ਉਹ ਮੁਲਕ ਜਿੱਥੇ ਵਿਆਹ ਲਈ ਕੁੜੀਆਂ ਨੂੰ ਅਗਵਾਹ ਕੀਤਾ ਜਾਂਦਾ ਹੈ

Saturday, Jul 25, 2020 - 08:06 AM (IST)

ਉਹ ਮੁਲਕ ਜਿੱਥੇ ਵਿਆਹ ਲਈ ਕੁੜੀਆਂ ਨੂੰ ਅਗਵਾਹ ਕੀਤਾ ਜਾਂਦਾ ਹੈ
ਇੰਡੋਨੇਸ਼ੀਆ
Getty Images

ਇੰਡੋਨੇਸ਼ੀਆ ਦੇ ਅਧਿਕਾਰੀ ਟਾਪੂ ਸੁੰਬਾ ਵਿੱਚ ਚੱਲਦੀ ਆ ਰਹੀ ਇੱਕ ਵਿਵਾਦਤ ਪ੍ਰਥਾ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਵਿੱਚ ਜੁਟੇ ਹਨ। ਇਹ ਪ੍ਰਥਾ ਵਿਆਹ ਲਈ ਕੁੜੀਆਂ ਨੂੰ ਅਗਵਾ ਕਰਨ ਦੀ ਹੈ।

ਕੁੜੀਆਂ ਨੂੰ ਅਗਵਾ ਕਰਨ ਦੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਸ ਗਤਿਵਿਧੀ ਨੂੰ ਰੋਕਣ ਲਈ ਕੌਮੀ ਪੱਧਰ ''ਤੇ ਇੱਕ ਬਹਿਸ ਸ਼ੁਰੂ ਹੋ ਗਈ ਹੈ।

ਸਿਤਰਾ (ਬਦਲਿਆ ਨਾਮ) ਨੇ ਸੋਚਿਆ ਸੀ ਕਿ ਇਹ ਸਿਰਫ ਕੰਮਕਾਜ ਨਾਲ ਜੁੜੀ ਮੀਟਿੰਗ ਹੋਵੇਗੀ। ਸਰਕਾਰੀ ਅਧਿਕਾਰੀ ਹੋਣ ਦਾ ਦਾਅਵਾ ਕਰਨ ਵਾਲੇ ਦੋ ਮਰਦ ਸਿਤਰਾ ਦੇ ਇੱਕ ਏਜੰਸੀ ਲਈ ਚਲਾਏ ਗਏ ਇੱਕ ਪ੍ਰਾਜੈਕਟ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਸਨ।

ਇਹ ਵੀ ਪੜ੍ਹੋ:-

ਉਸ ਸਮੇਂ 28 ਸਾਲ ਦੀ ਸਿਤਰਾ ਇਕੱਲੇ ਜਾਣ ਨੂੰ ਲੈ ਕੇ ਥੋੜਾ ਜਿਹਾ ਝਿਜਕ ਰਹੀ ਸੀ, ਪਰ ਉਹ ਆਪਣੇ ਕੰਮ ਨੂੰ ਦਿਖਾਉਣਾ ਵੀ ਚਾਹੁੰਦੀ ਸੀ। ਇਸ ਲਈ ਉਹ ਉਨ੍ਹਾਂ ਦੇ ਨਾਲ ਤੁਰ ਪਈ।

ਇੱਕ ਘੰਟੇ ਬਾਅਦ ਉਨ੍ਹਾਂ ਲੋਕਾਂ ਨੇ ਦੱਸਿਆ ਕਿ ਮੀਟਿੰਗ ਇੱਕ ਦੂਜੀ ਲੋਕੇਸ਼ਨ ''ਤੇ ਚੱਲ ਰਹੀ ਹੈ। ਉਨ੍ਹਾਂ ਨੇ ਸਿਤਰਾ ਨੂੰ ਉਨ੍ਹਾਂ ਦੀ ਕਾਰ ਵਿੱਚ ਨਾਲ ਚੱਲਣ ਨੂੰ ਕਿਹਾ।

ਸਿਤਰਾ ਨੇ ਕਿਹਾ ਕਿ ਉਹ ਆਪਣੀ ਮੋਟਰਬਾਈਕ ''ਤੇ ਚੱਲੇਗੀ। ਉਨ੍ਹਾਂ ਨੇ ਜਿਵੇਂ ਹੀ ਆਪਣੀ ਬਾਈਕ ਦੀਆਂ ਚਾਬੀਆਂ ਕੱਢੀਆਂ, ਅਚਾਨਕ ਲੋਕਾਂ ਦਾ ਦੂਜਾ ਸਮੂਹ ਆ ਗਿਆ ਤੇ ਉਨ੍ਹਾਂ ਨੇ ਸਿਤਰਾ ਨੂੰ ਫੜ ਲਿਆ।

ਉਹ ਕਹਿੰਦੀ ਹੈ, "ਮੈਂ ਜ਼ੋਰ ਦੀ ਚੀਕ ਰਹੀ ਸੀ। ਪਰ ਉਨ੍ਹਾਂ ਨੇ ਮੈਨੂੰ ਕਾਰ ਵਿੱਚ ਪਾ ਲਿਆ। ਮੈਂ ਮਜਬੂਰ ਸੀ। ਕਾਰ ਦੇ ਅੰਦਰ ਦੋ ਲੋਕਾਂ ਨੇ ਮੈਨੂੰ ਥੱਲੇ ਸੁੱਟ ਰੱਖਿਆ ਸੀ। ਮੈਨੂੰ ਪਤਾ ਸੀ ਕੀ ਇਹ ਕੀ ਹੋ ਰਿਹਾ ਹੈ।"

ਉਸ ਨੂੰ ਵਿਆਹ ਦੇ ਲਈ ਅਗਵਾ ਕਰ ਲਿਆ ਗਿਆ ਸੀ।

ਕੁੜੀਆਂ ਨੂੰ ਵਿਆਹ ਲਈ ਅਗਵਾ ਕਰਨਾ ਜਾਂ ''ਕਾਵਿਨ ਟਾਂਗਕਾਪ'' ਸੁੰਬਾ ਦੀ ਇੱਕ ਵਿਵਾਦਤ ਪ੍ਰਥਾ ਹੈ। ਇਸ ਪ੍ਰਥਾ ਦਾ ਜਨਮ ਕਿੱਥੇ ਹੋਇਆ ਇਸ ਨੂੰ ਲੈ ਕੇ ਵੀ ਵਿਵਾਦ ਹੈ। ਇਸ ਪ੍ਰਥਾ ਵਿੱਚ ਔਰਤਾਂ ਨਾਲ ਵਿਆਹ ਕਰਨ ਦੀ ਇੱਛਾ ਰੱਖਣ ਵਾਲੇ ਪਰਿਵਾਰ ਵਾਲੇ ਜਾਂ ਦੋਸਤ ਜ਼ਬਰਦਸਤੀ ਚੱਕ ਲੈਂਦੇ ਹਨ।

ਮਹਿਲਾ ਅਧਿਕਾਰੀ ਸਮੂਹਾਂ ਦੀ ਲੰਬੇ ਸਮੇਂ ਤੋਂ ਮੰਗ ਰਹੀ ਹੈ ਕਿ ਇਸ ਪ੍ਰਥਾ ਤੇ ਰੋਕ ਲਗਾਈ ਜਾਵੇ। ਇਸ ਦੇ ਬਾਵਜੂਦ ਸੁੰਬਾ ਦੇ ਕੁਝ ਹਿੱਸਿਆਂ ਵਿੱਚ ਇਹ ਹੁਣ ਵੀ ਜਾਰੀ ਹੈ।

ਪਰ ਦੋ ਮਹਿਲਾਵਾਂ ਨੂੰ ਅਗਵਾ ਕਰਨ ਦੀਆਂ ਘਟਨਾਵਾਂ ਵੀਡੀਓ ਵਿੱਚ ਕੈਦ ਹੋਣ ਤੇ ਇਨ੍ਹਾਂ ਦੇ ਸੋਸ਼ਲ ਮੀਡੀਆ ਪਰ ਵੱਡੇ ਪੱਧਰ ''ਤੇ ਫੈਲਣ ਤੋਂ ਬਾਅਦ ਕੇਂਦਰ ਸਰਕਾਰ ਹਰਕਤ ਵਿੱਚ ਆ ਗਈ ਹੈ ਤੇ ਹੁਣ ਇਸ ''ਤੇ ਸਖਤੀ ਨਾਲ ਲਗਾਮ ਲਗਾਈ ਜਾ ਰਹੀ ਹੈ।

''ਇਸ ਤਰ੍ਹਾਂ ਲੱਗਿਆ ਜਿਵੇਂ ਮੈਂ ਮਰ ਰਹੀ ਹਾਂ''

ਕਾਰ ਦੇ ਅੰਦਰ ਸਿਤਰਾ ਆਪਣੇ ਬੁਆਏਫਰੈਂਡ ਤੇ ਮਾਤਾ-ਪਿਤਾ ਨੂੰ ਮੈਸੇਜ ਕਰਨ ਵਿੱਚ ਕਾਮਯਾਬ ਰਹੀ। ਜਿਸ ਘਰ ਵਿੱਚ ਸਿਤਰਾ ਨੂੰ ਲਿਜਾਇਆ ਗਿਆ ਸੀ, ਉਹ ਉਸ ਦੇ ਪਿਤਾ ਦੇ ਇੱਕ ਦੂਰ ਦੇ ਰਿਸ਼ਤਾਦਾਰ ਦਾ ਸੀ।

ਇੰਡੋਨੇਸ਼ੀਆ
Getty Images
ਸੁੰਬਾ ਵਿੱਚ ਪਸੋਲਾ ਫੈਸਟੀਵਲ ਦੌਰਾਨ ਘੁੜਸਵਾਰੀ ਕਰਦੇ ਹੋਏ ਮਰਦ

ਉਹ ਦੱਸਦੀ ਹੈ, "ਉੱਥੇ ਕਈ ਲੋਕ ਇੰਤਜ਼ਾਰ ਕਰ ਰਹੇ ਸਨ। ਜਿਵੇਂ ਹੀ ਮੈਂ ਉੱਥੇ ਪਹੁੰਚੀ ਉਨ੍ਹਾਂ ਨੇ ਗਾਣਾ ਸ਼ੁਰੂ ਕਰ ਦਿੱਤਾ ਤੇ ਵਿਆਹ ਦੇ ਪ੍ਰੋਗਰਾਮ ਸ਼ੁਰੂ ਕਰ ਦਿੱਤੇ ਗਏ।"

ਸੁੰਬਾ ਵਿੱਚ ਇਸਾਈ ਧਰਮ ਤੇ ਇਸਲਾਮ ਤੋਂ ਇਲਾਵਾ ਇੱਕ ਪ੍ਰਾਚੀਨ ਧਰਮ ਮਾਰਾਪੂ ਨੂੰ ਵੀ ਵੱਡੇ ਪੱਧਰ ਤੇ ਮੰਨਿਆ ਜਾਂਦਾ ਹੈ।

ਦੁਨੀਆਂ ਨੂੰ ਸੰਤੁਲਨ ਵਿੱਚ ਰੱਖਣ ਲਈ ਇਸ ਵਿੱਚ ਆਤਮਾਵਾਂ ਨੂੰ ਪਰਮਪਰਾਵਾਂ ਤੇ ਬਲੀਆਂ ਦੇ ਨਾਲ ਖੁਸ਼ ਕੀਤਾ ਜਾਂਦਾ ਹੈ।

ਸਿਤਰਾ ਦੱਸਦੀ ਹੈ, "ਸੁੰਬਾ ਵਿੱਚ ਲੋਕਾਂ ਦਾ ਮੰਨਣਾ ਹੈ ਕਿ ਜੇ ਪਾਣੀ ਤੁਹਾਡੇ ਮੱਥੇ ਤੱਕ ਪਹੁੰਚ ਜਾਂਦਾ ਹੈ ਤਾਂ ਤੁਸੀਂ ਘਰ ਛੱਡ ਨਹੀਂ ਸਕਦੇ। ਮੈਨੂੰ ਸਮਝ ਆ ਗਈ ਸੀ ਕਿ ਕੀ ਹੋਣ ਵਾਲਾ ਹੈ। ਜਿਵੇਂ ਹੀ ਉਨ੍ਹਾਂ ਨੇ ਇਹ ਕਰਨ ਦੀ ਕੋਸ਼ਿਸ਼ ਕੀਤੀ ਮੈਂ ਆਖਰੀ ਮਿੰਟ ''ਤੇ ਪਿੱਛੇ ਹੱਟ ਗਈ ਤਾਂਕਿ ਪਾਣੀ ਮੇਰੇ ਮੱਥੇ ਨੂੰ ਛੂਹ ਨਾ ਸਕੇ।"

ਉਸ ਨੂੰ ਅਗਵਾ ਕਰਨ ਵਾਲਿਆਂ ਨੇ ਉਸ ਨੂੰ ਬਾਰ-ਬਾਰ ਸਮਝਾਇਆ ਕਿ ਉਹ ਉਸ ਨਾਲ ਪਿਆਰ ਹੋਣ ਕਾਰਨ ਇਹ ਕਰ ਰਹੇ ਹਨ। ਉਨ੍ਹਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਸਿਤਰਾ ਇਸ ਵਿਆਹ ਨੂੰ ਸਵੀਕਾਰ ਕਰ ਲਏ।

ਇੰਡੋਨੇਸ਼ੀਆ
Getty Images
ਸੁੰਬਾ ਦੇ ਰਵਾਇਤੀ ਘਰ ਕੁਝ ਇਸ ਤਰ੍ਹਾਂ ਦੇ ਹੁੰਦੇ ਹਨ

ਉਹ ਦੱਸਦੀ ਹੈ, "ਮੈਂ ਉਦੋਂ ਤੱਕ ਰੋਈ ਜਦੋਂ ਤੱਕ ਮੇਰਾ ਗਲ਼ਾ ਸੁੱਕ ਨਹੀਂ ਗਿਆ। ਮੈਂ ਜ਼ਮੀਨ ''ਤੇ ਡਿੱਗ ਗਈ। ਮੈਂ ਆਪਣਾ ਸਿਰ ਲੱਕੜ ਦੇ ਇੱਕ ਵੱਡੇ ਖੰਬੇ ''ਤੇ ਮਾਰਿਆ। ਮੈਂ ਚਾਹੁੰਦੀ ਸੀ ਕਿ ਉਹ ਸਮਝ ਜਾਣ ਕਿ ਮੈਂ ਇਹ ਵਿਆਹ ਨਹੀਂ ਕਰਨਾ ਚਾਹੁੰਦੀ। ਮੈਨੂੰ ਲੱਗ ਰਿਹਾ ਸੀ ਕਿ ਉਨ੍ਹਾਂ ਨੂੰ ਮੇਰੇ ''ਤੇ ਤਰਸ ਆ ਜਾਵੇਗਾ।"

ਅਗਲੇ ਛੇ ਦਿਨਾਂ ਲਈ ਉਸ ਨੂੰ ਉਸ ਘਰ ਵਿੱਚ ਕੈਦੀ ਦੀ ਤਰ੍ਹਾਂ ਰੱਖਿਆ ਗਿਆ।

ਉਹ ਦੱਸਦੀ ਹੈ, "ਮੈਂ ਸਾਰੀ ਰਾਤ ਰੋਂਦੀ ਰਹਿੰਦੀ ਸੀ। ਮੈਂ ਬਿਲਕੁੱਲ ਵੀ ਨਹੀਂ ਸੁੱਤੀ। ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੈਂ ਮਰ ਰਹੀ ਹਾਂ।"

ਸਿਤਰਾ ਨੇ ਖਾਣਾ-ਪੀਣਾ ਬੰਦ ਕਰ ਦਿੱਤਾ। ਉਸ ਨੇ ਕਿਹਾ, "ਜੇ ਅਸੀਂ ਉਨ੍ਹਾਂ ਦਾ ਖਾਣਾ ਲੈ ਲੈਂਦੇ ਹਾਂ ਤਾਂ ਇਸ ਦਾ ਮਤਲਬ ਹੈ ਅਸੀਂ ਵਿਆਹ ਲਈ ਰਾਜ਼ੀ ਹਾਂ।"

ਇਹ ਵੀ ਪੜ੍ਹੋ:-

ਉਸ ਦੀ ਭੈਣ ਨੇ ਚੋਰੀ ਨਾਲ ਉਸ ਤੱਕ ਪਾਣੀ ਤੇ ਖਾਣਾ ਪਹੁੰਚਾਇਆ।

ਦੂਜੇ ਪਾਸ ਉਸ ਦੇ ਪਰਿਵਾਰ ਨੇ ਮਹਿਲਾ ਅਧਿਕਾਰ ਸੰਗਠਨਾਂ ਦੇ ਸਮਰਥਨ ਨਾਲ ਪਿੰਡ ਦੇ ਬਜ਼ੁਰਗਾਂ ਤੇ ਲਾੜੇ ਦੇ ਘਰਵਾਲਿਆਂ ਨਾਲ ਗੱਲ ਕੀਤੀ ਕਿਉ ਉਹ ਕੁੜੀ ਨੂੰ ਛੱਡ ਦੇਣ

ਸੌਦੇਬਾਜ਼ੀ ਦੀ ਹੈਸੀਅਤ ਨਹੀਂ

ਮਹਿਲਾ ਅਧਿਕਾਰ ਸੰਗਠਨ ਪੈਰੂਆਤੀ ਨੇ ਪਿਛਲੇ ਚਾਰ ਸਾਲ ਵਿੱਚ ਔਰਤਾਂ ਨੂੰ ਅਗਵਾ ਕੀਤੇ ਜਾਣ ਦੀਆਂ ਇਸ ਤਰ੍ਹਾਂ ਦੀਆਂ ਸੱਤ ਘਟਨਾਵਾਂ ਨੂੰ ਦਰਜ ਕੀਤਾ ਹੈ।

ਇੰਡੋਨੇਸ਼ੀਆ
Getty Images
ਸੁੰਬਾ ਦੀਆਂ ਔਰਤਾਂ ਆਪਣੇ ਪੁਰਖਾਂ ਦੀਆਂ ਕਬਰਾਂ ''ਤੇ ਰਸਮਾਂ ਕਰਦੀਆਂ ਹਨ

ਸੰਗਠਨ ਦਾ ਮੰਨਣਾ ਹੈ ਕਿ ਇਸ ਟਾਪੂ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਇਸ ਤਰ੍ਹਾਂ ਦੀਆਂ ਕਈ ਹੋਰ ਘਟਨਾਵਾਂ ਵੀ ਇਸ ਦੌਰਾਨ ਹੋਈਆਂ ਹੋਣਗੀਆਂ।

ਸਿਤਰਾ ਸਣੇ ਤਿੰਨ ਹੋਰ ਔਰਤਾਂ ਹੀ ਇਨ੍ਹੀਆਂ ਖੁਸ਼ਕਿਸਮਤ ਸਨ ਕਿ ਉਹ ਰਿਹਾਅ ਹੋ ਗਈਆਂ। ਅਗਵਾ ਹੋਣ ਦੇ ਸਭ ਤੋਂ ਤਾਜ਼ਾ ਦੋ ਮਾਮਲੇ ਜਿਨ੍ਹਾਂ ਦੇ ਵੀਡੀਓ ਜੂਨ ਵਿੱਚ ਬਣੇ ਸਨ, ਉਨ੍ਹਾਂ ਵਿੱਚੋਂ ਇੱਕ ਮਹਿਲਾ ਨੇ ਇਸ ਤਰੀਕੇ ਨਾਲ ਹੋਏ ਵਿਆਹ ਵਿੱਚ ਹੀ ਬਣੇ ਰਹਿਣ ਦਾ ਫੈਸਲਾ ਕੀਤਾ ਹੈ।

ਪੈਰੂਆਤੀ ਦੀ ਸਥਾਨਕ ਮੁੱਖੀ ਅਪ੍ਰਿਸਾ ਤਾਰਾਨਾਓ ਕਹਿੰਦੇ ਹਨ, "ਉਹ ਵਿਆਹਾਂ ਵਿੱਚ ਬਣੀਆਂ ਰਹਿੰਦੀਆਂ ਹਨ ਕਿਉਂਕਿ ਹੋਰ ਕੋਈ ਵਿਕਲਪ ਮਹੀਂ ਹੁੰਦਾ ਹੈ। ''ਕਾਵਿਨ ਤਾਂਗਕਾਪ'' ਕਈ ਵਾਰੀ ਇੱਕ ਅਰੇਂਜ ਮੈਰਿਜ ਦਾ ਹੀ ਰੂਪ ਹੁੰਦਾ ਹੈ ਅਤੇ ਔਰਤਾਂ ਸੌਦੇਬਾਜ਼ੀ ਕਰਨ ਦੀ ਹੈਸੀਅਤ ਵਿੱਚ ਨਹੀਂ ਹੁੰਦੀਆਂ।"

ਇਹ ਵੀ ਪੜ੍ਹੋ:-

ਉਹ ਕਹਿੰਦੇ ਹਨ ਕਿ ਜੋ ਔਰਤਾਂ ਵਿਆਹ ਤੋੜਨ ਦਾ ਫੈਸਲਾ ਲੈਂਦੀਆਂ ਹਨ ਉਨ੍ਹਾਂ ਨੂੰ ਉਨ੍ਹਾਂ ਦੀ ਬਿਰਾਦਰੀ ਤੋਂ ਅਕਸਰ ਤਾਅਨੇ-ਮਿਹਣਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਸਿਤਰਾ ਨੂੰ ਵੀ ਇਸ ਤਰ੍ਹਾਂ ਦੇ ਤਾਹਨੇ-ਮਹਿਣਿਆਂ ਦਾ ਡਰ ਦਿਖਾਇਆ ਗਿਆ।

ਇਸ ਮੁਸ਼ਕਲ ਹਾਲਾਤ ਚੋਂ ਨਿਕਲਣ ਤੋਂ ਬਾਅਦ ਉਹ ਕਹਿੰਦੀ ਹੈ, "ਰੱਬ ਦਾ ਸ਼ੁਕਰ ਹੈ ਕਿ ਮੇਰਾ ਵਿਆਹ ਮੇਰੇ ਬੁਆਏਫਰੈਂਡ ਨਾਲ ਹੋ ਗਿਆ ਤੇ ਸਾਡਾ ਇੱਕ ਸਾਲ ਦਾ ਬੱਚਾ ਵੀ ਹੈ।"

ਇਸ ਕੁਰੀਤੀ ਨੂੰ ਖ਼ਤਮ ਕਰਨ ਦੇ ਵਾਅਦੇ

ਸਥਾਨਕ ਇਤਿਹਾਸਕਾਰ ਫ੍ਰਾਂਸ ਵੋਰਾ ਹੇਬੀ ਕਹਿੰਦੇ ਹਨ ਕਿ ਇਹ ਕੁਰੀਤੀ ਸੁੰਬਾ ਦੀ ਸਭਿਆਚਾਰਕ ਪਰੰਪਰਾਵਾਂ ਦਾ ਹਿੱਸਾ ਨਹੀਂ ਹੈ।

ਇੰਡੋਨੇਸ਼ੀਆ
BBC
ਸੁੰਬਾ ਵਿੱਚ ਹਾਲ ਹੀ ਵਿੱਚ ਇੱਕ ਔਰਤ ਨੂੰ ਅਗਵਾ ਕਰਨ ਦਾ ਵੀਡੀਓ ਵਾਇਰਲ ਹੋ ਗਿਆ

ਉਹ ਕਹਿੰਦੇ ਹਨ ਕਿ ਲੋਕ ਇਸ ਦਾ ਇਸਤੇਮਾਲ ਕਰਦੇ ਹਨ ਤਾਂਕਿ ਉਹ ਬਿਨਾਂ ਕਿਸੇ ਨਤੀਜਿਆਂ ਦੇ ਔਰਤਾਂ ਨਾਲ ਜ਼ਬਰਦਸਤੀ ਵਿਆਹ ਕਰਵਾ ਸਕਣ।

ਉਹ ਕਹਿੰਦੇ ਹਨ ਕਿ ਸਿਆਸੀ ਆਗੂਆਂ ਤੇ ਅਧਿਕਾਰੀਆਂ ਵੱਲੋਂ ਕੋਈ ਕਾਰਵਾਈ ਨਹੀਂ ਹੁੰਦੀ।

ਉਹ ਕਹਿੰਦੇ ਹਨ, "ਇਸ ਲਈ ਕੋਈ ਕਾਨੂੰਨ ਨਹੀਂ ਬਣਿਆ ਹੈ। ਕਈ ਵਾਰੀ ਸਮਾਜਿਕ ਸਜ਼ਾ ਮਿਲਦੀ ਹੈ, ਪਰ ਇਸ ਨੂੰ ਰੋਕਣ ਲਈ ਕੋਈ ਕਾਨੂੰਨ ਜਾਂ ਰਵਾਇਤ ਨਹੀਂ ਹੈ।"

ਦੇਸ਼ ਵਿੱਚ ਸ਼ੁਰੂ ਹੋਈ ਬਹਿਸ ਤੋਂ ਬਾਅਦ ਸਥਾਨਕ ਆਗੂਆਂ ਨੇ ਇੱਕ ਐਲਾਨਨਾਮੇ ''ਤੇ ਹਸਤਾਖਰ ਕੀਤੇ ਹਨ ਤੇ ਇਸ ਪ੍ਰਥਾ ਨੂੰ ਖ਼ਤਮ ਕਰਨ ਦੀ ਗੱਲ ਕੀਤੀ ਹੈ।

ਮਹਿਲਾ ਸਸ਼ਕਤੀਕਰਨ ਮੰਤਰੀ ਬਿੰਟਾਂਗ ਪੁਸ਼ਪਯੋਗਾ ਇਸ ਮੌਕੇ ਤੇ ਰਾਜਧਾਨੀ ਜਕਾਰਤਾ ਤੋਂ ਸੁੰਬਾ ਪਹੁੰਚੇ ਸਨ।

ਇੰਡੋਨੇਸ਼ੀਆ
BBC
ਮਹਿਲਾ ਸਸ਼ਕਤੀਕਰਨ ਮੰਤਰੀ ਬਿੰਟਾਂਗ ਪੁਸ਼ਪਯੋਗਾ ਨੇ ਇਸ ਕੁਰੀਤੀ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਹੈ

ਇਸ ਘਟਨਾ ਤੋਂ ਬਾਅਦ ਉਨ੍ਹਾਂ ਨੇ ਕਿਹਾ, "ਅਸੀਂ ਆਪਣੇ ਧਾਰਮਿਕ ਆਗੂਆਂ ਤੋਂ ਸੁਣਿਆ ਸੀ ਕਿ ਅਗਵਾ ਕਰ ਕੇ ਵਿਆਹ ਕਰਨੇ ਸੁੰਬਾ ਦੀ ਪਰੰਪਰਾ ਦਾ ਹਿੱਸਾ ਨਹੀਂ ਹੈ।"

ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਇਹ ਘੋਸ਼ਣਾ ਇਸ ਗਤੀਵਿਧੀ ਨੂੰ ਖ਼ਤਮ ਕਰਨ ਦੀ ਸਰਕਾਰ ਦੀ ਵੱਡੀ ਕੋਸ਼ਿਸ਼ ਦੀ ਸ਼ੁਰੂਆਤ ਹੈ। ਉਹ ਇਸ ਕੁਰੀਤੀ ਨੂੰ ਔਰਤਾਂ ਦੇ ਖਿਲਾਫ ਹਿੰਸਾ ਮੰਨਦੇ ਹਨ।

ਰਾਈਟਸ ਗਰੁਪਾਂ ਨੇ ਇਸ ਦਾ ਸਵਾਗਤ ਕੀਤਾ ਹੈ, ਪਰ ਉਹ ਇਸ ਨੂੰ ਇੱਕ ਲੰਬੇ ਸਫਰ ਦੀ ਦਿਸ਼ਾ ਵਿੱਚ ਚੁੱਕਿਆ ਪਹਿਲਾ ਕਦਮ ਹੀ ਮੰਨਦੇ ਹਨ।

ਇਹ ਵੀਡੀਓ ਵੀ ਦੇਖੋ:-

https://www.youtube.com/watch?v=BIq7tPz3E_I

https://www.youtube.com/watch?v=zho4nfEvR1Y

https://www.youtube.com/watch?v=O50aVLEd40g

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''2bd5c989-6b88-4481-99a8-c64971772569'',''assetType'': ''STY'',''pageCounter'': ''punjabi.international.story.53527416.page'',''title'': ''ਉਹ ਮੁਲਕ ਜਿੱਥੇ ਵਿਆਹ ਲਈ ਕੁੜੀਆਂ ਨੂੰ ਅਗਵਾਹ ਕੀਤਾ ਜਾਂਦਾ ਹੈ'',''author'': ''ਲੀਜ਼ਾ ਤੈਂਬੁਨਨ '',''published'': ''2020-07-25T02:27:21Z'',''updated'': ''2020-07-25T02:27:21Z''});s_bbcws(''track'',''pageView'');

Related News