ਸੁਲਤਾਨਾ ਡਾਕੂ ਤੇ ਭਾਰਤ-ਪਾਕ ਦੇ ਕੁਝ ਮਸ਼ਹੂਰ ਡਾਕੂਆਂ ਦੀਆਂ ਕਹਾਣੀਆਂ

07/13/2020 7:35:41 AM

ਸੁਲਤਾਨਾ ਡਾਕੂ
Getty Images

ਜੇ ਅਮੀਰਾਂ ਤੋਂ ਲੁੱਟਿਆ ਮਾਲ ਗਰੀਬਾਂ ਵਿੱਚ ਵੰਡਣ ਦਾ ਜ਼ਿਕਰ ਹੋਵੇ ਤਾਂ ਸਾਰਿਆਂ ਨੂੰ 14ਵੀਂ ਸਦੀ ਦੇ ਕਿਰਦਾਰ ਰੌਬਿਨ ਹੁੱਡ ਦੀ ਯਾਦ ਆਉਂਦੀ ਹੈ। ਰੌਬਿਨ ਹੁੱਡ ਆਪਣੇ ਸਾਥੀਆਂ ਨਾਲ ਕਊਂਟੀ ਨਾਟਿੰਘਮਸ਼ਾਇਰ ਵਿੱਚ ਸ਼ੇਰਵੁੱਡ ਦੇ ਜੰਗਲਾਂ ਵਿੱਚ ਰਹਿੰਦਾ ਸੀ।

ਪਹਿਲਾਂ ਉਹ ਵੀ ਇੱਕ ਆਮ ਨਾਗਰਿਕ ਸੀ ਪਰ ਬਾਅਦ ਵਿੱਚ ਇੱਕ ਪੁਲਸੀਏ ਨੇ ਉਸ ਦੀ ਜ਼ਮੀਨ ਉੱਪਰ ਕਬਜ਼ਾ ਕਰ ਲਿਆ ਅਤੇ ਰੌਬਿਨ ਡਾਕੇ ਮਾਰਨ ਲੱਗ ਪਿਆ।

ਰੌਬਿਨ ਹੁੱਡ ਬਾਰੇ ਬਹੁਤ ਕੁੱਝ ਲਿਖਿਆ ਜਾ ਚੁੱਕਿਆ ਹੈ। ਫਿਰ ਵੀ ਇਸ ਬਾਰੇ ਸ਼ੱਕ ਹੈ ਕਿ ਉਹ ਅਸਲ ਵਿੱਚ ਹੈ ਵੀ ਸੀ ਜਾਂ ਐਂਵੇ ਕਹਾਣੀ ਹੀ ਹੈ।

ਭਾਰਤ ਵਿੱਚ ਉਸ ਵਰਗਾ ਪਾਤਰ ਹੁੰਦਾ ਸੀ- ਸੁਲਤਾਨਾ ਡਾਕੂ। ਜਿਸ ਨੂੰ 96 ਸਾਲ ਪਹਿਲਾਂ 7 ਜੁਲਾਈ 1924 ਨੂੰ ਫਾਂਸੀ ਦੇ ਦਿੱਤੀ ਗਈ ਸੀ।

ਤੁਹਾਡੇ ਆਪਣੇ ਜ਼ਿਲ੍ਹੇ ਵਿੱਚ ਕਿੰਨੇ ਕੇਸ ਹਨ, ਸਰਚ ਕਰੋ ਤੇ ਜਾਣੋ

Click here to see the BBC interactive

ਲੋਕ ਉਸ ਨੂੰ ਮੁਸਲਮਾਨ ਕਹਿੰਦੇ ਹਨ। ਜਦਕਿ ਇਤਿਹਾਸਕਾਰਾਂ ਮੁਤਾਬਕ ਉਹ ਭਾਤੋ ਭਾਈਚਾਰੇ ਨਾਲ ਸੰਬੰਧਿਤ ਸੀ ਜੋ ਕਿ ਇੱਕ ਹਿੰਦੂ ਭਾਈਚਾਰਾ ਸੀ।

ਸੁਲਤਾਨਾ ਪਹਿਲਾਂ ਛੋਟਾ-ਮੋਟਾ ਚੋਰ ਸੀ। ਉਰਦੂ ਦੇ ਪਹਿਲੇ ਜਾਸੂਸੀ ਨਾਵਲਿਸਟ ਅਤੇ ਆਪਣੇ ਸਮੇਂ ਦੇ ਮਸ਼ਹੂਰ ਪੁਲਿਸ ਅਫ਼ਸਰ ਜ਼ਫਰ ਉਮਰ ਨੇ ਉਸ ਨੂੰ ਇੱਕ ਵਾਰ ਗ੍ਰਿਫ਼ਾਤਰ ਕਰ ਕੇ ਪੰਜ ਹਜ਼ਾਰ ਦਾ ਇਨਾਮ ਵੀ ਹਾਸਲ ਕੀਤਾ ਸੀ।

ਸੁਲਤਾਨਾ ਡਾਕੂ ਉੱਤੇ ਚੋਰੀ ਤੋਂ ਇਲਾਵਾ ਕਤਲ ਦਾ ਕੋਈ ਇਲਜ਼ਾਮ ਨਾ ਹੋਣ ਕਾਰਨ ਉਸਨੂੰ ਚਾਰ ਮਹੀਨੇ ਬਾਮੁਸ਼ੱਕਤ ਕੈਦ ਸੁਣਾਈ ਗਈ ਸੀ।

ਜ਼ਫ਼ਰ ਉਮਰ ਨੇ ਇਨਾਮ ਦੀ ਰਾਸ਼ੀ ਆਪਣੇ ਸਿਪਾਹੀਆਂ ਅਤੇ ਸਥਾਨਕ ਲੋਕਾਂ ਵਿੱਚ ਵੰਡ ਦਿੱਤੀ ਸੀ। ਜ਼ਫ਼ਰ ਦੇ ਕਈ ਜਾਸੂਸੀ ਨਾਵਲਾਂ ਵਿੱਚੋਂ ਇੱਕ ''ਨੀਲੀ ਛਤਰੀ'' ਦਾ ਮੁੱਖ ਪਾਤਰ ਸੁਲਤਾਨਾ ਡਾਕੂ ਹੀ ਸੀ।

ਸੁਲਤਾਨਾ ਦਾ ''ਵਰਾਦਾਤ ਕਰਨ ਦਾ ਤਰੀਕਾ''

ਰਿਹਾਈ ਤੋਂ ਬਾਅਦ ਸੁਲਤਾਨਾ ਨੇ ਆਪਣਾ ਦਲ ਮੁੜ ਇਕੱਠਾ ਕੀਤਾ, ਉਸ ਨੇ ਨਜੀਬਾਬਾਦ ਅਤੇ ਸਾਹਿਨਪੁਰ ਵਿੱਚ ਸਰਗਰਮ ਲੋਕਾਂ ਨਾਲ ਰਾਬਤਾ ਕੀਤਾ ਅਤੇ ਆਪਣਾ ਖ਼ਬਰੀਆਂ ਦਾ ਜਾਲ ਵਿਛਾ ਕੇ ਵਾਰਦਾਤਾਂ ਕਰਨੀਆਂ ਸ਼ੁਰੂ ਕੀਤੀਆਂ।

ਸੁਲਤਾਨਾ ਹਰ ਡਾਕੇ ਦੀ ਵਿਉਂਤਬੰਦੀ ਬੜੇ ਧਿਆਨ ਨਾਲ ਕਰਦਾ ਅਤੇ ਸਫ਼ਲ ਹੋ ਕੇ ਹੀ ਮੁੜਦਾ। ਉਸ ਬਾਰੇ ਮਸ਼ਹੂਰ ਸ਼ਿਕਾਰੀ ਜਿਮ ਕੌਰਬਿਟ ਨੇ ਵੀ ਆਪਣੇ ਕਈ ਲੇਖਾਂ ਵਿੱਚ ਲਿਖਿਆ ਹੈ।

ਜ਼ਫ਼ਰ ਉਮਰ ਮੁਤਾਬਕ ਸੁਲਤਾਨਾ ਡਾਕੂ ਆਪਣੇ ਆਉਣ ਬਾਰੇ ਲੋਕਾਂ ਨੂੰ ਪਹਿਲਾਂ ਇਤਲਾਹ ਵੀ ਦੇ ਦਿੰਦਾ ਸੀ।

ਡਾਕੇ ਦੌਰਾਨ ਖੂਨ ਵਹਾਉਣ ਤੋਂ ਬਚਿਆ ਜਾਂਦਾ ਪਰ ਜੇ ਕੋਈ ਵਿਰੋਧ ਕਰਦਾ ਅਤੇ ਸੁਲਤਾਨਾ ਦੇ ਸਾਥੀਆਂ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਤਾਂ ਖੂਨ ਵਹਾਉਣ ਤੋਂ ਗੁਰੇਜ਼ ਵੀ ਨਹੀਂ ਸੀ ਕੀਤਾ ਜਾਂਦਾ।

ਉਸ ਬਾਰੇ ਇਹ ਵੀ ਮਸ਼ਹੂਰ ਹੈ ਕਿ ਉਹ ਆਪਣੇ ਸ਼ਿਕਾਰਾਂ ਦੇ ਹੱਥ ਦੀਆਂ ਤਿੰਨ ਉਂਗਲਾਂ ਵੀ ਕੱਟ ਲੈਂਦਾ ਸੀ। ਗਰੀਬ ਉਸ ਦੀ ਲੰਬੀ ਉਮਰ ਦੀਆਂ ਦੁਆਵਾਂ ਕਰਦੇ ਸਨ। ਉਹ ਲੁੱਟ ਦਾ ਮਾਲ ਸਥਾਨਕ ਗਰੀਬਾਂ ਵਿੱਚ ਹੀ ਵੰਡ ਦਿੰਦਾ ਸੀ।

ਕੋਰੋਨਾਵਾਇਰਸ
BBC

ਸੱਦਿਆ ਗਿਆ ਅੰਗਰੇਜ਼ ਅਫ਼ਸਰ

ਸੁਲਤਾਨਾ ਦਾ ਕਹਿਰ ਕਈ ਸਾਲ ਜਾਰੀ ਰਿਹਾ। ਪਹਿਲਾਂ ਤਾਂ ਭਾਰਤੀ ਪੁਲਿਸ ਰਾਹੀਂ ਸੁਲਤਾਨਾ ਦਾ ਇਲਾਜ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੁਲਤਾਨਾ ਨੂੰ ਮਿਲਦੀ ਸਥਾਨਕ ਮਦਦ ਕਾਰਨ ਉਹ ਫੜਿਆ ਨਾ ਜਾ ਸਕਿਆ।

ਆਖ਼ਰ ਅੰਗਰੇਜ਼ਾਂ ਨੇ ਸੁਲਤਾਨਾ ਨੂੰ ਦਬੋਚਣ ਲਈ ਬ੍ਰਿਟੇਨ ਤੋਂ ਫਰੈਡੀ ਯੰਗ ਨਾਂ ਦੇ ਇੱਕ ਤਜਰਬੇਕਾਰ ਅੰਗਰੇਜ਼ ਅਫ਼ਸਰ ਨੂੰ ਸੱਦਿਆ।

ਫਰੈਡੀ ਨੇ ਪਹਿਲਾਂ ਸੁਲਤਾਨਾ ਦੇ ਕੰਮ ਕਰਨ ਦੇ ਢੰਗ ਦਾ ਅਧਿਐਨ ਕੀਤਾ। ਉਸ ਨੇ ਉਨ੍ਹਾਂ ਘਟਨਾਵਾਂ ਦਾ ਵੇਰਵਾ ਵੀ ਇਕੱਠਾ ਕੀਤਾ ਜਦੋਂ ਸੁਲਤਾਨਾ ਦੇ ਸਾਥੀ ਪੁਲਿਸ ਤੋਂ ਬਚ ਨਿਕਲੇ ਸਨ।

ਫਰੈਂਡੀ ਤੁਰੰਤ ਹੀ ਇਹ ਸਮਝ ਗਿਆ ਕਿ ਸੁਲਤਾਨਾ ਦੀ ਸਫ਼ਲਤਾ ਦਾ ਰਾਜ਼ ਉਸ ਦੇ ਪੁਲਿਸ ਮਹਿਕਮੇ ਤੱਕ ਫੈਲੇ ਹੋਏ ਖ਼ਬਰੀ ਸਨ। ਜੋ ਉਸ ਬਾਰੇ ਪੁਲਿਸ ਦੀ ਹਰ ਗਤੀਵਿਧੀ ਦੀ ਇਤਲਾਹ ਸੁਲਤਾਨਾ ਨੂੰ ਪਹੁੰਚਾ ਦਿੰਦੇ ਸਨ। ਜਿਸ ਕਾਰਨ ਸੁਲਤਾਨਾ ਹਰ ਵਾਰ ਬਚ ਨਿਕਲਦਾ ਸੀ।

ਫਰੈਂਡੀ ਨੇ ਸੁਲਤਾਨਾ ਨੂੰ ਗ੍ਰਿਫ਼ਤਾਰ ਕਰਨ ਲਈ ਯੋਜਨਾ ਬਣਾਈ। ਸਭ ਤੋਂ ਪਹਿਲਾਂ ਉਸ ਨੇ ਪੁਲਿਸ ਵਿੱਚ ਸੁਲਤਾਨਾ ਦੇ ਖ਼ਬਰੀ ਮਨੋਹਰ ਲਾਲ ਦੀ ਬਦਲੀ ਦੂਰ ਕਰਵਾਈ। ਫਿਰ ਨਜੀਬਾਬਾਦ ਦੇ ਬਜ਼ੁਰਗਾਂ ਦੀ ਮਦਦ ਨਾਲ ਸੁਲਤਾਨਾ ਦੇ ਇੱਕ ਭਰੋਸੇਮੰਦ ਵਿਅਕਤੀ ਮੁਨਸ਼ੀ ਅਬਦੁਲ ਰਜ਼ਾਕ ਨੂੰ ਆਪਣੇ ਨਾਲ ਗੰਢਿਆ। ਮੁਨਸ਼ੀ ਉੱਪਰ ਸੁਲਤਾਨਾ ਸਭ ਤੋਂ ਵਧੇਰੇ ਭਰੋਸਾ ਕਰਦਾ ਸੀ।

ਸੁਲਤਾਨਾ ਨਜੀਬਾਬਾਦ ਦੇ ਨਾਲ ਲਗਦੇ ਜੰਗਲ ਕਜਲੀ ਵਣ ਵਿੱਚ ਪਨਾਹ ਲੈਂਦਾ ਸੀ। ਇਹ ਸੰਘਣਾ ਜੰਗਲ, ਜੰਗਲੀ ਜਾਨਵਰਾਂ ਨਾਲ ਭਰਿਆ ਹੋਇਆ ਸੀ ਪਰ ਸੁਲਤਾਨਾ ਨੂੰ ਇਸ ਦੇ ਚੱਪੇ-ਚੱਪੇ ਦੀ ਖ਼ਬਰ ਸੀ।

ਸੁਲਤਾਨਾ ਜੰਗਲ ਵਿੱਚ ਅਜਿਹੀ ਥਾਂ ਰਹਿੰਦਾ ਸੀ ਜਿੱਥੇ ਦਿਨੇ ਵੀ ਸੂਰਜ ਨਾ ਪਹੁੰਚੇ। ਸੁਲਤਾਨਾ ਭੇਸ ਵਟਾਉਣ ਦਾ ਉਸਤਾਦ ਸੀ ਪਰ ਉਸ ਦੇ ਪਿੰਡੇ ਉੱਪਰ ਬਣੇ ਕੱਟ ਦੇ ਨਿਸ਼ਾਨ ਕਾਰਨ ਕੋਈ ਵੀ ਉਸ ਨੂੰ ਪਛਾਣ ਸਕਦਾ ਸੀ।

ਫਰੈਡੀ ਯੰਗ ਨੇ ਮੁਨਸ਼ੀ ਅਬਦੁਲ ਰਜ਼ਾਕ ਦੀ ਇਤਲਾਹ ਦੀ ਬੁਨਿਆਦ ਉੱਪਰ ਸੁਲਤਾਨਾ ਦੁਆਲੇ ਚੌਤਰਫ਼ਾ ਘੇਰਾ ਕਸਿਆ। ਮੁਨਸ਼ੀ ਅਬਦੁਲ ਰਜ਼ਾਕ ਇੱਕ ਪਾਸੇ ਸੁਲਤਾਨਾ ਦੇ ਸੰਪਰਕ ਵਿੱਚ ਸੀ ਤਾਂ ਦੂਜੇ ਪਾਸੇ ਉਸ ਦੀ ਸਾਰੀ ਖ਼ਬਰ ਫਰੈਂਡੀ ਯੰਗ ਨੂੰ ਪਹੁੰਚਾ ਰਿਹਾ ਸੀ।

ਇੱਕ ਦਿਨ ਮੁਨਸ਼ੀ ਨੇ ਸੁਲਤਾਨਾ ਨੂੰ ਅਜਿਹੇ ਥਾਂ ਸੱਦਿਆ ਜਿੱਥੇ ਪੁਲਿਸ ਪਹਿਲਾਂ ਹੀ ਲੁਕੀ ਹੋਈ ਸੀ। ਸੁਲਤਾਨਾ ਜਿਵੇਂ ਹੀ ਮੁਨਸ਼ੀ ਦੇ ਜਾਲ ਵਿੱਚ ਆਇਆ ਤਾਂ ਸੈਮੂਅਲ ਪੇਰਿਸ ਨਾਂਅ ਦੇ ਇੱਕ ਗੋਰੇ ਅਫ਼ਸਰ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਉਸ ਨੂੰ ਕਾਬੂ ਕਰ ਲਿਆ। ਸੁਲਤਾਨਾ ਨੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਸ ਦੀ ਰਫ਼ਲ ਖੋਹ ਲਈ।

ਕੋਰੋਨਾਵਾਇਰਸ
BBC

ਹੁਣ ਸੁਲਤਾਨਾ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਹਵਲਦਾਰ ਨੇ ਉਸ ਦੇ ਪੈਰਾਂ ''ਤੇ ਰਾਈਫ਼ਲ ਦਾ ਬੱਟ ਮਾਰ ਕੇ ਉਸ ਨੂੰ ਡੇਗ ਦਿੱਤਾ। ਇਸ ਤਰ੍ਹਾਂ ਸੁਲਤਾਨਾ ਡਾਕੂ ਗ੍ਰਿਫ਼ਤਾਰ ਹੋ ਗਿਆ। ਅਪਰੇਸ਼ਨ ਨੂੰ ਫਰੈਂਡੀ ਯੰਗ ਨੂੰ ਬਾਅਦ ਵਿੱਚ ਤਰੱਕੀ ਦੇ ਕੇ ਭੋਪਾਲ ਦਾ ਆਈਜੀ ਬਣਾ ਦਿੱਤਾ ਗਿਆ

ਫਰੈਂਡੀ ਸੁਲਤਾਨਾ ਨੂੰ ਆਗਰੇ ਦੀ ਜੇਲ੍ਹ ਲੈ ਕੇ ਆਏ। ਜਿੱਥੇ ਉਸ ਨੂੰ ਅਤੇ 13 ਹੋਰ ਜਣਿਆਂ ਨੂੰ ਮੁਕੱਦਮੇ ਤੋਂ ਬਾਅਦ ਫ਼ਾਂਸੀ ਦਾ ਹੁਕਮ ਸੁਣਾਇਆ ਗਿਆ। ਸੁਲਤਾਨਾ ਦੇ ਬਹੁਤ ਸਾਰੇ ਸਾਥੀਆਂ ਨੂੰ ਉਮਰ ਕੈਦ ਅਤੇ ਕਾਲੇ ਪਾਣੀ ਦੀ ਸਜ਼ਾ ਸੁਣਾਈ ਗਈ।

ਸੱਤ ਜੁਲਾਈ 1924 ਨੂੰ ਸੁਲਤਾਨਾ ਨੂੰ ਫਾਂਸੀ ਦੇ ਦਿੱਤੇ ਗਈ ਪਰ ਉਸ ਦੇ ਚਰਚੇ ਹਾਲੇ ਤੱਕ ਕਾਇਮ ਹਨ।

ਡਾਕੂ ਦੀ ਪੁਲਿਸ ਅਫ਼ਸਰ ਦੀ ਦੋਸਤੀ

ਸੁਲਤਾਨਾ ਅੰਗਰੇਜ਼ਾਂ ਨੂੰ ਬਹੁਤ ਨਫ਼ਰਤ ਕਰਦਾ ਸੀ। ਉਸ ਨੇ ਆਪਣੇ ਕੁੱਤੇ ਦਾ ਨਾਂ ਰਾਏ ਬਹਾਦਰ ਰੱਖਿਆ ਹੋਇਆ ਸੀ। ਜੋ ਉਪਾਧੀ ਅੰਗਰੇਜ਼ ਆਪਣੇ ਵਫ਼ਾਦਾਰ ਭਾਰਤੀਆਂ ਨੂੰ ਦਿੰਦੇ ਸਨ।

ਸੁਲਤਾਨਾ ਦੇ ਘੋੜੇ ਦਾ ਨਾਂ ਚੇਤਕ ਸੀ। ਜਿਮ ਕੌਰਬਿਟ ਲਿਖਦੇ ਹਨ ਕਿ ਮੁੱਕਦਮੇ ਦੌਰਾਨ ਸੁਲਤਾਨਾ ਅਤੇ ਫਰੈਂਡੀ ਯੰਗ ਦੋਸਤ ਬਣ ਗਏ ਸਨ। ਫਰੈਂਡੀ ਨੇ ਉਸ ਦੀ ਮਾਫ਼ੀ ਦੀ ਅਪੀਲ ਤਿਆਰ ਕਰਨ ਵਿੱਚ ਵੀ ਮਦਦ ਕੀਤੀ ਪਰ ਉਹ ਖਾਰਜ ਹੋ ਗਈ।

ਸੁਲਤਾਨਾ ਨੇ ਆਪਣੇ ਦੋਸਤ ਨੂੰ ਕਿਹਾ ਕਿ ਮੌਤ ਤੋਂ ਬਾਅਦ ਉਸ ਦੇ ਪੁੱਤਰ ਨੂੰ ਉੱਚ ਸਿੱਖਿਆ ਦਵਾਈ ਜਾਵੇ। ਫਰੈਂਡੀ ਨੇ ਆਪਣੇ ਦੋਸਤ ਦੀ ਇੱਛਾ ਦਾ ਸਨਮਾਨ ਕੀਤਾ ਅਤੇ ਉਸ ਦੇ ਪੁੱਤਰ ਨੂੰ ਪੜ੍ਹਾਈ ਲਈ ਇੰਗਲੈਂਡ ਭੇਜਿਆ।

ਸਿੱਖਿਆ ਪੂਰੀ ਕਰ ਕੇ ਉਹ ਵਾਪਸ ਆਇਆ ਅਤੇ ਆਈਸੀਐੱਸ ਦੀ ਪ੍ਰੀਖਿਆ ਪਾਸ ਕਰ ਕੇ ਵੱਡਾ ਪੁਲਿਸ ਅਫ਼ਸਰ ਬਣਿਆ ਅਤੇ ਇੰਸਪੈਕਟਰ ਜਨਰਲ ਦੇ ਅਹੁਦੇ ਤੋਂ ਰਿਟਾਇਰ ਹੋਇਆ।

ਸੁਲਤਾਨਾ ਸਿਨੇਮਾ ਵਿੱਚ...

ਸੁਲਤਾਨਾ ਆਪਣੇ ਜੀਵਨ ਵਿੱਚ ਹੀ ਇੱਕ ਕਾਲਪਨਿਕ ਕਿਰਦਾਰ ਬਣ ਚੁੱਕਿਆ ਸੀ। ਲੋਕਾਈ ਉਸ ਨੂੰ ਪਿਆਰ ਕਰਦੀ ਸੀ। ਉਸ ਦੇ ਕਿਰਦਾਰ ਦੀਆਂ ਖੂਬੀਆਂ ਨੇ ਸਾਹਿਤਕਾਰਾਂ ਨੂੰ ਆਪਣੇ ਵੱਲ ਖਿੱਚਿਆ। ਸੁਲਤਾਨਾ ਡਾਕੂ ਬਾਰੇ ਹੌਲੀਵੁੱਡ, ਬੌਲੀਵੁੱਡ ਅਤੇ ਲੌਲੀਵੁੱਡ ਵਿੱਚ ਫ਼ਿਲਮਾਂ ਬਣੀਆਂ।

ਹੌਲੀਵੁੱਡ ਵਿੱਚ ਉਸ ਬਾਰੇ ਬਣਨ ਵਾਲੀ ਫ਼ਿਲਮ ਦਾ ਨਾਂ ਸੀ ''ਦਿ ਲਾਂਗ ਡੈਵਿਲ''ׄ ਜਿਸ ਵਿੱਚ ਮੁੱਖ ਭੂਮਿਕਾ ਯੂਲ ਬ੍ਰੇਨਰ ਨੇ ਨਿਭਾਈ ਸੀ।

ਪਾਕਿਸਤਾਨ ਵਿੱਚ ਉਸ ਬਾਰੇ 1975 ਵਿੱਚ ਇੱਕ ਪੰਜਾਬੀ ਫ਼ਿਲਮ ਬਣਾਈ ਗਈ, ਜਿਸ ਵਿੱਚ ਸੁਲਤਾਨਾ ਦਾ ਕਿਰਦਾਰ ਸੁਧੀਰ ਨੇ ਨਿਭਾਇਆ ਸੀ।

ਸੁਜੀਤ ਸਰਾਫ਼ ਨੇ ਸੁਲਤਾਨਾ ਡਾਕੂ ਬਾਰੇ ਇੱਕ ਨਾਵਲ ''ਦਿ ਕਨਫੈਸ਼ਨ ਆਫ਼ ਸੁਲਤਾਨਾ ਡਾਕੂ'' ਵੀ ਲਿਖਿਆ।

ਭਾਰਤ ਵਿੱਚ ਸੁਲਤਾਨਾ ਡਾਕੂ ਬਾਰੇ ਜਿਹੜੀ ਫ਼ਿਲਮ ਬਣੀ ਉਸ ਵਿੱਚ ਮੁੱਖ ਭੂਮਿਕਾ ਪਹਿਲਵਾਨ ਦਾਰਾ ਸਿੰਘ ਨੇ ਨਿਭਾਈ।

ਭੂਪਤ ਡਾਕੂ

ਜੂਨਾਗੜ੍ਹ ਇੱਕ ਖ਼ੁਸ਼ਹਾਲ ਰਿਆਸਤ ਸੀ ਅਤੇ ਉਸ ਦੀ ਇਹੀ ਖ਼ੁਸ਼ਹਾਲੀ ਡਾਕੂਆਂ ਨੂੰ ਆਪਣੇ ਵੱਲ ਖਿੱਚਦੀ ਸੀ। ਪਾਕਿਸਤਾਨ ਬਣਨ ਤੋਂ ਪਹਿਲਾਂ ਜੂਨਾਗੜ੍ਹ ਦੇ ਜਿਨ੍ਹਾਂ ਦੋ ਡਾਕੂਆਂ ਨੇ ਨਾਮਣਾ ਖੱਟਿਆਂ ਉਨ੍ਹਾਂ ਵਿੱਚ ਹੀਰਾ ਝੀਨਾ ਅਤੇ ਭੂਪਤ ਡਾਕੂ ਦਾ ਨਾਂ ਸਭ ਤੋਂ ਉੱਪਰ ਆਉਂਦਾ ਹੈ।

ਇਨ੍ਹਾਂ ਡਾਕੂਆਂ ਦੀਆਂ ਕਈ ਵਾਰਦਾਤਾਂ ਲੋਕ ਕਥਾਵਾਂ ਵਾਂਗ ਪ੍ਰਸਿੱਧ ਹਨ। ਭੂਪਤ ਡਾਕੂ ਪਾਕਿਸਤਾਨ ਬਣਨ ਤੋਂ ਬਾਅਦ ਪਾਕਿਸਤਾਨ ਆ ਗਿਆ ਜਿੱਥੇ 1952 ਵਿੱਚ ਉਸ ਨੂੰ ਤਿੰਨ ਸਾਥੀਆਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ।

ਭੂਪਤ ਡਾਕੂ ਨੇ ਭਾਰਤ ਵਿੱਚ ਸ਼ਿਵ ਰਾਸ਼ਟਰ ਵਿੱਚ ਲੁੱਟਮਾਰ ਅਤੇ ਕਤਲ ਕੀਤੇ ਸਨ। ਉਸ ਦੇ ਖ਼ਿਲਾਫ ਦੋ ਸੌ ਤੋਂ ਵਧੇਰੇ ਕਤਲ ਅਤੇ ਡਾਕਿਆਂ ਦੇ ਇਲਜ਼ਾਮ ਸਨ। ਭਾਰਤੀ ਸਰਕਾਰ ਨੇ ਭੂਪਤ ਦੀ ਗ੍ਰਿਫ਼ਤਾਰੀ ਉੱਪਰ ਪੰਜਾਹ ਹਜ਼ਾਰ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਸੀ।

ਦਿਲਚਸਪ ਗੱਲ ਇਹ ਸੀ ਕਿ ਭਾਰਤ ਵਿੱਚ ਇੰਨੇ ਜੁਰਮਾਂ ਵਿੱਚ ਸ਼ਾਮਲ ਹੋਣ ਅਤੇ ਆਪਣੀ ਗ੍ਰਿਫ਼ਤਾਰ ਉੱਪਰ ਇੰਨੇ ਵੱਡੇ ਇਨਾਮ ਦੇ ਐਲਾਨ ਦੋ ਬਾਵਜੂਦ ਭੂਪਤ ਪਾਕਿਸਤਾਨ ਵਿੱਚ ਕਿਸੇ ਫੌਜਦਾਰੀ ਜੁਰਮ ਵਿੱਚ ਸ਼ਾਮਲ ਨਹੀਂ ਸੀ।

ਇਸ ਲਈ ਉਸ ਨੂੰ ਬਿਨਾਂ ਪਰਮਿਟ ਪਾਕਿਸਤਾਨ ਵਿੱਚ ਦਾਖ਼ਲ ਹੋਣ ਅਤੇ ਬਿਨਾਂ ਲਾਈਸੈਂਸ ਦੇ ਹਥਿਆਰ ਰੱਖਣ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ।

ਭਾਰਤ ਸਰਕਾਰ ਨੇ ਪਾਕਿਸਤਾਨ ਸਰਕਾਰ ਨਾਲ ਭੂਪਤ ਨੂੰ ਭਾਰਤ ਦੇ ਹਵਾਲੇ ਕਰਨ ਨੂੰ ਕਿਹਾ ਪਰ ਦੋਹਾਂ ਦੇਸ਼ਾਂ ਵਿੱਚ ਅਜਿਹਾ ਕੋਈ ਸਮਝੌਤਾ ਨਾ ਹੋਣ ਕਾਰਨ ਭੂਪਤ ਪਾਕਿਸਤਾਨ ਵਿੱਚ ਹੀ ਰਿਹਾ।

ਮਾਮਲਾ ਇੰਨਾ ਅਹਿਮ ਸੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਆਪ ਆਪਣੇ ਪਾਕਿਸਤਾਨੀ ਹਮਰੁਤਬਾ ਮੁਹੰਮਦ ਅਲੀ ਬੋਗਰਾ ਨਾਲ ਇਸ ਸੰਬੰਧੀ ਗੱਲਬਾਤ ਕੀਤੀ ਸੀ।

ਬੋਗਰਾ ਨੇ ਕਿਹਾ ਕਿ ਅਸੀਂ ਵੱਧ ਤੋਂ ਵੱਧ ਇਹ ਕਰ ਸਕਦੇ ਹਾਂ ਕਿ ਭੂਪਤ ਨੂੰ ਭਾਰਤੀ ਸਰੱਹਦ ਦੇ ਪਾਰ ਧੱਕ ਦੇਈਏ ਜਿੱਥੋਂ ਭਾਰਤੀ ਪੁਲਿਸ ਉਸ ਨੂੰ ਫੜ ਲਵੇ। ਲੇਕਿਨ ਇਹ ਖ਼ਬਰ ਪ੍ਰੈੱਸ ਵਿੱਚ ਲੀਕ ਹੋ ਗਈ ਅਤੇ ਪਾਕਿਸਤਾਨ ਆਪਣੀ ਪੇਸ਼ਕਸ਼ ਤੋਂ ਪਿਛਾਂਹ ਹਟ ਗਿਆ।

ਭੂਪਤ ਨੇ ਇੱਕ ਸਾਲ ਬਾਅਦ ਰਿਹਾਈ ਤੋਂ ਬਾਅਦ ਇਸਲਾਮ ਧਰਮ ਅਪਣਾ ਲਿਆ ਅਤੇ ਆਪਣਾ ਨਾਂ ਅਮੀਨ ਯੂਸਫ਼ ਰੱਖ ਲਿਆ।

ਉਸ ਨੇ ਇੱਕ ਮੁਸਲਮਾਨ ਔਰਤ ਹਮੀਦਾ ਬਾਨੋ ਨਾਲ ਵਿਆਹ ਕਰ ਲਿਆ। ਜਿਸ ਤੋਂ ਉਸ ਦੇ ਤਿੰਨ ਬੇਟੇ ਅਤੇ ਚਾਰ ਬੇਟੀਆਂ ਨੇ ਜਨਮ ਲਿਆ। ਅਮੀਨ ਯੂਸਫ਼ ਨੇ ਕਰਾਚੀ ਵਿੱਚ ਦੁੱਧ ਦਾ ਕਾਰੋਬਾਰ ਸ਼ੁਰੂ ਕਰ ਲਿਆ।

ਪਾਕਿਸਤਾਨ ਚੌਕ ਵਿੱਚ ਸਥਿਤ ਉਸ ਦੀ ਦੁਕਾਨ ਤੋਂ ਮੈਨੂੰ ਵੀ ਕਈ ਵਾਰ ਲੱਸੀ ਪੀਣ ਦਾ ਮੌਕਾ ਮਿਲਿਆ। ਯੂਸਫ਼ ਨੇ ਹੱਜ ਵੀ ਕੀਤਾ।

ਅਮੀਨ ਯੂਸਫ਼ ਨੇ ਜੇਲ੍ਹ ਵਿੱਚ ਆਪਣੀ ਕਹਾਣੀ ਕਾਲੂ ਵਨਿਕ ਨਾਂ ਦੇ ਇੱਕ ਸਾਥੀ ਨੂੰ ਲਿਖਵਾਈ ਜਿਸ ਦਾ ਬਾਅਦ ਵਿੱਚ ਉਰਦੂ ਅਨੁਵਾਦ ਵੀ ਛਪਿਆ।

ਆਖ਼ਰ ਅਮੀਨ ਯੂਸਫ਼ ਦੀ 28 ਸਤੰਬਰ 1996 ਨੂੰ ਕਰਾਚੀ ਵਿੱਚ ਹੀ ਮੌਤ ਹੋ ਗਈ। ਹੁਣ ਉਹ ਕਰਾਚੀ ਦੇ ਹੀ ਕਬਰਿਸਤਾਨ ਵਿੱਚ ਦਫ਼ਨ ਹੈ।

ਮੁਹੰਮਦ ਖ਼ਾਨ ਡਾਕੂ

1960 ਦੇ ਦਹਾਕੇ ਦੌਰਾਨ ਪੰਜਾਬ ਵਿੱਚ ਇੱਕ ਹੋਰ ਡਾਕੂ ਮੁਹੰਮਦ ਖ਼ਾਨ ਨੇ ਪ੍ਰਸਿੱਧੀ ਹਾਸਲ ਕੀਤੀ।

ਉਹ ਫ਼ੌਜ ਵਿੱਚ ਹਵਲਦਾਰ ਸੀ ਪਰ ਜਦੋਂ ਉਸ ਦੇ ਭਾਈਚਾਰੇ ਦੇ ਇੱਕ ਝਗੜੇ ਵਿੱਚ ਉਸ ਦੇ ਭਰਾ ਦਾ ਕਤਲ ਕਰ ਦਿੱਤਾ ਗਿਆ ਤਾਂ ਉਸ ਨੇ ਬਦਲਾ ਲੈਣ ਲਈ ਆਪਣੇ ਵਿਰੋਧੀਆਂ ਦੇ ਕਤਲ ਕਰ ਦਿੱਤੇ ਅਤੇ ਫਰਾਰ ਹੋ ਗਿਆ।

ਪੁਲਿਸ ਨੇ ਉਸ ਨੂੰ ਇਸ਼ਤਿਹਾਰੀ ਮੁਜਰਮ ਕਰਾਰ ਦੇ ਦਿੱਤਾ। ਹੁਣ ਵਿਰੋਧੀਆਂ ਨੇ ਉਸ ਦੇ ਇੱਕ ਹੋਰ ਭਰਾ ਦਾ ਕਤਲ ਕਰ ਦਿੱਤਾ ਜਿਸ ਤੋਂ ਬਾਅਦ ਮੁਹੰਮਦ ਖ਼ਾਨ ਬਦਲੇ ਦੀ ਅੱਗ ਵਿੱਚ ਅੰਨ੍ਹਾ ਹੋ ਗਿਆ ਅਤੇ ਉਸ ਨੇ ਆਪਣੀ ਟੋਲੀ ਬਣਾ ਕੇ ਆਪਣੇ ਵਿਰੋਧੀਆਂ ਨੂੰ ਇੱਕ-ਇੱਕ ਕਰ ਕੇ ਮਾਰਨਾ ਸ਼ੁਰੂ ਕਰ ਦਿੱਤਾ।

ਸਾਲ 1965 ਦੀਆਂ ਰਾਸ਼ਟਰਤੀ ਚੋਣਾਂ ਵਿੱਚ ਉਸ ਨੇ ਆਪਣੇ ਇਲਾਕੇ ਦੇ ਸਾਰੇ ਬੀਡੀ ਮੈਂਬਰਾਂ ਅਤੇ ਚੇਅਰਮੈਨ ਦੇ ਵੋਟ ਰਾਸ਼ਟਰਪਤੀ ਅਯੂਬ ਖ਼ਾਨ ਨੂੰ ਪਵਾਏ ਸਨ।

12 ਸੰਤਬਰ 1968 ਨੂੰ ਮੁਹੰਮਦ ਖ਼ਾਨ ਢਰਨਾਲ ਨੂੰ ਚਾਰ ਵਾਰ ਸਜ਼ਾ-ਏ-ਮੌਤ ਅਤੇ 149 ਸਾਲ ਦੀ ਬਾਮੁਸ਼ੱਕਤ ਕੈਦ ਸੁਣਾਈ ਗਈ। ਜਦੋਂ ਹਾਈਕੋਰਟ ਵਿੱਚ ਉਸ ਨੇ ਇਸ ਖ਼ਿਲਾਫ਼ ਅਪੀਲ ਕੀਤੀ ਤਾਂ ਆਪਣਾ ਮੁਕੱਦਮਾ ਆਪ ਹੀ ਲੜਿਆ।

ਉਸ ਨੇ ਹਾਈ ਕੋਰਟ ਵਿੱਚ ਸਾਬਤ ਕਰ ਦਿੱਤਾ ਕਿ ਜਾਂਚ ਅਫ਼ਸਰ ਨੂੰ ਉਸ ਨਾਲ ਨਿੱਜੀ ਦੁਸ਼ਮਣੀ ਹੈ ਅਤੇ ਉਸ ਦੇ ਸਾਰੇ ਇਲਜ਼ਾਮ ਮਨਘੜਤ ਹਨ।

ਉਹ ਅਦਾਲਤ ਵਿੱਚੋਂ ਇਹ ਕਹਿੰਦਾ ਹੋਇਆ ਬਾਹਰ ਆਇਆ ਕਿ ਮੇਰੀ ਤਕਦੀਰ ਵਿੱਚ ਜੋ ਲਿਖਿਆ ਹੈ ਉਹ ਤਾਂ ਮੈਂ ਜ਼ਰੂਰ ਸੁਣਾਂਗਾ ਪਰ ਮੈਨੂੰ ਤਸੱਲੀ ਹੈ ਕਿ ਅਦਾਲਤ ਨੇ ਮੈਨੂੰ ਸੁਣਿਆ।

ਹਾਈ ਕੋਰਟ ਨੇ ਮੁਹੰਮਦ ਖ਼ਾਨ ਨੂੰ ਮੌਤ ਦੀਆਂ ਦੋ ਸਜ਼ਾਵਾ ਤੋਂ ਬਰੀ ਕਰ ਦਿੱਤਾ ਜਦਕਿ ਦੋ ਦੀ ਸਜ਼ਾ ਕਾਇਮ ਰੱਖੀ ਗਈ।

8 ਜਨਵਰੀ 1976 ਨੂੰ ਉਸ ਨੂੰ ਫ਼ਾਸੀ ਦੇਣ ਦਾ ਹੁਕਮ ਜਾਰੀ ਕੀਤਾ ਗਿਆ ਪਰ ਸਜ਼ਾ ਤੋਂ ਸਿਰਫ਼ ਪੰਜ ਘੰਟੇ ਪਹਿਲਾਂ ਹਾਈਕੋਰਟ ਨੇ ਸਜ਼ਾ ਉੱਪਰ ਰੋਕ ਲਾ ਦਿੱਤੀ।

ਸਾਲ 1978 ਵਿੱਚ ਉਸ ਦੀ ਸਜ਼ਾ-ਏ-ਮੌਤ ਉਮਰ ਕੈਦ ਵਿੱਚ ਬਦਲ ਦਿੱਤੀ ਗਈ ਅਤੇ ਬੇਨਜ਼ੀਰ ਭੁੱਟੋ ਦੀ ਸਰਕਾਰ ਦੇ ਦੌਰ ਵਿੱਚ 60 ਸਾਲ ਤੋਂ ਵੱਡੀ ਉਮਰ ਦੇ ਕੈਦੀਆਂ ਦੀ ਸਜ਼ਾ ਮਾਫ਼ੀ ਦੇ ਐਲਾਨ ਤੋਂ ਬਾਅਦ ਇਹ ਤਲਿਸਮੀ ਕਿਰਦਾਰ ਰਿਹਾ ਹੋ ਗਿਆ।

ਆਖ਼ਰ 29 ਸਤੰਬਰ 1995 ਨੂੰ ਉਹ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਹੁਣ ਉਹ ਆਪਣੇ ਜੱਦੀ ਪਿੰਡ ਢੋਕ ਮਸਾਇਬ, ਤਹਿਸੀਲ ਤਿਲਾ ਗੰਗ ਜ਼ਿਲ੍ਹਾ ਚਕਵਾਲ, ਪਾਕਿਸਤਾਨ ਵਿੱਚ ਦਫ਼ਨ ਹੈ।

ਮੁਹੰਮਦ ਖ਼ਾਨ ਦੀ ਜ਼ਿੰਦਗੀ ਦੀਆਂ ਘਟਨਾਵਾਂ ਬਾਰੇ ਨਿਰਦੇਸ਼ਕ ਕੈਫ਼ੀ ਨੇ ਇੱਕ ਪੰਜਾਬੀ ਫ਼ਿਲਮ ਬਣਾਈ। ਫ਼ਿਲਮ ਵਿੱਚ ਮੁਹੰਮਦ ਖ਼ਾਨ ਦਾ ਕਿਰਦਾਰ ਸੁਲਤਾਨ ਰਾਹੀ ਨੇ ਨਿਭਾਇਆ ਹਾਲਾਂਕਿ ਫ਼ਿਲਮ ਕਮਜ਼ੋਰ ਕਹਾਣੀ ਕਾਰਨ ਜ਼ਿਆਦਾ ਕਾਰੋਬਾਰ ਨਹੀਂ ਕਰ ਸਕੀ।

ਬੀਬੀਸੀ ਪੰਜਾਬੀ ਦੇ ਕੁਝ ਵੀਡੀਓਜ਼

https://www.youtube.com/watch?v=QiFJ1uzSSXk&t=2s

https://www.youtube.com/watch?v=QLFnrk6XF00&t=26s

https://www.youtube.com/watch?v=OsWmO_XLyV8

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''367d1c92-4730-4491-9509-64ebe729224e'',''assetType'': ''STY'',''pageCounter'': ''punjabi.international.story.53379620.page'',''title'': ''ਸੁਲਤਾਨਾ ਡਾਕੂ ਤੇ ਭਾਰਤ-ਪਾਕ ਦੇ ਕੁਝ ਮਸ਼ਹੂਰ ਡਾਕੂਆਂ ਦੀਆਂ ਕਹਾਣੀਆਂ'',''author'': ''ਅਕੀਲ ਅੱਬਾਸ ਜਾਫ਼ਰੀ'',''published'': ''2020-07-13T01:54:59Z'',''updated'': ''2020-07-13T01:54:59Z''});s_bbcws(''track'',''pageView'');

Related News