ਪਰਵਾਸ ਦਾ ਸੰਤਾਪ : ਯੂਰਪ ਜਾਣ ਲਈ ਕਿਸ਼ਤੀ ਰਾਹੀ ਇੰਗਲਿਸ਼ ਚੈਨਲ ਪਾਰ ਕਰਦਾ ਪੂਰਾ ਟੱਬਰ ਡੁੱਬਿਆ

11/17/2020 7:11:25 AM

ਕੁਰਦ ਮੂਲ ਦੀ ਇਰਾਨੀ ਬੱਚੀ ਅਨੀਤਾ ਦਾ ਇੱਕ ਵੀਡੀਓ ਦਿਖਾਉਂਦਾ ਹੈ, ਕਿਵੇਂ ਇੱਕ ਪਰਿਵਾਰ ਵਿਦੇਸ਼ ਵਿੱਚ ਬਿਹਤਰ ਜ਼ਿੰਦਗੀ ਦੇ ਸੁਫ਼ਨੇ ਸੰਜੋਈ ਇੰਗਲਿਸ਼ ਚੈਨਲ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਇਸ ਵੀਡੀਓ ਵਿੱਚ 9 ਸਾਲਾਂ ਦੀ ਬੱਚੀ ਕਦੀ ਹੱਸਦੀ ਹੈ, ਕਦੀ ਰੋਂਦੀ ਹੈ। ਉਹ ਕਹਿੰਦੀ ਹੈ, ''ਮੇਰਾ ਨਾਮ ਅਨੀਤਾ ਈਰਾਨਜਾਦ ਹੈ, ਮੈਂ ਸਾਰਦਸ਼ਤ ਤੋਂ ਹਾਂ।''

ਇਹ ਵੀਡੀਓ ਉਸ ਦੇ ਸ਼ਹਿਰ ਦਾ ਹੈ ਜਿੱਥੇ ਉਹ ਰਹਿੰਦੀ ਸ, ਵਿੱਚ ਹੀ ਸ਼ੂਟ ਕੀਤੀ ਜਾਣ ਵਾਲੀ ਇੱਕ ਲਘੂ ਫ਼ਿਲਮ ਦਾ ਸਕਰੀਨ ਟੈਸਟ ਸੀ। ਵੀਡੀਓ ਦੀ ਬੈਕਗਰਾਉਂਡ ਵਿੱਚ ਉਸਦੇ ਪਿਤਾ ਰਸੂਲ ਈਰਾਨਜਾਦ ਆਪਣੀ ਧੀ ਨੂੰ, ''ਮੈਂ ਇੱਕ ਅਭਿਨੇਤਰੀ ਬਣਨਾ ਚਾਹੁੰਦੀ ਹਾਂ...ਅਜਿਹਾ ਕਹੋ'', ਕਹਿੰਦੇ ਸੁਣਾਈ ਦਿੰਦੇ ਹਨ।

ਇਸ ਵੀਡੀਓ ਵਿੱਚ ਇੱਕ ਪਿਤਾ ਦਾ ਮਾਣ ਹੀ ਨਹੀਂ ਬਲਕਿ ਉਮੀਦਾਂ ਵੀ ਨਜ਼ਰ ਆਉਂਦੀਆਂ ਹਨ। ਰਸੂਲ ਚਾਹੁੰਦੇ ਸੀ ਕਿ ਉਨ੍ਹਾਂ ਦੀ ਧੀ ਆਪਣਾ ਸੁਫ਼ਨਾ ਪੂਰਾ ਕਰੇ। ਪਰ ਇਹ ਇੱਕ ਰਾਜਨੀਤਿਕ ਤੌਰ ''ਤੇ ਸ਼ੋਸ਼ਣ ਦਾ ਸ਼ਿਕਾਰ ਪਿਛੜੇ ਇਲਾਕੇ ਦੀ ਕੁੜੀ ਲਈ ਬਹੁਤ ਵੱਡਾ ਸੁਫ਼ਨਾ ਸੀ।

ਇਹ ਪਰਿਵਾਰ ਇਰਾਨ ਦੇ ਇੱਕ ਕੁਰਦ ਬਹੁਗਿਣਤੀ ਵਾਲੇ ਕਸਬੇ ਸਾਰਦਸ਼ਤ ਦਾ ਰਹਿਣ ਵਾਲਾ ਹੈ।

ਇਹ ਸੁਫ਼ਨਿਆਂ ਦਾ ਸ਼ਹਿਰ ਨਹੀਂ

ਉਸ ਵੀਡੀਓ ਦੇ ਸ਼ੂਟ ਹੋਣ ਤੋਂ ਇੱਕ ਸਾਲ ਬਾਅਦ ਰਸੂਲ, ਉਨ੍ਹਾਂ ਦੀ ਪਤਨੀ ਸ਼ਿਵਾ ਪਨਾਹੀ ਅਤੇ ਤਿੰਨ ਬੱਚਿਆਂ ਅਨੀਤਾ, ਛੇ ਸਾਲ ਦਾ ਬੇਟਾ ਆਰਮਿਨ ਅਤੇ 15 ਮਹੀਨਿਆਂ ਦੀ ਬੱਚੀ ਆਰਤਿਨ ਸਮੇਤ ਯੂਰਪ ਦੀ ਖ਼ਤਰਨਾਕ ਯਾਤਰਾ ਲਈ ਰਵਾਨਾ ਹੋ ਗਏ।

ਇਹ ਵੀ ਪੜ੍ਹੋ-

ਪਰ ਪਰਿਵਾਰ ਦੀਆਂ ਬਿਹਤਰ ਜਿੰਦਗੀ ਦੀਆਂ ਉਮੀਦਾਂ ਦਾ 27 ਅਕਤੂਬਰ ਨੂੰ ਇੰਗਲਿਸ਼ ਚੈਨਲ ਵਿੱਚ ਬਹੁਤ ਹੀ ਦੁਖ਼ਦ ਅੰਤ ਹੋਇਆ।

ਖ਼ਰਾਬ ਮੌਸਮ ਵਿੱਚ ਬਰਤਾਨੀਆਂ ਵੱਲ ਵੱਧ ਰਹੀ ਉਨ੍ਹਾਂ ਦੀ ਛੋਟੀ ਕਿਸ਼ਤੀ ਡੁੱਬਣ ਲੱਗੀ। ਅਨੀਤਾ ਅਤੇ ਤਿੰਨੋਂ ਬੱਚੇ ਛੋਟੇ ਜਿਹੇ ਕੈਬਿਨ ਵਿੱਚ ਫ਼ਸੇ ਹੋਏ ਸੀ। ਉਨ੍ਹਾਂ ਕੋਲ ਲਾਈਫ਼ ਜੈਕੇਟ ਵੀ ਨਹੀਂ ਸੀ।

35 ਸਾਲਾਂ ਦੇ ਰਸੂਲ ਨੇ ਅਗਸਤ ਵਿੱਚ ਆਪਣੇ ਪਰਿਵਾਰ ਨਾਲ ਇਰਾਨ ਛੱਡ ਦਿੱਤਾ ਸੀ। ਉਨ੍ਹਾਂ ਦੇ ਰਿਸ਼ਤੇਦਾਰ ਇਸਦੀ ਵਜ੍ਹਾ ਦੱਸਣ ਤੋਂ ਕਤਰਾਉਂਦੇ ਹਨ। ਪਰ ਅਜਿਹੇ ਬਹੁਤ ਸਾਰੇ ਲੋਕ ਹਨ ਜਿਹੜੇ ਮੰਨਦੇ ਹਨ ਕਿ ਰਸੂਲ ਆਪਣੀ ਜ਼ਿੰਦਗੀ ਨੂੰ ਕਿਤੇ ਹੋਰ, ਫ਼ਿਰ ਤੋਂ ਸ਼ੁਰੂ ਕਰਨਾ ਚਾਹੁੰਦਾ ਸੀ।

ਹੱਕਾਂ ਲਈ ਲੜਦੇ ਕੁਰਦ

ਇਰਾਨ ਦੇ ਪੱਛਮੀ ਅਜ਼ਰਬੇਜਾਨ ਸੂਬੇ ''ਚ ਸਾਰਦਸ਼ਤ ਇੱਕ ਛੋਟਾ ਜਿਹਾ ਕਸਬਾ ਹੈ। ਇਹ ਇਰਾਕੀ ਸਰਹੱਦ ਦੇ ਨੇੜੇ ਹੈ। ਇਥੋਂ ਦੇ ਲੋਕਾਂ ਲਈ ਜਿਉਂਦੇ ਰਹਿਣਾ ਹੀ ਇੱਕ ਲੜਾਈ ਹੈ। ਸੁਫ਼ਨੇ ਪੂਰੇ ਕਰਨ ਲਈ ਇਹ ਇੱਕ ਔਖੀ ਥਾਂ ਹੈ।

ਇਥੇ ਕੋਈ ਮਹੱਤਵਪੂਰਨ ਉਦਯੋਗ ਨਹੀਂ ਹੈ, ਬੇਰੁਜ਼ਗਾਰੀ ਦਾ ਪੱਧਰ ਦੇਸ ਵਿੱਚੋਂ ਸਭ ਤੋਂ ਜ਼ਿਆਦਾ ਇਥੇ ਹੀ ਹੈ। ਇਥੋਂ ਦੀ ਕੁਰਦ ਮੂਲ ਦੀ ਆਬਾਦੀ ਲਈ ਤਰੱਕੀ ਦੀਆਂ ਸੰਭਾਵਨਾਂ ਬਹੁਤ ਹੀ ਸੀਮਿਤ ਹਨ।

ਬਹੁਤ ਲੋਕ ਇਰਾਕ ਦੇ ਕੁਰਦਿਸਤਾਨ ਤੋਂ ਸਾਮਾਨ ਦੀ ਤਸਕਰੀ ਦਾ ਕੰਮ ਕਰਦੇ ਹਨ। ਇਹ ਨਾ ਤਾਂ ਬਹੁਤਾ ਫ਼ਾਇਦੇ ਦਾ ਸੌਦਾ ਹੈ ਤੇ ਨਾ ਹੀ ਬਹੁਤਾ ਸੁਰੱਖਿਅਤ। ਬਹੁਤ ਸਾਰੇ ਲੋਕ ਇੱਕ ਟਿਪਰ ਬਦਲੇ ਸਿਰਫ਼ ਦਸ ਡਾਲਰ ਤੱਕ ਹੀ ਕਮਾਉਂਦੇ ਹਨ।

ਬੀਤੇ ਕੁਝ ਸਾਲਾਂ ਵਿੱਚ ਸੈਂਕੜੇ ਤਸਕਰ, ਇਰਾਨੀ ਸਰਹੱਦੀ ਦੀ ਗੋਲੀਆਂ ਦਾ ਸ਼ਿਕਾਰ ਹੋਏ ਹਨ। ਕਈ ਲੋਕ ਪਹੁੰਚ ਤੋਂ ਬਾਹਰ ਪਹਾੜੀ ਚੱਟਾਨਾਂ ਤੋਂ ਡਿੱਗ ਕੇ ਮਰ ਗਏ ਜਾਂ ਠੰਡ ਵਿੱਚ ਬਰਫ਼ ਥੱਲੇ ਦਫ਼ਨ ਹੋ ਗਏ।

ਇਸ ਇਲਾਕੇ ਵਿੱਚ ਫੌਜੀ ਦਸਤਿਆਂ ਦੀ ਵੀ ਭਾਰੀ ਮੌਜੂਦਗੀ ਰਹਿੰਦੀ ਹੈ। ਸਾਲ1979 ਦੀ ਇਰਾਨੀ ਕ੍ਰਾਂਤੀ ਦੇ ਬਾਅਦ ਤੋਂ ਹੀ ਇਰਾਨ ਦੇ ਸੁਰੱਖਿਆ ਦਸਤਿਆਂ ਅਤੇ ਹਥਿਆਰਬੰਦ ਕੁਰਦ ਸਮੂਹਾਂ ਦਰਮਿਆਨ ਝੜਪਾਂ ਹੁੰਦੀਆਂ ਰਹਿੰਦੀਆਂ ਹਨ। ਇਰਾਨ ਆਪਣੇ ਅਧਿਕਾਰਾਂ ਲਈ ਲੜ ਰਹੇ ਕੁਰਦ ਦਸਤਿਆਂ ਨੂੰ ਵਿਦੇਸ਼ੀ ਮਦਦ ਪ੍ਰਾਪਤ ਵੱਖਵਾਦੀ ਮੰਨਦਾ ਹੈ।

ਇਰਾਨ ਦੀ 8.2ਕਰੋੜ ਦੀ ਆਬਾਦੀ ਵਿੱਚ ਤਕਰੀਬਨ 10ਫ਼ੀਸਦ ਕੁਰਦ ਹਨ। ਸੰਯੁਕਤ ਰਾਸ਼ਟਰ ਮੁਤਾਬਕ ਦੇਸ ਦੀਆਂ ਜੇਲਾਂ ਵਿੱਚ ਬੰਦ ਅੱਧੇ ਤੋਂ ਵੱਧ ਰਾਜਨੀਤਿਕ ਕੈਦੀ ਕੁਰਦ ਹਨ।

https://www.youtube.com/watch?v=xWw19z7Edrs

ਇਰਾਨ ਵਿੱਚ ਬੀਤੇ ਸਾਲ ਹੋਏ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਬਾਅਦ ਤੋਂ ਹੀ ਇਰਾਨ ਦੀਆਂ ਏਜੰਸੀਆਂ ਨੇ ਵੱਡੇ ਪੈਮਾਨੇ ''ਤੇ ਕੁਰਦ ਲੋਕਾਂ ''ਤੇ ਤਸ਼ੱਦਦ ਕੀਤੇ ਸਨ।

ਇਹ ਪ੍ਰਦਰਸ਼ਨ ਇਰਾਕ ਨਾਲ ਲੱਗਦੀ ਪੱਛਮੀ ਸੀਮਾ ਦੇ ਨੇੜੇ ਵਸੇ ਕੁਰਦ ਬਹੁਗਿਣਤੀ ਵਾਲੇ ਸ਼ਹਿਰਾਂ ਤੋਂ ਸ਼ੁਰੂ ਹੋਏ ਸਨ ਅਤੇ ਇਰਾਨ ਦੇ ਕਈ ਵੱਡੇ ਸ਼ਹਿਰਾਂ ਤੱਕ ਪਹੁੰਚੇ ਸਨ।

ਵਿਦੇਸ਼ ਪਹੁੰਚਣ ਲਈ ਹੀਲੇ

ਸ਼ਿਵਾ ਦੀ ਇੱਕ ਦੋਸਤ ਨੇ ਬੀਬੀਸੀ ਨੂੰ ਦੱਸਿਆ ਕਿ ਰਸੂਲ ਸਰਕਾਰੀ ਏਜੰਸੀ ਤੋਂ ਬਚਣਾ ਚਾਹੁੰਦੇ ਸਨ। ਇਸ ਦੋਸਤ ਮੁਤਾਬਕ ਸ਼ਿਵਾ ਦੇ ਪਰਿਵਾਰ ਕੋਲ ਜੋ ਕੁਝ ਵੀ ਸੀ ਉਹ ਉਨ੍ਹਾਂ ਨੇ ਵੇਚ ਦਿੱਤਾ ਸੀ।

ਯੂਰਪ ਜਾਣ ਲਈ ਤਸਕਰਾਂ ਨੂੰ ਪੈਸੇ ਦੇਣ ਲਈ ਉਨ੍ਹਾਂ ਨੇ ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਉਧਾਰ ਲਿਆ ਸੀ।

ਉਹ ਬਰਤਾਨੀਆਂ ਪਹੁੰਚਣਾ ਚਾਹੁੰਦੇ ਸਨ, ਜੋ ਕੁਰਦ ਪਰਵਾਸੀਆਂ ਦੀ ਪੰਸਦੀਦਾ ਜਗ੍ਹਾ ਹੈ।

ਉਨ੍ਹਾਂ ਦਾ ਮੰਨਣਾ ਸੀ ਕਿ ਬਰਤਾਨੀਆ ਯੂਰਪ ਦੇ ਬਾਕੀ ਦੇਸਾਂ ਦੇ ਮੁਕਾਬਲੇ ਸੀਮਿਤ ਗਿਣਤੀ ਵਿੱਚ ਪਰਵਾਸੀਆਂ ਨੂੰ ਸਵਿਕਾਰ ਕਰਦਾ ਹੈ ਅਜਿਹੇ ਵਿੱਚ ਉਨ੍ਹਾਂ ਲਈ ਉਥੇ ਬਿਹਤਰ ਮੌਕੇ ਹੋਣਗੇ।

ਇਸ ਪਰਿਵਾਰ ਦਾ ਪਹਿਲਾ ਟਿਕਾਣਾ ਤੁਰਕੀ ਸੀ। ਰਸੂਲ ਦੇ ਦੋਸਤਾਂ ਨੇ ਬੀਬੀਸੀ ਨਾਲ ਇੱਕ ਵੀਡੀਓ ਕਲਿਪ ਸਾਂਝਾ ਕੀਤਾ ਜਿਸ ਵਿੱਚ ਉਹ ਕੁਰਦੀ ਭਾਸ਼ਾ ਵਿੱਚ ਗੀਤ ਗਾ ਰਹੇ ਹਨ। ਇਸ ਵੇਲੇ ਉਨ੍ਹਾਂ ਦਾ ਪਰਿਵਾਰ ਯੂਰਪ ਲੈ ਜਾਣ ਵਾਲੇ ਤਸਕਰਾਂ ਦੀ ਉਡੀਕ ਕਰ ਰਿਹਾ ਸੀ।

ਰਸੂਲ ਗਾ ਰਹੇ ਸਨ, "ਮੇਰੇ ਦਿਲ ਵਿੱਚ ਦਰਦ ਹੈ, ਡੂੰਘਾ ਗ਼ਮ ਹੈ.....ਲੇਕਿਨ ਮੈਂ ਕੀ ਕਰਾਂ, ਮੈਨੂੰ ਕੁਰਦਿਸਤਾਨ ਛੱਡਣਾ ਹੈ ਅਜੇ ਜਾਣਾ ਹੈ..."

ਰਸੂਲ ਜਦੋਂ ਇਹ ਗੀਤ ਗਾ ਰਹੇ ਸਨ ਉਨ੍ਹਾਂ ਦਾ ਬੇਟਾ ਆਰਮਿਨ ਹੱਸ ਰਿਹਾ ਸੀ। ਉਨ੍ਹਾਂ ਦੀ ਧੀ ਆਰਤਿਨ ਆ ਕੇ ਉਨ੍ਹਾਂ ਦੀ ਗੋਦ ਵਿੱਚ ਬੈਠ ਜਾਂਦੀ ਹੈ।

ਕੁਰਦ ਲੋਕਾਂ ਦੀ ਇੱਕ ਮਸ਼ਹੂਰ ਕਹਾਵਤ ਹੈ, ''ਪਹਾੜਾਂ ਤੋਂ ਇਲਾਵਾ ਸਾਡਾ ਕੋਈ ਦੋਸਤ ਨਹੀਂ।''

ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਜਦੋਂ ਉਸਮਾਨੀਆਂ ਸਲਤਨਤ ਦਾ ਅੰਤ ਹੋ ਗਿਆ ਸੀ, ਜੇਤੂ ਰਹੇ ਪੱਛਮੀ ਦੇਸਾਂ ਨੇ ਕੁਰਦਾਂ ਨੂੰ ਆਜ਼ਾਦੀ ਦੇਣ ਦਾ ਵਾਅਦਾ ਕੀਤਾ ਸੀ ਪਰ ਸਥਾਨਕ ਤਾਕਤਾਂ ਨੇ ਕਦੀ ਵੀ ਉਨ੍ਹਾਂ ਦੇ ਸਮਝੌਤੇ ਨੂੰ ਸਵਿਕਾਰ ਨਹੀਂ ਕੀਤਾ।

ਆਜ਼ਾਦ ਰਾਸ਼ਟਰ ਦੀ ਬਜਾਇ, ਕੁਰਦਾਂ ਦੀ ਜ਼ਮੀਨ ਮੱਧ ਪੂਰਵ ਦੇ ਨਵੇਂ ਆਜ਼ਾਦ ਹੋਏ ਦੇਸਾਂ ਵਿੱਚ ਵੰਡੀ ਗਈ। ਇਸ ਦੇ ਬਾਅਦ ਤੋਂ ਜਦੋਂ ਜਦੋਂ ਕੁਰਦਾ ਨੇ ਇਰਾਨ, ਤੁਰਕੀ, ਸੀਰੀਆ ਜਾਂ ਇਰਾਕ ਵਿੱਚ ਆਜ਼ਾਦੀ ਲਈ ਆਵਾਜ਼ ਚੁੱਕੀ ਉਨ੍ਹਾਂ ਨੂੰ ਬੇਰਹਿਮੀ ਨਾਲ ਕੁਚਲ ਦਿੱਤਾ ਗਿਆ।

ਤੁਰਕੀ ਵਿੱਚ ਖ਼ਤਰਾ

ਪਹਿਲਾਂ ਤੁਰਕੀ ਇਰਾਨੀ ਸਰਨਾਰਥੀਆਂ ਦੀ ਪਸੰਦੀਦਾ ਜਗ੍ਹਾ ਹੋਇਆ ਕਰਦਾ ਸੀ। ਪਰ ਬੀਤੇ ਸੱਤ ਸਾਲਾਂ ਵਿੱਚ ਉਥੇ ਮਾਹੌਲ ਬਦਲ ਗਿਆ ਹੈ ਅਤੇ ਹੁਣ ਇਹ ਕੁਰਦ ਸ਼ਰਨਾਰਥੀਆਂ ਦਾ ਟਿਕਾਣਾ ਨਹੀਂ ਰਿਹਾ।

ਗਰੈਂਡ ਸਿੰਥੇ ਕੈਂਪ
BBC
ਗਰੈਂਡ ਸਿੰਥੇ ਕੈਂਪ ਵਿੱਚ 200-500 ਤੱਕ ਕੁਰਦ ਪਰਵਾਸੀ ਰਹਿੰਦੇ ਹਨ

ਪਰਵਾਸੀਆਂ ਬਾਰੇ ਅਜਿਹੀਆਂ ਰਿਪੋਰਟਾਂ ਹਨ ਕਿ ਤੁਰਕੀ ਦੇ ਫੌਜੀ ਦਲਾਂ ਨੇ ਪੁਲਿਸ ਸਟੇਸ਼ਨਾਂ ਵਿੱਚ ਕੁਰਦ ਸ਼ਰਨਾਰਥੀਆਂ ਦਾ ਸ਼ੋਸ਼ਣ ਕੀਤਾ ਜਾਂ ਫ਼ਿਰ ਉਨ੍ਹਾਂ ਨੂੰ ਵਾਪਸ ਇਰਾਨ ਭੇਜ ਦਿੱਤਾ।

ਇਸਤਾਂਬੁਲ ਵਿੱਚ ਇਰਾਨੀ ਮੂਲ ਦੇ ਕਈ ਲੋਕਾਂ ਦੀ ਰਾਜਨੀਤਿਕ ਹੱਤਿਆ ਅਤੇ ਅਗਵਾ ਦੀਆਂ ਵਾਰਦਾਤਾਂ ਹੋਈਆਂ ਹਨ। ਅਜਿਹੇ ਵਿੱਚ ਰਸੂਲ ਅਤੇ ਸ਼ਿਵਾ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਤੁਰਕੀਂ ਤੋਂ ਅੱਗੇ ਜਾਣ ਲਈ ਚਿੰਤਤ ਸਨ।

ਗ਼ੈਰ ਕਾਨੂੰਨੀ ਪਰਵਾਸ

ਸਤੰਬਰ ਮਹੀਨੇ ਵਿੱਚ ਉਨ੍ਹਾਂ ਨੂੰ ਇੱਕ ਤਸਕਰ ਮਿਲ ਗਿਆ ਅਤੇ ਉਨ੍ਹਾਂ ਨੇ ਉਸਨੂੰ 28ਹਜ਼ਾਰ ਡਾਲਰ ਦਿੱਤੇ। ਇਹ ਤਸਕਰ ਉਨ੍ਹਾਂ ਨੂੰ ਤੁਰਕੀ ਤੋਂ ਇਟਲੀ ਅਤੇ ਫ਼ਿਰ ਇੱਕ ਲਾਰੀ (ਗੱਡੀ) ਵਿੱਚ ਬਿਠਾਕੇ ਉੱਤਰੀ ਫ਼ਰਾਂਸ ਲੈ ਗਿਆ।

ਫ਼ਰਾਂਸ ਦੇ ਤਟੀ ਸ਼ਹਿਰ ਡੈਨਕਰਕ ਵਿੱਚ ਇੱਕ ਚੈਰਿਟੀ ਦੇ ਨਾਲ ਕੰਮ ਕਰਨ ਵਾਲੀ ਸਵੈ-ਸੇਵਕ ਸ਼ਾਰਲਟ ਡੇਕਾਂਟਰ ਸ਼ਿਵਾ ਨੂੰ ਕੁਰਦ ਸ਼ਰਨਾਰਥੀਆਂ ਦੇ ਕੈਂਪ ਵਿੱਚ ਮਿਲੀ ਸੀ। ਉਹ ਉਥੇ ਭੋਜਨ ਵੰਡਣ ਗਈ ਸੀ। ਉਹ ਉਨ੍ਹਾਂ ਦੀ ਜ਼ਿੰਦਾਦਿਲੀ ਤੋਂ ਬਹੁਤ ਪ੍ਰਭਾਵਿਤ ਹੋਈ ਸੀ।

''ਉਹ ਇੱਕ ਛੋਟੀ ਜਿਹੀ ਔਰਤ ਸੀ, ਬਹੁਤ ਹੀ ਦਿਆਲੂ ਅਤੇ ਮਿੱਠਾ ਬੋਲਣ ਵਾਲੀ। ਮੈਂ ਕੁਰਦ ਭਾਸ਼ਾ ਵਿੱਚ ਕੁਝ ਸ਼ਬਦ ਕਹੇ ਤਾਂ ਉਹ ਜ਼ੋਰ ਨਾਲ ਹੱਸੀ। ਉਹ ਹੈਰਾਨ ਹੋ ਗਈ ਸੀ।''

ਪਰ ਫ਼ਰਾਂਸ ਵਿੱਚ ਕਿਤੇ ਸ਼ਿਵਾ ਅਤੇ ਰਸੂਲ ਦੁਰਘਟਨਾ ਦਾ ਸ਼ਿਕਾਰ ਹੋ ਗਏ ਸਨ। ਉਨ੍ਹਾਂ ਦਾ ਸਾਰਾ ਸਾਮਾਨ ਲੁੱਟ ਲਿਆ ਗਿਆ ਸੀ।

24 ਅਕਤੂਬਰ ਨੂੰ ਕੈਲੇ ਵਿੱਚ ਰਹਿ ਰਹੇ ਇੱਕ ਦੋਸਤ ਨੂੰ ਭੇਜੇ ਸੁਨੇਹੇ ਵਿੱਚ ਸ਼ਿਵਾ ਨੇ ਦੱਸਿਆ ਸੀ ਕਿ ਕਿਸ਼ਤੀ ਦੀ ਯਾਤਰਾ ਖ਼ਤਰਨਾਕ ਹੋਵੇਗੀ ਪਰ ਲਾਰੀ ਵਿੱਚ ਜਾਣ ਲਈ ਉਨ੍ਹਾਂ ਕੋਲ ਲੋੜੀਂਦੇ ਪੈਸੇ ਨਹੀਂ ਹਨ।

ਟੈਕਸਟ ਮੈਸੇਜ ਵਿੱਚ ਉਨ੍ਹਾਂ ਨੇ ਕਿਹਾ ਸੀ, "ਮੈਂ ਜਾਣਦੀ ਹਾਂ ਕਿ ਇਹ ਖ਼ਤਰਨਾਕ ਹੈ, ਪਰ ਸਾਡੇ ਕੋਲ ਹੋਰ ਕੋਈ ਰਾਹ ਨਹੀਂ ਹੈ।"

ਉਹ ਇਹ ਵੀ ਦੱਸਦੀ ਹੈ ਕਿ ਸ਼ਰਣ ਪ੍ਰਾਪਤ ਕਰਨ ਲਈ ਉਹ ਕਿੰਨੀ ਕਾਹਲੀ ਸੀ।

''ਮੇਰੇ ਦਿਲ ਵਿੱਚ ਹਜ਼ਾਰਾਂ ਦੁੱਖ ਹਨ ਪਰ ਜਦੋਂ ਮੈਂ ਇਰਾਨ ਛੱਡ ਦਿੱਤਾ ਤਾਂ ਮੈਂ ਆਪਣੀ ਪੁਰਾਣੀ ਜ਼ਿੰਦਗੀ ਭੁੱਲ ਜਾਣਾ ਚਹੁੰਦੀ ਹਾਂ।''

ਇੰਗਲਿਸ਼ ਚੈਨਲ ਦਾ ਖ਼ਤਰਨਾਕ ਸਫ਼ਰ

ਰਸੂਲ ਦੇ ਪਰਿਵਾਰ ਨਾਲ ਫ਼ਰਾਂਸ ਜਾਣ ਵਾਲੇ ਉਨ੍ਹਾਂ ਦੇ ਮਿੱਤਰ ਦੱਸਦੇ ਹਨ ਕਿ 26 ਅਕਤੂਬਰ ਨੂੰ ਡਨਕਰਕ ਵਿੱਚ ਤਸਕਰ ਨੇ ਉਨ੍ਹਾਂ ਨੂੰ ਦੱਸਿਆ ਕਿ ਅਗਲੇ ਦਿਨ ਇੰਗਲਿਸ਼ ਚੈਨਲ ਪਾਰ ਕੀਤਾ ਜਾਵੇਗਾ।

ਪਰਿਵਾਰ ਲੂਨ ਪਲਾਜ ਨਾਮ ਦੇ ਇਸੇ ਬੀਚ ਤੋਂ ਸਫ਼ਰ ਲਈ ਨਿਕਲਿਆ ਸੀ
BBC
ਪਰਿਵਾਰ ਲੂਨ ਪਲਾਜ ਨਾਮ ਦੇ ਇਸੇ ਬੀਚ ਤੋਂ ਸਫ਼ਰ ਲਈ ਨਿਕਲਿਆ ਸੀ

ਉਹ ਸਵੇਰੇ ਸਵੇਰੇ ਇੱਕ ਤੇਲ ਡੀਪੂ ਦੇ ਨੇੜਿਓਂ ਇੱਕ ਜਗ੍ਹਾ ਤੋਂ ਨਿਕਲੇ, ਇਹ ਥਾਂ ਲੂਨ ਪਲਾਜ ਬੀਚ ''ਤੇ ਹੈ।

ਮੌਸਮ ਬਹੁਤ ਖ਼ਰਾਬ ਸੀ, ਤਕਰੀਬਨ ਡੇਢ ਮੀਟਰ ਉੱਚੀਆਂ ਲਹਿਰਾਂ ਉੱਠ ਰਹੀਆਂ ਹੋਣਗੀਆਂ। ਹਵਾ ਤੀਹ ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀ ਸੀ।

ਰਸੂਲ ਦੇ ਦੋਸਤ ਨੇ ਇਹ ਖ਼ਤਰਨਾਕ ਸਫ਼ਰ ਨਾ ਕਰਨ ਦਾ ਫ਼ੈਸਲਾ ਲਿਆ।

ਉਹ ਦੱਸਦੇ ਹਨ, "ਮੈਂ ਡਰ ਗਿਆ ਸੀ, ਮੈਂ ਨਾ ਜਾਣ ਦਾ ਫ਼ੈਸਲਾ ਕੀਤਾ। ਮੈਂ ਰਸੂਲ ਨੂੰ ਵੀ ਕਿਹਾ ਖ਼ਤਰਾ ਨਾ ਚੁੱਕ, ਪਰ ਉਸਨੇ ਕਿਹਾ ਕਿ ਉਸ ਕੋਲ ਹੋਰ ਕੋਈ ਰਾਹ ਨਹੀਂ ਹੈ।"

ਇਰਾਨ ਵਿੱਚ ਰਹਿ ਰਹੇ ਰਿਸ਼ਤੇਦਾਰਾਂ ਮੁਤਾਬਿਕ ਰਸੂਲ ਨੇ ਤਸਕਰਾਂ ਨੂੰ ਤਕਰੀਬਨ ਸਾਢੇ ਪੰਜ ਹਜ਼ਾਰ ਬਰਤਾਨਵੀਂ ਪੌਂਡ ਦਿੱਤੇ ਸਨ।

8 ਲੋਕਾਂ ਦੀ ਕਿਸ਼ਤੀ ਵਿੱਚ 23 ਸਵਾਰ

ਸਾਰਦਾਸਤ ਦੇ ਰਹਿਣ ਵਾਲੇ ਅਭਿਨੇਤਾ ਅਤੇ ਡਾਕੂਮੈਂਟਰੀ ਫ਼ਿਲਮਮੇਕਰ 47 ਸਾਲਾ ਇਬਰਾਹਿਮ ਮੁਹੰਮਦਪੁਰ ਵੀ ਆਪਣੇ 27 ਸਾਲਾਂ ਦੇ ਭਰਾ ਮੁਹੰਮਦ ਅਤੇ 17 ਸਾਲਾਂ ਦੇ ਬੇਟੇ ਨਾਲ ਉਸ ਕਿਸ਼ਤੀ ਵਿੱਚ ਸਵਾਰ ਸਨ।

ਇਬਰਾਹਿਮ ਕਹਿੰਦੇ ਹਨ ਕਿ ਇਹ ਕਿਸ਼ਤੀ ਸਿਰਫ਼ ਸਾਢੇ ਚਾਰ ਮੀਟਰ ਲੰਬੀ ਸੀ ਅਤੇ ਇਸ ਵਿੱਚ ਅੱਠ ਲੋਕਾਂ ਦੀ ਜਗ੍ਹਾ ਸੀ ਨਾ ਕਿ 23 ਲੋਕਾਂ ਦੀ, ਜਿਹੜੇ ਉਸ ਵਿੱਚ ਬੁਰੀ ਤਰ੍ਹਾਂ ਭਰ ਦਿੱਤੇ ਗਏ ਸਨ।

ਇਬਰਾਹਿਮ ਕਹਿੰਦੇ ਹਨ, "ਇਮਾਨਦਾਰੀ ਨਾਲ ਕਹਾਂ ਤਾਂ ਅਸੀਂ ਸਾਰੇ ਅੰਨੇ ਹੋ ਗਏ ਸੀ ਕਿਉਂਕਿ ਇਸ ਯਾਤਰਾ ਵਿੱਚ ਅਸੀਂ ਬਹੁਤ ਕੁਝ ਝੱਲ ਚੁੱਕੇ ਸੀ। ਪਹਿਲਾਂ ਮਨ ਵਿੱਚ ਵਿਚਾਰ ਆਇਆ ਕਿ ਇਸ ਕਿਸ਼ਤੀ ਵਿੱਚ ਨਹੀਂ ਬੈਠਣਾ ਚਾਹੀਦਾ ਪਰ ਫ਼ਿਰ ਮਨ ਨੇ ਕਿਹਾ ਕਿ ਬੈਠ ਜਾਓ ਤਾਂ ਕਿ ਇਸ ਦੁੱਖ ਤੋਂ ਪਿੱਛਾ ਛੁੱਟੇ।"

16ਸਾਲ ਦੇ ਯਾਸੀਨ ਜੋ ਇਸ ਕਿਸ਼ਤੀ ਵਿੱਚ ਸਵਾਰ ਸਨ ਦੱਸਦੇ ਹਨ, ਸਿਰਫ਼ ਉਨ੍ਹਾਂ ਨੇ ਅਤੇ ਦੋ ਹੋਰ ਲੋਕਾਂ ਨੇ ਲਾਈਫ਼ ਜੈਕੇਟ ਪਾਈ ਸੀ।

ਇਸ ਕਿਸ਼ਤੀ ਵਿੱਚ ਸਵਾਰ ਸਾਰੇ 22 ਯਾਤਰੀ ਸਾਰਦਸ਼ਤ ਦੇ ਕੁਰਦ ਸਨ ਜਦ ਕਿ ਮਲਾਹ ਉੱਤਰੀ ਈਰਾਨ ਦਾ ਇੱਕ ਸ਼ਰਨਾਰਥੀ ਸੀ।

ਪਹਿਲਾਂ ਬਰਤਾਨੀਆਂ ਦੀ ਯਾਤਰਾ ਕਰ ਚੁੱਕੇ ਇਹ ਇਰਾਨੀ ਪਰਵਾਸੀ ਕਹਿੰਦੇ ਹਨ ਕਿ ਤਸਕਰ ਉਸ ਵਿਅਕਤੀ ਨੂੰ ਕਿਸ਼ਤੀ ਚਲਾਉਣ ਦਾ ਕਹਿੰਦੇ ਹਨ ਜਿਸ ਕੋਲ ਉਨ੍ਹਾਂ ਨੂੰ ਦੇਣ ਲਈ ਸਭ ਤੋਂ ਘੱਟ ਪੈਸੇ ਹੁੰਦੇ ਹਨ।

ਇਬਰਾਹਿਮ ਮੁੰਹਮਦਪੁਰ
BBC
ਇਬਰਾਹਿਮ ਮੁੰਹਮਦਪੁਰ ਦਾ ਕਹਿਣਾ ਹੈ ਕਿ ਜੋ ਹੋਇਆ ਉਸ ਤੋਂ ਬਾਅਦ ਤੋਂ ਉਹ ਖ਼ੌਫ਼ ਵਿੱਚ ਰਹਿੰਦੇ ਹਨ

ਸ਼ਿਵਾ ਅਤੇ ਬੱਚੇ ਸ਼ੀਸ਼ੇ ਦੇ ਬਣੇ ਇੱਕ ਕੈਬਿਨ ਵਿੱਚ ਚਲੇ ਗਏ। ਇਹ ਉਨ੍ਹਾਂ ਨੂੰ ਕੁਝ ਸੁਰੱਖਿਅਤ ਅਤੇ ਗਰਮ ਲੱਗਿਆ ਹੋਵੇਗਾ ਪਰ ਇਹ ਹੀ ਸਭ ਤੋਂ ਖ਼ਤਰਨਾਕ ਸਾਬਿਤ ਹੋਇਆ।

ਇਬਰਾਹਿਮ ਮੁਤਾਬਿਕ ਤਕਰੀਬਨ ਅੱਠ ਕਿਲੋਮੀਟਰ ਦੀ ਯਾਤਰਾ ਤੋਂ ਬਾਅਦ ਕਿਸ਼ਤੀ ਪਾਣੀ ਨਾਲ ਭਰ ਗਈ।

ਉਹ ਕਹਿੰਦੇ ਹਨ, "ਅਸੀਂ ਪਾਣੀ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹੇ। ਅਸੀਂ ਵਾਪਸ ਕੈਲੇ ਆਉਣ ਦੀ ਕੋਸ਼ਿਸ਼ ਕੀਤੀ ਪਰ ਉਸ ਵਿੱਚ ਵੀ ਨਾਕਾਮ ਰਹੇ।"

ਉਸਦੇ ਭਰਾ ਮੁਹੰਮਦ ਦੱਸਦੇ ਹਨ ਕਿ ਕਿਸ਼ਤੀ ਵਿੱਚ ਸਵਾਰ ਲੋਕ ਡਰਨ ਲੱਗੇ। ਉਹ ਕਿਸ਼ਤੀ ਵਿੱਚ ਇੱਕ ਪਾਸੇ ਤੋਂ ਦੂਸਰੇ ਪਾਸੇ ਵੱਲ ਜਾ ਰਹੇ ਸਨ ਅਤੇ ਅਚਾਨਕ ਕਿਸ਼ਤੀ ਡੁੱਬ ਗਈ।

ਇਹ ਵੀ ਪੜ੍ਹੋ-

ਕਿਸ਼ਤੀ ਦਾ ਡੁੱਬਣਾ ਤੇ ਜ਼ਿੰਦਗੀ ਲਈ ਲੜਾਈ

ਇਸਤੋਂ ਬਾਅਦ ਕੀ ਹੋਇਆ ਇਸ ਬਾਰੇ ਸਪੱਸ਼ਟ ਤੌਰ ''ਤੇ ਕਹਿ ਸਕਣਾ ਔਖਾ ਹੈ ਕਿਉਂਕਿ ਜਿੰਦਾ ਬਚੇ ਲੋਕਾਂ ਦੇ ਬਿਆਨ ਇਸ ਬਾਰੇ ਸਪੱਸ਼ਟ ਨਹੀਂ ਹਨ।

ਸਾਰੇ ਦੱਸਦੇ ਹਨ ਕਿ ਸ਼ੁਰੂ ਵਿੱਚ ਸ਼ਿਵਾ ਅਤੇ ਬੱਚੇ ਕੈਬਿਨ ਵਿੱਚ ਫ਼ਸੇ ਹੋਏ ਸਨ।

ਇਬਰਾਹਿਮ ਦੱਸਦੇ ਹਨ ਕਿ ਰਸੂਲ ਪਾਣੀ ਵਿੱਚ ਗਏ ਅਤੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਫ਼ਿਰ ਬਾਹਰ ਆ ਕੇ ਮਦਦ ਦੀ ਗੁਹਾਰ ਲਾਈ।

ਯੂਨੀਵਰਸਿਟੀ ਦੇ ਵਿਦਿਆਰਥੀ ਪੇਸ਼ਰਾ ਦੱਸਦੇ ਹਨ ਕਿ ਉਨ੍ਹਾਂ ਨੇ ਸ਼ੀਸ਼ੇ ਦੀ ਕੈਬਿਨ ਤੋੜਨ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਹੇ।

ਉਹ ਦੱਸਦੇ ਹਨ ਉਨ੍ਹਾਂ ਨੇ ਮਾਸੂਮ ਆਰਤਿਨ ਨੂੰ ਪਾਣੀ ਵਿੱਚ ਤੈਰਦੇ ਦੇਖਿਆ।

ਸ਼ਿਵਾ ਦੇ ਭਰਾ ਰਾਸੋ ਦੱਸਦੇ ਹਨ ਕਿ ਉਨ੍ਹਾਂ ਨੇ ਸੁਣਿਆ ਹੈ ਕਿ ਰਸੂਲ ਨੇ ਆਰਤਿਨ ਨੂੰ ਬਾਹਰ ਕੱਢ ਲਿਆ ਸੀ ਅਤੇ ਫ਼ਿਰ ਦੂਸਰਿਆਂ ਨੂੰ ਬਾਹਰ ਕੱਢਣ ਲਈ ਦੁਬਾਰਾ ਅੰਦਰ ਗਏ ਸਨ।

ਇਬਰਾਹਿਮ ਦੀਆਂ ਅੱਖਾਂ ਵਿੱਚ ਉਨ੍ਹਾਂ ਪਲਾਂ ਨੂੰ ਯਾਦ ਕਰਕੇ ਹੰਝੂ ਆ ਜਾਂਦੇ ਹਨ।

ਉਨ੍ਹਾਂ ਨੇ ਅਨੀਤਾ ਨੂੰ ਪਾਣੀ ''ਤੇ ਤੈਰਦੇ ਹੋਏ ਦੇਖਿਆ ਸੀ ਅਤੇ ਉਸ ਦਾ ਹੱਥ ਫ਼ੜਨ ਵਿੱਚ ਕਾਮਯਾਬ ਰਹੇ ਸਨ।

ਉਹ ਕਹਿੰਦੇ ਹਨ, ''ਮੈਂ ਪਾਣੀ ਵਿੱਚ ਉਸ ਬੱਚੀ ਦਾ ਹੱਥ ਫੜਿਆ, ਮੈਂ ਸੋਚ ਰਿਹਾ ਸੀ ਕਿ ਉਹ ਜ਼ਿੰਦਾ ਹੈ। ਇੱਕ ਹੱਥ ਨਾਲ ਮੈਂ ਕਿਸ਼ਤੀ ਫ਼ੜੀ ਅਤੇ ਇੱਕ ਹੱਥ ਨਾਲ ਉਸਦਾ ਹੱਥ, ਮੈਂ ਉਸ ਨੂੰ ਵਾਰ ਵਾਰ ਹਿਲਾ ਰਿਹਾ ਸੀ ਕਿ ਕੁਝ ਹਰਕਤ ਹੋਵੇ ਪਰ ਉਸਨੇ ਕੋਈ ਪ੍ਰਤਿਕ੍ਰਿਆ ਨਾ ਕੀਤੀ।''

ਰੂਟ ਮੈਪ
BBC

ਉਹ ਰੋਂਦੇ ਹੋਏ ਕਹਿੰਦੇ ਹਨ, ''ਮੈਂ ਕਦੀ ਆਪਣੇ ਆਪ ਨੂੰ ਮੁਆਫ਼ ਨਹੀਂ ਕਰ ਸਕਣਾ।''

ਇਬਰਾਹਿਮ ਦੇ ਭਰਾ ਮੁਹੰਮਦ ਮੁਤਾਬਿਕ ਰਸੂਲ ਰੋਂਦੇ ਹੋਏ ਪਾਣੀ ਤੋਂ ਬਾਹਰ ਨਿਕਲ ਆਏ ਸਨ ਅਤੇ ਫ਼ਿਰ ਉਨ੍ਹਾਂ ਨੇ ਆਪਣੇ ਆਪ ਨੂੰ ਲਹਿਰਾਂ ਨਾਲ ਵਹਿ ਜਾਣ ਦਿੱਤਾ।

ਬਚਾਉਣ ਦੀ ਕੋਸ਼ਿਸ਼

ਫ੍ਰਾਂਸਿਸੀ ਅਧਿਕਾਰੀਆਂ ਮੁਤਾਬਿਕ ਸਥਾਨਕ ਸਮੇਂ ਅਨੁਸਾਰ ਸਵੇਰੇ 9:30 ਵਜੇ ਨੇੜਿਓਂ ਲੰਘ ਰਹੀ ਇੱਕ ਕਿਸ਼ਤੀ ਨੇ ਅਲਾਰਮ ਵਜਾਇਆ। ਇਸ ਤੋਂ 17ਮਿੰਟ ਬਾਅਦ ਪਹਿਲਾ ਬਚਾਓ ਜਹਾਜ਼ ਮੌਕੇ ''ਤੇ ਪਹੁੰਚਿਆ।

ਇਬਰਾਹਿਮ ਨਾਲ ਹੋਰ ਦੋਸਤ
BBC
47 ਸਾਲਾ ਇਬਰਾਹਿਮ ਮੁਹੰਮਦਪੁਰ ਵੀ ਆਪਣੇ 27 ਸਾਲਾਂ ਦੇ ਭਰਾ ਮੁਹੰਮਦ ਅਤੇ 17 ਸਾਲਾਂ ਦੇ ਬੇਟੇ ਨਾਲ ਉਸ ਕਿਸ਼ਤੀ ਵਿੱਚ ਸਵਾਰ ਸਨ

ਅਧਿਕਾਰੀਆਂ ਮੁਤਾਬਿਕ ਕੁਝ ਲੋਕਾਂ ਨੂੰ ਦਿਲ ਦਾ ਦੌਰਾ ਪੈਣ ਦੀ ਹਾਲਤ ਵਿੱਚ ਪਾਣੀ ਤੋਂ ਬਾਹਰ ਕੱਢਿਆ ਗਿਆ। ਇਸਤੋਂ ਵੱਧ ਜਾਣਕਾਰੀ ਉਨ੍ਹਾਂ ਕੋਲ ਨਹੀਂ ਸੀ।

ਜਿਉਂਦੇ ਬਚੇ ਜਿਨ੍ਹਾਂ ਲੋਕਾਂ ਨਾਲ ਅਸੀਂ ਗੱਲ ਕੀਤੀ ਉਨ੍ਹਾਂ ਦਾ ਮੰਨਨਾ ਹੈ ਕਿ ਰਸੂਲ, ਉਨ੍ਹਾਂ ਦੀ ਪਤਨੀ ਸ਼ਿਵਾ, ਬੇਟੀ ਅਨੀਤਾ ਅਤੇ ਆਰਮਿਨ ਮਾਰੇ ਜਾ ਚੁੱਕੇ ਸਨ।

ਪੰਦਰਾਂ ਹੋਰ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ। ਬੱਚੀ ਆਰਤਿਨ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ।

ਹਾਲਾਂਕਿ ਉਸ ਨੂੰ ਵੀ ਮ੍ਰਿਤਕ ਮੰਨ ਲਿਆ ਗਿਆ ਹੈ।

ਯਾਸੀਨ ਕਹਿੰਦੇ ਹਨ ਉਨ੍ਹਾਂ ਨੇ ਆਰਤਿਨ ਨੂੰ ਲਹਿਰਾਂ ਵਿੱਚ ਵਹਿੰਦੇ ਦੇਖਿਆ ਸੀ।

ਇੱਕ ਇਰਾਨੀ ਨਾਗਰਿਕ ਜਿਸ ਨੂੰ ਕਿਸ਼ਤੀ ਦਾ ਮਲਾਹ ਮੰਨਿਆ ਜਾ ਰਿਹਾ ਹੈ ਫ਼ਰਾਂਸ ਵਿੱਚ ਜੱਜ ਦੇ ਸਾਹਮਣੇ ਪੇਸ਼ ਹੋਇਆ ਹੈ। ਪਰ ਉਸ ''ਤੇ ਹੱਤਿਆ ਦੇ ਦੋਸ਼ ਹਨ।

ਸ਼ਿਵਾ ਦੇ ਭਰਾ ਅਤੇ ਭੈਣ ਯੂਰਪ ਵਿੱਚ ਰਹਿੰਦੇ ਹਨ, ਉਹ ਦੇਹਾਂ ਨੂੰ ਦੇਖਣ ਡਨਕਰਕ ਪਹੁੰਚੇ।

ਇੰਗਲਿਸ਼ ਚੈਨਲ ਪਾਰ ਕਰਨ ਵਾਲਿਆਂ ਦੀ ਵੱਧਦੀ ਗਿਣਤੀ

ਇੰਗਲਿਸ਼ ਚੈਨਲ ਦੀ ਖ਼ਤਰਨਾਕ ਯਾਤਰਾ ਕਰਨ ਵਾਲੇ ਪਰਵਾਸੀਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ।

2018 ਵਿੱਚ ਛੋਟੀਆਂ ਕਿਸ਼ਤੀਆਂ ਵਿੱਚ ਸਵਾਰ ਹੋ ਕੇ 297 ਲੋਕ ਬਰਤਾਨੀਆ ਪਹੁੰਚੇ ਸਨ, 2019 ਵਿੱਚ ਇਹ ਗਿਣਤੀ 1840 ਹੋ ਗਈ।

ਬੀਬੀਸੀ ਦੇ ਵਿਸ਼ਲੇਸ਼ਣ ਮੁਤਾਬਿਕ ਇਸ ਸਾਲ ਹੁਣ ਤੱਕ ਤਕਰੀਬਨ 8ਹਜ਼ਾਰ ਲੋਕ ਇਹ ਯਾਤਰਾ ਕਰਕੇ ਯੂਕੇ ਪਹੁੰਚ ਚੁੱਕੇ ਹਨ।

2019 ਦੇ ਬਾਅਦ ਤੋਂ ਹੁਣ ਤੱਕ ਘੱਟ ਤੋਂ ਘੱਟ ਦਸ ਲੋਕਾਂ ਦੀ ਇਸ ਜ਼ੋਖਮ ਭਰੀ ਯਾਤਰਾ ਦੌਰਾਨ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚ ਬਹੁਤੇ ਪਰਵਾਸੀ ਇਰਾਨ ਤੋਂ ਹਨ।

ਸ਼ਰਨਾਰਥੀਆਂ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਅਤੇ ਫ੍ਰਾਂਸੀਸੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਯੂਕੇ ਵਿੱਚ ਪਨਾਹ ਲੈਣ ਤੋਂ ਪਹਿਲਾਂ ਲੋਕਾਂ ਨੂੰ ਅਰਜ਼ੀ ਦਿੱਤੇ ਜਾਣ ਦੀ ਸਹੂਲਤ ਦਿੱਤੀ ਜਾਣੀ ਚਾਹੀਦੀ ਹੈ।

ਮ੍ਰਿਤ ਪਰਿਵਾਰ ਨੂੰ ਸ਼ਰਧਾਂਜਲੀ
Getty Images
ਬੀਤੇ ਮਹੀਨੇ ਡੋਵਰ ਵਿੱਚ ਮ੍ਰਿਤ ਪਰਿਵਾਰ ਨੂੰ ਸ਼ਰਧਾਂਜਲੀ ਦਿੱਤੀ ਗਈ

ਇਬਰਾਹਿਮ ਦੱਸਦੇ ਹਨ, ਜਿਉਂਦੇ ਬਚੇ ਲੋਕ ਡਰਾਉਣੇ ਸੁਫ਼ਨਿਆਂ ਨਾਲ ਜੂਝ ਰਹੇ ਹਨ।

ਇਸ ਸਭ ਦੇ ਬਾਵਜੂਦ ਯਾਸੀਨ ਦਾ ਕਹਿਣਾ ਹੈ ਕਿ ਉਹ ਦੁਬਾਰਾ ਚੈਨਲ ਪਾਰ ਕਰਨ ਦੀ ਕੋਸ਼ਿਸ਼ ਕਰਨਗੇ।

''ਅਸੀਂ ਸਭ ਬਹੁਤ ਦੁੱਖੀ ਸਾਂ, ਮੈਂ ਬਹੁਤ ਹੀ ਡਰ ਵੀ ਗਿਆ ਸੀ। ਪਰ ਮੈਂ ਬਸ ਇੱਕ ਸੁਰੱਖਿਅਤ ਜਗ੍ਹਾ ਪਹੁੰਚਣਾ ਚਾਹੁੰਦਾ ਹਾਂ। ਮੈਂ ਦੁਬਾਰਾ ਕੋਸ਼ਿਸ਼ ਕਰੂੰਗਾ।''

ਇਹ ਵੀ ਪੜ੍ਹੋ:

https://www.youtube.com/watch?v=wmFvAu12O5Q

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''5e5135ef-b755-4916-854c-437f38c1caf2'',''assetType'': ''STY'',''pageCounter'': ''punjabi.international.story.54962467.page'',''title'': ''ਪਰਵਾਸ ਦਾ ਸੰਤਾਪ : ਯੂਰਪ ਜਾਣ ਲਈ ਕਿਸ਼ਤੀ ਰਾਹੀ ਇੰਗਲਿਸ਼ ਚੈਨਲ ਪਾਰ ਕਰਦਾ ਪੂਰਾ ਟੱਬਰ ਡੁੱਬਿਆ'',''author'': ''ਜਿਆਰ ਗੋਲ'',''published'': ''2020-11-17T01:32:17Z'',''updated'': ''2020-11-17T01:32:17Z''});s_bbcws(''track'',''pageView'');

Related News