ਕੋਰੋਨਾਵਾਇਰਸ: ''''ਲੌਕਡਾਊਨ ਲਗਾਉਣ ਕਾਰਨ ਭਾਰਤ ਵਿੱਚ ਕੇਸਾਂ ਦੀ ਦਰ ਵਿੱਚ ਕਮੀ ਆ ਰਹੀ ਹੈ'''', ਪੀਐੱਮ ਮੋਦੀ ਦੇ 4 ਦਾਅਵਿਆਂ ਦਾ ਫੈਕਟ ਚੈੱਕ

10/23/2020 12:40:11 PM

ਕੋਰੋਨਾਵਾਇਰਸ
Getty Images
ਭਾਰਤ ਵਿੱਚ ਮੌਤਾਂ ਦਾ ਅੰਕੜਾ ਕਾਫ਼ੀ ਘੱਟ ਰਿਹਾ ਹੈ ਪਰ ਮਾਹਿਰਾਂ ਦਾ ਦਾਅਵਾ ਹੈ ਕਿ ਕਾਫ਼ੀ ਮੌਤਾਂ ਰਿਪੋਰਟ ਹੀ ਨਹੀਂ ਕੀਤੀਆਂ ਜਾ ਗਈਆਂ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿੱਚ ਭਾਰਤ ਦੀ ਕੋਰੋਨਵਾਇਰਸ ਖ਼ਿਲਾਫ਼ ਲੜਾਈ ਦੇ ਜਾਰੀ ਰਹਿਣ ਬਾਰੇ ਦੇਸ ਦੇ ਨਾਮ ਆਪਣੇ ਸੰਬੋਧਨ ਵਿੱਚ ਜ਼ਿਕਰ ਕੀਤਾ।

ਬੀਬੀਸੀ ਨੇ ਪ੍ਰਧਾਨ ਮੰਤਰੀ ਵਲੋਂ ਕੋਰੋਨਾਵਇਰਸ ਦੀ ਲੜਾਈ ਬਾਰੇ ਕੀਤੇ ਦਾਅਵਿਆਂ ਦੀ ਪੜਤਾਲ ਕੀਤੀ।

ਦਾਅਵਾ: "ਰੋਜ਼ਾਨਾ ਸਾਹਮਣੇ ਆਉਣ ਵਾਲੇ ਕੇਸਾਂ ਦੀ ਦਰ ਵਿੱਚ ਕਮੀ ਆਈ ਹੈ... ਕਿਉਂਕਿ ਭਾਰਤ ਉਨ੍ਹਾਂ ਕੁਝ ਦੇਸਾਂ ਵਿੱਚ ਸ਼ਾਮਲ ਹੈ ਜਿਨ੍ਹਾਂ ਨੇ ਸ਼ੁਰੂ ਵਿੱਚ ਹੀ ਇੱਕ ਲਚਕੀਲਾ ਲੌਕਡਾਊਨ ਅਪਣਾਇਆ ਜਦੋਂ ਕੇਸਾਂ ਦੀ ਗਿਣਤੀ ਸੈਂਕੜਿਆਂ ''ਚ ਸੀ"

ਨਤੀਜਾ: ਇਹ ਸੱਚ ਹੈ ਕਿ ਭਾਰਤ ਵਿੱਚ ਕੋਰੋਨਾ ਦੀ ਵਾਧਾ ਦਰ ਵਿੱਚ ਕਮੀ ਆਈ ਹੈ ਪਰ ਭਾਰਤ ਇਕੱਲਾ ਅਜਿਹਾ ਦੇਸ ਨਹੀਂ ਹੈ ਜਿਸ ਨੇ ਕੋਰੋਨਾਵਇਰਸ ਨੂੰ ਠੱਲ੍ਹ ਪਾਉਣ ਲਈ ਉਸ ਸਮੇਂ ਲੌਕਡਾਊਨ ਲਾਗੂ ਕੀਤਾ ਹੋਵੇ ਜਦੋਂ ਕੇਸਾਂ ਦੀ ਗਿਣਤੀ ਬਹੁਤ ਥੋੜ੍ਹੀ ਸੀ। ਲੌਕਡਾਊਨ ਕਾਰਨ ਵੱਖ-ਵੱਖ ਦੇਸਾਂ ਵਿੱਚ ਵੱਖ-ਵੱਖ ਨਤੀਜੇ ਨਿਕਲੇ ਹਨ।

ਭਾਰਤ ਵਿੱਚ ਸੰਤਬਰ ਦੇ ਮੱਧ ਤੋਂ ਕੋਰੋਨਾਵਾਇਰਸ ਦੇ ਕੇਸਾਂ ਵਿੱਚ ਕਮੀ ਆਉਣੀ ਸ਼ੁਰੂ ਹੋਈ। ਉਸ ਤੋਂ ਬਾਅਦ ਹਫ਼ਤਾ ਦਰ ਹਫ਼ਤਾ ਪੁਸ਼ਟ ਕੇਸਾਂ ਵਿੱਚ ਕਮੀ ਦਰਜ ਕੀਤੀ ਗਈ ਹੈ।

ਪ੍ਰਤੀ ਦਿਨ ਹੋਣ ਵਾਲੀਆਂ ਮੌਤਾਂ ਵਿੱਚ ਵੀ ਕਮੀ ਆ ਰਹੀ ਹੈ।

ਇਹ ਵੀ ਪੜ੍ਹੋ:

ਲੌਕਡਾਊਨ ਦੇ ਅਸਰ ਦਾ ਮੁਲਾਂਕਣ ਕਰਨਾ ਮੁਸ਼ਕਲ ਹੈ ਕਿਉਂਕਿ ਟੈਸਟ ਕਰਨ ਬਾਰੇ ਅਤੇ ਕੇਸਾਂ ਦੀ ਪੁਸ਼ਟੀ ਰਿਪੋਰਟ ਕਰਨ ਬਾਰੇ ਦੇਸਾਂ ਦੀਆਂ ਵੱਖੋ-ਵੱਖ ਨੀਤੀਆਂ ਹਨ।

ਦੇਸਾਂ ਨੇ ਆਪਣੇ ਨਾਗਰਿਕਾਂ ਉੱਪਰ ਵੱਖੋ-ਵੱਖ ਕਿਸਮ ਦੀਆਂ ਪਾਬੰਦੀਆਂ ਲਾਗੂ ਕੀਤੀਆਂ ਸਨ।

ਭਾਰਤ ਵਿੱਚ ਲੌਕਡਾਊਨ 25 ਮਾਰਚ ਨੂੰ ਸ਼ੁਰੂ ਹੋਇਆ ਜਦੋਂ ਦੇਸ ਵਿੱਚ ਕੋਰੋਨਾਵਇਰਸ ਦੇ ਪੁਸ਼ਟ ਮਾਮਲਿਆਂ ਦੀ ਗਿਣਤੀ 562 ਸੀ ਅਤੇ 62 ਮੌਤਾਂ ਹੋਈਆਂ ਸਨ।

ਪਹਿਲੀ ਜੂਨ ਤੱਕ ਪੂਰਾ ਲੌਕਡਾਊਨ ਰਿਹਾ। ਜਦੋਂ 68 ਦਿਨਾਂ ਬਾਅਦ ਪਾਬੰਦੀਆਂ ਵਿੱਚ ਢਿੱਲ ਦਿੱਤੀ ਜਾਣ ਲੱਗੀ ਤਾਂ ਭਾਰਤ ਵਿੱਚ ਕੋਰੋਨਾਵਾਇਰਸ ਦੇ 1,90,535 ਮਾਮਲੇ ਸਨ।

ਲੌਕਡਾਊਨ ਦੇ ਦੌਰਾਨ ਕੋਰੋਨਾਵਾਇਰਸ ਦੇ ਕੇਸਾਂ ਵਿੱਚ ਪੰਜ ਗੁਣਾਂ ਵਾਧਾ ਹੋਇਆ।

ਕੁਝ ਗੁਆਂਢੀ ਦੇਸਾਂ ਨੇ ਵੀ ਭਾਰਤ ਦੇ ਨਾਲ ਹੀ ਜਾਂ ਉਸ ਤੋਂ ਵੀ ਪਹਿਲਾਂ ਲੌਕਡਾਊਨ ਲਾਗੂ ਕਰ ਦਿੱਤਾ ਸੀ ਜਦੋਂ ਉਨ੍ਹਾਂ ਦੇ ਕੋਰੋਨਾ ਕੇਸਾਂ ਦੀ ਗਿਣਤੀ ਕਾਫ਼ੀ ਘੱਟ ਸੀ।

ਨੇਪਾਲ ਨੇ ਭਾਰਤ ਤੋਂ ਇੱਕ ਦਿਨ ਪਹਿਲਾਂ 24 ਮਾਰਚ ਨੂੰ ਲੌਕਡਾਊਨ ਲਾਗੂ ਕੀਤਾ ਜਦੋਂ ਉੱਥੇ ਕੋਰੋਨਾਵਾਇਰਸ ਦੇ ਸਿਰਫ਼ ਦੋ ਪੁਸ਼ਟ ਮਾਮਲੇ ਸਨ। ਸ੍ਰੀਲੰਕਾ ਵਿੱਚ 78 ਪੁਸ਼ਟ ਕੇਸ ਸਨ ਜਦੋਂ ਉਸ ਨੇ 22 ਮਾਰਚ ਨੂੰ ਲੌਕਡਾਊਨ ਲਾ ਦਿੱਤਾ ਸੀ।

ਪੇਰੂ ਅਤੇ ਨਿਊਜ਼ੀਲੈਂਡ ਵਰਗੇ ਦੇਸਾਂ ਨੇ ਵੀ ਜਲਦੀ ਹੀ ਲੌਕਡਾਊਨ ਲਗਾ ਦਿੱਤਾ ਸੀ। ਪੇਰੂ ਨੇ 16 ਮਾਰਚ ਨੂੰ ਹੀ ਲੌਕਡਾਊਨ ਲਗਾ ਦਿੱਤਾ ਸੀ, ਉਸ ਸਮੇਂ ਉੱਥੇ ਕੋਰੋਨਾਵਾਇਰਸ ਦੇ 71 ਕੇਸ ਸਨ। ਇਹ ਲੌਕਡਾਊਨ ਜੂਨ ਦੇ ਅਖ਼ੀਰ ਤੱਕ ਜਾਰੀ ਰਿਹਾ। ਲਾਤੀਨੀ ਅਮਰੀਕੀ ਦੇਸਾਂ ਵਿੱਚੋਂ ਪੇਰੂ ਵਿੱਚ ਸਭ ਤੋਂ ਲੰਬਾ ਲੌਕਡਾਊਨ ਸੀ।

ਫਿਰ ਵੀ ਉੱਥੇ ਮਾਮਲਿਆਂ ਵਿੱਚ ਬੇਹਿਸਾਬ ਵਾਧਾ ਜਾਰੀ ਰਿਹਾ ਅਤੇ ਜੂਨ ਦੇ ਅਖ਼ੀਰ ਤੱਕ ਉੱਥੇ ਕੋਰੋਨਾਵਾਇਰਸ ਦੇ 2,82,000 ਕੇਸ ਹੋ ਗਏ ਸਨ, ਜਦੋਂ ਪੇਰੂ ਨੇ ਪਾਬੰਦੀਆਂ ਹਟਾ ਲਈਆਂ।

ਨਿਊਜ਼ੀਲੈਂਡ ਵਿੱਚ ਵੀ ਲੌਕਡਾਊਨ ਦੇ ਦੌਰਾਨ ਕੇਸਾਂ ਵਿੱਚ ਛੇ ਗੁਣਾਂ ਵਾਧਾ ਦੇਖਿਆ ਗਿਆ।

ਇਹ ਵੀ ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਹੋਰ ਦੇਸਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਟੈਸਟ ਕਰ ਰਿਹਾ ਸੀ, ਇਸ ਲਈ ਇੱਥੇ ਜ਼ਿਆਦਾ ਕੇਸ ਮਿਲਣੇ ਸੁਭਾਵਕ ਸਨ।

ਦਾਅਵਾ: "ਪ੍ਰਤੀ ਦਸ ਲੱਖ ਪਿੱਛੇ ਸਾਡੇ ਦੇਸ ਵਿੱਚ ਲਗਭਗ 83 ਮੌਤਾਂ ਹੋਈਆਂ। ਜਦੋਂਕਿ ਅਮਰੀਕਾ, ਬ੍ਰਾਜ਼ੀਲ, ਯੂਕੇ ਅਤੇ ਸਪੇਨ ਵਿੱਚ ਪ੍ਰਤੀ ਦਸ ਲੱਖ ਪਿੱਛੇ 600 ਮੌਤਾਂ ਹੋਈਆਂ"

ਨਤੀਜਾ: ਇਹ ਸੱਚ ਹੈ ਕਿ ਭਾਰਤ ਵਿੱਚ ਮੌਤਾਂ ਦਾ ਅੰਕੜਾ ਕਾਫ਼ੀ ਘੱਟ ਰਿਹਾ ਹੈ ਪਰ ਮਾਹਿਰਾਂ ਦਾ ਦਾਅਵਾ ਹੈ ਕਿ ਕਾਫ਼ੀ ਮੌਤਾਂ ਰਿਪੋਰਟ ਹੀ ਨਹੀਂ ਕੀਤੀਆਂ ਗਈਆਂ।

ਭਾਰਤ ਵਿੱਚ ਕੋਰੋਨਾਵਾਇਰਸ ਕਾਰਨ ਹੁਣ ਤੱਕ ਪ੍ਰਤੀ ਦਸ ਲੱਖ ਪਿੱਛੇ 83 ਮੌਤਾਂ ਹੋਈਆਂ ਹਨ ਜਦੋਂਕਿ ਅਮਰੀਕਾ ਵਿੱਚ ਪ੍ਰਤੀ ਦਸ ਲੱਖ ਪਿੱਛੇ 665 ਮੌਤਾਂ ਹੋਈਆਂ, ਬ੍ਰਾਜ਼ੀਲ ਵਿੱਚ 725, ਯੂਕੇ ਵਿੱਚ 644 ਅਤੇ ਸਪੇਨ ਵਿੱਚ 727 ਮੌਤਾਂ ਹੋਈਆਂ।

ਫਿਲਹਾਲ ਭਾਰਤ ਵਿੱਚ ਜਿੱਥੇ ਦੁਨੀਆਂ ਦੀ 17 ਫੀਸਦੀ ਆਬਾਦੀ ਹੈ, ਇੱਥੇ ਕੋਰੋਨਾਵਾਇਰਸ ਕਾਰਨ ਦੁਨੀਆਂ ਦੀਆਂ 10 ਫ਼ੀਸਦੀ ਮੌਤਾਂ ਹੋਈਆਂ ਹਨ।

ਕੋਰੋਨਾਵਾਇਰਸ
BBC

ਜਦੋਂਕਿ ਅਮਰੀਕਾ ਜਿੱਥੇ ਦੁਨੀਆਂ ਦੀ 4 ਫ਼ੀਸਦੀ ਵਸੋਂ ਹੈ, ਉੱਥੇ ਕੋਰੋਨਾਵਾਇਰਸ ਕਾਰਨ 20 ਫ਼ੀਸਦੀ ਮੌਤਾਂ ਹੋਈਆਂ ਹਨ।

ਇਸ ਤਰ੍ਹਾਂ ਭਾਰਤ ਵਿੱਚ ਕੋਰੋਨਾਵਾਇਰਸ ਤੋਂ ਪੀੜਤ ਲੋਕਾਂ ਵਿੱਚੋਂ ਮਰਨ ਵਾਲਿਆਂ ਦੀ ਦਰ ਘੱਟ ਹੈ।

ਇਸ ਦੀ ਇੱਕ ਵਿਆਖਿਆ ਇਹ ਵੀ ਹੋ ਸਕਦੀ ਹੈ ਕਿ ਜ਼ਿਆਦਾਤਰ ਔਸਤ ਆਬਾਦੀ ਜਵਾਨਾਂ ਦੀ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਦੂਜਾ ਸਵਾਲ ਇਹ ਵੀ ਹੈ ਕਿ ਕੀ ਭਾਰਤ ਕੋਰੋਨਾਵਾਇਰਸ ਨਾਲ ਹੋਣ ਵਾਲੀਆਂ ਸਾਰੀਆਂ ਮੌਤਾਂ ਨੂੰ ਰਿਪੋਰਟ ਕਰ ਰਿਹਾ ਹੈ।

ਕੋਰੋਨਾਵਾਇਰਸ ਕਾਰਨ ਹੋ ਰਹੀਆਂ ਮੌਤਾਂ ਦਾ ਰਿਕਾਰਡ ਦਾ ਤਰੀਕਾ ਹਰ ਦੇਸ ਵਿੱਚ ਵੱਖੋ-ਵੱਖ ਹੋਣ ਕਾਰਨ ਤੁਲਨਾ ਕਰਨਾ ਮੁਸ਼ਕਲ ਹੈ।

ਇਹ ਵੀ ਦੱਸਣਯੋਗ ਹੈ ਕਿ ਦੁਨੀਆਂ ਦੇ ਕੁਝ ਹਿੱਸਿਆਂ ਜਿਵੇਂ ਕਿ ਅਫ਼ਰੀਕਾ ਵਿੱਚ ਕੋਰੋਨਾਵਾਇਰਸ ਕਾਰਨ ਮੌਤ ਦਰ ਕਾਫ਼ੀ ਘੱਟ ਹੈ।

ਦਾਅਵਾ: "ਭਾਰਤ ਵਿੱਚ ਪ੍ਰਤੀ ਦਸ ਲੱਖ ਪਿੱਛੇ 5,500 ਲੋਕਾਂ ਨੂੰ ਲਾਗ ਹੈ ਜਦੋਂਕਿ ਅਮਰੀਕਾ ਅਤੇ ਬ੍ਰਾਜ਼ੀਲ ਵਰਗੇ ਦੇਸਾਂ ਵਿੱਚ ਇਹ ਅੰਕੜਾ 25,000 ਦੇ ਕਰੀਬ ਹੈ।"

ਨਤੀਜਾ: ਉਪਲਬਧ ਡਾਟਾ ਇਸ ਦਾਅਵੇ ਦੀ ਪੁਸ਼ਟੀ ਕਰਦਾ ਹੈ। ਹਾਲਾਂਕਿ ਰਿਪੋਰਟ ਕੀਤੇ ਕੇਸਾਂ ਦੀ ਗਿਣਤੀ ਇਸ ਗੱਲ ਉੱਪਰ ਨਿਰਭਰ ਹੈ ਕਿ ਟੈਸਟ ਕਿੰਨੇ ਜ਼ਿਆਦਾ ਕੀਤੇ ਗਏ।

ਭਾਰਤ ਵਿੱਚ ਕੋਰੋਨਾਵਾਇਰਸ ਦੇ ਪੁਸ਼ਟ ਮਾਮਲਿਆ ਦੀ ਗਿਣਤੀ ਅਮਰੀਕਾ ਅਤੇ ਬ੍ਰਾਜ਼ੀਲ ਅਤੇ ਮਹਾਂਮਾਰੀ ਤੋਂ ਪ੍ਰਭਾਵਿਤ ਹੋਰ ਵੀ ਕਈ ਦੇਸਾਂ ਤੋਂ ਬਹੁਤ ਘੱਟ ਹੈ।

ਜ਼ਿਕਰਯੋਗ ਹੈ ਕਿ ਪੁਸ਼ਟ ਮਾਮਲਿਆਂ ਦੀ ਗਿਣਤੀ ਟੈਸਟਿੰਗ ਉੱਪਰ ਨਿਰਭਰ ਕਰਦੀ ਹੈ- ਜਿੰਨੀ ਜ਼ਿਆਦਾ ਟੈਸਟਿੰਗ, ਪੁਸ਼ਟ ਮਾਮਲੇ ਵੀ ਉੰਨੇ ਹੀ ਜ਼ਿਆਦਾ ਹੋਣਗੇ।

ਕੋਰੋਨਾਵਾਇਰਸ
Getty Images
ਭਾਰਤ ਨੇ ਐਂਟੀਜਨ ਨੂੰ 14 ਜੂਨ ਨੂੰ ਮਾਨਤਾ ਦਿੱਤੀ ਅਤੇ ਟੈਸਟਿੰਗ ਲਈ 18 ਜੂਨ ਤੋਂ ਵਰਤੋਂ ਸ਼ੁਰੂ ਕੀਤੀ

ਜੇ ਤੁਸੀਂ ਪ੍ਰਤੀ ਵਿਅਕਤੀ ਟੈਸਟਿੰਗ ਦੇਖੋ ਤਾਂ ਭਾਰਤ ਆਪਣੀ ਟੈਸਟਿੰਗ ਸਮਰੱਥਾ ਲਗਾਤਾਰ ਵਧਾ ਰਿਹਾ ਹੈ ਪਰ ਇਸ ਨੇ ਕੁਝ ਹੋਰ ਦੇਸਾਂ ਦੇ ਮੁਕਾਬਲੇ ਇਸ ਪਾਸੇ ਬਹੁਤਾ ਕੰਮ ਨਹੀਂ ਕੀਤਾ।

ਭਾਰਤ ਨੇ 20 ਅਕਤੂਬਰ ਤੱਕ ਪ੍ਰਤੀ ਹਜ਼ਾਰ ਵਿਅਕਤੀ ਪਿੱਛੇ 69 ਟੈਸਟ ਕੀਤੇ ਸਨ ਜਦੋਂਕਿ ਯੂਕੇ ਵਿੱਚ ਇਹ ਗਿਣਤੀ 377 ਹੈ ਅਤੇ ਅਮਰੀਕਾ ਵਿੱਚ 407 ਹੈ।

ਦਾਅਵਾ: "ਭਾਰਤ ਰੈਪਿਡ ਐਂਟੀਜਨ ਟੈਸਟ ਸ਼ੁਰੂ ਕਰਨ ਵਾਲੇ ਪਹਿਲੇ ਮੁਲਕਾਂ ਵਿੱਚ ਸ਼ੁਮਾਰ"

ਨਤੀਜਾ: ਅਜਿਹੇ ਕੁਝ ਦੇਸ ਸਨ ਜਿਨ੍ਹਾਂ ਨੇ ਭਾਰਤ ਤੋਂ ਪਹਿਲਾਂ ਇਨ੍ਹਾਂ ਟੈਸਟਾਂ ਨੂੰ ਮਾਨਤਾ ਦੇ ਦਿੱਤੀ ਸੀ ਹਾਲਾਂਕਿ ਇਨ੍ਹਾਂ ਟੈਸਟਾਂ ਦੀ ਸਟੀਕਤਾ ਬਾਰੇ ਖ਼ਦਸ਼ੇ ਸਨ।

ਭਾਰਤ ਨੇ ਐਂਟੀਜਨ ਨੂੰ 14 ਜੂਨ ਨੂੰ ਮਾਨਤਾ ਦਿੱਤੀ ਅਤੇ ਟੈਸਟਿੰਗ ਦੇ ਕੰਮ ਨੂੰ ਤੇਜ਼ੀ ਦੇਣ ਲਈ 18 ਜੂਨ ਤੋਂ ਇਸ ਦੀ ਵਰਤੋਂ ਸ਼ੁਰੂ ਕੀਤੀ ਗਈ।

ਉਸ ਸਮੇਂ ਤੱਕ ਦੇਸ ਵਿੱਚ ਪੀਸੀਆਰ ਟੈਸਟ ਹੀ ਵਰਤਿਆ ਜਾਂਦਾ ਸੀ। ਜਿਸ ਨੂੰ ਕਸੌਟੀ ਸਮਾਨ ਮੰਨਿਆ ਜਾਂਦਾ ਹੈ ਪਰ ਇਸ ਦੀ ਰਿਪੋਰਟ ਆਉਣ ਵਿੱਚ ਸਮਾਂ ਲਗਦਾ ਹੈ।

ਰੈਪਿਡ ਐਂਟੀਨਜ ਟੈਸਟ ਨੂੰ ਸਭ ਤੋਂ ਪਹਿਲਾਂ ਮਾਨਤਾ ਦੇਣ ਵਾਲੇ ਦੇਸਾਂ ਵਿੱਚ ਬੈਲਜੀਅਮ ਸ਼ਾਮਲ ਸੀ। ਜਿਸ ਨੇ ਮਾਰਚ ਤੋਂ ਇਸ ਨੂੰ ਪਰਵਾਨਗੀ ਦੇ ਦਿੱਤੀ ਸੀ।

ਪਰ ਹੁਣ ਇਸ ਨੂੰ ਬੈਲਜੀਅਮ ਵਿੱਚ ਨਹੀਂ ਵਰਤਿਆ ਜਾ ਰਿਹਾ ਕਿਉਂਕਿ ਸਰਕਾਰੀ ਹਦਾਇਤਾਂ ਮੁਤਾਬਕ "ਟੈਸਟਾਂ ਦੀ ਭਰੋਸੇਯੋਗਤਾ, ਖ਼ਾਸ ਕਰ ਕੇ ਐਂਟੀਜਨਸ ਅਤੇ ਐਂਟੀਬਾਡੀਜ਼ ਦਾ ਪਤਾ ਲਗਾਉਣ ਵਿੱਚ ਹਮੇਸ਼ਾ ਸਾਬਤ ਨਹੀਂ ਹੁੰਦੀ।"

ਪਹਿਲੀ ਰੈਪਿਡ ਐਂਟੀਜਨ ਟੈਸਟ ਕਿੱਟ ਨੂੰ ਅਮਰੀਕਾ ਨੇ 9 ਮਈ ਨੂੰ ਮਾਨਤਾ ਦਿੱਤੀ ਸੀ ਜਿਸ ਤੋਂ ਬਾਅਦ 13 ਮਈ ਨੂੰ ਜਪਾਨ ਨੇ ਵੀ ਇਸ ਕਿੱਟ ਨੂੰ ਮਾਨਤਾ ਦੇ ਦਿੱਤੀ।

ਭਾਰਤ ਵਿੱਚ ਪੰਜ ਰੈਪਿਡ ਐਂਟੀਜਨ ਟੈਸਟਿੰਗ ਕਿਟਸ ਹਨ। ਜਿਨ੍ਹਾਂ ਵਿੱਚੋਂ ਇੱਕ-ਇੱਕ ਕਿੱਟ ਬੈਲਜੀਅਮ, ਦੱਖਣੀ ਕੋਰੀਆ ਅਤੇ ਤਾਇਵਾਨ ਵਿੱਚ ਵਿਕਸਤ ਕੀਤੀਆਂ ਗਈਆਂ ਹਨ ਅਤੇ ਦੋ ਭਾਰਤੀ ਹਨ।

ਇਹ ਵੀ ਪੜ੍ਹੋ:

ਜ਼ਿਕਰਯੋਗ ਹੈ ਕਿ ਬੈਲਜੀਅਮ ਦੀ ਬਣੀ ਇੱਕ ਕਿੱਟ ਦੀ ਵਰਤੋਂ ਹੁਣ ਭਾਰਤ ਵਿੱਚ ਸਟੀਕਤਾ ਨਾਲ ਜੁੜੇ ਖ਼ਦਸ਼ਿਆਂ ਕਾਰਨ ਨਹੀਂ ਕੀਤੀ ਜਾਂਦੀ।

ਇਸੇ ਤਰ੍ਹਾਂ ਦੱਖਣੀ ਕੋਰੀਆ ਜੋ ਐਂਟੀਜਨ ਅਧਾਰਿਕ ਟੈਸਟਿੰਗ ਕਿੱਟਾਂ ਬਾਹਰ ਭੇਜ ਰਿਹਾ ਸੀ ਉਸ ਨੇ ਵੀ ਇਨ੍ਹਾਂ ਕਿੱਟਾਂ ਨੂੰ ਆਪਣੇ ਇੱਥੇ ਨਾ ਵਰਤਣ ਦਾ ਫ਼ੈਸਲਾ ਲਿਆ। ਇਸ ਦੀ ਵਜ੍ਹਾ ਨਤੀਜਿਆਂ ਵਿੱਚ ਸਟੀਕਤਾ ਦੀ ਕਮੀ ਸੀ।

ਉਸ ਤੋਂ ਬਾਅਦ ਦੱਖਣੀ ਕੋਰੀਆ ਨੇ ਆਪਣੇ ਇੱਥੇ ਪੀਸੀਆਰ ਟੈਸਟਾਂ ਦੀ ਸਮਰੱਥਾ ਵਧਾਉਣ ਵੱਲ ਧਿਆਨ ਕੇਂਦਰਿਤ ਕਰ ਲਿਆ।

ਵੀਡੀਓ: ਪ੍ਰਧਾਨ ਮੰਤਰੀ ਨੇ ਕੋਰੋਨਾਵਾਇਰਸ ਬਾਰੇ ਕੀ ਕਿਹਾ

https://www.youtube.com/watch?v=6PpEwBLMTuo

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''68ea4db7-988b-4631-bd39-b0f4dc60b5f9'',''assetType'': ''STY'',''pageCounter'': ''punjabi.india.story.54651804.page'',''title'': ''ਕੋਰੋਨਾਵਾਇਰਸ: \''ਲੌਕਡਾਊਨ ਲਗਾਉਣ ਕਾਰਨ ਭਾਰਤ ਵਿੱਚ ਕੇਸਾਂ ਦੀ ਦਰ ਵਿੱਚ ਕਮੀ ਆ ਰਹੀ ਹੈ\'', ਪੀਐੱਮ ਮੋਦੀ ਦੇ 4 ਦਾਅਵਿਆਂ ਦਾ ਫੈਕਟ ਚੈੱਕ'',''author'': ''ਰਿਐਲਿਟੀ ਚੈੱਕ ਟੀਮ'',''published'': ''2020-10-23T06:57:32Z'',''updated'': ''2020-10-23T06:57:32Z''});s_bbcws(''track'',''pageView'');

Related News