ਮੁਗਲ ਰਾਜ ਦੀ ਨੀਂਹ ਰੱਖਣ ਵਾਲੇ ਬਾਬਰ ਦੀ ਵਸੀਅਤ ਅੱਜ ਦੇ ਧਰਮ ਨਿਰਪੱਖਤਾ ਦੇ ਸਿਧਾਂਤ ’ਤੇ ਕਿਵੇਂ ਖਰਾ ਉਤਰਦੀ ਹੈ

Saturday, Jan 09, 2021 - 01:33 PM (IST)

ਮੁਗਲ ਰਾਜ ਦੀ ਨੀਂਹ ਰੱਖਣ ਵਾਲੇ ਬਾਬਰ ਦੀ ਵਸੀਅਤ ਅੱਜ ਦੇ ਧਰਮ ਨਿਰਪੱਖਤਾ ਦੇ ਸਿਧਾਂਤ ’ਤੇ ਕਿਵੇਂ ਖਰਾ ਉਤਰਦੀ ਹੈ
baabar
BBC
ਬਾਬਰ ਇੱਕ ਅਜਿਹੇ ਕਿਰਦਾਰ ਸਨ ਜੋ ਨਾ ਸਿਰਫ਼ ਸਫ਼ਲ ਸਨ, ਬਲਕਿ ਸੁੰਦਰਤਾ ਬੋਧ ਅਤੇ ਕਲਾਤਮਕ ਗੁਣਾਂ ਨਾਲ ਵੀ ਭਰਪੂਰ ਸਨ

ਅੰਗਰੇਜ਼ੀ ਦੇ ਮਸ਼ਹੂਰ ਨਾਵਲਕਾਰ ਈਐਮ ਫੌਸਟਰ ਲਿਖਦੇ ਹਨ ਕਿ ਆਧੁਨਿਕ ਰਾਜਨੀਤਿਕ ਫ਼ਲਸਫੇ ਦੇ ਖੋਜਕਰਤਾ ਮੈਕਾਵਲੀ ਨੇ ਸ਼ਾਇਦ ਬਾਬਰ ਦੇ ਬਾਰੇ ਨਹੀਂ ਸੁਣਿਆ ਸੀ। ਜੇ ਸੁਣਿਆ ਹੁੰਦਾ ਤਾਂ ''ਦਾ ਪ੍ਰਿੰਸ'' ਨਾਮ ਦੀ ਕਿਤਾਬ ਲਿਖਣ ਦੀ ਬਜਾਇ ਉਨ੍ਹਾਂ ਦੇ (ਬਾਬਰ ਦੇ) ਜੀਵਨ ਬਾਰੇ ਲਿਖਣ ਵਿੱਚ ਉਨ੍ਹਾਂ ਦੀ ਦਿਲਚਸਪੀ ਜ਼ਿਆਦਾ ਹੁੰਦੀ।

ਬਾਬਰ ਇੱਕ ਅਜਿਹੇ ਕਿਰਦਾਰ ਸਨ ਜੋ ਨਾ ਸਿਰਫ਼ ਸਫ਼ਲ ਸਨ, ਬਲਕਿ ਸੁੰਦਰਤਾ ਬੋਧ ਅਤੇ ਕਲਾਤਮਕ ਗੁਣਾਂ ਨਾਲ ਵੀ ਭਰਪੂਰ ਸਨ।

ਮੁਗ਼ਲ ਸਲਤਨਤ ਦੇ ਸੰਸਥਾਪਕ ਜ਼ਹੀਰ-ਉਦ-ਦੀਨ ਮੁਹੰਮਦ ਬਾਬਰ (1483-1530) ਨੂੰ ਜਿਥੇ ਇੱਕ ਜੇਤੂ ਵਜੋਂ ਦੇਖਿਆ ਅਤੇ ਦੱਸਿਆ ਜਾਂਦਾ ਹੈ, ਉਥੇ ਹੀ ਦੂਸਰੇ ਪਾਸੇ ਉਨ੍ਹਾਂ ਨੂੰ ਇੱਕ ਵੱਡੇ ਕਲਾਕਾਰ ਅਤੇ ਲੇਖਕ ਵਜੋਂ ਵੀ ਮੰਨਿਆ ਜਾਂਦਾ ਹੈ।

ਇੱਕ ਇਤਿਹਾਸਕਾਰ ਸਟੀਫ਼ਨ ਡੇਲ ਬਾਬਰ ਬਾਰੇ ਲਿਖਦੇ ਹਨ ਕਿ ਇਹ ਨਿਰਧਾਰਿਤ ਕਰ ਸਕਣਾ ਔਖਾ ਹੈ ਕਿ ਬਾਬਰ ਇੱਕ ਬਾਦਸ਼ਾਹ ਦੇ ਰੂਪ ਵਿੱਚ ਵਧੇਰੇ ਮਹੱਤਵਪੂਰਣ ਹਨ ਜਾਂ ਇੱਕ ਕਵੀ ਅਤੇ ਲੇਖਕ ਦੇ ਰੂਪ ਵਿੱਚ।

ਇਹ ਵੀ ਪੜ੍ਹੋ

ਅੱਜ ਦੇ ਭਾਰਤ ਵਿੱਚ ਬਾਬਰ ਨੂੰ ਇੱਕ ਬਹੁਸੰਖਿਅਕ ਹਿੰਦੂ ਵਰਗ ਦੀ ਇੱਕ ਵਿਸ਼ੇਸ਼ ਵਿਚਾਰਧਾਰਾ ਦੇ ਲੋਕ ਹਮਲਾਵਰੀ, ਲੁਟੇਰਾ, ਸੂਦਖੋਰ, ਹਿੰਦੂ ਦੁਸ਼ਮਣ, ਅਤਿਆਚਾਰੀ ਅਤੇ ਦਮਨਕਾਰੀ ਬਾਦਸ਼ਾਹ ਮੰਨਦੇ ਹਨ।

ਇਹ ਮੁੱਦਾ ਇਥੇ ਤੱਕ ਹੀ ਸੀਮਿਤ ਨਹੀਂ ਹੈ, ਬਲਕਿ ਭਾਰਤ ਦੀ ਸੱਤਾਧਾਰੀ ਪਾਰਟੀ, ਬਾਬਰ ਹੀ ਨਹੀਂ ਮੁਗ਼ਲ ਸਲਤਨਤ ਨਾਲ ਜੁੜੀ ਹਰ ਚੀਜ਼ ਦੇ ਖ਼ਿਲਾਫ਼ ਨਜ਼ਰ ਆਉਂਦੀ ਹੈ।

ਅੱਜ ਤੋਂ ਤਕਰੀਬਨ ਪੰਜ ਸੌ ਸਾਲ ਪਹਿਲਾਂ, ਬਾਬਰ ਨੇ ਇੱਕ ਸਲਤਨਤ ਦੀ ਸਥਾਪਨਾ ਕੀਤੀ ਜੋ ਆਪਣੇ ਆਪ ਵਿੱਚ ਬੇਮਿਸਾਲ ਹੈ।

ਉਨ੍ਹਾਂ ਨੇ 1526 ਵਿੱਚ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਇਬਰਾਹਿਮ ਲੋਧੀ ਨੂੰ ਹਰਾਇਆ ਅਤੇ ਭਾਰਤ ਵਿੱਚ ਇੱਕ ਨਵੀਂ ਸਲਤਨਤ ਦੀ ਸਥਾਪਨਾ ਕੀਤੀ।

ਆਪਣੀ ਬੁਲੰਦੀ ਦੇ ਦਿਨਾਂ ਵਿੱਚ ਇਸ ਸਲਤਨਤ ਦੇ ਕਬਜ਼ੇ ਵਿੱਚ ਦੁਨੀਆ ਦੀ ਇੱਕ ਚੌਥਾਈ ਦੌਲਤ ਸੀ। ਇਸ ਸਾਮਰਾਜ ਦਾ ਖੇਤਰਫ਼ਲ ਅਫ਼ਗਾਨਿਸਤਾਨ ਸਮੇਤ ਤਕਰੀਬਨ ਪੂਰੇ ਉਪਮਹਾਂਦੀਪ ''ਤੇ ਫ਼ੈਲਿਆ ਹੋਇਆ ਸੀ।

ਬਾਬਰ ਦੀ ਸਭ ਤੋਂ ਵੱਡੀ ਪਛਾਣ-ਬਾਬਰਨਾਮਾ

ਪਰ ਬਾਬਰ ਦੀ ਜ਼ਿੰਦਗੀ ਇੱਕ ਨਿਰੰਤਰ ਸੰਘਰਸ਼ ਹੈ। ਅੱਜ ਦੀ ਦੁਨੀਆਂ ਵਿੱਚ ਬਾਬਰ ਦੀ ਸਭ ਤੋਂ ਵੱਡੀ ਪਛਾਣ ਉਨ੍ਹਾਂ ਦੀ ਸਵੈਜੀਵਨੀ ਹੈ। ਉਨ੍ਹਾਂ ਦੀ ਕਿਤਾਬ ਨੂੰ ''ਬਾਬਰਨਾਮਾ'' ਜਾਂ ''ਤੁਜ਼ਕੇ-ਏ-ਬਾਬਰੀ'' ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਜਾਮੀਆ ਮੀਲੀਆ ਇਸਲਾਮੀਆ ਦੇ ਇਤਿਹਾਸ ਵਿਭਾਗ ਦੀ ਮੁਖੀ ਨਿਸ਼ਾਂਤ ਮੰਜ਼ਰ ਦਾ ਕਹਿਣਾ ਹੈ ਕਿ: ਬਾਬਰ ਦੀ ਜ਼ਿੰਦਗੀ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ।

ਇੱਕ ਹਿੱਸਾ ਸੀਰ ਦਰਿਆ ਅਤੇ ਆਮੂ ਨਹਿਰ ਦਰਮਿਆਨ ਮੱਧ ਏਸ਼ੀਆ ਵਿੱਚ ਸਰਬਉੱਚਤਾ ਲਈ ਸੰਘਰਸ਼ ਦਾ ਹੈ ਅਤੇ ਦੂਸਰਾ ਹਿੱਸਾ ਬਹੁਤ ਛੋਟਾ ਹੈ ਪਰ ਬਹੁਤ ਮਹੱਤਵਪੂਰਣ ਹੈ।

ਕਿਉਂਕਿ ਇਸ ਹਿੱਸੇ ਵਿੱਚ ਸਿਰਫ਼ ਚਾਰ ਸਾਲਾਂ ਵਿੱਚ ਉਨ੍ਹਾਂ ਨੇ ਭਾਰਤ ਦੀ ਇੱਕ ਮਹਾਨ ਸਲਤਨਤ ਦੀ ਸਥਾਪਨਾ ਕੀਤੀ ਜੋ ਕਰੀਬ ਤਿੰਨ ਸੌ ਸਾਲਾਂ ਤੱਕ ਚਲਦੀ ਰਹੀ।

ਆਕਸਫ਼ੋਰਡ ਸੈਂਟਰ ਆਫ਼ ਇਸਲਾਮਿਕ ਸਟੱਡੀਜ਼ ਵਿੱਚ ਦੱਖਣੀ ਏਸ਼ਿਆਈ ਇਸਲਾਮ ਦੇ ਫ਼ੈਲੋ ਮੁਈਨ ਅਹਿਮਦ ਨਿਜਾਮੀ ਨੇ ਬੀਬੀਸੀ ਨੂੰ ਦੱਸਿਆ ਕਿ, ਤੈਮੂਰੀ ਅਤੇ ਚੰਗੇਜ਼ ਨਸਲ ਦੇ ਬਾਬਰ, ਨੂੰ ਆਪਣੇ ਪਿਤਾ ਉਮਰ ਸ਼ੇਖ ਮਿਰਜ਼ਾ ਤੋਂ ਫਰਗ਼ਨਾ ਨਾਮ ਦੀ ਇੱਕ ਛੋਟੀ ਜਿਹੀ ਰਿਆਸਤ ਵਿਰਾਸਤ ''ਚ ਮਿਲੀ ਸੀ।

ਫ਼ਰਗਨਾ ਦੀਆਂ ਗੁਆਂਢੀ ਰਿਆਸਤਾਂ ਵਿੱਚ ਉਨ੍ਹਾਂ ਦੇ ਰਿਸ਼ਤੇਦਾਰਾਂ ਦਾ ਸ਼ਾਸਨ ਸੀ।

ਉਹ ਦੱਸਦੇ ਹਨ, "ਇਥੋਂ ਤੱਕ ਕਿ ਉਨ੍ਹਾਂ ਨੂੰ ਆਪਣੀ ਰਿਆਸਤ ਵੀ ਗਵਾਉਣੀ ਪਈ। ਉਨ੍ਹਾਂ ਨੇ ਆਪਣੀ ਬਹੁਤੀ ਜ਼ਿੰਦਗੀ ਮੁਹਿੰਮਾਂ ਅਤੇ ਮਾਰੂਥਲ ਵਿੱਚ ਭਟਕਦਿਆਂ ਬਿਤਾਈ। ਆਪਣੀ ਰਿਆਸਤ ਨੂੰ ਫ਼ਿਰ ਤੋਂ ਹਾਸਿਲ ਕਰਨ ਲਈ ਉਨ੍ਹਾਂ ਦੇ ਯਤਨ ਅਸਫ਼ਲ ਹੁੰਦੇ ਰਹੇ। ਇਥੋਂ ਤੱਕ ਕਿ ਹਾਲਾਤ ਨੇ ਉਨ੍ਹਾਂ ਨੂੰ ਭਾਰਤ ਵੱਲ ਰੁਖ਼ ਕਰਨ ਲਈ ਮਜਬੂਰ ਕੀਤਾ।"

ਤੁਸੀਂ ਇਹ ਵੀ ਪੜ੍ਹ ਸਕਦੇ ਹੋ

ਬਾਬਰ
BBC

ਬਾਬਰ ਦੀ ਸਵੈਜੀਵਨੀ

ਬਾਬਰ ਨੇ ਉਸ ਸਮੇਂ ਦੀਆਂ ਆਪਣੀਆਂ ਲਗਾਤਾਰ ਹੁੰਦੀਆਂ ਅਸਫ਼ਲਤਾਵਾਂ ਦਾ ਜ਼ਿਕਰ ਕਰਦਿਆਂ ਆਪਣੀ ਸਵੈ-ਜੀਵਨੀ ਵਿੱਚ ਲਿਖਿਆ ਹੈ, "ਜਿੰਨੇ ਦਿਨ ਮੈਂ ਤਾਸ਼ਕੰਦ ਵਿੱਚ ਰਿਹਾ, ਉਨੇਂ ਹੀ ਦਿਨ ਦੁਖੀ ਅਤੇ ਤੰਗ ਹਾਲਾਤ ਵਿੱਚ ਰਿਹਾ। ਦੇਸ ਕਬਜ਼ੇ ਵਿੱਚ ਨਹੀਂ ਸੀ ਅਤੇ ਨਾ ਹੀ ਇਸਦੇ ਮਿਲਣ ਦੀ ਕੋਈ ਆਸ ਸੀ। ਜ਼ਿਆਦਾਤਰ ਨੌਕਰ ਚਲੇ ਗਏ ਸਨ, ਅਤੇ ਜੋ ਕੁਝ ਨਾਲ ਰਹਿ ਗਏ ਸਨ, ਉਹ ਗ਼ਰੀਬੀ ਕਰਕੇ ਮੇਰੇ ਨਾਲ ਘੁੰਮ ਨਹੀਂ ਸਨ ਸਕਦੇ..."

ਉਹ ਲਿਖਦੇ ਹਨ, "ਆਖ਼ਿਰਕਾਰ ਮੈਂ ਇਸ ਭਟਕਣ ਅਤੇ ਬੇਘਰੀ ਤੋਂ ਥੱਕ ਗਿਆ ਅਤੇ ਜੀਵਨ ਤੋਂ ਉਕਤਾ ਗਿਆ। ਮੈਂ ਆਪਣੇ ਦਿਲ ਵਿੱਚ ਕਿਹਾ ਕਿ, ਅਜਿਹੀ ਜ਼ਿੰਦਗੀ ਜਿਉਣ ਨਾਲੋ ਚੰਗਾ ਹੈ ਕਿ ਜਿਥੇ ਸੰਭਵ ਹੋ ਸਕੇ ਉਥੇ ਚਲਾ ਜਾਵਾਂ। ਅਜਿਹਾ ਲੁਕ ਜਾਵਾਂ ਕਿ ਕੋਈ ਦੇਖ ਨਾ ਸਕੇ। ਲੋਕਾਂ ਦੇ ਸਾਹਮਣੇ ਅਜਿਹੀ ਬੇਇਝਤੀ ਅਤੇ ਬਦਹਾਲੀ ਵਿੱਚ ਜਿਉਣ ਤੋਂ ਚੰਗਾ ਹੈ ਜਿੰਨਾ ਹੋ ਸਕੇ ਦੂਰ ਚਲਾ ਜਾਵਾਂ, ਜਿਥੇ ਮੈਨੂੰ ਕੋਈ ਪਹਿਚਾਣੇ ਨਾ।”

“ਇਹ ਸੋਚ ਕੇ ਉੱਤਰੀ ਚੀਨ ਦੇ ਇਲਾਕੇ ਵੱਲ ਜਾਣ ਦਾ ਇਰਾਦਾ ਬਣਾ ਲਿਆ। ਮੈਨੂੰ ਬਚਪਨ ਤੋਂ ਹੀ ਯਾਤਰਾ ਕਰਨ ਵਿੱਚ ਦਿਲਚਸਪੀ ਸੀ, ਪਰ ਮੈਂ ਸਲਤਨਤ ਅਤੇ ਸੰਬੰਧਾਂ ਕਾਰਨ ਨਹੀਂ ਜਾ ਸਕਦਾ ਸੀ।

ਮੁਈਨ ਅਹਿਮਦ ਨਿਜਾਮੀ ਨੇ ਦੱਸਿਆ ਕਿ ਉਨ੍ਹਾਂ ਨੇ ਹੋਰ ਥਾਵਾਂ ''ਤੇ ਇਸ ਤਰ੍ਹਾਂ ਦੀਆਂ ਗੱਲਾਂ ਲਿਖੀਆਂ ਹਨ।

ਇੱਕ ਜਗ੍ਹਾ ਉਨ੍ਹਾਂ ਨੇ ਲਿਖਿਆ ਹੈ, "ਕੀ ਹੁਣ ਵੀ ਕੁਝ ਦੇਖਣਾ ਬਾਕੀ ਰਹਿ ਗਿਆ ਹੈ, ਹੁਣ ਕਿਸਮਤ ਦੀ ਕਿਹੜੀ ਤਰਾਸਦੀ ਅਤੇ ਜ਼ੁਲਮ ਦੇਖਣਾ ਬਾਕੀ ਰਹਿ ਗਿਆ ਹੈ?"

ਇੱਕ ਸ਼ੇਅਰ ਵਿੱਚ ਉਨ੍ਹਾਂ ਨੇ ਆਪਣੀ ਸਥਿਤੀ ਬਿਆਨ ਕੀਤੀ ਹੈ, ਜਿਸਦਾ ਅਰਥ ਹੈ "ਨਾ ਤਾਂ ਮੇਰੇ ਕੋਲ ਹੁਣ ਯਾਰ ਦੋਸਤ ਹਨ, ਨਾ ਹੀ ਮੇਰੇ ਕੋਲ ਦੇਸ ਅਤੇ ਦੌਲਤ ਹੈ, ਮੈਨੂੰ ਇੱਕ ਪਲ ਦਾ ਵੀ ਚੈਨ ਨਹੀਂ ਹੈ।" ਇਥੇ ਆਉਣਾ ਮੇਰਾ ਫ਼ੈਸਲਾ ਸੀ ਪਰ ਮੈਂ ਹੁਣ ਵਾਪਸ ਨਹੀਂ ਜਾ ਸਕਦਾ...''

ਆਪਣੀ ਸਵੈਜੀਵਨੀ ਨਾਵਲ, ''ਜ਼ਹੀਰ-ਉਦ-ਦੀਨ ਬਾਬਰ'' ਵਿੱਚ ਡਾਕਟਰ ਪ੍ਰੇਮਕਿਲ ਕਾਦਰਾਫ਼ ਨੇ ਬਾਬਰ ਦੀ ਇਸੇ ਉਤੇਜਨਾ ਭਰੀ ਅਤੇ ਬੇਸਕੂਨ ਸਥਿਤੀ ਨੂੰ ਦਰਸਾਇਆ ਹੈ।

ਇੱਕ ਜਗ੍ਹਾ ''ਤੇ ਉਹ ਲਿਖਦੇ ਹਨ ਕਿ "ਬਾਬਰ ਸਾਹ ਲੈਣ ਲਈ ਥੋੜ੍ਹਾ ਜਿਹਾ ਰੁਕਿਆ ਪਰ ਆਪਣੀ ਗੱਲ ਜਾਰੀ ਰੱਖੀ...ਸਭ ਕੁਝ ਫ਼ਾਨੀ (ਨਾਸ਼ਵਾਨ) ਹੈ। ਵੱਡੀਆਂ ਵੱਡੀਆਂ ਸਲਤਨਤਾਂ ਵੀ ਆਪਣੇ ਸੰਸਥਾਪਕਾਂ ਦੇ ਦੁਨੀਆਂ ਤੋਂ ਜਾਣ ਬਾਅਦ ਟੁਕੜਾ ਟੁਕੜਾ ਹੋ ਜਾਂਦੀਆਂ ਹਨ। ਪਰ ਸ਼ਾਇਰ ਦੇ ਸ਼ਬਦ ਸਦੀਆਂ ਤੱਕ ਜਿਉਂਦੇ ਰਹਿੰਦੇ ਹਨ।

ਉਨ੍ਹਾਂ ਨੇ ਇੱਕ ਵਾਰ ਆਪਣੇ ਇੱਕ ਸ਼ੇਅਰ ਜਮਸ਼ੇਦ ਬਾਦਸ਼ਾਹ ਦਾ ਜ਼ਿਕਰ ਕਰਨ ਤੋਂ ਬਾਅਦ ਪੱਥਰ ''ਤੇ ਉਕਰਵਾ ਦਿੱਤਾ ਸੀ, ਜੋ ਹੁਣ ਤਜ਼ਾਕਿਸਤਾਨ ਦੇ ਇੱਕ ਅਜਾਇਬ ਘਰ ਵਿੱਚ ਹੈ। ਇਹ ਸ਼ੇਅਰ ਉਨ੍ਹਾਂ ਦੀ ਸਥਿਤੀ ਦੀ ਸਹੀ ਵਿਆਖਿਆ ਕਰਦਾ ਹੈ।

ਗਿਰਫ਼ਤੇਮ ਆਲਮ ਬਾ ਮਰਦੀ ਵਾ ਜ਼ੋਰ

ਵਾ ਲੇਕਿਨ ਨਾ ਬਰਦੇਮ ਬਾ ਖ਼ੁਦ ਬਾ ਗੌਰ

ਇਸਦਾ ਅਨੁਵਾਦ ਹੈ ਕਿ ਤਾਕਤ ਅਤੇ ਹੌਂਸਲੇ ਨਾਲ ਦੁਨੀਆ ''ਤੇ ਜਿੱਤ ਹਾਸਿਲ ਕੀਤੀ ਜਾ ਸਕਦੀ ਹੈ ਪਰ ਖ਼ੁਦ ਆਪਣੇ ਆਪ ਨੂੰ ਦਫ਼ਨਾਇਆ ਤੱਕ ਨਹੀਂ ਜਾ ਸਕਦਾ।

ਇਸ ਤੋਂ ਪਤਾ ਲੱਗਦਾ ਹੈ ਕਿ ਉਹ ਹਾਰ ਮੰਨਣ ਵਾਲਿਆਂ ਵਿਚੋਂ ਨਹੀਂ ਸਨ। ਬਾਬਰ ਵਿੱਚ ਇੱਕ ਪਹਾੜੀ ਝਰਨੇ ਵਰਗੀ ਸ਼ਕਤੀ ਸੀ ਜੋ ਪਥਰੀਲੀ ਜ਼ਮੀਨ ਨੂੰ ਚੀਰ ਕੇ ਉੱਪਰੋਂ ਇੰਨੀ ਤਾਕਤ ਨਾਲ ਨਿਕਲਦਾ ਹੈ ਕਿ ਪੂਰੀ ਜ਼ਮੀਨ ਦੀ ਸਿੰਚਾਈ ਕਰਦਾ ਹੈ। ਇਸ ਲਈ, ਇੱਕ ਜਗ੍ਹਾ ''ਤੇ, ਪ੍ਰੇਮਕਿਲ ਕਾਦਰਾਫ਼ ਨੇ ਇਸ ਸਥਿਤੀ ਦਾ ਵਰਣਨ ਇਸ ਤਰ੍ਹਾਂ ਕੀਤਾ ਹੈ।

"ਉਸ ਸਮੇਂ ਬਾਬਰ ਨੂੰ ਸ਼ਕਤੀਸ਼ਾਲੀ ਝਰਨੇ ਦਾ ਨਜ਼ਾਰਾ ਬਹੁਤ ਅਨੰਦ ਦੇ ਰਿਹਾ ਸੀ...ਬਾਬਰ ਨੇ ਸੋਚਿਆ ਕਿ ਇਸ ਝਰਨੇ ਦਾ ਪਾਣੀ ਪੈਰਿਖ਼ ਗਲੇਸ਼ੀਅਰ ਤੋਂ ਆਉਂਦਾ ਹੋਵੇਗਾ।"

"ਇਸਦਾ ਮਤਲਬ ਇਹ ਸੀ ਕਿ ਪਾਣੀ ਨੂੰ ਪੈਰਿਖ਼ ਤੋਂ ਹੇਠਾਂ ਆਉਣ ਅਤੇ ਫ਼ਿਰ ਆਸਮਾਨ ਵਰਗੇ ਉੱਚੇ ਮਾਉਂਟ ਲਾਓ ਦੀ ਚੋਟੀ ਤੱਕ ਚੜਨ ਲਈ, ਦੋਵਾਂ ਪਹਾੜੀਆਂ ਦੇ ਦਰਮਿਆਨ ਘਾਟੀਆਂ ਦੀ ਗਹਿਰਾਈ ਤੋਂ ਵੀ ਵੱਧ ਗਹਿਰਾਈ ਤੱਕ ਜਾਣਾ ਪੈਂਦਾ ਸੀ।"

ਪਾਣੀ ਦੇ ਝਰਨੇ ਨੂੰ ਇੰਨੀ ਤਾਕਤ ਆਖ਼ਰ ਕਿਥੋਂ ਮਿਲ ਰਹੀ ਸੀ?...ਬਾਬਰ ਦਾ ਆਪਣੀ ਜ਼ਿੰਦਗੀ ਦੀ ਤੁਲਣਾ ਇਸ ਝਰਨੇ ਨਾਲ ਕਰਨਾ ਬਿਲਕੁਲ ਠੀਕ ਲੱਗਿਆ। ਉਹ ਖ਼ੁਦ ਵੀ ਤਾਂ ਟੁੱਟ ਕੇ ਡਿੱਗਦੀ ਚਟਾਨ ਦੇ ਥੱਲੇ ਆ ਗਿਆ ਸੀ।"

ਬਾਬਰ ਦਾ ਭਾਰਤ ਵੱਲ ਰੁਖ਼

ਬਾਬਰ ਦਾ ਧਿਆਨ ਭਾਰਤ ਵੱਲ ਕਿਵੇਂ ਖਿੱਚ ਹੋਇਆ, ਇਸ ਬਾਰੇ ਕਈ ਅਲੱਗ ਅਲੱਗ ਦ੍ਰਿਸ਼ਟੀਕੋਣ ਦਿੱਤੇ ਜਾ ਸਕਦੇ ਹਨ, ਪਰ ਪ੍ਰੋਫ਼ੈਸਰ ਨਿਸ਼ਾਂਤ ਮੰਜ਼ਰ ਦਾ ਕਹਿਣਾ ਹੈ ਕਿ ਭਾਰਤ ਵੱਲ ਉਨ੍ਹਾਂ ਦਾ ਧਿਆਨ ਹੋਣਾ ਬਹੁਤ ਸਹੀ ਸੀ। ਕਿਉਂਕਿ ਕਾਬੁਲ ਵਿੱਚ ਟੈਕਸ ਲਾਉਣ ਲਈ ਸਿਰਫ਼ ਇੱਕ ਚੀਜ਼ ਸੀ ਅਤੇ ਸ਼ਾਸ਼ਨ ਕਰ ਰਹੇ ਪ੍ਰਸ਼ਾਸਨ ਨੂੰ ਧਨ ਦੀ ਬਹੁਤ ਸ਼ਖ਼ਤ ਲੋੜ ਸੀ, ਇਸ ਲਈ ਬਾਬਰ ਕੋਲ ਭਾਰਤ ਵੱਲ ਰੁਖ਼ ਕਰਨ ਤੋਂ ਇਲਾਵਾ ਕੋਈ ਬਦਲ ਹੀ ਨਹੀਂ ਸੀ।

ਇਸ ਲਈ ਅਸੀਂ ਦੇਖਦੇ ਹਾਂ ਕਿ ਸਿੰਧੂ ਨਦੀ ਨੂੰ ਪਾਰ ਕਰਨ ਤੋਂ ਪਹਿਲਾਂ, ਉਨ੍ਹਾਂ ਨੇ ਭਾਰਤ ਦੇ ਪੱਛਮੀ ਹਿੱਸੇ ''ਤੇ ਪਹਿਲਾਂ ਵੀ ਕਈ ਵਾਰ ਹਮਲੇ ਕੀਤੇ ਸਨ ਅਤੇ ਉਥੋਂ ਲੁੱਟ ਘਸੁੱਟ ਤੋਂ ਬਾਅਦ ਵਾਪਸ ਕਾਬੁਲ ਚਲੇ ਗਏ ਸਨ।

ਉਨ੍ਹਾਂ ਦਾ ਕਹਿਣਾ ਹੈ ਕਿ ਬਾਬਰ ਜਿਸ ਤਰ੍ਹਾਂ ਨਾਲ ਆਪਣੀ ਸਵੈਜੀਵਨੀ ਸ਼ੁਰੂ ਕਰਦੇ ਹਨ, ਕਿਸੇ ਬਾਰਾਂ ਸਾਲਾਂ ਦੇ ਲੜਕੇ ਤੋਂ ਇਸ ਤਰ੍ਹਾਂ ਦੀ ਹਿੰਮਤ ਅਤੇ ਦ੍ਰਿੜ ਇਰਾਦੇ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਪਰ ਬਾਬਰ ਦੇ ਖੂਨ ਵਿੱਚ ਸ਼ਾਸਨ ਦੇ ਨਾਲ ਨਾਲ ਬਹਾਦੁਰੀ ਵੀ ਸ਼ਾਮਿਲ ਸੀ।

ਨਿਸ਼ਾਂਤ ਮੰਜ਼ਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਿਸਮਤ ਅਤੇ ਲੋੜ ਦੋਵੇਂ ਉਨ੍ਹਾਂ ਨੂੰ ਇੱਧਰ ਖਿੱਚ ਲਿਆਏ ਸਨ,

ਨਹੀਂ ਤਾਂ ਉਨ੍ਹਾਂ ਦੀਆਂ ਸ਼ੁਰੂਆਤੀ ਸਾਰੀਆਂ ਕੋਸ਼ਿਸ਼ਾਂ ਉੱਤਰੀ ਏਸ਼ੀਆ ਵਿੱਚ ਉਨ੍ਹਾਂ ਦੇ ਪੁਰਖ਼ਿਆਂ ਦੇ ਸਾਮਰਾਜ ਨੂੰ ਮਜ਼ਬੂਤ ਕਰਨ ਅਤੇ ਇੱਕ ਮਹਾਨ ਸਾਮਰਾਜ ਸਥਾਪਤ ਕਰਨ ''ਤੇ ਆਧਰਿਤ ਸਨ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਸਭ ਬਹਿਸ ਦਾ ਇੱਕ ਵੱਖਰਾ ਵਿਸ਼ਾ ਹੈ ਕਿ, ਕੀ ਰਾਣਾ ਸਾਂਗਾ ਜਾਂ ਦੌਲਤ ਖਾਨ ਲੋਧੀ ਨੇ ਉਨ੍ਹਾਂ ਨੂੰ ਦਿੱਲੀ ਸਾਮਰਾਜ ''ਤੇ ਹਮਲਾ ਕਰਨ ਦਾ ਬੁਲਾਵਾ ਭੇਜਿਆ ਸੀ ਜਾਂ ਨਹੀਂ।

ਪਰ ਇਹ ਤੈਅ ਸੀ ਕਿ, ਅੱਜ ਦੇ ਲੋਕਤੰਤਰਿਕ ਕਦਰਾਂ ਕੀਮਤਾਂ ਨਾਲ ਅਸੀਂ ਸਲਤਨਤੀ ਸਮੇਂ ਦੀ ਪਰਖ਼ ਨਹੀਂ ਕਰ ਸਕਦੇ। ਉਸ ਦੌਰ ਵਿੱਚ ਕੋਈ ਕਿਤੇ ਵੀ ਜਾਂਦਾ ਅਤੇ ਜੇਤੂ ਰਹਿੰਦਾ ਤਾਂ ਉਸ ਨੂੰ ਉਥੋਂ ਦੇ ਆਮ ਅਤੇ ਖ਼ਾਸ ਹਰ ਤਰ੍ਹਾਂ ਦੇ ਲੋਕ ਸਵਿਕਾਰ ਕਰਦੇ, ਉਸ ਨੂੰ ਹਮਲਾਵਰ ਨਹੀਂ ਸਮਝਦੇ ਸਨ।

ਪਰ ਬਾਬਰ ਦੇ ਭਾਰਤ ਦੇ ਸੁਪਨੇ ਬਾਰੇ ਐਸਐਫ਼ ਰੁਸ਼ਬੁਰਕ ਨੇ ਆਪਣੀ ਕਿਤਾਬ ''ਜ਼ਹੀਰ-ਉਦ-ਦੀਨ ਮੁਹੰਮਦ ਬਾਬਰ'' ਵਿੱਚ ਲਿਖਿਆ ਹੈ ਕਿ ਬਾਬਰ ਨੇ ਸਭ ਤੋਂ ਥੱਕ ਹਾਰ ਕੇ ''ਦੇਖ਼ ਕਾਤ'' ਨਾਮ ਦੇ ਪਿੰਡ ਵਿੱਚ ਰਹਿਣ ਦਾ ਫ਼ੈਸਲਾ ਕੀਤਾ।

ਉਨ੍ਹਾਂ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਉਸ ਮਾਹੌਲ ਦੇ ਅਨੁਕੂਲ ਬਣਾਇਆ। ਉਨ੍ਹਾਂ ਨੇ ਆਪਣੇ ਸਾਰੇ ਦਾਅਵਿਆਂ ਨੂੰ ਛੱਡ ਦਿੱਤਾ ਅਤੇ ਇੱਕ ਸਧਾਰਨ ਪ੍ਰਹੁਣੇ ਵਾਂਗ ਪਿੰਡ ਦੇ ਸਰਦਾਰ ਦੇ ਘਰ ਰਹਿਣ ਲੱਗੇ। ਉਥੇ ਇੱਕ ਅਜਿਹੀ ਘਟਨਾ ਘਟੀ ਕਿ ਜਿਸ ''ਤੇ ਕਿਸਮਤ ਨੇ ਇਹ ਤੈਅ ਕਰ ਦਿੱਤਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਬਾਬਰ ਦੀ ਆਉਣ ਵਾਲੀ ਜ਼ਿੰਦਗੀ ''ਤੇ ਗਹਿਰਾ ਪ੍ਰਭਾਵ ਪਵੇਗਾ। ਸਰਦਾਰ ਦੀ ਉਮਰ ਕੋਈ 70 ਜਾਂ 80 ਸਾਲ ਦੀ ਹੋਵੇਗੀ।

ਪਰ ਉਨ੍ਹਾਂ ਦੀ ਮਾਂ 111 ਸਾਲਾਂ ਦੀ ਸੀ ਅਤੇ ਉਹ ਜਿਉਂਦੀ ਸੀ। ਇਸ ਬਿਰਧ ਔਰਤ ਦੇ ਕੁਝ ਰਿਸ਼ਤੇਦਾਰ ਤੈਮੂਰ ਬੇਗ ਦੀ ਸੈਨਾ ਨਾਲ ਭਾਰਤ ਗਏ ਸਨ। ਇਹ ਗੱਲ ਉਨ੍ਹਾਂ ਦੇ ਦਿਮਾਗ ਵਿੱਚ ਸੀ ਅਤੇ ਉਹ ਇਹ ਕਹਾਣੀ ਸੁਣਾਉਂਦੀ ਰਹਿੰਦੀ ਸੀ।

ਬਾਬਰ ਦੇ ਬਜ਼ੁਰਗਾਂ ਦੇ ਕਾਰਨਾਮਿਆਂ ਬਾਰੇ ਉਨ੍ਹਾਂ ਨੇ ਜੋ ਕਹਾਣੀਆਂ ਸੁਣਾਈਆਂ, ਉਨਾਂ ਨੇ ਨੌਜਵਾਨ ਸ਼ਹਿਜ਼ਾਦੇ ਦੀ ਕਲਪਨਾ ਵਿੱਚ ਇੱਕ ਉਤਸ਼ਾਹ ਪੈਦਾ ਕਰ ਦਿੱਤਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਸ ਸਮੇਂ ਹੀ ਭਾਰਤ ਵਿੱਚ ਤੈਮੂਰ ਦੀ ਜਿੱਤ ਨੂੰ ਤਾਜ਼ਾ ਕਰਨ ਦਾ ਸੁਪਨਾ ਉਨ੍ਹਾਂ ਦੇ ਦਿਮਾਗ ਵਿੱਚ ਘੁੰਮ ਰਿਹਾ ਸੀ।

ਜਾਮੀਆ ਮੀਲੀਆ ਯੂਨੀਵਰਸਿਟੀ ਵਿੱਚ ਇਤਿਹਾਸ ਵਿਭਾਗ ਵਿੱਚ ਸਹਾਇਕ ਪ੍ਰੋਫ਼ੈਸਰ ਰਹਿਮਾ ਜਾਵੇਦ ਰਾਸ਼ਿਦ ਦਾ ਕਹਿਣਾ ਹੈ, ਇਹ ਤਾਂ ਸਭ ਜਾਣਦੇ ਹਨ ਕਿ ਬਾਬਰ ਪਿਤਾ ਵਲੋਂ ਤੈਮੂਰ ਖ਼ਾਨਦਾਨ ਦੀ ਪੰਜਵੀ ਪੀੜੀ ਅਤੇ ਮਾਤਾ ਵਲੋਂ ਮਹਾਨ ਜੇਤੂ ਚੰਗੇਜ਼ ਖਾਨ ਦੀ 14ਵੀਂ ਪੀੜੀ ਦੀ ਔਲਾਦ ਸਨ।

ਇਸ ਤਰ੍ਹਾਂ ਏਸ਼ੀਆਂ ਦੇ ਦੋ ਮਹਾਨ ਜੈਤੂਆਂ ਦਾ ਖੂਨ ਬਾਬਰ ਦੀਆਂ ਰਗ਼ਾਂ ''ਚ ਸੀ, ਜਿਸ ਨਾਲ ਉਨ੍ਹਾਂ ਨੂੰ ਹੋਰ ਖੇਤਰੀ ਸ਼ਾਸਕਾਂ ਦੇ ਮੁਕਾਬਲੇ ਉੱਚਤਾ ਮਿਲਦੀ ਸੀ।

ਸਿੱਖਿਆ ਅਤੇ ਸਿਖਲਾਈ

ਬਾਬਰ ਦਾ ਜਨਮ ਅਤੇ ਸਿੱਖਿਆ ਫਰਗ਼ਨਾ ਦੀ ਰਾਜਧਾਨੀ ਅੰਦਜਾਨ ਵਿੱਚ ਹੋਈ ਸੀ। ਪ੍ਰੋਫ਼ੈਸਰ ਨਿਸ਼ਾਤ ਮੰਜਰ ਕਹਿੰਦੇ ਹਨ ਕਿ ਹਾਲਾਂਕਿ ਉਨ੍ਹਾਂ ਦੇ ਦੋਵੇਂ ਪੁਰਖ਼ੇ ਚੰਗੇਜ਼ ਖਾਨ ਅਤੇ ਤੈਮੂਰ ਲੰਗ ਹੀ ਪੜ੍ਹੇ ਲਿਖੇ ਨਹੀਂ ਸਨ।

ਪਰ ਉਹ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਸਨ ਕਿ ਸਿੱਖਿਆ ਦੇ ਬਿਨਾ ਸ਼ਾਸਨ ਚਲਾਉਣਾ ਔਖਾ ਕੰਮ ਹੈ, ਇਸ ਲਈ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਉੱਚਿਤ ਸਿੱਖਿਆ ਦਿੱਤੀ। ਬਾਬਰ ਦੀ ਸਿੱਖਿਆ ਵੀ ਇਸਲਾਮੀ ਰਵਾਇਤਾਂ ਦੇ ਮੁਤਾਬਿਕ ਚਾਰ ਸਾਲ ਅਤੇ ਚਾਰ ਦਿਨ ਦੀ ਉਮਰ ਵਿੱਚ ਸ਼ੁਰੂ ਕੀਤੀ ਗਈ ਸੀ।

ਉਨ੍ਹਾਂ ਨੇ ਅੱਗੇ ਦੱਸਿਆ ਕਿ, ਚੰਗੇਜ ਖ਼ਾਨ ਦੀ ਅਗਲੀ ਪੀੜੀ ਨੂੰ ਸਿੱਖਿਅਤ ਕਰਨ ਵਾਲੇ ਲੋਕ ਵੀਗਰ ਭਾਈਚਾਰੇ ਨਾਲ ਸੰਬੰਧਿਤ ਸਨ, ਜੋ ਹੁਣ ਚੀਨ ਦੇ ਸ਼ਿੰਨਜਿਆਂਗ ਸੂਬੇ ਵਿੱਚ ਪਰੇਸ਼ਾਨ ਹਾਲਾਤ ਵਿੱਚ ਹਨ, ਪਰ ਮੱਧ ਪੂਰਬ ਵਿੱਚ ਉਨ੍ਹਾਂ ਨੂੰ ਸਭ ਤੋਂ ਵੱਧ ਪੜ੍ਹੇ ਲਿਖੇ ਲੋਕ ਮੰਨਿਆ ਜਾਂਦਾ ਸੀ।

ਇਸੇ ਤਰ੍ਹਾਂ ਆਪਣੇ ਬੱਚਿਆਂ ਦੀ ਸਿੱਖਿਆ ਲਈ ਤੈਮੂਲ ਬੇਗ ਨੇ ਚੁਗਤਾਈ ਤੁਰਕਾਂ ਨੂੰ ਰੱਖਿਆ, ਉਨ੍ਹਾਂ ਨੂੰ ਵੀ ਆਪਣੇ ਸਮੇਂ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਮੰਨਿਆ ਜਾਂਦਾ ਸੀ। ਉਨ੍ਹਾਂ ਨੇ ਅਰਬੀ ਅਤੇ ਫ਼ਾਰਸੀ ਦੇ ਦਬਦਬੇ ਦੇ ਬਾਵਜੂਦ ਆਪਣੀ ਭਾਸ਼ਾ ਨੂੰ ਸਾਹਿਤਕ ਦਰਜਾ ਦਿੱਤਾ ਸੀ।

ਜਦੋਂ ਮੈਂ ਪ੍ਰੋਫ਼ੈਸਰ ਨਿਸ਼ਾਂਤ ਨੂੰ ਪੁੱਛਿਆ ਕਿ ਇੰਨੀ ਛੋਟੀ ਉਮਰ ਵਿੱਚ ਬਾਦਸ਼ਾਹ ਬਣਨ, ਇੰਨੀਆਂ ਜੰਗੀ ਮੁਹਿੰਮਾਂ ਅਤੇ ਦਰਬਦਰ ਭਟਕਣ ਦੇ ਬਾਵਜੂਦ ਗਿਆਨ ਅਤੇ ਹੁਨਰ ਦੇ ਖੇਤਰ ਵਿੱਚ ਉਨ੍ਹਾਂ ਨੂੰ ਇਹ ਸਥਾਨ ਕਿਵੇਂ ਮਿਲਿਆ।

ਉਨ੍ਹਾਂ ਨੇ ਕਿਹਾ ਬਾਬਰ ਜਿੱਥੇ ਵੀ ਗਏ, ਉਨ੍ਹਾਂ ਦੇ ਸਿੱਖਿਅਕ ਵੀ ਉਨ੍ਹਾਂ ਦੇ ਨਾਲ ਜਾਂਦੇ ਸਨ। ਉਹ ਹਰ ਪ੍ਰਕਾਰ ਦੇ ਲੋਕਾਂ ਨੂੰ ਮਿਲਣਾ ਪਸੰਦ ਕਰਦੇ ਸਨ, ਅਤੇ ਉਨ੍ਹਾਂ ਨੇ ਉਚੇਚੇ ਤੌਰ ''ਤੇ ਅਲੀ ਸ਼ੇਰ ਨਵਾਈ ਵਰਗੇ ਕਵੀਆਂ ਦਾ ਸਰਪ੍ਰਸਤੀ ਕੀਤੀ।

ਉਨ੍ਹਾਂ ਨੇ ਕਿਹਾ ਬਾਬਰ ਨੇ ਜਿਸ ਤਰ੍ਹਾਂ ਆਪਣੇ ਬਾਰੇ ਖੁੱਲ੍ਹੇ ਤੌਰ ''ਤੇ ਤਫ਼ਸੀਲ ''ਚ ਵਰਣਨ ਕੀਤਾ ਹੈ, ਉਹ ਕਿਸੇ ਹੋਰ ਬਾਦਸ਼ਾਹ ਬਾਰੇ ਨਹੀਂ ਮਿਲਦਾ ਹੈ। ਉਨ੍ਹਾਂ ਨੇ ਆਪਣੇ ਵਿਆਹ, ਪਿਆਰ, ਸ਼ਰਾਬ ਪੀਣ, ਮਾਰੂਥਲ ਵਿੱਚ ਪੈਦਲ ਭਟਕਣ, ਤੌਬਾ ਕਰਨ ਅਤੇ ਆਪਣੇ ਦਿਲ ਦੀ ਸਥਿਤੀ ਤੱਕ, ਹਰ ਗੱਲ ਬਾਰੇ ਦੱਸਿਆ ਹੈ।

ਸਟੀਫ਼ਨ ਡੇਲ ਨੇ ਆਪਣੀ ਕਿਤਾਬ ''ਗਾਰਡੇਨ ਆਫ਼ ਏ ਪੈਰਾਡਾਈਜ਼'' ਵਿੱਚ ਬਾਬਰ ਦੀ ਵਾਰਤਕ ਨੂੰ ਰੁਹਾਨੀ ਕਿਹਾ ਅਤੇ ਲਿਖਿਆ ਇਹ ਉਸ ਤਰ੍ਹਾਂ ਦੀ ਹੀ ਸਿੱਧੀ ਲਿਖਤ ਹੈ ਜਿਸ ਤਰ੍ਹਾਂ ਦੀ ਅੱਜ ਪੰਜ ਸੌ ਸਾਲ ਬਾਅਦ ਆਮ ਲਿਖਣ ਸ਼ੈਲੀ ਹੈ, ਜਾਂ ਜਿਸ ਤਰੀਕੇ ਨਾਲ ਅੱਜ ਵੀ ਲਿਖਣ ਲਈ ਕਿਹਾ ਜਾਂਦਾ ਹੈ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਆਪਣੇ ਬੇਟੇ ਹਿੰਮਾਯੂ ਦੀ ਲਿਖਤ ਨੂੰ ਕਿਸ ਤਰ੍ਹਾਂ ਦਰੁਸਤ ਕੀਤਾ। ਉਨ੍ਹਾਂ ਨੇ ਲਿਖਿਆ ਸੀ ਕਿ, "ਤੁਹਾਡੀ ਲਿਖਤ ਵਿੱਚ ਵਿਸ਼ਾ ਗੁਆਚ ਜਾਂਦਾ ਹੈ।" ਅਤੇ ਇਸ ਲਈ ਉਨ੍ਹਾਂ ਨੂੰ ਸਿੱਧਾ ਲਿਖਣ ਲਈ ਕਿਹਾ ਸੀ।

ਉਰਦੂ ਦੇ ਮਸ਼ਹੂਰ ਸ਼ਾਇਰ ਗਾਲਿਬ ਨੇ ਤਕਰੀਬਨ ਤਿੰਨ ਸੌ ਸਾਲ ਬਾਅਦ ਉਰਦੂ ਵਿੱਚ ਲਿਖਣ ਲਈ ਜਿਸ ਸ਼ੈਲੀ ਦੀ ਖੋਜ ਕੀਤੀ ਅਤੇ ਉਸ ''ਤੇ ਉਨ੍ਹਾਂ ਨੂੰ ਮਾਣ ਵੀ ਸੀ। ਅਜਿਹੀ ਸਪੱਸ਼ਟ ਸੌਖੀ ਵਾਰਤਕ ਬਾਬਰ ਨੇ ਉਨ੍ਹਾਂ ਤੋਂ ਪਹਿਲਾਂ ਆਪਣੇ ਉੱਤਰਧਿਕਾਰੀਆਂ ਲਈ ਲਿਖੀ ਸੀ।

ਬਾਬਾਰਨਾਮਾ ਤੋਂ ਪਤਾ ਲਗਦਾ ਹੈ ਕਿ ਉਨ੍ਹਾਂ ਦਾ ਪਹਿਲਾ ਵਿਆਹ ਚਾਚੇ ਦੀ ਧੀ ਆਇਸ਼ਾ ਨਾਲ ਹੋਇਆ ਸੀ। ਆਇਸ਼ਾ ਤੋਂ ਉਨ੍ਹਾਂ ਦੇ ਘਰ ਇੱਕ ਧੀ ਨੇ ਜਨਮ ਲਿਆ ਸੀ ਜੋ 40 ਦਿਨ ਵੀ ਜਿਉਂਦੀ ਨਾ ਰਹਿ ਸਕੀ। ਪਰ ਬਾਬਰ ਨੂੰ ਆਪਣੀ ਪਤਨੀ ਨਾਲ ਕੋਈ ਪਿਆਰ ਨਹੀਂ ਸੀ।

ਉਨ੍ਹਾਂ ਨੇ ਲਿਖਿਆ ਹੈ ਕਿ, "ਉਰਦੂ ਬਾਜ਼ਾਰ ਵਿੱਚ ਇੱਕ ਲੜਕਾ ਸੀ, ਬਾਬਰੀ ਨਾਮ ਦਾ ਜਿਸ ਵਿੱਚ ਸਾਡੀ ਨਾਮ ਨਾਲ ਵੀ ਇੱਕ ਸਾਂਝ ਸੀ। ਉਨ੍ਹਾਂ ਦਿਨਾਂ ਵਿੱਚ ਮੈਨੂੰ ਉਸ ਨਾਲ ਅਜੀਬ ਜਿਹਾ ਲਗਾਵ ਹੋ ਗਿਆ।"

ਇਸ ਪਰਿਵਸ਼ ਪੇ ਕਿਆ ਹੁਆ ਸ਼ੈਦਾ

ਬਲਕਿ ਆਪਣੀ ਖ਼ੁਦ ਵੀ ਖੋ ਬੈਠਾ

ਉਨ੍ਹਾਂ ਦਾਇੱਕ ਫ਼ਾਰਸੀ ਦਾ ਸ਼ੇਅਰ ਇਹ ਹੈ:

ਹੇਚ ਕਿਸ ਚੁੰ ਮਨ ਖ਼ਰਾਬ ਵ ਆਸ਼ਿਕ ਵ ਰੁਸਵਾ ਮਬਾਦ

ਹੇਚ ਮਹਿਬੂਰ ਚੋਤ ਵ ਬੇ ਰਹਿਮ ਵ ਬੇ ਪਰਵਾ ਮਬਾਦ

"ਪਰ ਹਾਲਾਤ ਇਹ ਸੀ ਕਿ ਜੇ ਬਾਬਰੀ ਕਦੀ ਮੇਰੇ ਸਾਹਮਣੇ ਆ ਜਾਂਦਾ ਤਾਂ ਮੈਂ ਸ਼ਰਮ ਕਰਕੇ ਨਿਗ੍ਹਾ ਭਰ ਕੇ ਉਸ ਵੱਲ ਦੇਖ ਨਹੀਂ ਸੀ ਪਾਉਂਦਾ। ਚਾਹੇ ਹੀ ਮੈਂ ਉਸ ਨੂੰ ਮਿਲ ਸਕਾਂ ਅਤੇ ਗੱਲ ਕਰ ਸਕਾਂ। ਬੇਚੈਨ ਮਨ ਦੀ ਅਜਿਹੀ ਅਵਸਥਾ ਸੀ ਕਿ ਉਸਦੇ ਆਉਣ ''ਤੇ ਧੰਨਵਾਦ ਤੱਕ ਨਹੀਂ ਸੀ ਕਰ ਸਕਦਾ। ਉਸ ਦੇ ਨਾ ਆਉਣ ਦੀ ਸ਼ਿਕਾਇਤ ਵੀ ਨਹੀਂ ਸੀ ਕਰਦਾ ਅਤੇ ਜ਼ਬਰਦਸਤੀ ਬੁਲਾਉਣ ਦੀ ਹਿੰਮਤ ਵੀ ਨਹੀਂ ਸੀ...।"

ਸ਼ੋਮ ਸ਼ਰਮਿੰਦਾ ਹਰ ਗਹ ਯਾਰ ਖ਼ੁਦਰਾ ਦਰ ਨਜ਼ਰ ਬੇਨਮ

ਰਫ਼ੀਕਾ ਸੁਏ ਮਨ ਬੇਨੰਦੂ ਮਨ ਸੁਏ ਦੀਗਰ ਬੇਨਮ

"ਉਨ੍ਹਾਂ ਦਿਨਾਂ ਵਿੱਚ ਮੇਰੀ ਸਥਿਤੀ ਅਜਿਹੀ ਸੀ, ਇਸ਼ਕ ਅਤੇ ਮੁਹੱਬਤ ਦਾ ਇੰਨਾ ਜ਼ੋਰ ਅਤੇ ਜਨੂੰਨ ਭਰੀ ਜਵਾਨੀ ਦਾ ਅਜਿਹਾ ਅਸਰ ਹੋਇਆ ਕਿ ਕਈ ਕਈ ਵਾਰ ਨੰਗੇ ਸਿਰ, ਨੰਗੇ ਪੈਰ ਮਹਿਲਾਂ, ਬਗੀਚਿਆਂ ਅਤੇ ਬਾਗ਼ਾਂ ਵਿੱਚ ਘੁੰਮਿਆ ਕਰਦਾ ਸੀ। ਨਾ ਆਪਣੇ ਪਰਾਏ ਦਾ ਖ਼ਿਆਲ ਸੀ, ਨਾ ਹੀ ਆਪਣੀ ਅਤੇ ਦੂਸਰਿਆਂ ਦੀ ਪਰਵਾਹ।"

ਵੈਸੇ ਬਾਬਰ ਦੀ ਸਭ ਤੋਂ ਪਸੰਦੀਦਾ ਪਤਨੀ ਮਹਿਮ ਬੇਗ਼ਮ ਸੀ, ਜਿਸ ਦੀ ਕੁੱਖੋਂ ਹਿੰਮਾਯੂ ਦਾ ਜਨਮ ਹੋਇਆ। ਜਦੋਂ ਕਿ ਗ਼ੁਲਬਦਨ ਬੇਗ਼ਮ ਅਤੇ ਹਿੰਦਾਲ, ਅਸਕਰੀ ਅਤੇ ਕਾਮਰਾਨ ਦਾ ਜਨਮ ਹੋਰ ਪਤਨੀਆਂ ਤੋਂ ਹੋਇਆ ਸੀ।

ਸ਼ਰਾਬ ਪੀਣਾ

ਬਾਬਰ ਦਾ ਇੱਕ ਸ਼ੇਅਰ ਕਈ ਜਗ੍ਹਾਂ ਨਜ਼ਰ ਆਉਂਦਾ ਹੈ:

ਨੌ ਰੇਜ਼ ਵ ਨੌ ਬਹਾਰ ਦਿਲਬਰੇ ਖ਼ੁਸ਼ ਅਸਤ

ਬਾਬਰ ਬਰ ਏਸ਼ ਕੋਸ਼ ਕੇ ਆਲਮ ਦੋਬਾਰਾ ਨੀਸਤ

"ਨੌ ਦਿਨ ਹਨ, ਨਵੀਂ ਬਹਾਰ ਹੈ, ਸ਼ਰਾਬ ਹੈ, ਸੁੰਦਰ ਪ੍ਰੇਮੀ ਹੈ, ਬਾਬਰ, ਬਰ ਐਸ਼ ਅਤੇ ਮਸਤੀ ਵਿੱਚ ਹੀ ਲਗਾ ਰਹਿ ਕਿ ਦੁਨੀਆ ਦੁਬਾਰਾ ਨਹੀਂ ਹੈ।"

ਪ੍ਰੋਫ਼ੈਸਰ ਨਿਸ਼ਾਤ ਮੰਜ਼ਰ
BBC
ਪ੍ਰੋਫ਼ੈਸਰ ਨਿਸ਼ਾਤ ਮੰਜ਼ਰ

ਪ੍ਰੋਫ਼ੈਸਰ ਨਿਸ਼ਾਤ ਮੰਜ਼ਰ ਕਹਿੰਦੇ ਹਨ ਕਿ ਬਾਬਰ ਨੇ 21 ਸਾਲ ਤੱਕ ਇੱਕ ਪਵਿੱਤਰ ਜ਼ਿੰਦਗੀ ਬਸਰ ਕੀਤੀ। ਪਰ ਫ਼ਿਰ ਉਨ੍ਹਾਂ ਨੂੰ ਸ਼ਰਾਬ ਪੀਣ ਦੀਆਂ ਮਹਿਫ਼ਲਾਂ ਰਾਸ ਆਉਣ ਲੱਗੀਆਂ।

ਇਸ ਲਈ ਉਨ੍ਹਾਂ ਦੀਆਂ ਮਹਿਫ਼ਲਾਂ ਵਿੱਚ ਸ਼ਰਾਬ ਪੀਣ ਵਾਲੀਆਂ ਔਰਤਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਬਾਬਰ ਨੇ ਉਨ੍ਹਾਂ ਦੇ ਜ਼ਿਕਰ ਨੂੰ ਲੁਕਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਹ ਆਪਣੇ ਪਿਤਾ ਦੇ ਬਾਰੇ ਵੀ ਲਿਖਦੇ ਹਨ ਕਿ ਉਹ ਸ਼ਰਾਬ ਦੇ ਆਦੀ ਸਨ ਅਤੇ ਅਫ਼ੀਮ ਵੀ ਖਾਂਦੇ ਸਨ। ਜਦੋਂ ਕਿ ਹਿਮਾਯੂੰ ਬਾਰੇ ਤਾਂ ਇਹ ਮਸ਼ਹੂਰ ਹੈ ਕਿ ਉਹ ਅਫ਼ੀਮ ਦੇ ਆਦੀ ਸਨ।

ਨਿਸ਼ਾਤ ਮੰਜ਼ਰ ਕਹਿੰਦੇ ਹਨ ਕਿ ਜਦੋਂ ਬਾਬਰ ਨੇ ਸ਼ਰਾਬ ਤੋਂ ਤੌਬਾ ਕੀਤੀ, ਤਾਂ ਇਹ ਉਨ੍ਹਾਂ ਦੀ ਰਣਨੀਤੀ ਸੀ। ਉਨ੍ਹਾਂ ਦੇ ਸਾਹਮਣੇ ਭਾਰਤ ਦੇ ਸਭ ਤੋਂ ਵੱਡੇ ਯੋਦੇ ਰਾਣਾ ਸਾਂਗਾ ਸਨ। ਜਿਹੜੇ ਇਸ ਤੋਂ ਪਹਿਲਾਂ ਕਦੀ ਕੋਈ ਜੰਗ ਨਹੀਂ ਸਨ ਹਾਰੇ। ਪਾਣੀਪਤ ਦੀ ਲੜਾਈ ਤੋਂ ਬਾਅਦ ਬਾਬਰ ਦੀ ਸੈਨਾ ਅੱਧੀ ਰਹਿ ਗਈ। ਜੰਗ ਦੌਰਾਨ ਇੱਕ ਸਮਾਂ ਅਜਿਹਾ ਆਇਆ ਜਦੋਂ ਬਾਬਰ ਨੂੰ ਸਾਹਮਣੇ ਹਾਰ ਦਿਖਾਈ ਦੇ ਰਹੀ ਸੀ। ਫ਼ਿਰ ਉਨ੍ਹਾਂ ਨੇ ਪਹਿਲਾਂ ਇੱਕ ਜੋਸ਼ੀਲਾ ਭਾਸ਼ਣ ਦਿੱਤਾ ਅਤੇ ਫ਼ਿਰ ਤੌਬਾ ਕੀਤੀ।

ਕੁਝ ਵਿਦਵਾਨਾਂ ਦਾ ਮੰਨਣਾ ਹੈ ਕਿ ਬਾਬਰ ਦੀ ਇਸ ਸੱਚੀ ਤੌਬਾ ਕਰਕੇ ਅੱਲ੍ਹਾ ਨੇ ਮੁਗ਼ਲਾਂ ਨੂੰ ਭਾਰਤ ਵਿੱਚ ਤਿੰਨ ਸੌ ਸਾਲਾਂ ਦੀ ਸਲਤਨਤ ਬਖ਼ਸ਼ੀ ਸੀ।

ਪਰ ਜਾਮੀਆ ਮੀਲੀਆ ਇਸਲਾਮੀਆ ਵਿੱਚ ਇਤਿਹਾਸ ਦੇ ਪ੍ਰੋਫ਼ੈਸਰ ਰਿਜ਼ਵਾਨ ਕੈਸਰ ਕਹਿੰਦੇ ਹਨ ਕਿ, ਇਹ ਬਾਬਰ ਦੇ ਕੰਮਾਂ ਦੀ ਧਾਰਮਿਕ ਵਿਆਖਿਆ ਹੋ ਸਕਦੀ ਹੈ, ਪਰ ਇਸਦਾ ਇਤਿਹਾਸਿਕ ਮਹੱਤਵ ਨਹੀਂ ਹੈ।

ਕਿਉਂਕਿ ਇਹ ਕਿਸੇ ਵੀ ਤਰ੍ਹਾਂ ਸਾਬਤ ਨਹੀਂ ਕੀਤਾ ਜਾ ਸਕਦਾ। ਹਾਂ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਬਾਬਰ ਨੇ ਯੁੱਧ ਜਿੱਤਣ ਲਈ ਧਾਰਮਿਕ ਉਤਸ਼ਾਹ ਦੀ ਵਰਤੋਂ ਕੀਤੀ ਹੋਵੇਗੀ।

ਇਸ ਤੋਂ ਪਹਿਲਾਂ ਬਾਬਰ ਨੇ ਆਪਣੀ ਅਗਵਾਈ ਵਿੱਚ ਆਪਣੇ ਜੱਦੀ ਦੇਸ ਫਰਗ਼ਨਾ ਨੂੰ ਪਾਉਣ ਲਈ ਇਰਾਨ ਦੇ ਬਾਦਸ਼ਾਹ ਦਾ ਸਮਰਥਨ ਲਿਆ ਸੀ। ਉਸ ਸਮੇਂ ਉਨ੍ਹਾਂ ਨੇ ਆਪਣੇ ਆਪ ਨੂੰ ਸ਼ੀਆ ਕਿਹਾ ਸੀ, ਤਾਂ ਉਸ ਸਮੇਂ ਇੱਕ ਪ੍ਰਮੁੱਖ ਵਿਦਵਾਨ ਨੇ ਬਾਬਰ ਨੂੰ ਬਹੁਤ ਚੰਗਾ ਮਾੜਾ ਕਿਹਾ ਸੀ ਅਤੇ ਉਨ੍ਹਾਂ ਦਾ ਵਿਰੋਧ ਕੀਤਾ ਸੀ।

ਪ੍ਰੋਫ਼ੈਸਰ ਨਿਸ਼ਾਤ ਨੇ ਇਹ ਵੀ ਕਿਹਾ ਕਿ ਬਾਬਰ ਨੇ ਕਈ ਥਾਵਾਂ ''ਤੇ ਆਪਣੇ ਦੁਸ਼ਮਣ ਮੁਸਲਮਾਨ ਸ਼ਾਸਕਾਂ ਲਈ "ਕਾਫ਼ਰ" ਸ਼ਬਦ ਦੀ ਵਰਤੋਂ ਕੀਤੀ ਅਤੇ ਉਨ੍ਹਾਂ ਨੂੰ ਚੰਗਾ ਮਾੜਾ ਕਿਹਾ।

ਬਾਬਰ ਨੇ ਆਪਣੀ ਇਸ ਤੌਬਾ ਦਾ ਜ਼ਿਕਰ ਇਸ ਤਰ੍ਹਾਂ ਕੀਤਾ ਹੈ: "ਮੈਂ ਕਾਬੁਲ ਵਿੱਚ ਸ਼ਰਾਬ ਮੰਗਵਾਈ ਸੀ ਅਤੇ ਬਾਬਾ ਦੋਸਤ ਸੂਜੀ ਊਠਾਂ ਦੀਆਂ ਤਿੰਨ ਲਾਈਨਾਂ ''ਤੇ ਸ਼ਰਾਬ ਦੇ ਘੜੇ ਭਰ ਕੇ ਲੈ ਆਇਆ। ਇਸ ਦਰਮਿਆਨ, ਮੁਹੰਮਦ ਸ਼ਰੀਫ਼ ਨਜੂਮੀ (ਜੋਤਸ਼ੀ) ਨੇ ਇਹ ਗੱਲ ਫ਼ੈਲਾਅ ਦਿੱਤੀ ਕਿ ਮੰਗਲ ਇਸ ਸਮੇਂ ਪੱਛਮ ਵਿੱਚ ਹੈ ਅਤੇ ਇਹ ਅਸ਼ੁੱਭ ਹੈ, ਇਸ ਲਈ ਜੰਗ ਵਿੱਚ ਹਾਰ ਹੋਵੇਗੀ। ਇਸ ਗੱਲ ਨੇ ਮੇਰੀ ਸੈਨਾ ਦਾ ਦਿਲ ਹਿਲਾ ਦਿੱਤਾ..."

"ਜਮਾਦੀ-ਉਲ-ਸਾਨੀ (ਅਰਬੀ ''ਚ ਮਹੀਨੇ ਦਾ ਨਾਮ) ਦੀ 23 ਤਾਰੀਖ਼ ਸੀ ਮੰਗਲਵਾਰ ਦਾ ਦਿਨ ਸੀ। ਅਚਾਨਕ ਮੈਨੂੰ ਵਿਚਾਰ ਆਇਆ ਕੇ ਕਿਉਂ ਨਾ ਸ਼ਰਾਬ ਤੋਂ ਤੌਬਾ ਕਰ ਲਵਾਂ। ਇਹ ਇਰਾਦਾ ਕਰਕੇ ਮੈਂ ਸ਼ਰਾਬ ਤੋਂ ਤੌਬਾ ਕਰ ਲਈ। ਸ਼ਰਾਬ ਦੇ ਸਾਰੇ ਸੋਨੇ ਅਤੇ ਚਾਂਦੀ ਦੇ ਭਾਂਡਿਆ ਨੂੰ ਤੋੜ ਦਿੱਤਾ ਗਿਆ। ਅਤੇ ਉਸ ਸਮੇਂ ਛਾਉਣੀ ਵਿੱਚ ਜੋ ਵੀ ਸ਼ਰਾਬ ਸੀ ਸਭ ਬਾਹਰ ਸੁੱਟਵਾ ਦਿੱਤੀ। ਸ਼ਰਾਬ ਦੇ ਭਾਂਡਿਆਂ ਤੋਂ ਜੋ ਸੋਨਾ ਚਾਂਦੀ ਮਿਲਿਆ ਉਹ ਗਰੀਬਾਂ ਵਿੱਚ ਵੰਡਵਾ ਦਿੱਤਾ। ਇਸ ਕੰਮ ਵਿੱਚ ਮੇਰੇ ਸਾਥੀ ਅਸ ਨੇ ਵੀ ਸਾਥ ਦਿੱਤਾ।"

"ਮੇਰੀ ਤੌਬਾ ਦੀ ਖ਼ਬਰ ਸੁਣ ਕੇ ਮੇਰੇ ਤਿੰਨ ਆਹੁਦੇਦਾਰਾਂ ਨੇ ਵੀ ਉਸੇ ਰਾਤ ਤੌਬਾ ਕਰ ਲਈ। ਕਿਉਂਕਿ ਬਾਬਾ ਦੋਸਤ ਊਠਾਂ ਦੀਆਂ ਕਈ ਕਤਾਰਾਂ ''ਤੇ ਕਾਬੁਲ ਤੋਂ ਸ਼ਰਾਬ ਦੇ ਅਣਗਿਣਤ ਘੜੇ ਲਿਆਇਆ ਸੀ ਅਤੇ ਇਹ ਸ਼ਰਾਬ ਬਹੁਤ ਜ਼ਿਆਦਾ ਸੀ। ਇਸ ਲਈ ਉਸ ਨੂੰ ਸੁੱਟਣ ਦੀ ਬਜਾਇ ਇਸ ਵਿੱਚ ਲੂਣ ਮਿਲਾ ਦਿੱਤਾ ਤਾਂ ਕਿ ਇਸ ਦਾ ਸਿਰਕਾ ਬਣਾਇਆ ਜਾਵੇ। ਜਿਥੇ ਮੈਂ ਸ਼ਰਾਬ ਤੋਂ ਤੌਬਾ ਕੀਤੀ ਅਤੇ ਸ਼ਰਾਬ ਨੂੰ ਟੋਇਆਂ ਵਿੱਚ ਪਵਾਇਆ, ਉਥੇ ਤੌਬਾ ਦੀ ਯਾਦ ਵਜੋਂ ਇੱਕ ਪੱਥਰ ਲਗਵਾ ਦਿੱਤਾ ਅਤੇ ਇੱਕ ਇਮਾਰਤ ਬਣਵਾਈ..."

ਮੈਂ ਇਹ ਵੀ ਇਰਾਦਾ ਕੀਤਾ ਸੀ ਕਿ ਜੇ ਅੱਲ੍ਹਾ ਰਾਣਾ ਸਾਂਗਾ ''ਤੇ ਜਿੱਤ ਦੇਵੇਗਾ ਤਾਂ ਮੈਂ ਆਪਣੀ ਸਲਤਨਤ ਵਿੱਚ ਹਰ ਤਰ੍ਹਾਂ ਦੇ ਟੈਕਸ ਮੁਆਫ਼ ਕਰ ਦੇਵਾਂਗਾ। ਮੈਂ ਇਸ ਕਰ ਮੁਆਫ਼ੀ ਦਾ ਐਲਾਨ ਕਰਨਾ ਜ਼ਰੂਰੀ ਸਮਝਿਆ ਅਤੇ ਲੇਖਕਾਂ ਨੂੰ ਇਸ ਵਿਸ਼ੇ ''ਤੇ ਲੇਖ ਲਿਖਣ ਅਤੇ ਦੂਰ ਦੂਰ ਤੱਕ ਪ੍ਰਸਿੱਧ ਕਰਨ ਦਾ ਹੁਕਮ ਦਿੱਤਾ।

"ਦੁਸ਼ਮਣਾ ਦੀ ਵੱਡੀ ਗਿਣਤੀ ਕਰਕੇ ਸੈਨਾ ਵਿੱਚ ਗੁੱਸਾ ਫ਼ੈਲ ਗਿਆ ਸੀ। ਇਸ ਲਈ ਮੈਂ ਪੂਰੀ ਸੈਨਾ ਨੂੰ ਇੱਕ ਜਗ੍ਹਾ ਇਕੱਠੇ ਕੀਤਾ ਅਤੇ ਕਿਹਾ: ''ਜੋ ਕੋਈ ਵੀ ਇਸ ਦੁਨੀਆ ਵਿੱਚ ਆਇਆ ਹੈ ਉਸਨੇ ਮਰਨਾ ਹੈ। ਜ਼ਿੰਦਗੀ ਖ਼ੁਦਾ ਦੇ ਹੱਥ ਵਿੱਚ ਹੈ, ਇਸ ਲਈ ਮੌਤ ਤੋਂ ਡਰਨਾ ਨਹੀਂ ਚਾਹੀਦਾ। ਤੁਸੀਂ ਅੱਲ੍ਹਾ ਦੇ ਨਾਮ ''ਤੇ ਸਹੁੰ ਖਾਓ ਕਿ ਮੌਤ ਨੂੰ ਸਾਹਮਣੇ ਦੇਖ ਕੇ ਮੂੰਹ ਨਹੀਂ ਮੋੜੋਗੇ ਅਤੇ ਜਦੋਂ ਤੱਕ ਜਾਨ ਬਾਕੀ ਹੈ ਉਸ ਸਮੇਂ ਤੱਕ ਜੰਗ ਜਾਰੀ ਰੱਖੋਗੇ।"

"ਮੇਰੇ ਇਸ ਭਾਸ਼ਣ ਦਾ ਬਹੁਤ ਅਸਰ ਹੋਇਆ। ਇਸ ਨਾਲ ਸੈਨਾ ਵਿੱਚ ਉਤਸ਼ਾਹ ਭਰ ਗਿਆ, ਜੰਮ ਕੇ ਲੜਾਈ ਹੋਈ ਅਤੇ ਅੰਤ ਵਿੱਚ ਜਿੱਤ ਹੋਈ। ਇਹ ਜਿੱਤ 1527 ਵਿੱਚ ਹੋਈ ਸੀ।"

ਬਾਬਰ ਅਤੇ ਉਸਦੇ ਰਿਸ਼ਤੇਦਾਰ

ਪਾਣੀਪਤ ਦੀ ਲੜਾਈ ਦੇ ਬਾਅਦ, ਬਾਬਰ ਨੂੰ ਜੋ ਧਨ ਹੱਥ ਲੱਗਿਆ ਉਸਨੇ ਉਹ ਦਿਆਲਤਾ ਨਾਲ ਆਪਣੇ ਰਿਸ਼ਤੇਦਾਰਾਂ ਅਤੇ ਅਹੁਦੇਦਾਰਾਂ ਵਿੱਚ ਵੰਡ ਦਿੱਤਾ। ਬਾਬਰ ਨੇ ਵੀ ਇਸ ਦਾ ਜ਼ਿਕਰ ਕੀਤਾ ਹੈ ਅਤੇ ਉਨ੍ਹਾਂ ਦੀ ਧੀ ਗੁਲਬਦਨ ਬਾਨੋ ਨੇ ਵੀ ਆਪਣੀ ਕਿਤਾਬ ''ਹਿਮਾਯੂੰਨਾਮਾ'' ਵਿੱਚ ਇਸਦਾ ਵਿਸਥਾਰ ਨਾਲ ਵਰਣਨ ਕੀਤਾ ਹੈ।

ਪ੍ਰੋਫ਼ੈਸਰ ਨਿਸ਼ਾਤ ਮੰਜਰ ਅਤੇ ਡਾਕਟਰ ਰਹਿਮਾ ਜਾਵੇਦ ਨੇ ਬੀਬੀਸੀ ਨੂੰ ਦੱਸਿਆ ਕਿ ਬਾਬਰ ਦੇ ਸ਼ਖ਼ਸੀਅਤ ਦੀ ਖ਼ਾਸ ਗੱਲ ਉਨ੍ਹਾਂ ਦਾ ਔਰਤਾਂ ਨਾਲ ਰਿਸ਼ਤਾ ਸੀ। ਉਨ੍ਹਾਂ ਨੇ ਦੱਸਿਆ ਕਿ ਔਰਤਾਂ ਉਨ੍ਹਾਂ ਦੀਆਂ ਸਲਾਹਾਂ ਵਿੱਚ ਸ਼ਾਮਿਲ ਹੁੰਦੀਆਂ ਸਨ।

ਬਾਬਰ ਦੀ ਮਾਂ ਉਨ੍ਹਾਂ ਦੇ ਨਾਲ ਸੀ ਤਾਂ ਉਨ੍ਹਾਂ ਦੀ ਨਾਨੀ ਵੀ ਸਮਰਕੰਦ ਤੋਂ ਅੰਦਜਾਨ ਪਹੁੰਚਦੀ ਸੀ। ਉਨ੍ਹਾਂ ਨੇ ਆਪਣੀ ਜੀਵਨੀ ਵਿੱਚ ਚਾਚੀਆਂ, ਮਾਸੀਆਂ, ਭੈਣਾਂ, ਅਤੇ ਭੂਆ ਦਾ ਵਿਸ਼ੇਸ਼ ਤੌਰ ''ਤੇ ਜ਼ਿਕਰ ਕੀਤਾ ਹੈ।

ਬਾਬਰ ਦੀ ਜੀਵਨੀ ਵਿੱਚ ਜਿੰਨੀਆਂ ਔਰਤਾਂ ਦਾ ਜ਼ਿਕਰ ਹੈ ਉਨੀਆਂ ਔਰਤਾਂ ਦਾ ਨਾਮ ਬਾਅਦ ਦੀ ਪੂਰੀ ਮੁਗ਼ਲ ਸਲਤਨਤ ਵਿੱਚ ਸੁਣਨ ਨੂੰ ਨਹੀਂ ਮਿਲਿਆ।

ਇਸ ਸੰਬੰਧ ਵਿੱਚ ਪ੍ਰੋਫ਼ੈਸਰ ਨਿਸ਼ਾਤ ਮੰਜਰ ਨੇ ਕਿਹਾ ਕਿ ਅਕਬਰ ਬਾਦਸ਼ਾਹ ਦੇ ਸ਼ਾਸਨਕਾਲ ਤੋਂ ਪਹਿਲਾਂ ਤੱਕ ਮੁਗ਼ਲਾਂ ਦੇ ਦਰਮਿਆਨ ਤੁਰਕ ਅਤੇ ਬੇਗ ਰਵਾਇਤਾਂ ਦਾ ਪ੍ਰਭਾਵ ਜ਼ਿਆਦਾ ਸੀ, ਜਿਸ ਕਰਕੇ ਔਰਤਾਂ ਦੀ ਸ਼ਾਮੂਲੀਅਤ ਹਰ ਜਗ੍ਹਾ ਨਜ਼ਰ ਆਉਂਦੀ ਹੈ।

ਇਸ ਲਈ ਬਾਬਰ ਨੇ ਆਪਣੀਆਂ ਦੋ ਭੂਆ ਦਾ ਜ਼ਿਕਰ ਕੀਤਾ ਹੈ, ਜੋ ਮਰਦਾਂ ਦੀ ਤਰ੍ਹਾਂ ਪੱਗ ਬਣਦੀਆਂ ਸਨ। ਘੋੜੇ ''ਤੇ ਸਵਾਰ ਹੋ ਕੇ ਤਲਵਾਰ ਲੈ ਕੇ ਤੁਰਦੀਆਂ ਸਨ। ਵੈਸੇ ਤਲਵਾਰ ਚਲਾਉਣਾ ਅਤੇ ਬਹਾਦਰੀ ਉਨ੍ਹਾਂ ਵਿੱਚ ਆਮ ਸੀ ਪਰ ਉਹ ਦਰਬਾਰ ਅਤੇ ਸਭਾਵਾਂ ਵਿੱਚ ਵੀ ਅਕਸਰ ਹਿੱਸਾ ਲੈਂਦੀਆਂ ਸਨ। ਉਨ੍ਹਾਂ ਦਾ ਦਾਇਰਾ ਮਹਿਜ਼ ਵਿਆਹ ਤੱਕ ਹੀ ਸੀਮਤ ਨਹੀਂ ਸੀ।

ਪ੍ਰੋਫ਼ੈਸਰ ਨਿਸ਼ਾਤ ਦਾ ਕਹਿਣਾ ਹੈ ਕਿ ਮੁਗ਼ਲਾਂ ਦਾ ਭਾਰਤੀਕਰਣ ਅਕਬਰ ਦੇ ਸਮੇਂ ਵਿੱਚ ਸ਼ੁਰੂ ਹੋਇਆ ਸੀ ਅਤੇ ਉਸ ਤੋਂ ਬਾਅਦ ਔਰਤਾਂ ਪੱਛੜਦੀਆਂ ਹੀ ਗਈਆਂ। ਬਾਅਦ ਵਿੱਚ ਜਹਾਂਗੀਰ ਦੇ ਗਹਿਣਿਆਂ ਦੇ ਮਾਮਲੇ ਵਿੱਚ ਸਮਝੌਤਾ ਕਰਵਾਉਣ ਵਿੱਚ ਜੋ ਅੱਗੇ ਅੱਗੇ ਨਜ਼ਰ ਆਉਂਦੀਆਂ ਹਨ ਉਹ ਜਹਾਂਗੀਰ ਦੀਆਂ ਭੂਆ ਅਤੇ ਦਾਦੀਆਂ ਹਨ।

ਉਨ੍ਹਾਂ ਦੀ ਅਸਲ ਮਾਂ ਜਿਨ੍ਹਾਂ ਦੀ ਕੁੱਖੋਂ ਉਹ ਪੈਦਾ ਹੋਏ ਉਹ ਕਿਤੇ ਦਿਖਾਈ ਨਹੀਂ ਦਿੰਦੀ। ਹਾਲਾਂਕਿ ਫ਼ਿਲਮਾਂ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਖ਼ੂਬ ਵਧਾ ਚੜ੍ਹਾ ਕੇ ਪੇਸ਼ ਕੀਤਾ ਗਿਆ ਹੈ। ਕਿਉਂਕਿ ਇਹ ਗਲਪ ''ਤੇ ਆਧਾਰਿਤ ਹੈ।

ਬਾਬਰ ਦੀ ਸ਼ਖ਼ਸੀਅਤ ਵਿੱਚ ਵਿਰਾਸਤ

ਬਾਬਰ ''ਤੇ ਭਾਰਤ ਵਿੱਚ ਹਮਲਾਵਰ ਹੋਣ ਅਤੇ ਮੰਦਰਾਂ ਨੂੰ ਢਾਹੁਣ, ਜ਼ਬਰਨ ਹਿੰਦੂਆਂ ਨੂੰ ਇਸਲਾਮ ਵਿੱਚ ਬਦਲਣ ਦੇ ਇਲਜ਼ਾਮ ਲਾਏ ਜਾਂਦੇ ਹਨ। ਜਦੋਂ ਕਿ ਉਨ੍ਹਾਂ ਦੇ ਪੋਤੇ ਜਲਾਲੁਦੀਨ ਮੁਹੰਮਦ ਅਕਬਰ ਨੂੰ ਸ਼ਾਂਤੀ ਦੂਤ ਕਿਹਾ ਜਾਂਦਾ ਹੈ ਅਤੇ ਧਾਰਮਿਕ ਸਹਿਣਸ਼ੀਲਤਾ ਨੂੰ ਉਨ੍ਹਾਂ ਦਾ ਹੀ ਹਿੱਸਾ ਮੰਨਿਆ ਜਾਂਦਾ ਹੈ।

ਪਰ ਦਿੱਲੀ ਯੂਨੀਵਰਸਿਟੀ ਵਿੱਚ ਇਤਿਹਾਸ ਵਿਭਾਗ ਵਿੱਚ ਸਾਹਇਕ ਪ੍ਰੋਫ਼ੈਸਰ ਸੈਫ਼ੂਦਦੀਨ ਅਹਿਮਦ ਕਹਿੰਦੇ ਹਨ, "ਇਤਿਹਾਸਕਾਰਾਂ ਅਤੇ ਸਿਆਸੀ ਮਾਹਰਾਂ ਨੇ ਅਕਸਰ ਅਕਬਰ ਬਾਦਸ਼ਾਹ ਅਤੇ ਅਸ਼ੋਕ ਨੂੰ ਇੱਕ ਮਜ਼ਬੂਤ ਸ਼ਾਸਕ ਵਜੋਂ ਦੇਖਿਆ ਅਤੇ ਉਨ੍ਹਾਂ ਦੀ ਅਹਿਮੀਅਤ ''ਤੇ ਚਾਨਣਾ ਪਾਇਆ ਹੈ। ਇਨ੍ਹਾਂ ਦੋਵਾਂ ਵਿਅਕਤੀਆਂ ਨੂੰ ਭਾਰਤ ਦੇ ਲੰਬੇ ਇਤਿਹਾਸ ਵਿੱਚ ਸਮਾਜ ਨਿਰਮਾਣ ਦੀ ਨਬਜ਼ ਮੰਨਿਆ ਜਾਂਦਾ ਹੈ, ਇਸਦੇ ਉੱਲਟ ਬਾਬਰ ਅਯੋਧਿਆ ਵਿੱਚ ਮੰਦਰ ਤੋੜ ਕੇ ਮਸਜਿਦ ਦੀ ਉਸਾਰੀ ਕਰਨ ਕਰਕੇ ਬਦਨਾਮ ਹਨ।"

ਉਹ ਅੱਗੇ ਕਹਿੰਦੇ ਹਨ ਕਿ, "ਬਾਬਰ ਦਾ ਵਸੀਅਤਨਾਮਾ, ਜੋ ਉਨ੍ਹਾਂ ਦੇ ਆਪਣੇ ਬੇਟੇ ਅਤੇ ਉਤਰਾਧਿਕਾਰੀ ਹਿਮਾਯੂੰ ਲਈ ਬਣਵਾਇਆ ਸੀ, ਉਹ ਖ਼ੁਰਾਸਾਨ ਵਿੱਚ ਵਿਕਸਿਤ ਸਿਆਸੀ ਵਿਚਾਰਧਾਰਾ ਦਾ ਇੱਕ ਚੰਗਾ ਉਦਾਹਰਣ ਹੈ।"

ਉਹ ਕਹਿੰਦੇ ਹਨ, " ਬਾਬਰ ਨੇ ਕਈ ਅਜਿਹੇ ਮੁੱਦਿਆਂ ਵੱਲ ਇਸ਼ਾਰਾ ਕੀਤਾ ਹੈ, ਜਿਨਾਂ ਨੂੰ ਅੱਜ ਦੇ ਸਿਆਸੀ ਦਲ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਦੇ ਹਨ ਜਾਂ ਉਸ ''ਤੇ ਅਮਲ ਕਰਨ ਤੋਂ ਬਚਦੇ ਹਨ। ਬਾਬਰ ਨੂੰ ਲੰਬੇ ਸਮੇਂ ਤੱਕ ਭਾਰਤ ਵਿੱਚ ਰਹਿਣ ਦਾ ਮੌਕਾ ਨਹੀਂ ਮਿਲਿਆ, ਪਰ ਉਨ੍ਹਾਂ ਨੇ ਜਲਦ ਹੀ ਇਥੋਂ ਦੇ ਤੌਰ ਤਰੀਕੇ ਅਪਣਾ ਲਏ ਸਨ। ਉਨ੍ਹਾਂ ਨੇ ਹਿਮਾਯੂੰ ਲਈ ਜੋ ਵਸੀਅਤ ਲਿਖੀ ਉਹ ਉਨ੍ਹਾਂ ਦੇ ਨਿਆਂ ਅਤੇ ਸਮਝ ਨੂੰ ਦਰਸਾਉਂਦੀ ਹੈ।"

ਬਾਬਰ ਨੇ ਲਿਖਿਆ: "ਮੇਰੇ ਬੇਟੇ ਸਭ ਤੋਂ ਪਹਿਲਾਂ ਤਾਂ ਇਹ ਕਿ ਧਰਮ ਦੇ ਨਾਮ ''ਤੇ ਸਿਆਸਤ ਨਾ ਕਰੋ, ਤੁਸੀਂ ਆਪਣੇ ਦਿਲ ਵਿੱਚ ਧਾਰਮਿਕ ਨਫ਼ਰਤ ਨੂੰ ਬਿਲਕੁਲ ਵੀ ਜਗ੍ਹਾ ਨੇ ਦੇਵੋ। ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਅਤੇ ਧਾਰਮਿਕ ਰਸਮਾਂ ਦਾ ਖਿਆਲ ਰੱਖਦੇ ਹੋਏ ਸਾਰੇ ਲੋਕਾਂ ਨਾਲ ਪੂਰਾ ਨਿਆਂ ਕਰਨਾ।"

ਸੈਫ਼ੂਦਦੀਨ ਅਹਿਮਦ ਕਹਿੰਦੇ ਹਨ ਕਿ, ਬਾਬਰ ਦੀ ਇਹ ਹੀ ਵਿਚਾਰਧਾਰਾ ਤਾਂ ਅੱਜ ਸੈਕੂਲੇਰਿਜ਼ਮ ਕਹਾਉਂਦੀ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਬਾਬਰ ਨੇ ਰਾਸ਼ਟਰੀ ਸੰਬੰਧਾਂ ਦੀ ਵਿਚਾਰਧਾਰਾ ਵਿੱਚ ਤਣਾਅ ਨਾ ਪੈਦਾ ਕਰਨ ਦੀ ਨਸੀਹਤ ਕਰਦੇ ਹੋਏ ਲਿਖਿਆ ਸੀ: ਗਾਂ ਤੋਂ ਖ਼ਾਸ ਤੌਰ ''ਤੇ ਪਰਰੇਜ਼ ਕਰੋ ਤਾਂ ਕਿ ਇਸ ਨਾਲ ਤੁਹਾਨੂੰ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਮਿਲੇ ਅਤੇ ਇਸ ਤਰ੍ਹਾਂ ਉਹ ਅਹਿਸਾਨ ਅਤੇ ਸ਼ੁਕਰਗੁਜ਼ਾਰੀ ਦੀ ਜ਼ੰਜੀਰ ਵਿੱਚ ਬੱਧੇ, ਤੁਹਾਡੇ ਵਫ਼ਾਦਾਰ ਹੋ ਜਾਣ।

ਸੈਫ਼ੂਦਦੀਨ ਅਹਿਮਦ ਮੁਤਾਬਿਕ ਬਾਬਰ ਨੇ ਤੀਸਰੀ ਗੱਲ ਇਹ ਕਹੀ: "ਤੁਹਾਨੂੰ ਕਿਸੇ ਵੀ ਭਾਈਚਾਰੇ ਦੀ ਅਰਦਾਸ ਵਾਲੀ ਜਗ੍ਹਾ ਨੂੰ ਢਾਹੁਣਾ ਨਹੀਂ ਚਾਹੀਦਾ ਅਤੇ ਹਮੇਸ਼ਾਂ ਪੂਰਾ ਨਿਆਂ ਕਰਨਾ। ਤਾਂਕਿ ਬਾਦਸ਼ਾਹ ਅਤੇ ਲੋਕਾਂ ਵਿੱਚ ਸੰਬੰਧ ਦੋਸਤਾਨਾਂ ਰਹਿਣ ਅਤੇ ਦੇਸ ਵਿੱਚ ਸ਼ਾਂਤੀ ਵਿਵਸਥਾ ਬਣੀ ਰਹੇ।"

ਚੌਥੀ ਗੱਲ ਉਨ੍ਹਾਂ ਨੇ ਇਹ ਕਹੀ ਕਿ, ਇਸਲਾਮ ਦਾ ਪ੍ਰਚਾਰ ਅਨਿਆਂ ਅਤੇ ਦਮਨ ਦੀ ਤਲਵਾਰ ਦੀ ਬਜਾਇ ਅਹਿਸਾਸ ਅਤੇ ਪਰਉਪਕਾਰ ਦੀ ਤਲਵਾਰ ਨਾਲ ਬਿਹਤਰ ਹੋਵੇਗਾ।

ਇਸ ਤੋਂ ਇਲਾਵਾ, ਬਾਬਰ ਨੇ ਸ਼ੀਆ-ਸੁੰਨੀ ਮਤਭੇਦ ਨੂੰ ਨਜ਼ਰਅੰਦਾਜ ਕਰਨ ਅਤੇ ਜਾਤ ਦੇ ਆਧਾਰ ''ਤੇ ਲੋਕਾਂ ਦੀ ਅਣਦੇਖੀ ਕਰਨ ਤੋਂ ਬਚਣ ਦੀ ਸਲਾਹ ਦਿੱਤੀ। ਬਲਕਿ ਇਹ ਦੇਸ ਦੀ ਏਕਤਾ ਨੂੰ ਨੁਕਸਾਨ ਪਹੁੰਚਾਏਗਾ ਅਤੇ ਸ਼ਾਸਕ ਜਲਦ ਹੀ ਆਪਣੀ ਸੱਤਾ ਗੁਆ ਦੇਣਗੇ।

ਸੈਫ਼ੂਦਦੀਨ ਮੁਤਾਬਿਕ, ਬਾਬਰ ਨੇ ਇਹ ਵੀ ਕਿਹਾ ਕਿ "ਆਪਣੀ ਜਨਤਾ ਦੀਆਂ ਵੱਖ ਵੱਖ ਵਿਸ਼ੇਸ਼ਤਾਵਾਂ ਨੂੰ ਸਾਲ ਦੇ ਵੱਖ ਵੱਖ ਮੌਸਮਾਂ ਦੇ ਰੂਪ ਵਿੱਚ ਸਮਝੋ, ਤਾਂ ਕਿ ਸਰਕਾਰ ਅਤੇ ਲੋਕ ਅਲੱਗ ਅਲੱਗ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚ ਸਕਣ।"

ਪ੍ਰੋਫ਼ੈਸਰ ਨਿਸ਼ਾਤ ਮੰਜ਼ਰ ਨੇ ਕਿਹਾ ਕਿ ਸੱਚ ਇਹ ਹੈ ਕਿ, ਬਾਬਰ ਦਾ ਦਿਲ ਭਾਰਤ ਦੀ ਤਰ੍ਹਾਂ ਵਿਸ਼ਾਲ ਸੀ ਅਤੇ ਉਹ ਨਿਰੰਤਰ ਸੰਘਰਸ਼ ਵਿੱਚ ਵਿਸ਼ਵਾਸ ਕਰਦੇ ਸਨ।

ਕੁਦਰਤ ਵਿੱਚ ਉਨ੍ਹਾਂ ਦੀ ਰੁਚੀ ਅਤੇ ਭਾਰਤ ਵਿੱਚ ਬਾਗ਼ਾਂ ਦੇ ਨਿਰਮਾਣ ਨੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ, ਜਿਸ ਦੀ ਸਿਖ਼ਰ ਅਸੀਂ ਜਹਾਂਗੀਰ ਦੇ ਬਾਗਾਂ ਅਤੇ ਸ਼ਾਹ ਜਹਾਂ ਦੀ ਵਸਤੂਕਲਾ ਵਿੱਚ ਦੇਖਦੇ ਹਾਂ।

ਬਾਬਰ ਦੀ ਜ਼ਿੰਦਗੀ ਵਿੱਚ ਧਰਮ ਬਹੁਤ ਚੰਗੀ ਤਰ੍ਹਾਂ ਸ਼ਾਮਿਲ ਸੀ ਅਤੇ ਉਹ ਬਹੁਤ ਲੋਕਾਂ ਬਾਰੇ ਦੱਸਦੇ ਹੋਏ ਇਸ ਗੱਲ ਦਾ ਜ਼ਿਕਰ ਕਰਨਾ ਨਹੀਂ ਭੁੱਲਦੇ ਕਿ ਉਹ ਨਮਾਜ਼ ਦਾ ਪਾਬੰਦ ਸੀ। ਜਾਂ ਇਹ ਕਿ ਉਸਨੇ ਕਿਸ ਤਰ੍ਹਾਂ ਨਮਾਜ਼ ਦੇ ਸਮੇਂ ਆਪਣੀ ਯਾਤਰਾ ਸ਼ੁਰੂ ਕੀਤੀ ਅਤੇ ਉਸ ਸਮੇਂ ਦੀ ਨਮਾਜ਼ ਉਥੇ ਪੜ੍ਹੀ।

ਹਾਲਾਂਕਿ ਉਹ ਜੋਤਸ਼ੀਆਂ ਤੋਂ ਹਾਲਾਤ ਪਤਾ ਕਰਦੇ ਸਨ, ਪਰ ਅੰਧਵਿਸ਼ਵਾਸ ਤੋਂ ਦੂਰ ਸਨ। ਇਸ ਲਈ, ਕਾਬੁਲ ਵਿੱਚ ਆਪਣੇ ਬਿਆਨ ਵਿੱਚ, ਬਾਬਰ ਨੇ ਲਿਖਿਆ ਕਿ, "ਇਥੋਂ ਦੇ ਇੱਕ ਸੰਤ ਮੁੱਲਾ ਅਬਦੁੱਲ ਰਹਿਮਾਨ ਸਨ। ਉਹ ਇੱਕ ਵਿਦਵਾਨ ਸਨ ਅਤੇ ਹਰ ਸਮੇਂ ਪੜ੍ਹਦੇ ਰਹਿੰਦੇ ਸਨ। ਉਸੇ ਹਾਲਤ ਵਿੱਚ ਉਨ੍ਹਾਂ ਦੀ ਮੌਤ ਹੋ ਗਈ... "

ਉਹ ਅੱਗੇ ਲਿਖਦੇ ਹਨ, "ਲੋਕ ਕਹਿੰਦੇ ਹਨ ਕਿ ਗਜ਼ਨੀ ਵਿੱਚ ਇੱਕ ਮਜ਼ਾਰ ਹੈ ਅਤੇ ਜੇ ਤੁਸੀਂ ਉਸ ''ਤੇ ਦਰੂਦ ਦਾ ਪਾਠ ਕਰਦੇ ਹੋ ਤਾਂ, ਉਹ ਹਿੱਲਣ ਲਗਦਾ ਹੈ। ਮੈਂ ਜਾ ਕੇ ਦੇਖਿਆ ਤਾਂ ਅਜਿਹਾ ਮਹਿਸੂਸ ਹੋਇਆ ਕਿ ਉਹ ਮਕਬਰਾ ਹਿੱਲ ਰਿਹਾ ਹੈ। ਜਦੋਂ ਇਸ ਬਾਰੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਮਜ਼ਾਰ ''ਤੇ ਰਹਿਣ ਵਾਲਿਆਂ ਦੀ ਚਲਾਕੀ ਹੈ। ਕਬਰ ਦੇ ਉੱਪਰ ਇੱਕ ਜਾਲ ਬਣਾਇਆ ਗਿਆ ਹੈ, ਜਦੋਂ ਜਾਲ ''ਤੇ ਤੁਰਦੇ ਹਾਂ ਤਾਂ ਜਾਲ ਹਿੱਲਦਾ ਹੈ। ਇਸਦੇ ਹਿੱਲਣ ਨਾਲ ਕਬਰ ਵੀ ਹਿੱਲਦੀ ਲੱਗਦੀ ਹੈ। ਮੈਂ ਉਸ ਜਾਲ ਨੂੰ ਲਵਾ ਦਿੱਤਾ ਅਤੇ ਗੁੰਬਦ ਬਣਵਾ ਦਿੱਤਾ।''

ਬਾਬਰਨਾਮਾ ਵਿੱਚ ਅਜਿਹੀਆਂ ਹੀ ਕਈ ਘਟਨਾਵਾਂ ਹਨ ਪਰ ਬਾਬਰ ਦੀ ਮੌਤ ਆਪਣੇ ਆਪ ਵਿੱਚ ਇੱਕ ਅਧਿਆਤਮਕ ਘਟਨਾ ਹੈ।

ਗ਼ੁਲਬਦਨ ਬਾਨੋ ਨੇ ਇਸ ਦਾ ਵਿਸਥਾਰ ਵਿੱਚ ਵਰਣਨ ਕੀਤਾ ਹੈ ਕਿ, ਕਿਵੇਂ ਹਿਮਾਯੂੰ ਦੀ ਹਾਲਤ ਵਿਗੜਦੀ ਜਾ ਰਹੀ ਸੀ। ਇਸ ਲਈ ਬਾਬਰ ਨੇ ਉਨ੍ਹਾਂ ਦੇ ਬਿਸਤਰੇ ਦੇ ਚਾਰੀਂ ਪਾਸੀਂ ਚੱਕਰ ਲਾਇਆ ਅਤੇ ਇੱਕ ਵਾਅਦਾ ਕੀਤਾ।

ਉਹ ਲਿਖਦੇ ਹਨ ਕਿ ਸਾਡੇ ਇਥੇ ਇਸ ਤਰ੍ਹਾਂ ਹੋਇਆ ਕਰਦਾ ਸੀ।

ਪਰ ਬਾਬਾ ਜਾਨਮ ਨੇ ਆਪਣੇ ਜੀਵਨ ਦੇ ਬਦਲੇ ਹਿਮਾਯੂੰ ਦੀ ਜ਼ਿੰਦਗੀ ਮੰਗੀ ਸੀ। ਇਸ ਲਈ ਇਹ ਹੋਇਆ ਕਿ ਹਿਮਾਯੂੰ ਬਿਹਤਰ ਹੁੰਦੇ ਗਏ ਅਤੇ ਬਾਬਰ ਬੀਮਾਰ।

ਅਤੇ ਇਸੇ ਹਾਲਤ ਵਿੱਚ 26 ਦਸੰਬਰ, 1530 ਨੂੰ ਇੱਕ ਮਹਾਨ ਜੇਤੂ ਨੇ ਦੁਨੀਆਂ ਨੂੰ ਅਲਵਿਦਾ ਕਿਹਾ ਅਤੇ ਆਪਣੇ ਪਿੱਛੇ ਅਣਗਿਣਤ ਸਵਾਲ ਛੱਡ ਗਿਆ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=AWtJ59-WttE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''3aa82a19-f3b6-42a1-87e8-c5a9f74b7e53'',''assetType'': ''STY'',''pageCounter'': ''punjabi.india.story.55559699.page'',''title'': ''ਮੁਗਲ ਰਾਜ ਦੀ ਨੀਂਹ ਰੱਖਣ ਵਾਲੇ ਬਾਬਰ ਦੀ ਵਸੀਅਤ ਅੱਜ ਦੇ ਧਰਮ ਨਿਰਪੱਖਤਾ ਦੇ ਸਿਧਾਂਤ ’ਤੇ ਕਿਵੇਂ ਖਰਾ ਉਤਰਦੀ ਹੈ'',''author'': ''ਮਿਰਜ਼ਾ ਏਬੀ ਬੇਗ'',''published'': ''2021-01-09T07:52:25Z'',''updated'': ''2021-01-09T07:52:25Z''});s_bbcws(''track'',''pageView'');

Related News