80 ਸਾਲ ਪਹਿਲਾਂ ਭਾਰਤ ''''ਚ ਬਣਿਆ ਨਾਸਤਿਕ ਕੇਂਦਰ ਕੀ ਸੀ ਤੇ ਇਹ ਕਿਸ ਨੇ ਬਣਾਇਆ ਸੀ
Thursday, Oct 08, 2020 - 08:09 PM (IST)


ਗਾਂਧੀ ਧਾਰਮਿਕ ਮਾਨਤਾਵਾਂ ਅਤੇ ਵਿਸ਼ਵਾਸਾਂ ''ਤੇ ਭਰੋਸਾ ਕਰਦੇ ਸਨ, ਹਾਲਾਂਕਿ ਇਸ ਦੇ ਨਾਲ ਹੀ ਉਹ ਭਾਈਚਾਰਕ ਸਾਂਝ ਨੂੰ ਉਤਸ਼ਾਹਤ ਕਰਨ ਦੀ ਵੀ ਹਰ ਸੰਭਵ ਕੋਸ਼ਿਸ਼ ਕਰਦੇ ਸਨ।
ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਮਹਾਤਮਾ ਗਾਂਧੀ ਵੱਖ-ਵੱਖ ਧਾਰਮਿਕ ਅਕੀਦਿਆਂ, ਮਾਨਤਾਵਾਂ ਵਾਲੇ ਲੋਕਾਂ ਨਾਲ ਨਿਰੰਤਰ ਹੀ ਗੱਲਬਾਤ ਕਰਦੇ ਸਨ।
ਪਰ ਇਹ ਜਾਣਨਾ ਬਹੁਤ ਦਿਲਚਸਪ ਹੈ ਕਿ ਗਾਂਧੀ ਨੇ ਸੇਵਾਗ੍ਰਾਮ ਸਥਿਤ ਆਪਣੇ ਆਸ਼ਰਮ ''ਚ ਗੋਪਾਰਾਜੂ ਰਾਮਚੰਦਰ ਰਾਓ ਨੂੰ ਵੀ ਆਉਣ ਦਾ ਸੱਦਾ ਦਿੱਤਾ ਸੀ, ਜੋ ਕਿ ਇੱਕ ਨਾਸਤਿਕ ਸਨ ਅਤੇ ਉਨ੍ਹਾਂ ਨੇ ਇੱਕ ਨਾਸਤਿਕ ਕੇਂਦਰ ਦੀ ਵੀ ਸਥਾਪਨਾ ਕੀਤੀ ਸੀ।
ਗੋਪਾਰਾਜੂ ਰਾਮਚੰਦਰ ਹੀ ਗੋਰਾ ਦੇ ਨਾਂਅ ਨਾਲ ਪ੍ਰਸਿੱਧ ਹੋਏ। ਗਾਂਧੀ ਆਪਣੇ ਆਸ਼ਰਮ ''ਚ ਗੋਰਾ ਨਾਲ ਲੰਬੀ ਵਿਚਾਰ ਚਰਚਾ ਕਰਿਆ ਕਰਦੇ ਸਨ।
ਇੱਥੇ ਇਹ ਵੀ ਜਾਣਨਾ ਦਿਲਚਸਪ ਹੈ ਕਿ ਗੋਰਾ ਆਪਣੇ ਪਰਿਵਾਰ ਸਮੇਤ ਸੇਵਾਗ੍ਰਾਮ ਆਸ਼ਰਮ ''ਚ ਦੋ ਸਾਲ ਤੱਕ ਰਹੇ ਸਨ।
ਇਹ ਵੀ ਪੜ੍ਹੋ:
- ਟਰੰਪ ਕੋਰੋਨਾ ਕਾਰਨ ਗੰਭੀਰ ਰੂਪ ਵਿੱਚ ਬਿਮਾਰ ਹੋ ਗਏ ਤਾਂ ਫਿਰ ਕੀ ਹੋਵੇਗਾ
- ਹਾਥਰਸ ਮਾਮਲਾ: ਰਾਹੁਲ ਤੇ ਪ੍ਰਿਅੰਕਾ ਗਾਂਧੀ ਦੀ ਪੀੜਤਾ ਦੇ ਪਰਿਵਾਰ ਨਾਲ ਹੋਈ ਮੁਲਾਕਾਤ
- ਹਾਥਰਸ ਮਾਮਲਾ : ਕੀ ਸਰੀਰ ''ਤੇ ''ਸੀਮਨ'' ਦਾ ਮਿਲਣਾ ਹੀ ਰੇਪ ਨੂੰ ਸਾਬਤ ਕਰਦਾ ਹੈ?
ਗੋਰਾ ਦੇ ਪੈਰੋਕਾਰਾਂ ਦੇ ਮੁਤਾਬਕ ਗਾਂਧੀ ਨਾਲ ਉਨ੍ਹਾਂ ਦੇ ਸਬੰਧ ਆਜ਼ਾਦੀ ਮਿਲਣ ਤੋਂ ਪਹਿਲਾਂ ਹੀ ਕਾਇਮ ਹੋ ਗਏ ਸਨ ਅਤੇ ਗੋਰਾ ''ਤੇ ਗਾਂਧੀ ਦਾ ਪ੍ਰਭਾਵ ਨਜ਼ਰ ਆਉਂਦਾ ਸੀ।
ਇੱਕ ਪਾਸੇ ਧਾਰਮਿਕ ਵਿਸ਼ਵਾਸ ਵਾਲੇ ਗਾਂਧੀ ਅਤੇ ਦੂਜੇ ਪਾਸੇ ਨਾਸਤਿਕ ਗੋਰਾ ਪਰ ਦੋਵਾਂ ਦੇ ਆਪਸੀ ਸਬੰਧਾਂ ਦੀ ਝਲਕ ਵਿਜੇਵਾੜਾ ਸਥਿਤ ਨਾਸਤਿਕ ਕੇਂਦਰ ''ਚ ਲੱਗੀ ਪ੍ਰਦਰਸ਼ਨੀ ''ਬਾਪੂ ਦਰਸ਼ਨ'' ''ਚ ਮਿਲਦੀ ਹੈ।
ਗੋਰਾ ਦਾ ਓਡੀਸ਼ਾ ਤੋਂ ਸ਼੍ਰੀਲੰਕਾ ਤੱਕ ਦਾ ਸਫ਼ਰ
ਗੋਰਾ ਦਾ ਪੂਰਾ ਨਾਮ ਗੋਪਾਰਾਜੂ ਰਾਮਚੰਦਰ ਰਾਓ ਸੀ। ਉਨ੍ਹਾਂ ਦਾ ਜਨਮ 15 ਨਵੰਬਰ, 1902 ਨੂੰ ਓਡੀਸ਼ਾ ਦੇ ਗੰਜਾਮ ਜ਼ਿਲ੍ਹੇ ਦੇ ਛੱਤਰਪੁਰੀ ਵਿਖੇ ਹੋਇਆ ਸੀ।
ਉਨ੍ਹਾਂ ਨੇ ਪਰਲਾਕਮੀਡੀ ਅਤੇ ਕਾਕਿਨਾਡਾ ''ਚ ਸਿੱਖਿਆ ਹਾਸਲ ਕੀਤੀ। ਇਸ ਤੋਂ ਬਾਅਦ ਗੋਰਾ ਨੇ ਚੇਨੱਈ ਦੇ ਪ੍ਰੈਜ਼ੀਡੈਂਸੀ ਕਾਲਜ ਤੋਂ ਬੋਟਨੀ ''ਚ ਮਾਸਟਰ ਡਿਗਰੀ ਹਾਸਲ ਕੀਤੀ ਅਤੇ ਬਾਅਦ ''ਚ ਉਹ ਬੋਟਨੀ ਦੇ ਹੀ ਲੈਕਚਰਾਰ ਵੀ ਲੱਗ ਗਏ।
ਇਸ ਤੋਂ ਬਾਅਦ ਉਨ੍ਹਾਂ ਨੇ ਮਦੁਰਾਈ, ਕੋਇੰਬਟੂਰ ਅਤੇ ਕੋਲੰਬੋ ਜਾ ਕੇ ਪੜ੍ਹਾਇਆ। ਫਿਰ ਜਦੋਂ ਵਿਜੈਵਾੜਾ ਵਿਖੇ ਯੂਨੀਵਰਸਿਟੀ ਦੀ ਸਥਾਪਨਾ ਹੋਈ ਤਾਂ ਸਰਵਪੱਲੀ ਰਾਧਾਕ੍ਰਿਸ਼ਨਨ ਦੇ ਕਹਿਣ ''ਤੇ ਗੋਰਾ ਕ੍ਰਿਸ਼ਨਾ ਨਦੀ ਕੰਢੇ ਬਣੀ ਯੂਨੀਵਰਸਿਟੀ''ਚ ਪੜ੍ਹਾਉਣ ਆ ਗਏ ਸਨ।

ਇੱਥੇ ਹੀ ਉਨ੍ਹਾਂ ਨੇ ਝੂਠੀਆਂ ਮਾਨਤਾਵਾਂ ਅਤੇ ਵਿਸ਼ਵਾਸਾਂ ਖਿਲਾਫ਼ ਮੁਹਿੰਮ ਵਿੱਢੀ ਸੀ। 1930 ''ਚ ਉਨ੍ਹਾਂ ਨੇ ਗ੍ਰਹਿਣ ਦੇ ਦਿਨਾਂ ''ਚ ਬੁਰੇ ਪ੍ਰਭਾਵਾਂ ਨਾਲ ਜੁੜੀ ਆਸਥਾ ਅਤੇ ਵਿਸ਼ਵਾਸ ਨੂੰ ਖ਼ਤਮ ਕਰਨ ਦੇ ਯਤਨ ਕਰਨੇ ਸ਼ੂਰੂ ਕੀਤੇ।
ਇਸ ਲਈ ਉਨ੍ਹਾਂ ਨੇ ਗ੍ਰਹਿਣ ਦੇ ਸਮੇਂ ਦੌਰਾਨ ਆਪਣੀ ਪਤਨੀ ਨਾਲ ਭੋਜਨ ਕਰਨਾ ਸ਼ੁਰੂ ਕੀਤਾ, ਗਰਭਵਤੀ ਪਤਨੀ ਨੂੰ ਬਾਹਰ ਤੱਕ ਲੈ ਕੇ ਗਏ। ਉਨ੍ਹਾਂ ਨੇ ਲੋਕਾਂ ''ਚ ਫੈਲੇ ਅੰਧਵਿਸ਼ਵਾਸ ਨੂੰ ਦੂਰ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ।
ਗੋਰਾ ਦੇ ਨਾਸਤਿਕ ਕੇਂਦਰ ਦੇ 80 ਸਾਲ ਹੋਏ ਮੁਕੰਮਲ
ਗੋਰਾ ਨੇ ਦੇਸ ਦੀ ਆਜ਼ਾਦੀ ਤੋਂ ਪਹਿਲਾਂ ਹੀ ਲੋਕਾਂ ''ਚ ਨਾਸਤਿਕ ਵਿਚਾਰਧਾਰਾ ਨੂੰ ਉਤਸ਼ਾਹਤ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਲਈ ਉਨ੍ਹਾਂ ਨੇ 10 ਅਗਸਤ, 1940 ਨੂੰ ਕ੍ਰਿਸ਼ਨਾ ਜ਼ਿਲ੍ਹੇ ''ਚ ਇੱਕ ਨਾਸਤਿਕ ਕੇਂਦਰ ਦੀ ਸਥਾਪਨਾ ਕੀਤੀ ਸੀ।
ਵੈਸੇ ਤਾਂ ਇਹ ਭਾਰਤ ''ਚ ਬਣਿਆ ਪਹਿਲਾ ਨਾਸਤਿਕ ਕੇਂਦਰ ਹੈ ਪਰ ਲੋਕਾਂ ਦਾ ਮੰਨਣਾ ਹੈ ਕਿ ਦੁਨੀਆਂ ਭਰ ''ਚ ਖੁਦ ''ਚ ਇਹ ਇੱਕ ਨਿਵੇਕਲਾ ਕੇਂਦਰ ਹੈ।
ਗੋਰਾ ਨੇ 80 ਨੌਜਵਾਨਾਂ ਨੂੰ ਆਪਣੇ ਨਾਲ ਲੈ ਕੇ ਨਾਸਤਿਕਤਾ ਸਬੰਧੀ ਇੱਕ ਮਹਿੰਮ ਸ਼ੂਰੂ ਕੀਤੀ, ਜਿਸ ''ਚ ਸਿੱਖਿਆ ''ਤੇ ਵਧੇਰੇ ਜ਼ੋਰ ਦਿੱਤਾ ਗਿਆ ਸੀ।
ਇਸ ਤੋਂ ਇਲਾਵਾ ਉਨ੍ਹਾਂ ਨੇ ਜਾਤੀ ਦੇ ਅਧਾਰ ''ਤੇ ਫੈਲੇ ਭੇਦਭਾਵ ਨੂੰ ਵੀ ਘਟਾਉਣ ਲਈ ਕਾਫ਼ੀ ਕੰਮ ਕੀਤਾ। ਇਸ ਲਈ ਨੇੜਲੇ ਪਿੰਡਾਂ ''ਚ ਕਮਿਊਨਿਟੀ ਭੋਜ ਦਾ ਪ੍ਰਬੰਧ ਕੀਤਾ ਗਿਆ।
ਆਜ਼ਾਦੀ ਮਿਲਣ ਤੋਂ ਕੁੱਝ ਸਮਾਂ ਪਹਿਲਾਂ ਹੀ ਅਪ੍ਰੈਲ, 1947 ''ਚ ਉਨ੍ਹਾਂ ਨੇ ਆਪਣੇ ਕੇਂਦਰ ਨੂੰ ਵਿਜੇਵਾੜਾ ਵਿਖੇ ਤਬਦੀਲ ਕਰ ਦਿੱਤਾ ਸੀ।
ਗੋਰਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਪੈਰੋਕਾਰਾਂ ਨੇ ਇਸ ਕੇਂਦਰ ਦੀ ਵਾਗਡੋਰ ਸੰਭਾਲੀ ਰੱਖੀ ਹੈ।

ਇਸ ਕੇਂਦਰ ''ਚ ਸਮੇਂ-ਸਮੇਂ ''ਤੇ ਬੈਠਕਾਂ ਅਤੇ ਸੈਮੀਨਾਰ ਹੁੰਦੇ ਰਹਿੰਦੇ ਹਨ ਅਤੇ ਇਸ ਕੇਂਦਰ ''ਚ ਲਾਈਬ੍ਰੇਰੀ ਵਰਗੀ ਸਹੂਲਤ ਵੀ ਮੌਜੂਦ ਹੈ। ਆਰਥਿਕ ਬਰਾਬਰੀ ਬੋਰਡ ਵੱਲੋਂ ਲੋਕਾਂ ''ਚ ਆਰਥਿਕ ਜਾਗਰੂਕਤਾ ਫੈਲਾਉਣ ਲਈ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ।
ਨਾਸਤਿਕ ਕੇਂਦਰ ਨੇ ਹਾਲ ''ਚ ਹੀ ਆਪਣੇ 80 ਸਾਲ ਮੁਕੰਮਲ ਕਰ ਲਏ ਹਨ। ਮੌਜੂਦਾ ਸਮੇਂ ਇੱਥੇ ਦੋ ਪ੍ਰਦਰਸ਼ਨੀਆਂ ਚੱਲ ਰਹੀਆਂ ਹਨ। ਇੱਕ ਹੈ ''ਬਾਪੂ ਦਰਸ਼ਨ'' ਅਤੇ ਦੂਜੀ ''ਗੋਰਾ ਅਤੇ ਉਨ੍ਹਾਂ ਦੀ ਪਤਨੀ ਸਰਸਵਤੀ ਗੋਰਾ ਦੇ ਕੰਮਾਂ ''ਤੇ ਅਧਾਰਤ ਹੈ।
ਇਸ ਕੇਂਦਰ ''ਚ ਗੋਰਾ ਸਾਇੰਸ ਕੇਂਦਰ ਵੀ ਹੈ ਅਤੇ ਇੱਥੋਂ ਦੀ ਲਾਇਬ੍ਰੇਰੀ ''ਚ ਭਾਰਤ ਅਤੇ ਦੁਨੀਆਂ ਦੀਆਂ ਲਗਭਗ ਸਾਰੀਆਂ ਹੀ ਹਸਤੀਆਂ ਵੱਲੋਂ ਲਿਖੀਆਂ ਕਿਤਾਬਾਂ ਮੌਜੂਦ ਹਨ।
ਗਾਂਧੀ ਨੇ ਗੋਰਾ ਦੇ ਕੰਮ ਦੀ ਸ਼ਲਾਘਾ ਕੀਤੀ ਸੀ
ਗੋਰਾ ਸਮਾਜਿਕ ਗੈਰ-ਬਰਾਬਰੀ ਨੂੰ ਦੂਰ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਇਸ ਲਈ ਲਗਾਤਾਰ ਕੰਮ ਵੀ ਕੀਤਾ।
ਗੋਰਾ ਨੇ ਦਲਿਤਾਂ ਦੀ ਸਥਿਤੀ ''ਚ ਸੁਧਾਰ ਕਰਨ ਲਈ ਕੰਮ ਸ਼ੁਰੂ ਕੀਤਾ ਸੀ। ਉਸੇ ਸਾਲ ਹੀ ਗਾਂਧੀ ਨੇ ਵੀ ਛੂਤ-ਛਾਤ ਨੂੰ ਦੂਰ ਕਰਨ ਦਾ ਸੰਕਲਪ ਲਿਆ ਸੀ। ਗੋਰਾ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਬਰਾਬਰ ਗਾਂਧੀ ਤੱਕ ਪਹੁੰਚ ਰਹੀ ਸੀ।
ਇਸ ਲਈ ਹੀ ਗਾਂਧੀ ਨੇ ਗੋਰਾ ਨੂੰ ਆਪਣੇ ਆਸ਼ਰਮ ''ਚ ਆਉਣ ਦਾ ਸੱਦਾ ਦਿੱਤਾ ਸੀ ਅਤੇ ਗੋਰਾ ਇਸ ਸੱਦੇ ਨੂੰ ਮਨਜ਼ੂਰ ਕਰਦਿਆਂ ਸੇਵਾਗ੍ਰਾਮ ਪਹੁੰਚੇ ਸਨ।
ਇਹ ਵੀ ਪੜ੍ਹੋ:
- ਮਹਾਤਮਾ ਗਾਂਧੀ ਦੇ ਕਤਲ ਹੋਣ ਤੋਂ ਬਾਅਦ ਪਟੇਲ ਉੱਤੇ ਕਿਸ ਨੇ ਚੁੱਕੀ ਸੀ ਉਂਗਲੀ
- ''ਜਿੱਥੇ ਇੱਕ ਆਦਮੀ ਵੀ ਝੰਡੇ ਤੇ ਬੰਦੇ ਮਾਤਰਮ ਦਾ ਵਿਰੋਧੀ ਹੈ, ਓਥੇ ਨਾ ਗੀਤ ਗਾਇਆ ਜਾਵੇ ਨਾ ਝੰਡਾ ਵਰਤਿਆ ਜਾਵੇ''
- ਦਲਿਤਾਂ ਦੇ ਹੱਕ ''ਚ ਗਾਂਧੀ ਦੇ ਹੁਕਮਾਂ ਦੇ ਉਲਟ ਬੋਲਣ ਵਾਲਾ ਸ਼ਖਸ
- ਨਮਕ ਸੱਤਿਆਗ੍ਰਹਿ ''ਚ ਔਰਤਾਂ ਦੀ ਸ਼ਮੂਲੀਅਤ ਲਈ ਗਾਂਧੀ ਨੂੰ ਮਨਾਉਣ ਵਾਲੀ ਕਮਲਾਦੇਵੀ
ਗਾਂਧੀ ਅਤੇ ਗੋਰਾ ਵਿਚਾਲੇ ਲੰਮੀ ਗੱਲਬਾਤ ਹੋਇਆ ਕਰਦੀ ਸੀ।
ਗੋਰਾ ਦੇ ਪੁੱਤਰ ਨਿਯੰਤਾ ਨੇ ਬੀਬੀਸੀ ਨੂੰ ਦੱਸਿਆ ਕਿ ਦੋਵਾਂ ਵਿਚਾਲੇ ਆਸਥਾ ਅਤੇ ਨਾਸਤਿਕਤਾ ਦੇ ਮੁੱਦੇ ''ਤੇ ਕਈ ਘੰਟਿਆਂ ਤੱਕ ਚਰਚਾ ਹੁੰਦੀ ਰਹਿੰਦੀ ਸੀ।
ਇਸ ਤੋਂ ਇਲਾਵਾ ਦੋਵੇਂ ਤਤਕਾਲੀ ਸਮਾਜਿਕ ਅਤੇ ਸਿਆਸੀ ਮੁੱਦਿਆਂ ''ਤੇ ਵੀ ਆਪੋ ਆਪਣੀ ਰਾਏ ਰੱਖਦੇ ਸਨ।
ਇੰਨ੍ਹਾਂ ਚਰਚਾਵਾਂ ''ਚ ਭਾਰਤ ਛੱਡੋ ਅੰਦੋਲਨ, ਦੇਸ ਨੂੰ ਮੁੜ ਸੁਰਜੀਤ ਕਰਨ ਵਰਗੇ ਮੁੱਦੇ ਸ਼ਾਮਲ ਸਨ।
ਨਿਯੰਤਾ ਮੁਤਾਬਕ, ਪੂਰਾ ਪਰਿਵਾਰ ਹੀ ਸੇਵਾ ਆਸ਼ਰਮ ''ਚ ਸੀ ਇਸ ਲਈ ਗਾਂਧੀ ਛੋਟੇ-ਛੋਟੇ ਬੱਚਿਆਂ ਨਾਲ ਘੁੱਲ ਮਿਲ ਗਏ ਸਨ।
ਆਸ਼ਰਮ ''ਚ ਰਹਿੰਦਿਆਂ ਆਪਣੇ ਤਜ਼ਰਬਿਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ, " ਆਸ਼ਰਮ ''ਚ ਹਰ ਕੋਈ ਆਪਣੀ ਸਮਰੱਥਾ ਅਤੇ ਯੋਗਤਾ ਅਨੁਸਾਰ ਕੰਮ ਕਰਦਾ ਸੀ। ਮੈਂ ਬਹੁਤ ਛੋਟਾ ਸੀ। ਮੇਰੇ ਵੱਡੇ ਭਰਾ ਅਤੇ ਦੂਜੇ ਲੋਕ ਫਲ ਅਤੇ ਸਬਜ਼ੀਆਂ ਨੂੰ ਧੋਣ ਦਾ ਕੰਮ ਕਰ ਰਹੇ ਸਨ ਕਿ ਗਾਂਧੀ ਜੀ ਉੱਥੇ ਆਏ।
ਉਨ੍ਹਾਂ ਨੇ ਮੇਰੇ ਵੱਡੇ ਭਰਾ ਨੂੰ ਕਿਹਾ ਕਿ ਕੁੱਝ ਫਲ ਖਾ ਲਵੋ, ਤਾਂ ਮੇਰੇ ਭਰਾ ਨੇ ਜਵਾਬ ਦਿੱਤਾ ਸੀ ਕਿ ਪਹਿਲਾਂ ਅਸੀਂ ਇੰਨ੍ਹਾਂ ਫਲਾਂ ਨੂੰ ਧੋਵਾਂਗੇ ਅਤੇ ਬਾਅਦ ''ਚ ਸਾਰਿਆਂ ''ਚ ਬਰਾਬਰ ਵੰਡ ਕੇ ਹੀ ਖਾਵਾਂਗੇ। ਇਹ ਸੁਣ ਕੇ ਗਾਂਧੀ ਜੀ ਬਹੁਤ ਖੁਸ਼ ਹੋਏ ਸਨ। ਉਨ੍ਹਾਂ ਨੇ ਕਿਹਾ ਸੀ ਅਜਿਹੇ ਨੌਜਵਾਨਾਂ ਦੀ ਮੌਜੂਦਗੀ ਦੇਸ ''ਚ ਇਸ ਨਾਕਾਰਾਤਮਕ ਰੁਝਾਨ ਨੂੰ ਠੱਲ ਪਾਵੇਗੀ ਕਿ ਲੋਕ ਦੂਜੇ ਦੀ ਪਰਵਾਹ ਕੀਤੇ ਬਿਨਾਂ ਹੀ ਜ਼ਰੂਰੀ ਵਸਤਾਂ ''ਤੇ ਆਪਣਾ ਅਧਿਕਾਰ ਕਾਇਮ ਕਰਨ।"
ਨਿਯੰਤਾ ਨੇ ਗਾਂਧੀ ਨਾਲ ਜੁੜੇ ਤਜ਼ਰਬਿਆਂ ਦੀ ਚਰਚਾ ਕਰਦਿਆਂ ਕਿਹਾ, "ਅਸੀਂ ਸਾਰੇ ਉਸ ਘਟਨਾ ਨੂੰ ਯਾਦ ਕਰਦੇ ਰਹੇ। ਇਸ ਤੋਂ ਇਲਾਵਾ ਵੀ ਹੋਰ ਕਈ ਯਾਦਾਂ ਹਨ। ਉਹ ਮੇਰੇ ਵੱਡੇ ਭਰਾ ਦੇ ਵਿਆਹ ''ਚ ਵੀ ਆਉਣ ਵਾਲੇ ਸਨ। ਵਿਆਹ ਮਾਰਚ 1948 ''ਚ ਹੋਣ ਵਾਲਾ ਸੀ ਪਰ ਉਨ੍ਹਾਂ ਦਾ ਕਤਲ ਜਨਵਰੀ ਮਹੀਨੇ ਹੀ ਹੋ ਗਿਆ ਸੀ।
ਫਿਰ ਉਨ੍ਹਾਂ ਦੀ ਗੈਰ ਮੌਜੂਦਗੀ ''ਚ ਹੀ ਸਾਡੇ ਪਰਿਵਾਰ ''ਚ ਇੱਕ ਗੈਰ ਦਲਿਤ ਦਾ ਵਿਆਹ ਇੱਕ ਦਲਿਤ ਨਾਲ ਹੋਇਆ। ਵਿਆਹ ''ਚ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਸਮੇਤ ਹੋਰ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਸੀ। ਇੱਕ ਹੀ ਦਿਨ ''ਚ ਤਿੰਨ ਵਿਆਹ ਹੋਏ ਸਨ। ਤੇਲਗੂ ਸਮਾਜ ਦੇ ਪਹਿਲੇ ਤਿੰਨ ਅੰਤਰ ਜਾਤੀ ਵਿਆਹ ਉਸ ਦਿਨ ਹੋਏ ਸਨ, ਜਿਸ ''ਚ ਦੋ ਮੇਰੇ ਵੱਡੇ ਭਰਾਵਾਂ ਅਤੇ ਇੱਕ ਵੱਡੀ ਭੈਣ ਦਾ ਵਿਆਹ ਹੋਇਆ ਸੀ।"
ਗੋਰਾ ਨੇ ਗਾਂਧੀ ਦੇ ਕੰਮ ''ਚ ਕੀਤੀ ਮਦਦ
ਗੋਰਾ ਦੇ ਨਾਲ ਕੰਮ ਕਰ ਚੁੱਕੇ ਪੀ.ਰਾਮਾ ਰਾਓ ਮੁਤਾਬਕ ਭਾਵੇਂ ਕਿ ਗੋਰਾ ਨਾਸਤਿਕ ਵਿਚਾਰਧਾਰਾ ਦੇ ਸਮਰਥਕ ਸਨ ਪਰ ਉਨ੍ਹਾਂ ''ਤੇ ਗਾਂਧੀ ਦਾ ਪ੍ਰਭਾਵ ਦੇਖਣ ਨੂੰ ਮਿਲਦਾ ਸੀ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਗੋਰਾ ਨੇ ਕਦੇ ਵੀ ਆਪਣੇ ਸ਼ਬਦਾਂ ਰਾਹੀਂ ਇਹ ਨਹੀਂ ਕਿਹਾ ਸੀ ਕਿ ਰੱਬ ਨਹੀਂ ਹੈ ਜਾਂ ਫਿਰ ਸ਼ੈਤਾਨ ਨਹੀਂ ਹੈ। ਉਹ ਕਿਸੇ ਇੱਕ ਨਤੀਜੇ ''ਤੇ ਪਹੁੰਚਣ ਵਾਲੀ ਗੱਲ ਨਹੀਂ ਕਰਦੇ ਸਨ। ਉਹ ਲੋਕਾਂ ਨੂੰ ਕਹਿੰਦੇ ਸਨ ਕਿ ਵਿਕਾਸ ਦੇ ਰਾਹ ''ਤੇ ਅੱਗੇ ਵੱਧਣ ਲਈ ਅਤੇ ਬਰਾਬਰੀ ਕਾਇਮ ਕਰਨ ਲਈ ਨਾਸਤਿਕ ਹੋ ਕੇ ਸੋਚਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਇਸ ਨੂੰ ਹੀ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾ ਲਿਆ ਸੀ ਅਤੇ ਇਸ ਦੇ ਜ਼ਰੀਏ ਹੀ ਉਹ ਗਾਂਧੀ ਜੀ ਦੇ ਆਦਰਸ਼ਾਂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।"
"ਉਨ੍ਹਾਂ ਦੇ ਨਾਸਤਿਕਤਾ ਦੇ ਕੇਂਦਰ ''ਚ ਇਮਾਨਦਾਰੀ ਅਤੇ ਇਨਸਾਨੀਅਤ ਦਾ ਪਹਿਲੂ ਵੀ ਸ਼ਾਮਲ ਸੀ। ਉਹ ਤਰਕ, ਦਲੀਲ ਦੇ ਅਧਾਰ ''ਤੇ ਸੋਚਣ-ਸਮਝਣ ਦੀ ਸਮਰੱਥਾ ਨੂੰ ਵਧਾਵਾ ਦੇਣਾ ਚਾਹੁੰਦੇ ਸਨ। ਕੇਂਦਰ ਦੀ ਸ਼ੁਰੂਆਤ ਸਮੇਂ ਉਨ੍ਹਾਂ ਨਾਲ ਕੁੱਝ ਹੀ ਲੋਕ ਸਨ ਪਰ ਬਾਅਦ ''ਚ ਕੇਂਦਰ ਦੀ ਪਹੁੰਚ ਵਿਆਪਕ ਹੋਣ ''ਚ ਜ਼ਿਆਦਾ ਸਮਾਂ ਨਾ ਲੱਗਿਆ। ਇਸ ਦੇਸ ''ਚ ਹੀ ਨਹੀਂ ਬਲਕਿ ਦੁਨੀਆਂ ਦੇ ਹੋਰ ਕਈ ਦੇਸਾਂ ''ਚ ਵੀ ਸਾਡੇ ਮੈਂਬਰ ਹਨ। ਗੋਰਾ ਨੇ ਇਸ ਦੇ ਨਾਲ ਹੀ ਅੰਤਰ-ਜਾਤੀ ਵਿਆਹ ਦਾ ਵੀ ਸਮਰਥਨ ਕੀਤਾ ਸੀ ਅਤੇ ਸਮਾਜਿਕ ਬੁਰਾਈਆਂ ਖਿਲਾਫ਼ ਮੁਹਿੰਮ ਵਿੱਢੀ ਸੀ। ਉਨ੍ਹਾਂ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਸੇਵਾਗ੍ਰਾਮ ਤੋਂ ਦਿੱਲੀ ਤੱਕ ਪੈਦਲ ਯਾਤਰਾ ਵੀ ਕੀਤੀ ਸੀ। ਇਸ ਤੋਂ ਹੀ ਪਤਾ ਚੱਲਦਾ ਹੈ ਕਿ ਉਨ੍ਹਾਂ ''ਤੇ ਗਾਂਧੀ ਜੀ ਦਾ ਕਿੰਨਾ ਪ੍ਰਭਾਵ ਸੀ।"
ਗੋਰਾ ਦੇ ਪਰਿਵਾਰ ''ਚ ਨਾਵਾਂ ਦੀ ਖਾਸੀਅਤ
ਗੋਰਾ ਆਜ਼ਾਦੀ ਦੀ ਲੜਾਈ ''ਚ ਸ਼ਾਮਲ ਹੋਏ ਸਨ ਅਤੇ ਉਨ੍ਹਾਂ ਨੇ ਸਮਾਜਿਕ ਮੁੱਦਿਆਂ ''ਤੇ ਬਹੁਤ ਕੰਮ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਸਮਾਜਿਕ ਮੁੱਦਿਆਂ ''ਤੇ ਕਈ ਕਿਤਾਬਾਂ ਵੀ ਲਿਖੀਆਂ। ਗੋਰਾ ਅਤੇ ਉਨ੍ਹਾਂ ਦੀ ਪਤਨੀ ਸਰਸਵਤੀ ਗੋਰਾ ਨੇ ਆਪਣਾ ਪੂਰਾ ਜੀਵਨ ਇੰਨ੍ਹਾਂ ਉਦੇਸ਼ਾਂ ਦੀ ਪੂਰਤੀ ਲਈ ਹੀ ਸਮਰਪਿਤ ਕਰ ਦਿੱਤਾ ਸੀ। ਉਨ੍ਹਾਂ ਦੇ 9 ਬੱਚੇ ਸਨ ਅਤੇ ਉਨ੍ਹਾਂ ਸਾਰਿਆਂ ਦੇ ਨਾਮ ਵੀ ਬਹੁਤ ਖਾਸ ਰੱਖੇ ਗਏ ਸਨ।
ਜਦੋਂ ਉਹ ਸ੍ਰੀਲੰਕਾ ''ਚ ਸਨ ਤਾਂ ਉਨ੍ਹਾਂ ਦੇ ਘਰ ਇੱਕ ਧੀ ਨੇ ਜਨਮ ਲਿਆ। ਉਸ ਦਾ ਨਾਮ ਮਨੋਰਮਾ ਰੱਖਿਆ ਗਿਆ।
ਨਮਕ ਅੰਦੋਲਨ ਦੌਰਾਨ ਇੱਕ ਪੁੱਤਰ ਨੇ ਜਨਮ ਲਿਆ ਤਾਂ ਉਸ ਦਾ ਨਾਮ ਲਾਵਣਿਅਮ ਰੱਖਿਆ ਗਿਆ। ਗਾਂਧੀ ਅਤੇ ਇਰਵਿਨ ਵਿਚਾਲੇ ਹੋਏ ਸਮਝੌਤੇ ਦੌਰਾਨ ਇੱਕ ਹੋਰ ਧੀ ਨੇ ਜਨਮ ਲਿਆ ਤਾਂ ਉਸ ਦਾ ਨਾਂਅ ਮੈਤਰੀ ਰੱਖਿਆ ਗਿਆ ਅਤੇ ਇੱਕ ਹੋਰ ਧੀ ਦਾ ਨਾਮ ਵਿਦਿਆ ਰੱਖਿਆ ਗਿਆ।

ਜਿਸ ਸਮੇਂ ਭਾਰਤੀਆਂ ਨੂੰ ਚੋਣਾਂ ਲੜਣ ਦਾ ਅਧਿਕਾਰ ਹਾਸਲ ਹੋਇਆ ਸੀ, ਉਸ ਦੌਰਾਨ ਪੈਦਾ ਹੋਏ ਪੁੱਤਰ ਦਾ ਨਾਂਅ ਵਿਜੇਯਾਮ ਰੱਖਿਆ ਗਿਆ ਅਤੇ ਦੂਜੇ ਵਿਸ਼ਵ ਯੁੱਧ ਦੇ ਸਮੇਂ ਹੋਏ ਬੇਟੇ ਦਾ ਨਾਮ ਸਮਰਨ ਰੱਖਿਆ।
ਤਾਨਾਸ਼ਾਹੀ ਲੀਡਰਾਂ ਦੇ ਮਿਜਾਜ਼ ਨੂੰ ਵੇਖਦਿਆਂ 8ਵੇਂ ਪੁੱਤਰ ਦਾ ਨਾਮ ਨਿਯੰਤਾ ਰੱਖਿਆ ਗਿਆ ਅਤੇ 9ਵੀਂ ਧੀ ਦਾ ਨਾਮ ਨਵ ਰੱਖਿਆ ਗਿਆ। ਗੋਰਾ ਬੱਚਿਆਂ ਦੇ ਨਾਮ ਰੱਖਣ ''ਚ ਵੀ ਨਵੇਂ ਪ੍ਰਯੋਗ ਕਰਨ ਦੇ ਹਿਮਾਇਤੀ ਸੀ।
ਅੰਤਰ-ਜਾਤੀ ਵਿਆਹ ਨੂੰ ਦਿੱਤਾ ਵਧਾਵਾ
ਗੋਰਾ ਨੇ ਸਮਾਜ ''ਚ ਛੂਤ-ਛਾਤ ਨੂੰ ਦੂਰ ਕਰਨ ਲਈ ਅੰਤਰ ਜਾਤੀ ਵਿਆਹਾਂ ਨੂੰ ਉਤਸ਼ਾਹਤ ਕੀਤਾ ਅਤੇ ਇਸ ਨੂੰ ਆਪਣੇ ਪਰਿਵਾਰ ''ਚ ਵੀ ਅਪਣਾਇਆ।
ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਦਲਿਤਾਂ ਅਤੇ ਗੈਰ ਦਲਿਤਾਂ ਨਾਲ ਵਿਆਹ ਕਰਵਾਉਣ ਲਈ ਪ੍ਰੇਰਿਆ।
ਗੋਰਾ ਨੇ ਆਪਣੀ ਧੀ ਮਨੋਰਮਾ ਦਾ ਵਿਆਹ ਅਰਜੁਨ ਰਾਓ ਨਾਲ ਕੀਤਾ ਸੀ ਅਤੇ ਇਹ ਵਿਆਹ ਗਾਂਧੀ ਦੇ ਆਸ਼ਰਮ ਸੇਵਾਗ੍ਰਾਮ ''ਚ ਹੀ ਹੋਇਆ ਸੀ।
ਗੋਰਾ ਤੋਂ ਬਾਅਦ ਉਨ੍ਹਾਂ ਦੇ ਨਾਸਤਿਕ ਅੰਦੋਲਨ ਨੂੰ ਜਾਰੀ ਰੱਖਣ ਵਾਲੇ ਪੁੱਤਰ ਲਾਵਣਿਅਮ ਦਾ ਵਿਆਹ ਉਨ੍ਹਾਂ ਨੇ ਦਲਿਤ ਤੇਲਗੂ ਕਵੀ ਗੋਰਮ ਜੋਸ਼ੂਆ ਦੀ ਧੀ ਨਾਲ ਕੀਤਾ ਸੀ।
ਗੋਰਾ ਦੀ ਧੀ ਨਵ ਨੇ ਬੀਬੀਸੀ ਨੂੰ ਦੱਸਿਆ, "ਗੋਰਾ ਦੇ ਪੈਰੋਕਾਰ ਹੋਣ ਦੇ ਨਾਤੇ ਅਸੀਂ ਜਾਤੀ ਅਤੇ ਧਰਮ ਤੋਂ ਉੱਪਰ ਸੋਚਦੇ ਹਾਂ। ਅਜਿਹੀ ਸੋਚ ਰੱਖਣ ਵਾਲੇ ਲੋਕਾਂ ਦੀ ਗਿਣਤੀ ''ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਦੁਨੀਆਂ ਭਰ ਦੇ ਦੂਜੇ ਦੇਸਾਂ ''ਚ ਮਨੁੱਖਤਾ ਨੂੰ ਤਰਜੀਹ ਦੇਣ ਵਾਲੇ ਲੋਕਾਂ ਦੀ ਗਿਣਤੀ 50% ਤੋਂ ਪਾਰ ਹੋ ਚੁੱਕੀ ਹੈ ਅਤੇ ਆਉਣ ਵਾਲੇ ਸਮੇਂ ''ਚ ਇਹ ਹੋਰ ਵਧੇਗੀ।"
ਪਰਿਵਾਰ ਨੇ ਪਰੰਪਰਾ ਨੂੰ ਰੱਖਿਆ ਜਾਰੀ
ਗੋਰਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਪਤਨੀ ਸਰਸਵਤੀ ਅਤੇ ਉਨ੍ਹਾਂ ਦੇ ਬੇਟੇ ਲਵਣਿਅਮ ਨੇ ਉਨ੍ਹਾਂ ਦੀਆਂ ਪਰੰਪਰਾਵਾਂ ਨੂੰ ਜਾਰੀ ਰੱਖਿਆ ਹੈ।
ਗੋਰਾ ਦੀ ਮੌਜੂਦਗੀ ''ਚ ਹੀ ਵਿਜੇਵਾੜਾ ਸਥਿਤ ਨਾਸਤਿਕ ਕੇਂਦਰ ''ਚ ਨਾਸਤਿਕਾਂ ਦਾ ਵਿਸ਼ਵ ਪੱਧਰੀ ਸੰਮੇਲਨ ਹੋਇਆ ਸੀ। ਇਸ ਤਰ੍ਹਾਂ ਦਾ ਪਹਿਲਾ ਸਮਾਗਮ ਸਾਲ 1972 ''ਚ ਹੋਇਆ ਸੀ।
ਇਸ ਤੋਂ ਬਾਅਦ ਦੂਜਾ ਸੰਮੇਲਨ ਗੋਰਾ ਦੇ ਦੇਹਾਂਤ ਤੋਂ ਲਗਭਗ 5 ਸਾਲ ਬਾਅਦ ਸਾਲ 1980 ''ਚ ਕੀਤਾ ਗਿਆ ਸੀ।
ਸਰਸਵਤੀ ਗੋਰਾ ਵੱਲੋਂ ਕੀਤੇ ਗਏ ਕੰਮ
ਗੋਰਾ ਦੀ ਪਤਨੀ ਸਰਸਵਤੀ ਗੋਰਾ ਨੇ ਔਰਤਾਂ ਦੇ ਵਿਕਾਸ ਲਈ ਕਈ ਕੰਮ ਕੀਤੇ। ਗੋਰਾ ਨਾਲ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਂਦਿਆਂ ਉਹ ਕਈ ਵਾਰ ਗ੍ਰਿਫ਼ਤਾਰ ਵੀ ਹੋਈ। ਕਈ ਵਾਰ ਜੇਲ੍ਹ ਵੀ ਗਈ।
ਭਾਰਤ ਛੱਡੋ ਅੰਦੋਲਨ ਦੌਰਾਨ ਉਹ ਢਾਈ ਸਾਲ ਦੇ ਆਪਣੇ ਬੇਟੇ ਨਿਯੰਤਾ ਦੇ ਨਾਲ ਜੇਲ੍ਹ ਵਿੱਚ ਰਹੀ ਸੀ।
ਉਨ੍ਹਾਂ ਨੇ ਸਮਾਜ ਵਿੱਚ ਫੈਲੇ ਅੰਧਵਿਸ਼ਵਾਸਾਂ ਨੂੰ ਦੂਰ ਕਰਨ ਤੋਂ ਇਲਾਵਾ ਸਮਾਜ ਵਿੱਚੋਂ ਦੇਵਦਾਸੀ ਅਤੇ ਜੋਗਿਨੀ ਪ੍ਰਥਾ ਨੂੰ ਖ਼ਤਮ ਕਰਨ ਲਈ ਕਈ ਯਤਨ ਕੀਤੇ।
ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਵਿੱਚ ਕਦੇ ਵੀ ਕੋਈ ਗਹਿਣਾ ਨਹੀਂ ਪਾਇਆ ਸੀ ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਗਹਿਣੇ ਧਾਰਮਿਕ ਵਿਸ਼ਵਾਸਾਂ ਅਤੇ ਮਾਨਤਾਵਾਂ ਨਾਲ ਜੁੜੇ ਹੁੰਦੇ ਹਨ।
ਉਨ੍ਹਾਂ ਨੇ ਹਮੇਸ਼ਾ ਹੱਥ ਨਾਲ ਬੁਣੀ ਸੂਤੀ ਸਾੜੀ ਦੀ ਹੀ ਵਰਤੋਂ ਕੀਤੀ।

ਗੋਰਾ ਦਾ ਦੇਹਾਂਤ 26 ਜੁਲਾਈ 1975 ਨੂੰ ਹੋਇਆ ਸੀ ਅਤੇ ਸਰਸਵਤੀ ਇਸ ਦੁਨੀਆਂ ਨੂੰ ਅਗਸਤ 2006 ਵਿੱਚ ਅਲਵਿਦਾ ਕਹਿ ਕੇ ਗਈ।
ਉਨ੍ਹਾਂ ਨੇ ਔਰਤਾਂ ਨੂੰ ਆਰਥਿਕ ਤੌਰ ''ਤੇ ਮਜ਼ਬੂਤ ਅਤੇ ਆਤਮਨਿਰਭਰ ਕਰਨ ਲਈ 1969 ''ਚ ਇੱਕ ਮਹਿਲਾ ਮੰਡਲ ਦੀ ਸ਼ੁਰੂਆਤ ਵੀ ਕੀਤੀ। ਇਸ ਸੰਸਥਾ ਨੇ ਮਹਿਲਾਵਾਂ ਦੇ ਲਈ ਕਈ ਤਰ੍ਹਾਂ ਦੇ ਸਿਖਲਾਈ ਪ੍ਰੋਗਰਾਮਾਂ ਵੀ ਚਲਾਏ।
ਇੰਨ੍ਹਾਂ ਪ੍ਰੋਗਰਾਮਾਂ ਦੇ ਬਾਰੇ ''ਚ ਡਾ. ਕੀਰਤੀ ਨੇ ਬੀਬੀਸੀ ਨੂੰ ਦੱਸਿਆ, "ਇਹ ਸੰਸਥਾ ਹਿੰਸਾ ਦਾ ਸ਼ਿਕਾਰ ਔਰਤਾਂ ਦੇ ਮੁੜ ਵਸੇਬੇ ਲਈ ਪ੍ਰੋਗਰਾਮ ਚਲਾਉਂਦੀ ਹੈ। ਇੱਥੇ ਸਮਾਜਿਕ ਬੁਰਾਈਆਂ ਦਾ ਸਾਹਮਣਾ ਕਰ ਰਹੀਆਂ ਔਰਤਾਂ ਲਈ ਕਾਊਂਸਲਿੰਗ ਦਾ ਪ੍ਰਬੰਧ ਹੈ।
ਇਹ ਵੀ ਪੜ੍ਹੋ:
- ਕੋਰੋਨਾਵਾਇਰਸ ਮਹਾਮਾਰੀ ਕਦੋਂ ਖ਼ਤਮ ਹੋਵੇਗੀ, WHO ਨੇ ਦਿੱਤਾ ਇਹ ਜਵਾਬ
- ''ਮੈਂ ਗੋਡਿਆਂ ਭਾਰ ਬਹਿ ਕੇ ਹਾੜੇ ਕੱਢੇ ਸੀ, ਪਰ ਮੇਰਾ ਭਰਮ ਟੁੱਟ ਗਿਆ...''
- ਭਾਰਤ-ਪਾਕਿਸਤਾਨ ਵੰਡ ਵੇਲੇ ਜਦੋਂ ਵਿਛੜੇ ਪ੍ਰੇਮੀ ਸ਼ਰਨਾਰਥੀਆਂ ਦੀ ਕਤਾਰ ’ਚ ਮਿਲੇ
ਉਨ੍ਹਾਂ ਦੇ ਵਿਕਾਸ ਲਈ ਜ਼ਰੂਰੀ ਪਹਿਲੂਆਂ ''ਤੇ ਕੰਮ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਸਿਹਤ, ਸਿੱਖਿਆ, ਰੁਜ਼ਗਾਰ ਅਤੇ ਸਾਫ ਸਫਾਈ ''ਤੇ ਵੀ ਕੰਮ ਕੀਤਾ ਜਾਂਦਾ ਹੈ।"
ਗੋਰਾ ਦਾ ਨਾਸਤਿਕ ਕੇਂਦਰ ਦੁਨੀਆ ਭਰ ''ਚ ਮਸ਼ਹੂਰ ਹੈ
ਗੋਰਾ ਦਾ ਨਾਸਤਿਕ ਕੇਂਦਰ ਕੌਮਾਂਤਰੀ ਭਾਈਵਾਲੀ ਵਾਲਾ ਕੇਂਦਰ ਹੈ।
ਹਰ ਦੋ ਸਾਲ ''ਚ ਇੱਥੇ ਜਾਪਾਨ, ਜਰਮਨੀ ਵਰਗੇ ਦੁਨੀਆਂ ਦੇ ਦੂਜੇ ਦੇਸਾਂ ਦਾ ਇੱਕ ਸਮੂਹ ਇਸ ਕੇਂਦਰ ਦਾ ਦੌਰਾ ਕਰਦਾ ਹੈ ਅਤੇ ਗੋਰਾ ਦੇ ਦੱਸੇ ਸਿਧਾਂਤਾ ਨੂੰ ਆਪਣੇ ਜੀਵਨ ''ਚ ਅਪਣਾਉਣ ਦੀ ਸਿੱਖਿਆ ਲੈ ਕੇ ਸਮੂਹ ਦੇ ਮੈਂਬਰ ਵਾਪਸ ਪਰਤਦੇ ਹਨ।
ਇਸ ਤੋਂ ਇਲਾਵਾ ਕੇਂਦਰ ''ਚ ਸਮੇਂ-ਸਮੇਂ ''ਤੇ ਵੱਖ-ਵੱਖ ਮੁੱਦਿਆਂ ''ਤੇ ਵਿਚਾਰ ਵਟਾਂਦਰੇ ਲਈ ਸੈਮੀਨਾਰ ਵੀ ਆਯੋਜਿਤ ਹੁੰਦੇ ਰਹਿੰਦੇ ਹਨ।
ਇਹ ਵੀ ਦੇਖੋ
https://www.youtube.com/watch?v=nhte7_QJBQo
https://www.youtube.com/watch?v=2LwazwKeLOc
https://www.youtube.com/watch?v=Rod3GDhJwDQ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''4c09a12c-2064-40ca-836b-734739ce1d25'',''assetType'': ''STY'',''pageCounter'': ''punjabi.india.story.54404149.page'',''title'': ''80 ਸਾਲ ਪਹਿਲਾਂ ਭਾਰਤ \''ਚ ਬਣਿਆ ਨਾਸਤਿਕ ਕੇਂਦਰ ਕੀ ਸੀ ਤੇ ਇਹ ਕਿਸ ਨੇ ਬਣਾਇਆ ਸੀ'',''author'': ''ਵੀ ਸ਼ੰਕਰ'',''published'': ''2020-10-08T14:29:54Z'',''updated'': ''2020-10-08T14:29:54Z''});s_bbcws(''track'',''pageView'');