ਲਵ ਜੇਹਾਦ ਦੇ ਰੌਲੇ ਵਿੱਚ ਬੇਜ਼ੁਬਾਨ ਹੋਏ ਨੌਜਵਾਨ ਜੋੜੇ ਦੀ ਧੜਕਦੀ ਜ਼ਿੰਦਗੀ ਦੀ ਕਹਾਣੀ
Monday, Feb 08, 2021 - 05:49 PM (IST)


ਘਰ ਦੇ ਬਾਹਰ ਜਿਸ ਚੀਜ਼ ''ਤੇ ਤੁਹਾਡੀ ਨਜ਼ਰ ਜਾਂਦੀ ਹੈ, ਉਹ ਹੈ ਇੱਕ ਮੁੜਿਆ ਹੋਇਆ ਦਰੱਖਤ, ਬਗੈਰ ਕਿਸੇ ਪੱਤੇ ਦੇ ਰੁੰਡ-ਮਰੁੰਡ ਖੜ੍ਹਾ।
ਬਿਨਾਂ ਪੱਤਿਆਂ ਦੀਆਂ ਟਾਹਣੀਆਂ ਝੁਕ ਕੇ ਦਰਵਾਜ਼ੇ ਅਤੇ ਛੱਤਾਂ ਤੱਕ ਪਸਰ ਗਈਆਂ ਹਨ। ਦੋਵੇਂ ਘਰਾਂ ਦੀਆਂ ਖਿੜਕੀਆਂ ਲਗਭਗ ਇਕੱਠੀਆਂ ਜੁੜੀਆਂ ਹੋਈਆਂ ਹਨ।
ਇਨ੍ਹਾਂ ਵਿੱਚੋਂ ਇੱਕ ਘਰ ਰਾਸ਼ਿਦ ਦੇ ਅੱਬਾ ਮੁਹੰਮਦ ਰਜ਼ਾ ਅਲੀ ਦਾ ਹੈ। ਇਸੀ ਘਰ ਵਿੱਚ ਇੱਕ ਨੌਜਵਾਨ ਔਰਤ ਆਪਣੇ ਪਤੀ ਦਾ ਇੰਤਜ਼ਾਰ ਕਰਦੀ ਰਹੀ। ਇਹ ਦਰਦ ਭਰੇ ਮੁਸ਼ਕਿਲ ਦਿਨ ਸਨ, ਪਰ ਪਤੀ ਜੇਲ੍ਹ ਤੋਂ ਪਰਤਿਆ ਤਾਂ ਮੁਸਕਰਾ ਕੇ ਉਸ ਦਾ ਸਵਾਗਤ ਕੀਤਾ। ਪਤੀ ਨੂੰ ਇਸ ਇਲਜ਼ਾਮ ਤਹਿਤ ਜੇਲ੍ਹ ਭੇਜਿਆ ਗਿਆ ਸੀ ਕਿ ਉਸ ਨੇ ਜ਼ਬਰਦਸਤੀ ਉਸ ਦਾ ਧਰਮ ਤਬਦੀਲ ਕਰਕੇ ਉਸ ਨਾਲ ਵਿਆਹ ਕਰ ਲਿਆ।
ਲਵ ਜੇਹਾਦ ਦਾ ਮੁੱਦਾ ਚੁੱਕ ਕੇ ਕੁਝ ਸੰਗਠਨਾਂ ਨੇ ਬਵਾਲ ਮਚਾਇਆ ਅਤੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ-
- ਉੱਤਰਾਖੰਡ ''ਚ ਗਲੇਸ਼ੀਅਰ ਟੁੱਟਣ ਨਾਲ ਤਬਾਹੀ: 16 ਲੋਕਾਂ ਨੂੰ ਟਨਲ ਵਿੱਚੋਂ ਜ਼ਿੰਦਾ ਕੱਢਿਆ ਗਿਆ, 125 ਲੋਕ ਲਾਪਤਾ
- ਵਿਸ਼ਵੀ ਸਿਆਸਤ ''ਚ ਹਮੇਸ਼ਾ ਸੱਜੇ ਜਾਂ ਖੱਬੇ ਪੱਖੀ ਸਿਆਸਤ ਹੀ ਮੋਹਰੀ ਕਿਉਂ ਰਹਿੰਦੀ ਹੈ
- ਕਿਸਾਨ ਅੰਦੋਲਨ: ਰਾਕੇਸ਼ ਟਿਕੈਤ ਨੇ ਮੁੜ ਦੁਹਰਾਇਆ ਕਾਨੂੰਨ ਵਾਪਸੀ ਨਹੀਂ, ਤਾਂ ਘਰ ਵਾਪਸੀ ਵੀ ਨਹੀਂ
ਪਿੰਕੀ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਮਰਜ਼ੀ ਨਾਲ ਛੇ ਮਹੀਨੇ ਪਹਿਲਾਂ ਰਾਸ਼ਿਦ ਨਾਲ ਵਿਆਹ ਕੀਤਾ ਸੀ।
ਪਿੰਕੀ ਦਾ ਇਲਜ਼ਾਮ ਹੈ ਕਿ ਜਦੋਂ ਉਹ ਨਾਰੀ ਨਿਕੇਤਨ ਵਿੱਚ ਸੀ ਤਾਂ ਉਸ ਦਾ ਗਰਭਪਾਤ ਹੋ ਗਿਆ। ਪਰ ਕਿਹਾ ਗਿਆ ਕਿ ਉਹ ਝੂਠ ਬੋਲ ਰਹੀ ਹੈ।
ਉਹ ਵਾਰ ਵਾਰ ਕਹਿੰਦੀ ਰਹੀ ਕਿ ਰਾਸ਼ਿਦ ਨਾਲ ਉਸ ਨੇ ਮਰਜ਼ੀ ਨਾਲ ਵਿਆਹ ਕੀਤਾ ਹੈ। ਜੇਲ੍ਹ ਭੇਜ ਦਿੱਤੇ ਗਏ ਰਾਸ਼ਿਦ ਦੀ ਰਿਹਾਈ ਲਈ ਉਸ ਨੇ ਕਾਨੂੰਨੀ ਲੜਾਈ ਲੜੀ।
ਪਤੀ ਜੇਲ੍ਹ ਤੋਂ ਪਰਤ ਆਇਆ, ਪਰ ਹੁਣ ਉਹ ਇਸ ਘਰ ਵਿੱਚ ਨਹੀਂ ਰਹਿੰਦੀ। ਇੱਥੋਂ ਜਾ ਚੁੱਕੀ ਹੈ।

ਹੁਣ ਇਸ ਪੁਰਾਣੇ ਕਮਜ਼ੋਰ ਮਕਾਨ ਵਿੱਚ ਤਾਲਾ ਜੜਿਆ ਹੋਇਆ ਹੈ ਅਤੇ ਸਾਹਮਣੇ ਖੜ੍ਹਾ ਹੈ ਇੱਕ ਅਜੀਬ ਜਿਹਾ ਦਰੱਖਤ। ਇੱਥੇ ਇਸ ਬਾਰੇ ਵਿੱਚ ਕੋਈ ਗੱਲ ਨਹੀਂ ਕਰਦਾ। ਸਭ ਕਹਿੰਦੇ ਹਨ ਕਿ ਵਕਤ ਚੰਗਾ ਨਹੀਂ ਹੈ।
ਆਂਢ-ਗੁਆਂਢ ਵਿੱਚ ਸੰਨਾਟਾ ਛਾਇਆ ਹੋਇਆ ਹੈ। ਘਰ ਬੰਦ ਹੈ, ਹੁਣ ਸਿਰਫ਼ ਰਾਸ਼ਿਦ ਦੇ ਪਿਤਾ ਰਹਿੰਦੇ ਹਨ। ਸੜਕ ਦੇ ਦੂਜੇ ਪਾਸੇ ਦੁਕਾਨ ''ਤੇ ਬੈਠੀ ਬੁੱਢੀ ਔਰਤ ਕਹਿੰਦੀ ਹੈ। ਰਾਸ਼ਿਦ ਦਾ ਅੱਬਾ ਸ਼ਰਾਬੀ ਹੈ।
ਬਜ਼ੁਰਗ ਔਰਤ ਕਹਿੰਦੀ ਹੈ, ''ਉਹ ਕੀ ਕਹੇਗਾ? ਉਹ ਛੋਟਾ ਮੋਟਾ ਕੰਮ ਕਰਦਾ ਹੈ। ਪੈਸੇ ਮਿਲਦੇ ਹਨ ਤਾਂ ਸ਼ਰਾਬ ਵਿੱਚ ਉਡਾ ਦਿੰਦਾ ਹੈ। ਅਤੇ ਅਸੀਂ ਕੀ ਦੱਸੀਏ। ਸਾਨੂੰ ਇਸ ਬਾਰੇ ਵਿੱਚ ਕੁਝ ਪਤਾ ਨਹੀਂ ਹੈ। ਅਸੀਂ ਉਨ੍ਹਾਂ ਨੂੰ ਨਹੀਂ ਜਾਣਦੇ।''
ਰਾਸ਼ਿਦ ਦੇ ਬਰੇਲੀ ਜੇਲ੍ਹ ਤੋਂ ਰਿਹਾਅ ਹੋਣ ਦੇ ਬਾਅਦ ਇਹ ਜੋੜਾ ਇੱਥੋਂ ਕਿਧਰੇ ਚਲਾ ਗਿਆ। ਆਪਣੀ ਕਹਾਣੀ ਦੱਸਣ ਲਈ ਉਹ ਮੌਜੂਦ ਨਹੀਂ ਹਨ।
ਉਨ੍ਹਾਂ ਦੇ ਵਕੀਲ ਜ਼ੁਲਿਫਕਾਰ ਠੇਕੇਦਾਰ ਕਹਿੰਦੇ ਹਨ, ਮਾਮਲਾ ਖਤਮ ਹੋ ਗਿਆ ਹੈ। ਉਹ ਕਹਿੰਦੇ ਹਨ, ''''ਉਹ ਗਰੀਬ ਹਨ। ਉਨ੍ਹਾਂ ਨੂੰ ਇਸ ਗੱਲ ਦਾ ਵੀ ਡਰ ਹੈ ਕਿ ਉਹ ਮੁਸਲਮਾਨ ਹਨ। ਉਹ ਹੁਣ ਕਿਸੇ ਦੇ ਖਿਲਾਫ਼ ਮੁਕੱਦਮਾ ਨਹੀਂ ਕਰਨਾ ਚਾਹੁੰਦੇ। ਉਹ ਤਾਂ ਕੇਸ ਦੇ ਬਾਰੇ ਹੁਣ ਗੱਲ ਵੀ ਨਹੀਂ ਕਰਨਾ ਚਾਹੁੰਦੇ।"
ਠੇਕੇਦਾਰ ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੇ ਵਟਸਐਪ ਅਤੇ ਈ-ਮੇਲ ਤੋਂ ਇਸ ਕੇਸ ਨਾਲ ਸਬੰਧਿਤ ਦਸਤਾਵੇਜ਼ ਡਿਲੀਟ ਕਰ ਦਿੱਤੇ ਹਨ। ਪਿੰਕੀ ਦਾ ਮਾਮਲਾ ਸੁਰਖੀਆਂ ਵਿੱਚ ਸੀ।
ਉਸ ਨੇ ਇਲਜ਼ਾਮ ਲਗਾਇਆ ਸੀ ਕਿ ਨਾਰੀ ਨਿਕੇਤਨ ਵਿੱਚ ਉਸ ਦਾ ਗਰਭਪਾਤ ਹੋ ਗਿਆ। ਪੁਲਿਸ ਨੇ ਪਤੀ ਦੀ ਗ੍ਰਿਫ਼ਤਾਰੀ ਦੇ ਬਾਅਦ ਉਸ ਨੂੰ ਨਾਰੀ ਨਿਕੇਤਨ ਭੇਜ ਦਿੱਤਾ ਸੀ।
ਪਿੰਕੀ ਦਾ ਜੋ ਵੀਡਿਓ ਵਾਇਰਲ ਹੋਇਆ ਸੀ, ਉਸ ਵਿੱਚ ਪੁਲਿਸ ਥਾਣੇ ਦੇ ਅੰਦਰ ਬਜਰੰਗ ਦਲ ਦੇ ਕਾਰਕੁਨ ਉਸ ਖਿਲਾਫ਼ ਹੱਲਾ-ਹੰਗਾਮਾ ਕਰਦੇ ਅਤੇ ਨਾਅਰੇ ਲਗਾਉਂਦੇ ਦਿਖ ਰਹੇ ਹਨ।

ਉਸ ਨੂੰ ਵਾਰ-ਵਾਰ ਆਪਣੇ ਵਿਆਹ ਦੇ ਕਾਗਜ਼ ਦਿਖਾਉਣ ਨੂੰ ਕਿਹਾ ਜਾ ਰਿਹਾ ਹੈ, ਪਰ ਵਿਆਹ ਦੇ ਕਾਗਜ਼ ਦਿਖਾਉਣ ਦੇ ਬਾਵਜੂਦ ਬਜਰੰਗ ਦਲ ਦੇ ਕਾਰਕੁਨ ਇਹ ਦੋਸ਼ ਲਗਾਉਂਦੇ ਰਹੇ ਕਿ ਰਾਸ਼ਿਦ ਨੇ ਜ਼ਬਰਦਸਤੀ ਧਰਮ ਤਬਦੀਲ ਕਰ ਕੇ ਉਸ ਨਾਲ ਵਿਆਹ ਕੀਤਾ ਹੈ।
ਪਿੰਕੀ ਅਤੇ ਰਾਸ਼ਿਦ ਕਿੱਥੇ ਗਏ, ਪਤਾ ਨਹੀਂ
ਕਿਸੇ ਨੂੰ ਪਤਾ ਨਹੀਂ ਕਿ ਰਾਸ਼ਿਦ ਅਤੇ ਪਿੰਕੀ ਹੁਣ ਕਿੱਥੇ ਹਨ। ਕੁਝ ਲੋਕ ਕਹਿੰਦੇ ਹਨ ਕਿ ਉਹ ਲੋਕ ਦੇਹਰਾਦੂਨ ਚਲੇ ਗਏ, ਜਿੱਥੇ ਰਾਸ਼ਿਦ ਇੱਕ ਸੈਲੂਨ ਵਿੱਚ ਕੰਮ ਕਰਦਾ ਸੀ।
ਇੱਥੇ ਹੀ ਪਹਿਲੀ ਵਾਰ ਦੋਵਾਂ ਦੀ ਮੁਲਾਕਾਤ ਹੋਈ, ਪਰ ਰਾਸ਼ਿਦ ਦੇ ਵਾਲਿਦ ਦਾ ਕਹਿਣਾ ਹੈ ਕਿ ਉਹ ਰਿਸ਼ਤੇਦਾਰਾਂ ਨਾਲ ਰਹਿ ਰਹੇ ਹਨ। ਉਨ੍ਹਾਂ ਕੋਲ ਪੈਸਾ ਨਹੀਂ ਸੀ। ਉਨ੍ਹਾਂ ਨੂੰ ਡਰ ਸੀ ਕਿ ਘਰ ''ਤੇ ਰਹੇ ਤਾਂ ਇੱਕ ਦਿਨ ਉਨ੍ਹਾਂ ਦੀ ਹੱਤਿਆ ਹੋ ਜਾਵੇਗੀ। ਕਾਂਠ ਸੰਪਰਦਾਇਕ ਲਿਹਾਜ ਨਾਲ ਇੱਕ ਸੰਵੇਦਨਸ਼ੀਲ ਜਗ੍ਹਾ ਹੈ। ਇੱਥੇ ਪਹਿਲਾਂ ਵੀ ਦੰਗੇ ਹੋ ਚੁੱਕੇ ਹਨ।
2014 ਵਿੱਚ ਇੱਕ ਧਾਰਮਿਕ ਵਿਵਾਦ ਨੂੰ ਲੈ ਕੇ ਇੱਥੇ ''ਮਹਾਪੰਚਾਇਤ'' ਬੁਲਾਉਣ ਦੀ ਅਪੀਲ ਕੀਤੀ ਗਈ ਸੀ। ਇਸੀ ਦੌਰਾਨ ਬੀਜੇਪੀ ਕਾਰਕੁਨਾਂ ਦੇ ਇੱਕ ਵੱਡੇ ਜਥੇ ਦਾ ਪੁਲਿਸ ਨਾਲ ਆਹਮਣਾ-ਸਾਹਮਣਾ ਹੋਇਆ ਸੀ। ਇਸ ਤੋਂ ਪਹਿਲਾਂ 2013 ਵਿੱਚ ਸਤੰਬਰ ਮਹੀਨੇ ਦੇ ਦੌਰਾਨ ਮੁਜ਼ੱਫਰਨਗਰ ਵਿੱਚ ਮਹਾਪੰਚਾਇਤ ਹੋਈ ਸੀ।
ਇਸੀ ਮਹਾਪੰਚਾਇਤ ਦੇ ਬਾਅਦ ਮੁਜ਼ੱਫਰਨਗਰ ਵਿੱਚ ਦੰਗੇ ਭੜਕ ਉੱਠੇ ਸਨ। ਇਸ ਦੰਗੇ ਵਿੱਚ 60 ਲੋਕ ਮਾਰੇ ਗਏ ਸਨ ਅਤੇ 40 ਹਜ਼ਾਰ ਤੋਂ ਜ਼ਿਆਦਾ ਲੋਕ ਉੱਜੜ ਗਏ ਸਨ।
ਇੱਥੇ ਉਹੀ ਇੱਕ ਪੁਰਾਣਾ ਸਿੰਡਰੋਮ ਫੈਲਾਇਆ ਗਿਆ ਕਿ ਹਿੰਦੂਆਂ ਦੀ ਆਬਾਦੀ ਘਟਦੀ ਜਾ ਰਹੀ ਹੈ, ਅੰਤਰ ਧਾਰਮਿਕ ਵਿਆਹਾਂ ਦੇ ਵਿਰੋਧ ਦੇ ਪਿੱਛੇ ਇਹੀ ਸਿੰਡਰੋਮ ਕੰਮ ਕਰਦਾ ਹੈ। ਇਸੀ ਵਜ੍ਹਾ ਨਾਲ ਕੁਝ ਸੰਗਠਨ ਇਨ੍ਹਾਂ ਵਿਆਹਾਂ ਦੇ ਖਿਲਾਫ਼ ਖੜ੍ਹੇ ਹੋ ਜਾਂਦੇ ਹਨ।
ਪਿੰਕੀ ਬਿਜਨੌਰ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਲੌਕਡਾਊਨ ਦੌਰਾਨ ਜੁਲਾਈ ਵਿੱਚ ਦੇਹਰਾਦੂਨ ਵਿੱਚ ਰਾਸ਼ਿਦ ਨਾਲ ਵਿਆਹ ਦੇ ਬਾਅਦ ਉਸ ਨੇ ਆਪਣਾ ਨਾਂ ਬਦਲ ਕੇ ਮੁਸਕਾਨ ਰੱਖ ਲਿਆ ਸੀ।
ਪਿੰਕੀ ਦੇਹਰਾਦੂਨ ਵਿੱਚ ਇੱਕ ਲੋਨ ਏਜੰਟ ਦੇ ਤੌਰ ''ਤੇ ਕੰਮ ਕਰਦੀ ਸੀ। ਉੱਥੇ 2019 ਵਿੱਚ ਉਸ ਦੀ ਰਾਸ਼ਿਦ ਨਾਲ ਮੁਲਾਕਾਤ ਹੋਈ। ਲੌਕਡਾਊਨ ਦੇ ਦੌਰਾਨ 2020 ਵਿੱਚ ਉਨ੍ਹਾਂ ਨੇ ਵਿਆਹ ਕਰ ਲਿਆ।
ਵਿਆਹ ਦੇ ਬਾਅਦ ਉਹ ਰਾਸ਼ਿਦ ਨਾਲ ਮੁਰਾਦਾਬਾਦ ਉਸ ਦੇ ਘਰ ਆ ਗਈ ਹੈ। ਰਾਸ਼ਿਦ ਦੇ ਅੱਬਾ ਇੱਥੇ ਹੀ ਰਹਿੰਦੇ ਹਨ। ਲੋਕਾਂ ਨੇ ਉਨ੍ਹਾਂ ਨੂੰ ਆਪਣਾ ਵਿਆਹ ਰਜਿਸਟਰਡ ਕਰਾਉਣ ਦੀ ਸਲਾਹ ਦਿੱਤੀ ਕਿਉਂਕਿ ਉਦੋਂ ਤੱਕ ਯੂਪੀ ਵਿੱਚ ਧਰਮ ਪਰਿਵਰਤਨ ਖਿਲਾਫ਼ ਆਰਡੀਨੈਂਸ ਆ ਚੁੱਕਿਆ ਸੀ।

ਰਾਸ਼ਿਦ ਦੀ ਅੰਮੀ ਦੀ ਮੌਤ ਹੋ ਗਈ ਸੀ। 2003 ਵਿੱਚ ਉਸ ਦੇ ਅੱਬਾ ਮੁਹੰਮਦ ਰਜਾ ਨੇ ਦੂਜਾ ਵਿਆਹ ਕਰਵਾ ਲਿਆ ਸੀ। ਮੁਹੰਮਦ ਰਜਾ ਕਹਿੰਦੇ ਹਨ ਕਿ ਉਹ ਰਾਸ਼ਿਦ ਅਤੇ ਉਸ ਦੀ ਪਤਨੀ ਨੂੰ ਆਪਣੇ ਘਰ ਵਿੱਚ ਵੜਨ ਨਹੀਂ ਦੇਣਗੇ। ਦੋਵਾਂ ਨੂੰ ਉਸ ਦੀ ਸੰਪਤੀ ਵਿੱਚੋਂ ਵੀ ਕੋਈ ਹਿੱਸਾ ਨਹੀਂ ਮਿਲੇਗਾ।
ਮੁਹੰਮਦ ਰਜਾ ਕਹਿੰਦੇ ਹਨ, ''''ਉਨ੍ਹਾਂ ਨੇ ਮੇਰੀ ਮਰਜ਼ੀ ਦੇ ਖਿਲਾਫ਼ ਵਿਆਹ ਕੀਤਾ ਹੈ। ਮੈਂ ਕੀ ਕਰਾਂ? ਜੇਲ੍ਹ ਜਾਵਾਂ? ਮੈਂ ਉਨ੍ਹਾਂ ਨੂੰ ਕੋਰਟ ਨਾ ਜਾਣ ਲਈ ਕਿਹਾ ਸੀ, ਪਰ ਪਿੰਕੀ ਵਿਆਹ ਨੂੰ ਰਜਿਸਟਰਡ ਕਰਾਉਣ ''ਤੇ ਅੜੀ ਹੋਈ ਸੀ। ਉਨ੍ਹਾਂ ਨੇ ਇਸ ਲਈ ਵਕੀਲ ਨੂੰ ਸੱਤ ਹਜ਼ਾਰ ਰੁਪਏ ਵੀ ਦਿੱਤੇ।''''
ਮੁਹੰਮਦ ਰਜਾ ਡਰੇ ਹੋਏ ਹਨ। ਉਹ ਇਕੱਲੇ ਹਨ।
ਫੋਨ ''ਤੇ ਗੱਲਬਾਤ ਕਰਦੇ ਹੋਏ ਉਹ ਕਦੇ ਕਹਿੰਦੇ ਹਨ ਕਿ ਇਸ ਸਭ ਤੋਂ ਬੇਹੱਦ ਡਰਿਆ ਹੋਇਆ ਹੈ। ਕਦੇ ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਬਹੂ ਗ੍ਰੈਜੂਏਟ ਹੈ।
ਉਸ ਨੇ ਬੀਏ ਫਾਈਨਲ ਦੀ ਪ੍ਰੀਖਿਆ ਪਾਸ ਕਰ ਲਈ ਹੈ। ਪੰਜ ਦਸੰਬਰ ਨੂੰ ਪਿੰਕੀ ਅਤੇ ਰਾਸ਼ਿਦ ਆਪਣੇ ਵਿਆਹ ਦੀ ਰਜਿਸਟਰੀ ਲਈ ਮੁਰਾਦਾਬਾਦ ਤਹਿਸੀਲ ਗਏ ਸਨ, ਪਰ ਉੱਥੇ ਉਨ੍ਹਾਂ ਨੂੰ ਬਜਰੰਗ ਦਲ ਦੇ ਕਾਰਕੁਨਾਂ ਨੇ ਘੇਰ ਲਿਆ ਅਤੇ ਵਿਆਹ ਦੇ ਦਸਤਾਵੇਜ਼ ਮੰਗਣ ਲੱਗੇ। ਇਹ ਲੋਕ ਉਨ੍ਹਾਂ ਨੂੰ ਪੁਲਿਸ ਥਾਣੇ ਲੈ ਗਏ।
ਨਾਂ ਨਾ ਜ਼ਾਹਿਰ ਕਰਨ ਦੀ ਸ਼ਰਤ ''ਤੇ ਰਾਸ਼ਿਦ ਦੇ ਇੱਕ ਗੁਆਂਢੀ ਅਤੇ ਪਰਿਵਾਰਕ ਦੋਸਤ ਨੇ ਕਿਹਾ ਕਿ ਜਦੋਂ ਪਿੰਕੀ ਨੇ ਪੁਲਿਸ ਨੂੰ ਇਹ ਕਿਹਾ ਕਿ ਉਸ ਨੇ ਛੇ ਮਹੀਨੇ ਪਹਿਲਾਂ ਆਪਣੀ ਮਰਜ਼ੀ ਨਾਲ ਰਾਸ਼ਿਦ ਨਾਲ ਵਿਆਹ ਕੀਤਾ ਹੈ। ਉਹ ਨਾਬਾਲਗ ਹੈ ਤਾਂ ਪੁਲਿਸ ਨੇ ਉਸ ਨੂੰ ਛੱਡ ਦਿੱਤਾ।

ਗੁਆਂਢੀ ਨੇ ਕਿਹਾ, ''''ਬਗੈਰ ਸਬੂਤ ਦੇ ਪੁਲਿਸ ਉਨ੍ਹਾਂ ਨੂੰ ਫੜ ਕੇ ਨਹੀਂ ਰੱਖ ਸਕਦੀ ਸੀ, ਪਰ ਬਜਰੰਗ ਦਲ ਦੇ ਲੋਕਾਂ ਨੇ ਉਨ੍ਹਾਂ ਨੂੰ ਥਾਣੇ ਵਿੱਚ ਬੰਦ ਕਰਵਾ ਕੇ ਰੱਖਿਆ। ਇਸ ਲਈ ਉਹ ਬਿਜਨੌਰ ਤੋਂ ਪਿੰਕੀ ਦੀ ਮਾਂ ਨੂੰ ਲੈ ਕੇ ਆਏ ਅਤੇ ਉਨ੍ਹਾਂ ਤੋਂ ਬੇਟੀ ਦੇ ਖਿਲਾਫ਼ ਐੱਫਆਈਆਰ ਕਰਵਾਈ। ਨਵੇਂ ਕਾਨੂੰਨ ਦੀ ਵਜ੍ਹਾ ਨਾਲ ਹੀ ਪੁਲਿਸ ਉਨ੍ਹਾਂ ਨੂੰ ਫੜ ਕੇ ਰੱਖ ਸਕੀ।''''
ਰਾਸ਼ਿਦ ਨੂੰ ਨਿਆਂਇਕ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਮੁਸਕਾਨ ਜਹਾਨ ਨੂੰ ਕਥਿਤ ਤੌਰ ''ਤੇ ਅੱਠ ਘੰਟੇ ਤੋਂ ਜ਼ਿਆਦਾ ਦੇਰ ਤੱਕ ਪੁਲਿਸ ਥਾਣੇ ਵਿੱਚ ਰੱਖਿਆ ਗਿਆ। ਇਸ ਦੇ ਬਾਅਦ ਛੇ ਦਸੰਬਰ ਨੂੰ ਰਾਤ ਦੋ ਵਜੇ ਉਸ ਨੂੰ ਮੁਰਾਦਾਬਾਦ ਦੇ ਨਾਰੀ ਨਿਕੇਤਨ ਭੇਜ ਦਿੱਤਾ ਗਿਆ।
ਮਾਂ ਤੋਂ ਹੀ ਕਰਵਾਈ ਬੇਟੀ ਦੇ ਖਿਲਾਫ਼ ਸ਼ਿਕਾਇਤ
ਮੁਸਕਾਨ ਦੀ ਮਾਂ ਬਾਲਾ ਦੇਵੀ ਅਨੁਸੂਚਿਤ ਜਾਤੀ ਨਾਲ ਸਬੰਧ ਰੱਖਦੀ ਹੈ ਅਤੇ ਬਿਜਨੌਰ ਦੇ ਇੱਕ ਪਿੰਡ ਵਿੱਚ ਰਹਿੰਦੀ ਹੈ। ਆਈਪੀਸੀ ਦੀ ਧਾਰਾ 154 ਤਹਿਤ ਕਾਂਠ ਥਾਣੇ ਵਿੱਚ 5 ਦਸੰਬਰ ਨੂੰ ਦਾਇਰ ਕੀਤੀ ਗਈ ਬਾਲਾ ਦੇਵੀ ਦੀ ਐੱਫਆਈਆਰ ਵਿੱਚ ਕਿਹਾ ਗਿਆ ਹੈ ਕਿ ਰਾਸ਼ਿਦ ਅਤੇ ਉਸ ਦੇ ਭਾਈ ਸਲੀਮ ਨੇ ਧੋਖਾਧੜੀ ਕੀਤੀ। ਰਾਸ਼ਿਦ ਨੇ ਪਿੰਕੀ ਦਾ ਧਰਮ ਬਦਲਵਾਉਣ ਲਈ ਉਸ ਨਾਲ ਵਿਆਹ ਕੀਤਾ।
ਬੀਬੀਸੀ ਨਿਊਜ਼ ਕੋਲ ਇਸ ਐੱਫਆਈਆਰ ਦੀ ਕਾਪੀ ਹੈ। ਪਿੰਕੀ ਦੀ ਮਾਂ ਨੇ ਇਸ ਵਿੱਚ ਕਿਹਾ ਹੈ ਕਿ ਰਾਸ਼ਿਦ ਉਨ੍ਹਾਂ ਦੀ ਬੇਟੀ ਨੂੰ 1 ਦਸੰਬਰ, 2020 ਨੂੰ ਉਨ੍ਹਾਂ ਦੇ ਘਰ ਤੋਂ ਲੈ ਆਇਆ ਸੀ। ਹੁਣ ਉਨ੍ਹਾਂ ਦਾ ਪਰਿਵਾਰ ਆਪਣੀ ਬੇਟੀ ਨੂੰ ਬਚਾਉਣ ਲਈ ਕਾਂਠ ਪਹੁੰਚਿਆ ਤਾਂ ਪਤਾ ਲੱਗਿਆ ਕਿ ਰਾਸ਼ਿਦ ਤਾਂ ਮੁਸਲਮਾਨ ਹੈ।
ਉਸ ਨੇ ਸਾਡੇ ਤੋਂ ਆਪਣੀ ਪਛਾਣ ਛੁਪਾਈ ਸੀ। ਪਿੰਕੀ ਦੀ ਮਾਂ ਨੇ ਆਪਣੀ ਸ਼ਿਕਾਇਤ ਵਿੱਚ ਲਿਖਿਆ ਹੈ ਕਿ ਉਨ੍ਹਾਂ ਨੇ ਆਪਣੀ ਬੇਟੀ ਨੂੰ ਬੁਰਕੇ ਵਿੱਚ ਦੇਖਿਆ ਅਤੇ ਰਾਸ਼ਿਦ ਦੇ ਗੁਆਂਢ ਤੋਂ ਫੜ ਕੇ ਲੈ ਆਈ। ਰਾਤ ਅੱਠ ਵਜੇ ਉਹ ਰਾਸ਼ਿਦ ਅਤੇ ਆਪਣੀ ਬੇਟੀ ਨੂੰ ਥਾਣੇ ਲੈ ਗਈ।
ਪਿੰਕੀ ਦੀ ਮਾਂ ਦੀ ਸ਼ਿਕਾਇਤ ਵਿੱਚ ਕਿਹਾ ਗਿਆ ਹੈ, ''''ਮੇਰੀ ਬੇਟੀ ਡਰੀ ਹੋਈ ਸੀ। ਉਨ੍ਹਾਂ ਨੇ ਉਸ ਨੂੰ ਧਮਕੀ ਦਿੱਤੀ ਸੀ। ਇਸੀ ਵਜ੍ਹਾ ਨਾਲ ਮੈਂ ਐੱਫਆਈਆਰ ਕਰਾ ਰਹੀ ਹਾਂ।'''' ਐੱਫਆਈਆਰ ''ਤੇ ਪਿੰਕੀ ਦੀ ਮਾਂ ਬਾਲਾ ਦੇਵੀ ਦੇ ਅੰਗੂਠੇ ਦਾ ਨਿਸ਼ਾਨ ਸੀ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਐੱਫਆਈਆਰ ਟਾਈਪ ਕਰਵਾਈ ਹੈ। ਇਸ ਲਈ ਬਾਲਾ ਦੇਵੀ ਦਾ ਨਾਂ ਵੀ ਟਾਈਪ ਕੀਤਾ ਗਿਆ।

ਐੱਫਆਈਆਰ ਨੰਬਰ 484/2020 ਵਿੱਚ ਰਾਸ਼ਿਦ ਅਤੇ ਉਸ ਦੇ ਭਾਈ ਸਲੀਮ ਨੂੰ ਮੁਲਜ਼ਮ ਬਣਾਇਆ ਗਿਆ ਹੈ। ਪੁਲਿਸ ਨੇ ਉਨ੍ਹਾਂ ਦੋਵਾਂ ਖਿਲਾਫ਼ ਉੱਤਰ ਪ੍ਰਦੇਸ਼ ਗੈਰ ਕਾਨੂੰਨੀ ਧਰਮ ਪਰਿਵਰਤਨ ਰੋਕੂ ਆਰਡੀਨੈਂਸ, 2020 ਦੇ ਸੈਕਸ਼ਨ (3) ਅਤੇ ਸੈਕਸ਼ਨ 5 (1) ਤਹਿਤ ਮੁਕੱਦਮਾ ਦਰਜ ਕੀਤਾ ਸੀ।
ਫੋਨ ''ਤੇ ਗੱਲਬਾਤ ਦੌਰਾਨ ਬਾਲਾ ਦੇਵੀ ਭਰਮ ਵਿੱਚ ਲੱਗੀ। ਉਨ੍ਹਾਂ ਨੇ ਕਿਹਾ, ''''ਇਹ ਸਾਡੀ ਇੱਜ਼ਤ ਦੀ ਗੱਲ ਸੀ। ਸਾਡੀ ਲੜਕੀ ਗਾਇਬ ਹੋ ਗਈ ਸੀ। ਬਜਰੰਗ ਦਲ ਦੇ ਲੋਕਾਂ ਨੇ ਸਾਡੀ ਮਦਦ ਕੀਤੀ।'''' ਪਰ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਐੱਫਆਈਆਰ ਕਿਉਂ ਕੀਤੀ ਤਾਂ ਉਹ ਕਹਿੰਦੀ ਹੈ ਕਿ ਸਾਨੂੰ ਕੁਝ ਨਹੀਂ ਪਤਾ। ਫਿਰ ਕਹਿੰਦੀ ਹੈ ਬਜਰੰਗ ਦਲ ਦੇ ਕਾਰਕੁਨਾਂ ਨੇ ਪਿੰਕੀ ਨੂੰ ਲੱਭਣ ਵਿੱਚ ਮੇਰੀ ਮਦਦ ਕੀਤੀ।
ਪਿੰਕੀ ਨੂੰ ਕੁਝ ਦਿਨਾਂ ਤੱਕ ਨਾਰੀ ਨਿਕੇਤਨ ਵਿੱਚ ਰੱਖਿਆ ਗਿਆ ਅਤੇ ਫਿਰ ਸਥਾਨਕ ਸਰਕਾਰੀ ਹਸਪਤਾਲ ਵਿੱਚ ਲੈ ਜਾਇਆ ਗਿਆ। ਪਿੰਕੀ ਨੂੰ ਰਾਸ਼ਿਦ ਦੇ ਪਰਿਵਾਰ ਨਾਲ 15 ਦਸੰਬਰ ਨੂੰ ਮਿਲਾਇਆ ਗਿਆ। ਉਸ ਨੇ ਇਲਜ਼ਾਮ ਲਗਾਇਆ ਕਿ ਨਾਰੀ ਨਿਕੇਤਨ ਵਿੱਚ ਉਸ ਨੂੰ ਤਸੀਹੇ ਦਿੱਤੇ ਗਏ। ਜਦੋਂ ਉਸ ਨੇ ਖੂਨ ਵਹਿਣ ਦੀ ਸ਼ਿਕਾਇਤ ਕੀਤੀ ਤਾਂ ਨਾ ਤਾਂ ਉਸ ਨੂੰ ਠੀਕ ਤਰ੍ਹਾਂ ਦਵਾਈ ਦਿੱਤੀ ਗਈ ਅਤੇ ਨਾ ਹੀ ਇਲਾਜ ਕਰਵਾਇਆ ਗਿਆ। ਇਸ ਵਜ੍ਹਾ ਨਾਲ ਉਸ ਦਾ ਗਰਭਪਾਤ ਹੋ ਗਿਆ। ਪਰ ਪੁਲਿਸ ਅਤੇ ਨਾਰੀ ਨਿਕੇਤਨ ਪ੍ਰਸ਼ਾਸਨ ਨੇ ਇਸ ਦਾ ਖੰਡਨ ਕੀਤਾ ਹੈ।
ਪਤੀ ਦੀ ਰਿਹਾਈ ਦੇ ਬਾਅਦ ਇਸ ਜੋੜੇ ਨੇ ਕਿਹਾ ਕਿ ਉਹ ਮਾਮਲੇ ਨੂੰ ਅੱਗੇ ਨਹੀਂ ਵਧਾਉਣਾ ਚਾਹੁੰਦੇ। ਉਨ੍ਹਾਂ ਦਾ ਇਰਾਦਾ ਕਿਸੇ ਦੇ ਖਿਲਾਫ਼ ਮੁਕੱਦਮਾ ਦਰਜ ਕਰਾਉਣਾ ਨਹੀਂ ਹੈ।
ਰਾਸ਼ਿਦ ਦੇ ਵਕੀਲ ਠੇਕੇਦਾਰ ਨੇ ਕਿਹਾ, ''''ਉਹ ਇੰਨੇ ਤਾਕਤਵਰ ਨਹੀਂ ਹਨ ਕਿ ਬਜਰੰਗ ਦਲ ਦੇ ਖਿਲਾਫ਼ ਮੁਕੱਦਮਾ ਦਰਜ ਕਰਾਉਣ। ਅਸੀਂ ਰਾਸ਼ਿਦ ਦੇ ਅੱਬਾ ਦੀ ਵਜ੍ਹਾ ਨਾਲ ਮਾਮਲਾ ਵਾਪਸ ਲੈ ਲਿਆ। ਉਹ ਸਾਥ ਨਹੀਂ ਦੇ ਰਹੇ ਸਨ।''''
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs
ਮੁਰਾਦਾਬਾਦ ਦੀ ਕਾਂਠ ਤਹਿਸੀਲ ਵਿੱਚ 54 ਫੀਸਦੀ ਹਿੰਦੂ ਹਨ ਅਤੇ ਲਗਭਗ 44 ਫੀਸਦੀ ਮੁਸਲਿਮ। ਰਾਸ਼ਿਦ ਦਾ ਘਰ ਪੱਤੇਗੰਜ ਦੀਆਂ ਪਿਛਲੀਆਂ ਗਲੀਆਂ ਵਿੱਚ ਹੈ। ਸਤੰਬਰ ਵਿੱਚ ਰਾਸ਼ਿਦ ਅਤੇ ਪਿੰਕੀ ਘਰ ਵਾਪਸ ਆਏ ਸਨ। ਲੌਕਡਾਊਨ ਵਿੱਚ ਰਾਸ਼ਿਦ ਦੀ ਨੌਕਰੀ ਛੁਟ ਗਈ ਸੀ। ਉਸ ਨੇ ਮਾਂ-ਬਾਪ ਨੂੰ ਦੱਸਿਆ ਕਿ ਉਸ ਨੇ ਜੁਲਾਈ ਵਿੱਚ ਪਿੰਕੀ ਨਾਲ ਵਿਆਹ ਕੀਤਾ ਸੀ। ਗੁਆਂਢੀਆਂ ਦਾ ਕਹਿਣਾ ਸੀ ਕਿ ਪਰਿਵਾਰ ਨੇ ਵਿਆਹ ਨੂੰ ਮਨਜ਼ੂਰ ਕਰ ਲਿਆ ਸੀ।
ਹਿੰਦੂ ਲੜਕੀਆਂ ਨੂੰ ਬਚਾਉਣ ਦਾ ਦਾਅਵਾ
ਮੋਨੂ ਵਿਸ਼ਨੋਈ ਖੁਦ ਨੂੰ ਕਾਂਠ ਵਿੱਚ ਬਜਰੰਗ ਦਲ ਦਾ ਸੰਗਠਨਕਰਤਾ ਦੱਸਦੇ ਹਨ। ਮੋਨੂ ਗਲੇ ਵਿੱਚ ਗੇਰੂਆ ਰੰਗ ਦਾ ਗਮਛਾ ਪਾ ਕੇ ਚੱਲਦਾ ਹੈ। ਉਸ ਨੂੰ ਇਲਾਕੇ ਵਿੱਚ ਹਰ ਕੋਈ ਜਾਣਦਾ ਹੈ। ਨੌਜਵਾਨ ਨੋਟਰੀ ਅਤੇ ਵਕੀਲ ਉਸ ਦੇ ਆਉਣ ''ਤੇ ਖੜ੍ਹੇ ਹੋ ਕੇ ਉਸ ਨਾਲ ਹੱਥ ਮਿਲਾਉਂਦੇ ਹਨ। ਨਮਸਤੇ ਕਰਦੇ ਹਨ।
ਇੱਕ ਸਥਾਨਕ ਰਿਪੋਰਟਰ ਹਮੇਸ਼ਾ ਫੋਨ ਲੈ ਕੇ ਉਸਦੇ ਨਾਲ ਚੱਲਦੀ ਹੈ। ਮੋਨੂ ਦੇ ਫੋਨ ''ਤੇ ਆਉਣ ਵਾਲੀ ਕਾਲ ਦਾ ਜਵਾਬ ਉਹ ਹੀ ਦਿੰਦੀ ਹੈ। ਉਹ ਕਹਿੰਦੀ ਹੈ, ਪਹਿਲਾਂ ਮੈਂ ਹਿੰਦੂ ਹਾਂ, ਉਸ ਦੇ ਬਾਅਦ ਰਿਪੋਰਟਰ। ਹਿੰਦੂ ਧਰਮ ਨੂੰ ਬਚਾਉਣ ਲਈ ਜੋ ਕੀਤਾ ਜਾਣਾ ਚਾਹੀਦਾ ਹੈ ਮੋਨੂ ਉਹ ਸਭ ਕਰ ਰਹੇ ਹਨ।
ਰਿਪੋਰਟਰ ਕਹਿੰਦੀ ਹੈ, ''''ਪਹਿਲਾਂ ਮੈਂ ਹਿੰਦੂ ਹਾਂ ਅਤੇ ਫਿਰ ਉਸ ਦੇ ਬਾਅਦ ਰਿਪੋਰਟਰ।''''

ਵਿਸ਼ਨੋਈ ਨੇ ਹੀ ਪਿੰਕੀ ਅਤੇ ਰਾਸ਼ਿਦ ਦੀ ਰਿਪੋਰਟ ਪੁਲਿਸ ਨੂੰ ਦਿੱਤੀ ਸੀ। ਪਰ ਉਨ੍ਹਾਂ ਦਾ ਕਹਿਣਾ ਹੈ ਕਿ ਦੋਵਾਂ ਖਿਲਾਫ਼ ਹੰਗਾਮੇ ਵਿੱਚ ਉਨ੍ਹਾਂ ਦਾ ਹੱਥ ਨਹੀਂ ਸੀ। ਅਸੀਂ ਪੁੱਛਿਆ, ''''ਪਰ ਵੀਡਿਓ ਵਿੱਚ ਤਾਂ ਤੁਹਾਡੇ ਸਮਰਥਕ ਥਾਣੇ ਵਿੱਚ ਲੜਕੀ ਨੂੰ ਦਸਤਾਵੇਜ਼ ਦਿਖਾਉਣ ਦੀ ਮੰਗ ਕਰ ਰਹੇ ਹਨ। ਤੁਹਾਡੇ ਕੋਲ ਇਸ ਤਰ੍ਹਾਂ ਦਸਤਾਵੇਜ਼ ਮੰਗਣ ਦਾ ਕੋਈ ਕਾਨੂੰਨੀ ਅਧਿਕਾਰ ਹੈ?''
ਉਹ ਕਹਿੰਦੇ ਹਨ, ਲੜਕੀ ਸਾਨੂੰ ਗਲਤ ਦਸਤਾਵੇਜ਼ ਦਿਖਾ ਰਹੀ ਸੀ। ਉਸ ਵਕਤ ਸਾਡੇ ਕਾਰਕੁਨਾਂ ਨੇ ਉਸ ਨੂੰ ਕੁਝ ਸਵਾਲ ਪੁੱਛ ਲਏ, ਇਸ ਵਿੱਚ ਗਲਤ ਕੀ ਹੈ? 35 ਸਾਲ ਦੇ ਵਿਸ਼ਨੋਈ ਸੱਤ ਸਾਲ ਪਹਿਲਾਂ ਬਜਰੰਗ ਦਲ ਵਿੱਚ ਸ਼ਾਮਲ ਹੋਏ ਸਨ। ਮੇਨ ਮਾਰਕੀਟ ਵਿੱਚ ਉਨ੍ਹਾਂ ਦੀ ਇੱਕ ਦੁਕਾਨ ਹੈ।''''
''''ਵਿਸ਼ਨੋਈ ਕਹਿੰਦੇ ਹਨ ਕਿ ਉਹ ਸਥਾਨਕ ਆਰਏਐੱਸ ਲੀਡਰਸ਼ਿਪ ਤੋਂ ਬੇਹੱਦ ਪ੍ਰਭਾਵਿਤ ਹਨ। ਉਨ੍ਹਾਂ ਨੇ ਆਪਣੇ ਸਮੁਦਾਏ ਦੀ ਸੇਵਾ ਕਰਨ ਦਾ ਪ੍ਰਣ ਲਿਆ ਹੈ। ਉਹ ਕਹਿੰਦੇ ਹਨ,''''ਅਸੀਂ ਹਿੰਦੂ ਸਮਾਜ ਦੀਆਂ ਔਰਤਾਂ ਨੂੰ ਬਚਾਉਣਾ ਚਾਹੁੰਦੇ ਹਾਂ। ਇਨ੍ਹਾਂ ਔਰਤਾਂ ਨੂੰ ਲਵ ਜੇਹਾਦ ਤੋਂ ਬਚਾਉਣਾ ਸਾਡਾ ਕੰਮ ਹੈ।''''
ਵਿਸ਼ਨੋਈ ਕਹਿੰਦੇ ਹਨ, ''''ਇਹ ਸਭ ਇੱਥੇ ਕਾਫ਼ੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ, ਪਰ ਸਾਡੇ ਕੋਲ ਆਪਣੇ ਲੋਕਾਂ ਦਾ ਇੱਕ ਨੈੱਟਵਰਕ ਹੈ ਜੋ ਸਾਨੂੰ ਇਸ ਤਰ੍ਹਾਂ ਦੇ ਮਾਮਲਿਆਂ ਬਾਰੇ ਦੱਸਦਾ ਰਹਿੰਦਾ ਹੈ ਅਤੇ ਫਿਰ ਅਸੀਂ ਦਖਲ ਦਿੰਦੇ ਹਾਂ। ਔਰਤਾਂ ਨੂੰ ਉਹ ਕਰਨਾ ਚਾਹੀਦਾ ਹੈ ਜੋ ਉਨ੍ਹਾਂ ਦੇ ਪਰਿਵਾਰ ਅਤੇ ਸਮੁਦਾਏ ਦੇ ਹਿੱਤ ਵਿੱਚ ਹੋਵੇ।''''
''''ਅਸੀਂ ਅਜਿਹੇ ਵਿਆਹਾਂ ਨੂੰ ਹੋਣ ਤੋਂ ਰੋਕਿਆ ਹੈ। ਅਸੀਂ ਤੁਹਾਨੂੰ ਇਹ ਤਾਂ ਨਹੀਂ ਦੱਸਾਂਗੇ ਕਿ ਸਾਡੇ ਕੰਮ ਕਰਨ ਦਾ ਤਰੀਕਾ ਕੀ ਹੈ, ਪਰ ਸਾਡਾ ਆਪਣਾ ਸਿਸਟਮ ਹੈ ਅਤੇ ਸਾਡੇ ਕੋਲ ਇਸ ਤਰ੍ਹਾਂ ਦੇ ਵਿਆਹਾਂ ਦੀ ਜਾਣਕਾਰੀ ਦੇਣ ਵਾਲੇ ਲੋਕ ਹਨ। ਇਨ੍ਹਾਂ ਸੂਚਨਾਵਾਂ ਦੇ ਆਧਾਰ ''ਤੇ ਅਸੀਂ ਪੁਲਿਸ ਨੂੰ ਐਕਸ਼ਨ ਲੈਣ ਨੂੰ ਕਹਿੰਦੇ ਹਾਂ।''''
ਪਰ ਵਿਸ਼ਨੋਈ ਕਹਿੰਦੇ ਹਨ ਕਿ ਉਨ੍ਹਾਂ ਦੇ ਲੋਕਾਂ ਨੇ ਉਨ੍ਹਾਂ ਨੂੰ ਪਿੰਕੀ ਬਾਰੇ ਸੂਚਨਾ ਨਹੀਂ ਦਿੱਤੀ ਸੀ। ਪਿੰਕੀ ਦੀ ਮਾਂ ਹੀ ਉਨ੍ਹਾਂ ਕੋਲ ਮਦਦ ਮੰਗਣ ਪਹੁੰਚੀ ਸੀ। ਹਾਲਾਂਕਿ ਰਾਸ਼ਿਦ ਦੇ ਗੁਆਂਢੀ ਦਾ ਕਹਿਣਾ ਹੈ ਕਿ ਬਜਰੰਗ ਦਲ ਦੇ ਲੋਕਾਂ ਨੇ ਹੀ ਪਿੰਕੀ ਦੀ ਮਾਂ ਨੂੰ ਲਿਆ ਕੇ ਬੇਟੀ ਖਿਲਾਫ਼ ਐੱਫਆਈਆਰ ਕਰਵਾਈ ਸੀ। ਪਿੰਕੀ ਦੇ ਦਸਤਾਵੇਜ਼ਾਂ ਅਤੇ ਨਿਕਾਹਨਾਮੇ ਨਾਲ ਉਨ੍ਹਾਂ ਨੂੰ ਉਸ ਦੇ ਘਰ ਦਾ ਪਤਾ ਲੱਗਿਆ ਸੀ। ਤੁਸੀਂ ਸੋਚੋ, ਜੇਕਰ ਪਿੰਕੀ ਦੀ ਮਾਂ ਨੂੰ ਇਤਰਾਜ਼ ਸੀ ਤਾਂ ਉਨ੍ਹਾਂ ਨੇ ਪਹਿਲਾਂ ਰਿਪੋਰਟ ਕਿਉਂ ਨਹੀਂ ਲਿਖਵਾਈ।
ਗੁਆਂਢੀ ਦਾ ਕਹਿਣਾ ਹੈ,''''ਬਜਰੰਗ ਦਲ ਦੇ ਲੋਕ ਪਿੰਕੀ ਦੀ ਮਾਂ ਬਾਲਾ ਦੇਵੀ ਨੂੰ ਆਪਣੀ ਕਾਰ ਵਿੱਚ ਬਿਠਾ ਕੇ ਕਾਂਠ ਲਿਆਏ ਸਨ। ਉਨ੍ਹਾਂ ਨੇ ਹੀ ਬਾਲਾ ਦੇਵੀ ਨੂੰ ਰਾਸ਼ਿਦ ਦੇ ਖਿਲਾਫ਼ ਸ਼ਿਕਾਇਤ ਕਰਨ ਨੂੰ ਕਿਹਾ। ਪੁਲਿਸ ਨੇ ਬਜਰੰਗ ਦਲ ਦੇ ਦਬਾਅ ਵਿੱਚ ਆ ਕੇ ਕੇਸ ਦਰਜ ਕੀਤਾ।
ਪੁਲਿਸ ਨੇ ਧਾਰੀ ਹੋਈ ਹੈ ਚੁੱਪ
ਕਾਂਠ ਤਹਿਸੀਲ ਵਿੱਚ ਛਜਲੈਟ ਪੁਲਿਸ ਥਾਣੇ ਦੇ ਸਰਕਲ ਅਫ਼ਸਰ ਬਲਰਾਮ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਮਾਮਲੇ ਵਿੱਚ ਕੋਈ ਜਾਣਕਾਰੀ ਨਹੀਂ ਹੈ, ਪਰ ਕਈ ਰਿਪੋਰਟਾਂ ਵਿੱਚ ਉਨ੍ਹਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਪਿੰਕੀ ਆਪਣੇ ਵਿਆਹ ਨੂੰ ਸਹੀ ਠਹਿਰਾਉਣ ਦੇ ਪੱਖ ਵਿੱਚ ਕੋਈ ਦਸਤਾਵੇਜ਼ ਪੇਸ਼ ਨਹੀਂ ਕਰ ਸਕੀ। ਉਹ ਕਹਿੰਦੇ ਹਨ, ''''ਮੈਨੂੰ ਇਸ ਕੇਸ ਬਾਰੇ ਕੁਝ ਪਤਾ ਨਹੀਂ ਹੈ, ਪਰ ਬਜਰੰਗ ਦਲ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ।'''' ਉਹ ਸਾਨੂੰ ਕਾਂਠ ਪੁਲਿਸ ਥਾਣੇ ਦੇ ਇੰਚਾਰਜ ਅਜੇ ਕੁਮਾਰ ਗੌਤਮ ਨੂੰ ਮਿਲਣ ਨੂੰ ਕਹਿੰਦੇ ਹਨ।

ਥਾਣੇ ਦੀ ਬਿਲਡਿੰਗ ਵਿੱਚ ਸਿੰਘ ਦੁਪਹਿਰ ਦੀ ਧੁੱਪ ਸੇਕਦੇ ਹੋਏ ਆਪਣੇ ਕੁਝ ਦੂਜੇ ਪੁਲਿਸ ਅਧਿਕਾਰੀਆਂ ਕੋਲ ਬੈਠੇ ਸਨ। ਉਹ ਕਹਿੰਦੇ ਹਨ, ''''ਮੈਂ ਇੱਥੇ ਤੁਹਾਡੇ ਸਵਾਲਾਂ ਦਾ ਜਵਾਬ ਦੇਣ ਲਈ ਨਹੀਂ ਬੈਠਾ। ਕੀ ਪੂਰੇ ਜਹਾਨ ਦਾ ਠੇਕਾ ਲੈ ਕੇ ਰੱਖਿਆ ਹੈ।''''
ਅਸੀਂ ਪੁੱਛਿਆ, ''''ਵੀਡਿਓ ਫੁਟੇਜ਼ ਵਿੱਚ ਦਿਖ ਰਿਹਾ ਹੈ ਕਿ ਬਜਰੰਗ ਦਲ ਦੇ ਕਾਰਕੁਨ ਲੜਕੀ ਖਿਲਾਫ਼ ਹੰਗਾਮਾ ਕਰ ਰਹੇ ਹਨ ਤਾਂ ਤੁਸੀਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ?''''
ਇਸ ''ਤੇ ਉਨ੍ਹਾਂ ਨੇ ਕਿਹਾ, ''''ਲੜਕੀ ਦੀ ਮਾਂ ਅਤੇ ਭੈਣ ਸ਼ਿਕਾਇਤ ਦਰਜ ਕਰਾਉਣ ਥਾਣੇ ਆਈਆਂ ਸਨ। ਪਿੰਕੀ ਇਸ ਦੇ ਬਾਅਦ ਨਾਰੀ ਨਿਕੇਤਨ ਜਾਣ ਲਈ ਤਿਆਰ ਹੋ ਗਈ ਸੀ। ਬਜਰੰਗ ਦਲ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਅਸੀਂ ਕਾਨੂੰਨ ਦੇ ਹਿਸਾਬ ਨਾਲ ਕੰਮ ਕਰ ਰਹੇ ਹਾਂ। ਜਦੋਂ ਤੱਕ ਲੜਕੀ ਨਾਰੀ ਨਿਕੇਤਨ ਵਿੱਚ ਸੀ, ਉਦੋਂ ਤੱਕ ਉਸ ਦਾ ਗਰਭਪਾਤ ਨਹੀਂ ਹੋਇਆ ਸੀ। ਸਾਡੇ ਕੋਲ ਇੰਨੀ ਹੀ ਜਾਣਕਾਰੀ ਹੈ। ਜਦੋਂ ਲੜਕੀ ਨੇ ਕਹਿ ਦਿੱਤਾ ਹੈ ਕਿ ਉਸ ਨੇ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਹੈ ਤਾਂ ਫਿਰ ਉਹ ਘਰ ਜਾ ਸਕਦੀ ਹੈ, ਹੁਣ ਤੁਸੀਂ ਜਾ ਸਕਦੇ ਹੋ।''''
ਪਿੰਕੀ ਨੂੰ ਮੁਰਾਦਾਬਾਦ ਸੈਸ਼ਨ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ। ਕੋਰਟ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਪਿੰਕੀ ਨੂੰ ਨਾਰੀ ਨਿਕੇਤਨ ਤੋਂ ਉਸ ਦੇ ਸਹੁਰੇ ਘਰ ਭੇਜ ਦੇਣ। ਪਿੰਕੀ ਨੇ ਮੰਗ ਕੀਤੀ ਸੀ ਕਿ ਉਸ ਦੇ ਪਤੀ ਅਤੇ ਜੇਠ ਨੂੰ ਛੱਡ ਦਿੱਤਾ ਜਾਵੇ।
ਮੁਰਾਦਾਬਾਦ ਦੇ ਏਐੱਸਪੀ (ਗ੍ਰਾਮੀਣ) ਵਿਦਿਆ ਸਾਗਰ ਮਿਸ਼ਰਾ ਕਹਿੰਦੇ ਹਨ ਕਿ ਉਨ੍ਹਾਂ ਨੂੰ ਮੀਡੀਆ ਨਾਲ ਗੱਲ ਕਰਨ ਦੀ ਇਜ਼ਾਜਤ ਨਹੀਂ ਹੈ ਕਿਉਂਕਿ ਪੁਲਿਸ ਅਜੇ ਤੱਕ ਮਾਮਲੇ ਦੀ ਜਾਂਚ ਕਰ ਰਹੀ ਹੈ।
ਹੁਣ ਅਸੀਂ ਉਸ ਗਲੀ ਵਿੱਚ ਖੜ੍ਹੇ ਹਾਂ ਜਿੱਥੇ ਕੁਝ ਮਹੀਨੇ ਪਹਿਲਾਂ ਪਿੰਕੀ ਅਤੇ ਰਾਸ਼ਿਦ ਰਹਿੰਦੇ ਸਨ। ਮਕਾਨ ਦੇ ਸਾਹਮਣੇ ਬਗੈਰ ਪੱਤਿਆਂ ਅਤੇ ਝੁਕੀਆਂ ਹੋਈਆਂ ਟਾਹਣੀਆਂ ਨਾਲ ਦਰੱਖਤ ਚੁੱਪਚਾਪ ਖੜ੍ਹਾ ਹੈ। ਘਰ ''ਤੇ ਤਾਲਾ ਲੱਗਿਆ ਹੋਇਆ ਹੈ। ਜੋ ਕੁਝ ਵੀ ਹੋਇਆ ਸੀ ਉਸ ਨੂੰ ਕੋਈ ਮੰਨਣ ਨੂੰ ਤਿਆਰ ਨਹੀਂ।
ਹਰ ਕੋਈ ਇਸ ਨੂੰ ਭੁੱਲ ਕੇ ਆਪਣੀ ਜ਼ਿੰਦਗੀ ਵਿੱਚ ਰਚ ਮਿਚ ਗਿਆ ਹੈ। ਸਿਰਫ਼ ਉਹ ਨਹੀਂ ਭੁੱਲੇ ਹਨ ਜਿਨ੍ਹਾਂ ਨਾਲ ਇਹ ਸਭ ਕੁਝ ਵਾਪਰਿਆ ਅਤੇ ਜੋ ਇੱਥੋਂ ਦਾ ਆਸ਼ੀਆਨਾ ਛੱਡ ਕੇ ਕਿਧਰੇ ਦੂਰ ਚਲੇ ਗਏ ਹਨ। ਉਨ੍ਹਾਂ ਦਾ ਜਾਣਾ ਆਪਣੇ ਨਾਲ ਵਾਪਰੀ ਘਟਨਾ ਨੂੰ ਭੁੱਲ ਕੇ ਅੱਗ ਵਧ ਜਾਣਾ ਨਹੀਂ ਹੈ। ਉਹ ਸਿਰਫ਼ ਇੱਥੋਂ ਚਲੇ ਗਏ ਹਨ, ਕਿਧਰੇ ਹੋਰ ਜ਼ਿੰਦਗੀ ਬਿਤਾਉਣ ਦੀ ਕੋਸ਼ਿਸ਼ ਕਰਨ।
ਇਹ ਵੀ ਪੜ੍ਹੋ:
- ਕਿਵੇਂ 6 ਭਰਾਵਾਂ ਨੇ ਆਪਣੇ ਸ਼ੇਰਾਂ ਨਾਲ ਦਹਿਸ਼ਤ ਮਚਾਈ ਤੇ ਕਤਲੇਆਮ ਕੀਤਾ
- ਜੱਗੀ ਜੌਹਲ : ''''ਅੰਤਾਂ ਦੇ ਤਸ਼ੱਦਦ ਨਾਲ ਮੇਰੇ ਤੋਂ ਕੋਰੇ ਕਾਗਜ਼ ਤੇ ਦਸਤਖ਼ਤ ਕਰਵਾਏ ਅਤੇ ਲਾਈਨਾਂ ਕੈਮਰੇ ''ਤੇ ਬੁਲਾਈਆਂ''''
- ਲਾਲ ਕਿਲੇ ਦੀ ਘਟਨਾ ਤੋਂ ਬਾਅਦ ਕੇਸਰੀ ਨਿਸ਼ਾਨ ਬਾਰੇ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਸਵਾਲਾਂ ਦੇ ਜਵਾਬ
ਇਹ ਵੀਡੀਓ ਵੀ ਦੇਖੋ:
https://www.youtube.com/watch?v=Nnz6KNBzhyA
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''5e290c10-ada4-4dd5-8df4-82cc43eca188'',''assetType'': ''STY'',''pageCounter'': ''punjabi.india.story.55973255.page'',''title'': ''ਲਵ ਜੇਹਾਦ ਦੇ ਰੌਲੇ ਵਿੱਚ ਬੇਜ਼ੁਬਾਨ ਹੋਏ ਨੌਜਵਾਨ ਜੋੜੇ ਦੀ ਧੜਕਦੀ ਜ਼ਿੰਦਗੀ ਦੀ ਕਹਾਣੀ'',''author'': ''ਚਿੰਕੀ ਸਿਨਹਾ'',''published'': ''2021-02-08T12:11:23Z'',''updated'': ''2021-02-08T12:11:23Z''});s_bbcws(''track'',''pageView'');