ਪ੍ਰਸ਼ਾਂਤ ਭੂਸ਼ਣ: ‘ਇਸ ਔਖੇ ਸਮੇਂ ’ਚ ਇਸ ਕੋਰਟ ਤੋਂ ਉਮੀਦਾਂ ਹਨ, ਮੇਰਾ ਗੱਲ ਰੱਖਣ ਲਈ ਮਾਫ਼ੀ ਮੰਗਣਾ ਸਹੀ ਨਹੀਂ’

08/24/2020 2:22:27 PM

ਪ੍ਰਸ਼ਾਂਤ ਭੂਸ਼ਣ ਨੇ ਕਿਹਾ ਹੈ ਕਿ ਜੇ ਗਲਤੀ ਹੁੰਦੀ ਤਾਂ ਮੈਂ ਮਾਫੀ ਜ਼ਰੂਰ ਮੰਗ ਲੈਂਦਾ
Getty Images
ਪ੍ਰਸ਼ਾਂਤ ਭੂਸ਼ਣ ਨੇ ਕਿਹਾ ਹੈ ਕਿ ਜੇ ਗਲਤੀ ਹੁੰਦੀ ਤਾਂ ਮੈਂ ਮਾਫੀ ਜ਼ਰੂਰ ਮੰਗ ਲੈਂਦਾ

ਵਕੀਲ ਪ੍ਰਸ਼ਾਂਤ ਭੂਸ਼ਣ ਨੇ ਅਦਾਲਤ ਦੀ ਮਾਣਹਾਣੀ ਦੇ ਮਾਮਲੇ ਵਿੱਚ ਬਿਨਾਂ ਸ਼ਰਤ ਮਾਫੀ ਮੰਗਣ ਤੋਂ ਇਨਕਾਰ ਕਰ ਦਿੱਤਾ ਹੈ।

ਪ੍ਰਸ਼ਾਂਤ ਭੂਸ਼ਣ ਨੇ ਕਿਹਾ, "ਇਸ ਔਖੇ ਵੇਲੇ ਵਿੱਚ ਲੋਕਾਂ ਦੀਆਂ ਉਮੀਦਾਂ ਇਸ ਕੋਰਟ ਤੋਂ ਹਨ ਕਿ ਉਹ ਕਾਨੂੰਨ ਤੇ ਸੰਵਿਧਾਨ ਦੀ ਰਾਖੀ ਕਰੇਗਾ।”

"ਇਸ ਮੈਂ ਸਾਫ ਨੀਯਤ ਨਾਲ ਬਿਨਾਂ ਸੁਪਰੀਮ ਕੋਰਟ ਜਾਂ ਕਿਸੇ ਜੱਜ ਦੀ ਬੇਅਦਬੀ ਕਰਦੇ ਹੋਏ ਮੈਂ ਆਪਣੀ ਸੋਚ ਨੂੰ ਪ੍ਰਗਟ ਕੀਤਾ ਸੀ ਤਾਂ ਜੋ ਇੱਕ ਉਸਾਰੂ ਆਲੋਚਨਾ ਕੀਤੀ ਦਾ ਸਕੇ, ਤਾਂ ਜੋ ਕੋਰਟ ਸੰਵਿਧਾਨ ਤੇ ਲੋਕਾਂ ਸੰਵਿਧਾਨਕ ਹੱਕਾਂ ਦੀ ਰਾਖੀ ਦੇ ਮਨਸੂਬੇ ਉੱਤੇ ਕਾਇਮ ਰਹਿ ਸਕੇ।

"ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਆਪਣੀ ਗੱਲ ਰੱਖਣ ਲਈ ਮੇਰੀ ਸ਼ਰਤ ਜਾਂ ਬਿਨਾਂ ਸ਼ਰਤ ਮਾਫੀ ਮੰਗਣਾ ਸਹੀ ਨਹੀਂ ਹੋਵੇਗਾ।"

‘ਗਲਤੀ ਹੁੰਦੀ ਤਾਂ ਮਾਫੀ ਮੰਗਦਾ’

ਪ੍ਰਸ਼ਾਂਤ ਭੂਸ਼ਣ ਨੇ ਆਪਣੇ ਬਿਆਨ ਵਿੱਚ ਕਿਹਾ, "ਅਦਲਾਤ ਨੇ ਸੁਣਵਾਈ ਦੌਰਾਨ ਮੈਨੂੰ 2-3 ਦਿਨਾਂ ਦਾ ਵਕਤ ਦਿੱਤਾ ਸੀ ਤਾਂ ਜੋ ਮੈਂ ਆਪਣੀ ਬਿਆਨ ਬਾਰੇ ਮੁੜ ਵਿਚਾਰ ਕਰ ਸਕਾਂ। ਪਰ ਫੈਸਲੇ ਵਿੱਚ ਕਿਹਾ ਗਿਆ, "ਅਸੀਂ ਪ੍ਰਸ਼ਾਂਤ ਭੂਸ਼ਣ ਚਾਹੁਣ ਤਾਂ ਅਸੀਂ ਉਨ੍ਹਾਂ ਨੂੰ ਬਿਨਾਂ ਸ਼ਰਤ ਮਾਫੀ ਮੰਗਣ ਲਈ ਸਮਾਂ ਦਿੰਦੇ ਹਾਂ"

"ਜੇ ਮੇਰੀ ਗਲਤੀ ਹੁੰਦੀ ਹੋਵੇ ਤਾਂ ਮੈਂ ਕਦੇ ਵੀ ਮਾਫੀ ਮੰਗਣ ਤੋਂ ਪਿੱਛੇ ਨਹੀਂ ਹਟਦਾ ਹਾਂ। ਮੈਂ ਖੁਸ਼ਕਿਸਮਤ ਹਾਂ ਕਿ ਲੋਕਾਂ ਦੇ ਭਲੇ ਦੇ ਲਈ ਮੈਂ ਕੰਮ ਕੀਤਾ ਹੈ।"

"ਮੈਂ ਮੰਨਦਾ ਹਾਂ ਕਿ ਲੋਕਾਂ ਦੇ ਹੱਕਾਂ ਦੀ ਰਾਖੀ ਲਈ, ਲੋਕਤੰਤਰ ਦੇ ਸੰਸਥਾਨਾਂ ਉੱਤੇ ਨਿਗਰਾਨੀ ਰੱਖਣ ਲਈ ਤੇ ਖੁਦ ਲੋਕਤੰਤਰ ਲਈ ਸੁਪਰੀਮ ਕੋਰਟ ਹੀ ਆਖਰੀ ਉਮੀਦ ਹੁੰਦੀ ਹੈ।"

ਸੁਪਰੀਮ ਕੋਰਟ
Getty Images

ਸੁਪਰੀਮ ਕੋਰਟ ਨੇ ਅਦਾਲਤ ਦੇ ਮਾਨਹਾਨੀ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਗਏ ਜਾਣੇ-ਪਛਾਣੇ ਵਕੀਲ ਪ੍ਰਸ਼ਾਂਤ ਭੂਸ਼ਨ ਨੂੰ ਆਪਣੇ ਬਿਆਨ ਬਦਲ ਲੈਣ ਲਈ 2-3 ਦਿਨਾਂ ਦਾ ਸਮਾਂ ਦਿੱਤਾ ਸੀ।

ਇਸ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ਦੇ ਜੱਜ ਜਸਟਿਸ ਅਰੁਣ ਮਿਸ਼ਰਾ ਦੀ ਅਦਾਲਤ ਵਿਚ ਚੱਲ ਰਹੀ ਹੈ।

ਜਸਟਿਸ ਅਰੁਣ ਮਿਸ਼ਰਾ ਨੇ ਕਿਹਾ ਸੀ, " ਇਸ ਧਰਤੀ ਉੱਤੇ ਕੋਈ ਅਜਿਹਾ ਵਿਅਕਤੀ ਨਹੀਂ ਹੈ ਜੋ ਗਲਤੀ ਨਹੀਂ ਕਰ ਸਕਦਾ, ਤੁਸੀਂ 100 ਚੰਗੇ ਕੰਮ ਕਰ ਸਕਦੇ ਹੋ ਪਰ ਉਹ ਤੁਹਾਨੂੰ 10 ਜੁਰਮ ਕਰਨ ਦੀ ਆਗਿਆ ਨਹੀਂ ਦਿੰਦੇ, ਇਸ ਲਈ ਜੋ ਹੋਇਆ, ਸੋ ਹੋਇਆ। ਪਰ ਅਸੀਂ ਚਾਹੁੰਦੇ ਹਾਂ ਕਿ ਵਿਅਕਤੀ ਵਿਸ਼ੇਸ਼ (ਪ੍ਰਸ਼ਾਂਤ ਭੂਸ਼ਣ) ਨੂੰ ਇਸ ਦਾ ਕੁਝ ਪਛਤਾਵਾ ਤਾਂ ਹੋਵੇ। ''''

ਭਾਵੇਂ ਕਿ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਸੀ ਕਿ ਉਨ੍ਹਾਂ ਦੇ ਬਿਆਨ ਵਿਚ ਕੋਈ ਵੱਡੀ ਤਬਦੀਲੀ ਨਹੀਂ ਹੋਵੇਗੀ ਅਤੇ ਇਸ ਨਾਲ ਕੋਰਟ ਦੇ ਸਮੇਂ ਦੀ ਬਰਬਾਦੀ ਹੋਵੇਗੀ।

ਉਨ੍ਹਾਂ ਕਿਹਾ ਸੀ, "ਜੇਕਰ ਅਦਾਲਤ ਚਾਹੁੰਦੀ ਹੈ ਤਾਂ ਮੈਂ ਇਸ ਉੱਤੇ ਮੁੜ ਵਿਚਾਰ ਕਰ ਸਕਦਾ ਹਾਂ ਪਰ ਮੇਰੇ ਬਿਆਨ ਵਿਚ ਕੋਈ ਖ਼ਾਸ ਬਦਲਾਅ ਨਹੀਂ ਹੋਵੇਗਾ। ਮੈਂ ਅਦਾਲਤ ਦਾ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ।''''

ਪ੍ਰਸ਼ਾਂਤ ਭੂਸ਼ਣ ਨੇ ਕਿਹਾ ਸੀ, "ਮੈਂ ਰਹਿਮ ਲਈ ਨਹੀਂ ਕਹਾਂਗਾ ਤਾਂ ਖਿਮਾਯਾਚਨਾ ਲਈ ਅਪੀਲ ਕਰਾਂਗਾ, ਅਦਾਲਤ ਜੋ ਵੀ ਸਜ਼ਾ ਦੇਵੇਗੀ ਖਿੜੇ ਮੱਥੇ ਪ੍ਰਵਾਨ ਕਰਾਂਗਾ''''

ਇਸ ਉੱਤੇ ਜਸਟਿਸ ਮਿਸ਼ਰਾ ਨੇ ਕਿਹਾ ਸੀ, "ਚੰਗਾ ਹੋਵੇਗਾ ਜੇਕਰ ਤੁਸੀਂ ਮੁੜ ਵਿਚਾਰ ਕਰ ਲਵੋ.... ਅਤੇ ਇੱਥੇ ਸਿਰਫ਼ ਕਾਨੂੰਨੀ ਦਿਮਾਗ ਦੀ ਵਰਤੋਂ ਨਾ ਕਰੋ''''

ਇਹ ਵੀ ਪੜ੍ਹੋ:

ਪ੍ਰਸ਼ਾਂਤ ਭੂਸ਼ਣ ਨੇ ਅਦਾਲਤ ਨੂੰ ਕਿਹਾ ਸੀ ਕਿ ਉਹ ਸੁਪਰੀਮ ਕੋਰਟ ਵਿੱਚ ਮੁੜ ਵਿਚਾਰ ਅਰਜੀ ਪਾਉਣ ਦੇ ਹੱਕ ਦੀ ਵਰਤੋਂ ਕਰਨ ਜਾ ਰਹੇ ਹਨ। ਇਸ ਲਈ ਇਸ ਮਾਮਲੇ ਵਿੱਚ ਸਜ਼ਾ ਸੁਣਾਏ ਜਾਣ ਨੂੰ ਮੁੜ ਵਿਚਾਰ ਅਰਜੀ ਬਾਰੇ ਫ਼ੈਸਲਾ ਆ ਜਾਣ ਤੱਕ ਟਾਲ ਦਿੱਤਾ ਜਾਵੇ।

''ਖੁੱਲ੍ਹੀ ਆਲੋਚਨਾ ਲੋਕਤੰਤਰ ਦੀ ਰਾਖੀ ਲਈ ਜ਼ਰੂਰੀ''

ਅਪੀਲ ਕਰਨ ਸਮੇਂ ਪ੍ਰਸ਼ਾਂਤ ਭੂਸ਼ਣ ਅਪਣੇ ਵਕੀਲ ਦੇ ਨਾਲ ਜਸਟਿਸ ਅਰੁਣ ਮਿਸ਼ਰਾ ਦੀ ਅਦਾਲਤ ਵਿੱਚ ਖ਼ੁਦ ਮੌਜੂਦ ਰਹੇ ਸਨ। ਜਸਟਿਸ ਮਿਸ਼ਰਾ 12 ਸਤੰਬਰ ਨੂੰ ਰਿਟਾਇਰ ਹੋਣ ਵਾਲੇ ਹਨ।

ਪ੍ਰਸ਼ਾਂਤ ਭੂਸ਼ਣ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਇਹ ਜਾਣ ਕੇ ਦੁੱਖ ਪਹੁੰਚਿਆ ਹੈ ਕਿ ਉਨ੍ਹਾਂ ਨੂੰ ਅਦਾਲਤ ਦੀ ਮਾਣਹਾਨੀ ਦਾ ਮੁਲਜ਼ਮ ਕਰਾਰ ਦਿੱਤਾ ਗਿਆ ਹੈ।

ਉਨ੍ਹਾਂ ਨੇ ਕਿਹਾ ਸੀ ਕਿ ਦੁੱਖ ਇਹ ਨਹੀਂ ਕਿ ਸਜ਼ਾ ਕੀ ਹੋਵੇਗੀ ਸਗੋਂ ਦੁੱਖ ਗਲਤ ਸਮਝੇ ਜਾਣ ਦਾ ਹੈ। ਖੁੱਲ੍ਹੀ ਆਲੋਚਨਾ ਲੋਕਤੰਤਰ ਦੀ ਰਾਖੀ ਲਈ ਜ਼ਰੂਰੀ ਹੈ।

"ਮੇਰੇ ਟਵੀਟ ਮੇਰਾ ਫ਼ਰਜ਼ ਨਿਭਾਉਣ ਦੀ ਕੋਸ਼ਿਸ਼ ਭਰ ਸਨ। ਮੇਰੇ ਟਵੀਟਾਂ ਨੂੰ ਸੰਸਥਾ ਦੇ ਕੰਮਕਾਜ ਨੂੰ ਸੁਧਾਰਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾਣਾ ਚਾਹੀਦਾ ਹੈ।"

ਅਦਾਲਤ ਨੇ ਕਿਹਾ ਸੀ ਕਿ ਸਜ਼ਾ ਸੁਣਾਏ ਬਿਨਾਂ ਫ਼ੈਸਲਾ ਸਜ਼ਾ ਤੋਂ ਬਾਅਦ ਹੀ ਪੂਰਾ ਹੁੰਦਾ ਹੈ।

ਜਸਟਿਸ ਮਿਸ਼ਰਾ ਨੇ ਅਟੌਰਨੀ ਜਨਰਲ ਨੂੰ ਪੁੱਛਿਆ ਸੀ,"ਸਾਨੂੰ ਭੂਸ਼ਣ ਨੂੰ ਮੌਕਾ ਨਹੀਂ ਦੇਣਾ ਚਾਹੀਦਾ ਕਿ ਉਹ ਇਸ ਬਾਰੇ ਸੋਚਣ ਅਤੇ ਫਿਰ ਇੱਕ-ਦੋ ਦਿਨਾਂ ਬਾਅਦ ਸਾਡੇ ਕੋਲ ਵਾਪਸ ਆਉਣ?"

ਇਸ ਮਗਰੋਂ ਜਸਟਿਸ ਮਿਸ਼ਰਾ ਨੇ ਕਿਹਾ,"ਅਸੀਂ ਦੋ-ਤਿੰਨ ਦਿਨਾਂ ਦਾ ਸਮਾਂ ਦੇ ਰਹੇ ਹਾਂ। ਕਿਰਪਾ ਕਰ ਕੇ ਟਿੱਪਣੀ ਬਾਰੇ ਮੁੜ ਵਿਚਾਰ ਕਰੋ। ਭੂਸ਼ਣ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ। ਸਾਨੂੰ ਹਾਲੇ ਫ਼ੈਸਲਾ ਨਹੀਂ ਸੁਣਾਉਣਾ ਚਾਹੀਦਾ।"

ਕੌਣ ਹਨ ਪ੍ਰਸ਼ਾਂਤ ਭੂਸਣ

ਗੱਲ ਕੁਝ ਪੁਰਾਣੀ ਹੈ। ਸ਼ਾਇਦ ਕੋਈ 40-41 ਸਾਲ ਪੁਰਾਣੀ। ਅਮਰੀਕਾ ਦੀ ਪ੍ਰਿੰਸਟਨ ਯੂਨੀਵਰਸਿਟੀ ਵਿੱਚ 23 ਸਾਲਾਂ ਦਾ ਇੱਕ ਗੱਭਰੂ ਸਾਇੰਸ ਫਿਕਸ਼ਨ ਲਿਖਣ ਦੀ ਕੋਸ਼ਿਸ਼ ਕਰ ਰਿਹਾ ਸੀ- ਪਰ ''ਬ੍ਰਹਮੰਡ ਵਿੱਚ ਧਰਤੀ ਤੋਂ ਇਲਾਵਾ ਵੀ ਦੁਨੀਆਂ ਹੈ''- ਦੀ ਥੀਮ ''ਤੇ ਲਿਖਿਆ ਗਿਆ ਇਹ ਨਾਵਲ ਛਪ ਨਹੀਂ ਸਕਿਆ।

ਉਸ ਨੌਜਵਾਨ ਨੇ ਇਸ ਤੋਂ ਬਾਅਦ ਕਈ ਹੋਰ ਕਿਤਾਬਾਂ ਵੀ ਲਿਖੀਆਂ ਪਰ ਅੱਜ ਦੁਨੀਆਂ ਉਸ ਨੌਜਵਾਨ ਪ੍ਰਸ਼ਾਂਤ ਭੂਸ਼ਣ ਨੂੰ ਇੱਕ ਲੇਖਕ ਨਾਲੋਂ ਵੱਧ ਇੱਕ ਵਕੀਲ ਵਜੋਂ ਜਾਣਦੀ ਹੈ। ਇੱਕ ਵਕੀਲ ਜਿਸ ਨੇ 500 ਤੋਂ ਵਧੇਰੇ ਕੇਸ ਲੜੇ ਹਨ।

ਜਿਨ੍ਹਾਂ ਵਿੱਚੋਂ ਜ਼ਿਆਦਾਤਰ ਵਾਤਾਵਰਣ, ਮਨੁੱਖੀ ਹੱਕਾਂ ਅਤੇ ਭਰਿਸ਼ਟਾਚਾਰ ਵਰਗੇ ਮੁੱਦਿਆਂ ਨਾਲ ਜੁੜੇ ਹੋਏ ਸਨ ਤੇ ਬਿਨਾਂ ਕਿਸੇ ਫ਼ੀਸ ਤੋਂ ਲੜੇ ਗਏ ਸਨ।

ਅੰਗਰੇਜ਼ੀ ਰਸਾਲੇ ਇੰਡਿਆ ਟੂਡੇ ਨੇ ਉਨ੍ਹਾਂ ਨੂੰ ‘ਜਨਹਿਤ ਅਰਜੀਆਂ ਦਾ ਵਕੀਲ ਨੰਬਰ ਵਨ’ ਕਿਹਾ ਸੀ।

ਪ੍ਰਸ਼ਾਂਤ ਭੂਸ਼ਣ ਦੇ ਇਨ੍ਹਾਂ ਕੰਮਾਂ ਨੂੰ ਕੁਝ ਲੋਕ ''ਮਸ਼ਹੂਰ ਹੋਣ ਲਈ ਕੀਤਾ ਗਿਆ'' ਦਸਦੇ ਹਨ ਜਿਸ ਦੇ ਉਹ ਮਾਹਰ ਕਲਾਕਾਰ ਹਨ। ਜਦਕਿ ਕੁਝ ਲੋਕਾਂ ਲਈ ਉਹ ''ਅਰਾਜਕਤਾਵਾਦੀ'' ਹਨ।

ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਅਦਾਲਤ ਦੀ ਮਾਣਹਾਨੀ ਕਰਨ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ੀ ਐਲਾਨ ਦਿੱਤਾ ਹੈ ਪਰ ਕਿਸੇ ਉੱਘੇ ਵਕੀਲ ਉਪਰ ਅਜਿਹਾ ਇਲਜ਼ਾਮ ਲੱਗਣਾ ਕੋਈ ਨਵੀਂ ਗੱਲ ਨਹੀਂ ਹੈ।

ਆਪਣੇ ਜੀਵਨ ਦੀਆਂ 63 ਬਸੰਤਾਂ ਦੇਖ ਚੁੱਕੇ ਪ੍ਰਸ਼ਾਂਤ ਭੂਸ਼ਣ ਦੇ ਵਿਅਕਤਿਤਵ ਦੇ ਹੋਰ ਪਹਿਲੂ ਵੀ ਹਨ- ਪਿਤਾ, ਪਤੀ, ਸਿਆਸਤਾਨ, ਆਰਟ ਕਲੈਕਟਰ।

ਪਹਿਲਾਂ-ਪਹਿਲ ਉਨ੍ਹਾਂ ਦੀ ਵਕਾਲਤ ਦੇ ਪੇਸ਼ੇ ਵਿੱਚ ਜਾਣ ਵਿੱਚ ਕੋਈ ਦਿਲਚਸਪੀ ਨਹੀਂ ਸੀ।

ਪਹਿਲਾਂ ਉਹ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਲਈ ਆਈਆਈਟੀ ਮਦਰਾਸ ਗਏ ਪਰ ਇੱਕ ਸਮੈਸਟਰ ਤੋਂ ਬਾਅਦ ਉਹ ਛੱਡ ਕੇ ਆ ਗਏ ਕਿਉਂਕਿ ਉਨ੍ਹਾਂ ਦੇ ਸ਼ਬਦਾਂ ਵਿੱਚ ਉਹ ''ਦੋ ਸਾਲ ਦੀ ਛੋਟੀ ਭੈਣ ਜਿਸ ਨਾਲ ਉਨ੍ਹਾਂ ਨੂੰ ਬਹੁਤ ਮੋਹ ਸੀ, ਉਸ ਨੂੰ ਮਿਸ ਕਰ ਰਹੇ ਸਨ''।

ਕਾਨੂੰਨ ਦੀ ਪੜ੍ਹਾਈ ਕਰਨ ਲਈ ਉਹ ਪ੍ਰਿੰਸਟਨ ਯੂਨੀਵਰਸਿਟੀ ਤੋਂ ਸਾਇੰਸ ਆਫ਼ ਫਿਲਾਸਫੀ ਦੀ ਪੜ੍ਹਾਈ ਕਰਨ ਮਗਰੋਂ ਇਲਾਹਾਬਾਦ ਯੂਨੀਵਰਸਿਟੀ ਪਹੁੰਚੇ।

ਸ਼ਸ਼ੀ ਭੂਸ਼ਣ ਦੇ ਸਪੁੱਤਰ

ਪ੍ਰਸ਼ਾਤ ਭੂਸ਼ਣ ਦੇ ਪਿਤਾ ਸ਼ਸ਼ੀ ਭੂਸ਼ਣ ਭਾਰਤ ਦੇ ਜਾਣੇ-ਪਛਾਣੇ ਕਾਨੂੰਨੀ ਮਾਹਰ ਅਤੇ ਸਿਆਸੀ ਕਾਰਕੁਨ ਰਹੇ ਹਨ।

ਇੰਦਰਾ ਗਾਂਧੀ ਦੇ ਖ਼ਿਲਾਫ ਚੋਣਾਂ ਵਿੱਚ ਧੋਖਾਧੜੀ ਦਾ ਕੇਸ ਸ਼ਸ਼ੀ ਭੂਸ਼ਣ ਨੇ ਹੀ ਲੜਿਆ ਸੀ, ਜਿਸ ਵਿੱਚ ਤਤਕਾਲੀ ਇੰਦਰਾ ਗਾਂਧੀ ਹਾਰ ਗਏ ਸਨ ਅਤੇ ਦੇਸ਼ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਸੀ ਜੋ 21 ਮਹੀਨਿਆਂ ਤੱਕ ਜਾਰੀ ਰਹੀ ਸੀ।

ਐਮਰਜੈਂਸੀ ਤੋਂ ਬਾਅਦ ਕੇਂਦਰ ਵਿੱਚ ਮੋਰਾਰਜੀ ਦੇਸਾਈ ਦੀ ਅਗਵਾਈ ਵਿੱਚ ਜਨਤਾ ਪਾਰਟੀ ਦੀ ਸਰਕਾਰ ਬਣੀ ਜਿਸ ਵਿੱਚ ਸ਼ਾਂਤੀ ਭੂਸ਼ਣ 1977-79 ਤੱਕ ਕਾਨੂੰਨ ਮੰਤਰੀ ਰਹੇ।

ਇੰਦਰਾ ਗਾਂਧੀ ਦੇ ਖ਼ਿਲਾਫ਼ ਇਲਾਹਾਬਾਦ ਹਾਈ ਕੋਰਟ ਵਿੱਚ ਉਪਰੋਕਤ ਮਸਲਾ ਸਮਾਜਵਾਦੀ ਆਗੂ ਰਾਜ ਨਾਰਾਇਣ ਨੇ ਦਾਇਰ ਕੀਤਾ ਸੀ।

ਪ੍ਰਸ਼ਾਂਤ ਭੂਸ਼ਣ ਦੋ ਸਾਲਾਂ ਤੱਕ ਚੱਲੇ ਇਸ ਕੇਸ ਦੇ ਕੇਂਦਰ ਵਿੱਚ ਮੌਜੂਦ ਸਨ ਜਿਸ ਤੋਂ ਬਾਅਦ ਉਨ੍ਹਾਂ ਨੇ ਦਿ ਕੇਸ ਦੈਟ ਸ਼ੂਕ ਇੰਡਿਆ ਨਾਂਅ ਦੀ ਕਿਤਾਬ ਲਿਖੀ।

ਉਨ੍ਹਾਂ ਦੀ ਦੂਸਰੀ ਕਿਤਾਬ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਾਰਜਕਾਲ ਦੌਰਾਨ ਹੋਏ ਤੋਪ ਖ਼ਰੀਦ ਘੋਟਾਲੇ ਬਾਰੇ - ਬੋਫੋਰਸ ਦਿ ਸੇਲਿੰਗ ਆਫ਼ ਏ ਨੇਸ਼ਨ - ਲਿਖੀ।।

ਪ੍ਰਿੰਸਟਨ ਦੇ ਦਿਨਾਂ ਦੇ ਉਨ੍ਹਾਂ ਦੇ ਸਾਥੀ ਪ੍ਰੋਫ਼ੈਸਰ ਹਰਜਿੰਦਰ ਸਿੰਘ ਦਸਦੇ ਹਨ ਕਿ ਸਾਇੰਸ ਦੀਆਂ ਕਿਤਾਬਾਂ ਵਿੱਚ ਪ੍ਰਸ਼ਾਂਤ ਦਾ ਸ਼ੌਂਕ ਹਾਲੇ ਵੀ ਕਾਇਮ ਹੈ।

ਰਜਿੰਦਰ ਦਸਦੇ ਹਨ, "ਕੋਈ ਦੋ ਮਹੀਨੇ ਪਹਿਲਾਂ ਉਨ੍ਹਾਂ ਨੇ ਮੈਨੂੰ ਰਾਸਾਇਣਕ ਪ੍ਰੀਖਣ ਬਾਰੇ ਇੱਕ ਕਿਤਾਬ ਬਾਰੇ ਪੁੱਛਿਆ ਸੀ।"

ਮੋਰਾਰਜੀ ਦੇਸਾਈ
BBC
ਮੋਰਾਰਜੀ ਦੇਸਾਈ ਦੇਸ਼ ਦੇ ਪਹਿਲੇ ਗੈਰ- ਕਾਂਗਰਸੀ ਪ੍ਰਧਾਨ ਮੰਤਰੀ ਸਨ

ਉਸ ਸਮੇਂ ਕਾਂਗਰਸ (ਓ) ਦੇ ਮੈਂਬਰ ਸ਼ਾਂਤੀ ਭੂਸ਼ਣ ਨੇ ਆਪਣੇ ਸਮਰਿਤੀ- ਕੋਰਟਿੰਗ ਡੈਸਿਟੀਨੀ: ਏ ਮੈਮੋਇਰ ਵਿੱਚ ਲਿਖਿਆ ਹੈ ਕਿ 1976 ਵਿੱਚ ਬੰਬਈ ਵਿੱਚ ਜੈਪ੍ਰਕਾਸ਼ ਨਾਰਾਇਣ ਨੇ ਜੋ ਬੈਠਕ ਸੱਦੀ ਸੀ ਉਸ ਵਿੱਚ ਉਹ ਵੀ ਸ਼ਾਮਲ ਸਨ ਅਤੇ ਉੱਥੇ ਹੀ ਦੋ ਦਿਨਾਂ ਦੀ ਬੈਠਕ ਤੋਂ ਬਾਅਦ ਤੈਅ ਕੀਤਾ ਗਿਆ ਸੀ ਕਿ ਜੇ ਇੰਦਰਾ ਗਾਂਧੀ ਨੂੰ ਹਰਾਉਣਾ ਹੈ ਤਾਂ ਕਾਂਗਰਸ (ਓ), ਜਨਸੰਘ, ਸੋਸ਼ਲਿਸਟ ਪਾਰਟੀ ਅਤੇ ਭਾਰਤੀ ਲੋਕ ਦਲ ਨੂੰ ਇੱਕ ਹੋਣਾ ਪਵੇਗਾ।

ਸ਼ਾਂਤੀ ਭੂਸ਼ਣ ਭਾਰਤੀ ਜਨਤਾ ਪਾਰਟੀ ਦੇ ਮੋਢੀ ਮੈਂਬਰਾਂ ਵਿੱਚ ਸਨ ਅਤੇ 1986 ਤੱਕ ਪਾਰਟੀ ਦੇ ਖਜਾਨਚੀ ਵੀ ਰਹੇ।

ਸ਼ਾਂਤੀ ਭੂਸ਼ਣ ਅਤੇ ਪ੍ਰਸ਼ਾਂਤ ਭੂਸ਼ਣ ਲੋਕਪਾਲ ਬਿਲ ਦਾ ਖਰੜਾ ਤਿਆਰ ਕਰਨ ਲਈ ਬਣਾਈ ਗਈ ਸਾਂਝੀ ਕਮੇਟੀ ਦੇ ਵੀ ਮੈਂਬਰ ਸਨ।

ਸਾਇੰਸ ਫਿਕਸ਼ਨ ਦੇ ਸ਼ੌਕੀਨ

ਆਈਆਈਟੀ ਅਤੇ ਪ੍ਰਿੰਸਟਨ ਤੋਂ ਬਾਅਦ ਪ੍ਰਸ਼ਾਂਤ ਭੂਸ਼ਣ ਦਾ ਸਾਇੰਸ ਨਾਲ ਭਾਵੇਂ ਸਿੱਧਾ ਰਿਸ਼ਤਾ ਤਾਂ ਨਹੀਂ ਰਿਹਾ ਪਰ ਇਸੇ ਕਾਰਨ ਸਾਲ 1983 ਵਿੱਚ ਦੂਨ ਵੈਲੀ ਵਿੱਚ ਚੂਨਾ ਪੱਥਰ ਦੀ ਖੁਦਾਈ ਕਾਰਨ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਦਾ ਕੇਸ ਉਨ੍ਹਾਂ ਕੋਲ ਆਇਆ।

ਦੇਹਰਾਦੂਨ ਤੋਂ ਬੀਬੀਸੀ ਨਾਲ ਫ਼ੋਨ ਉੱਪਰ ਗੱਲ ਕਰਦਿਆਂ ਉੱਘੀ ਵਾਤਾਵਰਨ ਮਾਹਰ ਵੰਦਨਾ ਸ਼ਿਵ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਇੱਕ ਏਮਿਕਸ ਕਿਊਰੀ (ਅਦਾਲਤ ਦਾ ਦੋਸਤ ਵਕੀਲ) ਲਾਇਆ ਸੀ ਪਰ ਉਨ੍ਹਾਂ ਨੂੰ ਵਾਤਾਵਰਣ ਨਾਲ ਜੁੜੀਆਂ ਗੱਲਾਂ ਨੂੰ ਸਮਝ ਨਹੀਂ ਸਨ ਆ ਰਹੀਆਂ। ਅਜਿਹੇ ਵਿੱਚ ਕਿਸੇ ਨੇ ਪ੍ਰਸ਼ਾਂਤ ਭੂਸ਼ਣ ਦੇ ਨਾਂਅ ਦੀ ਸਿਫ਼ਾਰਿਸ਼ ਕੀਤੀ।

ਉਸ ਕੇਸ ਵਿੱਚ ਸੁਪਰੀਮ ਕੋਰਟ ਨੇ ਜੀਵਨ ਅਤੇ ਨਿੱਜੀ ਅਜ਼ਾਦੀ (ਸੰਵਿਧਾਨ ਦੀ ਧਾਰਾ-21) ਦੇ ਤਹਿਤ ਫ਼ੈਸਲਾ ਸੁਣਾਇਆ ਜੋ ਕਿ ਵੰਦਨਾ ਸ਼ਿਵਾ ਦੇ ਮੁਤਾਬਕ ਇਤਿਹਾਸਕ ਫ਼ੈਸਲਾ ਸੀ।

ਹਿੰਦੂਵਾਦੀਆਂ ਦੇ ਨਿਸ਼ਾਨੇ ਉੱਤੇ ਰਹੇ

ਸ਼ਾਂਤੀ ਭੂਸ਼ਣ ਅਤੇ ਕੁਮਦ ਭੂਸ਼ਣ ਦੀਆਂ ਚਾਰ ਔਲਾਦਾਂ ਵਿੱਚੋਂ ਸਭ ਤੋਂ ਵੱਡੇ ਪ੍ਰਸ਼ਾਂਤ ਭੂਸ਼ਣ ਦੇ ਪਿਤਾ ਦੇ ਨਾਲ ਹੀ ਦਿੱਲੀ ਦੇ ਨਾਲ ਲਗਦੇ ਨੋਇਡਾ ਵਿੱਚ ਰਹਿੰਦੇ ਹਨ ਜਿੱਥੇ ਤਿੰਨ ਸਾਲ ਪਹਿਲਾਂ ਕੁਝ ਲੋਕਾਂ ਨੇ ਉਨ੍ਹਾਂ ਦੇ ਘਰ ਦੇ ਕੋਲ ਖਰੂਦ ਮਚਾਇਆ ਸੀ ਅਤੇ ਉਨ੍ਹਾਂ ਦੇ ਘਰ ਉੱਪਰ ਰੰਗ ਸੁੱਟ ਦਿੱਤਾ ਸੀ।

ਖ਼ਬਰਾਂ ਦੇ ਮੁਤਾਬਕ ਉਨ੍ਹਾਂ ਦੇ ਘਰ ਦੇ ਸਾਹਮਣੇ ਇਹ ਪ੍ਰਦਰਸ਼ਨ ਪ੍ਰਸ਼ਾਂਤ ਭੂਸ਼ਣ ਦੇ ਉਸ ਟਵੀਟ ਕਾਰਨ ਹੋਇਆ ਸੀ ਜਿਸ ਵਿੱਚ ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਰੋਮੀਓ-ਸਕਵਾਇਡ ਬਾਰੇ ਕੁਝ ਕਰਨ ਲਈ ਕਹਿੰਦੇ ਹੋਏ ਹਿੰਦੂ ਦੇਵਤਾ ਕ੍ਰਿਸ਼ਣ ਦਾ ਹਵਾਲਾ ਦਿੱਤਾ ਸੀ ਜਿਸ ਨਾਲ ਕੁਝ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਸੀ।

ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਦਿੱਤੇ ਇੱਕ ਬਿਆਨ ਵਿੱਚ ਕਿਹਾ ਸੀ, "ਪ੍ਰਸ਼ਾਂਤ ਭੂਸ਼ਣ ਜੀ ਨੇ ਭਗਵਾਨ ਕ੍ਰਿਸ਼ਣ ਦੇ ਲਈ ਜਿਨ੍ਹਾਂ ਸ਼ਬਦਾਂ ਦੀ ਵਰਤੋਂ ਕੀਤੀ ਹੈ ਉਸ ਨਾਲ ਕਰੋੜਾਂ ਭਾਰਤੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਤੁਸੀਂ ਭਗਵਾਨ ਦਾ ਉਹੀ ਅਕਸ ਦੇਖ ਸਕੋਂਗੇ ਜਿਸ ਤਰ੍ਹਾਂ ਦੀ ਤੁਹਾਡੀ ਮਾਨਸਕਿਤਾ ਹੈ।"

ਇਸ ਬਾਰੇ ਪ੍ਰਸ਼ਾਂਤ ਭੂਸ਼ਣ ਦਾ ਪੱਖ ਸੀ ਕਿ ਉਨ੍ਹਾਂ ਦੇ ਬਿਆਨ ਨੂੰ ਗਲਤ ਰੰਗ ਵਿੱਚ ਪੇਸ਼ ਕੀਤਾ ਗਿਆ ਹੈ।

ਅਕਤੂਬਰ 2011 ਵਿੱਚ ਮਸ਼ਹੂਰ ਵਕੀਲ ਅਤੇ ਉਸ ਸਮੇਂ ਅੰਨਾ ਹਜ਼ਾਰੇ ਦੀ ਟੀਮ ਦੇ ਮੈਂਬਰ ਉਪਰ ਸੁਪਰੀਮ ਕੋਰਟ ਦੇ ਸਾਹਮਣੇ ਬਣੇ ਦਫ਼ਤਰ ਉੱਪਰ ਹਮਲਾ ਕੀਤਾ ਗਿਆ ਸੀ। ਜਿੱਥੇ ਹਮਲਾ ਕਰਨ ਵਾਲਿਆਂ ਵਿੱਚੋ ਇੱਕ ਦੋ ਜਣੇ ਜੈ ਸ੍ਰੀਰਾਮ ਦੇ ਨਾਅਰੇ ਲਾ ਰਹੇ ਸਨ।

ਉਨ੍ਹਾਂ ਲੋਕਾਂ ਨੇ ਪ੍ਰਸ਼ਾਂਤ ਭੂਸ਼ਣ ਦੇ ਥੱਪੜ ਤੱਕ ਮਾਰਿਆ ਅਤੇ ਉਨ੍ਹਾਂ ਨੂੰ ਧੱਕੇ ਦੇ ਕੇ ਜ਼ਮੀਨ ਉੱਪਰ ਵੀ ਸੁੱਟ ਦਿੱਤਾ ਸੀ।

ਉਸ ਸਮੇਂ ਦਿੱਲੀ ਅਤੇ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਸੀ। ਤਤਕਾਲੀ ਗ੍ਰਿਹ ਮੰਤਰੀ ਪ੍ਰਸ਼ਾਂਤ ਭੂਸ਼ਣ ਉੱਪਰ ਹੋਏ ਇਸ ਹਮਲੇ ਦੀ ਨਿੰਦਾ ਕੀਤੀ ਸੀ।

ਹਮਲਾਵਰਾਂ ਵਿੱਚੋਂ ਇੱਕ ਤੇਜਿੰਦਰ ਸਿੰਘ ਬੱਗਾ ਜੋ ਉਸ ਸਮੇਂ ਖ਼ੁਦ ਨੂੰ ਭਗਤ ਸਿੰਘ ਕ੍ਰਾਂਤੀ ਸੇਨਾ ਦਾ ਦੱਸਦੇ ਸਨ ਬਾਅਦ ਵਿੱਚ ਭਾਜਪਾ ਦੇ ਬੁਲਾਰੇ ਥਾਪੇ ਗਏ।

ਹਮਲੇ ਦੇ ਪ੍ਰਸੰਗ ਵਿੱਚ ਪ੍ਰਸ਼ਾਂਤ ਭੂਸ਼ਣ ਦੇ ਹਵਾਲੇ ਨਾਲ ਕਿਹਾ ਗਿਆ ਸੀ ਕਿ ਉਨ੍ਹਾਂ ਨੇ ਕਸ਼ਮੀਰ ਵਿੱਚ ਰਾਇਸ਼ੁਮਾਰੀ ਕਰਵਾਉਣ ਦੀ ਹਮਾਇਤ ਕੀਤੀ ਸੀ।

ਕਸ਼ਮੀਰ ਉੱਤੇ ਸਟੈਂਡ ਦਾ ਵੀ ਹੋਇਆ ਸੀ ਵਿਰੋਧ

ਭਾਰਤ ਵਿੱਚ ਸ਼ਾਮਲ ਹੋਣ ਤੋਂ ਬਾਅਦ ਸੰਯੁਕਤ ਰਾਸ਼ਟਰ ਦੇ ਇੱਕ ਮਤੇ ਮੁਤਾਬਕ ਇੱਕ ਰਾਇਸ਼ੁਮਾਰੀ ਕਰਵਾ ਕੇ ਇਹ ਪਤਾ ਕੀਤਾ ਜਾਣਾ ਚਾਹੀਦਾ ਸੀ ਕਿ ਜੰਮੂ-ਕਸ਼ਮੀਰ ਦੇ ਲੋਕ ਭਾਰਤ ਨਾਲ ਰਹਿਣਾ ਚਾਹੁੰਦੇ ਹਨ ਜਾਂ ਅਜ਼ਾਦ।

ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਅਮਿਤਾਭ ਸਿਨਹਾ ਕਹਿੰਦੇ ਹਨ, "ਕਸ਼ਮੀਰ ਬਾਰੇ ਇਸ ਤਰ੍ਹਾਂ ਦੇ ਬਿਆਨ ਦੇਣ ਦਾ ਮਤਲਬ ਹੈ ਕਿ ਤੁਸੀਂ ਪਾਕਿਸਤਾਨ ਨਾਲ ਖੜ੍ਹੇ ਹੋ। ਇਹ ਦੇਸ਼ ਤੋੜਨ ਦੀ ਗੱਲ ਹੈ ਅਤੇ ਦੇਸ਼ ਨਹੀਂ ਬਚੇਗਾ ਤਾਂ ਕੋਈ ਵੀ ਨਹੀਂ ਬਚੇਗਾ।"

ਅਮਿਤਾਭ ਸਿਨਹਾ ਭਾਜਪਾ ਦੇ ਮੈਂਬਰ ਹਨ।

ਵਕੀਲਾਂ ਦੇ ਚੈਂਬਰਾਂ ''ਤੇ ਹੋਏ ਹਮਲਿਆਂ ਦੇ ਬਾਵਜੂਦ ਆਮ ਤੌਰ ''ਤੇ ਹਰ ਮਾਮਲੇ ਵਿੱਚ ਮੋਢੀ ਰਹਿਣ ਵਾਲੀਆਂ ਵਕੀਲਾਂ ਦੀਆਂ ਸੰਸਥਾਵਾਂ ਦਾ ਵਿਰੋਧ ਕੁਝ ਦੱਬਿਆ ਜਿਹਾ ਰਿਹਾ। ਇਸ ਉੱਤੇ ਕੁਝ ਲੋਕਾਂ ਨੇ ਹੈਰਾਨੀ ਵੀ ਪ੍ਰਗਟਾਈ ਪਰ ਇੰਡੀਆ ਟੂਡੇ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਪ੍ਰਸ਼ਾਂਤ ਭੂਸ਼ਣ ਨੇ ਕਿਹਾ, "ਮੈਂ ਬਹੁਤ ਹੀ ਅਲੱਗ-ਥਲੱਗ ਹਾਂ ਅਤੇ ਕਾਨੂੰਨੀ ਭਾਈਚਾਰੇ ਵਿੱਚ ਮੇਰੇ ਕੁਝ ਚੰਗੇ ਮਿੱਤਰ ਹਨ। ਮੈਂ ਵੱਖ -ਵੱਖ ਖੇਤਰਾਂ ਵਿੱਚ ਬਹੁਤ ਸਾਰੇ ਲੋਕਾਂ ਦਾ ਭਾਂਡਾ ਭੰਨਿਆ ਹੈ। ਕਾਰਪੋਰੇਟ ਜਗਤ ਵੀ ਮੇਰੇ ਵਿਰੁੱਧ ਹੈ।"

ਭਾਰਤ ਦੇ ਮੌਜੂਦਾ ਮੁੱਖ ਜੱਜ ਐੱਸਜੇ ਬੋਬੜੇ ਅਤੇ ਸਾਬਕਾ ਮੁੱਖ ਜੱਜ ਜਸਟਿਸ ਦੀਪਕ ਮਿਸ਼ਰਾ
Getty Images
ਭਾਰਤ ਦੇ ਮੌਜੂਦਾ ਮੁੱਖ ਜੱਜ ਐੱਸਜੇ ਬੋਬੜੇ ਅਤੇ ਸਾਬਕਾ ਮੁੱਖ ਜੱਜ ਜਸਟਿਸ ਦੀਪਕ ਮਿਸ਼ਰਾ

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਪ੍ਰਗਤੀਸ਼ੀਲ ਗੱਠਜੋੜ ਸਰਕਾਰ ਦੇ ਦੂਜੇ ਕਾਰਜਕਾਲ ਵਿੱਚ ਪ੍ਰਸ਼ਾਂਤ ਭੂਸ਼ਣ ਨੇ ਨੀਰਾ ਰਾਡੀਆ ਟੇਪ ਘੁਟਾਲਾ, ਕੋਲਾ ਅਤੇ 2-ਜੀ ਸਪੈਕਟ੍ਰਮ ਘੁਟਾਲੇ ਵਰਗੇ ਕਈ ਮਾਮਲੇ ਸਾਹਮਣੇ ਲਿਆਂਦੇ ਸਨ। ਜਿਸਦੇ ਨਤੀਜੇ ਵੱਜੋਂ ਤਤਕਾਲੀ ਦੂਰਸੰਚਾਰ ਮੰਤਰੀ ਨੇ ਨਾ ਸਿਰਫ਼ ਅਸਤੀਫ਼ਾ ਦਿੱਤਾ ਬਲਕਿ ਜੇਲ੍ਹ ਵੀ ਗਿਆ।

ਸੁਪਰੀਮ ਕੋਰਟ ਨੇ ਸਪੈਕਟ੍ਰਮ ਅਤੇ ਕੋਲਾ ਬਲਾਕਾਂ ਦੀ ਵੰਡ ਨੂੰ ਰੱਦ ਕਰ ਦਿੱਤਾ। ਮਾਮਲੇ ਦੀ ਜਾਂਚ ਸੀਬੀਆਈ ਨੂੰ ਕਰਨ ਦਾ ਹੁਕਮ ਸੁਣਾਇਆ ਗਿਆ ਜਿਸ ਨਾਲ ਟੈਲੀਕਾਮ ਕੰਪਨੀਆਂ ਨੂੰ ਭਾਰੀ ਨੁਕਸਾਨ ਸਹਿਣਾ ਪਿਆ।

ਗੋਆ ਵਿੱਚ ਗ਼ੈਰ ਕਾਨੂੰਨੀ ਤੌਰ ''ਤੇ ਲੋਹੇ ਦੇ ਮਾਈਨਿੰਗ ਬਾਰੇ ਉਨ੍ਹਾਂ ਦੀ ਪਟੀਸ਼ਨ ਤੋਂ ਬਾਅਦ ਅਦਾਲਤ ਨੇ ਉਥੇ ਮਾਈਨਿੰਗ ''ਤੇ ਰੋਕ ਲਾ ਦਿੱਤੀ।

ਭ੍ਰਿਸ਼ਟਾਚਾਰ ਵਿਰੋਧੀ ਲਹਿਰ ਤੇ ''ਆਪ'' ਦੇ ਮੋਢੀ

ਇਸ ਮਾਮਲਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਮੁਲਕ ਵਿੱਚ ਬਣੇ ਹਲਾਤ ਦੌਰਾਨ ਇੰਡੀਆਂ ਅਗੇਂਸਟ ਕੋਰੱਪਸ਼ਨ ਮੁਹਿੰਮ ਦੀ ਸ਼ੁਰੂਆਤ ਹੋਈ, ਜਿਸ ਤੋਂ ਬਾਅਦ ਆਮ ਆਦਮੀ ਪਾਰਟੀ, ਇੱਕ ਰਾਜਨੀਤਿਕ ਦਲ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਈ ਅਤੇ ਪ੍ਰਸ਼ਾਂਤ ਭੂਸ਼ਣ ਇਸਦੇ ਸੰਸਥਾਪਕਾਂ ਵਿੱਚੋਂ ਇੱਕ ਸਨ। ਹਾਲਾਂਕਿ ਬਾਅਦ ਵਿੱਚ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਨਾਲ ਹੋਏ ਮਤਭੇਦਾਂ ਦੇ ਕਾਰਨ ਉਨ੍ਹਾਂ ਨੂੰ ਵੱਖ ਹੋਣਾ ਪਿਆ, ਜਿਸ ਤੋਂ ਬਾਅਦ ਰਾਜਨੀਤਿਕ ਸਹਿਯੋਗੀ ਅਤੇ ''ਆਪ''ਦੇ ਹੀ ਇੱਕ ਹੋਰ ਮੈਂਬਰ ਅਤੇ ਉੱਘੇ ਸਿਆਸੀ ਵਿਸ਼ਲੇਸ਼ਕ ਯੋਗੇਂਦਰ ਯਾਦਵ ਨਾਲ ਮਿਲ ਕੇ ''ਸਵਰਾਜ ਇੰਡੀਆ'' ਬਣਾਈ।

''ਆਪ'' ਦੇ ਦਿਨਾਂ ਦੇ ਉਨ੍ਹਾਂ ਦੇ ਪੁਰਾਣੇ ਸਾਥੀ ਆਸ਼ੀਸ਼ ਖੇਤਾਨ ਕਹਿੰਦੇ ਹਨ, "ਪ੍ਰਸ਼ਾਂਤ ਜੀ ਨੇ ਆਪ ਲਈ ਇੱਕ ਮਾਂ ਵਰਗੀ ਭੂਮਿਕਾ ਨਿਭਾਈ ਸੀ ਅਤੇ ਪਾਰਟੀ ਪ੍ਰਤੀ ਉਨ੍ਹਾਂ ਦੇ ਮਨ ਵਿੱਚ ਬੇਹੱਦ ਮੋਹ ਅਤੇ ਪਿਆਰ ਸੀ।" ਆਸ਼ੀਸ਼ ਖੇਤਾਨ ਵੀ ਆਪ ਤੋਂ ਵੱਖ ਹੋ ਕੇ ਅੱਜ ਕਲ੍ਹ ਮੁੰਬਈ ਵਿੱਚ ਵਕਾਲਤ ਕਰ ਰਹੇ ਹਨ।

ਸਿਆਸੀ ਵਿਸ਼ਲੇਸ਼ਕਾਂ ਦੇ ਇੱਕ ਵਰਗ ਦਾ ਮੰਨਣਾ ਹੈ ਕਿ ਪ੍ਰਸ਼ਾਂਤ ਭੂਸ਼ਣ ਵਲੋਂ ਕੋਲਾ ਅਤੇ 2-ਜੀ ਸਪੈਕਟ੍ਰਮ ਘੋਟਾਲਾ, ਨੀਰਾ ਰਾਡੀਆ ਟੇਪ ਵਰਗੇ ਕਾਂਡ ਲੋਕਾਂ ਦੇ ਸਾਹਮਣੇ ਲਿਆਉਣ ਤੋਂ ਬਾਅਦ ਹੀ ਦੇਸ਼ ਵਿੱਚ ਭ੍ਰਿਸ਼ਟਾਚਾਰ ਦੇ ਵਿਰੁੱਧ ਇੱਕ ਹਵਾ ਬਣੀ ਸੀ। ਸਾਲ 2014 ''ਚ ਭਾਜਪਾ ਨੂੰ ਸੱਤਾ ਵਿੱਚ ਲਿਆਉਣ ਵਿੱਚ ਇਸ ਨੇ ਅਹਿਮ ਭੂਮਿਕਾ ਨਿਭਾਈ ਸੀ।

ਨਰਿੰਦਰ ਮੋਦੀ ਦੇ ਕਾਰਜਕਾਲ ਦੌਰਾਨ ਵੀ ਪ੍ਰਸ਼ਾਂਤ ਭੂਸ਼ਣ ਰਾਫ਼ੇਲ ਲੜਾਕੂ ਜਹਾਜ਼ ਸੌਦੇ ਵਿੱਚ ਕਥਿਤ ਘੁਟਾਲੇ ਅਤੇ ਕੋਵਿਡ ਲੌਕਡਾਊਨ ਕਰਕੇ ਸਾਹਮਣੇ ਆਈ ਪ੍ਰਵਾਸੀ ਮਜ਼ਦੂਰਾਂ ਦੀ ਸਮੱਸਿਆ, ਪ੍ਰਧਾਨ ਮੰਤਰੀ ਕੇਅਰਜ਼ ਫੰਡ ਵਿੱਚ ''ਅਪਾਰਦਰਸ਼ਿਤਾ'' ਵਰਗੇ ਮੁੱਦੇ ਚੁੱਕਦੇ ਰਹੇ ਹਨ।

ਹਾਲਾਂਕਿ ਮੰਨਿਆ ਜਾਂਦਾ ਹੈ ਕਿ ਇੰਨ੍ਹਾਂ ਮਾਮਲਿਆਂ ਵਿੱਚ ਸੁਪਰੀਮ ਕੋਰਟ ਨੇ ਜਿਹੜੇ ਫ਼ੈਸਲੇ ਸੁਣਾਏ, ਉਹ ਸਰਕਾਰ ਦੇ ਪੱਖ ਵਿੱਚ ਗਏ। ਅਮਿਤਾਭ ਸਿਨਹਾ ਕਹਿੰਦੇ ਹਨ ਕਿ ਜਦੋਂ ਤੁਸੀਂ ਹਮੇਸ਼ਾ ਹੀ ਸ਼ਕਾਇਤ ਕਰਦੇ ਹੋ ਤਾਂ ਲੋਕਾਂ ਨੂੰ ਲੱਗਣ ਲੱਗ ਜਾਂਦਾ ਹੈ ਕਿ ਆਪਣੇ ਆਪ ਨੂੰ ਅਣਗੌਲਿਆਂ ਮਹਿਸੂਸ ਕਰਨ ਕਰਕੇ ਤੁਸੀਂ ਵਾਰ-ਵਾਰ ਸ਼ਕਾਇਤ ਕਰ ਰਹੇ ਹੋ ਅਤੇ ਪ੍ਰਸ਼ਾਂਤ ਭੂਸ਼ਣ ਨੇ ਅਦਾਲਤ ਦੀ ਮਾਣਹਾਨੀ ਦੇ ਮਾਮਲੇ ਵਿੱਚ ਅਜਿਹਾ ਹੀ ਕੀਤਾ ਹੈ, ਜਿਵੇਂ ਮੂਰਖ ਕਾਲੀਦਾਸ ਨੇ ਕੀਤਾ ਸੀ, ਜਿਸ ਟਾਹਣੀ ਤੇ ਬੈਠੇ ਸਨ ਉਸੇ ਨੂੰ ਹੀ ਕੱਟ ਦਿੱਤਾ।

ਉਹ ਕਹਿੰਦੇ ਹਨ, ''''ਸੱਤਾ ਵਿਰੋਧੀ ਹੋਣ ਦੇ ਨਾਲ ਨਾਲ ਹੁਣ ਪ੍ਰਸ਼ਾਂਤ ਭੂਸ਼ਣ ਅਰਾਜਕਤਾਵਾਦੀ ਹੋ ਗਏ ਹਨ ਅਤੇ ਦੇਸ਼ ਦੀਆਂ ਦੋ ਸੰਸਥਾਵਾਂ ਨਿਆਪਾਲਿਕਾ ਅਤੇ ਫ਼ੌਜ ਜਿਸ ਵਿੱਚ ਲੋਕਾਂ ਦਾ ਹਾਲੇ ਤੱਕ ਵਿਸ਼ਵਾਸ ਹੈ, ਨੂੰ ਵੀ ਬਦਨਾਮ ਕਰਨ ਲੱਗ ਗਏ ਹਨ, ਇਸ ਦੀ ਇਜ਼ਾਜਤ ਕਿਸੇ ਨੂੰ ਨਹੀਂ ਦੇਣੀ ਚਾਹੀਦੀ।"

ਅਰਵਿੰਦ ਕੇਜਰੀਵਾਲ
Getty Images

ਪ੍ਰਸ਼ਾਂਤ ਭੂਸ਼ਣ ਦੇ ਕੁਝ ਕਰੀਬੀ ਦੋਸਤ, ਜੋ ਨਾਮ ਨਹੀਂ ਜ਼ਾਹਰ ਕਰਨਾ ਚਾਹੁੰਦੇ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇਮਾਨਦਾਰੀ ਅਤੇ ਜਜ਼ਬੇ ''ਤੇ ਕਿਸੇ ਵੀ ਤਰ੍ਹਾਂ ਦਾ ਸ਼ੱਕ ਨਹੀਂ ਕੀਤਾ ਜਾ ਸਕਦਾ, ਪਰ ਕਈ ਵਾਰ ਉਹ ਆਪਣੀਆਂ ਭਾਵਨਾਵਾਂ ਨੂੰ ਤੋਲਦੇ ਨਹੀਂ ਅਤੇ ਜਿਹੜਾ ਵੀ ਉਨ੍ਹਾਂ ਨਾਲ ਅਸਿਹਮਤ ਹੋਵੇ ਉਸੇ ਦੇ ਖਿਲਾਫ਼ ਹੋ ਜਾਂਦੇ ਹਨ।

ਕੁਝ ਲੋਕਾਂ ਨੇ ਨਿੰਦਾ ਦਾ ਫ਼ੈਸਲਾ ਆਉਣ ਤੋਂ ਬਾਅਦ ਉਨ੍ਹਾਂ ਨੂੰ ਕਿਸੇ ਗਿਰੋਹ ਦਾ ਹਿੱਸਾ ਦੱਸਿਆ ਹੈ। ਯੋਗੇਂਦਰ ਯਾਦਵ ਨੇ ਬੀਬੀਸੀ ਵੱਲੋਂ ਪੁੱਛੇ ਇੱਕ ਪ੍ਰਸ਼ਨ ਦੇ ਜੁਆਬ ਵਿੱਚ ਕਿਹਾ, "ਕਿਸੇ ਨੂੰ ਸਾਂਚੇ ਵਿੱਚ ਪਾਉਣ ਦੀ ਕੋਸ਼ਿਸ਼, ਸੋਚੀ ਸਮਝੀ ਰਾਜਨੀਤੀ ਦਾ ਹਿੱਸਾ ਹੁੰਦੀ ਹੈ, ਪਰ ਪ੍ਰਸ਼ਾਂਤ ਭੂਸ਼ਣ ਨੂੰ ਕਿਵੇਂ ਕਿਸੇ ਬਕਸੇ ਵਿੱਚ ਪਾਇਆ ਜਾ ਸਕਦਾ ਹੈ ਉਹ ਘੱਟੋ-ਘੱਟ ਪਿਛਲੇ ਚਾਰ ਦਹਾਕਿਆਂ ਤੋਂ ਕਿਸੇ ਦੀ ਵੀ ਸਰਕਾਰ ਹੋਵੇ ਲੋਕ ਹਿੱਤ ਲਈ ਲੜਦੇ ਰਹੇ ਹਨ।"

ਪੇਟਿੰਗਜ਼ ਇਕੱਠੀਆਂ ਕਰਨ ਦੇ ਵੀ ਸ਼ੌਕੀਨ

ਪਿਛਲੇ ਐਤਵਾਰ ਯਾਨੀ 16 ਅਗਸਤ ਨੂੰ ਯੋਗੇਂਦਰ ਯਾਦਵ ਆਪਣੇ ਪਰਿਵਾਰ ਸਮੇਤ ਦੁਪਿਹਰ ਦੇ ਖਾਣੇ ''ਤੇ ਪ੍ਰਸ਼ਾਂਤ ਭੂਸ਼ਣ ਦੇ ਘਰ ਸਨ।

ਯੋਗੇਂਦਰ ਯਾਦਵ ਕਹਿੰਦੇ ਹਨ, "ਪ੍ਰਸ਼ਾਂਤ ਬਿਲਕੁਲ ਹੀ ਸ਼ਾਂਤ ਅਤੇ ਕਿਸੇ ਵੀ ਕਿਸਮ ਦੀ ਚਿੰਤਾ ਤੋਂ ਦੂਰ ਲੱਗ ਰਹੇ ਸਨ, ਘਰ ਦਾ ਮਾਹੌਲ ਬਿਲਕੁਲ ਆਮ ਵਰਗਾ ਸੀ ਬਲਕਿ ਸ਼ਾਂਤੀ ਭੂਸ਼ਣ ਜੀ ਨੇ ਮਜ਼ਾਕ ਕਰਦਿਆਂ ਕਿਹਾ ਸੀ, ਅੱਜ ਲੰਚ ਇਕੱਠੇ ਕਰ ਲਉ ਪਤਾ ਨਹੀਂ ਪ੍ਰਸ਼ਾਂਤ ਨੂੰ ਅਗਲੇ ਹਫ਼ਤੇ ਰੋਟੀ ਕਿੱਥੇ ਖਾਣੀ ਪਵੇ।"

ਯੋਗੇਂਦਰ ਯਾਦਵ ਨੇ ਅੱਗੇ ਕਿਹਾ ਕਿ ਲੰਚ ਤੋਂ ਬਾਅਦ ਉਹ ਮੈਨੂੰ ਆਪਣੇ ਘਰ ਦੇ ਉਸ ਹਿੱਸੇ ਵਿੱਚ ਲੈ ਗਏ ਜਿਥੇ ਉਨ੍ਹਾਂ ਦੀਆਂ ਪੇਟਿੰਗਾਂ ਦਾ ਸੰਗ੍ਰਹਿ ਸੀ ਅਤੇ ਫ਼ਿਰ ਅੱਗੇ ਦੀ ਗੱਲਬਾਤ ਉਨ੍ਹਾਂ ਬਾਰੇ ਹੀ ਹੁੰਦੀ ਰਹੀ।

ਪ੍ਰਸ਼ਾਂਤ ਭੂਸ਼ਣ ਨੂੰ ਤਰ੍ਹਾਂ-ਤਰ੍ਹਾਂ ਦੀਆਂ ਪੇਟਿੰਗਾਂ ਇਕੱਠਾ ਕਰਨ ਦਾ ਸ਼ੌਂਕ ਹੈ ਅਤੇ ਉਨ੍ਹਾਂ ਕੋਲ ਮਿਨੀਏਚਰ ਕੰਪਨੀ ਅਤੇ ਹੋਰ ਕਈ ਸਕੂਲਾਂ ਦੀਆਂ ਪੇਟਿੰਗਾਂ ਦਾ ਵਧੀਆ ਸੰਗ੍ਰਹਿ ਹੈ।

ਇਸੇ ਦੌਰਾਨ ਬੁੱਧਵਾਰ ਨੂੰ ਮਾਣਹਾਨੀ ਦੇ ਮਾਮਲੇ ਵਿੱਚ ਪ੍ਰਸ਼ਾਂਤ ਭੂਸ਼ਣ ਨੇ ਆਪਣੀ ਸਜ਼ਾ ਰੋਕਣ ਸੰਬੰਧੀ ਪਟੀਸ਼ਨ ਸੁਪਰੀਮ ਕੋਰਟ ਵਿੱਚ ਦਾਇਰ ਕਰ ਦਿੱਤੀ।

ਸੁਪਰੀਮ ਕੋਰਟ
Getty Images

14 ਅਗਸਤ ਨੂੰ ਦੋ ਪੁਰਾਣੇ ਟਵੀਟਾਂ ਦੀ ਵਜ੍ਹਾ ਨਾਲ ਸੁਪਰੀਮ ਕੋਰਟ ਨੇ ਮਾਣਹਾਨੀ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਕੁਝ ਲੋਕਾਂ ਨੇ ਪ੍ਰਸ਼ਾਂਤ ਭੂਸ਼ਣ ਵਲੋਂ ਕਲਕੱਤਾ ਹਾਈ ਕੋਰਟ ਦੇ ਸਾਬਕਾ ਜੱਜ ਸੀਐਸ ਕਰਨਨ ਬਾਰੇ ਪਾਏ ਗਏ ਪੁਰਾਣੇ ਟਵੀਟਾਂ ਨੂੰ ਮੁੜ-ਟਵੀਟ ਕਰਨਾ ਸ਼ੁਰੂ ਕਰ ਦਿੱਤਾ, ਜਿਸ ਵਿੱਚ ਪ੍ਰਸ਼ਾਂਤ ਭੂਸ਼ਣ ਨੇ ਸਾਬਕਾ ਜੱਜ ਖਿਲਾਫ਼ ਨਿੰਦਾ ਮਾਮਲੇ ਵਿੱਚ ਲਏ ਗਏ ਫ਼ੈਸਲੇ ਨੂੰ ਸਹੀ ਕਿਹਾ ਸੀ।

ਮਾਣਹਾਨੀ ਦਾ ਮਾਮਲਾ ਪਹਿਲਾ ਨਹੀਂ

ਸੋਸ਼ਲ ਮੀਡੀਆ ''ਤੇ ਕਈ ਕਮੈਂਟਾਂ ਵਿੱਚ ਤਾਂ ਕਿਹਾ ਗਿਆ ਕਿ ਪ੍ਰਸ਼ਾਤ ਭੂਸ਼ਣ ਨੇ ਅਜਿਹਾ ਇਸ ਲਈ ਕੀਤਾ ਸੀ ਕਿਉਂਕਿ ਜਸਟਿਸ ਕਰਨਨ ਦਲਿਤ ਸਨ।

2017 ਦੇ ਇਸ ਮਾਮਲੇ ਵਿੱਚ ਸਾਬਕਾ ਜੱਜ ਨੇ ਚੀਫ਼ ਜਸਟਿਸ ਜੇਐਮ ਕੇਹਰ ਸਮੇਤ ਸੱਤ ਜੱਜਾਂ ਖਿਲਾਫ਼ ਗ਼ੈਰ-ਜਮਾਨਤੀ ਵਰੰਟ ਜਾਰੀ ਕਰ ਦਿੱਤਾ ਸੀ।

ਕਾਨੂੰਨ ਦੇ ਕਈ ਜਾਣਕਾਰਾਂ ਦਾ ਕਹਿਣਾ ਹੈ ਕਿ ਪ੍ਰਸ਼ਾਂਤ ਭੂਸ਼ਣ ਅਤੇ ਜਸਟਿਸ ਸੀਐਸ ਕਰਨਨ ਦੇ ਮਾਮਲੇ ਵਿੱਚ ਸਮਾਨਤਾ ਲੱਭਣਾ ਗ਼ਲਤ ਹੈ।

ਪ੍ਰਸ਼ਾਂਤ ਭੂਸ਼ਣ ਦੇ ਖ਼ਿਲਾਫ਼ ਅਦਾਲਦ ਦੀ ਮਾਣਹਾਨੀ ਕਰਨ ਦਾ ਇਹ ਮਾਮਲਾ ਪਹਿਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਵਿਰੁੱਧ ਇੱਕ ਮਾਮਲਾ ਸਾਹਮਣੇ ਆਇਆ ਸੀ ਜਦੋਂ ਉਨ੍ਹਾਂ ਨੇ ਇਲਜ਼ਾਮ ਲਾਇਆ ਸੀ ਕਿ ਪਿਛਲੇ 16-17 ਜੱਜਾਂ ਵਿੱਚੋਂ ਅੱਧੇ ਭ੍ਰਿਸ਼ਟ ਸਨ।

ਉਨ੍ਹਾਂ ਦੇ ਇੱਕ ਪੁਰਾਣੇ ਮਿੱਤਰ ਦਾ ਕਹਿਣਾ ਹੈ- ''ਹੀ ਕੈਨ ਅਫ਼ੋਰਡ ਟੂ ਡੂ ਦੈਟ''(ਉਹ ਅਜਿਹਾ ਕਰਨ ਦਾ ਖ਼ਤਰਾ ਚੁੱਕ ਸਕਦਾ ਹੈ), ਕਿਉਂਕਿ ਉਸ ਕੋਲ ਯੋਗਤਾ ਹੈ।

ਇੱਕ ਪ੍ਰਸਿੱਧ ਵਕੀਲ ਅਤੇ ਸਾਬਕਾ ਸਿਆਸਤਦਾਨ ਦੇ ਪੁੱਤਰ ਪ੍ਰਸ਼ਾਂਤ ਭੂਸ਼ਣ ਦਾ ਇੱਕ ਹੋਰ ਭਰਾ ਜੈਂਅੰਤ ਭੂਸ਼ਣ ਸੁਪਰੀਮ ਕੋਰਟ ਵਿੱਚ ਸਫ਼ਲ ਵਕੀਲ ਹੈ, ਜਦਕਿ ਉਨ੍ਹਾਂ ਦੀ ਪਤਨੀ ਦੀਪਾ ਭੂਸ਼ਣ ਵੀ ਪਹਿਲਾਂ ਵਕੀਲ ਰਹਿ ਚੁੱਕੀ ਹੈ ਅਤੇ ਤਿੰਨਾਂ ਪੁੱਤਰਾਂ ਨੇ ਦਿੱਲੀ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ ਹੈ।

ਇਹ ਵੀਡੀਓ ਦੇਖੋ :

https://www.youtube.com/watch?v=C6ZNJKPTlfw

https://www.youtube.com/watch?v=tC5wK5mzi7k

https://www.youtube.com/watch?v=LCxtt6kmGL4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''10e5639b-33d1-4cbc-af9e-f200ef8bc00a'',''assetType'': ''STY'',''pageCounter'': ''punjabi.india.story.53888435.page'',''title'': ''ਪ੍ਰਸ਼ਾਂਤ ਭੂਸ਼ਣ: ‘ਇਸ ਔਖੇ ਸਮੇਂ ’ਚ ਇਸ ਕੋਰਟ ਤੋਂ ਉਮੀਦਾਂ ਹਨ, ਮੇਰਾ ਗੱਲ ਰੱਖਣ ਲਈ ਮਾਫ਼ੀ ਮੰਗਣਾ ਸਹੀ ਨਹੀਂ’'',''published'': ''2020-08-24T08:46:24Z'',''updated'': ''2020-08-24T08:46:24Z''});s_bbcws(''track'',''pageView'');

Related News