ਕੋਰੋਨਾ ਵੈਕਸੀਨ: ਦੁਨੀਆਂ ਭਰ ਵਿੱਚ ਟੀਕਾਕਰਣ ਕਦੋਂ ਮੁਕੰਮਲ ਹੋਵੇਗਾ
Friday, Apr 02, 2021 - 07:50 PM (IST)


ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੈਡਰਸ ਅਦਾਨੋਮ ਮੁਤਾਬਕ ਵੈਕਸੀਨ ''ਮਹਾਮਾਰੀ ਦਾ ਰੁਖ਼ ਬਦਲਣ ਵਿੱਚ ਵੱਡੀ ਉਮੀਦ ਹਨ।''
ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ''ਦੁਨੀਆਂ ਨੂੰ ਸੁਰੱਖਿਅਤ ਰੱਖਣ ਲਈ ਸਾਨੂੰ ਯਕੀਨੀ ਬਣਾਉਣਾ ਪਵੇਗਾ ਕਿ ਦੁਨੀਆਂ ਵਿੱਚ ਹਰ ਜਗ੍ਹਾ ਜਿੱਥੇ ਵੀ ਲੋਕ ਰਹਿੰਦੇ ਹਨ ਬਿਨਾਂ ਉਨ੍ਹਾਂ ਦੀ ਆਰਥਿਕ ਸਮਰੱਥਾ ਦਾ ਵਿਚਾਰ ਕੀਤਿਆਂ, ਉਨ੍ਹਾਂ ਦੇ ਟੀਕਾ ਲੱਗੇ।''
ਬਹੁਤ ਸਾਰੀਆਂ ਰੁਕਾਵਟਾਂ ਦੇ ਬਾਵਜੂਦ ਵੈਕਸੀਨਾਂ ਦੀ ਦੁਨੀਆਂ ਨੂੰ ਕੋਰੋਨਾ ਤੋਂ ਮੁਕਤੀ ਦਵਾਉਣ ਤੇ ਵਾਪਸ ਆਮ ਜ਼ਿੰਦਗੀ ਵਿੱਚ ਲਿਆਉਣ ''ਚ ਵੱਡੀ ਭੂਮਿਕਾ ਹੈ।
ਇਹ ਵੀ ਪੜ੍ਹੋ:
- ਕੋਰੋਨਾਵਾਇਰਸ ਵੈਕਸੀਨ ਬਾਰੇ ਤੁਹਾਡੇ ਦੇਸ ਦੀ ਕਾਰਗੁਜ਼ਾਰੀ ਕੀ ਹੈ ਤੇ ਕਿਹੜਾ ਦੇਸ ਅੱਗੇ ਹੈ
- ਮਿਆਂਮਾਰ ਹਿੰਸਾ: ਭਾਰਤ ਦੀ ਚੁੱਪੀ ਪਿੱਛੇ ਕੀ ਮਜਬੂਰੀ ਹੈ
- ਸਰਕਾਰੀ ਬਚਤ ਸਕੀਮਾਂ ''ਤੇ ਘੱਟ ਵਿਆਜ ਦਾ ਤੁਹਾਡੇ ''ਤੇ ਕੀ ਅਸਰ
ਮਿਸਾਲ ਵਜੋਂ ਕੁਝ ਦੇਸ਼ਾਂ ਨੇ ਵੈਕਸੀਨ ਬਣਦੇ ਸਾਰ ਹੀ ਉਸ ਦੀ ਸਪਲਾਈ ਦਾ ਬੰਦੋਬਸਤ ਕਰਨਾ ਸ਼ੁਰੂ ਕਰ ਦਿੱਤਾ। ਜਿਸ ਨੂੰ ਟੀਕੇ ਨਾਲ ਜੁੜਿਆ ਰਾਸ਼ਟਰਵਾਦ ਵੀ ਕਿਹਾ ਗਿਆ-ਇਸ ਨਾਲ ਗ਼ਰੀਬ ਮੁਲਕਾਂ ਨੂੰ ਵਾਜਬ ਮੁੱਲ ''ਤੇ ਟੀਕਾ ਮਿਲਣ ਬਾਰੇ ਸਵਾਲ ਖੜ੍ਹੇ ਹੋ ਗਏ।
ਇਸ ਤੋਂ ਇਲਾਵਾ ਲੋਕਾਂ ਵਿੱਚ ਟੀਕਾ ਲਗਵਾਉਣ ਬਾਰੇ ਝਿਜਕ, ਉਤਪਾਦਨ ਵਿੱਚ ਦਿੱਕਤਾਂ ਅਤੇ ਸਪਲਾਈ ਦੀਆਂ ਸਮੱਸਿਆਵਾਂ ਵੀ ਹਨ ਜੋ ਸਮੁੱਚੀ ਲੋਕਾਈ ਦੇ ਟੀਕਾਕਰਣ ਦੇ ਰਾਹ ਦੀਆਂ ਰੁਕਾਵਟਾਂ ਹਨ।

ਇਨ੍ਹਾਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖ ਕੇ ਆਖ਼ਰ ਅਸੀਂ ਕਦੋਂ ਤੱਕ ਉਮੀਦ ਕਰੀਏ ਕਿ ਪੂਰੀ ਦੁਨੀਆਂ ਦੇ ਲੋਕਾਂ ਦਾ ਟੀਕਾਕਰਨ ਹੋ ਜਾਵੇਗਾ?
ਟੀਕਾਕਰਨ ਕਿਵੇਂ ਚੱਲ ਰਿਹਾ ਹੈ?
ਕੋਵਿਡ ਟੀਕਾਕਰਨ ਕਈ ਦੇਸ਼ਾਂ ਵਿੱਚ ਸ਼ੁਰੂ ਹੋ ਚੁੱਕਿਆ ਹੈ, ਹਾਲਾਂਕਿ ਇਸ ਦੀ ਰਫ਼ਤਾਰ ਵੱਖੋ-ਵੱਖ ਹੈ।
ਹੁਣ ਤੱਕ 138 ਦੇਸ਼ਾਂ ਵਿੱਚ 565 ਮਿਲੀਅਨ ਟੀਕੇ ਲੋਕਾਂ ਨੂੰ ਲਗਾਏ ਜਾ ਚੁੱਕੇ ਹਨ। Our World in Data (OWID) ਮੁਤਾਬਕ 30 ਮਾਰਚ ਤੱਕ 13.9 ਮਿਲੀਅਨ ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਸੀ।
ਇਹ ਅੰਕੜਾ ਦੁਨੀਆਂ ਦੀ ਆਬਾਦੀ ਜੋ ਕਿ 7.8 ਬਿਲੀਅਨ ਤੋਂ ਕੁਝ ਘੱਟ ਹੈ ਦੇ ਹਿਸਾਬ ਨਾਲ 7.2% ਹੀ ਹੈ ਅਤੇ ਬਹੁਤੇ ਲੋਕਾਂ ਨੂੰ ਇੱਕ ਖ਼ੁਰਾਕ ਹੀ ਮਿਲੀ ਹੈ।
ਇਸ ਗਤੀ ਨਾਲ ਤਾਂ ਪੂਰੀ ਦੁਨੀਆਂ ਦੇ ਲੋਕਾਂ ਨੂੰ ਟੀਕਾ ਲਗਾਉਣ ਵਿੱਚ ਤਿੰਨ ਤੋਂ ਜ਼ਿਆਦਾ ਸਾਲ ਲੱਗ ਸਕਦੇ ਹਨ। ਜ਼ਿਕਰਯੋਗ ਹੈ ਕਿ ਇਸ ਸਮੇਂ ਵਰਤੇ ਜਾ ਰਹੇ ਜ਼ਿਆਦਾਤਰ ਟੀਕਿਆਂ ਦੀਆਂ ਦੋ ਖ਼ੁਰਾਕਾਂ ਦੀ ਲੋੜ ਹੁੰਦੀ ਹੈ।
The Economist Intelligence Unit (EIU) ਦਾ ਮੰਨਣਾ ਹੈ ਕਿ ਦੁਨੀਆਂ ਦੇ ਅਮੀਰ ਮੁਲਕਾਂ ਵਿੱਚ ਅਗਲੇ ਸਾਲ 2022 ਦੇ ਮੱਧ ਤੱਕ ਟੀਕਾਕਰਨ ਪੂਰਾ ਕਰ ਲੈਣਗੇ।

ਜਦਕਿ ਦਰਮਿਆਨੀ ਆਮਦਨੀ ਵਾਲੇ ਦੇਸ਼ਾਂ ਵਿੱਚ ਇਹ ਉਦੇਸ਼ 2022 ਦੇ ਅਖ਼ੀਰ ਤੱਕ ਜਾਂ 2023 ਦੇ ਸ਼ੁਰੂ ਤੱਕ ਪੂਰਾ ਹੋ ਸਕਣ ਦੀ ਸੰਭਾਵਨਾ ਹੈ। ਜਦਕਿ ਦੁਨੀਆਂ ਦੇ ਗਰੀਬ ਹਿੱਸਿਆਂ ਵਿੱਚ ਟੀਕਾਕਰਣ ਸ਼ਾਇਦ 2024 ਤੱਕ ਹੀ ਪੂਰਾ ਹੋ ਸਕੇ।
ਕਿਹੜੇ ਟੀਕੇ ਚਲਣ ਵਿੱਚ ਹਨ?
ਸਭ ਤੋਂ ਪਹਿਲਾਂ Pfizer-BioNTech ਦੀ ਵੈਕਸੀਨ ਨੂੰ ਬ੍ਰਿਟੇਨ ਅਤੇ ਹੋਰ ਸਰਕਾਰੀ ਰੈਗੂਲੇਟਰਾਂ ਤੋਂ ਮਾਨਤਾ ਮਿਲੀ- ਪਹਿਲਾਂ ਦੋ ਦੰਸਬਰ 2020 ਨੂੰ ਬ੍ਰਿਟੇਨ ਅਤੇ ਫਿਰ ਅਮਰੀਕਾ ਤੇ ਯੂਰੋਪੀ ਯੂਨੀਅਨ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ ਨੇ ਵੀ ਇਸ ਨੂੰ ਮਾਨਤਾ ਦੇ ਦਿੱਤੀ।
ਕਈ ਹੋਰ ਟੀਕੇ ਵੀ ਲਗਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਅਮਰੀਕੀ ਕੰਪਨੀ ਮੌਡਰਨਾ, ਐਸਟਰਾਜੈਨਿਕਾ ਜਿਸ ਨੂੰ ਕਿ ਬ੍ਰਿਟੇਨ ਦੀ ਆਕਸਫੋਰਡ ਯੂਨੀਵਰਿਸਟੀ ਨੇ ਵਿਕਸਤ ਕੀਤਾ ਹੈ, ਚੀਨ ਦੀ ਸਾਈਨੋਫਾਰਮ ਅਤੇ ਸਾਈਨੋਵੈਕ ਅਤੇ ਰੂਸ ਦੀ ਸਪੂਤਨਿਕ ਵੀ ਹਨ।
ਭਾਰਤ ਵਿੱਚ ਸੀਰਮ ਇੰਸਟੀਚਿਊਟ ਅਤੇ ਭਾਰਤ ਬਾਇਓਟੈਕ ਵਲੋਂ ਵਿਕਸਿਤ ਕੋਵਾਸ਼ੀਲਡ ਅਤੇ ਕੋਵੈਕਸੀਨ ਲਾਈਆਂ ਜਾ ਰਹੀਆਂ ਹਨ।
ਭਾਰਤ ਸਮੇਤ ਕਈ ਦੇਸ਼ਾਂ ਵਿੱਚ ਇੱਕ ਤੋਂ ਵਧੇਰੇ ਵੈਕਸੀਨ ਲਗਾਏ ਜਾ ਰਹੇ ਹਨ।
ਇਸ ਤੋਂ ਇਲਾਵਾ ਜੌਹਨਸਨ ਐਂਡ ਜੌਹਨਸਨ ਦੀ ਬਣਾਈ ਜੈਨਸੇਨ ਅਤੇ ਨੋਵਾਵੈਕਸ ਦਾ ਵੀ ਰਿਵੀਊ ਕੀਤਾ ਜਾ ਰਿਹਾ ਹੈ ਅਤੇ ਪਰਵਾਨਗੀ ਵੱਲ ਵਧ ਰਹੀਆਂ ਹਨ।

ਇਜ਼ਰਾਈਲ ਅਤੇ ਬ੍ਰਾਜ਼ੀਲ ਵਰਗੇ ਦੇਸ਼ਾਂ ਵਿੱਚ ਟੀਕਾਕਰਣ ਕਾਰਨ ਹਸਪਤਾਲਾਂ ਵਿੱਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਅਤੇ ਮੌਤਾਂ ਵਿੱਚ ਵੀ ਕਮੀ ਆਈ ਹੈ।
ਦੁਨੀਆਂ ਭਰ ਵਿੱਚ 200 ਤੋਂ ਵਧੇਰੇ ਟੀਕੇ ਪਰਵਾਨਗੀ ਦੀ ਦੌੜ ਵਿੱਚ ਹਨ ਜਾਂ ਟਰਾਇਲ ਦੇ ਪੜਾਅ ਵਿੱਚੋਂ ਲੰਘ ਰਹੇ ਹਨ। ਉਮੀਦ ਹੈ ਕਿ ਜਿਵੇਂ ਹੀ ਇਨ੍ਹਾਂ ਨੂੰ ਪਰਵਾਨਗੀ ਮਿਲੇਗੀ ਦੁਨੀਆਂ ਵਿੱਚ ਟੀਕਾਕਰਣ ਦੀ ਰਫ਼ਤਾਰ ਨਿਸ਼ਚਿਤ ਹੀ ਤੇਜ਼ ਹੋਵੇਗੀ।
ਫਿਰ ਵੀ ਟੀਕਿਆਂ ਦੇ ਵਿਕਾਸ, ਉਤਪਾਦਨ ਅਤੇ ਅਪਰੂਵਲ ਵਿੱਚ ਜਿੰਨੀ ਵੀ ਫੁਰਤੀ ਕੀਤੀ ਗਈ ਹੋਵੇ, ਵਿਸ਼ਵ ਪੱਧਰ ''ਤੇ ਟੀਕਾਕਰਨ ਵਿੱਚ ਅਸਵਾਂਪਣ ਦੇਖਣ ਨੂੰ ਮਿਲਦਾ ਹੈ।
''ਵੈਕੀਸੀਨੇਸ਼ਨ ਨੈਸ਼ਨਲਿਜ਼ਮ'' ਕੀ ਹੈ?
''ਵੈਕੀਸੀਨੇਸ਼ਨ ਨੈਸ਼ਨਲਿਜ਼ਮ'' ਦਾ ਮਤਲਬ ਹੈ ਕਿ ਸਰਕਾਰਾਂ ਸੋਚਦੀਆਂ ਹਨ ਕਿ ਟੀਕੇ ਉੱਪਰ ਕਿਸੇ ਵੀ ਹੋਰ ਦੇਸ਼ ਦੇ ਨਾਗਰਿਕਾਂ ਦੇ ਮੁਕਾਬਲੇ ਉਨ੍ਹਾਂ ਦੇ ਆਪਣੇ ਦੇਸ਼ ਦੇ ਲੋਕਾਂ ਦਾ ਹੱਕ ਵਧੇਰੇ ਹੈ।
ਬਹੁਤ ਸਾਰੇ ਅਮੀਰ ਦੇਸ਼ਾਂ ਨੇ ਆਪਣੀ ਲੋੜ ਤੋਂ ਵਧੇਰੇ ਕੋਰੋਨਾਵਾਇਰਸ ਵੈਕਸੀਨ ਖਰੀਦਣ ਦੀ ਕੋਸ਼ਿਸ਼ ਕੀਤੀ ਅਤੇ ਦਵਾਈ ਨਿਰਮਾਤਾ ਕੰਪਨੀਆਂ ਨਾਲ ਇਸ ਬਾਰੇ ਕਰਾਰ ਕੀਤੇ।
ਮਿਸਾਲ ਵਜੋਂ ਕੈਨੇਡਾ ਅਤੇ ਅਮਰੀਕਾ ਉੱਪਰ ਵੈਕਸੀਨ ਦੀ ਜ਼ਖੀਰੇਬਾਜ਼ੀ ਦੇ ਇਲਜ਼ਾਮ ਲੱਗੇ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਐਲਾਨ ਕੀਤਾ ਕਿ ਉਹ ਆਪਣੇ ਦੇਸ਼ ਵਿੱਚ ਵਰਤੋਂ ਤੋਂ ਬਾਅਦ ਬਚੀ ਦਵਾਈ ਨੂੰ ਦਾਨ ਕਰ ਦੇਣਗੇ ਹਾਲਾਂਕਿ ਐਸਟਰਾਜ਼ੈਨਿਕਾ ਦੀ ਦਵਾਈ ਨੂੰ ਹਾਲੇ ਅਮਰੀਕੀ ਡਰੱਗ ਰੈਗੂਲੇਟਰ ਨੇ ਪਰਵਾਨਗੀ ਨਹੀਂ ਦਿੱਤੀ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs
ਅਜਿਹੇ ਹੀ ਇਲਜ਼ਾਮ ਬ੍ਰਿਟੇਨ ਉੱਪਰ ਵੀ ਲੱਗੇ। ਜੈਰਿਮੀ ਫਾਰਰ ਜੋ ਕਿ ਵੈਲਕਮ ਦੇ ਨਿਰਦੇਸ਼ਕ ਹਨ ਉਨ੍ਹਾਂ ਨੇ ਕਿਹਾ ਕਿ ਬ੍ਰਿਟੇਨ ਕੋਲ ਆਪਣੀ ਕੁੱਲ ਅਬਾਦੀ ਦਾ ਦੋ ਵਾਰ ਟੀਕਾਕਰਣ ਕਰਨ ਜਿੰਨੀ ਸਪਲਾਈ ਮੌਜੂਦ ਹੈ।
ਉਨ੍ਹਾਂ ਨੇ ਕਿਹਾ,"ਸਾਨੂੰ ਸਾਡੀਆਂ ਸਰਹੱਦਾਂ ਤੋਂ ਬਾਹਰ ਸੋਚਣ ਦੀ ਲੋੜ ਹੈ। ਇਹ ਖ਼ੁਰਾਕਾਂ ਬ੍ਰਿਟੇਨ ਵਿੱਚ ਨਹੀਂ ਵਰਤੀਆਂ ਜਾਣਗੀਆਂ। ਸਮਾਂ ਹੈ ਕਿ ਇਹ ਖ਼ੁਰਾਕਾਂ ਅਸੀਂ ਦੁਨੀਆਂ ਦੇ ਲੋੜਵੰਦਾਂ ਨਾਲ ਵੰਡੀਏ।"
ਇਸੇ ਤਰ੍ਹਾਂ ਯੂਰਪੀ ਯੂਨੀਅਨ ਦੇ ਵੀ ਕੁਝ ਦੇਸ਼ਾਂ ਨੇ ਦਵਾਈ ਬਾਹਰ ਭੇਜਣ ਉੱਪਰ ਰੋਕਾਂ ਲਗਾਈਆਂ, ਜਦੋਂ ਤੱਕ ਕਿ ਉਸ ਦੀ ਆਪਣੀ ਲੋੜ ਪੂਰੀ ਨਾ ਹੋ ਜਾਵੇ।
ਇਸ ਦਾ ਮਤਲਬ ਹੈ ਕਿ ਵੈਕਸੀਨ ਦੀ ਸਪਲਾਈ ਦੁਨੀਆਂ ਦੇ ਕੁਝ ਧਨਾਢ ਮੁਲਕਾਂ ਦੀ ਮੁੱਠੀ ਵਿੱਚ ਬੰਦ ਹੋਣ ਦਾ ਡਰ ਹੈ।

ਵੈਕਸੀਨ ਅਲਾਇੰਸ ਗੈਵੀ ਦੇ ਸੀਈਏ ਸੇਠ ਬਰਕਲੇ ਨੇ ਪਿਛਲੇ ਮਹੀਨੇ ਕਿਹਾ ਸੀ," ਜੇ ਸਰਕਾਰਾਂ ਇਸ ਕਿਸਮ ਦੇ ''ਵੈਕਸੀਨੇਸ਼ਨ ਨੈਸ਼ਨਲਿਜ਼ਮ'' ਦੇ ਰੁਝਾਨ ਨੂੰ ਜਾਰੀ ਰੱਖਦੀਆਂ ਹਨ ਅਤੇ ਦਵਾਈ ਨਿਰਮਾਤਾ ਸਿਰਫ਼ ਉੱਚਾ ਮੁੱਲ ਤਾਰਨ ਵਾਲੇ ਨੂੰ ਦਵਾਈ ਦੀ ਪੇਸ਼ਕਸ਼ ਕਰਦੇ ਹਨ ਤਾਂ 2009 ਦੇ ਸਵਾਈਨ ਫਲੂ ਸੰਕਟ ਵਾਂਗ ਇਹ ਸੰਕਟ ਵੀ ਲੰਮਾ ਹੀ ਹੋਵੇਗਾ।''
ਜੇ ਵੈਕਸੀਨ ਦੀ ਸਪਲਾਈ ਸਾਰੇ ਮੁਲਕਾਂ ਤੱਕ ਯਕੀਨੀ ਬਣਾ ਵੀ ਦਿੱਤੀ ਜਾਵੇ ਤਾਂ ਵੀ ਖ਼ੁਰਾਕਾਂ ਮਿਲਣ ਵਿੱਚ ਹੋਈ ਦੇਰੀ ਵੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਘੁੰਮਦੇ ਰਹਿਣ ਦੀ ਇੱਕ ਵਜ੍ਹਾ ਬਣੇਗੀ।
ਵਾਇਰਸ ਰੂਪ ਵਟਾਵੇਗਾ ਅਤੇ ਮਨੁੱਖਾਂ ਵਿੱਚ ਬਚੇ ਰਹਿ ਸਕਣ ਲਈ ਆਪਣੇ-ਆਪ ਨੂੰ ਹੋਰ ਢੁੱਕਵਾਂ ਬਣਾਏਗਾ।
''ਇਹ ਗੱਲ ਹਰ ਕਿਸੇ ਦੇ ਖ਼ਿਲਾਫ਼ ਭੁਗਤੇਗੀ''
ਕੀ ਵੈਕਸੀਨਾਂ ਨੂੰ ਜਿੱਥੇ ਪਹੁੰਚਣਾ ਚਾਹੀਦਾ ਹੈ ਉੱਥੇ ਉਹ ਪਹੁੰਚ ਰਹੀਆਂ ਹਨ?
ਬਹੁਤ ਸਾਰੇ ਘੱਟ ਆਮਦਨ ਵਾਲੇ ਅਤੇ ਗ਼ਰੀਬ ਦੇਸ਼ ਟੀਕਾ ਮਿਲਣ ਲਈ ਕੋਵੈਕਸ ਗਠਜੋੜ ਉੱਪਰ ਨਿਰਭਰ ਕਰਦੇ ਹਨ।
ਵਿਸ਼ਵ ਸਿਹਤ ਸੰਗਠਨ ਦੀ ਅਗਵਾਈ ਵਾਲੇ ਇਸ ਗਠਬੰਧਨ ਦਾ ਉਦੇਸ਼ ਹੈ ਕਿ ਲੋੜਵੰਦ ਦੇਸ਼ਾਂ ਨੂੰ ਵੀ ਕੋਰੋਨਾਵਾਇਰਸ ਦੀ ਵੈਕਸੀਨ ਮਿਲ ਸਕੇ। ਇਸ ਨੇ ਗ਼ਰੀਬ ਦੇਸ਼ਾਂ ਲਈ ਛੇ ਬਿਲੀਅਨ ਖ਼ੁਰਾਕਾਂ ਪਹੁੰਚਾਉਣ ਦਾ ਟੀਚਾ ਰੱਖਿਆ ਹੈ ਜਿਨ੍ਹਾਂ ਵਿੱਚੋਂ ਦੋ ਬਿਲੀਅਨ ਸਾਲ 2021 ਦੇ ਅਖ਼ੀਰ ਤੱਕ ਭੇਜੀਆਂ ਜਾਣੀਆਂ ਹਨ।
ਕੋਵੈਕਸ ਨੇ ਹਾਲੇ ਤੱਕ 70 ਦੇਸ਼ਾ ਨੂੰ 3.2 ਕਰੋੜ ਖ਼ੁਰਾਕਾਂ ਭੇਜੀਆਂ ਹਨ- ਜਿਵੇਂ ਟੋਂਗਾ ਅਤੇ ਟ੍ਰਿਨੀਡਾਡ ਅਚੇ ਟੋਬਾਗੋ।
ਅਫ਼ਰੀਕੀ ਦੇਸ਼ਾਂ ਨੂੰ ਵੀ ਇਸ ਗਠਜੋੜ ਵੱਲੋਂ ਵੈਕਸੀਨ ਮਿਲਣਾ ਹੈ-ਇਹ ਦੇਸ਼ ਖ਼ਾਸ ਕਰਕੇ ਵੈਕਸੀਨ ਲਈ ਇਸ ਉੱਪਰ ਨਿਰਭਰ ਹਨ।
ਘਾਨਾ ਪਹਿਲਾ ਦੇਸ਼ ਸੀ ਜਿਸ ਨੂੰ ਪਿਛਲੇ ਮਹੀਨੇ ਕੋਵੈਕਸ ਵੱਲੋਂ ਵੈਕਸੀਨ ਇਸ ਸ਼ਰਤ ''ਤੇ ਖੇਪ ਭੇਜੀ ਗਈ ਕਿ ਉਹ ਫੌਰੀ ਤੌਰ ''ਤੇ ਇਸ ਨੂੰ ਲੋਕਾਂ ਤੱਕ ਪਹੁੰਚਾਵੇਗਾ।
ਹਲਾਂਕਿ ਪਹਿਲੀ ਖੇਪ ਵਿੱਚ 3.1 ਕਰੋੜ ਲੋਕਾਂ ਦੇ ਦੇਸ਼ ਨੂੰ ਛੇ ਲੱਖ ਖ਼ੁਰਾਕਾਂ ਹੀ ਮਿਲ ਸਕੀਆਂ।

ਬੀਬੀਸੀ ਅਫਰੀਕੀ ਸੇਵਾ ਦੇ ਸਿਹਤ ਸੰਪਾਦਕ ਦਾ ਮੰਨਣਾ ਹੈ ਕਿ ਹੋ ਸਕਦਾ ਹੈ ਕਿ ਕਈ ਅਫ਼ਰੀਕੀ ਦੇਸ਼ਾਂ ਨੂੰ ਪੱਛਮੀ ਦੇਸ਼ਾਂ ਦੇ ਮੁਕਾਬਲੇ ਕਿਤੇ ਮਹਿੰਗੀ ਵੈਕਸੀਨੇਸ਼ਨ ਖ਼ਰੀਦਣੀ ਪਵੇ। ਇਸ ਦੀ ਇੱਕ ਵਜ੍ਹਾ ਹੈ ਕਿ ਉਨ੍ਹਾਂ ਨੇ ਦਵਾਈ ਕੰਪਨੀਆਂ ਨੂੰ ਅਗਾਊ ਆਰਡਰ ਨਹੀਂ ਦਿੱਤੇ ਹਨ।
ਉਨ੍ਹਾਂ ਨੇ ਕਿਹਾ,"ਕੁਝ ਦੇਸ਼ਾਂ ਨੇ ਕੰਪਨੀਆਂ ਨੂੰ ਪੇਟੈਂਟ ਹਟਾ ਲੈਣ ਦੀ ਮੰਗ ਕੀਤੀ ਹੈ ਜਿਸ ਨਾਲ ਮੁੱਲ ਘਟੇਗਾ ਅਤੇ ਵੈਕਸੀਨ ਦਾ ਉਤਪਾਦਨ ਵੀ ਤੇਜ਼ ਹੋ ਸਕੇਗਾ।"
"ਹਾਲਾਂਕਿ ਕੰਪਨੀਆਂ ਨੇ ਇਸ ਲਈ ਸਹਿਮਤੀ ਨਹੀਂ ਦਿੱਤੀ ਹੈ-ਉਹ ਜਾਣਦੀਆਂ ਹਨ ਕਿ ਇਸ ਨਾਲ ਉਨ੍ਹਾਂ ਦੇ ਮੁਨਾਫ਼ੇ ਵਿੱਚ ਕਮੀ ਆਵੇਗੀ।"
ਇਹ ਵੀ ਪੜ੍ਹੋ:
- ਭਾਰਤ ਵਿੱਚ ਕੋਰੋਨਾਵਾਇਰਸ ਦੀ ਦੂਜੀ ਲਹਿਰ ਕਿੰਨੀ ਖ਼ਤਰਨਾਕ ਹੋ ਸਕਦੀ ਹੈ
- ਕੋਰੋਨਾਵਾਇਰਸ ਵੈਕਸੀਨ ਬਾਰੇ ਤੁਹਾਡੇ ਦੇਸ ਦੀ ਕਾਰਗੁਜ਼ਾਰੀ ਕੀ ਹੈ ਤੇ ਕਿਹੜਾ ਦੇਸ ਅੱਗੇ ਹੈ
- ਕੋਰੋਨਾਵਾਇਰਸ: ਭਾਰਤ ਵਿੱਚ ਵੈਕਸੀਨ ਦੀਆਂ ਲੋੜਾਂ ਕਿਸ ਤਰ੍ਹਾਂ ਪੂਰੀਆਂ ਹੋ ਸਕਣਗੀਆਂ
ਕੋਰੋਨਾਵਾਇਰਸ ਦੇ ਵੇਰੀਐਂਟ ਵੈਕਸੀਨ ਉੱਪਰ ਕਿਵੇਂ ਅਸਰ ਪਾਉਂਦੇ ਹਨ?
ਵਾਇਰਸ ਦੇ ਰੂਪ ਵਟਾਉਣ ਦੀ ਉਮੀਦ ਪਹਿਲਾਂ ਤੋਂ ਹੀ ਸੀ, ਇਹ ਸਾਰੇ ਹੀ ਵਇਰਸ ਕਰਦੇ ਹਨ।
ਜ਼ਿਆਦਾਤਰ ਮਿਊਟੇਸ਼ਨਾਂ ਜ਼ਿਆਦਾ ਖ਼ਤਰਨਾਕ ਨਹੀਂ ਹੁੰਦੀਆਂ ਪਰ ਕੁਝ ਹੁੰਦੀਆਂ ਵੀ ਹਨ। ਜਿਵੇਂ ਕੋਰੋਨਾਵਾਇਰਸ ਦੇ ਬ੍ਰਿਟੇਨ, ਬ੍ਰਾਜ਼ੀਲ, ਅਮਰੀਕਾ ਅਤੇ ਦੱਖਣੀ ਅਫ਼ਰੀਕਾ ਵਾਲੇ ਰੂਪ ਵਾਇਰਸ ਨੂੰ ਜ਼ਿੰਦਾ ਰਹਿਣ ਅਤੇ ਤੇਜ਼ੀ ਨਾਲ ਫ਼ੈਲਣ ਵਿੱਚ ਮਦਦਗਾਰ ਹੋ ਰਹੇ ਹਨ।
ਇਸਦੇ ਸਬੂਤ ਹਾਲਾਂਕਿ ਹਾਲੇ ਨਹੀਂ ਹਨ ਕਿ ਇਹ ਮਿਊਟੇਸ਼ਨਾਂ ਵਾਇਰਸ ਦੀ ਲਾਗਸ਼ੀਲਤਾ ਕਿਵੇਂ ਵਧਾਉਂਦੀਆਂ ਹਨ ਅਤੇ ਲੋਕ ਇਹ ਵੀ ਸੋਚ ਰਹੇ ਹਨ ਕਿ ਕੀ ਅਜੋਕੇ ਵੈਕਸੀਨ ਇਨ੍ਹਾਂ ਉੱਪਰ ਕਾਰਗਰ ਹੋਣਗੀਆਂ, ਭਾਵੇਂ ਕੁਝ ਸਮੇਂ ਲਈ ਹੀ ਸਹੀ।
ਡਰ ਇਹ ਹੈ ਕਿ ਜੇ ਕੋਰੋਨਾਵਾਇਰਸ ਨੂੰ ਇਸੇ ਗਤੀ ਨਾਲ ਫ਼ੈਲਣ ਦਿੱਤਾ ਗਿਆ ਤਾਂ ਉਹ ਅਜੋਕੀਆਂ ਵੈਕਸੀਨਾਂ ਦੀ ਮਾਰ ਤੋਂ ਬਾਹਰ ਹੋ ਕੇ ਜ਼ਿਆਦਾ ਵਿਕਰਾਲ ਰੂਪ ਵਿੱਚ ਫ਼ੈਲੇਗਾ।
ਮਾਹਰਾਂ ਦਾ ਕਹਿਣਾ ਹੈ ਕਿ ਉਸ ਕੇਸ ਵਿੱਚ - ਵੈਕਸੀਨ ਨੂੰ ਮੁੜ ਵਿਉਂਤ ਲਿਆ ਜਾਵੇਗਾ ਜੋ ਕਿ ਕੁਝ ਮਹੀਨਿਆਂ ਦਾ ਹੀ ਕੰਮ ਹੈ।
ਉਸ ਕੇਸ ਵਿੱਚ ਇਹ ਵੀ ਹੋ ਸਕਦਾ ਹੈ ਕਿ ਸੀਜ਼ਨਲ ਫਲੂ ਵਾਂਗ ਕੋਰੋਨਾਵਾਇਰਸ ਦਾ ਟੀਕਾ ਹਰ ਸਾਲ ਹੀ ਲਗਵਾਉਣਾ ਪਵੇ।
''ਵੈਕਸੀਨ ਬਾਰੇ ਝਿਜਕ''
''ਵੈਕਸੀਨ ਬਾਰੇ ਝਿਜਕ'' ("Vaccine hesitancy") ਵੀ ਦੁਨੀਆਂ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਉੱਪਰ ਅਸਰ ਪਾ ਸਕਦੀ ਹੈ।

ਕੁਝ ਅਮੀਰ ਦੇਸ਼ਾਂ ਵਿੱਚ ਹਾਲਾਂਕਿ ਸਪਲਾਈ ਹੈ ਪਰ ਲੋਕ ਟੀਕਾ ਲਗਵਾਉਣ ਨੂੰ ਤਿਆਰ ਨਹੀਂ ਹਨ। ਜਿਵੇਂ ਜਪਾਨ ਅਤੇ ਫਰਾਂਸ ਵਿੱਚ ਹੋਏ ਤਾਜ਼ਾ ਸਰਵੇਖਣਾਂ ਵਿੱਚ ਦੇਖਿਆ ਗਿਆ ਕਿ ਲਗਭਗ ਅੱਧੇ ਲੋਕਾਂ ਨੇ ਕਿਹਾ ਕਿ ਉਹ ਟੀਕਾ ਨਹੀਂ ਲਗਵਾਉਣਾ ਚਾਹੁੰਦੇ।
ਜਰਮਨੀ ਅਤੇ ਇਟਲੀ ਹਾਲਾਂਕਿ ਵਾਇਰਸ ਦਾ ਤੀਜਾ ਉਬਾਲਾ ਦੇਖ ਚੁੱਕੇ ਹਨ ਪਰ ਫਿਰ ਵੀ ਉਨ੍ਹਾਂ ਨੂੰ ਵਿਰੋਧ ਦੇ ਚਲਦਿਆਂ ਟੀਕਾਕਰਨ''ਤੇ ਰੋਕ ਲਾਉਣੀ ਪਈ। ਅਖ਼ੀਰੀ ਵਿਸ਼ਵ ਸਿਹਤ ਸੰਗਠਨ ਨੂੰ ਵੈਕਸੀਨ ਦੀ ਸੁਰੱਖਿਆ ਬਾਰੇ ਬਿਆਨ ਜਾਰੀ ਕਰਨੇ ਪਏ।
ਜੇ ਟੀਕਾਕਰਣ ਦੀ ਗਤੀ ਪੂਰੀ ਦੁਨੀਆਂ ਵਿੱਚ ਹੀ ਮਧੱਮ ਪੈਂਦੀ ਹੈ ਤਾਂ, ਟੀਕਾਕਰਣ ਤੋਂ ਝਿਜਕ ਦਾ ਰੁਝਾਨ ਗ਼ਰੀਬ ਦੇਸ਼ਾਂ ਵਿੱਚ ਵੀ ਦੇਖਣ ਨੂੰ ਮਿਲ ਸਕਦਾ ਹੈ।
ਦੂਜਾ ਪਹਿਲੂ ਇਹ ਹੈ ਕਿ ਜਿਹੜੇ ਦੇਸ਼ਾਂ ਵਿੱਚ ਨੌਜਵਾਨਾਂ ਦੀ ਸੰਖਿਆ ਵੇਧੇਰੇ ਹੈ, ਉਨ੍ਹਾਂ ਦੇਸ਼ਾਂ ਵਿੱਚ ਟੀਕਾਕਰਣ ਦੀ ਪ੍ਰਰੇਨਾ ਹੀ ਮੱਠੀ ਪੈ ਜਾਵੇਗੀ। (ਕਿਉਂਕਿ) ਉਸ ਸਮੇਂ ਤੱਕ ਵਸੋਂ ਦੇ ਵੱਡੇ ਹਿੱਸੇ ਨੂੰ ਕੋਵਿਡ-19 ਹੋ ਗੁਜ਼ਰ ਚੁੱਕਿਆ ਹੋਵੇਗਾ ਅਤੇ ਹਰਡ ਇਮਿਊਨਿਟੀ ਵਿਕਸਿਤ ਹੋ ਚੁੱਕੀ ਹੋਵੇਗੀ- ਫਿਰ ਟੀਕਾਕਰਨ ਦੀ ਉਂਝ ਹੀ ਲੋੜ ਨਹੀਂ ਰਹਿਣੀ।
ਇਕਨੌਮਿਕ ਇੰਟੈਲੀਜੈਂਸ ਯੂਨਿਟ ਦੇ ਨਿਰਦੇਸ਼ ਅਗਾਥੇ ਡੈਮਾਰਿਸ ਦਾ ਕਹਿਣਾ ਹੈ,"ਵਿਸ਼ਵ ਵਿੱਚ ਟੀਕਾਕਰਣ ਦੀ ਸਮਾਂ ਰੇਖਾ 2022 ਅਤੇ 2023 ਦਰਮਿਆਨ ਫ਼ੈਲਣੀ ਜਾਰੀ ਹੈ। ਜਿਸ ਦਾ ਨਤੀਜਾ ਇਹ ਹੋਵੇਗਾ ਕਿ ਕੁਝ ਵਿਕਾਸਸ਼ੀਲ ਦੇਸ਼ ਆਪਣੀ ਵਸੋਂ ਨੂੰ ਟੀਕਾ ਲਗਵਾਉਣ ਤੋਂ ਇਨਕਾਰੀ ਹੋ ਸਕਦੇ ਹਨ।"
"ਇਸ ਸਥਿਤੀ ਵਿੱਚ ਦੁਨੀਆਂ ਦੀ ਆਰਥਿਤ ਸਥਿਤੀ ਸੁਧਰਨ ਵਿੱਚ ਜ਼ਿਆਦਾ ਸਮਾਂ ਲੱਗੇਗਾ ਅਤੇ ਕੋਰੋਨਾਵਾਇਰਸ ਨੂੰ ਵੀ ਰੂਪ ਵਟਾਉਣ ਲਈ ਸਮਾਂ ਮਿਲੇਗਾ। ਇਹ ਵੀ ਹੋ ਸਕਦਾ ਹੈ ਕਿ ਇਨ੍ਹਾਂ ਨਵੇਂ ਰੂਪਾਂ ਉੱਪਰ ਵੈਕਸੀਨ ਵੀ ਬੇਅਸਰ ਸਾਬਤ ਹੋ ਜਾਣ।"
ਸਾਡੇ ਵਿੱਚ ਬੀਮਾਰੀ ਤੋਂ ਸੁਰੱਖਿਆ ਕਿਵੇਂ ਵਿਕਸਿਤ ਹੁੰਦੀ ਹੈ?
ਹਰਡ ਇਮਿਊਨਿਟੀ ਕਿਸੇ ਬੀਮਾਰੀ ਬਾਰੇ ਉਦੋਂ ਵਿਕਸਿਤ ਹੋਈ ਮੰਨੀ ਜਾਂਦੀ ਹੈ ਜਦੋਂ ਕਿਸੇ ਵਸੋਂ ਦੇ ਵੱਡੇ ਹਿੱਸੇ ਵਿੱਚ ਬੀਮਾਰੀ ਨਾਲ ਲੜਨ ਦੀ ਸਮਰੱਥਾ ਪੈਦਾ ਹੋ ਜਾਵੇ। ਅਕਸਰ ਇਹ ਟੀਕਾਕਰਣ ਰਾਹੀਂ ਵਿਕਸਿਤ ਕੀਤੀ ਜਾਂਦੀ ਹੈ, ਇਸ ਨਾਲ ਬੀਮਾਰੀ ਦਾ ਫੈਲਾਅ ਰੁਕ ਜਾਂਦਾ ਹੈ।

ਮਿਸਾਲ ਵਜੋਂ ਖਸਰੇ ਪ੍ਰਤੀ ਹਰਡ ਇਮਿਊਨਿਟੀ ਵਿਕਸਤ ਕਰਨ ਲਈ ਜ਼ਰੂਰੀ ਸੀ ਕਿ 95% ਲੋਕ ਇਸ ਨਾਲ ਲੜ ਸਕਦੇ ਹੋਣ ਅਤੇ ਪੋਲੀਓ ਲਈ 80% ਸੀ।
ਕੋਵਿਡ ਬਾਰੇ ਹਾਲਾਂਕਿ ਇਹ ਅੰਕੜਾ ਤਾਂ ਹਾਲੇ ਪਤਾ ਨਹੀਂ ਪਰ ਸਾਇੰਸਦਾਨ 70% ਮੰਨ ਕੇ ਚੱਲਦੇ ਹਨ।
ਹਾਲਾਂਕਿ ਜਿਵੇਂ ਕਿ ਮਹਾਮਾਰੀ ਨੂੰ ਦੂਜਾ ਸਾਲ ਚੱਲ ਰਿਹਾ ਹੈ ਤਾਂ ਮਾਹਰ ਇਹ ਅੰਕੜਾ ਵੀ ਉੱਚਾ ਕਰ ਰਹੇ ਹਨ।
ਕੀ ਵੈਕਸੀਨ ਕੋਵਿਡ-19 ਨੂੰ ਖ਼ਤਮ ਕਰ ਦੇਵੇਗੀ?
ਬ੍ਰਿਟੇਨ ਦੇ ਚੀਫ਼ ਮੈਡੀਕਲ ਅਫ਼ਸਰ ਕਰਿਸ ਵਿਟੀ ਨੇ ਇੱਕ ਮੌਕੇ ਕਿਹਾ ਕਿ ਕੋਵਿਡ ਖ਼ਤਮ ਹੋਣ ਦੀ ਸੰਭਾਵਨਾ ਸਿਫ਼ਰ ਦੇ ਬਰਾਬਰ ਹੈ।
"ਅਸੀਂ ਹੁਣ ਤੱਕ ਇੱਕ ਬੀਮਾਰੀ ਖ਼ਤਮ ਕਰ ਸਕੇ ਹਾਂ- ਛੋਟੀ ਚੇਚਕ। ਉਹ ਵੀ ਬਹੁਤ ਸਫ਼ਲ ਟੀਕੇ ਰਾਹੀਂ ਅਤੇ ਲੰਬੇ ਸਮੇਂ ਦੌਰਾਨ।"
ਇਸ ਦਾ ਮਤਲਬਲ ਇਹ ਬਿਲਕੁਲ ਨਹੀਂ ਕਿ ਸਾਰੀਆਂ ਕੋਸ਼ਿਸ਼ਾਂ ਖੂਹ ਵਿੱਚ ਇੱਟ ਸਾਬਤ ਹੋਣਗੀਆਂ।
ਦੂਜੇ ਪਾਸੇ ਜੇ ਕੁਝ ਲੋਕਾਂ ਨੂੰ ਟੀਕਾ ਲੱਗੇ ਅਤੇ ਕੁਝ ਬਿਨਾਂ ਟੀਕਿਓਂ ਰਹਿ ਜਾਣ ਤਾਂ ਇਸ ਨਾਲ ਵਾਇਰਸ ਦੇ ਰੂਪ ਵਟਾਉਣ ਅਤੇ ਤੇਜ਼ੀ ਨਾਲ ਫ਼ੈਲਣ ਦੀ ਸੰਭਾਵਨਾ ਹਰ ਹਾਲ ਵਿੱਚ ਵੱਧ ਰਹੇਗੀ।

ਵਾਸ਼ਿੰਗਟਨ ਯੂਨੀਵਰਸਿਟੀ ਦੇ ਕ੍ਰਿਸਟੋਫ਼ਰ ਮੁਰੇ ਅਤੇ ਲੰਡਨ ਸਕੂਲ ਆਫ਼ ਹਾਈਜੀਨ ਅਤੇ ਟਰੌਪੀਕਲ ਮੈਡੀਸਨ ਦੇ ਪੀਟਰ ਪਿਓਟ ਦਾ ਵਿਸ਼ਲੇਸ਼ਣ ਟੀਕਾਕਰਣ ਦੀ ਗਤੀ ਤੇਜ਼ ਕਰਨ ਦੀ ਲੋੜ ਨੂੰ ਉਜਾਗਰ ਕਰਦਾ ਹੈ।
ਅਮਰੀਕੀ ਮੈਡੀਕਲ ਐਸੋਸੀਏਸ਼ਨ ਦੇ ਜਨਰਲ ਵਿੱਚ ਛਪੀ ਉਨ੍ਹਾਂ ਦੀ ਰਿਪੋਰਟ ਕਹਿੰਦੀ ਹੈ,"ਇੱਕ ਜਿੱਦੀ ਅਤੇ ਸੀਜ਼ਨਲ ਕੋਵਿਡ-19 ਦੀ ਸੰਭਾਵਨਾ ਸੱਚ ਹੈ।"
ਜੇ ਇਸ ਨੂੰ ਮੰਨ ਵੀ ਲਿਆ ਜਾਵੇ ਤਾਂ ਵੀ ਵੈਕਸੀਨ ਪ੍ਰੋਗਰਾਮਾਂ ਦਾ ਮਹੱਤਵ ਘੱਟ ਨਹੀਂ ਹੋ ਜਾਂਦਾ।
ਇੰਪੀਰੀਅਲ ਕਾਲਜ ਆਫ ਲੰਡਨ ਦੇ ਪ੍ਰੋਫ਼ੈਸਰ ਅਜ਼ਰਾ ਗ਼ਨੀ ਮੁਤਾਬਕ ਟੀਕੇ ਦਾ ਮੁੱਢਲਾ ਮਕਸਦ ਤਾਂ ਲੋਕਾਂ ਨੂੰ ਇਮਿਊਨਿਟੀ ਦੇ ਕੇ ਅਤੇ ਬੀਮਾਰੀ ਨੂੰ ਫੈਲਣ ਤੋਂ ਰੋਕ ਕੇ ਜ਼ਿੰਦਗੀਆਂ ਬਚਾਉਣਾ ਹੈ।
ਇਹ ਵੀ ਪੜ੍ਹੋ:
- ਆਇਸ਼ਾ ਖੁਦਕੁਸ਼ੀ ਦਾ ਵੀਡੀਓ: ''''ਮੈਂ ਅੱਲ੍ਹਾ ਅੱਗੇ ਦੁਆ ਕਰਾਂਗੀ ਕਿ ਮੈਂ ਮੁੜ ਕਦੇ ਇਨਸਾਨਾਂ ਦੀ ਸ਼ਕਲ ਵੀ ਨਾ ਵੇਖਾਂ''''
- ਸਰਦੂਲ ਸਿਕੰਦਰ ਨੂੰ ਮਿਲ ਕੇ ਹੰਸ ਰਾਜ ਹੰਸ ਦੀ ਕਿਹੜੀ ਗ਼ਲਤਫ਼ਹਿਮੀ ਦੂਰ ਹੋਈ ਸੀ
- ਮੋਗਾ ਵਿੱਚ ਦੋ ਸਕੀਆਂ ਭੈਣਾਂ ਦੇ ਕਤਲ ਮਾਮਲੇ ਬਾਰੇ ਪੁਲਿਸ ਦਾ ਕੀ ਕਹਿਣਾ ਹੈ
https://www.youtube.com/watch?v=F7LRjykO9hw
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''c2d02e22-ff00-4384-ad98-57acab191a99'',''assetType'': ''STY'',''pageCounter'': ''punjabi.international.story.56613552.page'',''title'': ''ਕੋਰੋਨਾ ਵੈਕਸੀਨ: ਦੁਨੀਆਂ ਭਰ ਵਿੱਚ ਟੀਕਾਕਰਣ ਕਦੋਂ ਮੁਕੰਮਲ ਹੋਵੇਗਾ'',''published'': ''2021-04-02T14:05:31Z'',''updated'': ''2021-04-02T14:17:24Z''});s_bbcws(''track'',''pageView'');