਇਸ ਨੂੰ ਦੁਬਾਰਾ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਅਤੇ ਸੁਪਰੀਮ ਕੋਰਟ ਗਈ।

ਪਰ ਸਾਲ 1998 ਵਿੱਚ ਇਸ ਨੂੰ ਪੂਰੀ ਤਰ੍ਹਾਂ ਖ਼ਾਰਜ ਕਰ ਦਿੱਤਾ ਗਿਆ।

ਇਸ ਸਭ ਤੋਂ ਬਾਅਦ ਨਾਰਾਇਣਨ ਨੇ ਉਨ੍ਹਾਂ ਨੂੰ ਗ਼ਲਤ ਤਰੀਕੇ ਨਾਲ ਫ਼ਸਾਉਣ ਲਈ ਕੇਰਲ ਸਰਕਾਰ ਖ਼ਿਲਾਫ਼ ਮੁਕੱਦਮਾ ਕਰ ਦਿੱਤਾ।

ਮੁਆਵਜ਼ੇ ਵਜੋਂ ਉਨ੍ਹਾਂ ਨੂੰ 50 ਲੱਖ ਰੁਪਏ ਦਿੱਤੇ ਗਏ। ਦਸੰਬਰ 2019 ਵਿੱਚ ਸਰਕਾਰ ਨੇ ਕਿਹਾ ਕਿ ਉਹ ਗ਼ੈਰ-ਕਾਨੂੰਨੀ ਗ੍ਰਿਫ਼ਤਾਰੀ ਅਤੇ ਪੇਰਸ਼ਾਨੀ ਦੇ ਮੁਆਵਜ਼ੇ ਵਜੋਂ ਉਨ੍ਹਾਂ ਨੂੰ ਇੱਕ ਕਰੋੜ 30 ਲੱਖ ਰੁਪਏ ਅਦਾ ਕਰੇਗੀ।

ਸਾਲ 2019 ਵਿੱਚ ਨਾਂਬੀ ਨਾਰਾਇਣਨ ਨੂੰ ਭਾਰਤ ਸਰਕਾਰ ਦੇ ਸਰਬਉੱਚ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ।

ਨਾਂਬੀ ਨਾਰਾਇਣਨ ਹੁਣ ਬਜ਼ੁਰਗ ਹਨ ਅਤੇ ਉਨ੍ਹਾਂ ਲਈ ਹਾਲੇ ਵੀ ਕਹਾਣੀ ਖ਼ਤਮ ਨਹੀਂ ਹੋਈ ਹੈ।

ਸਾਲ 2018 ਵਿੱਚ ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਕੇਰਲ ਪੁਲਿਸ ਦੀ ਭੂਮਿਕਾ ਦੀ ਜਾਂਚ ਦੇ ਹੁਕਮ ਦਿੱਤੇ ਅਤੇ ਨਾਰਾਇਣਨ ਜਾਂਚ ਦੇ ਨਤੀਜੇ ਦੇਖਣ ਲਈ ਉਤਸੁਕ ਸਨ।

ਉਨ੍ਹਾਂ ਕਿਹਾ, ''''ਮੈਂ ਚਾਹੁੰਦਾ ਹਾਂ ਕਿ ਮੈਨੂੰ ਇਸ ਵਿੱਚ ਫ਼ਸਾਉਣ ਵਾਲੇ ਲੋਕਾਂ ਨੂੰ ਸਜ਼ਾ ਮਿਲੇ। ਇਸ ਕਹਾਣੀ ਦਾ ਇੱਕ ਪਾਠ ਖ਼ਤਮ ਹੋ ਗਿਆ ਹੈ ਪਰ ਇੱਕ ਪਾਠ ਹਾਲੇ ਵੀ ਬਾਕੀ ਹੈ।''''

ਨਾਰਾਇਣਨ ਅਤੇ ਪੰਜ ਹੋਰ ਲੋਕਾਂ ਖ਼ਿਲਾਫ਼ ਇਸ ਤਰ੍ਹਾਂ ਦੀ ਸਾਜਿਸ਼ ਕਿਉਂ ਰਚੀ ਗਈ, ਇਹ ਅੱਜ ਵੀ ਰਹੱਸ ਬਣਿਆ ਹੋਇਆ ਹੈ।

ਨਾਰਾਇਣਨ ਨੂੰ ਸ਼ੱਕ ਹੈ ਕਿ ਸ਼ਾਇਦ ਇਹ ਸਾਜ਼ਿਸ਼ ਇੱਕ ਵਿਰੋਧੀ ਪੁਲਾੜ ਸ਼ਕਤੀ ਨੇ ਭਾਰਤ ਦੀ ਰਾਕੇਟ ਤਕਨੀਕ ਦੇ ਵਿਕਾਸ ਨੂੰ ਰੋਕਣ ਲਈ ਕੀਤੀ ਸੀ। ਬਾਅਦ ਵਿੱਚ ਇਹੀ ਤਕਨੀਕ ਪੁਲਾੜ ਵਿੱਚ ਭਾਰਤ ਦੀ ਸਫਲਤਾ ਲਈ ਵਰਦਾਨ ਸਾਬਤ ਹੋਈ।

ਇਹ ਵੀ ਪੜ੍ਹੋ:

ਕੀ ਇਸ ਪਿੱਛੇ ਉਹ ਦੇਸ ਸਨ ਜੋ ਭਾਰਤ ਦੇ ਘੱਟ ਖ਼ਰਚ ''ਤੇ ਸੈਟੇਲਾਈਟ ਲਾਂਚ ਕਰਨ ਤੋਂ ਘਬਰਾਏ ਹੋਏ ਸਨ? ਜਾਂ ਫ਼ਿਰ ਇਹ ਸਿਰਫ਼ ਭਾਰਤ ਵਿੱਚ ਪਸਰੇ ਭ੍ਰਿਸ਼ਟਾਚਾਰ ਦਾ ਨਤੀਜਾ ਸੀ?

ਨਾਰਾਇਣਨ ਕਹਿੰਦੇ ਹਨ, "ਇਹ ਸਭ ਸਾਜਿਸ਼ ਤਹਿਤ ਹੀ ਹੋਇਆ ਸੀ। ਪਰ ਇਸ ਸਾਜਿਸ਼ ਨੂੰ ਰਚਨ ਵਾਲੇ ਲੋਕ ਅਲੱਗ-ਅਲੱਗ ਸਨ ਅਤੇ ਉਨ੍ਹਾਂ ਦੇ ਉਦੇਸ਼ ਵੀ ਵੱਖਰੇ ਸਨ।"

"ਹਾਂ, ਸਾਜਿਸ਼ ਦੇ ਸ਼ਿਕਾਰ ਇੱਕੋ ਜਿਹੇ ਲੋਕ ਹੀ ਹੋਏ। ਜੋ ਵੀ ਹੋਇਆ ਉਸ ਨਾਲ ਮੇਰਾ ਕਰੀਅਰ, ਮੇਰੀ ਇੱਜ਼ਤ, ਮੇਰਾ ਅਕਸ ਅਤੇ ਮੇਰੀਆਂ ਖ਼ੁਸ਼ੀਆਂ...ਸਭ ਕੁਝ ਤਬਾਹ ਹੋ ਗਿਆ। ਅਤੇ ਇਸ ਲਈ ਜ਼ਿੰਮੇਵਾਰ ਲੋਕ ਅੱਜ ਵੀ ਬਿਨਾ ਕਿਸੇ ਸਜ਼ਾ ਖੁੱਲ੍ਹੇ ਘੁੰਮ ਰਹੇ ਹਨ।"

ਮੌਜੂਦਾ ਸਥਿਤੀ -ਨਾਂਬੀ ਵੱਲੋਂ ਸੀਬੀਆਈ ਜਾਂਚ ਦਾ ਸਵਾਗਤ

ਸੀਬੀਆਈ ਨੇ ਵੀਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤੀ ਆਪਣੀ ਅੰਤਰਿਮ ਰਿਪੋਰਟ ਵਿੱਚ ਕੇਰਲ ਕਾਡਰ ਦੇ ਸਾਬਕਾ ਆਈਪੀਐੱਸ ਅਧਿਕਾਰੀ ਸਿਬੀ ਮੈਥਿਓ, ਜੋ ਡੀਜੀਪੀ ਵਜੋਂ ਸੇਵਾਮੁਕਤ ਹੋਏ ਸਨ ਅਤੇ ਦੋ ਹੋਰ ਪੁਲਿਸ ਅਧਿਕਾਰੀਆਂ ਕੇ ਕੇ ਜੋਸ਼ਵਾ ਅਤੇ ਐੱਸ ਵਿਜਿਆਨ ਇਹ ਦੋਵੇਂ ਐੱਸਪੀ ਵਜੋਂ ਸੇਵਾਮੁਕਤ ਹੋਏ ਸਨ, ਖ਼ਿਲਾਫ਼ ਕਾਰਵਾਈ ਦੀ ਸਿਫ਼ਾਰਸ਼ ਕੀਤੀ ਸੀ।

ਅਖ਼ਬਾਰ ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਇੱਕ ਪਾਸੇ ਨਾਂਬੀ ਨੇ ਸੁਪਰੀਮ ਕੋਰਟ ਵੱਲੋਂ ਇੱਕ ਉੱਚ ਪੱਧਰੀ ਕਮੇਟੀ ਵਲੋਂ ਪੁਲਿਸ ਅਧਿਕਾਰੀਆਂ ਦੀ ਗ਼ਲਤੀ ਸਬੰਧੀ ਜਾਂਚ ਦਾ ਮਾਮਲਾ ਸੀਬੀਆਈ ਨੂੰ ਅਗਾਂਹ ਜਾਂਚ ਲਈ ਸੌਂਪਣ ਦੇ ਹੁਕਮਾਂ ਦਾ ਸਵਾਗਤ ਕੀਤਾ ਹੈ ਤਾਂ ਦੂਜੇ ਪਾਸੇ ਡੀਜੀਪੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ।

ਬੀਬੀਸੀ ਦੀ ਵਿਸ਼ੇਸ਼ ਲੜੀ ''ਲਾਈਫ ਇੰਟਰਪਟਡ''
BBC
ਬੀਬੀਸੀ ਦੀ ਵਿਸ਼ੇਸ਼ ਲੜੀ ''ਲਾਈਫ ਇੰਟਰਪਟਡ''

(ਇਹ ਲੇਖ ਬੀਬੀਸੀ ਨਿਜ਼ ਦੀ ਵਿਸ਼ੇਸ਼ ਲੜੀ ''ਲਾਈਫ ਇੰਟਰਪਟਡ'' ਦਾ ਹਿੱਸਾ ਹੈ। ਇਸ ਲੜੀ ਵਿੱਚ ਅਸੀਂ ਤੁਹਾਡੇ ਨਾਲ ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਸਾਂਝੀਆਂ ਕਰ ਰਹੇ ਹਾਂ ਜਿਨ੍ਹਾਂ ਦੀ ਜ਼ਿੰਦਗੀ ਕੁਝ ਪਲਾਂ ਵਿੱਚ ਬਦਲ ਗਈ )

https://www.youtube.com/watch?v=c5PinP2Z2lA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''7e77d306-06bc-49da-a9c8-820fe9968a4e'',''assetType'': ''STY'',''pageCounter'': ''punjabi.india.story.56804844.page'',''title'': ''ਨਾਂਬੀ ਨਰਾਇਣਨ: ਜਸੂਸੀ ਸਕੈਂਡਲ ਜਿਸ ਨੇ ਇੱਕ ਵਿਗਿਆਨੀ ਦਾ ਕਰੀਅਰ ਤਬਾਹ ਕਰ ਦਿੱਤਾ'',''author'': ''ਸੌਤਿਕ ਬਿਸਵਾਸ'',''published'': ''2021-04-20T12:05:45Z'',''updated'': ''2021-04-20T12:05:45Z''});s_bbcws(''track'',''pageView'');

Related News