ਲਾਂਘਾ ਸ਼ੁਰੂ ਹੋਣ ਦੇ ਇੱਕ ਸਾਲ ਬਾਅਦ ਸਥਾਨਕ ਲੋਕਾਂ ਦੀ ਜ਼ਿੰਦਗੀ ਕਿੰਨੀ ਬਦਲੀ
Monday, Nov 09, 2020 - 07:55 AM (IST)


9 ਨਵੰਬਰ 2019 ਨੂੰ ਭਾਰਤ ਅਤੇ ਪਾਕਿਸਤਾਨ ਨੇ ਇਤਿਹਾਸਕ ਕਦਮ ਚੁੱਕਦਿਆਂ ਪਾਕਿਸਤਾਨ ਵਿਚਲੇ ਇਤਿਹਾਸਕ ਗੁਰਦੁਆਰਾ ਸਾਹਿਬ ਲਈ ਕਰਤਾਰਪੁਰ ਲਾਂਘੇ ਨੂੰ ਖੋਲਿਆ ਸੀ।
ਇਸ ਕੋਰੀਡੋਰ ਦਾ ਉਦਘਾਟਨ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵੱਲੋਂ ਕੀਤਾ ਗਿਆ ਸੀ। ਲਾਂਘੇ ਦੇ ਐਲਾਨ ਤੋਂ ਬਾਅਦ ਇੱਕਦਮ ਭਾਰਤੀ ਪੰਜਾਬ ਦੇ ਕਸਬੇ ਡੇਰਾ ਬਾਬਾ ਨਾਨਕ ਦਾ ਨਾਮ ਵੀ ਕੌਮਾਂਤਰੀ ਪੱਧਰ ਉੱਤੇ ਚਰਚਾ ਵਿਚ ਆ ਗਿਆ।
ਇਸ ਕਸਬੇ ਤੋਂ ਭਾਰਤ -ਪਾਕਿਸਤਾਨ ਕੌਮਾਂਤਰੀ ਸਰਹੱਦ ਮਹਿਜ਼ ਇੱਕ ਕਿਲੋਮੀਟਰ ਦੀ ਦੂਰੀ ਉੱਤੇ ਹੈ। ਸਰਹੱਦੀ ਇਲਾਕਾ ਹੋਣ ਕਾਰਨ ਇੱਥੇ ਵਿਕਾਸ ਅਤੇ ਸਹੂਲਤਾਂ ਪਹਿਲਾਂ ਨਾਂ ਮਾਤਰ ਦੀਆਂ ਸਨ ਪਰ ਲਾਂਘੇ ਦੇ ਐਲਾਨ ਦੇ ਨਾਲ ਹੀ ਇੱਥੇ ਵਿਕਾਸ ਅਤੇ ਨਿਵੇਸ਼ ਦੀ ਵੱਡੀਆਂ ਸੰਭਾਵਨਾਵਾਂ ਪੈਦਾ ਹੋਣ ਦੀਆਂ ਉਮੀਦਾਂ ਪੈਦਾ ਹੋ ਗਈਆਂ।
ਲਾਂਘਾ ਖੁੱਲ੍ਹਿਆ ਅਤੇ ਸ਼ਰਧਾਲੂਆਂ ਦਾ ਇਸ ਵਿਚ ਕਾਫ਼ੀ ਉਤਸ਼ਾਹ ਵੀ ਦੇਖਣ ਨੂੰ ਮਿਲਿਆ ਪਰ ਕੋਰੋਨਾ ਵਾਇਰਸ ਦੇ ਕਾਰਨ ਇਹ ਇਸ ਸਾਲ 16 ਮਾਰਚ 2020 ਨੂੰ ਭਾਰਤ ਸਰਕਾਰ ਵੱਲੋਂ ਅਸਥਾਈ ਤੌਰ ਉੱਤੇ ਬੰਦ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ:
- ਇਮੀਗ੍ਰੇਸ਼ਨ ਸਣੇ ਉਹ 8 ਮੁੱਦੇ ਜਿਨ੍ਹਾਂ ਨੂੰ ਲੈ ਕੇ ਬਾਇਡਨ ਮੈਦਾਨ ''ਚ ਉਤਰੇ ਅਤੇ ਜਿੱਤੇ
- ਉਹ ਕਾਰਨ ਜਿਨ੍ਹਾਂ ਕਰਕੇ ਡੌਨਲਡ ਟਰੰਪ ਰਾਸ਼ਟਰਪਤੀ ਚੋਣਾਂ ਹਾਰੇ
- ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤਣ ਵਾਲੇ ਜੋਅ ਬਾਇਡਨ ਕੌਣ ਹਨ
ਕੋਰੀਡੋਰ ਲਈ ਜ਼ਮੀਨ ਦੇਣ ਵਾਲੇ ਕਿਸਾਨਾਂ ਨੂੰ ਕੀ ਹਾਸਲ ਹੋਇਆ ?
ਕੋਰੀਡੋਰ ਦੇ ਉਦਘਾਟਨ ਤੋਂ ਬਾਅਦ ਡੇਰਾ ਬਾਬਾ ਨਾਨਕ ਅਤੇ ਆਸਪਾਸ ਦੇ ਪਿੰਡਾਂ ਦੀ ਤਸਵੀਰ ਕਿੰਨੀ ਬਦਲੀ ਇਸ ਦਾ ਪਤਾ ਲਗਾਉਣ ਲਈ ਬੀਬੀਸੀ ਪੰਜਾਬੀ ਦੀ ਟੀਮ ਨੇ ਇਲਾਕੇ ਦਾ ਦੌਰਾ ਕੀਤਾ। ਇੱਥੇ ਸਾਡੀ ਸਭ ਤੋਂ ਪਹਿਲਾਂ ਮੁਲਾਕਾਤ ਪਿੰਡ ਪੱਖੋਕੇ ਟਾਹਲੀ ਸਾਹਿਬ ਦੇ ਗੁਰਨਾਮ ਸਿੰਘ ਨਾਲ ਹੋਈ। ਗੁਰਨਾਮ ਸਿੰਘ ਦੀ ਤਿੰਨ ਏਕੜ ਜ਼ਮੀਨ ਇਸ ਕੋਰੀਡੋਰ ਲਈ ਐਕਵਾਇਰ ਕੀਤੀ ਗਈ ਹੈ।
ਗੁਰਨਾਮ ਸਿੰਘ ਨੇ ਦੱਸਿਆ ਕਿ ਜੋ ਸੋਚਿਆ ਸੀ ਉਹ ਨਹੀਂ ਹੋਇਆ। ਸ਼ੁਰੂ ਵਿੱਚ ਕਾਫ਼ੀ ਉਮੀਦਾਂ ਸਨ ਕਿ ਇੱਥੇ ਸ਼ਰਧਾਲੂ ਭਾਰੀ ਗਿਣਤੀ ਵਿਚ ਆਉਣਗੇ, ਇਲਾਕੇ ਦੇ ਵਿਕਾਸ ਦੇ ਨਾਲ ਨਿਵੇਸ਼ ਹੋਵੇਗਾ ਅਤੇ ਉਨ੍ਹਾਂ ਦੀਆਂ ਜ਼ਮੀਨਾਂ ਦਾ ਮੁੱਲ ਪਏਗਾ ਅਤੇ ਸ਼ੁਰੂ ਵਿਚ ਅਜਿਹਾ ਹੋਇਆ ਵੀ। ਹਾਲਾਂਕਿ ਸਰਕਾਰ ਵੱਲੋਂ ਵੀ ਐਕਵਾਇਰ ਕੀਤੀ ਗਈ ਜ਼ਮੀਨ ਦਾ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਗਿਆ ਹੈ।

ਗੁਰਨਾਮ ਸਿੰਘ ਨੇ ਦੱਸਿਆ ਕਿ ਜ਼ਮੀਨ ਇਸ ਕਰ ਕੇ ਦਿੱਤੀ ਕਿ ਇੱਕ ਤਾਂ ਬਾਬਾ ਨਾਨਕ ਦੇ ਦਰਸ਼ਨਾਂ ਲਈ ਲਾਂਘਾ ਖੁੱਲ ਰਿਹਾ ਹੈ ਅਤੇ ਦੂਜਾ ਸੰਗਤ ਦੇ ਆਉਣ ਨਾਲ ਉਨ੍ਹਾਂ ਨੂੰ ਕਾਰੋਬਾਰ ਕਰਨ ਦਾ ਮੌਕਾ ਮਿਲੇਗਾ।
ਲਾਂਘਾ ਖੁੱਲ੍ਹਿਆ ਅਤੇ ਫਿਰ ਥੋੜ੍ਹੀ ਦੇਰ ਬਾਅਦ ਬੰਦ ਹੋ ਗਿਆ ਅਤੇ ਇਸ ਦੇ ਨਾਲ ਹੀ ਤਰੱਕੀ ਦੇ ਰਸਤੇ ਵੀ ਬੰਦ ਹੋ ਗਏ, ਪਹਿਲਾਂ ਕਾਰੋਬਾਰੀ ਸਾਡੀਆਂ ਜ਼ਮੀਨਾਂ ਲੀਜ਼ ਉੱਤੇ ਲੈਣ ਲਈ ਮੋਟੀਆਂ ਰਕਮਾਂ ਦੇਣ ਲਈ ਤਿਆਰ ਸਨ ਪਰ ਹੁਣ ਕੋਈ ਨਹੀਂ ਆਉਂਦਾ।
ਅਸਲ ਵਿਚ ਡੇਰਾ ਬਾਬਾ ਨਾਨਕ ਅਤੇ ਆਸਪਾਸ ਦੇ ਇਲਾਕਿਆਂ ਵਿਚ ਕਿਸਾਨ ਜ਼ਿਆਦਾਤਰ ਗੋਭੀ ਦੀ ਖੇਤੀ ਕਰਦੇ ਹਨ ਜਿਸ ਤੋਂ ਉਨ੍ਹਾਂ ਨੂੰ ਕਣਕ ਝੋਨੇ ਦੇ ਮੁਕਾਬਲੇ ਕਾਫ਼ੀ ਕਮਾਈ ਹੁੰਦੀ ਹੈ ਜਿੰਨਾ ਕਿਸਾਨਾਂ ਦੀ ਜ਼ਮੀਨ ਐਕਵਾਇਰ ਕੀਤੀ ਗਈ ਹੈ ਉਹ ਵੀ ਜ਼ਿਆਦਾਤਰ ਸਬਜ਼ੀਆਂ ਦੀ ਕਾਸ਼ਤ ਕਰਦੇ ਸਨ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਗੁਰਨਾਮ ਸਿੰਘ ਨੇ ਦੱਸਿਆ ਕਿ ਬੇਸ਼ੱਕ ਸਰਕਾਰ ਨੇ ਜ਼ਮੀਨ ਦੇ ਬਦਲੇ ਪੈਸਾ ਦਿੱਤੇ ਹਨ ਪਰ ਅੱਗੇ ਉਨ੍ਹਾਂ ਨੂੰ ਕਣਕ ਝੋਨੇ ਵਾਲੀ ਜ਼ਮੀਨ ਮਿਲ ਰਹੀ ਜੋ ਉਨ੍ਹਾਂ ਲਈ ਆਰਥਿਕ ਤੌਰ ਉੱਤੇ ਘਾਟਾ ਹੈ ਇਸ ਕਰ ਕੇ ਕਈ ਕਿਸਾਨ ਅਜੇ ਤੱਕ ਜ਼ਮੀਨ ਨਹੀਂ ਖ਼ਰੀਦ ਪਏ ਅਤੇ ਪੈਸਾ ਹੋਲੀ ਹੋਲੀ ਘਰੇਲੂ ਖ਼ਰਚਿਆ ਵਿਚ ਖ਼ਰਚ ਹੋ ਰਿਹਾ ਹੈ।
ਇਸੀ ਪਿੰਡ ਦੇ ਇੱਕ ਹੋਰ ਕਿਸਾਨ ਜਗਜੀਤ ਸਿੰਘ ਨੇ ਨਾਲ ਵੀ ਸਾਡੀ ਮੁਲਾਕਾਤ ਹੋਈ। ਜਗਜੀਤ ਸਿੰਘ ਦੀ ਦੋ ਏਕੜ ਜ਼ਮੀਨ ਐਕਵਾਇਰ ਹੋਈ ਅਤੇ ਹੁਣ ਉਸ ਕੋਲ ਦੋ ਏਕੜ ਬਚੀ ਹੈ।

ਜਗਜੀਤ ਸਿੰਘ ਨੇ ਦੱਸਿਆ ਕਿ ਉਹ ਬਾਕੀ ਬਚੀ ਜ਼ਮੀਨ ਵਿਚ ਪਾਰਕਿੰਗ ਬਣਾਉਣਾ ਚਾਹੁੰਦਾ ਸੀ ਤਾਂ ਜੋ ਖੇਤੀ ਖੇਤੀ ਦੇ ਨਾਲ ਨਾਲ ਉਸ ਨੂੰ ਵਾਧੂ ਆਮਦਨ ਹੋ ਸਕੇ। ਹਾਲਾਂਕਿ ਕੋਰੀਡੋਰ ਬੰਦ ਹੋਣ ਕਾਰਨ ਅਜਿਹਾ ਹੋਇਆ ਨਹੀਂ ਸਕਿਆ।
ਜਗਜੀਤ ਸਿੰਘ ਦੀ ਜ਼ਮੀਨ ਦੇ ਬਿਲਕੁਲ ਸਾਹਮਣੇ ਹਾਈਵੇ ਬਣਾਇਆ ਗਿਆ ਹੈ ਜਿਸ ਕਾਰਨ ਉਸ ਦੀ ਜ਼ਮੀਨ ਨੀਵੀਂ ਹੋ ਗਈ ਅਤੇ ਸੜਕ ਉੱਚੀ। ਇਸ ਬਾਰੇ ਜਗਜੀਤ ਸਿੰਘ ਦੱਸਦੇ ਹਨ ਕਿ ਇਸ ਨਾਲ ਵੀ ਉਨ੍ਹਾਂ ਦਾ ਨੁਕਸਾਨ ਹੋਇਆ ਹੈ ਕਿਉਂਕਿ ਜ਼ਮੀਨ ਵਿੱਚੋਂ ਪਾਣੀ ਦੀ ਨਿਕਾਸੀ ਬੰਦ ਹੋ ਗਈ।
ਡੇਰਾ ਬਾਬਾ ਨਾਨਕ ਦੇ ਦੁਕਾਨਦਾਰ ਵੀ ਕੋਰੀਡੋਰ ਤੋਂ ਨਾਖ਼ੁਸ਼ ਹਨ। ਉਨ੍ਹਾਂ ਮੁਤਾਬਕ ਕੋਰੀਡੋਰ ਡੇਰਾ ਬਾਬਾ ਨਾਨਕ ਤੋਂ ਬਾਹਰ ਬਾਹਰ ਬਣਾਇਆ ਗਿਆ ਹੈ ਜਿਸ ਦਾ ਸਥਾਨਕ ਕਾਰੋਬਾਰੀਆਂ ਨੂੰ ਕੋਈ ਫ਼ਾਇਦਾ ਨਹੀਂ ਹੋਇਆ।

ਸਥਾਨਕ ਦੁਕਾਨਦਾਰਾਂ ਮੁਤਾਬਕ ਜੋ ਵੀ ਸ਼ਰਧਾਲੂ ਅੰਮ੍ਰਿਤਸਰ ਜਾਂ ਫਿਰ ਜਲੰਧਰ ਤੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਏ ਉਹ ਹਾਈਵੇ ਰਾਹੀਂ ਸਿੱਧੇ ਕੋਰੀਡੋਰ ਉੱਤੇ ਪਹੁੰਚੇ ਅਤੇ ਫਿਰ ਉਸੀ ਰਸਤੇ ਤੋਂ ਵਾਪਸ ਚਲੇ ਜਾਂਦੇ ਹਨ, ਇਸ ਕਰ ਕੇ ਉਨ੍ਹਾਂ ਨੂੰ ਕਾਰੋਬਾਰ ਦੇ ਹਿਸਾਬ ਨਾਲ ਕੋਈ ਫ਼ਾਇਦਾ ਫ਼ਿਲਹਾਲ ਨਹੀਂ ਹੋਇਆ।
ਨਿਵੇਸ਼ ਦਾ ਮੁੱਲ ਨਾ ਮੁੜਿਆ
ਅਜਿਹੀ ਹੀ ਕਹਾਣੀ ਦਵਿੰਦਰ ਸਿੰਘ ਬੇਦੀ ਦੀ ਹੈ। ਦਵਿੰਦਰ ਨੇ ਕਾਫ਼ੀ ਸਮੇਂ ਤੋਂ ਡੇਰਾ ਬਾਬਾ ਨਾਨਕ ਵਿਖੇ ਛੋਟਾ ਢਾਬਾ ਚਲਾ ਰਿਹਾ ਸੀ, ਕੋਰੀਡੋਰ ਦੇ ਐਲਾਨ ਤੋਂ ਬਾਅਦ ਉਸ ਨੇ ਕਾਫ਼ੀ ਪੈਸਾ ਖ਼ਰਚ ਕਰ ਕੇ ਢਾਬੇ ਨੂੰ ਵੱਡਾ ਕੀਤਾ ਅਤੇ ਨਾਲ ਹੀ ਚਾਰ ਕਮਰਿਆਂ ਦਾ ਹੋਟਲ "ਕੋਰੀਡੋਰ" ਸ਼ੁਰੂ ਕਰ ਦਿੱਤਾ। ਦਵਿੰਦਰ ਮੁਤਾਬਕ ਸ਼ੁਰੂ ਵਿਚ ਕੰਮ ਠੀਕ ਵੀ ਚੱਲਿਆ ਸੋਚਿਆ ਸੀ ਕਿ ਲਾਗਤ ਛੇਤੀ ਹੀ ਪੂਰੀ ਹੋ ਜਾਵੇਗੀ।

ਮਾਰਚ 2020 ਵਿੱਚ ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਕਾਰਨ ਕੋਰੀਡੋਰ ਦੇ ਬੰਦ ਹੋਣ ਨਾਲ ਸਭ ਕੁਝ ਠੱਪ ਹੋ ਗਿਆ। ਦਵਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਹੁਣ ਇੱਕ ਦੁੱਕਾ ਗਾਹਕ ਹੀ ਆਉਂਦੇ ਹਨ ਖਰਚਾ ਪੂਰਾ ਕਰਨਾ ਵੀ ਔਖਾ ਹੋਇਆ ਪਿਆ ਹੈ।
ਦਵਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਕੋਰੀਡੋਰ ਦੇ ਐਲਾਨ ਦੇ ਨਾਲ ਪੂਰੇ ਇਲਾਕੇ ਵਿਚ ਜ਼ਮੀਨਾਂ ਦੇ ਰੇਟ ਵਿਚ ਕਾਫ਼ੀ ਵੱਧ ਗਏ ਸਨ। ਕਈ ਹੋਟਲ ਅਤੇ ਢਾਬੇ ਖੌਲਣ ਦੀ ਇੱਥੇ ਕਾਰੋਬਾਰੀਆਂ ਦੀ ਯੋਜਨਾ ਸੀ, ਪਰ ਹੁਣ ਅਜਿਹਾ ਨਹੀਂ ਹੈ। ਕਰਤਾਰਪੁਰ ਕੋਰੀਡੋਰ ਲਈ ਚਾਰ ਪਿੰਡਾਂ ( ਪੱਖੋਕੇ, ਡੇਰਾ ਬਾਬਾ ਨਾਨਕ, ਜੋੜੀਆਂ ਖ਼ੁਰਦ ਅਤੇ ਚੰਦੂ ਨੰਗਲ) ਦੀ ਸੋ ਏਕੜ ਦੇ ਕਰੀਬ ਜ਼ਮੀਨ ਐਕਵਾਇਰ ਕੀਤੀ ਗਈ ਸੀ।

- ਕੋਰੋਨਾਵਾਇਰਸ ਦੇ ਲੱਛਣ: ਇਹ ਕੀ ਹਨ ਤੇ ਮੈਂ ਕਿਵੇਂ ਬਚ ਸਕਦਾ ਹਾਂ?
- ਕੋਰੋਨਾਵਾਇਰਸ : ਕੀ ਕੋਵਿਡ-19 ਦੁਬਾਰਾ ਤੁਹਾਨੂੰ ਬਿਮਾਰ ਕਰ ਸਕਦਾ ਹੈ
- ਕੋਰੋਨਾਵਾਇਰਸ ਵੈਕਸੀਨ: ਕਦੋਂ ਤੱਕ ਮਿਲ ਸਕੇਗੀ ਅਤੇ ਕਿਸ ਨੂੰ ਸਭ ਤੋਂ ਪਹਿਲਾਂ ਮਿਲੇਗੀ
- ਕੋਰੋਨਾਵਾਇਰਸ ਮਹਾਮਾਰੀ: ਕੀ ਰੋਗੀ ਮੌਤ ਤੋਂ ਬਾਅਦ ਵੀ ਕੋਰੋਨਾ ਫ਼ੈਲਾ ਸਕਦਾ ਹੈ
ਪ੍ਰਸ਼ਾਸਨ ਦਾ ਪੱਖ
ਕੋਰੀਡੋਰ ਦੇ ਐਲਾਨ ਤੋਂ ਬਾਅਦ ਤੋਂ ਬਾਅਦ ਡੇਰਾ ਬਾਬਾ ਨਾਨਕ ਅਤੇ ਇਸ ਪਾਸ ਦੇ ਇਲਾਕਿਆਂ ਵਿੱਚ ਵਿਕਾਸ ਅਤੇ ਨਿਵੇਸ਼ ਲਈ ਪੰਜਾਬ ਸਰਕਾਰ ਨੇ ਡੇਰਾ ਬਾਬਾ ਨਾਨਕ ਡਿਵੈਲਪਮੈਂਟ ਅਥਾਰਿਟੀ ਦਾ ਗਠਨ ਕੀਤਾ ਸੀ।
ਜਿਸ ਦਾ ਮੁੱਖ ਕੰਮ ਇੱਥੇ ਦੇ 13 ਪਿੰਡਾਂ ਦੀ ਜ਼ਮੀਨ ਐਕਵਾਇਰ ਕਰ ਕੇ ਉੱਥੇ ਵਿਕਾਸ ਅਤੇ ਨਿਵੇਸ਼ ਦੇ ਮੌਕੇ ਪ੍ਰਦਾਨ ਕਰਨੇ ਸੀ। ਇਸ ਲਈ 13 ਪਿੰਡਾਂ ਦੀ 2256 ਹੈਕਟੇਅਰ ਜ਼ਮੀਨ ਇਸਤੇਮਾਲ ਕੀਤੀ ਜਾਣੀ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰਾ ਬਾਬਾ ਨਾਨਕ ਦੇ ਐੱਸ ਡੀ ਐਮ ਅਰਸ਼ਦੀਪ ਸਿੰਘ ਲੁਬਾਣਾ ਨੇ ਦੱਸਿਆ ਕਿ ਸਰਕਾਰ ਵੱਲੋਂ 25 ਕਰੋੜ ਰੁਪਏ ਵਿਕਾਸ ਲਈ ਪਾਸ ਕੀਤੇ ਗਏ ਸਨ ਜਿਸ ਵਿੱਚੋਂ ਕਰੀਬ ਪੰਜ ਕਰੋੜ ਰੁਪਏ ਦੀ ਰਾਸ਼ੀ ਜਾਰੀ ਵੀ ਕਰ ਦਿੱਤੀ ਗਈ ਸੀ।
ਉਨ੍ਹਾਂ ਦੱਸਿਆ ਕਿ ਵੱਖ ਵੱਖ ਵਿਕਾਸ ਕਾਰਜਾਂ ਉੱਤੇ ਕੰਮ ਚੱਲ ਵੀ ਰਿਹਾ ਸੀ ਪਰ ਕੋਰੋਨਾ ਕਾਰਨ ਸਭ ਬੰਦ ਕਰਨਾ ਪਿਆ ਅਤੇ ਹੋਲੀ ਹੋਲੀ ਹੁਣ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਨਿਆ ਕਿ ਕੋਰੋਨਾ ਵਾਇਰਸ ਕਾਰਨ ਬੰਦ ਹੋਏ ਕੋਰੀਡੋਰ ਦਾ ਅਸਰ ਇੱਥੇ ਹੋਣ ਵਾਲੇ ਨਿਵੇਸ਼ ਉੱਤੇ ਪਿਆ ਹੈ।

ਕਿੱਥੇ ਹੈ ਕਰਤਾਰਪੁਰ
ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਵਿੱਚ ਸਥਿਤ ਹੈ, ਜਿਹੜਾ ਕਿ ਭਾਰਤ ਦੀ ਸਰਹੱਦ ਤੋਂ ਚਾਰ ਕਿੱਲੋਮੀਟਰ ਦੂਰ ਹੈ। ਇਹ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਹੈ, ਜਿਹੜਾ ਕਿ ਲਾਹੌਰ ਤੋਂ 130 ਕਿੱਲੋਮੀਟਰ ਦੂਰ ਹੈ, ਸਿਰਫ਼ ਤਿੰਨ ਘੰਟੇ ਦੀ ਦੂਰੀ ''ਤੇ।
ਪਾਕਿਸਤਾਨ ਅਤੇ ਭਾਰਤ ਵਿਚਾਲੇ ਤਣਾਅ ਨੇ ਇਸ ਸਫ਼ਰ ਨੂੰ ਬੇਹੱਦ ਲੰਬਾ ਬਣਾ ਦਿੱਤਾ ਸੀ। 9 ਨਵੰਬਰ 2019 ਤੱਕ ਕਰਤਾਰਪੁਰ ਸਾਹਿਬ ਦੇ ਦਰਸ਼ਨ ਸ਼ਰਧਾਲੂ ਡੇਰਾ ਬਾਬਾ ਨਾਨਕ ਵਿਖੇ ਭਾਰਤ ਵਾਲੇ ਪਾਸੇ ਤੋਂ ਦੂਰਬੀਨ ਰਾਹੀਂ ਕਰਦੇ ਹਨ ਪਰ ਇਸ ਕੋਰੀਡੋਰ ਦੇ ਬਣਨ ਨਾਲ ਭਾਰਤੀ ਸ਼ਰਧਾਲੂ ਕਰਤਾਰਪੁਰ ਸਾਹਿਬ ਦੇ ਸਿੱਧੇ ਰੂਪ ਵਿਚ ਕਰਨ ਲੱਗੇ।
ਇਹ ਵੀ ਪੜ੍ਹੋ:
- ਦਾੜ੍ਹੀ ਰੱਖਣ ਪਿੱਛੇ ਇੱਕ ਮੁਸਲਮਾਨ ਸਬ-ਇੰਸਪੈਕਟਰ ਨੂੰ ਸਸਪੈਂਡ ਕਰਨ ਦਾ ਇਹ ਹੈ ਪੂਰਾ ਮਾਮਲਾ
- ਜਦੋਂ ਬ੍ਰਿਟਿਸ਼ ਰਾਜ ''ਚ ਔਰਤਾਂ ਨੂੰ ਜਣਨ ਅੰਗਾਂ ਦੇ ਟੈਸਟ ਕਰਵਾਉਣੇ ਪੈਂਦੇ ਸਨ
- ਰਵਾਇਤਾਂ ਦੇ ਨਾਂ ’ਤੇ ਜਿਨਸੀ ਸੋਸ਼ਣ : ਕੀ ਔਰਤ ਦਾ ਸਰੀਰ ਹਮੇਸ਼ਾ ਸੈਕਸ ਲਈ ਤਿਆਰ ਰਹਿੰਦਾ ਹੈ
ਇਹ ਵੀਡੀਓ ਵੀ ਦੇਖੋ:
https://www.youtube.com/watch?v=WdXGrJOfBDI
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''df176462-bd27-4b5e-97a4-19906bf647c5'',''assetType'': ''STY'',''pageCounter'': ''punjabi.india.story.54865525.page'',''title'': ''ਲਾਂਘਾ ਸ਼ੁਰੂ ਹੋਣ ਦੇ ਇੱਕ ਸਾਲ ਬਾਅਦ ਸਥਾਨਕ ਲੋਕਾਂ ਦੀ ਜ਼ਿੰਦਗੀ ਕਿੰਨੀ ਬਦਲੀ'',''published'': ''2020-11-09T02:16:12Z'',''updated'': ''2020-11-09T02:16:12Z''});s_bbcws(''track'',''pageView'');