ਲਹਿੰਦੇ ਪੰਜਾਬ ਦੇ ਸੱਟੇਬਾਜ਼ ਕਿਵੇਂ ਲੱਗਦਾ ਹੈ ਖੰਡ ਦੇ ਭਾਅ ਉੱਤੇ ਸੱਟਾ

Monday, Apr 05, 2021 - 12:35 PM (IST)

ਲਹਿੰਦੇ ਪੰਜਾਬ ਦੇ ਸੱਟੇਬਾਜ਼ ਕਿਵੇਂ ਲੱਗਦਾ ਹੈ ਖੰਡ ਦੇ ਭਾਅ ਉੱਤੇ ਸੱਟਾ
ਖੰਡ
Getty Images

ਪਿਛਲੇ ਕੁਝ ਮਹੀਨਿਆਂ ਦੌਰਾਨ ਪਾਕਿਸਤਾਨ ''ਚ ਖੰਡ ਦੀ ਕੀਮਤ 100 ਰੁਪਏ ਪ੍ਰਤੀ ਕਿੱਲੋਗ੍ਰਾਮ ਨੂੰ ਪਾਰ ਹੋ ਗਈ ਹੈ।

ਹੁਣ ਵੀ ਦੇਸ਼ ਦੇ ਕਈ ਹਿੱਸਿਆਂ ''ਚ ਖੰਡ ਦਾ ਮੁੱਲ 95 ਰੁ. ਤੋਂ 100 ਰੁ. ਪ੍ਰਤੀ ਕਿੱਲੋਗ੍ਰਾਮ ਹੈ, ਜੋ ਕਿ ਪਿਛਲੇ ਸਾਲ ਨਵੰਬਰ ਅਤੇ ਦਸੰਬਰ ਮਹੀਨੇ 80 ਰੁ. ਪ੍ਰਤੀ ਕਿਲੋਗ੍ਰਾਮ ਸੀ।

ਗ੍ਰਹਿ ਮਾਮਲਿਆਂ ਬਾਰੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਸ਼ਹਿਜ਼ਾਦ ਅਕਬਰ ਨੇ ਇੱਕ ਪ੍ਰੈਸ ਕਾਨਫਰੰਸ ''ਚ ਖੰਡ ਦੀਆਂ ਵੱਧ ਰਹੀਆਂ ਕੀਮਤਾਂ ਨੂੰ ''ਸੱਟੇਬਾਜ਼ਾਂ'' ਦਾ ਕੰਮ ਦੱਸਿਆ ਹੈ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਸੱਟੇਬਾਜ਼ ਬਨਾਵਟੀ ਤੌਰ ''ਤੇ ਜਾਂ ਕਹਿ ਸਕਦੇ ਹਾਂ ਕਿ ਗਲਤ ਢੰਗ ਨਾਲ ਖੰਡ ਦੀਆਂ ਕੀਮਤਾਂ ''ਚ ਵਾਧਾ ਕਰਦੇ ਹਨ।

ਇਹ ਵੀ ਪੜ੍ਹੋ:

ਉਨ੍ਹਾਂ ਅੱਗੇ ਕਿਹਾ ਕਿ ਸੰਘੀ ਜਾਂਚ ਏਜੰਸੀ , ਐੱਫਆਈਏ ਨੇ ਇੰਨ੍ਹਾਂ ਸੱਟੇਬਾਜ਼ਾਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਕਾਰਵਾਈ ਤੋਂ ਹਾਸਲ ਹੋਏ ਰਿਕਾਰਡਾਂ ਤੋਂ ਪਤਾ ਲੱਗਿਆ ਹੈ ਕਿ ਸੱਟੇਬਾਜ਼ਾਂ ਨੇ ਖੰਡ ਦੇ ਮੁੱਲ ''ਚ ਬਨਾਵਟੀ ਵਾਧਾ ਦਰਜ ਕੀਤਾ ਹੈ।

ਖੁਰਾਕ ਪਦਾਰਥਾਂ ਦੇ ਖੇਤਰ ਨਾਲ ਜੁੜੇ ਮਾਹਰਾਂ ਅਤੇ ਲੋਕਾਂ ਨੇ ਵੀ ਖੰਡ ਦੇ ਵਪਾਰ ''ਚ ਸੱਟੇਬਾਜ਼ਾਂ ਦੀ ਸ਼ਮੂਲੀਅਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਖੰਡ ਦੀ ਸਪਲਾਈ, ਮੰਗ ਅਤੇ ਕੀਮਤਾਂ ''ਚ ਉਤਰਾਅ-ਚੜਾਅ ਸੱਟੇਬਾਜ਼ੀ ਦੇ ਕਾਰਨ ਹੀ ਹੁੰਦਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਇਸ ਸਭ ''ਚ ਦੋ ਤਰ੍ਹਾਂ ਦੀਆਂ ਬਾਜ਼ਾਰੀ ਤਾਕਤਾਂ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇੱਕ ਮਾਰਕੀਟ ਫੋਰਸ ਸਪਲਾਈ ਅਤੇ ਮੰਗ ਦੇ ਅਧਾਰ ''ਤੇ ਕੰਮ ਕਰਦੀ ਹੈ ਅਤੇ ਦੂਜੇ ਕਿਸਮ ਦੀਆਂ ਤਾਕਤਾਂ ਬਣਾਉਟੀ ਸੰਕਟ ਪੈਦਾ ਕਰਦੀਆਂ ਹਨ, ਜੋ ਕਿ ਕਿਆਸਰਾਈਆਂ ਅਤੇ ਅਫ਼ਵਾਹਾਂ ਦੇ ਅਧਾਰ ''ਤੇ ਨਕਲੀ ਤੌਰ ''ਤੇ ਕੀਮਤਾਂ ''ਚ ਵਾਧਾ ਕਰਦੀਆਂ ਹਨ ਅਤੇ ਨਾਜਾਇਜ਼ ਮੁਨਾਫਾ ਕਮਾਉਂਦੀਆਂ ਹਨ।

ਮਜ਼ਦੂਰ
Getty Images
ਇਸ ਸਾਰੇ ਕਾਸੇ ਵਿੱਚ ਗਾਹਕਾਂ ਦਾ ਨੁਕਸਾਨ ਹੁੰਦਾ ਹੈ ਜਦਕਿ ਸੱਟੇਬਾਜ਼ਾਂ ਅਤੇ ਵਪਾਰੀਆਂ ਦੀ ਚਾਂਦੀ

ਖੰਡ ਦੇ ਕਾਰੋਬਾਰ ''ਚ ਸੱਟਾ ਕਿਵੇਂ ਖੇਡਿਆ ਜਾਂਦਾ ਹੈ

ਮਾਹਰਾਂ ਦਾ ਕਹਿਣਾ ਹੈ ਕਿ ਸੱਟੇਬਾਜ਼ ਕਿਆਸ ਲਗਾ ਕੇ ਬਣਾਉਟੀ ਅਧਾਰ ''ਤੇ ਖੰਡ ਦੇ ਮੁੱਲ ''ਚ ਵਾਧਾ ਕਰਦੇ ਹਨ। ਇਹ ਸੱਟੇਬਾਜ਼ ਹੀ ਤੈਅ ਕਰਦੇ ਹਨ ਕਿ ਜੇਕਰ ਅੱਜ ਦੇ ਦਿਨ ਖੰਡ ਦਾ ਮੁੱਲ 80 ਰੁ ਪ੍ਰਤੀ ਕਿੱਲੋ ਹੈ ਤਾਂ ਅਗਲੇ ਮਹੀਨੇ ਇਸ ਦੀ ਕੀਮਤ 90 ਰੁ ਪ੍ਰਤੀ ਕਿਲੋ ਤੱਕ ਵਧਾਉਣੀ ਹੈ। ਇਸ ਸਥਿਤੀ ਨੂੰ ਪੈਦਾ ਕਰਨ ਲਈ ਉਹ ਬਨਾਵਟੀ ਸੰਕਟ ਪੈਦਾ ਕਰਦੇ ਹਨ।

ਖੰਡ ਕਾਰੋਬਾਰੀ ਵਹੀਦ ਮੈਮਨ ਨੇ ਕਿਹਾ ਕਿ ਇਹ ਸੱਟਾ ਦੋ ਤਰ੍ਹਾਂ ਨਾਲ ਖੇਡਿਆ ਜਾਂਦਾ ਹੈ। ਪਹਿਲਾ ਤਾਂ ਇਹ ਕਿ ਇਹ ਸੱਟੇਬਾਜ਼ ਖੰਡ ਮਿੱਲ ਨਾਲ ਇਹ ਤੈਅ ਕਰਕੇ ਬਿਆਨਾ ਦਿੰਦੇ ਹਨ ਕਿ ਉਹ ਆਉਣ ਵਾਲੇ ਸਮੇਂ ''ਚ ਡਿਲਵਰੀ ਚੁੱਕ ਲੈਣਗੇ। ਦੂਜਾ ਤਰੀਕਾ ਇਹ ਹੈ ਕਿ ਖੰਡ ਕਾਰੋਬਾਰੀ ਆਪਸ ''ਚ ਤੈਅ ਕਰਕੇ ਖੰਡ ਦਾ ਸੌਦਾ ਕਰ ਲੈਂਦੇ ਹਨ, ਜਿਸ ''ਚ ਨਾ ਹੀ ਕੋਈ ਬਿਆਨਾ ਸ਼ਾਮਲ ਹੁੰਦਾ ਹੈ ਅਤੇ ਨਾ ਹੀ ਫਿਜ਼ੀਕਲ ਤੌਰ ''ਤੇ ਖੰਡ ਦੀ ਡਿਲੀਵਰੀ ਹੁੰਦੀ ਹੈ।

ਵਹੀਦ ਨੇ ਕਿਹਾ ਕਿ ਜੇਕਰ ਬਾਜ਼ਾਰ ''ਚ ਖੰਡ ਦਾ ਮੁੱਲ 90 ਰੁਪਏ ਪ੍ਰਤੀ ਕਿਲੋ ਹੈ ਤਾਂ ਸੱਟੇਬਾਜ਼ ਭਵਿੱਖ ਦੇ ਸੌਦੇ ਉੱਚੇ ਮੁੱਲ ''ਤੇ ਕਰਨਾ ਸ਼ੁਰੂ ਕਰ ਦਿੰਦੇ ਹਨ। ਖੰਡ ਮਿੱਲਾਂ ਵੀ ਉੱਚੀਆਂ ਦਰਾਂ ''ਤੇ ਹੀ ਸੌਦੇ ਕਰਦੀਆਂ ਹਨ, ਪਰ ਇਸ ਸਭ ''ਚ ਖੰਡ ਦੀ ਫਿਜ਼ੀਕਲ ਡਿਲੀਵਰੀ ਨਹੀਂ ਹੁੰਦੀ ਹੈ।

ਇਸ ਸਬੰਧ ''ਚ ਖੁਰਾਕ ਪਦਾਰਥ ਵਿਭਾਗ ਦੇ ਮਾਹਰ ਸ਼ਮਸ-ਉਲ-ਇਸਲਾਮ ਨੇ ਕਿਹਾ ਕਿ ਸੱਟੇਬਾਜ਼ੀ ਦੇ ਕਾਰੋਬਾਰ ''ਚ ਖੰਡ ਖਰੀਦੀ ਜਾਂਦੀ ਹੈ ਅਤੇ ਉਸ ਦਾ ਸੁਪਰਦਗੀ ਆਰਡਰ ਵੀ ਲਿਆ ਜਾਂਦਾ ਹੈ, ਪਰ ਇਸ ਦੀ ਫਿਜ਼ੀਕਲ ਸੁਪਰਦਗੀ ਨਹੀਂ ਕੀਤੀ ਜਾਂਦੀ ਹੈ। ਇਹ ਸੁਪਰਦਗੀ ਆਰਡਰ ਇੱਕ ਹੱਥ ਤੋਂ ਦੂਜੇ ਹੱਥ ''ਚ ਵੇਚਿਆ ਜਾਂਦਾ ਹੈ, ਜਿਸ ਨਾਲ ਕਿ ਖੰਡ ਦਾ ਮੁੱਲ ਵੱਧਦਾ ਜਾਂਦਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਉਨ੍ਹਾਂ ਅੱਗੇ ਕਿਹਾ ਕਿ ਸੱਟੇਬਾਜ਼ ਇੱਕ ਹੋਰ ਤਰੀਕੇ ਨਾਲ ਵੀ ਅਜਿਹਾ ਕੰਮ ਕਰਦੇ ਹਨ, ਜਿਸ ''ਚ ਨਾ ਹੀ ਕੋਈ ਸੁਪਰਦਗੀ ਆਰਡਰ ਹੁੰਦਾ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਭੁਗਤਾਨ ਕੀਤਾ ਜਾਂਦਾ ਹੈ। ਸਿਰਫ ਕਿਆਸ ਲਗਾ ਕੇ ਖੰਡ ਦਾ ਲੈਣ ਦੇਣ ਕੀਤਾ ਜਾਂਦਾ ਹੈ।

ਮਿਸਾਲ ਵਜੋਂ ਜੇਕਰ ਖੰਡ ਦਾ ਮੁੱਲ 80 ਰੁਪਏ ਪ੍ਰਤੀ ਕਿੱਲੋ ਹੈ , ਤਾਂ ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਅਗਲੇ ਮਹੀਨੇ ਇਸ ਦਾ ਮੁੱਲ 90 ਰੁਪਏ ਪ੍ਰਤੀ ੱਕਿਲੋ ਤੱਕ ਜਾ ਸਕਦਾ ਹੈ। ਇਸ ਨਾਲ ਬਾਜ਼ਾਰ ਵਿੱਚ ਇੱਕ ਸੰਕਟ ਪੈਦਾ ਹੋ ਜਾਂਦਾ ਹੈ , ਜਿਸ ਨਾਲ ਕਿ ਬਣਾਵਟੀ ਤੌਰ ''ਤੇ ਕੀਮਤਾਂ ''ਚ ਵਾਧੇ ਦਾ ਕਾਰਨ ਬਣ ਜਾਂਦਾ ਹੈ।

ਵਹੀਦ ਮੈਮਨ ਨੇ ਦੱਸਿਆ ਕਿ ਕਿਉਂਕਿ ਖੰਡ ਦੀ ਕੋਈ ਭੌਤਿਕ ਸੁਪਰਦਗੀ ਨਹੀਂ ਹੁੰਦੀ ਹੈ, ਇਸ ਲਈ ਜਦੋਂ ਸੌਦਾ ਲਿਖਿਆ ਜਾਂਦਾ ਹੈ ਤਾਂ ਨਕਲੀ ਖਰੀਦ ਸ਼ੁਰੂ ਹੋ ਜਾਂਦੀ ਹੈ, ਜਿਸ ਨਾਲ ਕਿ ਬਾਜ਼ਾਰ ਵਿੱਚ ਭਾਅ ਵਧ ਜਾਂਦਾ ਹੈ।

ਖੰਡ ਮਿੱਲ
BBC
ਸੱਟੇਬਾਜ਼ੀ ਦਾ ਜ਼ਿਆਦਾ ਕੰਮ ਕ੍ਰਸ਼ਿੰਗ ਸ਼ੀਜ਼ਨ ਦੌਰਾਨ ਹੁੰਦਾ ਹੈ ਜੋ ਕਿ ਮਾਰਚ ਮਹੀਨੇ ਖ਼ਤਮ ਹੁੰਦਾ ਹੈ

ਖੰਡ ''ਤੇ ਸੱਟੇਬਾਜ਼ੀ ਕਿੱਥੇ ਹੁੰਦੀ ਹੈ ?

ਪਾਕਿਸਤਾਨ ''ਚ ਖੰਡ ''ਤੇ ਹੋ ਰਹੀ ਸੱਟੇਬਾਜ਼ੀ ''ਤੇ ਗੱਲ ਕਰਦਿਆਂ ਵਹੀਦ ਨੇ ਕਿਹਾ ਕਿ ਇਸ ਦੇ ਦੋ ਵੱਡੇ ਕੇਂਦਰ ਹਨ। ਇਕ ਪੰਜਾਬ ਅਤੇ ਦੂਜਾ ਕਰਾਚੀ।

ਉਨ੍ਹਾਂ ਕਿਹਾ ਕਿ ਕਿਉਂਕਿ ਪੰਜਾਬ ''ਚ ਖੰਡ ਦਾ ਉਤਪਾਦਨ ਵਧੇਰੇ ਹੁੰਦਾ ਹੈ, ਇਸ ਲਈ ਲਾਹੌਰ ਸਭ ਤੋਂ ਵੱਡਾ ਕੇਂਦਰ ਹੈ ਅਤੇ ਇੱਥੇ ਸੱਟੇਬਾਜ਼ ਵਧੇਰੇ ਸਰਗਰਮ ਰਹਿੰਦੇ ਹਨ।

ਸ਼ਮਸ-ਉਲ-ਇਸਲਾਮ ਨੇ ਕਿਹਾ ਕਿ ਲਾਹੌਰ ''ਚ ਅਕਬਰੀ ਮੰਡੀ ਸਭ ਤੋਂ ਵੱਡੀ ਅਨਾਜ ਮੰਡੀ ਹੈ ਅਤੇ ਉੱਥੇ ਖੰਡ ਦਾ ਵੀ ਕਾਰੋਬਾਰ ਹੁੰਦਾ ਹੈ। ਇਸ ਬਾਜ਼ਾਰ ''ਚ ਖੰਡ ਦੇ ਸੱਟੇਬਾਜ਼ ਕੰਮ ਕਰਦੇ ਹਨ। ਇਸ ਤਰ੍ਹਾਂ ਹੀ ਕਰਾਚੀ ਦਾ ਜੋੜਿਆ ਬਾਜ਼ਾਰ ਵੀ ਸੱਟੇਬਾਜ਼ਾਂ ਦਾ ਮੁੱਖ ਅੱਡਾ ਹੈ।

ਵਹੀਦ ਨੇ ਦੱਸਿਆ ਕਿ ਲਾਹੌਰ ਦੀ ਅਕਬਰੀ ਮੰਡੀ ਦੇ ਬਾਬਰ ਸੈਂਟਰ ''ਚ ਇਸ ਤਰ੍ਹਾਂ ਦਾ ਧੰਦਾ ਵਧੇਰੇ ਹੁੰਦਾ ਹੈ। ਬਾਬਰ ਸੈਂਟਰ ਪੰਜਾਬ ''ਚ ਖੰਡ ਡੀਲਰਾਂ ਦਾ ਕੇਂਦਰ ਹੈ। ਇਸੇ ਤਰ੍ਹਾਂ ਹੀ ਕਰਾਚੀ ''ਚ ਜੋੜਿਆ ਬਾਜ਼ਾਰ ਦੀ ਕੱਚੀ ਗਲੀ ''ਚ ਵੱਡੇ-ਵੱਡੇ ਖੰਡ ਡੀਲਰਾਂ ਦਾ ਅੱਡਾ ਹੈ।

ਸ਼ਮਸ-ਉਲ-ਇਸਲਾਮ ਨੇ ਕਿਹਾ ਕਿ ਸੱਟੇਬਾਜ਼ੀ ਦਾ ਜ਼ਿਆਦਾ ਕੰਮ ਕ੍ਰਸ਼ਿੰਗ ਸ਼ੀਜ਼ਨ ਦੌਰਾਨ ਹੁੰਦਾ ਹੈ। ਖੰਡ ਦਾ ਕ੍ਰਸ਼ਿੰਗ ਸੀਜ਼ਨ ਮਾਰਚ ਮਹੀਨੇ ਖ਼ਤਮ ਹੁੰਦਾ ਹੈ। ਉਸ ਸਮੇਂ ਸਪਲਾਈ ਵਧੇਰੇ ਹੋਣ ਕਰਕੇ ਕੀਮਤਾਂ ''ਚ ਗਿਰਾਵਟ ਦੀ ਸੰਭਾਵਨਾ ਬਣੀ ਰਹਿੰਦੀ ਹੈ। (ਪਰ) ਸੱਟੇਬਾਜ਼ੀ ਰਾਹੀਂ ਕੀਮਤਾਂ ਹੇਠਾਂ ਡਿੱਗਣ ਨਹੀਂ ਦਿੱਤੀਆਂ ਜਾਂਦੀਆਂ ਹਨ।

ਵਹੀਦ ਕਹਿੰਦੇ ਹਨ ਕਿ ਸੱਟੇਬਾਜ਼ੀ ਦਾ ਧੰਦਾ ਕਈ ਸਾਲਾਂ ਤੋਂ ਇਸੇ ਤਰ੍ਹਾਂ ਹੀ ਚੱਲ ਰਿਹਾ ਹੈ, ਪਰ ਪਿਛਲੇ ਕੁਝ ਸਾਲਾਂ ਤੋਂ ਇਸ ''ਚ ਕਾਫ਼ੀ ਤੇਜ਼ੀ ਵੇਖਣ ਨੂੰ ਮਿਲੀ ਹੈ। ਉਨ੍ਹਾਂ ਦੱਸਿਆ ਕਿ ਮੂਲ ਰੂਪ ''ਚ ਇਸ ਧੰਦੇ ''ਚ 40-50 ਵੱਡੇ ਸਮੂਹ ਸ਼ਾਮਲ ਹਨ , ਜੋ ਕਿ ਬਣਾਉਟੀ ਤੌਰ ''ਤੇ ਕੀਮਤਾਂ ''ਚ ਵਾਧਾ ਕਰਦੇ ਹਨ।

ਖੰਡ
Getty Images
ਖੰਡ ਮਿੱਲਾਂ ਨੇ ਸਰਕਾਰੀ ਭਾਅ ਤੋਂ ਵੱਧ ਕੀਮਤ ''ਤੇ ਕਿਸਾਨਾਂ ਤੋਂ ਗੰਨਾ ਖਰੀਦਿਆ ਸੀ।

ਸੱਟੇਬਾਜ਼ੀ ਨਾਲ ਕਿਸ ਨੂੰ ਲਾਭ ਅਤੇ ਕਿਸ ਨੂੰ ਨੁਕਸਾਨ ?

ਜੇਕਰ ਪਾਕਿਸਤਾਨ ''ਚ ਖੰਡ ਦੀ ਖਪਤ ਦੇਖੀ ਜਾਵੇ ਤਾਂ 30% ਤੱਕ ਖੰਡ ਦੀ ਵਰਤੋਂ ਘਰੇਲੂ ਪੱਧਰ ''ਤੇ ਹੀ ਕੀਤੀ ਜਾਂਦੀ ਹੈ ਅਤੇ 70% ਦੀ ਵਰਤੋਂ ਵਪਾਰਕ ਪੱਧਰ ''ਤੇ ਕੀਤੀ ਜਾਂਦੀ ਹੈ। ਜਿਸ ਦੀ ਵਰਤੋਂਲ ਪੀਣ ਵਾਲੇ ਪਦਾਰਥਾਂ, ਮਠਿਆਈ ਅਤੇ ਦਵਾਈਆਂ ''ਚ ਕੀਤਾ ਜਾਂਦਾ ਹੈ।

ਖੰਡ ਆਯਾਤ ਕਰਨ ਵਾਲੇ ਹਾਰੂਨ ਆਗਰ ਨੇ ਕਿਹਾ ਕਿ ਸੱਟੇਬਾਜ਼ੀ ਦੇ ਧੰਦੇ ''ਚ ਅਟਕਲਾਂ ਦੇ ਅਧਾਰ ''ਤੇ ਖੰਡ ਦੇ ਮੁੱਲ ''ਚ ਵਾਧਾ ਕੀਤਾ ਜਾਂਦਾ ਹੈ ਅਤੇ ਇਹ ਵਧੀ ਹੋਈ ਕੀਮਤ ਖਪਤਕਾਰਾਂ ਤੋਂ ਵਸੂਲੀ ਜਾਂਦੀ ਹੈ। ਇਸ ਲਈ ਸਭ ਤੋਂ ਵੱਧ ਨੁਕਸਾਨ ਖਪਤਕਾਰ ਦਾ ਹੀ ਹੁੰਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਖੰਡ ਮਿੱਲਾਂ ਅਤੇ ਸੱਟੇਬਾਜ਼ ਤਾਂ ਫਾਇਦੇ ''ਚ ਹੀ ਰਹਿੰਦੇ ਹਨ, ਕਿਉਂਕਿ ਵਧੀਆਂ ਕੀਮਤਾਂ ਨਾਲ ਉਨ੍ਹਾਂ ਨੂੰ ਆਰਥਿਕ ਲਾਭ ਪਹੁੰਚਦਾ ਹੈ।

ਵਹੀਦ ਮੈਮਨ ਨੇ ਕਿਹਾ ਕਿ ਸੱਟੇਬਾਜ਼ੀ ਦੇ ਧੰਦੇ ''ਚ ਸੱਟਾ ਖੇਡਣ ਵਾਲੇ ਲੋਕ ਹੀ ਫਾਇਦੇ ''ਚ ਰਹਿੰਦੇ ਹਨ, ਕਿਉਂਕਿ ਉਹ ਬਿਨ੍ਹਾਂ ਕਿਸੇ ਦਸਤਾਵੇਜ਼ੀ ਪ੍ਰਮਾਣ ਦੇ ਜਾਅਲੀ ਲੈਣ-ਦੇਣ ਕਰਦੇ ਹਨ।

ਇਸ ਵਿੱਚ ਕੋਈ ਵਧੇਰੇ ਨਿਵੇਸ਼ ਨਹੀਂ ਹੁੰਦਾ ਹੈ, ਬਲਕਿ ਖੰਡ ਦੀ ਜਾਅਲੀ ਸੌਦੇਬਾਜ਼ੀ ਜ਼ਰੂਰ ਹੁੰਦੀ ਹੈ। ਇਸ ਸੌਦੇਬਾਜ਼ੀ ''ਚ ਸਿਰਫ਼ 10% ਬਿਆਨਾ ਦੇ ਕੇ ਸੌਦਾ ਕੀਤਾ ਜਾਂਦਾ ਹੈ ਅਤੇ ਫਿਰ ਇਸ ਨੂੰ ਅੱਗੇ ਵੇਚ ਦਿੱਤਾ ਜਾਂਦਾ ਹੈ ਅਤੇ ਖਾਸ ਗੱਲ ਇਹ ਕਿ ਇਸ ''ਚ ਕਿਸੇ ਤਰ੍ਹਾਂ ਦੇ ਟੈਕਸ ਦਾ ਵੀ ਭੁਗਤਾਨ ਨਹੀਂ ਹੁੰਦਾ ਹੈ।

ਵਹੀਦ ਨੇ ਕਿਹਾ ਕਿ ਖੰਡ ਦੇ ਕਾਰੋਬਾਰ ''ਚ ਸੱਟੇਬਾਜ਼ੀ ਗੈਰ ਕਾਨੂੰਨੀ ਹੈ, ਕਿਉਂਕਿ ਸਪਲਾਈ ਅਤੇ ਮੰਗ ਦੇ ਅਸਲ ਕਾਰਨਾਂ ਦੇ ਬਜਾਈ ਬਣਾਵਟੀ ਤੌਰ ''ਤੇ ਕੀਮਤਾਂ ''ਚ ਵਾਧਾ ਕੀਤਾ ਜਾਂਦਾ ਹੈ।

ਸ਼ਮਸ-ਉਲ-ਇਸਲਾਮ ਨੇ ਕਿਹਾ ਕਿ ਪਾਕਿਸਤਾਨ ''ਚ ਵਸਤੂਆਂ ਦੇ ਆਦਾਨ-ਪ੍ਰਦਾਨ ਦੀ ਕੋਈ ਪ੍ਰਭਾਵਸ਼ਾਲੀ ਪ੍ਰਣਾਲੀ ਨਹੀਂ ਹੈ, ਜਿਸ ਕਾਰਨ ਖੰਡ ਦੇ ਵਪਾਰ ''ਚ ਸੱਟੇਬਾਜ਼ੀ ਚੱਲ ਰਹੀ ਹੈ।

ਉਨਾਂ ਕਿਹਾ ਕਿ ਪਾਕਿਸਤਾਨ ਵਿੱਚ ਖੰਡ ਇੱਕ ''ਰਾਜਨੀਤਿਕ ਫ਼ਸਲ'' ਹੈ ਕਿਉਂਕਿ ਇਸ ''ਚ ਸਿਆਸਤਦਾਨ ਸ਼ਾਮਲ ਹਨ ਅਤੇ ਜ਼ਿਆਦਤਰ ਖੰਡ ਮਿੱਲਾਂ ਵੀ ਸਿਆਸੀ ਆਗੂਆਂ ਦੀਆਂ ਹੀ ਹਨ। ਇਹ ਕਾਰਨ ਹੈ ਕਿ ਚੀਨੀ ਮਾਫ਼ੀਆ ਅਤੇ ਸੱਟੇਬਾਜ਼ ਇਸ ਖੇਤਰ ਵਿੱਚ ਖੁੱਲ੍ਹੇਆਮ ਬਿਨ੍ਹਾਂ ਕਿਸੇ ਡਰ ਦੇ ਆਪਣੇ ਧੰਦੇ ਨੂੰ ਵਧਾ ਰਹੇ ਹਨ।

ਖੰਡ ਮਿੱਲ ਦੇ ਕਾਰੋਬਾਰ ਵਿੱਚ ਸ਼ਾਮਲ ਸਿੰਧ ਵਿਧਾਨ ਸਭਾ ਦੇ ਮੈਂਬਰ ਹਸਨੈਨ ਮਿਰਜ਼ਾ ਨੇ ਇਸ ਬਾਰੇ ਕਿਹਾ ਕਿ ਖੰਡ ਦੀਆਂ ਕੀਮਤਾਂ ਬਾਜ਼ਾਰ ਦੀ ਸਪਲਾਈ ਅਤੇ ਮੰਗ ''ਤੇ ਨਿਰਭਰ ਕਰਦੀਆਂ ਹਨ। ਉਨ੍ਹਾਂ ਨੇ ਸੱਟੇਬਾਜ਼ੀ ''ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਇਸ ਬਾਰੇ ''ਚ ਕੁਝ ਵੀ ਨਹੀਂ ਕਹਿਣਾ ਚਾਹੁੰਦੇ ਹਨ।

ਉਨ੍ਹਾਂ ਨੇ ਅੱਗੇ ਕਿਹਾ ਕਿ ਦੁਨੀਆ ਭਰ ਵਿੱਚ ਭਵਿੱਖ ਲਈ ਸੌਦੇ ਕੀਤੇ ਜਾਂਦੇ ਹਨ। ਪਰ ਉਹ ਇਸ ਗੱਲ ''ਤੇ ਵੀ ਸਹਿਮਤ ਸਨ ਕਿ ਉਹ ਸਾਰੇ ਹੀ ਸੌਦੇ ਇੱਕ ਵਿਸ਼ੇਸ਼ ਰੈਗੂਲੇਟਰੀ ਦੇ ਤਹਿਤ ਕੀਤੇ ਜਾਂਦੇ ਹਨ।

ਖੰਡ ਦੀਆਂ ਕੀਮਤ ਵਧਾਉਣ ਪਿੱਛੇ ਸੱਟੇਬਾਜ਼ਾਂ ਦੀ ਭੂਮਿਕਾ ਬਾਰੇ ਪੁੱਛੇ ਗਏ ਸਵਾਲ ''ਤੇ ਉਨ੍ਹਾਂ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਇਸ ਵਾਰ ਖੰਡ ਦੇ ਉਤਪਾਦਨ ਦੀ ਲਾਗਤ ਵੀ ਵਧੇਰੇ ਸੀ, ਕਿਉਂਕਿ ਖੰਡ ਮਿੱਲਾਂ ਨੇ ਸਰਕਾਰੀ ਭਾਅ ਤੋਂ ਵੱਧ ਕੀਮਤ ''ਤੇ ਕਿਸਾਨਾਂ ਤੋਂ ਗੰਨਾ ਖਰੀਦਿਆ ਸੀ।

ਸਿੰਧ ਸਰਕਾਰ ਵੱਲੋਂ ਗੰਨੇ ਦਾ ਸਮਰਥਨ ਮੁੱਲ 200 ਰੁਪਏ ਪ੍ਰਤੀ ਮਣ (ਇੱਕ ਮਣ - 40 ਕਿੱਲੋ) ਤੈਅ ਕੀਤਾ ਗਿਆ ਸੀ, ਪਰ ਖੰਡ ਮਿੱਲਾਂ ਨੇ ਗੰਨੇ ਦੀ ਘੱਟ ਸਪਲਾਈ ਦੇ ਕਾਰਨ 400 ਰੁਪਏ ਪ੍ਰਤੀ ਮਣ ਦੇ ਭਾਅ ''ਤੇ ਗੰਨੇ ਦੀ ਖ਼ਰੀਦ ਕੀਤੀ ਸੀ।

ਇਹ ਵੀ ਪੜ੍ਹੋ:

https://www.youtube.com/watch?v=MnxaQEoQ9jg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''423b6b3d-4c32-48b3-8618-9f0ae5f96665'',''assetType'': ''STY'',''pageCounter'': ''punjabi.international.story.56632630.page'',''title'': ''ਲਹਿੰਦੇ ਪੰਜਾਬ ਦੇ ਸੱਟੇਬਾਜ਼ ਕਿਵੇਂ ਲੱਗਦਾ ਹੈ ਖੰਡ ਦੇ ਭਾਅ ਉੱਤੇ ਸੱਟਾ'',''author'': ''ਤਨਵੀਰ ਮਲਿਕ'',''published'': ''2021-04-05T06:55:34Z'',''updated'': ''2021-04-05T06:55:34Z''});s_bbcws(''track'',''pageView'');

Related News