ਦਿੱਲੀ ਦੰਗੇ: ਇੱਕ ਸਾਲ ਬਾਅਦ ਕੌਣ ਹਨ ਗ੍ਰਿਫ਼ਤਾਰ ਤੇ ਚਾਰਜਸ਼ੀਟ ਵਿੱਚ ਕੀ ਹੈ
Tuesday, Feb 23, 2021 - 11:19 AM (IST)


ਦਿੱਲੀ ਵਿੱਚ ਪਿਛਲੇ ਸਾਲ ਫਰਵਰੀ ਮਹੀਨੇ ਵਿੱਚ ਹੋਏ ਦੰਗਿਆਂ ਦੇ ਸਿਲਸਿਲੇ ਵਿੱਚ ਹੁਣ ਤੱਕ ਕੀ-ਕੀ ਹੋਇਆ ਹੈ, ਜਾਣੋ ਸਾਰੀਆਂ ਜ਼ਰੂਰੀ ਗੱਲਾਂ
ਦਿੱਲੀ ਦੇ ਉੱਤਰ-ਪੂਰਬੀ ਇਲਾਕੇ ਵਿੱਚ ਸੀਏਏ ਖਿਲਾਫ਼ ਸ਼ੁਰੂ ਹੋਏ ਪ੍ਰਦਰਸ਼ਨਾਂ ਦਾ ਅੰਤ ਦੰਗਿਆਂ ਦੀ ਸ਼ਕਲ ਵਿੱਚ ਹੋਇਆ। 21 ਫਰਵਰੀ ਤੋਂ 26 ਫਰਵਰੀ 2020 ਵਿਚਕਾਰ ਹੋਏ ਦੰਗਿਆਂ ਵਿੱਚ 53 ਲੋਕਾਂ ਦੀ ਮੋਤ ਹੋ ਗਈ। 13 ਜੁਲਾਈ ਨੂੰ ਹਾਈਕੋਰਟ ਵਿੱਚ ਦਾਇਰ ਦਿੱਲੀ ਪੁਲਿਸ ਦੇ ਹਲਫ਼ਨਾਮੇ ਮੁਤਾਬਕ ਮਾਰੇ ਗਏ ਲੋਕਾਂ ਵਿੱਚੋਂ 40 ਮੁਸਲਮਾਨ ਅਤੇ 13 ਹਿੰਦੂ ਸਨ।
ਦਿੱਲੀ ਪੁਲਿਸ ਨੇ ਦੰਗਿਆਂ ਨਾਲ ਜੁੜੀਆਂ ਕੁੱਲ 751 ਐੱਫਆਈਆਰ ਦਰਜ ਕੀਤੀਆਂ। ਪੁਲਿਸ ਨੇ ਦਿੱਲੀ ਦੰਗਿਆਂ ਨਾਲ ਜੁੜੇ ਦਸਤਾਵੇਜ਼ਾਂ ਨੂੰ ਜਨਤਕ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਪੁਲਿਸ ਦਾ ਤਰਕ ਹੈ ਕਿ ਕਈ ਜਾਣਕਾਰੀਆਂ ''ਸੰਵੇਦਨਸ਼ੀਲ'' ਹਨ, ਇਸ ਲਈ ਉਨ੍ਹਾਂ ਨੂੰ ਵੈੱਬਸਾਈਟ ''ਤੇ ਅਪਲੋਡ ਨਹੀਂ ਕੀਤਾ ਜਾ ਸਕਦਾ। ਦਿੱਲੀ ਪੁਲਿਸ ਨੇ ਸੀਪੀਆਈ (ਐੱਮ) ਦੀ ਨੇਤਾ ਵਰਿੰਦਾ ਕਰਾਤ ਦੀ ਹਾਈਕੋਰਟ ਵਿੱਚ ਦਾਇਰ ਪਟੀਸ਼ਨ ਦੇ ਜਵਾਬ ਵਿੱਚ 16 ਜੂਨ ਨੂੰ ਇਹ ਗੱਲ ਕਹੀ ਸੀ।
ਇਹ ਵੀ ਪੜ੍ਹੋ:
- ਕੋਰੋਨਾਵਾਇਰਸ : ਬਾਬਾ ਰਾਮਦੇਵ ਦੀ ''''ਕੋਰੋਲਿਨ ਵੈਕਸੀਨ'''' ਨੂੰ ਲੈਕੇ ਕੀ ਉੱਠਿਆ ਨਵਾਂ ਵਿਵਾਦ
- ਟੈਕਸਸ ਬਰਫ਼ਬਾਰੀ: ਅਮਰੀਕਾ ਦੇ ਮਾਰੂਥਲ ਵਰਗੇ ਸੂਬੇ ''ਚ ਕਿਉਂ ਹੋ ਰਹੀ ਆਰਕਟਿਕ ਵਾਂਗ ਬਰਫ਼ਬਾਰੀ
- ਕੋਰੋਨਾਵਾਇਰਸ ਬਾਰੇ ਇਹ 5 ਗੱਲਾਂ ਸੁਚੇਤ ਕਰ ਰਹੀਆਂ ਹਨ ਕਿ ਹਾਲੇ ਅਵੇਸਲੇ ਹੋਣ ਦਾ ਸਮਾਂ ਨਹੀਂ
ਅਜਿਹੇ ਵਿੱਚ ਉੱਤਰ-ਪੂਰਬੀ ਦਿੱਲੀ ਵਿੱਚ ਹੋਏ ਦੰਗਿਆਂ ਦੀ ਜਾਂਚ ਨਾਲ ਜੁੜੀਆਂ ਜਾਣਕਾਰੀਆਂ ਜੁਟਾਉਣਾ ਇੱਕ ਚੁਣੌਤੀ ਰਹੀ ਹੈ, ਪਰ ਬੀਬੀਸੀ ਨੇ ਜਾਂਚ ਨਾਲ ਜੁੜੇ ਕੋਰਟ ਦੇ ਆਰਡਰ ਅਤੇ ਐੱਫਆਈਆਰ-ਚਾਰਜਸ਼ੀਟ ਵਰਗੇ ਦਸਤਾਵੇਜ਼ ਜੁਟਾ ਕੇ ਜਾਂਚ ਦੇ ਤੌਰ ਤਰੀਕੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ।
ਐੱਫਆਈਆਰ-59 ਯਾਨੀ ''ਸਾਜ਼ਿਸ਼'' ਦਾ ਮਾਮਲਾ
ਇਸ ਮਾਮਲੇ ਵਿੱਚ ਦਿੱਲੀ ਪੁਲਿਸ ਸਪੈਸ਼ਲ ਸੈੱਲ ਅਤੇ ਕ੍ਰਾਈਮ ਬਰਾਂਚ ਦਾ ਕਹਿਣਾ ਹੈ ਕਿ ਦੰਗਿਆਂ ਦੇ ਪਿੱਛੇ ਇੱਕ ਗਹਿਰੀ ਸਾਜ਼ਿਸ਼ ਸੀ। ਐੱਫਆਈਆਰ 59 ਇਸੇ ਕਥਿਤ ਸਾਜ਼ਿਸ਼ ਬਾਰੇ ਹੈ।
ਇਸ ਵਿੱਚ ਅਨਲਾਅਫੁੱਲ ਐਕਟੀਵਿਟੀ ਪ੍ਰੀਵੈਨਸ਼ਨ ਐਕਟ (ਯੂਪੀਏ) ਦੀਆਂ ਤਿੰਨ ਧਾਰਾਵਾਂ ਲਗਾਈਆਂ ਗਈਆਂ ਹਨ। ਯੂਏਪੀਏ ਦੀ ਵਰਤੋਂ ਆਮ ਤੌਰ ''ਤੇ ਅੱਤਵਾਦ ਦੇ ਸ਼ੱਕੀ ਲੋਕਾਂ ਨੂੰ ਲੰਬੇ ਸਮੇਂ ਤੱਕ ਬਿਨਾਂ ਜ਼ਮਾਨਤ ਦੇ ਜੇਲ੍ਹ ਵਿੱਚ ਰੱਖਣ ਲਈ ਕੀਤੀ ਜਾਂਦੀ ਹੈ।
ਇਸ ਐੱਫਆਈਆਰ ਵਿੱਚ ਉਨ੍ਹਾਂ ਨੇਤਾਵਾਂ ਦੇ ਨਾਂ ਸ਼ਾਮਲ ਹਨ, ਜੋ ਦਿੱਲੀ ਵਿੱਚ ਸੀਏਏ ਖਿਲਾਫ਼ ਪ੍ਰਦਰਸ਼ਨਾਂ ਵਿੱਚ ਪ੍ਰਮੁੱਖ ਚਿਹਰੇ ਰਹੇ।

6 ਮਾਰਚ 2020 ਨੂੰ ਦਰਜ ਹੋਈ, ਇਸ ਮੂਲ ਐੱਫਆਈਆਰ ਵਿੱਚ ਸਿਰਫ਼ ਦੋ ਲੋਕਾਂ-ਜੇਐੱਨਯੂ ਦੇ ਸਾਬਕਾ ਵਿਦਿਆਰਥੀ ਨੇਤਾ ਉਮਰ ਖਾਲਿਦ ਅਤੇ ਪੌਪੂਲਰ ਫਰੰਟ ਆਫ ਇੰਡੀਆ (ਪੀਐੱਫਆਈ) ਨਾਲ ਜੁੜੇ ਦਾਨਿਸ਼ ਦੇ ਨਾਮ ਹਨ।
ਐੱਫਆਈਆਰ-59 ਦੇ ਆਧਾਰ ''ਤੇ ਹੁਣ ਤੱਕ 22 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ਵਿੱਚੋਂ ਸਫ਼ੂਰਾ ਜ਼ਰਗਰ, ਮੁਹੰਮਦ ਦਾਨਿਸ਼, ਪਰਵੇਜ਼ ਅਤੇ ਇਲਿਆਸ ਇਸ ਸਮੇਂ ਜ਼ਮਾਨਤ ''ਤੇ ਰਿਹਾਅ ਹਨ। ਬਾਕੀ ਸਾਰੇ ਲੋਕ ਹੁਣ ਵੀ ਨਿਆਂਇਕ ਹਿਰਾਸਤ ਵਿੱਚ ਹਨ।
ਖਾਸ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਨੂੰ ਸ਼ੁਰੂਆਤ ਵਿੱਚ ਦਿੱਲੀ ਦੰਗਿਆਂ ਨਾਲ ਜੁੜੀਆਂ ਅਲੱਗ-ਅਲੱਗ ਐੱਫਆਈਆਰ ਵਿੱਚ ਗ੍ਰਿਫ਼ਤਾਰ ਕੀਤਾ ਗਿਆ।
ਪਰ ਜਿਵੇਂ ਹੀ ਉਨ੍ਹਾਂ ਮਾਮਲਿਆਂ ਵਿੱਚ ਉਨ੍ਹਾਂ ਨੂੰ ਜ਼ਮਾਨਤ ਮਿਲੀ ਜਾਂ ਮਿਲਣ ਦੀ ਸੰਭਾਵਨਾ ਬਣੀ, ਇਨ੍ਹਾਂ ਦਾ ਨਾਂ ਐੱਫਆਈਆਰ ਨੰਬਰ-59 ਵਿੱਚ ਜੋੜ ਦਿੱਤਾ ਗਿਆ ਅਤੇ ਇਸ ਤਰ੍ਹਾਂ ਇਨ੍ਹਾਂ ਲੋਕਾਂ ''ਤੇ ਯੂਪੀਏ ਦੀਆਂ ਧਾਰਾਵਾਂ ਲੱਗ ਗਈਆਂ।
ਇਸ ਕੇਸ ਵਿੱਚ ਉਮਰ ਖਾਲਿਦ ਦੀ ਗ੍ਰਿਫ਼ਤਾਰੀ 13 ਸਤੰਬਰ, 2020 ਨੂੰ ਦੇਰ ਰਾਤ ਨੂੰ ਕੀਤੀ ਗਈ, ਕਿਉਂਕਿ ਉਦੋਂ ਤੱਕ ਇਸ ਮਾਮਲੇ ਵਿੱਚ ਯੂਪੀਏ ਦੀਆਂ ਧਾਰਾਵਾਂ ਜੋੜ ਦਿੱਤੀਆਂ ਗਈਆਂ ਸਨ, ਅਜਿਹੇ ਵਿੱਚ ਉਮਰ ਨੂੰ ਹੁਣ ਤੱਕ ਜ਼ਮਾਨਤ ਨਹੀਂ ਮਿਲ ਸਕੀ ਹੈ ਅਤੇ ਉਹ ਨਿਆਂਇਕ ਹਿਰਾਸਤ ਵਿੱਚ ਹੈ।
16 ਸਤੰਬਰ ਨੂੰ ਸਪੈਸ਼ਲ ਸੈੱਲ ਨੇ ਐੱਫਆਈਆਰ-59 ਦੀ 17 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਦਾਖਲ ਕੀਤੀ, ਜਿਸ ਵਿੱਚ 15 ਲੋਕਾਂ ਖਿਲਾਫ਼ ਧਾਰਾਵਾਂ ਅਤੇ ਸਬੂਤਾਂ ਦਾ ਜ਼ਿਕਰ ਕੀਤਾ ਗਿਆ।
ਇਸ ਚਾਰਜਸ਼ੀਟ ਵਿੱਚ ਉਮਰ ਖ਼ਾਲਿਦ ਅਤੇ ਸ਼ਰਜ਼ਿਲ ਇਮਾਮ ਦੇ ਖਿਲਾਫ਼ ਦੋਸ਼ ਨਹੀਂ ਤੈਅ ਕੀਤੇ ਗਏ ਸਨ। 22 ਨਵੰਬਰ, 2020 ਨੂੰ ਸਪੈਸ਼ਲ ਕੋਰਟ ਵਿੱਚ ਉਮਰ ਖ਼ਾਲਿਦ, ਸ਼ਰਜ਼ਿਲ ਇਮਾਮ ਅਤੇ ਫ਼ੈਜ਼ਾਨ ਖਾਨ ਖਿਲਾਫ਼ ਇੱਕ 200 ਪੰਨਿਆਂ ਦੀ ਸਪਲੀਮੈਂਟ ਚਾਰਜਸ਼ੀਟ ਦਾਖਲ ਕੀਤੀ ਗਈ। ਇਨ੍ਹਾਂ ''ਤੇ 26 ਧਾਰਾਵਾਂ ਲਗਾਈਆਂ ਗਈਆਂ ਹਨ, ਜਿਨ੍ਹਾਂ ਵਿੱਚੋਂ ਤਿੰਨ ਧਾਰਾਵਾਂ ਯੂਏਪੀਏ ਦੀਆਂ ਸ਼ਾਮਲ ਹਨ।
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦਾ ਕਹਿਣਾ ਹੈ ਕਿ ਜਾਮੀਆ ਕੋਆਰਡੀਨੇਸ਼ਨ ਕਮੇਟੀ (ਜੇਸੀਸੀ), ਪੌਪੂਲਰ ਫਰੰਟ ਆਫ ਇੰਡੀਆ (ਪੀਐੱਫਆਈ), ਪਿੰਜਰਾ ਤੋੜ, ਯੂਨਾਈਟਿਡ ਅਗੇਂਸਟ ਹੇਟ ਨਾਲ ਜੁੜੇ ਲੋਕਾਂ ਨੇ ਸਾਜ਼ਿਸ਼ ਤਹਿਤ ਦਿੱਲੀ ਵਿੱਚ ਦੰਗੇ ਕਰਾਏ।
ਇਹ ਉਨ੍ਹਾਂ ਲੋਕਾਂ ਦੀ ਸੂਚੀ ਹੈ, ਜਿਨ੍ਹਾਂ ਨੂੰ ਗ੍ਰਿਫ਼ਤਾਰ ਤਾਂ ਅਲੱਗ-ਅਲੱਗ ਐੱਫਆਈਆਰ ਦੇ ਆਧਾਰ ''ਤੇ ਕੀਤਾ ਗਿਆ, ਪਰ ਬਾਅਦ ਵਿੱਚ ਯੂਪੀਏ ਵਾਲੀ ਐੱਫਆਈਆਰ-59 ਵਿੱਚ ਉਨ੍ਹਾਂ ਦਾ ਨਾਂ ਜੁੜ ਗਿਆ। ਇਸ ਮਾਮਲੇ ਵਿੱਚ ਉਮਰ ਖ਼ਾਲਿਦ ਹੀ ਇਕੱਲੇ ਵਿਅਕਤੀ ਹਨ, ਜਿਨ੍ਹਾਂ ਨਾਂ ਉਸ ਐੱਫਆਈਆਰ ਵਿੱਚ ਪਹਿਲਾਂ ਤੋਂ ਸੀ।
ਇਸ ਐਫਆਈਆਰ ਵਿਚ ਦਰਜ ਕੁਝ ਦੂਜੇ ਲੋਕਾਂ ਦਾ ਵੇਰਵਾ ਇਸ ਤਰ੍ਹਾਂ ਹੈ।
- ਖ਼ਾਲਿਦ ਸੈਫ਼ੀ-ਯੂਨਾਈਟਿਡ ਅਗੇਂਸਟ ਹੇਟ
- ਇਸ਼ਰਤ ਜਹਾਂ-ਸਾਬਕਾ ਕਾਂਗਰਸ ਕੌਂਸਲਰ
- ਸਫ਼ੂਰਾ ਜ਼ਰਗਰ-ਐੱਮਫਿਲ ਵਿਦਿਆਰਥਣ, ਜਾਮੀਆ
- ਮੀਰਾਨ ਹੈਦਰ-ਪੀਐੱਚਡੀ ਵਿਦਿਆਰਥੀ-ਜਾਮੀਆ
- ਗੁਲਫ਼ਿਸ਼ਾਂ ਫ਼ਾਤਿਮਾ-ਐੱਮਬੀਏ ਵਿਦਿਆਰਥਣ, ਗਾਜ਼ੀਆਬਾਦ
- ਸ਼ਾਦਾਬ ਅਹਿਮਦ-ਜਾਮੀਆ ਵਿਦਿਆਰਥੀ
- ਸ਼ਿਫ਼ਾ-ਉਰ-ਰਹਿਮਾਨ-ਜਾਮੀਆ ਦੀ ਸਾਬਕਾ ਵਿਦਿਆਰਥਣ
- ਨਤਾਸ਼ਾ ਨਰਵਾਲ-ਜੇਐੱਨਯੂ ਵਿਦਿਆਰਥਣ, ''ਪਿੰਜਰਾ ਤੋੜ'' ਦੀ ਮੈਂਬਰ
- ਦੇਵਾਂਗਨਾ ਕਲਿਤਾ-ਜੇਐੱਨਯੂ ਵਿਦਿਆਰਥਣ, ''ਪਿੰਜਰਾ ਤੋੜ'' ਦੀ ਮੈਂਬਰ
- ਆਸਿਫ਼ ਇਕਬਾਲ ਤਨਹਾ-ਜਾਮੀਆ ਵਿਦਿਆਰਥੀ
- ਉਮਰ ਖ਼ਾਲਿਦ-ਸਾਬਕਾ ਜੇਐੱਨਯੂ ਵਿਦਿਆਰਥੀ
- ਸ਼ਰਜ਼ਿਲ ਇਮਾਮ-ਜੇਐੱਨਯੂ ਵਿਦਿਆਰਥੀ
- ਤਾਹਿਰ ਹੁਸੈਨ-ਸਾਬਕਾ ''ਆਪ'' ਕੌਂਸਲਰ
ਬੀਬੀਸੀ ਨੇ ਹੁਣ ਤੱਕ ਹੋਈ ਇਸ ਪੂਰੀ ਕਾਰਵਾਈ ਨੂੰ ਸਮਝਣ ਲਈ ਪਹਿਲੀ ਐੱਫਆਈਆਰ ਤੋਂ ਲੈ ਕੇ ਕੋਰਟ ਵਿੱਚ ਹੋਈਆਂ ਕਾਰਵਾਈਆਂ ਅਤੇ ਇਸ ਮਾਮਲੇ ਵਿੱਚ ਦਾਇਰ ਕੀਤੀਆਂ ਗਈਆਂ ਦੋ ਚਾਰਜਸ਼ੀਟਾਂ ਦਾ ਅਧਿਐਨ ਕੀਤਾ।
6 ਮਾਰਚ ਤੋਂ ਲੈ ਕੇ ਹੁਣ ਤੱਕ ਇਸ ਕੇਸ ਵਿੱਚ ਕੀ-ਕੀ ਹੋਇਆ, ਪੁਲਿਸ ਦੀਆਂ ਦਲੀਲਾਂ ਕੀ ਹਨ ਅਤੇ ਆਖਿਰ ਕੋਰਟ ਨੇ ਕਦੋਂ-ਕਦੋਂ ਜ਼ਮਾਨਤ ਦੀ ਅਪੀਲ ਖਾਰਜ ਕੀਤੀ ਅਤੇ 2 ਲੋਕਾਂ ਦੇ ਨਾਂ ਨਾਲ ਦਰਜ ਇਸ ਐੱਫਆਈਆਰ ਵਿੱਚ ਕਿਸ ਤਰ੍ਹਾਂ 14 ਲੋਕਾਂ ਦੀ ਗ੍ਰਿਫ਼ਤਾਰੀ ਹੋਈ?

ਐੱਫਆਈਆਰ ਮੁਤਾਬਕ ਉਮਰ ਖ਼ਾਲਿਦ ਨੇ ਤਤਕਾਲੀ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਭਾਰਤ ਯਾਤਰਾ ਦੌਰਾਨ ਦੰਗਿਆਂ ਦੀ ਸਾਜ਼ਿਸ਼ ਰਚੀ ਅਤੇ ਪੀਐੱਫਆਈ ਦੇ ਮੁਹੰਮਦ ਦਾਨਿਸ਼ ਨੇ ਦੰਗਿਆਂ ਲਈ ਲੋਕਾਂ ਦੀ ਭੀੜ ਜੁਟਾਈ।
ਮੂਲ ਐੱਫਆਈਆਰ ਦੀ ਕਾਪੀ ਵਿੱਚ ਆਈਪੀਸੀ ਦੀਆਂ ਧਾਰਾਵਾਂ-147 (ਦੰਗੇ ਭੜਕਾਉਣ), 148 (ਦੰਗੇ ਵਿੱਚ ਘਾਤਕ ਹਥਿਆਰਾਂ ਦੀ ਵਰਤੋਂ), 149 (ਗੈਰ ਕਾਨੂੰਨੀ ਤਰੀਕੇ ਨਾਲ ਸਭਾ ਕਰਨਾ), 120-ਬੀ (ਅਪਰਾਧਕ ਸਾਜ਼ਿਸ਼) ਲਗਾਈ ਗਈ ਸੀ। ਇਹ ਸਾਰੀਆਂ ਧਾਰਾਵਾਂ ਜ਼ਮਾਨਤੀ ਹਨ।
ਇਸ ਮਾਮਲੇ ਵਿੱਚ ਮੁਹੰਮਦ ਦਾਨਿਸ਼ ਸਮੇਤ ਤਿੰਨ ਪੀਐੱਫਆਈ ਮੈਂਬਰਾਂ ਦੀ ਗ੍ਰਿਫ਼ਤਾਰੀ ਹੋਈ ਸੀ, ਜਿਨ੍ਹਾਂ ਨੂੰ 13 ਮਾਰਚ, 2020 ਨੂੰ ਮੈਟਰੋਪੌਲੀਟਨ ਮੈਜਿਸਟਰੇਟ ਦੀ ਅਦਾਲਤ ਤੋਂ ਜ਼ਮਾਨਤ ਇਸ ਸ਼ਰਤ ਨਾਲ ਮਿਲੀ ਕਿ ਉਹ ਦੇਸ਼ ਤੋਂ ਬਾਹਰ ਨਹੀਂ ਜਾਣਗੇ। ਇਸ ਕੇਸ ਨੂੰ ਕ੍ਰਾਈਮ ਬਰਾਂਚ ਨੇ ਦਰਜ ਕੀਤਾ ਸੀ, ਪਰ ਕੁਝ ਦਿਨ ਬਾਅਦ ਹੀ ਸਾਜ਼ਿਸ਼ ਦੇ ਕੇਸ ਦੀ ਜਾਂਚ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੂੰ ਟਰਾਂਸਫਰ ਕਰ ਦਿੱਤੀ ਗਈ।
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਸਾਜ਼ਿਸ਼, ਅੱਤਵਾਦੀ ਗਤੀਵਿਧੀਆਂ ਵਰਗੇ ਗੰਭੀਰ ਮਾਮਲਿਆਂ ਦੀ ਜਾਂਚ ਕਰਦੀ ਹੈ। ਦਿੱਲੀ ਪੁਲਿਸ ਕੇਂਦਰੀ ਗ੍ਰਹਿ ਮੰਤਰਾਲੇ ਅਧੀਨ ਕੰਮ ਕਰਦੀ ਹੈ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
15 ਮਾਰਚ 2020 ਨੂੰ ਇਸ ਕੇਸ ਵਿੱਚ 302 (ਕਤਲ), 307 (ਇਰਾਦਾ ਕਤਲ), 124ਏ (ਦੇਸ਼ਧ੍ਰੋਹ) ਵਰਗੀਆਂ ਗੈਰ ਜ਼ਮਾਨਤੀ ਧਾਰਾਵਾਂ ਜੋੜੀਆਂ ਗਈਆਂ। ਇਸ ਦੇ ਇਲਾਵਾ 154ਏ (ਗੈਰ ਕਾਨੂੰਨੀ ਸਭਾ), 186 (ਕਿਸੇ ਸਰਕਾਰੀ ਕਰਮਚਾਰੀ ਦੇ ਕੰਮ ਵਿੱਚ ਰੁਕਾਵਟ ਪਾਉਣਾ), 353, 395 (ਡਕੈਤੀ), 435 (ਅੱਗ ਜਾਂ ਧਮਾਕੇ ਨਾਲ ਨੁਕਸਾਨ ਪਹੁੰਚਾਉਣਾ), ਜਨਤਕ ਸੰਪਤੀ ਨੁਕਸਾਨ ਵਿਵਰਣ ਕਾਨੂੰਨ ਦੇ ਸੈਕਸ਼ਨ 3, 4 ਅਤੇ ਆਰਮਜ਼ ਐਕਟ ਦੇ ਸੈਕਸ਼ਨ 25 ਅਤੇ 27 ਵੀ ਐੱਫਆਈਆਰ ਵਿੱਚ ਜੋੜੇ ਗਏ।
19 ਅਪ੍ਰੈਲ 2020 ਨੂੰ ਇਸ ਕੇਸ ਵਿੱਚ ਸਖ਼ਤ ਕਾਨੂੰਨ ਯੂਪੀਏ ਦਾ ਸੈਕਸ਼ਨ 13 (ਗੈਰ ਕਾਨੂੰਨੀ ਗਤੀਵਿਧੀ ਦੀ ਸਜ਼ਾ), 16 (ਅੱਤਵਾਦੀ ਗਤੀਵਿਧੀ ਦੀ ਸਜ਼ਾ), 17 (ਅੱਤਵਾਦੀ ਗਤੀਵਿਧੀ ਲਈ ਫੰਡ ਜੁਟਾਉਣ ਦੀ ਸਜ਼ਾ) ਅਤੇ 18 (ਸਾਜਿਸ਼ ਰਚਣ ਦੀ ਸਜ਼ਾ) ਜੋੜਿਆ ਗਿਆ।
ਆਮ ਤੌਰ ''ਤੇ ਕਿਸੇ ਵੀ ਐੱਫਆਈਆਰ ਵਿੱਚ 90 ਦਿਨਾਂ ਦੇ ਸਮੇਂ ਵਿੱਚ ਚਾਰਜਸ਼ੀਟ ਦਾਖਲ ਕਰਨੀ ਹੁੰਦੀ ਹੈ, ਪਰ ਐੱਫਆਈਆਰ-59 ਵਿੱਚ ਸਪੈਸ਼ਲ ਸੈੱਲ ਨੇ ਯੂਪੀਏ 43 ਡੀ (2) ਦੀ ਵਰਤੋਂ ਕਰਕੇ 17 ਸਤੰਬਰ ਯਾਨੀ ਤਕਰੀਬਨ ਛੇ ਮਹੀਨੇ ਦਾ ਵਕਤ ਮੰਗਿਆ ਸੀ, ਪਰ ਸੈਸ਼ਨ ਜੱਜ ਧਰਮੇਂਦਰ ਰਾਣਾ ਦੀ ਕੋਰਟ ਨੇ ਪਹਿਲਾਂ 14 ਅਗਸਤ ਤੱਕ ਦਾ ਹੀ ਸਮਾਂ ਦਿੱਤਾ।
ਇਸ ਦੇ ਬਾਅਦ 13 ਅਗਸਤ ਨੂੰ ਕੋਰਟ ਨੇ ਚਾਰਜਸ਼ੀਟ ਦਾਇਰ ਕਰਨ ਦੀ ਮਿਆਦ ਵਧਾ ਕੇ 17 ਸਤੰਬਰ, 2020 ਕਰ ਦਿੱਤੀ, ਯਾਨੀ ਛੇ ਮਹੀਨੇ।
ਯੂਏਪੀਏ ਵਿੱਚ 90 ਦਿਨਾਂ ਦੇ ਸਮੇਂ ਨੂੰ 180 ਦਿਨਾਂ ਤੱਕ ਵਧਾਇਆ ਜਾ ਸਕਦਾ ਹੈ, ਪਰ ਅਜਿਹਾ ਕਰਨ ਲਈ ਜਾਂਚ ਅਧਿਕਾਰੀ ਨੂੰ ਕੋਰਟ ਦੇ ਸਾਹਮਣੇ ਵਾਧੂ ਸਮਾਂ ਲੈਣ ਦੀ ਵਜ੍ਹਾ ਦੱਸਣੀ ਹੁੰਦੀ ਹੈ ਅਤੇ ਦਲੀਲਾਂ ਨਾਲ ਕੋਰਟ ਨੂੰ ਸਹਿਮਤ ਕਰਨਾ ਪੈਂਦਾ ਹੈ। ਇਸ ਕੇਸ ਵਿੱਚ 16 ਸਤੰਬਰ ਨੂੰ ਸਪੈਸ਼ਲ ਸੈੱਲ ਨੇ ਇਸ ਕੇਸ ਦੀ ਪਹਿਲੀ ਚਾਰਜਸ਼ੀਟ ਦਾਇਰ ਕੀਤੀ।
ਆਓ ਉਨ੍ਹਾਂ ਲੋਕਾਂ ਬਾਰੇ ਜਾਣਦੇ ਹਾਂ ਜਿਨ੍ਹਾਂ ਨੂੰ ਪਹਿਲੇ ਮਾਮਲੇ ਵਿੱਚ ਜ਼ਮਾਨਤ ਮਿਲੀ ਅਤੇ ਉਸ ਦੇ ਤੁਰੰਤ ਬਾਅਦ ਐੱਫਆਈਆਰ-59 ਵਿੱਚ ਦੁਬਾਰਾ ਗ੍ਰਿਫ਼ਤਾਰੀ ਕਰ ਲਈ ਗਈ।
ਖ਼ਾਲਿਦ ਸੈਫ਼ੀ
ਉੱਤਰ-ਪੂਰਬੀ ਦਿੱਲੀ ਦੇ ਰਹਿਣ ਵਾਲੇ ਖ਼ਾਲਿਦ ਪੇਸ਼ੇ ਤੋ ਕਾਰੋਬਾਰੀ ਹਨ। ਉਹ ''ਯੂਨਾਈਟਿਡ ਅਗੇਂਸਟ ਹੇਟ'' ਸੰਸਥਾ ਦੇ ਮੁੱਖ ਮੈਂਬਰਾਂ ਵਿੱਚੋਂ ਇੱਕ ਹਨ।
ਸਾਲ 2017 ਵਿੱਚ ਇਸ ਸੰਸਥਾ ਨੇ ਮੌਬ ਲਿਚਿੰਗ ਖਿਲਾਫ਼ ਅਭਿਆਨ ਸ਼ੁਰੂ ਕੀਤਾ ਸੀ। ਇਹ ਕੈਂਪੇਨ ਇੱਕ ਨੌਜਵਾਨ ਲੜਕੇ ਜੁਨੈਦ ਦੀ ਚਲਦੀ ਟਰੇਟ ਵਿੱਚ ਕੁੱਟ ਕੁੱਟ ਕੇ ਕੀਤੀ ਹੱਤਿਆ ਦੇ ਬਾਅਦ ਸ਼ੁਰੂ ਕੀਤੀ ਗਈ ਅਤੇ ਕਈ ਲੋਕ ਇਸ ਕੈਂਪੇਨ ਦਾ ਹਿੱਸਾ ਬਣੇ। ਇਸ ਦੇ ਇਲਾਵਾ ਸੈਫ਼ੀ ਦੇਸ਼ ਭਰ ਵਿੱਚ ਹੋਈ ਲਿਚਿੰਗ ਦੀਆਂ ਕਈ ਘਟਨਾਵਾਂ ਨੂੰ ਲੈ ਕੇ ਅਭਿਆਨ ਚਲਾਉਂਦੇ ਰਹੇ ਹਨ।

ਸੈਫ਼ੀ ਨੂੰ ਸਭ ਤੋਂ ਪਹਿਲਾਂ 26 ਫਰਵਰੀ ਨੂੰ ਐੱਫਆਈਆਰ-44 ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਐੱਫਆਈਆਰ 44 ਵਿੱਚ ਕਿਹਾ ਗਿਆ ਕਿ ''ਖ਼ਾਲਿਦ ਸੈਫ਼ੀ, ਇਸ਼ਰਤ ਜਹਾਂ ਅਤੇ ਸਾਬੂ ਅੰਸਾਰੀ ਨੇ ਖੁਰੇਜੀ ਵਿੱਚ ਚੱਲ ਰਹੇ ਸੀਏਏ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਗੈਰ ਕਾਨੂੰਨੀ ਤਰੀਕੇ ਨਾਲ ਭੀੜ ਇਕੱਠੀ ਕੀਤੀ ਅਤੇ ਪੁਲਿਸ ਦੇ ਆਦੇਸ਼ ਦੇ ਬਾਵਜੂਦ ਭੀੜ ਨੂੰ ਰਸਤਾ ਖਾਲੀ ਕਰਨ ਤੋਂ ਰੋਕਿਆ ਅਤੇ ਪੁਲਿਸ ਬਲ ''ਤੇ ਪੱਥਰਬਾਜ਼ੀ ਕਰਵਾਈ ਜਿਸ ਨਾਲ ਕੁਝ ਪੁਲਿਸ ਵਾਲਿਆਂ ਨੂੰ ਸੱਟਾਂ ਵੀ ਲੱਗੀਆਂ।''''
ਇਸ ਐੱਫਆਈਆਰ ਵਿੱਚ ਆਈਪੀਸੀ ਦੀ ਧਾਰਾ 307 (ਇਰਾਦਾ ਕਤਲ ) ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਵੀ ਲਗਾਈਆਂ ਗਈਆਂ।
10 ਮਾਰਚ ਨੂੰ ਇੱਕ ਵੀਡਿਓ ਸਾਹਮਣੇ ਆਈ ਜਿਸ ਵਿੱਚ ਪੁਲਿਸ ਕਸਟੱਡੀ ਵਿੱਚ ਰਹਿਣ ਦੇ ਬਾਅਦ ਪਹਿਲੀ ਵਾਰ ਖਾਲਿਦ ਸੈਫ਼ੀ ਕੜਕੜਡੂਮਾ ਕੋਰਟ ਕੰਪਲੈਕਸ ਵਿੱਚ ਨਜ਼ਰ ਆਏ।
ਇਸ ਦੌਰਾਨ ਉਨ੍ਹਾਂ ਦੇ ਦੋਵੇਂ ਪੈਰ ਟੁੱਟੇ ਹੋਏ ਸਨ। ਸੱਜੇ ਹੱਥ ਦੀਆਂ ਉਂਗਲੀਆਂ ਵੀ ਟੁੱਟੀਆਂ ਹੋਈਆਂ ਸਨ। ਉਹ ਵ੍ਹੀਲਚੇਅਰ ''ਤੇ ਸਨ। 26 ਫਰਵਰੀ ਨੂੰ ਵੀਡਿਓ ਵਿੱਚ ਖ਼ਾਲਿਦ ਪੁਲਿਸ ਨਾਲ ਆਪਣੇ ਪੈਰਾਂ ''ਤੇ ਚੱਲ ਕੇ ਜਾ ਰਹੇ ਸਨ ਯਾਨੀ ਉਨ੍ਹਾਂ ਦੀਆਂ ਹੱਡੀਆਂ ਉਸੇ ਦੌਰਾਨ ਟੁੱਟੀਆਂ ਜਦੋਂ ਉਹ ਹਿਰਾਸਤ ਵਿੱਚ ਸਨ।
ਐੱਫਆਈਆਰ 44 ਵਿੱਚ ਕੁੱਲ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
21 ਮਾਰਚ ਨੂੰ ਕੜਕੜਡੂਮਾ ਕੋਰਟ ਤੋਂ ਇਸ ਮਾਮਲੇ ਵਿੱਚ ਖ਼ਾਲਿਦ ਸੈਫ਼ੀ ਨੂੰ ਛੱਡ ਕੇ ਬਾਕੀ ਸਾਰੇ ਮੁਲਜ਼ਮਾਂ ਨੂੰ ਜ਼ਮਾਨਤ ਮਿਲ ਗਈ। ਕੋਰਟ ਨੇ ਸੈਫ਼ੀ ਦੀ ਜ਼ਮਾਨਤ ਪਟੀਸ਼ਨ ਇਹ ਕਹਿੰਦੇ ਹੋਏ ਰੱਦ ਕਰ ਦਿੱਤੀ ਕਿ ''ਇਸ ਮਾਮਲੇ ਵਿੱਚ ਗ੍ਰਿਫ਼ਤਾਰ ਇੱਕ ਨਾਬਾਲਗ ਲੜਕੇ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਉਸ ਨੂੰ ਦੇਸੀ ਕੱਟਾ ਖਾਲਿਦ ਸੈਫ਼ੀ ਨੇ ਮੁਹੱਈਆ ਕਰਾਇਆ ਸੀ ਅਤੇ ਪੁਲਿਸ ''ਤੇ ਹਮਲਾ ਕਰਨ ਨੂੰ ਉਕਸਾਇਆ।''''
ਸੈਫ਼ੀ ਦੀ ਪੈਰਵੀ ਕਰ ਰਹੀ ਵਕੀਲ ਰੇਬੇਕਾ ਜੌਨ ਨੇ ਕੋਰਟ ਵਿੱਚ ਕਿਹਾ ਕਿ ਪੁਲਿਸ ਕਸਟੱਡੀ ਵਿੱਚ ਖ਼ਾਲਿਦ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਜਿਸ ਵਜ੍ਹਾ ਨਾਲ ਉਸ ਦੀਆਂ ਹੱਡੀਆਂ ਟੁੱਟ ਗਈਆਂ। ਇਨ੍ਹਾਂ ਦਲੀਲਾਂ ਦੇ ਬਾਵਜੂਦ ਜੱਜ ਮੰਜੂਸ਼ਾ ਵਧਵਾ ਦੀ ਕੋਰਟ ਨੇ ਸੈਫ਼ੀ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ।
ਠੀਕ ਇਸੇ ਦਿਨ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਖ਼ਾਲਿਦ ਸੈਫ਼ੀ ਦਾ ਨਾਂ ਐੱਫਆਈਆਰ-59 ਵਿੱਚ ਜੋੜ ਦਿੱਤਾ। ਹੁਣ ਤੱਕ ਖ਼ਾਲਿਦ ਸੈਫ਼ੀ ਦਾ ਨਾਂ ਦਿੱਲੀ ਦੰਗਿਆਂ ਨਾਲ ਜੁੜੀਆਂ ਕੁੱਲ ਤਿੰਨ ਐੱਫਆਈਆਰ-44, 59, 101 ਵਿੱਚ ਦਰਜ ਕੀਤਾ ਜਾ ਚੁੱਕਾ ਹੈ।
ਇਸ਼ਰਤ ਜਹਾਂ
ਪੇਸ਼ੇ ਤੋਂ ਵਕੀਲ ਅਤੇ ਸਾਬਕਾ ਕਾਂਗਰਸ ਕੌਂਸਲਰ ਇਸ਼ਰਤ ਜਹਾਂ ਨੂੰ ਵੀ ਖ਼ਾਲਿਦ ਸੈਫ਼ੀ ਨਾਲ 26 ਫਰਵਰੀ 2020 ਨੂੰ ਗ੍ਰਿਫ਼ਤਾਰ ਕੀਤਾ ਗਿਆ।
ਇਸ਼ਰਤ ਨੂੰ ਐੱਫਆਈਆਰ ਨੰਬਰ 44 ਵਿੱਚ 21 ਮਾਰਚ, 2020 ਨੂੰ ਕੜਕੜਡੂਮਾ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ ਪਰ ਠੀਕ ਉਸੇ ਦਿਨ ਰਿਹਾਈ ਤੋਂ ਠੀਕ ਪਹਿਲਾਂ ਸਪੈਸ਼ਲ ਸੈੱਲ ਨੇ ਉਨ੍ਹਾਂ ਨੂੰ ਤਿਹਾੜ ਜੇਲ੍ਹ ਵਿੱਚ ਹੀ ਦਿੱਲੀ ਦੰਗਿਆਂ ਦੀ ਸਾਜ਼ਿਸ਼ ਨਾਲ ਜੁੜੀ ਐੱਫਆਈਆਰ-59 ਵਿੱਚ ਗ੍ਰਿਫ਼ਤਾਰ ਕਰ ਲਿਆ ਅਤੇ ਇਸ ਤਰ੍ਹਾਂ ਉਨ੍ਹਾਂ ''ਤੇ ਵੀ ਯੂਏਪੀਏ ਦੀਆਂ ਗੈਰ ਜ਼ਮਾਨਤੀ ਧਾਰਾਵਾਂ ਲੱਗ ਗਈਆਂ।

ਦੋ ਵਾਰ ਇਸ਼ਰਤ ਜਹਾਂ ਵੱਲੋਂ ਮੈਟਰੋਪੌਲੀਟਨ ਮੈਜਿਸਟਰੇਟ ਦੀ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਪਾਈ ਗਈ ਸੀ, ਕਿਉਂਕਿ ਇਸ ਕੇਸ ਵਿੱਚ ਯੂਏਪੀਏ ਲੱਗ ਚੁੱਕਾ ਹੈ।
ਅਜਿਹੇ ਵਿੱਚ ਜ਼ਮਾਨਤ ਦੇਣ ਦਾ ਅਧਿਕਾਰ ਸੈਸ਼ਨ ਕੋਰਟ ਕੋਲ ਹੁੰਦਾ ਹੈ ਅਤੇ ਮੈਟਰੋਪੌਲੀਟਨ ਮੈਜਿਸਟਰੇਟ ਇਸ ਵਿੱਚ ਜ਼ਮਾਨਤ ਨਹੀਂ ਦੇ ਸਕਦਾ। ਇਸ ਦੇ ਬਾਅਦ 30 ਮਈ 2020 ਨੂੰ ਸੈਸ਼ਨ ਜੱਜ ਧਰਮੇਂਦਰ ਰਾਣਾ ਨੇ ਉਨ੍ਹਾਂ ਨੂੰ 10 ਦਿਨ ਦੀ ਅੰਤਰਿਮ ਜ਼ਮਾਨਤ ਦਿੱਤੀ।
10 ਜੂਨ 2020 ਨੂੰ ਜ਼ਮਾਨਤ ਦਾ ਸਮਾਂ ਸ਼ੁਰੂ ਹੋਇਆ। ਇਹ ਜ਼ਮਾਨਤ ਉਨ੍ਹਾਂ ਨੂੰ ਉਨ੍ਹਾਂ ਦੇ ਵਿਆਹ ਲਈ ਦਿੱਤੀ ਗਈ ਅਤੇ 19 ਜੂਨ ਨੂੰ ਇਹ ਜ਼ਮਾਨਤ ਖ਼ਤਮ ਹੋ ਗਈ। ਹਾਲਾਂਕਿ ਇਸ਼ਰਤ ਦੇ ਵਕੀਲ ਲਲਿਤ ਵਲੇਚਾ ਨੇ ਪਟਿਆਲਾ ਹਾਊਸ ਕੋਰਟ ਤੋਂ ਸੱਤ ਦਿਨ ਦੀ ਐਕਸਟੈਨਸ਼ਨ ਦੀ ਮੰਗ ਕੀਤੀ ਸੀ ਜਿਸ ਨੂੰ ਜੱਜ ਨੇ ਖਾਰਜ ਕਰ ਦਿੱਤਾ। ਇਸ ਵਕਤ ਇਸ਼ਰਤ ਫਿਰ ਤਿਹਾੜ ਜੇਲ੍ਹ ਵਿੱਚ ਹੈ।
ਸਫ਼ੂਰਾ ਜ਼ਰਗਰ
27 ਸਾਲ ਦੀ ਸਫ਼ੂਰਾ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਵਿੱਚ ਐੱਮਫਿਲ ਦੀ ਵਿਦਿਆਰਥਣ ਹੈ। ਉਹ ਜਾਮੀਆ ਕੋਆਰਡੀਨੇਸ਼ਨ ਕਮੇਟੀ (ਜੇਸੀਸੀ) ਦੀ ਮੀਡੀਆ ਕੋਆਰਡੀਨੇਟਰ ਵੀ ਹੈ।
ਸਫ਼ੂਰਾ ਦੀ ਗ੍ਰਿਫ਼ਤਾਰੀ ਦੀ ਸਭ ਤੋਂ ਜ਼ਿਆਦਾ ਚਰਚਾ ਰਹੀ ਅਤੇ ਇਸ ਦੀ ਸਭ ਤੋਂ ਵੱਡੀ ਵਜ੍ਹਾ ਸੀ ਉਸ ਦਾ ਗਰਭਵਤੀ ਹੋਣਾ। 24 ਫਰਵਰੀ 2020 ਨੂੰ ਜਾਫ਼ਰਾਬਾਦ ਥਾਣੇ ਵਿੱਚ ਦਰਜ ਐੱਫਆਈਆਰ-48 ਤਹਿਤ 10 ਅਪ੍ਰੈਲ 2020 ਨੂੰ ਸਫ਼ੂਰਾਂ ਨੂੰ ਪੁੱਛ ਗਿੱਛ ਲਈ ਬੁਲਾਇਆ ਗਿਆ। ਇਸ ਦੇ ਬਾਅਦ ਦੇਰ ਸ਼ਾਮ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
13 ਅਪ੍ਰੈਲ 2020 ਨੂੰ ਇਸ ਮਾਮਲੇ ਵਿੱਚ ਉਸ ਨੂੰ ਜ਼ਮਾਨਤ ਦਿੱਤੀ ਗਈ, ਪਰ ਰਿਹਾਈ ਦੀ ਜਗ੍ਹਾ ਸਫ਼ੂਰਾ ਨੂੰ ਐੱਫਆਈਆਰ-59 ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ।

ਪੰਜ ਦਿਨ ਬਾਅਦ 18 ਅਪ੍ਰੈਲ ਨੂੰ ਸਫ਼ੂਰਾ ਦੀ ਜ਼ਮਾਨਤ ਪਟੀਸ਼ਨ ''ਤੇ ਸੁਣਵਾਈ ਹੋਈ ਅਤੇ ਇਸ ਦੌਰਾਨ ਮੈਜਿਸਟਰੇਟ ਨੇ ਦਿੱਲੀ ਪੁਲਿਸ ਨੂੰ ਸਫ਼ੂਰਾ ''ਤੇ ਲਗਾਏ ਗਏ ਦੋਸ਼ਾਂ ਦੀ ਜ਼ਿਆਦਾ ਜਾਣਕਾਰੀ ਨਾਲ 21 ਅਪ੍ਰੈਲ ਨੂੰ ਮੁੜ ਆਉਣ ਨੂੰ ਕਿਹਾ। 21 ਅਪ੍ਰੈਲ ਦੀ ਸੁਣਵਾਈ ਤੋਂ ਠੀਕ ਪਹਿਲਾਂ 19 ਅਪ੍ਰੈਲ 2020 ਨੂੰ ਸਪੈਸ਼ਲ ਸੈੱਲ ਨੇ ਇਸ ਕੇਸ ਵਿੱਚ ਯੂਪੀਏ ਲਗਾਇਆ। ਇਸ ਦੇ ਬਾਅਦ ਸਫ਼ੂਰਾ ਦੀ ਜ਼ਮਾਨਤ ਪਟੀਸ਼ਨ ਖਾਰਜ ਹੋ ਗਈ।
ਤਿੰਨ ਵਾਰ ਜ਼ਮਾਨਤ ਪਟੀਸ਼ਨ ਖਾਰਜ ਹੋਣ ਦੇ ਬਾਅਦ ਦਿੱਲੀ ਹਾਈ ਕੋਰਟ ਤੋਂ 23 ਜੂਨ ਨੂੰ ਸਫ਼ੂਰਾ ਜ਼ਰਗਰ ਨੂੰ ''ਮਨੁੱਖੀ ਆਧਾਰ ''ਤੇ ਜ਼ਮਾਨਤ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਤਿੰਨ ਵਾਰ ਸਫ਼ੂਰਾ ਜ਼ਰਗਰ ਵੱਲੋਂ ਇਸੇ ''ਮਨੁੱਖੀ ਆਧਾਰ'' ''ਤੇ ਜ਼ਮਾਨਤ ਦੀ ਮੰਗ ਨੂੰ ਖਾਰਜ ਕੀਤਾ ਗਿਆ ਸੀ।
ਇੱਥੋਂ ਤੱਕ ਕਿ ਜਦੋਂ 22 ਜੂਨ ਨੂੰ ਹਾਈਕੋਰਟ ਵਿੱਚ ਇਸ ਮਾਮਲੇ ''ਤੇ ਸੁਣਵਾਈ ਹੋ ਰਹੀ ਸੀ ਤਾਂ ਦਿੱਲੀ ਪੁਲਿਸ ਵੱਲੋਂ ਕਿਹਾ ਗਿਆ ਸੀ ਕਿ ''ਲੰਘੇ 10 ਸਾਲਾਂ ਵਿੱਚ ਤਿਹਾੜ ਜੇਲ੍ਹ ਵਿੱਚ 39 ਬੱਚਿਆਂ ਦਾ ਜਨਮ ਹੋਇਆ ਹੈ, ਪਰ ਠੀਕ ਇੱਕ ਦਿਨ ਬਾਅਦ ਹੀ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਸੀ ਕਿ ''''ਕੇਂਦਰ ਸਰਕਾਰ ਨੂੰ ਇਸ ਗੱਲ ''ਤੇ ਕੋਈ ਇਤਰਾਜ਼ ਨਹੀਂ ਹੈ, ਜੇਕਰ ਸਫ਼ੂਰਾ ਨੂੰ ਮਨੁੱਖੀ ਆਧਾਰ ''ਤੇ ਜ਼ਮਾਨਤ ਦਿੱਤੀ ਜਾਵੇ।''''
ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਇੱਕ ਦਿਨ ਪਹਿਲਾਂ ਦਿੱਲੀ ਪੁਲਿਸ ਅੰਕੜਿਆਂ ਜ਼ਰੀਏ ਜੇਲ੍ਹ ਵਿੱਚ ਡਲਿਵਰੀ ਦੀਆਂ ਸੰਭਾਵਨਾਵਾਂ ਦੇ ਪੱਖ ਵਿੱਚ ਆਪਣੀ ਰਾਇ ਰੱਖ ਰਹੀ ਸੀ, ਆਖਿਰ 24 ਘੰਟੇ ਵਿੱਚ ਅਜਿਹਾ ਕੀ ਬਦਲ ਗਿਆ ਕਿ ਸਰਕਾਰੀ ਪੱਖ ਨੇ ਇਸ ਪਟੀਸ਼ਨ ਦਾ ਵਿਰੋਧ ਨਹੀਂ ਕੀਤਾ।
ਇੱਥੇ ਧਿਆਨ ਦੇਣ ਵਾਲੀ ਗੱਲ ਹੈ ਕਿ ਸਫ਼ੂਰਾ ਜ਼ਰਗਰ ਦੀ ਗ੍ਰਿਫ਼ਤਾਰੀ ''ਤੇ ਅਮਨੈਸਟੀ ਇੰਟਰਨੈਸ਼ਨਲ ਤੋਂ ਲੈ ਕੇ ਮੇਧਾ ਪਾਟਕਰ ਅਤੇ ਅਰੁਣਾ ਰਾਇ ਵਰਗੀਆਂ ਹਸਤੀਆਂ ਨੇ ਇਤਰਾਜ਼ ਕੀਤਾ ਸੀ ਅਤੇ ਮੀਡੀਆ ਵਿੱਚ ਵੀ ਇੱਕ ਗਰਭਵਤੀ ਲੜਕੀ ਨੂੰ ਜ਼ਮਾਨਤ ਨਾ ਦੇਣ ''ਤੇ ਚਰਚਾ ਹੋ ਰਹੀ ਸੀ।
ਮੀਰਾਨ ਹੈਦਰ
ਮੀਰਾਨ ਹੈਦਰ ਜਾਮੀਆ ਵਿੱਚ ਪੀਐੱਚਡੀ ਦੇ ਵਿਦਿਆਰਥੀ ਹਨ ਅਤੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੀ ਦਿੱਲੀ ਯੂਨਿਟ ਦੇ ਵਿਦਿਆਰਥੀ ਨੇਤਾ ਹਨ।
ਜਾਮੀਆ ਦੇ ਗੇਟ ਨੰਬਰ 7 ''ਤੇ ਹੋ ਰਹੇ ਸੀਏਏ ਵਿਰੋਧੀ ਪ੍ਰਦਰਸ਼ਨ ਦਾ ਮੀਰਾਨ ਅਹਿਮ ਹਿੱਸਾ ਰਹੇ ਹਨ। 35 ਸਾਲ ਦੇ ਮੀਰਾਨ ਇੱਕ ਅਪ੍ਰੈਲ 2020 ਨੂੰ ਗ੍ਰਿਫ਼ਤਾਰ ਕੀਤੇ ਗਏ।

ਇਸ ਦੇ ਬਾਅਦ ਤਿੰਨ ਅਪ੍ਰੈਲ ਨੂੰ ਉਨ੍ਹਾਂ ਨੂੰ ਕਸਟੱਡੀ ਵਿੱਚ ਭੇਜਿਆ ਗਿਆ।
ਮੀਰਾਨ ''ਤੇ ਯੂਏਪੀਏ ਦੀਆਂ ਗੈਰ ਜ਼ਮਾਨਤੀ ਧਾਰਾਵਾਂ ਲਗਾਈਆਂ ਗਈਆਂ ਹਨ ਅਤੇ ਉਹ ਹੁਣ ਵੀ ਨਿਆਂਇਕ ਹਿਰਾਸਤ ਵਿੱਚ ਹੈ।
ਗੁਲਫ਼ਿਸ਼ਾ ਫ਼ਾਤਿਮਾ
28 ਸਾਲ ਦੀ ਗੁਲਫ਼ਿਸ਼ਾ ਫ਼ਾਤਿਮਾ ਨੇ ਗਾਜ਼ੀਆਬਾਦ ਤੋਂ ਐੱਮਬੀਏ ਕੀਤਾ ਹੈ। ਗੁਲਫ਼ਿਸ਼ ਦਿੱਲੀ ਵਿੱਚ ਚੱਲ ਰਹੇ ਐਂਟੀ-ਸੀਏਏ ਪ੍ਰਦਰਸ਼ਨ ਵਿੱਚ ਨਿਯਮਤ ਰੂਪ ਨਾਲ ਭਾਗ ਲੈ ਰਹੀ ਸੀ।
9 ਅਪ੍ਰੈਲ 2020 ਨੂੰ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਸਫ਼ੂਰਾ ਜ਼ਰਗਰ ਦੀ ਤਰ੍ਹਾਂ ਹੀ ਜਾਫ਼ਰਾਬਾਦ ਥਾਣੇ ਵਿੱਚ ਦਰਜ ਐੱਫਆਈਆਰ-48 ਤਹਿਤ ਗ੍ਰਿਫ਼ਤਾਰ ਕੀਤਾ।
12 ਮਈ, 2020 ਨੂੰ ਸੈਸ਼ਨ ਕੋਰਟ ਤੋਂ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਜ਼ਮਾਨਤ ਮਿਲ ਗਈ, ਪਰ ਉਨ੍ਹਾਂ ਨੂੰ ਤਿਹਾੜ ਜੇਲ੍ਹ ਵਿੱਚ ਰਹਿੰਦੇ ਹੋਏ ਹੀ ਐੱਫਆਈਆਰ-59 ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਉਹ ਹੁਣ ਵੀ ਤਿਹਾੜ ਜੇਲ੍ਹ ਵਿੱਚ ਹੀ ਹਨ ਅਤੇ ਉਨ੍ਹਾਂ ਖਿਲਾਫ਼ ਯੂਏਪੀਏ ਦੀਆਂ ਗੈਰ ਜ਼ਮਾਨਤੀ ਧਾਰਾਵਾਂ ਲਾ ਦਿੱਤੀਆਂ ਗਈਆਂ ਹਨ।

ਗੁਲਫ਼ਿਸ਼ ਦੇ ਵਕੀਲ ਮਹਿਮੂਦ ਪਰਾਚਾ ਨਾਲ ਮਿਲ ਕੇ ਉਨ੍ਹਾਂ ਦੇ ਭਰਾ ਅਕੀਲ ਹੁਸੈਨ ਨੇ ਗੁਲਫਿਸ਼ ਦੀ ਗ੍ਰਿਫ਼ਤਾਰੀ ਨੂੰ ''ਗੈਰ ਕਾਨੂੰਨੀ ਹਿਰਾਸਤ'' ਦੱਸਦੇ ਹੋਏ ਹਾਈਕੋਰਟ ਵਿੱਚ ਹਿਬਿਅਸ ਕਾਰਪਸ (ਬੰਦੀ ਪ੍ਰਤੱਖੀਕਰਨ) ਪਟੀਸ਼ਨ ਦਾਇਰ ਕੀਤੀ। ਇਸ ਪਟੀਸ਼ਨ ਦੇ ਹਾਈਕੋਰਟ ਵਿੱਚ ਹੋਣ ਦੇ ਬਾਵਜੂਦ ਐਡੀਸ਼ਨਲ ਜੱਜ ਧਰਮੇਂਦਰ ਰਾਣਾ ਨੇ ਗੁਲਫ਼ਿਸ਼ ਨੂੰ 25 ਜੂਨ 2020 ਤੱਕ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ।
ਹਾਲਾਂਕਿ ਸਫ਼ੂਰਾ ਨੂੰ ਜਿਸ ਦਿਨ ਹਾਈਕੋਰਟ ਵੱਲੋਂ ਜ਼ਮਾਨਤ ਮਿਲੀ, ਉਸ ਦੇ ਠੀਕ ਇੱਕ ਦਿਨ ਪਹਿਲਾਂ ਜੱਜ ਧਰਮੇਂਦਰ ਰਾਣਾ ਨੇ ਗੁਲਫ਼ਿਸ਼ ਦੀ ਬੰਦੀ ਪ੍ਰਤੱਖੀਕਰਨ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ।
ਦਰਅਸਲ, ਕੋਰਟ ਵਿੱਚ ਇਹ ਪਟੀਸ਼ਨ ਇਸ ਆਧਾਰ ''ਤੇ ਦਾਇਰ ਕੀਤੀ ਗਈ ਕਿ ''ਯੂਏਪੀਏ ਦੇ ਕੇਸ ਦੀ ਸੁਣਵਾਈ ਦਾ ਅਧਿਕਾਰ ਸਿਰਫ਼ ਐੱਨਆਈਏ ਦੀ ਸਪੈਸ਼ਲ ਕੋਰਟ ਨੂੰ ਹੁੰਦਾ ਹੈ, ਪਰ ਇਸ ਮਾਮਲੇ ਵਿੱਚ ਰਿਮਾਂਡ ਆਰਡਰ ਸੈਸ਼ਨ ਕੋਰਟ ਦੇ ਜੱਜ ਨੇ ਸੁਣਾਇਆ ਹੈ, ਜੋ ਉਨ੍ਹਾਂ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ।''''
ਜਦੋਂਕਿ ਕੋਰਟ ਨੇ ਕਿਹਾ ਕਿ ''''ਇਹ ਦਲੀਲ ਗਲਤ ਹੈ ਕਿਉਂਕਿ ਯੂਏਪੀਏ ਕੇਸ ਦੀ ਸੁਣਵਾਈ ਐੱਨਆਈਏ ਕੋਰਟ ਵਿੱਚ ਹੋ ਰਹੀ ਹੈ, ਇਹ ਉਦੋਂ ਲਾਜ਼ਮੀ ਹੈ, ਜਦੋਂ ਕੇਂਦਰ ਸਰਕਾਰ ਨੇ ਖਾਸ ਤੌਰ ''ਤੇ ਕੇਸ ਨੂੰ ਲੈ ਕੇ ਅਜਿਹਾ ਆਦੇਸ਼ ਦਿੱਤਾ ਹੋਵੇ।''''
ਆਸਿਫ਼ ਇਕਬਾਲ ਤਨਹਾ
24 ਸਾਲ ਦੇ ਆਸਿਫ਼ ਇਕਬਾਲ ਤਨਹਾ ਫ਼ਾਰਸੀ ਭਾਸ਼ਾ ਦੇ ਵਿਦਿਆਰਥੀ ਹਨ। 17 ਮਈ 2020 ਨੂੰ ਉਨ੍ਹਾਂ ਨੂੰ ਜਾਮੀਆ ਨਗਰ ਥਾਣੇ ਵਿੱਚ ਦਰਜ 16 ਦਸੰਬਰ 2019 ਦੀ ਐੱਫਆਈਆਰ 298 ਵਿੱਚ ਗ੍ਰਿਫ਼ਤਾਰ ਕੀਤਾ ਗਿਆ।
ਲਗਭਗ 6 ਮਹੀਨੇ ਬਾਅਦ ਉਨ੍ਹਾਂ ਦੀ ਗ੍ਰਿਫ਼ਤਾਰੀ ਹੋਈ। ਇਹ ਮਾਮਲਾ 15 ਦਸੰਬਰ 2019 ਨੂੰ ਜਾਮੀਆ ਯੂਨੀਵਰਸਿਟੀ ਇਲਾਕੇ ਵਿੱਚ ਪੁਲਿਸ ਅਤੇ ਸੀਏਏ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਲੋਕਾਂ ਵਿਚਕਾਰ ਹੋਈ ਝੜਪ ਨਾਲ ਜੁੜਿਆ ਹੈ।
20 ਮਈ ਨੂੰ ਉਨ੍ਹਾਂ ਦਾ ਨਾਂ ਐੱਫਆਈਆਰ-59 ਵਿੱਚ ਜੋੜ ਦਿੱਤਾ ਗਿਆ, ਯਾਨੀ ਤਿੰਨ ਦਿਨ ਪਹਿਲਾਂ ਕਿਸੇ ਹੋਰ ਮਾਮਲੇ ਵਿੱਚ ਗ੍ਰਿਫ਼ਤਾਰੀ ਅਤੇ ਤਿੰਨ ਦਿਨ ਬਾਅਦ ਯੂਏਪੀਏ ਵਾਲੇ ਕੇਸ ਵਿੱਚ ਨਾਂ ਸ਼ਾਮਲ ਹੋ ਗਿਆ।

28 ਮਈ 2020 ਨੂੰ ਐੱਫਆਈਆਰ-298 ਵਿੱਚ ਆਸਿਫ਼ ਨੂੰ ਸੈਸ਼ਨ ਜੱਜ ਗੌਰਵ ਰਾਓ ਨੇ ਜ਼ਮਾਨਤ ਦੇ ਦਿੱਤੀ, ਪਰ ਉਨ੍ਹਾਂ ਦੀ ਰਿਹਾਈ ਨਹੀਂ ਹੋ ਸਕੀ ਕਿਉਂਕਿ ਉਦੋਂ ਤੱਕ ਉਨ੍ਹਾਂ ਦਾ ਨਾਂ ਐੱਫਆਈਆਰ-59 ਵਿੱਚ ਵੀ ਸ਼ਾਮਲ ਹੋ ਚੁੱਕਾ ਸੀ।
ਐੱਫਆਈਆਰ-59 ਮਾਮਲੇ ਵਿੱਚ ਜਦੋਂ ਸੈਸ਼ਨ ਜੱਜ ਧਰਮੇਂਦਰ ਰਾਣਾ ਨੇ ਆਸਿਫ਼ ਇਕਬਾਲ ਤਨਹਾ ਦੀ ਨਿਆਂਇਕ ਹਿਰਾਸਤ 25 ਜੂਨ 2020 ਤੱਕ ਵਧਾਈ ਸੀ ਤਾਂ ਉਨ੍ਹਾਂ ਨੇ ਕੋਰਟ ਵਿੱਚ ਕਿਹਾ ਸੀ- ''ਅਜਿਹਾ ਲੱਗਦਾ ਹੈ ਕਿ ਜਾਂਚ ਇੱਕ ਹੀ ਦਿਸ਼ਾ ਵਿੱਚ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀ ਇਹ ਠੀਕ-ਠੀਕ ਨਹੀਂ ਦੱਸ ਸਕੇ ਹਨ ਕਿ ਆਖਿਰ ਕੀ ਜਾਂਚ ਕੀਤੀ ਗਈ ਹੈ ਜਿਸ ਨਾਲ ਇਨ੍ਹਾਂ ਦੀ ਮੌਜੂਦਗੀ ਨੂੰ ਸਾਬਤ ਕੀਤਾ ਜਾ ਸਕੇ।'' ਆਸਿਫ਼ ਹੁਣ ਵੀ ਨਿਆਂਇਕ ਹਿਰਾਸਤ ਵਿੱਚ ਹੈ।
ਨਤਾਸ਼ਾ ਨਰਵਾਲ
ਨਤਾਸ਼ਾ ਅਤੇ ਦੇਵਾਂਗਨਾ ਦੋਵੇਂ ਹੀ ਜੇਐੱਨਯੂ ਦੀਆਂ ਵਿਦਿਆਰਥਣਾਂ ਹਨ। ਉਹ ਪਿੰਜਰਾ ਤੋੜ ਦੀਆਂ ਸੰਸਥਾਪਕ ਮੈਂਬਰਾਂ ਵਿੱਚ ਸ਼ਾਮਲ ਹਨ।
ਪਿੰਜਰਾ ਤੋੜ ਦਿੱਲੀ ਦੇ ਕਾਲਜਾਂ ਦੀਆਂ ਵਿਦਿਆਰਥਣਾਂ ਦਾ ਇੱਕ ਸਮੂਹ ਹੈ ਜੋ ਲੜਕੀਆਂ ਪ੍ਰਤੀ ਸਮਾਜਿਕ ਗੈਰ ਬਰਾਬਰੀ ਦੇ ਖਿਲਾਫ਼ ਆਵਾਜ਼ ਉਠਾਉਂਦਾ ਹੈ। ਸਾਲ 2015 ਵਿੱਚ ਇਸ ਦੀ ਸ਼ੁਰੂਆਤ ਕੈਂਪਸ ਵਿੱਚ ਲੜਕੀਆਂ ਨਾਲ ਹੋਣ ਵਾਲੇ ਭੇਦਭਾਵ ਦੇ ਖਿਲਾਫ਼ ਆਵਾਜ਼ ਉਠਾਉਣ ਨਾਲ ਹੋਈ ਸੀ।
23 ਮਈ ਨੂੰ ਦੇਵਾਂਗਨਾ ਅਤੇ ਨਤਾਸ਼ਾ ਨੂੰ ਐੱਫਆਈਆਰ-48 ਤਹਿਤ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ''ਤੇ ਇਲਜ਼ਾਮ ਲੱਗਿਆ ਕਿ ਇਨ੍ਹਾਂ ਨੇ ਜਾਫ਼ਰਾਬਾਦ ਮੈਟਰੋ ਸਟੇਸ਼ਨ ''ਤੇ ਹਿੰਸਾ ਤੋਂ ਇੱਕ ਦਿਨ ਪਹਿਲਾਂ ਐਂਟੀ ਸੀਏਏ ਪ੍ਰਦਰਸ਼ਨ ਦਾ ਆਯੋਜਨ ਕੀਤਾ।
24 ਮਈ 2020 ਨੂੰ ਹੀ ਮੈਟਰੋਪੌਲੀਟਨ ਮੈਜਿਸਟਰੇਟ ਅਜੀਤ ਨਾਰਾਇਣ ਨੇ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਜ਼ਮਾਨਤ ਦਿੰਦੇ ਹੋਏ ਕਿਹਾ, ''''ਮੁਲਜ਼ਮ ਸਿਰਫ਼ ਐੱਨਆਰਸੀ ਅਤੇ ਸੀਏਏ ਖਿਲਾਫ਼ ਪ੍ਰਦਰਸ਼ਨ ਕਰ ਰਹੀ ਸੀ ਅਤੇ ਅਜਿਹਾ ਕਰਨਾ ਇਸ ਦੋਸ਼ ਨੂੰ ਸਾਬਤ ਨਹੀਂ ਕਰਦਾ ਕਿ ਉਹ ਕਿਸੇ ਹਿੰਸਾ ਵਿੱਚ ਸ਼ਾਮਲ ਸੀ।''''

ਠੀਕ ਇਸੇ ਦਿਨ ਉਨ੍ਹਾਂ ਨੂੰ ਇੱਕ ਹੋਰ ਐੱਫਆਈਆਰ-50 ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਨੇ ਆਪਣੀ ਚਾਰਜਸ਼ੀਟ ਵਿੱਚ ਕਿਹਾ ਹੈ ਕਿ ਦੋਵੇਂ ਹੀ ਲੜਕੀਆਂ ਦਿੱਲੀ ਦੰਗਿਆਂ ਦੀ ਸਾਜ਼ਿਸ਼ ਰਚਣ ਵਿੱਚ ਸ਼ਾਮਲ ਹਨ।
ਇਸ ਮਾਮਲੇ ਵਿੱਚ ਇੱਕ ਵੱਟਸਐਪ ਮੈਸੇਜ ਨੂੰ ਆਧਾਰ ਬਣਾਇਆ ਗਿਆ ਹੈ। ਜਿਸਦਾ ਸਿਰਲੇਖ ਹੈ- ''ਦੰਗੇ ਦੇ ਹਾਲਾਤ ਵਿੱਚ ਘਰ ਦੀਆਂ ਔਰਤਾਂ ਦੀ ਕਰਨ।''
ਇਸ ਦੇ ਬਾਅਦ 29 ਮਈ 2020 ਨੂੰ ਨਤਾਸ਼ਾ ਨਰਵਾਲ ਨੂੰ ਐੱਫਆਈਆਰ-59 ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਯਾਨੀ ਉਨ੍ਹਾਂ ''ਤੇ ਯੂਏਪੀਏ ਦੀਆਂ ਧਾਰਾਵਾਂ ਲੱਗ ਗਈਆਂ।
ਦੇਵਾਂਗਨਾ ਕਲਿਤਾ
ਦੇਵਾਂਗਨਾ ਨੂੰ 30 ਮਈ 2020 ਨੂੰ ਦਰਿਆਗੰਜ ਵਿੱਚ ਸੀਏਏ ਵਿਰੋਧ ਪ੍ਰਦਰਸ਼ਨ ਨਾਲ ਜੁੜੀ ਹਿੰਸਾ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਇਹ ਘਟਨਾ 20 ਦਸੰਬਰ 2019 ਨੂੰ ਹੋਈ ਸੀ। ਇਸ ਵਿੱਚ ਦੰਗਾ ਕਰਨ, ਸਰਕਾਰੀ ਅਧਿਕਾਰੀ ਨੂੰ ਡਿਊਟੀ ਕਰਨ ਤੋਂ ਰੋਕਣ ਦਾ ਦੋਸ਼ ਉਨ੍ਹਾਂ ''ਤੇ ਲਗਾਇਆ ਗਿਆ।
2 ਜੂਨ 2020 ਨੂੰ ਇਸ ਮਾਮਲੇ ਵਿੱਚ ਵੀ ਮੈਜਿਸਟਰੇਟ ਅਭਿਨਵ ਪਾਂਡੇ ਨੇ ਦੇਵਾਂਗਨਾ ਨੂੰ ਜ਼ਮਾਨਤ ਦਿੰਦੇ ਹੋਏ ਕਿਹਾ, ''''ਅਜਿਹਾ ਕੋਈ ਸਿੱਧਾ ਸਬੂਤ ਨਹੀਂ ਹੈ ਜਿਸ ਵਿੱਚ ਮੁਲਜ਼ਮ ਕਿਸੇ ਸਰਕਾਰੀ ਕਰਮਚਾਰੀ ''ਤੇ ਹਮਲਾ ਕਰਦੀ ਨਜ਼ਰ ਆ ਰਹੀ ਹੋਵੇ।
ਸੀਸੀਟੀਵੀ ਫੁਟੇਜ ਵੀ ਇਹ ਨਹੀਂ ਦਿਖਾਉਂਦਾ ਕਿ ਮੁਲਜ਼ਮ ਹਿੰਸਾ ਵਿੱਚ ਸ਼ਾਮਲ ਹੈ। ਫੋਨ-ਲੈਪਟਾਪ ਤੋਂ ਵੀ ਕੁਝ ਅਜਿਹਾ ਭੜਕਾਊ ਨਹੀਂ ਮਿਲਿਆ ਹੈ।'''' ਪਰ ਇਸ ਦੇ ਤਿੰਨ ਦਿਨ ਬਾਅਦ ਪੰਜ ਜੂਨ ਨੂੰ ਸਪੈਸ਼ਲ ਸੈੱਲ ਨੇ ਦੇਵਾਂਗਨਾ ਨੂੰ ਵੀ ਐੱਫਆਈਆਰ-59 ਵਿੱਚ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ''ਤੇ ਯੂਏਪੀ ਲਗਾ ਦਿੱਤਾ ਗਿਆ।

ਇਸ ਤਰ੍ਹਾਂ ਇਨ੍ਹਾਂ ਸਾਰੇ ਮੁਲਜ਼ਮਾਂ ਦੀ ਸ਼ੁਰੂਆਤੀ ਗ੍ਰਿਫ਼ਤਾਰੀ ਅਲੱਗ-ਅਲੱਗ ਮਾਮਲਿਆਂ ਵਿੱਚ ਕੀਤੀ ਗਈ, ਪਰ ਹੁਣ ਇਹ ਸਾਰੇ ਐੱਫਆਈਆਰ-59 ਦਾ ਹਿੱਸਾ ਹਨ ਅਤੇ ਮਹੀਨਿਆਂ ਤੋਂ ਜੇਲ੍ਹਾਂ ਵਿੱਚ ਬੰਦ ਹਨ।
ਚਾਰਜਸ਼ੀਟ ਵਿੱਚ ਵੱਟਸਐਪ ਚੈਟ ਅਤੇ ਫੇਸਬੁੱਕ ਪੋਸਟ ਹੈ ''ਸਬੂਤ''
ਆਮ ਤੌਰ ''ਤੇ 90 ਦਿਨ ਤੱਕ ਜੇਕਰ ਜਾਂਚ ਅਧਿਕਾਰੀ ਚਾਰਜਸ਼ੀਟ ਦਾਇਰ ਨਾ ਕਰ ਸਕੇ ਤਾਂ ਮੁਲਜ਼ਮ ਨੂੰ ਖੁਦ-ਬ-ਖੁਦ ਜ਼ਮਾਨਤ ਮਿਲ ਜਾਂਦੀ ਹੈ। ਕਿਉਂਕਿ ਯੂਏਪੀਏ ਜਾਂਚ ਏਜੰਸੀ ਨੂੰ ਵਾਧੂ ਸ਼ਕਤੀਆਂ ਦਿੰਦਾ ਹੈ, ਅਜਿਹੇ ਵਿੱਚ ਜਾਂਚ ਅਧਿਕਾਰੀ 180 ਦਿਨ ਤੱਕ ਦਾ ਵਕਤ ਕੋਰਟ ਤੋਂ ਮੰਗ ਸਕਦਾ ਹੈ।
ਇਸ ਕੇਸ ਵਿੱਚ ਪਹਿਲੀ ਚਾਰਜਸ਼ੀਟ 17 ਸਤੰਬਰ, 2020 ਨੂੰ ਦਾਖਲ ਕੀਤੀ ਗਈ ਅਤੇ ਦੂਜੀ ਸਪਲੀਮੈਂਟਰੀ ਚਾਰਜਸ਼ੀਟ ਨਵੰਬਰ, 2020 ਵਿੱਚ ਦਾਖਲ ਕੀਤੀ ਗਈ ਹੈ।
ਪੁਲਿਸ ਮੁਤਾਬਕ ਇਸ ਸਾਜ਼ਿਸ਼ ਦੀ ਸ਼ੁਰੂਆਤ 4 ਦਸੰਬਰ, 2019 ਤੋਂ ਹੁੰਦੀ ਹੈ। ਇਸੇ ਦਿਨ ''ਮੁਸਲਿਮ ਸਟੂਡੈਂਟ ਆਫ ਜੇਐੱਨਯੂ'' (ਐੱਮਐੱਸਜੇ) ਗਰੁੱਪ ਦੀ ਸ਼ੁਰੂਆਤ ਹੋਈ ਅਤੇ ਸ਼ਰਜ਼ਿਲ ਇਮਾਮ ਨੂੰ ਇਸ ਗਰੁੱਪ ਦਾ ਸਭ ਤੋਂ ਸਰਗਰਮ ਮੈਂਬਰ ਦੱਸਿਆ ਗਿਆ ਹੈ।
ਇਹ ਵੀ ਪੜ੍ਹੋ:
- ਦਿੱਲੀ ਦੀ ਹਿੰਸਾ ਵਿੱਚ ਪੁਲਿਸ ਦੀ ਭੂਮਿਕਾ ਦੀ ਜਾਂਚ ਕੌਣ ਕਰੇਗਾ?
- ਦਿੱਲੀ ਦੰਗਿਆਂ ''ਤੇ ਐਮਨੈਸਟੀ ਇੰਟਰਨੈਸ਼ਨਲ ਦੀ ਰਿਪੋਰਟ ''ਚ ਪੁਲਿਸ ''ਤੇ ਲੱਗੇ ਗੰਭੀਰ ਇਲਜ਼ਾਮ
- ਕੀ ਸੀ ਦਿੱਲੀ ਦੰਗਿਆਂ ਦੀ ਸਾਜ਼ਿਸ ਤੇ ਪੁਲਿਸ ਦਾ ਕੀ ਰਿਹਾ ਰੋਲ, ਦੋ ਜਾਂਚ ਰਿਪੋਰਟਾਂ ਦੇ ਖੁਲਾਸੇ
- ਦਿੱਲੀ ਹਿੰਸਾ: ਕਈ ਜਾਨਾਂ ਬਚਾਉਣ ਵਾਲੇ ਪਿਓ-ਪੁੱਤ ਨੇ ਕਿਹਾ ''ਅਹਿਸਾਨ ਨਹੀਂ ਕੀਤਾ, ਵਿਆਜ਼ ਸਣੇ ਕਰਜ਼ਾ ਮੋੜਿਆ''
ਪੁਲਿਸ ਕਹਿੰਦੀ ਹੈ ਕਿ ਸ਼ਰਜ਼ਿਲ ਇਮਾਮ ਐੱਮਐੱਸਜੇ ਗਰੁੱਪ ਜ਼ਰੀਏ ਸਟੂਡੈਂਟ ਆਫ ਜਾਮੀਆ ਗਰੁੱਪ ਨਾਲ ਜੁੜਿਆ ਜੋ ਇੱਕ ''ਰੈਡੀਕਲ ਕਮਿਊਨਲ ਗਰੁੱਪ'' ਹੈ। ਇਨ੍ਹਾਂ ਦੋਵਾਂ ਗਰੁੱਪਾਂ ਨੇ ਸੀਏਏ ਨੂੰ ਲੈ ਕੇ ਇੱਕ ਪਰਚਾ ਵੰਡਿਆ।
ਇੱਥੇ ਪੁਲਿਸ ਜਿਸ ਪਰਚੇ ਨੂੰ ਸਾਜ਼ਿਸ਼ ਦੇ ਸਬੂਤ ਦੇ ਤੌਰ ''ਤੇ ਪੇਸ਼ ਕਰ ਰਹੀ ਹੈ, ਉਹ ਪਹਿਲਾਂ ਹੀ ਜਨਤਕ ਤੌਰ ''ਤੇ ਉਪਲੱਬਧ ਸੀ।
ਚਾਰਜਸ਼ੀਟ ਵਿੱਚ ਉਮਰ ਖ਼ਾਲਿਦ ਨੂੰ ਸ਼ਰਜ਼ਿਲ ਇਮਾਮ ਦਾ ਮੈਂਟਰ ਦੱਸਿਆ ਗਿਆ ਹੈ। ਪੁਲਿਸ ਦੀ ਕਰੋਨੋਲੌਜੀ ਇਹ ਕਹਿੰਦੀ ਹੈ ਕਿ 7 ਦਸੰਬਰ, 2019 ਨੂੰ ਖ਼ਾਲਿਦ ਨੇ ਸ਼ਰਜ਼ਿਲ ਇਮਾਮ ਨੂੰ ਯੋਗੇਂਦਰ ਯਾਦਵ ਨਾਲ ਮਿਲਵਾਇਆ। ਯੋਗੇਂਦਰ ਯਾਦਵ ਸਮਾਜਿਕ ਕਾਰਕੁਨ ਅਤੇ ਸਵਰਾਜ ਇੰਡੀਆ ਪਾਰਟੀ ਦੇ ਕਨਵੀਨਰ ਹਨ ਅਤੇ ਅੱਜਕੱਲ੍ਹ ਕਿਸਾਨ ਅੰਦੋਲਨ ਵਿੱਚ ਸਰਗਰਮ ਹਨ।
ਇਸ ਦੇ ਬਾਅਦ ਅੱਠ ਦਸੰਬਰ ਨੂੰ ਜੰਗਪੁਰ ਵਿੱਚ ਸ਼ਰਜ਼ਿਲ ਇਮਾਮ, ਯੋਗੇਂਦਰ ਯਾਦਵ, ਉਮਰ ਖ਼ਾਲਿਦ, ਨਦੀਮ ਖ਼ਾਨ, ਪਰਵੇਜ਼ ਆਲਮ, ਤਾਹਿਰਾ ਦਾਊਦ, ਪ੍ਰਸ਼ਾਂਤ ਟੰਡਨ ਨੇ ਇੱਕ ਬੈਠਕ ਕੀਤੀ ਅਤੇ ਇਸ ਵਿੱਚ ਪਹਿਲਾਂ ਤੋਂ ਤਿਆਰ ਕੀਤੀ ਗਈ ਚੱਕਾ ਜਾਮ ਦੀ ਸਾਜ਼ਿਸ਼ ਨੂੰ ਲਾਗੂ ਕਰਨ ''ਤੇ ਸਹਿਮਤੀ ਬਣੀ।
ਸ਼ਰਜ਼ਿਲ ਨੂੰ ਵਿਦਿਆਰਥੀਆਂ ਨੂੰ ਉਕਸਾਉਣ ਦਾ ਕੰਮ ਦਿੱਤਾ ਗਿਆ ਅਤੇ ਯੂਨਾਈਟਿਡ ਅਗੇਂਸਟ ਹੇਟ, ਸਵਰਾਜ ਅਭਿਆਨ, ਲੈਫਟ ਪਾਰਟੀਆਂ ਸਮੇਤ ਸਿਵਲ ਸੁਸਾਇਟੀ ਦੇ ਲੋਕਾਂ ਨੇ ਆਪਣਾ ਸਮਰਥਨ ਦਿੱਤਾ।
ਪੁਲਿਸ ਸੀਏਏ ਖਿਲਾਫ਼ ਹੋਏ ਸਭ ਤੋਂ ਪਹਿਲੇ ਵੱਡੇ ਵਿਰੋਧ ਪ੍ਰਦਰਸ਼ਨ ਨੂੰ ''ਸਾਜ਼ਿਸ਼ ਦਾ ਪਹਿਲਾ ਪੜਾਅ'' ਦੱਸਦੀ ਹੈ। ਚਾਰਜਸ਼ੀਟ ਵਿੱਚ ਇੱਕ ''ਪ੍ਰੋਟੈਕਟੇਡ ਗਵਾਹ'' ਦੇ ਹਵਾਲੇ ਨਾਲ ਪੁਲਿਸ ਨੇ ਕਿਹਾ ਹੈ ਕਿ ''''13 ਦਸੰਬਰ ਨੂੰ ਉਮਰ ਖ਼ਾਲਿਦ ਨੇ ਸ਼ਰਜ਼ਿਲ ਨੂੰ ਆਸਿਫ਼ ਇਕਬਾਲ ਤਨਹਾ ਨਾਲ ਮਿਲਵਾਇਆ ਅਤੇ ਚੱਕਾ ਜਾਮ ਅਤੇ ਧਰਨੇ ਵਿਚਕਾਰ ਫਰਕ ਦੱਸਿਆ। ਇਸ ਲਈ ਦਿੱਲੀ ਦੇ ਮੁਸਲਿਮ ਬਹੁਲਤਾ ਵਾਲੇ ਇਲਾਕੇ ਨੂੰ ਚੁਣਿਆ ਗਿਆ ਤਾਂ ਕਿ ਦੇਸ਼ ਦੀ ਸਰਕਾਰ ਨੂੰ ਉਖਾੜ ਸੁੱਟਿਆ ਜਾਵੇ ਕਿਉਂਕਿ ਇਹ ਹਿੰਦੂ ਸਰਕਾਰ ਹੈ। (ਜਾਮੀਆ ਦੇ) ਗੇਟ ਨੰਬਰ 7 ਤੋਂ ਚੱਕਾ ਜਾਮ ਸ਼ੁਰੂ ਹੋਇਆ।''''
ਇਸ ਨਾਲ ਇਹ ਸਾਫ਼ ਹੈ ਕਿ ਦਿੱਲੀ ਪੁਲਿਸ ਮੰਨਦੀ ਹੈ ਕਿ ਦੇਸ਼ ਵਿੱਚ ਸੀਏਏ ਵਿਰੋਧੀ ਪ੍ਰਦਰਸ਼ਨਾਂ ਦੀ ਸ਼ੁਰੂਆਤ ਹੀ ਦੰਗੇ ਵੱਲ ਪਹਿਲਾ ਕਦਮ ਸੀ।
ਚਾਰਜਸ਼ੀਟ ਵਿੱਚ ਵਾਰ-ਵਾਰ ਵੱਟਸਐਪ ਚੈਟਸ ਅਤੇ ਫੇਸਬੁੱਕ ਪੋਸਟ ਦੇ ਸਕਰੀਨਸ਼ੌਟ ਦਿੱਤੇ ਗਏ ਹਨ ਅਤੇ ਇਨ੍ਹਾਂ ਜ਼ਰੀਏ ਦਿੱਲੀ ਪੁਲਿਸ ਨੇ ਸਾਜ਼ਿਸ਼ ਦੀ ਗੱਲ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ।
ਚਾਰਜਸ਼ੀਟ ਵਿੱਚ ਪ੍ਰਮੁੱਖਤਾ ਨਾਲ ਦਿੱਲੀ ਪ੍ਰੋਟੈਸਟ ਸੌਲੀਡੈਰਿਟੀ ਗਰੁੱਪ (ਡੀਪੀਐੱਸਜੀ) ਨਾਂ ਦੇ ਵੱਟਸਐਪ ਗਰੁੱਪ ਦਾ ਜ਼ਿਕਰ ਹੈ। ਚਾਰਜਸ਼ੀਟ ਦੇ ਇੱਕ ਹਿੱਸੇ ਵਿੱਚ ਪੁਲਿਸ ਕਹਿੰਦੀ ਹੈ, ''''ਜੇਸੀਸੀ (ਜਾਮੀਆ ਕੋਆਰਡੀਨੇਸ਼ਨ ਕਮੇਟੀ), ਐੱਮਐੱਸਜੇ (ਮੁਸਲਿਮ ਸਟੂਡੈਂਟ ਆਫ ਜੇਐੱਨਯੂ), ਐੱਸਜੇਐੱਫ (ਸਟੂਡੈਂਟ ਆਫ ਜਾਮੀਆ), ਯੂਨਾਈਟਿਡ ਅਗੇਂਸਟ ਹੇਟ ਅਤੇ ਦਿੱਲੀ ਪ੍ਰੋਟੈਸਟ ਸੌਲੀਡੈਰਿਟੀ ਗਰੁੱਪ ਇਹ ਸਾਰੇ ਗਰੁੱਪ ਇੱਕ ਤਾਣਾ ਬਾਣਾ ਬੁਣ ਕੇ ਇੱਕ ਸਾਂਝੀ ਸਾਜ਼ਿਸ਼ ਰਚ ਰਹੇ ਸਨ।''''
ਚਾਰਜਸ਼ੀਟ ਮੁਤਾਬਿਕ, ''''ਜੇਸੀਸੀ ਅਤੇ ਐੱਮਐੱਸਜੇ ਵਰਗੇ ਗਰੁੱਪ ਵਿੱਚ ਵਿਦਿਆਰਥੀ ਅਤੇ ਕਾਰਕੁਨ ਸਨ ਜਿਨ੍ਹਾਂ ਨੂੰ ਤਜਰਬੇਕਾਰ ਸਾਜ਼ਿਸ਼ਕਾਰੀਆਂ ਨੇ ਚੁਣਿਆ ਸੀ। ਉੱਥੇ ਹੀ ਦਸੰਬਰ 2019 ਵਿੱਚ ਪੇਸ਼ੇਵਰ ਲੋਕਾਂ ਦਾ ਗਰੁੱਪ ਬਣਿÎਆ ਜਿਸ ਦਾ ਨਾਂ ਸੀ ਡੀਪੀਐੱਸਜੀ ਜਿਨ੍ਹਾਂ ਨੇ ਲੋਕਾਂ ਨੂੰ ਡਰਾਉਣ ਦੀ ਸਾਜ਼ਿਸ਼ ਤਿਆਰ ਕੀਤੀ।''''
ਡੀਪੀਐੱਸਜੀ ਗਰੁੱਪ 28 ਦਸੰਬਰ, 2019 ਨੂੰ ਬਣਿਆ ਜਿਸ ਨੂੰ ਸਬਾ ਦੀਵਾਨ ਅਤੇ ਦਸਤਾਵੇਜ਼ੀ ਫਿਲਮਾਂ ਬਣਾਉਣ ਵਾਲੇ ਰਾਹੁਲ ਰਾਇ ਨੇ ਬਣਾਇਆ ਸੀ।
ਦਿੱਲੀ ਪੁਲਿਸ ਨੇ ਚਾਰਜਸ਼ੀਟ ਨੂੰ ਲੈ ਕੇ ਅਰਜ਼ੀ ਸੈਸ਼ਨ ਕੋਰਟ ਵਿੱਚ ਪੇਸ਼ ਕੀਤੀ ਹੈ, ਉਸ ਦੀ ਸਭ ਤੋਂ ਪਹਿਲੀ ਲਾਈਨ ਕਹਿੰਦੀ ਹੈ- ''''ਮੌਜੂਦਾ ਕੇਸ ਦਿੱਲੀ ਦੰਗਿਆਂ ਦੇ ਪਿੱਛੇ ਦੀ ਵੱਡੀ ਸਾਜ਼ਿਸ਼ ਦੀ ਪੜਤਾਲ ਕਰਨ ਲਈ ਹੈ। 23 ਤੋਂ 25 ਫਰਵਰੀ ਵਿਚਕਾਰ ਹੋਏ ਦਿੱਲੀ ਦੰਗਿਆਂ ਦੀ ਸਾਜ਼ਿਸ਼ ਜੇਐੱਨਯੂ ਦੇ ਸਾਬਕਾ ਵਿਦਿਆਰਥੀ ਉਮਰ ਖ਼ਾਲਿਦ ਨੇ ਰਚੀ। ਇਸ ਵਿੱਚ ਉਨ੍ਹਾਂ ਨਾਲ ਜੁੜੇ ਕਈ ਸਮੂਹ ਵੀ ਸ਼ਾਮਲ ਹਨ।''''
ਪੁਲਿਸ ਦਾ ਕਹਿਣਾ ਹੈ, ''''ਇਹ ਇੱਕ ਵੱਡੀ ਤਿਆਰੀ ਨਾਲ ਰਚੀ ਗਈ ਸਾਜ਼ਿਸ਼ ਸੀ। ਉਮਰ ਖ਼ਾਲਿਦ ਨੇ ਭੜਕਾਊ ਭਾਸ਼ਣ ਦਿੱਤਾ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ 24-25 ਫਰਵਰੀ ਦੀ ਭਾਰਤ ਯਾਤਰਾ ਦੌਰਾਨ ਸੜਕਾਂ ਅਤੇ ਜਨਤਕ ਥਾਵਾਂ ''ਤੇ ਲੋਕਾਂ ਨੂੰ ਇਕੱਠੇ ਕਰਨ ਨੂੰ ਕਿਹਾ। ਅੰਤਰਰਾਸ਼ਟਰੀ ਪੱਧਰ ''ਤੇ ਪ੍ਰਾਪੇਗੰਡਾ ਫੈਲਾਉਣਾ ਇਸ ਦਾ ਮਕਸਦ ਸੀ ਤਾਂ ਕਿ ਇਹ ਸੰਦੇਸ਼ ਜਾਏ ਕਿ ਘੱਟ ਗਿਣਤੀਆਂ ਨੂੰ ਭਾਰਤ ਵਿੱਚ ਸਤਾਇਆ ਜਾ ਰਿਹਾ ਹੈ।''''
ਦਿੱਲੀ ਪੁਲਿਸ ਮੁਤਾਬਿਕ, ''''ਇਸ ਉਦੇਸ਼ ਨੂੰ ਪੂਰਾ ਕਰਨ ਲਈ ਫਾਇਰ-ਆਰਮਜ਼, ਪੈਟਰੋਲ ਬੰਬ ਅਤੇ ਐਸਿਡ ਦੀਆਂ ਬੋਤਲਾਂ ਦਾ ਇੰਤਜ਼ਾਮ ਕੀਤਾ ਗਿਆ।''''
ਜੂਨ 2020 ਤੋਂ ਹੀ ਦਿੱਲੀ ਪੁਲਿਸ ਉਮਰ ਖ਼ਾਲਿਦ ਨੂੰ ''ਸਾਜ਼ਿਸ਼ ਦਾ ਮੁਖੀਆ'' ਦੱਸਦੀ ਰਹੀ ਹੈ, ਪਰ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਐੱਫਆਈਆਰ ਦਰਜ ਹੋਣ ਦੇ ਛੇ ਮਹੀਨੇ ਬਾਅਦ 13 ਸਤੰਬਰ, 2020 ਨੂੰ।
ਜਾਂਚ ਵਿੱਚ ਪੁਲਿਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇੱਕ ਸਾਜ਼ਿਸ਼ ਤਹਿਤ ਦਿੱਲੀ ਵਿੱਚ 21 ਥਾਵਾਂ ''ਤੇ ਸ਼ਾਹੀਨ ਬਾਗ਼ ਦੀ ਤਰਜ਼ ''ਤੇ ਸੀਏਏ ਵਿਰੋਧੀ ਪ੍ਰਦਰਸ਼ਨ ਸ਼ੁਰੂ ਕੀਤੇ ਗਏ।
ਸਪੈਸ਼ਲ ਸੈੱਲ ਦਾ ਕਹਿਣਾ ਹੈ ਕਿ ਜਾਂਚ ਵਿੱਚ ਕਈ ਵੱਟਸਐਪ ਗਰੁੱਪਾਂ ਦਾ ਪਤਾ ਲੱਗਿਆ ਹੈ ਜੋ ਦੰਗਿਆਂ ਦੀ ਪਲ-ਪਲ ਦੀ ਜਾਣਕਾਰੀ ਦੇ ਰਹੇ ਸਨ ਅਤੇ ਇਹ ਸਾਰੇ ਮੁਲਜ਼ਮ ਇਨ੍ਹਾਂ ਗਰੁੱਪਾਂ ਨਾਲ ਜੁੜੇ ਹੋਏ ਸਨ।
ਜ਼ਾਕਿਰ ਨਾਇਕ ਦੀ ''ਭੂਮਿਕਾ''
ਦਿੱਲੀ ਦੰਗਿਆਂ ਦੇ ਤਾਰ ਇਸਲਾਮੀ ਪ੍ਰਚਾਰਕ ਜ਼ਾਕਿਰ ਨਾਇਕ ਨਾਲ ਵੀ ਜੋੜੇ ਗਏ ਹਨ। ਜ਼ਾਕਿਰ ਨਾਇਕ ਉੱਤੇ ਆਪਣੇ ਭਾਸ਼ਣਾਂ ਨਾਲ ਨਫ਼ਰਤ ਫੈਲਾਉਣ ਅਤੇ ਅੱਤਵਾਦੀ ਗਤੀਵਿਧੀਆਂ ਨੂੰ ਉਤਸ਼ਾਹਤ ਕਰਨ ਦਾ ਇਲਜ਼ਾਮ ਹੈ।
ਉਹ ਇਸ ਸਮੇਂ ਮਲੇਸ਼ੀਆ ਵਿੱਚ ਹਨ। ਭਾਰਤ ਨੇ ਮਲੇਸ਼ਿਆਈ ਸਰਕਾਰ ਨਾਲ ਉਨ੍ਹਾਂ ਨੂੰ ਭਾਰਤ ਹਵਾਲੇ ਕਰਨ ਲਈ ਅਪੀਲ ਵੀ ਕੀਤੀ ਸੀ ਜਿਸ ਨੂੰ ਉੱਥੇ ਦੀ ਸਰਕਾਰ ਨੇ ਖਾਰਜ ਕਰ ਦਿੱਤਾ।

ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਦਾ ਕਹਿਣਾ ਹੈ ਕਿ ਖ਼ਾਲਿਦ ਸੈਫੀ ਨੇ ਇਨ੍ਹਾਂ ਦੰਗਿਆਂ ਦੇ ਲਈ ਪੀ ਐਫ ਆਈ ਤੋਂ ਫੰਡ ਇਕੱਠਾ ਕੀਤਾ। ਉਨ੍ਹਾਂ ਦੇ ਪਾਸਪੋਰਟ ਦੀ ਡਿਟੇਲ ਮੁਤਾਬਕ ਉਨ੍ਹਾਂ ਨੇ ਭਾਰਤ ਤੋਂ ਬਾਹਰ ਯਾਤਰਾ ਕੀਤੀ ਅਤੇ ਜ਼ਾਕਿਰ ਨਾਇਕ ਨਾਲ ਸਪੋਰਟ ਫੰਡ ਜੁਟਾਉਣ ਲਈ ਮੁਲਾਕਾਤ ਕੀਤੀ।
ਇਨ੍ਹਾਂ ਗ੍ਰਿਫ਼ਤਾਰੀਆਂ ਅਤੇ ਦੋਸ਼ਾਂ ਤੋਂ ਪਹਿਲਾਂ ਹੀ 11 ਮਾਰਚ 2020 ਨੂੰ ਲੋਕ ਸਭਾ ਵਿੱਚ ਦਿੱਲੀ ਦੰਗਿਆਂ ਉੱਤੇ ਜਵਾਬ ਦਿੰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਮਰ ਖ਼ਾਲਿਦ ਦਾ ਨਾਮ ਲਏ ਬਿਨਾਂ 17 ਫਰਵਰੀ ਨੂੰ ਦਿੱਤੇ ਗਏ ਉਨ੍ਹਾਂ ਦੇ ਇੱਕ ਭਾਸ਼ਣ ਦਾ ਜ਼ਿਕਰ ਕੀਤਾ ਸੀ।
ਗ੍ਰਹਿ ਮੰਤਰੀ ਨੇ ਕਿਹਾ ਸੀ, "17 ਫਰਵਰੀ ਨੂੰ ਇਹ ਭਾਸ਼ਣ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਡੋਨਲਡ ਟਰੰਪ ਦੇ ਭਾਰਤ ਆਉਣ ਉੱਤੇ ਅਸੀਂ ਦੁਨੀਆ ਨੂੰ ਦੱਸਾਂਗੇ ਕਿ ਹਿੰਦੁਸਤਾਨ ਦੀ ਸਰਕਾਰ ਆਪਣੀ ਜਨਤਾ ਨਾਲ ਕੀ ਕਰ ਰਹੀ ਹੈ। ਮੈਂ ਤੁਹਾਨੂੰ ਸਭ ਨੂੰ ਅਪੀਲ ਕਰਦਾ ਹਾਂ ਕਿ ਦੇਸ਼ ਦੇ ਹੁਕਮਰਾਨਾਂ ਦੇ ਖ਼ਿਲਾਫ਼ ਬਾਹਰ ਨਿਕਲੋ। ਇਸ ਤੋਂ ਬਾਅਦ 23-24 ਫਰਵਰੀ ਨੂੰ ਦਿੱਲੀ ਵਿਚ ਦੰਗਾ ਹੋ ਗਿਆ।"
ਉਮਰ ਖ਼ਾਲਿਦ ਦੇ 17 ਫਰਵਰੀ 2020 ਦੇ ਮਹਾਰਾਸ਼ਟਰ ਦੇ ਅਮਰਾਵਤੀ ਵਿੱਚ ਦਿੱਤੇ ਗਏ ਇੱਕ ਭਾਸ਼ਣ ਦਾ ਜ਼ਿਕਰ ਵੀ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਬਤੌਰ ਸਬੂਤ ਕੀਤਾ ਹੈ।
ਦਰਅਸਲ ਉਮਰ ਖ਼ਾਲਿਦ ਨੇ ਆਪਣੇ ਭਾਸ਼ਣ ਵਿੱਚ ਕਿਹਾ ਸੀ, "ਜਦੋਂ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਭਾਰਤ ਵਿੱਚ ਹੋਣਗੇ ਤਾਂ ਸਾਨੂੰ ਸੜਕਾਂ ਉੱਤੇ ਉਤਰਨਾ ਚਾਹੀਦਾ ਹੈ। 24 ਤਰੀਕ ਨੂੰ ਟਰੰਪ ਆਉਣਗੇ ਤਾਂ ਦੱਸਾਂਗੇ ਕਿ ਹਿੰਦੁਸਤਾਨ ਦੀ ਸਰਕਾਰ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ, ਮਹਾਤਮਾ ਗਾਂਧੀ ਦੇ ਅਸੂਲਾਂ ਦੀਆਂ ਧੱਜੀਆਂ ਉੱਡ ਰਹੀਆਂ ਹਨ।
ਇਹ ਦੱਸਾਂਗੇ ਕਿ ਹਿੰਦੋਸਤਾਨ ਦੇ ਲੋਕ ਹਿੰਦੋਸਤਾਨ ਦੇ ਹੁਕਮਰਾਨਾਂ ਦੇ ਖ਼ਿਲਾਫ਼ ਲੜ ਰਹੇ ਹਨ। ਉਸ ਦਿਨ ਅਸੀਂ ਸਾਰੇ ਲੋਕ ਸੜਕਾਂ ਉੱਤੇ ਉੱਤਰ ਕੇ ਆਵਾਂਗੇ।
ਸੰਵਿਧਾਨ ਅਤੇ ਕਾਨੂੰਨ ਮੁਤਾਬਿਕ, ਲੋਕਾਂ ਨੂੰ ਪ੍ਰਦਰਸ਼ਨ ਕਰਨ ਲਈ ਕਹਿਣਾ ਅਪਰਾਧ ਨਹੀਂ ਹੈ ਬਲਕਿ ਲੋਕਤੰਤਰਿਕ ਅਧਿਕਾਰ ਹੈ ਪਰ ਹਿੰਸਾ ਨੂੰ ਭੜਕਾਉਣ ਅਪਰਾਧ ਦੀ ਸ਼੍ਰੇਣੀ ਵਿੱਚ ਆਉਂਦਾ ਹੈ।
ਦਿੱਲੀ ਪੁਲੀਸ ਦੀ ਪੁਰਾਣੀ ''ਕਰੋਨੋਲੌਜੀ''
ਦਿੱਲੀ ਪੁਲੀਸ ਨੇ ਇੰਟੈਲੀਜੈਂਸ ਬਿਊਰੋ ਆਈਬੀ ਵਿੱਚ ਕੰਮ ਕਰਨ ਵਾਲੇ ਅੰਕਿਤ ਸ਼ਰਮਾ ਦੀ ਹੱਤਿਆ ਦੇ ਮਾਮਲੇ ਵਿੱਚ ਐੱਫਆਈਆਰ-65 ਵਿੱਚ ਚਾਰਜਸ਼ੀਟ ਜੂਨ 2020 ਵਿੱਚ ਪੇਸ਼ ਕੀਤੀ।
ਪਰ ਅੰਕਿਤ ਸ਼ਰਮਾ ਦੀ ਹੱਤਿਆ ਦੇ ਮਾਮਲੇ ਵਿੱਚ ਪੁਲੀਸ ਨੇ ਚਾਰਜਸ਼ੀਟ ਦਾਖ਼ਲ ਕਰਨ ਤੋਂ ਪਹਿਲਾਂ ਹੀ ਦਿੱਲੀ ਦੰਗਿਆਂ ਨੂੰ ਲੈ ਕੇ ਇੱਕ ਕਰੋਨੋਲੌਜੀ (ਘਟਨਾਕ੍ਰਮ ਦੀ ਜਾਣਕਾਰੀ) ਪੇਸ਼ ਕੀਤੀ। ਦਾਅਵਾ ਹੈ ਕਿ ਘਟਨਾਵਾਂ ਦਾ ਇਹ ਕ੍ਰਮ ਦਿੱਲੀ ਵਿੱਚ ਦੰਗੇ ਭੜਕਣ ਦੀ ਵਜ੍ਹਾ ਰਿਹਾ।
ਚਾਰਜਸ਼ੀਟ ਦੇ ਸ਼ੁਰੂਆਤੀ ਪੰਜ ਪੰਨੇ ਹੱਤਿਆ ਦੀ ਜਾਂਚ ਦੀ ਜਾਣਕਾਰੀ ਨਹੀਂ ਦਿੰਦੇ ਬਲਕਿ 2019 ਦੇ ਦਸੰਬਰ ਮਹੀਨੇ ਤੋਂ ਚੱਲ ਰਹੇ ਸੀਏਏ ਵਿਰੋਧੀ ਪ੍ਰਦਰਸ਼ਨ, ਸਮਾਜਿਕ ਕਾਰਜਕਰਤਾ ਹਰਸ਼ ਮੰਦਰ ਦੇ ਭਾਸ਼ਣ ਅਤੇ ਦਲਿਤ ਨੇਤਾ ਚੰਦਰਸ਼ੇਖਰ ਆਜ਼ਾਦ ਦੇ ਭਾਸ਼ਣਾਂ ਨੂੰ ਦਿੱਲੀ ਦੰਗਿਆਂ ਦੀ ਨੀਂਹ ਦੱਸਦੇ ਹਨ।

ਦਿੱਲੀ ਪੁਲੀਸ ਦਾ ਕਹਿਣਾ ਹੈ ਕਿ "13 ਦਸੰਬਰ ਨੂੰ ਜਾਮੀਆ ਯੂਨੀਵਰਸਿਟੀ ਰੋਡ ਉੱਤੇ ਸੀਏਏ-ਐੱਨਆਰਸੀ ਦੇ ਖ਼ਿਲਾਫ਼ ਹੋਏ ਪ੍ਰਦਰਸ਼ਨ ਨਾਲ ਹੀ ਦਿੱਲੀ ਦੰਗਿਆਂ ਦੀ ਨੀਂਹ ਰੱਖੀ। 2000 ਲੋਕ ਬਿਨਾਂ ਇਜਾਜ਼ਤ ਜਾਮੀਆ ਮੈਟਰੋ ਸਟੇਸ਼ਨ ਦੇ ਨੇੜੇ ਇਕੱਠੇ ਹੋਏ ਅਤੇ ਸੰਸਦ ਅਤੇ ਰਾਸ਼ਟਰਪਤੀ ਭਵਨ ਵੱਲ ਵਧਣ ਲੱਗੇ। ਸ਼ਾਂਤੀ ਵਿਵਸਥਾ ਬਣਾਈ ਰੱਖਣ ਲਈ ਜਾਮੀਆ ਦੇ ਇੱਕ ਨੰਬਰ ਗੇਟ ਤੋਂ ਪੁਲੀਸ ਨੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਪਿਛਾਂਹ ਵੱਲ ਖਦੇੜਿਆ ਤਾਂ ਪ੍ਰਦਰਸ਼ਨਕਾਰੀ ਪੁਲੀਸ ਉਤੇ ਪੱਥਰ ਸੁੱਟਣ ਲੱਗੇ ਅਤੇ ਜਨਤਕ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਇਆ।"
15 ਦਸੰਬਰ 2019 ਨੂੰ ਦਿੱਲੀ ਪੁਲੀਸ ਅਤੇ ਜਾਮੀਆ ਦੇ ਵਿਦਿਆਰਥੀਆਂ ਵਿੱਚ ਹੋਈ ਝੜਪ ਨੂੰ ਵੀ ਪੁਲੀਸ ਨੇ ਕਰੋਨੋਲੌਜਿਕਲ ਦਾ ਹਿੱਸਾ ਦੱਸਿਆ ਹੈ, ਘਟਨਾ ਦੇਰ ਰਾਤ ਤਕ ਚੱਲਦੀ ਰਹੀ ਸੀ ਕਿ ਸ਼ਾਇਦ ਇਸ ਲਈ ਪੁਲੀਸ ਨੇ ਇਹਨੂੰ 16 ਦਸੰਬਰ ਦੀ ਤਰੀਕ ਨਾਲ ਦਰਜ ਕੀਤਾ ਹੈ।
ਪੁਲੀਸ ਮੁਤਾਬਕ, "ਸ਼ਾਮ 5.30 ਵਜੇ ਤੋਂ 6 ਵਜੇ ਦੇ ਵਿਚਕਾਰ ਜਾਮੀਆ ਦੇ ਕੁਝ ਵਿਦਿਆਰਥੀ, ਕੁਝ ਪੁਰਾਣੇ ਵਿਦਿਆਰਥੀ ਤੇ ਸਥਾਨਕ ਲੋਕਾਂ ਨੇ ਜਾਮੀਆ ਅਤੇ ਨਿਊ ਫਰੈਂਡਜ਼ ਕਲੋਨੀ ਦੇ ਕਈ ਰਸਤਿਆਂ ਉਤੇ ਪ੍ਰਦਰਸ਼ਨ ਦੇ ਦੌਰਾਨ ਬੱਸਾਂ ਨੂੰ ਅੱਗ ਲਾਈ। ਜਦੋਂ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਿਆ ਤਾਂ ਉਹ ਇੱਕ ਯੋਜਨਾ ਦੇ ਤਹਿਤ ਜਾਮੀਆ ਕੈਂਪਸ ਵਿਚ ਵੜ ਗਏ ਅਤੇ ਪੁਲੀਸ ਉੱਤੇ ਕੈਂਪਸ ਦੇ ਅੰਦਰ ਤੋਂ ਪੱਥਰਬਾਜ਼ੀ ਕੀਤੀ, ਟਿਊਬ ਲਾਈਟਾਂ ''ਤੇ ਹਮਲਾ ਕੀਤਾ, ਭੜਕਾਊ ਨਾਅਰੇ ਲਾਏ। ਹਾਲਾਤ ਨੂੰ ਕਾਬੂ ਕਰਨ ਲਈ ਪੁਲੀਸ ਨੂੰ ਜਾਮੀਆ ਕੈਂਪਸ ਵਿਚ ਵੜਨਾ ਪਿਆ ਅਤੇ 52 ਲੋਕਾਂ ਨੂੰ ਦਿੱਲੀ ਪੁਲੀਸ ਵਲੋਂ ਕਾਨੂੰਨ ਦੇ ਤਹਿਤ ਕੁਝ ਸਮੇਂ ਲਈ ਹਿਰਾਸਤ ਵਿਚ ਲਿਆ ਗਿਆ।"
ਇਸ ਵਿੱਚ ਪੁਲੀਸ ਨੇ ਉਸ ਬਲ ਪ੍ਰਯੋਗ ਦਾ ਜ਼ਿਕਰ ਨਹੀਂ ਕੀਤਾ ਜੋ 15 ਦਸੰਬਰ ਨੂੰ ਉਨ੍ਹਾਂ ਨੇ ਜਾਮੀਆ ਦੀ ਜ਼ਾਕਿਰ ਹੁਸੈਨ ਲਾਇਬਰੇਰੀ ਵਿੱਚ ਵਿਦਿਆਰਥੀਆਂ ਉੱਤੇ ਕੀਤਾ ਸੀ। ਕੁਝ ਮਹੀਨੇ ਬਾਅਦ ਪੁਲੀਸ ਦੀ ਇਸ ਕਾਰਵਾਈ ਦਾ ਵੀਡੀਓ ਵੀ ਸਾਹਮਣੇ ਆਇਆ ਸੀ ਜਿਸ ਵਿਚ ਪੁਲੀਸ ਲਾਇਬਰੇਰੀ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਕੁੱਟਦੀ ਹੋਈ ਨਜ਼ਰ ਆ ਰਹੀ ਸੀ।
ਪੁਲੀਸ ਨੇ ਸਾਬਕਾ ਆਈਏਐਸ ਅਤੇ ਮੰਨੇ ਪ੍ਰਮੰਨੇ ਸਮਾਜਿਕ ਕਾਰਕੁਨ ਹਰਸ਼ ਮੰਦਰ ਦੇ ਇਕ ਬਿਆਨ ਦਾ ਵੀ ਜ਼ਿਕਰ ਭੜਕਾਊ ਭਾਸ਼ਣ ਦੇ ਤੌਰ ''ਤੇ ਕੀਤਾ ਹੈ।
ਪੁਲੀਸ ਆਪਣੀ ਰਿਪੋਰਟ ਵਿੱਚ ਕਹਿੰਦੀ ਹੈ, "ਹਰਸ਼ ਮੰਦਰ 16 ਦਸੰਬਰ ਨੂੰ ਜਾਮੀਆ ਦੇ ਗੇਟ ਨੰਬਰ ਸੱਤ ਉੱਤੇ ਪਹੁੰਚੇ, ਇੱਥੇ ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਸੁਪਰੀਮ ਕੋਰਟ ਵਿੱਚ ਯਕੀਨ ਨਾ ਰੱਖਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਆਪਣੀ ਲੜਾਈ ਸੜਕਾਂ ਉਤੇ ਉਤਰ ਕੇ ਲੜਨੀ ਹੋਵੇਗੀ।"
ਪੁਲੀਸ ਦਾ ਕਹਿਣਾ ਹੈ ਕਿ ਹਰਸ਼ ਮੰਦਰ ਨੇ ਲੋਕਾਂ ਨੂੰ ਭੜਕਾਉਣ ਦਾ ਕੰਮ ਕੀਤਾ ਹੈ ਅਤੇ ਬਤੌਰ ਸਬੂਤ ਪੁਲੀਸ ਨੇ ਉਨ੍ਹਾਂ ਦੇ 16 ਦਸੰਬਰ 2019 ਦੇ ਭਾਸ਼ਣ ਨੂੰ ਇੱਕ ਦੇ ਇੱਕ ਛੋਟੇ ਜਿਹੇ ਹਿੱਸੇ ਦਾ ਜ਼ਿਕਰ ਕੀਤਾ ਹੈ ਪਰ ਪੂਰੇ ਭਾਸ਼ਣ ਵਿੱਚ ਗਾਂਧੀ ਦੇ ਸਿਧਾਂਤਾਂ ਆਪਸੀ ਪ੍ਰੇਮ ਅਤੇ ਸ਼ਾਂਤੀ ਦੀਆਂ ਗੱਲਾਂ ਕਹੀਆਂ ਗਈਆਂ ਸਨ, ਜਿਨ੍ਹਾਂ ਦਾ ਪੁਲੀਸ ਨੇ ਜ਼ਿਕਰ ਨਹੀਂ ਕੀਤਾ ਹੈ।
ਦਰਅਸਲ, ਪਿਛਲੀ ਰਾਤ ਦੇ ਦਿੱਲੀ ਪੁਲੀਸ ਦੇ ਲਾਠੀਚਾਰਜ ਦੇ ਅਗਲੇ ਦਿਨ ਹਰਸ਼ ਮੰਦਰ 16 ਦਸੰਬਰ ਨੂੰ ਜਾਮੀਆ ਦੇ ਗੇਟ ਨੰਬਰ 7 ਉੱਤੇ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਪਹੁੰਚੇ।
ਇੱਥੇ ਉਨ੍ਹਾਂ ਨੇ ਭਾਸ਼ਣ ਦਿੰਦੇ ਹੋਏ ਕਈ ਹੋਰ ਗੱਲਾਂ ਤੋਂ ਇਲਾਵਾ ਕਿਹਾ ਸੀ, "ਇਕ ਨਾਅਰਾ ਲਾਊਂਗਾ ਕਿ ਲੜਾਈ ਕਿਸ ਦੇ ਲਈ ਹੈ ਅਤੇ ਕਿਸ ਲਈ ਹੈ? ਇਹ ਲੜਾਈ ਸਾਡੇ ਦੇਸ਼ ਦੇ ਲਈ ਹੈ ਤੇ ਫਿਰ ਸਾਡੇ ਸੰਵਿਧਾਨ ਦੇ ਲਈ ਹੈ।" ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਸਰਕਾਰ ਦੀ ਆਲੋਚਨਾ ਕੀਤੀ, ਸੀਏਏ ਨੂੰ ਗਲਤ ਦੱਸਿਆ। ਇਸ ਭਾਸ਼ਣ ਵਿਚ ਅਦਾਲਤਾਂ ਦੇ ਰਵੱਈਏ ਉੱਤੇ ਵੀ ਟਿੱਪਣੀ ਕੀਤੀ।
ਇਸ ਭਾਸ਼ਣ ਦਾ ਅੰਤ ਉਨ੍ਹਾਂ ਨੇ ਇਸ ਤਰ੍ਹਾਂ ਕੀਤਾ, "ਸੰਵਿਧਾਨ ਜ਼ਿੰਦਾਬਾਦ, ਮੁਹੱਬਤ ਜ਼ਿੰਦਾਬਾਦ"।
ਇਹ ਸਾਢੇ ਸੱਤ ਮਿੰਟ ਦਾ ਪੂਰਾ ਭਾਸ਼ਣ ਯੂਟਿਊਬ ਉਤੇ ਮੌਜੂਦ ਹੈ ਜਿਸ ਨੂੰ ਤੁਸੀਂ ਇੱਥੇ ਸੁਣ ਸਕਦੇ ਹੋ।
ਸ਼ਾਹੀਨ ਬਾਗ਼ ਵਿਚ ਔਰਤਾਂ ਦੇ ਸੀਏਏ ਐੱਨਆਰਸੀ ਦੇ ਖ਼ਿਲਾਫ਼ ਇੱਕ 101 ਚੱਲੇ ਪ੍ਰਦਰਸ਼ਨ ਨੂੰ ਵੀ ਦਿੱਲੀ ਪੁਲੀਸ ਦੰਗਿਆਂ ਦੀ ਕਰੋਨੋਲੌਜੀ ਦਾ ਹਿੱਸਾ ਮੰਨਦੀ ਹੈ।
ਕਪਿਲ ਮਿਸ਼ਰਾ ਪ੍ਰਕਰਣ
ਇਸ ਦੇ ਬਾਅਦ ਪੁਲਿਸ ਦੀ ''ਕਰੋਨੋਲੌਜੀ'' 22 ਫ਼ਰਵਰੀ ਨੂੰ ਜਫ਼ਰਾਬਾਦ ਮੈਟਰੋ ਸਟੇਸ਼ਨ ਦੇ ਨੇੜ੍ਹੇ ਹਜ਼ਾਰਾਂ ਦੀ ਗਿਣਤੀ ਵਿਚ ਜੁਟੇ ਪ੍ਰਦਰਸ਼ਨਕਾਰੀਆਂ ਉੱਤੇ ਆ ਜਾਂਦੀ ਹੈ। ਪੁਲੀਸ ਦਾ ਕਹਿਣਾ ਹੈ ਕਿ "66 ਫੁੱਟ ਰੋਡ ਉੱਤੇ ਚੰਦਰ ਸ਼ੇਖਰ ਆਜ਼ਾਦ ਦੇ ਭਾਰਤ ਬੰਦ ਸੱਦੇ ਉੱਤੇ ਭੀੜ ਇਕੱਠੀ ਹੋਈ ਅਤੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਸੜਕਾਂ ਉੱਤੇ ਭੀੜ ਨਾਲ ਲੋਕਾਂ ਦੀ ਆਵਾਜਾਈ ਰੋਕ ਦਿੱਤੀ ਗਈ"।
ਇਸ ਤੋਂ ਬਾਅਦ ਪੁਲਿਸ ਦੀ ਰਿਪੋਰਟ 23 ਫਰਵਰੀ ਦੀ ਸ਼ਾਮ ਨੂੰ ਜਾਫਰਾਬਾਦ ਮੌਜਪੁਰ ਸੀਮਾ ਉਤੇ ਹੋਈ ਹਿੰਸਾ ਉਤੇ ਚਲੀ ਜਾਂਦੀ ਹੈ।
ਜਦ ਕਿ ਉਸੇ ਦਿਨ ਬੀਜੇਪੀ ਨੇਤਾ ਕਪਿਲ ਮਿਸ਼ਰਾ ਦੇ ਉਸ ਬਿਆਨ ਦਾ ਕਿਤੇ ਵੀ ਕੋਈ ਜ਼ਿਕਰ ਨਹੀਂ ਕੀਤਾ ਗਿਆ ਜਿਸ ਵਿਚ ਉਨ੍ਹਾਂ ਨੇ ਸੀਏਏ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਤਿੰਨ ਦਿਨ ਦਾ ਅਲਟੀਮੇਟਮ ਪੁਲਿਸ ਦੀ ਮੌਜੂਦਗੀ ਵਿਚ ਦਿੱਤਾ ਸੀ।

ਮੌਜਪੁਰ ਵਿੱਚ ਕਪਿਲ ਮਿਸ਼ਰਾ ਸੀਏਏ ਦੇ ਸਮਰਥਨ ਵਿਚ ਹੋ ਰਹੀ ਰੈਲੀ ਵਿੱਚ ਪਹੁੰਚੇ।
ਉਨ੍ਹਾਂ ਨੇ ਇੱਕ ਪੁਲਿਸ ਦੇ ਡਿਪਟੀ ਕਮਿਸ਼ਨਰ ਦੀ ਮੌਜੂਦਗੀ ਵਿਚ ਕਿਹਾ ਸੀ, "ਡੀਐੱਸਪੀ ਸਾਹਿਬ ਸਾਡੇ ਸਾਹਮਣੇ ਖੜ੍ਹੇ ਹਨ, ਮੈਂ ਤੁਹਾਡੇ ਸਭ ਦੇ ਬੀਹਾਫ਼ ਉੱਤੇ (ਵੱਲੋਂ) ਕਹਿ ਰਿਹਾਂ ਹਾਂ ਟਰੰਪ ਦੇ ਜਾਣ ਤੱਕ ਤਾਂ ਅਸੀਂ ਸ਼ਾਂਤੀ ਨਾਲ ਜਾ ਰਹੇ ਹਾਂ ਪਰ ਉਸ ਦੇ ਬਾਅਦ ਅਸੀਂ ਤੁਹਾਡੀ ਵੀ ਨਹੀਂ ਸੁਣਾਂਗੇ, ਜੇਕਰ ਰਸਤੇ ਖਾਲੀ ਨਾ ਹੋਏ ਤਾਂ। ਟਰੰਪ ਦੇ ਜਾਣ ਤਕ ਆਪ (ਪੁਲਿਸ) ਜਾਫਰਾਬਾਦ ਅਤੇ ਚਾਂਦ ਬਾਗ ਖਾਲੀ ਕਰਵਾ ਲਓ ਇਹ ਹੀ ਤੁਹਾਨੂੰ ਬੇਨਤੀ ਹੈ, ਵਰਨਾ ਉਸ ਤੋਂ ਬਾਅਦ ਸਾਨੂੰ ਰੋਡ ਉੱਤੇ ਆਉਣਾ ਪਵੇਗਾ।"
ਇਸੇ ਸ਼ਾਮ ਨੂੰ ਸੀਏਏ ਦੇ ਖਿਲਾਫ ਅਤੇ ਸਮਰਥਨ ਵਿੱਚ ਪ੍ਰਦਰਸ਼ਨ ਕਰ ਰਹੇ ਲੋਕਾਂ ਵਿਚ ਹਿੰਸਾ ਸ਼ੁਰੂ ਹੋਈ ਪਰ ਪੁਲਿਸ ਨੇ 13 ਦਸੰਬਰ ਤੋਂ ਸ਼ੁਰੂ ਹੋਈ "ਕਰੋਨੋਲੌਜੀ" ਵਿੱਚ 23 ਫਰਵਰੀ ਦੇ ਕਪਿਲ ਮਿਸ਼ਰਾ ਦੇ ਬਿਆਨ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ।
ਇੱਕ ਅਪੀਲ ਦੇ ਜਵਾਬ ਵਿਚ ਦਿੱਲੀ ਪੁਲਿਸ ਨੇ ਹਾਈ ਕੋਰਟ ਵਿੱਚ ਕਿਹਾ ਕਿ "ਉਨ੍ਹਾਂ ਨੂੰ ਜਾਂਚ ਦੇ ਦੌਰਾਨ ਅਜਿਹੇ ਕੋਈ ਸਬੂਤ ਨਹੀਂ ਮਿਲੇ ਹਨ ਜੋ ਇਸ ਵੱਲ ਇਸ਼ਾਰਾ ਕਰਦੇ ਹੋਣਗੇ ਇਸ ਭਾਸ਼ਣ ਨਾਲ ਦਿੱਲੀ ਵਿੱਚ ਦੰਗੇ ਹੋਏ।"
ਦਿੱਲੀ ਪੁਲਿਸ ਦੀ ਰਿਪੋਰਟ ਕਹਿੰਦੀ ਹੈ, "23 ਫਰਵਰੀ 3 ਵਜੇ ਸਾਨੂੰ ਜਾਣਕਾਰੀ ਮਿਲੀ ਕਿ ਮੌਜਪੁਰ ਵਿੱਚ ਜਾਫ਼ਰਾਬਾਦ ਮੈਟਰੋ ਸਟੇਸ਼ਨ ਵਾਲੇ ਰਸਤੇ ਨੂੰ ਖਾਲੀ ਕਰਾਉਣ ਦੀ ਮੰਗ ਨੂੰ ਲੈ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਜੁਟੇ ਹਨ ਅਤੇ ਦੋਵਾਂ ਹੀ ਪਾਸਿਉਂ ਪੱਥਰਬਾਜ਼ੀ ਕੀਤੀ ਜਾ ਰਹੀ ਹੈ।"
ਕਪਿਲ ਮਿਸ਼ਰਾ ਦਾ ਭਾਸ਼ਣ ਪੁਲਿਸ ਦੇ ਰਿਕਾਰਡ ਵਿਚ ਕਿਤੇ ਦਰਜ ਹੀ ਨਹੀਂ ਕੀਤਾ ਗਿਆ, ਪਰ ਜਦੋਂ ਸਤੰਬਰ ਵਿਚ ਐੱਫਆਈਆਰ-59 ਦੀ ਚਾਰਜਸ਼ੀਟ ਆਈ ਤਾਂ ਇਸ ਵਿਚ ਕਪਿਲ ਮਿਸ਼ਰਾ ਦੇ ਨਾਮ ਦਾ ਜ਼ਿਕਰ ਹੈ। ਚਾਰਜਸ਼ੀਟ ਦੇ ਮੁਤਾਬਕ 28 ਜੁਲਾਈ 2020 ਨੂੰ ਕਪਿਲ ਮਿਸ਼ਰਾ ਤੋਂ ਪੁੱਛਗਿੱਛ ਕੀਤੀ ਗਈ ਜਿਸ ਵਿੱਚ ਮਿਸ਼ਰਾ ਨੇ ਕਿਹਾ ਕਿ ਉਨ੍ਹਾਂ ਨੇ ਕੋਈ ਸਪੀਚ ਨਹੀਂ ਦਿੱਤੀ ਸੀ।
ਕਪਿਲ ਮਿਸ਼ਰਾ ਨੇ ਕਿਹਾ, "ਮੈਂ ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਪੁਲਿਸ ਤੱਕ ਪਹੁੰਚਾਉਣ ਅਤੇ ਪੁਲੀਸ ਦੀ ਮਦਦ ਨਾਲ ਬਲੌਕ ਰੋਡ ਨੂੰ ਖੁਲ੍ਹਵਾਉਣ ਦੀ ਪੇਸ਼ਕਸ਼ ਦੇ ਲਈ ਉੱਥੇ ਗਿਆ ਸੀ। ਮੈਂ ਕੋਈ ਸਪੀਚ ਨਹੀਂ ਦਿੱਤੀ ਸਿਰਫ਼ ਪੁਲੀਸ ਨੂੰ ਤਿੰਨ ਦਿਨ ਵਿੱਚ ਰੋਡ ਖੁਲ੍ਹਵਾਉਣ ਲਈ ਕਿਹਾ ਸੀ ਤਾਂ ਕਿ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਹੋ ਸਕੇ। ਮੇਰੇ ਬਿਆਨ ਦਾ ਅਰਥ ਸੀ ਕਿ ਰੋਡ ਖਾਲੀ ਨਾ ਕਰਵਾਉਣ ਦੀ ਸੂਰਤ ਵਿਚ ਅਸੀਂ ਵੀ ਧਰਨੇ ਉਤੇ ਬੈਠਾਂਗੇ।"
ਕਪਿਲ ਮਿਸ਼ਰਾ ਦੀ ਪੁੱਛ-ਗਿੱਛ ਤੋਂ ਬਾਅਦ ਇਸ ਮਾਮਲੇ ਵਿਚ ਕੀ ਜਾਂਚ ਕੀਤੀ ਗਈ ਇਸ ਦਾ ਕੋਈ ਵਿਸ਼ਲੇਸ਼ਣ ਚਾਰਜਸ਼ੀਟ ਵਿੱਚ ਨਹੀਂ ਹੈ।
ਟਰੰਪ ਦਾ ਭਾਰਤ ਦੌਰਾ
ਜੂਨ ਵਿਚ ਪੇਸ਼ ਕੀਤੀ ਗਈ ਕਰੋਨੋਲੌਜੀ ਵਿੱਚ ਦਿੱਲੀ ਪੁਲੀਸ ਮੁਤਾਬਕ, "ਇਹ ਦੰਗੇ ਉਦੋਂ ਕੀਤੇ ਗਏ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੋ ਦਿਨ ਦੀ ਭਾਰਤ ਯਾਤਰਾ ਉੱਤੇ ਸੀ। ਇਹ ਸੰਜੋਗ ਨਹੀਂ ਸੀ ਬਲਕਿ ਦੇਸ਼ ਦੀ ਸਾਖ਼ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਖ਼ਰਾਬ ਕਰਨ ਦੀ ਸੋਚੀ ਸਮਝੀ ਸਾਜ਼ਿਸ਼ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਤਾਹਿਰ ਹੁਸੈਨ ਖ਼ਾਲਿਦ ਸੈਫੀ ਦੇ ਸੰਪਰਕ ਵਿੱਚ ਸੀ ਜੋ ''ਯੂਨਾਈਟਿਡ ਅਗੇਂਸਟ ਹੇਟ'' ਦਾ ਹਿੱਸਾ ਹਨ ਅਤੇ ਉਮਰ ਖ਼ਾਲਿਦ ਇਸ ਦੇ ਸੰਸਥਾਪਕ ਮੈਂਬਰ ਹੈ। ਖ਼ਾਲਿਦ ਸੈਫੀ ਨੇ 8 ਜਨਵਰੀ ਨੂੰ ਤਾਹਿਰ ਹੁਸੈਨ ਅਤੇ ਉਮਰ ਖਾਲਿਦ ਦੀ ਮੁਲਾਕਾਤ ਸ਼ਾਹੀਨ ਬਾਗ਼ ਵਿੱਚ ਕਰਵਾਈ। ਇਸ ਮੁਲਾਕਾਤ ਵਿੱਚ ਸੀਏਏ ਐਨਆਰਸੀ ਨੂੰ ਲੈ ਕੇ ''ਵੱਡੇ ਧਮਾਕੇ'' ਦੀ ਤਿਆਰੀ ਕੀਤੀ ਗਈ ਤਾਂ ਕਿ ਕੇਂਦਰ ਸਰਕਾਰ ਨੂੰ ਝਟਕਾ ਦਿੱਤਾ ਜਾ ਸਕੇ ਅਤੇ ਦੇਸ਼ ਦੀ ਸਾਖ਼ ਨੂੰ ਸੰਸਾਰਕ ਪੱਧਰ ਉੱਤੇ ਨੁਕਸਾਨ ਪਹੁੰਚਾਇਆ ਜਾ ਸਕੇ।"

ਚਾਰਜਸ਼ੀਟ ਦੇ ਮੁਤਾਬਕ, "ਉਮਰ ਖ਼ਾਲਿਦ ਨੇ ਇਸ ਗੱਲ ਦਾ ਭਰੋਸਾ ਤਾਹਿਰ ਹੁਸੈਨ ਨੂੰ ਦਿੱਤਾ ਕਿ ਫੰਡ ਦੀ ਚਿੰਤਾ ਨਾ ਕਰੋ, ਪੀਪਲ ਫ਼ਰੰਟ ਆਫ਼ ਇੰਡੀਆ ਇਸ ਦੰਗੇ ਦੇ ਲਈ ਫੰਡ ਅਤੇ ਜ਼ਰੂਰੀ ਚੀਜ਼ਾਂ ਦਾ ਇੰਤਜ਼ਾਮ ਕਰੇਗਾ। ਦੰਗਿਆਂ ਦਾ ਸਮਾਂ ਡੋਨਲਡ ਟਰੰਪ ਦੀ ਭਾਰਤ ਯਾਤਰਾ ਤੋਂ ਪਹਿਲਾਂ ਜਾਂ ਉਸ ਦੇ ਦੌਰਾਨ ਤੈਅ ਕੀਤਾ ਗਿਆ।"
ਪਰ ਸਤੰਬਰ ਵਿੱਚ ਆਈ ਸਪੈਸ਼ਲ ਸੈੱਲ ਦੀ ਚਾਰਜਸ਼ੀਟ ਮੁਤਾਬਕ ਮੌਜੂਦਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਯਾਤਰਾ ਤੋਂ ਪਹਿਲਾਂ 8 ਜਨਵਰੀ 2020 ਤਾਰੀਕ ਨੂੰ ਦੰਗਿਆਂ ਦੀ ਸਾਜ਼ਿਸ਼ ਲਈ ਬੈਠਕ ਹੋਈ ਸੀ।
ਐਫਆਈਆਰ 65/2020 ਵਿੱਚ ਘੱਟੋ ਘੱਟ ਘਟਨਾਵਾਂ ਦੀ ਕਰੋਨੋਲੌਜੀ ਦੱਸਦੇ ਹੋਏ, ਇਸ ਬੈਠਕ ਦੀ ਜਾਣਕਾਰੀ ਦਿੱਤੀ ਗਈ ਸੀ।
ਬੀਬੀਸੀ ਨੇ ਆਪਣੀ ਪੜਤਾਲ ਵਿੱਚ ਪਾਇਆ ਹੈ ਕਿ ਡੋਨਲਡ ਟਰੰਪ ਦੇ ਸੰਭਾਵੀ ਦੌਰੇ ਨੂੰ ਲੈ ਕੇ ਪਹਿਲੀ ਰਿਪੋਰਟ ''ਦਿ ਹਿੰਦੂ'' ਦੀ ਪੱਤਰਕਾਰ ਸੁਹਾਸਨੀ ਹੈਦਰ ਨੇ 14 ਜਨਵਰੀ ਨੂੰ ਦਿੱਤੀ ਸੀ।

ਟਰੰਪ ਦੇ ਦੌਰੇ ਨੂੰ ਲੈ ਕੇ ਇਸ ਤੋਂ ਪਹਿਲਾਂ ਕੋਈ ਵੀ ਖ਼ਬਰ ਮੀਡੀਆ ਵਿੱਚ ਨਹੀਂ ਸੀ। ਦਿੱਲੀ ਪੁਲੀਸ ਮੁਤਾਬਕ, "ਉਮਰ ਖ਼ਾਲਿਦ-ਤਾਹਿਰ ਹੁਸੈਨ-ਖ਼ਾਲਿਦ ਸੈਫੀ ਨੇ 8 ਜਨਵਰੀ ਨੂੰ ਹੀ ਇਹ ਤੈਅ ਕਰ ਲਿਆ ਸੀ ਕਿ ਟਰੰਪ ਦੇ ਭਾਰਤ ਦੌਰੇ ਦੇ ਸਮੇਂ ਦੰਗੇ ਭੜਕਾਏ ਜਾਣਗੇ ਅਤੇ ਵੱਡਾ ਧਮਾਕਾ ਕੀਤਾ ਜਾਵੇਗਾ।"
ਜਦੋਂ ਟਰੰਪ ਦੇ ਦੌਰੇ ਨੂੰ ਲੈ ਕੇ ਪਹਿਲੀ ਖ਼ਬਰ ਹੀ 14 ਜਨਵਰੀ ਭਾਵ 6 ਦਿਨ ਬਾਅਦ ਆਈ ਤਾਂ ਇਹ ਕਿਵੇਂ ਸੰਭਵ ਹੈ ਕਿ ਉਨ੍ਹਾਂ ਨੂੰ ਇਸ ਦੌਰੇ ਦੀ ਜਾਣਕਾਰੀ ਇਨ੍ਹਾਂ ਲੋਕਾਂ ਤੋਂ ਪਹਿਲਾਂ ਹੀ ਸੀ। 11 ਫਰਵਰੀ ਨੂੰ ਸਰਕਾਰ ਅਤੇ ਵ੍ਹਾਈਟ ਹਾਊਸ ਨੇ ਇਸ ਦੌਰੇ ਬਾਰੇ ਪਹਿਲਾਂ ਅਧਿਕਾਰਿਕ ਬਿਆਨ ਜਾਰੀ ਕੀਤਾ ਸੀ।
ਐਡਵੋਕੇਟ ਬਿੰਦਰਾ ਦੀ ''ਸਾਜ਼ਿਸ਼''
ਦਿੱਲੀ ਪੁਲੀਸ ਨੇ ਹੈੱਡ ਕਾਂਸਟੇਬਲ ਰਤਨ ਲਾਲ ਦੇ ਕਤਲ ਦੀ ਐੱਫਆਈਆਰ-60 ਵਿਚ 17 ਲੋਕਾਂ ਦੀ ਗ੍ਰਿਫ਼ਤਾਰੀ ਕੀਤੀ ਹੈ। ਇਸ ਕੇਸ ਦੀ ਚਾਰਜਸ਼ੀਟ ਵਿਚ ਪੁਲੀਸ ਨੇ ਸ਼ਾਹੀਨ ਬਾਗ, ਚਾਂਦ ਬਾਗ ਵਿੱਚ ਸੀਏਏ ਵਿਰੋਧੀ ਪ੍ਰਦਰਸ਼ਨਕਾਰੀਆਂ ਦੇ ਲਈ ਲੰਗਰ ਲਾਉਣ ਵਾਲੇ ਵਕੀਲ ਡੀਐੱਸ ਬਿੰਦਰਾ ਨੂੰ ਦੰਗਿਆਂ ਦਾ ਮੁੱਖ ਸਾਜ਼ਿਸ਼ਕਰਤਾ ਦੱਸਿਆ ਹੈ।
ਪੁਲੀਸ ਨੇ ਇਸ ਵਿੱਚ ਸਮਾਜਿਕ ਕਾਰਕੁਨ ਅਤੇ ਸਵਰਾਜ ਇੰਡੀਆ ਦੇ ਪ੍ਰਮੁੱਖ ਯੋਗੇਂਦਰ ਯਾਦਵ, ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥੀ ਨੇਤਾ ਕੰਵਲਪ੍ਰੀਤ ਕੌਰ, ਜਾਮੀਆ ਕੋਆਰਡੀਨੇਸ਼ਨ ਕਮੇਟੀ ਦੀ ਮੈਂਬਰ ਸਫੂਰਾ ਜਰਗਰ, ਪਿੰਜਰਾ ਤੋੜ ਦੀ ਮੈਂਬਰ ਦੇਵਾਂਗਨ ਕਲਿਤਾ ਅਤੇ ਨਤਾਸ਼ਾ ਨਰਵਾਲ, ਜਾਮੀਆ ਦੇ ਵਿਦਿਆਰਥੀ ਮੀਰਾਨ ਹੈਦਰ ਦਾ ਨਾਮ ਵੀ ਚਾਰਜਸ਼ੀਟ ਵਿਚ ਸ਼ਾਮਲ ਕੀਤਾ ਗਿਆ ਹੈ।
ਅਜੇ ਇਨ੍ਹਾਂ ਲੋਕਾਂ ਨੂੰ ਮੁਲਜ਼ਮ ਨਹੀਂ ਬਣਾਇਆ ਗਿਆ ਹੈ, ਸਿਰਫ਼ ਇਨ੍ਹਾਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਕੇਸ ਵਿਚ "ਹੋਰ ਜਾਂਚ ਤੋਂ ਬਾਅਦ" ਇਕ ਸਪਲੀਮੈਂਟਰੀ ਚਾਰਜਸ਼ੀਟ ਪੁਲਿਸ ਦਾਖ਼ਲ ਕਰੇਗੀ।
ਦਰਅਸਲ 24 ਫਰਵਰੀ ਨੂੰ 42 ਸਾਲ ਦੇ ਰਤਨ ਲਾਲ ਦੀ ਤੈਨਾਤੀ ਚਾਂਦ ਬਾਗ ਇਲਾਕੇ ਵਿੱਚ ਸੀ ਜਿੱਥੇ ਹਿੰਸਾ ਭੜਕੀ। ਦੰਗਾਈਆਂ ਨੇ ਉਨ੍ਹਾਂ ਉਤੇ ਹਮਲਾ ਕਰ ਦਿੱਤਾ।
ਜ਼ਖ਼ਮੀ ਹਾਲਤ ਵਿੱਚ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਇਸ ਹਿੰਸਾ ਵਿਚ ਡੀਸੀਪੀ ਅਮਿਤ ਕੁਮਾਰ ਸ਼ਰਮਾ ਏਸੀਪੀ ਅਨੁਜ ਕੁਮਾਰ ਵੀ ਗੰਭੀਰ ਰੂਪ ਵਿਚ ਜ਼ਖਮੀ ਹੋਏ ਸੀ। ਕਾਂਸਟੇਬਲ ਰਤਨ ਲਾਲ ਦਿੱਲੀ ਦੰਗਿਆਂ ਵਿਚ ਜਾਨ ਗੁਆਉਣ ਵਾਲੇ ਸ਼ੁਰੂਆਤੀ ਲੋਕਾਂ ਵਿਚ ਸ਼ਾਮਿਲ ਸੀ।
ਚਾਰਜਸ਼ੀਟ 60 ਗਵਾਹਾਂ ਦੇ ਬਿਆਨ
ਸੀਆਰਪੀਸੀ ਦੀ ਧਾਰਾ-164ਦੇ ਤਹਿਤ ਤਿੰਨ ਚਸ਼ਮਦੀਦ ਗਵਾਹਾਂ ਦੇ ਬਿਆਨਾਂ ਨੂੰ ਚਾਰਜਸ਼ੀਟ ਵਿੱਚ ਦਰਜ ਕੀਤਾ ਗਿਆ ਹੈ- ਨਜ਼ਮ ਅਲ ਹਸਨ, ਤੌਕੀਰ ਅਤੇ ਸਲਮਾਨ ਉਰਫ ਗੁੱਡੂ। ਇਨ੍ਹਾਂ ਤਿੰਨਾਂ ਬਿਆਨਾਂ ਨੂੰ ਪੜ੍ਹਨ ਉੱਤੇ ਪਤਾ ਲੱਗਦਾ ਹੈ ਕਿ ਇਨ੍ਹਾਂ ਸਾਰਿਆਂ ਨੇ ਕੁਝ ਗੱਲਾਂ ਇੱਕੋ ਜਿਹੀਆਂ ਹੀ ਕਹੀਆਂ ਹਨ। ਜਿਵੇਂ-
ਨਜ਼ਮ: "ਬਿੰਦਰਾ ਨੇ ਗੱਲ ਸ਼ੁਰੂ ਕੀਤੀ ਕਿ ਐੱਨਆਰਸੀ ਅਤੇ ਸੀਏਏ ਖਿਲਾਫ਼ ਆਪ ਨੇ ਪ੍ਰਦਰਸ਼ਨ ਕਰਨਾ ਹੈ। ਮੈਂ ਲੰਗਰ ਅਤੇ ਮੈਡੀਕਲ ਕੈਂਪ ਲਾਊਂਗਾ ਤੇ ਪੂਰੀ ਸਿੱਖ ਕੌਮ ਤੁਹਾਡੇ ਨਾਲ ਹੈ। ਜੇ ਤੁਸੀਂ ਹੁਣ ਨਹੀਂ ਉੱਠੋਗੇ ਤਾਂ ਉਹੀ ਹਾਲ ਹੋਵੇਗਾ ਜੋ 1984 ਵਿੱਚ ਸਾਡਾ ਹੋਇਆ ਸੀ। ਪ੍ਰਦਰਸ਼ਨ ਸ਼ੁਰੂ ਹੋ ਗਿਆ ਇਸ ਵਿੱਚ ਬਾਹਰ ਤੋਂ ਲੋਕ ਲਿਆਂਦੇ ਜਾਂਦੇ ਸੀ, ਜਿਨ੍ਹਾਂ ਵਿੱਚ ਐਡਵੋਕੇਟ ਭਾਨੂ ਪ੍ਰਤਾਪ, ਐਡਵੋਕੇਟ ਬਿੰਦਰਾ, ਯੋਗਿੰਦਰ ਯਾਦਵ ਅਤੇ ਜੇਐੱਨਯੂ ਜਾਮੀਆ ਅਤੇ ਡੀਯੂ ਦੇ ਵਿਦਿਆਰਥੀ ਆਉਂਦੇ ਸੀ ਜੋ ਸਰਕਾਰ ਅਤੇ ਐੱਨਆਰਸੀ ਦੇ ਖਿਲਾਫ਼ ਭਾਸ਼ਣ ਕਰਦੇ ਸੀ"।
ਤੌਕੀਰ: ਜਨਵਰੀ 2020 ਵਿੱਚ ਚਾਂਦ ਬਾਗ ਦੇ ਸਰਵਿਸ ਰੋਡ ਉੱਤੇ ਬਿੰਦਰਾ ਦੇ ਲੰਗਰ ਵਿੱਚ ਸੀਏਏ ਅਤੇ ਐੱਨਆਰਸੀ ਦਾ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਇਆ। ਉੱਥੇ ਜੋ ਭਾਸ਼ਣ ਹੁੰਦੇ ਉਨ੍ਹਾਂ ਵਿੱਚ ਡੀ ਐਸ ਬਿੰਦਰਾ ਅਕਸਰ 1984 ਦੇ ਦੰਗਿਆਂ ਦੀ ਯਾਦ ਕਰਵਾਉਂਦੇ ਹੋਏ ਕਿਹਾ ਕਰਦੇ ਕਿ ਸਰਕਾਰ ਸੀਏਏ ਅਤੇ ਐੱਨਆਰਸੀ ਲਾਗੂ ਕਰਕੇ ਮੁਸਲਿਮ, ਦਲਿਤਾਂ ਨੂੰ ਸਿੱਖਾਂ ਵਾਂਗੂ ਪ੍ਰਤਾੜਿਤ ਕਰਨਾ ਚਾਹੁੰਦੀ ਹੈ। ਉੱਥੇ ਜੋ ਭਾਸ਼ਣ ਦਿੰਦੇ ਸੀ ਉਹ ਸਟੂਡੈਂਟਸ ਜਾਮੀਆ ਜੇਐੱਨਯੂ ਅਤੇ ਡੀਯੂ ਦੇ ਹੁੰਦੇ ਸੀ ਜੋ ਪ੍ਰਦਰਸ਼ਨ ਕਰਨ ਦੇ ਬਾਰੇ ਦੱਸਦੇ ਸਨ।
ਸਲਮਾਨ ਉਰਫ ਗੁੱਡੂ: ਬਿੰਦਰਾ ਨੇ ਕਿਹਾ ਸੀਏਏ, ਐੱਨਆਰਸੀ ਮੁਸਲਿਮ ਭਾਈਚਾਰੇ ਦੇ ਖ਼ਿਲਾਫ਼ ਹੈ। ਜਿਵੇਂ 1984 ਵਿੱਚ ਸਿੱਖਾਂ ਦੇ ਨਾਲ ਹੋਇਆ ਸੀ ਅਜਿਹਾ ਹੀ ਹਾਲ ਕਰਨਗੇ। ਜਾਮੀਆ-ਜੇਐੱਨਯੂ ਦੇ ਮੁੰਡੇ ਕੁੜੀਆਂ ਆਉਂਦੇ ਸੀ ਅਤੇ ਸਟੇਜ ਉੱਤੇ ਆ ਕੇ ਭਾਸ਼ਣ ਦਿੰਦੇ ਸੀ ਅਤੇ ਪ੍ਰੋਟੈਸਟ ਇਵੇਂ ਹੀ ਚਲਦਾ ਰਿਹਾ।
ਇਹ ਗੱਲਾਂ ਤਿੰਨ ਵੱਖੋ ਵੱਖਰੇ ਲੋਕਾਂ ਦੇ ਬਿਆਨਾਂ ਵਿੱਚ ਲਗਪਗ ਇੱਕ ਹੀ ਤਰ੍ਹਾਂ ਨਾਲ ਬਿਆਨ ਕੀਤੀਆਂ ਗਈਆਂ ਹਨ।
ਇਨ੍ਹਾਂ ਬਿਆਨਾਂ ਨੂੰ ''ਐਨਾਲਾਇਜ਼'' ਕਰਕੇ ਦਿੱਲੀ ਪੁਲਿਸ ਕਹਿੰਦੀ ਹੈ, "ਸਲੀਮ ਖਾਨ, ਸਲੀਮ ਮੁੰਨਾ, ਡੀਐੱਸ ਬਿੰਦਰਾ, ਸਲਮਾਨ ਸਿੱਦੀਕੀ, ਡਾ: ਰਿਜ਼ਵਾਨ, ਅਤਹਰ, ਸ਼ਾਦਾਬ, ਰਵੀਸ਼, ਉਪਾਸਨਾ, ਤਬੱਸੁਮ ਇਸ ਪ੍ਰਦਰਸ਼ਨ ਦੇ ਆਯੋਜਕ ਸਨ ਅਤੇ ਲੋਕਾਂ ਨੂੰ ਦੰਗੇ ਭੜਕਾਉਣ ਵਿੱਚ ਸ਼ਾਮਲ ਸਨ।" ਪਰ ਦਿੱਲੀ ਪੁਲੀਸ ਨੇ ਅਜਿਹੇ "ਭੜਕਾਊ ਭਾਸ਼ਣਾਂ" ਦਾ ਕੋਈ ਵੀ ਇਲੈਕਟ੍ਰੋਨਿਕ ਸਬੂਤ ਪੇਸ਼ ਨਹੀਂ ਕੀਤਾ ਹੈ।
ਆਖ਼ਰ ਕਿਸ ਨੇ ਕਾਂਸਟੇਬਲ ਰਤਨ ਲਾਲ ਨੂੰ ਮਾਰਿਆ?
ਰਤਨ ਲਾਲ ਦੇ ਕਤਲ ਦੇ ਮਾਮਲੇ ਵਿਚ ਜਿਨ੍ਹਾਂ 17 ਲੋਕਾਂ ਦੀ ਗ੍ਰਿਫ਼ਤਾਰੀ ਪੁਲਿਸ ਨੇ ਕੀਤੀ ਹੈ, ਇਨ੍ਹਾਂ ਨੂੰ ਸੀਸੀਟੀਵੀ ਫੁਟੇਜ ਦੇ ਆਧਾਰ ਉੱਤੇ ਮੁਲਜ਼ਮ ਬਣਾਇਆ ਗਿਆ ਹੈ। ਪੁਲਿਸ ਦੇ ਮੁਤਾਬਕ ਇਨ੍ਹਾਂ ਦੇ ਹੱਥ ਵਿੱਚ, ਡੰਡੇ, ਰੋਡ ਤੇ ਪੱਥਰ ਸੀ।
ਹੈੱਡ ਕਾਂਸਟੇਬਲ ਰਤਨ ਲਾਲ ਦੀ ਪੋਸਟਮਾਰਟਮ ਦੀ ਰਿਪੋਰਟ ਮੁਤਾਬਕ ਉਨ੍ਹਾਂ ਦੇ ਸਰੀਰ ਉੱਤੇ 21 ਜ਼ਖ਼ਮ ਸਨ। ਉਨ੍ਹਾਂ ਦੀ ਮੌਤ ਜ਼ਿਆਦਾ ਖ਼ੂਨ ਵਗਣ ਨਾਲ ਹੋਈ ਅਤੇ ਇਹ ਉਨ੍ਹਾਂ ਦੇ ਫੇਫੜਿਆਂ ਵਿਚ "ਰਾਈਫਲ ਫਾਇਰਆਰਮ" ਦੇ ਜ਼ਖ਼ਮ ਕਾਰਨ ਹੋਇਆ ਸੀ।
ਪਰ ਪੁਲੀਸ ਦੀ ਸੀਸੀਟੀਵੀ ਫੁਟੇਜ ਦੀ ਡਿਟੇਲ ਮੁਤਾਬਕ ਇਨ੍ਹਾਂ ਵਿੱਚੋਂ ਕਿਸੇ ਦੇ ਵੀ ਹੱਥ ਵਿੱਚ ਰਾਈਫਲ-ਰਿਵਾਲਵਰ ਵਰਗੇ ਹਥਿਆਰ ਨਹੀਂ ਸਨ। ਨਾਲ ਹੀ ਪੁਲੀਸ ਪੂਰੀ ਚਾਰਜਸ਼ੀਟ ਵਿਚ ਕਿਤੇ ਵੀ ਇਹ ਨਹੀਂ ਦੱਸਦੀ ਕਿ ਇਨ੍ਹਾਂ 17 ਲੋਕਾਂ ਵਿੱਚੋਂ ਕਿਸ ਨੇ ਅਤੇ ਕਿਵੇਂ ਕਾਂਸਟੇਬਲ ਰਤਨ ਲਾਲ ਦਾ ਕਤਲ ਕੀਤਾ ਹੈ।
ਅੰਕਿਤ ਸ਼ਰਮਾ ਦਾ ਕਤਲ
ਤਾਹਿਰ ਹੁਸੈਨ ਉਤੇ ਦਿੱਲੀ ਦੰਗਿਆਂ ਨਾਲ ਜੁੜੇ ਕੁੱਲ 11 ਕੇਸ ਚੱਲ ਰਹੇ ਹਨ। ਐੱਫਆਈਆਰ 65-ਅੰਕਿਤ ਸ਼ਰਮਾ ਮਰਡਰ, ਐੱਫਆਈਆਰ 101-ਚਾਂਦ ਬਾਗ ਹਿੰਸਾ ਵਿੱਚ ਅਹਿਮ ਭੂਮਿਕਾ, ਐੱਫਆਈਆਰ 59 -ਦਿੱਲੀ ਦੰਗਿਆਂ ਪਿੱਛੇ ਗੰਭੀਰ ਸਾਜ਼ਿਸ਼ ਹੈ। ਇਹ ਤਿੰਨ ਸਭ ਤੋਂ ਮਹੱਤਵਪੂਰਨ ਮਾਮਲੇ ਹਨ। ਐੱਫਆਈਆਰ 101 ਅਤੇ 65 ਦੋਵੇਂ ਹੀ ਮਾਮਲੇ ਕਾਫ਼ੀ ਮਿਲਦੇ ਜੁਲਦੇ ਹਨ।
ਅੰਕਿਤ ਸ਼ਰਮਾ ਦੇ ਪਿਤਾ ਰਵਿੰਦਰ ਕੁਮਾਰ ਦੀ ਐੱਫਆਈਆਰ ਦੇ ਮੁਤਾਬਕ 25 ਫਰਵਰੀ ਨੂੰ ਸ਼ਾਮ 5 ਵਜੇ ਅੰਕਿਤ ਘਰ ਦਾ ਸਾਮਾਨ ਲੈਣ ਬਾਹਰ ਗਏ ਪਰ ਜਦੋਂ ਉਹ ਕਾਫੀ ਦੇਰ ਤੱਕ ਨਹੀਂ ਆਏ ਤਾਂ ਉਨ੍ਹਾਂ ਦੇ ਘਰ ਵਾਲਿਆਂ ਨੇ ਉਨ੍ਹਾਂ ਦੀ ਭਾਲ ਕਰਨੀ ਸ਼ੁਰੂ ਕੀਤੀ।
ਪਤਾ ਲੱਗਿਆ ਕਿ ਉਹ ਨੇੜੇ ਹੀ ਰਹਿਣ ਵਾਲੇ ਗੁਆਂਢੀ ਕਾਲੂ ਦੇ ਨਾਲ ਬਾਹਰ ਗਏ ਹਨ। ਕਾਲੂ ਤੋਂ ਜਦ ਅੰਕਿਤ ਦੇ ਪਰਿਵਾਰ ਨੇ ਪੁੱਛਿਆ ਤਾਂ ਪਤਾ ਲੱਗਿਆ ਕਿ ਚਾਂਦ ਬਾਗ ਦੀ ਮਸਜਿਦ ਤੋਂ ਕਿਸੇ ਮੁੰਡੇ ਨੂੰ ਮਾਰ ਕੇ ਨਾਲੇ ਵਿੱਚ ਸੁੱਟਿਆ ਗਿਆ ਹੈ।
ਜਦੋਂ ਰਵਿੰਦਰ ਕੁਮਾਰ ਨੇ ਦਿਆਲਪੁਰ ਥਾਣੇ ਨੂੰ ਸੂਚਿਤ ਕੀਤਾ ਤਾਂ ਗੋਤਾਖੋਰਾਂ ਦੀ ਮਦਦ ਨਾਲ ਇੱਕ ਲਾਸ਼ ਕੱਢੀ ਗਈ ਅਤੇ ਉਸ ਦੀ ਪਛਾਣ ਅੰਕਿਤ ਦੇ ਰੂਪ ਵਿੱਚ ਹੋਈ।

ਪੈਰਾਗ੍ਰਾਫ 38 ਵਿੱਚੋਂ ਪੁਲਿਸ ਕੁਝ ਚਸ਼ਮਦੀਦਾਂ ਨਾਲ ਪੁੱਛ-ਗਿੱਛ ਦੇ ਆਧਾਰ ਉੱਤੇ ਕਹਿੰਦੀ ਹੈ, "25 ਫਰਵਰੀ ਨੂੰ ਹਿੰਦੂਆਂ ਦੀ ਇੱਕ ਭੀੜ ਤਾਹਿਰ ਹੁਸੈਨ ਦੇ ਮਕਾਨ ਈ-7, ਖਜੂਰੀ ਖ਼ਾਸ ਤੋਂ ਕੁਝ ਦੂਰੀ ਉੱਤੇ ਖੜ੍ਹੀ ਸੀ। ਮਕਾਨ ਦੇ ਨੇੜੇ 20-25 ਦੀ ਗਿਣਤੀ ਵਿੱਚ ਦੰਗਾਈ ਖੜ੍ਹੇ ਸੀ ਜਿਨ੍ਹਾਂ ਨੇ ਹੱਥਾਂ ਵਿੱਚ ਡੰਡੇ, ਚਾਕੂ ਅਤੇ ਹਥਿਆਰ ਫੜੇ ਹੋਏ ਸਨ।"
"ਅੰਕਿਤ ਭੀੜ ਤੋਂ ਨਿਕਲ ਕੇ ਦੋਵਾਂ ਪਾਸੇ ਦੇ ਲੋਕਾਂ ਨੂੰ ਸ਼ਾਂਤ ਕਰਨ ਦੇ ਇਰਾਦੇ ਨਾਲ ਸਾਹਮਣੇ ਆਏ ਪਰ ਤਾਹਿਰ ਹੁਸੈਨ ਦੇ ਭੜਕਾਏ ਵਿੱਚ ਆ ਕੇ ਭੀੜ ਨੇ ਅੰਕਿਤ ਨੂੰ ਫੜ ਲਿਆ ਅਤੇ ਚਾਂਦ ਬਾਗ ਪੁਲੀ ਦੇ ਸਾਹਮਣੇ ਬੇਕਰ ਕੇਕ ਸ਼ਾਪ ਈ-17, ਨਾਲਾ ਰੋਡ, ਖਜੂਰੀ ਖ਼ਾਸ ਲੈ ਗਏ। ਉਨ੍ਹਾਂ ਉਪਰ ਉੱਥੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਨ੍ਹਾਂ ਦਾ ਕਤਲ ਕੀਤਾ ਗਿਆ ਅਤੇ ਲਾਸ਼ ਨੂੰ ਨਾਲੇ ਵਿੱਚ ਸੁੱਟ ਦਿੱਤਾ ਗਿਆ"।
ਸੱਤ ਚਸ਼ਮਦੀਦ ਗਵਾਹਾਂ ਦੇ ਬਿਆਨਾਂ ਦੇ ਆਧਾਰ ਉੱਤੇ ਪੁਲੀਸ ਨੇ ਇਸ ਘਟਨਾ ਦਾ ਬਿਓਰਾ ਪੇਸ਼ ਕੀਤਾ ਹੈ। ਇਨ੍ਹਾਂ ਵਿੱਚ ਕਾਲੂ ਰਾਮ ਦੇ ਉਸ ਸ਼ਖ਼ਸ ਦਾ ਬਿਆਨ ਵੀ ਦਰਜ ਹੈ, ਜੋ ਅੰਕਿਤ ਦੇ ਘਰ ਦੇ ਨੇੜੇ ਰਹਿੰਦਾ ਹੈ ਅਤੇ ਅੰਕਿਤ ਦੇ ਨਾਲ ਘਟਨਾ ਤੋਂ ਠੀਕ ਪਹਿਲਾਂ ਵੀ ਸੀ।
ਹਾਲਾਂਕਿ ਅੰਕਿਤ ਦੇ ਪਿਤਾ ਰਵਿੰਦਰ ਕੁਮਾਰ ਨੇ ਪੁਲਿਸ ਨੂੰ ਕੀਤੀ ਗਈ ਸ਼ਿਕਾਇਤ ਵਿੱਚ ਕਿਹਾ ਸੀ ਕਿ ਉਨ੍ਹਾਂ ਨੂੰ ਭੀੜ ਨੇ ਦੱਸਿਆ ਕਿ ਚਾਂਦ ਬਾਗ ਦੀ ਮਸਜਿਦ ਵਿੱਚ ਕਿਸੇ ਨੂੰ ਮਾਰ ਕੇ ਸੁੱਟਿਆ ਗਿਆ। ਪਰ ਪੁਲਿਸ ਦੀ ਤਫ਼ਤੀਸ਼ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਕੀ ਉਨ੍ਹਾਂ ਨੇ ਅੰਕਿਤ ਦੇ ਪਿਤਾ ਦੇ ਮਸਜਿਦ ਵਿੱਚ ਅੰਕਿਤ ਨੂੰ ਮਾਰੇ ਜਾਣ ਵਾਲੇ ਦਾਅਵੇ ਦੀ ਪੜਤਾਲ ਕੀਤੀ ਹੈ ਜਾਂ ਨਹੀਂ।
ਜੇ ਹਾਂ ਤਾਂ ਪੁਲਿਸ ਨੂੰ ਕੀ ਮਿਲਿਆ? ਆਮ ਤੌਰ ''ਤੇ ਪਹਿਲਾਂ ਪੁਲਿਸ ਸ਼ਿਕਾਇਤਕਰਤਾ ਦੇ ਦਾਅਵਿਆਂ ਦੀ ਪੜਤਾਲ ਕਰਦੀ ਹੈ।
ਪੁਲਿਸ ਨੇ ਆਪਣੀ ਜਾਂਚ ਵਿੱਚ ਇਹ ਵੀ ਕਿਹਾ ਹੈ ਕਿ ਇਸ ਇਲਾਕੇ ਦੇ ਸੀਸੀਟੀਵੀ ਕੈਮਰੇ ਜਾਂ ਤਾਂ ਕੰਮ ਨਹੀਂ ਕਰ ਰਹੇ ਸੀ ਜਾਂ ਹਿੰਸਾ ਦੇ ਸਮੇਂ ਉਨ੍ਹਾਂ ਨੂੰ ਤੋੜ ਦਿੱਤਾ ਗਿਆ ਸੀ।
12 ਮਾਰਚ 2020 ਦੇ ਇਸ ਮਾਮਲੇ ਵਿਚ ਪੁਲੀਸ ਨੇ 20 ਸਾਲ ਦੇ ਹਸੀਨ ਨਾਮ ਦੇ ਸ਼ਖਸ ਨੂੰ ਗ੍ਰਿਫਤਾਰ ਕੀਤਾ। ਪੁਲੀਸ ਨੇ ਆਪਣੀ ਜਾਂਚ ਵਿਚ ਪਾਇਆ ਕਿ ਉਸ ਨੇ ਫੋਨ ਉਤੇ ਗੱਲਬਾਤ ਦੌਰਾਨ ਇਹ ਕਬੂਲ ਕੀਤਾ ਸੀ ਕਿ ਉਸ ਨੇ ਕਿਸੇ ਨੂੰ ਮਾਰ ਕੇ ਨਾਲੇ ਵਿੱਚ ਸੁੱਟਿਆ ਹੈ। ਰਿਪੋਰਟ ਦੇ ਪੈਰਾਗ੍ਰਾਫ 48 ਮੁਤਾਬਕ ਉਸ ਨੇ ਪੁੱਛਗਿੱਛ ਦੌਰਾਨ ਇਹ ਕਬੂਲ ਕੀਤਾ ਹੈ ਕਿ ਕਤਲ ਉਸ ਨੇ ਇਕੱਲੇ ਨੇ ਕੀਤਾ ਹੈ।
ਪਰ ਇਸ ਕੇਸ ਵਿੱਚ ਇੱਕ ਹੋਰ ਚਸ਼ਮਦੀਦ ਗਵਾਹ ਨੇ ਪੁਲਿਸ ਨੂੰ ਦਿੱਤੇ ਗਏ ਬਿਆਨ ਵਿੱਚ ਕਿਹਾ ਹੈ ਕਿ ਇਲਾਕੇ ਦੇ ਕੌਂਸਲਰ ਤਾਹਿਰ ਹੁਸੈਨ, ਅੰਕਿਤ ਸ਼ਰਮਾ ਦੇ ਕਤਲ ਦੇ ਸਮੇਂ ਮੌਜੂਦ ਸਨ ਅਤੇ ਲੋਕਾਂ ਨੂੰ ਕਤਲ ਦੇ ਲਈ ਉਕਸਾਇਆ ਜਿਸ ਤੋਂ ਬਾਅਦ ਹਸੀਨ ਦੇ ਨਾਲ ਮਿਲ ਕੇ ਅਨਸ, ਜਾਵੇਦ, ਸ਼ੋਇਬ ਆਲਮ, ਗੁਲਫ਼ਾਮ ਅਤੇ ਫ਼ਿਰੋਜ਼ ਨੇ ਅੰਕਿਤ ਸ਼ਰਮਾ ਦਾ ਕਤਲ ਕੀਤਾ।

ਤਾਹਿਰ ਹੁਸੈਨ ਦੇ ਦੰਗੇ ਇਉਂ ਅਤੇ ਅੰਕਿਤ ਸ਼ਰਮਾ ਦੇ ਕਤਲ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਪੁਲਿਸ ਦੋ ਗੱਲਾਂ ਮੁੱਖ ਤੌਰ ''ਤੇ ਕਹਿ ਰਹੀ ਹੈ:
1. ਤਾਹਿਰ ਹੁਸੈਨ ਦੇ ਮਕਾਨ ਨੰਬਰ ਈ-7 ਖਜੂਰੀ ਖ਼ਾਸ, ਮੇਨ ਕਰਾਵਲ ਨਗਰ ਵਿੱਚ ਫੋਰੈਂਸਿਕ ਟੀਮ ਨੂੰ ਪੱਥਰ ਇੱਟਾਂ ਦੇ ਟੋਟੇ, ਟੁੱਟੀਆਂ ਹੋਈਆਂ ਬੋਤਲਾਂ, ਬੋਤਲਾਂ ਵਿੱਚ ਤੇਜ਼ਾਬ ਅਤੇ ਪੈਟਰੋਲ ਬੰਬ ਮਿਲੇ। ਤਾਹਿਰ ਹੁਸੈਨ ਦੇ ਮਕਾਨ ਦੀ ਛੱਤ ਤੋਂ ਦੰਗਾਈਆਂ ਨੇ ਤੇਜ਼ਾਬ ਦੀਆਂ ਬੋਤਲਾਂ, ਪੈਟਰੋਲ ਬੰਬ ਅਤੇ ਪੱਥਰ ਸੁੱਟੇ। ਇਸ ਮਕਾਨ ਦੀ ਪਹਿਲੀ ਮੰਜ਼ਿਲ ਉਤੇ ਉਨ੍ਹਾਂ ਦਾ ਦਫ਼ਤਰ ਸੀ। ਇਸ ਮਕਾਨ ਦੀ ਛੱਤ ਨੂੰ ਲਾਂਚਿੰਗ ਪੈਡ ਦੀ ਤਰ੍ਹਾਂ ਇਸਤੇਮਾਲ ਕੀਤਾ ਗਿਆ ਤੇ ਤਾਹਿਰ ਹੁਸੈਨ ਦੇ ਘਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।
2. ਤਾਹਿਰ ਹੁਸੈਨ ਨੇ 7 ਜਨਵਰੀ ਨੂੰ ਆਪਣਾ ਲਾਇਸੈਂਸੀ ਪਿਸਤੌਲ ਖਜੂਰੀ ਖਾਸ ਥਾਣਾ ਵਿੱਚ ਜਮ੍ਹਾਂ ਕੀਤਾ ਸੀ, 22 ਫਰਵਰੀ ਭਾਵ ਹਿੰਸਾ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਨੇ ਖਜੂਰੀ ਖਾਸ ਥਾਣੇ ਤੋਂ ਆਪਣਾ ਪਿਸਤੌਲ ਕਢਵਾਇਆ ਸੀ। ਪਿਸਤੌਲ ਉਨ੍ਹਾਂ ਨੇ ਕਿਉਂ ਕਢਵਾਇਆ ਇਸ ਦਾ ਸੰਤੋਸ਼ਜਨਕ ਜਵਾਬ ਤਾਹਿਰ ਵਲੋਂ ਨਹੀਂ ਮਿਲਿਆ। ਇਸ ਪਿਸਤੌਲ ਦੇ 100 ਕਾਰਤੂਸਾਂ ਵਿੱਚੋਂ 22 ਇਸਤੇਮਾਲ ਕੀਤੇ ਗਏ ਅਤੇ 14 ਦਾ ਪਤਾ ਨਹੀਂ ਹੈ।
ਅੰਕਿਤ ਸ਼ਰਮਾ ਦੀ ਪੋਸਟਮਾਰਟਮ ਰਿਪੋਰਟ ਕਹਿੰਦੀ ਹੈ ਕਿ ਉਨ੍ਹਾਂ ਦੇ ਸਰੀਰ ਉੱਤੇ ਜ਼ਖ਼ਮ ਦੇ 51 ਨਿਸ਼ਾਨ ਸਨ ਜੋ ਚਾਕੂ ਡੰਡੇ ਜਾਂ ਤੇਜਧਾਰ ਹਥਿਆਰਾਂ ਨਾਲ ਕੀਤੇ ਗਏ ਸਨ। ਅੰਕਿਤ ਦੇ ਸਰੀਰ ਉਤੇ ਗੋਲੀਆਂ ਦਾ ਕੋਈ ਨਿਸ਼ਾਨ ਨਹੀਂ ਮਿਲਿਆ।
ਆਪਣੀ ਇਸ ਜਾਂਚ ਦੇ ਪੈਰਾਗ੍ਰਾਫ 54 ਵਿਚੋਂ ਪੁਲੀਸ ਤਾਹਿਰ ਹੁਸੈਨ ਦੇ ਕਾਲ ਡਾਟਾ ਦੇ ਆਧਾਰ ''ਤੇ ਕਹਿੰਦੀ ਹੈ ਕਿ ਉਨ੍ਹਾਂ ਨੇ 24 ਫਰਵਰੀ ਤੋਂ 25 ਫਰਵਰੀ ਦੇ ਵਿਚਕਾਰ ਕਈ ਵਾਰ ਦਿੱਲੀ ਪੁਲੀਸ ਦੀ ਪੀਸੀਆਰ ਵੈਨ ਨੂੰ ਕਾਲ ਕੀਤਾ ਸੀ। 24 ਫਰਵਰੀ ਤੋਂ ਦੁਪਹਿਰ 2.50 ਵਜੇ ਤੋਂ ਸ਼ਾਮ 6 ਵਜੇ ਦੇ ਵਿਚਕਾਰ 6 ਵਾਰ ਪੀਸੀਆਰ ਨੂੰ ਫੋਨ ਕੀਤਾ ਅਤੇ 25 ਫਰਵਰੀ ਨੂੰ 3.50 ਤੋਂ ਲੈ ਕੇ 4.35 ਦੇ ਵਿਚਕਾਰ 6 ਵਾਰ ਪੀਸੀਆਰ ਨੂੰ ਤਾਹਿਰ ਹੁਸੈਨ ਦੇ ਨੰਬਰ ਤੋਂ ਕਾਲ ਕੀਤਾ ਗਿਆ।
24 ਫਰਵਰੀ ਨੂੰ ਕੀਤੀਆਂ ਗਈਆਂ ਛੇ ਕਾਲਾਂ ਵਿੱਚੋਂ ਚਾਰ ਕੋਲ ਹੀ ਪੀਸੀਆਰ ਵਿੱਚ ਲੱਗ ਸਕੀਆਂ। ਜਿਨ੍ਹਾਂ ਵਿਚੋਂ ਤਿੰਨ ਕਾਲਾਂ ਨੂੰ ਦਿਆਲਪੁਰਾ ਪੁਲੀਸ ਸਟੇਸ਼ਨ ਨੂੰ ਕੁਨੈੱਕਟ ਕੀਤਾ ਗਿਆ।
ਐਮਰਜੈਂਸੀ ਅਫ਼ਸਰ ਦਾ ਕਹਿਣਾ ਹੈ ਕਿ ਘਟਨਾ ਵਾਲੀ ਥਾਂ ਉਤੇ ਭਾਰੀ ਭੀੜ ਜਮ੍ਹਾਂ ਸੀ ਅਤੇ ਪੁਲੀਸ ਤਾਕਤ ਗਿਣਤੀ ਵਿਚ ਘੱਟ ਸੀ ਇਸ ਲਈ ਉਹ ਤਾਹਿਰ ਹੁਸੈਨ ਦੀ ਐਮਰਜੈਂਸੀ ਕਾਲ ਉੱਤੇ ਨਹੀਂ ਪਹੁੰਚ ਸਕੇ। ਜਦ ਕਾਫੀ ਦੇਰ ਰਾਤ ਪੁਲਿਸ ਤਾਹਿਰ ਹੁਸੈਨ ਦੇ ਮਕਾਨ ਉਤੇ ਪਹੁੰਚੀ ਤਾਂ ਦੇਖਿਆ ਕਿ ਆਸੇ ਪਾਸੇ ਦੀਆਂ ਦੁਕਾਨਾਂ ਵਿੱਚ ਅੱਗ ਲੱਗੀ ਹੋਈ ਹੈ ਤੇ ਤਾਹਿਰ ਹੁਸੈਨ ਦਾ ਘਰ ਬਚਿਆ ਹੋਇਆ ਹੈ।
ਆਪਣੇ ਮਕਾਨ ਦੇ ਸਾਹਮਣੇ ਤਾਹਿਰ ਹੁਸੈਨ ਖੜ੍ਹੇ ਮਿਲੇ। ਪੁਲਿਸ ਅੱਗੇ ਕਹਿੰਦੀ ਹੈ, "ਇਸ ਨੂੰ ਦੇਖ ਕੇ ਲੱਗਦਾ ਹੈ ਕਿ ਤਾਹਿਰ ਹੁਸੈਨ ਦੰਗਾ ਕਰਨ ਵਾਲਿਆਂ ਦੇ ਨਾਲ ਮੌਜੂਦ ਸੀ ਤੇ ਉਨ੍ਹਾਂ ਨੇ ਜਾਣ-ਬੁੱਝ ਕੇ ਪੀਸੀਆਰ ਨੂੰ ਫੋਨ ਕੀਤਾ ਤਾਂ ਕਿ ਕਾਨੂੰਨ ਤੋਂ ਬਚ ਜਾਣ।"
ਆਪਣੀ ਗ੍ਰਿਫਤਾਰੀ ਤੋਂ ਪਹਿਲਾਂ ਤਾਹਿਰ ਹੁਸੈਨ ਨੇ ਇੱਕ ਵੀਡੀਓ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਉਹ ਉਸ ਘਰ ਵਿੱਚ ਨਹੀਂ ਰਹਿੰਦੇ ਸੀ ਜਿਸ ਦੀ ਛੱਤ ਉੱਤੇ ਬੋਤਲਾਂ ਅਤੇ ਪੱਥਰ ਬਰਾਮਦ ਹੋਏ ਹਨ, ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਦੰਗੇ ਰੁਕਵਾਉਣ ਲਈ ਕਈ ਵਾਰ ਪੁਲਿਸ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨਹੀਂ ਆਈ। ਉਹ ਖ਼ੁਦ ਨੂੰ ਬੇਕਸੂਰ ਮੰਨਦੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਸਾਜ਼ਿਸ਼ ਦੇ ਤਹਿਤ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਫਸਾਇਆ ਗਿਆ ਹੈ।

ਇਹ ਵੀ ਪੜ੍ਹੋ:
- ਕਿਵੇਂ 6 ਭਰਾਵਾਂ ਨੇ ਆਪਣੇ ਸ਼ੇਰਾਂ ਨਾਲ ਦਹਿਸ਼ਤ ਮਚਾਈ ਤੇ ਕਤਲੇਆਮ ਕੀਤਾ
- ਜੱਗੀ ਜੌਹਲ : ''''ਅੰਤਾਂ ਦੇ ਤਸ਼ੱਦਦ ਨਾਲ ਮੇਰੇ ਤੋਂ ਕੋਰੇ ਕਾਗਜ਼ ਤੇ ਦਸਤਖ਼ਤ ਕਰਵਾਏ ਅਤੇ ਲਾਈਨਾਂ ਕੈਮਰੇ ''ਤੇ ਬੁਲਾਈਆਂ''''
- ਲਾਲ ਕਿਲੇ ਦੀ ਘਟਨਾ ਤੋਂ ਬਾਅਦ ਕੇਸਰੀ ਨਿਸ਼ਾਨ ਬਾਰੇ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਸਵਾਲਾਂ ਦੇ ਜਵਾਬ
https://www.youtube.com/watch?v=Fv_9RB3OYfI
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''b9cf4748-86b3-4c8b-80dc-6a0337c8be12'',''assetType'': ''STY'',''pageCounter'': ''punjabi.india.story.56154977.page'',''title'': ''ਦਿੱਲੀ ਦੰਗੇ: ਇੱਕ ਸਾਲ ਬਾਅਦ ਕੌਣ ਹਨ ਗ੍ਰਿਫ਼ਤਾਰ ਤੇ ਚਾਰਜਸ਼ੀਟ ਵਿੱਚ ਕੀ ਹੈ'',''author'': ''ਕੀਰਤੀ ਦੁਬੇ'',''published'': ''2021-02-23T05:37:15Z'',''updated'': ''2021-02-23T05:37:15Z''});s_bbcws(''track'',''pageView'');