ਈਸਟ ਇੰਡੀਆ ਕੰਪਨੀ: ਭਾਰਤ ਨੂੰ ਗੁਲਾਮ ਬਣਾਉਣ ਵਾਲੀ ਕੰਪਨੀ ਦਾ ਆਖ਼ਰ ਕੀ ਬਣਿਆ

11/16/2020 12:41:18 PM

ਉਹ 16 ਸਦੀ ਦਾ ਆਖ਼ਰੀ ਸਾਲ ਸੀ। ਦੁਨੀਆਂ ਦੇ ਕੁੱਲ ਉਤਪਾਦ ਦਾ ਇੱਕ ਚੌਥਾਈ ਮਾਲ ਭਾਰਤ ਵਿੱਚ ਤਿਆਰ ਹੁੰਦਾ ਸੀ। ਇਸੇ ਕਰਕੇ ਇਸ ਦੇਸ ਨੂੰ ''ਸੋਨੇ ਦੀ ਚਿੜੀ'' ਕਿਹਾ ਜਾਂਦਾ ਸੀ। ਜਦੋਂ ਦਿੱਲੀ ਦੇ ਤਖ਼ਤ ''ਤੇ ਮੁਗ਼ਲ ਬਾਦਸ਼ਾਹ ਜਲਾਲੂਦੀਨ ਮੁਹੰਮਦ ਅਕਬਰ ਦੀ ਹਕੂਮਤ ਸੀ।

ਉਹ ਦੁਨੀਆਂ ਦੇ ਸਭ ਤੋਂ ਵੱਧ ਦੌਲਤਮੰਦ ਬਾਦਸ਼ਾਹਾਂ ਵਿੱਚੋਂ ਇੱਕ ਸਨ। ਦੂਸਰੇ ਪਾਸੇ ਉਸੇ ਦੌਰ ਵਿੱਚ ਬਰਤਾਨਵੀ ਖਾਨਾਜੰਗੀ ਉੱਭਰ ਰਹੀ ਸੀ।

ਬਰਤਾਨਵੀ ਅਰਥਚਾਰਾ ਖੇਤੀ ਨਿਰਭਰ ਸੀ ਅਤੇ ਦੁਨੀਆਂ ਦੇ ਕੁੱਲ ਉਤਪਾਦ ਦਾ ਮਹਿਜ਼ ਤਿੰਨ ਫ਼ੀਸਦ ਮਾਲ ਉਥੇ ਤਿਆਰ ਹੁੰਦਾ ਸੀ।

ਬਰਤਾਨੀਆਂ ਵਿੱਚ ਉਸ ਸਮੇਂ ਮਹਾਰਾਣੀ ਐਲਿਜ਼ਾਬੈਥ-1 ਦੀ ਹਕੂਮਤ ਸੀ। ਯੂਰਪ ਦੀਆਂ ਮੁੱਖ ਤਾਕਤਾਂ ਪੁਰਤਗਾਲ ਅਤੇ ਸਪੇਨ ਵਪਾਰ ਵਿੱਚ ਬਰਤਾਨੀਆਂ ਨੂੰ ਪਿੱਛੇ ਛੱਡ ਚੁੱਕੀਆਂ ਸਨ।

ਵਪਾਰੀਆਂ ਦੇ ਰੂਪ ਵਿੱਚ ਬਰਤਾਨਵੀ ਸਮੁੰਦਰੀ ਡਾਕੂ ਪੁਰਤਗਾਲ ਅਤੇ ਸਪੇਨ ਦੇ ਵਪਾਰਕ ਜਹਾਜ਼ਾਂ ਨੂੰ ਲੁੱਟ ਕੇ ਸੰਤੁਸ਼ਟ ਹੋ ਜਾਂਦੇ ਸਨ।

ਇਹ ਵੀ ਪੜ੍ਹੋ-

ਉਸੇ ਦੌਰਾਨ ਯਾਤਰੀ ਅਤੇ ਬਰਤਾਨਵੀ ਵਪਾਰੀ ਰਾਫ਼ਲ ਫ਼ਿਚ ਨੂੰ ਹਿੰਦ ਮਹਾਂਸਾਗਰ, ਮੈਸੋਪੋਟਾਮੀਆ, ਫ਼ਰਾਂਸ ਦੀ ਖਾੜੀ ਅਤੇ ਦੱਖਣ ਪੂਰਬੀ ਏਸ਼ੀਆਂ ਦੀਆਂ ਵਪਾਰਕ ਯਾਤਰਾਵਾਂ ਕਰਦੇ ਹੋਏ ਭਾਰਤ ਦੀ ਖੁਸ਼ਹਾਲੀ ਬਾਰੇ ਪਤਾ ਲੱਗਿਆ।

ਰਾਫ਼ਲ ਫ਼ਿਚ ਦੀਆਂ ਇਹ ਯਾਤਰਾਵਾਂ ਇੰਨੀਆਂ ਲੰਬੀਆਂ ਸਨ ਕਿ ਬਰਤਾਨੀਆਂ ਵਾਪਸ ਪਹੁੰਚਣ ਤੋਂ ਪਹਿਲਾਂ ਉਸਨੂੰ ਮ੍ਰਿਤਕ ਮੰਨਕੇ ਉਸਦੀ ਵਸੀਅਤ ਨੂੰ ਲਾਗੂ ਕਰ ਦਿੱਤਾ ਗਿਆ ਸੀ। ਪੂਰਬ ਵਿੱਚ ਮਸਾਲੇ ਹਾਸਿਲ ਕਰਨ ਲਈ ਲੇਵੇਂਟ ਕੰਪਨੀ ਦੋ ਨਾਕਾਮ ਕੋਸ਼ਿਸ਼ਾਂ ਕਰ ਚੁੱਕੀ ਸੀ।

ਭਾਰਤ ਬਾਰੇ ਰਾਫ਼ਲ ਫ਼ਿਚ ਦੀ ਜਾਣਕਾਰੀ ਦੇ ਅਧਾਰ ''ਤੇ ਇੱਕ ਹੋਰ ਯਾਤਰੀ ਸਰ ਜੇਮਸ ਲੈਂਕੇਸਟਰ ਸਮੇਤ ਬਰਤਾਨੀਆਂ ਦੇ 200ਤੋਂ ਵੱਧ ਪ੍ਰਭਾਵਸ਼ਾਲੀ ਅਤੇ ਵਪਾਰਕ ਪੇਸ਼ਾਵਰਾਂ ਨੂੰ ਇਸ ਦਿਸ਼ਾ ਵਿੱਚ ਅੱਗੇ ਵੱਧਣ ਦਾ ਵਿਚਾਰ ਆਇਆ।

ਉਨ੍ਹਾਂ ਨੇ 31 ਦਸੰਬਰ,1600 ਨੂੰ ਇੱਕ ਨਵੀਂ ਕੰਪਨੀ ਦੀ ਨੀਂਹ ਰੱਖੀ ਅਤੇ ਮਹਾਰਾਣੀ ਤੋਂ ਪੂਰਬੀ ਏਸ਼ੀਆ ਵਿੱਚ ਵਪਾਰ ''ਤੇ ਏਕਾਧਿਕਾਰ ਪ੍ਰਾਪਤ ਕੀਤਾ।

ਇਸ ਕੰਪਨੀ ਦੇ ਕਈ ਨਾਮ ਹਨ, ਪਰ ਇਸਨੂੰ ਈਸਟ ਇੰਡੀਆਂ ਕੰਪਨੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਈਸਟ ਇੰਡੀਆਂ ਕੰਪਨੀ ਆਉਣ ਦਾ ਐਲਾਨ

ਸ਼ੁਰੂਆਤੀ ਸਾਲਾਂ ਵਿੱਚ ਦੂਸਰੇ ਇਲਾਕਿਆਂ ਦੀਆਂ ਯਾਤਰਾਵਾਂ ਕਰਨ ਤੋਂ ਬਾਅਦ ਅਗਸਤ 1608 ਵਿੱਚ ਕੈਪਟਨ ਵਿਲੀਅਮ ਹਾਕਿੰਗਸ ਨੇ ਭਾਰਤ ਦੀ ਸੂਰਤ ਬੰਦਰਗਾਹ ''ਤੇ ਆਪਣਾ ਜਹਾਜ਼ ''ਹੈਕਟਰ'' ਦਾ ਲੰਗਰ ਪਾ ਕੇ ਈਸਟ ਇੰਡੀਆ ਕੰਪਨੀ ਦੇ ਆਉਣ ਦਾ ਐਲਾਨ ਕੀਤਾ।

ਹਿੰਦ ਮਹਾਂਸਾਗਰ ਵਿੱਚ ਬਰਤਾਨੀਆ ਦੇ ਕਾਰੋਬਾਰੀ ਵਿਰੋਧੀ ਡੱਚ ਅਤੇ ਪੁਰਤਗਾਲੀ ਪਹਿਲਾਂ ਤੋਂ ਹੀ ਮੌਜੂਦ ਸਨ।

ਉਸ ਵੇਲੇ ਕਿਸੇ ਨੇ ਵੀ ਅੰਦਾਜ਼ਾ ਨਹੀਂ ਲਾਇਆ ਹੋਣਾ ਕੇ ਕੰਪਨੀ ਆਪਣੇ ਦੇਸ ਤੋਂ ਵੀਹ ਗੁਣਾ ਵੱਡੇ, ਦੁਨੀਆਂ ਦੇ ਸਭ ਤੋਂ ਧਨੀ ਦੇਸਾਂ ਵਿੱਚੋਂ ਇੱਕ ਅਤੇ ਤਕਰੀਬਨ ਉਸ ਦੀ ਇੱਕ ਚੌਥਾਈ ਆਬਾਦੀ ''ਤੇ ਸਿੱਧੇ ਤੌਰ ''ਤੇ ਸ਼ਾਸਨ ਕਰਨ ਵਾਲੀ ਹੈ।

ਉਸ ਵੇਲੇ ਤੱਕ ਬਾਦਸ਼ਾਹ ਅਕਬਰ ਦੀ ਮੌਤ ਹੋ ਚੁੱਕੀ ਸੀ। ਉਸ ਦੌਰ ਵਿੱਚ ਜਾਇਦਾਦ ਦੇ ਮਾਮਲੇ ਵਿੱਚ ਸਿਰਫ਼ ਚੀਨ ਦਾ ਮਿੰਗ ਰਾਜਵੰਸ਼ ਹੀ ਬਾਦਸ਼ਾਹ ਅਕਬਰ ਦੀ ਬਰਾਬਰੀ ਕਰ ਸਕਦਾ ਸੀ।

ਖ਼ਾਫ਼ੀ ਖ਼ਾਨ ਨਿਜ਼ਾਮੁਲ-ਮੁਲਕ ਦੀ ਕਿਤਾਬ ''ਮੁੰਤਖ਼ਬੁਲ-ਬਾਬ'' ਮੁਤਾਬਿਕ, ਅਕਬਰ ਆਪਣੇ ਪਿੱਛੇ, ਪੰਜ ਹਜ਼ਾਰ ਹਾਥੀ, ਬਾਰ੍ਹਾਂ ਹਜ਼ਾਰ ਘੋੜੇ, ਇੱਕ ਹਜ਼ਾਰ ਚੀਤੇ, ਦਸ ਕਰੋੜ ਰੁਪਏ, ਵੱਡੀਆਂ ਅਸ਼ਰਫ਼ੀਆਂ ਵਿੱਚ ਸੌ ਤੋਲੇ ਤੋਂ ਲੈ ਕੇ ਪੰਜ ਸੌ ਤੋਲੇ ਤੱਕ ਦੀ ਹਜ਼ਾਰ ਅਸ਼ਰਫ਼ੀਆਂ, 272 ਮਣ ਕੱਚਾ ਸੋਨਾ, 370 ਮਣ ਚਾਂਦੀ, ਇੱਕ ਮਣ ਜਵਾਹਰਾਤ ਜਿੰਨਾਂ ਦੀ ਕੀਮਤ ਤਿੰਨ ਸੌ ਕਰੋੜ ਰੁਪਏ ਸੀ, ਛੱਡ ਕੇ ਗਏ ਸਨ।

ਅਕਬਰ ਦੇ ਸ਼ਹਿਜ਼ਾਦੇ ਸਲੀਮ, ਨੂਰੁਦੀਨ, ਜਹਾਂਗੀਰ ਦੇ ਖ਼ਿਤਾਬ ਨਾਲ ਤਖ਼ਤ ਪ੍ਰਾਪਤ ਕਰ ਚੁੱਕੇ ਸਨ। ਸ਼ਾਸਨ ਵਿੱਚ ਸੁਧਾਰਾਂ ਨੂੰ ਲਾਗੂ ਕਰਦੇ ਹੋਏ, ਕੰਨ, ਨੱਕ ਅਤੇ ਹੱਥ ਕੱਟਣ ਦੀ ਸਜ਼ਾ ਖ਼ਤਮ ਕਰ ਦਿੱਤੀ ਗਈ ਸੀ।

ਲੋਕਾਂ ਲਈ ਸ਼ਰਾਬ ਅਤੇ ਹੋਰ ਨਸ਼ੀਲੀਆਂ ਵਸਤਾਂ ਦੀ ਵਰਤੋਂ ਅਤੇ ਖ਼ਾਸ ਦਿਨ੍ਹਾਂ ''ਤੇ ਜਾਨਵਾਰਾਂ ਨੂੰ ਮਾਰਨ ''ਤੇ ਪਾਬੰਦੀ ਦੇ ਹੁਕਮਾਂ ਦੇ ਨਾਲ ਹੀ ਗ਼ੈਰ-ਕਾਨੂੰਨੀ ਕਰਾਂ ਨੂੰ ਹਟਾਇਆ ਜਾ ਚੁੱਕਿਆ ਸੀ।

ਸੜਕਾਂ, ਖੂਹ ਅਤੇ ਸਰਾਂਵਾਂ ਬਣਾਈਆ ਜਾ ਰਹੀਆਂ ਸਨ। ਉਤਰਾਧਿਕਾਰ ਦੇ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕਰ ਦਿੱਤਾ ਗਿਆ ਸੀ ਅਤੇ ਹਰ ਸ਼ਹਿਰ ਵਿੱਚ ਸਰਕਾਰੀ ਹਸਪਤਾਲ ਵਿੱਚ ਮੁਫ਼ਤ ਇਲਾਜ ਦੇ ਹੁਕਮ ਜਾਰੀ ਕਰ ਦਿੱਤੇ ਗਏ ਸਨ।

ਫ਼ਰਿਆਦੀਆਂ ਦੀ ਫ਼ਰਿਆਦ ਲਈ ਮਹਿਲ ਦੀ ਕੰਧ ਨਾਲ ਨਿਆਂ ਦੀ ਇੱਕ ਜ਼ੰਜੀਰ ਟੰਗ ਦਿੱਤੀ ਗਈ ਸੀ।

ਮੁਗ਼ਲ ਬਾਦਸ਼ਾਹ ਨੂੰ ਮਨਾਉਣ ਦੇ ਯਤਨ

ਵਿਸ਼ਵ ਪ੍ਰਸਿੱਧ ਇਤਿਹਾਸਕਾਰ ਵਿਲੀਅਮ ਡੇਲਰਿੰਪਲ ਮੁਤਾਬਿਕ, ਹਾਕਿੰਗਸ ਨੂੰ ਜਲਦ ਹੀ ਅਹਿਸਾਸ ਹੋ ਗਿਆ ਕਿ ਚਾਲੀ ਲੱਖ ਮੁਗ਼ਲਾਂ ਦੀ ਸੈਨਾ ਨਾਲ ਅਜਿਹੀ ਜੰਗ ਨਹੀਂ ਲੜੀ ਜਾ ਸਕਦੀ ਜਿਸ ਤਰ੍ਹਾਂ ਦੀ ਉਸ ਵੇਲੇ ਯੂਰਪ ਵਿੱਚ ਚੱਲ ਰਹੀ ਸੀ।

ਇਸ ਲਈ ਇਥੇ ਉਸਨੂੰ ਮੁਗ਼ਲ ਬਾਦਸ਼ਾਹ ਦੀ ਇਜ਼ਾਜਤ ਦੇ ਨਾਲ ਨਾਲ ਸਹਿਯੋਗ ਦੀ ਵੀ ਲੋੜ ਸੀ। ਹਾਕਿੰਗਸ ਇੱਕ ਸਾਲ ਦੇ ਅੰਦਰ ਮੁਗ਼ਲ ਰਾਜਧਾਨੀ ਆਗਰਾ ਪਹੁੰਚਿਆ।

ਸਮਰਾਟ ਜਹਾਂਗੀਰ ਦੇ ਦਰਬਾਰ ਵਿੱਚ ਸਰ ਥਾਮਸ ਰੋ
Getty Images
ਸਮਰਾਟ ਜਹਾਂਗੀਰ ਦੇ ਦਰਬਾਰ ਵਿੱਚ ਸਰ ਥਾਮਸ ਰੋ

ਘੱਟ ਪੜ੍ਹੇ ਲਿਖੇ ਹਾਕਿੰਗਸ ਨੂੰ ਜਹਾਂਗੀਰ ਤੋਂ ਵਪਾਰ ਦੀ ਆਗਿਆ ਲੈਣ ਵਿੱਚ ਸਫ਼ਲਤਾ ਨਾ ਮਿਲੀ।

ਉਸਤੋਂ ਬਾਅਦ ਸੰਸਦ ਦੇ ਮੈਂਬਰ ਅਤੇ ਰਾਜਦੂਤ ਸਰ ਥੌਮਸ ਰੋਅ ਨੂੰ ਸ਼ਾਹੀ ਦੂਤ ਦੇ ਰੂਪ ਵਿੱਚ ਭੇਜਿਆ ਗਿਆ। ਸਰ ਥੌਮਸ ਰੋਅ 1615 ਵਿੱਚ ਮੁਗ਼ਲ ਰਾਜਧਾਨੀ ਆਗਰਾ ਪਹੁੰਚੇ।

ਉਨ੍ਹਾਂ ਨੇ ਰਾਜੇ ਨੂੰ ਬਹੁਮੁੱਲੇ ਤੋਹਫ਼ੇ ਭੇਟ ਕੀਤੇ, ਜਿੰਨਾਂ ਵਿੱਚ ਸ਼ਿਕਾਰੀ ਕੁੱਤੇ ਅਤੇ ਉਨ੍ਹਾਂ ਦੀ ਪਸੰਦ ਦੀ ਸ਼ਰਾਬ ਵੀ ਸ਼ਾਮਿਲ ਸੀ।

ਬਰਤਾਨੀਆਂ ਦੇ ਨਾਲ ਸੰਬੰਧ ਬਣਾਉਣਾ ਜਹਾਂਗੀਰ ਦੀਆਂ ਪਹਿਲਤਾਵਾਂ ਵਿੱਚ ਨਹੀਂ ਸੀ। ਥੌਮਸ ਰੋਅ ਮੁਤਾਬਿਕ, ਜਦੋਂ ਵੀ ਗੱਲ ਹੁੰਦੀ ਸੀ ਤਾਂ ਬਾਦਸ਼ਾਹ ਉਨ੍ਹਾਂ ਨਾਲ ਵਪਾਰ ਦੀ ਬਜਾਇ ਘੋੜੇ, ਕਲਾ ਅਤੇ ਸ਼ਰਾਬ ਦੇ ਵਿਸ਼ੇ ''ਤੇ ਚਰਚਾ ਕਰਨ ਲੱਗਦੇ।

ਤਿੰਨ ਸਾਲਾਂ ਤੱਕ ਲਗਾਤਾਰ ਯਤਨਾਂ ਤੋਂ ਬਾਅਦ ਸਰ ਥੌਮਸ ਰੋਅ ਨੂੰ ਇਸ ਵਿੱਚ ਸਫ਼ਲਤਾ ਮਿਲੀ। ਜਹਾਂਗੀਰ ਨੇ ਈਸਟ ਇੰਡੀਆਂ ਕੰਪਨੀ ਨਾਲ ਇੱਕ ਵਪਾਰਕ ਸਮੌਝਤੇ ''ਤੇ ਦਸਤਖ਼ਤ ਕੀਤੇ।

ਸਮਝੌਤੇ ਤਹਿਤ ਕੰਪਨੀ ਅਤੇ ਬਰਤਾਨੀਆਂ ਦੇ ਸਾਰੇ ਵਪਾਰੀਆਂ ਨੂੰ ਉਪਮਹਾਂਦੀਪ ਦੀ ਹਰ ਇੱਕ ਬੰਦਰਗਾਹ ਅਤੇ ਸਮਾਨ ਖ਼ਰੀਦਣ ਅਤੇ ਵੇਚਣ ਲਈ ਥਾਂਵਾਂ ਦੇ ਇਸਤੇਮਾਲ ਦੀ ਆਗਿਆ ਦਿੱਤੀ ਗਈ।

ਬਦਲੇ ਵਿੱਚ ਯੂਰਪੀ ਉਤਪਾਦਾਂ ਨੂੰ ਭਾਰਤ ਨੂੰ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਉਸ ਸਮੇਂ ਉਥੇ ਬਣਦਾ ਹੀ ਕੀ ਸੀ?

ਇਹ ਤਹਿ ਕੀਤਾ ਗਿਆ ਸੀ ਕਿ ਕੰਪਨੀ ਦੇ ਜਹਾਜ਼ ਰਾਜਮਹਿਲ ਲਈ ਜੋ ਵੀ ਪੁਰਾਤਣ ਚੀਜ਼ਾਂ ਅਤੇ ਤੋਹਫ਼ੇ ਲਿਆਉਣਗੇ ਉਨ੍ਹਾਂ ਨੂੰ ਖ਼ੁਸ਼ੀ ਨਾਲ ਸਵਿਕਾਰ ਕੀਤਾ ਜਾਵੇਗਾ।

ਕੰਪਨੀ ਦੇ ਵਪਾਰੀ ਮੁਗ਼ਲਾਂ ਦੀ ਰਜ਼ਾਮੰਦੀ ਨਾਲ ਭਾਰਤ ਤੋਂ ਸੂਤ, ਨੀਲ, ਪੋਟਾਸ਼ੀਅਮ ਨਾਈਟ੍ਰੇਟ ਅਤੇ ਚਾਹ ਖ਼ਰੀਦਦੇ ਅਤੇ ਵਿਦੇਸ਼ਾਂ ਵਿੱਚ ਮਹਿੰਗੇ ਭਾਅ ਵੇਚਕੇ ਖ਼ੂਬ ਮੁਨਾਫ਼ਾ ਕਮਾਉਂਦੇ।

ਕੰਪਨੀ ਦੀ ਪੂੰਜੀ ਦਾ ਅਧਾਰ ਵਪਾਰਕ ਪੂੰਜੀ ਸੀ। ਕੰਪਨੀ ਜੋ ਵੀ ਚੀਜ਼ ਖਰੀਦਦੀ ਉਸਦਾ ਮੁੱਲ ਚਾਂਦੀ ਵਿੱਚ ਅਦਾ ਕਰਦੀ ਜੋ ਉਸਨੇ 1621 ਤੋਂ 1843 ਤੱਕ ਸਪੇਨ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਦਾਸਾਂ ਨੂੰ ਵੇਚ ਕੇ ਜਮ੍ਹਾਂ ਕੀਤੀ ਸੀ।

https://www.youtube.com/watch?v=xWw19z7Edrs

ਕੰਪਨੀ ਦਾ ਮੁਗ਼ਲਾਂ ਨਾਲ ਆਮਣਾ ਸਾਹਮਣਾ

ਸਾਲ 1670 ਵਿੱਚ ਬਰਤਾਨਵੀ ਸਮਰਾਟ ਚਾਰਲਸ ਦੂਜੇ ਨੇ ਈਸਟ ਇੰਡੀਆਂ ਕੰਪਨੀ ਨੂੰ ਵਿਦੇਸ਼ ਵਿੱਚ ਜੰਗ ਲੜਨ ਅਤੇ ਬਸਤੀਆਂ ਸਥਾਪਿਤ ਕਰਨ ਦੀ ਆਗਿਆ ਦੇ ਦਿੱਤੀ।

ਬਰਤਾਨਵੀ ਫੌਜ ਦੀਆਂ ਹਥਿਆਰਬੰਦ ਫੌਜਾਂ ਨੇ ਪਹਿਲਾਂ ਭਾਰਤ ਵਿੱਚ ਪੁਰਤਗਾਲੀ, ਡੱਚ ਅਤੇ ਫਰਾਂਸੀਸੀ ਵਿਰੋਧੀਆਂ ਦਾ ਮੁਕਾਬਲਾ ਕੀਤਾ ਅਤੇ ਜ਼ਿਆਦਾਤਰ ਲੜਾਈਆਂ ਜਿੱਤੀਆਂ। ਹੌਲੀ ਹੌਲੀ ਕੰਪਨੀ ਨੇ ਬੰਗਾਲ ਦੇ ਤੱਟਵਰਤੀ ਇਲਾਕਿਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।

ਪਰ ਸਤਾਂਰਵੀਂ ਸਦੀ ਵਿੱਚ ਮੁਗਲਾਂ ਨਾਲ ਸਿਰਫ਼ ਇੱਕ ਵਾਰ ਉਸਦਾ ਆਮਣਾ ਸਾਹਮਣਾ ਹੋਇਆ ਸੀ। ਸਾਲ 1681ਵਿੱਚ ਕੰਪਨੀ ਦੇ ਕਰਮਚਾਰੀਆਂ ਨੇ ਕੰਪਨੀ ਦੇ ਨਿਰਦੇਸ਼ਕ ਸਰ ਚਾਈਲਡ ਨੂੰ ਸ਼ਿਕਾਇਤ ਕੀਤੀ ਕਿ ਬੰਗਾਲ ਵਿੱਚ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਆਲਮਗੀਰ ਦੇ ਭਾਣਜੇ ਨਵਾਬ ਸ਼ਾਈਸਤਾ ਖ਼ਾਨ ਦੇ ਅਧਿਕਾਰੀ ਉਨ੍ਹਾਂ ਨੂੰ ਕਰ ਅਤੇ ਹੋਰ ਮਾਮਲਿਆਂ ਵਿੱਚ ਪਰੇਸ਼ਾਨ ਕਰ ਰਹੇ ਹਨ।

ਸਰ ਚਾਈਲਡ ਨੇ ਫ਼ੌਜੀ ਸਹਾਇਤਾ ਲਈ ਆਪਣੇ ਸਮਰਾਟ ਨੂੰ ਚਿੱਠੀ ਲਿਖੀ। ਇਸ ਤੋਂ ਬਾਅਦ 1686 ਵਿੱਚ ਉਨ੍ਹੀਂ ਜੰਗੀ ਤੋਪਾਂ, ਦੋ ਸੌ ਤੋਪਾਂ ਅਤੇ ਛੇ ਸੌ ਸੈਨਿਕਾਂ ਵਾਲਾਂ ਇਕ ਜਲ ਸੈਨਾ ਦਾ ਬੇੜਾ ਲੰਡਨ ਤੋਂ ਬੰਗਾਲ ਲਈ ਰਵਾਨਾ ਹੋ ਹੋਇਆ।

ਸਰ ਥਾਮਸ ਰੋ ਦੇ ਅਥਕ ਕੂਟਨੀਤਕ ਯਤਨਾਂ ਤੋਂ ਬਾਅਦ ਕੰਪਨੀ ਨੂੰ ਸੂਰਤ ਵਿੱਚ ਸੁਤੰਤਰ ਤੌਰ ਤੇ ਵਪਾਰ ਕਰਨ ਦਾ ਅਧਿਕਾਰ ਮਿਲ ਗਿਆ
Getty Images
ਸਰ ਥਾਮਸ ਰੋ ਦੇ ਅਥਕ ਕੂਟਨੀਤਕ ਯਤਨਾਂ ਤੋਂ ਬਾਅਦ ਕੰਪਨੀ ਨੂੰ ਸੂਰਤ ਵਿੱਚ ਸੁਤੰਤਰ ਤੌਰ ਤੇ ਵਪਾਰ ਕਰਨ ਦਾ ਅਧਿਕਾਰ ਮਿਲ ਗਿਆ

ਮੁਗ਼ਲ ਬਾਦਸ਼ਾਹ ਦੀ ਸੈਨਾ ਵੀ ਤਿਆਰ ਸੀ ਇਸ ਲਈ ਜੰਗ ਵਿੱਚ ਮੁਗ਼ਲਾਂ ਦੀ ਜਿੱਤ ਹੋਈ। ਸਾਲ 1695 ਵਿੱਚ ਬਰਤਾਨਵੀ ਸਮੁੰਦਰੀ ਡਾਕੂ ਹੇਨਰੀ ਏਵਰੀ ਨੇ ਔਰੰਗਜ਼ੇਬ ਦੇ ਸਮੁੰਦਰੀ ਜਹਾਜ਼ਾਂ ''ਫ਼ਤਿਹ ਮੁਹੰਮਦ'' ਅਤੇ ''ਗ਼ੁਲਾਮ ਸਵਾਈ'' ਨੂੰ ਲੁੱਟ ਲਿਆ। ਇਸ ਖ਼ਜ਼ਾਨੇ ਦੀ ਕੀਮਤ ਤਕਰੀਬਨ ਛੇ ਤੋਂ ਸੱਤ ਲੱਖ ਬਰਤਾਨਵੀ ਪੌਂਡ ਸੀ।

ਮੁਗ਼ਲ ਸੈਨਾ ਸਾਹਮਣੇ ਟਿਕ ਨਾ ਸਕੀ ਬਰਤਾਨਵੀਂ ਫ਼ੌਜ

ਇਤਿਹਾਸਕਾਰ ਵਿਲੀਅਮ ਡੇਲਰਿੰਪਲ ਦਾ ਕਹਿਣਾ ਹੈ ਕਿ ਬਰਤਾਨਵੀਂ ਸੈਨਿਕਾਂ ਨੂੰ ਮੁਗ਼ਲ ਸੈਨਾ ਨੇ ਮੱਖੀਆਂ ਦੀ ਤਰ੍ਹਾਂ ਮਾਰਿਆ। ਬੰਗਾਲ ਵਿੱਚ ਕੰਪਨੀ ਦੇ ਪੰਜ ਕਾਰਖ਼ਾਨੇ ਨਸ਼ਟ ਕਰ ਦਿੱਤੇ ਗਏ ਅਤੇ ਸਾਰੇ ਅੰਗਰੇਜ਼ਾਂ ਨੂੰ ਬੰਗਾਲ ਤੋਂ ਬਾਹਰ ਕੱਢ ਦਿੱਤਾ ਗਿਆ।

ਸੂਰਤ ਦੇ ਕਾਰਖ਼ਾਨਿਆਂ ਨੂੰ ਬੰਦ ਕਰ ਦਿੱਤਾ ਗਿਆ ਅਤੇ ਬੰਬਈ ਵਿੱਚ ਵੀ ਉਨ੍ਹਾਂ ਦਾ ਇਹ ਹੀ ਹਾਲ ਕੀਤਾ ਗਿਆ। ਕੰਪਨੀ ਦੇ ਕਰਮਚਾਰੀਆਂ ਨੂੰ ਜ਼ੰਜੀਰਾਂ ਨਾਲ ਜਕੜ ਕੇ ਸ਼ਹਿਰ ਵਿੱਚ ਘੁੰਮਾਇਆ ਗਿਆ ਅਤੇ ਅਪਰਾਧੀਆਂ ਦੀ ਤਰ੍ਹਾਂ ਬੇਇੱਜ਼ਤ ਕੀਤਾ ਗਿਆ।

ਕੰਪਨੀ ਕੋਲ ਮੁਆਫ਼ੀ ਮੰਗਣ ਅਤੇ ਆਪਣੇ ਕਾਰਖ਼ਾਨੇ ਵਾਪਸ ਲੈਣ ਲਈ ਰਾਜੇ ਦੇ ਦਰਬਾਰ ਵਿੱਚ ਭਿਖਾਰੀਆਂ ਦੀ ਤਰ੍ਹਾਂ ਆਉਣ ਤੋਂ ਇਲਾਵਾ ਕੋਈ ਚਾਰਾ ਨਾ ਰਿਹਾ। ਬਰਤਾਨਵੀ ਸਮਰਾਟ ਨੇ ਅਧਿਕਾਰਿਤ ਤੌਰ ''ਤੇ ਹੇਨਰੀ ਏਵਰੀ ਦੀ ਨਿੰਦਾ ਕੀਤੀ ਅਤੇ ਮੁਗ਼ਲ ਬਾਦਸ਼ਾਹ ਤੋਂ ਮੁਆਫ਼ੀ ਮੰਗੀ।

ਔਰੰਗਜ਼ੇਬ ਆਲਮਗੀਰ ਨੇ 1690 ਵਿੱਚ ਕੰਪਨੀ ਨੂੰ ਮੁਆਫ਼ ਕਰ ਦਿੱਤਾ। ਸਤਾਰਵੀਂ ਸਦੀ ਦੇ ਅੰਤ ਵਿੱਚ ਈਸਟ ਇੰਡੀਆ ਕੰਪਨੀ ਚੀਨ ਤੋਂ ਰੇਸ਼ਮ ਅਤੇ ਚੀਨੀ ਮਿੱਟੀ ਦੇ ਭਾਂਡੇ ਖ਼ਰੀਦਣ ਲੱਗੀ ਸੀ।

ਜਦੋਂ ਚੀਨੀਆਂ ਨੇ ਅਫ਼ੀਮ ਖਰੀਦਣ ਤੋਂ ਇਨਕਾਰ ਕਰ ਦਿੱਤਾ, ਤਾਂ ਬਰਤਾਨਵੀ ਜਹਾਜ਼ ''ਨੇਮੇਸਿਸ'' ਨੇ ਕੈਂਟਨ ਬੰਦਰਗਾਹ ਨੂੰ ਬਰਬਾਦ ਕਰ ਦਿੱਤਾ
BBC

ਸਮਾਨ ਦਾ ਭੁਗਤਾਨ ਚਾਂਦੀ ਵਿੱਚ ਕਰਨਾ ਪੈਂਦਾ ਸੀ, ਕਿਉਂਕਿ ਉਨ੍ਹਾਂ ਕੋਲ ਕੋਈ ਅਜਿਹਾ ਉਤਪਾਦ ਨਹੀਂ ਸੀ ਜਿਸ ਦੀ ਚੀਨ ਨੂੰ ਲੋੜ ਹੋਵੇ।

ਇਸ ਦਾ ਇੱਕ ਹੱਲ ਕੱਢਿਆ ਗਿਆ। ਬੰਗਾਲ ਵਿੱਚ ਪੋਸਤ ਦੀ ਖੇਤੀ ਕੀਤੀ ਗਈ ਅਤੇ ਬਿਹਾਰ ਵਿੱਚ ਅਫ਼ੀਮ ਤਿਆਰ ਕਰਨ ਲਈ ਕਾਰਖ਼ਾਨੇ ਲਾਏ ਗਏ ਅਤੇ ਅਫ਼ੀਮ ਨੂੰ ਤਸਕਰੀ ਕਰਕੇ ਚੀਨ ਪਹੁੰਚਾਇਆ ਗਿਆ।

ਉਸ ਸਮੇਂ ਤੱਕ ਚੀਨ ਵਿੱਚ ਅਫ਼ੀਮ ਦੀ ਬਹੁਤ ਘੱਟ ਵਰਤੋਂ ਕੀਤੀ ਜਾਂਦੀ ਸੀ। ਈਸਟ ਇੰਡੀਆ ਕੰਪਨੀ ਨੇ ਚੀਨੀ ਏਜੰਟਾਂ ਜ਼ਰੀਏ ਲੋਕਾਂ ਵਿੱਚ ਅਫ਼ੀਮ ਦਾ ਪ੍ਰਚਾਰ ਕੀਤਾ। ਕੰਪਨੀ ਨੇ ਅਫ਼ੀਮ ਦੇ ਵਪਾਰ ਨਾਲ ਰੇਸ਼ਮ ਅਤੇ ਚੀਨੀ ਦੇ ਬਰਤਣ ਵੀ ਖ਼ਰੀਦੇ ਅਤੇ ਮੁਨਾਫ਼ਾ ਵੀ ਕਮਾਇਆ।

ਜਦੋਂ ਚੀਨੀ ਸਰਕਾਰ ਵਲੋਂ ਅਫ਼ੀਮ ਦੇ ਵਪਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਅਤੇ ਚੀਨ ਵਿੱਚ ਆਉਣ ਵਾਲੀ ਅਫ਼ੀਮ ਨੂੰ ਨਸ਼ਟ ਕੀਤਾ ਗਿਆ, ਉਸ ਸਮੇਂ ਚੀਨ ਅਤੇ ਬਰਤਾਨੀਆਂ ਦਰਮਿਆਨ ਲੜਾਈਆਂ ਹੋਈਆਂ। ਜਿਸ ਵਿੱਚ ਚੀਨ ਦੀ ਹਾਰ ਹੋਈ ਅਤੇ ਬਰਤਾਨੀਆਂ ਨੇ ਅਪਮਾਨਜਣਕ ਸ਼ਰਤਾਂ ''ਤੇ ਚੀਨ ਨਾਲ ਕਈ ਸਮਝੌਤੇ ਕੀਤੇ।

ਇਸ ਤਰ੍ਹਾਂ ਨਸ਼ਟ ਕੀਤੀ ਗਈ ਅਫ਼ੀਮ ਦਾ ਮੁਆਵਜ਼ਾ ਵਸੂਲਿਆ ਗਿਆ। ਚੀਨੀ ਬੰਦਰਗਾਹਾਂ ''ਤੇ ਕਬਜ਼ਾ ਕੀਤਾ ਗਿਆ। ਹਾਂਗਕਾਂਗ ''ਤੇ ਬਰਤਾਨਵੀਂ ਕਬਜ਼ਾ ਇਸੇ ਦੀ ਹੀ ਇੱਕ ਕੜੀ ਸੀ।

ਜਦੋਂ ਚੀਨੀ ਸਰਕਾਰ ਨੇ ਵਿਰੋਧ ਵਿੱਚ ਮਹਾਂਰਾਣੀ ਵਿਕਟੋਰੀਆ ਨੂੰ ਪੱਤਰ ਲਿਖਕੇ ਅਫ਼ੀਮ ਦੇ ਵਪਾਰ ਨੂੰ ਰੋਕਣ ਲਈ ਮਦਦ ਦੀ ਅਪੀਲ ਕੀਤੀ ਤਾਂ ਉਸ ਪੱਤਰ ਦਾ ਜੁਆਬ ਨਾ ਆਇਆ।

ਇਹ ਵੀ ਪੜ੍ਹੋ-

ਸਾਲ 1707 ਵਿੱਚ ਬਾਦਸ਼ਾਹ ਔਰੰਗਜ਼ੇਬ ਦੀ ਮੌਤ ਤੋਂ ਬਾਅਦ, ਕਈ ਇਲਾਕਿਆਂ ਵਿੱਚ ਲੋਕ ਇੱਕ ਦੂਸਰੇ ਦੇ ਖ਼ਿਲਾਫ਼ ਹੋ ਗਏ। ਕੰਪਨੀ ਨੇ ਅਜਿਹੇ ਹਾਲਾਤ ਦਾ ਫ਼ਾਇਦਾ ਚੁੱਕਦੇ ਹੋਏ ਲੱਖਾਂ ਦੀ ਗਿਣਤੀ ਵਿੱਚ ਸਥਾਈ ਲੋਕਾਂ ਨੂੰ ਸੈਨਾ ਵਿੱਚ ਭਰਤੀ ਕੀਤਾ।

ਯੂਰਪ ਵਿੱਚ ਹੋਣ ਵਾਲੀ ਉਦਯੋਗਿਕ ਕ੍ਰਾਂਤੀ ਦੇ ਕਾਰਣ ਉਹ ਯੁੱਧ ਤਕਨੀਕਾਂ ਵਿੱਚ ਵੀ ਮਾਹਰ ਹੋ ਗਏ। ਇਹ ਛੋਟੀ ਪਰ ਪ੍ਰਭਾਵਸ਼ਾਲੀ ਸੈਨਾ ਇੱਕ ਤੋਂ ਬਾਅਦ ਇੱਕ ਪੁਰਾਣੀ ਤਕਨੀਕ ਨਾਲ ਲੈਸ ਮੁਗ਼ਲਾਂ, ਮਰਾਠਿਆਂ, ਸਿੱਖਾਂ ਅਤੇ ਸਥਾਨਕ ਨਵਾਬਾਂ ਦੀਆਂ ਵੱਡੀਆਂ ਸੈਨਾਵਾਂ ਨੂੰ ਹਰਾਉਂਦੀ ਚਲੀ ਗਈ।

ਸਾਲ 1756 ਵਿੱਚ ਨਵਾਬ ਸਿਰਾਜ-ਉਦ-ਦੌਲਾ ਭਾਰਤ ਦੇ ਸਭ ਤੋਂ ਅਮੀਰ ਅਰਧ ਖ਼ੁਦਮੁਖ਼ਤਿਆਰ ਸੂਬੇ ਬੰਗਾਲ ਦੇ ਸ਼ਾਸਕ ਬਣੇ। ਮੁਗ਼ਲ ਸ਼ਾਸਨ ਦੇ ਮਾਲੀਏ ਦਾ ਪੰਜਾਹ ਫ਼ੀਸਦ ਹਿੱਸਾ ਇਸੇ ਸੂਬੇ ਤੋਂ ਆਉਂਦਾ ਸੀ।

ਬੰਗਾਲ ਨਾ ਸਿਰਫ਼ ਭਾਰਤ ਬਲਕਿ ਪੂਰੀ ਦੁਨੀਆਂ ਵਿੱਚ ਕੱਪੜੇ ਅਤੇ ਜਹਾਜ਼ ਦੇ ਨਿਰਮਾਣ ਦਾ ਮੁੱਖ ਕੇਂਦਰ ਸੀ।

ਇਸ ਇਲਾਕੇ ਦੇ ਲੋਕ ਰੇਸ਼ਮ, ਸੂਤੀ ਕੱਪੜੇ, ਇਸਪਾਤ, ਪੋਟਾਸ਼ੀਅਮ ਨਾਈਟ੍ਰੇਟ ਅਤੇ ਖੇਤੀ ਤੇ ਉਦਯੋਗਿਕ ਵਸਤਾਂ ਦਾ ਉਦਪਾਦ ਕਰਕੇ ਚੰਗੀ ਕਮਾਈ ਕਰਦੇ ਸਨ।

ਕੰਪਨੀ ਨੇ ਕੱਲਕਤਾ ਵਿੱਚ ਆਪਣੇ ਕਿਲ੍ਹਿਆਂ ਦਾ ਵਿਸਥਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਸੈਨਿਕਾਂ ਦੀ ਗਿਣਤੀ ਵਧਾ ਦਿੱਤੀ।

ਨਵਾਬ ਨੇ ਕੰਪਨੀ ਨੂੰ ਸੁਨੇਹਾ ਭੇਜਿਆ ਕਿ ਉਹ ਆਪਣੇ ਖੇਤਰ ਦਾ ਵਿਸਥਾਰ ਨਾ ਕਰੇ। ਹੁਕਮਾਂ ਦੀ ਉਲੰਘਣਾ ਤੋਂ ਬਾਅਦ ਨਵਾਬ ਨੇ ਕਲਕੱਤਾ ''ਤੇ ਹਮਲਾ ਕੀਤਾ ਅਤੇ ਬਰਤਾਨਵੀ ਕਿਲ੍ਹਿਆਂ ''ਤੇ ਕਬਜ਼ਾ ਕਰ ਲਿਆ। ਬਰਤਾਨਵੀ ਕੈਦੀਆਂ ਨੂੰ ਫ਼ੋਰਟ ਵਿਲੀਅਮ ਦੇ ਤਹਿਖ਼ਾਨੇ ਵਿੱਚ ਕੈਦ ਕੀਤਾ ਗਿਆ।

ਮੀਰ ਜਾਫ਼ਰ ਦਾ ਵਿਸ਼ਵਾਸਘਾਤ ਅਤੇ ਪਲਾਸੀ ਦੀ ਲੜਾਈ

ਈਸਟ ਇੰਡੀਆ ਕੰਪਨੀ ਨੇ ਨਵਾਬ ਦੀ ਸੈਨਾ ਦੇ ਸੇਨਾਪਤੀ ਮੀਰ ਜਾਫ਼ਰ ਨੂੰ ਆਪਣੇ ਨਾਲ ਮਿਲਾ ਲਿਆ, ਮੀਰ ਜਾਫ਼ਰ ਦੇ ਮਨ ਵਿੱਚ ਸ਼ਾਸਕ ਬਣਨ ਦੀ ਇੱਛਾ ਸੀ। 23 ਜੂਨ,1757 ਨੂੰ ਪਲਾਸੀ ਵਿੱਚ ਕੰਪਨੀ ਅਤੇ ਨਵਾਬ ਦੀਆਂ ਸੇਨਾਵਾਂ ਦਰਮਿਆਨ ਲੜਾਈ ਹੋਈ।

ਤੋਪਾਂ ਦੀ ਵੱਧ ਗਿਣਤੀ ਅਤੇ ਮੀਰ ਜਾਫ਼ਰ ਦੇ ਵਿਸ਼ਵਾਸਘਾਤ ਕਾਰਨ ਅੰਗਰੇਜ਼ਾਂ ਦੀ ਜਿੱਤ ਹੋਈ ਅਤੇ ਮੀਰ ਜਾਫ਼ਰ ਨੂੰ ਬੰਗਾਲ ਦੀ ਗੱਦੀ ''ਤੇ ਬਿਠਾ ਦਿੱਤਾ ਗਿਆ। ਅੰਗਰੇਜ਼ ਹੁਣ ਮੀਰ ਜਾਫ਼ਰ ਤੋਂ ਮਾਲਗ਼ੁਜਾਰੀ ਵਸੂਲਣ ਲੱਗੇ। ਇਸ ਤਰ੍ਹਾਂ ਭਾਰਤ ਦੀ ਲੁੱਟਮਾਰ ਦਾ ਯੁੱਗ ਸ਼ੁਰੂ ਹੋ ਗਿਆ।

ਜਦੋਂ ਖ਼ਜਾਨਾ ਖ਼ਾਲੀ ਹੋ ਗਿਆ ਮੀਰ ਜਾਫ਼ਰ ਨੇ ਕੰਪਨੀ ਤੋਂ ਪਿੱਛਾ ਛੁਡਾਉਣ ਲਈ ਡੱਚ ਸੇਨਾ ਦੀ ਮਦਦ ਲਈ । ਸਾਲ 1759 ਅਤੇ ਫ਼ਿਰ 1764 ਤੋਂ ਦੀਆਂ ਲੜਾਈਆਂ ਵਿੱਚ ਜਿੱਤ ਹਾਸਿਲ ਕਰਨ ਤੋਂ ਬਾਅਦ ਕੰਪਨੀ ਨੇ ਬੰਗਾਲ ਦਾ ਪ੍ਰਸ਼ਾਸਨ ਆਪਣੇ ਹੱਥ ਵਿੱਚ ਲੈ ਲਿਆ।

ਕੰਪਨੀ ਵਲੋਂ ਨਵੇਂ ਨਵੇਂ ਕਰਾਂ ਦਾ ਬੋਝ ਲੱਦਿਆ ਗਇਆ ਅਤੇ ਬੰਗਾਲ ਦਾ ਸਮਾਨ ਸਸਤੇ ਭਾਅ ਖ਼ਰੀਦ ਕੇ ਦੂਸਰੇ ਦੇਸਾਂ ਵਿੱਚ ਮਹਿੰਗੇ ਭਾਅ ਵੇਚਣ ਲੱਗੀ। ਬੁੱਧੀਜੀਵੀ ਵਜਾਹਤ ਮਸੂਦ ਲਿਖਦੇ ਹਨ ਕਿ ਅਠਾਂਰਵੀਂ ਸਦੀ ਦੇ ਪਹਿਲੇ ਅੱਧ ਵਿੱਚ ਬਰਤਾਨਵੀਂ ਵਪਾਰੀ ਚਾਂਦੀ ਦੇ ਸਿੱਕੇ ਦੇ ਕੇ ਭਾਰਤੀਆਂ ਤੋਂ ਕਪਾਹ ਅਤੇ ਚਾਵਲ ਖ਼ਰੀਦਦੇ ਸਨ।

ਪਲਾਸੀ ਦੀ ਲੜਾਈ ਤੋਂ ਬਾਅਦ ਈਸਟ ਇੰਡੀਆ ਕੰਪਨੀ ਨੇ ਵਿੱਤ ਅਤੇ ਮਾਲੀਆ ਪ੍ਰਣਾਲੀ ਦੀ ਸਹਾਇਤਾ ਨਾਲ ਭਾਰਤ ਨਾਲ ਵਪਾਰ ਵਿੱਚ ਏਕਾਧਿਕਾਰ ਸਥਾਪਤ ਕਰ ਲਿਆ।

ਇਹ ਵਿਵਸਥਾ ਕੀਤੀ ਗਈ ਕਿ ਭਾਰਤੀਆਂ ਤੋਂ ਲਏ ਗਏ ਮਾਲੀਏ ਦਾ ਤਕਰੀਬਨ ਇੱਕ ਤਿਆਹੀ ਭਾਰਤੀ ਉਤਪਾਦਾਂ ਨੂੰ ਖ਼ਰੀਦਣ ਵਿੱਚ ਖ਼ਰਚ ਕੀਤਾ ਜਾਵੇਗਾ।

ਇਸ ਤਰੀਕੇ ਨਾਲ ਭਾਰਤ ਦੇ ਲੋਕ ਜਿਹੜਾ ਮਾਲੀਆਂ ਦਿੰਦੇ, ਉਨ੍ਹਾਂ ਨੂੰ ਉਸੇ ਦੇ ਇੱਕ ਤਿਆਹੀ ਹਿੱਸੇ ਵਿੱਚ ਆਪਣਾ ਮਾਲ ਵੇਚਣ ਲਈ ਮਜ਼ਬੂਰ ਕੀਤਾ ਜਾਂਦਾ ਸੀ।

ਈਸਟ ਇੰਡੀਆਂ ਕੰਪਨੀ ਦਾ ਰਾਜ ਅਤੇ ਇੱਕ ਬੁਰਾ ਦੌਰ

ਇਤਿਹਾਸਕਾਰ, ਅਲੋਚਕ ਅਤੇ ਪੱਤਰਕਾਰ ਬਾਰੀ ਅਲੀਗ ਨੇ ਆਪਣੀ ਕਿਤਾਬ ''ਕੰਪਨੀ ਦੀ ਹਕੂਮਤ'' ਵਿੱਚ ਲਿਖਿਆ ਹੈ, "ਦੁਨੀਆਂ ਦੇ ਹਰ ਇੱਕ ਦੇਸ ਦੇ ਵਪਾਰੀ ਭਾਰਤ ਨਾਲ ਵਪਾਰ ਕਰਦੇ ਸਨ।

ਸਭਿਆ ਲੋਕਾਂ ਵਿੱਚ ਢਾਕਾ ਅਤੇ ਮੁਰਸ਼ਿਦਾਬਾਦ ਦੀ ਮਲਮਲ ਦੀ ਵਰਤੋਂ ਨੂੰ ਮਹਾਨਤਾ ਅਤੇ ਉੱਤਮਤਾ ਦਾ ਸਬੂਤ ਮੰਨਿਆ ਜਾਂਦਾ ਸੀ। ਯੂਰਪ ਦੇ ਸਾਰੇ ਸ਼ਹਿਰਾਂ ਵਿੱਚ ਇੰਨਾਂ ਦੋਵਾਂ ਸ਼ਹਿਰਾਂ ਦੀ ਮਲਮਲ ਅਤੇ ਚਿਕਨ ਬਹੁਤ ਮਸ਼ਹੂਰ ਸੀ।"

ਭਾਰਤ ਦੇ ਹੋਰ ਉਦਯੋਗਾਂ ਦੇ ਮੁਕਾਬਲੇ ਕੱਪੜਾ ਉਦਯੋਗ ਬਹੁਤ ਬਹਿਤਰ ਸਥਿਤੀ ਵਿੱਚ ਸੀ। ਭਾਰਤ ਤੋਂ ਸੂਤੀ ਅਤੇ ਊਨੀ ਕੱਪੜੇ, ਸ਼ਾਲ, ਮਲਮਲ ਅਤੇ ਕਸ਼ੀਦਾਕਾਰੀ ਦਾ ਨਿਰਯਾਤ ਕੀਤਾ ਜਾਂਦਾ ਸੀ।

ਅਹਿਮਦਾਬਾਦ ਆਪਣੇ ਰੇਸ਼ਮ ਅਤੇ ਰੇਸ਼ਮ ''ਤੇ ਕੀਤੇ ਜਾਣ ਵਾਲੇ ਸੋਨੇ ਚਾਂਦੀ ਦੇ ਕੰਮ ਲਈ ਦੁਨੀਆਂ ਭਰ ਵਿੱਚ ਮਸ਼ਹੂਰ ਸੀ। ਅਠਾਂਰਵੀਂ ਸਦੀ ਵਿੱਚ ਇੰਗਲੈਂਡ ਵਿੱਚ ਇੰਨਾਂ ਕੱਪੜਿਆਂ ਦੀ ਮੰਗ ਇਨੀਂ ਜ਼ਿਆਦਾ ਸੀ ਕਿ ਸਰਕਾਰ ਨੂੰ ਇਨਾਂ ਕੱਪੜਿਆਂ ''ਤੇ ਰੋਕ ਲਾਉਣ ਲਈ ਭਾਰੀ ਕਰ ਲਾਉਣਾ ਪਿਆ ਸੀ।

ਕੱਪੜਾ ਬੁਨਾਈ ਤੋਂ ਇਲਾਵਾ ਲੋਹੇ ਦੇ ਕੰਮ ਵਿੱਚ ਵੀ ਭਾਰਤ ਬਹੁਤ ਤਰੱਕੀ ਕਰ ਚੁੱਕਿਆ ਸੀ। ਲੋਹੇ ਨਾਲ ਬਣਿਆ ਸਮਾਨ ਵੀ ਭਾਰਤ ਤੋਂ ਬਾਹਰਲੇ ਮੁਲਕਾਂ ਵਿੱਚ ਭੇਜਿਆ ਜਾਂਦਾ ਸੀ।

ਮੁਗ਼ਲ ਬਾਦਸ਼ਾਹ ਔਰੰਗਜ਼ੇਬਰ ਦੇ ਰਾਜ ਦੌਰਾਨ ਮੁਲਤਾਨ ਵਿੱਚ ਜਹਾਜ਼ਾਂ ਲਈ ਲੋਹੇ ਦਾ ਲੰਗਰ ਬਣਾਇਆ ਜਾਂਦਾ ਸੀ। ਬੰਗਾਲ ਨੇ ਜਹਾਜ਼ ਨਿਰਮਾਣ ਵਿੱਚ ਬਹੁਤ ਤਰੱਕੀ ਕੀਤੀ ਸੀ।

ਇੱਕ ਅੰਗਰੇਜ਼ ਦੇ ਸ਼ਬਦਾਂ ਵਿੱਚ, "ਆਮ ਅੰਗੇਰਜ਼ਾਂ ਨੂੰ ਸਮਝਾਉਣਾ ਔਖਾ ਹੈ ਕਿ ਸਾਡੇ ਸ਼ਾਸਨ ਤੋਂ ਪਹਿਲਾਂ ਭਾਰਤੀ ਲੋਕ ਸੁਖ਼ਦ ਜੀਵਨ ਬਤੀਤ ਕਰ ਰਹੇ ਸਨ। ਵਪਾਰੀ ਅਤੇ ਸਾਹਸੀ ਲੋਕਾਂ ਲਈ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਉਪਲਬਧ ਸਨ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਭਾਰਤੀ ਵਪਾਰੀ ਬਹੁਤ ਹੀ ਆਰਾਮਦਾਇਕ ਜ਼ਿੰਗਦੀ ਜਿਉਂ ਰਹੇ ਸਨ।"

ਅੰਗਰੇਜ਼ ਜਦੋਂ ਮੀਰ ਜਾਫ਼ਰ ਮਾਲਗੁਜ਼ਾਰੀ ਵਸੂਲਣ ਲੱਗੇ ਤਾਂ ਮੀਰ ਜਾਫ਼ਰ ਨੇ ਕੰਪਨੀ ਤੋਂ ਪਿੱਛਾ ਛੁਡਾਉਣ ਲਈ ਡਚ ਸੈਨਾ ਦੀ ਮਦਦ ਲਈ
Getty Images
ਅੰਗਰੇਜ਼ ਜਦੋਂ ਮੀਰ ਜਾਫ਼ਰ ਮਾਲਗੁਜ਼ਾਰੀ ਵਸੂਲਣ ਲੱਗੇ ਤਾਂ ਮੀਰ ਜਾਫ਼ਰ ਨੇ ਕੰਪਨੀ ਤੋਂ ਪਿੱਛਾ ਛੁਡਾਉਣ ਲਈ ਡਚ ਸੈਨਾ ਦੀ ਮਦਦ ਲਈ

"ਔਰੰਗਜ਼ੇਬ ਦੇ ਸ਼ਾਸਨ ਦੌਰਾਨ ਸੂਰਤ ਅਤੇ ਅਹਿਮਾਦਾਬ ਤੋਂ ਜੋ ਮਾਲ ਨਿਰਯਾਤ ਕੀਤਾ ਜਾਂਦਾ ਸੀ ਉਸ ਤੋਂ ਕ੍ਰਮਵਾਰ 13ਲੱਖ ਇੱਕ ਸੌ ਤੋਂ 3 ਲੱਖ ਰੁਪਏ ਸਲਾਨਾ ਮਾਲੀਆ ਦੀ ਵਸੂਲੀ ਹੁੰਦੀ ਸੀ।"

ਈਸਟ ਇੰਡੀਆ ਕੰਪਨੀ ਇੱਕ ਵਪਾਰਕ ਕੰਪਨੀ ਸੀ ਪਰ ਉਸ ਕੋਲ ਢਾਈ ਲੱਖ ਸੈਨਿਕਾਂ ਦੀ ਇੱਕ ਫ਼ੌਜ ਸੀ। ਜਿਥੇ ਵਪਾਰ ਵਿੱਚ ਲਾਭ ਦੀਆਂ ਸੰਭਾਵਨਾਵਾਂ ਨਾ ਹੁੰਦੀਆਂ ਉਥੇ ਸੇਨਾ ਉਸਨੂੰ ਸੰਭਵ ਬਣਾ ਦਿੰਦੀ।

ਕੰਪਨੀ ਦੀ ਸੇਨਾ ਨੇ ਅਗਲੇ ਪੰਜਾਹ ਸਾਲਾਂ ਵਿੱਚ ਭਾਰਤ ਦੇ ਬਹੁਤੇ ਹਿੱਸਿਆਂ ''ਤੇ ਕਬਜ਼ਾ ਕਰ ਲਿਆ। ਉਨਾਂ ਇਲਾਕਿਆਂ ਵਿੱਚ ਕੰਪਨੀ ਨੂੰ ਮਾਲੀਆਂ ਦੇਣ ਵਾਲੇ ਸਥਾਨਕ ਸ਼ਾਸਕ ਰਾਜ ਕਰਨ ਲੱਗੇ।

ਪ੍ਰਤੱਖ ਰੂਪ ਵਿੱਚ ਸੱਤਾ ਸਥਾਨਕ ਸ਼ਾਸਕਾਂ ਦੇ ਹੱਥਾਂ ਵਿੱਚ ਸੀ ਪਰ ਰਾਜ ਦਾ ਬਹੁਤਾ ਮਾਲੀਆ ਬਰਤਾਨਵੀ ਤਿਜੋਰੀਆਂ ਵਿੱਚ ਜਾਂਦਾ ਸੀ। ਲੋਕ ਮਜ਼ਬੂਰ ਸਨ।

ਅਗਸਤ 1765 ਵਿੱਚ ਈਸਟ ਇੰਡੀਆ ਕੰਪਨੀ ਨੇ ਮੁਗ਼ਲ ਬਾਦਸ਼ਾਹ ਸ਼ਾਹ ਆਲਮ ਨੂੰ ਹਰਾਇਆ। ਲੌਰਡ ਕਲਾਈਵ ਨੇ ਪੂਰਵੀ ਪ੍ਰਾਂਤਾਂ ਬੰਗਾਲ, ਬਿਹਾਰ ਅਤੇ ਉੜੀਸਾ ਦੇ ਦਿਵਾਨੀ ਯਾਨੀ ਮਾਲੀਆ ਵਸੂਲਣ ਅਤੇ ਲੋਕਾਂ ਨੂੰ ਕਾਬੂ ਕਰਨ ਦਾ ਅਧਿਕਾਰ ਸਲਾਨਾ 26 ਲੱਖ ਰੁਪਏ ਬਦਲੇ ਹਾਸਿਲ ਕਰ ਲਿਆ।

ਇਸ ਤੋਂ ਬਾਅਦ ਭਾਰਤ ਕੰਪਨੀ ਦੇ ਰਾਜ ਅਧੀਨ ਆ ਗਿਆ। ਇਤਿਹਾਸਕਾਰ ਸਯਦ ਹਸਨ ਰਿਆਜ਼ ਮੁਤਾਬਿਕ ਉਸ ਦੌਰ ਵਿੱਚ ਜਨਤਾ ਵਿੱਚ ਇਹ ਧਾਰਣਾ ਪ੍ਰਚਲਿਤ ਸੀ, "ਦੁਨੀਆਂ ਖ਼ੁਦਾ ਦੀ, ਮੁਲਕ ਬਾਦਸ਼ਾਹ ਦਾ ਅਤੇ ਹੁਕਮ ਕੰਪਨੀ ਬਹਾਦਰ ਦਾ।"

ਸ਼ਾਹੀ ਪਰਿਵਾਰਾਂ ਦੀ ਸ਼ਾਨੋ ਸ਼ੌਕਤ

ਮੁਗ਼ਲ ਸ਼ਾਸਨ ਦੇ ਅੰਤਿਮ ਦੌਰ ਵਿੱਚ ਸ਼ਾਸਕਾਂ ਵਲੋਂ ਜਨਤਾ ਦਾ ਖੂਨ ਨਿਚੋੜ ਕੇ ਧਨ ਸੰਪਤੀ ਇਕੱਠੀ ਕੀਤੀ ਜਾਂਦੀ ਸੀ ਉਹ ਸ਼ਾਹੀ ਪਰਿਵਾਰ ਦੀ ਵਿਲਾਸਤਾ ਵਿੱਚ ਖ਼ਰਚ ਹੋ ਜਾਂਦੀ ਸੀ।

ਮੁਗ਼ਲ ਸ਼ਹਿਜ਼ਾਦੇ ਜਿਨ੍ਹਾਂ ਨੂੰ ਸੁਲਤਾਨ ਕਿਹਾ ਜਾਂਦਾ ਸੀ, ਉਹ ਆਪਣੀ ਆਲਸ, ਨਿਕੰਮੇਪਣ, ਡਰਪੋਕਤਾ ਅਤੇ ਸ਼ਾਨੋ ਸ਼ੌਕਤ ਲਈ ਜਾਣੇ ਜਾਂਦੇ ਸਨ।

ਇਤਿਹਾਸਕਾਰ ਡਾਕਟਰ ਮੁਬਾਰਕ ਅਲੀ ਆਪਣੀ ਕਿਤਾਬ, ''ਆਖ਼ਰੀ ਅਹਦ ਦਾ ਮੁਗਲੀਆ ਹਿੰਦੂਸਤਾਨ'' ਵਿੱਚ ਲਿਖਦੇ ਹਨ ਕਿ "ਸਾਲ 1948 ਵਿੱਚ ਨੱਚਦੇ ਅਤੇ ਸਰੋਦ ਦੀਆਂ ਮਹਿਫ਼ਲਾਂ ਵਿੱਚ ਸਭ ਕੁਝ ਲੁਟਾ ਕੇ ਦਾਦ ਦੇਣ ਵਾਲੇ ਨਿਕੰਮੇ ਸੁਲਤਾਨਾਂ ਦੀ ਗਿਣਤੀ 2104 ਤੱਕ ਪਹੁੰਚ ਗਈ ਸੀ।

ਸ਼ਾਹ ਆਲਮ ਦਾ ਬੇਟਾ ਅਕਬਰ ਵੀ ਕਾਮੁਕਤਾ ਵਿੱਚ ਆਪਣੇ ਬਾਪ ਤੋਂ ਘੱਟ ਨਹੀਂ ਸੀ। ਆਠਾਰਾਂ ਸਾਲ ਦੀ ਉਮਰ ਵਿੱਚ ਉਹ ਦੋ ਪਤਨੀਆਂ ਦਾ ਸ਼ੌਹਰ ਸੀ।"

ਅਠਾਂਰਵੀਂ ਸ਼ਤਾਬਦੀ ਵਿੱਚ, 1769 ਤੋਂ 1773 ਤੱਕ ਬਿਹਾਰ ਤੋਂ ਲੈ ਕੇ ਬੰਗਾਲ ਤੱਕ ਦਾ ਦੱਖਣੀ ਇਲਾਕਾ ਅਕਾਲ ਤੋਂ ਪ੍ਰਭਾਵਿਤ ਸੀ। ਇੱਕ ਅੰਦਾਜ਼ੇ ਮੁਤਾਬਿਕ ਅਕਾਲ ਵਿੱਚ ਲੱਖਾਂ ਲੋਕਾਂ ਦੀ ਮੌਤ ਹੋਈ।

ਗਵਰਨਰ-ਜਨਰਲ ਵਾਰੇਨ ਹੇਸਟਿੰਗਸ ਦੀ ਇੱਕ ਰਿਪੋਰਟ ਮੁਤਾਬਿਕ ਇੱਕ ਤਿਆਹੀ ਆਬਾਦੀ ਭੁੱਖਮਰੀ ਨਾਲ ਮਰ ਗਈ।

ਮੌਸਮ ਦੀ ਵਿਰੋਧੀ ਸਥਿਤੀ ਤੋਂ ਇਲਾਵਾ ਪੇਂਡੂ ਆਬਾਦੀ ਕੰਪਨੀ ਦੁਆਰਾ ਲਾਏ ਗਏ ਭਾਰੀ ਕਰ ਕਰਕੇ ਕੰਗਾਲ ਹੋ ਗਈ ਸੀ। ਨੋਬੇਲ ਪੁਰਸਕਾਰ ਨਾਲ ਸਨਮਾਨਿਤ ਅਰਥ ਸ਼ਾਸਤਰੀ ਅਮਰਤਿਆ ਸੇਨ ਮੁਤਾਬਿਕ ਬੰਗਾਲ ਅਕਾਲ ਮਨੁੱਖ ਵਲੋਂ ਪੈਦਾ ਕੀਤਾ ਹੋਇਆ ਸੀ।

ਕਿਸੇ ਵੀ ਤਰ੍ਹਾਂ ਦੇ ਵਿਵਾਦ ਦੀ ਸਥਿਤੀ ਵਿੱਚ ਈਸਟ ਇੰਡੀਆ ਕੰਪਨੀ ਸਥਾਨਕ ਸ਼ਾਸਕਾਂ ਨੂੰ ਆਪਣੀ ਸੇਨਾ ਕਿਰਾਏ ''ਤੇ ਮੁਹੱਈਆ ਕਰਵਾਉਂਦੀ ਸੀ। ਪਰ ਇੰਨਾਂ ਸੈਨਿਕ ਖ਼ਰਚਿਆਂ ਦੇ ਬੋਝ ਕਰਕੇ ਸ਼ਾਸਕ ਜਲਦ ਹੀ ਕੰਗਾਲ ਹੋ ਜਾਂਦੇ ਅਤੇ ਉਨ੍ਹਾਂ ਨੂੰ ਆਪਣਾ ਰਾਜ ਗੁਵਾਉਣਾ ਪੈਂਦਾ।

ਮਨੁੱਖੀ ਤ੍ਰਾਸਦੀਆਂ ਦਾ ਚੁੱਕਿਆ ਫ਼ਾਇਦਾ

ਇਸ ਤਰ੍ਹਾਂ ਕੰਪਨੀ ਲਗਾਤਾਰ ਆਪਣੇ ਇਲਾਕੇ ਦਾ ਵਿਸਥਾਰ ਕਰਦੀ ਗਈ। ਕੰਪਨੀ ਨੇ ਮਨੁੱਖੀ ਤ੍ਰਾਸਦੀਆਂ ਦਾ ਫ਼ਾਇਦਾ ਚੁੱਕਿਆ। ਜੋ ਚਾਵਲ ਇੱਕ ਰੁਪਏ ਦਾ 120 ਸੇਰ ਮਿਲਦਾ ਸੀ ਉਹ ਬੰਗਾਲ ਦੇ ਅਕਾਲ ਦੌਰਾਨ ਇੱਕ ਰੁਪਏ ਦਾ ਸਿਰਫ਼ ਤਿੰਨ ਸੇਰ ਮਿਲਣ ਲੱਗਿਆ।

ਇੱਕ ਜੂਨੀਅਰ ਅਧਿਕਾਰੀ ਨੇ ਇਸ ਤਰ੍ਹਾਂ 60,000 ਪੌਂਡ ਦਾ ਮਨਾਫ਼ਾ ਕਮਾਇਆ। ਈਸਟ ਇੰਡੀਆ ਕੰਪਨੀ ਦੇ 120 ਸਾਲਾਂ ਦੇ ਸ਼ਾਸਨ ਵਿੱਚ 34 ਵਾਰ ਅਕਾਲ ਪਿਆ।

ਟੀਪੂ ਸੁਲਤਾਨ
BBC

ਮੁਗ਼ਲ ਸ਼ਾਸਨ ਅਧੀਨ ਅਕਾਲ ਦੌਰਾਨ ਲਗਾਨ ਮੁਆਫ਼ ਕਰ ਦਿੱਤਾ ਜਾਂਦਾ ਸੀ ਪਰ ਈਸਟ ਇੰਡੀਆ ਕੰਪਨੀ ਨੇ ਆਕਾਲ ਦੌਰਾਨ ਲਗਾਨ ਵਿੱਚ ਵਾਧਾ ਕੀਤਾ। ਲੋਕ ਰੋਟੀ ਲਈ ਆਪਣੇ ਬੱਚੇ ਵੇਚਣ ਲੱਗੇ।

ਈਸਟ ਇੰਡੀਆ ਕੰਪਨੀ ਦੇ ਇੱਕ ਕਰਮਚਾਰੀ ਸ਼ੇਖ ਦੀਨ ਮੁਹੰਮਦ ਨੇ ਆਪਣੇ ਯਾਤਰਾ ਬਿਰਤਾਂਤ ਵਿੱਚ ਲਿਖਿਆ ਹੈ ਕਿ, " ਸਾਲ1780 ਦੇ ਨੇੜੇ ਤੇੜੇ ਜਦੋਂ ਸਾਡੀਆਂ ਸੇਨਾਵਾਂ ਅੱਗੇ ਵੱਧ ਰਹੀਆਂ ਸਨ ਤਾਂ ਅਸੀਂ ਕਈ ਹਿੰਦੀ ਤੀਰਥ ਯਾਤਰੀਆਂ ਨੂੰ ਦੇਖਿਆ ਜੋ ਸੀਤਾ ਕੁੰਡ ਜਾ ਰਹੇ ਸਨ। 15 ਦਿਨਾਂ ਵਿੱਚ ਅਸੀਂ ਮੁੰਗੇਰ ਤੋਂ ਭਾਗਲਪੁਰ ਪਹੁੰਚ ਗਏ।"

"ਅਸੀਂ ਸ਼ਹਿਰ ਦੇ ਬਾਹਰ ਡੇਰਾ ਲਾਇਆ। ਇਹ ਸ਼ਹਿਰ ਉਦਯੋਗਿਕ ਤੌਰ ''ਤੇ ਅਹਿਮ ਸੀ ਅਤੇ ਵਪਾਰ ਦੀ ਰੱਖਿਆ ਲਈ ਇਸ ਕੋਲ ਆਪਣੀ ਸੈਨਾ ਵੀ ਸੀ। ਅਸੀਂ ਚਾਰ ਪੰਜ ਦਿਨ ਉਥੇ ਰੁਕੇ। ਸਾਨੂੰ ਪਤਾ ਲੱਗਿਆ ਕਿ ਈਸਟ ਇੰਡੀਆ ਕੰਪਨੀ ਦਾ ਕੈਪਟਨ ਬਰੁਕ, ਜੋ ਸੈਨਿਕਾਂ ਦੀਆਂ ਪੰਜ ਕੰਪਨੀਆਂ ਦਾ ਮੁਖੀ ਸੀ ਉਹ ਵੀ ਨੇੜੇ ਹੀ ਰੁਕਿਆ ਹੋਇਆ ਸੀ। ਉਸਨੂੰ ਕਦੀ ਕਦੀ ਪਹਾੜੀ ਆਦਿਵਾਸੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ।"

"ਇਹ ਪਹਾੜੀ ਲੋਕ ਭਾਗਲਪੁਰ ਅਤੇ ਰਾਜਮਹਿਲ ਦੇ ਦਰਮਿਆਨ ਦੀਆਂ ਪਹਾੜੀਆਂ ''ਤੇ ਰਹਿੰਦੇ ਸਨ ਅਤੇ ਉਥੋਂ ਗੁਜ਼ਰਨ ਵਾਲੇ ਯਾਤਰੀਆਂ ਨੂੰ ਪਰੇਸ਼ਾਨ ਕਰਦੇ ਸਨ। ਕੈਪਟਨ ਬਰੁਕ ਨੇ ਉਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੂੰ ਫ਼ੜ ਲਿਆ ਅਤੇ ਉਨ੍ਹਾਂ ਨੂੰ ਇੱਕ ਮਿਸਾਲ ਦੇ ਰੂਪ ਵਿੱਚ ਪੇਸ਼ ਕੀਤਾ।"

"ਕਈ ਲੋਕਾਂ ਨੂੰ ਜਨਤਕ ਤੌਰ ''ਤੇ ਕੋੜੇ ਮਾਰੇ ਗਏ ਅਤੇ ਕਈਆਂ ਨੂੰ ਇਸ ਤਰ੍ਹਾਂ ਫ਼ਾਂਸੀ ''ਤੇ ਲਟਕਾਇਆ ਗਿਆ ਕਿ ਪਹਾੜੀਆਂ ਤੋਂ ਸਾਫ਼ ਦਿਖਾਈ ਦੇ ਸਕੇ ਤਾਂਕਿ ਉਨ੍ਹਾਂ ਦੇ ਸਾਥੀਆਂ ਦੇ ਦਿਲਾਂ ਵਿੱਚ ਦਹਿਸ਼ਤ ਬੈਠ ਜਾਵੇ।"

"ਇਥੋਂ ਅਸੀਂ ਅੱਗੇ ਵਧੇ ''ਤੇ ਦੇਖਿਆ ਕਿ ਪਹਾੜੀ ਦੀਆਂ ਸਾਰੀਆਂ ਮੁੱਖ ਥਾਂਵਾਂ ''ਤੇ, ਹਰ ਅੱਧੇ ਮੀਲ ''ਤੇ ਉਨ੍ਹਾਂ ਦੀਆਂ ਦੇਹਾਂ ਲਟਕੀਆਂ ਹੋਈਆਂ ਹਨ। ਅਸੀਂ ਸੁਕਲੀ ਗੜ੍ਹੀ ਅਤੇ ਤਲੀਆ ਗੜ੍ਹੀ ਦੀ ਰਾਹ ਤੋਂ ਰਾਜਮਹਿਲ ਪਹੁੰਚੇ, ਉਥੇ ਕੁਝ ਦਿਨ ਰੁਕੇ। ਸਾਡੀ ਸੈਨਾ ਬਹੁਤ ਵੱਡੀ ਸੀ ਪਰ ਪਿੱਛਿਓਂ ਵਪਾਰੀਆਂ ''ਤੇ ਕੁਝ ਹੋਰ ਪਹਾੜੀਆਂ ਨੇ ਹਮਲਾ ਕਰ ਦਿੱਤਾ। ਸਾਡੇ ਸਿਪਾਹੀਆਂ ਨੇ ਉਨ੍ਹਾਂ ਦਾ ਪਿੱਛਾ ਕੀਤਾ।"

"ਕਈ ਲੋਕਾਂ ਨੂੰ ਮਾਰ ਦਿੱਤਾ ਗਿਆ ਅਤੇ ਤੀਹ ਜਾਂ ਚਾਲੀ ਪਹਾੜੀ ਲੋਕਾਂ ਨੂੰ ਫ਼ੜ ਲਿਆ ਗਿਆ। ਅਗਲੀ ਸਵੇਰ ਜਦੋਂ ਹਮੇਸ਼ਾਂ ਦੀ ਤਰ੍ਹਾਂ ਸ਼ਹਿਰ ਵਿੱਚ ਲੋਕ ਹਾਥੀ, ਘੋੜਿਆਂ ਅਤੇ ਬਲਦਾਂ ਦਾ ਚਾਰਾ ਲੈਣ ਅਤੇ ਬਾਲਣ ਲਈ ਲੱਕੜੀਆਂ ਖ਼ਰੀਦਣ ਲਈ ਪਹਾੜੀਆਂ ਕੋਲ ਗਏ ਤਾਂ ਪਹਾੜੀਆਂ ਨੇ ਉਨ੍ਹਾਂ ''ਤੇ ਹਮਲਾ ਕਰ ਦਿੱਤਾ। ਸੱਤ ਜਾਂ ਅੱਠ ਲੋਕ ਮਾਰੇ ਗਏ। ਪਹਾੜੀ ਆਪਣੇ ਨਾਲ ਤਿੰਨ ਹਾਥੀ, ਕਈ ਊਠ, ਘੋੜੇ ਅਤੇ ਬਲਦ ਵੀ ਲੈ ਗਏ।"

"ਸਾਡੇ ਹਥਿਆਰਬੰਦ ਸੈਨਿਕਾਂ ਨੇ ਜਵਾਬੀ ਕਾਰਵਾਈ ਵਿੱਚ ਬਹੁਤ ਸਾਰੇ ਪਹਾੜੀਆਂ ਨੂੰ ਮਾਰ ਦਿੱਤਾ, ਜਿਹੜੇ ਤੀਰ ਕਮਾਨਾਂ ਅਤੇ ਤਲਵਾਰਾਂ ਨਾਲ ਲੜ ਸਨ ਅਤੇ ਦੋ ਸੌ ਪਹਾੜੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਉਨ੍ਹਾਂ ਦੀ ਤਲਵਾਰ ਦਾ ਵਜ਼ਨ 15ਪੌਂਡ ਸੀ ਅਤੇ ਉਹ ਹੁਣ ਸਾਡੀ ਜਿੱਤ ਦੀ ਟਰਾਫ਼ੀ ਬਣ ਚੁੱਕੀ ਸੀ।"

"ਕਰਨਲ ਗਰਾਂਟ ਦੇ ਹੁਕਮਾਂ ਮੁਤਾਬਿਕ ਇੰਨਾਂ ਪਹਾੜੀਆਂ ''ਤੇ ਬਹੁਤ ਜ਼ੁਲਮ ਕੀਤਾ ਗਿਆ। ਕਈਆਂ ਦੇ ਨੰਕ ਅਤੇ ਕੰਨ ਕੱਟ ਦਿੱਤੇ ਗਏ। ਕਈਆਂ ਨੂੰ ਫਾਂਸੀ ਦੇ ਦਿੱਤੀ ਗਈ। ਇਸ ਤੋਂ ਬਾਅਦ ਅਸੀਂ ਕਲਕੱਤਾ ਵੱਲ ਆਪਣਾ ਮਾਰਚ ਜਾਰੀ ਰੱਖਿਆ।"

ਟੀਪੂ ਸੁਲਤਾਨ ਤੋਂ ਮਿਲੀ ਚਣੌਤੀ

ਸਿਰਫ਼ ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਨੇ ਫ਼ਰਾਂਸ ਦੇ ਤਕਨੀਕੀ ਸਹਿਯੋਗ ਨਾਲ ਕੰਪਨੀ ਦਾ ਅਸਲ ਵਿੱਚ ਵਿਰੋਧ ਕੀਤਾ।

ਔਰਤਾਂ
AFP

ਅਤੇ ਕੰਪਨੀ ਨੂੰ ਦੋ ਲੜਾਈਆਂ ਵਿੱਚ ਹਰਾਇਆ। ਪਰ ਭਾਰਤ ਦੇ ਹੋਰ ਸ਼ਾਸਕਾਂ ਨੂੰ ਆਪਣੇ ਨਾਲ ਮਿਲਾਕੇ ਕੰਪਨੀ ਵਲੋਂ ਟੀਪੂ ਸੁਲਤਾਨ ''ਤੇ ਵੀ ਕਾਬੂ ਪਾ ਲਿਆ ਗਿਆ।

ਜਦੋਂ ਕੰਪਨੀ ਦੇ ਗਵਰਨਰ ਜਨਰਲ ਲੌਰਡ ਵੇਲੇਜ਼ਲੀ ਨੂੰ 1799 ਵਿੱਚ ਟੀਪੂ ਦੀ ਮੌਤ ਦੀ ਖ਼ਬਰ ਦਿੱਤੀ ਗਈ, ਤਾਂ ਉਸਨੇ ਆਪਣਾ ਗਿਲਾਸ ਹਵਾ ਵਿੱਚ ਚੁੱਕਦੇ ਹੋਏ ਕਿਹਾ, ਅੱਜ ਮੈਂ ਭਾਰਤ ਦੀ ਲਾਸ਼ ''ਤੇ ਜਸ਼ਨ ਮਨਾ ਰਿਹਾ ਹਾਂ।

ਲਾਰਡ ਵੇਲੇਜ਼ਲੀ ਦੇ ਹੀ ਕਾਰਜਕਾਲ ਵਿੱਚ ਕੰਪਨੀ ਨੂੰ ਆਪਣੀ ਸੈਨਿਕ ਜਿੱਤ ਦੇ ਬਾਵਜੂਦ ਵਿੱਤੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਸਦਾ ਕਰਜ਼ਾ 3 ਕਰੋੜ ਪੌਂਡ ਤੋਂ ਵੀ ਵੱਧ ਹੋ ਚੁੱਕਿਆ ਸੀ।

ਕੰਪਨੀ ਦੇ ਨਿਰਦੇਸ਼ਕ ਨੇ ਵੇਲੇਜ਼ਲੀ ਦੇ ਫਜ਼ੂਲ ਖ਼ਰਚ ਬਾਰੇ ਸਰਕਾਰ ਨੂੰ ਲਿਖਿਆ ਅਤੇ ਉਨ੍ਹਾਂ ਨੂੰ ਵਾਪਸ ਬਰਤਾਨੀਆਂ ਬੁਲਾ ਲਿਆ ਗਿਆ।

ਸਾਲ 1813 ਵਿੱਚ, ਬਰਤਾਨਵੀ ਸੰਸਦ ਨੇ ਭਾਰਤ ਵਿੱਚ ਵਪਾਰ ਸੰਬੰਧੀ ਈਸਟ ਇੰਡੀਆ ਕੰਪਨੀ ਦਾ ਏਕਾਧਿਕਾਰ ਖ਼ਤਮ ਕਰ ਦਿੱਤਾ ਅਤੇ ਹੋਰ ਬਰਤਾਨਵੀਂ ਕੰਪਨੀਆਂ ਨੂੰ ਵਪਾਰ ਕਰਨ ਅਤੇ ਦਫ਼ਤਰ ਖੋਲ੍ਹਣ ਦੀ ਆਗਿਆ ਦੇ ਦਿੱਤੀ।

ਉਦਯੋਗਿਕ ਤੋਂ ਖੇਤੀ ਪ੍ਰਧਾਨ ਦੇਸ ਬਣਿਆ ਭਾਰਤ

ਬਰਤਾਨੀਆਂ ਦੇ ਸਦਨ ਨੇ 1813 ਵਿੱਚ ਥੌਮਸ ਮੁਨਰੋ ਤੋਂ ਪੁੱਛਿਆ, ਜਿਨ੍ਹਾਂ ਨੂੰ 1820 ਵਿੱਚ ਮਦਰਾਸ ਦਾ ਗਵਰਨਰ ਬਣਾਇਆ ਗਿਆ ਸੀ, ਕਿ ਉਦਯੋਗਿਕ ਕ੍ਰਾਂਤੀ ਦੇ ਬਾਵਜੂਦ ਬਰਤਾਨੀਆਂ ਵਿੱਚ ਬਣੇ ਕੱਪੜੇ ਭਾਰਤ ਵਿੱਚ ਕਿਉਂ ਨਹੀਂ ਵਿਕ ਰਹੇ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਭਾਰਤੀ ਕੱਪੜੇ ਕਿਤੇ ਵੱਧ ਗੁਣਵੰਤਾ ਵਾਲੇ ਹਨ।

ਪਰ, ਫ਼ਿਰ ਬਰਤਾਨੀਆ ਵਿੱਚ ਬਣੇ ਕੱਪੜਿਆ ਨੂੰ ਪਸੰਦੀਦਾ ਬਣਾਉਣ ਲਈ ਸਦੀਆਂ ਪੁਰਾਣੇ ਸਥਾਨਿਕ ਉਦਯੋਗਾਂ ਨੂੰ ਨਸ਼ਟ ਕੀਤਾ ਗਿਆ ਅਤੇ ਇਸ ਤਰ੍ਹਾਂ ਬਰਤਾਨੀਆਂ ਦਾ ਨਿਰਯਾਤ ਜੋ 1815 ਵਿੱਚ 25 ਲੱਖ ਪੌਂਡ ਸੀ ਉਹ 1822 ਵਿੱਚ ਵੱਧ ਕੇ 48ਲੱਖ ਪੌਂਡ ਹੋ ਗਿਆ।

ਢਾਕਾ ਜੋ ਕੱਪੜਾ ਉਤਪਾਦਨ ਦਾ ਮੁੱਖ ਕੇਂਦਰ ਸੀ, ਉਸਦੀ ਜਨਸੰਖਿਆ ਡੇਢ ਲੱਖ ਤੋਂ ਘੱਟ ਕੇ ਵੀਹ ਹਜ਼ਾਰ ਰਹਿ ਗਈ। ਗਵਰਨਰ ਜਨਰਲ ਵਿਲੀਅਮ ਬੈਂਟਿਕ ਨੇ ਆਪਣੀ 1934 ਦੀ ਰਿਪੋਰਟ ਵਿੱਚ ਲਿਖਿਆ ਹੈ ਕਿ ਅਰਥਸ਼ਾਸਤਰ ਦੇ ਇਤਿਹਾਸ ਵਿੱਚ ਅਜਿਹੀ ਨਾਜ਼ੁਕ ਸਥਿਤੀ ਦੀ ਕੋਈ ਹੋਰ ਉਦਾਹਰਣ ਨਹੀਂ ਮਿਲ ਸਕਦੀ।

ਭਾਰਤੀ ਬੁਣਕਰਾਂ ਦੀਆਂ ਹੱਡੀਆਂ ਨਾਲ ਭਾਰਤ ਦੀ ਧਰਤੀ ਸਫ਼ੇਦ ਹੋ ਗਈ।

ਕਿਸਾਨਾਂ ਦੀ ਆਮਦਨ ''ਤੇ 66ਫ਼ੀਸਦ ਕਰ ਲਾ ਦਿੱਤਾ ਗਿਆ ਜੋ ਮੁਗ਼ਲ ਰਾਜ ਵਿੱਚ 40ਫ਼ੀਸਦ ਸੀ। ਲੂਣ ਸਮੇਤ ਰੋਜ਼ਾਨਾ ਵਰਤੋਂ ਦੀਆਂ ਵਸਤਾਂ ''ਤੇ ਵੀ ਕਰ ਲਾ ਦਿੱਤਾ ਗਿਆ।

ਤੋਪ
BBC

ਇਸ ਨਾਲ ਲੂਣ ਦੀ ਖ਼ਪਤ ਅੱਧੀ ਹੋ ਗਈ। ਲੂਣ ਦੀ ਘੱਟ ਵਰਤੋਂ ਕਰਕੇ ਗ਼ਰੀਬਾਂ ਦੀ ਸਿਹਤ ''ਤੇ ਇਸਦਾ ਬੁਰਾ ਪ੍ਰਭਾਵ ਪਿਆ ਅਤੇ ਹੈਜ਼ਾ ਅਤੇ ਲੂ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਜ਼ਿਕਰਯੋਗ ਵਾਧਾ ਹੋਇਆ।

ਈਸਟ ਇੰਡੀਆ ਕੰਪਨੀ ਦੇ ਨਿਰਦੇਸ਼ਕ ਹੇਨਰੀ ਜਾਰਜ ਟਕਰ ਨੇ 1823 ਵਿੱਚ ਲਿਖਿਆ ਕਿ ਭਾਰਤ ਨੂੰ ਇੱਕ ਉਦਯੋਗਿਕ ਦੇਸ ਦੀ ਜਗ੍ਹਾ ਇੱਕ ਖੇਤੀ ਪ੍ਰਧਾਨ ਦੇਸ ਵਿੱਚ ਬਦਲ ਦਿੱਤਾ ਗਿਆ ਤਾਂ ਕਿ ਬਰਤਾਨੀਆਂ ਵਿੱਚ ਬਣਿਆ ਸਮਾਨ ਭਾਰਤ ਵਿੱਚ ਵੇਚਿਆ ਜਾ ਸਕੇ।

1833 ਵਿੱਚ, ਬਰਤਾਨਵੀ ਸੰਸਦ ਦੁਆਰਾ ਇੱਕ ਕਾਨੂੰਨ ਪਾਸ ਕਰਕੇ ਈਸਟ ਇੰਡੀਆ ਕੰਪਨੀ ਤੋਂ ਵਪਾਰ ਕਰਨ ਦੇ ਅਧਿਕਾਰ ਖੋਹ ਲਏ ਗਏ ਅਤੇ ਇਸ ਨੂੰ ਇੱਕ ਸਰਕਾਰੀ ਨਿਗਮ ਵਿੱਚ ਬਦਲ ਦਿੱਤਾ ਗਿਆ।

1874 ਵਿੱਚ ਭੰਗ ਹੋਈ ਈਸਟ ਇੰਡੀਆ ਕੰਪਨੀ

ਵਿਲੀਅਮ ਡੇਲਰਿਮਪਲ ਨੇ ਆਪਣੀ ਕਿਤਾਬ, ''ਦਾ ਅਨਾਰਕੀ, ਦਾ ਰਿਲੇਂਟਲੇਸ ਰਾਈਜ਼ ਆਫ਼ ਦਾ ਈਸਟ ਇੰਡੀਆ ਕੰਪਨੀ'' ਵਿੱਚ ਲਿਖਿਆ ਹੈ ਕਿ ਇਹ ਇਤਿਹਾਸ ਦੀ ਇੱਕ ਵੱਖਰੀ ਉਦਾਹਰਣ ਹੈ ਜਿਸ ਵਿੱਚ ਅਠਾਂਰਵੀਂ ਸਦੀ ਦੇ ਮੱਧ ਵਿੱਚ ਇੱਕ ਨਿੱਜੀ ਕੰਪਨੀ ਨੇ ਆਪਣੀ ਥਲ ਸੈਨਾ ਅਤੇ ਜਲ ਸੈਨਾ ਦੀ ਮਦਦ ਨਾਲ 20 ਕਰੋੜ ਆਬਾਦੀ ਵਾਲੇ ਦੇਸ ਨੂੰ ਗ਼ੁਲਾਮ ਬਣਾ ਦਿੱਤਾ ਸੀ।

ਕੰਪਨੀ ਨੇ ਸੜਕਾਂ ਬਣਵਾਈਆਂ, ਪੁਲ ਬਣਾਏ, ਸਰਾਂਵਾਂ ਦਾ ਨਿਰਮਾਣ ਕੀਤਾ, ਰੇਲ ਚਲਾਈ ਪਰ ਅਲੋਚਕਾਂ ਦਾ ਕਹਿਣਾ ਹੈ ਕਿ ਇੰਨਾਂ ਯੋਜਨਾਵਾਂ ਨੇ ਲੋਕਾਂ ਨੂੰ ਆਉਣ ਜਾਣ ਦੀਆਂ ਸੁਵਿਧਾਂਵਾਂ ਤਾਂ ਦਿੱਤੀਆਂ, ਪਰ ਇਸ ਦਾ ਅਸਲ ਉਦੇਸ਼ ਕਪਾਹ, ਰੇਸ਼ਮ, ਅਫ਼ੀਮ, ਚੀਨੀ ਅਤੇ ਮਸਾਲਿਆਂ ਦੇ ਵਪਾਰ ਨੂੰ ਵਧਾਉਣਾ ਸੀ।

ਸਾਲ1835 ਦੇ ਐਕਟ ਦੇ ਤਹਿਤ ਅੰਗਰੇਜ਼ੀ ਭਾਸ਼ਾ ਅਤੇ ਸਾਹਿਤ ਨੂੰ ਉਤਸ਼ਾਹਿਤ ਕਰਨ ਲਈ ਧਨ ਰਾਖਵਾਂ ਰੱਖਿਆ ਗਿਆ ਸੀ। 1857 ਦੇ ਸੁਤੰਤਰਤਾ ਸੰਗਰਾਮ (ਕੰਪਨੀ ਮੁਤਾਬਿਕ ਵਿਦਰੋਹ) ਦੌਰਾਨ, ਕੰਪਨੀ ਨੇ ਹਜ਼ਾਰਾਂ ਲੋਕਾਂ ਨੂੰ ਬਾਜ਼ਾਰਾਂ ਵਿੱਚ ਅਤੇ ਸੜਕਾਂ ''ਤੇ ਲਟਕਾਕੇ ਮਾਰ ਮੁਕਾਇਆ ਅਤੇ ਬਹੁਤ ਸਾਰੇ ਲੋਕਾਂ ਨੂੰ ਕੁਚਲ ਦਿੱਤਾ ਗਿਆ।

ਇਹ ਬਰਤਾਨਵੀਂ ਬਸਤੀਵਾਦ ਇਤਿਹਾਸ ਦਾ ਸਭ ਤੋਂ ਵੱਡਾ ਕਤਲੇਆਮ ਸੀ। ਸੁਤੰਤਰਤਾ ਸੰਗਰਾਮ ਦੇ ਅਗਲੇ ਸਾਲ ਇੱਕ ਨਵੰਬਰ ਨੂੰ ਬਰਤਾਨੀਆਂ ਦੀ ਮਹਾਂਰਾਣੀ ਵਿਕਟੋਰੀਆ ਨੇ ਕੰਪਨੀ ਦੇ ਅਧਿਕਾਰਾਂ ਨੂੰ ਖ਼ਤਮ ਕਰਕੇ ਸ਼ਾਸਨ ਦੀ ਵਾਗਡੋਰ ਸਿੱਧੀ ਤੌਰ ''ਤੇ ਆਪਣੇ ਹੱਥਾਂ ਵਿੱਚ ਲੈ ਲਈ।

ਕੰਪਨੀ ਦੀ ਸੈਨਾ ਨੂੰ ਬਰਤਾਨਵੀਂ ਸੈਨਾ ਵਿੱਚ ਸ਼ਾਮਿਲ ਕਰ ਦਿੱਤਾ ਗਇਆ ਅਤੇ ਕੰਪਨੀ ਦੀ ਜਲ ਸੈਨਾ ਨੂੰ ਭੰਗ ਕਰ ਦਿੱਤਾ ਗਿਆ। ਲੌਰਡ ਮੈਕਾਲੇ ਮੁਤਾਬਿਕ, ਕੰਪਨੀ ਸ਼ੁਰੂ ਤੋਂ ਹੀ ਵਪਾਰ ਦੇ ਨਾਲ ਨਾਲ ਸਿਆਸਤ ਵਿੱਚ ਹਿੱਸੇਦਾਰ ਸੀ, ਇਸੇ ਕਰਕੇ ਕੰਪਨੀ ਦੇ ਆਖ਼ਰੀ ਸਾਹ 1874 ਤੱਕ ਚੱਲਦੇ ਰਹੇ।

ਉਸੇ ਸਾਲ, ਬਰਤਾਨਵੀਂ ਅਖ਼ਬਾਰ ਦਾ ਟਾਈਮਜ਼ ਨੇ ਦੋ ਜਨਵਰੀ ਦੇ ਅੰਕ ਵਿੱਚ ਲਿਖਿਆ, "ਇਸ ਨੇ ਮਨੁੱਖੀ ਜਾਤੀ ਦੇ ਇਤਿਹਾਸ ਵਿੱਚ ਅਜਿਹਾ ਕੰਮ ਕੀਤਾ ਹੈ, ਜਿਸ ਤਰ੍ਹਾਂ ਦਾ ਕਿਸੇ ਹੋਰ ਕੰਪਨੀ ਨੇ ਨਹੀਂ ਕੀਤਾ ਅਤੇ ਆਉਣ ਵਾਲੇ ਸਾਲਾਂ ਵਿੱਚ ਕੋਈ ਅਜਿਹਾ ਕਰੇ ਇਸ ਦੀ ਸੰਭਾਵਨਾ ਵੀ ਨਹੀਂ ਹੈ।"

ਭਾਰਤ ਹੁਣ ਬਰਤਾਨੀਆਂ ਦੀ ਮਹਾਰਾਣੀ ਦੇ ਰਾਜ ਅਧੀਨ ਸੀ।

ਇਹ ਵੀ ਪੜ੍ਹੋ:

https://www.youtube.com/watch?v=RBIxQwxBvds

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''060b583b-9b53-4bcb-b114-601791612015'',''assetType'': ''STY'',''pageCounter'': ''punjabi.india.story.54951552.page'',''title'': ''ਈਸਟ ਇੰਡੀਆ ਕੰਪਨੀ: ਭਾਰਤ ਨੂੰ ਗੁਲਾਮ ਬਣਾਉਣ ਵਾਲੀ ਕੰਪਨੀ ਦਾ ਆਖ਼ਰ ਕੀ ਬਣਿਆ'',''author'': ''ਵੱਕਾਰ ਮੁਸਤਫ਼ਾ'',''published'': ''2020-11-16T07:05:33Z'',''updated'': ''2020-11-16T07:05:33Z''});s_bbcws(''track'',''pageView'');