ਸਰਦੂਲ ਸਿਕੰਦਰ ਨਾਲ ਪਹਿਲੀ ਮੁਲਾਕਾਤ: ''''ਸਿਰਫ ਬੋਲ ਹੀ ਤਾਂ ਬਾਕੀ ਰਹਿਣਗੇ...''''

02/27/2021 7:49:48 PM

"ਸਿਤਾਰੇ ਅੰਬਰਾਂ ਤੋਂ ਨੀ ਉਤਰਦੇ ਹੁੰਦੇ, ਸਿਤਾਰਾ ਹੋਣ ਪਿਛੇ ਜਿਹੜੀ ਮਿਹਨਤ ਲੱਗਦੀ ਹੈ ਤੇ ਜਿਹੜਾ ਸਿਰੜ ਹੁੰਦਾ ਉਸਨੂੰ ਮਿਹਨਤ ਕਰਨ ਵਾਲਾ ਹੀ ਸਮਝ ਸਕਦਾ ਹੈ। ਦੂਜਾ ਬੰਦਾ ਤਾਂ ਸਿਰਫ਼ ਕਿਆਸ ਹੀ ਲਗਾ ਸਕਦਾ ਹੈ।" ਉਹ ਕਿਸੇ ਡੂੰਘੇ ਜਿਹੇ ਮਨ ''ਚੋ ਬੋਲ ਰਹੇ ਸੀ।

ਸਰਦੂਲ ਬੇਹੱਦ ਹਲੀਮੀ ਨਾਲ ਬੋਲ ਰਹੇ ਸੀ, ਮੈਂ ਨਾਲ ਦੀ ਕੁਰਸੀ ''ਤੇ ਬੈਠਾ ਸ਼ਿੱਦਤ ਜਿਹੀ ਨਾਲ ਸੁਣ ਰਿਹਾ ਸੀ। ਮੈਂ ਕੁੱਝ ਪਲ ਲਈ ਭੁੱਲ ਗਿਆ ਕਿ ਮੈਂ ਉਹਨਾਂ ਦੀ ਇੰਟਰਵਿਊ ਕਰ ਰਿਹਾ ਹਾਂ।

ਨੂਰੀ ਮੈਡਮ ਵੀ ਨਾਲ ਸੀ। ਨੂਰੀ ਵੀ ਉਹਨਾਂ ਨੂੰ ਓਵੇ ਹੀ ਸੁਣ ਰਹੇ ਸੀ ਜਿਵੇਂ ਮੈਂ।

"ਮੈਨੂੰ ਸ਼ੋਹਰਤ ਤੇ ਦੌਲਤ ਬਹੁਤ ਮਿਹਨਤ ਨਾਲ ਮਿਲੀ ਹੈ, ਖ਼ੁਦਾ ਦਾ ਸ਼ੁਕਰ ਕਰਦਾ ਹਾਂ ਕਿ ਮੇਰੇ ਨਾਲ ਮੇਰੀ ਕਿਸਮਤ ਵੀ ਹੈ। ਨਹੀਂ ਤਾਂ ਮੇਰੇ ਤੋਂ ਵੀ ਅਗਾਂਹ ਦੇ ਗਵੰਤਰੀ ਪਏ ਨੇ, ਕੋਈ ਧੇਲੇ ਵੱਟੇ ਵੀ ਨੀ ਜਾਣਦਾ।"

"ਬਹੁਤ ਔਖੇ ਦਿਨ ਦੇਖੇ ਅਸੀਂ ਸਾਰੇ ਭਰਾਵਾਂ ਨੇ, ਜ਼ਿੰਦਗੀ ਏਦਾਂ ਥਾਲੀ ''ਚ ਧਰਕੇ ਨਹੀਂ ਦਿੰਦੀ ਕੁੱਝ ਵੀ, ਕਿਸੇ ਨੂੰ ਵੀ ..ਘੱਟੋ-ਘੱਟ ਮੈਨੂੰ ਤਾਂ ਨਹੀ ਦਿੱਤਾ।"

ਇਹ ਵੀ ਪੜ੍ਹੋ

ਡੂੰਘੀਆਂ ਗੱਲਾਂ

ਅਜਿਹੀਆਂ ਗੱਲਾਂ ਜਦੋਂ ਕੋਈ ਧੁਰ ਅੰਦਰੋਂ ਕਰਦਾ ਤਾਂ ਲੱਗਦਾ ਹੈ ਕਿ ਇਹ ਉਹ ਸਖਸ਼ ਨਹੀ ਬੋਲ ਰਿਹਾ ਜੋ ਤੁਹਾਡੇ ਸਾਹਮਣੇ ਬੈਠਾ ਹੈ ਬਲਕਿ ਉਹ ਬੋਲ ਰਿਹਾ ਹੈ ਜਿਸਨੂੰ ਤੁਸੀਂ ਦੇਖ ਤਾਂ ਰਹੇ ਹੋ, ਪਰ ਪੂਰੀ ਤਰਾਂ ਜਾਣਦੇ ਨਹੀਂ।

"ਨਾਲੇ ਜਦੋਂ ਅਸੀਂ ਜ਼ਿੰਦਗੀ ਦੇ ਜੋ ਮਾਇਨੇ ਲਭਦੇ ਹਾਂ, ਉਹ ਤੁਸੀਂ ਨਾ ਦੱਸ ਸਕਦੇ ਹੋ, ਨਾ ਸਮਝਾ ਸਕਦੇ ਹੋ। ਜ਼ਿੰਦਗੀ ਸਿਰਫ਼ ਜੀਈ ਜਾਣ ਵਾਲੀ ਸ਼ੈਅ ਹੁੰਦੀ ਹੈ, ਸਿਰਫ਼ ਔਰ ਸਿਰਫ਼ ਹੰਡਾਈ ਜਾਣ ਵਾਲੀ ਸ਼ੈਅ ਹੈ, ਇਹ ਫਸਟ ਹੈਂਡ ਤਜੁਰਬਾ ਹੈ, ਡੀਅਰ।"

ਹੌਲੀ ਜਿਹੀ ਉਹਨਾਂ ਨੇ ਅੱਖਾਂ ਬੰਦ ਕੀਤੀਆਂ, ਇੱਕ ਸੁਰ ਲਾਇਆ ਤੇ ਗਾਇਆ।

"ਪੱਤਝੜਾਂ ਵਿਚ ਪੱਤਿਆਂ ਦਾ ਹਾਲ ਪੁਛਦੀ ਏਂ ਨੀਂ ਤੂੰ ਜਾਣ ਜਾਣ ਕੇ, ਨੀਂ ਤੂੰ ਜਾਣ ਜਾਣ ਕੇ।"

ਮੈਨੂੰ ਅਗਲਾ ਸਵਾਲ ਹੀ ਭੁੱਲ ਗਿਆ। ਮੇਰੇ ''ਤੇ ਉਨ੍ਹਾਂ ਦੀਆਂ ਗੱਲਾਂ ਅਸਰ ਕਰ ਰਹੀਆਂ ਸਨ। ਕਿਸੇ ਵੀ ਸ਼ੋਅ ਦੇ ਐਂਕਰ ਵਾਸਤੇ ਇਹ ਕਮਜ਼ੋਰੀ ਮੰਨੀ ਜਾਂਦੀ ਹੈ ਜੇ ਉਹ ਮੋੜਵਾਂ ਸਵਾਲ ਨਹੀਂ ਕਰਦਾ। ਪਰ ਮੇਰੇ ਕੋਲ ਕੋਈ ਸਵਾਲ ਨਹੀਂ ਸੀ। ਮੈਨੂੰ ਹੋਰ ਤਾਂ ਕੁਝ ਸੁਝਿਆ ਨਹੀ, ਮੈਂ ''ਮਿਲਦੇ ਹਾਂ ਬ੍ਰੇਕ ਤੋਂ ਬਾਅਦ'' ਵਾਲੀ ਸਤਰ ਉੱਤੇ ਆ ਗਿਆ।

ਜ਼ਿਦਗੀ ਦੇ ਕੌੜੇ-ਮਿੱਠੇ ਤਜਰਬੇ

ਬ੍ਰੇਕ ਤੋਂ ਬਾਅਦ ਮੈਂ ਮਾਹੌਲ ਬਦਲਣ ਵਾਸਤੇ ਐਂਵੇ ਕਹਿ ਬੈਠਾ ਕਿ ਤੁਹਾਡਾ ਸਿਆਸਤ ਵਿਚ ਆਉਣ ਬਾਰੇ ਕੀ ਵਿਚਾਰ ਹੈ? ਕਿਉਂਕਿ ਉਹਨਾਂ ਦਿਨਾਂ ਵਿਚ ਉਹਨਾਂ ਦੇ ਕਈ ਸਮਕਾਲੀ ਗਾਇਕ ਕਿਸੇ ਨਾ ਕਿਸੇ ਪਾਰਟੀ ਦੀ ਟਿਕਟ ਤੋਂ ਚੋਣਾਂ ਲੜ੍ਹ ਰਹੇ ਸੀ।

ਉਨ੍ਹਾਂ ਕਿਹਾ, "ਬਲਵਿੰਦਰ ਜਿਸ ਦਾ ਜੋ ਕੰਮ ਹੁੰਦਾ ਉਸ ਨੂੰ ਹੀ ਸੱਜਦਾ ਹੈ ..ਮੇਰਾ ਸਿਆਸਤ ਵਿਚ ਆਉਣਾ ਉਂਵੇਂ ਹੀ ਲੱਗੂ ਜਿਵੇਂ ਕੋਈ ਲੀਡਰ ਕਹੇ ਕਿ ਮੈਂ ਗਾਇਕੀ ''ਚ ਆਉਣਾ ਹੈ।"

“ਮੈਨੂੰ ਹੋਰ ਪਾਵਰ ਦੀ ਕੀ ਲੋੜ੍ਹ ਹੈ? ਮੇਰੇ ਕੋਲ ਔਲਰੈਡੀ ਇੰਨੀਂ ਪਾਵਰ ਹੈ ਉਨ੍ਹਾਂ ਨੇ ਆਪਣੇ ਤਗੜੇ ਸ਼ਰੀਰ ਵੱਲ ਇਸ਼ਾਰਾ ਕੀਤਾ।"

ਹਾਸੇ ਨੂੰ ਨਿਮ੍ਹਾ ਜਿਹਾ ਕਰਕੇ ਕਿਹਾ "ਤਮੱਨਾਂ ਹੈ ਜਿੰਨੀ ਮਰਜ਼ੀ ਵਧਾ ਲਓ। ਇਹ ਤਾਂ ਮੁੱਕਦੀ ਹੀ ਨਹੀਂ। ਨਾਲੇ ਇੰਨੀ ਸ਼ੋਹਰਤ ਦਿੱਤੀ ਰੱਬ ਨੇ ਹੋਰ ਕੀ ਚਾਹੀਦਾ ਮੈਨੂੰ?"

ਇਹ ਵੀ ਪੜ੍ਹੋ

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਗਾਇਕੀ ਵੀ ਤੇ ਕਾਮੇਡੀ ਵੀ

ਜਦੋਂ ਮੈਂ ਕਿਹਾ, "ਤੁਹਾਡੀ ਲਫਜ਼ਾਂ ਉੱਤੇ ਕਿੰਨੀ ਸੋਹਨੀ ਪਕੜ ਹੈ ਤੇ ਤੁਹਾਡਾ ਲਹਿਜ਼ਾ ਵੀ ਕਿਤਨਾ ਖੂਬਸੂਰਤ ਹੈ।" ਤਾਂ ਉਹਨਾਂ ਦਾ ਮੋੜਵਾਂ ਜਵਾਬ ਸੀ ਕਿ "ਜਿਸ ਗਵਈਏ ਦੀ ਲਫਜ਼ਾਂ ਤੇ ਸੁਰਾਂ ਉੱਤੇ ਪਕੜ ਨਹੀਂ, ਮੈਂ ਤੇ ਉਸਨੂੰ ਗਾਇਕ ਹੀ ਨਹੀਂ ਮੰਨਦਾ।

“ਦੇਖੋ ਇਹੋ ਤਾਂ ਤਾਲੀਮ ਹੁੰਦੀ ਏ, ਸੰਗੀਤ ਸਾਧਨਾ। ਉਸਤਾਦ ਲੋਕਾਂ ਦੀ, ਉਸਤਾਦ ਲੋਕ ਏਹੋ ਤਾਂ ਸਿਖਾਉਂਦੇ ਨੇ। ਜਿਸ ਬੰਦੇ ਦੀ ਜ਼ਿੰਦਗੀ ''ਚ ਉਸਤਾਦ ਲੋਕਾਂ ਦੀ ਰਹਿਮਤ ਨਹੀਂ, ਉਹਨਾਂ ਦੀ ਕਦੀ ਗਤੀ ਨਹੀ ਭਾਵੇਂ ਉਹ ਜਿੰਨੀ ਮਰਜ਼ੀ ਕੋਸ਼ਿਸ਼ ਕਰਨ। ਸਾਰੀ ਉਮਰ ਭਟਕਦੇ ਫਿਰਨ।"

ਮੈਨੂੰ ਲੱਗਿਆ ਜਿਵੇਂ ਕੋਈ ਉਸਤਾਦ ਮੈਨੂੰ ਮੇਰਾ ਹੀ ਅਕਸ ਦਿਖਾ ਰਿਹਾ ਹੋਵੇ। ਮੈਂ ਅੰਦਰੋ ਅੰਦਰੀ ਸੋਚ ਰਿਹਾ ਸੀ ਕਿ ਮੈਂ ਵੀ ਕਿੰਨੀਆਂ ਹੀ ਗਲਤੀਆਂ ਕਰਦਾਂ ਤਾਂ ਮੈਂ ਸਰਦੂਲ ਨੂੰ ਇਹੀ ਗੱਲ ਕਹਿ ਵੀ ਦਿੱਤੀ ਤਾਂ ਉਨ੍ਹਾਂ ਨੇ ਮੈਨੂੰ ਬੇਹਦ ਖਲੂਸ ਨਾਲ ਕਿਹਾ, ਨਹੀਂ ਤੂੰ ਬਹੁਤ ਸਹਿਜ ਬੋਲਦਾ ਹੈਂ ਕਿਉਂਕਿ ਤੂੰ ਅੰਦਰੋ ਸਹਿਜ ਹੈਂ। ਮੈਂ ਤੇਰਾ ਸ਼ੋਅ ਦੇਖਦਾ ਹੁੰਦਾ, ਮੈਨੂੰ ਤੂੰ ਵਧੀਆ ਲੱਗਦਾ ਏਂ। ਤੇਰੇ ਵਾਂਗੂ ਬੋਲਣ ਵਾਲੇ ਬਹੁਤ ਘੱਟ ਨੇ।"

ਮੇਰੇ ਵਾਸਤੇ ਇਹ ਵੱਡਾ ਕੰਪਲੀਮੈਂਟ ਸੀ, ਜਿਹੜਾ ਮੈਨੂੰ ਹੁਣ ਤੱਕ ਯਾਦ ਹੈ। ਇਹ ਮੇਰੀ ਸਰਦੂਲ ਨਾਲ ਪਹਿਲੀ ਮੁਲਕਾਤ ਸੀ ਜਿਹੜੀ ਮੈਨੂੰ ਕਦੀ ਵੀ ਨਹੀਂ ਭੁੱਲੀ।

ਸਰਦੂਲ ਦਾ ਰਾਜਿਆਂ ਵਰਗਾ ਘਰ

ਅਗਲੀ ਵਾਰ ਮੈਂ ਉਹਨਾਂ ਨੂੰ ਉਹਨਾਂ ਦੇ ਵੱਡੇ ਸਾਰੇ ਘਰ ਖੰਨੇ ਜਾਕੇ ਮਿਲਿਆ। ਮੇਰੀ ''ਪਿੰਡਾਂ ਵਿਚੋ ਪਿੰਡ'' ਪ੍ਰੋਗ੍ਰਾਮ ਦੀ ਟੀਮ ਅਮਰ ਨੂਰੀ ਨਾਲ ਮੁਲਕਾਤ ਕਰ ਰਹੀ ਸੀ। ਆਲੀਸ਼ਾਨ ਰਾਜਿਆਂ ਵਰਗਾ ਘਰ, ਕਈ ਸਾਰੀਆਂ ਮਹਿੰਗੀਆਂ ਗੱਡੀਆਂ ਖੜ੍ਹੀਆਂ ਸਨ। ਕਿਲੇ ਵਰਗਾ ਗੇਟ, ਅੰਦਰ ਬਹੁਤ ਸਾਰੇ ਰੁੱਖ -ਬੂਟੇ ਲੱਗੇ ਹੋਏ ਸਨ।

ਸਾਡੀਆਂ ਕੁਰਸੀਆਂ ਦੇ ਆਸਪਾਸ ਮੋਰ- ਮੋਰਨੀਆਂ ਘੁੰਮ ਰਹੇ ਸੀ, ਰੁੱਖਾਂ ਉੱਤੇ ਕਈ ਤਰਾਂ ਦੇ ਪੰਛੀ ਤੇ ਉਹਨਾਂ ਦੀਆਂ ਅਵਾਜਾਂ ਨਾਲ ਮਾਹੌਲ ਅੰਦਰ ਸੰਗੀਤ ਜਿਹਾ ਘੁਲ ਰਿਹਾ ਸੀ। ਚਾਹ ਪੀਂਦਿਆ ਮੈਂ ਜਾਣ ਬੁਝ ਕੇ ਪੁਛ ਲਿਆ ਕਿ ਅੱਜਕੱਲ ਕੀ ਨਵਾਂ ਕਰ ਰਹੇ ਓਂ ?

ਕੋਈ ਗੀਤ? ਕੋਈ ਟੇਪ? ਉਹਨਾਂ ਨੇ ਚਾਹ ਦੀ ਚੁਸਕੀ ਭਰਕੇ ਕਿਹਾ "ਅਨੰਦ... ਮੈਂ ਅੱਜਕੱਲ ਅਨੰਦ ਕਰ ਰਿਹਾ ਹਾਂ। ਬਲਵਿੰਦਰ ਬੰਦੇ ਨਾਲ ਕੁਝ ਵੀ ਨੀ ਜਾਂਦਾ। ਇੱਥੇ ਜੋ ਕੁਝ ਵੀ ਹੈ ਇੱਥੇ ਹੀ ਰਹਿ ਜਾਣਾ। ਸਥਿਰ ਕੁਛ ਨਹੀ।"

“ਜੇ ਕੁਝ ਰਹੇਗਾ ਤਾਂ ਨਾਦ ਰਹੇਗਾ। ਗੀਤ ਰਹਿਣਗੇ, ਧੁਨਾਂ ਰਹਿਣਗੀਆਂ ਤੇ ਬੋਲ ਹੀ ਬਾਕੀ ਰਹਿਣਗੇ ਜੇ ਰਹੇ ਤਾਂ। ਰੂਹ ਵਾਲੇ, ਸਕੂਨ ਦੇਣ ਵਾਲੇ। ਬਸ ਹੋਰ ਤਾਂ ਕੁਛ ਨਹੀ ਰਹਿਣਾ।" ਮੈਨੂੰ ਗੱਲ ਨੇ ਛੂਹ ਲਿਆ ਸੀ।

ਮੈਂ ਉਹਨਾਂ ਨੂੰ ਫੇਰ ਵੀ ਕਈ ਵਾਰੀ ਮਿਲਿਆ। ਜਿੰਨੇ ਵਾਰੀ ਵੀ ਮਿਲਿਆ ਮੈਨੂੰ ਉਹਨਾਂ ਦੀ ਹਸਤੀ ’ਚ ਵਿਸਥਾਰ ਹੀ ਦਿੱਸਿਆ।

ਫੇਰ ਮੈਨੂੰ ਅਮਰ ਨੂਰੀ ਹੋਰਾਂ ਨੇ ਉਹਨਾਂ ਬਿਮਾਰ ਹੋਣ ਬਾਰੇ ਦੱਸਿਆ। ਕਿਡਨੀ ਟ੍ਰਾੰਸਪਲਾਂਟ ਹੋਈ। ਫੇਰ ਉਹ ਸਿਹਤਮੰਦ ਵੀ ਹੋ ਗਏ, ਮੁੜ੍ਹ ਤੋਂ ਉਹੀ ਸਟੇਜ, ਸ਼ੋਅ , ਜਾਗਰਣ। ਹੁਣ ਥੋੜੇ ਜਿਹੇ ਪਰਹੇਜ਼ਗਾਰ ਹੋ ਗਏ ਸੀ। ਜ਼ਿੰਦਗੀ ਦਾ ਕੋਈ ਸਿਰਾ ਜਿਹਾ ਛੋਹ ਲਿਆ ਸੀ ਬਿਮਾਰੀ ਨੇ ਤੇ ਬਸ...।

ਇੱਕ ਖ਼ਬਰ ਨੇ ਦੱਸ ਦਿੱਤਾ ਕਿ ''ਰੋਡਵੇਜ਼ ਦੀ ਲਾਰੀ'' ਤੋਂ ਸ਼ੁਰੂ ਹੋਇਆ ਸਫ਼ਰ ਇੰਨਾ ਕੁ ਹੀ ਸੀ ਤੇ ਦਰਵੇਸ਼ ਜਿਹਾ ਗਵਈਆ ਸਾਨੂੰ ਅਲਵਿਦਾ ਕਹਿ ਗਿਆ। ਕਿੰਨਾ ਸਾਰਾ ਵਿਰਸਾ ਦੇਕੇ, ਗੀਤਾਂ ਦਾ, ਸੁਰਾਂ ਦਾ, ਸ਼ਾਇਸਤਗੀ ਦਾ, ਯਾਦਾਂ ਦਾ।

ਮੈਨੂੰ ਉਰਦੂ ਸ਼ਾਇਰ ਬਸ਼ੀਰ ਬਦਰ ਦੀ ਇੱਕ ਸਤਰ ਚੇਤੇ ਆਉਂਦੀ ਹੈ "ਆਸਮਾਂ ਭਰ ਗਯਾ ਹੈ ਪਰਿੰਦੋਂ ਸੇ, ਪੇੜ ਕੋਈ ਹਰਾ ਗਿਰਾ ਹੋਗਾ "

(ਲੇਖਕ ਕਈ ਸਾਲ ਜ਼ੀ ਪੰਜਾਬੀ ਚੈਨਲ ਵਾਸਤੇ ਪੰਜਾਬੀ ਹਸਤੀਆਂ ਨਾਲ ਇੰਟਰਵਿਊ ਕਰਦੇ ਰਹੇ ਅਤੇ ਅੱਜਕੱਲ ਯੂਨਿਵਰਸਿਟੀ ਵਿਚ ਪੜ੍ਹਾ ਰਹੇ।)

ISWOTY
BBC

ਇਹ ਵੀ ਪੜ੍ਹੋ:

https://www.youtube.com/watch?v=w9eANbDjeXU

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''a4c5dc34-6e52-4693-b966-671452003804'',''assetType'': ''STY'',''pageCounter'': ''punjabi.india.story.56211592.page'',''title'': ''ਸਰਦੂਲ ਸਿਕੰਦਰ ਨਾਲ ਪਹਿਲੀ ਮੁਲਾਕਾਤ: \''ਸਿਰਫ ਬੋਲ ਹੀ ਤਾਂ ਬਾਕੀ ਰਹਿਣਗੇ...\'''',''author'': ''ਡਾ. ਬਲਵਿੰਦਰ '',''published'': ''2021-02-27T14:11:39Z'',''updated'': ''2021-02-27T14:11:39Z''});s_bbcws(''track'',''pageView'');

Related News