ਅੱਲੜ੍ਹਪੁਣੇ ਵਿੱਚ ਨਵਜੰਮੀ ਧੀ ਛੱਡ ਕੇ ਭੱਜੇ ਬਾਪ ਨੂੰ ਜਦੋਂ 16 ਸਾਲ ਬਾਅਦ ਉਹ ਮਿਲੀ ਤਾਂ ਕੀ ਹੋਇਆ

07/12/2020 12:05:33 PM

ਅਮਰੀਕਾ
Getty Images

ਹਰੀਕੇਨ ਕੈਟਰੀਨਾ ਵਿੱਚ ਆਪਣਾ ਸਭ ਕੁਝ ਗਵਾਉਣ ਤੋਂ ਬਾਅਦ ਆਰਟਿਸਟ ਮੈਟਜੇਮਜ਼ ਪੂਰੀ ਤਰ੍ਹਾਂ ਟੁੱਟ ਚੁੱਕਿਆ ਸੀ। ਉਸ ਨੇ ਆਪਣੇ ਅੰਤ ਨੂੰ ਕਲਾਵੇ ਵਿੱਚ ਲੈਣ ਲਈ ਖ਼ੁਦ ਨੂੰ ਤਿਆਰ ਕਰ ਲਿਆ ਸੀ। ਉਸੇ ਦੌਰਾਨ ਇੱਕ ਅਣਕਿਆਸੀ ਫੋਨ ਆਇਆ।

ਮੈਟਜੇਮਜ਼ 16 ਸਾਲਾਂ ਦਾ ਸੀ ਉਸ ਦੀ ਮੁਲਾਕਾਤ ਆਪਣੇ ਪਹਿਲੇ ਬੱਚੇ ਦੀ ਮਾਂ ਨਾਲ ਹੋਈ।

ਸੈਲੇਨੀ ਮੇਰੀ ਅਮਰੀਕਨ ਇਤਿਹਾਸ ਦੀ ਕਲਾਸ ਵਿੱਚ ਆਈ ਅਤੇ ਮੈਂ, ਬਸ ਦੇਖਦਾ ਹੀ ਰਹਿ ਗਿਆ। ਮੈਂ ਸੋਚਿਆ, ''ਹੇ ਪ੍ਰਮਾਤਮਾ, ਉਹ ਕੌਣ ਹੈ ਮੈਂ ਉਸ ਨੂੰ ਜਾਨਣਾ ਹੈ।"

ਕਿਵੇਂ ਦਾ ਸੀ ਬਚਪਨ

ਮੈਟਜੇਮਜ਼ ਦੇ ਮਾਪੇ ਵੀ ਆਰਟਿਸਟ ਸਨ ਅਤੇ ਉਸ ਦੇ ਮਾਤਾ-ਪਿਤਾ ਨੇ ਇੱਕ ਤੋਂ ਬਾਅਦ ਇੱਕ ਆਰਟ ਸਕੂਲ ਵਿੱਚ ਪ੍ਰੋਫ਼ੈਸਰ ਵਜੋਂ ਪੜ੍ਹਾਇਆ ਸੀ।

ਉਹ ਇੱਕ ਤੋਂ ਬਾਅਦ ਦੂਜੀ ਥਾਂ ਆਪਣੀ ਰਹਾਇਸ਼ ਬਦਲਦੇ ਰਹੇ ਜਿਸ ਕਾਰਨ ਮੈਟਜੇਮਜ਼ ਬਹੁਤੇ ਦੋਸਤ ਨਹੀਂ ਬਣਾ ਸਕਿਆ।

"ਮੈਂ ਕਿਸੇ ਨੂੰ ਮਿਲਦਾ ਅਤੇ ਫਿਰ ਸਾਨੂੰ ਕਿਤੇ ਹੋਰ ਜਾਣਾ ਪੈਂਦਾ। ਇਸ ਨੇ ਮੈਨੂੰ ਉਹ ਇਕੱਲਾਪਣ ਦਿੱਤਾ ਜੋ ਮੈਂ ਅੱਜ ਵੀ ਸਾਂਭੀ ਬੈਠਾ ਹਾਂ।"

ਫਰਾਂਸ ਵਿੱਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਅਮਰੀਕਾ ਦੇ ਓਹਾਈਓ ਦੇ ਇੱਕ ਛੋਟੇ ਜਿਹੇ ਕਸਬੇ ਯੈਲੋ ਸਪਰਿੰਗ ਵਿੱਚ ਆ ਕੇ ਵਸ ਗਏ ਜਿੱਥੇ ਮੈਟਜੇਮਜ਼ ਦੀ ਮੁਲਾਕਾਤ ਆਪਣੀ ਪਹਿਲੀ ਗਰਲਫਰੈਂਡ ਸੈਲੇਨੀ ਨਾਲ ਹੋਈ।

ਇਹ ਵੀ ਪੜ੍ਹੋ:-

ਟਾਇਲਰ ਦਾ ਜਨਮ

''ਸਾਡਾ ਕਾਫ਼ੀ ਸਮਾਂ ਰਿਸ਼ਤਾ ਰਿਹਾ ਪਰ ਫਿਰ ਵੱਖ ਹੋ ਗਏ ਪਰ ਕਦੇ-ਕਦਾਈਂ ਮਿਲ ਲੈਂਦੇ ਸੀ। ਫਿਰ ਸੈਲੇਨੀ ਪਰੈਗਨੈਂਟ ਹੋ ਗਈ ਪਰ "ਹਾਲੇ ਵੀ ਸਾਡਾ ਵਿਆਹ ਨਹੀਂ ਸੀ ਹੋਇਆ।"

ਹਾਲਾਂਕਿ ਮੈਟਜੇਮਜ਼ ਉਸ ਸਮੇਂ 18 ਸਾਲਾਂ ਦਾ ਸੀ ਪਰ ਉਸ ਨੂੰ ਨਹੀਂ ਲੱਗਿਆ ਕਿ ਉਹ ਪਿਤਾ ਬਣਨ ਲਈ ਤਿਆਰ ਹੈ।

"ਮੈਂ ਡਰਿਆ ਹੋਇਆ ਸੀ। ਮੇਰੀ ਦੁਨੀਆਂ ਪੁੱਠੀ ਹੋ ਗਈ ਸੀ।" ਉਸ ਸਮੇਂ ਮੈਂ ਬਹੁਤ ਛੋਟਾ ਸੀ ਅਤੇ ''ਮੈਨੂੰ ਨਹੀਂ ਪਤਾ ਸੀ ਕਿ ਬੱਚਾ ਕਿਵੇਂ ਪਾਲਣਾ ਹੈ।''

ਬੱਚੀ ਦਾ ਨਾਂਅ ਟਾਇਲਰ ਰੱਖਿਆ ਗਿਆ।

ਟਾਇਲਰ ਦੇ ਜਨਮ ਤੋਂ ਬਾਅਦ ਮੈਟਜੇਮਜ਼ ਅਤੇ ਸੈਲੇਨੀ ਦੀ ਮੁਲਾਕਾਤ ਗਲੈਨ ਹੈਲੇਨ ਨੇਚਰ ਪ੍ਰਿਜ਼ਰਵ ਦੇ ਬਾਹਰ ਹੋਈ ਜਿੱਥੇ ਮੈਟਜੇਮਜ਼ ਨੇ ਪਹਿਲੀ ਵਾਰ ਆਪਣੀ ਧੀ ਨੂੰ ਬੁੱਕਲ ਵਿੱਚ ਲਿਆ।

"ਮੈਂ ਟਾਇਲਰ ਨੂੰ ਕੁਝ ਤੀਹ ਸਕਿੰਟਾਂ ਲਈ ਫੜਿਆ, ਬਸ ਇੰਨਾ ਹੀ।"

ਮੈਨੂੰ ਸਮਝ ਨਹੀਂ ਆਇਆ ਕਿ ਮੈਂ ਉਸ ਨਾਲ ਭਾਵੁਕ ਤੌਰ ''ਤੇ ਜੁੜਿਆ ਹੋਇਆ ਸੀ। ਵਿਗਿਆਨਕ ਤੌਰ ''ਤੇ ਮੈਂ ਜਾਣਦਾ ਸੀ ਕਿ ਮੈਂ ਉਸਦਾ ਪਿਤਾ ਸੀ ਪਰ ਅਸਲ ਵਿੱਚ ਮੈਂ ਕਿਹਾ,"ਹੇ ਪ੍ਰਮਾਤਮਾ ਇਹ ਕਿੰਨੀ ਭਾਰੀ ਹੈ। ਮੈਨੂੰ ਨਹੀ ਪਤਾ ਮੈਂ ਕੀ ਕਰਾਂ।"

ਮੈਟਜੇਮਜ਼ ਨੇ ਦੱਸਿਆ ਕਿ ਇਸ ਤੋਂ ਬਾਅਦ ਹਰ ਕਾਸੇ ਤੋਂ ਦੂਰ ਭੱਜਣ ਦੀ ਇੱਕ ਦੌੜ ਸ਼ੁਰੂ ਹੋ ਗਈ।

"ਇਹ ਲੜੋ ਜਾਂ ਭੱਜੋ ਵਾਲੀ ਸਥਿਤੀ ਸੀ। ਆਪਣੇ ਆਪ ਉੱਤੇ ਭਰੋਸਾ ਨਾ ਹੋਣ ਕਾਰਨ ਮੈਂ ਭੱਜਣਾ ਚੁਣਿਆ ਅਤੇ ਸਾਰੀ ਉਮਰ ਭਜਦਾ ਰਿਹਾ ਹਾਂ।"

ਨਿਊ ਓਰਲੀਨਜ਼ ਵਿੱਚ ਮੈਟਜੇਮਜ਼ ਦਾ ਜੀਵਨ

ਉੱਨੀ-ਵੀਹ ਸਾਲ ਦੀ ਉਮਰ ਵਿੱਚ ਮੈਟਜੇਮਜ਼ ਨਿਊ ਓਰਲੀਨਜ਼ ਵਿੱਚ ਆ ਵਸਿਆ।

"ਮੈਂ ਇੱਕ ਨਿਆਣਾ ਸੀ, ਭਾਵੁਕ ਤੌਰ ''ਤੇ ਮੈਂ ਪਰਪੱਕ ਨਹੀਂ ਸੀ ਅਤੇ ਇੱਥੇ ਸਭ ਕੁਝ ਅਣਪਛਾਤਾ ਸੀ। ਮੈਨੂੰ ਲੱਗਿਆ ਇਹ ਲੁਕਣ ਲਈ ਚੰਗੀ ਥਾਂ ਹੈ।"

ਮਨੁੱਖ ਜਿੱਥੇ ਚਾਹੇ ਚਲਿਆ ਜਾਵੇ ਉਹ ਆਪਣੇ ਅਤੀਤ ਤੋਂ ਨਹੀਂ ਭੱਜ ਸਕਦਾ। ਮੈਟਜੇਮਜ਼ ਨੂੰ ਲਗਦਾ ਸੀ ਜਿਵੇਂ ਉਨ੍ਹਾਂ ਨੇ ਮੋਢਿਆਂ ਉੱਪਰ ਕੋਈ ਭਾਰੀ ਬੋਝ ਚੁੱਕਿਆ ਹੋਵੇ।

ਅਮਰੀਕਾ
Getty Images
ਉੱਨੀ-ਵੀਹ ਸਾਲ ਦੀ ਉਮਰ ਵਿੱਚ ਮੈਟਜੇਮਜ਼ ਨਿਊ ਓਰਲੀਨਜ਼ ਵਿੱਚ ਆ ਵਸਿਆ

ਮਾਨਸਿਕ ਸੰਤਾਪ ਕਾਰਨ ਉਨ੍ਹਾਂ ਨੂੰ ਕੁਝ ਦੇਰ ਹਸਪਤਾਲ ਵਿੱਚ ਵੀ ਰਹਿਣਾ ਪਿਆ। ਜਦੋਂ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਤਾਂ ਆਸ ਪਾਸ ਦੀ ਫਰੈਂਚ ਵਸੋਂ ਵਿੱਚ ਉਸ ਦੀ ਪਛਾਣ ਵੀ ਬਣ ਗਈ।

"ਮੈਂ ਨਿਊ ਓਰਲੀਨਜ਼ ਵਿੱਚ ਇੱਕ ਅਜਨਬੀ ਸੀ ਅਤੇ ਮੇਰੇ ਕੋਲ ਇੱਕ ਪੈਨ ਤੋਂ ਇਲਵਾ ਹੋਰ ਕੁਝ ਵੀ ਨਹੀਂ ਸੀ। ਮੈਂ ਕਿਸੇ ਦੇ ਨਾਲ ਰਹਿੰਦਾ ਸੀ। ਇਸ ਲਈ ਮੈਂ ਸਮਾਂ ਬਿਤਾਉਣ ਲਈ ਕੌਫ਼ੀ ਹਾਊਸ ਜਾਂ ਜਿੱਥੇ ਵੀ ਕਿਤੇ ਲੋਕ ਮਿਲਦੇ, ਜਾਣ ਲੱਗਿਆ। ਲੋਕ ਮੈਨੂੰ ਪਛਾਨਣ ਲੱਗੇ।"

ਉਹ ਹਮੇਸ਼ਾ ਤੋਂ ਹੀ ਇੱਕ ਕਲਾਕਾਰ ਰਿਹਾ ਪਰ ਫਿਲਹਾਲ ਤਾਂ ਰਹਿਣ ਲਈ ਛੱਤ ਵੀ ਨਹੀਂ ਸੀ।

ਫਿਰ ਜਿਵੇਂ-ਜਿਵੇਂ ਮਨ ਦੀ ਭਟਕਣਾ ਸ਼ਾਂਤ ਹੋਈ ਤਾਂ ਉਸ ਨੇ ਆਪਣੇ ਆਲੇ-ਦੁਆਲਿਓਂ ਜੋ ਵੀ ਮਿਲ ਜਾਂਦਾ, ਜੋੜ ਕੇ ਕਲਾਕ੍ਰਿਤੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ।

ਨਿਊ ਓਰਲੀਨਜ਼ ਉਨ੍ਹਾਂ ਦੀਆਂ ਕਲਾਕ੍ਰਿਤੀਆਂ ਦੇ ਕੱਚੇ ਸਾਮਾਨ ਲਈ ਕਿਸੇ ਖਾਣ ਤੋਂ ਘੱਟ ਨਹੀਂ ਸੀ। ਕੁਝ ਨਾ ਕੁਝ ਮਿਲ ਹੀ ਜਾਂਦਾ ਜਿਸ ਨੂੰ ਨਵਾਂ ਰੂਪ ਦੇ ਕੇ ਉਹ ਕਿਸੇ ਕਲਾਕ੍ਰਿਤੀ ਵਿੱਚ ਬਦਲ ਦਿੰਦਾ।

ਉਹ ਆਪਣੀ ਕਲਾਕ੍ਰਿਤਾਂ ਦੀ ਸ਼ਹਿਰ ਵਿੱਚ ਪ੍ਰਦਰਸ਼ਨੀਆਂ ਲਗਾਉਂਦਾ ਤੇ ਬਾਰ ਆਦਿ ਵਿੱਚ ਕੰਮ ਕਰ ਕੇ ਉਹ ਆਪਣਾ ਗੁਜ਼ਾਰਾ ਕਰਦਾ। ਆਪਣੀ ਸਾਈਕਲ ਉੱਪਰ ਸ਼ਹਿਰ ਭਰ ਵਿੱਚ ਘੁੰਮ-ਘੁੰਮ ਕੇ ਪੀਜ਼ੇ ਘਰੋ-ਘਰੀਂ ਪਹੁੰਚਾਉਂਦਾ।

ਅਮਰੀਕਾ
Getty Images

ਟਾਇਲਰ ਨੇ ਆਪਣੇ ਪਿਤਾ ਬਾਰੇ ਕਦੇ ਨਹੀਂ ਪੁੱਛਿਆ ਸੀ

ਇਸੇ ਦੌਰਾਨ ਟਾਇਲਰ ਆਪਣੀ ਮਾਂ ਸੈਲੇਨੀ ਕੋਲ ਯੈਲੋ ਸਪਰਿੰਗਸ ਵਿੱਚ ਪਲ ਰਹੀ ਸੀ। ਸੈਲੇਨੀ ਆਪ ਵੀ ਇੱਕ ਚੰਗੀ ਆਰਟਿਸਟ ਸੀ। ਟਾਇਲਰ ਨੂੰ ਯਾਦ ਹੈ ਜਦੋਂ ਉਹ ਚਾਰ ਸਾਲ ਦੀ ਉਮਰ ਵਿੱਚ ਆਪਣੀ ਮਾਂ ਨਾਲ ਇੱਕ ਅਪਰੈਂਟਿਸਸ਼ਿਪ ਵਿੱਚ ਗਈ ਸੀ।

ਟਾਇਲਰ ਦਾ ਕਹਿਣਾ ਹੈ ਕਿ ਉਸ ਨੂੰ ਬਚਪਨ ਤੋਂ ਹੀ ਇੱਕ ਸਿਰਜਣਾਤਮਿਕ ਮਾਹੌਲ ਮਿਲਿਆ ਹੈ।

ਇਹ ਵੀ ਪੜ੍ਹੋ:-

ਸੈਲੇਨੀ ਦੀ ਹੁਣ ਇੱਕ ਹੋਰ ਬੇਟੀ ਸੀ। ਇਸ ਨਿੱਕੇ ਪਰ ਨਿੱਘੇ ਪਰਿਵਾਰ ਵਿੱਚ ਰਹਿੰਦਿਆਂ ਟਾਇਲਰ ਦਸਦੀ ਹੈ ਕਿ ਉਸ ਦਾ ਆਪਣੇ ਕੁਦਰਤੀ ਪਿਤਾ ਵੱਲ ਕਦੇ ਕੋਈ ਝੁਕਾਅ ਨਹੀਂ ਰਿਹਾ ਸੀ।

ਉਸ ਨੇ ਨਾ ਤਾਂ ਕਦੇ ਆਪਣੇ ਪਿਤਾ ਬਾਰੇ ਪੁੱਛਿਆ ਅਤੇ ਨਾ ਹੀ ਉਸ ਨੂੰ ਕਦੇ ਪਤਾ ਲੱਗਿਆ।

ਸਮੇਂ ਦੇ ਫੇਰ ਨਾਲ ਉਹ ਵੀ ਆਪਣੀ ਮਾਂ ਵਾਂਗ ਹੀ ਫਰਨੀਚਰ ''ਤੇ ਕੱਪੜਾ ਲਾਉਣ ਵਿੱਚ ਮਾਹਰ ਕਾਰੀਗਰ ਬਣ ਗਈ।

ਤੀਹ ਸਾਲ ਦੀ ਉਮਰ ਤੱਕ ਪਹੁੰਚਦਿਆਂ ਮੈਟਜੇਮਜ਼ ਨੂੰ ਸ਼ਹਿਰ ਦਾ ਹੀ ਆਰਟਿਸਟ ਸਮਝਿਆ ਜਾਣ ਲੱਗਿਆ। ਹਾਲਾਂਕਿ ਉਸ ਨੇ ਆਪਣੇ ਜੀਵਨ ਦੇ ਪਹਿਲੇ ਦੋ ਦਹਾਕੇ ਕਿਤੇ ਹੋਰ ਗੁਜ਼ਾਰੇ ਸਨ।

ਉਸ ਕੋਲ ਇੱਕ ਪੱਕੀ ਨੌਕਰੀ ਸੀ ਅਤੇ ਦੋ ਕੁੱਤੇ- ਪਿਕਾਚੂ ਅਤੇ ਪਰਲ ਸਨ। ਇਹੀ ਉਨ੍ਹਾਂ ਦੀ ਛੋਟੀ ਜਿਹੀ ਜ਼ਿੰਦਗੀ ਸੀ।

ਮੈਟਜੇਮਜ਼ ਨੂੰ ਆਪਣੇ ਤੀਹ ਸਾਲ ਜ਼ਿੰਦਾ ਰਹਿਣ ਉੱਪਰ ਹੈਰਾਨੀ ਹੋ ਰਹੀ ਸੀ ਅਤੇ ਯਕੀਨ ਨਹੀਂ ਸੀ ਆ ਰਿਹਾ।

ਉਸ ਦਾ ਫਲਸਫ਼ਾ ਜੀਵਨ ਨੂੰ ਚੰਗੀ ਤਰ੍ਹਾਂ ਜਿਊਣਾ ਅਤੇ ਜਲਦੀ ਇਸ ਜਹਾਨੋਂ ਕੂਚ ਕਰ ਜਾਣ ਦਾ ਸੀ।

ਕੈਟਰੀਨਾ ਤੂਫਾਨ ਨੇ ਬਦਲੀ ਜ਼ਿੰਦਗੀ

ਫਿਰ ਉਸ ਨੇ ਫਰਾਂਸੀਸੀ ਭਾਈਚਾਰੇ ਵਿੱਚੋਂ ਬਾਹਰ ਨਿਕਲਣਾ ਸ਼ੁਰੂ ਕੀਤਾ ਅਤੇ ਕੁਝ ਸਾਲਾਂ ਲਈ ਨਿਊ ਓਰਲੀਨਜ਼ ਨੂੰ ਛੱਡ ਦਿੱਤਾ। ਉਹ ਸਾਲ 2005 ਦੀ ਬਸੰਤ ਵਿੱਚ ਨਿਊ ਓਰਲੀਨਜ਼ ਵਾਪਸ ਪਰਤਿਆ।

ਉਹ ਹਾਲੇ ਆਪਣਾ ਸਮਾਨ ਟਿਕਾ ਹੀ ਰਿਹਾ ਸੀ ਕਿ ਕੈਟਰੀਨਾ ਤੂਫਾਨ ਆ ਗਿਆ। ਸ਼ਹਿਰ ਦੇ ਵੱਡੇ ਹਿੱਸੇ ''ਤੇ ਹੜ੍ਹਾਂ ਦੀ ਮਾਰ ਪਈ ਸੀ।

ਦੋ ਹਜ਼ਾਰ ਤੋਂ ਵਧੇਰੇ ਮੌਤਾਂ ਤੋਂ ਇਲਾਵਾ ਦਸ ਲੱਖ ਤੋਂ ਵਧੇਰੇ ਲੋਕ ਉਜੜ ਗਏ ਸਨ। ਸ਼ਹਿਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਵਿਗੜ ਗਈ ਸੀ।

ਅਮਰੀਕਾ
Getty Images
2005 ਵਿੱਚ ਕੈਟਰੀਨਾ ਤੂਫਾਨ ਆ ਗਿਆ ਜਿਸ ਨਾਲ ਸ਼ਹਿਰ ਦੇ ਵੱਡੇ ਹਿੱਸੇ ''ਤੇ ਹੜ੍ਹਾਂ ਦੀ ਮਾਰ ਪਈ ਸੀ

ਉਸ ਤਬਾਹੀ ਨੂੰ ਯਾਦ ਕਰ ਕੇ ਮੈਟਜੇਮਜ਼ ਨੇ ਦੱਸਿਆ, "ਜੇ ਮੈਂ ਅੱਖਾਂ ਬੰਦ ਕਰਾਂ ਤਾਂ ਹਾਲੇ ਵੀ ਉਹ ਮੰਜ਼ਰ ਮੈਨੂੰ ਨਜ਼ਰ ਆਉਂਦਾ ਹੈ।

ਹਰ ਕਿਸੇ ਦਾ ਕੁਝ ਨਾ ਕੁਝ ਤਬਾਹ ਜ਼ਰੂਰ ਹੋਇਆ ਸੀ। ਦੁਕਾਨਾਂ ਖੁੱਲ੍ਹ ਨਹੀਂ ਸਨ ਰਹੀਆਂ, ਜੁਰਮ ਪੂਰਾ ਵਧਿਆ ਹੋਇਆ ਸੀ। ਹਰ ਪਾਸੇ ਬਸ ਇੱਕ ਬੇਉਮੀਦੀ ਸੀ।

ਮੈਟਜੇਮਜ਼ ਦੇ ਘਰ ਵਿੱਚ ਵੀ ਪਾਣੀ ਭਰ ਗਿਆ ਸੀ ਅਤੇ ਉਸ ਦੀਆਂ ਬਹੁਤ ਸਾਰੀਆਂ ਕਲਾਕ੍ਰਿਤਾਂ ਵੀ ਹੜ੍ਹਾਂ ਦੀ ਭੇਂਟ ਚੜ੍ਹ ਚੁੱਕੀਆਂ ਸਨ।

ਇਹ ਸੋਚਦੇ ਹੋਏ ਕਿ ਸ਼ਾਇਦ ਉਹ ਆਪਣੇ ਪਿਆਰੇ ਕੁੱਤਿਆਂ ਨੂੰ ਨਾਲ ਨਹੀਂ ਲਿਜਾ ਸਕੇਗਾ ਮੈਟਜੇਮਜ਼ ਇੱਕ ਹਫ਼ਤਾ ਉੱਥੇ ਹੀ ਰਿਹਾ।

ਆਖ਼ਰ ਇੱਕ ਦਿਨ ਇੱਕ ਟੈਲੀਫੋਨ ਮਿਲਿਆ ਜੋ ਕੰਮ ਕਰ ਰਿਹਾ ਸੀ। ਇੱਥੋਂ ਮੈਟਜੇਮਜ਼ ਨੇ ਆਪਣੀ ਮਾਂ ਨੂੰ ਫੋਨ ਕਰ ਕੇ ਆਪਣੇ ਸੁਰੱਖਿਅਤ ਹੋਣ ਦੀ ਖ਼ਬਰ ਦਿੱਤੀ।

ਫਿਰ ਉਸ ਨੇ ਆਪਣੇ ਇੱਕ ਦੋਸਤ ਨੂੰ ਫੋਨ ਕੀਤਾ ਜਿਸ ਨੇ ਮੈਟਜੇਮਜ਼ ਦੀ ਆਪਣੇ ਕੁੱਤਿਆਂ ਸਮੇਤ ਲੌਸ ਏਂਜਲਸ ਪਹੁੰਚਣ ਵਿੱਚ ਮਦਦ ਕੀਤੀ।

ਲੌਸ ਏਂਜਲਸ ਵਿੱਚ ਉਹ ਇੱਕ ਬਹੁਤ ਛੋਟੇ ਜਿਹੇ ਅਪਾਰਟਮੈਂਟ ਵਿੱਚ ਰਹਿਣ ਲੱਗਿਆ।

"ਕਿਸੇ ਨੇ ਮੈਨੂੰ ਇੱਕ ਟਿਊਬ ਲਾਈਟ ਦਿੱਤੀ ਅਤੇ ਮੇਰੇ ਕੋਲ ਇੱਕ ਛੋਟਾ ਬਲੈਕ ਐਂਡ ਵ੍ਹਾਈਟ ਟੀਵੀ ਅਤੇ ਕੁਝ ਟੀ-ਸ਼ਰਟਾਂ ਸਨ।"

ਇਸ ਮੁਸ਼ਕਲ ਸਮੇਂ ਵਿੱਚ ਮੈਟਜੇਮਜ਼ ਦੇ ਕੁੱਤੇ ਹੀ ਉਨ੍ਹਾਂ ਦੇ ਸਾਥੀ ਸਨ ਜੋ ਉਸ ਦੇ ਰੱਖਿਅਕ, ਦੋਸਤ, ਬੱਚੇ ਅਤੇ ਖਾਣੇ ਵਿੱਚ ਹਿੱਸੇਦਾਰ ਸਨ।

"ਜਦੋਂ ਮੈਨੂੰ ਕੁਝ ਖਾਣਾ ਮਿਲਦਾ ਤਾਂ ਉਨ੍ਹਾਂ ਨੂੰ ਵੀ ਉਸ ਵਿੱਚੋਂ ਕੁਝ ਮਿਲ ਜਾਂਦਾ ਅਤੇ ਜਦੋਂ ਮੈਨੂੰ ਕੁਝ ਨਾ ਮਿਲਦਾ ਤਾਂ ਮੈਂ ਉਨ੍ਹਾਂ ਦਾ ਕੁਝ ਖਾਣਾ ਖਾ ਲੈਂਦਾ।"

ਆਖ਼ਰ ਉਸ ਨੂੰ ਇੱਕ ਸਟੋਰ ਵਿੱਚ ਸੱਤ ਡਾਲਰ ਪ੍ਰਤੀ ਘੰਟੇ ਦੀ ਨੌਕਰੀ ਮਿਲ ਗਈ ਪਰ ਉੱਥੇ ਪਹੁੰਚਣ ਦੇ ਕਿਰਾਏ ਲਈ ਉਹ ਭੀਖ ਮੰਗਦਾ।

ਜਦੋਂ ਵੀ ਫੋਨ ਦੀ ਘੰਟੀ ਵਜਦੀ ਤਾਂ ਕੋਈ ਮਨਹੂਸ ਖ਼ਬਰ ਹੀ ਆਉਂਦੀ। ਮੈਟਜੇਮਜ਼ ਦੇ ਕੁਝ ਦੋਸਤ ਤੂਫ਼ਾਨ ਵਿੱਚ ਹੋਈ ਤਬਾਹੀ ਤੋਂ ਬਾਅਦ ਨਸ਼ੇ ਵੀ ਕਰਨ ਲੱਗ ਪਏ ਸਨ।

ਮੈਟਜੇਮਜ਼ ਇੰਨਾ ਟੁੱਟ ਚੁੱਕਿਆ ਸੀ ਕਿ ਕਈ ਵਾਰ ਟੀਵੀ ਸਾਹਮਣੇ ਬੈਠਾ ਬਿਨਾਂ ਚੈਨਲ ਬਦਲੇ ਉਸ ਨੂੰ ਘੂਰਦੇ ਰਹਿੰਦਾ।

ਆਪਣੇ ਆਪ ਨੂੰ ਜ਼ਿੰਦਾ ਰੱਖਣ ਦੀ ਉਸ ਦੀ ਕਾਬਲੀਅਤ ਉਸ ਦੇ ਹੱਥੋਂ ਧਿਲਕਦੀ ਜਾ ਰਹੀ ਸੀ ਕਿ ਇੱਕ ਫੋਨ ਕਾਲ ਨੇ ਉਨ੍ਹਾਂ ਦੀ ਜ਼ਿੰਦਗੀ ਪਲਟਾ ਦਿੱਤੀ।

ਇਹ ਵੀ ਪੜ੍ਹੋ:-

ਜਦੋਂ ਪਿਤਾ ਨੂੰ ਆਇਆ ਧੀ ਦਾ ਫੋਨ

ਟਾਇਲਰ ਉਸ ਸਮੇਂ 16 ਸਾਲਾਂ ਦੀ ਸੀ ਕਿ ਉਸ ਦੀ ਮਾਂ ਨੇ ਆ ਕੇ ਉਸ ਨੂੰ ਇੱਕ ਕਾਗਜ਼ ਦਾ ਟੁਕੜਾ ਫੜਾਇਆ ਜਿਸ ਦੇ ਇੱਕ ਪਾਸੇ ਪੀਓ ਬਾਕਸ ਨੰਬਰ ਅਤੇ ਦੂਜੇ ਪਾਸੇ ਇੱਕ ਮੋਬਾਈਲ ਨੰਬਰ ਲਿਖਿਆ ਹੋਇਆ ਸੀ।

ਉਸ ਦੀ ਮਾਂ ਨੇ ਕਿਹਾ ਕਿ ਇਸੇ ਰਾਹੀਂ ਉਹ ਆਪਣੇ ਪਿਤਾ ਨੂੰ ਮਿਲ ਸਕਦੀ ਹੈ।

ਟਾਇਲਰ ਦਾ ਕਹਿਣਾ ਹੈ, "ਇਹ ਕਾਗਜ਼ ਸ਼ਾਇਦ ਮਾਂ ਨੂੰ ਉਂਝ ਹੀ ਕਿਤੋਂ ਕਾਗਜ਼ਾਂ ਵਿੱਚੋਂ ਮਿਲ ਗਿਆ ਹੋਵੇਗਾ ਜੋ ਇਹ ਸੋਚ ਕੇ ਉਸ ਦੀ ਮਾਂ ਨੇ ਉਸ ਨੂੰ ਦੇ ਦਿੱਤਾ ਕਿ ਸ਼ਾਇਦ ਉਹ ਫੋਨ ਕਰਨਾ ਚਾਹੁੰਦੀ ਹੋਵੇ।"

"ਸ਼ੁਰੂ ਵਿੱਚ ਮੈਨੂੰ ਕੋਈ ਉਮੀਦ ਨਹੀਂ ਸੀ ਕਿ ਕੋਈ ਫੋਨ ਚੁੱਕੇਗਾ।"

ਟਾਇਲਰ ਦਾ ਕਹਿਣਾ ਹੈ ਕਿ ਉਸ ਨੇ ਤਾਂ ਕਾਲ ਵੀ ਕੋਈ ਬਹੁਤਾ ਸੋਚ ਵਿਚਾਰ ਕੇ ਨਹੀਂ ਕੀਤੀ। ਇਹ ਤਾਂ ਬਸ ਆਪ-ਮੁਹਾਰੇ ਹੋ ਗਿਆ।

ਦੂਜੇ ਪਾਸੇ ਮੈਟਜੇਮਜ਼ ਕੋਲ ਜਦੋਂ ਘੰਟੀ ਵੱਜੀ ਤਾਂ ਉਸ ਨੂੰ ਲੱਗਿਆ ਕਿ ਹਮੇਸ਼ਾ ਵਾਂਗ ਕੋਈ ਮਨਹੂਸ ਖ਼ਬਰ ਆਈ ਹੋਵੇਗੀ। ਫਿਰ ਉਸ ਨੂੰ ਟਾਇਲਰ ਦੀ ਅਵਾਜ਼ ਸੁਣਾਈ ਦਿੱਤੀ।

ਟਾਇਲਰ ਨੇ ਕਿਹਾ, "ਕੀ ਪਹਿਲਾਂ ਤੁਸੀਂ ਕਦੇ ਟਾਇਲਰ ਦਾ ਨਾਂਅ ਸੁਣਿਆ ਹੈ?"

ਮੈਟਜੇਮਜ਼-"ਟਾਇਲਰ, ਮੈਂ ਇਸ ਫੋਨ ਦੀ ਉਡੀਕ ਪਿਛਲੇ 16 ਸਾਲਾਂ ਤੋਂ ਕਰ ਰਿਹਾ ਸੀ।"

ਟਾਇਲਰ-"ਫਿਰ ਮੈਂ ਕਿਹਾ, ਕੀ ਤੁਸੀਂ ਮੈਨੂੰ ਨਫ਼ਰਤ ਕਰਦੇ ਹੋ।"

ਮੈਟਜੇਮਜ਼-"ਨਹੀਂ, ਮੈਂ ਤੁਹਾਨੂੰ ਨਫ਼ਰਤ ਨਹੀਂ ਕਰਦਾ। ਕੀ ਤੁਸੀਂ ਮੈਨੂੰ ਨਫ਼ਰਤ ਕਰਦੇ ਹੋ?"

ਟਾਇਲਰ-"ਨਹੀਂ।"

ਮੈਟਜੇਮਜ਼ ਨੇ ਦੱਸਿਆ, "ਮੇਰੇ ਕੋਲ ਉਸ ਨੂੰ ਦੇਣ ਲਈ ਕੁਝ ਨਹੀਂ ਸੀ ਅਤੇ ਅਸੀਂ ਸੰਗੀਤ, ਕਲਾ ਅਤੇ ਹੋਰ ਬਹੁਤ ਸਾਰੇ ਨਿੱਕ-ਸੁੱਕ ਬਾਰੇ ਗੱਲਾਂ ਕੀਤੀਆਂ।

ਟਾਇਲਰ ਦਾ ਕਹਿਣਾ ਹੈ ਕਿ ਜਦੋਂ ਕਾਲ ਖ਼ਤਮ ਹੋਈ ਤਾਂ ਦੋਵਾਂ ਨੂੰ ਪਤਾ ਸੀ ਕਿ ਜਦੋਂ ਚਾਹੁਣ ਕਾਲ ਕਰ ਸਕਦੇ ਹਨ।

''ਮੈਂ ਆਪਣੀ ਧੀ ਲਈ ਕੁਝ ਬਣਨਾ ਚਾਹੁੰਦਾ ਸੀ''

ਇਸ ਫੋਨ ਉੱਪਰ ਆਪਣੀ ਵਿਛੜੀ ਧੀ ਜਾਂ ਜਿਸ ਨੂੰ ਉਹ 16 ਸਾਲ ਪਹਿਲਾਂ ਸਵੈ-ਭਰੋਸੇ ਦੀ ਘਾਟ ਕਾਰਨ ਛੱਡ ਆਇਆ ਸੀ, ਨਾਲ ਹੋਈ ਗੱਲਬਾਤ ਤੋਂ ਬਾਅਦ ਮੈਟਜੇਮਜ਼ ਦੀ ਜ਼ਿੰਦਗੀ ਬਦਲ ਗਈ।

"ਮੈਨੂੰ ਲੱਗਿਆ ਮੇਰੀ ਰੀੜ੍ਹ ਸਿੱਧੀ ਹੋ ਗਈ ਹੈ ਅਤੇ ਮੇਰੀਆਂ ਅੱਖਾਂ ਖੁਲ੍ਹ ਗਈਆਂ ਹਨ। ਮੈਂ ਜ਼ਮੀਨ ਨੂੰ ਘੂਰਨਾ ਛੱਡ ਕੇ ਆਪਣੇ ਆਪ ਨੂੰ ਕਿਹਾ,"ਠੀਕ ਹੈ ਫਿਰ, ਮੈਂ ਲੌਸ ਏਂਜਲਿਸ ਵਿੱਚ ਹਾਂ ਅਤੇ ਮੇਰੀ ਧੀ ਨੂੰ ਲਗਦਾ ਹੈ ਇਹ ਬਹੁਤ ਵਧੀਆ ਹੈ। ਕਿਉਂ ਨਾ ਮੈਂ ਵੀ ਅਜਿਹਾ ਹੀ ਸੋਚਣਾ ਸ਼ੁਰੂ ਕਰ ਦੇਵਾਂ?"

ਹੁਣ ਮੈਟਜੇਮਜ਼ ਟਾਇਲਰ ਉਪਰ ਆਪਣਾ ਪ੍ਰਭਾਵ ਪਾਉਣਾ ਚਾਹੁੰਦਾ ਸੀ ਜਿਸ ਦਾ ਇੱਕੋ ਰਾਹ ਸਿਰਜਣਾਤਮਿਕਤਾ ਸੀ।

"ਮੈਂ ਅਜਿਹਾ ਆਪਣੇ ਘਰ ਜਾਂ ਆਪਣੇ ਬੈਂਕ ਅਕਾਊਂਟ ਰਾਹੀਂ ਨਹੀਂ ਸੀ ਕਰ ਸਕਦਾ। ਇਹ ਮੈਂ ਜਿੰਨਾ ਹੋ ਸਕੇ ਵਧੀਆ ਆਰਟਿਸਟ ਬਣ ਕੇ ਕਰ ਸਕਦਾ ਹਾਂ। ਹੁਣ ਮੈਂ ਜੋ ਕੁਝ ਵੀ ਹਾਸਲ ਕਰ ਸਕਿਆ ਹਾਂ ਉਹ ਟਾਇਲਰ ਦੀ ਬਦੌਲਤ ਹੈ।"

ਮੈਟਜੇਮਜ਼ ਨੇ ਆਪਣੇ ਕੰਮ ਦੀਆਂ ਪ੍ਰਦਰਸ਼ਨੀਆਂ ਲਾਉਣੀਆਂ ਮੁੜ ਤੋਂ ਸ਼ੁਰੂ ਕੀਤੀਆਂ। ਕੁਝ ਸਾਲਾਂ ਬਾਅਦ ਜਦੋਂ ਮੈਟਜੇਮਜ਼ ਦੀ ਇੱਕ ਪ੍ਰਦਰਸ਼ਨੀ ਖੁੱਲ੍ਹੀ ਤਾਂ ਟਾਲਰ ਪਹਿਲੀ ਵਾਰ ਆਪਣੇ ਪਿਤਾ ਨੂੰ ਮਿਲਣ ਲੌਸ ਏਂਜਲਸ ਪਹੁੰਚੀ।

ਟਾਇਲਰ ਦਾ ਕਹਿਣਾ ਹੈ ਕਿ ਪਹਿਲਾਂ ਉਹ ਕੁਝ ਘਬਰਾਈ ਹੋਈ ਸੀ ਪਰ ਮਿਲਦਿਆਂ ਹੀ ਸਾਰੀ ਘਬਰਾਹਟ ਹਵਾ ਹੋ ਗਈ। ਉਸ ਨੇ ਮੁਹਾਂਦਰੇ ਦੀਆਂ ਸਮਾਨਤਾਵਾਂ ਵੀ ਨੋਟ ਕਰ ਲਈਆਂ।

"ਮੇਰੇ ਵਾਲ ਘੁੰਘਰਾਲੇ ਹਨ ਜਦ ਕਿ ਮੇਰੀ ਮਾਂ ਦੇ ਸਿੱਧੇ ਤਾਂ ਮੇਰੇ ਵਾਲ ਸਿੱਧੇ ਕਰਨ ਬਾਰੇ ਹਮੇਸ਼ਾ ਘਰ ਵਿੱਚ ਚਰਚਾ ਹੁੰਦੀ ਰਹਿੰਦੀ। ਜਦੋਂ ਮੈਂ ਮੈਟਜੇਮਜ਼ ਨੂੰ ਮਿਲੀ ਤਾਂ ਸਾਡੇ ਦੋਹਾਂ ਦੇ ਘੁੰਘਰਾਲੇ ਵਾਲ ਸਨ। ਸਾਡੇ ਹੱਥ ਵੀ ਇੱਕੋ ਜਿਹੇ ਹਨ ਅਤੇ ਦੋਵਾਂ ਦੀਆਂ ਹਰੀਆਂ ਅੱਖਾਂ ਹਨ।"

ਮੈਟਜੇਮਜ਼ ਦੇ ਘਰ ਜਾਣ ਤੋਂ ਬਾਅਦ ਟਾਇਲਰ ਨੇ ਉਸ ਨੂੰ ਓਹਾਈਓ ਵਿੱਚ ਆਪਣੇ ਘਰ ਆਉਣ ਲਈ ਕਿਹਾ।

ਇਸ ਬਾਰੇ ਮੈਟਜੇਮਜ਼ ਨੇ ਦੱਸਿਆ, "ਮੈਨੂੰ ਪਤਾ ਸੀ ਕਿ ਉਹ ਠੀਕ ਹੈ ਅਤੇ ਮੈਨੂੰ ਅਜਿਹਾ ਕਰਨਾ ਪਵੇਗਾ।"

"ਮੇਰੇ ਲਈ ਇਹ ਇੱਕ ਮੌਕਾ ਸੀ, ਵੱਡੇ ਹੋਣ ਦਾ ਅਤੇ ਉਸ ਅਲੱੜ੍ਹ ਨੂੰ ਪਿੱਛੇ ਛੱਡ ਦੇਣ ਦਾ ਜੋ ਕਦੇ ਆਪਣੀ ਜ਼ਿੰਮੇਵਾਰੀ ਤੋਂ ਭੱਜਿਆ ਸੀ।"

ਆਖ਼ਰ ਜਦੋਂ ਮੈਟਜੇਮਜ਼ ਆਪਣੀ ਧੀ ਕੋਲ ਪਹੁੰਚਿਆ ਤਾਂ ਉਹ ਸੋਫ਼ੇ ਉੱਪਰ ਕੱਪੜਾ ਮੜ੍ਹ ਰਹੀ ਸੀ। ਮੈਟਜੇਮਜ਼ ਨੇ ਵੀ ਉਸ ਦਾ ਹੱਥ ਵਟਾਇਆ ਅਤੇ ਆਪਣੀ ਧੀ ਦੇ ਅੰਦਰਲਾ ਕਾਰੀਗਰ ਦੇਖਿਆ।

ਟਾਇਲਰ ਹੁਣ 29 ਸਾਲ ਦੀ ਹੈ। ਉਸ ਦਾ ਕਹਿਣਾ ਹੈ ਕਿ ਸੋਫਿਆਂ ਵਾਲੇ ਪਾਸੇ ਮੈਨੂੰ ਮੇਰੀ ਮਾਂ ਨੇ ਲਾਇਆ। ਸ਼ਾਇਦ ਇਹੀ ਉਹ ਕੰਮ ਸੀ ਜਿੱਥੇ ਸਾਡੇ ਤਿੰਨਾਂ ਦੇ ਦਿਮਾਗ ਮਿਲਦੇ ਸਨ।

ਟਾਇਲਰ ਦੇ ਤਿੰਨੋਂ ਮਾਪੇ, ਉਸਦੀ ਮਾਂ, ਪਿਤਾ, ਮਤਰੇਆ-ਪਿਤਾ ਸਾਰੇ ਹੀ ਆਰਟਿਸਟ ਹਨ। ਟਾਇਲਰ ਹੁਣ ਯੂਨੀਵਰਸਿਟੀ ਆਫ਼ ਵਰਜੀਨੀਆ ਵਿੱਚ ਕਰਾਫ਼ਟ ਅਤੇ ਮਟੀਰੀਅਲ ਸਟਡੀਜ਼ ਦੀ ਵਿਦਿਆਰਥਣ ਹੈ।

ਬੀਤੇ ਸਾਲਾਂ ਦੌਰਾਨ ਟਾਇਲਰ ਅਤੇ ਮੈਟਜੇਮਜ਼ ਨੇ ਬਹੁਤ ਵਾਰ ਉਸ ਨੂੰ ਛੱਡ ਜਾਣ ਬਾਰੇ ਬਾਰੇ ਗੱਲ ਕੀਤੀ ਹੈ।

ਮੈਟਜੇਮਜ਼ ਮੁਤਾਬਕ ਟਾਇਲਰ ਸਮਝਦੀ ਹੈ ਕਿ ਉਸ ਨੂੰ "ਕਿਉਂ ਜਾਣਾ ਪਿਆ।"

ਮੈਟਜੇਮਜ਼ ਨੇ ਕਿਹਾ, "ਕੁਝ ਹਫ਼ਤੇ ਪਹਿਲਾਂ ਅਸੀਂ ਇਸ ਬਾਰੇ ਗੱਲ ਕਰ ਰਹੇ ਸੀ ਤਾਂ ਟਾਇਲਰ ਨੇ ਕਿਹਾ ਤੁਸੀਂ ਇੱਥੇ ਨਹੀਂ ਰਹਿ ਸਕਦੇ ਸੀ। ਚਾਹੇ ਕੁਝ ਵੀ ਹੋਵੇ, ਇਹ ਤੁਹਾਡੇ ਲਈ ਸਹੀ ਨਹੀਂ ਸੀ ਹੋਣਾ। ਇਸ ਲਈ ਤੁਹਾਡੇ ਕੋਲ ਕੋਈ ਅਜਿਹਾ ਇਨਸਾਨ ਹੋਣਾ ਜੋ ਤੁਹਾਨੂੰ ਸਮਝਦਾ ਹੋਵੇ ਬਹੁਤ ਚੰਗਾ ਹੈ। ਅਤੇ ਇਹ ਉਸ ਦੀ ਬਹਾਦਰੀ ਹੈ।"

ਟਾਇਲਰ ਪਰਿਵਾਰ ਛੱਡ ਕੇ ਚਲੇ ਜਾਣ ਵਾਲੇ ਪਿਤਾ ਬਾਰੇ ਸਮਾਜਿਕ ਸੋਚ ਤੋਂ ਜਾਣੂੰ ਹੈ। ਇਸ ਦੇ ਨਾਲ ਹੀ ਉਹ ਕਹਿੰਦੀ ਹੈ ਕਿ ਮੈਟਜੇਮਜ਼ ਨੇ ਜੋ ਕੀਤਾ ਉਹ ਸਹੀ ਸੀ। ਉਸ ਦੇ ਆਪਣੇ ਲਈ ਵੀ ਅਤੇ ਅਖ਼ੀਰ ਵਿੱਚ ਟਾਇਲਰ ਲਈ ਵੀ।

ਜੇ ਟਾਇਲਰ ਆਪਣੇ ਪਿਤਾ ਨੂੰ ਸਮਾਜਿਕ ਐਨਕਾਂ ਰਾਹੀਂ ਦੇਖਦੀ ਤਾਂ ਕੁਝ ਵੀ ਹਾਸਲ ਨਹੀਂ ਸੀ ਹੋਣਾ। ਜਦਕਿ ਹੁਣ ਉਸ ਨੂੰ ਇੱਕ ਨਵਾਂ ਪਰਿਵਾਰ ਮਿਲਿਆ ਹੈ, ਇਹੀ ਜ਼ਿੰਦਗੀ ਦੀ ਖ਼ੂਬਸੂਰਤੀ ਹੈ।

ਹੈਲਪਲਾਈਨ ਨੰਬਰ
BBC
ਕੋਰੋਨਾਵਾਇਰਸ
BBC

ਇਹ ਵੀਡੀਓ ਵੀ ਦੇਖੋ

https://www.youtube.com/watch?v=QLFnrk6XF00

https://www.youtube.com/watch?v=U_LriNEIkfs

https://www.youtube.com/watch?v=PSo88pojBu8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''1ab007e4-eb32-4ca8-ab1a-54a1cd0e1ef5'',''assetType'': ''STY'',''pageCounter'': ''punjabi.international.story.53349819.page'',''title'': ''ਅੱਲੜ੍ਹਪੁਣੇ ਵਿੱਚ ਨਵਜੰਮੀ ਧੀ ਛੱਡ ਕੇ ਭੱਜੇ ਬਾਪ ਨੂੰ ਜਦੋਂ 16 ਸਾਲ ਬਾਅਦ ਉਹ ਮਿਲੀ ਤਾਂ ਕੀ ਹੋਇਆ'',''published'': ''2020-07-12T06:33:01Z'',''updated'': ''2020-07-12T06:33:27Z''});s_bbcws(''track'',''pageView'');

Related News