ਭਾਰਤੀ ਹਿਰਾਸਤ ਕੇਂਦਰ ਵਿੱਚ ਬੰਦ 5 ਪਾਕਿਸਤਾਨੀਆਂ ਦੀ ਮੌਤ ਕਿਵੇਂ ਹੋਈ

02/21/2021 8:49:42 PM

ਬਾਰਡਰ, ਭਾਰਤ, ਪਾਕਿਤਸਾਨ
Getty Images
ਬੀਤੇ ਕਰੀਬ ਤਿੰਨ ਮਹੀਨਿਆਂ ਤੋਂ ਪੰਜ ਕਥਿਤ ਪਾਕਿਸਤਾਨੀ ਨਾਗਰਿਕ ਜੋ ਮਾਨਸਿਕ ਰੋਗੀ ਸਨ, ਦੀ ਮੌਤ ਹੋਈ ਹੈ

''ਖ਼ਾਲਿਦ ਨਹੀਂ ਰਿਹਾ? ਕੀ ਤੁਸੀਂ ਯਕੀਨੀ ਤੌਰ ''ਤੇ ਇਹ ਕਹਿ ਰਹੇ ਹੋ?'' ਮਨੋਵਿਗਿਆਨੀ ਮਹੇਸ਼ ਤਿਲਵਾਨੀ ਨੇ ਹੈਰਾਨ ਹੁੰਦਿਆਂ ਇਹ ਪੁੱਛਿਆ।

ਬੀਬੀਸੀ ਦੀ ਟੀਮ ਪਿਛਲੇ ਮਹੀਨੇ ਖ਼ਾਲਿਦ ਨਾਮ ਦੇ ਇੱਕ ਦਿਮਾਗ਼ੀ ਮਰੀਜ਼ ਬਾਰੇ ਪਤਾ ਲਾਉਣ ਲਈ ਉਨ੍ਹਾਂ ਦੇ ਹਸਪਤਾਲ ਗਈ ਸੀ।

ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਭੁੱਜ ਸ਼ਹਿਰ ਵਿੱਚ ਇੱਕ ਹਿਰਾਸਤ ਕੇਂਦਰ ਹੈ, ਜਿਸ ਨੂੰ ਜੁਆਇੰਟ ਇੰਟੈਰੋਗੇਸ਼ਨ ਸੈਂਟਰ ਜਾਂ ਜੇਆਈਸੀ ਕਿਹਾ ਜਾਂਦਾ ਹੈ।

ਇੱਥੇ ਬੀਤੇ ਕਰੀਬ ਤਿੰਨ ਮਹੀਨਿਆਂ ਤੋਂ ਪੰਜ ਕਥਿਤ ਪਾਕਿਸਤਾਨੀ ਨਾਗਰਿਕ ਜੋ ਮਾਨਸਿਕ ਰੋਗੀ ਸਨ, ਦੀ ਮੌਤ ਹੋਈ ਹੈ।

ਇਨ੍ਹਾਂ ਸਾਰਿਆਂ ਵਿੱਚ ਸਭ ਤੋਂ ਅਖ਼ੀਰ ਵਿੱਚ ਮਰਨ ਵਾਲੇ ਖ਼ਾਲਿਦ ਦੀ ਮੌਤ 13 ਜਨਵਰੀ ਨੂੰ ਹੋਈ ਸੀ।

ਇਹ ਵੀ ਪੜ੍ਹੋ:

ਡਾ. ਤਿਲਵਾਨੀ ਲੰਬੇ ਸਮੇਂ ਤੋਂ ਖ਼ਾਲਿਦ ਅਤੇ ਜੇਆਈਸੀ ਦੀ ਹਿਰਾਸਤ ਵਿਚਲੇ ਦੂਜੇ ਕਥਿਤ ਪਾਕਿਸਤਾਨੀ ਲੋਕਾਂ ਦਾ ਇਲਾਜ ਕਰ ਰਹੇ ਸਨ।

ਡਾ. ਤਿਲਵਾਨੀ ਕਹਿੰਦੇ ਹਨ ਕਿ ਉਹ ਖ਼ਾਲਿਦ ਨੂੰ ਕਾਫ਼ੀ ਚੰਗੀ ਤਰ੍ਹਾਂ ਜਾਣਦੇ ਸਨ।

"ਮੈਂ ਇਹ ਸੁਣ ਕੇ ਹੈਰਾਨ ਹਾਂ। ਤੁਹਾਨੂੰ ਪਤਾ ਹੈ ਮੈਂ ਕਿਉਂ ਹੈਰਾਨ ਹਾਂ ਕਿਉਂਕਿ ਉਹ ਬਹੁਤ ਹੀ ਜਵਾਨ ਸੀ। ਉਨ੍ਹਾਂ ਦੀ ਉਮਰ ਕਰੀਬ 40 ਸਾਲ ਸੀ।"

ਭਾਰਤ ਸਰਕਾਰ ਦਾ ਦਾਅਵਾ ਹੈ ਕਿ ਜਦੋਂ ਇਨ੍ਹਾਂ ਪੰਜ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਤਾਂ ਇਹ ਸਾਰੇ ਲੋਕ ਦਿਮਾਗ਼ੀ ਤੌਰ ''ਤੇ ਕਮਜ਼ੋਰ ਸਨ ਅਤੇ ਭਾਰਤ- ਪਾਕਿਸਤਾਨ ਸਰਹੱਦ ਦੇ ਬਹੁਤ ਨਜ਼ਦੀਕ ਸਨ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਸਾਰੇ ਗ੍ਰਿਫ਼ਤਾਰੀ ਤੋਂ ਪਹਿਲਾਂ ਜਿਹੜੀਆਂ ਬੀਮਾਰੀਆਂ ਤੋਂ ਪੀੜਤ ਸਨ ਉਨ੍ਹਾਂ ਦੇ ਕਾਰਨ ਹੀ ਇਨ੍ਹਾਂ ਦੀ ਮੌਤ ਹੋਈ ਹੈ ਜਾਂ ਫ਼ਿਰ ਉਹ ਕੁਦਰਤੀ ਕਾਰਨਾਂ ਨਾਲ ਮਰੇ ਹਨ।

ਬੀਬੀਸੀ ਸੁਤੰਤਰ ਤੌਰ ''ਤੇ ਇਨ੍ਹਾਂ ਦਾਅਵਿਆਂ ਦੀ ਤਸਦੀਕ ਨਹੀਂ ਕਰ ਸਕਿਆ।

ਕੌਣ ਸਨ ਇਹ ਕੈਦੀ

ਇਹ ਨਜ਼ਰਬੰਦੀ ਕੇਂਦਰ ਜ਼ਿਲ੍ਹਾ ਕੱਛ ਦੇ ਪੁਲਿਸ ਕਪਤਾਨ (ਐੱਸਪੀ) ਸੌਰਭ ਸਿੰਘ ਦੇ ਅਧੀਨ ਆਉਂਦਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ, ''''ਇਨ੍ਹਾਂ ਕੈਦੀਆਂ ਨੂੰ ਬੀਐੱਸਐੱਫ਼ ਨੇ ਸਰਹੱਦ ਤੋਂ ਵੱਖ-ਵੱਖ ਥਾਵਾਂ ਤੋਂ ਫ਼ੜਿਆ ਸੀ। ਇਹ ਭਾਰਤੀ ਸਰਹੱਦ ਦੇ ਬਹੁਤ ਨੇੜੇ ਆਏ ਸਨ ਜਾਂ ਉਹ ਸ਼ਾਇਦ ਸੀਮਾ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਹ ਲੋਕ ਪਿਛਲੇ ਦੱਸ ਜਾਂ ਬਾਰਾਂ ਸਾਲਾਂ ਵਿੱਚ ਫ਼ੜੇ ਗਏ ਸਨ।''''

ਬਾਰਡਰ, ਭਾਰਤ, ਪਾਕਿਤਸਾਨ
BBC

ਖ਼ਾਲਿਦ ਦੀ ਮੌਤ ਨਾਲ ਪਹਿਲਾਂ 60 ਸਾਲਾ ਕਰੀਮ ਦੀ ਮੌਤ 11 ਜਨਵਰੀ, 2021 ਨੂੰ ਹੋਈ ਸੀ। ਉਹ 2013 ਤੋਂ ਜੇਆਈਸੀ ਦੀ ਹਿਰਾਸਤ ਵਿੱਚ ਸਨ।

32 ਸਾਲ ਦੇ ਜਾਵੇਦ ਯਕੀਮ ਦੀ ਮੌਤ ਦਸੰਬਰ, 2020 ਵਿੱਚ ਹੋਈ ਸੀ।

45 ਸਾਲ ਦੇ ਮੁਨੱਵਰ ਦੀ ਮੌਤ 19 ਨਵੰਬਰ, 2020 ਨੂੰ ਹੋਈ ਸੀ। ਉਹ 2014 ਤੋਂ ਜੇਆਈਸੀ ਦੀ ਹਿਰਾਸਤ ਵਿੱਚ ਸਨ।

50 ਸਾਲ ਦੇ ਪਰਵੇਜ਼ ਦੀ ਮੌਤ ਚਾਰ ਨਵੰਬਰ ਨੂੰ ਹੋਈ। ਉਨ੍ਹਾਂ ਨੂੰ 2016 ਵਿੱਚ ਕੱਛ ਸਰਹੱਦ ਤੋਂ ਫ਼ੜਿਆ ਗਿਆ ਸੀ।

ਜੇਆਈਸੀ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਮੁਨੀਰ ਨਾਮ ਦੇ ਵਿਅਕਤੀ ਨੂੰ ਕੋਵਿਡ-19 ਦੀ ਲਾਗ਼ ਲੱਗੀ ਸੀ। ਅਧਿਕਾਰੀਆਂ ਮੁਤਾਬਕ ਉਨ੍ਹਾਂ ਪੰਜਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ।

ਬੀਬੀਸੀ ਨੇ ਇਨ੍ਹਾਂ ਲੋਕਾਂ ਦੇ ਨਾਮ ਬਦਲ ਦਿੱਤੇ ਹਨ ਕਿਉਂਕਿ ਇਹ ਪਤਾ ਨਹੀਂ ਹੈ ਕਿ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਮੌਤ ਦੀ ਜਾਣਕਾਰੀ ਦਿੱਤੀ ਗਈ ਹੈ ਜਾਂ ਨਹੀਂ।

ਇਨ੍ਹਾਂ ਵਿੱਚੋਂ ਤਿੰਨ ਲੋਕਾਂ ਦੀਆਂ ਲਾਸ਼ਾਂ ਸੈਂਟਰ (ਜੇਆਈਸੀ) ਤੋਂ 250 ਕਿਲੋਮੀਟਰ ਦੂਰ ਗੁਜਰਾਤ ਦੇ ਜਾਮਨਗਰ ਦੇ ਇੱਕ ਮੁਰਦਾਘਰ ਵਿੱਚ ਰੱਖੀਆਂ ਹੋਈਆਂ ਹਨ।

ਹਾਲਾਂਕਿ ਭਾਰਤੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਰਵੇਜ਼ ਨਾਮ ਦੇ ਵਿਅਕਤੀ ਦੀ ਲਾਸ਼ ਨੂੰ ਪਾਕਿਸਤਾਨ ਭੇਜ ਦਿੱਤਾ ਗਿਆ ਹੈ ਜਦੋਂਕਿ ਪਾਕਿਸਤਾਨੀ ਸਰਕਾਰ ਨੇ ਬੀਬੀਸੀ ਨੂੰ ਹਾਲੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।

ਉੰਝ ਤਾਂ ਖ਼ਾਲਿਦ ਦਾ ਵੀ ਇਲਾਜ਼ ਚੱਲ ਰਿਹਾ ਸੀ ਪਰ ਇਸ ਗੱਲ ਦਾ ਪਤਾ ਨਹੀਂ ਚੱਲ ਸਕਿਆ ਕਿ ਉਨ੍ਹਾਂ ਨੂੰ ਕਿਹੜਾ ਮਾਨਸਿਕ ਰੋਗ ਸੀ।

ਉਨ੍ਹਾਂ ਦੀ ਮੌਤ 13 ਜਨਵਰੀ ਨੂੰ ਭੁੱਜ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਹੋਈ ਸੀ। ਉਨ੍ਹਾਂ ਨੂੰ ਸਾਲ 2009 ਵਿੱਚ ਕੱਛ ਦੇ ਇੱਕ ਸਰਹੱਦੀ ਇਲਾਕੇ ਤੋਂ ਹਿਰਾਸਤ ਵਿੱਚ ਲਿਆ ਗਿਆ ਸੀ।

ਸੂਤਰਾਂ ਅਤੇ ਮੀਡੀਆ ਰਿਪੋਰਟਾਂ ਮੁਤਾਬਕ ਉਹ ਪਾਕਿਸਤਾਨ ਦੇ ਸਿੰਧ ਸੂਬੇ ਦੇ ਬਦੀਨ ਇਲਾਕੇ ਦੇ ਰਹਿਣ ਵਾਲੇ ਸਨ, ਜੋ ਕੌਮਾਂਤਰੀ ਸਰਹੱਦ ਤੋਂ ਮਹਿਜ਼ ਚਾਰ ਕਿਲੋਮੀਟਰ ਹੀ ਦੂਰ ਹੈ।

ਹਾਲਾਂਕਿ ਭਾਰਤੀ ਅਧਿਾਕਰੀ ਇਨ੍ਹਾਂ ਲੋਕਾਂ ਦੇ ਮੂਲ ਨਿਵਾਸ ਬਾਰੇ ਜਾਣਕਾਰੀ ਨੂੰ ਖ਼ੂਫ਼ੀਆ ਕਰਾਰ ਦਿੰਦਿਆਂ ਇਸ ਬਾਰੇ ਦੱਸਣ ਤੋਂ ਇਨਕਾਰ ਕਰਦੇ ਹਨ।

ਜੇ ਕੈਦੀਆਂ ਦੇ ਪਤੇ ਬਾਰੇ ਨਾ ਪਤਾ ਲਗਿਆ ਤਾਂ....

ਭਾਰਤੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਕਿਸਤਾਨ ਸਰਕਾਰ ਨੂੰ ਇਨ੍ਹਾਂ ਮੌਤਾਂ ਬਾਰੇ ਜਾਣਕਾਰੀ ਦਿੱਤੀ ਜਾ ਚੁੱਕੀ ਹੈ ਪਰ ਭਾਰਤ ਵਿੱਚ ਸਥਿਤ ਪਾਕਿਸਤਾਨ ਦੂਤਾਵਾਸ ਅਤੇ ਇਸਲਾਮਾਬਾਦ ਵਿੱਚ ਵਿਦੇਸ਼ ਵਿਭਾਗ ਦੇ ਦਫ਼ਤਰ ਨੇ ਵੀ ਇਸ ਬਾਰੇ ਕੋਈ ਜਵਾਬ ਨਹੀਂ ਦਿੱਤਾ ਹੈ।

ਅਜਿਹੇ ਮਾਮਲਿਆਂ ਵਿੱਚ ਕਿਸੇ ਵਿਅਕਤੀ ਦਾ ਪਤਾ ਜਾਂ ਪਛਾਣ ਪਤਾ ਨਾ ਹੋ ਸਕੇ ਤਾਂ ਪਾਕਿਸਤਾਨ ਸਰਕਾਰ ਵੱਲੋਂ ਲਾਸ਼ ਸਵਿਕਾਰ ਨਾ ਕਰਨ ਦੀ ਸਥਿਤੀ ਵਿੱਚ ਭਾਰਤ ਸਰਕਾਰ ਮ੍ਰਿਤਕ ਦੇਹ ਨੂੰ ਭਾਰਤ ਵਿੱਚ ਹੀ ਦਫ਼ਨ ਕਰ ਦਿੰਦੀ ਹੈ।

ਬਾਰਡਰ, ਭਾਰਤ, ਪਾਕਿਤਸਾਨ
BBC
ਭਾਰਤੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਕਿਸਤਾਨ ਸਰਕਾਰ ਨੂੰ ਇਨ੍ਹਾਂ ਮੌਤਾਂ ਬਾਰੇ ਜਾਣਕਾਰੀ ਦਿੱਤੀ ਜਾ ਚੁੱਕੀ ਹੈ

ਉਦਾਹਰਣ ਵਜੋਂ ਸਾਲ 2018 ਵਿੱਚ ਇਸੇ ਕੇਂਦਰ ਵਿੱਚ ਹਿਰਾਸਤ ਵਿੱਚ ਰਹਿ ਰਹੇ ਇੱਕ ਦਿਮਾਗੀ ਤੌਰ ''ਤੇ ਕਮਜ਼ੋਰ ਕਥਿਤ ਪਾਕਿਸਤਾਨੀ ਦੀ ਮੌਤ ਹੋਈ ਸੀ। ਭਾਰਤੀ ਗ੍ਰਹਿ ਵਿਭਾਗ ਮੁਤਾਬਕ ਪਾਕਿਸਤਾਨ ਉਨ੍ਹਾਂ ਦੀ ਨਾਗਰਿਕਤਾ ਦੀ ਪੁਸ਼ਟੀ ਨਹੀਂ ਕਰ ਸਕਿਆ ਅਤੇ ਉਨ੍ਹਾਂ ਦੀ ਲਾਸ਼ ਨੂੰ ਸਵਿਕਾਰ ਕਰਨ ਤੋਂ ਇਨਕਾਰ ਕਰ ਦਿੱਤਾ।

ਇਸ ਲਈ ਉਸ ਵਿਅਕਤੀ ਦੀ ਲਾਸ਼ ਨੂੰ ਭੁੱਜ ਵਿੱਚ ਹੀ ਇੱਕ ਕਬਰਿਸਤਾਨ ਵਿੱਚ ਧਾਰਮਿਕ ਰੀਤੀ-ਰਿਵਾਜ਼ਾਂ ਨਾਲ ਦਫ਼ਨਾਇਆ ਗਿਆ ਸੀ।

ਭਾਰਤ ਵਿੱਚ ਬੰਦ ਪਾਕਿਸਤਾਨੀ ਨਾਗਰਿਕਾਂ ਦੀ ਇੱਕ ਸੂਚੀ ਸਾਲ 2019 ਵਿੱਚ ਪਾਕਿਸਤਾਨ ਨੂੰ ਸੌਂਪੀ ਗਈ ਸੀ। ਉਸ ਸੂਚੀ ਮੁਤਾਬਕ ਭਾਰਤੀ ਕੈਦ ਵਿੱਚ 249 ਪਾਕਿਸਤਾਨੀ ਨਾਗਰਿਕ ਹਨ ਅਤੇ ਪਾਕਿਸਤਾਨ ਦੀ ਹਿਰਾਸਤ ਵਿੱਚ 537 ਭਾਰਤੀ ਨਾਗਰਿਕ ਹਨ।

ਭਾਰਤ ਅਤੇ ਪਾਕਿਸਤਾਨ ਦਰਮਿਆਨ ਬਿਹਤਰ ਸਬੰਧਾਂ ਲਈ ਕੰਮ ਕਰਨ ਵਾਲੀ ਇੱਕ ਸੰਸਥਾ ਆਗਾਜ਼-ਏ-ਦੋਸਤੀ ਦੁਆਰਾ ਪ੍ਰਾਪਤ ਕੀਤੀ ਗਈ ਸੂਚੀ ਤੋਂ ਪਤਾ ਲਗਦਾ ਹੈ ਕਿ ਉਨ੍ਹਾਂ ਵਿੱਚ ਜ਼ਿਆਦਾਤਰ ਮਛੇਰੇ ਹਨ, ਜਿਨ੍ਹਾਂ ਨੂੰ ਗੁਜਰਾਤ ਅਤੇ ਸਿੰਧ ਵਿੱਚ ਦੋਵਾਂ ਦੇਸਾਂ ਦੀਆਂ ਜਲ ਸੈਨਾਵਾਂ ਨੇ ਹਿਰਾਸਤ ਵਿੱਚ ਲਿਆ ਸੀ।

ਹਾਲਾਂਕਿ ਗੁਜਰਾਤ ਅਤੇ ਸਿੰਧ ਦੇ ਕੰਢੇ ''ਤੇ ਵਿਵਾਦਿਤ ਸਰ ਕ੍ਰੀਕ ਇਲਾਕੇ ਵਿੱਚ ਦੋਵਾਂ ਦੇਸਾਂ ਦੇ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਆਮ ਗੱਲ ਹੈ ਪਰ ਇਨ੍ਹਾਂ ਪੰਜਾਂ ਮ੍ਰਿਤਕਾਂ ਨੂੰ ਗੁਜਰਾਤ ਅਤੇ ਸਿੰਧ ਵਿਚਲੀ ਜ਼ਮੀਨੀ ਸਰਹੱਦ ਤੋਂ ਹਿਰਾਸਤ ਵਿੱਚ ਲਿਆ ਗਿਆ ਸੀ।

ਗੁਜਰਾਤ ਵਿੱਚ ਬਾਰਡਰ ਰੇਂਜ ਵਿੱਚ ਸਾਬਕਾ ਇੰਸਪੈਕਟਰ ਜਨਰਲ ਏਕੇ ਜਡੇਜਾ ਨੇ ਦੱਸਿਆ ਕਿ ਪਹਿਲਾਂ-ਪਾਕਿਸਤਾਨ ਕੌਂਮਾਤਰੀ ਸਰਹੱਦ ''ਤੇ ਤਸਕਰੀ ਆਮ ਸੀ।

"ਸੋਨੇ, ਚਾਂਦੀ ਅਤੇ ਖ਼ਾਦ ਪਦਾਰਥਾਂ ਦੀ ਤਸਕਰੀ ਹੁੰਦੀ ਸੀ। ਇੱਕ ਜ਼ਮਾਨੇ ਵਿੱਚ ਪਾਨ ਦੇ ਪੱਤਿਆਂ ਦੀ ਵੀ ਤਸਕਰੀ ਕੀਤੀ ਜਾਂਦੀ ਸੀ। ਉਸ ਸਮੇਂ ਜ਼ਮੀਨੀ ਸਰਹੱਦ ''ਤੇ ਕੋਈ ਤਾਰਬੰਦੀ ਨਹੀਂ ਸੀ, ਸਿਰਫ਼ ਖੰਬੇ ਸਨ। ਪਰ ਚੀਜ਼ਾਂ ਹੁਣ ਕਾਫ਼ੀ ਬਦਲ ਗਈਆਂ ਹਨ। ਕੁਝ ਕਿਲੋਮੀਟਰ ਦੇ ਇਲਾਵਾ ਭਾਰਤ ਨੇ ਪਾਕਿਸਤਾਨ ਦੇ ਨਾਲ ਲੱਗਦੀ ਆਪਣੀ ਸਰਹੱਦ ''ਤੇ ਕੰਡਿਆਲੀ ਤਾਰ ਵਿਛਾ ਦਿੱਤੀ ਹੈ।"

ਉਨ੍ਹਾਂ ਅੱਗੇ ਕਿਹਾ, "ਇਸ ਦੇ ਨਾਲ ਹੀ ਸਰਹੱਦ ''ਤੇ ਨਿਗਰਾਨੀ ਤੇਜ਼ ਕਰ ਦਿੱਤੀ ਗਈ ਹੈ ਜਿਸਦੇ ਕਾਰਨ ਗ਼ਲਤੀ ਨਾਲ ਸਰਹੱਦ ਪਾਰ ਕਰਨ ਦੀਆਂ ਘਟਨਾਵਾਂ ਕਾਫ਼ੀ ਘੱਟ ਗਈਆਂ ਹਨ।"

ਏਕੇ ਜਡੇਜਾ ਨੇ ਕਿਹਾ, ''''ਮੇਰੇ ਖ਼ਿਆਲ ਨਾਲ ਦੋਵਾਂ ਪਾਸਿਆਂ ਤੋਂ ਖ਼ਾਸ ਕਰ ਜ਼ਹਿਨੀ ਤੌਰ ''ਤੇ ਕਮਜ਼ੋਰ ਲੋਕ ਸਰਹੱਦ ਦੇ ਨੇੜੇ ਘੁੰਮਦੇ ਸਨ ਜਾਂ ਉਸ ਨੂੰ ਪਾਰ ਕਰ ਲੈਂਦੇ ਸਨ ਅਤੇ ਫ਼ੜੇ ਜਾਂਦੇ ਸਨ।"

ਡਾ. ਤਿਲਵਾਨੀ
BBC
ਡਾ. ਤਿਲਵਾਨੀ ਲੰਬੇ ਸਮੇਂ ਤੋਂ ਖ਼ਾਲਿਦ ਅਤੇ ਜੇਆਈਸੀ ਦੀ ਹਿਰਾਸਤ ਵਿਚਲੇ ਦੂਜੇ ਕਥਿਤ ਪਾਕਿਸਤਾਨੀ ਲੋਕਾਂ ਦਾ ਇਲਾਜ ਕਰ ਰਹੇ ਸਨ

ਉਨ੍ਹਾਂ ਨੇ ਦੱਸਿਆ ਕਿ ਜੇਆਈਸੀ ਵਿੱਚ ਜਾਣ ਵਾਲੇ ਦਿਮਾਗ਼ੀ ਤੌਰ ''ਤੇ ਕਮਜ਼ੋਰ ਲੋਕ ਸਥਾਨਕ ਇਲਾਕੇ ਅਤੇ ਭਾਸ਼ਾ ਤੋਂ ਜਾਣੂ ਨਹੀਂ ਹੁੰਦੇ ਹਨ।

ਭਾਰਤ-ਪਾਕਿਸਤਾਨ ਵੱਲੋਂ ਸਰਹੱਦ ਦੇ ਨੇੜੇ ਦਾ ਇਲਾਕਾ ਖ਼ਾਸਕਰ ਭਾਰਤੀ ਖ਼ੇਤਰ ਵਾਲਾ ਇਲਾਕਾ ਆਉਣ-ਜਾਣ ਦੇ ਪੱਖ ਤੋਂ ਕਾਫ਼ੀ ਔਖਾ ਹੈ।

ਇਹ ਬਹੁਤ ਵੱਡਾ ਹੈ ਅਤੇ ਇੱਥੇ ਪਾਣੀ ਵੀ ਘੱਟ ਹੈ ਜਿਸ ਕਾਰਨ ਆਮ ਲੋਕ ਕਈ ਵਾਰ ਰਾਹ ਭਟਕ ਜਾਂਦੇ ਹਨ ਅਤੇ ਗੁਮਰਾਹ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ।

ਜੇ ਕੋਈ ਵਿਅਕਤੀ ਦਿਮਾਗ਼ੀ ਤੌਰ ''ਤੇ ਕਮਜ਼ੋਰ ਹੈ ਤਾਂ ਉਸ ਲਈ ਇਹ ਖ਼ਤਰਾ ਹੋਰ ਜ਼ਿਆਦਾ ਹੁੰਦਾ ਹੈ।

ਗ਼ਲਤੀ ਨਾਲ ਜਾਂ ਗ਼ੈਰ-ਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਨ ਵਾਲੇ ਜਾਂ ਗ਼ਲਤ ਦਸਤਾਵੇਜ਼ਾਂ ਦਾ ਇਸਤੇਮਾਲ ਕਰਕੇ ਭਾਰਤ ਵਿੱਚ ਦਾਖ਼ਲ ਹੋਣ ਵਾਲੇ ਅਜਿਹੇ ਸੌ ਤੋਂ ਵੀ ਵੱਧ ਵਿਅਕਤੀ ਜੇਆਈਸੀ ਦੀ ਹਿਰਾਸਤ ਵਿੱਚ ਹਨ।

ਅਧਿਕਾਰੀਆਂ ਮੁਤਾਬਕ ਇਨ੍ਹਾਂ ਵਿੱਚ ਕਥਿਤ ਤੌਰ ''ਤੇ ਪਾਰ ਕਰਨ ਵਾਲੇ 20 ਪਾਕਿਸਤਾਨੀ ਹਨ ਅਤੇ ਉਨ੍ਹਾਂ ਵਿੱਚੋਂ ਘੱਟੋਂ-ਘੱਟ ਅੱਠ ਦਿਮਾਗ਼ੀ ਮਰੀਜ਼ ਹਨ।

ਦੂਜੇ ਕਈ ਦੇਸਾਂ ਦੇ ਨਾਗਰਿਕ ਵੀ ਜੇਆਈਸੀ ਦੀ ਹਿਰਾਸਤ ਵਿੱਚ ਹਨ।

ਜੇਆਈਸੀ ਵਿੱਚ ਤਕਰੀਬਨ 22 ਏਜੰਸੀਆਂ ਹਿਰਾਸਤ ਵਿੱਚ ਲਏ ਗਏ ਲੋਕਾਂ ਤੋਂ ਪੁੱਛਗਿੱਛ ਕਰਦੀਆਂ ਹਨ ਅਤੇ ਇਸ ਤਰ੍ਹਾਂ ਦੀ ਜਾਂਚ ਦੇ ਆਧਾਰ ''ਤੇ ਹੀ ਭਾਰਤੀ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਮ੍ਰਿਤਕ ਪੰਜ ਲੋਕ ਪਾਕਿਸਤਾਨ ਦੇ ਨਾਗਰਿਕ ਸਨ ਅਤੇ ਦਿਮਾਗ਼ੀ ਤੌਰ ''ਤੇ ਕਮਜ਼ੋਰ ਸਨ।

ਕਬਰਸਤਾਨ
BBC
ਭਾਰਤ ਵਿੱਚ ਬੰਦ ਪਾਕਿਸਤਾਨੀ ਨਾਗਰਿਕਾਂ ਦੀ ਇੱਕ ਸੂਚੀ ਸਾਲ 2019 ਵਿੱਚ ਪਾਕਿਸਤਾਨ ਨੂੰ ਸੌਂਪੀ ਗਈ ਸੀ

ਭਾਰਤ ਅਤੇ ਪਾਕਿਸਤਾਨ ਦਰਮਿਆਨ ਸਰਹੱਦ ''ਤੇ ਬਹੁਤੇ ਹਿੱਸੇ ਦੀ ਨਿਗਰਾਨੀ ਬੀਐੱਸਐੱਫ਼ ਕਰਦੀ ਹੈ।

ਇਸ ਦਾ ਖ਼ੁਫ਼ੀਆ ਵਿੰਗ ਤਕਨੀਕ ਦੀ ਮਦਦ ਨਾਲ ਜ਼ਮੀਨੀ ਹੱਦ ਪਾਰ ਕਰਨ ਵਾਲੇ ਲੋਕਾਂ ਦਾ ਪਤਾ ਲਗਾਉਂਦਾ ਹੈ।

ਪਰ ਭਾਰਤੀ ਸਰਹੱਦ ਦੇ ਅੰਦਰ ਕਿਸੇ ਵਿਅਕਤੀ ਨੂੰ ਵਿਦੇਸ਼ੀ ਜਾਂ ਉਸ ਦੀ ਨਾਗਰਿਕਤਾ ਸਾਬਤ ਕਰਨਾ ਸੌਖਾ ਨਹੀਂ ਹੁੰਦਾ। ਅਜਿਹੇ ਵਿਅਕਤੀ ਦੇ ਕੋਲ ਪਛਾਣ ਪੱਤਰ ਨਾ ਹੋਣ ਦੀ ਸਥਿਤੀ ਵਿੱਚ ਸੁਰੱਖਿਆ ਬਲ ਅਤੇ ਖ਼ੂਫ਼ੀਆ ਦਸਤੇ ਦੂਜੇ ਤਰੀਕੇ ਇਸਤੇਮਾਲ ਕਰਦੇ ਹਨ, ਜਿਸ ਨਾਲ ਜ਼ਰੂਰੀ ਨਹੀਂ ਕਿ ਪੁਖ਼ਤਾ ਤੌਰ ''ਤੇ ਯਕੀਨੀ ਨਤੀਜੇ ਮਿਲਣ।

ਇਹ ਵੀ ਪੜ੍ਹੋ:

ਜਿਵੇਂ ਕਿ ਸਰਹੱਦ ਤੋਂ ਗ੍ਰਿਫ਼ਤਾਰ ਵਿਅਕਤੀ ਦਾ ਪਛਾਣ ਕਰਨ ਲਈ ਸੁਰੱਖਿਆ ਅਧਿਕਾਰੀ ਇਨ੍ਹਾਂ ਲੋਕਾਂ ਨੂੰ ਅਲੱਗ ਅਲੱਗ ਦੇਸਾਂ ਦੇ ਕਰੰਸੀ ਨੋਟ ਵੀ ਦਿਖਾਉਂਦੇ ਹਨ।

ਇੰਸਪੈਕਟਰ ਗੁ਼ਲਾਬ ਸਿੰਘ ਜਡੇਜਾ ਪਿਛਲੇ ਸਾਲ ਸੇਵਾਮੁਕਤ ਹੋਣ ਤੋਂ ਪਹਿਲਾਂ 15 ਸਾਲਾਂ ਤੱਕ ਜੇਆਈਸੀ ਦੇ ਮੁਖੀ ਰਹੇ।

ਦਿਮਾਗ਼ੀ ਤੌਰ ''ਤੇ ਕਮਜ਼ੋਰ ਲੋਕਾਂ ਦੀ ਨਾਗਰਿਕਤਾ ਕਿਵੇਂ ਪਤਾ ਲਗਦੀ ਹੈ

ਉਨ੍ਹਾਂ ਨੇ ਦਿਮਾਗ਼ੀ ਤੌਰ ''ਤੇ ਕਮਜ਼ੋਰ ਜਾਂ ਮਜ਼ਬੂਰ ਲੋਕਾਂ ਬਾਰੇ ਗੱਲ ਕਰਦਿਆਂ ਕਿਹਾ, "ਤੁਸੀਂ ਕਿਸੇ ਦੀ ਪਛਾਣ ਨਹੀਂ ਕਰ ਸਕਦੇ ਪਰ ਤੁਸੀਂ ਕਰੰਸੀ ਦੀ ਪਛਾਣ ਕਰ ਸਕਦੇ ਹੋ। ਅਸੀਂ ਸਾਰੇ ਕਰੰਸੀ ਨੋਟ ਉਨ੍ਹਾਂ ਸਾਹਮਣੇ ਰੱਖਦੇ ਹਾਂ। ਦੂਜੀ ਗੱਲ ਇਹ ਹੈ ਕਿ ਅਸੀਂ (ਅਲੱਗ-ਅਲੱਗ) ਝੰਡੇ ਵੀ ਉਨ੍ਹਾਂ ਸਾਹਮਣੇ ਰੱਖਦੇ ਹਾਂ। ਕਈ ਵਾਰ ਉਹ ਉਨ੍ਹਾਂ ਦੀ ਪਛਾਣ ਕਰ ਲੈਂਦੇ ਹਨ।"

ਆਈਕੇ ਜਡੇਜਾ ਕਹਿੰਦੇ ਹਨ, "ਫੜੇ ਗਏ ਵਿਅਕਤੀ ਦੇ ਆਉਣ ਦੀ ਦਿਸ਼ਾ ਵੀ ਸੁਰੱਖਿਆ ਬਲਾਂ ਨੂੰ ਉਨ੍ਹਾਂ ਦੀ ਨਾਗਰਿਕਤਾ ਦੀ ਪਛਾਣ ਕਰਨ ਵਿੱਚ ਮਦਦ ਕਰਦੀ ਹੈ। ਬਾਰਡਰ ''ਤੇ ਪਗ (ਕੁੱਤਿਆਂ ਦੀ ਇੱਕ ਨਸਲ) ਹੁੰਦੇ ਹਨ, ਉਹ ਪੈਰਾਂ ਦੇ ਨਿਸ਼ਾਨਾਂ ਦੀ ਖੋਜ ਕਰਦੇ ਹਨ ਕਿ ਇਹ ਵਿਅਕਤੀ ਕਿਸ ਇਲਾਕੇ ਤੋਂ ਆਇਆ ਹੈ।"

ਬਾਰਡਰ, ਭਾਰਤ, ਪਾਕਿਤਸਾਨ
Getty Images

ਉਹ ਅੱਗੇ ਦੱਸਦੇ ਹਨ, "ਉਨ੍ਹਾਂ ਦੀ ਬੋਲੀ ਵੀ ਦੱਸਦੀ ਹੈ ਕਿ ਉਹ ਕਿਹੜੀ ਜਾਤ-ਬਿਰਾਦਰੀ ਨਾਲ ਸਬੰਧਤ ਹੈ। ਇਸ ਤੋਂ ਇਲਾਵਾ ਅਲੱਗ-ਅਲੱਗ ਏਜੰਸੀਆਂ ਜਾਂਚ ਕਰਦੀਆਂ ਹਨ ਅਤੇ ਮਨੋਵਿਗਿਆਨਿਕ ਤਰੀਕਿਆਂ ਨਾਲ ਇਹ ਰਾਇ ਬਣਾਈ ਜਾਂਦੀ ਹੈ ਕਿ ਕੋਈ ਵਿਅਕਤੀ ਜਸੂਸ ਹੈ ਜਾਂ ਮਾਨਸਿਕ ਰੂਪ ''ਤੇ ਕਮਜ਼ੋਰ ਹੈ।"

ਸੁਰੱਖਿਆ ਏਜੰਸੀਆਂ ਨੇ ਮਾਰੇ ਗਏ ਇਨ੍ਹਾਂ ਲੋਕਾਂ ਦੇ ਨਾਲ ਵੀ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਇਹ ਹੀ ਪ੍ਰੀਕਿਰਿਆ ਕੀਤੀ ਸੀ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਡਾ. ਤਿਲਵਾਨੀ ਮੁਤਾਬਕ ਇਸ ਲਈ ਇੱਕ ਸੌਖਾ ਪ੍ਰੋਟੋਕਾਲ ਹੈ।

"ਜਸੂਸ ਵਿਅਕਤੀ ਜਾਣਬੁੱਝ ਕੇ ਅਸਧਾਰਨ ਵਿਵਹਾਰ ਕਰੇਗਾ ਅਤੇ ਅਸਲੀ ਮਾਨਸਿਕ ਰੋਗੀ ਲਗਾਤਾਰ ਅਸਧਾਰਨ ਵਿਵਹਾਰ ਕਰੇਗਾ। ਸਧਾਰਨ ਵਿਅਕਤੀ ਦਾ ਵਿਵਿਹਾਰ ਚੰਗਾ ਹੋਵੇਗਾ ਅਤੇ ਉਹ ਇੱਕ ਆਮ ਵਿਅਕਤੀ ਦੀ ਤਰ੍ਹਾਂ ਵਿਵਹਾਰ ਕਰੇਗਾ। ਬੀਮਾਰ ਵਿਅਕਤੀ ਸੁਸਤ ਇਜ਼ਹਾਰ ਕਰੇਗਾ ਜਦੋਂ ਕਿ ਇੱਕ ਆਮ ਵਿਅਕਤੀ ਦੇ ਹਾਵ-ਭਾਵ ਉਸਦਾ ਪੋਲ ਖੋਲ ਦੇਣਗੇ।"

ਭਾਰਤੀ ਪੁਲਿਸ ਦੇ ਇੱਕ ਸਾਬਕਾ ਅਧਿਕਾਰੀ ਨੇ ਇੱਕ ਅਸਧਾਰਨ ਤਰੀਕਾ ਕੱਢਿਆ ਹੈ ਜੋ ਕਦੇ-ਕਦੇ ਜਸੂਸਾਂ ਦੀ ਪਛਾਣ ਕਰਨ ਜਾਂ ਉਨ੍ਹਾਂ ਲੋਕਾਂ ਦੀ ਪਛਾਣ ਪੁਖ਼ਤਾ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਆਪਣਾ ਸੰਤੁਲਨ ਗੁਆ ਦਿੱਤਾ ਹੋਵੇ।

ਉਹ ਕਹਿੰਦੇ ਹਨ, "ਮੈਡੀਕਲ ਸਾਇੰਸ ਵਿੱਚ ਇੰਨਾ ਸਭ ਕੁਝ ਹੈ ਕਿ ਉਹ ਇੱਕ ਗੋਲੀ ਦੇ ਦੇਣਗੇ, ਜੇ ਤੁਸੀਂ ਪਾਗਲ ਹੋ ਤਾਂ ਬੇਹੋਸ਼ ਹੋ ਜਾਓਗੇ। ਜੇ ਤੁਸੀਂ ਪਾਗਲ ਨਹੀਂ ਹੋ ਤਾਂ ਤੁਹਾਡਾ ਪੇਟ ਖ਼ਰਾਬ ਹੋ ਜਾਵੇਗਾ, ਉਲਟੀ ਆਉਣ ਲੱਗੇਗੀ, ਪਤਾ ਲੱਗ ਜਾਵੇਗਾ ਕਿ ਤੁਸੀਂ ਨਾਟਕ ਕਰ ਰਹੇ ਹੋ।"

ਜੇਆਈਸੀ ਨਾਲ ਜੁੜੇ ਕਈ ਲੋਕਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਲੋਕਾਂ ਦੀ ਹਿਰਾਸਤ ਤੋਂ ਪਹਿਲਾਂ ਉਨ੍ਹਾਂ ਦੀ ਸੋਚਣ-ਸਮਝਣ ਦੀ ਸ਼ਕਤੀ ਖ਼ਤਮ ਹੋ ਚੁੱਕੀ ਸੀ ਅਤੇ ਇਹ ਲੋਕ ਅਜਿਹੀ ਹਾਲਤ ਵਿੱਚ ਸਨ ਕਿ ਆਪਣੀਆਂ ਸਰੀਰਕ ਲੋੜਾਂ ਦਾ ਵੀ ਅੰਦਾਜ਼ਾ ਨਹੀਂ ਸੀ।

ਇਸ ਹਿਰਾਸਤ ਕੇਂਦਰ ਨਾਲ ਜੁੜੇ ਅਧਿਕਾਰੀਆਂ ਦਾ ਕਹਿਣਾ ਹੈ, "ਜ਼ਿਆਦਾ ਖਾਣ ਨੂੰ ਦੇਵੋਂ ਤਾਂ ਜ਼ਿਆਦਾ ਖਾ ਜਾਂਦੇ ਸਨ। ਘੱਟ ਦੇਵੋ ਤਾਂ ਘੱਟ ਖਾਂਦੇ ਸਨ। ਜਿੰਨਾ ਦੇਵੋਗੇ, ਉਨ੍ਹਾਂ ਹੀ ਠੀਕ ਹੋਵੇਗਾ, ਦੂਜੀ ਵਾਰ ਨਹੀਂ ਮੰਗਣਗੇ। ਦੂਜੇ ਲੋਕ ਵੀ ਖਾਣਾ ਦੇ ਦਿੰਦੇ ਸਨ, ਫ਼ਿਰ ਉਨ੍ਹਾਂ ਦਾ ਪੇਟ ਖ਼ਰਾਬ ਹੋ ਜਾਂਦਾ ਸੀ ਅਤੇ ਉਹ ਆਪਣੇ ਕੱਪੜੇ ਵੀ ਖ਼ਰਾਬ ਕਰ ਲੈਂਦੇ ਸਨ।"

ਮੌਤ ਦਾ ਕੀ ਕਾਰਨ

ਉਨ੍ਹਾਂ ਨੇ ਕਿਹਾ, "ਜੇ ਉਹ ਇਸ ਠੰਡੇ ਮੌਸਮ ਵਿੱਚ ਰਾਤ ਸਮੇਂ ਪਿਸ਼ਾਬ ਕਰਨ ਜਾਂ ਪੈਖ਼ਾਨੇ ਜਾਂਦੇ ਸਨ ਤਾਂ ਉਨ੍ਹਾਂ ਬਾਰੇ ਕਰਮਚਾਰੀਆਂ ਨੂੰ ਦੱਸਣ ਲਈ ਉੱਥੇ ਕੋਈ ਨਹੀਂ ਸੀ ਹੁੰਦਾ ਕਿਉਂਕਿ ਹਿਰਾਸਤ ਵਿੱਚ ਉਨ੍ਹਾਂ ਦੇ ਸਾਰੇ ਸਾਥੀ ਸੌਂ ਰਹੇ ਹੁੰਦੇ ਸਨ। ਰਾਤ ਭਰ ਗਿੱਲ੍ਹੇ ਰਹਿਣ ਕਾਰਨ ਉਨ੍ਹਾਂ ਨੂੰ ਠੰਡ ਲੱਗ ਜਾਂਦੀ ਸੀ।"

ਜਾਨ ਗਵਾਉਣ ਵਾਲੇ ਇਨ੍ਹਾਂ ਪੰਜ ਲੋਕਾਂ ਵਿੱਚ ਮੁਨੀਰ ਨਾਮ ਦੇ ਵਿਅਕਤੀ ਤੋਂ ਇਲਾਵਾ ਦੂਜੇ ਚਾਰ ਲੋਕਾਂ ਨੂੰ ਵੀ ਮਰਨ ਤੋਂ ਪਹਿਲਾਂ ਸਾਹ ਲੈਣ ਵਿੱਚ ਤਕਲੀਫ਼ ਸੀ। ਪਰ ਇਹ ਸਪਸ਼ਟ ਨਹੀਂ ਹੈ ਕਿ ਉਨ੍ਹਾਂ ਨੂੰ ਸਾਹ ਦੀ ਸ਼ਿਕਾਇਤ ਠੰਡ ਲੱਗਣ ਕਾਰਨ ਸੀ ਜਾਂ ਕੋਵਿਡ ਕਾਰਨ।

ਹਸਪਤਾਲ ਅਤੇ ਪੁਲਿਸ ਅਧਿਕਾਰੀਆਂ ਨੇ ਇਨ੍ਹਾਂ ਲੋਕਾਂ ਦੀ ਪੋਰਟਮਾਰਟਮ ਰਿਪੋਰਟ ਦਿਖਾਉਣ ਤੋਂ ਇਨਕਾਰ ਕਰ ਦਿੱਤਾ।

ਜੇਆਈਸੀ ਦੇ ਅਧਿਕਾਰੀ ਸਾਰੇ ਲੋਕਾਂ ਦੀ ਮੌਤ ਦਾ ਕਾਰਨ ਕੋਰੋਨਾ ਹੋਣ ਤੋਂ ਇਨਕਾਰ ਕਰਦੇ ਹਨ। ਉਹ ਦਾਅਵਾ ਕਰਦੇ ਹਨ ਕਿ ਜੇਆਈਸੀ ਵਿੱਚ ਪੁਲਿਸ ਅਧਿਕਾਰੀ ਅਤੇ ਕੈਦੀ ਸਾਰੇ ਨਾਲ ਰਹਿੰਦੇ ਹਨ ਅਤੇ ਕੋਰੋਨਾ ਹੋਣ ਦੀ ਸਥਿਤੀ ਵਿੱਚ ਉਹ ਸਾਰੇ ਵੀ ਇਸ ਦਾ ਸ਼ਿਕਾਰ ਹੋ ਜਾਂਦੇ।

ਬਾਰਡਰ
BBC
ਹਸਪਤਾਲ ਅਤੇ ਪੁਲਿਸ ਅਧਿਕਾਰੀਆਂ ਨੇ ਇਨ੍ਹਾਂ ਕੈਦੀਆਂ ਦੀ ਪੋਰਟਮਾਰਟਮ ਰਿਪੋਰਟ ਦਿਖਾਉਣ ਤੋਂ ਇਨਕਾਰ ਕਰ ਦਿੱਤਾ

ਇਸ ਹਿਰਾਸਤ ਕੇਂਦਰ ਦਾ ਦੌਰਾ ਕਰਨ ਦੀ ਬੀਬੀਸੀ ਦੀ ਬੇਨਤੀ ਨੂੰ ਅਧਿਕਾਰੀਆਂ ਨੇ ਇਹ ਕਹਿੰਦਿਆਂ ਰੱਦ ਕਰ ਦਿੱਤਾ ਕਿ ਉੱਥੇ ਕਿਸੇ ਨੂੰ ਜਾਣ ਦੀ ਇਜਾਜ਼ਤ ਨਹੀਂ ਹੈ।

ਉਨ੍ਹਾਂ ਨੇ ਕਿਹਾ ਕਿ ਇੱਥੋਂ ਤੱਕ ਕਿ ਉੱਥੇ ਕਿਸੇ ਅਧਿਕਾਰੀ ਦੇ ਸੇਵਾਮੁਕਤੀ ਸਮਾਗਮ ਵਿੱਚ ਵੀ ਤਸਵੀਰਾਂ ਲੈਣ ਨਹੀਂ ਦਿੱਤੀਆਂ ਜਾਂਦੀਆਂ।

ਥੋੜ੍ਹੇ ਵਕਫ਼ੇ ਨਾਲ ਪੰਜ ਲੋਕਾਂ ਦੀ ਮੌਤ ਕਈ ਸਵਾਲ ਖੜੇ ਕਰਦੀ ਹੈ ਪਰ ਅਧਿਕਾਰੀ ਦਾਅਵਾ ਕਰਦੇ ਹਨ ਕਿ ਉਨ੍ਹਾਂ ਕੈਦੀਆਂ ਦੇ ਨਾਲ ਨਰਮ ਵਿਵਹਾਰ ਕੀਤਾ ਜਾਂਦਾ ਸੀ।

ਜੇਆਈਸੀ ਦੇ ਸਾਬਕਾ ਅਤੇ ਮੌਜੂਦਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਅਕਸਰ ਕੈਦੀਆਂ ਦੇ ਨਾਲ ਕ੍ਰਿਕੇਟ, ਵਾਲੀਬਾਲ ਅਤੇ ਕੈਰਮ ਬੋਰਡ ਵਰਗੀਆਂ ਖੇਡਾਂ ਖੇਡਦੇ ਹਨ।

ਗੁਲਾਬ ਜਡੇਜਾ ਨੇ ਦੱਸਿਆ ਕਿ ਉਹ ਕਦੇ-ਕਦੇ ਮਾਨਸਿਕ ਤੌਰ ''ਤੇ ਕਮਜ਼ੋਰ ਕੈਦੀਆਂ ਸਮੇਤ ਬਾਕੀ ਸਾਰੇ ਕੈਦੀਆਂ ਨੂੰ ਵੀ ਸਿੰਗੀਤ ਸੁਣਨ ਲਈ ਬਿਠਾਇਆ ਕਰਦੇ ਸਨ।

"ਮੈਨੂੰ ਸੰਗੀਤ ਸੁਣਨ ਦਾ ਸ਼ੌਂਕ ਸੀ ਅਤੇ ਸਭ ਨੂੰ ਨਚਾਉਂਦਾ ਸੀ। ਉਹ ਡਾਂਸ ਕਰ ਸਕਦੇ ਸਨ। ਆਪਣੇ ਤਰੀਕੇ ਨਾਲ ਉਹ ਬੋਲ ਨਹੀਂ ਸਨ ਪਾਉਂਦੇ, ਪਰ ਸੰਗੀਤ ਦੀ ਭਾਸ਼ਾ ਸਮਝਦੇ ਸਨ।"

ਇਨ੍ਹਾਂ ਮ੍ਰਿਤਕਾਂ ਵਿੱਚੋਂ ਖ਼ਾਲਿਦ, ਜਿਨ੍ਹਾਂ ਨੂੰ ਜੁਲਾਈ, 2009 ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ, ਸਭ ਤੋਂ ਲੰਬੇ ਅਰਸੇ ਤੱਕ ਜੇਆਈਸੀ ਵਿੱਚ ਕੈਦ ਰਹੇ।

ਗੁਲਾਬ ਜਡੇਜਾ ਨੇ ਦਾਅਵਾ ਕੀਤਾ ਕਿ ਭਾਰਤ ਸਰਕਾਰ ਨੇ ਖ਼ਾਲਿਦ ਦੇ ਪਰਿਵਾਰ ਦੇ ਲੋਕਾਂ ਦਾ ਪਤਾ ਲਾਉਣ ਲਈ ਪਾਕਿਸਤਾਨੀ ਟੈਲੀਵੀਜ਼ਨ ਚੈਨਲਾਂ ''ਤੇ ਵਿਗਿਆਪਨ ਦਿੱਤਾ ਸੀ। ਇਹ ਲੋਕ ਇਲਾਜ ਲਈ ਡਾ. ਤਿਲਵਾਨੀ ਨੂੰ ਅਕਸਰ ਮਿਲਦੇ ਸਨ ਅਤੇ ਉਹ ਉਨ੍ਹਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਜਾਣਦੇ ਸਨ।

"ਜਿਨ੍ਹਾਂ ਲੋਕਾਂ ਨੂੰ ਤੁਸੀਂ ਹਰ ਮਹੀਨੇ ਦੇਖਦੇ ਹੋ, ਉਨ੍ਹਾਂ ਨਾਲ ਤੁਹਾਨੂੰ ਇੱਕ ਤਰੀਕੇ ਨਾਲ ਲਗਾਓ ਹੋ ਜਾਂਦਾ ਹੈ।"

"ਖ਼ਾਲਿਦ ਨੂੰ ਤਾਂ ਮੈਂ ਨਿੱਜੀ ਤੌਰ ''ਤੇ ਚੰਗੀ ਤਰ੍ਹਾਂ ਜਾਣਦਾ ਸੀ। ਅਸੀਂ ਸਾਰਿਆਂ ਨੇ ਉਨ੍ਹਾਂ ਲਈ ਬਹੁਤ ਮਿਹਨਤ ਕੀਤੀ ਸੀ।"

ਉਨ੍ਹਾਂ ਨੇ ਕਿਹਾ, "ਉਹ ਬੋਲਦਾ ਨਹੀਂ ਸੀ, ਫ਼ਿਰ ਅਸੀਂ ਉਸਨੂੰ ਅਹਿਮਦਾਬਾਦ ਹਸਪਤਾਲ ਵਿੱਚ ਭੇਜਿਆ ਸੀ, ਉਹ ਥੋੜ੍ਹਾ-ਥੋੜ੍ਹਾ ਬੋਲਿਆ।"

ਪਰ ਉਨ੍ਹਾਂ ਨੇ ਤਾਂ ਇਹ ਵੀ ਕਿਹਾ ਕਿ ਉਹ ਖ਼ਾਲਿਦ ਦੀ ਮੌਤ ਦੀ ਖ਼ਬਰ ਸੁਣਕੇ ਬਹੁਤ ਹੈਰਾਨ ਹਨ। "ਉਹ ਜਵਾਨ ਸਨ, ਮੈਨੂੰ ਨਹੀਂ ਪਤਾ ਕਿ ਆਖ਼ਿਰਕਾਰ ਉਸ ਨਾਲ ਕੀ ਹੋਇਆ।"

ISWOTY
BBC

ਇਹ ਵੀ ਪੜ੍ਹੋ:

https://www.youtube.com/watch?v=hetBamKhhU8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''fcd1ecba-5e07-4038-8e84-9f733e809453'',''assetType'': ''STY'',''pageCounter'': ''punjabi.international.story.56145606.page'',''title'': ''ਭਾਰਤੀ ਹਿਰਾਸਤ ਕੇਂਦਰ ਵਿੱਚ ਬੰਦ 5 ਪਾਕਿਸਤਾਨੀਆਂ ਦੀ ਮੌਤ ਕਿਵੇਂ ਹੋਈ'',''author'': ''ਨਿਆਜ਼ ਫ਼ਾਰੁਕੀ'',''published'': ''2021-02-21T15:19:07Z'',''updated'': ''2021-02-21T15:19:07Z''});s_bbcws(''track'',''pageView'');

Related News