26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਬਾਰੇ ਅਫਵਾਹਾਂ ਦਾ ਕਿਸਾਨ ਆਗੂਆਂ ਨੇ ਕੀ ਦਿੱਤਾ ਜਵਾਬ

Saturday, Jan 16, 2021 - 03:04 PM (IST)

26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਬਾਰੇ ਅਫਵਾਹਾਂ ਦਾ ਕਿਸਾਨ ਆਗੂਆਂ ਨੇ ਕੀ ਦਿੱਤਾ ਜਵਾਬ
ਟਰੈਕਟਰ
BBC

ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਦੇ ਗਣਤੰਤਰ ਦਿਵਸ (26 ਜਨਵਰੀ) ਮੌਕੇ ਹੋਣ ਦਿੱਲੀ ਵਿਚ ਕਿਸਾਨ ਟਰੈਕਟਰ ਪਰੇਡ ਕਰਨ ਦਾ ਐਲਾਨ ਕੀਤਾ ਗਿਆ ਹੈ। ਕਿਸਾਨ ਜਥੇਬੰਦੀਆਂ ਬੈਠਕ ਕਰਕੇ ਸ਼ਨੀਵਾਰ ਨੂੰ ਕਿਸਾਨ ਟਰੈਕਟਰ ਮਾਰਚ ਦੇ ਰੂਟ ਅਤੇ ਸਰੂਪ ਦੀ ਰੂਪ ਰੇਖਾ ਤਿਆਰ ਕਰ ਰਹੀਆਂ ਹਨ।

ਕਿਸਾਨਾਂ ਵੱਲੋਂ ਸਿਰਫ਼ ਪਰੇਡ ਦਾ ਐਲਾਨ ਕੀਤਾ ਗਿਆ ਸੀ ਪਰ ਇਸ ਦੇ ਸਰੂਪ ਅਤੇ ਰੂਟ ਬਾਰੇ ਕੁਝ ਸਾਫ਼ ਨਹੀਂ ਕੀਤਾ ਗਿਆ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਨਾਲ 15 ਜਨਵਰੀ ਨਾਲ ਹੋਣ ਵਾਲੀ ਬੈਠਕ ਤੋਂ ਬਾਅਦ ਹੀ ਇਸ ਬਾਰੇ ਕੋਈ ਸਪਸ਼ਟ ਐਲਾਨ ਕੀਤਾ ਜਾਵੇਗਾ।

ਕਿਸੇ ਸਪਸ਼ਟ ਪ੍ਰੋਗਰਾਮ ਦੀ ਅਣਹੋਂਦ ਵਿੱਚ ਜਿੱਥੇ ਇੱਕ ਪਾਸੇ ਇਸ ਸੰਭਾਵੀ ਪਰੇਡ ਲਈ ਕਿਸਾਨਾਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਉੱਥੇ ਹੀ ਕਈ ਕਿਸਮ ਦੀਆਂ ਧਾਰਨਾਵਾਂ ਅਤੇ ਅਫ਼ਵਾਹਾਂ ਜ਼ੋਰ ਫੜ ਰਹੀਆਂ ਹਨ।

ਇਹ ਵੀ ਪੜ੍ਹੋ :

ਸੋਸ਼ਲ ਮੀਡੀਆ ਉੱਤੇ ਕਿਸਾਨਾਂ ਵੱਲ਼ੋਂ ਇਸ ਪਰੇਡ ਵਿੱਚ ਸ਼ਾਮਲ ਹੋਣ ਲਈ ਟਰੈਕਟਰਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਮੋਡੀਫਾਈ ਕਰਵਾਏ ਜਾਣ ਬਾਰੇ ਬਹੁਤ ਸਾਰੀਆਂ ਵੀਡੀਓ ਸਾਹਮਣੇ ਆਉਂਦੀਆਂ ਹਨ।

ਵੀਡੀਓ ਵਿੱਚ ਕਿਸਾਨ ਦਾਅਵੇ ਕਰਦੇ ਦੇਖੇ ਜਾ ਸਕਦੇ ਹਨ ਕਿ ਉਹ ਕਿਸੇ ਵੀ ਹਾਲਤ ਵਿੱਚ ਦਿੱਲੀ ਪਹੁੰਚਣਗੇ ਅਤੇ ਉਨ੍ਹਾਂ ਦੇ ਟਰੈਕਟਰ ਕਿਸੇ ਵੀ ਤਰ੍ਹਾਂ ਰੁਕਣਗੇ ਨਹੀਂ ਅਤੇ ਪਰੇਡ ਹੋ ਕੇ ਰਹੇਗੀ।

ਅਜਿਹੀ ਸਥਿਤੀ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਜਿੱਥੇ ਪਰੇਡ ਅਤੇ ਅੰਦੋਲਨ ਨੂੰ ਸ਼ਾਂਤਮਈ ਰੱਖਣ ਬਾਰੇ ਕਿਹਾ ਜਾ ਰਿਹਾ ਹੈ। ਉੱਥੇ ਵੱਖ-ਵੱਖ ਬਿਆਨ ਵੀ ਸਾਹਮਣੇ ਆ ਰਹੇ ਹਨ, ਜਿਨ੍ਹਾਂ ਨਾਲ ਸ਼ਸ਼ੋਪੰਜ ਹੋਰ ਵਧਦੀ ਨਜ਼ਰ ਆਉਂਦੀ ਹੈ।

ਆਓ ਨਜ਼ਰ ਮਾਰਦੇ ਹਾਂ ਕਿਸਾਨ ਆਗੂਆਂ ਦੇ ਵੱਖੋ-ਵੱਖ ਬਿਆਨਾਂ ਉੱਪਰ-

ਕਿਸਾਨ ਆਗੂ ਬਲਦੇਵ ਸਿੰਘ ਸਿਰਸਾ

ਸਿਰਸਾ ਨੇ ਇੱਕ ਸੋਸ਼ਲ ਮੀਡੀਆ ਖ਼ਬਰ ਚੈਨਲ ਨੂੰ ਕਿਹਾ,"(ਅਸੀਂ) ਬੋਲ ਚੁੱਕੇ ਹਾਂ ਕਿ ਟਰੈਕਟਰਾਂ ਦੇ ਅੱਗੇ ਕਿਸੇ ਕਿਸਮ ਦਾ ਜੰਗਲਾ ਨਹੀਂ ਲਾਉਣਾ ਚਾਹੇ ਉਹ ਆਪਣੇ ਬਚਾਅ ਲਈ ਹੈ ਚਾਹੇ ਕੋਈ ਹੋਰ ਕਿਸੇ ਲਈ। ਅਸੀਂ ਉਹ ਨਹੀਂ ਕਰਨਾ। ਅਸੀਂ ਪੀਸਫੁਲ ਸ਼ੁਰੂ ਕੀਤਾ ਸੀ, ਪੀਸਫੁਲ ਰਿਹਾ,ਪੀਸਫੁਲ ਅਸੀਂ ਇਸ ਨੂੰ ਰੱਖਣਾ ਹੈ।"

ਟਰੈਕਟਰਾਂ ਦੇ ਵੱਡੀ ਗਿਣਤੀ ਵਿੱਚ ਦਿੱਲੀ ਆਉਣ ਬਾਰੇ ਉਨ੍ਹਾਂ ਨੇ ਕਿਹਾ ਕਿ ਅਜਿਹਾ ਹੋਣਾ ਕੁਦਰਤੀ ਹੈ।

ਬਲਬੀਰ ਸਿੰਘ ਰਾਜੇਵਾਲ

48ਵੇਂ ਦਿਨ ਸਿੰਘੂ ਬਾਰਡਰ ਦੀ ਸਟੇਜ ਤੋਂ ਬੋਲਦਿਆਂ ਰਾਜੇਵਾਲ ਨੇ ਟਰੈਕਟਰਾਂ ਬਾਰੇ ਕਿਹਾ,"26 ਜਨਵਰੀ ਦਾ ਪ੍ਰੋਗਰਾਮ ਕੋਈ ਆਖ਼ਰੀ ਪ੍ਰੋਗਾਰਾਮ ਨਹੀਂ ਕਿਉਂਕਿ 26 ਜਨਵਰੀ ਇੱਕ ਅਹਿਮ ਦਿਨ ਹੈ ਹਿੰਦੁਸਤਾਨ ਦੇ ਇਤਿਹਾਸ ਦਾ ਅਸੀਂ ਉਸ ਤਰੀਕ ਤੱਕ ਦੇ ਪ੍ਰੋਗਰਾਮ ਤੈਅ ਕੀਤੇ। ਕਿ ਸਰਕਾਰ ਨੂੰ ਪਤਾ ਹੋਏ ਅਸੀਂ ਦਬਾਅ ਖੜ੍ਹਾ ਕਰਾਂਗੇ ਸਰਕਾਰ ਦੇ ਉੱਤੇ ਕਿ ਤੁਸੀਂ ਛੇਤੀ ਮੰਨ ਜਾਓ ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਇੱਥੋਂ ਭੱਜਣ ਵਾਲੇ ਹਾਂ।"

"26 ਜਨਵਰੀ ਦੇ ਪ੍ਰੋਗਰਾਮ ਨੂੰ ਸਾਡੇ ਜਿਹੜੇ ਵਿਰੋਧੀ ਨੇ, ਉਨ੍ਹਾਂ ਨੇ ਇਸ ਤਰ੍ਹਾਂ ਪ੍ਰਚਾਰ ਦਿੱਤਾ ਜਿਵੇਂ ਇਹ ਦੇਸ਼ ਦੇ ਉੱਤੇ ਹਮਲਾ ਕਰਨ ਵਾਲਾ ਪ੍ਰੋਗਰਾਮ ਹੋਵੇ। ਇਸ ਤਰ੍ਹਾਂ ਪ੍ਰਚਾਰ ਦਿੱਤਾ ਜਿਵੇਂ 26 ਜਨਵਰੀ ਆਖ਼ਰੀ ਪ੍ਰੋਗਰਾਮ ਹੋਵੇ।"

"26 ਜਨਵਰੀ ਨੂੰ ਇਸ ਤਰ੍ਹਾਂ ਕਹਿ ਦਿੱਤਾ। ਕੁਝ ਲੋਕ ਕਹਿਣ ਲੱਗ ਪਏ, ਆਪਣੇ-ਆਪ ਬਣਾ ਕੇ ਮੈਨੂੰ ਤਾਂ ਸਮਝ ਨਹੀਂ ਆਉਂਦੀ।"

"ਜ਼ਿੰਮੇਵਾਰੀ ਤਾਂ ਜਿਹੜੇ ਅਸੀਂ ਇੱਥੇ 32 ਕਿਸਾਨ ਜਥੇਬੰਦੀਆਂ ਦੇ ਆਗੂ ਨੇ ਇਨ੍ਹਾਂ ਦੇ ਮੋਢਿਆਂ ’ਤੇ ਐ। ਉਨ੍ਹਾਂ ਦੀ ਨੀਂਦ ਹਰਾਮ ਕਰ ਦਿੱਤੀ ਵਿਰੋਧੀਆਂ ਨੇ ਜਦੋਂ ਇਹ ਕਹਿਣ ਲੱਗ ਪਏ ਕਿ ਲਾਲ ਕਿਲੇ ਤੇ ਝੰਡਾ ਚੜ੍ਹਾਉਣਾ ਹੈ।"

https://www.youtube.com/watch?v=RURK1OAqIas

"ਉਹ ਭਲੇ ਮਾਣਸੋ! ਬਗ਼ਾਵਤ ਕਰਨ ਆਏ ਆਂ ਅਸੀਂ ਏਥੇ? ਅਸੀਂ ਅੰਦੋਲਨ ਕਰਨ ਆਏ ਹਾਂ। ਅਸੀਂ ਕੋਈ ਪੁਲੀਟੀਕਲ ਪਾਰਟੀ ਨਹੀਂ। ਅਸੀਂ ਕਿਸਾਨਾਂ ਦਾ ਅੰਦੋਲਨ ਕਿਸਾਨਾਂ ਵਾਸਤੇ ਲੜ ਰਹੇ ਹਾਂ। ਕਿਸੇ ਨੇ ਲਾਲ ਕਿਲੇ ਉੱਪਰ ਝੰਡਾ ਚੜ੍ਹਾਉਣ ਦੀ ਗੱਲ ਨਹੀਂ ਕਹੀ।"

ਪੋਸਟਾਂ ਪੈਣ ਲੱਗ ਗਈਆਂ। ਇੱਥੋਂ ਹੀ ਕੋਈ ਭਾਵੁਕ ਹੋ ਕੇ, ਸਾਡੇ ਵਿੱਚੋਂ ਹੀ ਕੋਈ ਕਹਿ ਗਿਆ। ਜਿਸ ਦੀ ਸਾਨੂੰ ਕੱਲ ਕਲਾਸ ਲਾਉਣੀ ਪੈ ਗਈ- ਬਈ ਅਸੀਂ ਪਾਰਲੀਮੈਟ ਤੇ ਕਬਜ਼ਾ ਕਰ ਲੈਣਾ ਹੈ।"

"ਅਸੀਂ ਕੱਲ ਉਸ ਨੂੰ ਪੁੱਛਿਆ, ਬਈ ਸਾਨੂੰ ਤਾਂ ਦੱਸ ਦੇ ਕਿਹੜੀ ਮੀਟਿੰਗ ਵਿੱਚ ਇਹ ਫ਼ੈਸਲਾ ਹੋਇਆ ਤੂੰ ਪਾਰਲੀਮੈਂਟ ਤੇ ਕਬਜ਼ਾ ਕਰਨ ਜਾਣੈ।"

ਉਨ੍ਹਾਂ ਨੇ ਕਿਹਾ,"ਈਮਾਨਦਾਰੀ ਦੀ ਗੱਲ ਹੈ, ਸਾਡਾ ਇੱਕ ਇਖ਼ਲਾਕੀ ਫ਼ਰਜ਼ ਹੈ ਕਿ ਤੁਸੀਂ ਸਾਰੇ ਸਾਡੇ ਸੱਦੇ ਤੇ ਆਏ ਹੋ ਇੱਥੇ, ਅਸੀਂ ਇੱਥੋਂ ਜਿੱਤ ਕੇ ਵੀ ਜਾਈਏ ਤੇ ਤੁਹਾਨੂੰ ਝਰੀਟ ਵੀ ਨਾ ਆਵੇ। ਸਾਡੀ ਇਹ ਜ਼ਿੰਮੇਵਾਰੀ ਹੈ।"

ਇਹ ਅੰਦੋਲਨ ਸ਼ਾਂਤਮਈ ਰਿਹੈ,ਸ਼ਾਂਤਮਈ ਹੈ, ਸ਼ਾਂਤਮਈ ਰਹੇਗਾ। ਹਾਲੇ ਅਸੀਂ ਇਸ ਦੀ ਰੂਪ-ਰੇਖਾ 26 ਤਰੀਕ ਦੀ ਤੈਅ ਕਰਨੀ ਹੈ।"

ਸਰਕਾਰ ਤੇ ਦਬਾਅ ਬਣਿਆ ਰਹਿਣ ਦੋ। ਪੰਦਰਾਂ ਤਰੀਕ ਦੀ ਮੀਟਿੰਗ ਦੇ ਬਾਅਦ ਦੇਖਾਂਗੇ ਕਿਹੜੇ ਢੰਗ ਨਾਲ ਕਿਸਾਨ ਪਰੇਡ ਕਰਨੀ ਹੈ।"

ਉਨ੍ਹਾਂ ਸਪਸ਼ਟ ਕੀਤਾ ਕਿ 26 ਜਨਵਰੀ ਕਿਸਾਨ ਅੰਦੋਲਨ ਦਾ ਇੱਕ ਪੜਾਅ ਹੈ।

ਉਨ੍ਹਾਂ ਨੇ ਪੁੱਛਿਆ, “ਕਿਸ ਨੇ ਕਿਹਾ ਹੈ ਕਿ ਤੁਹਾਨੂੰ ਕਿ ਬੈਰੀਕੇਡ ਤੋੜਨ ਲਈ ਟਰੈਕਟਰਾਂ ਉੱਪਰ ਜੁਗਾੜ ਫਿੱਟ ਕਰਨ ਲੱਗ ਜਾਓ। ਲੱਖ-ਲੱਖ ਰੁਪਏ ਦੇ ਜੁਗਾੜ ਫਿੱਟ ਕਰਾ ਰਹੇ ਨੇ। ਇਹ ਕਿਸ ਦੀ ਸ਼ਰਾਰਤ ਹੈ?"

"ਸਾਨੂੰ ਸੁਪਰੀਮ ਕੋਰਟ ਵਿੱਚ ਇੱਕ ਹੋਰ ਕੇਸ ਹੋ ਗਿਆ ਕਿ ਇਨ੍ਹਾਂ ਨੂੰ 26 ਜਨਵਰੀ ਨੂੰ ਦਿੱਲੀ ਜਾਣ ਤੋਂ ਰੋਕੇ। ਸਰਕਾਰ ਵਾਲਿਆਂ ਨੇ ਅਦਾਲਤ ਵਿੱਚ ਕਿਹਾ ਕਿ ਇਨ੍ਹਾਂ ਵਿੱਚ ਖ਼ਾਲਿਸਤਾਨੀ ਆ ਗਏ। ਇਨ੍ਹਾਂ ਨੂੰ ਵਿਦੇਸ਼ਾਂ ਤੋਂ ਪੈਸਾ ਆਉਂਦਾ ਹੈ। ਇਨ੍ਹਾਂ ਵਿੱਚ ਭੰਨ-ਤੋੜ ਕਰਨ ਵਾਲੇ ਆ ਗਏ। ਇਹ ਦਿੱਲੀ ਨੂੰ ਹਾਈਜੈਕ ਕਰਨਗੇ। ਪਤਾ ਨਹੀਂ ਕੀ ਕੁਝ ਇਲਜ਼ਾਮ ਉਨ੍ਹਾਂ ਨੇ ਸਾਡੇ ਤੇ ਲਾ ਕੇ ਪਟੀਸ਼ਨ ਪਾਈ ਹੈ, ਸੁਪਰੀਮ ਕੋਰਟ ਵਿੱਚ।"

ਜਿਸ ਦੇ ਜਵਾਬ ਵਿੱਚ "ਸੁਪਰੀਮ ਕੋਰਟ ਨੇ ਕਿਹਾ, ''ਅਸੀਂ ਨਹੀਂ ਮੰਨਦੇ ਵੀ ਇਨ੍ਹਾਂ ਵਿੱਚ ਖ਼ਾਲਿਤਾਨੀ ਆਏ ਨੇ, ਜੇ ਖ਼ਾਲਿਸਤਾਨੀ ਆਏ ਨੇ ਤਾਂ ਪੁਲਿਸ ਫੜ ਲਵੇ। ਇਨ੍ਹਾਂ ਨੂੰ ਕਿਉਂ ਸਾਰਿਆਂ ਨੂੰ ਖ਼ਾਲਿਸਤਾਨੀ ਦਸਦੇ ਹੋ?"

"ਇਨ੍ਹਾਂ (ਸਰਕਾਰ) ਨੇ ਕਿਹਾ ਇਨ੍ਹਾਂ ਵਿੱਚ ਅੱਤਵਾਦੀ ਆ ਗਏ ਸੁਪਰੀਮ ਕੋਰਟ ਨੇ ਕਿਹਾ ਜੇ ਅੱਤਵਾਦੀ ਆ ਗਏ ਫੜੋ ਤੁਸੀਂ। ਇਨ੍ਹਾ ਨੂੰ ਕਿਉਂ ਅੱਤਵਾਦੀ ਕਹਿੰਦੇ ਹੋ ਸਾਰਿਆਂ ਨੂੰ।"

“ਭਰਾਓ ਜੇ ਕੁਝ ਹੋ ਗਿਆ ਕਿਸੇ ਨੇ ਕੁਝ ਕਹਿ ਦਿੱਤਾ ਕਿਸੇ ਨੇ ਕਿਸੇ ਨੂੰ ਕੁਝ ਨਹੀਂ ਕਹਿਣਾ, ਸਾਨੂੰ ਕਿਸੇ ਨੇ ਬਖ਼ਸ਼ਣਾ ਨਹੀਂ। ਅਸੀਂ ਜਿਹੜੇ ਬੱਤੀ ਹਾਂ, ਸਾਨੂੰ ਕੋਈ ਰਾਹ ਨਹੀਂ ਲੱਭਣਾ, ਜੇ ਕੋਈ ਗ਼ਲਤ ਕਦਮ ਚੱਕਿਆ ਗਿਆ।"

ਡਾ਼ ਸਤਨਾਮ ਸਿੰਘ ਅਜਨਾਲਾ

ਡਾ਼ ਸਤਨਾਮ ਸਿੰਘ ਅਜਨਾਲਾ ਨੇ 26 ਜਨਵਰੀ ਬਾਰੇ ਬੋਲਦਿਆਂ ਕਿਹਾ,"26 ਜਨਵਰੀ ਨੂੰ ਦਾ ਮੈਂ ਕਹਿ ਨਹੀਂ ਸਕਦਾ ਪਰ ਸਾਡਾ ਇਹ ਹੈਗਾ ਵੀ ਪਰੇਡ ਕਰਨੀ ਹੈ, ਬੜੀ ਸ਼ਾਂਤੀਪੂਰਨ। (ਪਰ) ਉਸ ਦਾ ਕੀ ਤਰੀਕਾ ਹੈ, ਕਿਸ ਤਰ੍ਹਾਂ ਚੱਲਣਾ ਹੈ, ਇਹ ਅਸੀਂ 15 ਤਰੀਕ ਦੀ ਬੈਠਕ ਤੋਂ ਬਾਅਦ ਵਿੱਚ ਫ਼ੈਸਲਾ ਕਰਾਂਗੇ।"

ਪਰੇਡ ਦੇ ਸਥਾਨ ਬਾਰੇ ਉਨ੍ਹਾਂ ਨੇ ਕਿਹਾ," ਇਹ ਅਸੀਂ 15 ਤੋਂ ਬਾਅਦ ਦੱਸਾਂਗੇ, ਪੂਰਾ ਪੇਪਰ ਅਸੀਂ ਦੇਵਾਂਗੇ

ਕੇ ਪਰੇਡ ਕਿਸ ਤਰ੍ਹਾਂ ਕਰਨੀ ਹੈ ਸਾਡਾ ਕੰਮ ਸਾਰਾ ਪੁਰਅਮਨ ਹੋਣਾ ਹੈ। ਐਵੇਂ ਜਿਹੜਾ ਬਣਇਆ ਵੀ 26 ਜਨਵਰੀ ਨੂੰ ਪਤਾ ਨਹੀਂ ਕੀ ਹੈ ਕਿ ਆਰ ਪਾਰ ਦੀ ਲੜਾਈ ਹੈ, ਪਾਰਲੀਮੈਂਟ ਘੇਰ ਲੈਣੀ ਪਤਾ ਨਹੀਂ ਲਾਲ ਕਿਲੇ ਤੇ ਚੜ੍ਹ ਜਾਣਾ, ਨਾ-ਨਾ।"

ਟਰੈਕਟਰਾਂ ਨੂੰ ਮੋਡੀਫਾਈ ਕਰਵਾਏ ਜਾਣ ਦੇ ਰੁਝਾਨ ਬਾਰੇ ਉਨ੍ਹਾਂ ਨੇ ਕਿਹਾ," ਉਹ ਕੱਲ ਇੱਥੇ ਰਾਜੇਵਾਲ ਨੇ ਵੀ ਕਹਿ ਦਿੱਤਾ ਮੈਂ ਵੀ ਕਹਿ ਦਿੱਤਾ। ਮੈਂ ਵੀ ਕਹਿ ਦਿੱਤਾ, ਕਿ ਬਿਲਕੁਲ ਗਲਤ ਗੱਲ ਹੈ। ਮੀਟਿੰਗ ਵਿੱਚ ਉਸ ਨੂੰ ਕੰਡੈਮ ਕਰਦੇ ਹਾਂ।"

ਉਨ੍ਹਾਂ ਨੇ ਕਿਹਾ ਇਸ ਤਰ੍ਹਾਂ ਦਾ ਕੋਈ ਪ੍ਰਗੋਰਾਮ ਨਹੀਂ "ਕੋਈ ਕਿਸੇ ਕਿਸਮ ਦੀ ਕੁਹਾੜੀ ਨਾ ਲੈ ਕੇ ਆਵੇ, ਕੋਈ ਬਰਛਾ ਨਾ ਲੈ ਕੇ ਆਵੇ। ਆਪਣਾ ਝੰਡਾ ਤੇ ਡੰਡਾ ਬੱਸ।"

ਪੁਲਿਸ ਵੱਲੋਂ ਤਾਕਤ ਦੀ ਵਰਤੋਂ ਬਾਰੇ ਉਨ੍ਹਾਂ ਨੇ ਸਪਸ਼ਟ ਕੀਤਾ,"ਜੇ ਕੁੱਟਿਆ, ਉਹ ਲੋਕਾਂ ਨੇ ਸਾਡਾ ਸਾਡਾ ਗੁਰੂ ਤੇਗ ਬਹਾਦਰ ਸਾਹਿਬ ਹੈ। ਉਸ ਦਾ ਸੀਸ ਲਾਹਿਆ, ਲੋਕ ਚਰਖੜੀਆਂ ਤੇ ਚੜ੍ਹੇ, ਦੇਗਾਂ ਵਿੱਚ ਉਬਾਲੇ ਗਏ, ਲੋਕਾਂ ਸੀਅ ਨਹੀਂ ਕੀਤੀ। ਅਸੀਂ ਵੀ ਉਨ੍ਹਾਂ ਦੇ ਰਾਹ ਦੇ ਉੱਤੇ ਹੀ ਚੱਲਾਂਗੇ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਗੁਰਨਾਮ ਸਿੰਘ ਚੜੂਨੀ

ਹਰਿਆਣੇ ਤੋਂ ਕਿਸਾਨ ਆਗੂ ਗੁਰਨਾਮ ਸਿੰਘ ਨੇ ਛੱਬੀ ਜਨਵਰੀ ਬਾਰੇ ਇੱਕ ਚੈਨਲ ਨੂੰ ਕਿਹਾ, "26 ਜਨਵਰੀ ਨੂੰ ਇਹ ਫ਼ੈਸਲਾ ਮੀਟਿੰਗ ਵਿੱਚ ਹੋਣਾ ਸੀ ਪਰ ਹਾਲੇ ਹੋਇਆ ਨਹੀਂ। ਕੀ ਤਿਆਰੀ ਹੈ ਸਾਨੂੰ ਕੀ ਕਰਨਾ ਪਏਗਾ,ਦਿਸ਼ਾ ਨਿਰਦੇਸ਼।ਇਹ ਸਾਡੀ ਕਮਜ਼ੋਰੀ ਹੈ ਅਸੀਂ ਹਾਲੇ ਤੱਕ ਦੇ ਨਹੀਂ ਸਕੇ।"

ਟਰੈਕਟਰਾਂ ਦੇ ਦਿੱਲੀ ਵਿੱਚ ਦਾਖ਼ਲੇ ਬਾਰੇ ਉਨ੍ਹਾਂ ਨੇ ਕਿਹਾ," ਇਹ ਅਸੀਂ ਲੋਕਾਂ ਨੂੰ ਦੱਸ ਨਹੀਂ ਸਕੇ, ਇਹ ਸਾਡੀ ਸਹਿਮਤੀ ਹੀ ਨਹੀਂ ਬਣੀ।"

ਉਨ੍ਹਾਂ ਨੇ ਅੱਗੇ ਕਿਹਾ, "ਸ਼ਾਂਤਮਈ ਤਾਂ ਰੱਖਣਾ ਚਾਹੀਦਾ ਹੈ (ਪਰ) ਜੇ ਅਸੀਂ ਰੋਕ ਹੀ ਨਾ ਤੋੜੀ ਤਾਂ ਧੂਫ਼ ਦੇਣ ਨੂੰ ਬੁਲਾਉਣੇ ਹਨ। ਜੇ ਅਸੀਂ ਬੈਰੀਕੇਡ ਤੋੜੀਏ ਹੀ ਨਾ ਤਾਂ ਫਿਰ ਕਾਹਦੇ ਲਈ ਬੁਲਾ ਰਹੇ ਹਾਂ ਲੋਕਾਂ ਨੂੰ, ਐਵੇਂ ਬੇਇਜ਼ਤੀ ਕਰਵਾਉਣ ਨੂੰ।"

ਯੋਗਿੰਦਰ ਯਾਦਵ

ਯੋਗਿੰਦਰ ਯਾਦਵ ਨੇ ਰੋਜ਼ਾਨਾ ਸਪੋਕਸਮੈਨ ਨੂੰ ਕਿਹਾ," 26 ਜਨਵਰੀ ਨੂੰ ਅਸੀਂ ਟਰੈਕਟਰ ਮਾਰਚ ਨੂੰ ਅਸੀਂ ਟਰੈਕਟਰ ਮਾਰਚ ਦਾ ਐਲਾਨ ਕੀਤਾ ਹੈ। ਟਰੈਕਟਰ ਮਾਰਚ ਬਾਕਾਦਾ ਹੋਵੇਗਾ। ਕਿੱਥੇ ਹੋਵੇਗਾ, ਕਿਵੇਂ ਹੋਵੇਗਾ? ਤੁਹਾਨੂੰ ਦੋ-ਚਾਰ ਦਿਨਾਂ ਵਿੱਚ ਦੱਸ ਦਿੱਤਾ ਜਾਵੇਗਾ।"

"ਲੇਕਿਨ ਇੱਕ ਗੱਲ ਮੈਂ ਦੱਸ ਦੇਵਾਂ ਜੋ ਕੁਝ ਵੀ ਹੋਵੇਗਾ ਪੂਰੀ ਤਰ੍ਹਾਂ ਸ਼ਾਂਤੀਪੂਰਣ ਹੋਵੇਗਾ। ਇਸ ਦੇਸ਼ ਦੀ ਰਿਪਬਲਿਕ ਡੇ ਪਰੇਡ ਸਾਡੀ ਇਜ਼ਤ ਦਾ ਮਾਮਲਾ ਹੈ। ਉਸ ਵਿੱਚ ਕੋਈ ਵਿਘਨ ਨਹੀਂ ਪਾਇਆ ਜਾਵੇਗਾ। ਇਸ ਦੇਸ਼ ਦੀ ਕਿਸੇ ਬਿਲਡਿੰਗ ਉੱਪਰ ਅਸੀਂ ਧਾਵਾ ਨਹੀਂ ਬੋਲਣ ਵਾਲੇ। ਇਙ ਸਭ ਸ਼ਾਂਤੀਪੂਰਣ ਤੇ ਵਧੀਆ ਤਰੀਕੇ ਨਾਲ ਹੋਵੇਗਾ।"

ਇਸ ਪਰੇਡ ਨੂੰ ਰੋਕਣ ਲਈ ਦਾਖ਼ਲ ਅਪੀਲ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਨੇ ਕਿਹਾ," ਪਤਾ ਨਹੀਂ, ਕੀ ਇਸ ਦੇਸ਼ ਦਾ ਗਣ ਜਾਣੀ ਕਿਸਾਨ ਗਣਤੰਤਰ ਦਿਵਸ ਨਹੀਂ ਮਨਾ ਸਕਦਾ। ਕੀ ਤਿਰੰਗਾ ਚੁੱਕਣਾ ਸਿਰਫ਼ ਜਵਾਨ ਦਾ ਕੰਮ ਹੈ, ਕਿਸਾਨ ਤਿਰੰਗਾ ਨਹੀਂ ਚੁੱਕ ਸਕਦਾ? ਅਸੀਂ ਤਿਰੰਗੇ ਨੂੰ ਇੱਕ ਇੰਚ ਥੱਲੇ ਨਹੀਂ ਹੋਣ ਦਿੰਦੇ, ਉਸ ਨੂੰ ਦੋ ਇੰਚ ਉੱਪਰ ਹੀ ਕਰੇਗਾ ਕਿਸਾਨ। ਇਸ ਵਿੱਚ ਕੀ ਬੁਰੀ ਗੱਲ ਹੈ, ਮੈਂ ਤਾਂ ਹੈਰਾਨ ਹਾਂ ਇਸ ਤਰ੍ਹਾਂ ਲੋਕ ਘਬਰਾਏ ਹੋਏ ਹਨ।"

ਬੈਰੀਕੇਡ
Getty Images
ਸੋਸ਼ਲ ਮੀਡੀਆ ਮੁਤਾਬਕ ਕਿਸਾਨਾਂ ਵੱਲੋਂ ਰੋਕਾਂ ਤੋੜਨ ਲਈ ਟਰੈਕਟਰ ਮੋਡੀਫਾਈ ਕਰਵਾਏ ਜਾ ਰਹੇ ਹਨ

ਰਾਕੇਸ਼ ਟਿਕੈਤ

ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਜੇ ਸਰਕਾਰ ਆਪਣੀ ਜਿੱਦ ਉੱਪਰ ਉੱਪਰ ਅੜੀ ਰਹੀ ਤਾਂ ਕਿਸਾਨ 26 ਜਨਵਰੀ ਨੂੰ ਟਰੈਕਟਰ-ਟਰਾਲੀਆਂ ਦੇ ਨਾਲ ਗਣਤੰਤਰ ਦਿਵਸ ਦੀ ਪਰੇਡ ਵਿੱਚ ਸ਼ਾਮਲ ਹੋਣ ਲਈ ਇੰਡੀਆ ਗੇਟ ਪਹੁੰਚਣਗੇ।

ਉਨ੍ਹਾਂ ਨੇ ਕਿਹਾ,"ਹਾਲੇ ਤੱਕ ਕਿਸਾਨਾਂ ਨੇ ਕੋਈ ਅਜਿਹਾ ਕੰਮ ਨਹੀਂ ਕੀਤਾ ਜਿਸ ਨਾਲ ਆਮ ਲੋਕਾਂ ਨੂੰ ਕੋਈ ਪਰੇਸ਼ਾਨੀ ਹੋਵੇ ਪਰ ਜੇ ਸਾਡੀਆਂ ਗੱਲਾਂ ਨਹੀਂ ਸੁਣੀਆਂ ਜਾਂਦੀਆਂ ਤਾਂ ਅਸੀਂ ਅੰਦੋਲਨ ਨੂੰ ਤੇਜ਼ ਕਰਨ ਲਈ ਮਜ਼ਬੂਰ ਹੋਵਾਂਗੇ ਅਤੇ ਬਾਰਡਰ ਜਾਮ ਕਰਾਂਗੇ। 26 ਜਨਵਰੀ ਨੂੰ ਕਿਸਾਨ ਆਪਣੇ ਟਰੈਕਟਰਾਂ ਦੇ ਨਾਲ ਇੰਡੀਆ ਗੇਟ ਉੱਪਰ ਪਹੁੰਚਣਗੇ ਅਤੇ ਰਾਜਪਥ ਉੱਪਰ ਹੋਣ ਵਾਲੀ ਪਰੇਡ ਵਿੱਚ ਸ਼ਾਮਲ ਹੋਣਗੇ।

ਗਣਤੰਤਰ ਦਿਵਸ ਪਰੇਡ ਵਿੱਚ ਬਦਲਾਅ

ਸਰਕਾਰ ਵੱਲੋਂ ਗਣਤੰਤਰ ਦਿਹਾੜੇ ਦੀ ਪਰੇਡ ਵਿੱਚ ਕੋਰੋਨਾਵਾਇਰਸ ਨੂੰ ਮੱਦੇ ਨਜ਼ਰ ਰਖਦੇ ਹੋਏ ਕੁਝ ਬਦਲਾਅ ਕੀਤੇ ਗਏ ਹਨ।

ਇਸ ਵਾਰ ਦੀ ਪਰੇਡ ਇੰਡਿਆ ਗੇਟ ਦੇ ਸੀ-ਹੈਗਜ਼ਾਗਨ ਉੱਪਰ ਮੁੱਕੇਗੀ ਜਦਕਿ ਰਵਾਇਤੀ ਤੌਰ ਤੇ ਇਹ ਲਾਲ ਕਿਲੇ ਜਾ ਕੇ ਖ਼ਤਮ ਹੁੰਦੀ ਹੈ। ਪਹਿਲਾਂ ਇਹ ਅੱਠ ਕਿੱਲੋਮੀਟਰ ਦਾ ਫ਼ਾਸਲਾ ਤੈਅ ਕਰਦੀ ਸੀ ਜਦਕਿ ਇਸ ਵਾਰ ਤਿੰਨ ਕਿੱਲੋਮੀਟਰ ਤੱਕ ਜਾਵੇਗੀ।

ਫੌਜੀ ਟੁਕੜੀਆਂ ਵਿੱਚ ਜਵਾਨਾਂ ਦੀ ਗਿਣਤੀ ਵੀ 144 ਤੋਂ ਘਟਾ ਕੇ 96 ਕੀਤੀ ਗਈ ਹੈ।

ਇਸ ਵਾਰ ਦੀ ਪਰੇਡ ਵਿੱਚ ਪਹਿਲੀ ਵਾਰ ਹੈ ਕਿ ਕੋਈ ਵਿਦੇਸ਼ੀ ਮਹੀਮਾਨ ਨਹੀਂ ਪਹੁੰਚ ਰਿਹਾ। ਪਹਿਲਾਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਾ ਸੀ ਪਰ ਕੋਰੋਨਾਵਾਇਰਸ ਕਾਰਨ ਉਹ ਨਹੀਂ ਆ ਰਹੇ।

ਪਰੇਡ ਵਿੱਚ ਜਿੱਥੇ ਕਿ ਆਮ ਕਰ ਕੇ ਇੱਕ ਲੱਖ ਤੋਂ ਉੱਪਰ ਦਰਸ਼ਕ ਹੁੰਦੇ ਹਨ ਇਸ ਵਾਰ ਸਮਾਜਿਕ ਦੂਰੀ ਨੂੰ ਧਿਆਨ ਵਿੱਚ ਰਖਦਿਆਂ ਪੱਚੀ ਹਜ਼ਾਰ ਦਰਸ਼ਕਾਂ ਨੂੰ ਹੀ ਪਰੇਡ ਦੇਖਣ ਦੀ ਆਗਿਆ ਹੋਵੇਗੀ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=o_jpMfPzvwk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''b37b7365-c65f-406e-bf97-025948d2e1c5'',''assetType'': ''STY'',''pageCounter'': ''punjabi.india.story.55672145.page'',''title'': ''26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਬਾਰੇ ਅਫਵਾਹਾਂ ਦਾ ਕਿਸਾਨ ਆਗੂਆਂ ਨੇ ਕੀ ਦਿੱਤਾ ਜਵਾਬ'',''author'': ''ਗੁਰਕਿਰਪਾਲ ਸਿੰਘ'',''published'': ''2021-01-16T09:32:47Z'',''updated'': ''2021-01-16T09:32:47Z''});s_bbcws(''track'',''pageView'');

Related News