ਪ੍ਰਿੰਸ ਫਿਲਿਪ: ਡਿਊਕ ਆਫ਼ ਐਡਿਨਬਰਾ ਐਵਾਰਡ ਨੇ ਮੈਨੂੰ ਜੇਲ੍ਹ ਜਾਣ ਤੋਂ ਬਚਾਇਆ

Thursday, Apr 15, 2021 - 08:05 AM (IST)

ਪ੍ਰਿੰਸ ਫਿਲਿਪ: ਡਿਊਕ ਆਫ਼ ਐਡਿਨਬਰਾ ਐਵਾਰਡ ਨੇ ਮੈਨੂੰ ਜੇਲ੍ਹ ਜਾਣ ਤੋਂ ਬਚਾਇਆ

ਤੁਹਾਡੇ ਲਈ ਡਿਊਕ ਆਫ਼ ਐਡਿਨਬਰਾ ਐਵਾਰਡ ਦੇ ਕੀ ਮਾਇਨੇ ਹਨ? ਕੁਝ ਲੋਕਾਂ ਲਈ ਇਹ ਬਸ ਆਪਣੇ ਬਾਇਓਡਾਟਾ ਨੂੰ ਚਮਕਾਉਣ ਲਈ ਬਰਤਾਵਨੀ ਪੇਂਡੂ ਇਲਾਕਿਆਂ ਵਿੱਚ ਬਰਸਾਤੀ ਮੌਸਮ ਵਿੱਚ ਪਿੱਠ ''ਤੇ ਵੱਡਾ ਸਾਰਾ ਬੈੱਗ ਲੱਦਕੇ ਘੁੰਮਣ ਦੀਆਂ ਯਾਦਾਂ ਹਨ।

ਪਰ ਜਿਨ੍ਹਾਂ ਦੱਸ ਲੱਖ ਨੌਜਵਾਨਾਂ ਨੇ ਖ਼ੁਦ ਨੂੰ ਸੁਧਾਰਨ ਲਈ ਇਸ ਚੁਣੌਤੀ ਨੂੰ ਸਵਿਕਾਰ ਕੀਤਾ ਉਨ੍ਹਾਂ ਵਿੱਚੋਂ ਕਈ ਅਜਿਹੇ ਹਨ ਜਿਨ੍ਹਾਂ ਨੂੰ ਇਸ ਦੇ ਜ਼ਰੀਏ ਜ਼ਿੰਦਗੀ ਬਦਲਣ ਵਾਲੇ ਮੌਕੇ ਮਿਲੇ।

ਜੇਮਸ ਕਹਿੰਦੇ ਹਨ ਕਿ ਜੇ ਇਹ ਐਵਾਰਡ ਨਾ ਹੁੰਦਾ ਤਾਂ ਸ਼ਾਇਦ ਉਹ ਜੇਲ੍ਹ ਵਿੱਚ ਹੁੰਦੇ। ਜੇਮਸ ਉਸ ਸਮੇਂ 15 ਸਾਲਾਂ ਦੇ ਸਨ ਅਤੇ ਉਨ੍ਹਾਂ ਦੇ ਦੋਸਤ ਨੈਥਨ 16 ਸਾਲਾਂ ਦੇ। ਉਨ੍ਹਾਂ ਦਿਨਾਂ ਵਿੱਚ ਉਹ ਪੁਲਿਸ ਤੋਂ ਕਿੰਨੀ ਵਾਰ ਲੁਕੇ ਉਨ੍ਹਾਂ ਨੂੰ ਯਾਦ ਵੀ ਨਹੀਂ।

ਇਹ ਵੀ ਪੜ੍ਹੋ:

ਉਹ ਉਨ੍ਹਾਂ ਦਿਨਾਂ ਵਿੱਚ ਉੱਤਰ ਪੂਰਬੀ ਇੰਗਲੈਂਡ ਦੇ ਡਾਰਲਿੰਗਟਨ ਵਿੱਚ ਵੱਡੇ ਹੋ ਰਹੇ ਸਨ। ਦੋਵਾਂ ਦੇ ਜੀਵਨ ਵਿੱਚ ਕਰਨ ਲਈ ਕੁਝ ਖ਼ਾਸ ਨਹੀਂ ਸੀ। ਅਜਿਹੇ ਵਿੱਚ ਦੋਵੇਂ ਸ਼ਰਾਰਤਾਂ ਕਰਦੇ ਸਨ।

ਥੋੜ੍ਹੇ ਰੋਮਾਂਚ ਲਈ ਗ਼ੈਰ-ਕਾਨੂੰਨੀ ਤਰੀਕੇ ਨਾਲ ਬਾਈਕ ਦੌੜਾਉਣ ਦੀ ਆਦਤ ਉਨ੍ਹਾਂ ਨੂੰ ਛੋਟੇ-ਮੋਟੇ ਅਪਰਾਧਾਂ ਦੀ ਦੁਨੀਆਂ ਵਿੱਚ ਲੈ ਗਈ। ਚੋਰੀਆਂ ਤੇ ਸਮਾਜ ਵਿਰੋਧੀ ਕੰਮ ਕਰਨੇ ਸ਼ੁਰੂ ਕਰਨ ਵਿੱਚ ਉਨ੍ਹਾਂ ਨੂੰ ਬਹੁਤਾ ਸਮਾਂ ਨਾ ਲੱਗਿਆ। ਉਹ ਜਾਇਦਾਦਾਂ ਨੂੰ ਵੀ ਨੁਕਸਾਨ ਪਹੁੰਚਾਉਂਦੇ।

ਜੇਮਸ ਆਪਣੇ ਵਿਵਹਾਰ ਬਾਰੇ ਕਹਿੰਦੇ ਹਨ, "ਅਸੀਂ ਬਸ ਕੁੱਟਮਾਰ ਕਰਦੇ ਰਹਿੰਦੇ ਸੀ।"

ਨੈਥਨ ਕਹਿੰਦੇ ਹਨ, "ਮੈਂ ਜਿੱਥੇ ਹੁੰਦਾ ਕੁਝ ਨਾ ਕੁਝ ਮਸਲਾ ਜ਼ਰੂਰ ਖੜ੍ਹਾ ਕਰਦਾ।"

ਬਦਲਾਅ ਦਾ ਦੌਰ

2018 ਵਿੱਚ ਵੱਖ-ਵੱਖ ਜੁਰਮਾਂ ਵਿੱਚ ਫੜ੍ਹੇ ਜਾਣ ਤੋਂ ਬਾਅਦ ਇਨ੍ਹਾਂ ਦੋਸਤਾਂ ਨੂੰ ਸਮਾਜਿਕ ਸੇਵਾ ਕਰਨ ਯਾਨੀ ਟੁੱਟੀਆਂ ਚੀਜ਼ਾਂ ਦੀ ''ਮੁਰੰਮਤ'' ਕਰਨ ਦੇ ਹੁਕਮ ਦਿੱਤੇ ਗਏ।

ਇੱਕ ਕਮਿਊਨਿਟੀ ਪ੍ਰੋਜੈਕਟ ਵਿੱਚ ਯੂਥ ਓਫ਼ੈਂਡਿੰਗ ਆਫ਼ੀਸਰ ਡੇਵ ਕਿਰਟਾਨ ਨੇ ਉਨ੍ਹਾਂ ਨੂੰ ਬਾਈਕ ਠੀਕ ਕਰਨਾ ਸਿਖਾਇਆ। ਦੋਵਾਂ ਨੇ ਇਸ ਨੂੰ ਬਹੁਤ ਦਿਲਚਸਪੀ ਤੇ ਖ਼ੁਸ਼ੀ ਨਾਲ ਸਿੱਖਿਆ।

ਡੇਵ ਖ਼ੁਦ ਵੀ ਡਿਊਕ ਆਫ਼ ਐਡਿਨਬਰਾ ਆਗੂ ਸਨ। ਉਨ੍ਹਾਂ ਨੇ ਮੁਰੰਮਤ ਕਰਨ ਵਾਲੇ ਪੈਨਲ ਵਿੱਚ ਸ਼ਾਮਲ ਲੋਕਾਂ ਅਤੇ ਉਨ੍ਹਾਂ ਦੋਵਾਂ ਨੌਜਵਾਨਾਂ ਵਿੱਚ ਸਮਝੌਤਾ ਕਰਵਾ ਦਿੱਤਾ।

2017 ਵਿੱਚ ਗੋਲਡ ਅਵਾਰਡ ਸਮਾਗਮ ਦੌਰਾਨ ਪ੍ਰਿੰਸ ਫਿਲਿਪ
Getty Images
2017 ਵਿੱਚ ਗੋਲਡ ਅਵਾਰਡ ਸਮਾਗਮ ਦੌਰਾਨ ਪ੍ਰਿੰਸ ਫਿਲਿਪ

ਸ਼ਰਤ ਇਹ ਸੀ ਕਿ ਜੇ ਡਿਊਕ ਆਫ਼ ਐਡਿਨਬਰਾ ਬ੍ਰਾਂਜ ਐਵਾਰਡ ਪੂਰਾ ਕਰਦੇ ਹਨ ਤਾਂ ਉਨ੍ਹਾਂ ਦੀ ਸਮਾਜ ਸੇਵਾ ਦੀ ਸਜ਼ਾ ਵਿੱਚੋਂ ਪੰਜ ਘੰਟੇ ਘੱਟ ਕਰ ਦਿੱਤੇ ਜਾਣਗੇ।

ਡੇਵ ਕਹਿੰਦੇ ਹਨ, ''''ਇਹ ਛੋਟਾ ਜਿਹਾ ਇਨਾਮ ਸੀ, ਜਿਵੇਂ ਖ਼ਰਗੋਸ਼ ਨੂੰ ਗਾਜਰ ਦਿਖਾਉਣਾ। ਦੋਵੇਂ ਮੁੰਡੇ ਸ਼ੁਰੂਆਤ ਵਿੱਚ ਝਿਜਕ ਰਹੇ ਸਨ। ਪਰ ਫ਼ਿਰ ਤਿਆਰ ਹੋ ਗਏ। ਦੋ ਤਿੰਨ ਹਫ਼ਤਿਆਂ ਬਾਅਦ ਹੀ ਉਨ੍ਹਾਂ ਨੂੰ ਆਪਣੇ ਹੱਥਾਂ ਵਿੱਚ ਆਏ ਮੌਕੇ ਦਾ ਅਹਿਸਾਸ ਹੋਇਆ।''''

ਬ੍ਰਾਂਜ਼ ਐਵਾਰਡ ਦੇ ਚਾਰ ਹਿੱਸੇ ਪੂਰੇ ਕਰਨ ਲਈ ਪ੍ਰਤੀਯੋਗੀ ਨੂੰ ਤਕਰੀਬਨ ਛੇ ਮਹੀਨਿਆਂ ਦਾ ਸਮਾਂ ਲੱਗਦਾ ਹੈ। ਇਸ ਵਿੱਚ ਵਲੰਟੀਅਰ ਕਰਨਾ, ਸਰੀਰਕ ਚੁਣੌਤੀਆਂ, ਕਈ ਹੁਨਰ ਕਲਾਵਾਂ ਵਿਕਸਿਤ ਕਰਨਾ ਅਤੇ ਕਿਸੇ ਮੁਹਿੰਮ ਵਿੱਚ ਹਿੱਸਾ ਲੈਣਾ ਸ਼ਾਮਿਲ ਹੁੰਦਾ ਹੈ।

ਮੁਹਿੰਮ ਦੌਰਾਨ ਆਮ ਤੌਰ ''ਤੇ ਦੋ ਦਿਨਾਂ ਦੀ ਪੈਦਲ ਯਾਤਰਾ ਅਤੇ ਫ਼ਿਰ ਰਾਤ ਨੂੰ ਕੈਂਪ ਕਰਨਾ ਸ਼ਾਮਿਲ ਹੁੰਦਾ ਹੈ। ਉੱਥੇ ਹੀ ਸਿਲਵਰ ਤੇ ਗੋਲਡ ਐਵਾਰਡ ਹੋਰ ਵੀ ਚੁਣੌਤੀਆਂ ਭਰੇ ਹੁੰਦੇ ਹਨ ਤੇ ਉਨ੍ਹਾਂ ਨੂੰ ਪੂਰਾ ਕਰਨ ਵਿੱਚ ਵੱਧ ਸਮਾਂ ਲੱਗਦਾ ਹੈ।

ਡੇਵ ਕਹਿੰਦੇ ਹਨ ਕਿ ਬ੍ਰਾਂਜ਼ ਐਵਾਰਡ ਹਾਸਿਲ ਕਰਨ ਲਈ ਜੋ ਦ੍ਰਿੜਤਾ ਚਾਹੀਦੀ ਹੁੰਦੀ ਹੈ ਉਸ ਨੇ ਉਨ੍ਹਾਂ ਦੇ ਵਿਵਹਾਰ ਨੂੰ ਬਦਲ ਦਿੱਤਾ।

ਉਹ ਕਹਿੰਦੇ ਹਨ, "ਇਸ ਨੇ ਉਨ੍ਹਾਂ ਦੋਵਾਂ ਦੀਆਂ ਸ਼ਰਾਰਤਾਂ ''ਤੇ ਵਿਰਾਮ ਲਗਾ ਦਿੱਤਾ।"

ਨੈਥਨ ਕਹਿੰਦੇ ਹਨ ਕਿ ਨੈਵੀਗੇਸ਼ਨ ਵਰਗੀ ਨਵੀਂ ਕਲਾ ਸਿੱਖਣ ਦੌਰਾਨ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਹ ਕਿੰਨੀ ਜਲਦੀ ਚੀਜ਼ਾਂ ਨੂੰ ਸਿਖ ਲੈਂਦੇ ਹਨ।

ਉਹ ਕਹਿੰਦੇ ਹਨ, ''''ਤੁਹਾਡੇ ਅੰਦਰ ਕਿੰਨੀ ਸਮਰੱਥਾ ਲੁਕੀ ਹੋਈ ਹੈ, ਤੁਹਾਨੂੰ ਉਸ ਸਮੇਂ ਤੱਕ ਪਤਾ ਨਹੀਂ ਲੱਗਦਾ ਜਦੋਂ ਤੱਕ ਤੁਸੀਂ ਖੁਦ ਕੋਸ਼ਿਸ਼ ਨਹੀਂ ਕਰਦੇ।''''

ਡਿਊਕ ਆਫ਼ ਐਡਿਨਬਰਾ ਐਵਾਰਡ

1956 ਵਿੱਚ ਜਦੋਂ ਪ੍ਰਿੰਸ ਫਿਲਿਪ ਨੇ ਡਿਊਕ ਆਫ਼ ਐਡਿਨਬਰਾ ਐਵਾਰਡ ਸ਼ੁਰੂ ਕੀਤਾ ਸੀ ਉਸ ਸਮੇਂ ਉਨ੍ਹਾਂ ਦਾ ਵਿਚਾਰ ਇਹ ਹੀ ਸੀ ਕਿ ਨੈਥਨ ਵਰਗੇ ਨੌਜਵਾਨ ਆਪਣੇ ਅੰਦਰ ਲੁਕੀਆਂ ਸਮਰੱਥਾਵਾਂ ਨੂੰ ਪਛਾਣਨ। ਉਸ ਸਮੇਂ ਇਹ ਐਵਾਰਡ ਸਿਰਫ਼ ਮੁੰਡਿਆਂ ਲਈ ਸ਼ੁਰੂ ਕੀਤਾ ਗਿਆ ਸੀ।

ਡਿਊਕ ਨੇ ਖ਼ੁਦ ਇਹ ਵਿਚਾਰ ਜ਼ਾਹਰ ਕਰਦਿਆਂ ਕਿਹਾ ਸੀ, "ਜੇ ਤੁਸੀਂ ਕਿਸੇ ਇੱਕ ਨੌਜਵਾਨ ਨੂੰ ਕਿਸੇ ਇੱਕ ਐਕਟੀਵਿਟੀ ਵਿੱਚ ਕਾਮਯਾਬੀ ਦਿਵਾਉਂਦੇ ਹੋ ਤਾਂ ਫ਼ਿਰ ਕਾਮਯਾਬੀ ਦਾ ਉਹ ਅਹਿਸਾਸ ਬਹੁਤ ਸਾਰੇ ਦੂਜੇ ਲੋਕਾਂ ਵਿੱਚ ਵੀ ਫ਼ੈਲਦਾ ਹੈ।"

ਗੋਰਡਨਟਾਉਨ ਸਕੂਲ ਦੇ ਵਿਦਿਆਰਥੀ
Getty Images

ਪ੍ਰਿੰਸ ਫਿਲਿਪ ਨੇ ਬਚਪਨ ਵਿੱਚ ਔਖਾ ਦੌਰ ਦੇਖਿਆ ਸੀ। ਇਸ ਦੌਰਾਨ ਆਤਮ-ਨਿਰਭਰ ਰਹਿਣ ਦੀ ਉਨ੍ਹਾਂ ਦੀ ਇੱਛਾ ਨੇ ਉਨ੍ਹਾਂ ਦੀ ਬਹੁਤ ਮਦਦ ਕੀਤੀ। ਉਨ੍ਹਾਂ ਦੇ ਇਸ ਵਿਚਾਰ ਦੀਆਂ ਜੜ੍ਹਾਂ ਵੀ ਉਨ੍ਹਾਂ ਦੇ ਸਕੂਲ ਦੇ ਦਿਨਾਂ ਦੇ ਤਜ਼ਰਬਿਆਂ ਵਿੱਚ ਮਿਲਦੀਆਂ ਹਨ।

ਪ੍ਰਿੰਸ ਫਿਲਿਪ ਤੇ ਉਨ੍ਹਾਂ ਦੇ ਬੇਟੇ ਪ੍ਰਿੰਸ ਚਾਰਲਸ ਨੇ ਗਾਰਡਨਸਟਾਉਨ ਸਕੂਲ ਤੋਂ ਪੜ੍ਹਾਈ ਹਾਸਿਲ ਕੀਤੀ। ਇਸ ਸਕੂਲ ਵਿੱਚ ਆਤਮ-ਨਿਰਭਰਤਾ ਅਤੇ ਸਖ਼ਤ ਸਰੀਰਕ ਅਨੁਸ਼ਾਸਨ ''ਤੇ ਜ਼ੋਰ ਦਿੱਤਾ ਜਾਂਦਾ ਸੀ। ਨੈੱਟਫ਼ਲਿਕਸ ਦੀ ਸੀਰੀਜ਼ ''ਦਿ ਕਰਾਉਨ'' ਵਿੱਚ ਵੀ ਇਸ ਨੂੰ ਦਿਖਾਇਆ ਗਿਆ ਹੈ।

ਇਹ ਵੀ ਪੜ੍ਹੋ:

ਐਵਾਰਡ ਵਿੱਚ ਕੁੜੀਆਂ ਦੀ ਸ਼ਮੂਲੀਅਤ

ਸ਼ੁਰੂਆਤ ਵਿੱਚ ਡਿਊਕ ਆਫ਼ ਐਡਿਨਬਰਾ ਦਾ ਇਹ ਐਵਾਰਡ ਸਿਰਫ਼ ਮੁੰਡਿਆਂ ਲਈ ਹੀ ਸੀ। ਪਹਿਲੇ ਸਾਲ 7,000 ਮੁੰਡਿਆਂ ਨੇ ਇਸ ਲਈ ਬਿਨੈ ਪੱਤਰ ਦਿੱਤਾ ਸੀ।

ਕੁੜੀਆਂ ਨੂੰ ਵੀ ਸਾਲ 1958 ਵਿੱਚ ਇਸ ਐਵਾਰਡ ਵਿੱਚ ਸ਼ਾਮਿਲ ਕੀਤਾ ਗਿਆ ਪਰ ਸ਼ੁਰੂਆਤ ਵਿੱਚ ਉਨ੍ਹਾਂ ਨੂੰ ਘਰੇਲੂ ਕੰਮਾਂ ਅਤੇ ਸਮਾਜ ਸੇਵਾ ਦੀ ਹੀ ਸਿਖਲਾਈ ਦਿੱਤੀ ਜਾਂਦੀ ਸੀ।

ਸਾਲ 1980 ਵਿੱਚ ਇਸ ਪ੍ਰੋਗਰਾਮ ਨੂੰ ਮੁੰਡੇ ਅਤੇ ਕੁੜੀਆਂ ਦੋਵਾਂ ਲਈ ਇਕੋ ਜਿਹਾ ਬਣਾ ਦਿੱਤਾ ਗਿਆ। ਇਹ ਬਰਾਬਰੀ ਦੀ ਦਿਸ਼ਾ ਵਿੱਚ ਇੱਕ ਕਦਮ ਸੀ। ਇਸ ਨੇ ਕੁੜੀਆਂ ਨੂੰ ਆਪਣੇ ਬਚਪਨ ਦੀਆਂ ਮੁਸ਼ਕਿਲ ਯਾਦਾਂ ਤੋਂ ਉੱਭਰਣ ਵਿੱਚ ਮਦਦ ਕੀਤੀ।

ਲਾਰੇਨ (ਬਦਲਿਆ ਹੋਇਆ ਨਾਮ) ਦਾ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਸ਼ੋਸ਼ਣ ਕੀਤਾ ਸੀ। ਉਹ ਯਾਦ ਕਰਦੇ ਹਨ ਕਿ ਉਨ੍ਹਾਂ ਨੂੰ ਬਾਲਕਨੀ ਵਿੱਚ ਲਟਕਾ ਦਿੱਤਾ ਜਾਂਦਾ ਸੀ। ਸ਼ੋਸ਼ਣ ਦੇ ਉਸ ਦੌਰ ਵਿੱਚ ਉਨ੍ਹਾਂ ਦੇ ਅੰਦਰ ਉਚਾਈ ਤੋਂ ਡਰ ਭਰ ਗਿਆ।

ਸਾਲ 2018 ਵਿੱਚ ਜਦੋਂ ਲਾਰੇਨ ਬ੍ਰਾਂਜ਼ ਐਵਾਰਡ ਪੂਰਾ ਕਰ ਰਹੇ ਸਨ ਉਹ ਚੌਦਾਂ ਸਾਲਾਂ ਦੇ ਸਨ। ਉਨ੍ਹਾਂ ਨੂੰ ਵਾਧੂ ਗਤੀਵਿਧੀ ਵਜੋਂ ਉੱਚੀਆਂ ਰੱਸੀਆਂ ''ਤੇ ਲਟਕਣ ਦਾ ਅਭਿਆਸ ਕਰਵਾਇਆ ਗਿਆ।

ਡਿਊਕ ਆਫ਼ ਐਡਿਨਬਰਾ
BBC

ਲਾਰੇਨ ਕਹਿੰਦੇ ਹਨ, "ਉੱਥੇ ਮੈਨੂੰ ਇੱਕ ਦੋਸਤ ਮਿਲਿਆ ਸੀ, ਉਹ ਮੈਨੂੰ ਉਤਸ਼ਾਹਿਤ ਕਰ ਰਿਹਾ ਸੀ। ਅੰਤ ਵਿੱਚ ਮੈਂ ਉਹ ਅਭਿਆਸ ਪੂਰਾ ਕਰ ਲਿਆ ਅਤੇ ਮੈਨੂੰ ਬਹੁਤ ਰਾਹਤ ਮਹਿਸੂਸ ਹੋਈ।"

ਉਸ ਦਿਨ ਉਨ੍ਹਾਂ ਉੱਚੀਆਂ ਰੱਸੀਆਂ ''ਤੇ ਲਟਕਦੇ ਹੋਏ ਲਾਰੇਨ ਦਾ ਉਚਾਈ ਤੋਂ ਡਰ ਹਮੇਸ਼ਾ ਲਈ ਖ਼ਤਮ ਹੋ ਗਿਆ।

ਉਹ ਕਹਿੰਦੇ ਹਨ, "ਹੁਣ ਮੈਂ ਕੁਝ ਵੀ ਕਰ ਸਕਦੀ ਹਾਂ।"

ਲਾਰੇਨ ਇਨ੍ਹਾਂ ਦਿਨਾਂ ਵਿੱਚ ਸਰਕਾਰ ਦੀ ਦੇਖਭਾਲ ਵਿੱਚ ਰਹਿੰਦੇ ਹਨ। ਉਹ ਕਹਿੰਦੇ ਹਨ ਕਿ ਉੱਥੇ ਉਨ੍ਹਾਂ ਨੇ ਜੋ ਦੋਸਤ ਬਣਾਏ ਸਨ ਉਨ੍ਹਾਂ ਨੇ ਲੋਰੇਨ ਨੂੰ ਹੁਨਰ ਸਿੱਖਣ ਵਿੱਚ ਮਦਦ ਕੀਤੀ ਅਤੇ ਇੱਕ ਸਮਾਜਿਕ ਕਾਰਕੁਨ ਬਣਨ ਵਿੱਚ ਉਨ੍ਹਾਂ ਲਈ ਅਹਿਮ ਸਾਬਿਤ ਹੋਏ।

ਉਹ ਕਹਿੰਦੇ ਹਨ ਕਿ ਹੁਣ ਉਹ ਅਜਿਹੇ ਬੱਚਿਆਂ ਦੀ ਮਦਦ ਕਰਨਾ ਚਾਹੁੰਦੇ ਹਨ ਜੋ ਮੁਸ਼ਕਿਲ ਬਚਪਨ ਗੁਜ਼ਾਰ ਰਹੇ ਹਨ।

ਜੋ ਪ੍ਰਤੀਯੋਗੀ ਗੋਲਡ ਐਵਾਰਡ ਪੂਰਾ ਕਰਦੇ ਹਨ ਉਨ੍ਹਾਂ ਨੂੰ ਵੱਖਰਾ ਹੀ ਅਨੁਭਵ ਹਾਸਿਲ ਹੁੰਦਾ ਹੈ। ਉਨ੍ਹਾਂ ਨੂੰ ਸ਼ਾਹੀ ਨਿਵਾਸ ''ਤੇ ਹੋਣ ਵਾਲੇ ਵਿਸ਼ੇਸ਼ ਪ੍ਰੋਗਰਾਮ ਵਿੱਚ ਸੱਦਿਆ ਜਾਂਦਾ ਹੈ।

ਲੰਡਨ ਵਿੱਚ ਹਰ ਸਾਲ ਸੇਂਟ ਜੇਮਸ ਪੈਲੇਸ ਅਤੇ ਬਕਿੰਘਮ ਪੈਲੇਸ ਗਾਰਡਨ ਵਿੱਚ ਅਜਿਹੇ ਸਮਾਰੋਹ ਹੁੰਦੇ ਹਨ। ਐਡਿਨਬਰਾ ਦੇ ਹੋਲੀਰੂਡ ਹਾਉਸ ਵਿੱਚ ਹਿਲਸਬਰੋ ਕਾਲਸ ਦੇ ਕਾਉਂਟੀ ਡਾਉਨ ਵਿੱਚ ਵੀ ਸਮਾਗਮ ਕੀਤੇ ਜਾਂਦੇ ਹਨ।

ਪ੍ਰਿੰਸ ਨੂੰ ਨਿੱਜੀ ਤੌਰ ''ਤੇ ਮਿਲਣ ਦਾ ਅਨੁਭਵ

ਖ਼ੁਦ ਪ੍ਰਿੰਸ ਫਿਲਿਪ ਨੇ ਕਰੀਬ 500 ਅਜਿਹੇ ਸਮਾਗਮਾਂ ਵਿੱਚ ਹਿੱਸਾ ਲਿਆ ਸੀ। ਜਦੋਂ ਪ੍ਰਿੰਸ ਖ਼ੁਦ ਮੌਜੂਦ ਨਹੀਂ ਹੋ ਪਾਉਂਦੇ ਤਾਂ ਸ਼ਾਹੀ ਪਰਿਵਾਰ ਦੇ ਦੂਜੇ ਲੋਕ ਉਨ੍ਹਾਂ ਦੀ ਜਗ੍ਹਾ ਪ੍ਰੋਗਰਾਮ ਵਿੱਚ ਸ਼ਾਮਿਲ ਹੁੰਦੇ।

ਆਪਣੀ ਜ਼ਿੰਦਗੀ ਦੇ ਆਖ਼ਰੀ ਦਿਨਾਂ ਤੱਕ ਉਹ ਇਸ ਸੰਸਥਾ ਦੇ ਮਾਰਗਦਰਸ਼ਕ ਬਣੇ ਰਹੇ।

ਮੁਹੰਮਦ ਲੀਲੀ ਕਹਿੰਦੇ ਹਨ ਕਿ ਜਦੋਂ ਉਹ ਪ੍ਰਿੰਸ ਫ਼ਿਲਿਪ ਨੂੰ ਮਿਲੇ ਸਨ ਤਾਂ ਬਹੁਤ ਰੋਮਾਂਚਿਕ ਹੋ ਗਏ ਸਨ। ਇਹ ਪ੍ਰੋਗਰਾਮ ਸਾਲ 2017 ਵਿੱਚ ਪ੍ਰਿੰਸ ਦੇ ਜਨਤਕ ਸਮਾਗਮਾਂ ਤੋਂ ਖ਼ੁਦ ਨੂੰ ਅਲੱਗ ਕਰਨ ਤੋਂ ਪਹਿਲਾਂ ਹੋਏ ਆਖ਼ਰੀ ਸਮਾਗਮਾਂ ਵਿੱਚੋਂ ਇੱਕ ਸੀ।

ਮੁਹੰਮਦ ਨੇ ਪ੍ਰੋਗਰਾਮ ਦੌਰਾਨ ਜੋ ਦੋਸਤ ਬਣਾਏ ਉਹ ਹੁਣ ਵੀ ਉਨ੍ਹਾਂ ਦੇ ਸੰਪਰਕ ਵਿੱਚ ਹਨ।

ਉਹ ਕਹਿੰਦੇ ਹਨ, "ਪ੍ਰਿੰਸ ਹਰ ਸਮੂਹ ਦੇ ਕੋਲ ਗਏ ਅਤੇ ਸਭ ਨਾਲ ਗੱਲਾਂ ਕੀਤੀਆਂ। ਮੈਨੂੰ ਯਾਦ ਹੈ ਉਨ੍ਹਾਂ ਨੇ ਸਾਨੂੰ ਕਿਹਾ ਸੀ ਕਿ ਅਸੀਂ ਹਮੇਸ਼ਾ ਵੱਧ ਤੋਂ ਵੱਧ ਸਰਗਰਮ ਰਹਿਣਾ ਹੈ ਅਤੇ ਜਦੋਂ ਸਾਡੇ ਸਰੀਰ ਵਿੱਚ ਤਾਕਤ ਹੈ ਤਾਂ ਅਸੀਂ ਉਸ ਦਾ ਸਭ ਤੋਂ ਵੱਧ ਇਸਤੇਮਾਲ ਕਰਨਾ ਹੈ।"

ਮੁਹੰਮਦ ਸੀਰੀਆ ਦੇ ਇੱਕ ਸ਼ਰਨਾਰਥੀ ਦੇ ਤੌਰ ''ਤੇ ਸਾਲ 2013 ਵਿੱਚ ਯੂਕੇ ਪਹੁੰਚੇ ਸਨ। ਉਸ ਸਮੇਂ ਉਹ 17 ਸਾਲ ਦੇ ਸਨ। ਉਨ੍ਹਾਂ ਨੇ ਆਪਣੀ ਅੰਗਰੇਜ਼ੀ ਸੁਧਾਰਨ ਅਤੇ ਨਵੇਂ ਲੋਕਾਂ ਨੂੰ ਮਿਲਣ ਲਈ ਇਸ ਐਵਾਰਡ ਨਾਲ ਜੁੜਨ ਦਾ ਫ਼ੈਸਲਾ ਲਿਆ ਸੀ।

ਉਹ ਇਸ ਮੌਕੇ ਦਾ ਫ਼ਾਇਦਾ ਚੁੱਕ ਕੇ ਰੈੱਡ ਕਰਾਸ ਨਾਲ ਜੁੜ ਗਏ ਅਤੇ ਯੂਕੇ ਪਹੁੰਚਣ ਵਾਲੇ ਸ਼ਰਨਾਰਥੀਆਂ ਦੀ ਮਦਦ ਕਰਨ ਲੱਗੇ।

ਮੁਹੰਮਦ ਯੂਨੀਵਰਸਿਟੀ ਆਫ਼ ਸਾਉਥੈਂਪਟਨ ਵਿੱਚ ਆਪਣੀ ਮੈਡੀਸੀਨ ਦੀ ਪੜ੍ਹਾਈ ਦਾ ਸਿਹਰਾ ਆਪਣੇ ਗੋਲਡ ਐਵਾਰਡ ਨੂੰ ਦਿੰਦੇ ਹਨ।

ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਹਾਲੇ ਵੀ ਵਿਸ਼ਵਾਸ ਨਹੀਂ ਹੁੰਦਾ ਕਿ ਉਨ੍ਹਾਂ ਨੂੰ ਪ੍ਰਿੰਸ ਫਿਲਿਪ ਨਾਲ ਵਿਅਕਤੀਗਤ ਤੌਰ ''ਤੇ ਮਿਲਣ ਦਾ ਮੌਕਾ ਮਿਲਿਆ ਸੀ।

ਉਹ ਕਹਿੰਦੇ ਹਨ, "ਜਦੋਂ ਮੈਂ ਸੀਰੀਆ ਛੱਡਿਆ ਸੀ ਉਸ ਸਮੇਂ ਮੈਂ ਕਪਲਨਾ ਵੀ ਨਹੀਂ ਸੀ ਕੀਤੀ ਕਿ ਮੈਂ ਪ੍ਰਿੰਸ ਫਿਲਿਪ ਨੂੰ ਮਿਲਾਂਗਾ ਜਾਂ ਇਹ ਸਭ ਕਰ ਸਕਾਂਗਾ।"

ਪ੍ਰੋਗਾਰਮ ਦਾ ਵਿਸਥਾਰ

ਸਾਲ 2021 ਤੱਕ ਨੈਥਨ, ਜੇਮਸ, ਲੌਰੇਨ ਜਾਂ ਮੁਹੰਮਦ ਲੀਲੀ ਵਰਗੇ 31 ਲੱਖ ਨੌਜਵਾਨ ਡਿਊਕ ਆਫ਼ ਐਡਿਨਬਰਾ ਐਵਾਰਡ ਹਾਸਿਲ ਕਰ ਚੁੱਕੇ ਹਨ।

ਇਸ ਪ੍ਰੋਗਰਾਮ ਦਾ ਕੌਮਾਂਤਰੀ ਸੰਸਕਰਨ ਵੀ ਹੈ ਜਿਸ ਵਿੱਚ ਇਸ ਸਮੇਂ ਦੁਨੀਆਂ ਭਰ ਦੇ 130 ਦੇਸਾਂ ਦੇ ਦੱਸ ਲੱਖ ਤੋਂ ਵੱਧ ਲੋਕ ਹਿੱਸਾ ਲੈ ਰਹੇ ਹਨ।

ਚਾਹੇ ਉਹ ਇਸ ਪ੍ਰੋਗਰਾਮ ਨੂੰ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ ਵੱਧ ਰਹੀ ਹੈ, ਇਸ ਦਾ ਵਿਚਾਰ ਅੱਜ ਵੀ ਅਜਿਹਾ ਹੀ ਹੈ, ਜਿਸ ਤਰ੍ਹਾਂ ਦਾ ਸਾਲ 2010 ਵਿੱਚ ਡਿਊਕ ਨੇ ਖ਼ੁਦ ਕਿਹਾ ਸੀ।

ਉਨ੍ਹਾਂ ਨੇ ਕਿਹਾ ਸੀ, "ਮਨੁੱਖੀ ਜੀਵਨ ਦੀ ਇੱਕ ਕਦੀ ਵੀ ਖ਼ਤਮ ਨਾ ਹੋਣ ਵਾਲੀ ਸਮੱਸਿਆ ਹੈ ਕਿ ਹਰ ਪੀੜ੍ਹੀ ਦੇ ਨੌਜਵਾਨਾਂ ਨੇ ਖ਼ੁਦ ਆਪਣੇ ਜ਼ਿੰਦਗੀ ਦੇ ਮਾਇਨੇ ਲੱਭਣੇ ਹੁੰਦੇ ਹਨ। ਇਹ ਤਜ਼ਰਬੇ ਸਧਾਰਨ ਸਬਕ ਦਿੰਦੇ ਹਨ ਅਤੇ ਦ੍ਰਿੜਤਾ ਅਤੇ ਪੱਕੇ ਇਰਾਦੇ ਨਾਲ ਕੀ-ਕੀ ਹਾਸਿਲ ਕੀਤਾ ਜਾ ਸਕਦਾ ਹੈ ਉਸ ਦਾ ਵਿਵਹਾਰਿਕ ਸਬੂਤ ਦਿੰਦੇ ਹਨ।"

ਡਾਰਲਿੰਗਟਨ ਦੇ ਜੇਮਸ ਅਤੇ ਨੈਥਨ ਨੇ ਯਕੀਨੀ ਤੌਰ ''ਤੇ ਇਹ ਸਬਕ ਸਿੱਖੇ ਹਨ। ਬ੍ਰਾਂਜ਼ ਐਵਾਰਡ ਪੂਰਾ ਕਰਨ ਦੇ ਬਾਅਦ ਤੋਂ ਦੋਵਾਂ ਵਿੱਚੋਂ ਕਿਸੇ ਨੇ ਕੋਈ ਅਪਰਾਧ ਨਹੀਂ ਕੀਤਾ।

ਨੈਥਨ ਕਹਿੰਦੇ ਹਨ, "ਇਹ ਜਾਣਕੇ ਚੰਗਾ ਲੱਗਦਾ ਹੈ ਕਿ ਤੁਹਾਡਾ ਦੋਸਤ ਵਧੀਆ ਹੈ ਅਤੇ ਆਪਣੇ ਲਈ ਚੰਗਾ ਕਰ ਰਿਹਾ ਹੈ। ਅਸੀਂ ਇਸ ਗੱਲ ਤੋਂ ਵੀ ਖ਼ੁਸ਼ ਹਾਂ ਕਿ ਸਾਡੇ ਦੋਵਾਂ ਵਿੱਚ ਇਕੱਠਿਆਂ ਬਦਲਾਅ ਆਇਆ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''5ab677c0-5f3a-4ec6-9418-32cbd68ccb3b'',''assetType'': ''STY'',''pageCounter'': ''punjabi.international.story.56746721.page'',''title'': ''ਪ੍ਰਿੰਸ ਫਿਲਿਪ: ਡਿਊਕ ਆਫ਼ ਐਡਿਨਬਰਾ ਐਵਾਰਡ ਨੇ ਮੈਨੂੰ ਜੇਲ੍ਹ ਜਾਣ ਤੋਂ ਬਚਾਇਆ'',''author'': ''ਏਲਿਸ ਈਵਾਂਸ'',''published'': ''2021-04-15T02:23:57Z'',''updated'': ''2021-04-15T02:23:57Z''});s_bbcws(''track'',''pageView'');

Related News