ਬੱਚਿਆਂ ਦੀ ਸਿਹਤ ਅਤੇ ਲੈੱਡ ਦਾ ਪੱਧਰ: ‘ਮੇਰੇ 4 ਸਾਲਾ ਬੱਚੇ ਸਰਬਜੀਤ ਦੀਆਂ ਉਲਟੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਸਨ’

Friday, Jul 31, 2020 - 07:36 AM (IST)

ਬੱਚਿਆਂ ਦੀ ਸਿਹਤ ਅਤੇ ਲੈੱਡ ਦਾ ਪੱਧਰ: ‘ਮੇਰੇ 4 ਸਾਲਾ ਬੱਚੇ ਸਰਬਜੀਤ ਦੀਆਂ ਉਲਟੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਸਨ’

ਜ਼ਹਿਰੀਲੇ ਲੈੱਡ ''ਤੇ ਹੋਈ ਪਹਿਲੀ ਵਿਸ਼ਵਵਿਆਪੀ ਖੋਜ ਅਨੁਸਾਰ ਦੁਨੀਆ ਭਰ ''ਚ ਤਿੰਨ ਵਿੱਚੋਂ ਇੱਕ ਬੱਚਾ ਸੰਭਾਵਿਤ ਤੌਰ ''ਤੇ ਜ਼ਹਿਰੀਲੇ ਲੈੱਡ ਦਾ ਸ਼ਿਕਾਰ ਹੈ। ਦੁਨੀਆ ਭਰ ''ਚ ਇਸ ਭਾਰੀ ਧਾਤੂ ਦੇ ਸ਼ਿਕਾਰ ਕੁੱਲ ਬੱਚਿਆਂ ਦੇ ਅੰਕੜੇ ਦੀ ਅੱਧੀ ਗਿਣਤੀ ਦੱਖਣੀ ਏਸ਼ੀਆ ਅਤੇ ਇਸ ਤੋਂ ਬਾਅਦ ਅਫ਼ਰੀਕਾ ''ਚ ਮੌਜੂਦ ਹੈ।

ਇਹ ਖੇਤਰ ਸਭ ਤੋਂ ਵੱਧ ਪ੍ਰਭਾਵਿਤ ਹਨ। ਮਾਹਰਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਇਸ ਮੁਸੀਬਤ ਦਾ ਪਤਾ ਵੀ ਨਹੀਂ ਹੈ, ਉਹ ਇਸ ਜ਼ੋਖਮ ਵਾਲੀ ਸਥਿਤੀ ਤੋਂ ਅਨਜਾਣ ਹਨ।

ਸਰਬਜੀਤ ਸਿੰਘ, ਜਿਸ ਦੀ ਉਮਰ ਚਾਰ ਸਾਲ ਹੈ, ਉਸ ਨੂੰ ਲਗਾਤਾਰ ਉਲਟੀਆਂ ਹੋ ਰਹੀਆਂ ਹਨ ਅਤੇ ਉਸ ਦੇ ਪਿਤਾ ਮਨਜੀਤ ਸਿੰਘ ਨੂੰ ਬਿਲਕੁਲ ਸਮਝ ਨਹੀਂ ਆ ਰਿਹਾ ਕਿ ਸਰਬਜੀਤ ਦੀ ਇਹ ਹਾਲਤ ਕਿਉਂ ਹੋ ਰਹੀ ਹੈ।

ਇਹ ਵੀ ਪੜ੍ਹੋ:

ਮਨਜੀਤ ਸਿੰਘ ਉੱਤਰ ਪ੍ਰਦੇਸ਼ ਸੂਬੇ ''ਚ ਰਹਿੰਦੇ ਹਨ। ਆਪਣੇ ਪੁੱਤਰ ਦੀ ਵਿਗੜਦੀ ਹਾਲਤ ਵੇਖ ਕੇ ਉਨ੍ਹਾਂ ਨੇ ਸਰਬਜੀਤ ਨੂੰ ਡਾਕਟਰ ਕੋਲ ਲਿਜਾਉਣਾ ਸਹੀ ਸਮਝਿਆ।

ਡਾਕਟਰ ਨੇ ਮੁੱਢਲੀ ਜਾਂਚ ਤੋਂ ਬਾਅਦ ਦੱਸਿਆ ਕਿ ਸਰਬਜੀਤ ਨੂੰ ਅਨੀਮੀਆ (ਰੈੱਡ ਬਲੱਡ ਸੈੱਲਾਂ ਦੀ ਘਾਟ) ਹੈ, ਜਿਸ ਦਾ ਸਹੀ ਕਾਰਨ ਅਜੇ ਪਤਾ ਨਹੀਂ ਹੈ।

ਅਗਲੇ ਚਾਰ ਮਹੀਨਿਆਂ ਤੱਕ ਵੀ ਸਰਬਜੀਤ ਦੀ ਹਾਲਤ ਇਸੇ ਤਰ੍ਹਾਂ ਹੀ ਰਹੀ। ਉਸ ਨੂੰ ਉਲਟੀਆਂ ਲਗਾਤਾਰ ਹੋ ਰਹੀਆਂ ਸਨ। ਫਿਰ ਉਸ ਦੀ ਸਿਹਤ ''ਚ ਆ ਰਹੇ ਵਿਗਾੜ ਦੇ ਮੱਦੇਨਜ਼ਰ ਉਸ ਦੇ ਮਾਪਿਆਂ ਨੇ ਉਸ ਦਾ ਬਲੱਡ ਟੈਸਟ ਕਰਵਾਇਆ, ਜਿਸ ''ਚ ਸਰਬਜੀਤ ਦੇ ਖੂਨ ''ਚ ਲੈੱਡ ਦਾ ਪੱਧਰ 40 ਗੁਣਾ ਜ਼ਿਆਦਾ ਆਇਆ।

ਸਰਬਜੀਤ ਵਿਸ਼ਵ ਭਰ ਦੇ ਅੰਦਾਜਨ 80 ਕਰੋੜ ਬੱਚਿਆਂ ''ਚੋਂ ਇੱਕ ਹੈ ਜਿਨ੍ਹਾਂ ਨੂੰ ਜ਼ਹਿਰੀਲੇ ਲੈੱਡ ਕਾਰਨ ਸਿਹਤ ਸਬੰਧੀ ਮੁਸ਼ਕਲਾਂ ਝੱਲਣੀਆਂ ਪੈਂਦੀਆਂ ਹਨ।

ਇਸ ਸਬੰਧੀ ਹੋਈ ਖੋਜ ''ਚ ਪਾਇਆ ਗਿਆ ਹੈ ਕਿ ਲੈੱਡ ਸੰਭਾਵਤ ਤੌਰ ''ਤੇ ਸਿਹਤ ਉੱਤੇ ਬੁਰਾ ਪ੍ਰਭਾਵ ਪਾਉਂਦਾ ਹੈ, ਜਿਸ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ ਹੈ।

ਸਰੀਰ ''ਚ ਲੈੱਡ ਦੀ ਵਧੇਰੇ ਮਾਤਰਾ ਕਈ ਬੁਰੇ ਪ੍ਰਭਾਵ ਲੈ ਕੇ ਆਉਂਦੀ ਹੈ, ਜਿਸ ''ਚ ਮਾਨਸਿਕ ਅਤੇ ਸਰੀਰਕ ਵਿਕਾਸ ''ਚ ਰੁਕਾਵਟ ਅਤੇ ਕਈ ਵਾਰ ਤਾਂ ਇਹ ਮਰੀਜ਼ ਦੀ ਮੌਤ ਦਾ ਕਾਰਨ ਵੀ ਬਣ ਜਾਂਦੀ ਹੈ।

ਯੂਨੀਸੈਫ ਅਤੇ ਅੰਤਰਰਾਸ਼ਟਰੀ ਗੈਰ-ਲਾਭਕਾਰੀ ਸੰਗਠਨ Pure Earth  ਵੱਲੋਂ ਸਾਂਝੇ ਤੌਰ ''ਤੇ ਪ੍ਰਕਾਸ਼ਿਤ ਕੀਤੀ ਗਈ ਰਿਪੋਰਟ ''ਚ ਕਿਹਾ ਗਿਆ ਹੈ ਕਿ ਵਿਸ਼ਵ ਪੱਧਰ ''ਤੇ ਹਰ ਤੀਜੇ ਬੱਚੇ ''ਚੋਂ ਇੱਕ ਬੱਚਾ ਲੈੱਡ ਦੇ ਜ਼ਹਿਰ ਨਾਲ ਪ੍ਰਭਾਵਿਤ ਹੋ ਸਕਦਾ ਹੈ। ਇਹ ਸਥਿਤੀ ਘੱਟ ਅਤੇ ਦਰਮਿਆਨੀ ਆਮਦਨ ਵਾਲੇ ਦੇਸ਼ਾਂ ''ਚ ਵਧੇਰੇ ਹੋ ਸਕਦੀ ਹੈ।

ਦੁਨੀਆ ਭਰ ਦੇ ਕੁੱਲ ਲੈੱਡ ਦੇ ਜ਼ਹਿਰ ਨਾਲ ਪ੍ਰਭਾਵਿਤ ਬੱਚਿਆਂ ''ਚੋਂ ਲਗਭਗ ਅੱਧੇ ਬੱਚੇ ਦੱਖਣੀ ਏਸ਼ੀਆ ''ਚ ਮੌਜੂਦ ਹਨ ਅਤੇ ਖਿੱਤੇ ''ਚ ਸਭ ਤੋਂ ਪ੍ਰਭਾਵਿਤ ਖੇਤਰਾਂ ''ਚੋਂ  ਦੂਜੇ ਸਥਾਨ ''ਤੇ ਅਫ਼ਰੀਕਾ ਦਾ ਨਾਮ ਆਉਂਦਾ ਹੈ।

ਲੈੱਡ- ਐਸਿਡ ਬੈਟਰੀਆਂ

ਮਨਜੀਤ ਸਿੰਘ ਪੇਸ਼ੇ ਵੱਜੋਂ ਲੈੱਡ-ਐਸਿਡ ਬੈਟਰੀਆਂ ਦੀ ਰੀਸਾਇਕਲਿੰਗ ਦਾ ਕੰਮ ਕਰਦੇ ਸਨ ਅਤੇ ਉਹ ਇਨ੍ਹਾਂ ਬੈਟਰੀਆਂ ਨੂੰ ਆਪਣੇ ਘਰ ''ਚ ਹੀ ਰੱਖਦੇ ਸਨ।

ਰਿਪੋਰਟ ''ਚ ਕਿਹਾ ਗਿਆ ਹੈ ਕਿ ਸਹੀ ਢੰਗ ਨਾਲ ਰੀਸਾਇਕਲ ਨਾ ਹੋਈਆਂ ਲੈੱਡ ਬੈਟਰੀਆਂ, ਬਿਜਲਈ ਰਹਿੰਦ-ਖੁਹੰਦ, ਖਣਨ ਅਤੇ ਪੇਂਟ ਆਦਿ ਜ਼ਹਿਰੀਲੇ ਲੈੱਡ ਦੇ ਪ੍ਰਮੁੱਖ ਸਰੋਤ ਹਨ।

ਮਨਜੀਤ ਸਿੰਘ ਕਹਿੰਦੇ ਹਨ, " ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਮੇਰਾ ਕੰਮ ਹੀ ਮੇਰੇ ਬੱਚੇ ਦੀ ਸਿਹਤ ਨੂੰ ਨੁਕਸਾਨ ਪਹੁੰਚਾਏਗਾ।" ਉਸ ਨੇ ਤੁਰੰਤ ਇਸ ਕਾਰੋਬਾਰ ਨੂੰ ਬੰਦ ਕਰ ਦਿੱਤਾ।

ਸਰਬਜੀਤ ਦੀ ਇਸ ਹਾਲਤ ਦਾ ਸਭ ਤੋਂ ਪਹਿਲਾਂ ਸਾਲ 2008 ''ਚ ਪਤਾ ਲੱਗਿਆ ਅਤੇ ਕਈ ਸਾਲਾਂ ਤੱਕ ਉਸ ਦਾ ਇਲਾਜ ਵੀ ਚੱਲਦਾ ਰਿਹਾ।

ਉਸ ਨੂੰ ਕਈ ਵਾਰ ਖੂਨ ਵੀ ਚੜ੍ਹਾਇਆ ਗਿਆ।ਉਸ ਦੀਆਂ ਲੱਤਾਂ ਦਾ ਹੇਠਲਾ ਹਿੱਸਾ ਇਸ ਨਾਲ ਪ੍ਰਭਾਵਿਤ ਹੋਇਆ ਅਤੇ ਸਰਬਜੀਤ ਨੂੰ ਤੁਰਨ ਫਿਰਨ ਲਈ ਵਿਸ਼ੇਸ਼ ਜੁੱਤੀ ਦੀ ਜ਼ਰੂਰਤ ਪਈ।

ਲਗਭਗ ਇੱਕ ਦਹਾਕੇ ਤੋਂ ਬਾਅਦ ਉਸ ਦੀ ਹਾਲਤ ''ਚ ਕੁੱਝ ਸੁਧਾਰ ਆਇਆ ਹੈ।

ਸਰਬਜੀਤ ਹੁਣ 16 ਸਾਲ ਦਾ ਹੈ ਅਤੇ ਪੜ੍ਹਾਈ ਲਿਖਾਈ ''ਚ ਵਧੀਆ ਹੈ। ਪਰ ਉਸ ਦੇ ਮਾਪਿਆਂ ਨੂੰ ਅੱਜ ਵੀ ਉਸ ਦੀ ਸਿਹਤ ਦੀ ਚਿੰਤਾ ਸਤਾਉਂਦੀ ਰਹਿੰਦੀ ਹੈ ਕਿਉਂਕਿ ਸਰਬਜੀਤ ਦੇ ਸਰੀਰ ''ਚ ਅਜੇ ਵੀ ਲੈੱਡ ਦੀ ਮਾਤਰਾ ਵਧੇਰੇ ਹੈ।

ਮਨਜੀਤ ਸਿੰਘ ਦੱਸਦੇ ਹਨ, "ਸਰਬਜੀਤ ''ਚ ਹੁਣ ਖੂਨ ਦੀ ਕਮੀ ਨਹੀਂ ਹੈ, ਪਰ ਸਿਹਤ ਸਬੰਧੀ ਕੁੱਝ ਮੁੱਦੇ ਅਜੇ ਵੀ ਉਸ ਦੇ ਸਰੀਰ ''ਚ ਮੌਜੂਦ ਹਨ, ਜਿਸ ''ਚ ਹਾਈਪਰ ਐਕਟੀਵਿਟੀ ਇੱਕ ਹੈ।"

ਬੱਚੇ ਲੈੱਡ ਪ੍ਰਤੀ ਵਧੇਰੇ ਸੰਵੇਦਨਸ਼ੀਲ ਕਿਉਂ ਹੁੰਦੇ ਹਨ?

ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਸਰੀਰ ਦੇ ਭਾਰ ਦੇ ਅਨੁਪਾਤ ਨੂੰ ਧਿਆਨ ''ਚ ਰੱਖ ਕੇ ਵੇਖਿਆ ਜਾਵੇ ਤਾਂ ਬੱਚੇ ਵੱਡਿਆਂ ਦੇ ਮੁਕਾਬਲੇ ਪੰਜ ਗੁਣਾ ਵੱਧ ਖਾਂਦੇ ਪੀਂਦੇ ਹਨ।

ਇਸ ''ਚ ਭੋਜਨ, ਪਾਣੀ ਜਾਂ ਕੋਈ ਹੋਰ ਤਰਲ ਪਦਾਰਥ ਅਤੇ ਹਵਾ ਸ਼ਾਮਲ ਹੁੰਦੀ ਹੈ।

''A toxic truth: Children''s exposure to lead pollution undermines a generation of future potential''  ਦੇ ਸਿਰਲੇਖ ਹੇਠ ਛਪੀ ਰਿਪੋਰਟ ''ਚ ਕਿਹਾ ਗਿਆ ਹੈ , "ਇਸ ਦਾ ਮਤਲਬ ਇਹ ਹੈ ਕਿ ਜੇਕਰ ਇਹ ਸ਼ਕਤੀਸ਼ਾਲੀ ਨਿਓਰੋਟੋਕਸਿਨ ਪਾਣੀ ,ਮਿੱਟੀ ਅਤੇ ਹਵਾ ''ਚ ਫੈਲ ਜਾਂਦਾ ਹੈ ਤਾਂ ਬੱਚੇ ਇਸ ਨੂੰ ਵਧੇਰੇ ਮਾਤਰਾ ''ਚ ਆਪਣੇ ਸਰੀਰ ''ਚ ਜਜ਼ਬ ਕਰ ਸਕਦੇ ਹਨ।

ਰਿਪੋਰਟ ''ਚ ਕਿਹਾ ਗਿਆ ਹੈ ਕਿ ਛੋਟੇ ਬੱਚੇ ਅਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਸ ਤੋਂ ਵਧੇਰੇ ਖ਼ਤਰਾ ਰਹਿੰਦਾ ਹੈ। ਛੋਟੇ ਬੱਚਿਆਂ ਦਾ ਸਰੀਰ ਅਜੇ ਵਿਕਾਸ ਦੇ ਸ਼ੁਰੂਆਤੀ ਪੜਾਅ ''ਤੇ ਹੁੰਦਾ ਹੈ ਅਤੇ ਜਦੋਂ ਸ਼ਕਤੀਸ਼ਾਲੀ ਨਿਓਰੋਟੋਕਸਿਨ ਦਾ ਹਮਲਾ ਹੁੰਦਾ ਹੈ ਤਾਂ ਬੱਚਿਆਂ ਦਾ ਦਿਮਾਗ ਵਿਕਸਿਤ ਹੋਣ ਤੋਂ ਪਹਿਲਾਂ ਹੀ ਆਪਣਾ ਸੰਤੁਲਨ ਗਵਾ ਬੈਠਦਾ ਹੈ।

ਜਿਸ ਦੇ ਸਿੱਟੇ ਵੱਜੋਂ ਉਹ ਬੱਚਾ ਉਮਰ ਭਰ ਲਈ ਮਾਨਸਿਕ, ਸਰੀਰਕ ਅਤੇ ਬੌਧਿਕ ਤੌਰ ''ਤੇ ਕਮਜ਼ੋਰ ਹੋ ਜਾਂਦਾ ਹੈ।

"ਲੈੱਡ ਇੱਕ ਸ਼ਕਤੀਸ਼ਾਲੀ ਨਿਓਰੋਟੋਕਸਿਨ ਹੈ। ਸਰੀਰ ''ਚ ਲੈੱਡ ਦੀ ਮਾਤਰਾ ਭਾਵੇਂ ਘੱਟ ਹੀ ਵਧੀ ਹੋਵੇ ਤਾਂ ਵੀ ਉਹ ਆਈਕਿਊ ਪੱਧਰ ਨੂੰ ਪ੍ਰਭਾਵਿਤ ਜ਼ਰੂਰ ਕਰਦੀ ਹੈ। ਇਸ ਤੋਂ ਇਲਾਵਾ ਉਸ ਬੱਚੇ ਦੇ ਸੁਭਾਅ ''ਚ ਵੀ ਬਦਲਾਵ ਆਉਂਦਾ ਹੈ। ਜ਼ਹਿਰੀਲੇ ਲੈੱਡ ਦੇ ਸੰਪਰਕ ''ਚ ਆਉਣ ਵਾਲੇ ਬੱਚਿਆਂ ਦਾ ਸੁਭਾਅ ਅਸ਼ਾਂਤ ਅਤੇ ਹਿੰਸਕ ਗੁਣ ਅਖ਼ਤਿਆਰ ਕਰਨ ਲੱਗਦਾ ਹੈ ਜੋ ਕਿ ਬਾਅਦ ''ਚ ਅਪਰਾਧਿਕ ਵਿਵਹਾਰ ਨੂੰ ਜਨਮ ਦਿੰਦਾ ਹੈ।"

ਰਿਪੋਰਟ ''ਚ ਕਿਹਾ ਗਿਆ ਹੈ ਕਿ ਭਾਰਤ ''ਚ ਸਭ ਤੋਂ ਵੱਧ ਪ੍ਰਭਾਵਿਤ ਬੱਚੇ ਹਨ, ਜਿੰਨਾਂ ਦੀ ਗਿਣਤੀ 27.5 ਕਰੋੜ ਤੋਂ ਵੀ ਵੱਧ ਹੈ। ਇੰਨ੍ਹਾਂ ਬੱਚਿਆਂ ਦੇ ਖੂਨ ''ਚ ਪ੍ਰਤੀ ਡੈਸੀਲੀਟਰ ਪੰਜ ਮਾਈਕ੍ਰੋਗ੍ਰਾਮ ਤੋਂ ਵੀ ਵੱਧ ਲੈੱਡ ਦੀ ਮੌਜੂਦਗੀ ਪਾਈ ਗਈ ਹੈ।

ਅਮਰੀਕਾ ਦੇ ਬਿਮਾਰੀ ਕੰਟਰੋਲ ਅਤੇ ਰੋਕਥਾਮ (Centre for Disease Control and Prevention) , ਸੀਡੀਸੀ ਕੇਂਦਰ ਮੁਤਾਬਕ ਇਹ ਪੱਧਰ ਚਿੰਤਾਜਨਕ ਹੈ ਅਤੇ ਇਸ ''ਚ ਦਖਲ ਦੇਣ ਦੀ ਲੋੜ ਹੈ।

ਇਹ ਵੀ ਪੜ੍ਹੋ:

ਵਿਸ਼ਵ ਸਿਹਤ ਸੰਗਠਨਨ ਨੇ ਪੁਸ਼ਟੀ ਕੀਤੀ ਹੈ ਕਿ ਛੋਟੇ ਬੱਚੇ ਖਾਸ ਤੌਰ ''ਤੇ ਲੈੱਡ ਦੇ ਜ਼ਹਿਰੀਲੇ ਪ੍ਰਭਾਵਾਂ ਨੂੰ ਸਹਿਣ ਦੇ ਯੋਗ ਨਹੀਂ ਹੁੰਦੇ ਹਨ।

ਸੰਗਠਨ ਦਾ ਕਹਿਣਾ ਹੈ ਕਿ ਸਰੀਰ ''ਚ ਲੈੱਡ ਦੀ ਮੌਜੂਦਗੀ ਉਮਰ ਭਰ ਲਈ ਅਜਿਹੇ ਬੱਚਿਆਂ ਦੀ ਸਿਹਤ ''ਤੇ ਮਾੜੇ ਪ੍ਰਭਾਵ ਪਾਉਂਦੀ ਹੈ। ਇੰਨ੍ਹਾਂ ''ਚ ਦਿਮਾਗ ਅਤੇ ਦਿਮਾਗ ਨਾਲ ਸਬੰਧਤ ਪ੍ਰਣਾਲੀ ਨੂੰ ਵਧੇਰੇ ਨੁਕਸਾਨ ਪਹੁੰਚਦਾ ਹੈ।

ਬੱਚਿਆਂ ''ਚ ਹੀ ਨਹੀਂ ਲੈੱਡ ਨੌਜਵਾਨਾਂ ਦੀ ਸਿਹਤ ਨੂੰ ਵੀ ਪ੍ਰਭਾਵਿਤ ਕਰਦਾ ਹੈ, ਜਿਸ ਦੇ ਲੰਬੇ ਸਮੇਂ ਲਈ ਨੁਕਸਾਨ ਵੇਖਣ ਨੂੰ ਮਿਲਦੇ ਹਨ।ਹਾਈ ਬਲੱਡ ਪ੍ਰੈਸ਼ਰ ਅਤੇ ਗੁਰਦੇ ਦਾ ਖ਼ਰਾਬ ਹੋਣਾ ਵੀ ਇਸ ''ਚ ਸ਼ਾਮਲ ਹੈ।

ਅਫ਼ਰੀਕਾ ''ਚ ਸਹੀ ਨੇਮਾਂ ਤਹਿਤ ਰੀਸਾਇਕਲਿੰਗ ਦਾ ਨਾ ਹੋਣਾ

ਵਿਕਾਸਸ਼ੀਲ ਦੇਸ਼ਾਂ ''ਚ ਲੈੱਡ-ਐਸਿਡ ਬੈਟਰੀਆਂ ਦੀ ਰੀਸਾਇਕਲਿੰਗ ਕਰਦੇ ਸਮੇਂ ਉੱਚਿਤ ਨੇਮਾਂ ਦਾ ਧਿਆਨ ਨਾ ਰੱਖਿਆ ਜਾਣਾ ਵੀ ਇੱਕ ਚਿੰਤਾਜਨਕ ਮੁੱਦਾ ਹੈ।

ਸੇਨੇਗਲ ਦੇ ਟੋਕਸੀਕੋਲੋਜਿਸਟ ਡਾ. ਫੋਟੂਮਾਟਾ ਬੈਰੀ ਨੇ ਬੀਬੀਸੀ ਨੂੰ ਦੱਸਿਆ ਕਿ " ਅਫ਼ਰੀਕਾ ''ਚ ਕਾਰਾਂ ਦੀ ਮੁਰੰਮਤ ਲਈ ਬੱਚਿਆਂ ਤੋਂ ਕੰਮ ਲਿਆ ਜਾਂਦਾ ਹੈ ਅਤੇ ਉੱਥੇ ਇਹ ਆਮ ਹੀ ਹੈ।"

"ਅਜਿਹੀਆਂ ਗੈਰੇਜਾਂ ''ਚ ਕੰਮ ਕਰਦਿਆਂ ਉਹ ਲੈੱਡ-ਐਸਿਡ ਬੈਟਰੀਆਂ ਦੇ ਸੰਪਰਕ ''ਚ ਆਉਂਦੇ ਹਨ। ਲੋਕ ਇੰਨ੍ਹਾਂ ਬੱਚਿਆਂ ਦੀ ਸਿਹਤ ''ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਤੋਂ ਅਣਜਾਣ ਹਨ।"

ਦੁਨੀਆ ਭਰ ''ਚ ਤਕਰੀਬਨ 85% ਲੈੱਡ ਦੀ ਵਰਤੋਂ ਲੈੱਡ-ਐਸਿਡ ਬੈਟਰੀਆਂ ਦੇ ਨਿਰਮਾਣ ਲਈ ਕੀਤੀ ਜਾਂਦੀ ਹੈ ਅਤੇ ਵੱਡੀ ਗਿਣਤੀ ਮੁੜ ਉਪਯੋਗ ''ਚ ਆਉਣ ਵਾਲੀਆਂ ਕਾਰ ਬੈਟਰੀਆਂ ਤੋਂ ਆਉਂਦੀ ਹੈ।

ਇਸ ਰਿਪੋਰਟ ਦੇ ਸਹਿ-ਲੇਖਕ ਡਾ.ਨਿਕੋਲਸ ਰੀਸ ਨੇ ਬੀਬੀਸੀ ਨੂੰ ਦੱਸਿਆ, "ਘੱਟ ਅਤੇ ਦਰਮਿਆਨੀ ਆਮਦਨ ਵਾਲੇ ਦੇਸ਼ਾਂ ''ਚ ਵਾਹਨਾਂ ਦੀ ਗਿਣਤੀ ਸਾਲ 2000 ਤੋਂ ਤਿੰਨ ਗੁਣਾ ਹੋ ਗਈ ਹੈ। ਜਿਸ ਕਰਕੇ ਲੈੱਡ ਐਸਿਡ ਬੈਟਰੀਆਂ ਦੀ ਰੀਸਾਇਕਲਿੰਗ ਪ੍ਰਕ੍ਰਿਆ ''ਚ ਵੀ ਵਾਧਾ ਹੋਇਆ ਹੈ।ਇਸ ਪ੍ਰਕ੍ਰਿਆ ਦੌਰਾਨ ਅਸਲ ਨਿਯਮਾਂ ਨੂੰ ਛਿੱਕੇ ''ਤੇ ਟੰਗ ਦਿੱਤਾ ਜਾਂਦਾ ਹੈ ਜੋ ਕਿ ਵਾਤਾਵਰਣ ਲਈ ਅਸੁਰੱਖਿਅਤ ਮਾਹੌਲ ਪੈਦਾ ਕਰਦੇ ਹਨ।"

ਰਿਪੋਰਟ ਦਾ ਅਨੁਮਾਨ ਹੈ ਕਿ ਵਰਤੋਂ ''ਚ ਆਈਆਂ ਲਗਭਗ ਅੱਧੀਆਂ ਲੈੱਡ ਐਸਿਡ ਬੈਟਰੀਆਂ ਗੈਰਰਸਮੀ ਆਰਥਿਕਤਾ ''ਚ ਖ਼ਤਮ ਹੁੰਦੀਆਂ ਹਨ।

"ਨੇਮਾਂ ਦੀ ਅਣਦੇਖੀ ਅਤੇ ਗੈਰ ਕਾਨੂੰਨੀ ਢੰਗ ਨਾਲ ਲੈੱਡ-ਐਸਿਡ ਬੈਟਰੀਆਂ ਨੂੰ ਮੁੜ ਵਰਤੋਂ ''ਚ ਲਿਆਉਣ ਦੀ ਪ੍ਰਕ੍ਰਿਆ ਵਾਤਾਵਰਣ ਲਈ ਵੱਡਾ ਖ਼ਤਰਾ ਹੈ। ਇਸ ਪ੍ਰਕ੍ਰਿਆ ''ਚ ਬੈਟਰੀ ਕੇਸਾਂ ਨੂੰ ਖੁੱਲ੍ਹੇ ਵਾਤਾਵਰਨ ''ਚ ਖੋਲ੍ਹ ਦਿੱਤਾ ਜਾਂਦਾ ਹੈ ਅਤੇ ਲੈੱਡ ਜ਼ਮੀਨ ''ਤੇ ਫੈਲ ਜਾਂਦਾ ਹੈ। ਬਾਅਦ ''ਚ ਇਸ ਨੂੰ ਖੁੱਲ੍ਹੀ ਭੱਠੀ ''ਚ ਪਾਇਆ ਜਾਂਦਾ ਹੈ ਜਿਸ ਨਾਲ ਕਿ ਇਸ ਦੇ ਕਣ ਅਤੇ ਸੁਗੰਧ ਹਵਾ ''ਚ ਮਿਲ ਜਾਂਦੀ ਹੈ ਅਤੇ ਵਾਤਾਵਰਨ ਨੂੰ ਦੂਸ਼ਿਤ ਕਰਦੀ ਹੈ।"

ਇਹ ਤੱਥ ਵਾਸ਼ਿੰਗਟਨ ਯੂਨੀਵਰਸਿਟੀ ਦੀ ਸਿਹਤ ਮੈਟਰਿਕਸ ਅਤੇ ਵਿਸ਼ਲੇਸ਼ਣ ਸੰਸਥਾ ਦੇ ਅੰਕੜਿਆਂ ''ਤੇ ਅਧਾਰਤ ਹਨ। ਸੰਸਥਾ ਨੇ ਦੁਨੀਆ ਭਰ ਦੇ ਦੇਸ਼ਾਂ ਦੇ ਹਜ਼ਾਰਾਂ ਹੀ ਬੱਚਿਆਂ ਦੇ ਖੂਨ ਦੇ ਨਮੂਨਿਆਂ ਦੀ ਜਾਂਚ ਕਰਨ ਤੋਂ ਬਾਅਦ ਆਪਣੀ ਰਿਪੋਰਟ ਦਿੱਤੀ ਹੈ।

ਮਸਾਲੇ, ਬਰਤਨ ਅਤੇ ਰੰਗ-ਰੋਗਨ

ਸੁਤੰਤਰ ਮਾਹਰਾਂ ਨੇ ਰਿਪੋਰਟ ''ਚ ਦਰਜ ਜ਼ਹਿਰੀਲੇ ਲੈੱਡ ਦੇ ਹੋਰ ਸਰੋਤਾਂ ਦੀ ਪੁਸ਼ਟੀ ਕੀਤੀ ਹੈ।

ਭਾਰਤ ''ਚ ਲੈੱਡ-ਐਸਿਡ ਬੈਟਰੀਆਂ ਨੂੰ ਮੁੜ ਵਰਤੋਂ ''ਚ ਲਿਆਉਣ ਵਾਲੀਆਂ ਵਰਕਸ਼ਾਪਾਂ ਜਾਂ ਇੰਨ੍ਹਾਂ ਦੇ ਨੇੜੇ ਤੇੜੇ ਰਹਿਣ ਵਾਲੇ ਬੱਚਿਆਂ ਦੇ ਖੂਨ ''ਚ ਪ੍ਰਤੀ ਡੇਸੀਲੀਟਰ 200 ਮਾਈਕਰੋਗ੍ਰਾਮ ਲੈੱਡ ਦੀ ਮੌਜੂਦਗੀ ਪਾਈ ਜਾਂਦੀ ਹੈ।

ਇਸ ਗੱਲ ਦੀ ਪੁਸ਼ਟੀ ਉੱਤਰ ਪ੍ਰਦੇਸ਼ ਰਾਜ ''ਚ ਸਥਿਤ ਕਿੰਗ ਜੋਰਜ਼ ਮੈਡੀਕਲ ਯੂਨੀਵਰਸਿਟੀ ਦੇ ਬਾਇਓ-ਰਸਾਇਣ ਵਿਭਾਗ ਦੇ ਮੁੱਖੀ ਡਾ.ਅੱਬਾਸ ਮਾਹਦੀ ਨੇ ਕੀਤੀ।

ਡਾ. ਅੱਬਾਸ ਨੇ ਹੀ 2008 ''ਚ ਸਰਬਜੀਤ ਦੇ ਖੂਨ ਦੇ ਨਮੂਨੇ ਦੀ ਜਾਂਚ ਕਰਕੇ ਉਸ ਦੇ ਸਰੀਰ ''ਚ ਲੈੱਡ ਦੀ ਵਧੀ ਮਾਤਰਾ ਬਾਰੇ ਪਤਾ ਲਗਾਇਆ ਸੀ।

"ਸਾਡੇ ਬੱਚੇ ਲੈੱਡ ਪ੍ਰਭਾਵਿਤ ਹੋਰ ਸਰੋਤਾਂ ਦੇ ਸੰਪਰਕ ''ਚ ਵੀ ਆਉਂਦੇ ਹਨ। ਜਿਵੇਂ ਕਿ ਕੁੱਝ ਮਸਾਲੇ ਅਤੇ ਜੜੀ ਬੂਟੀਆਂ ਨਾਲ ਤਿਆਰ ਹੋਈਆਂ ਦਵਾਈਆਂ, ਜਿੰਨ੍ਹਾਂ ''ਚ ਰੰਗਤ ਵਧਾਉਣ ਅਤੇ ਲੰਬੇ ਸਮੇਂ ਤੱਕ ਸਹੀ ਰੱਖਣ ਲਈ ਲੈੱਡ ਦੀ ਵਰਤੋਂ ਹੁੰਦੀ ਹੈ।"

ਅਫਰੀਕੀ ਮੁਲਕ ਘਾਨਾ ''ਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਖੋਜ ''ਚ ਪਾਇਆ ਹੈ ਕਿ 60% ਲੈੱਡ ਦਾ ਜ਼ੋਖਮ ਰੈਸਟੋਰੈਂਟਾਂ ''ਚ ਤਿਆਰ ਭੋਜਨ ਤੋਂ ਪੈਦਾ ਹੁੰਦਾ ਹੈ।ਰੈਸਟੋਰੈਂਟਾਂ ''ਚ ਭੋਜਨ ਤਿਆਰ ਕਰਨ ਲਈ ਬਰਤਨਾਂ ਨੂੰ ਚੰਗੀ ਤਰ੍ਹਾਂ ਸਾਫ਼ ਨਹੀਂ ਕੀਤਾ ਜਾਂਦਾ ਹੈ।

ਘਾਨਾ ਦੀ ਵਾਤਾਰਵਣ ਸੁਰੱਖਿਆ ਏਜੰਸੀ ਦੇ ਕਾਰਜਕਾਰੀ ਮੁੱਖੀ ਜੌਹਨ ਪਵਾਮਾਂਗ ਨੇ ਕਿਹਾ, " ਬਹੁਤ ਸਾਰੇ ਰੈਸਟੋਰੈਂਟਾਂ ''ਚ ਜਿੰਨ੍ਹਾਂ ਬਰਤਨਾਂ ਦੀ ਵਰਤੋਂ ਹੁੰਦੀ ਹੈ, ਉਹ ਸਕ੍ਰੈਪ ਐਲੂਮੀਨੀਅਮ ਤੋਂ ਬਣੇ ਹੁੰਦੇ ਹਨ, ਜਿੰਨ੍ਹਾਂ ''ਚ ਲੈੱਡ ਦੀ ਵਧੇਰੇ ਮਾਤਾਰਾ ਮੌਜੂਦ ਹੁੰਦੀ ਹੈ।"

ਇਹ ਵੀ ਪੜ੍ਹੋ:

ਜ਼ਹਿਰੀਲੇ ਲੈੱਡ ਖ਼ਿਲਾਫ ਕਾਨੂੰਨ

ਜੌਹਨ ਪਵਾਮਾਂਗ ਦਾ ਕਹਿਣਾ ਹੈ ਕਿ ਲੈੱਡ ਦੀ ਗੰਦਗੀ ਨੂੰ ਘਟਾਉਣ ਲਈ ਕਿਸੇ ਕਾਨੂੰਨ ਨੂੰ ਪੇਸ਼ ਕਰਨਾ ਅਤੇ ਫਿਰ ਉਸ ਨੂੰ ਅਮਲ ''ਚ ਲਿਆਉਣਾ ਇੱਕ ਵੱਡੀ ਚੁਣੌਤੀ ਹੈ।

"ਅਸੀਂ ਵਿਸ਼ਵ ਸਿਹਤ ਸੰਗਠਨ ਅਤੇ ਈਯੂ ਵੱਲੋਂ ਜਾਰੀ ਮਾਪਦੰਡਾਂ ਤੋਂ ਜਾਣੂ ਹਾਂ, ਪਰ ਆਪੋ ਆਪਣੇ ਦੇਸ਼ਾਂ ''ਚ ਇੰਨ੍ਹਾਂ ਨੂੰ ਅਮਲ ''ਚ ਲਿਆਉਣਾ ਅਸਾਨ ਕਾਰਜ ਨਹੀਂ ਹੈ, ਕਿਉਂਕਿ ਸਾਡੇ ਕੋਲ ਇਸ ਸਥਿਤੀ ਨਾਲ ਨਜਿੱਠਣ ਲਈ ਕੋਈ ਖਾਸ ਤਕਨੀਕ ਨਹੀਂ ਹੈ ਅਤੇ ਦੂਜਾ ਲੋਕ ਵੀ ਇਸ ਖ਼ਤਰੇ ਤੋਂ ਅਣਜਾਣ ਹਨ।"

ਸਤੰਬਰ 2019 ''ਚ ਸੰਯੁਕਤ ਰਾਸ਼ਟਰ ਵਾਤਾਵਰਣ ਨੇ ਕਿਹਾ ਸੀ ਕਿ ਲੈੱਡ ਪੇਂਟ ਦੇ ਉਤਪਾਦਨ, ਆਯਾਤ ਅਤੇ ਵਿਕਰੀ ਨੂੰ ਸੀਮਤ ਕਰਨ ਲਈ 73 ਦੇਸ਼ਾਂ ਨੂੰ ਕਾਨੂੰਨੀ ਤੌਰ ''ਤੇ ਪਾਬੰਦ ਕੀਤਾ ਗਿਆ ਸੀ।ਇਹ ਦੇਸ਼ ਵਿਸ਼ਵ ਪੱਧਰ ਦੇ ਸਾਰੇ ਦੇਸ਼ਾਂ ਦਾ 38% ਹਨ।

ਕਈ ਦੇਸ਼ਾਂ ''ਚ ਘਰਾਂ ਅਤੇ ਸਕੂਲਾਂ ''ਚ ਲੈੱਡ ਪੇਂਟ ਦੀ ਵਰਤੋਂ ''ਤੇ ਪਾਬੰਦੀ ਨਹੀਂ ਹੈ। ਜਿਸ ਕਰਕੇ ਬੱਚਿਆਂ ''ਚ ਲੈੱਡ ਦੀ ਵੱਧ ਮਾਤਰਾ ਦਾ ਜ਼ੋਖਮ ਬਣਿਆ ਰਹਿੰਦਾ ਹੈ।

ਮਾਹਰਾਂ ਦਾ ਕਹਿਣਾ ਹੈ ਕਿ ਕੁੱਝ ਦੇਸ਼ਾਂ ''ਚ ਪੇਂਟ ''ਚ ਲੈੱਡ ਦੀ ਮਾਤਰਾ ਵਿਕਸਤ ਦੇਸ਼ਾਂ ''ਚ ਤੈਅ ਮਾਪਦੰਡ ਨਾਲੋਂ 400 ਗੁਣਾ ਵੱਧ ਪਾਈ ਗਈ ਹੈ।

ਡਾ. ਨਿਕੋਲਸ ਨੇ ਦੱਸਿਆ , "ਪੇਂਟ ਜਿਸ ''ਚ ਲੈੱਡ ਦੀ ਉੱਚ ਮਾਤਰਾ ਪਾਈ ਜਾਂਦੀ ਹੈ ਅਤੇ ਇਸ ਦੀ ਖੁਸ਼ਬੂ ਬੱਚਿਆਂ ਨੂੰ ਆਕਰਸ਼ਤ ਕਰਦੀ ਹੈ। ਜਿਸ ਦੇ ਸਿੱਟੇ ਵੱਜੋਂ ਬੱਚੇ ਇਸ ਪੇਂਟ ਨਾਲ ਨਿਖਾਰੇ ਗਏ ਦਰਵਾਜਿਆਂ, ਖਿੜਕੀਆਂ ਅਤੇ ਕੰਧਾਂ ਨੂੰ ਚੱਟਣਾ ਪਸੰਦ ਕਰਦੇ ਹਨ ਅਤੇ ਇਸੇ ਕਰਕੇ ਬੱਚਿਆਂ ਦੇ ਸਰੀਰ ''ਚ ਜ਼ਹਿਰ ਚਲਾ ਜਾਂਦਾ ਹੈ।"

ਮਾਹਰਾਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਘੱਟ ਅਤੇ ਮੱਧਮ ਆਮਦਨੀ ਵਾਲੇ ਦੇਸ਼ਾਂ ਨੇ ਵਾਹਨਾਂ ਲਈ ਲੈੱਡ ਇੰਧਨ ਦੀ ਵਰਤੋਂ ''ਤੇ ਪਾਬੰਦੀ ਲਗਾਈ ਹੋਈ ਹੈ।ਇਸ ਉਪਾਅ ਨੇ ਸਿਰਫ ਹਵਾ ''ਚ ਮੌਜੂਦ ਲੈੱਡ ਦੀ ਮੌਜੂਦਗੀ ਨੂੰ ਘਟਾਇਆ ਹੈ, ਜਿਸ ਨਾਲ ਕਿ ਤੱਤਾਂ ਦੀ ਵਿਨਾਸ਼ਕਾਰੀ ਸ਼ਕਤੀ ਨੂੰ ਘਟਾਉਣ ''ਚ ਮਦਦ ਮਿਲ ਰਹੀ ਹੈ।

ਪਰ ਲੈੱਡ ਐਸਿਡ ਬੈਟਰੀਆਂ ਦੀ ਮੁੜ ਵਰਤੋਂ ਸਮੇਤ ਜ਼ਹਿਰੀਲੇ ਲੈੱਡ ਦੇ ਪ੍ਰਮੁੱਖ ਸਰੋਤਾਂ ਨਾਲ ਨਜਿੱਠਣਾ ਅੱਜ ਵੀ ਇੱਕ ਆਲਮੀ ਚੁਣੌਤੀ ਬਣਿਆ ਹੋਇਆ ਹੈ।

ਬੀਬੀਸੀ ਨੇ ਸੈਂਟਰਲ ਪਲਿਊਸ਼ਨ ਕੰਟਰੋਲ ਬੋਰਡ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਵੱਲੋਂ ਅਜੇ ਤੱਕ ਕੋਈ ਜਵਾਬ ਨਹੀਂ ਆਇਆ।

ਇਹ ਵੀਡੀਓਜ਼ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=6Vr_QeU3ns4

https://www.youtube.com/watch?v=s9SzLkfdEoY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''27fe41ed-621c-4dc3-8dcc-8eb9b9f16b36'',''assetType'': ''STY'',''pageCounter'': ''punjabi.india.story.53601700.page'',''title'': ''ਬੱਚਿਆਂ ਦੀ ਸਿਹਤ ਅਤੇ ਲੈੱਡ ਦਾ ਪੱਧਰ: ‘ਮੇਰੇ 4 ਸਾਲਾ ਬੱਚੇ ਸਰਬਜੀਤ ਦੀਆਂ ਉਲਟੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਸਨ’'',''author'': ''ਨਵੀਨ ਸਿੰਘ ਖੜਕਾ'',''published'': ''2020-07-31T01:56:54Z'',''updated'': ''2020-07-31T01:56:54Z''});s_bbcws(''track'',''pageView'');

Related News