ਕਿਸਾਨ ਅੰਦੋਲਨ: 26 ਜਨਵਰੀ ਦੀ ਦਿੱਲੀ ਪਰੇਡ ਲਈ ਪੰਜਾਬ ਦੀਆਂ ਸਿਆਸੀ ਧਿਰਾਂ ਕਿਉਂ ਪਾਉਣ ਲੱਗੀਆਂ ਟਰੈਕਟਰਾਂ ਦੇ ਗੇਅਰ

01/23/2021 7:19:10 AM

ਟਰੈਕਟਰ ਪਰੇਡ
EPA

ਕੇਂਦਰ ਸਰਕਾਰ ਨਾਲ 11ਵੇਂ ਗੇੜ ਦੀ ਬੈਠਕ ਬੇਸਿੱਟਾ ਰਹਿਣ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਸ ਦੀ ਰਾਜਧਾਨੀ ਦਿੱਲੀ ਵਿੱਚ 26 ਜਨਵਰੀ ਲਈ ਤਜਵੀਜ਼ਤ ''ਟਰੈਕਟਰ ਪਰੇਡ'' ਉੱਤੇ ਸਭ ਦੀਆਂ ਨਜ਼ਰਾਂ ਹਨ।

ਹਾਲਾਂਕਿ ਦਿੱਲੀ ਪੁਲਿਸ ਨੇ ਗਣਤੰਤਰ ਦਿਵਸ ਪਰੇਡ ਲਈ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਕਰ ਕੇ ਦਿੱਲੀ ਦੇ ਆਊਟਰ ਰਿੰਗ ਰੋਡ ਉੱਪਰ ਟਰੈਕਟਰ ਮਾਰਚ ਕੱਢਣ ਦੀ ਫ਼ਿਲਹਾਲ ਮਨਜ਼ੂਰੀ ਦੇਣ ਤੋਂ ਇਨਕਾਰ ਕੀਤਾ ਹੋਇਆ ਹੈ ਪਰ ਕਿਸਾਨ ਹਰ ਹਾਲ ਵਿਚ ਪਰੇਡ ਲਈ ਤਤਪਰ ਹਨ।

ਪੰਜਾਬ ਅਤੇ ਹਰਿਆਣਾ ਦੇ ਵਿੱਚ ਇਸ ਸਮੇਂ ਪਿੰਡ ਵਿੱਚ ਦਿੱਲੀ ਮੋਰਚੇ ਦੀ ਹੀ ਚਰਚਾ ਹੈ। ਖ਼ਾਸ ਤੌਰ ਉੱਤੇ ਪੰਜਾਬ ਦੀ ਅਵਾਮ ਸਾਰੇ ਮੁੱਦੇ ਪਿੱਛੇ ਛੱਡ ਕੇ 26 ਜਨਵਰੀ ਦੀ ''ਟਰੈਕਟਰ ਪਰੇਡ'' ਦੀਆਂ ਤਿਆਰੀਆਂ ਵਿੱਚ ਜੁਟੀ ਹੈ।

ਇਹ ਵੀ ਪੜ੍ਹੋ:

ਇਸ ਕਰਕੇ ਭਾਜਪਾ ਨੂੰ ਛੱਡ ਕੇ ਸੂਬੇ ਦੀਆਂ ਸਾਰੀਆਂ ਸਿਆਸੀ ਧਿਰਾਂ ਕਿਸੇ ਨਾ ਕਿਸੇ ਰੂਪ ਵਿੱਚ ਇਸ ਅੰਦੋਲਨ ਨਾਲ ਖੁਦ ਨੂੰ ਜੋੜਨ ਦੀਆਂ ਕੋਸਿਸਾਂ ਕਰ ਰਹੀਆਂ ਹਨ।

ਸਵਾਲ ਇਹ ਹੈ ਕਿ ਰਾਜਨੀਤਿਕ ਪਾਰਟੀਆਂ ਅਸਲ ਵਿੱਚ ਹੀ ਕਿਸਾਨੀ ਹਿਤੈਸ਼ੀ ਹਨ ਜਾਂ ਫਿਰ ਉਨ੍ਹਾਂ ਦੀ ਸਿਆਸੀ ਮਜਬੂਰੀ ਹੈ।

ਆਮ ਆਦਮੀ ਪਾਰਟੀ ਦੀ ਟਰੈਕਟਰ ਪਰੇਡ ਲਈ ਲਾਮਬੰਦੀ

ਆਮ ਆਦਮੀ ਪਾਰਟੀ ਨੇ ''ਕਿਸਾਨ ਟਰੈਕਟਰ ਪਰੇਡ'' ਲਈ ਪੂਰੇ ਪੰਜਾਬ ਵਿੱਚ 23 ਜਨਵਰੀ ਨੂੰ ਮੋਟਰਸਾਈਕਲ ਰੈਲੀ ਕੱਢ ਕੇ ਲੋਕਾਂ ਨੂੰ ਲਾਮਬੰਦ ਕਰਨ ਦਾ ਐਲਾਨ ਕੀਤਾ ਹੈ।

''ਆਪ'' ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਇਸ ਗੱਲ ਦਾ ਐਲਾਨ ਕੀਤਾ ਹੈ।

ਉਨ੍ਹਾਂ ਕਿਹਾ ਕਿ ਮੋਟਰਸਾਈਕਲ ਰੈਲੀਆਂ ਕੱਢ ਕੇ ਗਣਤੰਤਰ ਦਿਵਸ ਮੌਕੇ 26 ਜਨਵਰੀ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਕਿਸਾਨ ਟਰੈਕਟਰ ਪਰੇਡ ''ਚ ਸ਼ਾਮਲ ਹੋਣ ਵਾਸਤੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ।

ਆਮ ਆਦਮੀ ਪਾਰਟੀ ਨਾ ਸਿਰਫ਼ ਮੋਟਰ ਸਾਈਕਲ ਰੈਲੀ ਕੱਢ ਰਹੀ ਹੈ ਬਲਕਿ ਪਾਰਟੀ ਦੇ ਸਾਰੇ ਵਿਧਾਇਕ ਅਤੇ ਸਮੂਹ ਅਹੁਦੇਦਾਰਾਂ ਨੇ ਕਿਸਾਨ ਟਰੈਕਟਰ ਪਰੇਡ ਵਿੱਚ ਹਿੱਸਾ ਲੈਣ ਦਾ ਐਲਾਨ ਵੀ ਕੀਤਾ ਹੈ।

ਪਾਰਟੀ ਨੇ ਸਪਸ਼ਟ ਕੀਤਾ ਹੈ ਕਿ ਆਮ ਆਦਮੀ ਪਾਰਟੀ ਪਰੇਡ ਵਿੱਚ ਕਿਸੇ ਸਿਆਸੀ ਪਾਰਟੀ ਦੇ ਤੌਰ ''ਤੇ ਨਹੀਂ, ਬਲਕਿ ਆਮ ਨਾਗਰਿਕ ਹੋਣ ਦੇ ਨਾਤੇ ''ਕਿਸਾਨਾਂ'' ਵੱਲੋਂ ਕੀਤੀ ਜਾ ਰਹੀ ਪਰੇਡ ਵਿੱਚ ਸ਼ਾਮਲ ਹੋਵੇਗੀ।

ਸ਼੍ਰੋਮਣੀ ਅਕਾਲੀ ਦਲ ਨੇ ਟਰੈਕਟਰ ਪਰੇਡ ਲਈ ਮੁਹਿੰਮ ਤੇਜ਼ ਕੀਤੀ

ਕਿਸੇ ਸਮੇਂ ਖੇਤੀ ਬਿੱਲਾਂ ਨੂੰ ਸਹੀ ਦੱਸਣ ਵਾਲਾ ਸ਼੍ਰੋਮਣੀ ਅਕਾਲੀ ਦਲ ਵੀ ਐਨਡੀਏ ਨਾਲ ਨਾਤਾ ਤੋੜਨ ਤੋਂ ਬਾਅਦ ਕਿਸਾਨਾਂ ਦੀ ਖੁੱਲ ਕੇ ਹਿਮਾਇਤ ਕਰ ਰਿਹਾ ਹੈ।

ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵਰਕਰਾਂ ਨੁੰ ਆਦੇਸ਼ ਦਿੱਤਾ ਕਿ ਉਹ 26 ਜਨਵਰੀ ਦੀ ''ਟਰੈਕਟਰ ਪਰੇਡ'' ਦੀ ਸਫਲਤਾ ਲਈ ਯਤਨ ਤੇਜ਼ ਕਰ ਦੇਣ।

ਟਰੈਕਟਰ ਪਰੇਡ
EPA

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਵਰਕਰਾਂ ਵਿੱਚ 26 ਜਨਵਰੀ ਦੇ ਮਾਰਚ ਨੂੰ ਲੈ ਕੇ ਪੂਰਾ ਉਤਸ਼ਾਹ ਹੈ ਅਤੇ ਸ਼ਾਂਤੀਪੂਰਨ ਤੇ ਲੋਕਤੰਤਰੀ ਰੋਸ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਪਾਰਟੀ ਦੇ ਵਰਕਰ ਸ਼ਾਮਲ ਹੋਣਗੇ।

https://twitter.com/officeofssbadal/status/1352265856642740224

ਕਿਸਾਨ ਅੰਦੋਲਨ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਪਹਿਲਾਂ ਅਤੇ ਮੌਜੂਦਾ ਸਟੈਂਡ ਬਾਰੇ ਪਾਰਟੀ ਨੂੰ ਵਾਰ ਵਾਰ ਲੋਕਾਂ ਨੂੰ ਸਮਝਾਉਣਾ ਪੈ ਰਿਹਾ ਹੈ।

ਇਸ ਸਬੰਧੀ ਸੁਖਬੀਰ ਸਿੰਘ ਬਾਦਲ ਦੀ ਦਲੀਲ ਹੈ ਕਿ ਅਕਾਲੀ ਦਲ ਨੇ ਸਰਕਾਰ ਨੂੰ ਆਪਣਾ ਰਵੱਈਆ ਬਦਲਣ ਲਈ ਰਾਜ਼ੀ ਕਰਨ ਵਾਸਤੇ ਯਤਨ ਕੀਤੇ, ਬਹੁਤ ਸੰਜਮ ਦਿਖਾਇਆ ਤੇ ਸਰਕਾਰ ਨੂੰ ਇਹ ਤਰਕ ਵੀ ਦਿੱਤਾ ਕਿ ਕਾਨੂੰਨ ਉਨ੍ਹਾਂ ਨੂੰ ਮਨਜ਼ੂਰ ਨਹੀਂ ਹਨ ਜਿਹਨਾਂ ਵਾਸਤੇ ਸਰਕਾਰ ਇਹ ਬਣਾਏ ਦੱਸ ਰਹੀ ਹੈ।

ਉਨ੍ਹਾਂ ਕਿਹਾ ਜਦੋਂ ਸਾਨੂੰ ਲੱਗਿਆ ਕਿ ਕੇਂਦਰ ਬਿਲਕੁਲ ਹੀ ਗੱਲ ਸੁਣਨ ਨੂੰ ਤਿਆਰ ਨਹੀਂ ਤਾਂ ਅਸੀਂ ਸਰਕਾਰ ਵਿੱਚੋਂ ਬਾਹਰ ਆਉਣ ਦਾ ਫ਼ੈਸਲਾ ਕਰ ਲਿਆ।

ਕਾਂਗਰਸ ਪਾਰਟੀ ਦੀ ਟਰੈਕਟਰ ਪਰੇਡ ਲਈ ਤਿਆਰੀ

ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਇਸ ਨੂੰ ਕਿਸਾਨ ਅੰਦੋਲਨ ਦੀ ਬਜਾਏ ਕ੍ਰਾਂਤੀ ਦੱਸ ਰਹੇ ਹਨ।

ਉਨ੍ਹਾਂ ਕਿਹਾ ਕਿ ਕਿਸਾਨ ਦਿੱਲੀ ਦੇ ਬਾਰਡਰਾਂ ਉੱਤੇ ਬੈਠੇ ਹਨ ਇਹ ਫੌਜ ਦੇ ਜਵਾਨਾਂ ਤੋਂ ਘੱਟ ਨਹੀਂ ਹੈ।

ਉਨ੍ਹਾਂ ਕਿਹਾ, "ਇਸ ਅੰਦੋਲਨ ਨੇ ਪੂਰੇ ਦੇਸ ਦੇ ਲੋਕਾਂ ਦੀ ਅਣਖ ਜਗਾਈ ਹੈ। ਪੰਜਾਬ ਦੀ ਹਰ ਸਿਆਸੀ ਧਿਰ ਕਿਸਾਨ ਹਿਤੈਸ਼ੀ ਦਿਸਣ ਦੀ ਕੋਸ਼ਿਸ਼ ਕਰ ਰਹੀ ਹੈ।"

ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਬੀਜੇਪੀ ਦਾ ਏਜੰਟ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਕਿਸੇ ਸਮੇਂ ਭਾਜਪਾ ਨਾਲ ਸਾਂਝ ਸੀ ਉਹ ਹੁਣ ਖੁਦ ਨੂੰ ਕਿਸਾਨ ਹਿਤੈਸ਼ੀ ਦੱਸ ਰਹੀ। ਇਹ ਸਿਆਸੀ ਧਿਰਾਂ ਕਿਸਾਨੀ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।

ਉਨ੍ਹਾਂ ਐਨਆਈਏ ਵੱਲੋਂ ਕਿਸਾਨੀ ਅੰਦੋਲਨ ਨਾਲ ਜੁੜੇ ਲੋਕਾਂ ਨੂੰ ਸੰਮਨ ਭੇਜਣ ਦੀ ਥਾਂ ਬਾਲਾਕੋਟ ਹਮਲੇ ਦੀ ਜਾਣਕਾਰੀ ਵਟਸਐਪ ਚੈਟ ਰਾਹੀਂ ਲੀਕ ਕਰਨ ਵਾਲੇ ਇੱਕ ਨਿੱਜੀ ਚੈਨਲ ਦੇ ਐਂਕਰ ਨੂੰ ਸੰਮਨ ਭੇਜਣ ਦੀ ਅਪੀਲ ਕੀਤੀ।

ਕਾਂਗਰਸ ਪਾਰਟੀ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦਾ ਵੀ ਕਹਿਣਾ ਹੈ ਕਿ ਪਾਰਟੀ ਦੇ ਵਰਕਰ 26 ਜਨਵਰੀ ਦੀ ''ਟਰੈਕਟਰ ਪਰੇਡ'' ਵਿੱਚ ਸ਼ਾਮਲ ਹੋਣਗੇ। ਦਿੱਲੀ ਦੇ ਜੰਤਰ ਮੰਤਰ ਵਿਖੇ ਕਿਸਾਨੀ ਬਿੱਲਾਂ ਦੇ ਵਿਰੋਧ ਵਿੱਚ ਬੈਠੇ ਕੁਲਬੀਰ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਖੇਤੀ ਬਿੱਲਾਂ ਨੂੰ ਲੈ ਕੇ ਅੜੀਅਲ ਵਤੀਰਾ ਅਪਣਾਇਆ ਹੋਇਆ ਹੈ।

https://www.youtube.com/watch?v=xWw19z7Edrs&t=1s

ਕਾਂਗਰਸ ਪਾਰਟੀ ਦੇ ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਆਖਿਆ ਕਿ 29 ਫਰਵਰੀ ਤੋਂ ਸੰਸਦ ਦੇ ਸੈਸ਼ਨ ਵਿੱਚ ਪੰਜਾਬ ਤੋਂ ਕਾਂਗਰਸ ਪਾਰਟੀ ਦੇ ਐੱਮਪੀ ਖੇਤੀਬਾੜੀ ਬਿੱਲਾਂ ਦੇ ਵਿਰੋਧ ਕਰਨਗੇ।

ਡਿੰਪਾ ਨੇ ਆਖਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਦਿੱਲੀ ਦੇ ਜੰਤਰ ਮੰਤਰ ਉੱਤੇ ਕਿਸਾਨੀ ਬਿੱਲਾਂ ਦੇ ਵਿਰੋਧ ਵਿੱਚ ਧਰਨੇ ਉੱਤੇ ਬੈਠੇ ਹਨ, ਹੁਣ ਵਾਰੀ ਸੰਸਦ ਦੇ ਅੰਦਰ ਲੜਾਈ ਲੜਨ ਦੀ ਹੈ। ਉਨ੍ਹਾਂ ਆਖਿਆ ਕਿ ਜਦੋਂ ਸਰਕਾਰ ਖੇਤੀ ਕਾਨੂੰਨ ਵਾਪਸ ਨਹੀਂ ਕਰਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।

ਸਿਆਸੀ ਧਿਰਾਂ ਉੱਤੇ ਕਿਸਾਨ ਆਗੂਆਂ ਦੀ ਰਾਏ

ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘਵਾਲਾ ਦਾ ਕਹਿਣਾ ਹੈ ਕਿ ਕਿਸਾਨੀ ਅੰਦੋਲਨ ਦੇ ਕਾਰਨ ਸਿਆਸੀ ਪਾਰਟੀਆਂ ਦੀ ਜ਼ਮੀਨ ਖਿਸਕ ਗਈ ਹੈ। ਇਸ ਕਰ ਕੇ ਉਹ ਕਿਸਾਨ ਹਿਤੈਸ਼ੀ ਬਣ ਕੇ ਕਿਸੇ ਨਾ ਕਿਸੇ ਤਰੀਕੇ ਅੰਦੋਲਨ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਦੁਨੀਆਂ ਭਰ ਵਿੱਚ ਫੈਲ ਗਿਆ ਹੈ। ਹਰ ਕੋਈ ਇਸ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ। ਜਦੋਂ ਪਿਛਲੇ ਸਾਲ ਚਾਰ ਜੂਨ ਸਰਕਾਰ ਨੇ ਖੇਤੀ ਕਾਨੂੰਨ ਸਮੇਂ ਆਰਡੀਨੈਂਸ ਪਾਸ ਕੀਤਾ ਸੀ ਉਦੋਂ ਹੀ ਸਿਆਸੀ ਪਾਰਟੀ ਦਾ ਅਸਲ ਚਿਹਰਾ ਲੋਕਾਂ ਸਾਹਮਣੇ ਆ ਗਿਆ ਸੀ।

ਟਰੈਕਟਰ ਪਰੇਡ
Reuters

ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਵਿੱਚ ਕਿਸੇ ਵੀ ਸਿਆਸੀ ਪਾਰਟੀ ਦੇ ਆਗੂਆਂ ਦੇ ਆਉਣ ਦੀ ਮਨਾਹੀ ਹੈ ਪਰ ਜੇਕਰ ਕੋਈ ਸਿਆਸਤ ਦੀ ਥਾਂ ਕਿਸਾਨੀ ਝੰਡਾ ਲੈ ਕੇ ਅੰਦੋਲਨ ਵਿੱਚ ਆਉਣਾ ਚਾਹੁੰਦਾ ਹੈ ਤਾਂ ਸ਼ਾਮਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਤਾਂ ਮੰਚ ਤੋਂ ਬੋਲਣ ਵੀ ਨਹੀਂ ਦਿੱਤਾ ਜਾਵੇਗਾ।

ਪੰਜਾਬ ਦੀ ਸਿਆਸੀ ਨਬਜ਼ ਨੂੰ ਚੰਗੀ ਤਰਾਂ ਸਮਝਣ ਵਾਲੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਦਾ ਕਹਿਣਾ ਹੈ, "ਅਸਲ ਵਿੱਚ ਪੰਜਾਬ ਵਿੱਚ 2022 ਵਿੱਚ ਵਿਧਾਨ ਸਭਾ ਚੋਣਾਂ ਹਨ। ਇਸ ਕਰਕੇ ਹਰ ਸਿਆਸੀ ਪਾਰਟੀ ਇਸ ਕੋਸ਼ਿਸ਼ ਵਿੱਚ ਲੱਗੀ ਹੋਈ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਅੰਦੋਲਨ ਵਿੱਚ ਵੜਿਆ ਜਾਵੇ, ਕਿਸਾਨੀ ਅੰਦੋਲਨ ਦੀ ਥਾਂ ਸਿਆਸੀ ਪਾਰਟੀਆਂ ਦਾ ਮਸਲਾ ਵੋਟਾਂ ਦਾ ਹੈ।"

ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਵਿੱਚ ਕਿਸੇ ਵੀ ਸਿਆਸੀ ਧਿਰ ਦੀ ਕੋਈ ਭੂਮਿਕਾ ਨਹੀਂ ਹੈ, ਕਿਸਾਨੀ ਅੰਦੋਲਨ ਬਹੁਤ ਵੱਡਾ ਰੂਪ ਲੈ ਚੁੱਕਾ ਹੈ।

ਇਹ ਵੀ ਪੜ੍ਹੋ:

ਬਾਕੀ ਮੁੱਦਿਆਂ ਦੀ ਥਾਂ ਇਸ ਮੁਹਿੰਮ ਦਾ ਸਭ ਤੋਂ ਵੱਧ ਪ੍ਰਭਾਵ 2022 ਦੀਆਂ ਸੂਬਾਈ ਵਿਧਾਨ ਸਭਾ ਚੋਣਾਂ ਵਿੱਚ ਹੋਵੇਗਾ, ਇਸ ਕਰਕੇ ਸਿਆਸੀ ਪਾਰਟੀਆਂ ਅੰਦੋਲਨ ਤੋਂ ਖੁਦ ਨੂੰ ਵੱਖ ਨਹੀਂ ਕਰ ਰਹੀਆਂ ਅਤੇ ਇਸੀ ਕਰਕੇ ਭਾਜਪਾ ਨੂੰ ਛੱਡ ਕੇ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਦੀ ਗੱਲ ਕਹਿ ਰਹੀਆਂ ਹਨ।

ਜਗਤਾਰ ਸਿੰਘ ਮੁਤਾਬਕ ਕਿਸਾਨ ਜਥੇਬੰਦੀਆਂ ਪਹਿਲਾਂ ਹੀ ਸਿਆਸੀ ਧਿਰਾਂ ਨੂੰ ਅੰਦੋਲਨ ਤੋਂ ਦੂਰ ਰਹਿਣ ਬਾਰੇ ਕਹਿ ਚੁੱਕੀਆਂ ਹਨ ਕਿਉਂਕਿ ਕਿਸਾਨ ਨਹੀਂ ਚਾਹੁੰਦੇ ਕਿ ਸਿਆਸੀ ਧਿਰ ਉਨ੍ਹਾਂ ਦੇ ਸਿਰ ਉੱਤੇ ਕੇਂਦਰ ਸਰਕਾਰ ਨਾਲ ਕੋਈ ਸੌਦਾ ਕਰਨ। ਇਸ ਕਰਕੇ ਉਹ ਇਨ੍ਹਾਂ ਨੂੰ ਅੰਦੋਲਨ ਤੋਂ ਦੂਰ ਰੱਖ ਰਹੀਆਂ ਹਨ।

ਇਹ ਵੀਡੀਓ ਵੀ ਦੇਖੋ:

https://www.youtube.com/watch?v=NFjaekT-E40

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''dd2722fc-992f-474e-9964-dacdf61fe3d1'',''assetType'': ''STY'',''pageCounter'': ''punjabi.india.story.55770805.page'',''title'': ''ਕਿਸਾਨ ਅੰਦੋਲਨ: 26 ਜਨਵਰੀ ਦੀ ਦਿੱਲੀ ਪਰੇਡ ਲਈ ਪੰਜਾਬ ਦੀਆਂ ਸਿਆਸੀ ਧਿਰਾਂ ਕਿਉਂ ਪਾਉਣ ਲੱਗੀਆਂ ਟਰੈਕਟਰਾਂ ਦੇ ਗੇਅਰ'',''author'': ''ਸਰਬਜੀਤ ਧਾਲੀਵਾਲ'',''published'': ''2021-01-23T01:40:59Z'',''updated'': ''2021-01-23T01:40:59Z''});s_bbcws(''track'',''pageView'');

Related News