ਮਮਤਾ ਬੈਨਰਜ਼ੀ 18 ਸਾਲਾਂ ਦੀ ਸਹੁੰ : ਜਦੋਂ ਪੁਲਿਸ ਨੇ ਉਨ੍ਹਾਂ ਨੂੰ ਪੌੜੀਆਂ ਤੋਂ ਘੜੀਸਦਿਆਂ ਲਾਹਿਆ

Thursday, Apr 01, 2021 - 06:35 AM (IST)

ਮਮਤਾ ਬੈਨਰਜ਼ੀ 18 ਸਾਲਾਂ ਦੀ ਸਹੁੰ : ਜਦੋਂ ਪੁਲਿਸ ਨੇ ਉਨ੍ਹਾਂ ਨੂੰ ਪੌੜੀਆਂ ਤੋਂ ਘੜੀਸਦਿਆਂ ਲਾਹਿਆ
ਅਗਸਤ 1997: ਮਮਤਾ ਬੈਨਰਜੀ
ARKO DATTA
ਅਗਸਤ 1997: ਮਮਤਾ ਬੈਨਰਜੀ ਕਾਂਗਰਸ ਯੂਥ ਵਿੰਗ ਦੀ ਪ੍ਰਧਾਨ ਵਜੋਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਇਜਲਾਸ ਨੂੰ ਸੰਬੋਧਨ ਕਰਦੇ ਹੋਏ

ਤਰੀਕ: 12 ਮਈ, 2011, ਸਥਾਨ: ਕਲਕੱਤਾ ਦੇ ਕਾਲੀਘਾਟ ਇਲਾਕੇ ''ਚ ਮਮਤਾ ਬੈਨਰਜ਼ੀ ਦਾ ਸਲੇਟੀ ਪੱਥਰ ਦੀ ਛੱਤ ਵਾਲਾ ਦੋ ਕਮਰਿਆਂ ਦਾ ਕੱਚਾ ਘਰ।

ਜਿਵੇਂ ਜਿਵੇਂ 2011 ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਰਹੇ ਸਨ, ਘਰ ਦੇ ਬਾਹਰ ਇਕੱਠੇ ਹੋਏ ਤ੍ਰਿਣਮੂਲ ਕਾਂਗਰਸ ਦੇ ਹਜ਼ਾਰਾਂ ਸਮਰਥਕਾਂ ਦਾ ਜੋਸ਼ ਠਾਠਾਂ ਮਾਰ ਰਿਹਾ ਸੀ।

ਕਾਂਗਰਸ ਨਾਲ ਨਾਤਾ ਤੋੜਕੇ ਵੱਖਰੀ ਪਾਰਟੀ ਬਣਾਉਣ ਤੋਂ ਲਗਭਗ 13 ਸਾਲ ਬਾਅਦ ਖੱਬੇ ਪੱਖੀਆਂ ਨੂੰ ਸੱਤਾਂ ਤੋਂ ਬਾਹਰ ਕਰਨ ਦਾ ਉਨ੍ਹਾਂ ਦਾ ਸੁਫ਼ਨਾ ਸਾਕਾਰ ਹੁੰਦਾ ਨਜ਼ਰ ਆ ਰਿਹਾ ਸੀ। ਉਨ੍ਹਾਂ ਦੀ ਇੱਕ ਪੁਰਾਣੀ ਸਹੁੰ ਵੀ ਪੂਰੀ ਹੋਣ ਵਾਲੀ ਸੀ। ਮਮਤਾ ਬੈਨਰਜ਼ੀ ਬੇਹੱਦ ਸ਼ਾਂਤ ਬੈਠੇ ਸਨ।

ਜਦੋਂ ਇਹ ਸਾਫ਼ ਹੋ ਗਿਆ ਕਿ ਟੀਐੱਮਸੀ ਭਾਰੀ ਬਹੁਮੱਤ ਨਾਲ ਸੱਤਾ ਵਿੱਚ ਆਉਣ ਵਾਲੀ ਹੈ ਤਾਂ ਮਮਤਾ ਜਸ਼ਨ ਮਨਾਉਣ ਦੀ ਬਜਾਇ ਅੱਗੇ ਦੀ ਰਣਨੀਤੀ ਬਣਾਉਣ ਵਿੱਚ ਜੁੱਟ ਗਏ। ਉਹ ਕੇਂਦਰੀ ਰੇਲ ਮੰਤਰੀ ਸਨ ਅਤੇ ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਵੀ ਨਹੀਂ ਲੜੀਆਂ ਸਨ।

ਇਹ ਵੀ ਪੜ੍ਹੋ:

ਨਤੀਜੇ ਆਉਣ ਤੋਂ ਬਾਅਦ ਪੂਰੀ ਰਾਤ ਉਹ ਆਪਣੇ ਨਜ਼ਦੀਕੀ ਸਾਥੀਆਂ ਦੇ ਨਾਲ ਸਰਕਾਰ ਦੀ ਰੂਪ-ਰੇਖਾ ਬਣਾਉਣ ਵਿੱਚ ਲੱਗੇ ਰਹੇ। ਮਮਤਾ ਬੈਨਰਜ਼ੀ ਦੇ ਬੇਹੱਦ ਕਰੀਬੀ ਰਹੇ ਸੋਨਾਲੀ ਗੁਹਾ ਨੇ ਪਹਿਲਾਂ ਇਹ ਕਿੱਸਾ ਸੁਣਾਇਆ ਸੀ। ਹੁਣ ਸੋਨਾਲੀ ਟਿਕਟ ਨਾ ਮਿਲਣ ਕਾਰਨ ਨਾਰਾਜ਼ ਹੋ ਕੇ ਭਾਜਪਾ ਵਿੱਚ ਚਲੇ ਗਏ ਹਨ।

ਚੋਣਾਂ ਦੇ ਨਤੀਜਿਆਂ ਤੋਂ ਬਾਅਦ ਮਮਤਾ ਦੀ ਪ੍ਰਤੀਕਿਰਿਆ ਵੀ ਕਾਫ਼ੀ ਨਪੀ-ਤੁਲੀ ਸੀ। ਉਨ੍ਹਾਂ ਨੇ ਕਿਹਾ ਸੀ, "ਇਹ ਮਾਂ, ਮਿੱਟੀ ਅਤੇ (ਮਾਨੁਸ਼) ਮਨੁੱਖ ਦੀ ਜਿੱਤ ਹੈ। ਬੰਗਾਲ ਦੇ ਲੋਕਾਂ ਲਈ ਜਸ਼ਨ ਮਨਾਉਣ ਦਾ ਮੌਕਾ ਹੈ ਪਰ ਨਾਲ ਹੀ ਸਾਨੂੰ ਉਨ੍ਹਾਂ ਲੋਕਾਂ ਨੂੰ ਵੀ ਯਾਦ ਰੱਖਣਾ ਪਵੇਗਾ ਜਿਨ੍ਹਾਂ ਨੇ ਇਸ ਦਿਨ ਲਈ ਬੀਤੇ ਤਿੰਨ ਦਹਾਕਿਆਂ ਦੌਰਾਨ ਆਪਣਾ ਬਲਿਦਾਨ ਦਿੱਤਾ ਹੈ।"

ਸਹੁੰ ਖਾਣ ਅਤੇ ਉਸ ਨੂੰ 18 ਸਾਲਾਂ ਤੱਕ ਨਿਭਾਉਣ ਦੀ ਕਹਾਣੀ

ਆਖ਼ਿਰ ਮਮਤਾ ਨੇ ਕਿਹੜੀ ਸਹੁੰ ਖਾਧੀ ਸੀ ਜੋ ਉਸ ਦਿਨ ਪੂਰੀ ਹੋਣ ਵਾਲੀ ਸੀ?

ਜੁਲਾਈ, 1993 ਵਿੱਚ ਉਨ੍ਹਾਂ ਦੇ ਯੁਵਾ ਕਾਂਗਰਸ ਪ੍ਰਧਾਨ ਹੁੰਦਿਆਂ ਸਕੱਤਰੇਤ ਰਾਈਟਰਜ਼ ਬਿਲਡਿੰਗ ਮੁਹਿੰਮ ਦੌਰਾਨ ਪੁਲਿਸ ਵਲੋਂ ਚਲਾਈਆਂ ਗੋਲੀਆਂ ਵਿੱਚ 13 ਨੌਜਾਵਨਾਂ ਦੀ ਮੌਤ ਹੋ ਗਈ ਸੀ।

ਇਸ ਮੁਹਿੰਮ ਦੌਰਾਨ ਮਮਤਾ ਨੂੰ ਵੀ ਸੱਟਾਂ ਲੱਗੀਆਂ ਸਨ। ਪਰ ਉਸ ਤੋਂ ਪਹਿਲਾਂ ਉਸੇ ਸਾਲ ਸੱਤ ਜਨਵਰੀ ਨੂੰ ਨਦਿਆ ਜ਼ਿਲ੍ਹੇ ਵਿੱਚ ਇੱਕ ਗੂੰਗੀ ਤੇ ਬੋਲੀ ਬਲਾਤਕਾਰ ਪੀੜਤਾ ਦੇ ਨਾਲ ਰਾਈਟਰਜ਼ ਬਿਲਡਿੰਗ ਜਾ ਕੇ ਤਤਕਾਲੀ ਮੁੱਖ ਮੁੰਤਰੀ ਜੋਤੀ ਬਾਸੂ ਦੇ ਨਾਲ ਮੁਲਾਕਾਤ ਲਈ ਉਹ ਉਨ੍ਹਾਂ ਦੇ ਚੈਂਬਰ ਦੇ ਦਰਵਾਜ਼ੇ ਸਾਹਮਣੇ ਧਰਨੇ ''ਤੇ ਬੈਠ ਗਏ ਸਨ।

ਮਮਤਾ ਦਾ ਇਲਜ਼ਾਮ ਸੀ ਕਿ ਸਿਆਸੀ ਸਬੰਧਾਂ ਕਾਰਨ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ। ਉਸ ਸਮੇਂ ਉਹ ਕੇਂਦਰੀ ਰਾਜ ਮੰਤਰੀ ਸਨ ਪਰ ਜੋਤੀ ਬਾਸੂ ਨੇ ਉਨ੍ਹਾਂ ਨਾਲ ਮੁਲਾਕਾਤ ਨਾ ਕੀਤੀ।

ਬਾਸੂ ਦੇ ਆਉਣ ਦਾ ਸਮਾਂ ਹੋਣ ਵਾਲਾ ਸੀ ਪਰ ਜਦੋਂ ਲੱਖ ਮਨਾਉਣ ਦੇ ਬਾਵਜੂਦ ਮਮਤਾ ਉਥੋਂ ਟੱਸ ਤੋਂ ਮੱਸ ਹੋਣ ਨਾ ਹੋਏ ਤਾਂ ਉਨ੍ਹਾਂ ਨੂੰ ਤੇ ਉਸ ਲੜਕੀ ਨੂੰ ਮਹਿਲਾ ਪੁਲਿਸ ਕਰਮੀਆਂ ਨੇ ਘਸੀਟਦੇ ਹੋਏ ਪੌੜੀਆਂ ਤੋਂ ਹੇਠਾਂ ਲਾਹਿਆ ਅਤੇ ਪੁਲਿਸ ਮੁੱਖ ਦਫ਼ਤਰ ਲਾਲ ਬਾਜ਼ਾਰ ਲੈ ਗਏ। ਇਸ ਦੌਰਾਨ ਉਨ੍ਹਾਂ ਦੇ ਕੱਪੜੇ ਫ਼ੱਟ ਗਏ।

ਮਮਤਾ ਨੇ ਉਸੇ ਮੌਕੇ ''ਤੇ ਹੀ ਸਹੁੰ ਖਾਧੀ ਸੀ ਕਿ ਹੁਣ ਉਹ ਇਸ ਇਮਾਰਤ ਵਿੱਚ ਦੁਬਾਰਾ ਪੈਰ ਖ਼ੁਦ ਮੁੱਖ ਮੰਤਰੀ ਬਣਕੇ ਹੀ ਰੱਖਣਗੇ। ਉਨ੍ਹਾਂ ਨੇ ਆਪਣੀ ਸਹੁੰ ਪੂਰੀ ਦ੍ਰਿੜਤਾ ਨਾਲ ਨਿਭਾਈ। ਆਖ਼ਿਰ 20 ਮਈ 2011 ਨੂੰ ਕਰੀਬ 18 ਸਾਲ ਬਾਅਦ ਉਨ੍ਹਾਂ ਨੇ ਮੁੱਖ ਮੰਤਰੀ ਵਜੋਂ ਹੀ ਇਸ ਇਤਿਹਾਸਿਕ ਲਾਲ ਇਮਾਰਤ ਵਿੱਚ ਦੁਬਾਰਾ ਪੈਰ ਰੱਖਿਆ।

ਸਾਬਕਾ ਮੁੱਖ ਮੰਤਰੀ ਜੋਤੀ ਬਾਸੂ ਤਾਂ ਮਮਤਾ ਦੀ ਸਿਆਸਤ ਤੋਂ ਇੰਨਾਂ ਖਿੱਝਦੇ ਸਨ ਕਿ ਉਨ੍ਹਾਂ ਨੇ ਕਦੀ ਵੀ ਜਨਤਕ ਤੌਰ ''ਤੇ ਮਮਤਾ ਦਾ ਨਾਮ ਤੱਕ ਨਹੀਂ ਸੀ ਲਿਆ। ਨਾਮ ਦੀ ਬਜਾਇ ਉਹ ਹਮੇਸ਼ਾਂ ਮਮਤਾ ਨੂੰ ''ਉਹ ਔਰਤ'' ਕਹਿ ਕੇ ਸੰਬੋਧਿਤ ਕਰਦੇ ਸਨ।

ਜੁਝਾਰੂ ਵਿਅਕਤੀਤਵ

ਮਮਤਾ ਬੈਨਰਜ਼ੀ ਦਾ ਪੂਰਾ ਸਿਆਸੀ ਕਰੀਅਰ ਅਜਿਹੀਆਂ ਘਟਨਾਵਾਂ ਨਾਲ ਭਰਿਆ ਪਿਆ ਹੈ। ਚਾਹੇ ਸਾਲ 1990 ਵਿੱਚ ਸੀਪੀਐੱਮ ਦੇ ਇੱਕ ਕਾਰਕੁਨ ਲਾਲੂ ਆਲਮ ਵਲੋਂ ਕੀਤਾ ਗਿਆ ਜਾਨਲੇਵਾ ਹਮਲਾ ਹੋਵੇ ਜਾਂ ਫ਼ਿਰ ਸਿੰਗੂਰ ਵਿੱਚ ਟਾਟਾ ਪ੍ਰੋਜੈਕਟਾਂ ਲਈ ਜ਼ਮੀਨ ਕਬਜ਼ੇ ਖ਼ਿਲਾਫ਼ 26 ਦਿਨਾਂ ਦੀ ਭੁੱਖ ਹੜਤਾਲ।

ਅਜਿਹੀ ਹਰ ਘਟਨਾ ਉਨ੍ਹਾਂ ਦੇ ਕਰੀਅਰ ਵਿੱਚ ਫ਼ੈਸਲਾਕੁੰਨ ਮੋੜ ਸਾਬਿਤ ਹੁੰਦੀ ਰਹੀ ਹੈ।

16 ਅਗਸਤ, 1990 ਨੂੰ ਕਾਂਗਰਸ ਦੀ ਅਪੀਲ ''ਤੇ ਬੰਗਾਲ ਬੰਦ ਦੌਰਾਨ ਲਾਲੂ ਆਲਮ ਨੇ ਹਾਜਰਾ ਮੋੜ ''ਤੇ ਮਮਤਾ ਦੇ ਸਿਰ ਵਿੱਚ ਸੋਟੀ ਨਾਲ ਵਾਰ ਕੀਤਾ ਸੀ। ਇਸ ਨਾਲ ਉਨ੍ਹਾਂ ਦੀ ਖੋਪੜੀ ਵਿੱਚ ਫਰੈਕਚਰ ਹੋ ਗਿਆ ਸੀ ਪਰ ਉਹ ਸਿਰ ''ਤੇ ਪੱਟੀ ਬੰਨਵਾ ਕੇ ਮੁੜ ਸੜਕ ''ਤੇ ਪ੍ਰਚਾਰ ਲਈ ਉੱਤਰ ਆਏ ਸਨ।

ਮਮਤਾ ਦੇ ਨਜ਼ਦੀਕੀ ਰਹੇ ਸੌਗਤ ਰਾਏ ਦੱਸਦੇ ਹਨ, "ਅਸੀਂ ਤਾਂ ਮੰਨ ਲਿਆ ਸੀ ਹੁਣ ਮਮਤਾ ਦਾ ਬਚਣਾ ਔਖਾ ਹੈ ਪਰ ਜਿਉਂਣ ਅਤੇ ਬੰਗਾਲ ਦੇ ਲੋਕਾਂ ਲਈ ਕੁਝ ਕਰਨ ਦੀ ਧੁਨ ਨੇ ਹੀ ਉਨ੍ਹਾਂ ਨੂੰ ਬਚਾਇਆ ਸੀ।"

''ਦੀਦੀ: ਦਿ ਅਨਟੋਲਡ ਮਮਤਾ ਬੈਨਰਜ਼ੀ'' ਸਿਰਲੇਖ ਹੇਠ ਮਮਤਾ ਦੀ ਜੀਵਨੀ ਲਿਖਣ ਵਾਲੇ ਪੱਤਰਕਾਰ ਸੁਪਤਾ ਪਾਲ ਕਹਿੰਦੇ ਹਨ, "ਮਮਤਾ ਦੇਸ ਦੀ ਸਭ ਤੋਂ ਮਜ਼ਬੂਤ ਇਰਾਦੇ ਵਾਲੀਆਂ ਔਰਤ ਆਗੂਆਂ ਵਿੱਚੋਂ ਇੱਕ ਹਨ।''''

ਇਸ ਕਿਤਾਬ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ, ''''ਆਪਣੀ ਸਿਆਸਤ ਦੇ ਵਿਲੱਖਣ ਰੂਪ ਅਤੇ ਜੁਝਾਰੂ ਪ੍ਰਵਿਰਤੀ ਕਾਰਨ ਦੀਦੀ ਨੇ ਆਪਣੇ ਕਰੀਅਰ ਵਿੱਚ ਕਈ ਅਜਿਹੀਆਂ ਚੀਜ਼ਾਂ ਨੂੰ ਸੰਭਵ ਕਰ ਦਿਖਾਇਆ ਹੈ, ਜਿੰਨਾਂ ਦੀ ਪਹਿਲਾਂ ਕਲਪਨਾ ਤੱਕ ਨਹੀਂ ਸੀ ਕੀਤੀ ਜਾ ਸਕਦੀ। ਇਸ ਵਿੱਚ ਖੱਬੇ ਪੱਖੀ ਸਰਕਾਰ ਨੂੰ ਅਰਸ਼ ਤੋਂ ਫ਼ਰਸ਼ ਤੱਕ ਪਹੁੰਚਾਉਣਾ ਵੀ ਸ਼ਾਮਿਲ ਹੈ।''''

ਮਮਤਾ ਦੇ ਸਿਆਸੀ ਸਫ਼ਰ ''ਤੇ ''ਡੀਕੋਡਿੰਗ ਦੀਦੀ'' ਨਾਮ ਦੀ ਕਿਤਾਬ ਲਿਖਣ ਵਾਲੇ ਪੱਤਰਕਾਰ ਦੋਲਾ ਮਿੱਤਰ ਕਹਿੰਦੇ ਹਨ, ''''ਦੇਸ ਵਿੱਚ ਕਿਸੇ ਹੋਰ ਔਰਤ ਆਗੂ ਦੀਆਂ ਗਤੀਵਿਧੀਆਂ ਵਿੱਚ ਲੋਕਾਂ ਦੀ ਇੰਨੀ ਦਿਲਚਸਪੀ ਨਹੀਂ ਰਹਿੰਦੀ, ਜਿੰਨੀ ''ਦੀਦੀ'' ਦੇ ਨਾਮ ਨਾਲ ਮਸ਼ਹੂਰ ਮਮਤਾ ਬੈਨਰਜ਼ੀ ਪ੍ਰਤੀ ਰਹਿੰਦੀ ਹੈ। ਇਹ ਉਨ੍ਹਾਂ ਦੇ ਜਾਦੂਈ ਵਿਅਕਤੀਤਵ ਦਾ ਹੀ ਕ੍ਰਿਸ਼ਮਾ ਹੈ।"

2007 ਦੀ ਇਸ ਤਸਵੀਰ ਵਿੱਚ ਮਮਤਾ ਬੈਨਰਜੀ ਮਜ਼ੀਮ ਪ੍ਰਾਪਤੀ ਦੇ ਮੁੱਦੇ ਉੱਪਰ ਚਰਚਾ ਕਰਨ ਤੋਂ ਬਾਅਦ ਜੋਤੀ ਬਸੂ ਨਾਲ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ
DESHAKALYAN CHOWDHURY
2007 ਦੀ ਇਸ ਤਸਵੀਰ ਵਿੱਚ ਮਮਤਾ ਬੈਨਰਜੀ ਮਜ਼ੀਮ ਪ੍ਰਾਪਤੀ ਦੇ ਮੁੱਦੇ ਉੱਪਰ ਚਰਚਾ ਕਰਨ ਤੋਂ ਬਾਅਦ ਜੋਤੀ ਬਸੂ ਨਾਲ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ

ਇੰਨਾਂ ਦੋਵੇਂ ਕਿਤਾਬਾਂ ਵਿੱਚ ਮਮਤਾ ਦੇ ਸਿਆਸੀ ਜੀਵਨ ਦੀ ਸ਼ੁਰੂਆਤ ਤੋਂ ਲੈ ਕੇ ਸਾਲ 2011 ਵਿੱਚ ਪਹਿਲੀ ਵਾਰ ਮੁੱਖ ਮੰਤਰੀ ਬਣਨ ਤੱਕ ਦਾ ਸਫ਼ਰ ਸਮੇਟਿਆ ਗਿਆ ਹੈ।

ਸਿਆਸੀ ਟਿੱਪਣੀਕਾਰ ਪ੍ਰੋਫ਼ੈਸਰ ਸਮੀਰਨ ਪਾਲ ਕਹਿੰਦੇ ਹਨ, "ਸਾਦਗੀ ਮਮਤਾ ਦੇ ਜੀਵਨ ਦਾ ਹਿੱਸਾ ਰਹੀ ਹੈ। ਸਫ਼ੇਦ ਸਾੜੀ ਅਤੇ ਹਵਾਈ ਚੱਪਲ ਨਾਲ ਉਨ੍ਹਾਂ ਦਾ ਨਾਤਾ ਟੁੱਟਿਆ ਨਹੀਂ। ਚਾਹੇ ਉਹ ਕੇਂਦਰ ਵਿੱਚ ਮੰਤਰੀ ਹੋਣ ਜਾਂ ਮਹਿਜ਼ ਸੰਸਦ ਮੈਂਬਰ।"

"ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਉਨ੍ਹਾਂ ਦੇ ਪਹਿਰਾਵੇ ਜਾਂ ਰਹਿਣ ਸਹਿਣ ਵਿੱਚ ਕੋਈ ਫ਼ਰਕ ਨਹੀਂ ਆਇਆ। ਨਿੱਜੀ ਜਾਂ ਜਨਤਕ ਜੀਵਨ ਵਿੱਚ ਉਨ੍ਹਾਂ ਦੇ ਰਹਿਣ-ਸਹਿਣ ਜਾਂ ਕਿਰਦਾਰ ''ਤੇ ਕੋਈ ਸਵਾਲ ਨਹੀਂ ਚੁੱਕਿਆ ਜਾ ਸਕਦਾ।"

ਪ੍ਰੋਫ਼ੈਸਰ ਪਾਲ ਦੱਸਦੇ ਹਨ ਕਿ ਮਮਤਾ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਰਹੀ ਹੈ ਕਿ ਉਹ ਜ਼ਮੀਨ ਨਾਲ ਜੁੜੀ ਹੋਈ ਆਗੂ ਹੈ। ਚਾਹੇ ਸਿੰਗੂਰ ਵਿੱਚ ਕਿਸਾਨਾਂ ਦੇ ਸਮਰਥਨ ਵਿੱਚ ਧਰਨਾ ਅਤੇ ਮਰਨ ਵਰਤ ਦਾ ਮਾਮਲਾ ਹੋਵੇ ਜਾਂ ਫ਼ਿਰ ਨੰਦੀਗ੍ਰਾਮ ਵਿੱਚ ਪੁਲਿਸ ਦੀਆਂ ਗੋਲੀਆਂ ਦੇ ਸ਼ਿਕਾਰ ਲੋਕਾਂ ਦੇ ਹੱਕ ਦੀ ਲੜਾਈ ਦਾ, ਮਮਤਾ ਨੇ ਹਮੇਸ਼ਾ ਮੋਰਚੇ ''ਤੇ ਰਹਿ ਕੇ ਲੜਾਈ ਕੀਤੀ।

ਸੜਕ ਤੋਂ ਸਕੱਤਰੇਤ ਤੱਕ ਪਹੁੰਚਣ ਦਾ ਕ੍ਰਿਸ਼ਮਾ

ਤ੍ਰਿਣਮੂਲ ਕਾਂਗਰਸ ਦੇ ਗਠਨ ਤੋਂ ਪਹਿਲਾਂ ਤੋਂ ਹੀ ਮਮਤਾ ਬੈਨਰਜ਼ੀ ਦੀ ਸਿਆਸਤ ਨੂੰ ਨਜ਼ਦੀਕ ਤੋਂ ਦੇਖਣ ਅਤੇ ਰਿਪੋਰਟਿੰਗ ਕਰਨ ਵਾਲੇ ਉੱਘੇ ਪੱਤਰਕਾਰ ਤਾਪਸ ਮੁਖ਼ਰਜ਼ੀ ਦੱਸਦੇ ਹਨ, "ਮਮਤਾ ਵਿੱਚ ਵਾਰ-ਵਾਰ ਡਿੱਗ ਕੇ ਉੱਠਣ ਦਾ ਜੋ ਮਾਦਾ ਹੈ, ਉਹ ਰਾਜਨੀਤੀ ਦੇ ਮੌਜੂਦਾ ਦੌਰ ਵਿੱਚ ਕਿਸੇ ਆਗੂ ਵਿੱਚ ਦੇਖਣ ਨੂੰ ਨਹੀਂ ਮਿਲਦਾ। ਹਾਰ ਤੋਂ ਘਬਰਾਉਣ ਦੀ ਬਜਾਇ ਉਹ ਦੁਗਣੀ ਤਾਕਤ ਅਤੇ ਜੋਸ਼ ਨਾਲ ਆਪਣੀ ਮੰਜ਼ਲ ਵੱਲ ਤੁਰ ਪੈਂਦੀ ਹੈ।"

ਮਮਤਾ ਬੈਨਰਜੀ
The India Today Group
ਮਮਤਾ ਬੈਨਰਜੀ

ਮੁਖ਼ਰਜ਼ੀ ਇਸ ਲਈ ਸਾਲ 2006 ਦੀਆਂ ਵਿਧਾਨ ਸਭਾ ਚੋਣਾਂ ਦੀ ਮਿਸਾਲ ਦਿੰਦੇ ਹਨ। ਉਸ ਸਮੇਂ ਮੀਡੀਆ ਤੋਂ ਲੈ ਕੇ ਸਿਆਸੀ ਹਲਕਿਆਂ ਤੱਕ ਵਿੱਚ ਮੰਨ ਲਿਆ ਗਿਆ ਸੀ ਕਿ ਇਸ ਵਾਰ ਮਮਤਾ ਦੀ ਪਾਰਟੀ ਦਾ ਸੱਤਾ ਵਿੱਚ ਆਉਣਾ ਤੈਅ ਹੈ।

ਖ਼ੁਦ ਮਮਤਾ ਨੇ ਮੋਦਿਨੀਪੁਰ ਵਿੱਚ ਪੱਤਰਕਾਰਾਂ ਨੂੰ ਆਪਣੀਆਂ ਦੋ ਉਂਗਲੀਆਂ ਨਾਲ ਜਿੱਤ ਦਾ ਨਿਸ਼ਾਨ ਦਿਖਾਉਂਦਿਆਂ ਕਿਹਾ ਸੀ ਕਿ ਹੁਣ ਅਗਲੀ ਮੁਲਾਕਾਤ ਰਾਈਟਰਜ਼ ਬਿਲਡਿੰਗ ਵਿੱਚ ਹੋਵੇਗੀ ਪਰ ਰੈਲੀਆਂ ਵਿੱਚ ਭਾਰੀ ਭੀੜ ਹੋਣ ਦੇ ਬਾਵਜੂਦ ਪਾਰਟੀ ਨੂੰ ਕਾਮਯਾਬੀ ਨਾ ਮਿਲੀ।

ਮਮਤਾ ਨੇ ਉਸ ਸਮੇਂ ਖੱਬੇਪੱਖੀਆਂ ''ਤੇ ''ਸਾਇੰਟਿਫ਼ਿਕ ਰਿਗਿੰਗ'' ਦਾ ਇਲਜ਼ਾਮ ਲਗਾਇਆ ਸੀ ਪਰ ਉਸੇ ਦਿਨ ਤੋਂ ਉਹ 2011 ਦੀਆਂ ਚੋਣਾਂ ਦੀਆਂ ਤਿਆਰੀਆਂ ਵਿੱਚ ਲੱਗ ਗਏ। ਕੁਝ ਸਮਾਂ ਬਾਅਦ ਨੰਦੀਗ੍ਰਾਮ ਅਤੇ ਸਿੰਗੂਰ ਵਿੱਚ ਜ਼ਮੀਨ ਕਬਜ਼ੇ ਦੇ ਸਰਕਾਰ ਦੇ ਫ਼ੈਸਲੇ ਨੇ ਉਨ੍ਹਾਂ ਦੇ ਹੱਥਾਂ ਵਿੱਚ ਇੱਕ ਵੱਡਾ ਮੁੱਦਾ ਦੇ ਦਿੱਤਾ।

ਮੁਖ਼ਰਜੀ ਦੱਸਦੇ ਹਨ, "ਸਾਲ 2004 ਦੀਆਂ ਲੋਕ ਸਭਾ ਚੋਣਾਂ ਵਿੱਚ ਮਮਤਾ ਟੀਐੱਮਸੀ ਦੇ ਇੱਕਲੇ ਸੰਸਦ ਮੈਂਬਰ ਸਨ। ਪਰ 2009 ਵਿੱਚ ਉਨ੍ਹਾਂ ਨੇ ਪਾਰਟੀ ਦੀਆਂ ਸੀਟਾਂ ਦੀ ਗਿਣਤੀ 19 ਤੱਕ ਪਹੁੰਚਾ ਦਿੱਤੀ।"

2004 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਮਮਤਾ ਬੈਨਰਜੀ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ
DESHAKALYAN CHOWDHURY
2004 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਮਮਤਾ ਬੈਨਰਜੀ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ

ਮਮਤਾ ਬੈਨਰਜ਼ੀ ਦੇ ਕੱਟੜ ਦੁਸ਼ਮਣ ਵੀ ਇਸ ਗੱਲ ਨੂੰ ਮੰਨਦੇ ਹਨ ਕਿ ਕਾਂਗਰਸ ਵਿੱਚ ਹਾਉਮੈਂ ਦੀ ਲੜਾਈ ਅਤੇ ਸਿਧਾਤਾਂ ''ਤੇ ਟਕਰਾਅ ਤੋਂ ਬਾਅਦ ਅਲੱਗ ਹੋ ਕੇ ਨਵੀਂ ਪਾਰਟੀ ਬਣਾਉਣ ਅਤੇ ਮਹਿਜ਼ 13 ਸਾਲਾਂ ਦੇ ਅੰਦਰ ਹੀ ਸੂਬੇ ਵਿੱਚ ਮਜ਼ਬੂਤੀ ਨਾਲ ਜੜ੍ਹਾਂ ਲਾਈ ਬੈਠੀ ਖੱਬੇਪੱਖੀ ਸਰਕਾਰ ਨੂੰ ਹਾਰ ਦੇ ਕਿ ਸੜਕ ਤੋਂ ਸਕੱਤਰੇਤ ਤੱਕ ਪਹੁੰਚਣ ਦਾ ਜਿਸ ਤਰ੍ਹਾਂ ਦਾ ਕ੍ਰਿਸ਼ਮਾ ਮਮਤਾ ਨੇ ਦਿਖਾਇਆ ਹੈ, ਉਸ ਦੀ ਮਿਸਾਲ ਘੱਟ ਹੀ ਮਿਲਦੀ ਹੈ।

ਪ੍ਰਦੇਸ਼ ਕਾਂਗਰਸ ਪ੍ਰਧਾਨ ਦੀ ਚੋਣ ਵਿੱਚ ਮਮਤਾ ਨੂੰ ਹਰਾਉਣ ਵਾਲੇ ਸੋਮੇਨ ਮਿਤਰਾ ਨੇ ਵੀ ਬਾਅਦ ਵਿੱਚ ਮਮਤਾ ਦਾ ਲੋਹਾ ਮੰਨਿਆ ਸੀ। ਉਹ ਬਾਅਦ ਵਿੱਚ ਕਾਂਗਰਸ ਛੱਡ ਕੇ ਟੀਐੱਮਸੀ ਵਿੱਚ ਆ ਗਏ ਸਨ ਅਤੇ ਸੰਸਦ ਮੈਂਬਰ ਵੀ ਬਣੇ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਲੰਬੇ ਅਰਸੇ ਤੱਕ ਟੀਐੱਮਸੀ ਕਵਰ ਕਰਨ ਵਾਲੇ ਉੱਘੇ ਪੱਤਰਕਾਰ ਪੁਲਕੇਸ਼ ਘੋਸ਼ ਮੰਨਦੇ ਹਨ ਕਿ ਜ਼ਿੱਦ ਅਤੇ ਜੁਝਾਰੂਪਣ ਮਮਤਾ ਦੇ ਖੂਨ ਵਿੱਚ ਰਿਹਾ ਹੈ।

ਉਹ ਕਹਿੰਦੇ ਹਨ, ''''ਇਹ ਜੁਝਾਰੂਪਣ ਉਨ੍ਹਾਂ ਨੂੰ ਆਪਣੇ ਅਧਿਆਪਕ ਅਤੇ ਆਜ਼ਾਦੀ ਘੁਲਾਟੀਏ ਪਿਤਾ ਪ੍ਰਮਿਲੇਸ਼ਵਰ ਬੈਨਰਜ਼ੀ ਤੋਂ ਵਿਰਾਸਤ ਵਿੱਚ ਮਿਲਿਆ ਹੈ। ਆਪਣੇ ਇੰਨਾਂ ਗੁਣਾਂ ਦੀ ਬਦੌਲਤ ਹੀ ਸਾਲ 1998 ਵਿੱਚ ਕਾਂਗਰਸ ਤੋਂ ਨਾਤਾ ਤੋੜਕੇ ਤ੍ਰਿਣਮੂਲ ਕਾਂਗਰਸ ਦੀ ਸਥਾਪਨਾ ਕਰਕੇ ਮਹਿਜ਼ 13 ਸਾਲਾਂ ਦੇ ਅੰਦਰ ਸੂਬੇ ਵਿੱਚ ਦਹਾਕਿਆਂ ਤੋਂ ਪੈਰ ਜਮਾਈ ਬੈਠੇ ਲੈਫ਼ਟ ਫ਼ਰੰਟ ਦੀ ਸਰਕਾਰ ਨੂੰ ਉਖਾੜਕੇ ਉਨ੍ਹਾਂ ਨੇ ਆਪਣੀ ਪਾਰਟੀ ਨੂੰ ਸੱਤਾ ਵਿੱਚ ਪਹੁੰਚਾਇਆ ਸੀ।''''

ਪੁਲਕੇਸ਼ ਘੋਸ਼ ਕਹਿੰਦੇ ਹਨ, "ਸਾਲ 2016 ਦੇ ਵਿਧਾਨ ਸਭਾ ਚੋਣਾਂ ਵਿੱਚ ਜੇ ਤ੍ਰਿਣਮੂਲ ਕਾਂਗਰਸ ਦੀਆਂ ਸੀਟਾਂ ਵੀ ਵਧੀਆਂ ਅਤੇ ਵੋਟਾਂ ਵੀ, ਤਾਂ ਇਹ ਮਮਤਾ ਦਾ ਹੀ ਕ੍ਰਿਸ਼ਮਾ ਸੀ। ਸਿੰਗੂਰ ਅਤੇ ਨੰਦੀਗ੍ਰਾਮ ਵਿੱਚ ਜ਼ਮੀਨ ਕਬਜ਼ੇ ਦੇ ਖ਼ਿਲਾਫ਼ ਵੱਡੇ ਪੈਨਾਨੇ ''ਤੇ ਕੀਤੇ ਗਏ ਅੰਦੋਲਨਾਂ ਨੇ ਇੱਕ ਜੁਝਾਰੂ ਨੇਤਾ ਵਜੋਂ ਮਮਤਾ ਦੇ ਅਕਸ ਨੂੰ ਹੋਰ ਨਿਖਾਰਿਆ ਤਾਂ ਸੀ ਹੀ। ਟੀਐੱਮਸੀ ਦੇ ਸੱਤਾਂ ਦੇ ਕੇਂਦਰ ਰਾਈਟਰਜ਼ ਬਿਲਡੰਗ ਤੱਕ ਪਹੁੰਚਣ ਦਾ ਰਾਹ ਵੀ ਖੋਲ੍ਹਿਆ ਸੀ।"

ਸਿਆਸੀ ਸਫ਼ਰ

ਮਮਤਾ ਬੈਨਰੀ ਦਾ ਸਿਆਸੀ ਸਫ਼ਰ 21 ਸਾਲ ਦੀ ਉਮਰ ਵਿੱਚ ਸਾਲ 1976 ਵਿੱਚ ਮਹਿਲਾ ਕਾਂਗਰਸ ਦੇ ਪ੍ਰਧਾਨ ਦੇ ਆਹੁਦੇ ਤੋਂ ਸ਼ੁਰੂ ਹੋਇਆ ਸੀ।

ਸਾਲ 1984 ਵਿੱਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਹੋਈਆਂ ਲੋਕਸਭਾ ਚੋਣਾਂ ਵਿੱਚ ਪਹਿਲੀ ਵਾਰ ਮੈਦਾਨ ਵਿੱਚ ਉੱਤਰੇ ਮਮਤਾ ਨੇ ਮਾਕਪਾ ਦੇ ਸਥਾਪਿਤ ਆਗੂ ਸੋਮਨਾਥ ਚੈਟਰਜ਼ੀ ਨੂੰ ਹਰਾਉਂਦਿਆਂ ਧਮਾਕੇ ਨਾਲ ਆਪਣੀ ਸੰਸਦੀ ਪਾਰੀ ਦੀ ਸ਼ੁਰੂਆਤ ਕੀਤੀ ਸੀ।

ਰਾਜੀਵ ਗਾਂਧੀ ਦੇ ਪ੍ਰਧਾਨਮੰਤਰੀ ਹੋਣ ਦੌਰਾਨ ਉਨ੍ਹਾਂ ਨੂੰ ਯੁਵਾ ਕਾਂਗਰਸ ਦਾ ਕੌਮੀ ਸਕੱਤਰ ਬਣਾਇਆ ਗਿਆ।

2003 ਵਿੱਚ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵਿੱਚ ਮੰਤਰੀ ਬਣੇ
RAVEENDRAN
2003 ਵਿੱਚ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵਿੱਚ ਮੰਤਰੀ ਬਣੇ

ਉਹ ਕਾਂਗਰਸ ਵਿਰੋਧੀ ਲਹਿਰ ਵਿੱਚ 1989 ਦੀਆਂ ਲੋਕ ਸਭਾ ਚੋਣਾਂ ਹਾਰ ਗਏ ਪਰ ਇਸ ਤੋਂ ਨਿਰਾਸ਼ ਹੋਏ ਬਗ਼ੈਰ ਆਪਣਾ ਪੂਰਾ ਧਿਆਨ ਉਨ੍ਹਾਂ ਨੇ ਬੰਗਾਲ ਦੀ ਸਿਆਸਤ ''ਤੇ ਕੇਂਦਰਿਤ ਕਰ ਲਿਆ।

ਸਾਲ 1991 ਵਿੱਚ ਹੋਈਆਂ ਲੋਕਸਭਾ ਚੋਣਾਂ ਚ ਉਹ ਦੁਬਾਰਾ ਚੁਣੇ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਕਦੀ ਪਿੱਛੇ ਮੁੜ ਕੇ ਨਹੀਂ ਦੇਖਿਆ।

ਉਸ ਸਾਲ ਚੋਣਾਂ ਜਿੱਤਣ ਤੋਂ ਬਾਅਦ ਪੀਵੀ ਨਰ੍ਹਸਿੰਘ ਰਾਓ ਮੰਤਰੀਮੰਡਲ ਵਿੱਚ ਉਨ੍ਹਾਂ ਨੂੰ ਯੁਵਾ ਭਲਾਈ ਅਤੇ ਖੇਡ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ। ਪਰ ਕੇਂਦਰ ਵਿੱਚ ਮਹਿਜ ਦੋ ਸਾਲ ਤੱਕ ਮੰਤਰੀ ਰਹਿਣ ਤੋਂ ਬਾਅਦ ਮਮਤਾ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਕੋਲਕੱਤਾ ਦੀ ਬ੍ਰਿਗੇਡ ਪ੍ਰੇਡ ਗਰਾਉਂਡ ਵਿੱਚ ਇੱਕ ਵਿਸ਼ਾਲ ਰੈਲੀ ਦਾ ਪ੍ਰਬੰਧ ਕੀਤੀ ਅਤੇ ਮੰਤਰੀਮੰਡਲ ਤੋਂ ਅਸਤੀਫ਼ਾ ਦੇ ਦਿੱਤਾ।

ਉਸ ਸਮੇਂ ਉਨ੍ਹਾਂ ਦੀ ਦਲੀਲ ਸੀ ਕਿ ਉਹ ਸੂਬੇ ਵਿੱਚ ਮਾਕਪਾ ਦੇ ਅਤਿਆਚਾਰ ਦੇ ਸ਼ਿਕਾਰ ਕਾਂਗਰਸੀਆਂ ਦੇ ਨਾਲ ਰਹਿਣਾ ਚਾਹੁੰਦੇ ਹਨ।

ਘੋਸ਼ ਦੱਸਦੇ ਹਨ ਕਿ ਸਿਆਸੀ ਕਰੀਅਰ ਦੀ ਸ਼ੁਰੂਆਤ ਤੋਂ ਹੀ ਮਮਤਾ ਦਾ ਇੱਕਮਾਤਰ ਮੰਤਵ ਬੰਗਾਲ ਦੀ ਸੱਤਾ ਵਿੱਚੋਂ ਖੱਬੇਪੱਖੀਆਂ ਨੂੰ ਬੇਦਖ਼ਲ ਕਰਨਾ ਸੀ। ਇਸ ਲਈ ਉਨ੍ਹਾਂ ਨੇ ਕਈ ਵਾਰ ਆਪਣੇ ਸਿਹਯੋਗੀ ਬਦਲੇ।

ਕਦੀ ਉਨ੍ਹਾਂ ਨੇ ਕੇਂਦਰ ਵਿੱਚ ਐੱਨਡੀਏ ਦਾ ਪੱਲਾ ਫ਼ੜਿਆ ਤਾਂ ਕਦੀ ਕਾਂਗਰਸ ਦਾ। ਸਾਲ 2012 ਵਿੱਚ ਟਾਈਮ ਰਸਾਲੇ ਵਿੱਚ ਉਨ੍ਹਾਂ ਨੂੰ ਦੁਨੀਆਂ ਦੇ ਸਭ ਤੋਂ ਪ੍ਰਭਾਵਸ਼ਾਲੀ 100 ਲੋਕਾਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਸੀ।

ਵੈਸੇ, ਮਮਤਾ ਦੇ ਕਰੀਅਰ ਵਿੱਚ ਕਈ ਅਜਿਹੀਆਂ ਵਿਵਾਦਮਈ ਘਟਨਾਵਾਂ ਹੋਈਆਂ ਹਨ, ਜਿੰਨਾਂ ਕਾਰਨ ਉਨ੍ਹਾਂ ਦਾ ਅਕਸ, ਸਨਕੀ ਅਤੇ ਸਵੈ-ਪ੍ਰਸ਼ੰਸਾ ਵਿੱਚ ਡੁੱਬੇ ਰਹਿਣ ਵਾਲੇ ਰਾਜਨੀਤਿਕ ਆਗੂ ਦਾ ਬਣਿਆ।

ਮਮਤਾ ''ਤੇ ਤਾਨਾਸ਼ਾਹ ਅਤੇ ਆਪਣੀ ਅਲੋਚਣਾ ਬਰਦਾਸ਼ਤ ਨਾ ਕਰ ਪਾਉਣ ਦੇ ਇਲਜ਼ਾਮ ਲੱਗਦੇ ਰਹੇ ਹਨ। ਨਾਲ ਹੀ ਪਾਰਟੀ ਵਿੱਚ ਆਪਣੇ ਭਤੀਜੇ, ਸੰਸਦ ਮੈਂਬਰ ਅਭਿਸ਼ੇਕ ਬੈਨਰਜ਼ੀ ਨੂੰ ਅਗਾਂਹ ਵਧਾਉਣ ਦੇ ਇਲਜ਼ਾਮ ਵੀ ਲੱਗੇ ਸਨ। ਮਮਤਾ ਖ਼ਿਲਾਫ਼ ਭ੍ਰਿਸ਼ਟ ਆਗੂਆਂ ਨੂੰ ਸੁਰੱਖਿਆ ਦੇਣ ਸਮੇਤ ਕਈ ਸਵਾਲ ਖੜਦੇ ਰਹੇ ਹਨ।

ਪਰ ਉਨ੍ਹਾਂ ਤੇ ਜਿਹੜਾ ਸਭ ਤੋਂ ਗੰਭੀਰ ਇਲਜ਼ਾਮ ਲੱਗਿਆ ਉਹ ਹੈ, ਘੱਟ ਗਿਣਤੀਆਂ ਨੂੰ ਖ਼ੁਸ਼ ਕਰਨ ਦਾ।

ਮਮਤਾ ਇੱਕ ਸਿਆਸੀ ਆਗੂ ਹੋਣ ਤੋਂ ਇਲਾਵਾ ਇੱਕ ਕਵੀ, ਲੇਖਿਕਾ ਅਤੇ ਚਿੱਤਰਕਾਰ ਵੀ ਹਨ। ਬੀਤੀਆਂ ਵਿਧਾਨਸਭਾ ਚੋਣਾਂ ਵਿੱਚ ਉਨ੍ਹਾਂ ਨੇ ਆਪਣੀਆਂ ਪੇਟਿੰਗਾਂ ਵੇਚਕੇ ਪਾਰਟੀ ਦੀ ਚੋਣ ਮੁਹਿੰਮ ਲਈ ਲੱਖਾਂ ਰੁਪਏ ਜੁਟਾਏ ਸਨ।

ਹਾਲਾਂਕਿ ਬਾਅਦ ਵਿੱਚ ਉਨ੍ਹਾਂ ਪੇਟਿੰਗਾਂ ਦੇ ਖ਼ਰੀਦਾਰਾਂ ਨੂੰ ਲੈ ਕੇ ਸਵਾਲ ਉੱਠੇ ਅਤੇ ਵਿਰੋਧੀ ਧਿਰ ਨੇ ਮਮਤਾ ਨੂੰ ਵੀ ਕਟਹਿਰੇ ਵਿੱਚ ਖੜਾ ਕੀਤਾ। ਖ਼ਰੀਦਣ ਵਾਲਿਆਂ ਵਿੱਚ ਸੂਬੇ ਦੀਆਂ ਕਈ ਚਿਟਫ਼ੰਡ ਕੰਪਨੀਆਂ ਦੇ ਮਾਲਿਕ ਸ਼ਾਮਿਲ ਸਨ।

ਮੁੱਖਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਦੀਆਂ ਕਵਿਤਾਵਾਂ ਅਤੇ ਕਹਾਣੀਆਂ ਦੀਆਂ ਦਰਜ਼ਨਾਂ ਕਿਤਾਬਾਂ ਆ ਚੁੱਕੀਆਂ ਹਨ। ਆਪਣੇ ਭਾਸ਼ਣਾਂ ਵਿੱਚ ਵੀ ਉਹ ਗੁਰੂਦੇਵ ਰਵਿੰਦਰਨਾਥ ਟੈਗੋਰ ਅਤੇ ਸ਼ਰਤਚੰਦਰ ਦਾ ਹਵਾਲਾ ਦਿੰਦੇ ਰਹਿੰਦੇ ਹਨ।

ਪੱਛਮ ਬੰਗਾਲ ਵਿੱਚ ਬੀਤੇ ਇੱਕ ਦਹਾਕੇ ਵਿੱਚ ਸਭ ਤੋਂ ਅਹਿਮ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਸਵਾਲ ਖੜਾ ਹੋ ਰਿਹਾ ਹੈ ਕਿ ਕੀ ਚੋਫ਼ੇਰਿਓਂ ਚੁਣੌਤੀਆਂ ਦਰਮਿਆਨ ਮਮਤਾ ਇਸ ਵਾਰ ਫ਼ਿਰ ਸੱਤਾ ਦੀ ਹੈਟ੍ਰਿਕ ਲਗਾ ਸਕਣਗੇ?

ਇਸ ਵਾਰ ਮੁਕੁਲ ਰਾਏ ਅਤੇ ਸ਼ੁਭੇਂਦੂ ਅਧਿਕਾਰੀ ਸਮੇਤ ਕਈ ਮਜ਼ਬੂਤ ਸਹਿਯੋਗੀ ਉਨ੍ਹਾਂ ਦੇ ਨਾਲ ਨਹੀਂ ਹਨ।

ਤਾਪਸ ਮੁਖ਼ਰਜ਼ੀ ਕਹਿੰਦੇ ਹਨ, "ਮਮਤਾ ਦੀ ਤਾਕਤ ਮਮਤਾ ਖ਼ੁਦ ਹੀ ਹੈ। ਹੁਣ ਤੱਕ ਦੇ ਸਿਆਸੀ ਕਰੀਅਰ ਨੂੰ ਧਿਆਨ ਨਾਲ ਦੇਖਦੇ ਹੋਏ ਉਨ੍ਹਾਂ ਦਾ ਮੁਲਾਂਕਣ ਘੱਟ ਕਰਕੇ ਕਰਨਾ ਗ਼ਲਤੀ ਹੋ ਸਕਦੀ ਹੈ।"

ਇਹ ਵੀ ਪੜ੍ਹੋ:

https://www.youtube.com/watch?v=cQKKt1oTqS4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''9fb13843-986a-4f70-9d90-a8bab8e728ac'',''assetType'': ''STY'',''pageCounter'': ''punjabi.india.story.56586629.page'',''title'': ''ਮਮਤਾ ਬੈਨਰਜ਼ੀ 18 ਸਾਲਾਂ ਦੀ ਸਹੁੰ : ਜਦੋਂ ਪੁਲਿਸ ਨੇ ਉਨ੍ਹਾਂ ਨੂੰ ਪੌੜੀਆਂ ਤੋਂ ਘੜੀਸਦਿਆਂ ਲਾਹਿਆ'',''author'': ''ਪ੍ਰਭਾਕਰ ਮਣੀ ਤਿਵਾਰੀ'',''published'': ''2021-04-01T01:00:29Z'',''updated'': ''2021-04-01T01:00:29Z''});s_bbcws(''track'',''pageView'');

Related News