ਸਟਿੰਗਰ ਮਿਜ਼ਾਇਲ: ਅਮਰੀਕਾ ਦੇ ਇਸ ਮਾਰੂ ਹਥਿਆਰ ਨੇ ਜਦੋਂ ਅਫ਼ਗਾਨਿਸਤਾਨ ''''ਚ ਰੂਸ ਦੀ ਫ਼ੌਜ ਨੂੰ ਡਰਾ ਦਿੱਤਾ

04/16/2021 5:05:35 PM

ਸਟਰਿੰਗਰ ਮਿਜ਼ਾਇਲ
Getty Images
ਜਦੋਂ ਸਟਰਿੰਗਰ ਮਿਜ਼ਾਇਲ ਅਫਗਾਨ ਮੁਜਾਹਿਦੀਨ ਦੇ ਹੱਥ ਵਿੱਚ ਆਈ ਤਾਂ ਅਫਗਾਨਿਸਤਾਨ-ਰੂਸ ਜੰਗ ਦੀ ਤਸਵੀਰ ਬਦਲ ਗਈ

ਗੱਫ਼ਾਰ ਨੇ ਆਪਣੀਆਂ ਤਿੰਨ ਹਮਲਾਵਰ ਟੀਮਾਂ ਨੂੰ ਇੱਕ ਦੂਜੇ ਤੋਂ ਕੁਝ ਦੂਰੀ ''ਤੇ ਤ੍ਰਿਕੋਣ ਵਿੱਚ ਰੱਖਿਆ ਸੀ। ਸਿਖਲਾਈ ਦੌਰਾਨ ਉਨ੍ਹਾਂ ਨੂੰ ਇਹ ਹੀ ਸਿਖਾਇਆ ਗਿਆ ਸੀ। ਉਹ ਲੰਬੇ ਸਮੇਂ ਤੋਂ ਘਾਤ ਲਾਈ ਉਡੀਕ ਕਰ ਰਹੇ ਸਨ।

ਕੁਝ ਹੀ ਦੇਰ ਵਿੱਚ ਜਦੋਂ ਉਨ੍ਹਾਂ ਨੇ ਕੁਝ ਰੂਸੀ ਐੱਮਆਈ-24 ਹੈਲੀਕਾਪਟਰਾਂ ਨੂੰ ਹਵਾ ਵਿੱਚ ਆਉਂਦਿਆਂ ਦੇਖਿਆ ਤਾਂ ਉਨ੍ਹਾਂ ਨੂੰ ਸਬਰ ਦਾ ਫ਼ਲ ਮਿਲ ਗਿਆ।

ਗੱਫ਼ਾਰ ਦੀ ਟੀਮ ਦੇ ਮੈਂਬਰਾਂ ਵਿੱਚੋਂ ਇੱਕ ਨੇ ਹੈਲੀਕਾਪਟਰ ''ਤੇ ਨਿਸ਼ਾਨਾ ਲਾ ਕੇ ਟ੍ਰਿਗਰ ਦਬਾ ਦਿੱਤਾ ਪਰ ਉਸ ਸਮੇਂ ਉਨ੍ਹਾਂ ਦੇ ਹੋਸ਼ ਉੜ ਗਏ, ਜਦੋਂ ਮਿਜ਼ਾਇਲ ਹੈਲੀਕਪਟਰ ਨਾਲ ਟਕਰਾਉਣ ਦੀ ਥਾਂ ਮਹਿਜ਼ 300 ਮੀਟਰ ਦੀ ਦੂਰੀ ਉੱਤੇ ਜ਼ਮੀਨ ''ਤੇ ਜਾ ਡਿੱਗੀ।

ਮੁਜ਼ਾਹਿਦੀਨ ਨੂੰ ਸਿਖਲਾਈ ਦੇਣ ਵਾਲੇ ਪਾਕਿਸਤਾਨ ਦੇ ਸਾਬਕਾ ਕਰਨਲ ਮਹਿਮੂਦ ਅਹਿਮਦ ਗ਼ਾਜ਼ੀ ਮੁਤਾਬਕ, ਅਪਰੇਸ਼ਨ ਅਸਫ਼ਲ ਰਿਹਾ ਪਰ ਇਸ ਮਿਜ਼ਾਇਲ ਦੀ ਗੂੰਜ ਸਿਰਫ਼ ਅਫ਼ਗਾਨਿਸਤਾਨ ਦੇ ਫ਼ੌਜੀ ਟਿਕਾਣਿਆਂ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆਂ ਵਿੱਚ ਸੁਣੀ ਗਈ।

ਇਹ ਵੀ ਪੜ੍ਹੋ:

ਅਫ਼ਗਾਨਿਸਤਾਨ ਵਿੱਚ ਜੰਗ ਪੀੜਤ ਇਲਾਕਿਆਂ ਦੇ ਅੰਦਰ ਸੋਵੀਅਤ ਹਵਾਈ ਸੈਨਾ ਦੇ ਖ਼ਿਲਾਫ਼ ਸਟਿੰਗਰ ਮਿਜ਼ਾਇਲ ਦੀ ਇਹ ਪਹਿਲੀ ਵਾਰ ਵਰਤੋਂ ਕੀਤੀ ਗਈ ਸੀ। ਉਸ ਤੋਂ ਬਾਅਦ ਜਲਾਲਾਬਾਦ ਅਤੇ ਕਾਬੁਲ ਦੇ ਖੇਤਰਾਂ ਵਿੱਚ ਰੂਸੀ ਅਤੇ ਅਫ਼ਗ਼ਾਨ ਹਵਾਈ ਆਵਾਜਾਈ ਨੂੰ ਮੁਅੱਤਲ ਕਰ ਦਿੱਤਾ ਗਿਆ।

ਅਮਰੀਕਾ ਵਿੱਚ ਬਣਾਈਆਂ ਗਈਆਂ ਸਟਿੰਗਰ ਮਿਜ਼ਾਇਲਾਂ ਨੂੰ ਸੰਚਾਲਿਤ ਕਰਨ ਅਤੇ ਸੰਭਾਲਣ ਲਈ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਨੇ ਸਭ ਤੋਂ ਪਹਿਲਾਂ ਫ਼ੌਜੀ ਕਮਾਂਡਰਾਂ ਨੂੰ ਸਿਖਲਾਈ ਦਿੱਤੀ ਸੀ।

ਨਾਂਗਰਹਾਰ ਦੇ ਰਹਿਣ ਵਾਲੇ ਇੱਕ ਫ਼ੌਜੀ ਕਮਾਂਡਰ ਗੱਫ਼ਾਰ ਅਤੇ ਦੂਜੇ ਕਾਬੁਲ ਦੇ ਰਹਿਣ ਵਾਲੇ ਕਮਾਂਡਰ ਦਰਵੇਸ਼, ਇਹ ਦੋਵੇਂ ਗ਼ੁਲਬੁੱਧਦੀਨ ਹਿਕਮਤਿਆਰ ਦੇ ਹਿਜਬ-ਏ-ਇਸਲਾਮੀ ਸਮੂਹ ਨਾਲ ਜੁੜੇ ਹੋਏ ਸਨ।

ਉਹ ਦੋਵੇਂ ਫ਼ਰਾਟੇਦਾਰ ਰੂਸੀ ਬੋਲਣ ਦੇ ਨਾਲ-ਨਾਲ ਉਰਦੂ ਅਤੇ ਪਸ਼ਤੋ ਵਿੱਚ ਵੀ ਮਾਹਰ ਸਨ।

ਆਈਐੱਸਆਈ ਨੇ ਦੋਵਾਂ ਕਮਾਂਡਰਾਂ ਨੂੰ ਦੇਸ ਦੀ ਰਾਜਧਾਨੀ ਇਸਲਾਮਾਬਾਦ ਅਤੇ ਨਾਲ ਲੱਗਦੇ ਸ਼ਹਿਰ ਰਾਵਲਪਿੰਡੀ ਨੂੰ ਜੋੜਨ ਵਾਲੇ ਇਲਾਕੇ ਫੈਜ਼ਾਬਾਦ ਦੇ ਓਜੜੀ ਕੈਂਪ ਵਿੱਚ ਸਟਿੰਗਰ ਟਰੇਨਿੰਗ ਸਕੂਲ ਵਿੱਚ ਦੋ ਹਫ਼ਤਿਆਂ ਤੱਕ ਸਿਖਲਾਈ ਦਿੱਤੀ ਸੀ। ਟਰੇਨਿੰਗ ਤੋਂ ਬਾਅਦ, ਪਹਿਲੇ ਆਪਰੇਸ਼ਨ ਲਈ ਦੋਵਾਂ ਕਮਾਂਡਰਾਂ ਨੂੰ ਜਲਾਲਾਬਾਦ ਹਵਾਈ ਅੱਡੇ ਵੱਲ ਭੇਜਿਆ ਗਿਆ ਸੀ।

ਆਈਐੱਸਆਈ ਦੇ ਸਟਿੰਗਰ ਟਰੇਨਿੰਗ ਸਕੂਲ ਦੇ ਤਤਕਾਲੀ ਮੁਖੀ ਅਤੇ ਮੁੱਖ ਸਿਖਲਾਈਕਰਤਾ ਸਾਬਕਾ ਕਰਨਲ ਮਹਿਮੂਦ ਅਹਿਮਦ ਗ਼ਾਜ਼ੀ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ, "ਇਹ 25 ਸਤੰਬਰ 1986 ਦਾ ਦਿਨ ਸੀ, ਜਦੋਂ ਗੱਫ਼ਾਰ ਆਪਣੀ ਟੀਮ ਦੇ ਨਾਲ ਜਲਾਲਾਬਾਦ ਹਵਾਈ ਅੱਡੇ ਦੇ ਉੱਤਰ ਪੂਰਬ ਵਿੱਚ ਕੁਝ ਦੂਰੀ ''ਤੇ ਟਿੱਲੇ ਵਰਗੀ ਪਹਾੜੀ ਦੀਆਂ ਝਾੜੀਆਂ ਅਤੇ ਚਟਾਨਾਂ ਵਿੱਚ ਘਾਤ ਲਾਈ ਬੈਠੇ ਸਨ।"

ਕੀ ਸੀ ਸਟਿੰਗਰ ਮਿਜ਼ਾਇਲ

ਸਟਿੰਗਰ ਮੋਢੇ ''ਤੇ ਰੱਖ ਕੇ ਜ਼ਮੀਨ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਇਲ ਹੈ, ਜਿਸ ਨੂੰ ਸੌਖਿਆਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਜਾਇਆ ਜਾ ਸਕਦਾ ਹੈ।

ਇਹ ਅਮਰੀਕੀ ਰੱਖਿਆ ਉਦਯੋਗ ਦਾ ਇੱਕ ਉਤਪਾਦ ਸੀ। ਅਫ਼ਗ਼ਾਨ ਜੰਗ ਦੌਰਾਨ ਇਸ ਮਿਜ਼ਾਈਲ ਦੀ ਵਰਤੋਂ ਨਾਲ ਰੂਸੀ ਹਵਾਈ ਫ਼ੌਜ ਦੇ ਹੋਸ਼ ਉੱਡ ਗਏ।

ਸਟਿੰਗਰ ਦੇ ਆਉਣ ਤੋਂ ਪਹਿਲਾਂ, ਮੁਜਾਹਿਦੀਨ ਦੀਆਂ ਫ਼ੌਜੀ ਮੁਹਿੰਮਾਂ ਦਾ ਬਹੁਤ ਘੱਟ ਅਸਰ ਪੈ ਰਿਹਾ ਸੀ। ਮਾਹਰਾਂ ਦਾ ਕਹਿਣਾ ਹੈ ਕਿ ਅਫ਼ਗਾਨਿਸਤਾਨ ਵਿੱਚ ਰੂਸੀ ਫ਼ੌਜ ਦੀ ਹਾਰ ਦਾ ਮੁੱਖ ਕਾਰਨ ਸਟਿੰਗਰ ਹੀ ਸੀ।

ਅਫਗਾਨਿਸਤਾਨ-ਰੂਸ ਜੰਗ ਦੌਰਾਨ ਲੰਘ ਰਹੇ ਟੈਂਕ
Getty Images
ਅਫਗਾਨਿਸਤਾਨ-ਰੂਸ ਜੰਗ ਦੌਰਾਨ ਲੰਘ ਰਹੇ ਟੈਂਕ

ਸਾਬਕਾ ਕਰਨਲ ਮਹਿਮੂਦ ਅਹਿਮਦ ਗ਼ਾਜ਼ੀ, ਜੋ ਅਫ਼ਗ਼ਾਨ ਮੁਜਾਹਿਦੀਨ ਲਈ ਸਥਾਪਿਤ ਸਟਿੰਗਰ ਟਰੇਨਿੰਗ ਸਕੂਲ ਦੇ ਮੁਖੀ ਸਨ, ਪਾਕਿਸਤਾਨ ਸੈਨਾ ਦੀ ਹਵਾਈ ਰੱਖਿਆ ਰੈਜੀਮੈਂਟ ਵਿੱਚ ਇੱਕ ਅਧਿਕਾਰੀ ਸਨ।

ਉਨ੍ਹਾਂ ਨੂੰ ਆਈਐੱਸਆਈ ਟੀਮ ਦੇ ਮੁਖੀ ਦੇ ਰੂਪ ਵਿੱਚ ਸਟਿੰਗਰ ਦੀ ਸਿਖਲਾਈ ਲਈ ਵਾਸ਼ਿੰਗਟਨ ਡੀਸੀ ਵੀ ਭੇਜਿਆ ਗਿਆ ਸੀ।

ਉਨ੍ਹਾਂ ਨੂੰ ਅਮਰੀਕਾ ਭੇਜਣ ਦਾ ਮੁੱਖ ਮਕਸਦ ਅਫ਼ਗਾਨਿਸਤਾਨ ਵਿੱਚ ਲੜ ਰਹੀਆਂ ਅਫ਼ਗ਼ਾਨ ਮੁਜਾਹਿਦੀਨ ਟੀਮਾਂ ਨੂੰ ਸਟਿੰਗਰ ਚਲਾਉਣ ਲਈ ਸਿਖਿਅਤ ਕਰਨਾ ਅਤੇ ਸਟਿੰਗਰ ਨੂੰ ਚਲਾਉਣ ਦੀ ਕਲਾ ਵਿੱਚ ਉਨ੍ਹਾਂ ਨੂੰ ਮਾਹਰ ਕਰਨਾ ਸੀ। ਤਾਂ ਜੋ ਸਟਿੰਗਰ ਮਿਜ਼ਾਇਲਾਂ ਦੀ ਮਦਦ ਨਾਲ ਰੂਸੀ ਹਵਾਈ ਫ਼ੌਜ ਦੀ ਸ਼ਕਤੀ ਨੂੰ ਖ਼ਤਮ ਕਰ ਦਿੱਤਾ ਜਾਵੇ।

ਸਟਿੰਗਰ ਮਿਜ਼ਾਇਲ ਦੇ ਆਉਣ ਤੋਂ ਬਾਅਦ ਰੂਸੀਆਂ ਨੇ ਅਫ਼ਗ਼ਾਨਿਸਤਾਨ ਵਿੱਚ ਜ਼ਮੀਨੀ ਹਮਲਿਆਂ ਲਈ ਆਪਣੇ ਲੜਾਕੂ ਜਹਾਜ਼ਾਂ ਦੀ ਵਰਤੋਂ ਸ਼ੁਰੂ ਕਰ ਦਿੱਤੀ।

ਸਟਿੰਗਰ ਦੇ ਆਉਣ ਤੋਂ ਪਹਿਲਾਂ, ਅਫ਼ਗ਼ਾਨਿਸਤਾਨ ਵਿੱਚ ਜੰਗ ਦੌਰਾਨ ਰੂਸੀ ਅਤੇ ਅਫ਼ਗ਼ਾਨ ਫ਼ੌਜਾਂ ਨੂੰ ਵਿਰੋਧੀ ਹਵਾਈ ਸੈਨਾ ਦਾ ਸਾਹਮਣਾ ਕਰਨਾ ਪੈਂਦਾ ਸੀ।

ਇਸ ਲਈ ਬਹੁਤੇ ਰੂਸੀ ਹੈਲਕਾਪਟਰਾਂ ਦੀ ਵਰਤੋਂ ਪੇਂਡੂ ਇਲਕਿਆਂ ਵਿੱਚ ਅਫ਼ਗ਼ਾਨ ਮੁਜਾਹਿਦੀਨ ਦੇ ਟਿਕਾਣਿਆਂ ''ਤੇ ਜ਼ਮੀਨੀ ਹਮਲਿਆਂ ਲਈ ਕੀਤੀ ਜਾਂਦੀ ਸੀ।

ਸਾਬਕਾ ਕਰਨਲ ਮਹਿਮੂਦ ਅਹਿਮਦ ਗ਼ਾਜ਼ੀ ਨੇ ਆਪਣੀ ਕਿਤਾਬ ''ਅਫ਼ਗਾਨ ਵਾਰ ਐਂਡ ਸਟਿੰਗਰ ਸਾਗਾ'' ਵਿੱਚ ਲਿਖਿਆ ਹੈ, ''''1986 ਵਿੱਚ 36 ਲਾਂਚਰ ਅਤੇ 154 ਸਟਿੰਗਰ ਮਿਜ਼ਾਇਲਾਂ ਨੂੰ ਅਫ਼ਗ਼ਾਨਿਸਤਾਨ ਭੇਜਿਆ ਗਿਆ ਸੀ। ਇੰਨਾਂ ਵਿੱਚੋਂ 37 ਸਟਿੰਗਰ ਚਲਾਏ ਗਏ, ਜਿਨ੍ਹਾਂ ਨਾਲ 26 ਰੂਸੀ ਜਹਾਜ਼ ਹੇਠਾਂ ਸੁੱਟੇ ਗਏ।''''

1989 ਤੱਕ ਅਫ਼ਗ਼ਾਨ ਜੰਗ ਵਿੱਚ ਸਟਿੰਗਰ ਦੇ ਨਿਸ਼ਾਨੇ ''ਤੇ ਮਾਰ ਕਰਨ ਦੀ ਦਰ ਵਿੱਚ ਲਗਾਤਾਰ ਵਾਧਾ ਹੁੰਦਾ ਗਿਆ ਅਤੇ ਆਖ਼ਰਕਾਰ ਰੂਸੀ ਅਫ਼ਗ਼ਾਨਿਸਤਾਨ ਤੋਂ ਵਾਪਸ ਚਲੇ ਗਏ।

ਆਈਐੱਸਆਈ ਸਟਿੰਗਰ ਸਕੂਲ 1993 ਤੱਕ ਸਰਗਰਮ ਰਿਹਾ, ਉਸ ਦੌਰਾਨ ਪਾਕਿਸਤਾਨ ਦੀ ਸਿਆਸੀ ਲੀਡਰਸ਼ਿਪ ਦਾ ਧਿਆਨ ਇਸੇ ''ਤੇ ਹੀ ਕੇਂਦਰਿਤ ਰਿਹਾ।

ਜਿਸਦਾ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ ਉਸ ਸਮੇਂ ਦੇ ਦੋ ਪ੍ਰਧਾਨ ਮੰਤਰੀਆਂ, ਮੁਹੰਮਦ ਖ਼ਾਨ ਜੁਨੇਜੋ ਅਤੇ ਫ਼ਿਰ ਬੇਨਜ਼ੀਰ ਭੁੱਟੋ ਨੇ ਉਸ ਸਕੂਲ ਦਾ ਦੌਰਾ ਕੀਤਾ ਸੀ।

ਸਾਬਕਾ ਕਰਨਲ ਗ਼ਾਜ਼ੀ ਆਪਣੀ ਕਿਤਾਬ ਵਿੱਚ ਲਿਖਦੇ ਹਨ ਮੁੱਖ ਅਮਰੀਕੀ ਰਾਜਨੇਤਾ ਅਤੇ ਸੀਆਈਏ ਦੇ ਅਧਿਕਾਰੀ ਅਕਸਰ ਇਸ ਸਕੂਲ ਦਾ ਦੌਰਾ ਕਰਦੇ ਸਨ।

ਓਜੜੀ ਕੈਂਪ ਦੁਰਘਟਨਾ

ਆਈਐੱਸਆਈ ਵਿੱਚ ਅਫ਼ਗ਼ਾਨ ਡੈਸਕ ਦੇ ਸਾਬਕਾ ਲੈਫ਼ਟੀਨੈਂਟ ਕਰਨਲ ਮਹਿਮੂਦ ਅਹਿਮਦ ਗ਼ਾਜ਼ੀ ਫ਼ੈਜ਼ਾਬਾਦ ਦੇ ਓਜੜੀ ਕੈਂਪ ਵਿੱਚ ਇੱਕ ਸਾਥੀ ਅਧਿਕਾਰੀ ਦੇ ਦਫ਼ਤਰ ਵਿੱਚ ਦਾਖ਼ਲ ਹੋਏ, ਤਾਂ ਉਨ੍ਹਾਂ ਨੇ ਆਪਣੇ ਸਹਿਯੋਗੀ ਨੂੰ ਚਿੰਤਾਜਨਕ ਸਥਿਤੀ ਵਿੱਚ ਫ਼ੀਲਡ ਫ਼ੋਨ ''ਤੇ ਕਿਸੇ ਨੂੰ ਫ਼ੋਨ ਮਿਲਾਉਂਦੇ ਦੇਖਿਆ।

ਇਹ 10 ਅਪ੍ਰੈਲ, 1988 ਨੂੰ ਸਵੇਰ 9:30 ਵਜੇ ਦਾ ਸਮਾਂ ਸੀ।

ਓਜੜੀ ਕੈਂਪ ਪਾਕਿਸਤਾਨ ਦੀ ਸ਼ਕਤੀਸ਼ਾਲੀ ਖ਼ੁਫ਼ੀਆ ਸੇਵਾ, ਆਈਐੱਸਆਈ ਦਾ ਅਲੱਗ-ਥਲੱਗ ਅਤੇ ਸੁੰਨਾ ਜਿਹਾ ਸਥਾਨਕ ਦਫ਼ਤਰ ਅਤੇ ਇੰਟੈਲੀਜ਼ੈਂਸ ਦਾ ਅਫ਼ਗ਼ਾਨ ਡੈਸਕ ਜਾਂ ਫ਼ੀਲਡ ਦਫ਼ਤਰ ਸੀ। ਇਸ ਦੀ ਵਿਸ਼ਾਲ ਇਮਾਰਤ ਦੇ ਅੰਦਰ ਗੋਲਾ-ਬਾਰੂਦ ਦਾ ਗੁਦਾਮ ਵੀ ਸੀ।

ਲੈਫ਼ਟੀਨੈਂਟ ਕਰਨਲ ਮਹਿਮੂਦ ਅਹਿਮਦ ਗ਼ਾਜ਼ੀ ਨੇ ਬਾਅਦ ਵਿੱਚ ਆਪਣੀਆਂ ਯਾਦਾਂ ਵਿੱਚ ਲਿਖਿਆ ਸੀ, "ਫ਼ੀਲਡ ਫ਼ੋਨ ਦੀ ਵਰਤੋਂ ਕਰਨ ਵਾਲੇ ਅਧਿਕਾਰੀ ਪਰੇਸ਼ਾਨ ਨਜ਼ਰ ਆ ਰਹੇ ਸਨ ਕਿਉਂਕਿ ਉਨ੍ਹਾਂ ਨੂੰ ਬਾਰੂਦ ਦੇ ਗੁਦਾਮ ਤੋਂ ਕੋਈ ਜਵਾਬ ਨਹੀਂ ਮਿਲ ਰਿਹਾ ਸੀ। ਬਾਰੂਦ ਦੇ ਗੁਦਾਮ ਤੋਂ ਕੋਈ ਜਵਾਬ ਨਾ ਮਿਲਣ ਦਾ ਮਤਲਬ ਸੀ ਕਿ ਕੋਈ ਬਹੁਤ ਵੱਡੀ ਗੜਬੜ ਹੈ।"

ਪਾਕਿਸਤਾਨੀ ਅਧਿਕਾਰੀ
Getty Images
ਜਨਰਲ ਜ਼ਿਆ ਉਲ ਹੱਕ ਨੇ ਓਜਦੀ ਕੈਂਪ ਦਾ ਦੌਰਾ ਵੀ ਕੀਤਾ ਸੀ

ਕਰਨਲ ਮਹਿਮੂਦ ਅਹਿਮਦ ਗ਼ਾਜ਼ੀ ਨੇ ਲਿਖਿਆ ਹੈ, "ਉਨ੍ਹਾਂ ਨੇ (ਫ਼ੀਲਡ ਫ਼ੋਨ ਦੀ ਵਰਤੋਂ ਕਰਨ ਵਾਲੇ ਅਧਿਕਾਰੀ) ਮੈਨੂੰ ਦੱਸਿਆ ਕਿ ਜਿੱਥੇ ਬਾਰੂਦ ਰੱਖਿਆ ਜਾਂਦਾ ਹੈ, ਉੱਥੋਂ ਉਨ੍ਹਾਂ ਨੇ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ ਹੈ।"

"ਇਸੇ ਦੌਰਾਨ ਮੇਜਰ ਬਟ ਦੌੜੇਦੇ ਹੋਏ ਦਫ਼ਤਰ ਵਿੱਚ ਦਾਖ਼ਲ ਹੋਏ ਅਤੇ ਕਿਹਾ ਕਿ ਬਾਰੂਦ ਦੇ ਗੁਦਾਮ ਵਿੱਚ ਧਮਾਕਾ ਹੋ ਗਿਆ ਹੈ। ਅਫ਼ਗ਼ਾਨ ਡੈਸਕ ਦੇ ਮੁਖੀ ਬ੍ਰਿਗੇਡੀਅਰ ਅਫਜ਼ਲ ਜੰਜੂਆ ਅਤੇ ਕਰਨਲ ਇਮਾਮ (ਅਫ਼ਗ਼ਾਨ ਮੁਜਾਹਿਦੀਨ ਦੇ ਸਿਖਿਅਕ) ਸਮੇਤ ਵਿਭਾਗ ਦੇ ਸਾਰੇ ਅਧਿਕਾਰੀ ਤੁਰੰਤ ਗੁਦਾਮ ਵੱਲ ਦੌੜ ਗਏ।"

ਕਰਨਲ ਗ਼ਾਜ਼ੀ ਨੇ ਆਪਣੀ ਕਿਤਾਬ ''ਅਫ਼ਗ਼ਾਨ ਵਾਰ ਐਂਡ ਸਟਿੰਗਰ ਸਾਗਾ'' ਵਿੱਚ ਲਿਖਿਆ ਹੈ ਕਿ ਜਦੋਂ ਅਸੀਂ ਬਾਰੂਦ ਦੇ ਗੁਦਾਮ ਪਹੁੰਚੇ, ਜੋ ਅਫ਼ਗ਼ਾਨ ਡੈਸਕ ਦਫ਼ਤਰ ਤੋਂ ਮਹਿਜ਼ 200 ਮੀਟਰ ਦੀ ਦੂਰੀ ''ਤੇ ਸੀ, ਤਾਂ ਅਸੀਂ ਓਜੜੀ ਕੈਂਪ ਵਿੱਚ ਕੁਝ ਅਧਿਕਾਰੀਆਂ ਅਤੇ ਫ਼ੌਜੀਆਂ ਨੂੰ ਦੇਖਿਆ।

ਉਹ ਓਜੜੀ ਕੈਂਪ ਦੀ ਇਮਾਰਤ ਵਿੱਚੋਂ ਬਾਰੂਦ ਨਾਲ ਭਰੇ ਟਰੱਕ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ। ਜਦੋਂ ਉਨ੍ਹਾਂ ਨੂੰ ਇਹ ਅਹਿਸਾਸ ਹੋਇਆ ਕਿ ਕਿਸੇ ਵੀ ਪਲ ਇਸ ਨਾਲ ਵੱਡਾ ਧਮਾਕਾ ਹੋ ਸਕਦਾ ਹੈ ਉਸ ਸਮੇਂ ਉਨ੍ਹਾਂ ਨੇ ਟਰੱਕ ਕੱਢਣ ਦਾ ਇਹ ਆਪਰੇਸ਼ਨ ਸ਼ੁਰੂ ਕੀਤਾ ਸੀ।

ਸਾਬਕਾ ਕਰਨਲ ਗ਼ਾਜ਼ੀ ਲਿਖਦੇ ਹਨ, ''''ਗੇਟ ''ਤੇ ਪਹੁੰਚਣ ਤੋਂ ਬਾਅਦ ਇਨ੍ਹਾਂ ਟਰੱਕਾਂ ਦੇ ਡਰਾਇਵਰ ਉਸ ਸਮੇਂ ਡਰ ਗਏ ਜਦੋਂ ਉਨ੍ਹਾਂ ਨੂੰ ਇਮਾਰਤ ਤੋਂ ਬਾਹਰ ਨਿਕਲਣ ਵਾਲਾ ਗੇਟ ਬੰਦ ਮਿਲਿਆ। ਜਿਵੇਂ ਹੀ ਗੇਟ ''ਤੇ ਤਾਇਨਾਤ ਸਕਿਊਰਿਟੀ ਵਾਲਿਆਂ ਨੂੰ ਪਤਾ ਲੱਗਿਆ ਸੀ ਕਿ ਕੁਝ ਗੜਬੜ ਹੈ ਤਾਂ ਉਨ੍ਹਾਂ ਨੇ ਤੈਅ ਪ੍ਰੀਕਿਰਿਆ (ਐੱਸਓਪੀ) ਦੇ ਮੁਤਾਬਕ ਸਾਰੇ ਫ਼ਾਟਕਾਂ ਨੂੰ ਬੰਦ ਕਰ ਦਿੱਤਾ ਸੀ। ਇੱਕ ਹੋਰ ਅਧਿਕਾਰੀ, ਮੇਜਰ ਰਫ਼ਾਕਤ ਬਾਰੂਦ ਨਾਲ ਭਰੇ ਉਨ੍ਹਾਂ ਟਰੱਕਾਂ ਵਿੱਚੋਂ ਦੱਸ ਟਰੱਕਾਂ ਨੂੰ ਸੁਰੱਖਿਅਤ ਥਾਵਾਂ ਤੱਕ ਪਹੁੰਚਾਉਣ ਵਿੱਚ ਕਾਮਯਾਬ ਹੋ ਗਏ ਸਨ।

ਉਨ੍ਹਾਂ ਲਿਖਿਆ ਹੈ, ''''ਬਾਰੂਦ ਦੇ ਗੁਦਾਮ ਦੇ ਨੇੜੇ ਪਹੁੰਚਣ ''ਤੇ ਸਾਨੂੰ ਇੱਕ ਭਿਆਨਕ ਦ੍ਰਿਸ਼ ਦਿਖਾਈ ਦਿੱਤਾ। ਗੋਲਾ ਬਾਰੂਦ ਗੁਦਾਮ, ਜੋ ਛੱਤ ਤੱਕ ਹਥਿਆਰਾਂ ਨਾਲ ਭਰਿਆ ਪਿਆ ਸੀ, ਅੱਗ ਦੀ ਚਪੇਟ ਵਿੱਚ ਸੀ। ਗੁਦਾਮ ਵਿੱਚ ਕੋਈ ਵਿਅਕਤੀ ਨਹੀਂ ਸੀ।''''

''''ਜ਼ਾਹਿਰ ਤੌਰ ''ਤੇ ਕੋਈ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਨਹੀਂ ਸੀ ਕਰ ਰਿਹਾ। ਅਜਿਹਾ ਲੱਗਦਾ ਸੀ ਕਿ ਗੁਦਾਮ ਵਿੱਚ ਜੋ ਲੋਕ ਮੌਜੂਦ ਸਨ, ਉਨ੍ਹਾਂ ਦੀਆਂ ਤਰਜ਼ੀਹਾਂ ਗ਼ਲਤ ਸਨ। ਪਹਿਲਾਂ ਅੱਗ ਨੂੰ ਕਾਬੂ ਕਰਨ ਦੀ ਬਜਾਇ ਉਹ ਮੁੱਢਲੇ ਇਲਾਜ ਅਤੇ ਜਖ਼ਮੀਆਂ ਨੂੰ ਕੱਢਣ ਵਿੱਚ ਲੱਗ ਗਏ ਸਨ। ਇਹ ਤਰਜ਼ਬੇ ਅਤੇ ਸਿਖਲਾਈ ਦੀ ਘਾਟ ਦਾ ਇੱਕ ਪੱਕੇ ਸੰਕੇਤ ਸੀ।''''

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਉਨ੍ਹਾਂ ਨੇ ਲਿਖਿਆ, ''''ਸਾਨੂੰ ਸਭ ਨੂੰ ਮਹਿਸੂਸ ਹੋ ਗਿਆ ਸੀ ਕਿ ਵੱਡਾ ਧਮਾਕਾ ਹੋਣ ਵਿੱਚ ਬਸ ਕੁਝ ਹੀ ਪਲ ਬਾਕੀ ਹਨ। ਕਰਨਲ ਇਮਾਮ ਨੇ ਤੁਰੰਤ ਖ਼ਤਰੇ ਨੂੰ ਮਹਿਸੂਸ ਕੀਤਾ, ਮੈਨੂੰ ਉਨ੍ਹਾਂ ਦੇ ਸ਼ਬਦ ਯਾਦ ਹਨ ਕਿ ''''ਬਹੁਤ ਦੇਰ ਹੋ ਗਈ, ਹੁਣ ਕੁਝ ਨਹੀਂ ਹੋ ਸਕਦਾ।''''

ਗ਼ਾਜ਼ੀ ਲਿਖਦੇ ਹਨ, ''''ਹਾਲੇ ਅਸੀਂ ਮੁਸ਼ਕਿਲ ਨਾਲ ''ਜਗ੍ਹਾ ਖ਼ਾਲੀ ਕਰੋ'' ਹੀ ਚੀਕ ਸਕੇ ਸੀ ਕਿ ਇੱਕ ਵੱਡਾ ਧਮਾਕਾ ਹੋ ਗਿਆ।''''

ਇਹ ਭਿਆਨਕ ਧਮਾਕਾ ਜਿਸ ਸਮੇਂ ਹੋਇਆ, ਉੱਥੇ ਮੋਜੂਦ ਆਈਐੱਸਆਈ ਅਧਿਕਾਰੀ ਵੱਲੋਂ ਅਜਿਹੀਆਂ ਸੂਚਨਾਵਾਂ ਦਾ ਸਾਹਮਣੇ ਆਉਣਾ ਘੱਟ ਹੀ ਹੁੰਦਾ ਹੈ।

33 ਸਾਲ ਪਹਿਲਾਂ ਰਾਵਲਪਿੰਡੀ ਅਤੇ ਇਸਲਾਮਾਬਾਦ ਦੇ ਸੰਗਮ ''ਤੇ ਸਥਿਤ ਆਈਐੱਸਆਈ ਦੇ ਫ਼ੀਲਡ ਦਫ਼ਤਰਾਂ ਵਿੱਚੋਂ ਇੱਕ, ਓਜੜੀ ਕੈਂਪ ਵਿੱਚ ਹੋਏ ਇਸ ਧਮਾਕੇ ਕਾਰਨ ਰਾਕੇਟ, ਮਿਜ਼ਾਇਲ ਅਤੇ ਕਈ ਹੋਰ ਤਰ੍ਹਾਂ ਦੇ ਗੋਲੇ-ਬਾਰੂਦ ਰਿਹਾਇਸ਼ੀ ਅਤੇ ਵਪਾਰਕ ਇਲਾਕਿਆਂ ''ਤੇ ਮੀਂਹ ਵਾਂਗ ਵਰ੍ਹ ਰਹੇ ਸਨ। ਇਸ ਧਮਾਕੇ ਦੀ ਡਰਾਉਣੀ ਯਾਦ ਲੋਕਾਂ ਦਾ ਦਿਮਾਗਾਂ ਵਿੱਚੋਂ ਹਾਲੇ ਤੱਕ ਨਹੀਂ ਮਿਟੀ।

ਅਫ਼ਗ਼ਾਨ ਜੰਗ ਪੂਰੇ ਜ਼ੋਰਾਂ ''ਤੇ ਸੀ ਅਤੇ ਪਾਕਿਸਤਾਨ ਦੀ ਆਈਐੱਸਾਈ, ਅਮਰੀਕਾ ਦੀ ਸੀਆਈਏ ਦੀ ਮਦਦ ਨਾਲ ਅਫ਼ਗ਼ਾਨ ਵਿਦਰੋਹੀਆਂ ਨੂੰ ਹਥਿਆਰ, ਗੋਲਾ ਬਾਰੂਦ, ਸਿਖਲਾਈ ਅਤੇ ਪੈਸਾ ਮੁਹੱਈਆ ਕਰਵਾ ਰਹੀ ਸੀ।

ਅਫ਼ਗਾਨ ਮੁਜਾਹਿਦ ਸਟਿੰਗਰ ਮਿਜ਼ਾਈਲ ਦੀ ਵਰਤੋਂ ਕਰ ਰਹੇ ਹਨ
Getty Images
ਅਫ਼ਗਾਨ ਮੁਜਾਹਿਦ ਸਟਿੰਗਰ ਮਿਜ਼ਾਈਲ ਦੀ ਵਰਤੋਂ ਕਰ ਰਹੇ ਹਨ

ਆਈਐੱਸਆਈ, ਇਸਲਾਮਾਬਾਦ ਅਤੇ ਰਾਵਲਪਿੰਡੀ ਨੂੰ ਮਿਲਾਉਣ ਵਾਲੀ ਜਗ੍ਹਾ ''ਤੇ ਸਥਿਤ ਓਜੜੀ ਕੈਂਪ ਦਾ ਇਸਤੇਮਾਲ ਹਥਿਆਰ ਅਤੇ ਗੋਲਾ ਬਾਰੂਦ ਜਮ੍ਹਾ ਕਰਨ ਲਈ ਕਰ ਰਹੀ ਸੀ।

ਲੈਫ਼ਟੀਨੈਂਟ ਕਰਨਲ ਮਹਿਮੂਦ ਅਹਿਮਦ ਗ਼ਾਜ਼ੀ ਦੀਆਂ ਯਾਦਾਂ ਤੋਂ ਪਤਾ ਲੱਗਦਾ ਹੈ ਕਿ ਸ਼ਹਿਰ ਦੇ ਦਰਮਿਆਨ ਗੋਲਾ ਬਾਰੂਦ ਦੇ ਇਸ ਗੁਦਾਮ ਨੂੰ ਬਣਾਉਣ ਦਾ ਵਿਚਾਰ ਆਈਐੱਸਆਈ ਦੇ ਤਤਕਾਲੀ ਡਾਇਰੈਕਟਰ ਜਨਰਲ, ਲੈਫ਼ਟੀਨੈਂਟ ਜਨਰਲ ਅਖ਼ਤਰ ਰਹਿਮਾਨ ਦਾ ਸੀ।

ਕਰਨਲ ਗ਼ਾਜ਼ੀ ਮੁਤਾਬਕ ਜਨਰਲ ਰਹਿਮਾਨ ਨੇ ਆਈਐੱਸਆਈ ਦੇ ਅੰਦਰ ਇਹ ਧਾਰਨਾ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਓਜੜੀ ਕੈਂਪ ਵਿੱਚ ਧਮਾਕਾ ਨੁਕਸਾਨ ਪਹੁੰਚਾਉਣ ਦਾ ਓਪਰੇਸ਼ਨ ਸੀ। ਤਾਂ ਕਿ ਉਹ ਹੋਣ ਵਾਲੀ ਇਸ ਅਲੋਚਨਾ ਦਾ ਰੁਖ਼ ਖ਼ੁਦ ਤੋਂ ਮੋੜ ਸਕਣ ਕਿ ਆਖ਼ਰ ਸ਼ਹਿਰ ਦੇ ਦਰਮਿਆਨ ਇੰਨੀ ਵੱਡੀ ਮਾਤਰਾ ਵਿੱਚ ਗੋਲਾ ਬਾਰੂਦ ਜਮ੍ਹਾ ਕਿਉਂ ਕੀਤਾ ਗਿਆ ਸੀ।

ਗ਼ਾਜ਼ੀ ਲਿਖਦੇ ਹਨ ਕਿ "ਹਰ ਤਰ੍ਹਾਂ ਦੇ ਹਥਿਆਰਾਂ ਨੂੰ ਮਿਲਾ ਕੇ ਕੁੱਲ ਦੱਸ ਹਜ਼ਾਰ ਟਨ ਦਾ ਭੰਡਾਰ ਸੀ ਜੋ ਹਵਾ ਵਿੱਚ ਉਡ ਰਿਹਾ ਸੀ, ਸਟਿੰਗਰ ਹਵਾ ਵਿੱਚ ਉਡ ਰਹੀ ਸੀ। ਹਜ਼ਾਰਾਂ ਰਾਕੇਟ, ਐਂਟੀ ਟੈਂਕ ਮਿਜ਼ਾਇਲ (ਟੈਂਕ ਤਬਾਹ ਕਰਨ ਵਾਲੀਆਂ ਬਰੂਦੀ ਸੁਰੰਗਾਂ), ਰਿਕਾਈਲਜ਼, ਰਾਈਫ਼ਲਸ (ਛੋਟੀਆਂ ਤੋਪਾਂ) ਦੇ ਗੋਲੇ ਅਤੇ ਹਲਕੇ ਹਥਿਆਰਾਂ ਦੀਆਂ ਲੱਖਾਂ ਗੋਲੀਆਂ ਦਾ ਕਹਿਰ ਹਰ ਪਾਸੇ ਵਰ੍ਹ ਰਿਹਾ ਸੀ।"

ਕਰਨਲ ਗ਼ਾਜ਼ੀ ਮੁਤਾਬਕ, ਇਸ ਧਮਾਕੇ ਵਿੱਚ ਕਈ ਆਈਐੱਸਆਈ ਅਧਿਕਾਰੀ, ਇੱਕ ਦਰਜਨ ਤੋਂ ਵੱਧ ਅਫ਼ਗ਼ਾਨ ਮੁਜਾਹਿਦੀਨ ਦੇ ਨਾਲ ਮਾਰੇ ਗਏ ਸਨ। ਜੋ ਉਸ ਸਮੇਂ ਸਟਿੰਗਰ ਟਰੇਨਿੰਗ ਸਕੂਲ ਵਿੱਚ ਸਿਖਲਾਈ ਲੈ ਰਹੇ ਸਨ। ਇਹ ਸਕੂਲ ਉਸੇ ਇਮਾਰਤ ਵਿੱਚ ਸੀ।

ਉਨ੍ਹਾਂ ਦਿਨਾਂ ਵਿੱਚ ਇਹ ਵਿਆਪਕ ਰੂਪ ਵਿੱਚ ਮੰਨਿਆ ਜਾਂਦਾ ਸੀ ਕਿ ਓਜੜੀ ਕੈਂਪ ਧਮਾਕੇ ਵਿੱਚ ਰੂਸੀਆਂ ਦਾ ਹੱਥ ਸੀ। ਤਾਂ ਕਿ ਅਫ਼ਗ਼ਾਨਿਸਤਾਨ ਨੂੰ ਸਟਿੰਗਰ ਦੀ ਸਪਲਾਈ ਵਿੱਚ ਦੇਰੀ ਹੋਵੇ ਜਾਂ ਫ਼ਿਰ ਸਪਲਾਈ ਮੁਅਤੱਲ ਹੋ ਜਾਵੇ। ਪਰ ਗ਼ਾਜ਼ੀ ਇੱਕ ਵੱਖਰੀ ਕਹਾਣੀ ਦੱਸਦੇ ਹਨ।

ਸਟਿੰਗਰ ਮਿਜ਼ਾਇਲਾਂ ਬਾਰੇ ਅਫ਼ਵਾਹਾਂ, ਸਾਜਿਸ਼, ਥਿਊਰੀ ਅਤੇ ਸੱਚ

ਜੁਆਇੰਟ ਚੀਫ਼ ਆਫ਼ ਸਟਾਫ਼ ਕਮੇਟੀ (ਤਿੰਨ ਹਥਿਆਰਬੰਦ ਸੈਨਾਵਾਂ ਦੇ ਮੁਖੀਆਂ ਦੀ ਕਮੇਟੀ) ਦੇ ਤੱਤਕਾਲੀ ਮੁਖੀ ਜਨਰਲ ਅਖ਼ਤਰ ਅਬਦੂਲ ਰਹਿਮਾਨ ਨੇ 10 ਅਪ੍ਰੈਲ, 1988 ਦੀ ਸ਼ਾਮ ਨੂੰ ਓਜੜੀ ਕੈਂਪ ਦਾ ਦੌਰਾ ਕੀਤਾ ਸੀ। ਉਸ ਸਮੇਂ ਅੱਗ ''ਤੇ ਕਾਬੂ ਪਾਇਆ ਜਾ ਚੁੱਕਾ ਸੀ।

ਸਾਬਕਾ ਕਰਨਲ ਗ਼ਾਜ਼ੀ ਮੁਤਾਬਕ, ਉਨ੍ਹਾਂ ਨੇ ਇਮਾਰਤ ਵਿੱਚ ਮੌਜੂਦ ਆਈਐੱਸਆਈ ਅਧਿਕਾਰੀਆਂ ਨਾਲ ਗੱਲ ਕੀਤੀ।

''''ਜਨਰਲ ਰਹਿਮਾਨ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਕਾਰਵਾਈ ਜਾਣਬੁੱਝ ਕੇ ਕੀਤੀ ਗਈ ਹੈ। ਕਿਉਂਕਿ ਸਾਰਾ ਗੋਲਾ-ਬਾਰੂਦ ਜੋ ਸਾਡੇ ਕੋਲ ਸੀ ਉਹ ਬਹੁਤ ਕਾਰਗਰ ਸਾਬਤ ਹੋਇਆ ਸੀ ਅਤੇ ਪਿਛਲੇ ਛੇ ਤੋਂ ਸੱਤ ਸਾਲਾਂ ਵਿੱਚ ਕਦੇ ਵੀ ਅਜਿਹੀ ਰਿਪੋਰਟ ਨਹੀਂ ਹੋਈ।

ਇਹ ਜਨਰਲ ਅਖ਼ਤਰ ਦਾ ਵਿਚਾਰ ਸੀ ਕਿ ਸ਼ਹਿਰ ਅੰਦਰ ਇੰਨੇ ਵੱਡੇ ਪੈਮਾਨੇ ''ਤੇ ਗੋਲਾ-ਬਾਰੂਦ ਦਾ ਗੋਦਾਮ ਬਣਾਇਆ ਜਾਵੇ।

ਕਮਿਊਨੀਕੇਸ਼ਨ ਕਰਨ ਵਾਲੇ ਸਾਡੇ ਲੋਕਾਂ ਨੇ ਸ਼ਹਿਰੀ ਖੇਤਰ ਦੇ ਨੇੜਲੇ ਇਸ ਬਾਰੂਦ ਗੁਦਾਮ ਨੂੰ ਬਣਾਉਣ ''ਤੇ ਕਈ ਵਾਰ ਇਤਰਾਜ਼ ਜਤਾਇਆ ਸੀ। ਪਰ ਜਨਰਲ ਅਖ਼ਤਰ ਨੇ ਇਨ੍ਹਾਂ ਇਤਰਾਜ਼ਾਂ ਨੂੰ ਸਖ਼ਤੀ ਦੇ ਨਾਲ ਖ਼ਾਰਜ ਕਰ ਦਿੱਤਾ ਸੀ।''''

ਉਨ੍ਹਾਂ ਦੀਆਂ ਤਰਜੀਹਾਂ ਅਸਲ ਵਿੱਚ ਵੱਖ ਸਨ। ਕਰਨਲ ਗ਼ਾਜ਼ੀ ਮੁਤਾਬਕ, ''''ਆਈਐੱਸਾਈ ਅਤੇ ਫ਼ੌਜ ਦੇ ਹਲਕਿਆਂ ਵਿੱਚ ਤਣਾਅ ਸੀ, ਕੁਝ ਲੋਕ ਇਸ ਧਮਾਕੇ ਨੂੰ ਜਾਣਬੁੱਝ ਕੇ ਕੀਤੀ ਗਈ ਕਾਰਵਾਈ ਦੱਸ ਰਹੇ ਸਨ ਅਤੇ ਕੁਝ ਲੋਕ ਇਸ ਨੂੰ ਹਾਦਸਾ ਦੱਸ ਰਹੇ ਸਨ। ਪਰ ਜਨਰਲ ਅਲੋਚਨਾ ਦਾ ਰੁਖ਼ ਮੋੜਨਾ ਚਾਹੁੰਦੇ ਸਨ। ਕਿਉਂਕਿ ਸ਼ਹਿਰ ਦੇ ਅੰਦਰ ਗੁਦਾਮ ਬਣਾਉਣ ਦਾ ਵਿਚਾਰ ਉਨ੍ਹਾਂ ਦਾ ਸੀ। ਇਸ ਲਈ ਉਨ੍ਹਾਂ ਦੀ ਵੀ ਅਲੋਚਣਾ ਹੋ ਰਹੀ ਸੀ। ਜਨਰਲ ਜ਼ਿਆ ਨੇ ਵੀ ਉਸ ਸ਼ਾਮ ਜਦੋਂ ਨੂੰ ਜਦੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਤਾਂ ਉਨ੍ਹਾਂ ਦਾ ਵੀ ਇਹ ਹੀ ਕਹਿਣਾ ਸੀ।"

ਤਬਾਹ ਹੋਏ ਰੂਸੀ ਟੈਂਕ ਉੱਤੇ ਖੜ੍ਹੇ ਅਫ਼ਗਾਨਿਸਤਾਨੀ ਮੁਜਾਹਿਦ
Getty Images
ਤਬਾਹ ਹੋਏ ਰੂਸੀ ਟੈਂਕ ਉੱਤੇ ਖੜ੍ਹੇ ਅਫ਼ਗਾਨਿਸਤਾਨੀ ਮੁਜਾਹਿਦ

ਓਜੜੀ ਕੈਂਪ ਦੀ ਘਟਨਾ ਨੂੰ ਸਮਝਣ ਲਈ ਉਨ੍ਹਾਂ ਦਿਨਾਂ ਵਿੱਚ ਕੁਝ ਕਾਂਸਪੀਰੇਸੀ ਥਿਊਰੀ ਵੀ ਚਲ ਰਹੀ ਸੀ। ਉਨ੍ਹਾਂ ਵਿੱਚੋਂ ਇੱਕ ਥਿਊਰੀ ਇਹ ਸੀ ਕਿ ਸ਼ਾਇਦ ਅਫ਼ਗਾਨ ਮੁਜਾਹਿਦੀਨ ਵਿੱਚੋਂ ਕਿਸੇ ਨੇ ਚੋਰੀ ਨਾਲ ਕੁਝ ਸਟਿੰਗਰ ਮਿਜ਼ਾਇਲਾਂ ਈਰਾਨੀਆਂ ਨੂੰ ਵੇਚ ਦਿੱਤੀਆਂ ਸਨ। ਪਰ ਕੁਝ ਲੋਕਾਂ ਦਾ ਕਹਿਣਾ ਸੀ ਕਿ ਪਾਕਿਸਤਾਨ ਦੀ ਸੈਨਾ ਵਿੱਚੋਂ ਕਿਸੇ ਨੇ ਇਹ ਕੰਮ ਕੀਤਾ ਸੀ।

ਕਿਉਂਕਿ ਅਮਰੀਕਾ ਦੀ ਸੈਨਾ ਮਾਹਰਾਂ ਦੀ ਇੱਕ ਟੀਮ ਕੈਂਪ ਦਾ ਦੌਰਾ ਕਰਨ ਵਾਲੀ ਸੀ ਤਾਂ ਕਿ ਮਿਜ਼ਾਇਲਾਂ ਦੀ ਗਿਣਤੀ ਦੀ ਜਾਂਚ ਕੀਤੀ ਜਾ ਸਕੇ।

ਕਰਨਲ ਗ਼ਾਜ਼ੀ ਨੇ ਇਸ ਥਿਊਰੀ ਬਾਰੇ ਸਿੱਧੇ ਤੌਰ ''ਤੇ ਤਾਂ ਆਪਣੀ ਕਿਤਾਬ ਵਿੱਚ ਕੁਝ ਨਹੀਂ ਲਿਖਿਆ। ਪਰ ਉਹ ਇਸ ਦੁਰਘਟਨਾ ਬਾਰੇ ਦੋ ਤੱਥ ਦੱਸਦੇ ਹਨ ਕਿ ਉਨ੍ਹਾਂ ਨੂੰ ਇਸ ਕਾਂਸਪੀਰੇਸੀ ਥਿਊਰੀ ਬਾਰੇ ਪਤਾ ਸੀ।

ਸਭ ਤੋਂ ਪਹਿਲਾਂ ਕਰਨਲ ਗ਼ਾਜ਼ੀ ਆਈਐੱਸਾਈ ਦੀ ਅਫ਼ਗ਼ਾਨ ਡੈਸਕ ਵਿੱਚ ਸਟਿੰਗਰ ਮਿਜ਼ਾਇਲਾਂ ਦੀ ਗਿਣਤੀ ਦਾ ਵੇਰਵਾ ਦਿੰਦੇ ਹਨ, ''''ਪਾਕਿਸਤਾਨ ਨੂੰ ਅਮਰੀਕਾ ਤੋਂ ਕੁੱਲ 487 ਲਾਂਚਰ ਅਤੇ 2288 ਸਟਿੰਗਰ ਮਿਜ਼ਾਇਲਾਂ ਮਿਲੀਆਂ ਸਨ। ਇੰਨਾਂ ਵਿੱਚੋਂ 10 ਅਪ੍ਰੈਲ, 1988 ਨੂੰ ਮਸ਼ਹੂਰ ਓਜੜੀ ਕੈਂਪ ਧਮਾਕੇ ਵਿੱਚ 122 ਲਾਂਚਰ ਅਤੇ 281 ਸਟਿੰਗਰ ਨਸ਼ਟ ਹੋ ਗਏ ਸਨ, ਜਿਸ ਤੋਂ ਬਾਅਦ ਸਾਡੇ ਕੋਲ 365 ਲਾਂਚਰ ਅਤੇ 2007 ਮਿਜ਼ਾਇਲਾਂ ਬਚੀਆਂ ਸਨ। ਇੰਨਾਂ ਵਿੱਚੋਂ 336 ਲਾਂਚਰ ਅਤੇ 1969 ਮਿਜ਼ਾਇਲਾਂ ਦੀ ਵਰਤੋਂ ਮੁਜਾਹਿਦੀਨ ਨੇ ਕੀਤੀ ਸੀ ਅਤੇ ਬਾਕੀ ਅਮਰੀਕਾ ਨੂੰ ਮੋੜ ਦਿੱਤੇ ਗਏ ਸਨ।''''

ਸੰਭਾਵਨਾ ਹੈ ਕਿ ਇਸ ਬਿਆਨ ਨਾਲ ਸਾਬਕਾ ਕਰਨਲ ਗ਼ਾਜ਼ੀ ਉਸ ਕਾਂਸਪੀਰੇਸੀ ਥਿਊਰੀ ਦਾ ਖੰਡਨ ਕਰਨਾ ਚਾਹੁੰਦੇ ਸਨ ਕਿ ਆਈਐੱਸਆਈ ਵਿੱਚ ਕਿਸੇ ਨੇ ਇਰਾਨੀਆਂ ਨੂੰ ਸਟਿੰਗਰ ਮਿਜ਼ਾਇਲਾਂ ਵੇਚ ਦਿੱਤੀਆਂ ਸਨ।

ਕਰਨਲ ਗ਼ਾਜ਼ੀ ਦੀ ਸਟਿੰਗਰ ਕਹਾਣੀ ਵਿੱਚ ਇਰਾਨੀਆਂ ਦਾ ਵੀ ਜ਼ਿਕਰ ਹੈ। ਆਪਣੀ ਕਿਤਾਬ ਵਿੱਚ ਉਨ੍ਹਾਂ ਨੇ 1987 ਵਿੱਚ ਵਾਪਰੀ ਇੱਕ ਘਟਨਾ ਬਾਰੇ ਦੱਸਿਆ ਹੈ। ਜਦੋਂ ਸਮੂਹ ਦੇ ਕਮਾਂਡਰ ਯੂਨੁਸ ਖ਼ਾਲਿਸ ਹੇਲਮੰਦ ਦਰਿਆ ਦੇ ਕੰਢੇ ਯਾਤਰਾ ਕਰਦਿਆਂ ਭਟਕ ਕੇ ਇਰਾਨੀ ਇਲਾਕੇ ਵਿੱਚ ਚਲੇ ਗਏ ਸਨ।

ਇਸ ਤੋਂ ਬਾਅਦ ਇਰਾਨੀ ਫ਼ੌਜ ਨੇ ਉਨ੍ਹਾਂ ਨੂੰ ਫੜ ਲਿਆ ਸੀ ਅਤੇ ਸਟਿੰਗਰ ਮਿਜ਼ਾਇਲਾਂ ਨੂੰ ਜ਼ਬਤ ਕਰ ਲਿਆ ਸੀ। ਪਾਕਿਸਤਾਨ ਵਿਦੇਸ਼ ਵਿਭਾਗ ਨੇ ਇਰਾਨੀ ਸਰਕਾਰ ''ਤੇ ਦਬਾਅ ਪਾਇਆ ਪਰ ਇਸਦੇ ਬਾਵਜੂਦ ਇਰਾਨੀ ਸਰਕਾਰ ਨੇ ਮਿਜ਼ਾਇਲਾਂ ਨੂੰ ਮੋੜਨ ਤੋਂ ਇਨਾਕਰ ਕਰ ਦਿੱਤਾ।

"ਉਸੇ ਸਾਲ (1987) ਵਿੱਚ ਇੱਕ ਵਾਰ ਫ਼ਿਰ ਖ਼ਾਲਿਸ ਨੇ ਇੱਕ ਕਮਾਂਡਰ (ਜਿਸ ਨੂੰ ਲਾਂਚਰ ਅਤੇ 16 ਸਟਿੰਗਰ ਦਿੱਤੇ ਗਏ ਸਨ) ਨੇ ਹੇਲਮੰਦ ਪ੍ਰਾਂਤ ਵਿੱਚੋਂ ਲੰਘਣ ਵਾਲੀ ਹੇਲਮੰਦ ਨਦੀ ਦੇ ਤੇਜ਼ ਵਹਾਅ ਕਾਰਨ, ਇਰਾਨ ਦੇ ਰਸਤੇ ਯਾਤਰਾ ਕਰਨ ਦਾ ਫ਼ੈਸਲਾ ਲਿਆ, ਹਾਲਾਂਕਿ ਉਨ੍ਹਾਂ ਨੂੰ ਅਜਿਹਾ ਕਰਨ ਦੀ ਸਖ਼ਤ ਮਨਾਹੀ ਸੀ।

ਉਨ੍ਹਾਂ ਨੇ ਕਿਸੇ ਵੀ ਕੀਮਤ ''ਤੇ ਇਰਾਨੀ ਇਲਾਕੇ ਵਿੱਚ ਦਾਖ਼ਲ ਨਹੀਂ ਹੋਣਾ ਸੀ। ਇਰਾਨੀ ਇਲਾਕੇ ਵਿੱਚੋਂ ਨਿਕਲਦਿਆਂ ਉਨ੍ਹਾਂ ਸਾਰਿਆਂ ਨੂੰ ਗਾਰਡਸ ਨੇ ਫੜ ਲਿਆ ਅਤੇ ਇਹ ਆਖ਼ਰੀ ਵਾਰ ਸੀ, ਜਦੋਂ ਅਸੀਂ ਸਟਿੰਗਰ ਮਿਜ਼ਾਇਲਾਂ ਨੂੰ ਦੇਖਿਆ ਸੀ। ਮੁਜਾਹਿਦੀਨ ਦੇ ਸਮੂਹ ਨੂੰ ਬਾਅਦ ਵਿੱਚ ਰਿਹਾ ਕਰ ਦਿੱਤਾ ਗਿਆ ਸੀ ਪਰ ਇਰਾਨੀਆਂ ਨੇ ਇਨ੍ਹਾਂ ਮਿਜ਼ਾਇਲਾਂ ਅਤੇ ਲਾਂਚਰਾਂ ਨੂੰ ਕਦੇ ਵੀ ਨਾ ਮੋੜਿਆ।''''

ਕਮਾਂਡਰਾਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਪਾਕਿਸਤਾਨ ਲਿਆਂਦਾ ਗਿਆ ਉਨ੍ਹਾਂ ਤੋਂ ਆਈਐੱਸਾਈ ਅਤੇ ਅਮਰੀਕੀ ਸੀਆਈਏ ਅਧਿਕਾਰੀਆਂ ਨੇ ਪੁੱਛਗਿੱਛ ਕੀਤੀ ਸੀ।

ਸੀਆਈਏ ਅਧਿਕਾਰੀਆਂ ਨੇ ਕਮਾਂਡਰ ਅਤੇ ਉਸ ਦੇ ਸਹਿਯੋਗੀਆਂ ''ਤੇ ਝੂਠ ਦਾ ਪਤਾ ਲਗਾਉਣ ਵਾਲੀਆਂ ਮਸ਼ੀਨਾਂ ਦੀ ਵੀ ਵਰਤੋਂ ਕੀਤੀ ਗਈ। ਪਰ ਗ਼ਾਜ਼ੀ ਮੁਤਾਬਕ, ਸੀਆਈਏ ਨੇ ਆਈਐੱਸਆਈ ਨੂੰ ਆਪਣੇ ਨਤੀਜਿਆਂ ਬਾਰੇ ਨਹੀਂ ਦੱਸਿਆ।

''ਅਫ਼ਗ਼ਾਨ ਜੰਗ ਵਿੱਚ ਫ਼ੈਸਲਾਕੁੰਨ ਹਥਿਆਰ''

5 ਜੁਲਾਈ, 1989 ਨੂੰ ਵਾਸ਼ਿੰਗਟਨ ਪੋਸਟ ਨੇ ਅਮਰੀਕੀ ਫ਼ੌਜ ਦੇ ਇੱਕ ਖ਼ਾਸ ਅਧਿਐਨ ਬਾਰੇ ਇੱਕ ਰਿਪੋਰਟ ਛਾਪੀ ਸੀ। ਜਿਸ ਵਿੱਚ ਅਮਰੀਕੀਆਂ ਨੇ ਇਹ ਸਿੱਟਾ ਕੱਢਿਆ ਸੀ ਕਿ ਅਮਰੀਕਾ ਵੱਲੋਂ ਬਣਾਈਆਂ ਗਈਆਂ ਸਟਿੰਗਰ ਮਿਜ਼ਾਇਲਾਂ ਦੀ ਵਰਤੋਂ ਨੇ ਅਫ਼ਗ਼ਾਨ ਜੰਗ ਦਾ ਪਾਸਾ ਉਲਟਾਉਣ ਵਿੱਚ ਇੱਕ ਫ਼ੈਸਲਾਕੁੰਨ ਭੂਮਿਕਾ ਨਿਭਾਈ ਸੀ।

ਅਮਰੀਕੀ ਫ਼ੌਜ ਦੀ ਇਸੇ ਖ਼ਾਸ ਰਿਪੋਰਟ ਮੁਤਾਬਕ, "ਅਫ਼ਗ਼ਾਨਿਸਤਾਨ ਵਿੱਚ ਰੂਸ ਦੇ ਖ਼ਿਲਾਫ਼ ਲੜ ਰਹੇ ਅਫ਼ਗ਼ਾਨ ਗੁਰੀਲਿਆਂ ਨੇ ਅਮਰੀਕਾ ਵਿੱਚ ਤਿਆਰ ਹੋਈਆਂ ਇਨ੍ਹਾਂ ਐਂਟੀ ਏਅਰਕ੍ਰਾਫ਼ਟ ਮਿਜ਼ਾਇਲਾਂ ਦੀ ਮਦਦ ਨਾਲ ''''ਜੰਗ ਦੇ ਰੂਪ ਨੂੰ ਬਦਲ ਦਿੱਤਾ ਅਤੇ ਇਹ ਜੰਗ ਦੇ ਫ਼ੈਸਲਾਕੁੰਨ ਹਥਿਆਰ ਸਾਬਤ ਹੋਏ ਸਨ।''''

ਰਿਪੋਰਟ ਮੁਤਾਬਕ, ਮੁਜਾਹਿਦੀਨ ਨੇ 340 ਮਿਜ਼ਾਇਲਾਂ ਦਾਗੀਆਂ, ਜਿਨ੍ਹਾਂ ਨਾਲ 269 ਰੂਸੀ ਜਹਾਜ਼ਾਂ ਨੂੰ ਸੁੱਟਿਆ ਗਿਆ ਸੀ। ਇਹ ਪ੍ਰਦਰਸ਼ਨ ਅਮਰੀਕੀ ਪੈਮਾਨਿਆਂ ਤੋਂ ਅਸਧਾਰਨ ਰੂਪ ਵਿੱਚ ਵੱਧ ਸੀ। ਮਿਜ਼ਾਇਲਾਂ ਦੀ ਆਪਣੇ ਟੀਚੇ ਨੂੰ ਸਟੀਕ ਤੌਰ ''ਤੇ ਨਿਸ਼ਾਨਾ ਬਣਾਉਣ ਦੀ ਸਮਰੱਥਾ 79 ਫ਼ੀਸਦ ਸੀ।

ਅਧਿਐਨ ਵਿੱਚ ਅਫ਼ਗ਼ਾਨ ਜੰਗ ਦੇ ਆਖ਼ਰੀ ਤਿੰਨ ਸਾਲਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਤਾਂ ਕਿ ਇਹ ਦੇਖਿਆ ਅਤੇ ਪਰਖ਼ਿਆ ਜਾ ਸਕੇ ਕਿ ਸਤੰਬਰ 1986 ਦੇ ਸ਼ੁਰੂ ਵਿੱਚ ਹੋਈ ਜੰਗ ਵਿੱਚ ਸਟਿੰਗਰ ਦੀ ਵਰਤੋਂ ਕਾਰਨ, ਰੂਸ ਅਤੇ ਅਫ਼ਗ਼ਾਨ ਜੰਗ ਦੀ ਰਣਨੀਤੀ ਵਿੱਚ ਕੀ ਬਦਲਾਅ ਆਇਆ ਅਤੇ ਇਸਦੇ ਨਤੀਜੇ ਕੀ ਨਿਕਲੇ।

ਅਧਿਐਨ ਤੋਂ ਇਹ ਪਤਾ ਲੱਗਿਆ ਕਿ ਜਹਾਜ਼ਾਂ ਦੇ ਤੇਲ ਨੂੰ ਸੁੰਘਦੇ ਹੋਏ ਉਨ੍ਹਾਂ ਦਾ ਪਿੱਛਾ ਕਰਨ ਵਾਲੀ ਇਸ ਮਿਜ਼ਾਇਲ ਦੇ ਆਉਣ ਨਾਲ ''ਲੜਾਈ ਦੇ ਸੁਭਾਅ ''ਚ ਇੱਕਦਮ ਬਦਲਾਅ ਆਇਆ''।

ਇਹ ਗੱਲ ਵੀ ਸਾਹਮਣੇ ਆਈ ਕਿ ਪਹਿਲੀ ਮਿਜ਼ਾਇਲ ਲਾਂਚ ਹੋਣ ਤੋਂ ਇੱਕ ਮਹੀਨੇ ਦੇ ਅੰਦਰ ਸੋਵੀਅਤ-ਅਫ਼ਗ਼ਾਨ ਹਵਾਈ ਹਮਲਿਆਂ ਦੀ ਕਾਰਵਾਈ ਬੰਦ ਹੋ ਗਈ ਸੀ।

ਵਾਸ਼ਿੰਗਟਨ ਪੋਸਟ ਨੂੰ ਮਿਲੇ ਦਸਤਾਵੇਜ਼ ਦੇ ਸਾਰ ਮੁਤਾਬਕ, ''''ਸਟਿੰਗਰ ਦੇ ਆਉਣ ਤੋਂ ਪਹਿਲਾਂ, ਸਿਰਫ਼ ਰੂਸੀ ਸਥਿਰ ਅਤੇ ਗਤੀਸ਼ੀਲ ਪਰਾਂ ਵਾਲੇ ਲੜਾਕੂ ਜੈਟ ਹੀ ਹਰ ਰੋਜ਼ ਜਿੱਤਦੇ ਸਨ। ਸਤੰਬਰ 1986 ਵਿੱਚ ਜੰਗ ਦੀ ਸ਼ੈਲੀ ਵਿੱਚ ਨਾਟਕੀ ਰੂਪ ਵਿੱਚ ਬਦਲਾਅ ਆਇਆ। ਕਿਉਂਕਿ ਇਸ ਤੋਂ ਪਹਿਲਾਂ (ਸੋਵੀਅਤ-ਅਫ਼ਗ਼ਾਨ) ਹਾਵਈ ਜੰਗੀ ਮੁੱਠਭੇੜ ਪ੍ਰਭਾਵਸ਼ਾਲੀ ਨਹੀਂ ਸੀ ਹੁੰਦੀ, ਫ਼ੌਜੀ ਦਸਤਿਆਂ ਦੀ ਬਿਨਾਂ ਰੋਕ ਟੋਕ ਆਵਾਜਾਈ ਅਤੇ ਰਸਦ ਦੀ ਸਪਲਾਈ ਆਮ ਸੀ।''''

ਵਾਸ਼ਿੰਗਟਨ ਪੋਸਟ ਵਿੱਚ ਛਪੀ ਇੱਕ ਰਿਪੋਰਟ ਦੇ ਸੰਦਰਭ ਮੁਤਾਬਕ, ''''ਰੱਖਿਆ ਵਿਭਾਗ ਦੇ ਕੁਝ ਅਧਿਕਾਰੀਆਂ ਨੇ ਸ਼ੱਕ ਜਤਾਇਆ ਸੀ ਕਿ ਵਿਸ਼ਵਾਸਯੋਗ ਅੰਕੜੇ ਪ੍ਰਾਪਤ ਕੀਤੇ ਜਾਣ। ਕਿਉਂਕਿ ਜਿਨ੍ਹਾਂ ਗੁਰੀਲਿਆਂ ਦੀ ਇੰਟਰਵਿਊ ਲਈ ਗਈ ਸੀ, ਉਹ ਆਪਣੀ ਲੜਾਕੂ ਸ਼ਕਤੀ ਦਾ ਪ੍ਰਭਾਵ ਜਮਾਉਣ ਲ਼ਈ, ਸ਼ਾਇਦ ਸੁੱਟੇ ਗਏ ਜਹਾਜ਼ਾਂ ਦੀ ਅਸਲ ਗਿਣਤੀ ਨਾ ਦੱਸ ਰਹੇ ਹੋਣ।''''

''''ਇਸ ਤੋਂ ਇਲਾਵਾ, ਦਾਗੀਆਂ ਗਈਆਂ ਮਿਜ਼ਾਇਲਾਂ ਦੀ ਗਿਣਤੀ 340 ਦੱਸੀ ਗਈ ਸੀ, ਜੋ ਸਤੰਬਰ 1986 ਅਤੇ ਫ਼ਰਵਰੀ (1988) ਦੇ ਅਖੀਰ ਤੱਕ ਚੱਲਣ ਵਾਲੇ ਵਿਰੋਧ ਦੌਰਾਨ ਭੇਜੀਆਂ ਗਈਆਂ ਕਰੀਬ 1,000 ਮਿਜ਼ਾਇਲਾਂ ਦੀ ਗਿਣਤੀ ਤੋਂ ਘੱਟ ਸੀ।"

ਇਹ ਵੀ ਪੜ੍ਹੋ:

https://www.youtube.com/watch?v=-fHTjEZ6n-w

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''7e924fdf-d0ea-47fe-b3f6-1a72db39e34c'',''assetType'': ''STY'',''pageCounter'': ''punjabi.international.story.56721048.page'',''title'': ''ਸਟਿੰਗਰ ਮਿਜ਼ਾਇਲ: ਅਮਰੀਕਾ ਦੇ ਇਸ ਮਾਰੂ ਹਥਿਆਰ ਨੇ ਜਦੋਂ ਅਫ਼ਗਾਨਿਸਤਾਨ \''ਚ ਰੂਸ ਦੀ ਫ਼ੌਜ ਨੂੰ ਡਰਾ ਦਿੱਤਾ'',''author'': ''ਉਮਰ ਫ਼ਾਰੂਕ'',''published'': ''2021-04-16T11:29:32Z'',''updated'': ''2021-04-16T11:29:32Z''});s_bbcws(''track'',''pageView'');

Related News