ਕੋਰੋਨਾਵਾਇਰਸ ਵੈਕਸੀਨ ਦੀਆਂ ਕੁਝ ਖੁਰਾਕਾਂ ਪੰਜਾਬ ਵਿੱਚ ਕਿਉਂ ਹੋ ਰਹੀਆਂ ਹਨ ਬਰਬਾਦ

Thursday, Feb 11, 2021 - 10:34 AM (IST)

ਕੋਰੋਨਾਵਾਇਰਸ ਵੈਕਸੀਨ ਦੀਆਂ ਕੁਝ ਖੁਰਾਕਾਂ ਪੰਜਾਬ ਵਿੱਚ ਕਿਉਂ ਹੋ ਰਹੀਆਂ ਹਨ ਬਰਬਾਦ
ਕੋਰੋਨਾ ਵੈਕਸੀਨ, ਕੋਵਿਡ-19
Getty Images
ਪੰਜਾਬ ਵਿੱਚ ਕੋਵਿਡ ਦੇ ਨੋਡਲ ਅਫ਼ਸਰ ਡਾ.ਰਾਜੇਸ਼ ਭਾਸਕਰ ਮੁਤਾਬਕ ਬਰਬਾਦ ਹੋਈਆਂ ਕੋਵੀਸ਼ੀਲਡ ਦੀਆਂ ਖੁਰਾਕਾਂ ਦੀ ਗਿਣਤੀ ਕਰੀਬ 5000 ਹੈ

ਮਹਾਂਮਾਰੀ ਕੋਵਿਡ-19 ਲਈ ਵੈਕਸੀਨ ਲਾਉਣ ਦਾ ਕੰਮ ਭਾਰਤ ਵਿੱਚ 16 ਜਨਵਰੀ ਤੋਂ ਸ਼ੁਰੂ ਹੋ ਚੁੱਕਿਆ ਹੈ।

ਪੰਜਾਬ ਵਿੱਚ ਵੀ ਵੈਕਸੀਨ ਲੱਗ ਰਹੀ ਹੈ ਪਰ ਰਜਿਸਟਰਡ ਲਾਭਪਾਤਰੀਆਂ ਵਿੱਚੋਂ ਕਈ ਲੋਕ ਵੈਕਸੀਨ ਲਗਵਾਉਣ ਲਈ ਨਹੀਂ ਪਹੁੰਚ ਰਹੇ, ਜਿਸ ਕਰਕੇ ਇਹ ਵੈਕਸੀਨ ਬਰਬਾਦ ਵੀ ਹੋ ਰਹੀ ਹੈ।

Click here to see the BBC interactive

ਪੰਜਾਬ ਵਿੱਚ ਕਿੰਨੀ ਵੈਕਸੀਨ ਹੋਈ ਬਰਬਾਦ ਅਤੇ ਕਿੰਨੇ ਲਾਭਪਾਤਰੀਆਂ ਨੂੰ ਲੱਗ ਚੁੱਕਿਆ ਹੈ ਟੀਕਾ

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਗੁਰਿੰਦਰਬੀਰ ਸਿੰਘ ਨੇ ਦੱਸਿਆ, "ਅਸੀਂ ਪਹਿਲੇ ਪੜਾਅ ਵਿੱਚ ਕਰੀਬ ਚਾਰ ਲੱਖ ਹੈਲਥ ਕੇਅਰ ਵਰਕਰਜ਼ ਅਤੇ ਫਰੰਟਲਾਈਨ ਵਰਕਰਜ਼ ਨੂੰ ਟੀਕਾ ਲਗਾਉਣ ਦਾ ਟੀਚਾ ਰੱਖਿਆ ਸੀ।"

"9 ਫਰਵਰੀ ਤੱਕ ਅਸੀਂ 86,000 ਲਾਭਪਾਤਰੀ ਨੂੰ ਟੀਕਾ ਲਗਾ ਸਕੇ ਹਾਂ। ਸ਼ੁਰੂਆਤ ਵਿੱਚ ਸਭ ਦੇ ਮਨਾਂ ਅੰਦਰ ਕਈ ਤਰ੍ਹਾਂ ਦੇ ਸਵਾਲ ਹੋਣ ਕਰਕੇ ਕਈ ਲੋਕ ਨਹੀਂ ਪਹੁੰਚ ਰਹੇ, ਜਿਸ ਕਾਰਨ ਵੈਕਸੀਨ ਬਰਬਾਦ ਵੀ ਹੋਈ ਹੈ।"

ਇਹ ਵੀ ਪੜ੍ਹੋ:

ਡਾ. ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਇਸਤੇਮਾਲ ਕੀਤੀਆਂ ਗਈਆਂ ਸ਼ੀਸ਼ੀਆਂ ਵਿੱਚੋਂ 6 ਫੀਸਦੀ ਕੋਵੀਸ਼ੀਲਡ ਵੈਕਸੀਨ ਬਰਬਾਦ ਹੋਈਆਂ ਹਨ।

ਉਨ੍ਹਾਂ ਦੱਸਿਆ, "ਕੋਵੀਸ਼ੀਲਡ ਦੀ ਇੱਕ ਸ਼ੀਸ਼ੀ ਵਿੱਚ 10 ਖੁਰਾਕਾਂ ਹੁੰਦੀਆਂ ਹਨ ਅਤੇ ਸ਼ੀਸ਼ੀ ਖੁੱਲ੍ਹਣ ਦੇ ਚਾਰ ਘੰਟਿਆਂ ਅੰਦਰ ਉਹ ਇਸਤੇਮਾਲ ਕੀਤੀ ਜਾਣੀ ਹੁੰਦੀ ਹੈ ਪਰ ਕਈ ਵਾਰ ਜਦੋਂ ਇੱਕ ਲਾਭਪਾਤਰੀ ਦੇ ਆਉਣ ''ਤੇ ਨਵੀਂ ਸ਼ੀਸ਼ੀ ਖੋਲ੍ਹੀ ਜਾਂਦੀ ਹੈ ਅਤੇ ਉਸ ਦੇ ਚਾਰ ਘੰਟੇ ਬਾਅਦ ਤੱਕ ਹੋਰ ਕੋਈ ਲਾਭਪਾਤਰੀ ਟੀਕਾ ਲਗਵਾਉਣ ਨਹੀਂ ਪਹੁੰਚਦਾ ਤਾਂ ਉਸ ਸ਼ੀਸ਼ੀ ਵਿੱਚ ਬਾਕੀ ਬਚੀਆਂ ਖੁਰਾਕਾਂ ਵਿਅਰਥ ਜਾਂਦੀਆਂ ਹਨ ਕਿਉਂਕਿ ਉਹ ਇਸਤੇਮਾਲ ਨਹੀਂ ਕੀਤੀਆਂ ਜਾ ਸਕਦੀਆਂ।"

"ਜਾਂ ਫਿਰ ਸੈਸ਼ਨ ਖ਼ਤਮ ਹੋਣ ਤੋਂ ਤੁਰੰਤ ਪਹਿਲਾਂ ਕੋਈ ਲਾਭਪਾਤਰੀ ਟੀਕਾ ਲਗਵਾਉਣ ਲਈ ਆ ਜਾਣ ਅਤੇ ਨਵੀਂ ਸ਼ੀਸ਼ੀ ਖੋਲ੍ਹ ਕੇ ਉਨ੍ਹਾਂ ਨੂੰ ਟੀਕਾ ਲਾਇਆ ਜਾਵੇ ਤਾਂ ਉਸ ਕੇਸ ਵਿੱਚ ਵੀ ਬਾਕੀ ਖੁਰਾਕਾਂ ਬਰਬਾਦ ਹੋ ਜਾਂਦੀਆਂ ਹਨ ਕਿਉਂਕਿ ਅਗਲੇ ਦਿਨ ਉਸ ਸ਼ੀਸ਼ੀ ਦੀਆਂ ਬਚੀਆਂ ਖੁਰਾਕਾਂ ਇਸਤੇਮਾਲ ਨਹੀਂ ਹੋ ਸਕਦੀਆਂ।"

ਪੰਜਾਬ ਵਿੱਚ ਕੋਵਿਡ ਦੇ ਨੋਡਲ ਅਫ਼ਸਰ ਡਾ. ਰਾਜੇਸ਼ ਭਾਸਕਰ ਨੇ ਦੱਸਿਆ ਕਿ ਬਰਬਾਦ ਹੋਈਆਂ ਕੋਵੀਸ਼ੀਲਡ ਦੀਆਂ ਖੁਰਾਕਾਂ ਦੀ ਗਿਣਤੀ ਕਰੀਬ 5000 ਹੈ।

ਉਨ੍ਹਾਂ ਕਿਹਾ, "ਕਿਸੇ ਸੂਬੇ ਨੂੰ ਮਿਲੀ ਕੋਵੀਸ਼ੀਲਡ ਦੀ ਖੇਪ ਵਿੱਚੋਂ 10 ਫੀਸਦੀ ਤੱਕ ਬਰਬਾਦ ਹੋਣ ਉੱਤੇ ਭਾਰਤ ਸਰਕਾਰ ਕਿਸੇ ਸੂਬੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਏਗੀ। ਇਸ ਤੋਂ ਵੱਧ ਬਰਬਾਦੀ ਹੋਣ ''ਤੇ ਕੀ ਕਦਮ ਚੁੱਕਿਆ ਜਾ ਸਕਦਾ ਹੈ, ਇਸ ਬਾਰੇ ਫਿਲਹਾਲ ਸਾਡੇ ਕੋਲ ਹਦਾਇਤਾਂ ਨਹੀਂ ਆਈਆਂ।"

ਕੋਰੋਨਾ ਵੈਕਸੀਨ, ਕੋਵਿਡ-19
Getty Images

ਡਾ. ਰਾਜੇਸ਼ ਭਾਸਕਰ ਨੇ ਦੱਸਿਆ ਕਿ ਪੰਜਾਬ ਦੇ ਲੁਧਿਆਣਾ, ਸੰਗਰੂਰ, ਜਲੰਧਰ, ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਟੀਕਾਕਰਨ ਪ੍ਰਕਿਰਿਆ ਬਾਕੀ ਜ਼ਿਲ੍ਹਿਆਂ ਦੀ ਤੁਲਨਾ ਵਿੱਚ ਬਿਹਤਰ ਚੱਲ ਰਹੀ ਹੈ।

ਇਨ੍ਹਾਂ ਜ਼ਿਲ੍ਹਿਆਂ ਵਿੱਚ ਰਜਿਸਟਰਡ ਲਾਭਪਾਤਰੀਆਂ ਅੰਦਰ ਟੀਕਾ ਲਗਵਾਉਣ ਬਾਰੇ ਝਿਜਕ ਘੱਟ ਹੈ।

ਉਨ੍ਹਾਂ ਦੱਸਿਆ ਕਿ ਜਿੱਥੇ ਘੱਟ ਲਾਭਪਾਤਰੀ ਪਹੁੰਚ ਰਹੇ ਹਨ ਉਨ੍ਹਾਂ ਵਿੱਚ ਮੋਗਾ, ਮਾਨਸਾ, ਫਾਜ਼ਿਲਕਾ, ਬਰਨਾਲਾ, ਕਪੂਰਥਲਾ, ਰੋਪੜ, ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਹਨ।

ਟੀਕਾਕਰਨ ਲਈ ਘੱਟ ਲਾਭਪਾਤਰੀ ਕਿਉਂ

ਸਿਹਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਟੀਕਾਕਰਨ ਲਈ ਘੱਟ ਲਾਭਪਾਤਰੀਆਂ ਦੇ ਪਹੁੰਚਣ ਪਿੱਛੇ ਕਾਰਨ ਨਵੀਂ ਵੈਕਸੀਨ ਹੋਣ ਕਾਰਨ ਝਿਜਕ, ਸਾਈਡ-ਇਫੈਕਟਸ ਦਾ ਡਰ ਹੈ ਜਾਂ ਕੋਈ ਮੈਡੀਕਲ ਕਾਰਨ ਹਨ।

ਡਾ. ਰਾਜੇਸ਼ ਭਾਸਕਰ ਮੁਤਾਬਕ, ਕਈ ਵਰਕਰਜ਼ ਨੂੰ ਉਨ੍ਹਾਂ ਦੀਆਂ ਯੁਨੀਅਨਾਂ ਟੀਕਾ ਲਗਵਾਉਣ ਤੋਂ ਰੋਕ ਰਹੀਆਂ ਹਨ।

ਕੋਰੋਨਾ ਵੈਕਸੀਨ, ਕੋਵਿਡ-19
AFP
ਸਿਹਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਨਵੀਂ ਵੈਕਸੀਨ ਹੋਣ ਕਾਰਨ ਲੋਕਾਂ ਵਿੱਚ ਝਿਜਕ ਅਤੇ ਸਾਈਡ-ਇਫੈਕਟਸ ਦਾ ਡਰ ਹੈ

ਡਾ. ਗੁਰਿੰਦਰਬੀਰ ਸਿੰਘ ਨੇ ਕਿਹਾ ਕਿ ਕਿਸੇ ਵੀ ਯੂਨੀਅਨ ਦੀਆਂ ਬਾਕੀ ਮੰਗਾਂ ਆਪਣੀ ਥਾਂ ਹਨ ਪਰ ਟੀਕਾਕਰਨ ਨਾਲ ਸਰਕਾਰ ਕੋਈ ਆਪਣਾ ਫਾਇਦਾ ਨਹੀਂ ਕਰ ਰਹੀ ਬਲਕਿ ਟੀਕਾ ਲਗਵਾਉਣ ਵਾਲੇ ਦਾ ਹੀ ਮਹਾਂਮਾਰੀ ਤੋਂ ਬਚਾਅ ਹੋਣਾ ਹੈ।

ਉਨ੍ਹਾਂ ਕਿਹਾ ਕਿ ਵਿਭਾਗ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਕਿ ਲੋਕਾਂ ਦੇ ਮਨਾਂ ਵਿੱਚੋਂ ਇਸ ਵੈਕਸੀਨ ਪ੍ਰਤੀ ਝਿਜਕ ਘੱਟ ਕੀਤੀ ਜਾਵੇ।

ਕੀ ਕਹਿੰਦੇ ਹਨ ਲਾਭਪਾਤਰੀ

ਵੱਖ-ਵੱਖ ਧਿਰਾਂ ਨਾਲ ਗੱਲ ਕਰਨ ਤੋਂ ਪਤਾ ਲੱਗਾ ਕਿ ਕਈ ਲਾਭਪਾਤਰੀ ਨਵੀਂ ਵੈਕਸੀਨ ਹੋਣ ਕਾਰਨ ਝਿਜਕ ਰਹੇ ਹਨ ਤਾਂ ਕਿ ਕੋਈ ਸਾਈਡ-ਇਫ਼ੈਕਟ ਨਾ ਹੋਵੇ। ਕਈ ਉਨ੍ਹਾਂ ਸ਼੍ਰੇਣੀਆਂ ਵਿੱਚ ਆਉਂਦੇ ਹਨ ਜਿਨ੍ਹਾਂ ਸਿਹਤ ਸਥਿਤੀਆਂ ਵਿੱਚ ਇਹ ਟੀਕਾ ਨਹੀਂ ਲਗਵਾਇਆ ਜਾ ਸਕਦਾ ਜਿਵੇਂ ਕਿ ਗਰਭਵਤੀ ਔਰਤਾਂ।

ਕਈ ਅਜਿਹੇ ਵਰਕਰ ਵੀ ਹਨ ਜੋ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਦਬਾਅ ਬਣਾਉਣ ਖਾਤਰ ਇਸ ਟੀਕਾਕਰਨ ਦਾ ਬਾਈਕਾਟ ਕਰ ਰਹੇ ਹਨ ਜਾਂ ਯੂਨੀਅਨਾਂ ਦੇ ਫੈਸਲਿਆਂ ਮੁਤਾਬਕ ਚੱਲ ਰਹੇ ਹਨ।

ਡਾ. ਗੁਰਬਿੰਦਰ ਸਿੰਘ
BBC
ਡਾ.ਗੁਰਿੰਦਰਬੀਰ ਸਿੰਘ ਮੁਤਾਬਕ ਵਿਭਾਗ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਕਿ ਲੋਕਾਂ ਦੇ ਮਨਾਂ ਵਿੱਚੋਂ ਵੈਕਸੀਨ ਪ੍ਰਤੀ ਝਿਜਕ ਘੱਟ ਕੀਤੀ ਜਾਵੇ

ਮਾਨਸਾ ਜ਼ਿਲ੍ਹੇ ਨਾਲ ਸਬੰਧਤ ਆਸ਼ਾ ਵਰਕਰ ਰਵਲਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਵੀ ਟੀਕਾਕਰਨ ਲਈ ਰਜਿਸਟਰੇਸ਼ਨ ਹੋਈ ਸੀ ਅਤੇ ਵਾਰ-ਵਾਰ ਉਨ੍ਹਾਂ ਨੂੰ ਟੀਕਾ ਲਗਵਾਉਣ ਪਹੁੰਚਣ ਲਈ ਮੈਸੇਜ ਵੀ ਆ ਰਿਹਾ ਹੈ ਪਰ ਉਹ ਟੀਕਾ ਨਹੀਂ ਲਗਵਾਉਣਗੇ ਕਿਉਂਕਿ ਜਥੇਬੰਦੀ ਦਾ ਫੈਸਲਾ ਹੈ।

ਰਵਲਦੀਪ ਨੇ ਕਿਹਾ, "ਜੇ ਜਥੇਬੰਦੀ ਦਾ ਫੈਸਲਾ ਨਾ ਵੀ ਹੁੰਦਾ ਤਾਂ ਵੀ ਮੈਂ ਟੀਕਾ ਨਹੀਂ ਲਗਵਾ ਸਕਦੀ ਸੀ ਕਿਉਂਕਿ ਮੈਂ ਆਪਣੇ ਬੱਚੇ ਨੂੰ ਆਪਣਾ ਦੁੱਧ ਪਿਆਉਂਦੀ ਹਾਂ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਆਸ਼ਾ ਵਰਕਰਜ਼ ਯੂਨੀਅਨ ਦੀ ਪੰਜਾਬ ਦੀ ਜਨਰਲ ਸਕੱਤਰ ਪਰਮਜੀਤ ਕੌਰ ਮਾਨ ਨੇ ਕਿਹਾ, "ਸਾਡੀ ਯੂਨੀਅਨ ਨੇ ਇਸ ਵੈਕਸੀਨ ਦਾ ਬਾਈਕਾਟ ਨਹੀਂ ਕੀਤਾ ਬਲਕਿ ਇਹ ਫੈਸਲਾ ਲਿਆ ਹੈ ਕਿ ਜਦੋਂ ਸਿਹਤ ਵਿਭਾਗ ਦੇ ਉੱਚ ਅਧਿਕਾਰੀ ਟੀਕਾ ਲਗਵਾਉਣਗੇ ਉਸ ਤੋਂ ਬਾਅਦ ਹੀ ਆਸ਼ਾ ਵਰਕਰਾਂ ਟੀਕਾ ਲਗਵਾਉਣਗੀਆਂ ਤਾਂ ਕਿ ਆਸ਼ਾ ਵਰਕਰਾਂ ਨੂੰ ਵੈਕਸੀਨ ਦੀ ਟੈਸਟਿੰਗ ਲਈ ਇਸਤੇਮਾਲ ਨਾ ਕੀਤਾ ਜਾ ਸਕੇ।"

ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿੱਚ ਕਰੀਬ ਇੱਕੀ ਹਜ਼ਾਰ ਆਸ਼ਾ ਵਰਕਰ ਹਨ।

ਇਹ ਵੀ ਪੜ੍ਹੋ:

"ਜਿੰਨ੍ਹਾਂ ਜਿਲ੍ਹਿਆਂ ਵਿੱਚ ਵਿਭਾਗ ਦੇ ਉੱਚ ਅਧਿਕਾਰੀ ਟੀਕਾਕਰਨ ਕਰਵਾ ਚੁੱਕੇ ਹਨ, ਉੱਥੇ ਸਾਡੀਆਂ ਕੁੜੀਆਂ ਨੇ ਵੀ ਟੀਕਾ ਲਗਵਾਉਣਾ ਸ਼ੁਰੂ ਕਰ ਦਿੱਤਾ ਹੈ।"

"ਸ਼ੁਰੂਆਤ ਵਿੱਚ ਵੈਕਸੀਨ ਬਾਰੇ ਕਈ ਤਰ੍ਹਾਂ ਦੇ ਖਦਸ਼ੇ ਸੀ ਜੋ ਕਿ ਹੁਣ ਦੂਰ ਹੋ ਰਹੇ ਹਨ। ਆਸ਼ਾ ਵਰਕਰਾਂ ਵੀ ਮਰੀਜ਼ਾਂ ਨਾਲ ਕੰਮ ਕਰਦਿਆਂ ਮਹਾਂਮਾਰੀ ਦੇ ਖ਼ਤਰੇ ਵਿੱਚ ਰਹਿੰਦੀਆਂ ਹਨ, ਇਸ ਲਈ ਆਪਣੇ ਬਚਾਅ ਖਾਤਰ ਉਹ ਵੈਕਸੀਨ ਲੈ ਰਹੀਆਂ ਹਨ ਪਰ ਉਸ ਤੋਂ ਪਹਿਲਾਂ ਉੱਚ ਅਧਿਕਾਰੀ ਟੀਕਾ ਲਗਵਾਉਣ ਵਿੱਚ ਆਨਾ-ਕਾਨੀ ਨਾ ਕਰਨ।"

ਆਸ਼ਾ ਵਰਕਰ
BBC
ਆਸ਼ਾ ਵਰਕਰਜ਼ ਯੂਨੀਅਨ ਦੀ ਪੰਜਾਬ ਦੀ ਜਨਰਲ ਸਕੱਤਰ ਪਰਮਜੀਤ ਕੌਰ ਮਾਨ ਦਾ ਕਹਿਣਾ ਹੈ ਕਿ ਜਦੋਂ ਅਧਿਕਾਰੀ ਟੀਕਾ ਲਗਵਾਉਣਗੇ, ਫਿਰ ਉਹ ਲਗਵਾਉਣਗੇ

ਪੰਜਾਬ ਦੇ ਮਲਟੀਪਰਪਜ਼ ਹੈਲਥ ਕੇਅਰ ਵਰਕਰਜ਼ ਯੂਨੀਅਨ ਦੇ ਪੰਜਾਬ ਪ੍ਰਧਾਨ ਕੁਲਬੀਰ ਸਿੰਘ ਢਿੱਲੋਂ ਨੇ ਕਿਹਾ, "ਸਾਡੇ ਕਰੀਬ ਪੰਜ ਹਜ਼ਾਰ ਵਰਕਰ ਟੀਕੇ ਲਈ ਰਜਿਸਟਰ ਕੀਤੇ ਗਏ ਹਨ ਪਰ ਅਸੀਂ ਟੀਕਾ ਨਾ ਲਗਵਾਉਣ ਦਾ ਫੈਸਲਾ ਲਿਆ ਹੈ।"

"ਅਸੀਂ ਕੋਰੋਨਾ ਕਾਲ ਦੌਰਾਨ 24-24 ਘੰਟੇ ਕੰਮ ਕੀਤਾ ਹੈ। ਜਦੋਂ ਸਰਕਾਰ ਨੇ ਸਾਡੇ ਤੋਂ ਕੰਮ ਲੈਣਾ ਸੀ, ਸਾਨੂੰ ਕੋਰੋਨਾ ਯੋਧੇ ਕਹਿ ਕੇ ਪੁਚਕਾਰਿਆ ਪਰ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।"

"ਸਾਡੀਆਂ ਮੰਗਾਂ ਜਿਵੇਂ ਕਿ 15-15 ਸਾਲਾਂ ਤੋਂ ਕੰਮ ਕਰ ਰਹੀਆਂ ਕੁੜੀਆਂ ਨੂੰ ਰੈਗੁਲਰ ਕੀਤਾ ਜਾਵੇ, 1763 ਮਰਦ ਵਰਕਰਾਂ ਦਾ ਪਰਖ ਕਾਲ ਸਮਾਂ ਤਿੰਨ ਸਾਲਾਂ ਤੋਂ ਘਟਾ ਕੇ ਦੋ ਸਾਲ ਕੀਤਾ ਜਾਵੇ।"

"ਸਾਨੂੰ ਸਰਕਾਰ ਨੇ ਇਹ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ ਪਰ ਮੰਨੀਆਂ ਨਹੀਂ ਗਈਆਂ। ਅਸੀਂ ਆਰਥਿਕ ਪੱਖੋਂ ਵੀ ਮਰ ਰਹੇ ਹਾਂ ਜੇ ਕੋਰੋਨਾ ਨਾਲ ਵੀ ਮਰਾਂਗੇ ਤਾਂ ਸਾਡੇ ਉੱਤੇ ਦੋਹਰੀ ਮਾਰ ਪੈ ਜਾਏਗੀ।"

ਕੋਰੋਨਾ ਵੈਕਸੀਨ, ਕੋਵਿਡ-19
Getty Images

ਕੁਲਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਬੇਸ਼ੱਕ ਹਾਲੇ ਹਰ ਕਿਸੇ ਨੂੰ ਨਵੀਂ ਵੈਕਸੀਨ ਉੱਤੇ ਭਰੋਸਾ ਨਹੀਂ ਬਣਿਆ ਹੈ ਪਰ ਜੇ ਸਰਕਾਰ ਸਾਡੀਆਂ ਮੰਗਾਂ ਮੰਨ ਲੈਂਦੀ ਹੈ ਤਾਂ ਅਸੀਂ ਟੀਕਾ ਲਗਵਾਉਣ ਬਾਰੇ ਵਿਚਾਰ ਜ਼ਰੂਰ ਕਰਾਂਗੇ।

ਉਨ੍ਹਾਂ ਕਿਹਾ ਜੇਕਰ ਸਾਡੇ ਸਾਰੇ ਵਰਕਰਾਂ ਨੇ ਟੀਕਾ ਲਗਵਾ ਲਿਆ ਅਤੇ ਸਰਕਾਰ ਦਾ ਅੰਕੜਾ ਪੂਰਾ ਹੋ ਗਿਆ ਤਾਂ ਸਾਡੇ ਵੱਲ ਕੋਈ ਧਿਆਨ ਨਹੀਂ ਦੇਵੇਗਾ।

ਨਵੇਂ ਵੈਕਸੀਨ ਪ੍ਰਤੀ ਝਿਜਕ ਕਿਉਂ

ਮੁਹਾਲੀ ਦੇ ਸਿਵਲ ਹਸਪਤਾਲ ਤੋਂ ਡਾ. ਰਾਜਿੰਦਰ ਭੂਸ਼ਣ ਨੇ ਕਿਹਾ, "ਸ਼ੁਰੂਆਤ ਵਿੱਚ ਮੈਨੂੰ ਵੀ ਡਰ ਲੱਗਾ ਸੀ ਕਿਉਂਕਿ ਕਈ ਦੇਸਾਂ ਤੋਂ ਵੈਕਸੀਨ ਦੇ ਜਾਨਲੇਵਾ ਸਾਈਡ-ਇਫੈਕਟਸ ਬਾਰੇ ਖ਼ਬਰਾਂ ਸੁਣ ਰਹੇ ਸੀ।"

"ਮੇਰੇ ਮਨ ਅੰਦਰ ਵੀ ਝਿਜਕ ਸੀ, ਇਸ ਲਈ ਮੈਂ ਟੀਕਾਕਰਨ ਦੀ ਮਿਲੀ ਪਹਿਲੀ ਤਾਰੀਖ ਨੂੰ ਟੀਕਾ ਨਹੀਂ ਲਗਵਾਇਆ। ਮੈਂ ਉਡੀਕ ਕਰਨਾ ਚਾਹੁੰਦਾ ਸੀ ਤਾਂ ਕਿ ਵੈਕਸੀਨ ਦੇ ਅਸਰ ਬਾਰੇ ਜਾਣ ਸਕਾਂ।"

"ਪਰ ਮੈਂ ਦੇਖਿਆ ਕਿ ਕੋਵੀਸ਼ੀਲਡ ਦੇ ਅਜਿਹੇ ਕੋਈ ਨੁਕਸਾਨ ਵਾਲੇ ਸਾਈਡ-ਇਫੈਕਟ ਨਹੀਂ। ਇਸ ਲਈ ਮੈਂ ਕੁਝ ਦਿਨਾਂ ਬਾਅਦ ਹੀ ਵੈਕਸੀਨ ਲਗਵਾ ਲਈ ਅਤੇ ਬਿਲਕੁਲ ਠੀਕ ਰਿਹਾ।"

ਡਾ. ਰਾਜਿੰਦਰ ਭੂਸ਼ਣ ਨੇ ਕਿਹਾ ਕਿ ਉਹ ਕੋਰੋਨਾ ਮਰੀਜ਼ਾਂ ਦਾ ਇਲਾਜ ਕਰਦੇ ਹਨ ਇਸ ਲਈ ਉਨ੍ਹਾਂ ਲਈ ਵੈਕਸੀਨ ਬਹੁਤ ਜ਼ਰੂਰੀ ਹੈ ਤਾਂ ਕਿ ਉਹ ਖੁਦ ਮਰੀਜ਼ ਦਾ ਇਲਾਜ ਕਰਦਿਆਂ ਬਿਮਾਰੀ ਦਾ ਸ਼ਿਕਾਰ ਨਾ ਹੋ ਜਾਣ।

ਇਹ ਵੀ ਪੜ੍ਹੋ:

ਉਨ੍ਹਾਂ ਕਿਹਾ ਕਿ ਅਜਿਹੇ ਕੁਝ ਹੈਲਥ ਵਰਕਰਜ਼ ਅਤੇ ਫਰੰਟਲਾਈਨ ਵਾਰੀਅਰਜ਼ ਹਨ ਜਿਨ੍ਹਾਂ ਨੂੰ ਹਾਲੇ ਵੀ ਇਸ ਦੇ ਉਲਟ ਪ੍ਰਭਾਵਾਂ ਦਾ ਡਰ ਹੈ, ਜਿਸ ਕਾਰਨ ਉਹ ਵੈਕਸੀਨ ਨਹੀਂ ਲਵਾ ਰਹੇ।

ਪੰਜਾਬ ਪੁਲਿਸ ਵਿੱਚ ਸਬ-ਇੰਸਪੈਕਟਰ ਮਨਬੀਰ ਕੌਰ ਨੇ ਦੱਸਿਆ, "ਮੇਰਾ ਬੱਚਾ ਛੋਟਾ ਹੋਣ ਕਾਰਨ ਮੈਂ ਉਸ ਨੂੰ ਆਪਣਾ ਦੁੱਧ ਪਿਆਉਂਦੀ ਹਾਂ। ਇਸ ਲਈ ਮੈਂ ਟੀਕਾ ਨਹੀਂ ਲਗਵਾਊਂਗੀ ਤਾਂ ਕਿ ਬੱਚੇ ''ਤੇ ਕੋਈ ਅਸਰ ਨਾ ਹੋਵੇ।"

"ਜੇ ਇਹ ਸਥਿਤੀ ਨਾ ਹੁੰਦੀ ਤਾਂ ਮੈਨੂੰ ਟੀਕਾ ਲਗਵਾਉਣ ਵਿੱਚ ਕੋਈ ਡਰ ਜਾਂ ਝਿਜਕ ਨਹੀਂ ਸੀ। ਸਾਡੇ ਵਿਭਾਗ ਵਿੱਚ ਜਿਨ੍ਹਾਂ ਮੈਂ ਦੇਖਿਆ ਹੈ ਹਰ ਰਜਿਸਟਰਡ ਮੁਲਾਜ਼ਮ ਟੀਕਾ ਲਗਵਾ ਰਿਹਾ ਹੈ।"

"ਪਰ ਗਰਭਵਤੀ ਮਹਿਲਾ ਮੁਲਾਜ਼ਮ ਜੋ ਕਿ ਰਜਿਸਟਰਡ ਹਨ ਪਰ ਉਨ੍ਹਾਂ ਲਈ ਇਹ ਟੀਕਾ ਨਹੀਂ ਹੈ, ਇਸ ਲਈ ਉਹ ਨਹੀਂ ਲਗਵਾ ਰਹੀਆਂ, ਜਾਂ ਉਹ ਮੁਲਾਜ਼ਮ ਨਹੀਂ ਲਗਵਾ ਰਹੇ ਜਿਨ੍ਹਾਂ ਨੂੰ ਕੋਈ ਐਲਰਜੀ ਵਗੈਰਾ ਹੈ।"

ISWOTY
BBC

https://www.youtube.com/watch?v=-Oftp_BNI2M

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''fe52e3f1-5a83-45d9-a5c7-8018c0d5a249'',''assetType'': ''STY'',''pageCounter'': ''punjabi.india.story.56013859.page'',''title'': ''ਕੋਰੋਨਾਵਾਇਰਸ ਵੈਕਸੀਨ ਦੀਆਂ ਕੁਝ ਖੁਰਾਕਾਂ ਪੰਜਾਬ ਵਿੱਚ ਕਿਉਂ ਹੋ ਰਹੀਆਂ ਹਨ ਬਰਬਾਦ'',''author'': ''ਨਵਦੀਪ ਕੌਰ ਗਰੇਵਾਲ'',''published'': ''2021-02-11T05:03:49Z'',''updated'': ''2021-02-11T05:03:49Z''});s_bbcws(''track'',''pageView'');

Related News