ਨਕਲੀ ਪਿਸਤੌਲ ਨਾਲ ਭਾਰਤੀ ਹਵਾਈ ਜਹਾਜ਼ ਅਗਵਾ ਕੀਤੇ ਜਾਣ ਦੀ ਕਹਾਣੀ

02/21/2021 5:04:42 PM

ਜਹਾਜ਼
ZAHID HUSSEIN

ਜਨਵਰੀ ਦੀ ਇੱਕ ਹੱਡਚੀਰਦੀ ਠੰਢੀ ਸਵੇਰ ਹੈ ਤੇ ਪੂਰਾ ਸ਼ਹਿਰ ਬਰਫ਼ ਨਾਲ ਢੱਕਿਆ ਹੋਇਆ ਹੈ। ਦੋ ਨੌਜਵਾਨ ਹੱਥ ਵਿੱਚ ਇੱਕ ਬ੍ਰੀਫ਼ਕੇਸ ਲਈ 26 ਹੋਰ ਯਾਤਰੀਆਂ ਦੇ ਨਾਲ ਇੱਕ ਛੋਟੇ ਫ਼ੋਕਰ ਜਹਾਜ਼ ਵਿੱਚ ਸਵਾਰ ਹੁੰਦੇ ਹਨ। ਕੁਝ ਹੀ ਦੇਰ ਵਿੱਚ ਇਹ ਜਹਾਜ਼ ਆਪਣੀ ਮੰਜ਼ਿਲ ਵੱਲ ਉਡਾਨ ਭਰਦਾ ਹੈ।

ਜਹਾਜ਼ ਵਿੱਚ ਨਾਲ-ਨਾਲ ਬੈਠੇ ਇਨ੍ਹਾਂ ਨੌਜਵਾਨਾਂ ਦੀ ਯਾਤਰਾ ਬੇਚੈਨੀ ਵਿੱਚ ਲੰਘ ਰਹੀ ਹੈ, ਪਰ ਇਸ ਚਿੰਤਾ ਦੇ ਬਾਵਜੂਦ ਉਹ ਇੱਕ ਦੂਸਰੇ ਨਾਲ ਗੱਲ ਕਰ ਰਹੇ ਹਨ। ਜਹਾਜ਼ ਹੁਣ ਆਪਣੀ ਮੰਜ਼ਲ ਦੇ ਬਹੁਤ ਨੇੜੇ ਹੈ ਅਤੇ ਲੈਂਡਿੰਗ ਤੋਂ ਕੁਝ ਹੀ ਸਮਾਂ ਪਹਿਲਾਂ, ਏਅਰ ਹੌਸਟੈਸ ਨੇ ਸਾਰੇ ਯਾਤਰੀਆਂ ਨੂੰ ਆਪੋ-ਆਪਣੀਆਂ ਸੀਟ ਬੈਲਟਾਂ ਬੰਨ੍ਹਣ ਲਈ ਕਿਹਾ।

ਪਰ ਉਸੇ ਸਮੇਂ, ਉਨ੍ਹਾਂ ਵਿੱਚੋਂ ਇੱਕ ਨੌਜਵਾਨ ਦੌੜਦਾ ਹੋਇਆ ਕਾਕਪਿਟ (ਜਹਾਜ਼ ਦੇ ਜਿਸ ਹਿੱਸੇ ਵਿੱਚ ਕਪਤਾਨ ਬੈਠਦੇ ਹਨ) ਵਿੱਚ ਵੜਕੇ ਕਪਤਾਨ ਦੇ ਸਿਰ ''ਤੇ ਪਿਸਤੌਲ ਰੱਖ ਦਿੰਦਾ ਹੈ ਅਤੇ ਉਸ ਜਹਾਜ਼ ਨੂੰ ਕਿਸੇ ਹੋਰ ਦੇਸ ਵੱਲ ਮੋੜਨ ਲਈ ਕਹਿੰਦਾ ਹੈ।

ਇਹ ਵੀ ਪੜ੍ਹੋ:

ਇਸੇ ਦਰਮਿਆਨ ਦੂਜਾ ਨੌਜਵਾਨ ਆਪਣੇ ਹੱਥ ਵਿੱਚ ਇੱਕ ਹੈਂਡ ਗ੍ਰੇਨੇਡ ਲੈ ਕੇ ਯਾਤਰੀਆਂ ਵੱਲ ਮੁੜਦਾ ਹੈ ਅਤੇ ਉਨ੍ਹਾਂ ਨੂੰ ਚੇਤਾਵਨੀ ਦਿੰਦਾ ਹੈ ਕਿ ਜੇ ਕਿਸੇ ਨੇ ਵੀ ਚਲਾਕੀ ਦਿਖਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਹੈਂਡ ਗ੍ਰੇਨੇਡ ਦਾ ਇਸਤੇਮਾਲ ਕਰਨ ਤੋਂ ਝਿਜਕੇਗਾ ਨਹੀਂ।

ਇਹ ਦੋਵੇਂ ਨੌਜਵਾਨ ਇੱਕ ਖਿਡੌਣਾ ਪਿਸਤੌਲ ਅਤੇ ਲੱਕੜੀ ਦੀ ਬਣੀ ਇੱਕ ਹੈਂਡ ਗ੍ਰੇਨੇਡ ਦੀ ਮਦਦ ਨਾਲ ਜਹਾਜ਼ ਨੂੰ ਹਾਈਜੈੱਕ ਕਰਨ ਵਿੱਚ ਕਾਮਯਾਬ ਹੋ ਗਏ ਅਤੇ ਉਸ ਜਹਾਜ਼ ਨੂੰ ਜਬਰਨ ਗੁਆਂਢੀ ਦੇਸ ਵਿੱਚ ਲੈ ਗਏ, ਜਿਥੇ ਉਨ੍ਹਾਂ ਨੇ ਜੇਲ੍ਹ ''ਚ ਬੰਦ ਆਪਣੇ ਕੁਝ ਸਾਥੀਆਂ ਦੀ ਰਿਹਾਈ ਦੀ ਮੰਗ ਕੀਤੀ।

ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਦ੍ਰਿਸ਼ ਕਿਸੇ ਹਾਲੀਵੁੱਡ ਐਕਸ਼ਨ ਥ੍ਰਿਲਰ ਫ਼ਿਲਮ ਦਾ ਹੈ, ਪਰ ਅਜਿਹਾ ਨਹੀਂ ਹੈ। ਕਿਉਂਕਿ ਇਹ ਦ੍ਰਿਸ਼ ਅੱਜ ਤੋਂ ਪੰਜਾਹ ਸਾਲ ਪਹਿਲਾਂ ਹੋਏ ਉਸ ਜਹਾਜ਼ ਅਗਵਾਹ ਕਾਂਡ ਦਾ ਹੈ, ਜਿਸ ਬਾਰੇ ਕਈ ਸਵਾਲ ਅਤੇ ਅਸਪੱਸ਼ਟਤਾ ਕਈ ਦਹਾਕੇ ਬੀਤ ਜਾਣ ਦੇ ਬਾਅਦ, ਅੱਜ ਵੀ ਜਵਾਬ ਦੀ ਉਡੀਕ ਵਿੱਚ ਹੈ।

50 ਸਾਲ ਪਹਿਲਾ, 30 ਜਨਵਰੀ 1971 ਨੂੰ, ਦੋ ਕਸ਼ਮੀਰੀ ਨੌਜਵਾਨਾਂ, (ਜੰਮੂ ਕਸ਼ਮੀਰ ਡੈਮੋਕਰੇਟਿਕ ਲਿਬਰੇਸ਼ਨ ਪਾਰਟੀ ਦੇ ਪ੍ਰਧਾਨ ਮੁਹੰਮਦ ਹਾਸ਼ਿਮ ਕੁਰੈਸ਼ੀ ਅਤੇ ਉਨ੍ਹਾਂ ਦੇ ਦੂਰ ਦੇ ਰਿਸ਼ਤੇਦਾਰ ਅਸ਼ਰਫ਼ ਕੁਰੈਸ਼ੀ) ਨੇ ਇੱਕ ਇੰਡੀਅਨ ਫ੍ਰੈਂਡਸ਼ਿਪ ਫੋਕਰ ਜਹਾਜ਼ ''ਗੰਗਾ'' ਨੂੰ ਸ਼੍ਰੀਨਗਰ ਹਵਾਈ ਹੱਡੇ ਤੋਂ ਜੰਮੂ ਜਾਂਦੇ ਹੋਏ ਅਗਵਾ ਕਰ ਲਿਆ ਸੀ। ਬਾਅਦ ਵਿੱਚ ਉਹ ਜਹਾਜ਼ ਨੂੰ ਜਬਰਨ ਪਾਕਿਸਤਾਨ ਦੇ ਸ਼ਹਿਰ ਲਾਹੌਲ ਲੈ ਗਏ।

ਜਹਾਜ਼ ਹਾਈਜੈਕ ਦੀ ਯੋਜਨਾ ਕਦੋਂ ਅਤੇ ਕਿਸ ਨੇ ਬਣਾਈ?

ਜਹਾਜ਼
ZAHID HUSSEIN

1968 ਵਿੱਚ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਦੇ ਪ੍ਰਧਾਨ ਮਕਬੂਲ ਭੱਟ, ਕਸ਼ਮੀਰ ਦੀ ਆਜ਼ਾਦੀ ਲਈ ਚਲਾਏ ਜਾਣ ਵਾਲੇ ਹਥਿਆਰਬੰਦ ਸੰਘਰਸ਼ ਵਿੱਚ ਮੋਹਰੀ ਸ਼ਖਸੀਅਤ ਸਨ। ਉਨ੍ਹਾਂ ਨੂੰ ਭਾਰਤੀ ਅਧਿਕਾਰੀ, ਅਮਰ ਚੰਦ ਦਾ ਕਤਲ ਕਰਨ ਦੇ ਮਾਮਲੇ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ, ਤਾਂ ਉਹ ਜੇਲ ਤੋੜਕੇ ਪਾਕਿਸਤਾਨ ਸ਼ਾਸਤ ਕਸ਼ਮੀਰ ਭੱਜ ਗਏ।

ਇਸ ਘਟਨਾ ਦੇ ਕੁਝ ਸਮਾਂ ਬਾਅਦ, 16 ਸਾਲਾ ਨੌਜਵਾਨ ਹਾਸ਼ਿਮ ਕੁਰੈਸ਼ੀ ਵੀ ਆਪਣੇ ਇੱਕ ਨਜ਼ਦੀਕੀ ਰਿਸ਼ਤੇਦਾਰ ਨੂੰ ਮਿਲਣ ਪਾਕਿਸਤਾਨ ਆਏ ਸਨ।

ਪੇਸ਼ਾਵਰ ਵਿੱਚ ਰਹਿੰਦੇ ਹੋਏ ਹਾਸ਼ਿਮ ਕੁਰੈਸ਼ੀ ਦੀ ਮੁਲਾਕਾਤ ਮਕਬੂਲ ਭੱਟ ਨਾਲ ਹੋਈ। ਮਕਬੂਲ ਭੱਟ ਤੋਂ ਪ੍ਰੇਰਿਤ ਹੋ ਕੇ ਹਾਸ਼ਿਮ ਜੰਮੂ ਕਸ਼ਮੀਰ ਲਿਬਰੇਸ਼ਨ ਫ਼ਰੰਟ ਵਿੱਚ ਰਸਮੀਂ ਤੌਰ ''ਤੇ ਸ਼ਾਮਿਲ ਹੋ ਗਏ। ਇਸ ਸੰਗਠਨ ਦਾ ਮੰਤਵ ਕਸ਼ਮੀਰ ਨੂੰ ਪਾਕਿਸਤਾਨ ਅਤੇ ਭਾਰਤ ਦੋਵਾਂ ਤੋਂ ਆਜ਼ਾਦ ਕਰਵਾਉਣਾ ਸੀ।

ਇਹ ਨੌਜਵਾਨ ਪਾਰਟੀ ਦੇ ਸੁਨੇਹੇ ਨੂੰ ਫ਼ੈਲਾਉਣ ਲਈ ਭਾਰਤ ਸ਼ਾਸਤ ਕਸ਼ਮੀਰ ਦੇ ਸ਼੍ਰੀਨਗਰ ਇਲਾਕੇ ਵਿੱਚ ਵਾਪਸ ਆਇਆ। ਕੁਝ ਮਹੀਨਿਆਂ ਬਾਅਦ ਇਹ ਨੌਜਵਾਨ ਸਿਆਲਕੋਟ ਦੇ ਰਸਤੇ ਦੁਬਾਰਾ ਪਾਕਿਸਤਾਨ ਆਇਆ। ਪਰ ਇਸ ਵਾਰ ਪਾਕਿਸਤਾਨ ਦਾਖ਼ਲ ਹੋਣ ਲਈ ਉਸਨੇ ਜੋ ਤਰੀਕਾ ਅਪਣਾਇਆ ਉਹ ਗ਼ੈਰ ਕਾਨੂੰਨੀ ਸੀ। ਜਿਸ ਵਿੱਚ ਉਸਦੀ ਸਹਾਇਤਾ ਖ਼ੁਦ ਭਾਰਤੀ ਸੀਮਾ ਸੁਰੱਖਿਆ ਬਲ (ਬੀਐੱਸਐੱਫ਼) ਦੇ ਇੱਕ ਅਧਿਕਾਰੀ ਨੇ ਕੀਤੀ ਸੀ।

ਉਹ ਅਧਿਕਾਰੀ ਕੁਰੈਸ਼ੀ ਨੂੰ ਲਾਲ ਚੌਕ ਸ਼੍ਰੀਨਗਰ ਵਿੱਚ ਮਿਲਿਆ ਸੀ ਅਤੇ ਬਾਰਡਰ ਪਾਰ ਕਰਵਾਉਣ ਬਦਲੇ ਮਕਬੂਲ ਭੱਟ ਬਾਰੇ ਜਾਣਕਾਰੀ ਹਾਸਿਲ ਕਰਨਾ ਚਾਹੁੰਦਾ ਸੀ।

ਬੀਐੱਸਐੱਫ਼ ਦੀ ਮਦਦ ਨਾਲ ਸੀਮਾ ਪਾਰ ਕਰਨ ਬਾਅਦ ਹਾਸ਼ਿਮ ਕੁਰੈਸ਼ੀ ਮਕਬੂਲ ਭੱਟ ਨੂੰ ਮਿਲੇ ਅਤੇ ਭਵਿੱਖ ਦੀ ਯੋਜਨਾ ਬਣਾਉਣ ਲੱਗੇ।

18 ਜੂਨ, 1969 ਨੂੰ ਮਕਬੂਲ ਭੱਟ, ਹਾਸ਼ਿਮ ਕੁਰੈਸ਼ੀ ਅਤੇ ਅਮਾਨਉੱਲ਼ਾ ਖਾਨ ਰਾਵਲਪਿੰਡੀ ਵਿੱਚ ਡਾਕਟਰ ਫ਼ਾਰੁਕ ਹੈਦਰ ਦੇ ਘਰ ਖਾਣੇ ਦੇ ਮੇਜ਼ ''ਤੇ ਬੈਠੇ ਸਨ। ਅਚਾਨਕ ਰੇਡੀਓ ''ਤੇ ਖ਼ਬਰ ਆਈ ਕਿ ਏਰੇਟ੍ਰੀਆ ਦੀ ਆਜ਼ਾਦੀ ਲਈ ਲੜਨ ਵਾਲੇ ਤਿੰਨ ਨੌਜਵਾਨਾਂ ਨੇ ਇਥੋਪੀਆ ਦੇ ਇੱਕ ਯਾਤਰੀ ਜਹਾਜ਼ ''ਤੇ ਹੈਂਡ ਗ੍ਰੇਨੇਡ ਅਤੇ ਟਾਈਮ ਬੰਬਾਂ ਨਾਲ ਹਮਲਾ ਕਰ ਦਿੱਤਾ ਹੈ।

ਕਿਉਂਕਿ ਉਸ ਸਮੇਂ ਇਥੋਪੀਆ ਨੇ ਏਰੀਟ੍ਰੀਆ ਉੱਤੇ ਕਬਜ਼ਾ ਕੀਤਾ ਹੋਇਆ ਸੀ ਅਤੇ ਉਥੇ ਹਥਿਆਰਬੰਦ ਆਜ਼ਾਦੀ ਦੀ ਲਹਿਰ ਚੱਲ ਰਹੀ ਸੀ।

ਉਥੇ ਬੈਠੇ-ਬੈਠੇ ਮਕਬੂਲ ਭੱਟ ਦੇ ਦਿਮਾਗ਼ ਵਿੱਚ ਵੀ ਵਿਚਾਰ ਆਇਆ ਕਿ ਉਨ੍ਹਾਂ ਨੂੰ ਵੀ ਆਜ਼ਾਦੀ ਦੀ ਆਵਾਜ਼ ਪੂਰੀ ਦੁਨੀਆਂ ਵਿੱਚ ਪਹੁੰਚਾਉਣ ਲਈ, ਕੁਝ ਇਸ ਤਰ੍ਹਾ ਦੀ ਯੋਜਨਾ ਬਣਾਉਣੀ ਚਾਹੀਦੀ ਹੈ ਅਤੇ ਇੱਕ ਜਹਾਜ਼ ਨੂੰ ਅਗਵਾ ਕਰਨਾ ਚਾਹੀਦਾ ਹੈ।

ਸ਼੍ਰੀਨਗਰ ਵਿੱਚ ਮੌਜੂਦ ਹਾਸ਼ਿਮ ਕੁਰੈਸ਼ੀ ਨੇ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਬੀਬੀਸੀ ਨੂੰ ਦੱਸਿਆ ਕਿ ਕਿਉਂਕਿ ਉੱਥੇ ਮੌਜੂਦ ਚਾਰ ਲੋਕਾਂ ਵਿੱਚ ਸਭ ਤੋਂ ਘੱਟ ਉਮਰ ਅਤੇ ਸਭ ਤੋਂ ਜਵਾਨ ਉਹ (ਹਾਸ਼ਿਮ ਕੁਰੈਸ਼ੀ) ਹੀ ਸਨ। ਇਸ ਲਈ ਮਕਬੂਲ ਭੱਟ ਨੇ ਉਨ੍ਹਾਂ ਵੱਲ ਦੇਖਦੇ ਹੋਏ ਪੁੱਛਿਆ,ਕਿ "ਹਾਸ਼ਿਮ , ਕੀ ਤੂੰ ਅਜਿਹਾ ਕਰ ਲਵੇਗਾ?"

"ਕਿਉਂ ਨਹੀਂ, ਮੈਂ ਕਸ਼ਮੀਰ ਦੀ ਆਜ਼ਾਦੀ ਲਈ ਆਪਣੀ ਜਾਨ ਤੱਕ ਕੁਰਬਾਨ ਕਰ ਸਕਦਾ ਹਾਂ।"

ਹਾਸ਼ਿਮ ਕੁਰੈਸ਼ੀ ਦੇ ਇਸ ਜਵਾਬ ਲਈ ਉਨ੍ਹਾਂ ਨੂੰ ਖ਼ੂਬ ਸ਼ਾਬਾਸ਼ੀ ਮਿਲੀ। ਇਸਦੇ ਬਾਅਦ ਜਹਾਜ਼ ਅਗਵਾ ਕਰਨ ਦੀ ਯੋਜਨਾ ਬਣਨੀ ਸ਼ੁਰੂ ਹੋ ਗਈ।

ਹਾਸ਼ਿਮ ਕੁਰੈਸ਼ੀ ਉਸ ਸਮੇਂ ਮਹਿਜ਼ 17 ਸਾਲ ਦੇ ਸਨ, ਜਦੋਂ ਕਿ ਅਸ਼ਰਫ਼ ਕੁਰੈਸ਼ੀ 19 ਸਾਲ ਦੇ ਸਨ।

''ਗੰਗਾ'' ਜਹਾਜ਼ ਸੇਵਾ ਤੋਂ ਰਿਟਾਇਰ ਹੋ ਚੁੱਕਿਆ ਸੀ। ਪਰ ਅਗਵਾ ਦੀ ਇਸ ਵਾਰਦਾਤ ਤੋਂ ਕੁਝ ਹੀ ਹਫ਼ਤੇ ਪਹਿਲਾਂ, ਅਚਾਨਕ ਉਸ ਨੂੰ ਫ਼ਿਰ ਤੋਂ ਉਡਾਨ ਭਰਨ ਦੀ ਆਗਿਆ ਦੇ ਦਿੱਤੀ ਗਈ ਸੀ।

ਇਸ ਜਹਾਜ ਅਗਵਾ ਕਾਂਡ ਦੇ ਪਿੱਛੇ ਕਈ ਸੰਭਵ ਕਾਰਨਾਂ ਅਤੇ ਭਵਿੱਖ ''ਤੇ ਇਸ ਦੇ ਪ੍ਰਭਾਵ ਦੇ ਵੇਰਵਿਆਂ ਨੂੰ ਜਾਣਨ ਤੋਂ ਪਹਿਲਾਂ, ਇਹ ਜਾਣਨਾ ਜਰੂਰੀ ਹੈ, ਕਿ ਇਹ ਹਾਈਜੈਕਿੰਗ ਦੀ ਯੋਜਨਾ ਕਦੋਂ ਅਤੇ ਕਿਸ ਤਰ੍ਹਾਂ ਬਣੀ ਸੀ।

ਜਹਾਜ਼ ਅਗਵਾ ਕਰਨ ਦੀ ਤਿਆਰੀ?

ਜਦੋਂ ਯੋਜਨਾ ਬਣ ਗਈ, ਤਾਂ ਹਾਸ਼ਿਮ ਕੁਰੈਸ਼ੀ ਨੂੰ ਜਹਾਜ ਅਗਵਾ ਕਰਨ ਲਈ ਸਿਖਲਾਈ ਦੇਣੀ ਸੀ। ਇਸ ਲਈ ਡਾ. ਫ਼ਾਰੁਕ ਹੈਦਰ ਦੇ ਜੀਜੇ ਜਾਵੇਦ ਮੰਟੋ, (ਜੋ ਇੱਕ ਸਾਬਕਾ ਪਾਇਲਟ ਸਨ) ਨੂੰ ਹਾਸ਼ਿਮ ਕੁਰੈਸ਼ੀ ਨੂੰ ਸਿਖਲਾਈ ਦੇਣ ਲਈ ਚੁਣਿਆ ਗਿਆ ਸੀ।

ਜਾਵੇਦ ਮੰਟੋ ਫ਼ੋਕਰ ਜਹਾਜ਼ ਬਾਰੇ ਸਾਰੀ ਜਾਣਕਾਰੀ ਦੇਣ ਲਈ ਹਾਸ਼ਿਮ ਕੁਰੈਸ਼ੀ ਨੂੰ ਰਾਵਲਪਿੰਡੀ ਦੇ ਚਕਲਾਲਾ ਹਵਾਈ ਅੱਡੇ ''ਤੇ ਲੈ ਜਾਂਦੇ ਰਹੇ। ਉਨ੍ਹਾਂ ਨੇ ਦੱਸਿਆ ਕਿ ਪਾਇਲਟ ਕਿੱਥੇ ਬੈਠਦਾ ਹੈ, ਕਾਕਪਿਟ ਵਿੱਚ ਪਾਇਲਟ ਨੂੰ ਕਾਬੂ ਕਿਸ ਤਰ੍ਹਾਂ ਕਰਨਾ ਹੈ ਅਤੇ ਜਹਾਜ਼ ਵਿੱਚ ਬੈਠੇ ਯਾਤਰੀਆਂ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰਨਾ ਹੈ।

ਇਸ ਦੇ ਇਲਾਵਾ ਹਾਸ਼ਿਮ ਕੁਰੈਸ਼ੀ ਨੂੰ ਹੈਂਡ ਗ੍ਰੇਨੇਡ ਚਲਾਉਣ ਅਤੇ ਬੰਬ ਬਣਾਉਣ ਲਈ ਵੀ ਸਿਖਲਾਈ ਦਿੱਤੀ ਗਈ। ਸਿਖਲਾਈ ਪੂਰੀ ਕਰਨ ਦੇ ਬਾਅਦ, ਯੋਜਨਾ ਮੁਤਾਬਿਕ ਉਨ੍ਹਾਂ ਨੂੰ ਇੱਕ ਹੈਂਡ ਗ੍ਰੇਨੇਡ ਅਤੇ ਇੱਕ ਪਿਸਤੌਲ ਸਮੇਤ ਵਾਪਸ ਸ਼੍ਰੀਨਗਰ ਭੇਜਿਆ ਗਿਆ।

ਹਾਸ਼ਿਮ ਕੁਰੈਸ਼ੀ ਨੇ ਸ਼੍ਰੀਨਗਰ ਵਾਪਸ ਆਉਣ ਲਈ ਸਿਆਲਕੋਟ ਸਰੱਹਦ ਨੂੰ ਚੁਣਿਆ, ਜਿਥੇ ਬੀਐੱਸਐੱਫ ਨੇ ਉਨ੍ਹਾਂ ਨੂੰ ਫੜ ਲਿਆ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਪਿਸਤੌਲ ਅਤੇ ਇੱਕ ਹੈਂਡ ਗ੍ਰੇਨੇਡ ਬਰਾਮਦ ਕਰ ਲਏ।

ਆਪਣੀ ਗ੍ਰਿਫ਼ਤਾਰੀ ਦੌਰਾਨ ਹਾਸ਼ਿਮ ਕੁਰੈਸ਼ੀ ਨੇ ਪੁਲਿਸ ਨੂੰ ਮਕਬੂਲ ਭੱਟ ਦੀ ਯੋਜਨਾ ਬਾਰੇ ਜਾਣਕਾਰੀ ਦੇ ਦਿੱਤੀ, ਕਿ ਕਿਵੇਂ ਉਨ੍ਹਾਂ ਨੂੰ ਪਾਕਿਸਤਾਨ ਵਿੱਚ ਇੱਕ ਭਾਰਤੀ ਜਹਾਜ਼ ਅਗਵਾ ਕਰਨ ਲਈ ਸਿਖਲਾਈ ਦਿੱਤੀ ਗਈ ਹੈ ਅਤੇ ਸ਼੍ਰੀਨਗਰ ਦੇ ਹੋਰ ਲੋਕ ਉਨ੍ਹਾਂ ਦਾ ਸਾਥ ਦੇਣਗੇ।

ਹਾਸ਼ਿਮ ਕੁਰੈਸ਼ੀ ਮੁਤਾਬਿਕ, "ਅਸਲ ''ਚ ਸ਼੍ਰੀਨਗਰ ਵਾਪਸੀ ਸਮੇਂ, ਮਕਬੂਲ ਭੱਟ ਨੇ ਦੱਸਿਆ ਸੀ ਕਿ ਜੇ ਮੈਂ ਸਰਹੱਦ ''ਤੇ ਫ਼ੜਿਆ ਗਿਆ, ਤਾਂ ਆਪਣੇ ਮਿਸ਼ਨ ਬਾਰੇ ਉਨ੍ਹਾਂ ਨੂੰ ਦੱਸ ਦੇਵਾਂ ਅਤੇ ਕਹਾਂ ਕਿ ਮੇਰੇ ਨਾਲ ਦੋ ਹੋਰ ਲੋਕ ਵੀ ਸ਼ਾਮਿਲ ਹਨ,ਜੋ ਸ਼੍ਰੀਨਗਰ ਵਿੱਚ ਹਨ। ਇਸ ਤਰ੍ਹਾਂ ਬੀਐੱਸਐੱਫ਼ ਵਾਲੇ ਮਾਰਨਗੇ ਨਹੀਂ, ਬਲਕਿ ਬਾਕੀ ਦੇ ਲੋਕਾਂ ਦੀ ਭਾਲ ਲਈ ਉਸ ਨਾਲ ਨਰਮੀ ਵਰਤਣਗੇ।"

ਹਾਸ਼ਿਮ ਕੁਰੈਸ਼ੀ ਦੱਸਦੇ ਹਨ ਕਿ ਠੀਕ ਇਹ ਹੀ ਹੋਇਆ ਅਤੇ ਬੀਐੱਸਐੱਫ਼ ਨਾਲ ਕੰਮ ਕਰਨ ਲਈ ਸਹਿਮਤ ਹੋਣ ਦੇ ਬਾਅਦ, ਉਨ੍ਹਾਂ ਨੂੰ ਨਾ ਸਿਰਫ਼ ਰਿਹਾਅ ਕੀਤਾ ਗਿਆ, ਬਲਕਿ ਇਹ ਵੀ ਦੱਸਿਆ ਗਿਆ ਕਿ ਉਨ੍ਹਾਂ ਨੂੰ ਬੀਐੱਸਐੱਫ਼ ਵਿੱਚ ਸਬ-ਇੰਸਪੈਕਟਰ ਦੇ ਤੌਰ ''ਤੇ ਭਰਤੀ ਕਰ ਲਿਆ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਯਕੀਨਨ ਇਹ (ਬੀਐੱਸਐੱਫ਼ ਵਿੱਚ ਭਰਤੀ ਕਰਨਾ) ਸਭ ਫ਼ਰਜੀ ਸੀ। ਪਰ ਬੀਐੱਸਐੱਫ ਨੇ ਦੋ ਸ਼ੱਕੀ ਅਗਵਾਕਾਰਾਂ ਦੀ ਪਛਾਣ ਕਰਨ ਲਈ ਉਨ੍ਹਾਂ ਨੂੰ ਸ਼੍ਰੀਨਗਰ ਹਵਾਈ ਅੱਡੇ ''ਤੇ ਤਾਇਨਾਤ ਕਰ ਦਿੱਤਾ। ਉਹ (ਹਾਸ਼ਿਮ ਕੁਰੈਸ਼ੀ) ਉਥੇ ਲਗਾਤਾਰ ਜਾਂਦੇ ਰਹੇ ਅਤੇ ਜਹਾਜ਼ਾਂ ਵਿੱਚ ਸਵਾਰ ਹੋਣ ਬਾਰੇ ਰੇਕੀ ਕਰਦੇ ਰਹੇ, ਤਾਂ ਕਿ ਆਪਣੀ ਯੋਜਨਾ ''ਤੇ ਅਮਲ ਕਰ ਸਕਣ।

ਦੂਸਰੇ ਪਾਸੇ, ਆਪਣੀ ਰਿਹਾਈ ਤੋਂ ਤੁਰੰਤ ਬਾਅਦ ਹਾਸ਼ਿਮ ਕੁਰੈਸ਼ੀ ਨੇ ਆਪਣੇ ਦੂਰ ਦੇ ਰਿਸ਼ਤੇਦਾਰ ਅਸ਼ਰਫ਼ ਕੁਰੈਸ਼ੀ ਨੂੰ ਨਾ ਸਿਰਫ਼ ਯੋਜਨਾ ਬਾਰੇ ਦੱਸਿਆ, ਬਲਕਿ ਉਨ੍ਹਾਂ ਨੂੰ ਰੋਜ਼ਾਨਾ ਵਰਜਿਸ਼ ਦੇ ਬਹਾਨੇ ਕਿਲਾ ਹਰੀ ਪਰਬਤ ''ਤੇ ਜਹਾਜ਼ ਅਗਵਾ ਕਰਨ ਦੀ ਸਿਖਲਾਈ ਵੀ ਦਿੰਦੇ ਰਹੇ।

ਹਾਲੇ ਇੱਕ ਹੋਰ ਸਮੱਸਿਆ ਸੀ। ਕਿਉਂਕਿ ਪਿਸਤੌਲ ਅਤੇ ਹੈਂਡ ਗ੍ਰੇਨੇਡ ਬੀਐੱਸਐੱਫ਼ ਨੇ ਜ਼ਬਤ ਕਰ ਲਿਆ ਸੀ ਅਤੇ ਮਕਬੂਲ ਭੱਟ ਤੋਂ ਵੀ ਦੁਬਾਰਾ ਹਥਿਆਰ ਨਹੀਂ ਮਿਲ ਸਕਦੇ ਸਨ। ਇਸ ਲਈ ਹਾਸ਼ਿਮ ਕੁਰੈਸ਼ੀ ਨੇ ਹਥਿਆਰਾਂ ਦਾ ਪ੍ਰਬੰਧ ਬਾਰੇ ਇੱਕ ਹੋਰ ਯੋਜਨਾ ਤਿਆਰ ਕੀਤੀ।

ਉਨ੍ਹਾਂ ਦਿਨਾਂ ਵਿੱਚ ਸ਼੍ਰੀਨਗਰ ਦੀਆਂ ਅਖ਼ਬਾਰਾਂ ਵਿੱਚ ਇੱਕ ਇਸ਼ਤਿਆਰ ਆਉਂਦਾ ਸੀ ਕਿ ਚੋਰਾਂ ਅਤੇ ਲੁਟੇਰਿਆਂ ਤੋਂ ਬਚਣ ਲਈ ਅਸਲੀ ਵਰਗੀਆਂ ਪਿਸਤੌਲਾਂ ਖ਼ਰੀਦੋ।

ਹਾਸ਼ਿਮ ਕੁਰੈਸ਼ੀ ਦਾ ਕਹਿਣਾ ਹੈ, ਕਿ ਉਨ੍ਹਾਂ ਨੇ ਅਖ਼ਬਾਰੀ ਇਸ਼ਤਿਹਾਰ ਵਿੱਚ ਦਿੱਤੇ ਗਏ ਪਤੇ ਤੋਂ ਇੱਕ ਪਿਸਤੌਲ ਦਾ ਮੰਗਵਾ ਲਿਆ ਅਤੇ ਪਹੁੰਚਾਉਣ ਲਈ ਇੱਕ ਨੇੜਲੀ ਦੁਕਾਨ ਦਾ ਪਤਾ ਦੇ ਦਿੱਤਾ। ਦਸ ਜਾਂ ਬਾਰ੍ਹਾਂ ਦਿਨ੍ਹਾਂ ਬਾਅਦ ਨਕਲੀ ਪਿਸਤੌਲ ਮਿਲ ਗਈ, ਜੋ ਕਾਲੇ ਰੰਗ ਦਾ ਪੇਂਟ ਕਰਨ ''ਤੇ ਬਿਲਕੁਲ ਅਸਲੀ ਪਿਸਤੌਲ ਵਰਗੀ ਲੱਗਣ ਲੱਗੀ।

ਹੁਣ ਹੈਂਡ ਗ੍ਰੇਨੇਡ ਦਾ ਕੀ ਕੀਤਾ ਜਾਵੇ? ਇਸ ਲਈ, ਹਾਸ਼ਿਮ ਕੁਰੈਸ਼ੀ ਨੇ ਅਸ਼ਰਫ਼ ਕੁਰੈਸ਼ੀ ਨੂੰ ਕਾਗਜ਼ ''ਤੇ ਹੈਂਡ ਗ੍ਰੇਨੇਡ ਦੇ ਚਿੱਤਰ ਬਣਾ ਕੇ ਦਿਖਾਏ ਕਿ ਉਹ ਕਿਸ ਤਰ੍ਹਾਂ ਦੀ ਦਿਸਦੀ ਹੈ।

ਇਸ ''ਤੇ ਅਸ਼ਰਫ਼ ਕੁਰਾਸ਼ੀ ਨੇ ਕਿਹਾ ਇਹ ਲਕੜੀ ਦੀ ''ਬੀਅਰ ਮਗ'' ਵਰਗੀ ਹੈ। ਅਸੀਂ ਇਸ ਨੂੰ ਖ਼ੁਦ ਬਣਾ ਲਵਾਂਗੇ। ਇਹ ਬਿਲਕੁਲ ਵੀ ਔਖਾ ਨਹੀਂ ਹੋਵੇਗਾ।

ਕੁਝ ਹੀ ਦਿਨਾਂ ਵਿੱਚ ਇੱਕ ਲਕੜੀ ਦਾ ਹੈਂਡ ਗ੍ਰੇਨੇਡ ਵੀ ਬਣ ਗਿਆ ਅਤੇ ਤਿੰਨ ਚਾਰ ਅਲੱਗ ਅਲੱਗ ਰੰਗਾਂ ਨੂੰ ਮਿਲਾਕੇ ਲੋਹੋ ਦਾ ਰੰਗ ਬਣਾਇਆ ਗਿਆ, ਜਿਸ ਨੂੰ ਉਸਦੇ ਉੱਪਰ ਲਗਾਇਆ ਗਿਆ, ਤਾਂ ਕਿ ਉਹ ਅਸਲੀ ਹੈਂਡ ਗ੍ਰੇਨੇਡ ਵਰਗਾ ਨਜ਼ਰ ਆਉਣ ਲੱਗਿਆ।

ਉਨਾਂ ਦਿਨਾਂ ਵਿੱਚ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਬੇਟੇ ਰਾਜੀਵ ਗਾਂਧੀ ਇੱਕ ਪਾਇਲਟ ਵਜੋਂ ਸ਼੍ਰੀਨਗਰ ਆਉਂਦੇ ਰਹਿੰਦੇ ਸਨ ਅਤੇ ਕੁਝ ਖ਼ਬਰਾਂ ਸਨ ਕਿ ਰਾਜੀਵ ਗਾਂਧੀ ਪਾਇਲਟ ਦੇ ਤੌਰ ''ਤੇ 30 ਜਨਵਰੀ ਨੂੰ ਸ਼੍ਰੀਨਗਰ ਆ ਰਹੇ ਹਨ।

ਹਾਸ਼ਿਮ ਕੁਰੈਸ਼ੀ ਮੁਤਾਬਿਕ, ਉਨ੍ਹਾਂ ਨੇ ਵੀ ਅਗਵਾ ਲਈ 30 ਜਨਵਰੀ ਦਾ ਹੀ ਦਿਨ ਚੁਣਿਆ ਤਾਂ ਕਿ ਉਸੇ ਜਹਾਜ਼ ਨੂੰ ਅਗਵਾ ਕਰ ਸਕਣ ਜਿਸ ਦੇ ਪਾਇਲਟ ਰਾਜੀਵ ਗਾਂਧੀ ਹੋਣ।

ਉਨ੍ਹਾਂ ਨੇ ਅੱਗੇ ਕਿਹਾ, ਕਿਉਂਕਿ ਬੀਐੱਸਐੱਫ਼ ਉਨ੍ਹਾਂ ''ਤੇ ਸਖ਼ਤ ਨਿਗ੍ਹਾ ਰੱਖਦੀ ਸੀ, ਇਸ ਲਈ ਬੀਐੱਸਐੱਫ਼ ਤੋਂ ਬਚ ਕੇ ਜਹਾਜ਼ ਵਿੱਚ ਦਾਖ਼ਲ ਹੋਣ ਦਾ ਤਰੀਕਾ ਇਹ ਲੱਭਿਆ ਗਿਆ ਕਿ ਉਨ੍ਹਾਂ ਲਈ ਟਿਕਟ ਮੁਹੰਮਦ ਹੁਸੈਨ ਦੇ ਨਾਮ ''ਤੇ ਖਰੀਦਿਆ ਗਿਆ ਅਤੇ ਅਸ਼ਰਫ਼ ਲਈ ਟਿਕਟ ਉਨ੍ਹਾਂ ਨੇ ਆਪ ਖ਼ਰੀਦਿਆ।

ਜਹਾਜ਼ ਅਗਵਾ

30 ਜਨਵਰੀ, 1971 ਨੂੰ ਸ਼ਨਿੱਚਰਵਾਰ ਦਾ ਦਿਨ ਸੀ ਅਤੇ ਦੋਵੇਂ ਨੌਜਵਾਨ ਤਿਆਰ ਹੋ ਕੇ ਹਵਾਈ ਅੱਡੇ ਪਹੁੰਚੇ, ਪਰ ਉਨ੍ਹਾਂ ਨੂੰ ਇਹ ਜਾਣਕੇ ਨਿਰਾਸ਼ਾ ਹੋਈ ਕਿ ਰਾਜੀਵ ਗਾਂਧੀ ਕਿਸੇ ਕਾਰਨ ਕਰਕੇ ਨਹੀਂ ਆ ਸਕੇ, ਪਰ ਯੋਜਨਾ ਮੁਤਾਬਿਕ ਉਹ ਉਪਲੱਬਧ ਜਹਾਜ਼ ਵਿੱਚ ਸਵਾਰ ਹੋ ਗਏ।

ਅਸ਼ਰਫ਼ ਕੋਲ ਇੱਕ ਬ੍ਰੀਫ਼ਕੇਸ ਸੀ ਜਿਸ ''ਚ ਨਕਲੀ ਹੈਂਡ ਗ੍ਰੇਨੇਡ ਅਤੇ ਪਿਸਤੌਲ ਸੀ ਅਤੇ ਉਹ ਅਸਾਨੀ ਨਾਲ ਇਸ ਸਾਮਾਨ ਦੇ ਨਾਲ ਜਹਾਜ਼ ਵਿੱਚ ਚੜ੍ਹ ਗਿਆ। ਕਿਉਂਕਿ ਹਾਸ਼ਿਮ ਕੁਰੈਸ਼ੀ ਨੇ ਪਹਿਲਾਂ ਹੀ ਰੇਕੀ ਕਰ ਲਈ ਸੀ ਕਿ ਜਹਾਜ਼ ਵਿੱਚ ਚੜ੍ਹਨ ਸਮੇਂ ਯਾਤਰੀਆਂ ਦੀ ਕੋਈ ਖ਼ਾਸ ਜਾਂਚ ਨਹੀਂ ਹੁੰਦੀ।

ਜਹਾਜ਼ ਨੇ ਸਵੇਰੇ ਕਰੀਬ 11.30 ਵਜੇ ਜੰਮੂ ਤੋਂ ਸ਼੍ਰੀਨਗਰ ਲਈ ਉਡਾਨ ਭਰੀ। ਕਿਉਂਕਿ ਉਨਾਂ ਦਿਨਾਂ ਵਿੱਚ ਸ਼੍ਰੀਨਗਰ ਅਤੇ ਜੰਮੂ ਦਰਮਿਆਨ ਅੱਧੇ ਜਾਂ ਪੌਣੇ ਘੰਟੇ ਦੀ ਉਡਾਨ ਸੀ।

ਜਿਵੇਂ ਹੀ ਏਅਰਹੋਸਟੇਸ ਨੇ ਐਲਾਨ ਕੀਤ਼ਾ,ਕਿ ਯਾਤਰੀ ਆਪਣੀਆਂ ਸੀਟ ਬੈਲਟਾਂ ਬੰਨ੍ਹ ਲੈਣ, ਜਹਾਜ਼ ਜਲਦ ਹੀ ਜੰਮੂ ਉਤਰਣ ਵਾਲਾ ਹੈ, ਤਾਂ ਹਾਸ਼ਿਮ ਕੁਰੈਸ਼ੀ ਆਪਣੀ ਸੀਟ ਤੋਂ ਉੱਠ ਕੇ ਤੇਜ਼ੀ ਨਾਲ ਕਾਕਪਿਟ ਵਿੱਚ ਚਲੇ ਗਏ। ਉਨ੍ਹਾਂ ਨੇ ਜਾ ਕੇ ਨਕਲੀ ਪਿਸਤੌਲ ਜਹਾਜ਼ ਵਿੱਚ ਖੱਬੇ ਪਾਸੇ ਬੈਠੇ ਕਪਤਾਨ ਐੱਮਕੇ ਕਾਚਰੋ ਦੇ ਸਿਰ ''ਤੇ ਰੱਖ ਦਿੱਤੀ ਅਤੇ ਉਨ੍ਹਾਂ ਨੂੰ ਜਹਾਜ਼ ਪਾਕਿਸਤਾਨ ਲੈ ਜਾਣ ਲਈ ਕਿਹਾ।

ਕਪਤਾਨ ਉਬਰਾਏ ਸੱਜੇ ਪਾਸੇ ਬੈਠੇ ਸਨ ਅਤੇ ਉਹ ਬਿਲਕੁਲ ਵੀ ਨਹੀਂ ਦੇਖ ਸਕੇ ਕਿ ਪਿਸਤੌਲ ਅਸਲੀ ਹੈ ਜਾਂ ਨਕਲੀ।

ਜਹਾਜ਼ ਹੁਣ ਆਪਣੀ ਨਵੀਂ ਮੰਜ਼ਲ ਵੱਲ ਉੱਡ ਚੁੱਕਿਆ ਸੀ।

ਹਾਸ਼ਿਮ ਦੱਸਦੇ ਹਨ ਕਿ ਜਿਵੇਂ ਹੀ ਮੈਂ ਕਾਕਪਿਟ ਵਿੱਚ ਦਾਖ਼ਲ ਹੋਇਆ, ਅਸ਼ਰਫ਼ ਆਪਣੀ ਸੀਟ ਤੋਂ ਉੱਠੇ ਅਤੇ ਆਪਣੇ ਹੱਥ ਵਿੱਚ ਹੈਂਡ ਗ੍ਰੇਨੇਡ ਲਈ ਕਾਕਪਿਟ ਦੇ ਦਰਵਾਜ਼ੇ ਵੱਲ ਆ ਗਏ, ਜਿਥੇ ਅਸੀਂ ਦੋਵੇਂ ਇੱਕ ਦੂਜੇ ਵੱਲ ਪਿੱਠ ਕਰਕੇ ਖੜੇ ਸੀ। ਤਾਂਕਿ ਉਹ (ਹਾਸ਼ਿਮ ਕੁਰੈਸ਼ੀ) ਪਾਇਲਟ ਨੂੰ ਅਤੇ ਅਸ਼ਰਫ਼ ਯਾਤਰੀਆਂ ''ਤੇ ਕਾਬੂ ਪਾ ਸਕਣ।

ਹਾਸ਼ਿਮ ਕੁਰੈਸ਼ੀ ਮੁਤਾਬਿਕ, ਅਸ਼ਰਫ਼ ਨੇ ਆਪਣੇ ਹੱਥ ਵਿੱਚ ਹੈਂਡ ਗ੍ਰੇਨੇਡ ਫ਼ੜਿਆ ਅਤੇ ਸਾਰੇ ਯਾਤਰੀਆਂ ਨੂੰ ਕਿਹਾ ਕਿ ਆਪਣੇ ਹੱਥ ਉੱਪਰ ਕਰ ਲੈਣ, ਨਹੀਂ ਤਾਂ ਉਹ ਹੈਂਡ ਗ੍ਰੇਨੇਡ ਚਲਾ ਦੇਣਗੇ।

ਜਹਾਜ਼ ਵਿੱਚ ਭਾਰਤੀ ਸੈਨਾ ਦਾ ਇੱਕ ਪਾਇਲਟ ਵੀ ਸੀ, ਜਿਸ ਨੇ ਅਸ਼ਰਫ਼ ਨੂੰ ਪੁੱਛਿਆ ਇਹ ਕਿਹੜਾ ਗ੍ਰਿਨੇਡ ਹੈ, ਜਿਸ ''ਤੇ ਅਸ਼ਰਫ਼ ਨੇ ਜਵਾਬ ਦਿੱਤਾ ਕਿ ਹੁਣੇ ਚਲਾ ਕੇ ਦਿਖਾ ਦਿੰਦਾ ਹਾਂ, ਫ਼ਿਰ ਤੈਨੂੰ ਆਪਣੇ ਆਪ ਪਤਾ ਲੱਗ ਜਾਵੇਗਾ ਕਿ ਕਿਹੜਾ ਹੈਂਡ ਗ੍ਰੈਨੇਡ ਹੈ, ਇਸ ਨਾਲ ਉਹ ਵੀ ਡਰ ਗਿਆ ਅਤੇ ਫ਼ਿਰ ਕੋਈ ਗੱਲ ਨਾ ਕੀਤੀ।

"ਮੈਂ ਜਹਾਜ ਨੂੰ ਜੇਹਲਮ ਦੇ ਉੱਪਰੋਂ ਰਾਵਲਪਿੰਡੀ ਲੈ ਜਾਣਾ ਚਾਹੁੰਦਾ ਸੀ, ਪਰ ਬਹੁਤ ਠੰਡੇ ਮੌਸਮ ਅਤੇ ਬਰਫ਼ਬਾਰੀ ਕਾਰਨ ਦਰਿਆ ਨੂੰ ਨਾ ਦੇਖ ਸਕਿਆ। ਮੈਂ ਪਾਇਲਟ ਨੂੰ ਕਿਹਾ ਜਹਾਜ਼ ਨੂੰ ਰਾਵਲਪਿੰਡੀ ਲੈ ਜਾਵੇ, ਉਸ ਨੇ ਕਿਹਾ ਪੈਟਰੋਲ ਘੱਟ ਹੈ, ਅਸੀਂ ਇਸ ਨੂੰ ਲਾਹੌਰ ਤੱਕ ਲੈ ਜਾ ਸਕਦੇ ਹਾਂ, ਕਿਉਂਕਿ ਉਹ ਨਜ਼ਦੀਕ ਹੈ।" ਹਾਸ਼ਿਮ ਕੁਰੈਸ਼ੀ ਦੱਸਦੇ ਹਨ ਕਿ ਉਹ ਜਹਾਜ਼ ਨੂੰ ਲਾਹੌਰ ਲੈ ਜਾਣ ਲਈ ਰਾਜ਼ੀ ਹੋ ਗਏ।

ਹਾਸ਼ਿਮ ਕੁਰੈਸ਼ੀ ਮੁਤਾਬਿਕ, ਇੱਕ ਸਮਾਂ ਅਜਿਹਾ ਆਇਆ ਜਦੋਂ ਉਨ੍ਹਾਂ ਨੇ ਹੇਠਾਂ ਆਬਾਦੀ ਦੇਖੀ, ਤਾਂ ਉਨ੍ਹਾਂ ਨੇ ਪਾਇਲਟ ਨੂੰ ਪੁੱਛਿਆ ਕਿਥੇ ਲੈ ਜਾ ਰਹੇ ਹੋ। ਉਨ੍ਹਾਂ ਨੇ ਪੰਜਾਬੀ ਵਿੱਚ ਕਿਹਾ, "ਮੁੰਡਿਆ ਗੁੱਸਾ ਨਾ ਕਰ, ਮੈਂ ਤੁਹਾਨੂੰ ਧੋਖਾ ਨਹੀਂ ਦਿੱਤਾ, ਅਸੀਂ ਲਾਹੌਰ ਹੀ ਲੈ ਜਾ ਰਹੇ ਹਾਂ।"

ਜਹਾਜ਼ ਉਡਾਨ ਭਰਦਾ ਰਿਹਾ। ਕੁਝ ਹੀ ਸਮੇਂ ਬਾਅਦ ਪਾਇਲਟ ਉਬਰਾਏ ਨੇ ਏਅਰ ਟਰੈਫ਼ਿਕ ਕੰਟਰੋਲ ਨੂੰ ਵਾਇਰਲੈਸ ''ਤੇ ਕੋਡ ਵਰਡ ਜ਼ਰੀਏ ਇੱਕ ਸੁਨੇਹਾ ਭੇਜਿਆ ਕਿ ਲਾਹੌਰ, ਲਾਹੌਰ। ਪਰ ਦੂਸਰੇ ਪਾਸਿਓਂ ਇੱਕ ਸਰਦਾਰ ਸਾਹਿਬ ਦੀ ਆਵਾਜ਼ ਆਈ ਕਿ ਨਹੀਂ, ਇਹ ਲਾਹੌਰ ਨਹੀਂ, ਬਲਕਿ ਅਮ੍ਰਿੰਤਸਰ ਹੈ।

ਹਾਸ਼ਿਮ ਕੁਰੈਸ਼ੀ ਦਾ ਕਹਿਣਾ ਹੈ ਕਿ, ਇਸ ਚਲਾਕੀ ''ਤੇ ਉਨ੍ਹਾਂ ਨੇ ਉਬਰਾਏ ਨੂੰ ਇੱਕ ਜ਼ੋਰਦਾਰ ਥੱਪੜ ਜੜ ਦਿੱਤਾ। ਕਿਉਂਕਿ ਉਹ ਜਹਾਜ਼ ਨੂੰ ਧੋਖੇ ਨਾਲ ਅਮ੍ਰਿੰਤਸਰ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। "ਇਸ ਦੇ ਬਾਅਦ ਮੈਂ ਉਨ੍ਹਾਂ ਤੋਂ ਵਾਕੀ-ਟਾਕੀ ਵੀ ਖੋਹ ਲਿਆ।"

ਪਾਕਿਸਤਾਨ ਵਿੱਚ ਉੱਤਰਿਆ ਜਹਾਜ਼

ਹਾਸ਼ਿਮ ਕੁਰੈਸ਼ੀ ਮੁਤਾਬਿਕ, ਜਿਵੇਂ ਹੀ ਲਾਹੌਰ ਵਿੱਚ ਉੱਤਰਣ ਲਈ ਪਾਕਿਸਤਾਨ ਕੰਟਰੋਲ ਟਾਵਰ ਨਾਲ ਸੰਪਰਕ ਹੋਇਆ, ਤਾਂ ਅਸੀਂ ਉਨ੍ਹਾਂ ਨੂੰ ਦੱਸਿਆ ਕਿ ਅਸੀਂ ਦੋ ''ਕਸ਼ਮੀਰੀ ਮੁਜ਼ਾਹੀਦੀਨ'' ਹਾਂ। ਅਸੀਂ ਭਾਰਤੀ ਜਹਾਜ਼ ਅਗਵਾ ਕੀਤਾ ਹੈ ਅਤੇ ਉਸ ਵਿੱਚ ਯਾਤਰੀ ਅਤੇ ਚਾਲਕ ਦਲ ਵੀ ਮੌਜੂਦ ਹੈ। ਸਾਨੂੰ ਉੱਤਰਨ ਦੀ ਇਜ਼ਾਜਤ ਦਿੱਤੀ ਜਾਵੇ।

ਕੰਟਰੋਲ ਟਾਵਰ ਨੇ ਸੰਬੰਧਿਤ ਅਧਿਕਾਰੀਆਂ ਨਾਲ ਸੰਪਰਕ ਕਰਨ ਤੋਂ ਬਾਅਦ ਲੈਂਡਿੰਗ ਦੀ ਆਗਿਆ ਦਿੱਤੀ ਅਤੇ ਜਹਾਜ਼ ਤਕਰੀਬਨ 1:30 ਵਜੇ ਲਾਹੌਰ ਹਾਵਈ ਅੱਡੇ ''ਤੇ ਉੱਤਰ ਗਿਆ। ਜਿੱਥੇ ਹਰ ਪਾਸੇ ਸੁਰੱਖਿਆ ਕਰਮੀ ਸਨ ਜਿਨ੍ਹਾਂ ਨੇ ਜਹਾਜ਼ ਨੂੰ ਘੇਰ ਲਿਆ ਸੀ।

ਲਾਹੌਰ ਪੁਲਿਸ ਦੇ ਤਤਕਾਲੀਨ ਐੱਸਐੱਸਪੀ ਅਬਦੁੱਲ ਵਕੀਲ ਖ਼ਾਨ ਅਤੇ ਡੀਐੱਸਪੀ ਨਾਸਿਰ ਸ਼ਾਹ ਦੇ ਇਲਾਵਾ ਸੁਰੱਖਿਆ ਅਤੇ ਪ੍ਰਸ਼ਾਸਨ ਦੇ ਹੋਰ ਲੋਕ ਵੀ ਮੌਕੇ ''ਤੇ ਪਹੁੰਚ ਗਏ ਸਨ।

ਹਾਸ਼ਿਮ ਕੁਰੈਸ਼ੀ ਕਹਿੰਦੇ ਹਨ ਕਿ ਸਕਿਊਰਿਟੀ ਦੇ ਕੁਝ ਲੋਕ ਸਾਡੇ ਕੋਲ ਆਏ, ਜਿਨ੍ਹਾਂ ਤੋਂ ਅਸੀਂ ਪੁੱਛਿਆ ਕਿ, "ਕੀ ਇਹ ਲਾਹੌਰ ਹੈ?" ਉਨ੍ਹਾਂ ਨੇ ਕਿਹਾ ਹਾਂ, ਇਹ ਲਾਹੌਰ ਹੈ। "ਮੈਂ ਕਿਹਾ, ''ਮੈਂ ਕਿਵੇਂ ਵਿਸ਼ਵਾਸ ਕਰਾਂ ਕਿ ਤੁਸੀਂ ਸੱਚ ਬੋਲ ਰਹੇ ਹੋ?"

ਹਾਸ਼ਿਮ ਕੁਰੈਸ਼ੀ ਮੁਤਾਬਿਕ, ਉਨ੍ਹਾਂ ਨੇ ਆਪਣੇ ਸਰਵਿਸ ਕਾਰਡ ਦਿਖਾਉਣੇ ਸ਼ੁਰੂ ਕਰ ਦਿੱਤੇ ਅਤੇ ਪਾਕਿਸਤਾਨ ਦਾ ਝੰਡਾ ਵੀ ਦਿਖਾਇਆ। "ਮੈਂ ਕਿਹਾ ਇਹ ਸਭ ਤਾਂ ਨਕਲੀ ਵੀ ਹੋ ਸਕਦਾ ਹੈ, ਜਿਸਦੇ ਬਾਅਦ ਉਹ ਕਲਮਾ ਪੜ੍ਹਕੇ ਸੁਣਾਉਣ ਲੱਗੇ, ਇਸ ਦੇ ਬਾਅਦ ਸਾਨੂੰ ਯਕੀਨ ਹੋ ਗਿਆ ਕਿ ਅਸੀਂ ਲਾਹੌਰ ਵਿੱਚ ਹੀ ਉੱਤਰੇ ਹਾਂ।"

ਜਦੋਂ ਅਗਵਾਕਾਰਾਂ ਨੂੰ ਉਨ੍ਹਾਂ ਦੀਆਂ ਮੰਗਾਂ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਕਿਹਾ, ਕਿ ਉਨ੍ਹਾਂ ਨੇ ਇਹ ਸਭ ''ਕਸ਼ਮੀਰ ਦੀ ਆਜ਼ਾਦੀ'' ਲਈ ਕੀਤਾ ਹੈ। ਉਨ੍ਹਾਂ ਦੇ ਕੁਝ ਸਾਥੀ ਜੋ ਭਾਰਤੀ ਹਿਰਾਸਤ ਵਿੱਚ ਹਨ, ਉਨ੍ਹਾਂ ਨੂੰ ਯਾਤਰੀਆਂ ਅਤੇ ਜਹਾਜ਼ ਨੂੰ ਛੱਡਣ ਬਦਲੇ ਰਿਹਾਅ ਕਰਵਾਉਣਾ ਹੈ।

ਹਾਸ਼ਿਮ ਕੁਰੈਸ਼ੀ ਕਹਿੰਦੇ ਹਨ, "ਸਾਨੂੰ ਕਿਹਾ ਗਿਆ ਕਿ ਔਰਤਾਂ ਅਤੇ ਬੱਚਿਆਂ ਨੂੰ ਰਿਹਾਅ ਕਰ ਦਿਓ, ਬਾਕੀ ਲੋਕਾਂ ਨੂੰ ਚਾਹੇ ਕੈਦ ਵਿੱਚ ਰੱਖ ਲਓ। ਇਸ ''ਤੇ ਮੈਂ ਕਿਹਾ ਨਹੀਂ ਸਭ ਤੋਂ ਪਹਿਲਾਂ ਸਾਡੀ ਗੱਲ ਮਕਬੂਲ ਭੱਟ ਨਾਲ ਕਰਵਾਈ ਜਾਵੇ।"

"ਸੁਰੱਖਿਆ ਗਾਰਡ ਮੈਨੂੰ ਬੈਠਕ ਵਿੱਚ ਲੈ ਗਏ, ਪਰ ਮਕਬੂਲ ਭੱਟ ਨਾਲ ਸੰਪਰਕ ਨਹੀਂ ਹੋ ਪਾ ਰਿਹਾ ਸੀ, ਜਿਸ ਤੋਂ ਬਾਅਦ ਮੇਰੀ ਗੱਲ ਡਾ. ਫ਼ਾਰੁਕ ਹੈਦਰ ਨਾਲ ਕਰਵਾਈ ਗਈ, ਜੋ ਉਸ ਸਮੇਂ ਰਾਵਲਪਿੰਡੀ ਵਿੱਚ ਸਨ। ਮੈਂ ਉਨ੍ਹਾਂ ਨੂੰ ਕਿਹਾ ਕਿ ''ਫ਼ਿਰੋਜ਼'' ਹਾਂ ਅਤੇ ਅਸੀਂ ''ਪਰਿੰਦਾ'' ਲੈ ਆਏ ਹਾਂ, ਤੁਸੀਂ ਲਾਹੌਰ ਆ ਜਾਓ।"

ਹਾਸ਼ਿਮ ਕੁਰੈਸ਼ੀ ਦਾ ਕੋਡ ਨਾਮ ਫ਼ਿਰੋਜ਼ ਸੀ ਅਤੇ ਆਪਰੇਸ਼ਨ ਦਾ ਕੋਡ ਨਾਮ ਪਰਿੰਦਾ ਸੀ।

ਜਹਾਜ਼ ਅੰਦਰ ਔਰਤਾਂ ਡਰ ਕਾਰਨ ਰੋ ਰਹੀਆਂ ਸਨ, ਜਦੋਂ ਕਿ ਬੱਚੇ ਭੁੱਖ ਅਤੇ ਪਿਆਸ ਕਰਕੇ ਰੋ ਰਹੇ ਸਨ। ਅਗਵਾਕਾਰਾਂ ਦੀ ਬੇਨਤੀ ''ਤੇ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਤੁਰੰਤ ਪਾਣੀ ਮੁਹੱਈਆ ਕਰਵਾਇਆ।

ਹਾਸ਼ਿਮ ਅਤੇ ਅਸ਼ਰਫ਼ ਨੇ ਇੱਕ ਦੂਸਰੇ ਨਾਲ ਸਲਾਹ ਕੀਤੀ ਕਿ ਲੈਂਡਿੰਗ ਦੇ ਦੋ ਘੰਟੇ ਅੰਦਰ ਹੀ ਔਰਤਾਂ ਅਤੇ ਬੱਚਿਆਂ ਨੂੰ ਛੱਡ ਦਿੱਤਾ।

ਹਾਸ਼ਿਮ ਕੁਰੈਸ਼ੀ ਦਾ ਕਹਿਣਾ ਹੈ ਕਿ ਕਰੀਬ ਡੇਢ ਘੰਟੇ ਬਾਅਦ ਸੁਰੱਖਿਆ ਕਰਮੀ ਦੁਬਾਰਾ ਆਏ ਅਤੇ ਕਿਹਾ ਕਿ ਡਾ. ਫ਼ਾਰੂਕ ਹੈਦਰ ਨੇ ਸੁਨੇਹਾ ਭੇਜਿਆ ਹੈ ਕਿ ਉਹ ਬਾਕੀ ਯਾਤਰੀਆਂ ਨੂੰ ਵੀ ਛੱਡ ਦੇਣ ਅਤੇ ਜਹਾਜ਼ ਨੂੰ ਆਪਣੇ ਕਬਜ਼ੇ ਵਿੱਚ ਰੱਖਣ।

"ਅਸੀਂ ਉਨ੍ਹਾਂ ਦੀ ਗੱਲ ਮੰਨ ਲਈ, ਕਿ ਇਹ ਤਾਂ ਸਾਡੇ ਨਾਲ ਧੋਖਾ ਨਹੀਂ ਕਰਨਗੇ ਅਤੇ ਸ਼ਾਮ ਤੱਕ ਸਾਰੇ ਯਾਤਰੀਆਂ ਨੂੰ ਛੱਡ ਦਿੱਤਾ। ਹੁਣ ਸਿਰਫ਼ ਜਹਾਜ਼ ਸਾਡੇ ਕਬਜ਼ੇ ਵਿੱਚ ਸੀ।"

ਹਾਸ਼ਿਮ ਕੁਰੈਸ਼ੀ ਮੁਤਾਬਿਕ, " ਸਾਰੇ ਯਾਤਰੀਆਂ ਨੂੰ ਰਿਹਾਅ ਕਰ ਦੇਣਾ ਅਤੇ ਬਸ ਜਹਾਜ਼ ''ਤੇ ਕਬਜ਼ਾ ਕਰਨਾ ਯਕੀਨਨ ਇੱਕ ਬਚਕਾਨਾ ਗੱਲ ਸੀ। ਜਿਸ ਨੇ ਸਾਡੀ ਸੌਦੇਬਾਜ਼ੀ ਦੀ ਸਥਿਤੀ ਨੂੰ ਕਮਜ਼ੋਰ ਕਰ ਦਿੱਤਾ, ਪਰ ਉਸ ਸਮੇਂ ਅਸੀਂ ਵੀ ਤਾਂ ਬੱਚੇ ਹੀ ਸੀ ਨਾ।"

ਸਾਰੇ ਯਾਤਰੀਆਂ ਨੂੰ ਸਖ਼ਤ ਸੁਰੱਖਿਆ ਵਿੱਚ ਲਾਹੌਰ ਦੇ ਇੱਕ ਹੋਟਲ ਵਿੱਚ ਲੈ ਜਾਇਆ ਗਿਆ। ਜਿਥੇ ਉਹ ਕੁਝ ਦਿਨਾਂ ਤੱਕ ਰਹੇ ਅਤੇ ਫ਼ਿਰ ਉਨ੍ਹਾਂ ਨੂੰ ਭਾਰਤ ਭੇਜ ਦਿੱਤਾ ਗਿਆ।

ਰਾਤ ਨੂੰ ਕਰੀਬ 9 ਵਜੇ, ਮਕਬੂਲ ਭੱਟ, ਜਾਵੇਦ ਸਾਗਰ, ਕੇ.ਖ਼ੁਰਸ਼ੀਦ ਅਤੇ ਹੋਰ ਲੋਕ ਵੀ ਲਾਹੌਰ ਪਹੁੰਚ ਗਏ। ਹਾਸ਼ਿਮ ਕੁਰੈਸ਼ੀ ਦੱਸਦੇ ਹਨ ਕਿ ਹਵਾਈ ਅੱਡੇ ''ਤੇ ਇੰਨੀ ਭੀੜ ਇਕੱਠੀ ਹੋ ਗਈ ਸੀ ਕਿ ਦੋ ਜਾਂ ਤਿੰਨ ਵਾਰ ਲਾਠੀਚਾਰਜ ਕਰਨਾ ਪਿਆ, ਤਾਂ ਕਿ ਲੋਕਾਂ ਨੂੰ ਜਹਾਜ਼ ਤੋਂ ਦੂਰ ਭਜਾਇਆ ਜਾ ਸਕੇ।

ਮਸ਼ਹੂਰ ਕਾਨੂੰਨੀ ਮਾਹਰ ਅਤੇ ਗੰਗਾ ਜਹਾਜ਼ ਮਾਮਲੇ ਵਿੱਚ ਹਾਸ਼ਿਮ ਕੁਰੈਸ਼ੀ ਦੇ ਵਕੀਲ ਆਬਿਦ ਹਸਨ ਮੰਟੋ ਨੇ ਬੀਬੀਸੀ ਨੂੰ ਦੱਸਿਆ ਕਿ 30 ਜਨਵਰੀ ਦੀ ਸ਼ਾਮ ਤੱਕ ਹੀ ਲਾਹੌਰ ਸਮੇਤ ਪੂਰੇ ਪਾਕਿਸਤਾਨ ਵਿੱਚ ਅਗਵਾ ਦੀ ਖ਼ਬਰ ਫ਼ੈਲ ਗਈ ਸੀ।

ਅਗਲੀ ਸਵੇਰ ਤੱਕ ਪਾਕਿਸਤਾਨ ਦੇ ਦੂਰ ਦਰਾਡੇ ਦੇ ਇਲਾਕਿਆਂ ਅਤੇ ਪਾਕਿਸਤਾਨ ਸ਼ਾਸ਼ਤ ਕਸ਼ਮੀਰ ਦੇ ਲੋਕ ਵੀ ਹਵਾਈ ਅੱਡੇ ''ਤੇ ਪਹੁੰਚ ਚੁੱਕੇ ਸਨ ਤਾਂ ਕਿ ਉਨ੍ਹਾਂ ਨੋਜਵਾਨਾਂ ਨੂੰ ਦੇਖ ਸਕਣ, ਜੋ ਇੱਕ ਭਾਰਤੀ ਜਹਾਜ਼ ਨੂੰ ਅਗਵਾ ਕਰਕੇ ਲਾਹੌਰ ਲੈ ਆਏ ਸਨ।

ਆਬਿਦ ਹਸਨ ਮੰਟੋ ਮੁਤਾਬਿਕ, ਇਸ ਮਾਮਲੇ ਵਿੱਚ ਉਨ੍ਹਾਂ ਦੀ ਰੁਚੀ ਇਸ ਲਈ ਵੀ ਜ਼ਿਆਦਾ ਸੀ ਕਿਉਂਕਿ ਡਾ. ਫ਼ਾਰੁਕ ਹੈਦਰ ਦਾ ਨਾਮ ਵੀ ਇਸ ਅਗਵਾ ਮਾਮਲੇ ਵਿੱਚ ਆ ਰਿਹਾ ਸੀ, ਜੋ ਉਨ੍ਹਾਂ ਦੀ ਰਿਸ਼ਤੇਦਾਰੀ ਵਿੱਚੋਂ ਇੱਕ ਭੈਣ ਦੇ ਪਤੀ ਸਨ।

ਹਾਸ਼ਿਮ ਕੁਰੈਸ਼ੀ ਯਾਦ ਕਰਦੇ ਹਨ ਕਿ 31 ਜਨਵਰੀ ਨੂੰ ਪਾਕਿਸਤਾਨੀ ਅਧਿਕਾਰੀਆਂ ਨੇ ਜਾਵੇਦ ਸਾਗਰ ਅਤੇ ਸਾਡੇ ਇੱਕ ਹੋਰ ਸਾਥੀ ਨੂੰ ਵੀ ਜਹਾਜ਼ ਦੇ ਅੰਦਰ ਜਾਣ ਦੀ ਆਗਿਆ ਦੇ ਦਿੱਤੀ , ਤਾਂ ਕਿ ਜੇ ਅਸੀਂ ਰਾਤ ਨੂੰ ਸੌਂ ਵੀ ਜਾਈਏ ਤਾਂ ਉਹ ਲੋਕ ਜਹਾਜ਼ ''ਤੇ ਕਬਜ਼ਾ ਕਰੀ ਰੱਖਣ।

ਹਾਸ਼ਿਮ ਮੁਤਾਬਿਕ, 31 ਜਨਵਰੀ ਨੂੰ ਹੀ ਪਾਕਿਸਤਾਨ ਦੀ ਸੁਰੱਖਿਆ ਏਜੰਸੀ ਦੇ ਲੋਕ ਆਏ ਅਤੇ ਜਹਾਜ਼ ਵਿੱਚ ਮੌਜੂਦ ''ਡਾਕ'' ਲੈ ਕੇ ਚਲੇ ਗਏ। ਕਿਉਂਕ ਇਹ ਫਲਾਈਟ ਦਿੱਲੀ ਤੋਂ ਸ਼੍ਰੀਨਗਰ ਚਲਦੀ ਸੀ। ਇਸ ਲਈ ਭਾਰਤੀ ਫ਼ੌਜ ਦਾ ਪੱਤਰਵਿਹਾਰ ਵੀ ਇਸੇ ਫ਼ਲਾਈਟ ਰਾਹੀਂ ਹੁੰਦਾ ਸੀ ਅਤੇ ਹਾਸ਼ਿਮ ਮੁਤਾਬਿਕ ਉਹ ਸ਼ਾਇਦ ਚਿੱਠੀਆਂ ਪੜ੍ਹਨਾ ਚਾਹੁੰਦੇ ਸਨ।

ਹਾਸ਼ਿਮ ਮੁਤਾਬਿਕ, ਅਗਲੇ ਦਿਨ ਯਾਨੀ 1 ਫ਼ਰਵਰੀ ਨੂੰ ਦੋ ਪਾਕਿਸਤਾਨੀ ਸੈਨਾ ਦੇ ਅਧਿਕਾਰੀ ਡਾਕ ਨਾਲ ਵਾਪਸ ਆਏ ਅਤੇ ਕਿਹਾ, ਇਸ ਦੀ ਸੀਲ ਠੀਕ ਤਰੀਕੇ ਨਾਲ ਬੰਦ ਨਹੀਂ ਹੋਈ ਹੈ ਅਤੇ ਸੌਖਿਆਂ ਪਤਾ ਲੱਗ ਜਾਵੇਗਾ ਕਿ ਇਹ ਖੋਲ੍ਹੀ ਗਈ ਹੈ, ਇਸ ਲਈ ਇਸ ਨੂੰ ਸਾੜ ਦਿਓ।

ਇਸ ਦੇ ਬਾਅਦ ਉਨ੍ਹਾਂ ਨੇ ਡਾਕ ਨੂੰ ਸਾੜ ਕੇ ਕਸ਼ਮੀਰੀ ਪਕਵਾਨ ''ਬਾਜ਼ਬਾਨ'' ਨੂੰ ਗਰਮ ਕੀਤਾ, ਜਿਸ ਨੂੰ ਦੋਵਾਂ ਅਧਿਕਾਰੀਆਂ ਸਮੇਤ ਅਗਵਾਕਾਰਾਂ ਨੇ ਵੀ ਖਾਧਾ ਸੀ।

ਹਾਸ਼ਿਮ ਕੁਰੈਸ਼ੀ ਮੁਤਾਬਿਕ, ਉਸੇ ਦਿਨ, ਉਨ੍ਹਾਂ ਨੇ ਸੈਨਾ ਦੇ ਦੋ ਅਧਿਕਾਰੀਆਂ ਵਿੱਚੋਂ ਇੱਕ ਦੇ ਢਿੱਡ ''ਤੇ ਪਿਸਤੌਲ ਰੱਖ ਦਿੱਤੀ ਅਤੇ ਮਜ਼ਾਕ ਨਾਲ ਕਿਹਾ, "ਹੈਂਡਸ ਅੱਪ", ਤਾਂ ਉਨ੍ਹਾਂ ਨੇ ਡਰ ਕੇ ਹੱਥ ਖੜੇ ਕਰ ਦਿੱਤੇ। "ਬਾਅਦ ਵਿੱਚ ਮੈਂ ਉਨ੍ਹਾਂ ਨੂੰ ਦੱਸਿਆ ਯਾਰ ਇਹ ਨਕਲੀ ਹੈ।"

ਸੈਨਾ ਦੇ ਅਧਿਕਾਰੀ ਇਹ ਸੁਣਕੇ ਹੈਰਾਨ ਹੋ ਗਏ ਅਤੇ ਪੁੱਛਣ ਲੱਗੇ, " ਕੀ ਇਹ ਅਸਲ ਵਿੱਚ ਇੱਕ ਨਕਲੀ ਪਿਸਤੌਲ ਹੈ?"

ਹਾਸ਼ਿਮ ਕੁਰੈਸ਼ੀ ਦਾ ਕਹਿਣਾ ਹੈ ਕਿ ਉਸ ਦਿਨ ਪਹਿਲੀ ਵਾਰ, ਉਨ੍ਹਾਂ ਨੇ ਆਪ ਪਾਕਿਸਤਾਨੀ ਸੁਰੱਖਿਆ ਏਜੰਸੀਆਂ ਨੂੰ ਦੱਸਿਆ ਸੀ ਕਿ ਗੰਗਾ ਹਾਈਜੈਕਿੰਗ ਨਕਲੀ ਪਿਸਤੌਲ ਅਤੇ ਹੈਂਡ ਗ੍ਰੇਨੇਡ ਨਾਲ ਕੀਤੀ ਗਈ ਸੀ। ਇਸ ਤੋਂ ਪਹਿਲਾਂ ਹਰ ਕੋਈ ਅਣਜਾਣ ਸੀ।

2 ਫ਼ਰਵਰੀ ਨੂੰ ਬਹੁਤ ਦਿਲਚਸਪ ਘਟਨਾਵਾਂ ਹੋਈਆਂ

ਪੀਪਲਜ਼ ਪਾਰਟੀ ਦੇ ਸੰਸਥਾਪਕ ਜ਼ੁਲਿਫ਼ਕਾਰ ਅਲੀ ਭੁੱਟੋ ਨੇ ਦਸੰਬਰ 1970 ਦੀਆਂ ਚੋਣਾਂ ਵਿੱਚ ਪੱਛਮੀ ਪਾਕਿਸਤਾਨ ਵਿੱਚ ਬਹੁਮੱਤ ਹਾਸਿਲ ਕੀਤਾ ਸੀ। ਉਹ ਸੱਤਾ ਦੇ ਸੰਭਾਵਿਤ ਸੱਤਾ ਤਬਦਾਲੇ ਬਾਰੇ ਚਰਚਾ ਕਰਨ ਲਈ ਪੂਰਬੀ ਪਾਕਿਸਤਾਨ ਵਿੱਚ ਬਹੁਮੱਤ ਹਾਸਿਲ ਕਰਨ ਵਾਲੇ ਅਵਾਮੀ ਲੀਗ ਦੇ ਮੁਖੀ ਸ਼ੇਖ਼ ਮੁਜ਼ੀਬ ਨੂੰ ਮਿਲਣ ਢਾਕਾ ਗਏ ਹੋਏ ਸਨ।

2 ਫ਼ਰਵਰੀ, 1971 ਨੂੰ ਜਦੋਂ ਜ਼ੁਲਿਫ਼ਕਾਰ ਅਲੀ ਭੁੱਟੋ ਢਾਕਾ ਤੋਂ ਲਾਹੌਰ ਵਾਪਸ ਆਏ, ਤਾਂ ਉਨ੍ਹਾਂ ਨੂੰ ਦੱਸਿਆ ਗਿਆ ਦੋ ਕਸ਼ਮੀਰੀ ਨੌਜਵਾਨਾਂ ਨੇ ਇੱਕ ਭਾਰਤੀ ਜਹਾਜ਼ ਨੂੰ ਅਗਵਾ ਕਰ ਲਿਆ ਹੈ ਅਤੇ ਉਸ ਨੂੰ ਪਾਕਿਸਤਾਨ ਲੈ ਆਏ ਹਨ।

ਮਸ਼ਹੂਰ ਉੱਘੇ ਪੱਤਰਕਾਰ ਖ਼ਾਲਿਦ ਹਸਨ ਨੇ ਅਪ੍ਰੈਲ 2003 ਵਿੱਚ ''ਫ਼੍ਰਾਈਡੇ ਟਾਈਮਜ਼'' ਦੇ ਇੱਕ ਲੇਖ ਵਿੱਚ ਲਿਖਿਆ ਸੀ ਕਿ ਉਹ ਉਸ ਸਮੇਂ ਜ਼ੁਲਿਫ਼ਕਾਰ ਭੁੱਟੋ ਦੇ ਨਾਲ ਸਨ।

ਖ਼ਾਲਿਦ ਹੁਸੈਨ ਦੇ ਲੇਖ ਮੁਤਾਬਿਕ, ਜਦੋਂ ਉਹ (ਭੁੱਟੋ) ਲਾਹੌਰ ਪਹੁੰਚੇ, ਤਾਂ ਉਨ੍ਹਾਂ ਨੂੰ ਵਧਾਈ ਦੇਣ ਲਈ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ, ਜੋ ਵਾਰ ਵਾਰ ਜ਼ਿੱਦ ਕਰ ਰਹੇ ਸਨ ਕਿ ਭੁੱਟੋ ਉਨ੍ਹਾਂ ਅਗਵਾਕਾਰਾਂ ਨੂੰ ਮਿਲਣ।

ਖ਼ਲਿਦ ਹਸਨ ਨੇ ਲਿਖਿਆ ਕਿ ਭੁੱਟੋ ਨੇ ਆਪ ਉਨ੍ਹਾਂ ਨੂੰ ਕਿਹਾ, "ਦੇਖੋ ਖ਼ਾਲਿਦ ਮੈਨੂੰ ਨਹੀਂ ਪਤਾ ਇਹ ਸਭ ਕੀ ਹੈ ਅਤੇ ਇਹ ਲੋਕ ਕੌਣ ਹਨ, ਇਸ ਲਈ ਮੈਂ ਕੋਈ ਗੱਲ ਨਹੀਂ ਕਰਾਂਗਾ।"

ਪਰ ਭੀੜ ਨੇ ਉਨ੍ਹਾਂ ਨੂੰ ਅਗਵਾਕਾਰਾਂ ਵੱਲ ਧੱਕ ਦਿੱਤਾ, ਜਿਥੇ ਉਹ ਉਨ੍ਹਾਂ ਨੂੰ ਮਿਲੇ ਅਤੇ ਉਨ੍ਹਾਂ ਦਾ ਹਾਲ ਚਾਲ ਵੀ ਪੁੱਛਿਆ।

2 ਫ਼ਰਵਰੀ ਨੂੰ, ਪਾਕਿਸਤਨ ਦੇ ਸੰਸਥਾਪਕ ਅਤੇ ਸਾਬਕਾ ਪ੍ਰਮੁੱਖ ਸਕੱਤਰ ਐੱਚ ਖ਼ੁਰਸ਼ੀਦ (ਜੋ ਬਾਅਦ ਵਿੱਚ ਪਾਕਿਸਤਾਨ ਸ਼ਾਸਤ ਕਸ਼ਮੀਰ ਦੇ ਪ੍ਰਧਾਨ ਮੰਤਰੀ ਵੀ ਬਣੇ) ਨੂੰ ਲਾਹੌਰ ਹਵਾਈ ਅੱਡੇ ''ਤੇ ਬੁਲਾਇਆ ਗਿਆ।

ਜਿਥੇ ਉਹ ਮਕਬੂਲ ਭੱਟ ਦੇ ਨਾਲ ਹਾਸ਼ਿਮ ਕੁਰੈਸ਼ੀ ਨੂੰ ਮਿਲੇ, ਜਿਨ੍ਹਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਕਿ ਜਹਾਜ਼ ਨੂੰ ਅੱਗ ਲਗਾ ਦੇਣ।

ਹਾਸ਼ਿਮ ਕੁਰੈਸ਼ੀ ਮੁਤਾਬਿਕ ਮਕਬੂਲ ਭੱਟ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਜਹਾਜ਼ ਦਾ ਸ਼ੀਸ਼ਾ ਤੋੜ ਕੇ ਥੱਲੇ ਆ ਜਾਣ, ਕਿਉਂਕਿ ਇਸ ਨੂੰ ਠੀਕ ਹੋਣ ਵਿੱਚ ਚਾਰ ਪੰਜ ਦਿਨ ਲੱਗਣਗੇ ਅਤੇ ਇੰਨੇ ਦਿਨਾਂ ਤੱਕ ਇਸ ਘਟਨਾ ਜ਼ਰੀਏ ਉਨ੍ਹਾਂ ਦਾ ਪ੍ਰਚਾਰ ਹੋ ਜਾਵੇਗਾ, ਉਨ੍ਹਾਂ ਨੂੰ ਪਬਲੀਸਿਟੀ ਮਿਲ ਜਾਵੇਗੀ।

ਜਿਵੇਂ ਹੀ ਮੁਲਾਕਾਤ ਖ਼ਤਮ ਹੋਈ ਅਤੇ ਉਹ ਲੋਕ ਬਾਹਰ ਨਿਕਲੇ ਐੱਸਐੱਸਪੀ ਲਾਹੌਰ ਅਬਦੁਲ ਵਕੀਲ ਅਤੇ ਹੋਰ ਸੁਰੱਖਿਆ ਕਰਮੀ ਹਾਸ਼ਿਮ ਕੁਰੈਸ਼ੀ ਕੋਲ ਦੁਬਾਰਾ ਗਏ ਅਤੇ ਕਿਹਾ ਕਿ ਮਕਬੂਲ ਭੱਟ ਨੇ ਜਹਾਜ਼ ਨੂੰ ਅੱਗ ਲਗਾਉਣ ਲਈ ਪੈਟਰੋਲ ਭੇਜਿਆ ਹੈ।

ਹਾਸ਼ਿਮ ਕੁਰੈਸ਼ੀ ਮੁਤਾਬਿਕ ਉਨ੍ਹਾਂ ਨੇ ਇੱਕ ਪਲ ਲਈ ਵੀ ਨਹੀਂ ਸੋਚਿਆ ਕਿ ਇਹ ਲੋਕ ਝੂਠ ਬੋਲ ਰਹੇ ਹਨ ਅਤੇ 80 ਘੰਟਿਆਂ ਤੱਕ ਜਹਾਜ਼ ਨੂੰ ਕਬਜ਼ੇ ਵਿੱਚ ਰੱਖਣ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਅੱਗ ਲਾ ਦਿੱਤੀ।

ਅੱਗ ਲਗਾਉਣ ਦੌਰਾਨ ਅਸ਼ਰਫ਼ ਕੁਰੈਸ਼ੀ ਦੇ ਹੱਥ ਸੜ ਗਏ ਸਨ ਕਿਉਂਕਿ ਬਾਹਰ ਨਿਕਲਣ ਵਾਲਾ ਦਰਵਾਜ਼ਾ ਸਮੇਂ ''ਤੇ ਨਹੀਂ ਸੀ ਖੁੱਲ੍ਹ ਸਕਿਆ ਜਦੋਂ ਕਿ ਹਾਸ਼ਿਮ ਕੁਰੈਸ਼ੀ ਨੇ ਅੱਗ ਤੋਂ ਬਚਣ ਲਈ ਜਹਾਜ਼ ਵਿੱਚੋਂ ਛਾਲ ਮਾਰ ਦਿੱਤੀ। ਦੋਵੇਂ ਜਖ਼ਮੀ ਹੋ ਗਏ ਅਤੇ ਹਸਪਤਾਲ ਭਰਤੀ ਵੀ ਰਹੇ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਅਗਵਾ ਦੇ ਇੰਨਾਂ 80 ਘੰਟਿਆਂ ਦੌਰਾਨ,ਪਾਕਿਸਤਾਨੀ ਏਜੰਸੀਆਂ ਜਾਂ ਪ੍ਰਸ਼ਾਸਨ ਵਲੋਂ ਇਨ੍ਹਾਂ ਅਗਵਾਕਾਰਾਂ ਨੂੰ ਫ਼ੜਨ ਦੀ ਇੱਕ ਵਾਰ ਵੀ ਕੋਸ਼ਿਸ਼ ਨਹੀਂ ਕੀਤੀ ਗਈ।

ਜਿਵੇਂ ਹੀ ਜਹਾਜ਼ ਨੂੰ ਅੱਗ ਲਾਉਣ ਤੋਂ ਬਾਅਦ ਨੌਜਾਵਨ ਹਵਾਈ ਅੱਡੇ ਤੋਂ ਬਾਹਰ ਨਿਕਲੇ, ਉਨ੍ਹਾਂ ਨੂੰ ਵਧਾਈ ਦੇਣ ਲਈ ਇੱਕ ਵੱਡੀ ਭੀੜ ਲਾਹੌਰ ਦੀਆਂ ਸੜਕਾਂ ''ਤੇ ਸੀ। ਹਰ ਜਗ੍ਹਾ ਉਨ੍ਹਾਂ ਦੇ ਸਵਾਗਤ ਲਈ ਬੈਨਰ ਲਗਾਏ ਗਏ ਸਨ। ਜਗ੍ਹਾ ਜਗ੍ਹਾ ਫ਼ੁੱਲਾਂ ਅਤੇ ਨਾਅਰਿਆਂ ਨਾਲ ਇਨ੍ਹਾਂ ਨੌਜਵਾਨਾਂ ਦਾ ਸਵਾਗਤ ਕੀਤਾ ਗਿਆ ਸੀ।

ਪੀਪਲਜ਼ ਪਾਰਟੀ ਦੇ ਨੇਤਾ ਅਹਿਮਦ ਰਜ਼ਾ ਕਸੂਰੀ ਅਤੇ ਹੋਰ ਆਗੂ ਵੀ ਵਿਸ਼ੇਸ ਟਰੱਕਾਂ ਵਿੱਚ ਸਵਾਰ ਸਨ ਅਤੇ ਉਨ੍ਹਾਂ ਯੁਵਕਾਂ ਨੂੰ ਉਤਸ਼ਾਹਿਤ ਕਰ ਰਹੇ ਸਨ।

ਅਹਿਮਦ ਰਜ਼ਾ ਕਸੂਰੀ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਹਾਈਜੈਕਰਾਂ ਦੇ ਸਵਾਗਤ ਲਈ ਉਨ੍ਹਾਂ ਨੇ ਪਾਰਟੀ ਲੀਡਰਸ਼ਿਪ ਨੂੰ ਵੀ ਭੇਜਿਆ ਸੀ। ਉਨ੍ਹਾਂ ਮੁਤਾਬਿਕ ਮਾਲ ਰੋਡ, ਪੰਜਾਬ ਯੂਨੀਵਰਸਿਟੀ ਓਲਡ ਕੈਂਪਸ ਦੇ ਸਾਹਮਣੇ ਅਤੇ ਇਸਤਾਨਬੁਲ ਚੌਕ ''ਤੇ ਇੱਕ ਵੱਡੀ ਸਭਾ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ ਅਤੇ ਇਸ ਤਰ੍ਹਾਂ ਲੱਗਿਆ ਜਿਵੇਂ ਪੂਰਾ ਲਾਹੌਰ ਹੀ ਉਸ ਦਿਨ ਬਾਹਰ ਨਿਕਲ ਆਇਆ ਸੀ।

ਮਕਬੂਲ ਭੱਟ ਹਾਸ਼ਿਮ ਕੁਰੈਸ਼ੀ ਅਤੇ ਅਹਿਮਦ ਰਜ਼ਾ ਕਸੂਰੀ ਸਮੇਤ ਹੋਰ ਲੋਕਾਂ ਨੇ ਵੀ ਸਭਾ ਨੂੰ ਸੰਬੋਧਨ ਕੀਤ, ਕਿਉਂਕਿ ਹਾਸ਼ਿਮ ਕੁਰੈਸ਼ੀ ਜਹਾਜ਼ ਸਾੜਨ ਦੌਰਾਨ ਜਖ਼ਮੀ ਹੋ ਗਏ ਸਨ ਇਸ ਲਈ ਉਨ੍ਹਾਂ ਨੂੰ ਲਾਹੌਰ ਲੈ ਜਾਇਆ ਗਿਆ, ਜਿਥੇ ਕੁਝ ਦਿਨਾਂ ਤੱਕ ਉਨ੍ਹਾਂ ਦਾ ਇਲਾਜ ਚੱਲਦਾ ਰਿਹਾ। ਹਾਸ਼ਿਮ ਕੁਰੈਸ਼ੀ ਅਨੁਸਾਰ, ਪਾਕਿਸਤਾਨ ਵਿੱਚ ਹਰ ਵਰਗ ਦੇ ਲੋਕ ਉਨ੍ਹਾਂ ਨੂੰ ਦੇਖਣ ਹਸਪਤਾਲ ਆਉਂਦੇ ਰਹੇ ਅਤੇ ਜਹਾਜ਼ ਅਗਵਾ ਕਰਨ ਲਈ ਉਨ੍ਹਾਂ ਨੂੰ ਸ਼ਾਬਾਸ਼ੀ ਦਿੰਦੇ ਰਹੇ।

ਜਿਵੇਂ ਹੀ ਹਾਸ਼ਿਮ ਕੁਰੈਸ਼ੀ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਉਹ ਮਕਬੂਲ ਭੱਟ ਸਮੇਤ ਹੋਰ ਆਗੂਆਂ ਨਾਲ ਵੱਖ ਵੱਖ ਸ਼ਹਿਰਾਂ ਵਿੱਚੋਂ ਹੁੰਦੇ ਹੋਏ ਪਾਕਿਸਤਾਨ ਸ਼ਾਸਤ ਕਸ਼ਮੀਰ ਦੇ ਮੀਰਪੁਰ ਜ਼ਿਲ੍ਹੇ ਲਈ ਰਵਾਨਾ ਹੋ ਗਏ।

ਰਾਹ ਵਿੱਚ ਗੁਜਰਾਵਾਲਾਂ ਵਿੱਚ ਹਾਜ਼ਾਰਾਂ ਲੋਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਪਰ ਜਸ਼ਨ ਦੇ ਦ੍ਰਿਸ਼ ਜ਼ਿਆਦਾ ਦਿਨਾਂ ਤੱਕ ਚਲਦੇ ਰਹਿਣ ਵਾਲੇ ਨਹੀਂ ਸਨ।

ਪਾਕਿਸਤਾਨ ਦੀ ਸਾਜ਼ਿਸ਼ ਜਾਂ ਪਾਕਿਸਤਾਨ ਦੇ ਖ਼ਿਲਾਫ਼ ਸਾਜ਼ਿਸ਼?

ਜਿਸ ਸਮੇਂ ਹਰ ਪਾਸੇ ਇਨ੍ਹਾਂ ਅਗਵਾਕਾਰਾਂ ਦੀ ਬਹਾਦੁਰੀ ਦੇ ਗੁਣ ਗਾਏ ਜਾ ਰਹੇ ਸਨ। ਠੀਕ ਉਸੇ ਦੌਰਾਨ 4 ਫ਼ਰਵਰੀ 1971 ਨੂੰ ਭਾਰਤ ਨੇ ਗੰਗਾ ਅਗਵਾ ਕਾਂਡ ਨੂੰ ਆਧਾਰ ਬਣਾਕੇ ਪਾਕਿਸਤਾਨ ''ਤੇ ਪੂਰਬੀ ਪਾਕਿਸਤਾਨ ਜਾਣ ਲਈ, ਆਪਣੇ ਹਵਾਈ ਖੇਤਰ ਦੇ ਇਸਤੇਮਾਲ ''ਤੇ ਪਾਬੰਦੀ ਲਗਾ ਦਿੱਤੀ। ਇਹ ਪਾਬੰਦੀ 1976 ਤੱਕ ਜਾਰੀ ਰਹੀ।

ਭਾਰਤ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੇ ਜਹਾਜ਼ ਨੂੰ ਪਾਕਿਸਤਾਨ ਦੀ ਮਦਦ ਨਾਲ ਹੀ ਅਗਵਾ ਕੀਤਾ ਗਿਆ ਸੀ, ਜਿਸ ਨੂੰ ਬਾਅਦ ਵਿੱਚ ਲਾਹੌਰ ਵਿੱਚ ਸਾੜ ਦਿੱਤਾ ਗਿਆ।

ਇਹ ਪਾਬੰਦੀ ਅਜਿਹੇ ਸਮੇਂ ਲਗਾਈ ਗਈ, ਜਦੋਂ ਚੋਣਾਂ ਦੇ ਬਾਅਦ ਪੂਰਬੀ ਪਾਕਿਸਤਾਨ ਅਤੇ ਪੱਛਮੀ ਪਾਕਿਸਤਾਨ ਸੱਤਾ ਪ੍ਰਾਪਤੀ ਲਈ ਆਪਸ ''ਚ ਲੜ ਰਹੇ ਸਨ। ਪੂਰਬੀ ਪਾਕਿਸਤਾਨ ਵਿੱਚ ਵੱਖਵਾਦੀ ਲਹਿਰ ਵੀ ਤੇਜ਼ੀ ਫ਼ੜ ਰਹੀ ਸੀ।

ਸਪੱਸ਼ਟ ਬਹੁਮਤ ਦੇ ਬਾਵਜੂਦ ਆਵਾਮੀ ਲੀਗ਼ ਨੂੰ ਸੱਤਾ ਨਹੀਂ ਸੌਂਪੀ ਜਾ ਰਹੀ ਸੀ, ਜਿਸ ਨਾਲ ਪੂਰਬੀ ਪਾਕਿਸਤਾਨ ਵਿੱਚ ਗ੍ਰਹਿ ਯੁੱਧ ਦੀ ਸਥਿਤੀ ਪੈਦਾ ਹੋ ਰਹੀ ਸੀ।

ਅਜਿਹੀ ਸਥਿਤੀ ਨੂੰ ਖ਼ਤਮ ਕਰਨ ਲਈ, ਪੱਛਮੀ ਪਾਕਿਸਤਾਨ ਤੋਂ ਸੈਨਿਕਾਂ ਅਤੇ ਉਪਕਰਣਾਂ ਨੂੰ ਭੇਜਣਾ ਔਖਾ ਹੋ ਚੁੱਕਿਆ ਸੀ।

ਕਿਉਂਕਿ ਹਵਾਈ ਖੇਤਰ ਦੀ ਵਰਤੋਂ ਦੀ ਪਾਬੰਦੀ ਕਾਰਨ ਪਾਕਿਸਤਾਨੀ ਜਹਾਜ਼ਾਂ ਨੂੰ ਹਿੰਦ ਮਹਾਂਸਾਗਰ ਦੇ ਉਪਰੋਂ ਹੁੰਦੇ ਹੋਏ ਰੀਫਯੂਲਿੰਗ (ਤੇਲ ਭਰਵਾਉਣ ਲਈ) ਲਈ ਪਹਿਲਾਂ ਸ਼੍ਰੀਲੰਕਾ ਜਾਣਾ ਪੈਂਦਾ ਸੀ ਅਤੇ ਬਾਅਦ ਵਿੱਚ ਉਹ ਪੂਰਬੀ ਪਾਕਿਸਤਾਨ ਪਹੁੰਚਦੇ ਜਿਸ ਵਿੱਚ ਸਮਾਂ ਅਤੇ ਪੂੰਜੀ ਦੋਵੇਂ ਬਰਬਾਦ ਹੁੰਦੇ ਸਨ।

ਭਾਰਤ ਦੀ ਖ਼ੁਫ਼ੀਆ ਏਜੰਸੀ ਰਾਅ ਦੇ ਸੰਸਥਾਪਕ ਮੈਂਬਰ ਅਤੇ ਰਾਅ ਦੇ ਦਹਿਸ਼ਤਗਰਦੀ ਰੋਕੂ ਵਿਭਾਗ ਦੇ ਸਾਬਕਾ ਮੁਖੀ ਬੀ ਰਮਨ ਨੇ ਆਪਣੀ ਜੀਵਨੀ ''ਦਾ ਕਾਓ ਬੁਆਏਜ਼ ਆਫ਼ ਰਾਅ ਡਾਉਨ ਮੇਰੋਰੀ ਲੇਨ'' ਵਿੱਚ ਬਹੁਤ ਹੀ ਵਿਸਥਾਰ ਨਾਲ ਲਿਖਿਆ ਹੈ, ਕਿ ਪੂਰਬੀ ਪਾਕਿਸਤਾਨ ਦੀ ਮਦਦ ਲਈ ਜੋ ਖ਼ੁਫ਼ੀਆ ਆਪਰੇਸ਼ਨ ਕੀਤਾ ਗਿਆ ਸੀ, ਉਹ ਗੰਗਾ ਅਗਵਾ ਦੀ ਯੋਜਨਾ ਸੀ, ਜਿਸ ਨੂੰ ਕਾਮਯਾਬੀ ਨਾਲ ਅੰਜਾਮ ਦਿੱਤਾ ਗਿਆ ਸੀ।

ਉਨ੍ਹਾਂ ਨੇ ਲਿਖਿਆ, "ਜੰਮੂ ਕਸ਼ਮੀਰ ਲਿਬਰੇਸ਼ਨ ਫ਼ਰੰਟ ਦੇ ਦੋ ਮੈਂਬਰਾਂ ਵਲੋਂ ਇੱਕ ਭਾਰਤੀ ਹਵਾਈ ਜਹਾਜ਼ ਦੀ ਫ਼ਲਾਈਟ ਨੂੰ ਅਗਵਾ ਕਰਨ ਦੀ ਜਵਾਬੀ ਕਾਰਵਾਈ ਵਿੱਚ ਇੰਦਰਾ ਗਾਂਧੀ ਨੇ ਭਾਰਤ ਤੋਂ ਪੂਰਬੀ ਪਾਕਿਸਤਾਨ ਨੂੰ ਜਾਣ ਵਾਲੀਆਂ ਸਾਰੀਆਂ ਪਾਕਿਸਤਾਨੀ ਉਡਾਨਾਂ ''ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਹੈ।

ਇਸ ਪਾਬੰਦੀ ਨਾਲ ਪੱਛਮੀ ਪਾਕਿਸਤਾਨ ਵਿੱਚ ਹਥਿਆਰਬੰਦ ਦਸਤਿਆਂ ਦੇ ਮੁੱਖ ਦਫ਼ਤਰ ਅਤੇ ਪੂਰਬੀ ਪਾਕਿਸਤਾਨ ਵਿੱਚ ਮਦਦ ਭੇਜਣ ਅਤੇ ਉਥੇ ਸੈਨਿਕਾਂ ਦੀ ਸਪਲਾਈ ਬਣਾਈ ਰੱਖਣ ਦੀ ਤਾਕਤ ਨੂੰ ਕਮਜ਼ੋਰ ਕੀਤਾ ਗਿਆ। ਜਿਸ ਨਾਲ ਪੂਰਬੀ ਪਾਕਿਸਤਾਨ ਵਿੱਚ ਅਸਲ ਜਿੱਤ ਦਾ ਰਾਹ ਪੱਧਰਾ ਹੋ ਗਿਆ।"

ਸਾਲ 2012 ਵਿੱਚ ਪ੍ਰਕਾਸ਼ਿਤ ਹੋਈ ਇਸ ਕਿਤਾਬ ਵਿੱਚ ਖ਼ੁਫ਼ੀਆ ਏਜੰਸੀ ਦੇ ਸਾਬਕਾ ਸੀਨੀਅਰ ਅਧਿਕਾਰੀ ਨੇ ਅੱਗੇ ਲਿਖਿਆ ਹੈ ਕਿ 1968 ਵਿੱਚ ਰਾਅ ਦੇ ਗਠਨ ਤੋਂ ਤੁਰੰਤ ਬਾਅਦ, ਇਸ ਦੇ ਪਹਿਲੇ ਮੁਖੀ ਰਾਮੇਸ਼ਵਰ ਨਾਥ ਕਾਵ ਨੇ ਖ਼ੁਫ਼ੀਆ ਏਜੰਸੀ ਨੂੰ ਜੋ ਦੋ ਪਹਿਲੇ ਕੰਮ ਸੌਂਪੇ ਸਨ। ਉਨਾਂ ਵਿੱਚ ਇੱਕ ਪਾਕਿਸਤਾਨ ਅਤੇ ਚੀਨ ਦੀ ਖ਼ੁਫ਼ੀਆ ਜਾਣਕਾਰੀ ਇਕੱਤਰ ਕਰਨਾ ਸੀ ਅਤੇ ਦੂਸਰਾ ਪੂਰਵੀ ਪਾਕਿਸਤਾਨ ਵਿੱਚ ਖ਼ੁਫ਼ੀਆ ਆਪਰੇਸ਼ਨ ਕਰਨਾ ਸੀ।

ਅਗਵਾ ਦੀ ਇਸ ਵਾਰਦਾਤ ਵਿੱਚ ਨਵਾਂ ਮੋੜ ਉਸ ਸਮੇਂ ਆਇਆ, ਜਦੋਂ ਪਾਕਿਸਤਾਨ ''ਤੇ ਭਾਰਤੀ ਹਵਾਈ ਖੇਤਰ ਦੀ ਵਰਤੋਂ ''ਤੇ ਪਾਬੰਦੀ ਦੇ ਪ੍ਰਭਾਵ ਪੈਣੇ ਸ਼ੁਰੂ ਹੋਏ।

ਉਸ ਸਮੇਂ ਅਧਿਕਾਰੀਆਂ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕੀਤਾ ਕਿ ਗੰਗਾ ਅਗਵਾ ਕਿਤੇ ਸਾਜਿਸ਼ ਤਾਂ ਨਹੀਂ ਸੀ। ਜਿਸ ਨੂੰ ਆਧਾਰ ਬਣਾਕੇ ਪਾਬੰਦੀ ਲਗਾਉਣਾ ਉਦੇਸ਼ ਸੀ।

ਤੱਤਕਾਲੀਨ ਮਾਰਸ਼ਲ ਲਾਅ ਸਰਕਾਰ ਨੇ ਗੰਗਾ ਅਗਵਾ ਪਿੱਛੇ ਦੇ ਇਰਾਦਿਆਂ ਦਾ ਪਤਾ ਲਾਉਣ ਲਈ ਇੱਕ ਮੈਂਬਰੀ ਕਮੇਟੀ ਦਾ ਗਠਨ ਕੀਤਾ। ਇਸ ਕਮੇਟੀ ਦੀ ਪ੍ਰਧਾਨਗੀ ਸਿੰਧ ਹਾਈ ਕੋਰਟ ਦੇ ਜੱਜ ਜਸਟਿਸ ਨੂਰ-ਉਲ-ਆਰੀਫ਼ੀਨ ਕਰ ਰਹੇ ਸਨ।

ਕੁਝ ਦਿਨਾਂ ਦੀ ਜਾਂਚ ਬਾਅਦ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਕਿ ਗੰਗਾ ਅਗਵਾ ਕਾਂਡ ਅਸਲ ''ਚ ਇੱਕ ਭਾਰਤੀ ਸਾਜ਼ਿਸ਼ ਸੀ। ਹਾਸ਼ਿਮ ਕੁਰੈਸ਼ੀ ਇੱਕ ਭਾਰਤੀ ਏਜੰਟ ਸਨ, ਜਿਸ ਨੂੰ ਇਸ ਘਟਨਾ ਨੂੰ ਅੰਜਾਮ ਦੈਣ ਲਈ ਬੀਐੱਸਐੱਫ਼ ਵਿੱਚ ਭਰਤੀ ਕੀਤਾ ਗਿਆ ਸੀ।

ਕਮੇਟੀ ਮੁਤਾਬਿਕ, ਇਹ ਸਭ ਪਾਕਿਸਤਾਨ ''ਤੇ ਪਾਬੰਦੀ ਲਗਾਉਣ ਲਈ ਕੀਤਾ ਗਿਆ ਸੀ, ਤਾਂ ਕਿ ਪੂਰਬੀ ਪਾਕਿਸਤਾਨ ਵਿੱਚ ਚੱਲ ਰਹੇ ਬਗ਼ਾਵਤ ਨੂੰ ਕਾਬੂ ਕਰਨ ਵਿੱਚ ਔਖਿਆਈ ਹੋਵੇ।

ਇਸ ਕਮੇਟੀ ਦੀ ਰਿਪੋਰਟ ਦੇ ਨਤੀਜੇ ਵਜੋਂ ਹਾਸ਼ਿਮ ਕੁਰੈਸ਼ੀ ਅਤੇ ਅਸ਼ਰਫ਼ ਕੁਰੈਸ਼ੀ ਜਿਨ੍ਹਾਂ ਨੂੰ ਕੁਝ ਹਫ਼ਤੇ ਪਹਿਲਾਂ ਤੱਕ ਪਾਕਿਸਤਾਨ ਵਿੱਚ ਹਰ ਪਾਸਿਓਂ ਸ਼ਾਬਾਸ਼ੀ ਮਿਲ ਰਹੀ ਸੀ। ਉਹ ਅਚਾਨਕ ਸਰਕਾਰ ਅਤੇ ਸਰਕਾਰੀ ਏਜੰਸੀਆਂ ਦੇ ਨਾਪਸੰਦੀ ਦਾ ਚਿਹਰੇ ਬਣ ਗਏ।

ਜਿਨ੍ਹਾਂ ਨੂੰ ਜੰਮੂ ਕਸ਼ਮੀਰ ਲਿਬਰੇਸ਼ਨ ਫ਼ਰੰਟ ਦੇ ਮਕਬੂਲ ਭੱਟ, ਡਾਕਟਰ ਫ਼ਾਰੁਕ ਹੈਦਰ, ਅਮਾਨਉੱਲ਼ਾ ਖ਼ਾਨ, ਜਾਵੇਦ ਸਾਗਰ ਅਤੇ ਹੋਰ ਆਗੂਆਂ ਸਮੇਤ ਇਸ ਸਾਜ਼ਿਸ਼ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਅਸ਼ਰਫ਼ ਕੁਰੈਸ਼ੀ ਮੁਤਾਬਿਕ, ਉਨ੍ਹਾਂ ਨੂੰ ਫ਼ਰਵਰੀ ਦੇ ਆਖ਼ਰੀ ਹਫ਼ਤੇ ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਅਤੇ ਅਧਿਕਾਰੀ ਉਨ੍ਹਾਂ ਨੂੰ ਟਾਂਡਾ ਡੈਮ ਇਹ ਕਹਿ ਕੇ ਲੈ ਗਏ ਸਨ ਕਿ ਥੋੜ੍ਹੀ ਪੁੱਛਗਿੱਛ ਕਰਨੀ ਹੈ।

ਇਸਦੇ ਬਾਅਦ ਹਾਸ਼ਿਮ ਕੁਰੈਸ਼ੀ ਨੂੰ ਤਕਰੀਬਨ ਨੌਂ ਸਾਲਾਂ ਤੱਕ ਜੇਲ੍ਹ ਦੀ ਸਜ਼ਾ ਕੱਟਣੀ ਪਈ। ਹਾਸ਼ਿਮ ਕੁਰੈਸ਼ੀ ਅਤੇ ਅਸ਼ਰਫ਼ ਕੁਰੈਸ਼ੀ ਸਹਿਤ ਹੋਰ ਆਗੂਆਂ ''ਤੇ ਜਹਾਜ਼ ਹਾਈਜੈਕ ਕਰਨ ਅਤੇ ਸਾੜਨ ਦੇ ਸਮੇਤ ਕਈ ਮੁਕੱਦਮੇ ਚਲਾਏ ਗਏ ਸਨ। ਇਸ ਮਾਮਲੇ ਦੀ ਸੁਣਵਾਈ ਲਈ ਇੱਕ ਵਿਸ਼ੇਸ਼ ਅਦਾਲਤ ਦਾ ਗਠਨ ਕੀਤਾ ਗਿਆ ਸੀ।

ਬੀਬੀਸੀ ਨਾਲ ਗੱਲ ਕਰਦੇ ਹੋਏ, ਹਾਸ਼ਿਮ ਕੁਰੈਸ਼ੀ ਨੇ ਦਾਅਵਾ ਕੀਤਾ ਕਿ ਸ਼ਾਹੀ ਕਿਲ੍ਹੇ ਵਿੱਚ ਕੈਦ ਰਹਿਣ ਦੌਰਾਨ ਉਨ੍ਹਾਂ ''ਤੇ ਤਸ਼ੱਦਦ ਕੀਤੇ ਗਏ ਸਨ, ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਗਿਆ ਸੀ।

ਉਨ੍ਹਾਂ ਨੂੰ ਇੱਕ ਲਿਖਤੀ ਬਿਆਨ ''ਤੇ ਦਸਤਖ਼ਤ ਕਰਨ ਲਈ ਮਜ਼ਬੂਰ ਕੀਤਾ ਗਿਆ। ਜਿਸ ਵਿੱਚ ਲਿਖਿਆ ਸੀ ਕਿ ਉਨ੍ਹਾਂ ਨੇ (ਹਾਸ਼ਿਮ ਕੁਰੈਸ਼ੀ ਅਤੇ ਅਸ਼ਰਫ਼ ਕੁਰੈਸ਼ੀ ਨੇ) ਗੰਗਾ ਜਹਾਜ਼ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਹਿਣ ''ਤੇ ਅਗਵਾ ਕੀਤਾ ਸੀ।

ਹਾਸ਼ਿਮ ਮੁਤਾਬਿਕ ਕੁੱਟ ਕਾਰਨ ਉਨ੍ਹਾਂ ਨੇ ਦਸਤਖ਼ਤ ਤਾਂ ਕਰ ਦਿੱਤੇ ਪਰ ਟਰਾਇਲ ਕੋਰਟ ਵਿੱਚ ਜਾ ਕੇ ਦੱਸ ਦਿੱਤਾ ਕਿ ਇਹ ਬਿਆਨ ਉਨ੍ਹਾਂ ਤੋਂ ਜ਼ਬਰਦਸਤੀ ਲਿਆ ਗਿਆ ਸੀ।

ਜਦੋਂ ਮੁਕੱਦਮਾ ਸ਼ੁਰੂ ਹੋਇਆ ਤਾਂ ਉਨ੍ਹਾਂ ਨੂੰ ਕੋਈ ਵਕੀਲ ਨਹੀਂ ਸੀ ਮਿਲ ਰਿਹਾ। ਇਸ ਦਾ ਹੱਲ ਲੱਭਣ ਲਈ ਟਰਾਇਲ ਕੋਰਟ ਨੇ ਉੱਘੇ ਵਕੀਲ ਆਬਿਦ ਹਸਨ ਮੰਟੋ ਸਮੇਤ ਹੋਰ ਵਕੀਲਾਂ ਨੂੰ ਤਲਬ ਕੀਤਾ ਗਿਆ।

ਆਬਿਦ ਹਸਨ ਮੰਟੋ ਕਹਿੰਦੇ ਹਨ ਕਿ ਉਹ ਘਰ ਸਨ ਜਦੋਂ ਇੱਕ ਦਿਨ ਉਨ੍ਹਾਂ ਨੂੰ ਰਜਿਸਟ੍ਰਾਰ ਦਫ਼ਤਰ ਤੋਂ ਫ਼ੋਨ ਆਇਆ ਅਤੇ ਉਨ੍ਹਾਂ ਨੂੰ ਵਿਸ਼ੇਸ਼ ਅਦਾਲਤ ਵਿੱਚ ਆਉਣ ਲਈ ਕਿਹਾ ਗਿਆ।

ਜਦੋਂ ਉਹ ਅਦਾਲਤ ਵਿੱਚ ਪੇਸ਼ ਹੋਏ ਤਾਂ, ਹੈਰਾਨੀਜਨਕ ਰੂਪ ਵਿੱਚ ਉਨ੍ਹਾਂ ਦੇ ਸਾਹਮਣੇ ਇੱਕ ਜਾਂ ਦੋ ਨਹੀਂ ਬਲਕਿ ਨੌ ਮੁਲਜ਼ਮ ਖੜੇ ਸਨ ਜਿਨ੍ਹਾਂ ਨੂੰ ਕਿਹਾ ਗਿਆ ਕਿ ਉਹ ਆਪਣੀ ਪਸੰਦ ਨਾਲ ਜਿਹੜਾ ਚਾਹੁਣ ਵਕੀਲ ਨਿਯੁਕਤ ਕਰ ਲੈਣ, ਇਸ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।

ਆਬਿਦ ਹਸਨ ਮੰਟੋ ਦਾ ਕਹਿਣਾ ਹੈ ਕਿ ਹਾਸ਼ਿਮ ਕੁਰੈਸ਼ੀ ਨੇ ਉਨ੍ਹਾਂ ਨੂੰ ਚੁਣਿਆ ਅਤੇ ਫ਼ਿਰ ਉਹ ਸੁਪਰੀਮ ਕੋਰਟ ਤੱਕ ਹਾਸ਼ਿਮ ਕੁਰੈਸ਼ੀ ਦੇ ਵਕੀਲ ਵਜੋਂ ਪੇਸ਼ ਹੁੰਦੇ ਰਹੇ।

ਇਹ ਮੁਕੱਦਮਾ ਦਸੰਬਰ 1971 ਤੋਂ ਮਈ 1973 ਤੱਕ ਚਲਿਆ। ਟਰਾਇਲ ਕੋਰਟ ਨੇ ਸਾਰੇ ਸਬੂਤਾਂ ਨੂੰ ਦਰਜ ਕਰਨ ਤੋਂ ਬਾਅਦ ਹਾਸ਼ਿਮ ਕੁਰੈਸ਼ੀ ਨੂੰ ਅਗਵਾ ਦੇ ਮਾਮਲੇ ਵਿੱਚ ਮੁੱਖ ਦੋਸ਼ੀ ਪਾਇਆ। ਉਨ੍ਹਾਂ ''ਤੇ ਜਸੂਸੀ ਸਮੇਤ ਕਈ ਇਲਜ਼ਾਮ ਸਾਬਤ ਹੋਣ ''ਤੇ ਉਨ੍ਹਾਂ ਨੂੰ ਸੰਯੁਕਤ ਰੂਪ ''ਚ 19 ਸਾਲ ਦੀ ਕੈਦ ਦੀ ਸਜ਼ਾ ਦਿੱਤੀ ਗਈ। ਉਨ੍ਹਾਂ ਦੇ ਨਾਲ ਸ਼ਾਮਿਲ ਅਸ਼ਰਫ਼ ਕੁਰੈਸ਼ੀ ਦੇ ਇਲਾਵਾ ਮਕਬੂਲ ਭੱਟ ਅਤੇ ਹੋਰਾਂ ਨੂੰ ਅਦਾਲਤ ਬਰਖ਼ਾਸਤ ਹੋਣ ਤੱਕ ਸਜ਼ਾ ਸੁਣਾਈ ਗਈ।

ਆਬਿਦ ਹਸਨ ਮੰਟੋ ਦੇ ਰਿਸ਼ਤੇਦਾਰ ਅਤੇ ਇਸ ਮਾਮਲੇ ਦੇ ਇੱਕ ਦੋਸ਼ੀ ਡਾ. ਫ਼ਾਰੁਕ ਹੈਦਰ ਗਵਾਹ ਬਣ ਜਾਣ ਕਾਰਨ ਸਜ਼ਾ ਤੋਂ ਬਚ ਗਏ।

ਇਸ ਫ਼ੈਸਲੇ ਤੋਂ ਹਾਸ਼ਿਮ ਕੁਰੈਸ਼ੀ ਅੱਜ ਵੀ ਹੈਰਾਨ ਹਨ। ਉਨ੍ਹਾਂ ਦਾ ਕਹਿਣਾ ਹੈ ਇੱਕ ਜ਼ੁਰਮ ਜੋ ਅਸ਼ਰਫ਼ ਅਤੇ ਉਨ੍ਹਾਂ ਦੋਵਾਂ ਨੇ ਨਾਲ ਮਿਲ ਕੇ ਕੀਤਾ ਸੀ। ਉਸ ਵਿੱਚ ਸਜ਼ਾ ਅਲੱਗ ਅਲੱਗ ਕਿਵੇਂ ਹੋ ਸਕਦੀ ਹੈ?

ਆਪਣੀ ਰਿਹਾਈ ਤੋਂ ਬਾਅਦ ਅਸ਼ਰਫ਼ ਕੁਰੈਸ਼ੀ ਨੇ ਪੰਜਾਬ ਯੂਨੀਵਰਸਿਟੀ ਵਿੱਚ ਉੱਚ ਸਿੱਖਿਆ ਪ੍ਰਾਪਤ ਕੀਤੀ ਅਤੇ ਉਥੇ ਹੀ ਪੜ੍ਹਾਉਣਾ ਸ਼ੁਰੂ ਕਰ ਦਿੱਤਾ, ਉਥੋਂ ਹੀ ਰਿਟਾਇਰ ਹੋ ਗਏ ਅਤੇ ਸਾਲ 2012 ਵਿੱਚ ਉਨ੍ਹਾਂ ਦੀ ਮੌਤ ਹੋ ਗਈ।

ਦੂਸਰੇ ਪਾਸੇ ਹਾਸ਼ਿਮ ਕੁਰੈਸ਼ੀ ਨੂੰ ਆਪਣੀ ਰਿਹਾਈ ਲਈ ਹਾਲੇ ਇੰਤਜ਼ਾਰ ਕਰਨਾ ਪਿਆ ਸੀ। ਉਨ੍ਹਾਂ ਨੇ ਸਜ਼ਾ ਖ਼ਿਲਾਫ਼ ਅਪੀਲ ਦਾਇਰ ਕੀਤੀ। ਜਿਸਦਾ ਫ਼ੈਸਲਾ ਆਉਣ ਵਿੱਚ ਕਈ ਸਾਲ ਲੱਗ ਗਏ। ਉਨ੍ਹਾਂ ਦੀ ਸਜ਼ਾ ਦੌਰਾਨ ਹਾਸ਼ਿਮ ਕੁਰੈਸ਼ੀ ਨੂੰ ਰਾਵਲਪਿੰਡੀ, ਕੋਟ ਲਖਪਤ, ਕੈਂਪ ਜੇਲ੍ਹ ਮਿਆਂਵਾਲੀ, ਫ਼ੈਸਲਾਬਾਦ ਅਤੇ ਅਟਾਕ ਜੇਲ੍ਹ ਸਹਿਤ ਕਈ ਵੱਖ ਵੱਖ ਜੇਲ੍ਹਾਂ ਵਿੱਚ ਰੱਖਿਆ ਗਿਆ।

ਸ਼ੇਖ ਮੁਜੀਬ ਨਾਲ ਮੁਲਾਕਾਤ

ਆਪਣੇ ਜੇਲ੍ਹ ਵਿੱਚ ਬਿਤਾਏ ਸਮੇਂ ਦੌਰਾਨ, ਹਾਸ਼ਿਮ ਕੁਰੈਸ਼ੀ ਦੀ ਆਵਾਮੀ ਲੀਗ਼ ਦੇ ਪ੍ਰਮੁੱਖ ਮੁਜੀਬ ਸਮੇਤ ਪਾਕਿਸਤਾਨ ਦੇ ਹੋਰ ਵੀ ਕਈ ਮਹੱਤਵਪੂਰਣ ਸਿਆਸੀ ਕਾਰਕੁਨਾਂ ਨਾਲ ਮੁਲਾਕਾਤ ਹੋਈ। ਹਾਸ਼ਿਮ ਕੁਰੈਸ਼ੀ ਕਹਿੰਦੇ ਹਨ ਕਿ ਇਹ ਦਸੰਬਰ 1971 ਦੀ ਗੱਲ ਹੈ,ਜਦੋਂ ਉਹ ਮੀਆਂਵਾਲੀ ਜੇਲ੍ਹ ਵਿੱਚ ਕੈਦ ਸਨ, ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਸ਼ੇਖ ਮੁਜੀਬ ਵੀ ਉਸੇ ਜੇਲ੍ਹ ਵਿੱਚ ਹਨ।

"ਸ਼ੇਖ ਮੁਜੀਬ ਮੇਰੀ ਨਾਲ ਵਾਲੀ ਬੈਰਕ ਵਿੱਚ ਸਨ ਜਿਥੇ ਦਰਮਿਆਨ ਇੱਕ ਉੱਚੀ ਕੰਧ ਸੀ। ਇੱਕ ਦਿਨ ਮੈਂ ਕਿਸੇ ਤਰ੍ਹਾਂ ਕੰਧ ''ਤੇ ਚੜ੍ਹ ਗਿਆ ਅਤੇ ਦੇਖਿਆ ਕਿ ਦੂਸਰੇ ਪਾਸੇ ਸ਼ੇਖ ਮੁਜੀਬ ਇੱਕ ਵਰਾਂਡੇ ਵਿੱਚ ਬੈਠੇ ਹਨ। ਮੈਂ ਉਨ੍ਹਾਂ ਨੂੰ ਕਿਹਾ ਸ਼ੇਖ ਸਾਹਿਬ! ਸਲਾਮ, ਉਹ ਇੱਧਰ ਉੱਧਰ ਦੇਖਣ ਲੱਗੇ ਕਿ ਕੌਣ ਹੈ ਜਦੋਂ ਉਨ੍ਹਾਂ ਦੀ ਨਿਗ੍ਹਾ ਕੰਧ ''ਤੇ ਪਈ ਤਾਂ ਉਨ੍ਹਾਂ ਨੇ ਕਿਹਾ ਤੂੰ ਕੌਣ ਹੈ ਭਾਈ?"

ਹਾਸ਼ਿਮ ਕੁਰੈਸ਼ੀ ਮੁਤਾਬਿਕ, ਉਨ੍ਹਾਂ ਨੇ ਦੱਸਿਆ ਕਿ ਉਹ ਹਾਸ਼ਿਮ ਕੁਰੈਸ਼ੀ ਹਨ, ਜਿਨ੍ਹਾਂ ਨੇ ਭਾਰਤ ਦੇ ਗੰਗਾ ਜਹਾਜ਼ ਨੂੰ ਅਗਵਾ ਕੀਤਾ ਸੀ। ਇਹ ਸੁਣ ਕੇ ਸ਼ੇਖ ਮੁਜੀਬ ਕਹਿਣ ਲੱਗੇ, "ਅੱਛਾ ਉਹ ਤੂੰ ਹੈ।"

ਹਾਸ਼ਿਮ ਕੁਰੈਸ਼ੀ ਮੁਤਾਬਿਕ, ਸ਼ੇਖ ਮੁਜੀਬ ਨੇ ਵਿਹੜੇ ਵੱਲ ਇਸ਼ਾਰਾ ਕੀਤਾ ਅਤੇ ਉਨ੍ਹਾਂ ਨੂੰ ਕਿਹਾ, "ਦੇਖੋ ਯਾਰ, ਉਨ੍ਹਾਂ ਨੇ ਉਥੇ ਇੱਕ ਟੋਆ ਪੁੱਟਿਆ ਹੈ ਅਤੇ ਇਹ ਲੋਕ ਮੈਨੂੰ ਮਾਰ ਕੇ ਇਥੇ ਹੀ ਦਫ਼ਨਾ ਦੇਣਗੇ, ਜਿਸ ''ਤੇ ਮੈਂ ਸ਼ੇਖ ਸਾਹਿਬ ਨੂੰ ਤਸੱਲੀ ਦਿੱਤੀ ਕਿ ਅਜਿਹਾ ਨਹੀਂ ਹੋਵੇਗਾ, ਤੁਹਾਡੇ ਲੋਕ ਤੁਹਾਡੇ ਲਈ ਲੜ ਰਹੇ ਹਨ।"

"ਇੰਨੀ ਦੇਰ ਵਿੱਚ ਜੇਲ੍ਹ ਅਧਿਕਾਰੀ ਆ ਗਏ ਅਤੇ ਮੈਨੂੰ ਜ਼ਬਰਨ ਥੱਲੇ ਲਾਹ ਦਿੱਤਾ। ਜਿਸਦੇ ਬਾਅਦ ਉਨ੍ਹਾਂ ਨਾਲ ਦੁਬਾਰਾ ਮੁਲਾਕਾਤ ਨਹੀਂ ਹੋਈ। ਕਿਉਂਕਿ ਉਨ੍ਹਾਂ ਨੂੰ ਬਾਅਦ ਵਿੱਚ ਰਾਵਲਪਿੰਡੀ ਜੇਲ੍ਹ ਵਿੱਚ ਸ਼ਿਫ਼ਟ ਕਰ ਦਿੱਤਾ ਗਿਆ ਸੀ।"

ਮਈ 1980 ਵਿੱਚ ਸੁਪਰੀਮ ਕੋਰਟ ਦੀ ਤਿੰਨ ਮੈਂਬਰੀ ਪੂਰੇ ਬੈਂਚ ਜਿਸ ਵਿੱਚ ਜਸਟਿਸ ਨਸੀਮ ਹਸਨ ਸ਼ਾਹ, ਜਸਟਿਸ ਕਰਮ ਅਲੀ ਅਤੇ ਜਸਟਿਸ ਰਿਆਜ਼ ਸ਼ਾਮਿਲ ਸਨ, ਉਨ੍ਹਾਂ ਨੇ ਹਾਸ਼ਿਮ ਕੁਰੈਸ਼ੀ ਦੇ ਪੱਖ ਵਿੱਚ ਫ਼ੈਸਲਾ ਸੁਣਾਇਆ, ਜਿਸਦੇ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।

ਆਪਣੀ ਰਿਹਾਈ ਦੇ ਬਾਅਦ, ਉਹ ਕੁਝ ਸਾਲਾਂ ਤੱਕ ਹੋਰ ਪਾਕਿਸਤਾਨ ਵਿੱਚ ਰਹੇ,ਪਰ ਬਾਅਦ ਵਿੱਚ ਵਿਦੇਸ਼ ਚਲੇ ਗਏ। ਜਿਥੇ ਹਾਲੈਂਡ ਵਿੱਚ ਉਹ ਸਥਾਈ ਨਾਗਰਿਕ ਬਣ ਗਏ। ਸਾਲ 2000 ਵਿੱਚ ਸ਼੍ਰੀਨਗਰ ਵਾਪਸ ਆਉਂਦੇ ਹੋਏ ਉਨ੍ਹਾਂ ਨੂੰ ਨਵੀਂ ਦਿੱਲੀ ਗ੍ਰਿਫ਼ਤਾਰ ਕਰ ਲਿਆ ਗਿਆ।

ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਭਾਰਤੀ ਅਧਿਕਾਰੀਆਂ ਨੇ ਵੀ ਉਨ੍ਹਾਂ ''ਤੇ ਪਾਕਿਸਤਾਨੀ ਏਜੰਟ ਹੋਣ ਅਤੇ ਗੰਗਾ ਹਾਈਜੈਕਿੰਗ ਦਾ ਮਾਮਲਾ ਦਰਜ ਕੀਤਾ। ਜਿਸਦਾ ਫ਼ੈਸਲਾ 20 ਸਾਲ ਬੀਤਣ ਦੇ ਬਾਅਦ ਹਾਲੇ ਵੀ ਨਹੀਂ ਹੋਇਆ ਹੈ। ਉਹ ਹਾਲੇ ਵੀ ਇਸ ਮਾਮਲੇ ਵਿੱਚ ਜ਼ਮਾਨਤ ''ਤੇ ਹਨ।

ਉਨ੍ਹਾਂ ਨੇ ਕਿਹਾ ਕਿ ਉਹ ਪਹਿਲਾਂ ਹੀ ਇਸ ਮਾਮਲੇ ਵਿੱਚ ਪਾਕਿਸਤਾਨ ਵਿੱਚ ਸਜ਼ਾ ਭੁਗਤ ਚੁੱਕੇ ਹਨ ਅਤੇ ਅੰਤਰਰਾਸ਼ਟਰੀ ਕਾਨੂੰਨ ਤਹਿਤ ਇੱਕ ਹੀ ਮਾਮਲੇ ਵਿੱਚ ਦੋ ਵਾਰ ਸਜ਼ਾ ਨਹੀਂ ਹੋ ਸਕਦੀ। ਇਸ ਲਈ ਭਾਰਤ ਇਸ ਕੇਸ ਦੇ ਫ਼ੈਸਲੇ ਵਿੱਚ ਲਗਾਤਾਰ ਦੇਰੀ ਕਰ ਰਿਹਾ ਹੈ।

ਹਾਸ਼ਿਮ ਕੁਰੈਸ਼ੀ ਦਾ ਕਹਿਣਾ ਹੈ ਕਿ ਉਹ (ਹਾਸ਼ਿਮ ਕੁਰੈਸ਼ੀ) ਸ਼ਾਇਦ ਇੱਕਮਾਤਰ ਅਜਿਹੇ ਵਿਅਕਤੀ ਹੋਣਗੇ, ਜਿਨ੍ਹਾਂ ''ਤੇ ਭਾਰਤ ਵਿੱਚ ਪਾਕਿਸਤਾਨੀ ਏਜੰਟ ਹੋਣ ਦਾ ਇਲਜ਼ਾਮ ਲਾਇਆ ਜਾਂਦਾ ਹੈ ਅਤੇ ਪਾਕਿਸਤਾਨ ਵਿੱਚ ਭਾਰਤੀ ਏਜੰਟ ਹੋਣ ਦਾ। ਹਾਸ਼ਿਮ ਕੁਰੈਸ਼ੀ ਮੁਤਾਬਿਕ, ਇਹ (ਏਜੰਟ ਜਾਂ ਡਬਲ ਏਜੰਟ ਹੋਣ ਦੇ) ਇਲਜ਼ਾਮ ਬਹੁਤ ਹਾਸੋਹੀਣੇ ਹਨ।

ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਗੰਗਾ ਜਹਾਜ਼ ਨੂੰ ਅਗਵਾ ਸਿਰਫ਼ ਕਸ਼ਮੀਰ ਨੂੰ ਦੋਵਾਂ ਦੇਸਾਂ ਤੋਂ ਆਜ਼ਾਦ ਕਰਵਾਉਣ ਲਈ ਅੰਦੋਲਨ ਵਜੋਂ ਕੀਤਾ ਸੀ ਅਤੇ ਉਹ ਕਿਸੇ ਵੀ ਦੇਸ ਦੇ ਏਜੰਟ ਨਹੀਂ ਰਹੇ।

ਇਸਤੇਮਾਲ

ਹਾਸ਼ਿਮ ਕੁਰੈਸ਼ੀ ਕਹਿੰਦੇ ਹਨ ਕਿ ਉਨ੍ਹਾਂ ਨੇ ਤਾਂ ਦੋਵਾਂ ਦੇਸਾਂ ਦੀ ਖ਼ੁਫ਼ੀਆਂ ਏਜੰਸੀਆਂ ਲਈ ਕੰਮ ਨਹੀਂ ਕੀਤਾ। "ਪਰ ਤੁਸੀਂ ਇਹ ਜ਼ਰੂਰ ਕਹਿ ਸਕਦੇ ਹੋ ਕਿ ਮੈਂ ਦੋਵਾਂ ਦੇਸਾਂ ਦੀਆਂ ਖ਼ੁਫ਼ੀਆ ਏਜੰਸੀਆਂ ਦਾ ਇਸਤੇਮਾਲ ਆਪਣੇ ਮੰਤਵਾਂ ਲਈ ਜ਼ਰੂਰ ਕੀਤਾ ਹੈ"

ਬੀ ਰਮਨ ਦੀ ਕਿਤਾਬ ''ਤੇ ਟਿੱਪਣੀ ਕਰਦਿਆਂ ਹਾਸ਼ਿਮ ਕੁਰੈਸ਼ੀ ਕਹਿੰਦੇ ਹਨ ਕਿ, ਉਹ ਪਾਕਿਸਤਾਨੀ ਜਾਂ ਭਾਰਤੀ ਏਜੰਟ ਹੋਣ ਬਾਰੇ ਸੁਣਕੇ ਥੱਕ ਗਏ ਹਨ। ਉਨ੍ਹਾਂ ਮੁਤਾਬਿਕ, ਉਨ੍ਹਾਂ ਨੂੰ ਬੀ ਰਮਨ ਦੀ ਕਿਤਾਬ ਨਹੀਂ ਪੜ੍ਹੀ, ਪਰ ਉਨ੍ਹਾਂ ਨੇ ਇਸ ਨਾਲ ਮਿਲਦੀ ਜੁਲਦੀ ਇੱਕ ਕਿਤਾਬ ਲਿਖਣ ਵਾਲੇ ਰਾਅ ਦੇ ਇੱਕ ਸਾਬਕਾ ਜਸੂਸ ਦੇ ਖ਼ਿਲਾਫ਼ ਕੇਸ ਜ਼ਰੂਰ ਦਰਜ ਕਰਵਾਇਆ ਹੋਇਆ ਹੈ।

ਉਨ੍ਹਾਂ ਮੁਤਾਬਿਕ, ਜੇ ਉਨ੍ਹਾਂ ਨੇ ਬੰਗਾਲਦੇਸ਼ ਦੀ ਆਜ਼ਾਦੀ ਲਈ ਅਜਿਹਾ ਕੰਮ ਕੀਤਾ ਹੁੰਦਾ ਤਾਂ ਉਨ੍ਹਾਂ ਨੂੰ ਮਾਣ ਜ਼ਰੂਰ ਹੁੰਦਾ ਅਤੇ ਉਹ ਅੱਜ ਬੰਗਾਲੀਆਂ ਦੇ ਨਾਇਕ ਹੁੰਦੇ। ਹਾਸ਼ਿਮ ਕੁਰੈਸ਼ੀ ਇਹ ਗੱਲ ਮੰਨਦੇ ਹਨ ਕਿ ਇਸ ਤਰ੍ਹਾਂ ਦੀ ਹਿੰਸਾ ਕਿਸੇ ਵੀ ਤਰ੍ਹਾਂ ਠੀਕ ਨਹੀਂ ਹੈ ਅਤੇ ਉਹ ਅੱਜ ਇਸ ''ਤੇ ਪਛਤਾ ਰਹੇ ਹਨ।

ਆਬਿਦ ਮੰਟੋ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਨਹੀਂ ਕਹਿ ਸਕਦੇ ਕਿ ਹਾਸ਼ਿਮ ਕੁਰੈਸ਼ੀ ਇੱਕ ਏਜੰਟ ਜਾਂ ਡਲਬ ਏਜੰਟ ਸਨ। ਪਰ ਗੰਗਾ ਅਗਵਾ ਨਾਲ ਪਾਕਿਸਤਾਨ ਦਾ ਬਹੁਤ ਨੁਕਸਾਨ ਹੋਇਆ। ਪੂਰਵੀ ਪਾਕਿਸਤਾਨ ਵਿੱਚ ਚੱਲ ਰਹੀ ਬਗ਼ਾਵਤੀ ਲਹਿਰ ''ਤੇ ਇਸਦਾ ਗਹਿਰਾ ਅਸਰ ਪਿਆ।

ਆਬਿਦ ਹਸਨ ਮੰਟੋ ਮੁਤਾਬਿਕ ਭਾਰਤ ਅਤੇ ਪਾਕਿਸਤਾਨ ਦੋਵੇਂ ਇਸ ਅਗਵਾ ਮਾਮਲੇ ਤੋਂ ਫ਼ਾਇਦਾ ਚੁੱਕਣਾ ਚਹੁੰਦੇ ਸਨ, ਪਰ ਅਸਲ ''ਚ ਇਕੱਲਾ ਭਾਰਤ ਚੁੱਕ ਸਕਿਆ।

ਬੀਬੀਸੀ ਨਾਲ ਗੱਲ ਕਰਦਿਆਂ ਕੇਂਦਰੀ ਮੰਤਰੀ ਨਾਰਕੋਟਿਕਸ ਕੰਟਰੋਲ, ਸੇਵਾਮੁਕਤ ਬ੍ਰਿਗੇਡੀਅਰ ਏਜਾਜ਼ ਸ਼ਾਹ ਨੇ ਗੰਗਾ ਅਗਵਾ ਕਾਂਡ ਦੀ ਘਟਨਾ ਨੂੰ ਯਾਦ ਕਰਕੇ ਹੱਸਿਦਆਂ ਕਿਹਾ ਕਿ, ਇਹ ਇੱਕ ਬਹੁਤ ਹੀ ਦੁੱਖ ਭਰੀ ਘਟਨਾ ਸੀ, ਜਿਸ ਵਿੱਚ ਭਾਰਤ ਦੀ ਰਾਅ ਸਮੇਤ ਜਿਸ ਵੀ ਏਜੰਸੀ ਨੇ ਇਸਦੀ ਯੋਜਨਾ ਬਣਾਈ ਸੀ। ਉਹ ਇਸ ''ਤੇ ਅਮਲ ਕਰਨ ''ਚ ਕਾਫ਼ੀ ਸਫ਼ਲ ਰਹੀ।

ਪੂਰਬ ਵਿੱਚ ਏਜਾਜ਼ ਸ਼ਾਹ ਆਈਐੱਸਆਈ ਪੰਜਾਬ ਦੇ ਮੁਖੀ ਵੀ ਰਹਿ ਚੁੱਕੇ ਹਨ।

ਏਜਾਜ਼ ਸ਼ਾਹ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਅੱਜ ਵੀ ਉਹ ਦਿਨ ਯਾਦ ਹੈ, ਕਿਉਂਕਿ ਉਹ ਉਸ ਸਮੇਂ ਮਕਬੂਲਪੁਰ ਸੇਲੇਂਟ ਵਿੱਚ ਲੈਫ਼ਟੀਨੈਂਟ ਵਜੋਂ ਤਾਇਨਾਤ ਸਨ ਅਤੇ ਉਨ੍ਹਾਂ ਨੂੰ ਗੰਗਾ ਅਗਵਾ ਕਾਂਡ ਦੇ ਬਾਅਦ ਸਰਹੱਦ ''ਤੇ ਭੇਜਿਆ ਗਿਆ ਸੀ।

ਉਨ੍ਹਾਂ ਮੁਤਾਬਿਕ ਪੂਰਬੀ ਪਾਕਿਸਤਾਨ ਅਤੇ ਪੱਛਮੀ ਪਾਕਿਸਤਾਨ ਵਿੱਚ ਸੈਨਾ ਦੀ ਆਵਾਜਾਈ ਗੰਗਾ ਅਗਵਾ ਕਾਂਡ ਤੋਂ ਬਾਅਦ ਹੀ ਸ਼ੁਰੂ ਹੋਈ ਸੀ।

ਏਜਾਜ਼ ਸ਼ਾਹ ਮੁਤਾਬਿਕ,ਭਾਰਤ ਗੰਗਾ ਹਾਈਜੈਕ ਦੀ ਸਾਜਿਸ਼ ਵਿੱਚ ਪੂਰੀ ਤਰ੍ਹਾਂ ਨਾਲ ਸਫ਼ਲ ਰਿਹਾ ਸੀ। ਜਿਸਦੇ ਬਾਅਦ ਪੂਰਬੀ ਪਾਕਿਸਤਾਨ ਵਿੱਚ ਸਾਡੀਆਂ ਉਡਾਨਾਂ ''ਤੇ ਪਾਬੰਦੀ ਲਗਾ ਦਿੱਤੀ ਗਈ, ਜਿਸ ਨਾਲ ਸੈਨਾ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਇਸੇ ਕਾਰਨ ਪੂਰਬੀ ਪਾਕਿਸਤਾਨ (ਹੁਣ ਬੰਗਲਾਦੇਸ਼) ਵਿੱਚ ਚੱਲ ਰਹੇ ਅੰਦੋਲਨ ਨਾਲ ਨਜਿੱਠਣ ਵਿੱਚ ਔਖਿਆਈ ਪੇਸ਼ ਆਈ।

ਇਸ ਸਵਾਲ ''ਤੇ ਕਿ ਕੀ ਗੰਗਾ ਅਗਵਾ ਕਾਂਡ ਪਾਕਿਸਤਾਨ ਖ਼ੁਫ਼ੀਆਂ ਏਜੰਸੀਆਂ ਦੀ ਨਾਕਾਮੀ ਦੇ ਕਾਰਨ ਸਫ਼ਲ ਹੋਇਆ ਸੀ?

ਏਜਾਜ਼ ਸ਼ਾਹ ਕਹਿੰਦੇ ਹਨ ਕਿ ਇੰਨੇ ਸਾਲ ਬਾਅਦ, ਹੁਣ ਇਸ ''ਤੇ ਕੀ ਕਹਾਂ ਕਿ ਕਿਸਦੀ ਨਾਕਾਮੀ ਸੀ ਜਾਂ ਕਿਸਦੀ ਨਹੀਂ ਸੀ, ਪਰ ਇਸ ਹਾਈਜੈਕਿੰਗ ਦਾ ਨੁਕਸਾਨ ਸਾਨੂੰ ਹੋਇਆ।

ਯਾਦ ਰਹੇ ਕਿ ਭਾਰਤ ਵਲੋਂ ਲਗਾਈ ਗਈ ਪਾਬੰਦੀ ਦੇ ਕੁਝ ਹੀ ਹਫ਼ਤੇ ਬਾਅਦ ਮਾਰਚ 1971 ਵਿੱਚ ਆਵਾਮੀ ਲੀਗ਼ ਦੇ ਮੁਖੀ ਸ਼ੇਖ ਮੁਜੀਬੁਰ ਰਹਿਮਾਨ ਨੇ ਆਜ਼ਾਦ ਬੰਗਲਾਦੇਸ਼ ਲਈ ਆਵਾਜ਼ ਚੁੱਕੀ। ਜਿਸਦਾ ਜਵਾਬ ਪਾਕਿਸਤਾਨੀ ਸੈਨਾ ਨੇ ਪੂਰਵੀ ਪਾਕਿਸਤਾਨ ਵਿੱਚ ਆਪਰੇਸ਼ਨ ''ਸਰਚ ਲਾਈਟ'' ਸ਼ੁਰੂ ਕਰਕੇ ਦਿੱਤਾ।

26 ਮਾਰਚ ਨੂੰ ਸ਼ੇਖ ਮੁਜੀਬੁਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸੇ ਦਿਨ ਮੇਜਰ ਜ਼ਿਆ-ਉਰ-ਰਹਿਮਾਨ ਨੇ ਰੇਡੀਓ ''ਤੇ ਬੰਗਲਾਦੇਸ਼ ਦੇ ਆਜ਼ਾਦ ਹੋਣ ਦਾ ਐਲਾਨ ਕਰ ਦਿੱਤਾ।

21 ਨਵੰਬਰ 1971 ਨੂੰ, ਮੁਕਤੀ ਬਾਹਿਨੀ ਨਾਮ ਨਾਲ ਬੰਗਲਾਦੇਸ਼ ਅਤੇ ਭਾਰਤ ਦੁਆਰਾ ਸੰਯੁਕਤ ਦਲ ਦਾ ਗਠਨ ਕੀਤਾ ਗਿਆ, 3 ਦਸੰਬਰ 1971 ਨੂੰ ਭਾਰਤ ਅਤੇ ਪਾਕਿਸਤਾਨ ਦਰਮਿਆਨ ਜੰਗ ਛਿੜ ਗਈ।

6 ਦਸੰਬਰ ਨੂੰ ਭਾਰਤ ਉਹ ਪਹਿਲਾ ਦੇਸ ਬਣ ਗਿਆ ਜਿਸਨੇ ਬੰਗਲਾਦੇਸ਼ ਨੂੰ ਇੱਕ ਆਜ਼ਾਦ ਦੇਸ ਸਵਿਕਾਰ ਕੀਤਾ ਅਤੇ ਫ਼ਿਰ 16 ਦਸੰਬਰ, 1971 ਨੂੰ ਉਹ ਦਿਨ ਆਇਆ ਜਦੋਂ ਢਾਕਾ ਵਿੱਚ ਪਾਕਿਸਤਾਨੀ ਸੈਨਾ ਨੇ ਭਾਰਤੀ ਸੈਨਾ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ। ਬੰਗਲਾਦੇਸ਼ ਦੁਨੀਆਂ ਦੇ ਨਕਸ਼ੇ ''ਤੇ ਇੱਕ ਅਲੱਗ ਦੇਸ਼ ਬਣ ਕੇ ਉੱਭਰ ਆਇਆ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=o_jpMfPzvwk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''7e0a5236-8d61-40dd-89b6-441a6d7bb903'',''assetType'': ''STY'',''pageCounter'': ''punjabi.india.story.55930124.page'',''title'': ''ਨਕਲੀ ਪਿਸਤੌਲ ਨਾਲ ਭਾਰਤੀ ਹਵਾਈ ਜਹਾਜ਼ ਅਗਵਾ ਕੀਤੇ ਜਾਣ ਦੀ ਕਹਾਣੀ'',''author'': ''ਸ਼ਾਹਿਦ ਅਸਲਮ'',''published'': ''2021-02-21T11:29:31Z'',''updated'': ''2021-02-21T11:29:31Z''});s_bbcws(''track'',''pageView'');

Related News