ਖੇਤੀ ਕਾਨੂੰਨਾਂ ਖ਼ਿਲਾਫ਼ ਕਿਹੋ ਜਿਹੀ ਹੋਵੇਗੀ ਟਰੈਕਟਰ ਪਰੇਡ, ਕਿੰਨੇ ਆਉਣਗੇ ਟਰੈਕਟਰ ਤੇ ਕੀ ਹਨ ਪ੍ਰਬੰਧ

01/25/2021 4:34:13 PM

ਟਰੈਕਟਰ ਪਰੇਡ
Getty Images
ਪੰਜਾਬ ਦੇ ਪਿੰਡ-ਪਿੰਡ ਤੋਂ ਅਜਿਹੀਆਂ ਕਹਾਣੀਆਂ ਮਿਲ ਰਹੀਆਂ ਹਨ ਕਿ ਕਿਸਾਨ ਟਰੈਕਟਰ ਪਰੇਡ ਦੀ ਤਿਆਰੀ ਕਿਵੇਂ ਕਰ ਰਹੇ ਹਨ

ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਪਧਿਆਣਾ ਦੇ ਕਿਸਾਨ ਅਮਰਜੀਤ ਸਿੰਘ ਬੈਂਸ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿਚ 26 ਜਨਵਰੀ ਨੂੰ ਹੋ ਰਹੀ ਕਿਸਾਨ ਟਰੈਕਟਰ ਪਰੇਡ ਲਈ ਆਪਣੇ ਤਿੰਨ ਟਰੈਕਟਰ ਭੇਜੇ ਹਨ।

ਬੈਂਸ ਕੋਲ 7 ਟਰੈਕਟਰ ਅਤੇ 4 ਕਾਰਾਂ ਤੇ ਜੀਪਾਂ ਹਨ। ਪਰ ਦਿੱਲੀ ਅੰਦੋਲਨ ਉੱਤੇ ਖ਼ਰਚਾ ਕਰਨ ਲਈ ਉਨ੍ਹਾਂ 4 ਟਰੈਕਟਰ ਅਤੇ ਦੋ ਗੱਡੀਆਂ ਵੇਚ ਦਿੱਤੀਆਂ ਹਨ।

ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ, "ਮੈਂ ਖੇਤੀ ਤਾਂ 20 ਕਿੱਲ੍ਹਿਆਂ ਦੀ ਹੀ ਕਰਦਾ ਹਾਂ , ਪਰ ਟਰੈਕਟਰ ਮੇਰਾ ਸ਼ੌਕ ਹੈ ਅਤੇ ਇੱਕੋ ਕੰਪਨੀ ਦੇ ਮੇਰੇ ਕੋਲ ਹਰੇਕ ਮਾਡਲ ਦਾ ਟਰੈਕਟਰ ਹੈ। ਇਹ ਮੇਰਾ ਸ਼ੌਕ ਹੈ ਪਰ ਹੁਣ ਸੰਘਰਸ਼ ਮੇਰੀ ਸਭ ਤੋਂ ਵੱਡੀ ਪ੍ਰਮੁੱਖਤਾ ਹੈ।"

ਇਹ ਵੀ ਪੜ੍ਹੋ

farmer
BBC
ਬੈਂਸ ਕੋਲ 7 ਟਰੈਕਟਰ ਅਤੇ 4 ਕਾਰਾਂ ਤੇ ਜੀਪਾਂ ਹਨ। ਪਰ ਦਿੱਲੀ ਅੰਦੋਲਨ ਉੱਤੇ ਖ਼ਰਚਾ ਕਰਨ ਲਈ ਉਨ੍ਹਾਂ 4 ਟਰੈਕਟਰ ਅਤੇ ਦੋ ਗੱਡੀਆਂ ਵੇਚ ਦਿੱਤੀਆਂ ਹਨ।

ਪਧਿਆਣਾ ਦੇ ਅਮਰਜੀਤ ਸਿੰਘ ਬੈਂਸ ਕਿਸਾਨ ਦੀ ਕਹਾਣੀ ਤੋਂ ਇਸ ਗੱਲ ਦਾ ਅੰਦਾਜ਼ਾ ਸਹਿਜੇ ਹੀ ਲੱਗ ਜਾਂਦਾ ਹੈ ਕਿ ਪੰਜਾਬ ਦੇ ਕਿਸਾਨ 3 ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਨੂੰ ਕਿਸ ਭਾਵਨਾ ਅਤੇ ਕਿਸ ਹੱਦ ਦੀ ਲੜਾਈ ਬਣਾ ਕੇ ਲੜ ਰਹੇ ਹਨ।

ਪਿੰਡ ਪਧਿਆਣਾ ਵਾਂਗ ਪੰਜਾਬ ਦੇ ਪਿੰਡ-ਪਿੰਡ ਤੋਂ ਅਜਿਹੀਆਂ ਕਹਾਣੀਆਂ ਮਿਲ ਰਹੀਆਂ ਹਨ ਕਿ ਕਿਸਾਨ ਟਰੈਕਟਰ ਪਰੇਡ ਦੀ ਤਿਆਰੀ ਕਿਵੇਂ ਕਰ ਰਹੇ ਹਨ।

ਇਹ ਤਿਆਰੀ ਇਕੱਲੇ-ਇਕੱਲੇ ਦੀ ਨਹੀਂ ਬਲਕਿ ਸਮੂਹਿਕ ਤੌਰ ਉੱਤੇ ਸਾਂਝੀ ਲੜਾਈ ਵਾਂਗ ਕੀਤੀ ਜਾ ਰਹੀ ਹੈ।

"ਅੱਜ ਭਾਈ ਦਿੱਲੀ ਨੂੰ ਟਰੈਕਟਰਾਂ ਦਾ ਕਾਫ਼ਲੇ ਬੰਨ੍ਹ ਕੇ ਤੁਰਨ ਦਾ ਆਖ਼ਰੀ ਦਿਨ ਹੈ। ਕਿਸਾਨ-ਮਜ਼ਦੂਰ ਆਪਣੇ ਹੱਥਾਂ ''ਚ ਝੰਡੇ ਫੜ ਕੇ ਮੰਡੀ ਵਿੱਚ ਇਕੱਠੇ ਹੋ ਜਾਣ, ਜਿੱਥੋਂ ਸਾਰਿਆਂ ਨੇ ਨਾਅਰੇ ਮਾਰਦੇ ਹੋਏ ਦਿੱਲੀ ਨੂੰ ਕੂਚ ਕਰਨਾ ਹੈ। ਇਹ ਜ਼ਮੀਨ ਤੇ ਜ਼ਮੀਰ ਦੀ ਲੜਾਈ ਹੈ ਭਾਈ, ਜਿਸ ਨੂੰ ਹਰ ਹਾਲਤ ਵਿੱਚ ਫ਼ਤਹਿ ਕਰਨਾ ਜ਼ਰੂਰੀ ਹੈ।"

ਬਠਿੰਡੇ ਦੇ ਪਿੰਡ ਕੋਟਸ਼ਮੀਰ ਦੇ ਗੁਰਦੁਆਰਾ ਸਾਹਿਬ ਤੋ 24 ਜਨਵਰੀ ਨੂੰ ਸਵੇਰੇ ਕੀਤੀ ਜਾ ਰਹੀ ਇਹ ਅਨਾਉਂਸਮੈਂਟ ਦਿੱਲੀ ਵੱਲ ਟਰੈਕਟਰ ਕੂਚ ਦੇ ਆਖ਼ਰੀ ਸੱਦੇ ਵਾਂਗ ਸੀ।

ਬੀਬੀਸੀ ਪੰਜਾਬੀ ਦੇ ਜਲੰਧਰ ਤੋਂ ਸਹਿਯੋਗੀ ਪਾਲ ਸਿੰਘ ਨੌਲੀ, ਮੋਗਾ ਤੋਂ ਸਹਿਯੋਗੀ ਸੁਰਿੰਦਰ ਮਾਨ ਅਤੇ ਹਰਿਆਣਾ ਤੋਂ ਸਹਿਯੋਗੀ ਸਤ ਸਿੰਘ ਦੀਆਂ ਰਿਪੋਰਟਾਂ ਮੁਤਾਬਕ ਦੋਵਾਂ ਸੂਬਿਆਂ ਵਿੱਚ ਕਰੀਬ ਹਰ ਪਿੰਡ ਅਤੇ ਕਸਬਿਆਂ ਤੋਂ ਹਜ਼ਾਰਾਂ ਕਿਸਾਨ ਦਿੱਲੀ ਵੱਲ ਚੱਲੇ ਹੋਏ ਹਨ।

ਟਰੈਕਟਰ ਪਰੇਡ
Reuters
ਇਹ ਤਿਆਰੀ ਇਕੱਲੇ-ਇਕੱਲੇ ਦੀ ਨਹੀਂ ਬਲਕਿ ਸਮੂਹਿਕ ਤੌਰ ਉੱਤੇ ਸਾਂਝੀ ਲੜਾਈ ਵਾਂਗ ਕੀਤੀ ਜਾ ਰਹੀ ਹੈ

ਕਿੰਨੇ ਟਰੈਕਟਰ ਆ ਰਹੇ ਹਨ ਦਿੱਲੀ

ਕਿਸਾਨ ਆਗੂ ਰਾਜਿੰਦਰ ਸਿੰਘ ਦੀਪਸਿੰਘਵਾਲਾ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਸਹੀ ਗਿਣਤੀ ਦਾ ਅੰਦਾਜ਼ਾ ਲਾਉਣਾ ਮੁਸ਼ਕਲ ਹੈ, ਕਿਉਂਕਿ ਜਥੇਬੰਦੀਆਂ ਦੇ ਕਾਡਰ ਤੋਂ ਇਲਾਵਾ ਜਿਹੜੇ ਕਿਸਾਨ ਜਥੇਬੰਦੀਆਂ ਨਾਲ ਨਹੀਂ ਵੀ ਜੁੜੇ ਹੋਏ ਉਹ ਵੀ ਵੱਡੀ ਗਿਣਤੀ ਵਿਚ ਦਿੱਲੀ ਵੱਲ ਆ ਰਹੇ ਹਨ।

ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਮੀਡੀਆ ਨਾਲ ਗੱਲਬਾਤ ਵਿਚ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੂੰ ਜੋ ਰਿਪੋਰਟਾਂ ਮਿਲੀਆਂ ਹਨ, ਉਨ੍ਹਾਂ ਮੁਤਾਬਕ ਅੰਮ੍ਰਿਤਸਰ- ਦਿੱਲੀ ਕੌਮੀ ਸ਼ਾਹਰਾਹ ਉੱਤੇ ਦੋ ਲਾਇਨਾਂ ਵਿਚ ਆ ਰਹੇ ਟੈਰਕਟਰਾਂ ਦੀ ਲਾਈਨ ਅੰਬਾਲਾ ਤੋਂ ਲੁਧਿਆਣਾ ਤੱਕ ਸੀ।

ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਨੇ ਦੱਸਿਆ ਕਿ ਫਗਵਾੜਾ ਸਬ ਡਵੀਜ਼ਨ ਵੱਲੋਂ ਹੀ 2500 ਟਰੈਕਟਰ 23 ਜਨਵਰੀ ਨੂੰ ਹੀ ਚੱਲ ਪਏ ਸਨ। ਦੋਆਬੇ ਦੇ ਚਾਰ ਜਿਲ੍ਹਿਆਂ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਤੇ ਸ਼ਹੀਦ ਭਗਤ ਸਿੰਘ ਨਗਰ ਤੋਂ 5 ਹਾਜ਼ਾਰ ਟਰੈਕਟਰ ਰਵਾਨਾ ਹੋ ਚੁੱਕਾ ਹੈ।

ਕਿਸਾਨ ਬਲਜੀਤ ਸਿੰਘ ਸੰਘਾ ਨੇ ਦੱਸਿਆ ਕਿ ਕਾਲਾ ਸੰਘਿਆ ਕਸਬੇ ਵਿੱਚੋਂ ਦੋ ਟਰਾਲਿਆਂ ''ਤੇ 10 ਟਰੈਕਟਰ ਲੱਦੇ ਗਏ ਹਨ ਜਿਹੜੇ ਦਿੱਲੀ ਕਿਸਾਨ ਪਰੇਡ ਵਿੱਚ ਸ਼ਾਮਿਲ ਹੋਣਗੇ। ਇੰਨ੍ਹਾਂ ਦੇ ਨਾਲ 15 ਹੋਰ ਟ੍ਰੈਕਟਰ ਇੱਕਲੇ-ਇੱਕਲੇ ਗਏ ਹਨ।

ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਸੂਬਾਈ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਨੇ ਦੱਸਿਆ ਕਿ ਯੂਨੀਅਨ ਵੱਲੋਂ ਡੱਬਵਾਲੀ ਅਤੇ ਖਨੌਰੀ ਤੋਂ 11 ਵਜੇ ਦਿੱਲੀ ਜਾਣ ਲਈ ਇਕੱਠੇ ਹੋਣ ਲਈ ਕਿਹਾ ਗਿਆ ਸੀ, ਪਰ ਕਿਸਾਨਾਂ ਨੇ ਸਵੇਰੇ 8 ਵਜੇ ਹੀ ਦਿੱਲੀ ਨੂੰ ਚਾਲੇ ਪਾ ਦਿੱਤੇ।

ਉਨਾਂ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਤੋਂ ਅੱਜ 30 ਹਜ਼ਾਰ ਟਕੈਟਰਾਂ ਦੀ ਗਿਣਤੀ ਕਰਕੇ ਦਿੱਲੀ ਲਈ ਰਵਾਨਾ ਕੀਤਾ ਗਿਆ, ਜਦੋਂ ਕਿ 200 ਤੋਂ ਲੇ ਕੇ 300 ਦੇ ਕਰੀਬ ਟਕੈਟਰਾਂ ਵਾਲੇ ਛੋਟੇ ਕਾਫ਼ਲੇ ਹਾਲੇ ਵੀ ਪੰਜਾਬ ਦੀ ਸਰਹੱਦ ਲੰਘ ਕੇ ਦਿੱਲੀ ਨੂੰ ਨਿਰੰਤਰ ਜਾ ਰਹੇ ਹਨ।

ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਸੁਖਜਿੰਦਰ ਮਹੇਸਰੀ ਨੇ ਦੱਸਿਆ ਕਿ ਜ਼ਿਲਾ ਮੋਗਾ, ਫਰੀਦਕੋਟ, ਫਿਰੋਜਪੁਰ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਮਾਨਸਾ ਅਤੇ ਬਠਿੰਡਾ ਤੋਂ ਅੱਜ ਮੂੰਹ-ਹਨ੍ਹੇਰੇ 50-50 ਟਰੈਕਟਰਾਂ ਦੇ ਕਾਫ਼ਲੇ ਦਿੱਲੀ ਲਈ ਰਵਾਨਾ ਹੋਏ ਹਨ।

ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਜਿਲ੍ਹਾ ਜਲੰਧਰ ਦੇ ਪ੍ਰਧਾਨ ਹਰਸ਼ਿਲੰਦਰ ਸਿੰਘ ਨੇ ਦੱਸਿਆ ਕਿ ਜੱਥੇਬੰਦੀ ਵੱਲੋਂ 700 ਦੇ ਕਰੀਬ ਟਰੈਕਟਰ ਕਿਸਾਨ ਪਰੇਡ ਲਈ ਭੇਜੇ ਜਾ ਰਹੇ ਹਨ । ਲੰਘੀ 23 ਜਨਵਰੀ ਨੂੰ 300 ਟਰੈਕਟਰ ਰਵਾਨਾ ਹੋ ਗਿਆ ਸੀ ਬਾਕੀ ਦੋ ਦਿਨਾਂ ਵਿੱਚ ਭੇਜੇ ਜਾਣਗੇ।

https://www.youtube.com/watch?v=xWw19z7Edrs

ਹਰਿਆਣਾ ਪੰਜਾਬ ਏਕਤਾ ਮੰਚ ਦੇ ਪ੍ਰਧਾਨ ਸਤੀਸ਼ ਰਾਣਾ ਨੇ ਬੀਬੀਸੀ ਨਾਲ ਗੱਲਬਾਤ ਵਿਚ ਦਾਅਵਾ ਕੀਤਾ ਕਿ ਹਰਿਆਣਾ ਤੋਂ 2 ਲੱਖ ਟਰੈਕਟਰ ਕਿਸਾਨ ਪਰੇਡ ਵਿਚ ਸ਼ਾਮਲ ਹੋਣਗੇ।

ਰਾਣਾ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਬੁਲਾਰੇ ਵੀ ਹਨ। ਰਾਣਾ ਨੇ ਦੱਸਿਆ ਕਿ ਉਨ੍ਹਾਂ ਦਾ ਇਹ ਦਾਅਵਾ ਪਿੰਡ ਪੱਧਰ ਉੱਤੇ ਪਰੇਡ ਵਿਚ ਆਉਣ ਲਈ ਹੋਈ ਰਜਿਸਟੇਸ਼ਨ ਉੱਤੇ ਅਧਾਰਿਤ ਹੈ।

ਰਾਣਾ ਮੁਤਾਬਕ ਮੁੱਖ ਤੌਰ ਉੱਤੇ ਸਿਰਸਾ, ਫਤਿਹਾਬਾਦ, ਕੁਰੂਕਸ਼ੇਤਰ ਆਦਿ ਜ਼ਿਲ੍ਹਿਆਂ ਤੋਂ ਪਹਿਲਾਂ ਦੀ ਟਿਕਰੀ ਅਤੇ ਸਿੰਘੂ ਬਾਰਡਰ ਪਹੁੰਚ ਚੁੱਕੇ ਹਨ। ਟਰੈਕਟਰ ਅਨੁਸ਼ਾਸ਼ਨ ਵਿਚ ਰਹਿ ਕੇ ਦਿੱਲੀ ਪਹੁੰਚਣ ਅਤੇ ਇਨ੍ਹਾਂ ਦੇ ਖਾਣ ਪੀਣ ਤੇ ਹੋਰ ਖ਼ਰਚਿਆਂ ਦਾ ਪ੍ਰਬੰਧ ਸਬੰਧਤ ਖਾਪ ਪੰਚਾਇਤਾਂ ਕਰ ਰਹੀਆਂ ਹਨ।

ਅਸਲ ਵਿਚ ਹਰ ਜਥੇਬੰਦੀ ਦਾ ਆਪੋ ਆਪਣਾ ਅੰਕੜਾ ਹੈ ਅਤੇ ਜਥੇਬੰਦੀਆਂ ਤੋਂ ਬਾਹਰੀ ਬਹੁਤ ਸਾਰੇ ਲੋਕ ਇਸ ਟਰੈਕਟਰ ਮਾਰਚ ਵਿਚ ਸ਼ਾਮਲ ਹੋ ਰਹੇ ਹਨ। ਇਸ ਲ਼ਈ ਇਸ ਦਾ ਸਹੀ ਸਹੀ ਅੰਕੜਾ ਪਤਾ ਨਹੀਂ ਲਗਾਇਆ ਜਾ ਸਕਦਾ।

ਟਰੈਕਟਰ ਪਰੇਡ
Reuters
ਕਿਸਾਨ ਬਲਜੀਤ ਸਿੰਘ ਸੰਘਾ ਨੇ ਦੱਸਿਆ ਕਿ ਕਾਲਾ ਸੰਘਿਆ ਕਸਬੇ ਵਿੱਚੋਂ ਦੋ ਟਰਾਲਿਆਂ ''ਤੇ 10 ਟਰੈਕਟਰ ਲੱਦੇ ਗਏ ਹਨ ਜਿਹੜੇ ਦਿੱਲੀ ਕਿਸਾਨ ਪਰੇਡ ਵਿੱਚ ਸ਼ਾਮਿਲ ਹੋਣਗੇ

ਟਰੈਕਟਰਾਂ ਦੀ ਕਿਹੋ ਜਿਹੀ ਤਿਆਰੀ

ਟਰੈਕਟਰ ਪਰੇਡ ਲਈ ਕਿਸਾਨਾਂ ਨੇ ਇੰਝ ਤਿਆਰੀ ਕੀਤੀ ਹੋਈ ਹੈ, ਜਿਵੇਂ ਕਿਸੇ ਮੇਲੇ ਜਾਂ ਜੰਗ ਲੜਨ ਲਈ ਕੀਤੀ ਜਾਂਦੀ ਹੈ। ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਜਿਲ੍ਹਾਂ ਜਲੰਧਰ ਦੇ ਪ੍ਰਧਾਨ ਹਰਸ਼ਿਲੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿਚੋਂ ਜਿਹੜੇ ਟਰੈਕਟਰ ਦਿੱਲੀ ਗਏ ਹਨ ਇਨ੍ਹਾਂ ਵਿਚ ਇੱਕ ਉਹ ਟ੍ਰੈਕਟਰ ਵੀ ਸ਼ਾਮਿਲ ਹੈ, ਜਿਸ ਵਿੱਚ ਟਰੱਕ ਦਾ ਇੰਜਣ ਰੱਖਵਾਇਆ ਗਿਆ ਸੀ। ਟਰੈਕਟਰ ਦੀ ਕੀਮਤ 8 ਲੱਖ ਹੈ ਤੇ 8 ਲੱਖ ਹੀ ਇਸ ''ਤੇ ਹੋਰ ਖਰਚਿਆਂ ਗਿਆ ।

ਜ਼ੀਰਾ ਵਿਚ ਇੱਕ ਮਕੈਨਿਕ ਨੇ ਟਰੈਕਟਰ ਨੂੰ ਰਿਮੋਰਟ ਨਾਲ ਚਲਾ ਕੇ ਤਿਆਰ ਕੀਤਾ ਹੈ। ਇਸ ਨੂੰ ਕੁਝ ਦੂਰੀ ਤੋਂ ਡਰਾਇਵਰ ਤੋਂ ਬਿਨਾਂ ਅੱਗੇ ਵਧਾਇਆ ਜਾ ਸਕਦਾ ਹੈ।

ਪਾਣੀ ਦੀਆਂ ਬੁਛਾੜਾਂ , ਅੱਥਰੂ ਗੈਸ ਦੇ ਗੋਲੇ ਜਾਂ ਲਾਠੀਚਾਰਜ ਤੋਂ ਬਚਣ ਲਈ ਜੰਗਲੇ ਤਾਂ ਆਮ ਹੀ ਲਾਏ ਗਏ ਹਨ। ਸੋਸ਼ਲ ਮੀਡੀਆ ਉੱਤੇ ਬਹੁਤ ਸਾਰੇ ਵੀਡੀਓ ਵਾਰਇਲ ਹੋ ਰਹੇ ਹਨ, ਜਿੱਥੇ ਲੋਕ ਟਰੈਕਟਰਾਂ ਦਾ ਹਾਰ ਸ਼ਿੰਗਾਰ ਕਰਦੇ ਦਿਖ ਰਹੇ ਹਨ।

ਇਨ੍ਹਾ ਦੀ ਸਮਰੱਥਾ ਵਧਾ ਰਹੇ ਹਨ। ਵੱਡੀਆਂ ਅਤੇ ਭਾਰੀ ਰੋਕਾਂ ਚੁੱਕਣ ਲਈ ਕਰੇਨਾਂ ਵਾਂਗ ਬਦਲ ਦਿੱਤੇ ਗਏ ਹਨ। ਬੰਪਰਾਂ ਅੱਗੇ ਲੋਹੇ ਦੇ ਗਾਡਰ ਆਦਿ ਲਾਏ ਗਏ ਹਨ ਤਾਂ ਤੋਂ ਰੋਕਾਂ ਨੂੰ ਤੋੜਨ ਵਿਚ ਮੁਸ਼ਕਲ ਨਾ ਆਵੇ।

ਇਹ ਗੱਲ ਵੱਖਰੀ ਹੈ ਕਿ ਕਿਸਾਨ ਆਗੂ ਲਗਾਤਾਰ ਅੰਦੋਲਨ ਨੂੰ ਸ਼ਾਂਤਮਈ ਅਤੇ ਅਹਿੰਸਕ ਰਹਿਣ ਦਾ ਦਾਅਵਾ ਕਰ ਰਹੇ ਹਨ।

ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਸਿੰਘੂ ਬਾਰਡਰ ਉੱਤੇ 24 ਜਨਵਰੀ ਨੂੰ ਕੀਤੇ ਸੰਬੋਧਨ ਵਿਚ ਕਹਿੰਦੇ ਹਨ, "ਦੁਨੀਆਂ ਦੀਆਂ ਨਜ਼ਰਾਂ ਸਾਡੇ ਉੱਤੇ ਹਨ। ਸਾਡੀ ਜਿੱਤ ਇਸ ਪਰੇਡ ਦੇ ਸਾਂਤਮਈ ਢੰਗ ਨਾਲ ਨੇਪਰੇ ਚੜ੍ਹਨ ਵਿਚ ਹੈ। ਇਹ ਦੁਨੀਆਂ ਦਾ ਅਜ਼ਬ ਨਜ਼ਾਰਾ ਹੋਵੇਗਾ, ਜੋ ਅਸਲੀ ਗਣ , ਆਪਣੇ ਗਣਤੰਤਰ ਦਾ ਜਸ਼ਨ ਮਨਾਉਣਗੇ।"

ਉਹ ਕਿਸਾਨਾਂ ਨੂੰ ਅਗਾਹ ਕਰਦੇ ਹਨ ਕਿ ਕਿਸੇ ਵੀ ਭੜਕਾਹਟ ਵਿਚ ਨਹੀਂ ਆਉਣ ਅਤੇ ਸ਼ਰਾਰਤੀ ਅਨਸਰਾਂ ਉੱਤੇ ਸਖ਼ਤ ਨਜ਼ਰ ਰੱਖਣੀ ਹੈ।

ਕਿਸਾਨ ਪਰੇਡ
Reuters
ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀਆਂ ਝਾਕੀਆਂ ਵਿਚ ਇਨ੍ਹਾਂ ਸੂਬਿਆਂ ਦਾ ਧਾਰਮਿਕ ਤੇ ਸਮਾਜਿਕ ਸੱਭਿਆਚਾਰ ਦਿਖਣ ਦੇ ਨਾਲ-ਨਾਲ ਕਿਸਾਨੀ ਜ਼ਿੰਦਗੀ ਦੀ ਝਲਕ ਦਿਖਾਈ ਦੇਵੇਗੀ

ਕਿਸਾਨੀ ਦੇ ਝੰਡੇ ਅਤੇ ਝਾਕੀਆਂ

ਕਿਸਾਨ ਆਗੂ ਦੱਸਦੇ ਹਨ ਕਿ ਕਿਸਾਨ ਪਰੇਡ ਵਿਚ ਉਵੇਂ ਹੀ ਝਾਕੀਆਂ ਸ਼ਾਮਲ ਹੋਣਗੀਆਂ ਜਿਵੇਂ ਸਰਕਾਰੀ ਸਮਾਗਮ ਵਿਚ ਵੱਖ ਸੂਬਿਆਂ ਦੀਆਂ ਝਾਕੀਆਂ ਹੁੰਦੀਆਂ ਹਨ। ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਕਿਸਾਨ ਆਪਣੀਆਂ ਝਾਕੀਆਂ ਵਿਚ ਦਰਸਾਉਣਗੇ ਕਿ ਪਹਾੜੀ ਇਲਾਕਿਆ ਵਿਚ ਫਲਾਂ ਦੀ ਖੇਤੀ ਕਿਵੇਂ ਹੁੰਦੀ ਹੈ।

ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀਆਂ ਝਾਕੀਆਂ ਵਿਚ ਇਨ੍ਹਾਂ ਸੂਬਿਆਂ ਦਾ ਧਾਰਮਿਕ ਤੇ ਸਮਾਜਿਕ ਸੱਭਿਆਚਾਰ ਦਿਖਣ ਦੇ ਨਾਲ-ਨਾਲ ਕਿਸਾਨੀ ਜ਼ਿੰਦਗੀ ਦੀ ਝਲਕ ਦਿਖਾਈ ਦੇਵੇਗੀ।

ਖ਼ਬਰ ਏਜੰਸੀ ਪੀਟੀਆਈ ਨੇ ਸੰਯੁਕਤ ਕਿਸਾਨ ਮੋਰਚੇ ਦੇ ਹਵਾਲੇ ਨਾਲ ਦਾਅਵਾ ਕੀਤਾ ਕਿ ਇੱਕ ਲੱਖ ਟਰੈਕਰ ਅਗਰ ਪਰੇਡ ਵਿਚ ਸ਼ਾਮਲ ਹੁੰਦਾ ਹੈ ਤਾਂ 30 ਫੀਸਦੀ ਉੱਤੇ ਕਿਸਾਨੀ ਜ਼ਿੰਦਗੀ ਨਾਲ ਸਬੰਧਤ ਝਾਕੀਆਂ ਹੋਣਗੀ।

ਟਰੈਕਟਰਾਂ ਉੱਤੇ ਤਿੰਰਗਾ, ਖਾਲਸਾਈ ਨਿਸ਼ਾਨ ਅਤੇ ਲਾਲ ਝੰਡਿਆਂ ਸਣੇ ਹੋਰ ਸੰਗਠਨਾਂ ਦੇ ਝੰਡੇ ਵੀ ਕਿਸਾਨ ਜਥੇਬੰਦੀਆਂ ਦੇ ਝੰਡਿਆਂ ਨਾਲ ਦਿਖਾਈ ਦੇ ਰਹੇ ਹਨ। ਕਿਸਾਨ ਆਗੂ ਰਾਜਿੰਦਰ ਸਿੰਘ ਕਹਿੰਦੇ ਹਨ ਕਿ ਹਰ ਜਥੇਬੰਦੀ ਨੂੰ ਕਿਸਾਨੀ ਝੰਡੇ ਅਤੇ ਆਪਣੀ ਵਿਚਾਰਧਾਰਾ ਮੁਤਾਬਕ ਝੰਡਾ ਲਾਉਣ ਦੀ ਖੁੱਲ੍ਹ ਹੈ।

ਟਰਾਲੀਆਂ ''ਤੇ ਬਾਬਾ ਬੰਦਾ ਸਿੰਘ ਬਾਹਦਰ ਦੀਆਂ ਤਸਵੀਰਾਂ ਵਾਲੇ ਬੈਨਰਾਂ ਵੀ ਵੱਡੀ ਗਿਣਤੀ ਵਿੱਚ ਲੱਗੇ ਹੋਏ ਸਨ।ਦੁਨੀਆਂ ਵਿੱਚ ਹੱਲ ਵਹਾਉਣ ਵਾਲੇ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਵਾਲਾ ਕਾਰਨਾਮਾ ਬਾਬਾ ਬੰਦਾ ਸਿੰਘ ਬਹਾਦਰ ਨੇ 1709 ਵਿੱਚ ਹੀ ਕਰਕੇ ਵਿਖਾ ਦਿੱਤਾ ਸੀ ਜਦੋਂ ਉਨ੍ਹਾਂ ਸਮਾਣਾ ਨਾਂਅ ਦੇ ਕਸਬੇ ''ਤੇ ਫਹਿਤੇ ਪਾ ਲਈ ਸੀ।ਉਦੋਂ ਜ਼ਮੀਨਾਂ ''ਤੇ ਹੱਲ ਵਹਾਉਣ ਵਾਲੇ ਮਾਲਕ ਨਹੀਂ ਸੀ ਹੁੰਦੇ।

ਇਸੇ ਤਰ੍ਹਾਂ ਭਾਈ ਬਘੇਲ ਸਿੰਘ ਤੇ ਜੱਸਾ ਸਿੰਘ ਰਾਮਗੜ੍ਹੀਆ ਦੀਆਂ ਤਸਵੀਰਾਂ ਵਾਲੇ ਵੀ ਬੈਨਰ ਲੱਗੇ ਹੋਏ ਸਨ । ਬਘੇਲ ਸਿੰਘ ਅਜਿਹੀ ਸਖਸ਼ੀਅਤ ਦੇ ਮਾਲਕ ਸਨ ਜਿੰਨ੍ਹੇ ਨੇ ਆਪਣੇ ਦਮ ''ਤੇ ਦਿੱਲੀ ਨੂੰ ਫਤਹਿ ਕੀਤਾ ਸੀ ।

ਇਹ ਵੀ ਪੜ੍ਹੋ

ਬੈਨਰਾਂ ਤੇ ਲਿਖੇ ਨਾਅਰੇ ਕੁਝ ਇਸ ਤਰ੍ਹਾਂ ਦੇ ਹਨ

• ਅਸੀਂ ਅੱਤਵਾਦੀ ਨਹੀਂ ਸਗੋਂ ਹੱਕਵਾਦੀ ਹਾਂ

• ਮੁੜ ਲਾ ਦਿਆਗੇ ਮਾਜਣੇ ਨੂੰ ਕੱਪ ਦਿੱਲੀਏ

• ਲੈਕੇ ਮੁੜਾਂਗੇ ਪੰਜਾਬ ਨੂੰ ਹੱਕ ਦਿੱਲੀਏ

• ਕਿਸਾਨ ਮਜ਼ਦੂਰ ਮੁਲਾਜ਼ਮ ਏਕਤਾ ਜਿੰਦਾਬਾਦ

• ਕਿਸਾਨ ਬਚਾਓ- ਸੰਵਿਧਾਨ ਬਚਾਓ - ਦੇਸ਼ ਬਚਾਓ

• ਅਸੀਂ ਕਿਸਾਨ ਹਾਂ ਅੱਤਵਾਦੀ ਨਹੀਂ

• ਗੱਲਾਂ ਬੱਸ ਦੋ, ਯੈਸ ਜਾਂ ਨੋ

• ਭਾਰਤ ਭਰ ਕਿਰਤੀਓ ਇੱਕ ਹੋ ਜਾਓ

ਦਿੱਲੀ ਜਾਣ ਵਾਲਿਆਂ ਲਈ ਪ੍ਰਬੰਧ

ਕਿਸਾਨ ਸੰਗਠਨਾਂ ਦੇ ਆਗੂ ਇਸ ਗੱਲੋਂ ਹੈਰਾਨ ਵੀ ਹਨ ਕਿ ਉਨਾਂ ਦੇ ਅਨੁਮਾਨ ਤੋਂ ਕਿਤੇ ਵੱਧ ਕਿਸਾਨ ਆਪਣੇ ਟਰੈਕਟਰ ਲੈ ਕੇ ਦਿੱਲੀ ਜਾ ਰਹੇ ਹਨ। ਅਜਿਹਾ ਵੀ ਦੇਖਣ ਵਿੱਚ ਆਇਆ ਹੈ ਕਿ ਜਿਹੜੇ ਕਿਸਾਨ ਕਿਸੇ ਕਿਸਾਨ ਸੰਗਠਨ ਨਾਲ ਨਹੀਂ ਵੀ ਜੁੜੇ ਹੋਏ, ਉਹ ਵੀ ਆਪਣੇ ਤੌਰ ''ਤੇ ਦਿੱਲੀ ਜਾ ਰਹੇ ਹਨ।

ਉੱਤਰ ਪ੍ਰਦੇਸ਼ ਤੋਂ ਜਿੱਥੇ ਖ਼ਬਰਾਂ ਆ ਰਹੀਆਂ ਹਨ ਕਿ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਪੈਟ੍ਰੋਲ ਪੰਪਾਂ ਵਾਲਿਆਂ ਨੂੰ ਤੇਲ ਨਾ ਪਾਉਣ ਲਈ ਕਿਹਾ ਗਿਆ ਹੈ। ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਵਿਚ ਪਿੰਡਾਂ ਵਾਲੇ ਇਕੱਠੇ ਹੋਕੇ ਦਿੱਲੀ ਜਾਣ ਵਾਲੇ ਟਰੈਕਟਰਾਂ ਲਈ ਤੇਲ ਅਤੇ ਰਸਦ ਪਾਣੀ ਦਾ ਪ੍ਰਬੰਧ ਕਰ ਰਹੇ ਹਨ।

ਕੰਢੀ ਕਿਸਾਨ ਸੰਘਰਸ਼ ਕਮੇਟੀ ਦੇ ਵਾਈਸ ਚੇਅਰਮੈਨ ਜਰਨੈਲ ਸਿੰਘ ਗੜ੍ਹਦੀਵਾਲਾ ਨੇ ਦੱਸਿਆ ਕਿ ਦਿੱਲੀ ਜਾਣ ਲਈ ਇੱਕ ਟ੍ਰਰੈਕਟਰ ਵਿੱਚ 15 ਹਾਜ਼ਾਰ ਦਾ ਡੀਜ਼ਲ ਪੈਂਦਾ ਹੈ। ਸਾਰਾ ਪ੍ਰਬੰਧ ਲੋਕ ਆਪ ਕਰ ਰਹੇ ਹਨ ਸਾਡਾ ਮੰਨਣਾ ਹੈ, ''''ਜਦੋਂ ਅਣਖ਼ ਦਾ ਸਵਾਲ ਬਣ ਜਾਵੇ ਤਾਂ ਫਿਰ ਅੰਦੋਲਨਾਂ ਲਈ ਸੱਦੇ ਨਹੀਂ ਉਡੀਕੇ ਜਾਂਦੇ''''

ਉਹ ਦੱਸਦੇ ਹਨ ਕਿ ਦਿੱਲੀ ਵੱਲ ਨੂੰ ਜਾਣ ਵਾਲੇ ਟਰੈਕਟਰ ਦਿਨ ਰਾਤ ਤੁਰੇ ਹੋਏ ਹਨ। ਰਸਤਿਆਂ ਵਿੱਚ ਉਸੇ ਤਰ੍ਹਾਂ ਲੰਗਰ ਲੱਗੇ ਹੋਏ ਹਨ ਜਿਵੇਂ ਪੰਜਾਬ ਵਿੱਚ ਹੋਲੇ-ਮੁੱਹਲੇ, ਸ਼ਹੀਦੀ ਜੋੜ ਮੇਲਿਆਂ ''ਤੇ ਲੱਗਦੇ ਹਨ। ਕਈ ਪੈਟਰੋਲ ਪੰਪਾਂ ਤੋਂ ਕਿਸਾਨਾਂ ਦੇ ਟ੍ਰੈਕਟਰਾਂ ਵਿੱਚ ਮੁਫਤ ਤੇਲ ਪਾਇਆ ਜਾ ਰਿਹਾ ਹੈ।

farmer
EPA
ਦਿੱਲੀ ਪੁਲਿਸ ਅਤੇ ਕਿਸਾਨ ਜਥੇਬੰਦੀਆਂ ਵਿਚਕਾਰ ਤੈਅ ਹੋਏ ਪ੍ਰੋਗਰਾਮ ਮੁਤਾਬਕ 26 ਜਨਵਰੀ ਨੂੰ ਰਾਜਪਥ ਉੱਤੇ ਸਰਕਾਰੀ ਗਣਤੰਤਰ ਦਿਵਸ ਪਰੇਡ ਖ਼ਤਮ ਹੋਣ ਤੋਂ ਤੁਰੰਤ ਬਾਅਦ ਕਿਸਾਨ ਪਰੇਡ ਸ਼ੁਰੂ ਹੋਵੇਗੀ

ਦਿੱਲੀ ਬਾਰਡਰ ਉੱਤੇ ਕਿਹੋ ਜਿਹੀਆਂ ਤਿਆਰੀਆਂ

40 ਤੋਂ ਵੱਧ ਕਿਸਾਨ ਜਥੇਬੰਦੀਆਂ ਦੀ ਸਾਂਝੀ ਜਥੇਬੰਦੀ ਸੰਯੁਕਤ ਕਿਸਾਨ ਮੋਰਚਾ ਮੁਤਾਬਕ ਦਿੱਲੀ ਦੇ ਸਿੰਘੂ, ਟਿਕਰੀ, ਗਾਜੀਪੁਰ, ਪਲਵਲ ਅਤੇ ਸ਼ਾਹਜਹਾਂਪੁਰ ਬਾਰਡਰਾਂ ਤੋਂ ਟਰੈਕਟਰ ਪਰੇਡ ਹੋਵੇਗੀ।

ਦਿੱਲੀ ਪੁਲਿਸ ਅਤੇ ਕਿਸਾਨ ਜਥੇਬੰਦੀਆਂ ਵਿਚਕਾਰ ਤੈਅ ਹੋਏ ਪ੍ਰੋਗਰਾਮ ਮੁਤਾਬਕ 26 ਜਨਵਰੀ ਨੂੰ ਰਾਜਪਥ ਉੱਤੇ ਸਰਕਾਰੀ ਗਣਤੰਤਰ ਦਿਵਸ ਪਰੇਡ ਖ਼ਤਮ ਹੋਣ ਤੋਂ ਤੁਰੰਤ ਬਾਅਦ ਕਿਸਾਨ ਪਰੇਡ ਸ਼ੁਰੂ ਹੋਵੇਗੀ। ਕਰੀਬ 100 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਇਹ ਸ਼ਾਮੀਂ 6 ਵਜੇ ਤੱਕ ਖ਼ਤਮ ਹੋ ਜਾਵੇਗੀ।

ਇਸ ਦੀ ਤਿਆਰੀ ਲਈ ਜੰਗੀ ਪੱਧਰ ਉੱਤੇ ਇੰਤਜ਼ਾਮ ਕੀਤੇ ਗਏ ਹਨ ਅਤੇ ਹਰ ਇੱਕ ਧਰਨੇ ਵਾਲੀ ਥਾਂ ਉੱਤੇ ਵਾਰ ਰੂਮ ਬਣਾਏ ਗਏ ਹਨ। ਜੋ ਟਰੈਕਟਰ ਪਰੇਡ ਲਈ ਤਾਲਮੇਲ ਤੇ ਜਰੂਰੀ ਪ੍ਰਬੰਧ ਕਰਨ ਵਿਚ ਜੁਟੇ ਹੋਏ ਹਨ।

ਕਿਸਾਨ ਆਗੂਆਂ ਮੁਤਾਬਕ ਇਨ੍ਹਾਂ ਹਰ ਵਾਰਰੂਮ ਵਿਚ 40- 40 ਮੈਂਬਰੀ ਟੀਮ ਬਣਾਈ ਗਈ ਹੈ, ਜਿਸ ਵਿਚ ਡਾਕਟਰ, ਸੁਰੱਖਿਆ ਕਰਮੀ ਅਤੇ ਸੋਸ਼ਲ ਮੀਡੀਆ ਮੈਨੇਜਰ ਸ਼ਾਮਲ ਹਨ। ਜਿਨ੍ਹਾਂ ਰਾਹਾਂ ਤੋਂ ਟਰੈਕਟਰ ਪਰੇਡ ਲੰਘੇਗੀ ਉੱਥੇ 40 ਐਂਬੂਲੈਂਸਾਂ ਖੜੀਆਂ ਕੀਤੀਆਂ ਜਾਣਗੀਆਂ।

ਇਹ ਪਰੇਡ ਅਮਨ ਸ਼ਾਂਤੀ ਨਾਲ ਨੇਪਰੇ ਚੜ੍ਹੇ ਇਸ ਲਈ 2500 ਵਲੰਟੀਅਰ ਤਾਇਨਾਤ ਕੀਤੇ ਗਏ ਹਨ। ਇਨ੍ਹਾਂ ਨੂੰ ਬਕਾਇਦਾ ਬੈਂਜ਼ ਅਤੇ ਆਈਡੀ ਕਾਰਡ ਜਾਰੀ ਕੀਤੇ ਗਏ ਹਨ।

ਹਾਲਾਤ ਨੇ ਨਿਗ੍ਹਾਂ ਰੱਖਣ ਲ਼ਈ ਸਾਬਕਾ ਫੌਜੀ ਜੋ ਅੰਦੋਲਨ ਦਾ ਹਿੱਸਾ ਹਨ, ਉਨ੍ਹਾਂ ਦੀ ਵਿਸ਼ੇਸ਼ ਡਿਊਟੀ ਲਗਾਈ ਗਈ ਹੈ।

ਦਿੱਲੀ ਪੁਲਿਸ ਸਿੰਘੂ ਅਤੇ ਟਿਕਰੀ ਦੇ ਬੈਰੀਕੇਡ ਹਟਾਉਣ ਲਈ ਸਹਿਮਤ ਹੈ ਅਤੇ ਕਿਸਾਨਾਂ ਵਲੋਂ ਇਸ ਸ਼ਾਂਤਮਈ ਰੱਖਣ ਅਤੇ ਵਾਪਸ ਧਰਨੇ ਵਾਲੀਂ ਥਾਂ ਉੱਤੇ ਮੁੜਨ ਦਾ ਭਰੋਸਾ ਦਿੱਤਾ ਗਿਆ ਹੈ।

ਇਹ ਖ਼ਬਰਾਂ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=XjNZUsAt1dk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''ce394dea-cafb-41d5-8be8-062e3ecbb09a'',''assetType'': ''STY'',''pageCounter'': ''punjabi.india.story.55789013.page'',''title'': ''ਖੇਤੀ ਕਾਨੂੰਨਾਂ ਖ਼ਿਲਾਫ਼ ਕਿਹੋ ਜਿਹੀ ਹੋਵੇਗੀ ਟਰੈਕਟਰ ਪਰੇਡ, ਕਿੰਨੇ ਆਉਣਗੇ ਟਰੈਕਟਰ ਤੇ ਕੀ ਹਨ ਪ੍ਰਬੰਧ'',''author'': ''ਖੁਸ਼ਹਾਲ ਲਾਲੀ'',''published'': ''2021-01-25T11:01:51Z'',''updated'': ''2021-01-25T11:03:45Z''});s_bbcws(''track'',''pageView'');

Related News