ਪੰਜਾਬ ''''ਚ ਹੜ੍ਹਾਂ ਦੇ ਸਾਏ ਹੇਠ ਲੋਕ: ''''ਇਸ ਵਾਰ ਵੀ ਕਾਲੇ ਬੱਦਲ ਕੁਦਰਤ ਦਾ ਕਹਿਰ ਬਣ ਕੇ ਸਾਨੂੰ ਮੁੜ ਮਾਰ ਨਾ ਜਾਣ''''
Wednesday, Aug 12, 2020 - 10:51 AM (IST)

''''ਰਾਤ ਬੱਦਲ ਗੱਜਿਆ ਤਾਂ ਮੇਰੀ ਘਰ ਵਾਲੀ ਨੇ ਮੈਨੂੰ ਉੱਭੜੇ-ਵਾਹੇ ਹਾਕ ਮਾਰੀ। ਕਹਿੰਦੀ ਛੇਤੀ ਉੱਠੋ, ਕਾਲਾ-ਬੋਲਾ ਬੱਦਲ ਆ ਗਿਆ। ਕਿਤੇ ਇਹ ਓਹੀ ਪਿਛਲੇ ਸਾਲ ਵਾਲਾ ਤਾਂ ਨਹੀਂ। ਹੋਰ ਨਾ ਕਿਤੇ ਇਸ ਨਾਲ ਦਰਿਆ ''ਚ ਪਾਣੀ ਆ ਜਾਵੇ ਤੇ ਆਪਣਾ ਸਾਰਾ ਕੁੱਝ ਫਿਰ ਰੁੜ ਜਾਵੇ।''''
ਇਹ ਸ਼ਬਦ ਪਿੰਡ ਸੰਘੇੜਾ ਦੇ ਸਾਬਕਾ ਪੰਚ ਬਲਕਾਰ ਸਿੰਘ ਦੇ ਹਨ, ਜਿਨ੍ਹਾਂ ਨੇ ਦੱਸਿਆ ਕਿ ਇਹ ਸ਼ਬਦ ਕੰਨਾਂ ''ਚ ਵੱਜਣ ਵੇਲੇ ਪਤਨੀ ਦੀਆਂ ਸਿਸਕੀਆਂ ਗੱਜਦੇ ਬੱਲਾਂ ''ਚ ਸਾਫ਼ ਸੁਣ ਸਕਦੇ ਸੀ।
ਬਲਕਾਰ ਸਿੰਘ ਕਹਿੰਦੇ ਹਨ, ''''ਜਦੋਂ ਬੱਦਲ ਦੇਖਦੇ ਹਾਂ, ਦਿਲ ਡਰਦਾ ਹੈ। ਪਿਛਲੇ ਸਾਲ ਦੇ ਹੜ ਚੇਤੇ ਆ ਜਾਂਦੇ ਹਨ। ਕਿਤੇ ਓਹੀ ਨਾ ਗੱਲ ਬਣ ਜਾਵੇ, ਤਰਪਾਲਾਂ ਹੀ ਤਾਣੀਆਂ ਹਨ। ਜ਼ਿੰਦਗੀ ਦਾ ਪੰਧ ਤਾਂ ਪੂਰਾ ਕਰਨਾ ਹੀ ਹੈ। ਰੱਜ ਕੇ ਨਾ ਸਹੀ, ਭੁੱਖੇ ਢਿੱਡ ਹੀ ਕੱਟ ਲਵਾਂਗੇ ਪਰ ਸਿਰ ''ਤੇ ਛੱਤ ਤਾਂ ਜ਼ਰੂਰੀ ਹੈ।''''
ਅਸਲ ਵਿੱਚ ਸਤਲੁਜ ਦਰਿਆ ਕੰਢੇ ਵਸੇ ਜ਼ਿਲ੍ਹਾ ਲੁਧਿਆਣਾ, ਫਿਲੌਰ, ਜਲੰਧਰ, ਤਰਨ ਤਾਰਨ, ਫ਼ਿਰੋਜ਼ਪੁਰ, ਫ਼ਾਜ਼ਿਲਕਾ ਤੇ ਮੋਗਾ ਦੇ ਲੋਕਾਂ ਲਈ ਦਰਿਆ ਦੇ ਪਾਣੀ ਦੀ ਮਾਰ ਨਵੀਂ ਨਹੀਂ ਹੈ।
ਦਰਿਆ ਦਾ ਪਾਣੀ ਆਉਂਦਾ ਹੈ ਤੇ ਲੋਕਾਂ ਦੀ ਫ਼ਸਲਾਂ ਤਬਾਹ ਕਰ ਦਿੰਦਾ ਹੈ। ਪਸ਼ੂ ਧਨ ਰੁੜ ਜਾਂਦਾ ਹੈ ਤੇ ਮਿਹਨਤ-ਮਜ਼ਦੂਰੀ ਕਰਕੇ ਸਿਰ ਢਕਣ ਲਈ ਬਣਾਈ ਛੱਤ ਵੀ ਰੁੜ ਜਾਂਦੀ ਹੈ।
ਇਨ੍ਹਾਂ ਖਿੱਤਿਆਂ ਦੇ ਗਰੀਬ ਲੋਕਾਂ ਦੇ ਕੱਚੇ ਘਰਾਂ ਦੇ ਭਾਂਡੇ, ਮਿੱਟੀ ਅਤੇ ਛੱਤਾਂ ਦੀਆਂ ਘੁਣ ਖਾਧੀਆਂ ਲੱਕੜ ਦੀਆਂ ਕੜੀਆਂ ਪਿਛਲੇ ਸਾਲ ਸਤਲੁਜ ਦਰਿਆ ਦਾ ਮਿੱਟੀ ਰੰਗਾ ਪਾਣੀ ਆਪਣੀਆਂ ਲਹਿਰਾਂ ''ਚ ਰਲਾ ਕੇ ਲੈ ਗਿਆ ਸੀ।
ਸਾਲ ਲੰਘ ਗਿਆ ਹੈ ਪਰ ਗਰੀਬਾਂ ਦੇ ਢੱਠੇ ਘਰਾਂ ''ਤੇ ਸਰਕਾਰ ਦੀ ਸਵੱਲੀ ਨਜ਼ਰ ਹਾਲੇ ਤੱਕ ਨਹੀਂ ਪਈ।
ਸਿਖ਼ਰ ਦੀ ਗਰਮੀ ''ਚ ਢੱਠੀਆਂ ਛੱਤਾਂ ''ਤੇ ਤਾਣੀਆਂ ਕਾਲੇ ਪਲਾਸਟਿਕ ਦੀਆਂ ਤਰਪਾਲਾਂ ਥੱਲੇ ਪਏ ਕਿਰਤੀ ਲੋਕਾਂ ਦੇ ਨਿਆਣੇ ਤੇ ਬਿਰਧ ਔਰਤਾਂ ਦੇ ਚਿਹਰੇ ਦੀਆਂ ਝੁਰੜੀਆਂ ਬੋਲ-ਬੋਲ ਦੇ ਆਪਣੀ ਹੋਣੀ ਦੀਆਂ ਦੁਹਾਈਆਂ ਪਾ ਰਹੀਆਂ ਹਨ।
''ਇਸ ਵਾਰ ਵੀ ਕਾਲੇ ਬੱਦਲ ਕੁਦਰਤ ਦਾ ਕਹਿਰ ਬਣ ਕੇ ਸਾਨੂੰ ਮੁੜ ਮਾਰ ਨਾ ਜਾਣ''
"ਓਦੋਂ ਸਾਲ 1988 ਸੀ ਤੇ ਫਿਰ ਆਇਆ 2019। ਸਤਲੁਜ ਦਰਿਆ ਦਾ ਪਾਣੀ ਜ਼ਿੰਦਗੀ ਦੀ ਕਮਾਈ ਆਪਣੇ ਨਾਲ ਹੀ ਰੋੜ ਕੇ ਲੈ ਕੇ ਗਿਆ ਸੀ। ਭਿਆਨਕ ਦਿਨ ਸਨ ਤੇ ਬੋਝੇ ''ਚ ਧੇਲਾ ਨਹੀਂ ਬਚਿਆ ਸੀ।"
"ਆਪਣੇ ਮਨ ਦੀ ਟੀਸ ਨੂੰ ਸ਼ਬਦਾਂ ''ਚ ਤਾਂ ਬਿਆਨ ਨਹੀਂ ਕਰ ਸਕਦਾ, ਪਰ ਡਰਦਾ ਹਾਂ ਕਿ ਕਿਤੇ ਇਸ ਵਾਰ ਵੀ ਕਾਲੇ ਬੱਦਲ ਕੁਦਰਤ ਦਾ ਕਹਿਰ ਬਣ ਕੇ ਸਾਨੂੰ ਮੁੜ ਮਾਰ ਨਾ ਜਾਣ।"
ਇਹ ਗੱਲ ਯੂਨੀਵਰਸਿਟੀ ਪੱਧਰ ਦੀ ਉੱਚ ਸਿੱਖਿਆ ਪ੍ਰਾਪਤ ਪਿੰਡ ਰੇੜਵਾਂ ਦੇ ਸਮਾਜ ਸੇਵੀ ਨੌਜਵਾਨ ਭੁਪਿੰਦਰ ਸਿੰਘ ਨੇ ਆਖੀ ਹੈ। ਉਨ੍ਹਾਂ ਦਾ ਪਰਿਵਾਰ ਮੋਗਾ-ਜਲੰਧਰ ਸਰਹੱਦ ਨਾਲ ਲੰਘਦੇ ਸਤਲੁਜ ਦਰਿਆ ਦੇ ਐਨ ਕੰਢੇ ਧੁੱਸੀ ਬੰਨ੍ਹ ਦੇ ਨਾਲ ਲਗਦੇ ਪਿੰਡ ਵਿੱਚ ਰਹਿੰਦਾ ਹੈ।
"ਗਰੀਬਾਂ ਦਾ ਹਸ਼ਰ ਤਾਂ ਦੱਸਿਆ ਨਹੀਂ ਜਾ ਸਕਦਾ, ਪਿਛਲੇ ਸਾਲ ਦੇ ਪਾਣੀ ਨੇ ਸਭ ਕੁੱਝ ਤਬਾਹ ਕਰ ਦਿੱਤਾ। ਕਿਸਾਨਾਂ ਨੂੰ ਸਰਕਾਰੀ ਗਿਰਦਾਵਰੀ ਦਾ ਮੁਆਵਜ਼ਾ ਤਾਂ ਮਿਲ ਗਿਆ ਹੈ ਪਰ ਦਿਹਾੜੀਦਾਰ ਮਜ਼ਦੂਰਾਂ ਦੇ ਢਹੇ ਕੱਚੇ ਘਰਾਂ ਦੀ ਕੋਈ ਸਾਰ ਨਹੀਂ ਲਈ ਗਈ।"
''ਕੋਈ ਗੱਲ ਨਹੀਂ, ਸਰਕਾਰ ਨਹੀਂ ਕੁਝ ਕਰਦੀ ਤਾਂ ਠੀਕ ਹੈ''
ਦੂਜੇ ਪਾਸੇ ਇਸ ਖਿੱਤੇ ਦੇ ਦਿਹਾੜੀਦਾਰ ਲੋਕ ਕਹਿੰਦੇ ਹਨ ਕਿ ਉਨਾਂ ਨੇ ਪਹਿਲਾਂ ਤਾਂ ਸਿਆਲ ਦੀਆਂ ਸਰਦ ਰਾਤਾਂ ਮਸਾਂ ਆਪਣੇ ਨਿਆਣਿਆਂ ਤੇ ਬਜ਼ੁਰਗਾਂ ਨਾਲ ਬਿਨਾਂ ਛੱਤ ਤੋਂ ਗੁਜ਼ਾਰੀਆਂ।
ਪਿੰਡ ਮੁਦਾਰਪੁਰ ਦੀ ਸੁਰਜੀਤ ਕੌਰ ਕਹਿੰਦੇ ਹਨ, "ਵਾਹਿਗੁਰੂ ਕਿਰਪਾ ਕਰਨਗੇ। ਮੇਰਾ ਤਾਂ ਪਿਛਲੇ ਸਾਲ ਦੇ ਪਾਣੀ ''ਚ ਘਰ ਗਿਆ, ਪਸ਼ੂ ਗਏ ਪਰ ਜਦੋਂ ਸਰਕਾਰੀ ਮੁਆਵਜ਼ਾ ਨਾ ਮਿਲਿਆ ਤਾਂ ਮੈਂ ਆਪਣੇ ਨਿਆਣਿਆਂ ਲਈ ਮੰਗ-ਤੰਗ ਕੇ ਤਰਪਾਲ ਨਾਲ ਸਿਰ ਢੱਕ ਲਿਆ। ਕੋਈ ਗੱਲ ਨਹੀਂ, ਸਰਕਾਰ ਨਹੀਂ ਕੁਝ ਕਰਦੀ ਤਾਂ ਠੀਕ ਹੈ।"
ਸਰਪੰਚ ਬਲਕਾਰ ਸਿੰਘ ਦੱਸਦੇ ਹਨ ਕਿ ਹਾਲਾਤ ਠੀਕ ਤਾਂ ਨਹੀਂ ਹਨ ਪਰ ਕੁਦਰਤ ਵੀ ਠੀਕ ਹੈ ਪਰ ਜੇ ਸਰਪੰਚ ਨੂੰ ਮੁਆਵਜ਼ਾ ਨਹੀਂ ਮਿਲਿਆ ਤਾਂ ਫਿਰ ਆਮ ਲੋਕ ਕੀ ਕਰ ਸਕਦੇ ਹਨ।
ਪ੍ਰਸ਼ਾਸਨ ਕੀ ਕਹਿੰਦਾ
ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਆਖਿਆ, "ਹੜ੍ਹਾਂ ਵਿੱਚ ਢਹਿ ਗਏ ਘਰਾਂ ਲਈ ਬਣਦੀ ਸਹਾਇਤਾ ਰਾਸ਼ੀ ਵੰਡੀ ਗਈ ਹੈ। ਜੇ ਕੋਈ ਰਹਿ ਗਿਆ ਹੈ ਤਾਂ ਪੜਤਾਲ ਕਰਵਾ ਕੇ ਉਨ੍ਹਾਂ ਨੂੰ ਵੀ ਮਦਦ ਕਰ ਦਿੱਤੀ ਜਾਵੇਗੀ।"
ਇਹ ਵੀਡੀਓ ਵੀ ਦੇਖੋ
https://www.youtube.com/watch?v=xWw19z7Edrs&t=9s
https://www.youtube.com/watch?v=6Z2WLsf9XkY
https://www.youtube.com/watch?v=cLZDepUaDF0
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''0d10d6e7-7fe6-4f04-99a5-71784dbe5279'',''assetType'': ''STY'',''pageCounter'': ''punjabi.india.story.53740329.page'',''title'': ''ਪੰਜਾਬ \''ਚ ਹੜ੍ਹਾਂ ਦੇ ਸਾਏ ਹੇਠ ਲੋਕ: \''ਇਸ ਵਾਰ ਵੀ ਕਾਲੇ ਬੱਦਲ ਕੁਦਰਤ ਦਾ ਕਹਿਰ ਬਣ ਕੇ ਸਾਨੂੰ ਮੁੜ ਮਾਰ ਨਾ ਜਾਣ\'''',''author'': ''ਸੁਰਿੰਦਰ ਮਾਨ'',''published'': ''2020-08-12T05:20:12Z'',''updated'': ''2020-08-12T05:20:12Z''});s_bbcws(''track'',''pageView'');