ਮੁਸਲਮਾਨ ਕੁੜੀ ਤੇ ਹਿੰਦੂ ਮੁੰਡੇ ਦੇ ਪਿਆਰ ਦੀ ਦਾਸਤਾਨ ਜਿਸ ਨੂੰ ਏਡਜ਼ ਵੀ ਨਹੀਂ ਰੋਕ ਸਕੀ

2/17/2021 8:34:37 PM

ਮੁਸਲਮਾਨ ਕੁੜੀ
Getty Images
ਗੁਜਰਾਤ ਦੇ ਬਨਾਸਕਾਂਠਾ ਦੇ ਇੱਕ ਛੋਟੇ ਜਿਹੇ ਪਿੰਡ ਦੇ ਰਹਿਣ ਵਾਲੇ ਮਾਨੂਜੀ ਠਾਕੁਰ ਨੇ ਐੱਚਆਈਵੀ ਤੋਂ ਪੀੜਤ ਪਤਨੀ ਨੂੰ ਨਾਲ ਹੀ ਰੱਖਿਆ

"ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ। ਮੈਂ ਹਿੰਦੂ ਹਾਂ ਅਤੇ ਉਹ ਮੁਸਲਮਾਨ ਹੈ। ਸਾਡਾ ਵਿਆਹ ਨਹੀਂ ਹੋ ਸਕਦਾ ਸੀ, ਇਸ ਲਈ ਅਸੀਂ ਆਪਣੇ ਘਰਾਂ ਤੋਂ ਭੱਜ ਕੇ ਵਿਆਹ ਕਰ ਲਿਆ।''''

''''ਇਸ ਤੋਂ ਬਾਅਦ ਪੁਲਿਸ ਨੇ ਸਾਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਮੇਰੀ ਪਤਨੀ ਦਾ ਮੈਡੀਕਲ ਚੈਕਅੱਪ ਹੋਇਆ। ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਉਹ ਐੱਚਆਈਵੀ ਪੌਜ਼ੀਟਿਵ ਹੈ। ਪਰ ਮੈਂ ਉਸ ਨੂੰ ਪਿਆਰ ਕਰਦਾ ਸੀ, ਇਸ ਲਈ ਵਿਆਹ ਕਰਵਾਇਆ। ਮੈਂ ਉਸ ਦੇ ਬਿਨਾ ਨਹੀਂ ਰਹਿ ਸਕਦਾ।"

Click here to see the BBC interactive

ਗੁਜਰਾਤ ਦੇ ਬਨਾਸਕਾਂਠਾ ਦੇ ਇੱਕ ਛੋਟੇ ਜਿਹੇ ਪਿੰਡ ਦੇ ਰਹਿਣ ਵਾਲੇ ਮਾਨੂਜੀ ਠਾਕੁਰ (ਬਦਲਿਆ ਹੋਇਆ ਨਾਮ) ਇਹ ਕਹਿੰਦੇ ਹਨ। ਉਨ੍ਹਾਂ ਨੇ ਆਪਣੇ ਪਿਆਰ ਖ਼ਾਤਰ ਦੁਨੀਆਂ ਦੀ ਇੱਕ ਨਾ ਸੁਣੀ ਅਤੇ ਐੱਚਆਈਵੀ ਤੋਂ ਪੀੜਤ ਪਤਨੀ ਨੂੰ ਨਾਲ ਹੀ ਰੱਖਿਆ।

ਮਾਨੂਜੀ ਬਹੁਤੇ ਪੜ੍ਹੇ ਲਿਖੇ ਨਹੀਂ ਹਨ। ਉਹ ਬਚਪਨ ਤੋਂ ਹੀ ਰਾਜਮਿਸਤਰੀ ਦਾ ਕੰਮ ਕਰਦੇ ਹਨ ਅਤੇ ਉਨ੍ਹਾਂ ਕੋਲ ਬਹੁਤੇ ਪੈਸੇ ਵੀ ਨਹੀਂ ਹਨ।

marriage
EPA
ਗੁਜਰਾਤ ਹਾਈਕੋਰਟ ਦੀ ਜੱਜ ਨੇ ਇਨ੍ਹਾਂ ਦੋਵਾਂ ਪ੍ਰੇਮੀਆਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਉਨ੍ਹਾਂ ਨੂੰ ਇੱਕਠਿਆਂ ਰਹਿਣ ਅਤੇ ਵਿਆਹ ਕਰਵਾਉਣ ਦੀ ਇਜਾਜ਼ਤ ਦੇ ਦਿੱਤੀ

ਕਿਥੋਂ ਹੋਈ ਪਿਆਰ ਦੀ ਸ਼ੁਰੂਆਤ

ਪਿੰਡ ਵਿੱਚ ਲੋਕਾਂ ਦੇ ਘਰ ਬਣਾਉਣ ਦਾ ਕੰਮ ਕਰਨ ਤੋਂ ਇਲਾਵਾ ਮਾਨੂਜੀ ਆਪਣੇ ਭਰਾਵਾਂ ਦੀ ਖੇਤੀ ਵਿੱਚ ਵੀ ਮਦਦ ਕਰਦੇ ਹਨ। ਘਰ ਬਣਾਉਣ ਦੇ ਕੰਮ ਦੇ ਸਿਲਸਿਲੇ ਵਿੱਚ ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਦੇ ਇੱਕ ਮੁਸਲਮਾਨ ਪਰਿਵਾਰ ਦਾ ਘਰ ਬਣਾਉਣ ਦਾ ਮੌਕਾ ਮਿਲਿਆ।

ਬੀਬੀਸੀ ਗੁਜਰਾਤੀ ਨਾਲ ਗੱਲ ਕਰਦਿਆਂ ਮਾਨੂਜੀ ਨੇ ਦੱਸਿਆ, "ਪਿੰਡ ਵਿੱਚ ਜ਼ਿਮੀਦਾਰ ਨੇ ਇਨ੍ਹਾਂ ਲੋਕਾਂ ਨੂੰ ਆਪਣੇ ਘਰ ਮਜ਼ਦੂਰ ਵਜੋਂ ਰੱਖਿਆ ਹੋਇਆ ਸੀ ਅਤੇ ਇਨ੍ਹਾਂ ਲੋਕਾਂ ਲਈ ਹੀ ਉਹ ਇੱਕ ਘਰ ਬਣਵਾ ਰਿਹਾ ਸੀ।"

ਇਹ ਵੀ ਪੜ੍ਹੋ

ਮਾਨੂਜੀ ਦੱਸਦੇ ਹਨ, "ਉਸ ਘਰ ਨੂੰ ਬਣਾਉਣ ਦੌਰਾਨ ਮੁਸਲਮਾਨ ਪਰਿਵਾਰ ਦੀ 16 ਸਾਲਾਂ ਧੀ ਰੁਖ਼ਸਾਨਾ (ਬਦਲਿਆ ਹੋਇਆ ਨਾਮ) ਸਾਨੂੰ ਖਾਣੇ ਲਈ, ਚਾਹ-ਸਨੈਕਸ ਲਈ ਪੁੱਛਦੀ ਸੀ। ਪਿੰਡ ਵਿੱਚ ਬਹੁਤੇ ਲੋਕ ਹਿੰਦੀ ਨਹੀਂ ਜਾਣਦੇ ਸਨ ਜਦੋਂ ਕਿ ਰੁਖ਼ਸਾਨਾ ਗੁਜਰਾਤੀ ਨਹੀਂ ਸੀ ਜਾਣਦੀ। ਮੈਂ ਹਿੰਦੀ ਜਾਣਦਾ ਸੀ ਇਸ ਕਾਰਨ ਰੁਖ਼ਸਾਨਾ ਦੇ ਪਰਿਵਾਰ ਨਾਲ ਘੁਲਮਿਲ ਗਿਆ।"

ਮਾਨੂਜੀ ਮੁਤਾਬਕ, "ਰੁਖ਼ਸਾਨਾ ਦੇ ਪਰਿਵਾਰ ਨੇ ਬਾਜ਼ਾਰ ਤੋਂ ਕੋਈ ਵੀ ਚੀਜ਼ ਖ਼ਰੀਦਣੀ ਹੁੰਦੀ ਸੀ ਤਾਂ ਉਹ ਰੁਖ਼ਸਾਨਾ ਨੂੰ ਮੇਰੇ ਨਾਲ ਰਾਧਨਪੁਰ ਭੇਜਦੇ ਸਨ। ਹੌਲੀ ਹੌਲੀ ਸਾਡੀ ਜਾਣ ਪਛਾਣ ਵੱਧਦੀ ਗਈ।''''

ਅਸੀਂ ਰਾਧਨਪੁਰ ਵਿੱਚ ਸਿਨੇਮਾ ਵਿੱਚ ਫ਼ਿਲਮ ਦੇਖਣ ਲੱਗੇ, ਰੈਸਟੋਰੈਂਟ ਵਿੱਚ ਨਾਸ਼ਤਾ ਕਰਨ ਵੀ ਜਾਣ ਲੱਗੇ। ਸਾਨੂੰ ਨਹੀਂ ਸੀ ਪਤਾ ਕਿ ਪਿਆਰ ਕੀ ਹੁੰਦਾ ਹੈ ਅਤੇ ਅਸੀਂ ਇਹ ਵੀ ਨਹੀਂ ਜਾਣਦੇ ਕਿ ਸਾਨੂੰ ਕਦੋਂ ਇੱਕ ਦੂਜੇ ਨਾਲ ਪਿਆਰ ਹੋ ਗਿਆ।"

marriage
Getty Images

ਪਰਿਵਾਰ ਦਾ ਵਿਰੋਧ

ਰੁਖ਼ਸਾਨਾ ਨੇ ਬੀਬੀਸੀ ਨੂੰ ਦੱਸਿਆ, "ਮੈਨੂੰ ਪਤਾ ਹੀ ਨਹੀਂ ਸੀ ਕਿ ਮੈਂ ਪਿਆਰ ਵਿੱਚ ਹਾਂ। ਈਦ ਦੇ ਦਿਨ ਜਦੋਂ ਮੈਂ 17 ਸਾਲ ਦੀ ਹੋਈ ਤਾਂ ਮਾਨੂਜੀ ਮੇਰੇ ਲਈ ਨਵੇਂ ਕੱਪੜੇ, ਚੂੜੀਆਂ, ਜੁੱਤੀ ਇਸ ਤਰ੍ਹਾਂ ਲਿਆਏ ਕਿ ਕਿਸੇ ਨੂੰ ਪਤਾ ਨਹੀਂ ਲੱਗਿਆ।"

"ਮੈਂ ਕੱਪੜੇ ਚੂੜੀਆਂ ਅਤੇ ਜੁੱਤੀ ਪਹਿਨ ਲਏ। ਮਾਨੂਜੀ ਨੇ ਆਪਣੇ ਮੁਬਾਇਲ ਫ਼ੋਨ ਨਾਲ ਮੇਰੀਆਂ ਤਸਵੀਰਾਂ ਲਈਆਂ। ਅਸੀਂ ਬੇਹੱਦ ਖ਼ੁਸ਼ ਸੀ। ਉਸ ਦਿਨ ਮੈਂ ਗ਼ਲਤੀ ਨਾਲ ਪੁਰਾਣੇ ਕੱਪੜੇ ਬੈਗ ਵਿੱਚ ਰੱਖ ਲਏ ਅਤੇ ਨਵੇਂ ਕੱਪੜੇ ਪਾ ਕੇ ਘਰ ਆ ਗਈ। ਮੇਰੇ ਪਿਤਾ ਨੇ ਹਜ਼ਾਰਾਂ ਸਵਾਲ ਪੁੱਛੇ ਅਤੇ ਮੇਰੀ ਬਹੁਤ ਕੁੱਟਮਾਰ ਵੀ ਹੋਈ। ਮੈਂ ਦੱਸ ਦਿੱਤਾ ਕਿ ਇਹ ਕੱਪੜੇ ਮਾਨੂਜੀ ਨੇ ਦਿੱਤੇ ਹਨ। ਉਸ ਦਿਨ ਤੋਂ ਬਾਅਦ ਮੇਰੀ ਜ਼ਿੰਦਗੀ ਨਰਕ ਬਣ ਗਈ।"

ਰੁਖ਼ਸਾਨਾ ਇਲਜ਼ਾਮ ਲਗਾਉਂਦੇ ਹਨ ਕਿ ਉਸ ਤੋਂ ਬਾਅਦ ਉਸ ਦੀ ਕਦੀ ਵੀ ਕੁੱਟਮਾਰ ਹੋ ਜਾਂਦੀ ਸੀ। ਉਸਦੇ ਘਰ ਦੇ ਨੇੜਲੇ ਖੇਤ ਵਿੱਚ ਵੀ ਜੇ ਮਾਨੂਜੀ ਨਜ਼ਰ ਆ ਜਾਂਦੇ ਤਾਂ ਘਰ ਵਿੱਚ ਰੁਖ਼ਸਾਨਾ ਨੂੰ ਕੁੱਟ ਖਾਣੀ ਪੈਂਦੀ ਸੀ।

ਰੁਖ਼ਸਾਨਾ ਨੇ ਦੱਸਿਆ, "ਉਸ ਰਾਤ ਜਦੋਂ ਘਰ ਵਿੱਚ ਸਾਰੇ ਸੌਂ ਗਏ ਸਨ ਤਾਂ ਮਾਨੂਜੀ ਮੈਨੂੰ ਮਿਲਣ ਆਏ। ਉਨ੍ਹਾਂ ਨੇ ਮੇਰੇ ਚਹਿਰੇ ਅਤੇ ਹੱਥਾਂ ਪੈਰਾਂ ''ਤੇ ਸੱਟਾਂ ਦੇ ਨਿਸ਼ਾਨ ਦੇਖੇ। ਉਨ੍ਹਾਂ ਨੂੰ ਕਾਫ਼ੀ ਦੁੱਖ ਹੋਇਆ। ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਕੀ ਤੂੰ ਮੇਰੇ ਨਾਲ ਵਿਆਹ ਕਰੇਂਗੀ? ਮੈਂ ਹਾਂ ਕਹਿ ਦਿੱਤਾ।"

ਮਾਨੂਜੀ ਕਹਿੰਦੇ ਹਨ, "ਮੈਨੂੰ ਲੱਗਿਆ ਕਿ ਇਸ ਨੂੰ ਮੇਰੀ ਵਜ੍ਹਾ ਨਾਲ ਇੰਨਾਂ ਕੁਝ ਸਹਿਣਾ ਪੈ ਰਿਹਾ ਹੈ। ਇਸ ਲਈ ਮੈਨੂੰ ਇਸ ਨੂੰ ਬਚਾਉਣਾ ਪਵੇਗਾ। ਮੈਂ ਆਪਣੇ ਘਰ ਵਾਲਿਆਂ ਨਾਲ ਰੁਖ਼ਸਾਨਾ ਨਾਲ ਵਿਆਹ ਕਰਵਾਉਣ ਦੀ ਗੱਲ ਕੀਤੀ। ਉਹ ਸਭ ਇਸ ਦੇ ਖ਼ਿਲਾਫ਼ ਸਨ, ਉਨ੍ਹਾਂ ਦਾ ਕਹਿਣਾ ਸੀ ਕਿ ਹਿੰਦੂ ਮੁੰਡੇ ਦਾ ਵਿਆਹ ਮੁਸਲਮਾਨ ਕੁੜੀ ਨਾਲ ਕਿਸ ਤਰ੍ਹਾਂ ਹੋ ਸਕਦਾ ਹੈ?"

"ਹਾਲਾਂਕਿ ਮੇਰੇ ਭਰਾ ਨੇ ਪੈਸਿਆਂ ਨਾਲ ਮੇਰੀ ਮਦਦ ਕੀਤੀ। ਅਸੀਂ ਘਰ ਤੋਂ ਭੱਜਕੇ ਵਿਆਹ ਕਰਵਾਉਣ ਦਾ ਫ਼ੈਸਲਾ ਕਰ ਲਿਆ। ਮੈਂ ਵਕੀਲ ਨਾਲ ਗੱਲ ਕੀਤੀ। ਜਦੋਂ ਰੁਖ਼ਸਾਨਾ 18 ਸਾਲ ਇੱਕ ਮਹੀਨੇ ਦੀ ਹੋਈ ਤਾਂ ਉਹ ਆਪਣੇ ਜਨਮ ਸਰਟੀਫਿਕੇਟ ਅਤੇ ਆਧਾਰ ਕਾਰਡ ਦੇ ਨਾਲ ਮੇਰੇ ਕੋਲ ਆ ਗਈ। ਅਕਤੂਬਰ 2019 ਵਿੱਚ ਅਸੀਂ ਪਿੰਡ ਤੋਂ ਭੱਜਕੇ ਕੋਰਟ ਵਿੱਚ ਵਿਆਹ ਕਰ ਲਿਆ।"

ਇਹ ਵੀ ਪੜ੍ਹੋ

ਵਿਆਹ ਤੋਂ ਬਾਅਦ ਦੀਆਂ ਮੁਸ਼ਕਿਲਾਂ

ਮਾਨੂਜੀ ਨੇ ਦੱਸਿਆ, "ਇਸ ਤੋਂ ਬਾਅਦ ਮੁਸ਼ਕਿਲਾਂ ਸ਼ੁਰੂ ਹੋ ਗਈਆਂ। ਰੁਖ਼ਸਾਨਾ ਦੇ ਪਿਤਾ ਅਤੇ ਰਿਸ਼ਤੇਦਾਰਾਂ ਨੇ ਸਾਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਰੁਖ਼ਸਾਨਾ ਦੇ ਪਰਿਵਾਰ ਵਾਲੇ, ਮੇਰੇ ਭੈਣ ਭਰਾਵਾਂ ਨਾਲ ਲੜਨ ਆ ਜਾਂਦੇ ਸਨ। ਪਿੰਡ ਵਿੱਚ ਬਹੁਤ ਰੌਲਾ ਪਿਆ।"

"ਮੈਂ ਆਪਣਾ ਫ਼ੋਨ ਬੰਦ ਕਰ ਲਿਆ ਸੀ। ਅਸੀਂ ਅਲੱਗ ਅਲੱਗ ਪਿੰਡਾਂ ਵਿੱਚ ਲੁਕਦੇ ਫ਼ਿਰ ਰਹੇ ਸੀ। ਅਸੀਂ ਸੋਚਿਆ ਕਿ ਜਦੋਂ ਮਾਮਲਾ ਸ਼ਾਂਤ ਹੋਵੇਗਾ ਪਿੰਡ ਜਾਵਾਂਗੇ, ਪਰ ਇਹ ਮਸਲਾ ਵੱਧਦਾ ਹੀ ਜਾ ਰਿਹਾ ਸੀ। ਅਸੀਂ ਇਸ ਦੌਰਾਨ ਦਿਵਾਲੀ ਅਤੇ ਈਦ ਵੀ ਮਨਾਈ।"

"ਇੱਕ ਦਿਨ ਜਦੋਂ ਮੈਂ ਆਪਣੇ ਭਰਾ ਨੂੰ ਫ਼ੋਨ ਕੀਤਾ ਤਾਂ ਪਤਾ ਲੱਗਿਆ ਕਿ ਰੁਖ਼ਸਾਨਾ ਦੇ ਪਿਤਾ ਨੇ ਮੇਰੇ ਉੱਪਰ ਨਾਬਾਲਿਗ ਕੁੜੀ ਨੂੰ ਭਜਾਉਣ ਦਾ ਮੁਕੱਦਮਾ ਦਰਜ ਕਰਵਾਇਆ ਹੈ। ਮੇਰੇ ਖ਼ਿਲਾਫ਼ ਪੋਕਸੋ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।"

ਮਾਨੂਜੀ ਨੇ ਉਨ੍ਹਾਂ ਦਿਨਾਂ ਦੇ ਸੰਘਰਸ਼ ਨੂੰ ਯਾਦ ਕਰਦਿਆਂ ਦੱਸਿਆ, "ਪੁਲਿਸ ਮੇਰੇ ਪਰਿਵਾਰ ਵਾਲਿਆਂ ਨੂੰ ਧਮਕਾਉਂਦੀ ਸੀ ਕਿ ਮੈਨੂੰ ਬੁਲਾਉਣ। ਅਸੀਂ ਘਰ ਨਹੀਂ ਸੀ ਜਾ ਸਕਦੇ ਅਤੇ ਸਾਡੇ ਕੋਲ ਪੈਸੇ ਵੀ ਖ਼ਤਮ ਹੋ ਗਏ ਸਨ।''''

''''ਅਸੀਂ ਲੋਕ ਅਲੱਗ ਅਲੱਗ ਪਿੰਡਾਂ ਵਿੱਚ ਰਹਿ ਰਹੇ ਸੀ। ਮੈਂ ਖੇਤਾਂ ਵਿੱਚ ਕੰਮ ਕਰਦਾ ਸੀ ਕਿਉਂਕਿ ਘਰ ਬਣਾਉਣ ਦਾ ਕੰਮ ਮਿਲ ਨਹੀਂ ਰਿਹਾ ਸੀ। ਕਈ ਦਿਨਾਂ ਤੱਕ ਸਿਰਫ਼ ਰੋਟੀ ਅਤੇ ਪਿਆਜ਼ ਖਾ ਕੇ ਰਹਿਣਾ ਪਿਆ।"

ਰੁਖ਼ਸਾਨਾ ਨੇ ਦੱਸਿਆ, "ਪਤੰਗਾਂ ਦਾ ਤਿਉਹਾਰ ਆਉਣ ਵਾਲਾ ਸੀ। ਮਾਨੂਜੀ ਘਰ ਦੀ ਲੋੜ ਦਾ ਕੁਝ ਸਾਮਾਨ ਲਿਆਉਣ ਲਈ ਪੈਸੇ ਦਿੰਦੇ ਹੁੰਦੇ ਸਨ। ਮੈਂ ਉਨ੍ਹਾਂ ਵਿੱਚੋਂ ਕੁਝ ਪੈਸੇ ਬਚਾਏ ਸਨ। ਮੈਂ ਉਨ੍ਹਾਂ ਨਾਲ ਪਤੰਗ ਅਤੇ ਧਾਗਾ ਖ਼ਰੀਦ ਲਿਆਈ। ਅਸੀਂ ਉਸ ਦਿਨ ਜਲੇਬੀ ਖਾਧੀ। ਕਈ ਦਿਨਾਂ ਤੋਂ ਬਾਅਦ ਅਸੀਂ ਕੁਝ ਖ਼ੁਸ਼ ਹੋਏ ਸੀ। ਸਾਡੇ ਕੋਲ ਪੈਸੇ ਖ਼ਤਮ ਹੋ ਰਹੇ ਸਨ ਅਤੇ ਘਰ ਵਾਲਿਆਂ ਦਾ ਦਬਾਅ ਵੱਧਦਾ ਜਾ ਰਿਹਾ ਸੀ।"

ਪਰ ਮਾਨੂਜੀ ਤੇ ਰੁਖ਼ਸਾਨਾ ਲਈ ਅਸਲੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਹਾਲੇ ਬਾਕੀ ਸੀ।

ਰੁਖ਼ਸਾਨਾ ਨੇ ਦੱਸਿਆ, "ਇਸ ਦੇ ਬਾਅਦ ਲੌਕਡਾਊਨ ਲੱਗ ਗਿਆ। ਸਭ ਕੁਝ ਬੰਦ ਹੋ ਗਿਆ। ਸਾਡੇ ਕੋਲ ਕੋਈ ਕੰਮ ਨਹੀਂ ਸੀ। ਪਰ ਸਾਡੇ ਲਈ ਪਿਆਰ ਸਭ ਕੁਝ ਸੀ। ਅਸੀਂ ਇੱਕ ਪਿੰਡ ਤੋਂ ਦੂਜੇ ਪਿੰਡ ਭਟਕਦੇ ਰਹੇ। ਕਿਧਰੇ ਵੀ ਕੰਮ ਕਰਕੇ ਕੁਝ ਪੈਸੇ ਕਮਾ ਰਹੇ ਸੀ। ਓਧਰ ਮਾਨੂਜੀ ਦੇ ਪਰਿਵਾਰ ’ਤੇ ਦਬਾਅ ਕਾਫ਼ੀ ਵੱਧ ਗਿਆ ਸੀ।"

ਰੁਖ਼ਸਾਨਾ ਨੇ ਦੱਸਿਆ, "ਮੇਰੇ ਤੋਂ ਮਾਨੂਜੀ ਦੀ ਸਥਿਤੀ ਦੇਖੀ ਨਹੀਂ ਸੀ ਜਾ ਰਹੀ। ਉਹ ਕੋਰੋਨਾ ਦੌਰ ਵਿੱਚ ਕੰਮ ਦੀ ਤਾਲਸ਼ ਵਿੱਚ ਜਾਂਦੇ ਸਨ ਤਾਂ ਕਿ ਅਸੀਂ ਦੋਵੇਂ ਕੁਝ ਖਾ ਸਕੀਏ। ਆਖ਼ਰ ਮੈਂ ਥਾਣੇ ਵਿੱਚ ਰਿਪੋਰਟ ਕਰਨ ਦਾ ਫ਼ੈਸਲਾ ਲਿਆ।''''

ਮਾਨੂਜੀ ਇਸ ਦੇ ਪੱਖ ਵਿੱਚ ਨਹੀਂ ਸਨ ਪਰ ਮੈਂ ਪੁਲਿਸ ਸਟੇਸ਼ਨ ਗਈ। ਮੈਂ ਬਾਲਗ ਸੀ। ਇਸ ਲਈ ਸਾਡਾ ਵਿਆਹ ਜਾਇਜ਼ ਸੀ ਅਤੇ ਮਾਨੂਜੀ ਦੇ ਪਰਿਵਾਰ ਵਾਲੇ ਮੈਨੂੰ ਅਪਣਾਉਣ ਲਈ ਤਿਆਰ ਸਨ ਇਸ ਲਈ ਮੈਨੂੰ ਕੋਈ ਚਿੰਤਾ ਵੀ ਨਹੀਂ ਸੀ।"

aids
Getty Images

ਐੱਚਆਈਵੀ ਪਾਜ਼ੀਟਿਵ ਹੋਣ ਦਾ ਪਤਾ ਲੱਗਣਾ

ਰੁਖ਼ਸਾਨਾ ਨੇ ਦੱਸਿਆ ਕਿ, "ਜਿਵੇਂ ਹੀ ਮੈਂ ਪੁਲਿਸ ਸਟੇਸ਼ਨ ਪਹੁੰਚੀ, ਮਾਨੂਜੀ ਨੇ ਵੀ ਪੁਲਿਸ ਸਟੇਸ਼ਨ ਵਿੱਚ ਆਤਮ ਸਮਰਪਣ ਕਰ ਦਿੱਤਾ। ਇੱਥੋਂ ਸਾਡੇ ਲਈ ਮੁਸ਼ਕਿਲਾਂ ਦਾ ਦੌਰ ਹੋਰ ਸ਼ੁਰੂ ਹੋਇਆ। ਮੈਨੂੰ ਔਰਤਾਂ ਦੇ ਸ਼ੈਲਟਰ ਵਿੱਚ ਰੱਖਿਆ ਗਿਆ। ਪੁਲਿਸ ਨੇ ਮੇਰਾ ਮੈਡੀਕਲ ਟੈਸਟ ਕਰਵਾਇਆ ਅਤੇ ਜਦੋਂ ਪਤਾ ਲੱਗਿਆ ਕਿ ਮੈਂ ਐੱਚਆਈਵੀ ਤੋਂ ਪ੍ਰਭਾਵਿਤ ਹਾਂ। ਮੈਂ ਤਾਂ ਬੁਰੀ ਤਰ੍ਹਾਂ ਟੁੱਟ ਗਈ।''''

''''ਮੈਨੂੰ ਡਰ ਲੱਗਿਆ ਕਿ ਕਿਤੇ ਮਾਨੂਜੀ ਵੀ ਤਾਂ ਐੱਚਆਈਵੀ ਪਾਜ਼ੀਟਿਵ ਨਹੀਂ ਹੈ। ਉਨ੍ਹਾਂ ਦਾ ਵੀ ਟੈਸਟ ਹੋਇਆ। ਡਾਕਟਰਾਂ ਨੇ ਦੱਸਿਆ ਕਿ ਉਹ ਐੱਚਆਈਵੀ ਤੋਂ ਪ੍ਰਭਾਵਿਤ ਨਹੀਂ ਹਨ ਤਾਂ ਜਾ ਕੇ ਮੈਨੂੰ ਰਾਹਤ ਮਿਲੀ।"

ਮਾਨੂਜੀ ਨੇ ਦੱਸਿਆ, "ਮੈਂ ਪੁਲਿਸ ਵਾਲਿਆਂ ਨੂੰ ਦੱਸਿਆ ਕਿ ਮੇਰੇ ਕੋਲ ਸਬੂਤ ਹੈ ਕਿ ਮੈਂ ਇੱਕ ਬਾਲਗ ਲੜਕੀ ਦੀ ਸਹਿਮਤੀ ਨਾਲ ਵਿਆਹ ਕੀਤਾ ਹੈ ਪਰ ਕਿਸੇ ਨੂੰ ਮੇਰੇ ''ਤੇ ਯਕੀਨ ਨਹੀਂ ਸੀ ਆ ਰਿਹਾ।''''

''''ਮਾਮਲਾ ਅਦਾਲਤ ਵਿੱਚ ਗਿਆ। ਦੋ ਮਹੀਨੇ ਤੱਕ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਮੈਨੂੰ ਗੁਜਰਾਤ ਹਾਈ ਕੋਰਟ ਤੋਂ ਜ਼ਮਾਨਤ ਮਿਲੀ। ਪਰ ਮੇਰਾ ਧਿਆਨ ਇੱਕ ਮੈਡੀਕਲ ਟੈਸਟ ''ਤੇ ਅਟਕਿਆ ਰਿਹਾ।"

ਐੱਚਆਈਵੀ ਪੌਜ਼ੀਟਿਵ ਨਾਲ ਵਿਆਹ ਕਰਵਾਉਣ ਲਈ ਤਿਆਰ

ਗੁਜਰਾਤ ਹਾਈਕੋਰਟ ਵਿੱਚ ਮਾਨੂਜੀ ਦਾ ਕੇਸ ਲੜਨ ਵਾਲੇ ਵਕੀਲ ਅਪੂਰਵ ਕਪਾੜੀਆ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਵਿਲੱਖਣ ਮਾਮਲਾ ਹੈ। ਮਾਨੂਜੀ ਐੱਚਆਈਵੀ ਨੈਗੇਟਿਵ ਸਨ ਪਰ ਮੈਡੀਕਲ ਅਫ਼ਸਰਾਂ ਨੇ ਸ਼ੱਕ ਜਤਾਇਆ ਸੀ ਕਿ ਛੇ ਮਹੀਨਿਆਂ ਦੇ ਅੰਦਰ-ਅੰਦਰ ਉਨ੍ਹਾਂ ਨੂੰ ਲਾਗ਼ ਲੱਗ ਸਕਦੀ ਹੈ।

ਅਪੂਰਵ ਕਪਾੜੀਆ ਨੇ ਕਿਹਾ, "ਛੇ ਮਹੀਨੇ ਤੋਂ ਬਾਅਦ ਮਾਨੂਜੀ ਨੇ ਆਪਣਾ ਦੂਜਾ ਐੱਚਆਈਵੀ ਟੈਸਟ ਅਹਿਮਦਾਬਾਦ ਸਿਵਿਲ ਹਸਪਤਾਲ ਵਿੱਚ ਕਰਵਾਇਆ ਅਤੇ ਉਨ੍ਹਾਂ ਦਾ ਟੈਸਟ ਨੈਗੇਟਿਵ ਰਿਹਾ। ਇਸ ਦੌਰਾਨ ਮਾਨੂਜੀ ਨੂੰ ਰੁਖ਼ਸਾਨਾ ਦੇ ਸ਼ੈਲਟਰ ਵਿੱਚ ਜਾ ਕੇ ਮੁਲਾਕਾਤ ਕਰਨ ਦੀ ਇਜਾਜ਼ਤ ਸੀ। ਰੁਖ਼ਸਾਨਾ ਦੇ ਪਿਤਾ ਨੇ ਅਦਾਲਤ ਵਿੱਚ ਝੂਠਾ ਪ੍ਰਮਾਣ ਪੱਤਰ ਦਿਖਾਉਂਦੇ ਹੋਏ ਉਨ੍ਹਾਂ ਨੂੰ ਨਾਬਾਲਿਗ ਸਾਬਤ ਕਰਨ ਦੀ ਕੋਸ਼ਿਸ਼ ਕੀਤੀ।"

"ਮਾਨੂਜੀ ਨੂੰ ਅਦਾਲਤ ਵੱਲੋਂ ਵੀ ਪੁੱਛਿਆ ਗਿਆ। ਉਨ੍ਹਾਂ ਨੂੰ ਕਿਹਾ ਗਿਆ ਕਿ ਰੁਖ਼ਸਾਨਾ ਨੂੰ ਏਡਜ਼ ਹੈ। ਅਜਿਹੀ ਸਥਿਤੀ ਵਿੱਚ ਭਵਿੱਖ ਵਿੱਚ ਤੁਹਾਨੂੰ ਵੀ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ ਕੀ ਉਹ ਆਪਣੇ ਵਿਆਹ ਦੇ ਫ਼ੈਸਲੇ ''ਤੇ ਮੁੜ ਵਿਚਾਰ ਕਰਨਾ ਚਾਹੁਣਗੇ। ਮਾਨੂਜੀ ਨੇ ਅਦਾਲਤ ਨੂੰ ਦੱਸਿਆ ਕਿ ਉਹ ਵਿਆਹ ਵਿੱਚ ਰਹਿਣਾ ਚਾਹੁਣਗੇ।"

HIV
Getty Images

''ਇਕੱਠੇ ਜਿਊਣਾ, ਇਕੱਠੇ ਮਰਨਾ''

ਰੁਖ਼ਸਾਨਾ ਨੇ ਬੀਬੀਸੀ ਨੂੰ ਦੱਸਿਆ, "ਜਦੋਂ ਸਾਡਾ ਵਿਆਹ ਹੋਇਆ ਉਸ ਸਮੇਂ ਮੈਨੂੰ ਨਹੀਂ ਸੀ ਪਤਾ ਕਿ ਮੈਂ ਐੱਚਆਈਵੀ ਪੌਜ਼ੀਟਿਵ ਹਾਂ। ਪਰ ਮੈਡੀਕਲ ਟੈਸਟ ਤੋਂ ਬਾਅਦ ਮੈਨੂੰ ਮਾਨੂਜੀ ਨਾਲ ਵਿਆਹ ਤੋੜਨ ਲਈ ਕਿਹਾ ਗਿਆ। ਇਸ ਦਾ ਕਾਰਨ ਇਹ ਹੀ ਸੀ ਕਿ ਉਨ੍ਹਾਂ ਨੂੰ ਵੀ ਲਾਗ ਦਾ ਖ਼ਤਰਾ ਹੋਣਾ, ਪਰ ਉਹ ਮੇਰੀ ਗੱਲ ਮੰਨਣ ਨੂੰ ਤਿਆਰ ਨਾ ਹੋਏ।"

ਉਹ ਅੱਗੇ ਕਹਿੰਦੇ ਹਨ, "ਉਨ੍ਹਾਂ ਨੇ ਕਿਹਾ ਕਿ ਉਹ ਮੇਰੇ ਨਾਲ ਹੀ ਵਿਆਹ ਕਰਨਗੇ। ਮੈਂ ਉਨ੍ਹਾਂ ਨੂੰ ਵਿਆਹ ਭੁੱਲ ਜਾਣ ਨੂੰ ਕਿਹਾ। ਪਹਿਲੀ ਵਾਰ ਜਦੋਂ ਮੈਂ ਅਜਿਹਾ ਕਿਹਾ ਤਾਂ ਉਹ ਕਾਫ਼ੀ ਨਿਰਾਸ਼ ਹੋ ਗਏ ਸਨ। ਦੂਜੀ ਵਾਰ ਜਦੋਂ ਮਿਲਣ ਆਏ ਤਾਂ ਉਹ ਦੇਵਦਾਸ ਲੱਗ ਰਹੇ ਸਨ। ਤੀਜੀ ਵਾਰ ਕਾਫ਼ੀ ਹਤਾਸ਼ ਦਿਖਾਈ ਦੇ ਰਹੇ ਸਨ।"

"ਮਾਨੂਜੀ ਨੇ ਮੇਰੇ ਕਾਰਨ ਕਾਫ਼ੀ ਮੁਸ਼ਕਿਲਾਂ ਸਹੀਆਂ। ਕੋਈ ਹੋਰ ਅਜਿਹਾ ਨਹੀਂ ਕਰ ਸਕਦਾ ਸੀ। ਉਹ ਮੇਰਾ ਧਰਮ ਅਪਨਾਉਣ ਲਈ ਤਿਆਰ ਹੋ ਗਏ। ਉਨ੍ਹਾਂ ਨੇ ਮੈਨੂੰ ਕਿਹਾ ਕਿ ਜੇ ਉਹ ਮੇਰੇ ਨਾਲ ਵਿਆਹ ਨਾ ਕਰ ਸਕੇ ਤਾਂ ਕਿਸੇ ਹੋਰ ਨਾਲ ਵੀ ਨਹੀਂ ਕਰਨਗੇ। ਇਸ ਗੱਲ ਨੇ ਮੇਰਾ ਦਿਲ ਛੂਹ ਲਿਆ।''''

''''ਮੈਂ ਜਦੋਂ ਵਿਆਹ ਲਈ ਹਾਂ ਕੀਤੀ ਤਾਂ ਉਨ੍ਹਾਂ ਦਾ ਚਿਹਰਾ ਖਿੜ ਗਿਆ ਸੀ। ਮੈਂ ਅਦਾਲਤ ਵਿੱਚ ਵੀ ਵਿਆਹ ਲਈ ਹਾਂ ਕਿਹਾ ਹੁਣ ਮੈਂ ਹਿੰਦੂ ਧਰਮ ਅਪਣਾਕੇ ਮਾਨੂਜੀ ਦੇ ਨਾਲ ਰਹਾਂਗੀ।"

"ਮੈਂ ਕੋਰਟ ਵਿੱਚ ਇਹ ਵੀ ਕਿਹਾ ਕਿ ਅਸੀਂ ਔਲਾਦ ਪੈਦਾ ਨਹੀਂ ਕਰਾਂਗੇ ਅਤੇ ਜੇ ਲੋੜ ਹੋਈ ਤਾਂ ਗੋਦ ਲਵਾਂਗੇ। ਪਰ ਅਸੀਂ ਇੱਕਠੇ ਰਹਾਂਗੇ ਅਤੇ ਇੱਕਠੇ ਮਰਾਂਗੇ।

''ਪਿਆਰ ਸਭ ਤੋਂ ਵੱਡਾ ਹੈ''

ਮਾਨੂਜੀ ਠਾਕੁਰ ਨੇ ਬੀਬੀਸੀ ਗੁਜਰਾਤੀ ਨੂੰ ਦੱਸਿਆ ਕਿ, "ਖ਼ਸਾਨਾ ਜਦੋਂ 12 ਸਾਲ ਦੀ ਸੀ ਤਾਂ ਉਨ੍ਹਾਂ ਨੂੰ ਖ਼ੂਨ ਚੜਾਇਆ ਗਿਆ ਸੀ। ਉਸ ਖ਼ੂਨ ਕਾਰਨ ਹੀ ਉਹ ਐੱਚਆਈਵੀ ਤੋਂ ਪ੍ਰਭਾਵਿਤ ਹੋਈ। ਉਸ ਨੇ ਕੁਝ ਵੀ ਗ਼ਲਤ ਨਹੀਂ ਕੀਤਾ। ਜੇ ਵਿਆਹ ਤੋਂ ਬਾਅਦ ਮੇਰਾ ਐਕਸੀਡੈਂਟ ਹੋ ਜਾਂਦਾ ਤਾਂ ਕੀ ਹੁੰਦਾ?"

ਉਹ ਅੱਗੇ ਕਹਿੰਦੇ ਹਨ, "ਮੈਂ ਉਸਦਾ ਹੱਥ ਫ਼ੜਿਆ ਹੈ। ਹੁਣ ਸਾਡੀ ਕਿਸਮਤ ਇੱਕ ਹੈ। ਮੈਂ ਬੀਮਾਰੀ ਦੇ ਚਲਦਿਆਂ ਰੁਖ਼ਸਾਨਾ ਨੂੰ ਕਿਸ ਤਰ੍ਹਾਂ ਛੱਡ ਦਿੰਦਾ? ਮੈਨੂੰ ਭਾਵਨਾਵਾਂ ''ਤੇ ਕਾਬੂ ਰੱਖਣਾ ਨਹੀਂ ਆਉਂਦਾ। ਇਸ ਬਾਰੇ ਮੈਂ ਕਿਸ ਤਰ੍ਹਾਂ ਦੱਸਾਂ, ਪਿਆਰ ਸਭ ਤੋਂ ਵੱਡਾ ਹੈ।"

ਗੁਜਰਾਤ ਹਾਈਕੋਰਟ ਦੀ ਜੱਜ ਸੋਨੀਆ ਗੋਕਨੀ ਨੇ ਇਨ੍ਹਾਂ ਦੋਵਾਂ ਪ੍ਰੇਮੀਆਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਉਨ੍ਹਾਂ ਨੂੰ ਇੱਕਠਿਆਂ ਰਹਿਣ ਅਤੇ ਵਿਆਹ ਕਰਵਾਉਣ ਦੀ ਇਜਾਜ਼ਤ ਦੇ ਦਿੱਤੀ।

ਇਸ ਤੋਂ ਇਲਾਵਾ ਉਨ੍ਹਾਂ ਦੋਵਾਂ ਨੂੰ ਪੁਲਿਸ ਸੁਰੱਖਿਆ ਦੇਣ ਦਾ ਹੁਕਮ ਵੀ ਦਿੱਤਾ ਗਿਆ। ਇਸ ਦੇ ਨਾਲ ਨਾਲ ਉਨ੍ਹਾਂ ਨੇ ਰੁਖ਼ਸਾਨਾ ਦਾ ਸਰਕਾਰੀ ਹਸਪਤਾਲ ਵਿੱਚ ਐੱਚਆਈਵੀ ਇਲਾਜ ਕਰਵਾਉਣ ਦਾ ਵੀ ਹੁਕਮ ਦਿੱਤਾ ਹੈ।

ਅਦਾਲਤ ਨੇ ਝੂਠੇ ਸਬੂਤ ਪੇਸ਼ ਕਰਨ ਲਈ ਰੁਖ਼ਸਾਨਾ ਦੇ ਪਿਤਾ ''ਤੇ ਕਾਰਵਾਈ ਕਰਨ ਦਾ ਹੁਕਮ ਵੀ ਜਾਰੀ ਕੀਤਾ ਹੈ।

ਰੁਖ਼ਸਾਨਾ ਨੂੰ ਅਦਾਲਤ ਤੋਂ ਬਾਹਰ ਲਿਆਉਂਦੇ ਹੋਏ ਮਾਨੂਜੀ ਨੇ ਬੀਬੀਸੀ ਨੂੰ ਗੁਜਰਾਤੀ ਨੂੰ ਕਿਹਾ, "ਮੈਂ ਬਹੁਤਾ ਪੜ੍ਹਿਆ ਲਿਖਿਆ ਨਹੀਂ ਹਾਂ ਪਰ ਮੈਂ ਕਿਤੇ ਪੜ੍ਹਿਆ ਸੀ ਕਿ ਇਨਸਾਨ ਨੂੰ ਉਹ ਹੀ ਮਿਲਦਾ ਹੈ ਜੋ ਉਸਦੀ ਕਿਸਮਤ ਵਿੱਚ ਹੁੰਦਾ ਹੈ।''''

''''ਜਦੋਂ ਮੈਂ ਜੇਲ੍ਹ ਵਿੱਚ ਸੀ ਤਾਂ ਰੁਖ਼ਸਾਨਾ ਦਾ ਨਾਮ ਹਰ ਰੋਜ਼ ਆਪਣੇ ਹੱਥ ''ਤੇ ਲਿਖਿਆ ਕਰਦੇ ਸਾਂ, ਇਹ ਹੀ ਕਾਰਨ ਹੈ ਕਿ ਉਹ ਮੈਨੂੰ ਮਿਲ ਗਈ।"

ISWOTY
BBC

ਇਹ ਵੀ ਪੜ੍ਹੋ:

https://www.youtube.com/watch?v=gLevyLovZok

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''1d1010c2-a389-435e-b11a-38092b1cf01c'',''assetType'': ''STY'',''pageCounter'': ''punjabi.india.story.56080190.page'',''title'': ''ਮੁਸਲਮਾਨ ਕੁੜੀ ਤੇ ਹਿੰਦੂ ਮੁੰਡੇ ਦੇ ਪਿਆਰ ਦੀ ਦਾਸਤਾਨ ਜਿਸ ਨੂੰ ਏਡਜ਼ ਵੀ ਨਹੀਂ ਰੋਕ ਸਕੀ'',''author'': ''ਭਾਰਗਵ ਪਾਰੀਖ'',''published'': ''2021-02-17T14:54:57Z'',''updated'': ''2021-02-17T14:54:57Z''});s_bbcws(''track'',''pageView'');