ਭਾਰਤ ''''ਚ ਕਮਿਊਨਿਸਟ ਲਹਿਰ ਦੇ 100 ਸਾਲਾਂ ਦੇ ਸਫ਼ਰ ਦੇ ਪੰਜ ਅਹਿਮ ਪੜਾਅ ਜਿਨ੍ਹਾਂ ਨੇ ਬਦਲਿਆ ਇਤਿਹਾਸ

10/27/2020 8:10:22 AM

ਅੱਜ ਸਿਰਫ ਭਾਰਤ ''ਚ ਹੀ ਨਹੀਂ ਬਲਕਿ ਯੂਰਪ ਜਾਂ ਫਿਰ ਕਿਸੇ ਵੀ ਹੋਰ ਮਹਾਂਦੀਪ ''ਚ ਕਮਿਊਨਿਸਟ ਲਹਿਰ ਵਧੇਰੇ ਮਜ਼ਬੂਤ ਨਹੀਂ ਰਹੀ ਹੈ। ਪਰ ਫਿਰ ਵੀ ਉਤਰਾਅ ਚੜਾਅ ''ਚ ਇਸ ਵਿਚਾਰਧਾਰਾ ਦੀ ਰਾਜਨੀਤੀ ਨੇ ਭਾਰਤ ''ਚ ਆਪਣੇ 100 ਸਾਲ ਮੁਕੰਮਲ ਕੀਤੇ ਹਨ।

ਇਸ ਪੂਰੇ ਸਫ਼ਰ ਦੇ ਹੁਣ ਤੱਕ ਦੇ ਅਹਿਮ ਪੰਜ ਪੜਾਵਾਂ ਅਤੇ ਉਨ੍ਹਾਂ ਦੀ ਭਾਰਤੀ ਰਾਜਨੀਤੀ ''ਚ ਕੀ ਮਹੱਤਤਾ ਰਹੀ ਹੈ, ਇਸ ''ਤੇ ਪੇਸ਼ ਹੈ ਬੀਬੀਸੀ ਦੀ ਇੱਕ ਨਜ਼ਰ-

ਇਹ ਵੀ ਪੜ੍ਹੋ:

ਪੜਾਅ 1. ਭਾਰਤੀ ਕਮਿਊਨਿਸਟ ਪਾਰਟੀ ਦੀ ਤਾਸ਼ਕੰਦ ''ਚ ਸਥਾਪਨਾ ਅਤੇ ਕਾਂਗਰਸ ਨਾਲ ਸਬੰਧ

ਭਾਰਤੀ ਕਮਿਊਨਿਸਟ ਪਾਰਟੀ ਦੀ ਸਥਾਪਨਾ 17 ਅਕਤੂਬਰ, 1920 ਨੂੰ ਤਾਸ਼ਕੰਦ ''ਚ ਹੋਈ ਸੀ। ਉਸ ਸਮੇਂ ਤਾਸ਼ਕੰਦ ਸੋਵੀਅਤ ਸੰਘ ਦਾ ਇੱਕ ਹਿੱਸਾ ਸੀ ਅਤੇ ਮੌਜੂਦਾ ਸਮੇਂ ਇਹ ਉਜ਼ਬੇਕਿਸਤਾਨ ਦਾ ਹਿੱਸਾ ਹੈ।

ਕਮਿਊਨਿਸਟ ਪਾਰਟੀ ਦੀ ਸਥਾਪਨਾ ਸੋਵੀਅਤ ਸੰਘ ''ਚ ਬੋਲਸ਼ੇਵਿਕ ਇਨਕਲਾਬ ਦੀ ਸਫਲਤਾ ਅਤੇ ਵਿਸ਼ਵ ਭਰ ਦੇ ਦੇਸ਼ਾਂ ਵਿਚਾਲੇ ਆਪਸੀ ਰਾਜਨੀਤਿਕ ਅਤੇ ਆਰਥਿਕ ਸਬੰਧ ਕਾਇਮ ਕਰਨ ਦੀ ਹੋੜ ਵਾਲੇ ਸਮੇਂ ''ਚ ਹੋਈ ਸੀ। ਪਾਰਟੀ ਦੀ ਸਥਾਪਾਨ ''ਚ ਮਾਨਵਿੰਦਰ ਨਾਥ ਰਾਏ ਨੇ ਅਹਿਮ ਭੂਮਿਕਾ ਨਿਭਾਈ ਸੀ।

ਐਮਐਨ ਰਾਏ ਅਤੇ ਉਨਾਂ ਦੀ ਭਾਈਵਾਲ ਇਵਲਿਨ ਟ੍ਰੇਂਟ ਰਾਏ, ਅਬਾਨੀ ਮੁਖਰਜੀ, ਰੋਜਾ ਫਿਟਿੰਗਾਫ, ਮੁਹੰਮਦ ਅਲੀ, ਮੁਹੰਮਦ ਸ਼ਫ਼ੀਕ, ਐਮਪੀਬੀਟੀ ਆਚਾਰਿਆ ਨੇ ਸੋਵੀਅਤ ਸੰਘ ਦੇ ਤਾਸ਼ਕੰਦ ''ਚ ਭਾਰਤੀ ਕਮਿਊਨਿਸਟ ਪਾਰਟੀ ਦੇ ਗਠਨ ਦਾ ਐਲਾਨ ਕੀਤਾ ਸੀ।

ਇਸ ''ਚ ਐਮਐਨ ਰਾਏ ਅਮਰੀਕੀ ਕਮਿਊਨਿਸਟ ਪਾਰਟੀ ਨਾਲ ਸਬੰਧ ਰੱਖਦੇ ਸਨ ਜਦਕਿ ਅਬਾਨੀ ਮੁਖਰਜੀ ਦੀ ਭਾਈਵਾਲ ਰੋਜਾ ਫਿਟਿੰਗਾਫ ਰੂਸੀ ਕਮਿਊਨਿਸਟ ਸੀ।

ਮੁਹੰਮਦ ਅਲੀ ਅਤੇ ਮੁਹੰਮਦ ਸ਼ਫ਼ੀਕ ਤੁਰਕੀ ''ਚ ਖ਼ਿਲਾਫਤ ਸ਼ਾਸਨ ਨੂੰ ਲਾਹੂ ਕਰਨ ਲਈ ਭਾਰਤ ''ਚ ਚੱਲ ਰਹੇ ਖ਼ਿਲਾਫਤ ਅੰਦੋਲਨ ਦੇ ਪੱਖ ''ਚ ਸਮਰਥਨ ਜੁਟਾਉਣ ਲਈ ਰੂਸ ''ਚ ਕੰਮ ਕਰ ਰਹੇ ਸਨ।

ਇਹ ਉਹ ਸਮਾਂ ਸੀ ਜਦੋਂ ਗਾਂਧੀ ਜੀ ਨੇ ਵੀ ਖ਼ਿਲਾਫਤ ਅੰਦੋਲਨ ਦਾ ਸਮਰਥਨ ਕੀਤਾ ਸੀ। ਉਸ ਸਮੇਂ ਖ਼ਿਲਾਫਤ ਲਹਿਰ ਦੇ ਕਈ ਕਾਰਕੁੰਨਾ ਨੇ ਭਾਰਤ ਦਾ ਦੌਰਾ ਕੀਤਾ ਸੀ। ਕਈ ਤਾਂ ਪੈਦਲ ਹੀ ਸਿਲਕ ਰੂਟ ਰਾਹੀਂ ਭਾਰਤ ਪਹੁੰਚ ਰਹੇ ਸਨ।

ਇਹ ਲੋਕ ਤੁਰਕੀ ''ਚ ਬ੍ਰਿਟਿਸ਼ ਕਲੋਨੀ ਦਾ ਵਿਰੋਧ ਕਰ ਰਹੇ ਸਨ। ਇਹ ਦੌਰ ਇੱਕ ਤਰ੍ਹਾਂ ਨਾਲ ਆਲਮੀ ਦੌਰ ਸੀ, ਕਿਉਂਕਿ ਬ੍ਰਿਟੇਨ ਦੀ ਕਮਿਊਨਿਸਟ ਪਾਰਟੀ ਨੇ ਆਪਣੀ ਸਰਕਾਰ ਦਾ ਵਿਰੋਧ ਕਰਦਿਆਂ ਭਾਰਤੀ ਸੁਤੰਤਰਤ ਅੰਦੋਲਨ ਦਾ ਸਮਰਥਨ ਕਰਨ ਦਾ ਫ਼ੈਸਲਾ ਲਿਆ ਸੀ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਇਸ ਭੂ-ਮੰਡਲੀਕਰਨ ਦੇ ਦੌਰ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਐਮਐਨ ਰਾਏ ਭਾਰਤੀ ਕਮਿਊਨਿਸਟ ਪਾਰਟੀ ਦੀ ਸਥਾਪਨਾ ਕਰਨ ਤੋਂ ਪਹਿਲਾਂ ਮੈਕਸਿਕੋ ਦੀ ਕਮਿਊਨਿਸਟ ਪਾਰਟੀ (ਸੋਸ਼ਲ ਵਰਕਰਜ਼ ਪਾਰਟੀ) ਦੀ ਸਥਾਪਨਾ ਕਰ ਚੁੱਕੇ ਸਨ।

ਦੇਸ਼ ਭਰ ''ਚ ਬ੍ਰਿਟਿਸ਼ ਕਲੋਨੀਆਂ ਦੀ ਸਥਾਪਨਾ ਦੇ ਵਿਰੋਧ ''ਚ ਰੋਸ ਪ੍ਰਦਰਸ਼ਨ ਚੱਲ ਰਹੇ ਸਨ ਅਤੇ ਇਸ ਸੰਘਰਸ਼ ''ਚ ਸ਼ਾਮਲ ਵੱਖ-ਵੱਖ ਸਮੂਹਾਂ ਦਾ ਧਿਆਨ ਇਸ ਪਾਰਟੀ ਵੱਲ ਗਿਆ। ਵਿਸ਼ੇਸ਼ ਗੱਲ ਇਹ ਹੈ ਕਿ ਅਮਰੀਕਾ ''ਚ ਚੱਲ ਰਹੀ ਗ਼ਦਰ ਪਾਰਟੀ ਦੇ ਮੈਂਬਰਾਂ ''ਤੇ ਇਸ ਦਾ ਖਾਸਾ ਪ੍ਰਭਾਵ ਵੇਖਣ ਨੂੰ ਮਿਲਿਆ।

ਇਸ ਦੌਰਾਨ ਹੀ ਖ਼ਿਲਾਫਤ ਲਹਿਰ ''ਚ ਹਿੱਸਾ ਲੈਣ ਵਾਲੇ ਨੌਜਵਾਨ ਵੱਡੀ ਗਿਣਤੀ ''ਚ ਕਮਿਊਨਿਸਟ ਪਾਰਟੀ ''ਚ ਸ਼ਾਮਲ ਹੋਏ। ਇਸ ਤੋਂ ਇਲਾਵਾ ਐਮਐਨ ਰਾਏ ਨੇ ਦੇਸ਼ ਭਰ ''ਚ ਵੱਖ-ਵੱਖ ਸਮੂਹਾਂ ਨੂੰ ਪਾਰਟੀ ਨਾਲ ਜੋੜਣ ਲਈ ਕੰਮ ''ਤੇ ਲੱਗ ਗਏ ਸੀ। ਹਾਂਲਾਕਿ ਪਾਰਟੀ ਦੀ ਕੋਈ ਮਜ਼ਬੂਤ ਕਾਰਜਕਾਰੀ ਯੋਜਨਾ ਨਹੀਂ ਸੀ।

ਕਮਿਊਨਿਸਟਾਂ ਨੇ ਉਸ ਸਮੇਂ ਭਾਰਤੀ ਰਾਸ਼ਟਰੀ ਕਾਂਗਰਸ ਦੀਆਂ ਨੀਤੀਆਂ ਨਾਲ ਕੰਮ ਕਰਨ ਵਾਲੇ, ਉਸ ਦਾ ਅੰਦਰੂਨੀ ਹਿੱਸਾ ਹੋਣ ਅਤੇ ਦਿਲਚਸਪੀ ਲੈਣ ਵਾਲੇ ਲੋਕਾਂ ਨੂੰ ਆਪਣੇ ਨਾਲ ਜੋੜਣ ਦਾ ਕੰਮ ਕੀਤਾ।

ਉਨ੍ਹਾਂ ਨੇ ਖਾਸ ਤੌਰ ''ਤੇ ਸ਼ਹਿਰੀ ਉਦਯੋਗਿਕ ਖੇਤਰ ਨੂੰ ਆਪਣੀ ਕਰਮ ਭੂਮੀ ਵੱਜੋਂ ਅਪਣਾਇਆ। ਮਦਰਾਸ ਦੇ ਕਮਿਊਨਿਸਟ ਆਗੂ ਸ਼ਿੰਗਰਾਵੇਲ ਚੇਟਿਯਾਰ ਨੇ 1922 ''ਚ ਗਯਾ ''ਚ ਆਯੋਜਿਤ ਭਾਰਤੀ ਰਾਸ਼ਟਰੀ ਕਾਂਗਰਸ ਸੰਮੇਲਨ ''ਚ ਸੰਪਰੂਨ ਸਵਰਾਜ ਦਾ ਐਲਾਨ ਕੀਤਾ ਸੀ ਅਤੇ ਇਸ ਤੋਂ ਬਾਅਦ ਉਹ ਸੁਰਖੀਆਂ ''ਚ ਆ ਗਏ ਸਨ।

ਪਾਬੰਦੀਆਂ ਅਤੇ ਸਾਜਿਸ਼ ਦੇ ਮਾਮਲੇ

ਅੱਜ ਜਦੋਂ ਅਸੀਂ ਪਾਬੰਦੀਆਂ ਅਤੇ ਸਾਜਿਸ਼ਾਂ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਇੰਦਰਾ ਗਾਂਧੀ ਦੇ ਕਾਰਜਕਾਲ ਦੌਰਾਨ ਲੱਗੀ ਐਮਰਜੈਂਸੀ ਦੀ ਯਾਦ ਆਉਂਦੀ ਹੈ। ਪਰ ਬ੍ਰਿਟਿਸ਼ ਸ਼ਾਸਨ ਦੌਰਾਨ ਕਮਿਊਨਿਸਟਾਂ ''ਤੇ ਲੱਗੀਆਂ ਪਾਬੰਦੀਆਂ ਇਸ ਦੀ ਤੁਲਨਾ ''ਚ ਕਿਤੇ ਭਿਆਨਕ ਸਨ।

ਕਮਿਊਨਿਸਟਾਂ ''ਤੇ ਸਾਜਿਸ਼ ਰਚਣ ਦੇ ਮਾਮਲੇ ਅੰਗ੍ਰੇਜ਼ਾਂ ਦੇ ਸਮੇਂ ''ਚ ਹੀ ਆਇਦ ਹੋਏ ਸਨ।

ਪੇਸ਼ਾਵਰ, ਕਾਨਪੁਰ ਅਤੇ ਮੇਰਟ ਸਾਜਿਸ਼ ਮਾਮਲੇ ਸਭ ਤੋਂ ਪ੍ਰਮੁੱਖ ਰਹੇ ਸਨ। ਪਾਰਟੀ ਦੀ ਪੂਰੀ ਉੱਚ ਲੀਡਰਸ਼ਿਪ ਨੂੰ ਕਾਨਪੁਰ ਸਾਜਿਸ਼ ਮਾਮਲੇ ''ਚ ਫਸਾਇਆ ਗਿਆ ਸੀ। ਹੁਣ ਹਰ ਕਿਸੇ ਨੂੰ ਸਮਝ ਆ ਗਈ ਸੀ ਕਿ ਬ੍ਰਿਟਿਸ਼ ਸਰਕਾਰ ਐਮਐਨ ਰਾਏ ਅਤੇ ਹਰ ਭਾਰਤੀ ਕਮਿਊਨਿਸਟ ਵਿਚਾਲੇ ਹੋਣ ਵਾਲੇ ਪੱਤਰ ਵਿਹਾਰ ''ਤੇ ਨਜ਼ਰ ਰੱਖ ਰਹੀ ਸੀ।

ਭਾਰਤੀ ਕਮਿਊਨਿਸਟ ਦਾ ਹਰ ਕਾਰ ਵਿਹਾਰ ''ਤੇ ਬ੍ਰਟਿਸ਼ ਸ਼ਾਸਨ ਨੇ ਨਿਗਰਾਨੀ ਰੱਖੀ ਹੋਈ ਸੀ ਅਤੇ ਇਸ ਦੇ ਨਾਲ ਸਾਜਿਸ਼ ਰਚਣ ਦੇ ਮਾਮਲਿਆਂ ਦਾ ਆਗਾਜ਼ ਹੋਇਆ।ਇੱਥੇ ਅਸੀਂ ਕਹਿ ਸਕਦੇ ਹਾਂ ਕਿ ਬ੍ਰਿਿਟਸ਼ ਸ਼ਾਸਨ ਤੋਂ ਬਾਅਦ ਭਾਰਤੀ ਸਰਕਾਰਾਂ ਨੂੰ ਨਾ ਸਿਰਫ ਬ੍ਰਿਟਿਸ਼ ਕਾਨੂੰਨ ਬਲਕਿ ਉਨ੍ਹਾਂ ਦੇ ਨਜ਼ਰ ਰੱਖਣ ਦੇ ਤਰੀਕੇ ਵੀ ਵਿਰਾਸਤ ''ਚ ਹੀ ਮਿਲੇ ਸਨ।

ਕਾਨਪੁਰ ''ਚ ਬੈਠਕ ਅਤੇ ਪਾਰਟੀ ਦਾ ਗਠਨ

ਕਾਨਪੁਰ ਵੋਲਸ਼ੇਵਿਕ ਸਾਜਿਸ਼ ਮਾਮਲੇ ''ਚ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਪਾਰਟੀ ਦੇ ਆਗੂਆਂ ਨੇ ਦਸੰਬਰ 1925 ''ਚ ਕਾਨਪੁਰ ''ਚ ਇੱਕ ਬੈਠਕ ਕੀਤੀ ਸੀ।

ਇਸ ਬੈਠਕ ''ਚ ਫ਼ੈਸਲਾ ਲਿਆ ਗਿਆ ਸੀ ਕਿ ਤਾਸ਼ਕੰਦ ''ਚ ਪਾਰਟੀ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਆਲ ਇੰਡੀਆ ਪੱਧਰ ''ਤੇ ਕਮਿਊਨਿਸਟਾਂ ਨੂੰ ਇੱਕਜੁੱਟ ਹੋਣ ਦੀ ਜ਼ਰੂਰਤ ਹੈ। ਇਸ ਲਈ ਇੱਕ ਵਾਰ ਫਿਰ ਤੋਂ ਭਾਰਤੀ ਕਮਿਊਨਿਸਟ ਪਾਰਟੀ ਦੇ ਗਠਨ ਦਾ ਐਲਾਨ ਕੀਤਾ ਗਿਆ ਸੀ।

ਇਸ ਬੈਠਕ ਦਾ ਆਯੋਜਨ ਕਰਨ ''ਚ ਸੱਤਿਆਭਗਤ ਦੀ ਮਹੱਤਵਪੂਰਨ ਭੂਮਿਕਾ ਰਹੀ ਸੀ। ਉਨ੍ਹਾਂ ਨੇ ਅਪੀਲ ਕੀਤੀ ਸੀ ਕਿ ਪਾਰਟੀ ਦਾ ਨਾਂਅ ਇੰਡੀਅਨ ਕਮਿਊਨਿਸਟ ਪਾਰਟੀ ਰੱਖਿਆ ਜਾਵੇ ਪਰ ਪਾਰਟੀ ਦੇ ਦੂਜੇ ਆਗੂਆਂ ਨੇ ਕਨਵੈਂਸ਼ਨ ਆਫ਼ ਇੰਟਰਨੈਸ਼ਨਲ ਕਮਿਊਨਿਸਟ ਲਹਿਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਦੇਸ਼ ਦਾ ਨਾਂਅ ਅਖੀਰ ''ਚ ਰੱਖਿਆ ਜਾਵੇਗਾ।

ਸਿੰਗਰਾਵੇਲ ਨੂੰ ਪਾਰਟੀ ਦਾ ਪ੍ਰਧਾਨ ਅਤੇ ਸਚਿੱਦਾਨੰਦ ਵਿਸ਼ਣੂ ਘਾਟੇ ਨੂੰ ਸਕੱਤਰ ਚੁਣਿਆ ਗਿਆ ਸੀ। ਕਮਿਊਨਿਸਟ ਪਾਰਟੀ ਆਫ਼ ਇੰਡੀਆ ਦੇ ਗਠਨ ਦੇ ਸਾਲ ਸਬੰਧੀ ਵੱਖ-ਵੱਖ ਰਾਏ ਰੱਖਣ ਵਾਲੇ ਲੋਕਾਂ ''ਚ ਮਤਭੇਦ ਮੌਜੂਦ ਹੈ।

ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਅਤੇ ਵੱਖ-ਵੱਖ ਮਾਰਕਸਵਾਦੀ-ਲੈਨਿਨਵਾਦੀ ਸਮੂਹ ਤਾਸ਼ਕੰਦ ''ਚ ਬਣੀ ਪਾਰਟੀ ਨੂੰ ਭਾਰਤ ਦੀ ਪਹਿਲੀ ਕਮਿਊਨਿਸਟ ਪਾਰਟੀ ਹੋਣ ਦਾ ਦਰਜਾ ਦਿੰਦੇ ਹਨ, ਪਰ ਮੌਜੂਦਾ ਭਾਰਤੀ ਕਮਿਊਨਿਸਟ ਪਾਰਟੀ, ਸੀਪੀਆਈ ਸਾਲ 1925 ''ਚ ਬਣੀ ਪਾਰਟੀ ਨੂੰ ਹੀ ਭਾਰਤ ਦੀ ਪਹਿਲੀ ਕਮਿਊਨਿਸਟ ਪਾਰਟੀ ਹੋਣ ਦੀ ਮਾਨਤਾ ਦਿੰਦੀ ਹੈ।

ਇਹ ਮਤਭੇਦ ਵਾਲੀ ਸਥਿਤੀ ਅੱਜ ਵੀ ਕਾਇਮ ਹੈ।

ਕਮਿਊਨਿਸਟ ਲਹਿਰ
Getty Images

ਮਜ਼ਦੂਰਾਂ ਅਤੇ ਕਿਸਾਨਾਂ ਦੀ ਪਾਰਟੀ

ਪਾਰਟੀ ਦੇ ਸੁਚਾਰੂ ਸੰਚਾਲਨ ਲਈ ਕਮਿਊਨਿਸਟਾਂ ਨੇ ਵੱਖ-ਵੱਖ ਥਾਵਾਂ ''ਤੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਵੀ ਪਾਰਟੀ ਨਾਲ ਜੋੜਨਾ ਸ਼ੁਰੂ ਕੀਤਾ। ਦੂਜੇ ਪਾਸੇ ਸਰਕਾਰ ਨੇ ਕਾਰਵਾਈ ਕਰਦਿਆਂ ਲੋਕਾਂ ਨੂੰ ਗ੍ਰਿਫਤਾਰ ਕਰਨਾ ਸ਼ੂਰੂ ਕੀਤਾ। ਇਸ ਸਮੇਂ ਦੌਰਾਨ ਹੀ ਭਗਤ ਸਿੰਘ ਵਰਗੇ ਕ੍ਰਾਂਤੀਕਾਰੀ ਕਮਿਊਨਿਜ਼ਮ ਦੇ ਪ੍ਰਭਾਵ ਹੇਠ ਆਏ।

ਚਟਗਾਓਂ ''ਚ ਸਥਾਨਕ ਕਮਿਊਨਿਸਟਾਂ ਦੇ ਸੰਘਰਸ਼ ਨੂੰ ਇਤਿਹਾਸ ''ਚ ਜਗ੍ਹਾ ਮਿਲੀ। ਨਵੀਂ ਪੀੜ੍ਹੀ ਦੇ ਆਗੂਆਂ ਜਿਵੇਂ ਕਿ ਪੁੱਛਲਪੱਲੀ ਸੁੰਦਰੀਆ (ਹੈਦਰ ਖ਼ਾਨ ਦੇ ਚੇਲੇ), ਚੰਦਰ ਰਾਜੇਸ਼ਵਰ ਰਾਏ, ਈਐਮਐਸ ਨੰਬੁਦਿਰਾਪਾਦ, ਏਕੇ ਗੋਪਾਲਨ, ਬੀਟੀ ਰਣਦੀਵੇ ਆਦਿ ਨੇ ਉਭਰਨਾ ਸ਼ੁਰੂ ਕੀਤਾ।

ਮੇਰਠ ਸਾਜਿਸ਼ ਮਾਮਲੇ ''ਚ ਰਿਹਾਅ ਹੋਣ ਤੋਂ ਬਾਅਦ ਆਗੂਆਂ ਨੇ ਕਲਕੱਤਾ ''ਚ ਸਾਲ 1934 ''ਚ ਇੱਕ ਬੈਠਕ ਕੀਤੀ ਅਤੇ ਦੇਸ਼ ਭਰ ''ਚ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਸੰਗਠਨ ਨੂੰ ਵਧੇਰੇ ਮਜ਼ਬੂਤ ਕਰਨ ''ਤੇ ਜ਼ੋਰ ਦਿੱਤਾ। ਇਸ ਸਭ ਦੇ ਮੱਦੇਨਜ਼ਰ ਬ੍ਰਿਟਿਸ਼ ਸਰਕਾਰ ਨੇ 1934 ''ਚ ਪਾਰਟੀ ''ਤੇ ਪਾਬੰਦੀ ਹੀ ਲਗਾ ਦਿੱਤੀ।

ਇਸੇ ਸਾਲ ਹੀ ਜੈਪ੍ਰਕਾਸ਼ ਨਾਰਾਇਣ ਦੀ ਅਗਵਾਈ ''ਚ ਨੈਸ਼ਨਲ ਕਾਂਗਰਸ ਨਾਲ ਜੁੜੀ ਕਾਂਗਰਸ ਸੋਸ਼ਲਿਸਟ ਪਾਰਟੀ ਦਾ ਸੋਸ਼ਲਿਸਟ ਵਿੰਗ ਦੇ ਰੂਪ ''ਚ ਗਠਨ ਹੋਇਆ ਸੀ। ਪਰ ਖਾਸ ਗੱਲ ਇਹ ਸੀ ਕਿ ਦੇਸ਼ ਦੇ ਦੱਖਣੀ ਹਿੱਸੇ ''ਚ ਕਮਿਊਨਿਸਟਾਂ ਦਾ ਪੂਰਾ ਕੰਟਰੋਲ ਸੀ।

ਇੰਨ੍ਹਾਂ ਲੋਕਾਂ ਨੇ ਕਾਂਗਰਸ ਪਾਰਟੀ ਨਾਲ ਮਿਲ ਕੇ ਸਮਾਜਵਾਦੀ ਅੰਦੋਲਨ ਨੂੰ ਤੇਜ਼ ਕਰਨ ਦੀ ਰਣਨੀਤੀ ਦੀ ਚੋਣ ਕੀਤੀ। ਉਨ੍ਹਾਂ ਨੇ ਨਾ ਸਿਰਫ ਕਾਂਗਰਸ ਪਾਰਟੀ ਨਾਲ ਮਿਲ ਕੇ ਕੰਮ ਹੀ ਕੀਤਾ ਬਲਕਿ ਕਾਂਗਰਸ ਪਾਰਟੀ ਦੇ ਅੰਦਰ ਆਪਣੀ ਵਿਚਾਰਧਾਰਾ ਨੂੰ ਮਜ਼ਬੂਤ ਕਰਨ ਦੀ ਰਣਨੀਤੀ ਨੂੰ ਵੀ ਉਤਸ਼ਾਹਿਤ ਕੀਤਾ।

ਪਰ ਜੈਪ੍ਰਕਾਸ਼ ਨਾਰਾਇਣ ਅਤੇ ਉਨਾਂ ਦੇ ਸਾਥੀ ਕਮਿਊਨਿਸਟਾਂ ਪ੍ਰਤੀ ਜ਼ਿਆਦਾ ਚੰਗੀ ਰਾਏ ਨਹੀਂ ਰੱਖਦੇ ਸਨ। ਉਨ੍ਹਾਂ ਨੇ ਤਾਂ 1940 ''ਚ ਰਾਮਗੜ੍ਹ ''ਚ ਆਯੋਜਿਤ ਕਾਂਗਰਸ ਦੀ ਬੈਠਕ ''ਚ ਕਮਿਊਨਿਸਟਾਂ ਨੂੰ ਬੈਠਕ ਤੋਂ ਹੀ ਬਾਹਰ ਕਰ ਦਿੱਤਾ ਸੀ।

ਸਮਾਜਵਾਦੀਆਂ ਦੀ ਆਪਣੀ ਯਾਤਰਾ ''ਚ ਅੱਜ ਤੱਕ ਇੱਕ ਦੂਜੇ ਪ੍ਰਤੀ ਵਿਸ਼ਵਾਸ ਦੀ ਘਾਟ ਰਹੀ ਹੈ ਅਤੇ ਇਹੀ ਗੱਲ ਕਾਂਗਰਸ ਲਈ ਵੀ ਕਹੀ ਜਾ ਸਕਦੀ ਹੈ।

ਕਮਿਊਨਿਸਟਾਂ ਅਤੇ ਕਾਂਗਰਸ ਵਿਚਾਲੇ ਸਬੰਧਾਂ ਦਾ ਜੇਕਰ ਅੰਦਾਜ਼ਾਂ ਲਗਾਉਣਾ ਹੋਵੇ ਤਾਂ ਇਸ ਉਦਾਹਰਣ ''ਤੇ ਝਾਤ ਮਾਰੀ ਜਾ ਸਕਦੀ ਹੈ। ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ, ਏਆਈਐਸਐਫ ਦਾ ਗਠਨ ਸਾਲ 1936 ''ਚ ਪੰਡਿਤ ਜਵਾਹਰ ਲਾਲ ਨਹਿਰੂ ਵੱਲੋਂ ਕੀਤਾ ਗਿਆ ਸੀ।

ਹਾਲਾਂਕਿ ਆਉਣ ਵਾਲੇ ਸਾਲਾਂ ''ਚ ਉਨ੍ਹਾਂ ਦੇ ਸਬੰਧਾਂ ''ਚ ਵਿਗਾੜ ਆ ਗਿਆ ਸੀ। ਇਸ ਦੌਰ ''ਚ ਨਾ ਸਿਰਫ ਵਿਦਿਆਰਥੀ ਸੰਗਠਨ ਦੀ ਸਥਾਪਨਾ ਹੋਈ ਬਲਕਿ ਮਹਿਲਾ ਯੂਨੀਅਨ, ਰੈਡੀਕਲ ਯੂਥ ਯੂਨੀਅਨ ਅਤੇ ਆਲ ਇੰਡੀਆ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਦਾ ਵੀ ਗਠਨ ਹੋਇਆ ਸੀ।

ਭਾਰਤ ਦੀ ਅਜ਼ਾਦੀ ਲਹਿਰ
Getty Images
ਭਾਰਤ ਛੱਡੋ ਅੰਦਲੋਨ ਜਲਦੀ ਹੀ ਪੂਰੇ ਦੇਸ਼ ਵਿੱਚ ਫੈਲ ਗਿਆ ਪਰ ਕਮਿਊਨਿਸਟ ਆਗੂਆਂ ਨੇ ਇਸ ਤੋਂ ਵੱਖ ਰਹਿਣ ਦਾ ਫ਼ੈਸਲਾ ਲਿਆ

ਸਾਲ 1943 ''ਚ ਇੰਡੀਅਨ ਪੀਪਲਜ਼ ਥਿਏਟਰ ਐਸੋਸੀਏਸ਼ਨ ਦਾ ਗਠਨ ਹੋਇਆ ਸੀ। ਇਸ ਨਾਟਕ ਨਾਲ ਮੁਲਕ ਰਾਜ ਆਨੰਦ, ਕੈਫੀ ਆਜ਼ਮੀ, ਪ੍ਰਿਥਵੀਰਾਜ ਕਪੂਰ, ਬਲਰਾਜ ਸਾਹਨੀ, ਰਿਤਵਕ ਘਟਕ, ਉਤਪਾਲ ਦੱਤ, ਸਲਿਲ ਚੌਧਰੀ ਵਰਗੀਆਂ ਸਾਹਿਤਕ ਅਤੇ ਸਭਿਆਚਾਰਕ ਸ਼ਖਸੀਅਤਾਂ ਜੁੜੀਆਂ ਹੋਈਆਂ ਸਨ। ਇੰਨ੍ਹਾਂ ਸਭ ਹਸਤੀਆਂ ਦਾ ਸਿਨੇਮਾ ਦੇ ਸ਼ੁਰੂਆਤੀ ਦੌਰ ''ਤੇ ਬਹੁਤ ਡੰਗਾ ਪ੍ਰਭਾਵ ਸੀ।

ਦੂਜੇ ਪਾਸੇ ਸੁੰਦਰਈਆ, ਚੰਦਰਾ ਰਾਜੇਸ਼ਵਰਾ ਰਾਓ ਅਤੇ ਨੰਬੁਦਰੀਪਾਦ ਵਰਗੇ ਆਗੂਆਂ ਦੀ ਅਗਵਾਈ ''ਚ ਸਮਾਜਿਕ-ਆਰਥਿਕ ਲਹਿਰ ਨੂੰ ਅੱਗੇ ਵਧਾਇਆ ਗਿਆ ਸੀ।

ਸੁੰਦਰਈਆ ਅਤੇ ਨੰਬੁਦਰੀਪਾਦ ''ਤੇ ਗਾਂਧੀ ਹੀ ਦਾ ਖਾਸਾ ਪ੍ਰਭਾਵ ਸੀ।

2. ਭਾਰਤ ਛੱਡੋ ਅੰਦੋਲਨ ਅਤੇ ਇਤਿਹਾਸਕ ਗਲਤੀ

ਕਾਂਗਰਸ ਨੇ ਮਹਾਤਮਾ ਗਾਂਧੀ ਦੀ ਅਗਵਾਈ ''ਚ ਭਾਰਤ ਛੱਡੋ ਅੰਦੋਲਨ ਦੀ ਸ਼ੁਰੂਆਤ ਕੀਤੀ। ਪਰ ਉਸ ਸਮੇਂ ਕਮਿਊਨਿਸਟਾਂ ਦੀ ਸੋਚ ਕੁੱਝ ਵੱਖਰੀ ਸੀ। ਇਹ ਇੱਕ ਗਲਤ ਫ਼ੈਸਲਾ ਸੀ ਅਤੇ ਉਦੋਂ ਤੋਂ ਹੀ ਉਹ ਆਪਣੀ ਇਸ ਗਲਤੀ ''ਤੇ ਪਛਤਾ ਰਹੇ ਹਨ।

ਉਨ੍ਹਾਂ ਨੇ ਆਪਣੇ ਅਧਿਕਾਰਤ ਦਸਤਾਵੇਜ਼ਾਂ ''ਚ ਮੰਨਿਆ ਹੈ ਕਿ ਉਸ ਸਮੇਂ ਲਿਆ ਗਿਆ ਫ਼ੈਸਲਾ ਸਹੀ ਨਹੀਂ ਸੀ। ਇਹ ਦੂਜੇ ਵਿਸ਼ਵ ਯੁੱਧ ਦਾ ਸਮਾਂ ਸੀ। ਉਸ ਸਮੇਂ ਨਾਜ਼ੀ ਫੌਜਾਂ ਸੋਵੀਅਤ ਸੰਘ ''ਤੇ ਚੜ੍ਹਾਈ ਕਰ ਰਹੀਆਂ ਸਨ। ਕਮਿਊਨਿਸਟ ਪਾਰਟੀ ਸੋਵੀਅਤ ਸੰਘ ਦੇ ਡੂੰਗੇ ਪ੍ਰਭਾਵ ਹੇਠ ਸੀ, ਇਸ ਲਈ ਇਸ ਦਾ ਉਸ ''ਤੇ ਅਸਰ ਪੈਣਾ ਵੀ ਲਾਜ਼ਮੀ ਹੀ ਸੀ।

ਭਾਰਤੀ ਕਮਿਊਨਿਸਟ ਪਾਰਟੀ ਨੇ ਵਿਸ਼ਵ ਯੁੱਧ ਨੂੰ ''ਲੋਕਾਂ ਦਾ ਯੁੱਧ'' ਕਹਿ ਕੇ ਪੁਕਾਰਿਆ ਸੀ। ਇਸ ਜੰਗ ''ਚ ਜਰਮਨੀ, ਇਟਲੀ ਅਤੇ ਜਾਪਾਨ ਦੀਆਂ ਫੌਜਾਂ ਇੱਕ ਪਾਸੇ ਅਤੇ ਸੋਵੀਅਤ ਸੰਘ, ਬ੍ਰਿਟੇਨ, ਫਰਾਂਸ ਅਤੇ ਅਮਰੀਕਾ ਦੀਆਂ ਫੌਜਾਂ ਦੂਜੇ ਪਾਸੇ ਸਨ। ਇਸ ਦਾ ਮਤਲਬ ਇਹ ਹੈ ਕਿ ਬ੍ਰਿਟੇਨ ਸੋਵੀਅਤ ਸੰਘ ਦਾ ਸਹਿਯੋਗੀ ਸੀ।

ਭਾਰਤੀ ਕਮਿਊਨਿਸਟ ਪਾਰਟੀ ਮੁਲਾਂਕਣ ਕਰਨ ਤੋਂ ਬਾਅਦ ਇਸ ਨਤੀਜੇ ''ਤੇ ਪਹੁੰਚੀ ਕਿ ਬ੍ਰਿਟੇਨ ਦੇ ਖ਼ਿਲਾਫ ਭਾਰਤ ਛੱਡੋ ਅੰਦੋਲਨ ਸ਼ੁਰੂ ਕਰਨ ਨਾਲ ਨਾਜ਼ੀ ਫੌਜਾਂ ਨੂੰ ਹਰਾਉਣ ''ਚ ਸਹਿਯੋਗੀ ਮਿੱਤਰ ਦੇਸ਼ਾਂ ਦੀਆਂ ਫੌਜਾਂ ਦੀਆਂ ਕੋਸ਼ਿਸ਼ਾਂ ਨੂੰ ਵੱਡਾ ਝੱਟਕਾ ਲੱਗੇਗਾ। ਬ੍ਰਿਟਿਸ਼ ਸਰਕਾਰ ਨੂੰ ਗੁਜ਼ਾਰਿਸ਼ ਕੀਤੀ ਗਈ ਸੀ ਕਿ ਨਾਜ਼ੀ ਸੈਨਾਵਾਂ ਨਾਲ ਨਜਿੱਠਣ ਲਈ ਇੱਕ ਰਾਸ਼ਟਰੀ ਸਰਕਾਰ ਦਾ ਗਠਨ ਕੀਤਾ ਜਾਣਾ ਜ਼ਰੂਰੀ ਹੈ।

ਉੱਥੇ ਹੀ ਮਹਾਤਮਾ ਗਾਂਧੀ ਦਾ ਵਿਚਾਰ ਸੀ ਕਿ ਬ੍ਰਿਟਿਸ਼ ਨੂੰ ਸਬਕ ਸਿਖਾਉਣ ਦਾ ਇਹ ਸਭ ਤੋਂ ਵਧੀਆ ਮੌਕਾ ਹੈ। ਹਾਂਲਾਕਿ ਕਮਿਊਨਿਸਟ ਪਾਰਟੀ ਨੇ ਸੋਵੀਅਤ ਸੰਘ ਦਾ ਸਮਰਥਨ ਕੀਤਾ ਅਤੇ ਭਾਰਤ ਛੱਡੋ ਅੰਦੋਲਨ ਦਾ ਵਿਰੋਧ ਕੀਤਾ ਸੀ।

ਭਾਰਤੀ ਕਮਿਊਨਿਸਟ ਪਾਰਟੀ ਨੇ ਆਪਣੇ ਇਸ ਫ਼ੈਸਲੇ ਦੇ ਪੱਖ ''ਚ ਕਿਹਾ ਸੀ ਕਿ ਜਾਪਾਨੀ ਫੌਜ ਬਰਮਾ ਤੱਕ ਪਹੁੰਚ ਗਈ ਸੀ ਅਤੇ ਇਸ ਅੰਦੋਲਨ ਦੇ ਚੱਲਦਿਆਂ ਜਾਪਾਨੀ ਸੈਨਿਕਾਂ ਨੂੰ ਰੋਕਣ ''ਚ ਕਈ ਮੁਸ਼ਕਲਾਂ ਆਉਂਦੀਆਂ। ਪਰ ਭਾਰਤ ਦੇ ਲੋਕਾਂ ''ਤੇ ਇਸ ਦਲੀਲ ਦਾ ਵਧੇਰੇ ਪ੍ਰਭਾਵ ਨਾ ਪਿਆ।

ਪਾਰਟੀ ਦੇ ਕਈ ਆਗੂ ਇਸ ''ਤੇ ਸਹਿਮਤ ਹਨ ਕਿ ਆਜ਼ਾਦੀ ਦੇ ਅੰਦੋਲਨ ਦੌਰਾਨ ਕਾਂਗਰਸ ਦੇ ਨਾਲ ਮਿਲ ਕੇ ਕਈ ਮੋਰਚਿਆਂ ''ਤੇ ਕੰਮ ਕਰਨ ਤੋਂ ਬਾਅਦ ਵੀ ਸੁਤੰਤਰਤਾ ਸੰਘਰਸ਼ ਦੀ ਸਭ ਤੋਂ ਅਹਿਮ ਜੰਗ ਭਾਰਤ ਛੱਡੋ ਅੰਦੋਲਨ ਦਾ ਵਿਰੋਧ ਕਰਨਾ ਪਾਰਟੀ ਦੀ ਇੱਕ ਇਤਿਹਾਸਕ ਗਲਤੀ ਸੀ।

ਸਾਲ 1942 ''ਚ ਹੀ ਬ੍ਰਿਟੇਨ ਨੇ ਭਾਰਤੀ ਕਮਿਊਨਿਸਟ ਪਾਰਟੀ ''ਤੇ ਲਗਾਈ ਪਾਬੰਦੀ ਨੂੰ ਹਟਾ ਦਿੱਤਾ ਸੀ। ਇਸ ਤੋਂ ਬਾਅਦ ਪਾਰਟੀ (ਅਜੋਕੀ ਕਾਂਗਰਸ ਪਾਰਟੀ) ਦੀ ਪਹਿਲੀ ਕੌਮੀ ਬੈਠਕ ਤਤਕਾਲੀ ਬੰਬਈ ''ਚ ਸਾਲ 1943 ''ਚ ਆਯੋਜਿਤ ਹੋਈ ਸੀ।

ਇਹ ਸਪੱਸ਼ਟ ਹੈ ਕਿ ਪਾਰਟੀ ਆਪਣੀ ਸਥਾਪਨਾ ਦੇ 23 ਸਾਲਾਂ ਤੱਕ ਆਪਣੀ ਪਹਿਲੀ ਬੈਠਕ ਦਾ ਆਯੋਜਨ ਨਹੀਂ ਕਰ ਸਕੀ ਸੀ। ਉਸ ਸਮੇਂ ਹਾਲਾਤ ਹੀ ਕੁੱਝ ਅਜਿਹੇ ਸਨਕਿ ਇਹ ਸੰਭਵ ਹੀ ਨਹੀਂ ਹੋ ਸਕਿਆ ਸੀ। ਪਾਰਟੀ ਅਤੇ ਪਾਰਟੀ ਲਈ ਕੰਮ ਕਰਨ ਵਾਲੇ ਸਮੂਹਾਂ ''ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲੱਗੀਆਂ ਹੋਈਆਂ ਸਨ।

3. ਪਾਰਟੀ ''ਚ ਵੰਡ ਅਤੇ ਅੰਦੋਲਨ ਦੀ ਸ਼ਹਿਰੀ ਅਤੇ ਪੇਂਡੂ ਖੇਤਰਾਂ ਤੱਕ ਪਹੁੰਚ

ਭਾਰਤ 1947 ''ਚ ਆਜ਼ਾਦ ਹੋਇਆ ਸੀ। ਨਹਿਰੂ ਆਪਣੇ ਆਪ ਨੂੰ ਸਮਾਜਵਾਦੀ ਕਿਹਾ ਕਰਦੇ ਸਨ ਅਤੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਇੱਕ ਤਰ੍ਹਾਂ ਨਾਲ ਸਮਾਜਵਾਦੀ ਸਰਕਾਰ ਹੀ ਚਲਾਈ ਸੀ।

1949 ''ਚ ਮਾਓ ਦੀ ਅਗਵਾਈ ''ਚ ਚੀਨ ''ਚ ਇੱਕ ਕ੍ਰਾਂਤੀ ਨੇ ਜਨਮ ਲਿਆ ਅਤੇ ਅੰਤਰਰਾਸ਼ਟਰੀ ਪੱਧਰ ''ਤੇ ਚੀਨ ਨੇ ਸੋਵੀਅਤ ਸੰਘ ਦੀ ਥਾਂ ਲੈਣੀ ਸ਼ੁਰੂ ਕਰ ਦਿੱਤੀ। ਇਸ ਤੋਂ ਇਲਾਵਾ ਕਿਸਾਨਾਂ ਦੇ ਤਿੰਨ ਅੰਦੋਲਨਾਂ ਨੇ ਲੋਕਾਂ ਨੂੰ ਚੀਨ ਦੀ ਕਮਿਊਨਿਸਟ ਨੀਤੀ ਵੱਲ ਆਕਰਸ਼ਿਤ ਕੀਤਾ।

ਸੁਤੰਤਰਤਾ ਦੇ ਮੱਦੇਨਜ਼ਰ ਭਾਰਤੀ ਕਮਿਊਨਿਸਟ ਪਾਰਟੀ ''ਚ ਕੁੱਝ ਉਲਝਣ ਦੀ ਸਥਿਤੀ ਬਣੀ ਹੋਈ ਸੀ ਅਤੇ ਇਸ ਦੇ ਨਾਲ ਹੀ ਚੀਨ ਦੇ ਇਨਕਲਾਬ ਨੇ ਪ੍ਰੋਗਰਾਮਾਂ ਅਤੇ ਢੰਗ ਤਰੀਕਿਆਂ ਸਬੰਧੀ ਹੋਰ ਕਈ ਸ਼ੱਕ ਪੈਦਾ ਕੀਤੇ।

ਆਜ਼ਾਦੀ ਮਿਲਣ ਦੇ ਮੁਢਲੇ ਦਿਨਾਂ ''ਚ ਇਹ ਸਭ ਤੋਂ ਵੱਡੀ ਮੁਸ਼ਕਲ ਸੀ ਕਿ ਕਾਂਗਰਸ ਦੀ ਅਗਵਾਈ ''ਚ ਹਾਸਲ ਹੋਈ ਆਜ਼ਾਦੀ ਨੂੰ ਕਿਸ ਢੰਗ ਨਾਲ ਵੇਖਿਆ ਜਾਵੇ। ਇਸ ਦੇ ਨਾਲ ਨਾਲ ਹੀ ਨਹਿਰੂ ਸਰਕਾਰ ਨੂੰ ਸਮਝਣ ਦੀ ਵੀ ਮੁਸ਼ਕਲ ਮੌਜੂਦ ਸੀ।

ਆਜ਼ਾਦੀ ਦੇ ਸ਼ੁਰੂਆਤੀ ਦਿਨਾਂ ''ਚ ਕਮਿਊਨਿਸਟਾਂ ਨੇ ਇੱਕ ਮਤਾ ਪਾਸ ਕਰਦਿਆਂ ਕਿਹਾ ਸੀ ਕਿ ਜੋ ਕੁੱਝ ਵੀ ਹਾਸਲ ਹੋਇਆ ਹੈ, ਉਹ ਸਿਰਫ ਸੱਤਾ ਤਬਦੀਲੀ ਸੀ ਨਾ ਕਿ ਕੋਈ ਆਜ਼ਾਦੀ।

ਸੋਵੀਅਤ ਸੰਘ ਦੀ ਕਮਿਊਨਿਸਟ ਪਾਰਟੀ ਨੇ ਭਾਰਤੀ ਕਮਿਊਨਿਸਟ ਪਾਰਟੀ ਨੂੰ ਕਾਂਗਰਸ ਦੇ ਖ਼ਿਲਾਫ ਲੜ੍ਹਾਈ ਨਾ ਲੜ੍ਹਦ ਦੀ ਸਲਾਹ ਦਿੱਤੀ ਸੀ। ਉਸ ਨੇ ਕਿਹਾ ਸੀ ਕਿ ਇਹ ਕੌਮੀ ''ਬੁਰਜੁਆ ਵਰਗ'' ਦੇ ਹੱਥ ''ਚ ਹੀ ਦੇਸ਼ ਦੀ ਕਮਾਨ ਹੈ।

ਇਸ ਦੇ ਕਾਰਨ ਕਮਿਊਨਿਸਟ ਪਾਰਟੀ ਦੋ ਵਿਚਾਰਧਾਰਾਵਾਂ ਅਤੇ ਸਮੂਹਾਂ ''ਚ ਵੰਡੀ ਗਈ। ਸੋਵੀਅਤ ਸੰਘ ਦੀ ਕਮਿਊਨਿਸਟ ਨੀਤੀ ਮੁਤਾਬਕ ਪਾਰਟੀ ਦੇ ਅੰਦਰ ਇੱਕ ਸਮੂਹ ਦਾ ਤਰਕ ਇਹ ਸੀ ਕਿ ਨਹਿਰੂ ਸੁਤੰਤਰ ਵੀ ਹਨ ਅਤੇ ਉਨ੍ਹਾਂ ਨੇ ਆਪਣੇ ਆਪ ਨੂੰ ਕਮਿਊਨਿਸਟ ਵੀ ਐਲਾਨਿਆ ਹੋਇਆ ਹੈ।

ਅਜਿਹੇ ''ਚ ਖੱਬੇਪੱਖੀਆਂ ਨੂੰ ਕਾਂਗਰਸ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਹੱਕ ''ਚ ਕਰਨਾ ਚਾਹੀਦਾ ਹੈ।

ਉੱਥੇ ਹੀ ਦੂਜਾ ਸਮੂਹ ਇਸ ਦਲੀਲ ਤੋਂ ਅਸਹਿਮਤ ਸੀ ਅਤੇ ਉਸ ਦਾ ਮੰਨਣਾ ਸੀ ਕਿ ਭਾਰਤ ਨੂੰ ਪੂਰਨ ਤੌਰ ''ਤੇ ਆਜ਼ਾਦੀ ਨਹੀਂ ਮਿਲੀ ਹੈ ਅਤੇ ਸਰਕਾਰ ਸਮਰਾਜਵਾਦੀਆਂ ਦੇ ਹੱਥ ਦੀ ਹੀ ਇੱਕ ਕਠਪੁਤਲੀ ਹੈ। ਇਸ ਲਈ ਚੀਨ ਦੀਆਂ ਨੀਤੀਆਂ ਦੀ ਪਾਲਣਾ ਕਰਦਿਆਂ ਸੰਘਰਸ਼ ਵਿੱਢਣਾ ਚਾਹੀਦਾ ਹੈ।

ਤੇਲੰਗਾਨਾ ਦੇ ਹਥਿਆਰਬੰਦ ਅੰਦੋਲਨ ਦੀ ਸੰਕੇਤਕ ਤਸਵੀਰ
BBC
ਤੇਲੰਗਾਨਾ ਦੇ ਹਥਿਆਰਬੰਦ ਅੰਦੋਲਨ ਦੀ ਸੰਕੇਤਕ ਤਸਵੀਰ

ਤੇਲੰਗਾਨਾ ''ਚ ਹਥਿਆਰਬੰਦ ਕਿਸਾਨੀ ਸੰਘਰਸ਼, ਤੇਭਾਗਾ ਕਿਸਾਨ ਅੰਦੋਲਨ ਅਤੇ ਪੁੰਨਾਪਾ-ਵਲਯਾਰ ਕਿਸਾਨ ਅੰਦੋਲਨਾਂ ਦੀ ਅਗਵਾਈ ਕਮਿਊਨਿਸਟਾਂ ਨੇ ਹੀ ਕੀਤੀ ਸੀ ਅਤੇ ਇੰਨ੍ਹਾਂ ਅੰਦੋਲਨਾਂ ''ਚ ਵੱਡੀ ਗਿਣਤੀ ''ਚ ਕਿਸਾਨੀ ਤਬਕੇ ਨੇ ਸ਼ਿਰਕਤ ਕੀਤੀ ਸੀ। ਜਿਸ ਕਰਕੇ ਪਾਰਟੀ ਦਾ ਇੱਕ ਵੱਡਾ ਹਿੱਸਾ ਚੀਨੀ ਨੀਤੀਆਂ ਦੇ ਹੱਕ ''ਚ ਹੋ ਗਿਆ ਸੀ।

ਇੱਥੇ ਇਹ ਵੀ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਤੇਲੰਗਾਨਾ ਹਥਿਆਰਬੰਦ ਕਿਸਾਨ ਸੰਘਰਸ਼ ਦੌਰਾਨ ਲਗਭਗ 3 ਹਜ਼ਾਰ ਪਿੰਡਾਂ ਨੂੰ ਨਿਜ਼ਾਮ ਦੇ ਅਧਿਕਾਰ ਤੋਂ ਮੁਕਤ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਦਾ ਸੰਚਾਲਨ ਕਮਿਊਨਿਸਟ ਪਿੰਡਾਂ ਦੀ ਵਾਂਗਰ ਹੀ ਕੀਤਾ ਗਿਆ ਸੀ। ਇੰਨ੍ਹਾਂ ਪਿੰਡਾਂ ''ਚ ਚੀਨ ਦੀਆਂ ਨੀਤੀਆਂ ਦੀ ਵਕਲਾਤ ਕੀਤੀ ਜਾਂਦੀ ਸੀ।

ਉਨ੍ਹਾਂ ਲੋਕਾਂ ਦਾ ਅੰਦਾਜ਼ਾ ਸੀ ਕਿ ਜੇਕਰ ਇਸੇ ਤਰ੍ਹਾਂ ਦਾ ਅੰਦੋਲਨ ਇਸੇ ਤਰ੍ਹਾਂ ਦੀ ਤਨਦੇਹੀ ਨਾਲ ਦੇਸ਼ ਭਰ ''ਚ ਚਲਾਇਆ ਜਾਵੇ ਤਾਂ ਭਾਰਤ ''ਚ ਕ੍ਰਾਂਤੀ ਜ਼ਰੂਰ ਹੋਵੇਗੀ। ਪਰ ਇਸ ਤਰ੍ਹਾਂ ਦੀ ਸੋਚ ਰੱਖਣ ਵਾਲੇ ਲੋਕਾਂ ਨੂੰ ਇਹ ਜਲਦੀ ਅਹਿਸਾਸ ਹੋ ਗਿਆ ਸੀ ਕਿ ਨਿਜ਼ਾਮ ਦੀ ਫੌਜ ਨਾਲ ਲੜ੍ਹਣਾ ਇੱਕ ਗੱਲ ਹੈ ਅਤੇ ਦੇਸ਼ ਦੀ ਫੌਜ ਦਾ ਸਾਹਮਣਾ ਕਰਨਾ ਦੂਜੀ ਗੱਲ ਹੈ।

ਇਸ ਸਮੇਂ ਤੱਕ ਕੌਮਾਂਤਰੀ ਕਮਿਊਨਿਸਟ ਸੰਸਥਾ ਨੇ ਆਪਣਾ ਨਾਂਅ ਕਾਮਇੰਟਰਨੈਸ਼ਨਲ ਤੋਂ ਬਦਲ ਕੇ ਕਾਮਨੀਫੋਰਮ ਰੱਖ ਲਿਆ ਸੀ ਅਤੇ ਇਹ ਵੀ ਚੀਨ ਦੀਆਂ ਨੀਤੀਆਂ ਦੀ ਵਕਾਲਤ ''ਚ ਲੱਗਿਆ ਹੋਇਆ ਸੀ।ਇਸ ਲਈ ਸੰਸਥਾ ਦੀ ਲੀਡਰਸ਼ਿਪ ''ਚ ਵੀ ਤਬਦੀਲੀ ਵਿਖਾਈ ਪਈ।

ਚੀਨ ਦੀਆਂ ਨੀਤੀਆਂ ਦਾ ਸਮਰਥਨ ਕਰਨ ਵਾਲੇ ਲੋਕਾਂ ਨੂੰ ਭਾਰਤੀ ਕਮਿਊਨਿਸਟ ਪਾਰਟੀ ''ਚ ਤਰਜੀਹ ਮਿਲਣ ਲੱਗੀ। 1951 ''ਚ ਚੰਦਰ ਰਾਜੇਸ਼ਵਰ ਰਾਓ ਨੂੰ ਬੀ.ਟੀ ਰਣਦੀਵੇ ਦੀ ਥਾਂ ''ਤੇ ਪਾਰਟੀ ਦਾ ਮੁੱਖੀ ਚੁਣਿਆ ਗਿਆ।

ਉਦੋਂ ਤੱਕ ਤੇਲੰਗਾਨਾ ਦਾ ਹਥਿਆਰਬੰਦ ਕਿਸਾਨੀ ਅੰਦੋਲਨ ਠੰਡਾ ਪੈ ਚੁੱਕਾ ਸੀ। ਪਾਰਟੀ ਦੇ ਆਗੂਆਂ ''ਚ ਇਸ ਅੰਦੋਲਨ ਨੂੰ ਜਾਰੀ ਰੱਖਣ ਜਾਂ ਫਿਰ ਖ਼ਤਮ ਕਰਨ ਸਬੰਧੀ ਕਈ ਵਿਆਪਕ ਚਰਚਾਵਾਂ ਵੀ ਹੋਈਆਂ।ਪਾਰਟੀ ਦੇ ਚਾਰ ਆਗੂਆਂ ਦਾ ਸਮੂਹ ਮਾਸਕੋ ਗਿਆ ਅਤੇ ਇਸ ਮਾਮਲੇ ''ਚ ਸਟਾਲਿਨ ਨਾਲ ਸਲਾਹ ਮਸ਼ਵਰਾ ਕੀਤਾ।

ਮਾਸਕੋ ਜਾਣ ਵਾਲੇ ਇਸ ਸਮੂਹ ''ਚ ਐਮ ਬਾਸਵਾਪੁਨਈਆ, ਅਜੈ ਘੋਸ਼, ਐਸਏ ਡਾਂਗੇ ਅਤੇ ਚੰਦਰ ਰਾਜੇਸ਼ਵਰ ਰਾਓ ਸ਼ਾਮਲ ਸੀ। ਸੋਵੀਅਤ ਸੰਘ ਤੋਂ ਵਾਪਸ ਆਉਣ ਤੋਂ ਬਾਅਦ ਇਸ ਅੰਦੋਲਨ ਦੇ ਅੰਤ ਦਾ ਐਲਾਨ ਕੀਤਾ ਗਿਆ ਅਤੇ ਇਸ ਨਾਲ 1952 ਦੀਆਂ ਆਮ ਚੋਣਾਂ ''ਚ ਹਿੱਸਾ ਲੈਣ ਦਾ ਰਾਹ ਵੀ ਸਾਫ਼ ਹੋ ਗਿਆ।

ਭਾਵੇਂ ਕਿ ਇਸ ਸਮੇਂ ਦੌਰਾਨ ਚੀਨੀ ਨੀਤੀਆਂ ਨੂੰ ਅਪਣਾਉਣ ਦਾ ਐਲਾਨ ਕਰਨ ''ਚ ਕੋਈ ਰੁਕਾਵਟ ਨਹੀਂ ਸੀ ਅਤੇ ਇਹ ਵੀ ਕਿਹਾ ਜਾ ਸਕਦਾ ਸੀ ਕਿ ਚੀਨ ''ਚ ਪਾਰਟੀ ਦਾ ਚੇਅਰਮੈਨ ਹੀ ਭਾਰਤ ''ਚ ਪਾਰਟੀ ਦਾ ਚੇਅਰਮੈਨ ਹੈ, ਪਰ ਤਤਕਾਲੀ ਹਾਲਾਤਾਂ ਦੇ ਮੱਦੇਨਜ਼ਰ ਅਤੇ ਦਮਨ ਦਾ ਸ਼ੱਕ ਪ੍ਰਗਟ ਕਰਦਿਆਂ, ਪਿਛਲੇ ਤਜ਼ਰਬਿਆਂ ਨੂੰ ਧਿਆਨ ''ਚ ਰੱਖਦਿਆਂ ਦੋ ਧਾਰਵਾਂ ਦਾ ਪ੍ਰਸਤਾਵ ਰੱਖਿਆ ਗਿਆ ਸੀ।

ਸੁਰੱਖਿਅਤ ਗੁਰੀਲਾ ਸੰਘਰਸ਼ ਨੂੰ ਰਣਨੀਤਿਕ ਤੌਰ ''ਤੇ ਪ੍ਰਸਤਾਵਿਤ ਕੀਤਾ ਗਿਆ ਅਤੇ ਸੰਸਦੀ ਮਾਰਗ ਨੂੰ ਰਾਜਨੀਤੀ ਸਿਧਾਂਤ ਵੱਜੋਂ ਪੇਸ਼ ਕੀਤਾ ਗਿਆ ਸੀ। ਇਸੇ ਦੌਰਾਨ ਮਦੁਰੈ ''ਚ ਹੋਈ ਬੈਠਕ ''ਚ ਸੱਤਾਧਿਰ ਕਾਂਗਰਸ ਸਰਕਾਰ ਖ਼ਿਲਾਫ ਮਜ਼ਬੂਤੀ ਨਾਲ ਖੜ੍ਹਣ ਦਾ ਫ਼ੈਸਲਾ ਕੀਤਾ ਗਿਆ ਸੀ ਕਿਉਂਕਿ ਚੀਨੀ ਨੀਤੀਆਂ ਦਾ ਸਮਰਥਨ ਕਰਨ ਵਾਲਾ ਧੜਾ ਭਾਰੂ ਸੀ।

ਦੋਵਾਂ ਧਾਰਨਾਵਾਂ ''ਚੋਂ ਕਿਸ ਨੂੰ ਅਪਣਾਇਆ ਜਾਵੇ, ਇਸ ਮੁੱਦੇ ''ਤੇ ਅਸਹਿਮਤੀ ਦੇ ਚੱਲਦਿਆਂ ਪਾਰਟੀ ਨੂੰ ਬਹੁਤ ਨੁਕਸਾਨ ਵੀ ਝੱਲਣਾ ਪਿਆ ਸੀ। ਜਿਸਦਾ ਵੀ ਦਬਦਬਾ ਕਾਇਮ ਹੋ ਰਿਹਾ ਸੀ, ਪਾਰਟੀ ਉਸ ਦੀਆਂ ਹੀ ਨੀਤੀਆਂ ਦੀ ਹਿਮਾਇਤ ਕਰ ਰਹੀ ਸੀ।

1952 ਦੀਆਂ ਆਮ ਚੋਣਾਂ ''ਚ ਭਾਰਤੀ ਕਮਿਊਨਿਸਟ ਪਾਰਟੀ ਪ੍ਰਮੁੱਖ ਵਿਰੋਧੀ ਧਿਰ ਵੱਜੋਂ ਸਾਹਮਣੇ ਆਈ। ਪਾਰਟੀ ਦੇ ਜ਼ਿਆਦਾਤਰ ਆਗੂਆਂ ਨੂੰ ਵਿਸ਼ਵਾਸ ਸੀ ਕਿ 1955 ''ਚ ਆਂਧਰਾ ਪ੍ਰਦੇਸ਼ ਦੀਆਂ ਚੋਣਾਂ ''ਚ ਪਾਰਟੀ ਨੂੰ ਜਿੱਤ ਜ਼ਰੂਰ ਮਿਲੇਗੀ ਪਰ ਅਜਿਹਾ ਨਾ ਹੋਇਆ। ਪਾਰਟੀ ਖ਼ਿਲਾਫ ਲੋਕਾਂ ਨੂੰ ਡਰਾਉਣ ਅਤੇ ਝੂਠੇ ਪ੍ਰਚਾਰ ਕਰਨ ਵਾਲਿਆਂ ਦਾ ਬੋਲਬਾਲਾ ਰਿਹਾ।

ਫਿਰ 1957 ''ਚ ਕੇਰਲਾ ''ਚ ਹੋਈਆਂ ਚੋਣਾਂ ''ਚ ਭਾਰਤੀ ਕਮਿਊਨਿਸਟ ਪਾਰਟੀ ਨੂੰ ਜਿੱਤ ਹਾਸਲ ਹੋਈ। ਈਐਮਐਸ ਨੰਬੁਦਰੀਪਾਦ ਦੀ ਅਗਵਾਈ ''ਚ ਸਰਕਾਰ ਖੜ੍ਹੀ ਕੀਤੀ ਗਈ। ਦੁਨੀਆ ਭਰ ''ਚ ਇਹ ਬਹੁਤ ਘੱਟ ਹੋਇਆ ਸੀ ਕਿ ਕਿਸੇ ਰਾਜ ''ਚ ਕਮਿਊਨਿਸਟਾਂ ਦੀ ਲੋਕਾਂ ਵੱਲੋਂ ਚੁਣੀ ਹੋਈ ਸਰਕਾਰ ਬਣੀ ਹੋਵੇ।

ਕੋਰੋਨਾਵਾਇਰਸ
BBC

ਇਸ ਤੋਂ ਬਾਅਦ ਇਹ ਵਿਸ਼ਵਾਸ ਹੋਰ ਪੱਕਾ ਹੋ ਗਿਆ ਕਿ ਕਮਿਊਨਿਸਟ ਚੋਣਾਂ ਦੇ ਜ਼ਰੀਏ ਵੀ ਸੱਤਾ ''ਚ ਆ ਸਕਦੇ ਹਨ ਅਤੇ ਪੱਛਮੀ ਬੰਗਾਲ ਅਤੇ ਤ੍ਰਿਪੁਰਾ ''ਚ ਇਹ ਭਰੋਸਾ ਹੋਰ ਮਜ਼ਬੂਤ ਹੋ ਗਿਆ ਸੀ।

''ਚੀਨ ਦੀਆਂ ਨੀਤੀਆਂ ਸਾਡੀਆਂ ਨੀਤੀਆਂ ਹੋਣਗੀਆਂ'' ਇਸ ਨਾਅਰੇ ਦੇ ਨਾਲ ''ਕੇਰਲਾ ਦਾ ਰਸਤਾ ਵੀ ਸਾਡਾ ਰਸਤਾ ਹੋਵੇਗਾ'' ਨਾਅਰਾ ਜੋੜਿਆ ਗਿਆ।ਇਸ ਦੇ ਨਾਲ ਹੀ ਚੋਣ ਰਾਜਨੀਤੀ ਨੇ ਹਥਿਆਰਬੰਦ ਰਾਜਨੀਤੀ ਦੀ ਥਾਂ ਲੈ ਲਈ।ਇਸ ਦੌਰਾਨ ਜ਼ਮੀਨੀ ਸੁਧਾਰ, ਮਜ਼ਦੂਰੀ ''ਚ ਸੁਧਾਰ ਆਦਿ ਕਾਨੂੰਨ ਲਾਗੂ ਕੀਤੇ ਗਏ, ਜਿਸ ਨਾਲ ਧਾਰਮਿਕ ਤਾਕਤਾਂ ''ਚ ਗੁੱਸੇ ਦਾ ਰੋਹ ਪੈਦਾ ਹੋਇਆ।

ਇਸ ਨਾਲ ਤਣਾਅ ਦੀ ਸਥਿਤੀ ਪੈਦਾ ਹੋ ਗਈ , ਜਿਸ ਤੋਂ ਬਾਅਧ ਇੰਦਰਾ ਗਾਂਧੀ ਨੇ ਰਾਜ ਦਾ ਦੌਰਾ ਕੀਤਾ ਅਤੇ ਕੇਰਲਾ ''ਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਸਿਫਾਰਸ਼ ਕੀਤੀ। ਨਹਿਰੂ ਸਰਕਾਰ ਨੇ ਇਸ ਸੁਝਾਅ ਨੂੰ ਸਵੀਕਾਰ ਕਰ ਲਿਆ।

ਇਸ ਸਮੇਂ ਤੱਕ ਦੁਨੀਆ ਭਰ ਦੇ ਦੇਸ਼ਾਂ ਨੇ ਸੋਵੀਅਤ ਸੰਘ ਅਤੇ ਚੀਨ ਦੇ ਕਮਿਊਨਿਸਟ ਨਜ਼ਰੀਏ ''ਚੋਂ ਆਪੋ ਆਪਣਾ ਰਾਹ ਲੱਭ ਲਿਆ ਸੀ।1962 ''ਚ ਭਾਰਤ ਅਤੇ ਚੀਨ ਵਿਚਾਲੇ ਹੋਈ ਜੰਗ ਨੇ ਇੱਕ ਨਵੇਂ ਮੋੜ ਨੂੰ ਪੈਦਾ ਕੀਤਾ।ਭਾਰਤੀ ਕਮਿਊਨਿਸਟ ਪਾਰਟੀ ਦੇ ਕਈ ਆਗੂਆਂ ਨੂੰ ਇਸ ਯੁੱਧ ਦੌਰਾਨ ਚੀਨ ਦਾ ਸਮਰਥਨ ਕਰਨ ਦੇ ਇਲਜ਼ਾਮ ''ਚ ਹਿਰਾਸਤ ''ਚ ਲਿਆ ਗਿਆ ਅਤੇ ਉਨ੍ਹਾਂ ਨੂੰ ਜੇਲ੍ਹਾਂ ''ਚ ਸੁੱਟ ਦਿੱਤਾ ਗਿਆ।

ਪਾਰਟੀ ''ਚ ਮੌਜੂਦ ਦੋ ਧੜ੍ਹਿਆਂ ਵਿਚਾਲੇ ਸੰਘਰਸ਼ ਹੋਰ ਤੇਜ਼ ਹੋ ਗਿਆ।ਪਾਰਟੀ ਦੇ ਬਾਕੀ ਬਚੇ ਆਗੂ 1963 ''ਚ ਆਂਧਰਾ ਪ੍ਰਦੇਸ਼ ਦੇ ਤੇਨਾਲੀ ਵਿਖੇ ਇੱਕਠੇ ਹੋਏ ਅਤੇ ਪਾਰਟੀ ''ਚ ਨੀਤੀਆਂ ''ਤੇ ਸਹਿਮਤੀ ਨਾ ਬਣਨ ''ਤੇ ਨਵੀਂ ਪਾਰਟੀ ਦੇ ਗਠਨ ਦਾ ਕੰਮ ਸ਼ੁਰੂ ਕੀਤਾ ਗਿਆ।

ਪਾਰਟੀ ਦੀ 7ਵੀਂ ਕਾਂਗਰਸ ਦੀ ਬੈਠਕ ਦੋ ਥਾਵਾਂ ''ਤੇ ਆਯੋਜਿਤ ਹੋਈ।ਚੀਨੀ ਨੀਤੀਆਂ ਦੇ ਸਮਰਥਨ ਵਾਲੇ ਧੜ੍ਹੇ ਨੇ ਤਤਕਾਲੀ ਕਲਕੱਤੇ ਅਤੇ ਸੋਵੀਅਤ ਸੰਘ ਦੇ ਧੜ੍ਹੇ ਨੇ ਤਤਕਾਲੀ ਬੰਬੇ ''ਚ ਬੈਠਕ ਦਾ ਆਯੋਜਨ ਕੀਤਾ।ਬੰਬੇ ''ਚ ਜਿਸ ਪਾਰਟੀ ਦਾ ਗਠਨ ਹੋਇਆ, ਉਸ ਦਾ ਨਾਂਅ ਭਾਰਤੀ ਕਮਿਊਨਿਸਟ ਪਾਰਟੀ ਰੱਖਿਆ ਗਿਆ ਅਤੇ ਕਲਕੱਤਾ ''ਚ ਗਠਿਤ ਹੋਈ ਪਾਰਟੀ ਦਾ ਨਾਮ ਮਾਰਕਸਵਾਦੀ ਕਮਿਊਨਿਸਟ ਪਾਰਟੀ ਰੱਖਿਆ ਗਿਆ ਸੀ।

ਕੁਲ ਮਿਲਾ ਕੇ ਜਿਹੜੀ ਪਾਰਟੀ ਸ਼ਹਿਰੀ ਸੰਘਰਸ਼ ਨਾਲ ਸ਼ੁਰੂ ਹੋਈ ਸੀ ਉਸ ਨੇ ਹੁਣ ਦਿਹਾਤੀ ਖੇਤੀ ਸੰਘਰਸ਼ ਵੱਲ ਆਪਣਾ ਰੁਖ਼ ਮੋੜ ਲਿਆ ਸੀ।ਇਸ ਨੂੰ ਚੀਨੀ ਕਮਿਊਨਿਜ਼ਮ ਦੀ ਰਾਹ ''ਤੇ ਤੁਰਨਾ ਕਿਹਾ ਜਾ ਸਕਦਾ ਹੈ।

4. ਹਿੰਸਕ ਖੱਬੇਪੱਖੀ- ਪੇਂਡੂ ਖੇਤਰਾਂ ਤੋਂ ਜੰਗਲਾਂ ਵੱਲ

ਪਾਰਟੀ ''ਚ ਸ਼ੁਰੂਆਤੀ ਵੰਡ ਤੋਂ ਬਾਅਦ ਇਹ ਅਲਟਰਾ ਲੇਫਟ ਅਤੇ ਮਾਰਕਸਵਾਦੀ ਲੈਨਿਨਵਾਦੀ ਪਾਰਟੀਆਂ ਦਾ ਦੌਰ ਸੀ।ਇਸ ਸਮੇਂ ਦੌਰਾਨ ਪਾਰਟੀ ਦਾ ਧਿਆਨ ਦਿਹਾਤੀ ਖੇਤਰਾਂ ਤੋਂ ਜੰਗਲਾਂ ਵੱਲ ਤਬਦੀਲ ਹੁੰਦਾ ਗਿਆ।ਪਾਰਟੀ ''ਚ ਪਹਿਲੇ ਪਾੜੇ ਅਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ ਦਾ ਗਠਨ ਹੋਣ ''ਚ ਸਮਾਂ ਲੱਗਿਆ ਸੀ।

ਪਰ ਮਾਰਕਸਵਾਦੀ ਕਮਿਊਨਿਸਟ ਪਾਰਟੀ ਤੋਂ ਮਾਰਕਸਵਾਦੀ ਲੈਨਿਨਵਾਦੀ ਸਮੂਹ ਨੂੰ ਵੱਖ ਹੋਣ ''ਚ ਵਧੇਰੇ ਸਮਾਂ ਨਾ ਲੱਗਿਆ ਅਤੇ ਉਨ੍ਹਾਂ ਨੇ ਕਈ ਵੱਖ ਵਾਖ ਪਾਰਟੀਆਂ ਦਾ ਗਠਨ ਕੀਤਾ।

ਸ਼ੁਰੂ-ਸ਼ੁਰੂ ''ਚ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਲੋਕਾਂ ਨੇ ਚੀਨ ਦੀਆਂ ਨੀਤੀਆਂ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਸੰਸਦੀ ਸੰਘਰਸ਼ ਤੋਂ ਇਲਾਵਾ ਸੰਘਰਸ਼ ਦਾ ਰਾਹ ਅਪਣਾਉਣਾ ਹੋਵੇਗਾ ਅਤੇ ਇਸ ਤੋਂ ਬਾਅਧ ਪਾਰਟੀ ਨੇ ਇੱਕ ਵਾਰ ਫਿਰ ਕੇਰਲਾ ਵਾਲੇ ਰਸਤੇ ਨੂੰ ਅਪਣਾ ਲਿਆ।

ਇਸ ਤੋਂ ਬਾਅਦ ਮਾਰਕਸਵਾਦੀ ਪਾਰਟੀ ਦੇ ਕਈ ਲੋਕਾਂ ਨੂੰ ਅਹਿਸਾਸ ਹੋਇਆ ਕਿ ਇਹ ਕ੍ਰਾਂਤੀ ਦਾ ਰਾਹ ਨਹੀਂ ਹੈ।ਇਸ ਦੀ ਮਦਦ ਨਾਲ ਸਮਾਜ ਦੇ ਦੱਬੇ ਕੁੱਚਲੇ ਤਬਕੇ ਨੂੰ ਨਿਆਂ ਨਹੀਂ ਮਿਲ ਸਕਦਾ ਹੈ।ਇਸ ਲਈ ਚੀਨ ਦੀ ਕ੍ਰਾਂਤੀ ਦੀ ਤਰ੍ਹਾਂ ਹੀ ਹਥਿਆਰਬੰਦ ਇਨਕਲਾਬ ਹੀ ਇੱਕੋ ਿੲੱਕ ਰਸਤਾ ਹੈ।

1960 ਦਾ ਦਹਾਕਾ ਕੌਮਾਂਤਰੀ ਪੱਧਰ ''ਤੇ ਬਹੁਤ ਹੀ ਉੱਥਲ-ਪੁਥਲ ਵਾਲਾ ਸਾਲ ਰਿਹਾ ਸੀ।ਕਈ ਦੇਸ਼ਾਂ ਦੇ ਨੌਜਵਾਨ ਅੰਦੋਲਨ ਅਤੇ ਸੰਘਰਸ਼ ਦੀ ਰਾਹ ''ਤੇ ਤੁਰ ਰਹੇ ਸਨ।ਇਹ ਦੌਰ ਐਂਗਰੀ ਯੰਗ ਮੈਨ ਦੇ ਅਕਸ ਦਾ ਦੌਰ ਸੀ।

ਇਸ ਸਮੇਂ ਹੀ ਚੇ ਗਵੇਰਾ ਕੌਮਾਂਤਰੀ ਪੱਧਰ ''ਤੇ ਵਿਦਰੋਹੀ ਨੌਜਵਾਨ ਦੇ ਆਈਕਨ ਵੱਜੋਂ ਉਭਰੇ ਸਨ।ਦੇਸ਼ ਭਰ ''ਚ ਗਰੀਬੀ ਅਤੇ ਬੇਰੁਜ਼ਗਾਰੀ ਦਾ ਦੌਰ ਸੀ।ਅਮਰੀਕਾ ''ਤੇ ਵਿਅਤਨਾਮ ਦੀ ਜਿੱਤ ਨੇ ਵੀ ਕਈਆਂ ਦੇ ਹੌਂਸਲਿਆਂ ਨੂੰ ਬੁਲੰਦ ਕੀਤਾ ਸੀ।

ਨਕਸਲਬਾੜੀ ਅੰਦੋਲਨ

ਮਾਰਕਸਵਾਦੀ ਕਮਿਊਨਿਸਟ ਪਾਰਟੀ ਦੀ ਦਾਰਜਲੰਿਗ ਸ਼ਾਖਾ ''ਚ ਚਾਰੂ ਮਜ਼ੂਮਦਾਰ ਨਾਂਅ ਦੇ ਆਗੂ ਸਨ।ਉਨ੍ਹਾਂ ਨੇ ਕੁੱਝ ਦਸਤਾਵੇਜ਼ ਤਿਆਰ ਕੀਤੇ ਸਨ, ਜਿੰਨਾਂ ਨੂੰ ਤਰਾਈ ਦਸਤਾਵੇਜ਼ਾਂ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਝੂਠੀ ਆਜ਼ਾਦੀ ਦਾ ਮੋਹ ਤਿਆਗ ਕੇ ਚੀਨ ਦੀਆਂ ਨੀਤੀਆਂ ਦਾ ਸਮਰਥਨ ਕਰਨ।

ਇਸ ਦੌਰਾਨ ਹੀ ਸਿਲੀਗੁੜ੍ਹੀ ਨੇੜੇ ਪੈਂਦੇ ਇੱਕ ਪਿੰਡ ਨਕਸਲਬਾੜੀ ''ਚ ਕੁੱਝ ਤਣਾਅ ਦੀ ਸਥਿਤੀ ਪੈਦਾ ਹੋ ਗਈ ਸੀ।ਦਰਅਸਲ ਸਥਾਨਕ ਜ਼ਮੀਦਾਰ ਦੇ ਬੰਦਿਆਂ ਨੇ ਬਿਮਾਲਨਾਮ ਦੇ ਇੱਕ ਕਿਸਾਨ ''ਤੇ ਹਮਲਾ ਕੀਤਾ ਸੀ।ਕਬਾਇਲੀ ਕਿਸਾਨਾਂ ਨੇ ਇਸ ਘਟਨਾ ਤੋਂ ਬਾਅਦ ਜ਼ਿਮੀਦਾਰਾਂ ਦੇ ਖ਼ਿਲਾਫ ਰੋਸ ਪ੍ਰਦਰਸ਼ਨ ਕੀਤਾ ਅਤੇ ਜ਼ਿਮੀਦਾਰਾਂ ਦੀਆਂ ਜ਼ਮੀਨਾਂ ''ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ।

ਨਕਸਲਬਾੜੀ ਪਿੰਡ ਤੋਂ ਸ਼ੁਰੂ ਹੋਣ ਕਾਰਨ ਇਸ ਲਹਿਰ ਦਾ ਨਾਂਅ ਨਕਸਲਬਾਰੀ ਪਿਆ
BBC
ਨਕਸਲਬਾੜੀ ਪਿੰਡ ਤੋਂ ਸ਼ੁਰੂ ਹੋਣ ਕਾਰਨ ਇਸ ਲਹਿਰ ਦਾ ਨਾਂਅ ਨਕਸਲਬਾਰੀ ਪਿਆ

ਚਾਰੂ ਮਜ਼ੂਮਦਾਰ , ਜੰਗਲ ਸੰਥਾਲ ਤੇ ਕਾਨੂੰ ਸਾਨਿਆਲ ਦੀ ਅਗਵਾਈ ''ਚ ਕਮਿਊਨਿਸਟ ਅੰਦੋਲਨ ਨੂੰ ਇੱਕ ਨਵਾਂ ਮੋੜ ਹਾਸਲ ਹੋਇਆ।ਚਾਈਨਾ ਡੇਲੀ ਮਾਰਨਿੰਗ ਸਟਾਰ ਅਖ਼ਬਾਰ ਨੇ ਇਸ ਨੂੰ ਭਾਰਤ ਦਾ ''ਸਪਰਿੰਗ ਥੰਡਰ'' ਦੇ ਰੂਪ ''ਚ ਪੇਸ਼ ਕੀਤਾ।ਇਸ ਦੇ ਨਾਲ ਹੀ ਅਨੁਮਾਨ ਲਗਾਇਆ ਗਿਆ ਕਿ ਇਹ ਜਲਦ ਹੀ ਦੇਸ਼ ਭਰ ''ਚ ਫੈਲ ਜਾਵੇਗਾ।

ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਸਾਰੇ ਅਸਹਿਮਤ ਆਗੂ ਇੱਕ ਥਾਂ ''ਤੇ ਇੱਕਠੇ ਹੋਏ ਅਤੇ ਉਨ੍ਹਾਂ ਨੇ 1968 ''ਚ ਮਿਲ ਕੇ ਆਲ ਇੰਡੀਆ ਕਮਿਊਨਿਸਟ ਰੈਵੋਲੁਸ਼ਨਰੀ ਕਾਰਡੀਨੇਸ਼ਨ ਕਮੇਟੀ ਦਾ ਗਠਨ ਕੀਤਾ।

ਇੰਨ੍ਹਾਂ ਦਾ ਮੁੱਖ ਸਿਧਾਂਤ ਚੋਣ ਮਾਰਗ ਦਾ ਵਿਰੋਧ ਕਰਨਾ ਅਤੇ ਹਥਿਆਰਬੰਦ ਸੰਘਰਸ਼ ਦੀ ਮਦਦ ਨਾਲ ਹੀ ਕ੍ਰਾਂਤੀ ਹਾਸਲ ਕਰਨਾ ਸੀ।ਕਾਨੂੰ ਸਨਿਆਲ ਅਤੇ ਚਾਰੂ ਮਜ਼ੂਮਦਾਰ ਨੂੰ ਮਾਰਕਸਵਾਦੀ ਕਮਿਊਨਿਸਟ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਸੀ।

ਇੰਨ੍ਹਾਂ ਦੋਵਾਂ ਨੇ ਹੋਰ ਅਸਹਿਮਤ ਆਗੂਆਂ ਨੂੰ ਨਾਲ ਲੈ ਕੇ ਪੱਛਮੀ ਬੰਗਾਲ ਦੇ ਬਰਧਵਾਨ ਵਿਖੇ ਇੱਕ ਬੈਠਕ ਕੀਤੀ।ਇਸ ਬੈਠਕ ''ਚ ਹਿੱਸਾ ਲੈਣ ਵਾਲੇ ਹੋਰ ਲੋਕਾਂ ਨੂੰ ਵੀ ਮਾਰਕਸਵਾਦੀ ਪਾਰਟੀ ਤੋਂ ਬਾਹਰ ਕੱਢ ਦਿੱਤਾ ਗਿਆ।ਆਲ ਇੰਡੀਆ ਕਮਿਊਨਿਸਟ ਇਨਕਲਾਬੀ ਤਾਲਮੇਲ ਕਮੇਟੀ ਦੀ ਆਂਧਰਾ ਕਮੇਟੀ ਹਥਿਆਰਬੰਦ ਕ੍ਰਾਂਤੀ ਦੀ ਤਿਆਰੀ ਕਰ ਰਹੀ ਸੀ ਕਿ ਉਸ ਸਮੇਂ ਹੀ ਸ੍ਰੀਕਾਕੁਲਮ ਕਮੇਟੀ ਨੇ ਦੋ ਮਤੇ ਪਾਸ ਕੀਤੇ।ਜਿਸ ''ਚ ਕਿਹਾ ਗਿਆ ਸੀ ਕਿ ਹਥਿਆਰਬੰਦ ਸੰਘਰਸ਼ ''ਚ ਹੁਣ ਦੇਰੀ ਨਹੀਂ ਕੀਤੀ ਜਾ ਸਕਦੀ ਹੈ।

ਇੰਨ੍ਹਾਂ ਲੋਕਾਂ ਨੇ ਸ੍ਰੀਕਾਕੁਲਮ ''ਚ ਸਾਵਰਾ ਅਤੇ ਜਾਤਾਪੁ ਦੇ ਆਦਿਵਾਸੀਆਂ ਨੂੰ ਜ਼ਿਮੀਦਾਰਾਂ ਦੇ ਖ਼ਿਲਾਫ ਸੰਘਰਸ਼ ਵਿੱਢਣ ਲਈ ਤਿਆਰ ਕੀਤਾ।ਇਸ ਲਹਿਰ ਨਾਲ ਦੇਸ਼ ਭਰ ਦੇ ਪੜ੍ਹੇ ਲਿਖੇ ਮੱਧ ਵਰਗ ਦੇ ਨੌਜਵਾਨ ਜੁੜੇ। ਇਸ ਸਮੇਂ ਹੀ ਬਿਹਾਰ ''ਚ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਕੱਟੜਪੰਥੀ ਅਨਸਰਾਂ ਨੇ ਬਿਹਾਰ ਦੇ ਮੁਸਹਹਰੀ ''ਚ ਹਥਿਆਰਬੰਦ ਸੰਘਰਸ਼ ਸ਼ੁਰੂ ਕਰ ਦਿੱਤਾ।

ਇਸ ਤੋਂ ਬਾਅਧ ਉੱਤਰ ਪ੍ਰਦੇਸ਼, ਪੰਜਾਬ ਅਤੇ ਪੱਛਮੀ ਬੰਗਾਲ ''ਚ ਫਸਲਾਂ ਅਤੇ ਜ਼ਮੀਨਾਂ ''ਤੇ ਕਬਜ਼ੇ ਨੂੰ ਲੈ ਕੇ ਅੰਦੋਲਨ ਸ਼ੁਰੂ ਹੋ ਗਏ।ਕੇਰਲਾ ''ਚ ਅਜਿਤਾ ਵਰਗੇ ਲੋਕਾਂ ਨੇ ਪੁਲਿਸ ਥਾਣਿਆਂ ''ਤੇ ਛਾਪਾਮਾਰੀ ਕਰਕੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ।

ਇੰਨ੍ਹਾਂ ਸਾਰੀਆਂ ਤਾਕਤਾਂ ਦੇ ਬਲਬੂਤੇ ਸਾਲ 1969 ''ਚ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਦਾ ਗਠਨ ਸੰਭਵ ਹੋਇਆ। ਇਸ ਤੋਂ ਬਾਅਦ ਜਿਸ ਵੀ ਪਾਰਟੀ ਨੇ ਹਥਿਆਰਬੰਦ ਸੰਘਰਸ਼ ਦੀ ਗੱਲ ਕੀਤੀ, ਉਸ ਨੇ ਆਪਣੀ ਪਾਰਟੀ ਦੇ ਨਾਂਅ ਪਿੱਛੇ ਸੀਪੀਆਈ (ਐਮਐਲ) ਲਗਾਉਣਾ ਸ਼ੁਰੂ ਕਰ ਦਿੱਤਾ।

ਕੋਰੋਨਾਵਾਇਰਸ
EPA
ਕੋਵਿਡ-19 ਕੋਈ ਆਮ ਖੰਘ ਨਹੀਂ ਸਗੋਂ ਜਿਸ ਵਾਇਰਸ ਕਾਰਨ ਇਹ ਹੁੰਦੀ ਹੈ ਉਹ ਸਾਰੇ ਸਰੀਰ ਉੱਪਰ ਆਪਣਾ ਹਮਲਾ ਕਰਦਾ ਹੈ

ਸਭ ਤੋਂ ਪਹਿਲੀ ਜਾਂ ਕਹਿ ਸਕਦੇ ਹਾਂ ਕਿ ਮੂਲ ਮਾਰਕਸਵਾਦੀ-ਲੈਨਿਨਵਾਦੀ ਪਾਰਟੀ ਕਈ ਧੜਿਆਂ ''ਚ ਵੰਡੀ ਗਈ।ਜਿਸ ''ਚ ਸਭ ਤੋਂ ਮਹੱਤਵਪੂਰਨ ਸੀਪੀਆਈ (ਐਮਐਲ) ਪੀਪਲਜ਼ ਵਾਰ ਮੁੱਖ ਤੌਰ ''ਤੇ ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਦੰਡਕਾਰਣਆ ਖੇਤਰ ''ਚ ਸਰਗਰਮ ਹੈ।ਜਦਕਿ ਮਾਓਵਾਦੀ ਕਮਿਊਨਿਸਟ ਸੈਂਟਰ (ਐਮਸੀਸੀ) ਪਹਿਲਾਂ ਬਿਹਾਰ ਅਤੇ ਬਾਅਧ ''ਚ ਪੱਛਮੀ ਬੰਗਾਲ ''ਚ ਸੁਤੰਤਰ ਤੌਰ ''ਤੇ ਕੰਮ ਕਰ ਰਿਹਾ ਹੈ।

ਇਸ ਤੋਂ ਇਲਾਵਾ ਵਿਨੋਦ ਮਿਸ਼ਰਾ ਦੀ ਅਗਵਾਈ ''ਚ ਸੀਪੀਆਈ (ਐਮਐਲ) (ਲਿਬਰੇਸ਼ਨ), ਸੱਤਿਆਨਾਰਾਇਣ ਸਿੰਘ ਅਤੇ ਚੰਦਰ ਪੁਲਾ ਰੈੱਡੀ ਦੀ ਅਗਵਾਈ ''ਚ ਇੱਕ ਹੋਰ ਐਮ ਐਲ ਪਾਰਟੀ ਵੀ ਸਰਗਰਮ ਸੀ।

ਇਸ ''ਚ ਪੀਪਲਜ਼ ਵਾਰ ਅਤੇ ਐਮਸੀਸੀ ਨੂੰ ਛੱਡ ਕੇ ਸਾਰੀਆਂ ਹੀ ਪਾਰਟੀਆਂ ਚੋਣਾਂ ''ਚ ਹਿੱਸਾ ਲੈਂਦੀਆਂ ਹਨ।2004 ''ਚ ਐਮਸੀਸੀ ਅਤੇ ਪੀਪਲਜ਼ ਵਾਰ ਇੱਕਠੇ ਹੋਏ ਅਤੇ ਇਹ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ''ਚ ਮਿਲ ਗਈਆਂ।ਇਹ ਦੇਸ਼ ਦਾ ਸਭ ਤੋਂ ਵੱਡਾ ਗੁਰੀਲਾ ਨਕਸਲੀ ਦਲ ਹੈ।ਪਰ ਅੱਜ ਦੇ ਸਮੇਂ ''ਚ ਸਾਰੇ ਹੀ ਨਕਸਲੀ ਸਮੂਹ ਸੰਕਟ ਦੇ ਦੌਰ ''ਚ ਲੰਘ ਰਹੇ ਹਨ।

1980 ਦੇ ਦਹਾਕੇ ਤੋਂ ਬਾਅਦ ਇੰਨ੍ਹਾਂ ਪਾਰਟੀਆਂ ਲਈ ਮੱਧ ਵਰਗ ਦਾ ਸਮਰਥਨ ਘਟਿਆ ਹੈ।ਇਸ ਤੋਂ ਬਾਅਦ 90ਵਿਆਂ ਦੇ ਦਹਾਕੇ ਦੇ ਸਮਾਜਿਕ ਸਬੰਧਾਂ ਅਤੇ ਸਮੀਕਰਣਾਂ ਨੇ ਇਸ ਨੂੰ ਹੋਰ ਕਮਜ਼ੋਰ ਕੀਤਾ ਹੈ।ਨਕਸਲੀ ਰਾਹ ਨੂੰ ਲੈ ਕੇ ਕਈ ਤਰ੍ਹਾਂ ਦੀ ਬਹਿਸਾਂ ਉਨ੍ਹਾਂ ਲੋਕਾਂ ਵਿਚਾਲੇ ਵੀ ਹੋ ਰਹੀਆਂ ਹਨ।

5. ਕੀ ਕਮਿਊਨਿਸਟ ਆਪਣੇ ਪ੍ਰਭਾਵ ਨੂੰ ਖ਼ਤਮ ਹੋਣ ਤੋਂ ਬਚਾ ਪਾਵੇਗਾ?

1952 ਅਤੇ 1957 ਦੀਆਂ ਆਮ ਚੋਣਾਂ ਦੌਰਾਨ ਦੇਸ਼ ਦੇ ਪ੍ਰਮੁੱਖ ਵਿਰੋਧੀ ਕਮਿਊਨਿਸਟਾਂ ਦੀ ਮੌਜੂਦਾ ਸਥਿਤੀ ਕੀ ਹੈ?

ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਅਤੇ ਭਾਰਤੀ ਕਮਿਊਨਿਸਟ ਪਾਰਟੀ ਕੋਲ ਲੋਕ ਸਭਾ ''ਚ ਦੋ ਸੀਟਾਂ ਹਨ ਜਦਕਿ ਇਨਕਲਾਬੀ ਸਮਾਜਵਾਦੀ ਪਾਰਟੀ ਕੋਲ ਇੱਕ ਹੀ ਸੀਟ ਹੈ।

ਆਲੋਚਕਾਂ ਦਾ ਵਿਚਾਰ ਹੈ ਕਿ ਭਾਰਤ ਜਿੱਥੇ ਪੇਂਡੂ ਖੇਤਰਾਂ ਤੋਂ ਸ਼ਹਿਰੀ ਖੇਤਰਾਂ ਵੱਲ ਵੱਧ ਰਿਹਾ ਹੈ, ਉੱਥੇ ਹੀ ਕਮਿਊਨਿਸਟ ਇਸ ਤੋਂ ਉਲਟ ਸ਼ਹਿਰੀ ਖੇਤਰਾਂ ਤੋਂ ਪੇਂਡੂ ਇਲਾਕਿਆਂ ਦੇ ਰਸਤੇ ਜੰਗਲੀ ਖੇਤਰਾਂ ਵੱਲ ਵੱਧ ਰਹੇ ਹਨ।

ਖੱਬੇ ਪੱਖੀ ਪਾਰਟੀਆਂ ਆਪਣੇ ਮਜ਼ਬੂਤ ਗੜ੍ਹ ਪੱਛਮੀ ਬੰਗਾਲ ''ਚ ਆਪਣੀ ਸੱਤਾ ਗੁਆ ਚੁੱਕੀਆਂ ਹਨ।ਹੁਣ ਕਿਹਾ ਜਾ ਰਿਹਾ ਹੈ ਕਿ ਪੱਛਮੀ ਬੰਗਾਲ ''ਚ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਕਾਡਰ ਵਿਚਾਰਧਾਰਾ ਦੇ ਪੱਧਰ ''ਤੇ ਆਪਣੀ ਵਿਰੋਧੀ ਭਾਰਤੀ ਜਨਤਾ ਪਾਰਟੀ ''ਚ ਸ਼ਾਮਲ ਹੋ ਰਹੇ ਹਨ।ਜਿੰਨ੍ਹਾਂ ਖੱਬੇਪੱਖੀ ਪਾਰਟੀਆਂ ਨੇ ਸੰਸਦੀ ਲੜਾਈ ਦੀ ਥਾਂ ''ਤੇ ਹਥਿਆਰਬੰਦ ਲੜਾਈ ਦੀ ਚੋਣ ਕੀਤੀ ਹੈ , ਉਹ ਵੀ ਮੁਸ਼ਕਲਾਂ ਅਤੇ ਸੰਕਟ ਦੇ ਦੌਰ ''ਚੋਂ ਗੁਜ਼ਰ ਰਹੀਆਂ ਹਨ।

ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਦੇ ਆਗੂ ਕੋਬਾਡ ਗਾਂਧੀ ਨੇ ਕੁੱਝ ਸਾਲ ਪਹਿਲਾਂ ਇਕਨਾਮਿਕ ਐਂਡ ਪੋਲੀਟੀਕਲ ਵੀਕਲੀ ਰਸਾਲੇ ''ਚ ਲਿਿਖਆ ਸੀ ਕਿ ਉਨ੍ਹਾਂ ਲੋਕਾਂ ਨੂੰ ਸਵੈ ਪੜਚੋਲ ਕਰਨ ਦੀ ਜ਼ਰੂਰਤ ਹੈ ਕਿ ਉਨ੍ਹਾਂ ਦੀ ਪਕੜ ਜੰਗਲ ਦੇ ਇੱਕ ਛੋਟੇ ਜਿਹੇ ਹਿੱਸੇ ਤੱਕ ਹੀ ਸੀਮਿਤ ਕਿਉਂ ਹੋ ਗਈ ਹੈ।ਕਿਉਂ ਉਹ ਮੈਦਾਨੀ ਇਲਾਕਿਆਂ ''ਚ ਆਪਣਾ ਰੁਤਬਾ ਕਾਇਮ ਨਹੀਂ ਕਰ ਪਾ ਰਹੇ ਹਨ ਅਤੇ ਇਸ ਦੇ ਨਾਲ ਹੀ ਉਹ ਨੌਜਵਾਨ ਪੀੜ੍ਹੀ ਨੂੰ ਆਪਣੇ ਵੱਲ ਕਰਨ ''ਚ ਅਸਫਲ ਕਿਉਂ ਹੋ ਰਹੇ ਹਨ।

ਕਮਿਊਨਿਸਟ ਪਾਰਟੀਆਂ ਦੀ ਸਾਰਥਕਤਾ, ਉਨ੍ਹਾਂ ਦੀ ਸ਼ਕਤੀਆਂ ਅਤੇ ਕਮਜ਼ੋਰੀਆਂ ਨੂੰ ਵੇਖਦਿਆਂ ਹੋਇਆਂ ਦੋ ਮੁੱਦੇ ਉਭਰ ਕੇ ਸਾਹਮਣੇ ਆਏ ਹਨ:-

1. ਕਮਿਊਨਿਸਟ ਤਾਕਤਾਂ ਪੂੰਜੀਵਾਦੀ ਤਾਕਤਾਂ ਦਾ ਮੁਕਾਬਲਾ ਉਸ ਢੰਗ ਨਾਲ ਕਰਨ ਦੇ ਯੋਗ ਨਹੀਂ ਹਨ, ਜਿਸ ਤਰ੍ਹਾਂ ਇੰਨ੍ਹਾਂ ਨੇ ਜਗੀਰਦਾਰੀ ਤਾਕਤਾਂ ਦੇ ਖ਼ਿਲਾਫ ਮੋਰਚਾਬੰਦੀ ਕੀਤੀ ਸੀ।ਵਿਚਾਰਧਾਰਾ ਦੇ ਅਧਾਰ ''ਤੇ ਕਮਿਊਨਿਜ਼ਮ ਨੇ ਹਮੇਸ਼ਾਂ ਹੀ ਪੂੰਜੀਵਾਦ ਨੂੰ ਹਰਾੳੇੁਣ ਦੀ ਗੱਲ ਕੀਤੀ ਹੈ, ਪਰ ਕਮਿਊਨਿਸਟ ਪੂੰਜੀਵਾਦੀ ਤਾਕਤਾਂ ਨਾਲ ਨਜਿੱਠਣ ਦੇ ਯੋਗ ਹੀ ਨਹੀਂ ਹਨ।ਇਹੀ ਕਾਰਨ ਹੈ ਕਿ ਉਹ ਸਮਾਜ ਦੇ ਸਭ ਤੋਂ ਪਛੜੇ ਖੇਤਰਾਂ ''ਚ ਬਹੁਤ ਸਤਾਏ ਅਤੇ ਦੱਬੇ ਕੁੱਚਲੇ ਲੋਕਾਂ ਨੂੰ ਇੱਕਠਾ ਕਰ ਸਕਦੇ ਹਨ।

ਹਾਲਾਂਕਿ ਜੇਕਰ ਹਾਲਾਤ ਬਦਲਦੇ ਹਨ ਅਤੇ ਲੋਕਾਂ ਦੀ ਸਥਿਤੀ ''ਚ ਸੁਧਾਰ ਹੁੰਦਾ ਹੈ ਤਾਂ ਕਮਿਊਨਿਜ਼ਮ ਉਨ੍ਹਾਂ ਖੇਤਰਾਂ ''ਚ ਆਪਣੀ ਪਕੜ ਢਿੱਲੀ ਕਰ ਰਿਹਾ ਹੈ।ਇਹ ਸੁਧਾਰ ਸਰਕਾਰ ਦੇ ਦਖਲ ਜਾਂ ਫਿਰ ਸਮਾਜਿਕ ਤਰੱਕੀ ਦੇ ਚੱਲਦਿਆਂ ਹੋ ਸਕਦੇ ਹਨ, ਪਰ ਇਸ ਦਾ ਪ੍ਰਭਾਵ ਕਮਿਊਨਿਜ਼ਮ ''ਤੇ ਜ਼ਰੂਰ ਪੈ ਰਿਹਾ ਹੈ।ਇਸ ਲਈ ਵਿਆਪਕ ਪੱਧਰ ''ਤੇ ਬੁਨਿਆਦੀ ਸਿਧਾਂਤਾ ''ਚ ਬਦਲਾਵ ਲਿਆਉਣ ਦੀ ਜ਼ਰੂਰਤ ਹੈ।ਵਿਸ਼ਵਵਿਆਪੀ ਪੱਧਰ ''ਤੇ ਪੂੰਜੀਵਾਦੀ ਪ੍ਰਣਾਲੀ ਨੇ ਆਪਣੇ ਰੂਪ ''ਚ ਤਬਦੀਲੀ ਲਿਆਂਦੀ ਹੈ, ਪਰ ਕਮਿਊਨਿਜ਼ਮ ''ਚ ਅਜਿਹੀ ਕੋਈ ਤਬਦੀਲੀ ਵੇਖਣ ਨੂੰ ਨਹੀਂ ਮਿਲੀ ਹੈ।

ਭਾਰਤੀ ਕਮਿਊਨਿਸਟਾਂ ਨੇ ਕਦੇ ਵੀ ਜਾਤੀ ਵੱਲ ਆਪਣਾ ਧਿਆਨ ਕੇਂਦਰਤ ਨਹੀਂ ਕੀਤਾ ਹੈ।ਕਹਿ ਸਕਦੇ ਹਾਂ ਕਿ ਉਨ੍ਹਾਂ ਨੇ ਸੱਚ ਤੋਂ ਮੂੰਹ ਮੋੜੀ ਰੱਖਿਆ ਹੈ, ਕਿਉਂਕਿ ਜਾਤੀ ਪ੍ਰਣਾਲੀ ਭਾਰਤੀ ਸਮਾਜ ਦੀ ਇੱਕ ਅਟੱਲ ਸੱਚਾਈ ਹੈ।ਉਨ੍ਹਾਂ ਨੇ ਚੀਨ ਅਤੇ ਰੂਸ ''ਚ ਅਪਣਾਏ ਗਏ ਤਰੀਕਾਂ ਅਤੇ ਸਮਝ ਨੂੰ ਧਾਰਨ ਕੀਤਾ ਪਰ ਭਾਰਤੀ ਸਮਾਜ ਦੇ ਜਾਤੀ ਸਮੀਕਰਣਾਂ ਦੀ ਪ੍ਰਵਾਹ ਹੀ ਨਹੀਂ ਕੀਤੀ।

ਕਮਿਊਨਿਸਟ ਚਿੰਨ੍ਹ
BBC

ਇੰਨ੍ਹਾਂ ਲੋਕਾਂ ਨੇ ਭਾਰਤੀ ਰਾਜਨੀਤੀ ''ਚ ਜਾਤੀ ਦੀ ਭੂਮਿਕਾ ਨੂੰ ਵੀ ਅਣਗੋਲਿਆ ਹੈ।ਅੰਬੇਦਕਰ ਨੇ ਐਸ ਏ ਡਾਂਗੇ ਦੇ ਦੌਰ ''ਚ ਸਮਾਜਿਕ ਸੰਘਰਸ਼ ਦੀ ਅਗਵਾਈ ਕੀਤੀ ਸੀ, ਪਰ ਡਾਂਗੇ ਨੇ ਉਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ।ਬੁਨਿਆਦੀ ਢਾਂਚੇ ਅਤੇ ਜਨਤਕ ਅਧਾਰ ''ਤੇ ਜਾਤੀ ਦੇ ਸਵਾਲ ਨੂੰ ਬਹੁਤ ਘੱਟ ਦਰਜਾ ਪ੍ਰਦਾਨ ਕੀਤਾ ਗਿਆ।ਇਸ ਸਭ ਦਾ ਸਿੱਟਾ ਜੋ ਨਿਕਲਿਆ ਉਹ ਸਾਡੇ ਸਾਹਮਣੇ ਹੀ ਹੈ।

2. ਸਮੇਂ ਦੇ ਨਾਲ ਕਦੋਂ ਜਾਤੀ ਸਮਾਜਿਕ ਪੂੰਜੀ ਦੇ ਰੂਪ ''ਚ ਤਬਦੀਲ ਹੋਣ ਲੱਗੀ ਅਤੇ ਰਾਜਨੀਤਿਕ ਤੌਰ ''ਤੇ ਇੱਕਜੁੱਟ ਹੋਣ ਦਾ ਪ੍ਰਮੁੱਖ ਕਾਰਨ ਬਣਨ ਲੱਗੀ ਤਾਂ ਖੱਬੇਪੱਖੀ ਪਾਰਟੀਆਂ ਕੋਲ ਦੂਰ ਖੜ੍ਹੇ ਹੋ ਕੇ ਸਭ ਕੁੱਝ ਵੇਖਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਸੀ।ਕਮਿਊਨਿਸਟ ਨਾਂ ਤਾਂ ਜਾਤੀ ਪ੍ਰਣਾਲੀ ਨੂੰ ਖ਼ਤਮ ਕਰਨ ਲਈ ਕੋਈ ਮਜ਼ਬੂਤ ਨੀਤੀ, ਪ੍ਰੋਗਰਾਮ ਬਣਾ ਸਕੇ ਅਤੇ ਨਾ ਹੀ ਉਹ ਮੌਜੂਦਾ ਜਾਤੀਗਤ ਸਮੀਕਰਣਾਂ ਲਈ ਕੋਈ ਢੁਕਵੀਂ ਰਣਨੀਤੀ ਹੀ ਤਿਆਰ ਕਰ ਸਕੇ।

ਹਾਲਾਂਕਿ ਹੁਣ ਹਰ ਕਮਿਊਨਿਸਟ ਪਾਰਟੀ ਇਹੀ ਦਾਅਵਾ ਕਰ ਰਹੀ ਹੈ ਕਿ ਉਹ ਆਪਣੀਆਂ ਇੰਨਾਂ ਸਾਰੀਆਂ ਕਮਜ਼ੋਰੀਆਂ ਨੂੰ ਦੂਰ ਕਰੇਗੀ।

ਬੀਬੀਸੀ ਤੇਲਗੂ ਨਾਲ ਗੱਲਬਾਤ ਕਰਦਿਆਂ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਸੀਤਾਰਾਮ ਯੇਚੁਰੀ ਨੇ ਕਿਹਾ ਕਿ ਸੰਸਦ ''ਚ ਮੌਜੂਦ ਖੱਬੇਪੱਖੀ ਪਾਰਟੀਆਂ ਦੇ ਮੈਂਬਰਾਂ ਦੀ ਗਿਣਤੀ ਤੋਂ ਖੱਬੇ ਪੱਖੀ ਪਾਰਟੀਆਂ ਦੀ ਤਾਕਤ ਦਾ ਅੰਦਾਜ਼ਾ ਨਹੀਂ ਲਗਾਇਆ ਜਾਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਧਰਮ ਨਿਪੱਖਤਾ ਦੀ ਰੱਖਿਆ ਅਤੇ ਹਰ ਖੇਤਰ ''ਚ ਦਬਦਬਾ ਰੱਖਣ ਵਾਲੇ ਤਬਕੇ ਦੇ ਵਿਰੁੱਧ ਸੰਘਰਸ਼ ''ਚ ਅਤੇ ਸਮਾਜ ''ਚ ਪ੍ਰਗਤੀਸ਼ੀਲ ਚੇਤਨਾ ਪੈਦਾ ਕਰਨ ''ਚ ਖੱਬੇਪੱਖੀ ਪਾਰਟੀਆਂ ਦੀ ਅਹਿਮ ਭੂਮਿਕਾ ਰਹੂ ਹੈ।

ਕੁੱਝ ਸੁਤੰਤਰ ਖੋਜਕਰਤਾਵਾਂ ਮੁਤਾਬਕ ਵੀ ਖੱਬੇਪੱਖੀ ਪਾਰਟੀਆਂ ਨੇ ਮਜ਼ਦੂਰਾਂ, ਕਿਸਾਨਾਂ ਅਤੇ ਕਿਰਤੀਆਂ ਦੇ ਅਧਿਕਾਰਾਂ ਦੀ ਰਾਖੀ ਲਈ ਅਹਿਮ ਭੂਮਿਕਾ ਨਿਭਾਈ ਹੈ।ਕਮਿਊਨਿਸਟ ਪਾਰਟੀਆਂ ਅਤੇ ਨਕਸਲੀ ਪਾਰਟੀਆਂ ਨੇ ਕਈ ਪ੍ਰਗਤੀਸ਼ੀਲ ਕਾਨੂੰਨ ਬਣਾਉਣ ''ਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ।

ਕਮਿਊਨਿਸਟ ਲਹਿਰ
Getty Images

ਵੱਖ-ਵੱਖ ਇਤਿਹਾਸਕਾਰਾਂ ਵੱਲੋਂ ਪੱਛੜੇ ਖੇਤਰਾਂ ''ਚ ਕੀਤੀ ਗਈ ਖੋਜ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਬਹੁਤ ਪੱਛੜੇ ਅਤੇ ਅਸਮਾਨਤਾ ਵਾਲੇ ਖੇਤਰਾਂ ''ਚ ਲੋਕਾਂ ਨੂੰ ਇੱਕਠਾ ਕਰਨ ਅਤੇ ਕੁੱਝ ਹੱਦ ਤੱਕ ਅਧਿਕਾਰ ਹਾਸਲ ਕਰਨ ''ਚ ਸਫਲਤਾ ਮਿਲੀ ਹੈ।

ਖੋਜ ਅਧਿਐਨਾਂ ਅਨੁਸਾਰ ਲੋਕਾਂ ਨੂੰ ਜੋ ਅਧਿਕਾਰ ਹਾਸਲ ਹੋਏ ਹਨ, ਉਨ੍ਹਾਂ ''ਚ ਬੰਧੂਆ ਮਜ਼ਦੂਰੀ ਤੋਂ ਮੁਕਤੀ ਅਤੇ ਜ਼ਮੀਨੀ ਸੁਧਾਰ ਆਦਿ ਵਰਗੇ ਸੁਧਾਰ ਸ਼ਾਮਲ ਹਨ।

ਭਾਰਤ ''ਚ ਕਮਿਊਨਿਸਟ ਅੰਦੋਲਨ ਦੇ 100 ਸਾਲ ਮੁਕੰਮਲ ਹੋਣ ''ਚ ਕਈ ਤਰਾਂ ਦੇ ਵਿਸ਼ਲੇਸ਼ਣ ਹੋਏ ਹਨ।ਇਹ ਵੀ ਹਕੀਕਤ ਹੈ ਕਿ ਕਮਿਊਨਿਸਟ ਪਾਰਟੀਆਂ ਅੱਜ ਇੱਕ ਇਤਿਹਾਸਿਕ ਮੋੜ ''ਤੇ ਖੜ੍ਹੀਆਂ ਹਨ।ਸੰਸਦੀ ਰਾਜਨੀਤੀ ''ਚ ਵਿਸ਼ਵਾਸ ਰੱਖਣ ਵਾਲੀਆਂ ਅਤੇ ਇਸ ''ਚ ਭਰੋਸਾ ਨਾ ਰੱਖਣ ਵਾਲੀਆਂ ਸਾਰੀਆਂ ਹੀ ਖੱਬੇਪੱਖੀ ਪਾਰਟੀਆਂ ਨੂੰ ਉਮੀਦ ਹੈ ਕਿ ਸੰਘਰਸ਼ ਭਾਵੇਂ ਲੰਬਾ ਹੈ ਪਰ ਭਵਿੱਖ ''ਚ ਉਨ੍ਹਾਂ ਨੂੰ ਮਜ਼ਬੂਤੀ ਜ਼ਰੂਰ ਮਿਲੇਗੀ।

ਪਰ ਇੱਥੇ ਸਵਾਲ ਇਹ ਹੈ ਕਿ ਜਿਸ ਰਫ਼ਤਾਰ ਨਾਲ ਸਮਾਜ ''ਚ ਬਦਲਾਵ ਆ ਰਿਹਾ ਹੈ, ਉਸ ਤੇਜ਼ੀ ਨਾਲ ਇਹ ਪਾਰਟੀਆਂ ਆਪਣੇ ਆਪ ''ਚ ਤਬਦੀਲੀ ਲਿਆ ਵੀ ਰਹੀਆਂ ਹਨ?

ਕਮਿਊਨਿਜ਼ਮ ਵੱਲੋਂ ਹਮੇਸ਼ਾਂ ਇਹ ਦਲੀਲ ਦਿੱਤੀ ਗਈ ਹੈ ਕਿ ਸਰਕਾਰਾਂ ਬੇਅਸਰ ਹੋ ਰਹੀਆਂ ਹਨ, ਪਰ ਕੀ ਕਮਿਊਨਿਜ਼ਮ ਆਪਣੀ ਹੋਂਦ ਕਾਇਮ ਰੱਖਣ ਦੇ ਯੋਗ ਹੈ?

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=97wsqpO8OkM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''ea01eab2-c568-4a86-b54b-ad37a179da38'',''assetType'': ''STY'',''pageCounter'': ''punjabi.india.story.54693020.page'',''title'': ''ਭਾਰਤ \''ਚ ਕਮਿਊਨਿਸਟ ਲਹਿਰ ਦੇ 100 ਸਾਲਾਂ ਦੇ ਸਫ਼ਰ ਦੇ ਪੰਜ ਅਹਿਮ ਪੜਾਅ ਜਿਨ੍ਹਾਂ ਨੇ ਬਦਲਿਆ ਇਤਿਹਾਸ'',''author'': ''ਜੀਐਸ ਰਾਮਮੋਹਨ'',''published'': ''2020-10-27T02:37:02Z'',''updated'': ''2020-10-27T02:37:02Z''});s_bbcws(''track'',''pageView'');

Related News