ਪੰਜਾਬ ਦੀ ਕਿਸਾਨੀ ਅੰਦੋਲਨ ਦੇ 5 ਮੁੱਖ ਚਿਹਰੇ

11/28/2020 7:56:50 AM

ਕਿਸਾਨ ਆਗੂ
BBC

ਕਿਸਾਨੀ ਦੇ ਸੰਘਰਸ਼ ਦਾ ਕੇਂਦਰ ਬਿੰਦੂ ਭਾਰਤੀ ਰਾਜਧਾਨੀ ਦਿੱਲੀ ਬਣਦਾ ਜਾ ਰਿਹਾ ਹੈ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਲੱਖਾਂ ਲੋਕ ਦਿੱਲੀ ਵੱਲ ਕੂਚ ਕਰ ਰਹੇ ਹਨ।

ਵੈਸੇ ਤਾਂ ਕਿਸਾਨਾਂ ਦੀਆਂ ਤਿੰਨ ਦਰਜਨ ਦੇ ਕਰੀਬ ਜਥੇਬੰਦੀਆਂ ਸਰਗਰਮ ਹਨ ਪਰ ਇਸ ਸੰਘਰਸ਼ ਵਿੱਚ ਜਿਹੜੇ 5 ਕਿਸਾਨ ਆਗੂ ਸੰਘਰਸ਼ ਦਾ ਚਿਹਰਾ ਬਣ ਹੋਏ ਹਨ, ਉਨ੍ਹਾਂ ਦਾ ਬਾਰੇ ਸੰਖੇਪ ਜਾਣਕਾਰੀ ਇੱਥੇ ਸਾਂਝੀ ਕੀਤੀ ਜਾ ਰਹੀ ਹੈ।

ਪੰਜਾਬ ਦੇ ਕਿਸਾਨਾਂ ਦਾ ਮਾਸ ਲੀਡਰ ਜੋਗਿੰਦਰ ਸਿੰਘ ਉਗਰਾਹਾ

ਭਾਰਤ ਦੀ ਕਿਸਾਨ ਲਹਿਰ ਦੇ ਪ੍ਰਮੁੱਖ ਚਿਹਰਿਆਂ ਵਿੱਚ ਜੋਗਿੰਦਰ ਸਿੰਘ ਉਗਰਾਹਾਂ ਦਾ ਨਾਂ ਮੋਹਰੀ ਆਗੂਆਂ ਵਿੱਚ ਆਉਂਦਾ ਹੈ। ਉਹ ਸੰਗਰੂਰ ਜ਼ਿਲ੍ਹੇ ਦੇ ਕਸਬੇ ਸੁਨਾਮ ਨਾਲ ਸਬੰਧਤ ਹਨ ਅਤੇ ਕਿਸਾਨੀ ਪਰਿਵਾਰ ਜੰਮੇ ਪਲ਼ੇ ਹਨ।

ਇਹ ਵੀ ਪੜ੍ਹੋ:

ਭਾਰਤੀ ਫੌਜ ਵਿੱਚ ਸੇਵਾਮੁਕਤੀ ਤੋਂ ਬਾਅਦ ਉਹ ਕਿਸਾਨੀ ਵੱਲ ਆ ਗਏ ਅਤੇ ਕਿਸਾਨੀ ਹਿੱਤਾਂ ਦੀ ਲੜਾਈ ਵਿੱਚ ਸਰਗਰਮ ਹੋ ਗਏ। ਸਾਲ 2002 ਵਿੱਚ ਉਨ੍ਹਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਗਠਨ ਕੀਤਾ ਅਤੇ ਉਦੋਂ ਤੋਂ ਹੀ ਉਹ ਲਗਾਤਾਰ ਕਿਸਾਨੀ ਮੁੱਦਿਆਂ ਉੱਤੇ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ।

ਜੋਗਿੰਦਰ ਸਿੰਘ ਉਗਰਾਹਾਂ
BBC
ਭਾਰਤ ਦੀ ਕਿਸਾਨ ਲਹਿਰ ਦੇ ਪ੍ਰਮੁੱਖ ਚਿਹਰਿਆਂ ਵਿਚ ਜੋਗਿੰਦਰ ਸਿੰਘ ਉਗਰਾਹਾਂ ਦਾ ਨਾਂ ਮੋਹਰੀ ਆਗੂਆਂ ਵਿਚ ਆਉਂਦਾ ਹੈ

ਜੋਗਿੰਦਰ ਸਿੰਘ ਉਗਰਾਹਾਂ ਕਮਾਲ ਦੇ ਬੁਲਾਰੇ ਹਨ ਅਤੇ ਉਨ੍ਹਾਂ ਦੀ ਇਸੇ ਕਲਾ ਅਤੇ ਲੋਕਾਂ ਨੂੰ ਲਾਮਬੰਦ ਕਰਨ ਦੀ ਸਮਰੱਥਾਂ ਕਾਰਨ ਉਗਰਾਹਾਂ ਜਥੇਬੰਦੀ ਲੋਕ ਅਧਾਰ ਪੱਖੋਂ ਪੰਜਾਬ ਦੀ ਮੁੱਖ ਕਿਸਾਨ ਜਥੇਬੰਦੀ ਹੈ। ਪੰਜਾਬ ਦਾ ਮਾਲਵਾ ਖਿੱਤਾ ਇਸ ਦਾ ਗੜ੍ਹ ਸਮਝਿਆ ਜਾਂਦਾ ਹੈ।

ਉਗਰਾਹਾਂ ਦੇ ਇਲਾਕੇ ਦੇ ਸਥਾਨਕ ਪੱਤਰਕਾਰ ਕੰਵਲਜੀਤ ਲਹਿਰਾਗਾਗਾ ਕਹਿੰਦੇ ਹਨ, "ਮੈਂ ਜੋਗਿੰਦਰ ਸਿੰਘ ਉਗਰਾਹਾਂ ਨੂੰ ਪਿਛਲੇ 20-25 ਸਾਲਾਂ ਤੋਂ ਕਿਸਾਨ ਹਿੱਤਾਂ ਲਈ ਜੂਝਦੇ ਦੇਖਦਾ ਆ ਰਿਹਾ ਹਾਂ, ਉਹ ਖੱਬੇਪੱਖੀ ਵਿਚਾਰਧਾਰਾ ਵਾਲੇ ਕਿਸਾਨੀ ਆਗੂ ਹਨ, ਉਨ੍ਹਾਂ ਨੂੰ ਕਦੇ ਵੀ ਕਿਸੇ ਨਿੱਜੀ ਮੁਫ਼ਾਦ ਲਈ ਲੜਦੇ ਨਹੀਂ ਦੇਖਿਆ।''''

ਕਿਸਾਨਾਂ ਦਾ ਥਿੰਕ ਟੈਂਕ ਬਲਬੀਰ ਸਿੰਘ ਰਾਜੇਵਾਲ

77 ਸਾਲਾ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਭਾਰਤੀ ਕਿਸਾਨ ਯੂਨੀਅਨ ਦੇ ਬਾਨੀ ਆਗੂਆਂ ਵਿੱਚੋਂ ਇੱਕ ਹਨ। ਬਲਬੀਰ ਸਿੰਘ ਦਾ ਪਿਛੋਕੜ ਖੰਨਾ ਦੇ ਪਿੰਡ ਰਾਜੇਵਾਲ ਦਾ ਹੈ ਅਤੇ ਉਹ ਸਥਾਨਕ ਏਐੱਸ ਕਾਲਜ ਤੋਂ ਐਫ਼ਏ ਪਾਸ ਹਨ।

ਭਾਰਤੀ ਕਿਸਾਨ ਯੂਨੀਅਨ ਦਾ ਸੰਵਿਧਾਨ ਵੀ ਬਲਬੀਰ ਸਿੰਘ ਰਾਜੇਵਾਲ ਨੇ ਹੀ ਲਿਖਿਆ ਸੀ। ਉਨ੍ਹਾਂ ਦੇ ਪ੍ਰਭਾਵ ਦਾ ਮੁੱਖ ਖੇਤਰ ਲੁਧਿਆਣਾ ਦੇ ਆਸਪਾਸ ਦਾ ਕੇਂਦਰੀ ਪੰਜਾਬ ਹੈ।

ਬਲਬੀਰ ਸਿੰਘ ਰਾਜੇਵਾਲ ਸਥਾਨਕ ਮਾਲਵਾ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਮੁਖੀ ਵੀ ਹਨ, ਜੋ ਸਮਰਾਲੇ ਖੇਤਰ ਦਾ ਇਸ ਸਮੇਂ ਮੋਹਰੀ ਵਿੱਦਿਅਕ ਅਦਾਰਾ ਹੈ।

ਬਲਬੀਰ ਸਿੰਘ ਰਾਜੇਵਾਲ
BBC
77 ਸਾਲਾ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਭਾਰਤੀ ਕਿਸਾਨ ਯੂਨੀਅਨ ਦੇ ਬਾਨੀ ਆਗੂਆਂ ਵਿੱਚੋਂ ਇੱਕ ਹਨ

ਸਮਰਾਲਾ ਦੇ ਰਹਿਣ ਵਾਲੇ ਗੁਰਮਿੰਦਰ ਸਿੰਘ ਗਰੇਵਾਲ ਨੇ ਦੱਸਿਆ, ''''ਪੰਜਾਬ ਦੇ ਤੇਜ਼ ਤਰਾਰ ਕਿਸਾਨ ਆਗੂ ਸਮਝੇ ਜਾਂਦੇ ਹਨ। ਉਹ ਕਿਸਾਨੀ ਮੁੱਦਿਆਂ ਉੱਤੇ ਅੱਗੇ ਹੋ ਕੇ ਕਿਸਾਨੀ ਪੱਖ ਪੇਸ਼ ਕਰਨ ਕਰਕੇ ਕਿਸਾਨੀ ਅੰਦੋਲਨ ਦਾ ਚਿਹਰਾ ਬਣ ਗਏ ਹਨ।''''

https://www.youtube.com/watch?v=xWw19z7Edrs&t=1s

ਗਰੇਵਾਲ ਕਹਿੰਦੇ ਹਨ ਕਿ ਰਾਜੇਵਾਲ ਨੇ ਕਦੇ ਵੀ ਸਿਆਸੀ ਚੋਣ ਨਹੀਂ ਲੜੀ ਅਤੇ ਨਾ ਹੀ ਕੋਈ ਸਿਆਸੀ ਅਹੁਦਾ ਸਵਿਕਾਰ ਕੀਤਾ, ਇਸੇ ਲਈ ਉਹ ਇਲਾਕੇ ਵਿਚ ਪ੍ਰਭਾਵਸ਼ਾਲੀ ਤੇ ਸਤਿਕਾਰਤ ਸਖਸ਼ੀਅਤ ਹੈ।

ਇਸ ਸਮੇਂ ਉਹ 30 ਕਿਸਾਨ ਜਥੇਬੰਦੀਆਂ ਦੀ ਅਗਵਾਈ ਵਾਲੇ ਫਰੰਟ ਹੇਠ ਐਕਸ਼ਨ ਵਿੱਚ ਹਨ ਅਤੇ ਮੌਜੂਦਾ ਕਿਸਾਨ ਸੰਘਰਸ਼ ਦਾ ਡਿਮਾਂਡ ਚਾਰਟਰ ਤਿਆਰ ਕਰਨ ਵਿੱਚ ਵੀ ਉਨ੍ਹਾਂ ਦੀ ਅਹਿਮ ਭੂਮਿਕਾ ਹੈ।

ਇਹ ਵੀ ਪੜ੍ਹੋ:

ਕਿਸਾਨਾਂ ਅੰਤਰ ਜਥੇਬੰਦੀ ਲਿੰਕ ਜਗਮੋਹਨ ਸਿੰਘ

ਜਗਮੋਹਨ ਸਿੰਘ ਦਾ ਸਬੰਧ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਕਰਮਾ ਨਾਲ ਹੈ।

ਉਹ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਹਨ, ਜੋ ਉਗਰਾਹਾਂ ਤੋਂ ਬਾਅਦ ਵੱਡੀ ਦੂਜੇ ਨੰਬਰ ਦੀ ਜਥੇਬੰਦੀ ਕਹੀ ਜਾ ਸਕਦੀ ਹੈ।

ਜਗਮੋਹਨ ਪੰਜਾਬ ਦੇ ਬਹੁਤ ਹੀ ਸਤਿਕਾਰਤ ਕਿਸਾਨ ਆਗੂਆਂ ਵਿੱਚੋਂ ਇੱਕ ਹਨ। ਸਾਲ 1984 ਦੇ ਸਿੱਖ ਵਿਰੋਧੀ ਕਤਲੇਆਮ ਤੋਂ ਬਾਅਦ ਉਹ ਫੁੱਲਟਾਇਮਰ ਸਮਾਜਿਕ ਕਾਰਕੁਨ ਬਣ ਗਏ। ਉਹ ਸੂਬੇ ਵਿੱਚ ਲੜੇ ਜਾਣ ਵਾਲੇ ਵੱਖ ਵੱਖ ਘੋਲਾਂ ਵਿੱਚ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਹਨ।

ਜਗਮੋਹਨ ਸਿੰਘ
BBC
ਸਾਲ 1984 ਦੇ ਸਿੱਖ ਵਿਰੋਧੀ ਕਤਲੇਆਮ ਤੋਂ ਬਾਅਦ ਜਗਮੋਹਨ ਸਿੰਘ ਫੁੱਲਟਾਇਮਰ ਸਮਾਜਿਕ ਕਾਰਕੁਨ ਬਣ ਗਏ

ਉਨ੍ਹਾਂ ਦੀ ਕਿਸਾਨ ਸੰਘਰਸ਼ ਪ੍ਰਤੀ ਸਿਦਕਦਿਲੀ ਕਾਰਨ ਉਨ੍ਹਾਂ ਨੂੰ ਆਪਣੀ ਜਥੇਬੰਦੀ ਵਿੱਚੋਂ ਹੀ ਨਹੀਂ ਹੋਰ ਵੀ ਕਈ ਜਥੇਬੰਦੀਆਂ ਦਾ ਸਮਰਥਨ ਮਿਲਦਾ ਹੈ।

ਇਸ ਸਮੇਂ ਉਹ 30 ਕਿਸਾਨ ਜਥੇਬੰਦੀਆਂ ਦੇ ਬਣੇ ਗਠਜੋੜ ਵਿੱਚ ਵੀ ਮੋਹਰੀ ਭੂਮਿਕਾ ਨਿਭਾ ਰਹੇ ਹਨ।

30 ਜਥੇਬੰਦੀਆਂ ਦੇ ਕੋਆਰਡੀਨੇਟਰ ਦਰਸ਼ਨਪਾਲ

ਡਾਕਟਰ ਦਰਸ਼ਨਪਾਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਹਨ ਅਤੇ ਇਨ੍ਹਾਂ ਦਾ ਮੁੱਖ ਆਧਾਰ ਪਟਿਆਲਾ ਅਤੇ ਆਸਪਾਸ ਦੇ ਖੇਤਰਾਂ ਵਿੱਚ ਹੈ।

ਭਾਵੇਂ ਇਹ ਜਥੇਬੰਦੀ ਨੰਬਰ ਪੱਖੋਂ ਛੋਟੀ ਹੈ ਪਰ ਡਾਕਟਰ ਦਰਸ਼ਨਪਾਲ ਇਸ ਸਮੇਂ 30 ਕਿਸਾਨ ਜਥੇਬੰਦੀਆਂ ਦੇ ਫਰੰਟ ਦੇ ਕੋਆਰਡੀਨੇਟਰ ਹਨ।

1973 ਵਿੱਚ ਐਮਬੀਬੀਐੱਸ ਐੱਮ ਡੀ ਕਰਨ ਤੋਂ ਬਾਅਦ ਉਹ ਸਰਕਾਰੀ ਨੌਕਰੀ ਵਿੱਚ ਰਹੇ। ਉਹ ਆਪਣੇ ਕਾਲਜ ਦਿਨਾਂ ਦੌਰਾਨ ਵਿਦਿਆਰਥੀ ਅਤੇ ਨੌਕਰੀ ਦੌਰਾਨ ਡਾਕਟਰਾਂ ਦੀ ਯੂਨੀਅਨ ਵਿੱਚ ਹਮੇਸ਼ਾ ਹੀ ਸਰਗਰਮ ਰਹੇ।

ਦਰਸ਼ਨਪਾਲ ਦੇ ਬੇਟੇ ਅਮਨਿੰਦਰ ਨੇ ਦੱਸਿਆ, ''''ਸਿੱਖਿਆ ਅਤੇ ਸਿਹਤ ਖੇਤਰ ਦੇ ਨਿੱਜੀਕਰਨ ਦੇ ਖ਼ਿਲਾਫ਼ ਹੋਣ ਕਰਕੇ ਡਾਕਟਰ ਦਰਸ਼ਨਪਾਲ ਹੋਰਾਂ ਨੇ ਕਦੇ ਵੀ ਪ੍ਰਾਈਵੇਟ ਪ੍ਰੈਕਟਿਸ ਨਹੀਂ ਕੀਤੀ।''''

''''2002 ਵਿੱਚ ਸਰਕਾਰੀ ਡਾਕਟਰ ਦੀ ਨੌਕਰੀ ਛੱਡ ਕੇ ਉਹ ਸਮਾਜਿਕ ਤੇ ਕਿਸਾਨ ਜਥੇਬੰਦੀਆਂ ਨਾਲ ਐਕਟਿਵ ਹੋ ਗਏ ਅਤੇ ਉਦੋਂ ਤੋਂ ਉਨ੍ਹਾਂ ਕਦੇ ਮੁੜ ਕੇ ਪਿੱਛੇ ਨਹੀਂ ਦੇਖਿਆ।''''

ਕਿਸਾਨੀ ਦੀ ਨੌਜਵਾਨ ਅਵਾਜ਼ ਸਰਵਨ ਸਿੰਘ ਪੰਧੇਰ

ਸਰਵਨ ਸਿੰਘ ਪੰਧੇਰ ਮਾਝੇ ਦੇ ਸਿਰਕੱਢ ਨੌਜਵਾਨ ਕਿਸਾਨ ਆਗੂ ਹਨ, ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਹਨ।

ਇਸ ਜਥੇਬੰਦੀ ਦਾ ਗਠਨ 2000 ਵਿੱਚ ਸਤਨਾਮ ਸਿੰਘ ਪੰਨੂ ਨੇ ਕੀਤਾ ਸੀ। ਉਹ ਇਸ ਸਮੇਂ ਵੀ ਇਸ ਜਥੇਬੰਦੀ ਦੀ ਅਗਵਾਈ ਕਰਦੇ ਹਨ, ਪਰ ਮੌਜੂਦਾ ਸੰਘਰਸ਼ ਵਿੱਚ ਸਰਵਨ ਸਿੰਘ ਪੰਧੇਰ ਚਿਹਰਾ ਮੋਹਰਾ ਬਣਕੇ ਉੱਭਰੇ ਹਨ।

ਮਾਝੇ ਦੇ ਚਾਰ ਜ਼ਿਲ੍ਹਿਆਂ ਸਣੇ ਦੋਆਬੇ ਅਤੇ ਮਾਲਵੇ ਦੇ 10 ਜ਼ਿਲ੍ਹਿਆਂ ਵਿੱਚ ਸੰਘਰਸ਼ ਕਮੇਟੀ ਦਾ ਮੁੱਖ ਅਧਾਰ ਹੈ ਅਤੇ ਸਰਵਨ ਸਿੰਘ ਪੰਧੇਰ ਇਸ ਦੇ ਤੇਜ਼ ਤਰਾਰ ਅੰਦੋਲਨਕਾਰੀ ਨੇਤਾ ਵਜੋਂ ਸਰਗਰਮ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ:

ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਰਵਨ ਸਿੰਘ ਦਾ ਪਿੰਡ ਜ਼ਿਲ੍ਹਾ ਪੰਧੇਰ ਅੰਮ੍ਰਿਤਸਰ ਵਿੱਚ ਪੈਂਦਾ ਹੈ। ਉਹ ਗਰੈਜੁਏਸ਼ਨ ਪਾਸ ਹਨ ਅਤੇ ਵਿਦਿਆਰਥੀ ਜੀਵਨ ਤੋਂ ਹੀ ਲੋਕ ਅੰਦੋਲਨਾਂ ਵਿੱਚ ਹਿੱਸਾ ਲੈਂਦੇ ਰਹੇ ਹਨ।

ਹਰਪ੍ਰੀਤ ਸਿੰਘ ਕਹਿੰਦੇ ਹਨ, ''''ਸਰਵਨ ਸਿੰਘ ਪੰਧੇਰ ਦੀ ਉਮਰ 42 ਸਾਲ ਦੇ ਕਰੀਬ ਹੈ ਅਤੇ ਉਨ੍ਹਾਂ ਨੇ ਲੋਕ ਹਿੱਤਾਂ ਨੂੰ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਹੋਈ ਹੈ। ਇਸੇ ਲਈ ਉਨ੍ਹਾਂ ਨੇ ਵਿਆਹ ਵੀ ਨਹੀਂ ਕਰਵਾਇਆ ਹੈ।''''

https://www.youtube.com/watch?v=T-rf6OWzJTA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''3030e6d0-1f9f-4153-acb5-b28072ed4548'',''assetType'': ''STY'',''pageCounter'': ''punjabi.india.story.55102946.page'',''title'': ''ਪੰਜਾਬ ਦੀ ਕਿਸਾਨੀ ਅੰਦੋਲਨ ਦੇ 5 ਮੁੱਖ ਚਿਹਰੇ'',''author'': ''ਖੁਸ਼ਹਾਲ ਲਾਲੀ '',''published'': ''2020-11-28T02:17:58Z'',''updated'': ''2020-11-28T02:17:58Z''});s_bbcws(''track'',''pageView'');