ਮਹਾਰਾਜਾ ਰਣਜੀਤ ਸਿੰਘ ਦੀ ਉਹ ਪਸੰਦੀਦਾ ਘੋੜੀ ਜਿਸ ਨੂੰ ਹਾਸਲ ਕਰਨ ਲਈ ਜੰਗ ਤੇ ਖ਼ੂਨ ਖ਼ਰਾਬਾ ਹੋਇਆ
Monday, Jun 29, 2020 - 11:49 AM (IST)


18ਵੀਂ ਸਦੀ ਦਾ 30ਵਾਂ ਸਾਲ। ਅੰਦਰੂਨੀ ਸ਼ਹਿਰ ਦੀਆਂ ਸੜਕਾਂ ਨੂੰ ਰਗੜ-ਰਗੜ ਕੇ ਦੋ ਦਿਨ ਤੱਕ ਧੋਣਾ ਸੰਕੇਤ ਦੇ ਰਿਹਾ ਸੀ ਕਿ ਜਿਸ ਨੇ ਇਨ੍ਹਾਂ ''ਤੇ ਚੱਲਣਾ ਹੈ, ਉਹ ਬਹੁਤ ਹੀ ਖ਼ਾਸ ਹੈ।
ਲਾਹੌਰ ਉਦੋਂ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਦੀ ਰਾਜਧਾਨੀ ਸੀ। 19 ਸਾਲ ਦੀ ਉਮਰ ਵਿੱਚ ਜੁਲਾਈ, 1799 ਵਿੱਚ ਲਾਹੌਰ ''ਤੇ ਕਬਜ਼ਾ ਕਰਨ ਦੇ ਬਾਅਦ ਆਪਣੇ ਨਾਮ ''ਰਣਜੀਤ'' ਯਾਨੀ ''ਜੰਗ ਦੇ ਮੈਦਾਨ ਵਿੱਚ ਜਿੱਤ'' ਦੀ ਲਾਜ ਰੱਖਦੇ ਹੋਏ ਗੁੱਜਰਾਂਵਾਲਾ ਦਾ ਇਹ ਸਿੱਖ ਜੱਟ ਯੋਧਾ ਅੰਮ੍ਰਿਤਸਰ, ਮੁਲਤਾਨ, ਦਿੱਲੀ, ਲੱਦਾਖ ਅਤੇ ਪੇਸ਼ਾਵਰ ਤੱਕ ਆਪਣੇ ਸਾਮਰਾਜ ਨੂੰ ਫੈਲਾ ਚੁੱਕਿਆ ਸੀ।
40 ਸਾਲ ਤੱਕ ਪੰਜਾਬ ''ਤੇ ਸ਼ਾਸਨ ਕਰਨ ਵਾਲੇ ਰਣਜੀਤ ਸਿੰਘ ਪੈਰ ਜ਼ਮੀਨ ''ਤੇ ਰੱਖਣ ਦੀ ਬਜਾਏ ਘੋੜਸਵਾਰੀ ਕਰਨਾ ਜ਼ਿਆਦਾ ਪਸੰਦ ਕਰਦੇ ਸਨ।
ਉਨ੍ਹਾਂ ਦੇ ਸ਼ਾਹੀ ਤਬੇਲੇ ਵਿੱਚ 12 ਹਜ਼ਾਰ ਘੋੜੇ ਸਨ ਅਤੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਵਿੱਚੋਂ ਕੋਈ ਵੀ 20 ਹਜ਼ਾਰ ਰੁਪਇਆਂ ਤੋਂ ਘੱਟ ਕੀਮਤ ਵਿੱਚ ਨਹੀਂ ਖਰੀਦਿਆ ਗਿਆ ਸੀ। ਉਨ੍ਹਾਂ ਵਿੱਚੋਂ ਇੱਕ ਹਜ਼ਾਰ ਘੋੜੇ ਸਿਰਫ਼ ਮਹਾਰਾਜਾ ਲਈ ਸਨ।
ਉਹ ਬਿਨਾਂ ਥਕੇ ਘੋੜ ਸਵਾਰੀ ਕਰ ਸਕਦੇ ਸਨ। ਜੇਕਰ ਕੋਈ ਸਮੱਸਿਆ ਹੁੰਦੀ ਜਾਂ ਗੁੱਸਾ ਹੁੰਦੇ ਤਾਂ ਆਪਣੇ ਆਪ ਨੂੰ ਕੰਟਰੋਲ ਵਿੱਚ ਰੱਖਣ ਲਈ ਘੋੜ ਸਵਾਰੀ ਕਰਦੇ।
ਦੋ ਘੋੜੇ ਹਮੇਸ਼ਾ ਉਨ੍ਹਾਂ ਦੀ ਸਵਾਰੀ ਲਈ ਤਿਆਰ ਹੁੰਦੇ ਸਨ ਅਤੇ ਘੋੜੇ ਦੀ ਪਿੱਠ ''ਤੇ ਬੈਠਣ ''ਤੇ ਉਨ੍ਹਾਂ ਦਾ ਦਿਮਾਗ਼ ਖ਼ੂਬ ਚੱਲਦਾ।
ਮਹਿਮਾਨਾਂ ਨਾਲ ਘੋੜਿਆਂ ਦੇ ਵਿਸ਼ੇ ''ਤੇ ਹੀ ਗੱਲ ਕਰਨਾ ਪਸੰਦ ਸੀ ਅਤੇ ਉਨ੍ਹਾਂ ਦੇ ਦੋਸਤ ਜਾਣਦੇ ਸਨ ਕਿ ਚੰਗੀ ਨਸਲ ਦਾ ਘੋੜਾ ਰਣਜੀਤ ਸਿੰਘ ਦੀ ਕਮਜ਼ੋਰੀ ਹੈ।
ਇਹੀ ਵਜ੍ਹਾ ਹੈ ਕਿ ਅੰਗਰੇਜ਼ ਬਾਦਸ਼ਾਹ ਨੇ ਜਿੱਥੇ ਉਨ੍ਹਾਂ ਨੂੰ ਸਕੌਟਿਸ਼ ਘੋੜੇ ਤੋਹਫ਼ੇ ਵਿੱਚ ਦਿੱਤੇ ਤਾਂ ਹੈਦਰਾਬਾਦ ਦੇ ਨਿਜ਼ਾਮ ਨੇ ਵੱਡੀ ਸੰਖਿਆ ਵਿੱਚ ਅਰਬੀ ਨਸਲ ਦੇ ਘੋੜੇ ਭੇਜੇ ਸਨ।

- ਕੋਰੋਨਾ ਮਹਾਮਾਰੀ ਦੇ ਬਹਾਨੇ ਤੁਹਾਡੀ ਜਸੂਸੀ ਇਸ ਹਦ ਤੱਕ ਕੀਤੀ ਜਾ ਸਕਦੀ ਹੈ
- ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
- ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
- ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ
ਰਣਜੀਤ ਸਿੰਘ ਨੇ ਆਪਣੇ ਘੋੜਿਆਂ ਦੇ ਨਸੀਮ, ਰੂਹੀ ਅਤੇ ਗੌਹਰ ਵਰਗੇ ਸ਼ਾਇਰਾਨਾ ਨਾਂ ਰੱਖੇ ਹੋਏ ਸਨ। ਖ਼ੂਬਸੂਰਤ ਘੋੜਿਆਂ ਦੇ ਤਾਂ ਉਹ ਦੀਵਾਨੇ ਸਨ ਹੀ ਅਤੇ ਉਨ੍ਹਾਂ ਨੂੰ ਹਾਸਲ ਕਰਨ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਸਨ।
ਇਸ ਦਾ ਉਦਾਹਰਨ ਝੰਗ ਦੇ ਇੱਕ ਨਵਾਬ ਤੋਂ ਘੋੜਿਆਂ ਦੀ ਮੰਗ ਅਤੇ ਇਨਕਾਰ ''ਤੇ ਹੋਣ ਵਾਲੀ ਕਾਰਵਾਈ ਹੈ। ਮਹਾਰਾਜਾ ਨੂੰ ਕਿਧਰੋਂ ਪਤਾ ਲੱਗਿਆ ਕਿ ਝੰਗ ਦੇ ਨਵਾਬ ਕੋਲ ਬਹੁਤ ਚੰਗੇ ਘੋੜੇ ਹਨ।
ਸੰਦੇਸ਼ ਭਿਜਵਾਇਆ ਕਿ ਉਨ੍ਹਾਂ ਵਿੱਚੋਂ ਕੁਝ ਘੋੜੇ ਤੋਹਫ਼ੇ ਵਿੱਚ ਦਿੱਤੇ ਜਾਣ। ਨਵਾਬ ਨੇ ਇਸ ਗੱਲ ਦਾ ਮਜ਼ਾਕ ਉਡਾਉਂਦੇ ਹੋਏ ਘੋੜੇ ਦੇਣ ਤੋਂ ਮਨਾ ਕਰ ਦਿੱਤਾ ਤਾਂ ਰਣਜੀਤ ਸਿੰਘ ਨੇ ਹਮਲਾ ਕਰਕੇ ਨਵਾਬ ਦੇ ਇਲਾਕੇ ''ਤੇ ਕਬਜ਼ਾ ਕਰ ਲਿਆ।
ਨਵਾਬ ਉਸ ਸਮੇਂ ਤਾਂ ਘੋੜਿਆਂ ਨੂੰ ਲੈ ਕੇ ਫਰਾਰ ਹੋ ਗਿਆ, ਪਰ ਕੁਝ ਦਿਨਾਂ ਬਾਅਦ ਵਾਪਸ ਆਇਆ ਅਤੇ ਉਨ੍ਹਾਂ ਨੂੰ ਮਹਾਰਾਜਾ ਦੀ ਸੇਵਾ ਵਿੱਚ ਪੇਸ਼ ਕਰ ਦਿੱਤਾ।

ਜਦੋਂ ਰਣਜੀਤ ਸਿੰਘ ਦਾ ਘੋੜੇ ''ਤੇ ਦਿਲ ਆ ਗਿਆ
ਅਜਿਹਾ ਹੀ ਕੁਝ ''ਸ਼ੀਰੀਂ'' ਨਾਂ ਦੇ ਘੋੜੇ ਲਈ ਹੋਇਆ ਜਦੋਂ ਸ਼ਹਿਜ਼ਾਦਾ ਖੜਕ ਸਿੰਘ ਦੀ ਕਮਾਨ ਵਿੱਚ ਫ਼ੌਜ ਦੀ ਚੜ੍ਹਾਈ ਹੋਈ ਅਤੇ ਉਸਦੇ (ਸ਼ੀਰੀਂ ਦੇ) ਮਾਲਕ ਸ਼ੇਰ ਖ਼ਾਨ ਨੇ ਦਸ ਹਜ਼ਾਰ ਰੁਪਏ ਸਾਲਾਨਾ ਦੀ ਜਾਗੀਰ ਬਦਲੇ ਇਹ ਘੋੜਾ ਰਣਜੀਤ ਸਿੰਘ ਨੂੰ ਦੇਣਾ ਮਨਜ਼ੂਰ ਕੀਤਾ।
ਤੇਜ਼ ਰਫ਼ਤਾਰ ''ਸਫ਼ੈਦ ਪਰੀ'' ਨਾਮਕ ਘੋੜੀ ਮੁਨਕਿਰਾ ਦੇ ਨਵਾਬ ਕੋਲ ਸੀ। ਰਣਜੀਤ ਸਿੰਘ ਦਾ ਦਿਲ ਉਸ ''ਤੇ ਆਇਆ ਤਾਂ ਆਪਣੇ ਜਨਰਲ ਮਿਸ਼ਰ ਚੰਦ ਦੀਵਾਨ ਨੂੰ ਲਿਖਿਆ ਕਿ ਉਹ ਨਵਾਬ ਤੋਂ ਘੋੜਾ ਮੰਗੇ ਅਤੇ ਜੇਕਰ ਉਹ ਮਨ੍ਹਾਂ ਕਰੇ ਤਾਂ ਉਸ ਦੀ ਜਾਇਦਾਦ ਖੋਹ ਲਈ ਜਾਵੇ।
ਲਾਹੌਰ ਦੇ ਜਿਨ੍ਹਾਂ ਰਸਤਿਆਂ ਦੀ ਸਫ਼ਾਈ ਦਾ ਜ਼ਿਕਰ ਲੇਖ ਦੇ ਸ਼ੁਰੂ ਵਿੱਚ ਹੋਇਆ ਹੈ ਉਹ ਵੀ ਇੱਕ ਘੋੜੀ ਲਈ ਸਜਾਏ ਜਾ ਰਹੇ ਸਨ ਕਿ ਕਿਧਰੇ ਅਜਿਹਾ ਨਾ ਹੋਵੇ ਕਿ ਅਸਪ-ਏ-ਲੈਲਾ (ਘੋੜਿਆਂ ਦੀ ਲੈਲਾ) ਕਹਾਏ ਜਾਣ ਵਾਲੇ ਮਹਾਰਾਜ ਦੇ ਇਸ ਪਸੰਦੀਦਾ ਜਾਨਵਰ ਦੇ ਨਥਨਾਂ ਵਿੱਚ ਮਿੱਟੀ ਦਾ ਕੋਈ ਕਣ ਚਲਾ ਜਾਵੇ।
ਲੈਲਾ ਸੀ ਵੀ ਤਾਂ ਖ਼ੂਬਸੂਰਤੀ ਵਿੱਚ ਬੇਮਿਸਾਲ, ਪਰ ਮਹਾਰਾਜਾ ਦਾ ਇਸਨੂੰ ਪਾਉਣ ਦਾ ਜਜ਼ਬਾ ਵੀ ਓਨਾ ਹੀ ਜ਼ਿਆਦਾ ਸੀ। ਉਸ ਘੋੜੀ ਦੀ ਖ਼ੂਬਸੂਰਤੀ ਦੀ ਚਰਚਾ ਫ਼ਾਰਸ ਅਤੇ ਅਫ਼ਗਾਨਿਸਤਾਨ ਤੱਕ ਸੀ।
ਉਸਦੇ ਮਾਲਕ ਪੇਸ਼ਾਵਰ ਦੇ ਸ਼ਾਸਕ ਯਾਰ ਮੁਹੰਮਦ ਰਣਜੀਤ ਸਿੰਘ ਲਈ ਟੈਕਸ ਵਸੂਲਦੇ ਸਨ। ਉਹ ਇਸ ਘੋੜੀ ਲਈ ਸ਼ਾਹ ਇਰਾਨ ਫ਼ਤਿਹ ਅਲੀ ਖ਼ਾਨ ਕਚਾਰੀ ਦੀ ਪੰਜਾਹ ਹਜ਼ਾਰ ਰੁਪਏ ਨਕਦ ਅਤੇ ਪੰਜਾਹ ਹਜ਼ਾਰ ਰੁਪਏ ਸਾਲਾਨਾ ਜਾਗੀਰ ਅਤੇ ਰੋਮ ਦੇ ਸੁਲਤਾਨ ਦੀ ਪੇਸ਼ਕਸ਼ ਠੁਕਰਾ ਚੁੱਕੇ ਸਨ।
ਇਹ ਵੀ ਪੜ੍ਹੋ:
- ਰਣਜੀਤ ਸਿੰਘ ਨੇ ਖਾਲਸੇ ਦੇ ਸੰਕਲਪ ਨੂੰ ਸੱਤਾ ''ਚ ਕਿਵੇਂ ਉਤਾਰਿਆ
- ਰਣਜੀਤ ਸਿੰਘ ਮਨਜ਼ੂਰ ਤਾਂ ਭਗਤ ਸਿੰਘ ਕਿਉਂ ਨਹੀਂ
- ਖ਼ਸਤਾ ਹਾਲ ''ਚ ਮਹਾਰਾਜਾ ਰਣਜੀਤ ਸਿੰਘ ਦੀਆਂ ਯਾਦਗਾਰਾਂ
ਜਦੋਂ ਘੋੜੀ ਦੀ ਮੌਤ ਬਾਰੇ ਖ਼ਬਰ ਆਈ
ਕਨੱਹੀਆ ਲਾਲ ਅਨੁਸਾਰ ਜਦੋਂ ਪੇਸ਼ਾਵਰ ਰਣਜੀਤ ਸਿੰਘ ਦੇ ਅਧੀਨ ਹੋਇਆ ਤਾਂ ਉਨ੍ਹਾਂ ਨੂੰ ਲੈਲਾ ਬਾਰੇ ਨਹੀਂ ਪਤਾ ਸੀ, ਪਰ ਜਦੋਂ 1823 ਵਿੱਚ ਉਨ੍ਹਾਂ ਨੂੰ ਇਸਦੀ ਖ਼ਬਰ ਮਿਲੀ ਤਾਂ ਉਹ ''ਮਜਨੂ'' ਹੋ ਗਏ।
ਰਣਜੀਤ ਸਿੰਘ ਨੇ ਘੋੜੀ ਬਾਰੇ ਪੁੱਛ ਪੜਤਾਲ ਕਰਨ ਲਈ ਇੱਕ ਪੂਰੀ ਟੀਮ ਬਣਾ ਦਿੱਤੀ। ਕੁਝ ਨੇ ਕਿਹਾ ਕਿ ਘੋੜੀ ਪੇਸ਼ਾਵਰ ਵਿੱਚ ਹੈ ਜਦਕਿ ਦੂਜਿਆਂ ਅਨੁਸਾਰ ਇਹ ਪਤਾ ਚੱਲਦੇ ਹੀ ਕਿ ਮਹਾਰਾਜਾ ਰਣਜੀਤ ਸਿੰਘ ਦੀ ਦਿਲਚਸਪੀ ਇਸ ਘੋੜੀ ਵਿੱਚ ਹੈ, ਉਸਨੂੰ ਕਾਬੁਲ ਭੇਜ ਦਿੱਤਾ ਗਿਆ ਸੀ।
ਇਹ ਸੂਚਨਾ ਮਿਲਦੇ ਹੀ ਮਹਾਰਾਜਾ ਨੇ ਆਪਣੇ ਖ਼ਾਸ ਦੂਤ ਫਕੀਰ ਅਜ਼ੀਜ਼ੂਦੀਨ ਨੂੰ ਪੇਸ਼ਾਵਰ ਭੇਜਿਆ। ਉਹ ਵਾਪਸੀ ''ਤੇ ਤੋਹਫ਼ੇ ਵਿੱਚ ਕੁਝ ਚੰਗੇ ਘੋੜੇ ਨਾਲ ਲਿਆਏ, ਪਰ ਲੈਲਾ ਉਨ੍ਹਾਂ ਵਿੱਚ ਸ਼ਾਮਲ ਨਹੀਂ ਸੀ ਕਿਉਂਕਿ ਯਾਰ ਮੁਹੰਮਦ ਨੇ ਰਣਜੀਤ ਸਿੰਘ ਦੇ ਦੂਤ ਨੂੰ ਦੱਸਿਆ ਸੀ ਕਿ ਉਸ ਕੋਲ ਉਹ ਘੋੜੀ ਨਹੀਂ ਹੈ।
ਰਣਜੀਤ ਸਿੰਘ ਨੂੰ ਯਕੀਨ ਸੀ ਕਿ ਯਾਰ ਮੁਹੰਮਦ ਝੂਠ ਬੋਲ ਰਹੇ ਹਨ। ਯਾਰ ਮੁਹੰਮਦ ਦਾ 12 ਸਾਲਾ ਪੁੱਤਰ ਮਹਾਰਾਜ ਦੇ ਦਰਬਾਰ ਵਿੱਚ ਸੀ। ਇੱਕ ਵਾਰ ਉਸਨੇ ਮਹਾਰਾਜ ਦੇ ਕਿਸੇ ਘੋੜੇ ਦਾ ਪਿੱਛਾ ਲੈਲਾ ''ਤੇ ਕੀਤਾ ਸੀ। ਮਹਾਰਾਜਾ ਨੇ ਪੁੱਛਿਆ ਕੀ ਲੈਲਾ ਜ਼ਿੰਦਾ ਹੈ ਤਾਂ ਲੜਕੇ ਨੇ ਜਵਾਬ ਦਿੱਤ, "ਹਾਂ ਬਿਲਕੁਲ।"
ਯਾਰ ਮੁਹੰਮਦ ਨੇ ਆਪਣੀ ਘੋੜੀ ਰਣਜੀਤ ਸਿੰਘ ਦੇ ਹਵਾਲੇ ਕਰਨਾ ਸਵੀਕਾਰ ਨਹੀਂ ਕੀਤਾ ਅਤੇ ਸਇਅਦ ਅਹਿਮਦ ਬਰੇਲਵੀ ਨੂੰ ਜਾ ਕੇ ਮਿਲੇ ਜੋ ਉਸ ਸਮੇਂ ਮਹਾਰਾਜ ਨਾਲ ਯੁੱਧ ਕਰ ਰਹੇ ਸਨ।
ਸਾਲ 1826 ਵਿੱਚ ਬੁੱਧ ਸਿੰਘ ਸਿੰਧਰੀ ਵਾਲੀਆ ਦੀ ਅਗਵਾਈ ਵਿੱਚ ਇੱਕ ਸਿੱਖ ਫ਼ੌਜ ਬਰੇਲਵੀ ਨਾਲ ਨਜਿੱਠਣ ਅਤੇ ਘੋੜੀ ਲੈਣ ਲਈ ਪੇਸ਼ਾਵਰ ਜਾ ਪਹੁੰਚੀ। ਹੁਕਮ ਸੀ ਕਿ ਕੁਝ ਵੀ ਹੋ ਜਾਵੇ ਘੋੜੀ ਹਰ ਕੀਮਤ ''ਤੇ ਲਾਹੌਰ ਦਰਬਾਰ ਪਹੁੰਚਣੀ ਚਾਹੀਦੀ ਹੈ। ਉਸ ਸਮੇਂ ਇੱਕ ਖ਼ੂਨੀ ਜੰਗ ਹੋਈ ਜਿਸ ਵਿੱਚ ਹਜ਼ਾਰਾਂ ਲੋਕ ਮਾਰੇ ਗਏ।
ਬੁੱਧ ਸਿੰਘ ਨੂੰ ਵੀ ਯਾਰ ਮੁਹੰਮਦ ਨੇ ਘੋੜੇ ਤੋਹਫ਼ੇ ਵਿੱਚ ਦਿੱਤੇ, ਪਰ ਲੈਲਾ ਬਾਰੇ ਫਿਰ ਦੱਸਿਆ ਕਿ ਉਹ ਤਾਂ ਮਰ ਚੁੱਕੀ ਹੈ, ਪਰ ਰਣਜੀਤ ਸਿੰਘ ਦੇ ਜਾਸੂਸਾਂ ਦੀ ਖ਼ਬਰ ਸੀ ਕਿ ਘੋੜੀ ਜ਼ਿੰਦਾ ਹੈ।

ਮਹਾਰਾਜਾ ਨੇ ਗੁੱਸੇ ਵਿੱਚ ਸ਼ਹਿਜ਼ਾਦੇ ਖੜਕ ਸਿੰਘ ਦੀ ਅਗਵਾਈ ਵਿੱਚ ਇੱਕ ਹੋਰ ਅਭਿਆਨ ਸ਼ੁਰੂ ਕੀਤਾ।
ਫਰਾਂਸੀਸੀ ਜਰਨਲ ਵੈਂਟੋਰਾ ਜੋ ਪਹਿਲਾਂ ਨੈਪੋਲੀਅਨ ਦੀ ਫ਼ੌਜ ਵਿੱਚ ਸਨ, ਉਹ ਹੁਣ ਮਹਾਰਾਜਾ ਦੇ ਖਾਸ ਵਿਸ਼ਵਾਸਪਾਤਰ ਬਣ ਚੁੱਕੇ ਸਨ। ਉਹ ਇਸ ਅਭਿਆਨ ਦਾ ਅਹਿਮ ਹਿੱਸਾ ਸਨ, ਪਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੇਸ਼ਾਵਰ ਪਹੁੰਚਣ ਤੋਂ ਪਹਿਲਾਂ ਹੀ ਯਾਰ ਮੁਹੰਮਦ ਨੂੰ, ਉਨ੍ਹਾਂ ਦੇ ਕਬੀਲੇ ਵਾਲਿਆਂ ਨੇ ਮਾਰ ਦਿੱਤਾ ਸੀ।
ਕੁਝ ਕਹਾਵਤਾਂ ਅਜਿਹੀਆਂ ਵੀ ਹਨ ਜੋ ਯਾਰ ਮੁਹੰਮਦ ਦੇ ਪਹਾੜਾਂ ਵਿੱਚ ਗੁੰਮ ਹੋ ਜਾਣ ਦੀਆਂ ਗੱਲਾਂ ਕਰਦੀਆਂ ਹਨ। ਜੋ ਵੀ ਹੋਵੇ ਉਨ੍ਹਾਂ ਦੀ ਜਗ੍ਹਾ ਉਨ੍ਹਾਂ ਦੇ ਭਰਾ ਸੁਲਤਾਨ ਮੁਹੰਮਦ ਨੇ ਲੈ ਲਈ।
ਇਸ ਅਭਿਆਨ ਵਿੱਚ ਲਾਹੌਰ ਦਰਬਾਰ ਨੇ ਜਿੱਤ ਹਾਸਲ ਕੀਤੀ। ਜਦੋਂ ਸੁਲਤਾਨ ਮੁਹੰਮਦ ਤੋਂ ਜਨਰਲ ਵੈਂਟੋਰਾ ਨੇ ਲੈਲਾ ਦੀ ਮੰਗ ਕੀਤੀ ਤਾਂ ਉਨ੍ਹਾਂ ਨੇ ਵੀ ਇਹੀ ਦੱਸਿਆ ਕਿ ਲੈਲਾ ਮਰ ਚੁੱਕੀ ਹੈ।
https://www.youtube.com/watch?v=m_8OMRlWptw
ਆਖਰ ਘੋੜੀ 7 ਸਾਲਾਂ ਬਾਅਦ ਮਿਲੀ
ਪਰ ਵੈਂਟੋਰਾ ਨੇ ਨਵੇਂ ਸ਼ਾਸਕ ਨੂੰ ਉਨ੍ਹਾਂ ਦੇ ਹੀ ਮਹਿਲ ਵਿੱਚ ਕੈਦ ਕਰ ਦਿੱਤਾ ਅਤੇ ਚੇਤਾਵਨੀ ਦਿੱਤੀ ਕਿ 24 ਘੰਟਿਆਂ ਦੇ ਅੰਦਰ ਉਨ੍ਹਾਂ ਦਾ ਸਿਰ ਕਲਮ ਕਰ ਦਿੱਤਾ ਜਾਵੇਗਾ।
ਉਦੋਂ ਜਾ ਕੇ ਸੁਲਤਾਨ ਮੁਹੰਮਦ ਘੋੜੀ ਉਨ੍ਹਾਂ ਦੇ ਹਵਾਲੇ ਕਰਨ ''ਤੇ ਰਾਜ਼ੀ ਹੋਏ, ਪਰ ਇਤਿਹਾਸਕਾਰਾਂ ਅਨੁਸਾਰ ਅਜਿਹਾ ਕਰਦੇ ਹੋਏ ਉਹ ''ਇੱਕ ਬੱਚੇ ਦੀ ਤਰ੍ਹਾਂ ਬਿਲਖ ਬਿਲਖ ਕੇ ਰੋਏ।''
ਪੇਸ਼ਾਵਰ ਤੋਂ ਘੋੜੀ ਨੂੰ ਤੁਰੰਤ ਇੱਕ ਖ਼ਾਸ ਗੱਡੀ ਵਿੱਚ 500 ਫ਼ੌਜੀਆਂ ਦੀ ਸੁਰੱਖਿਆ ਵਿੱਚ ਲਾਹੌਰ ਰਵਾਨਾ ਕੀਤਾ ਗਿਆ। ਇਹ ਬਾਦਾਮੀ ਬਾਗ਼ ਅਤੇ ਕਿਲ੍ਹੇ ਦੇ ਆਸ-ਪਾਸ ਧੋਈਆਂ ਹੋਈਆਂ ਸੜਕਾਂ ਤੋਂ ਗੁਜ਼ਰਦੀ ਹੋਈ ਪੱਛਮੀ ਅਕਬਰੀ ਦਰਵਾਜ਼ੇ ''ਤੇ ਲਾਹੌਰ ਪਹੁੰਚੀ।
ਇਹ ਸਨ 1830 ਦੀ ਘਟਨਾ ਹੈ, ਯਾਨੀ ਪਹਿਲੀ ਖ਼ਬਰ ਤੋਂ ਪਹਿਲੀ ਝਲਕ ਤੱਕ ਦੀ ਯਾਤਰਾ ਸੱਤ ਸਾਲ ਦੀ ਰਹੀ।
ਲੈਲਾ ਦੇ ਆਉਣ ''ਤੇ ਸਿੱਖ ਰਾਜਧਾਨੀ ਵਿੱਚ ਜਸ਼ਨ ਦਾ ਮਾਹੌਲ ਸੀ ਕਿਉਂਕਿ ਮਹਾਰਾਜ ਦਾ ਸੁਪਨਾ ਇੱਕ ਅਰਸੇ ਬਾਅਦ ਪੂਰਾ ਹੋ ਰਿਹਾ ਸੀ।
ਸਰ ਲੇਪਲ ਹੈਨਰੀ ਗ੍ਰਿਫਿਨ ਅਨੁਸਾਰ ਰਣਜੀਤ ਸਿੰਘ ਨੇ ਜਰਮਨ ਸੈਲਾਨੀ ਬੈਰਨ ਚਾਰਲਸ ਹੇਗਲ ਨੂੰ ਖ਼ੁਦ ਦੱਸਿਆ ਕਿ 60 ਲੱਖ ਰੁਪਏ ਅਤੇ 12 ਹਜ਼ਾਰ ਫ਼ੌਜੀ ਇਸ ਘੋੜੀ ਨੂੰ ਹਾਸਲ ਕਰਨ ਵਿੱਚ ਕੰਮ ਆਏ।
ਨਾਵਲਕਾਰ ਐਂਡੋ ਸੈਂਡਰਸਨ ਲਿਖਦੀ ਹੈ ਕਿ ਰਣਜੀਤ ਸਿੰਘ ਕਿਸੇ ਵੀ ਘੋੜੇ ''ਤੇ ਬੈਠਦੇ ਤਾਂ ਉਨ੍ਹਾਂ ਦੀ ਸ਼ਖ਼ਸੀਅਤ ਹੀ ਬਦਲ ਜਾਂਦੀ। ਅਜਿਹਾ ਲੱਗਦਾ ਕਿ ਉਹ ਅਤੇ ਜਾਨਵਰ ਇੱਕ ਹੋ ਗਏ ਹਨ।
ਜਦੋਂ ਲੈਲਾ ਨੂੰ ਮਹਾਰਾਜਾ ਦੇ ਤਬੇਲੇ ਵਿੱਚ ਲਿਆਂਦਾ ਗਿਆ ਤਾਂ ਉਹ ਕੁਝ ਅੜੀਅਲ ਜਿਹੀ ਸੀ ਅਤੇ ਆਪਣੇ ਮਜ਼ਬੂਤ ਸਫ਼ੈਦ ਦੰਦ ਕੱਢ ਕੇ ਨੌਕਰਾਂ ਵੱਲ ਵਧਦੀ।
ਰਣਜੀਤ ਸਿੰਘ ਨੇ ਇੰਨੇ ਪਿਆਰ ਨਾਲ ਉਸ ''ਤੇ ਹੱਥ ਫੇਰਿਆ ਅਤੇ ਕੰਨ ਵਿੱਚ ਕੁਝ ਕਿਹਾ ਕਿ ਉਹ ਉਨ੍ਹਾਂ ਦੀ ਆਗਿਆਕਾਰੀ ਬਣ ਗਈ। ਉਸ ਦਿਨ ਦੇ ਬਾਅਦ ਲੈਲਾ ਨੇ ਮਹਾਰਾਜ ਤੋਂ ਇਲਾਵਾ ਘੱਟ ਹੀ ਕਿਸੇ ਹੋਰ ਨੂੰ ਖ਼ੁਦ ''ਤੇ ਸਵਾਰ ਹੋਣ ਦਿੱਤਾ।

ਰਣਜੀਤ ਸਿੰਘ ਦੀ ਘੋੜੀ ਲਈ ਚਾਹ
ਲੈਲਾ ਨੂੰ ਹਾਸਲ ਕਰਕੇ ਰਣਜੀਤ ਸਿੰਘ ਇੰਨੇ ਖ਼ੁਸ਼ ਸਨ ਕਿ ਉਨ੍ਹਾਂ ਨੇ 105 ਕੈਰੇਟ ਦਾ ਕੋਹ-ਏ-ਨੂਰ ਦਾ ਹੀਰਾ ਜਿਸਨੂੰ ਉਹ ਆਪਣੀ ਬਾਂਹ ''ਤੇ ਪਹਿਨਦੇ ਸਨ, ਲੱਖਾਂ ਰੁਪਏ ਦੇ ਦੂਜੇ ਗਹਿਣਿਆਂ ਨਾਲ ਘੋੜੀ ਨੂੰ ਪਹਿਨਾਇਆ।
ਬਾਅਦ ਵਿੱਚ ਵੀ ਖ਼ਾਸ ਮੌਕਿਆਂ ''ਤੇ ਅਜਿਹਾ ਹੁੰਦਾ ਰਿਹਾ। ਗਲ ਵਿੱਚ ਅਜਿਹੇ ਛੱਲੇ ਪਹਿਨਾਏ ਗਏ ਜਿਨ੍ਹਾਂ ''ਤੇ ਕੀਮਤੀ ਪੱਥਰ ਜੜੇ ਹੁੰਦੇ ਸਨ। ਉਸਦੀ ਕਾਠੀ ਅਤੇ ਲਗਾਮ ਵੀ ਗਹਿਣਿਆਂ ਨਾਲ ਜਗ-ਮਗ ਕਰਦੀ ਸੀ।
ਉਸ ਸਮੇਂ ਦੇ ਵੱਡੇ ਸ਼ਾਇਰ ਕਾਦਿਰ ਯਾਰ ਨੇ ਲੈਲਾ ਦੀ ਤਾਰੀਫ਼ ਵਿੱਚ ਨਜ਼ਮ ਕਹੀ ਅਤੇ ਮਹਾਰਾਜਾ ਤੋਂ ਬਹੁਤ ਸਾਰਾ ਇਨਾਮ ਪਾਇਆ। ਜਨਰਲ ਵੈਂਟੋਰਾ ਨੂੰ ਲੈਲਾ ਲਿਆਉਣ ''ਤੇ ਦੋ ਹਜ਼ਾਰ ਦਾ ਕੀਮਤੀ ਲਿਬਾਸ ਦਿੱਤਾ ਗਿਆ ਅਤੇ ਯਾਰ ਮੁਹੰਮਦ ਦੇ ਮੁੰਡੇ ਨੂੰ ਵੀ ਆਜ਼ਾਦ ਕਰ ਦਿੱਤਾ।
ਮਹਾਰਾਜਾ ਰਣਜੀਤ ਸਿੰਘ ''ਤੇ ਇੱਕ ਕਿਤਾਬ ਦੇ ਲੇਖਕ ਕਰਤਾਰ ਸਿੰਘ ਦੁੱਗਲ ਅਨੁਸਾਰ ਇਤਿਹਾਸਕਾਰਾਂ ਵਿੱਚ ਇਸ ਗੱਲ ਬਾਰੇ ਮਤਭੇਦ ਹਨ ਕਿ ਲੈਲਾ ਘੋੜੀ ਸੀ ਜਾਂ ਇਹ ਨਾਮ ਘੋੜੇ ਦਾ ਸੀ।

- ਕੋਰੋਨਾਵਾਇਰਸ ਨਾਲ ਜੰਗ ''ਚ ਆਰਟੀਫੀਸ਼ੀਅਲ ਇੰਟੈਲੀਜੈਂਸ ਕਿੰਨੀ ਕਾਰਗਰ ਹੋਵੇਗੀ
- ਕੀ ਭਾਰਤ ਦੇ ਇਸ ਸੂਬੇ ''ਚ ਵੈਂਟੀਲੇਟਰ ਦੇ ਨਾਂ ''ਤੇ ਕੋਈ ਹੀ ਮਸ਼ੀਨਾਂ ਖ਼ਰੀਦੀਆਂ ਗਈਆਂ, ਪੰਜ ਸਵਾਲ ਵੀ ਉੱਠੇ
- ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
- ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
ਉਨ੍ਹਾਂ ਦਾ ਕਹਿਣਾ ਹੈ ਨਾਮ ਤੋਂ ਤਾਂ ਇਹ ਘੋੜੀ ਲੱਗਦੀ ਹੈ, ਪਰ ਨਾਲ ਹੀ ਉਹ ਡਬਲਯੂ ਜੀ ਓਸਬੋਰਨ ਦੇ ਹਵਾਲੇ ਨਾਲ ਰਣਜੀਤ ਸਿੰਘ ਦੀ ਇਸ ਗੱਲ ਦਾ ਜ਼ਿਕਰ ਕਰਦੇ ਹਨ, ''''ਮੈਂ ਇਸ ਤੋਂ ਜ਼ਿਆਦਾ ਪੂਰਾ ਜਾਨਵਰ ਨਹੀਂ ਦੇਖਿਆ। ਮੈਂ ਜਿੰਨਾ ਜ਼ਿਆਦਾ ਲੈਲਾ ਨੂੰ ਦੇਖਦਾ ਹਾਂ, ਓਨਾ ਹੀ ਜ਼ਿਆਦਾ ਉਹ ਮੈਨੂੰ ਸ਼ਾਨਦਾਰ ਅਤੇ ਜ਼ਹੀਨ ਲੱਗਦਾ ਹੈ।''''
ਕਿਉਂਕਿ ਸਰ ਗ੍ਰਿਫਿਨ ਸਮੇਤ ਜ਼ਿਆਦਾਤਰ ਸੰਦਰਭਾਂ ਵਿੱਚ ਲੈਲਾ ਦਾ ਜ਼ਿਕਰ ਘੋੜੀ ਦੇ ਤੌਰ ''ਤੇ ਹੋਇਆ ਹੈ, ਇਸ ਲਈ ਇੱਥੇ ਜ਼ਿਕਰ ਇਸਤਰੀ ਲਿੰਗ ਦੇ ਤੌਰ ''ਤੇ ਹੈ। ਸਰ ਗ੍ਰਿਫਿਨ ਦਾ ਕਹਿਣਾ ਹੈ ਕਿ ਸਿੱਖ ਰਿਕਾਰਡ ਅਨੁਸਾਰ ਲੈਲਾ ਘੋੜੀ ਸੀ ਤੇ ਨਾਂ ਤੋਂ ਵੀ ਅਜਿਹਾ ਹੀ ਮਹਿਸੂਸ ਹੁੰਦਾ ਹੈ।
ਉਹ ਲੈਲਾ ਬਾਰੇ ਲਿਖਦੇ ਹਨ ਕਿ ਇਸ ਘੋੜੇ ਦੇ ਬਾਅਦ ਜੋ ਟਰਾਯ ਦੇ ਪਤਨ ਦਾ ਕਾਰਨ ਬਣਿਆ, ਕੋਈ ਹੋਰ ਘੋੜਾ ਇੰਨੀ ਮੁਸੀਬਤ ਅਤੇ ਇੰਨੇ ਬਹਾਦਰਾਂ ਦੀ ਮੌਤ ਦੀ ਵਜ੍ਹਾ ਨਹੀਂ ਬਣਿਆ।
ਓਸਬੋਰਨ ਕਹਿੰਦੇ ਹਨ ਕਿ ਮਹਾਰਾਜਾ ਨੂੰ ਇਸ ਗੱਲ ਦਾ ਬਿਲਕੁਲ ਦੁੱਖ ਨਹੀਂ ਸੀ ਕਿ ਉਨ੍ਹਾਂ ਨੇ ਇੱਕ ਘੋੜੇ ਨੂੰ ਹਾਸਲ ਕਰਨ ਲਈ ਇੰਨੀ ਰਕਮ ਅਤੇ ਆਪਣੇ ਲੋਕਾਂ ਦੀਆਂ ਜਾਨਾਂ ਲਾ ਦਿੱਤੀਆਂ। ਉਨ੍ਹਾਂ ਨੂੰ ਇਸ ਗੱਲ ਦਾ ਵੀ ਅਫ਼ਸੋਸ ਨਹੀਂ ਸੀ ਕਿ ਇਸ ਸਿੱਧੀ ਲੁੱਟ ਨੇ ਉਨ੍ਹਾਂ ਦੇ ਚਰਿੱਤਰ ਨੂੰ ਕਿਸ ਤਰ੍ਹਾਂ ਕਲੰਕਿਤ ਕੀਤਾ ਹੈ।

ਲੈਲਾ ਮਜ਼ਬੂਤ ਜਿਸਮ, ਲੰਬੇ ਕੱਦ ਅਤੇ ਫੁਰਤੀਲੀ ਘੋੜੀ ਸੀ। ਹੈਗਲ ਨੇ ਇਹ ਘੋੜੀ ਸ਼ਾਹੀ ਤਬੇਲੇ ਵਿੱਚ ਦੇਖੀ ਸੀ। ਉਹ ਕਹਿੰਦੇ ਹਨ, ''''ਇਹ ਮਹਾਰਾਜ ਦੀ ਬਿਹਤਰੀਨ ਘੋੜੀ ਹੈ। ਗੋਡਿਆਂ ''ਤੇ ਗੋਲ-ਗੋਲ ਸੋਨੇ ਦੀਆਂ ਚੂੜੀਆਂ ਹਨ, ਗਹਿਰਾ ਸੁਰਮਈ ਰੰਗ ਹੈ, ਕਾਲੀਆਂ ਲੱਤਾਂ ਹਨ, ਪੂਰੇ ਸੋਲ੍ਹਾ ਹੱਥ ਲੰਬਾ ਕੱਦ ਹੈ।''''
ਐਮੀ ਏਡਨ ਦਾ ਕਹਿਣਾ ਹੈ ਕਿ ਮਹਾਰਾਜਾ ਨੂੰ ਲੈਲਾ ਇੰਨੀ ਪਸੰਦ ਸੀ ਕਿ ਕਦੇ-ਕਦੇ ਧੁੱਪ ਵਿੱਚ ਵੀ ਉਸਦੀ ਗਰਦਨ ਸਹਿਲਾਉਂਦੇ ਅਤੇ ਉਸ ਦੀਆਂ ਲੱਤਾਂ ਦਬਾਉਣ ਚਲੇ ਜਾਂਦੇ।
ਲੈਲਾ ਦੇ ਕਿਸੇ ਜੰਗ ਵਿੱਚ ਵਰਤੋਂ ਦਾ ਤਾਂ ਜ਼ਿਕਰ ਨਹੀਂ ਮਿਲਦਾ, ਪਰ ਇਹ ਜ਼ਿਕਰ ਜ਼ਰੂਰ ਮਿਲਦਾ ਹੈ ਕਿ ਮਹਾਰਾਜਾ ਨੇ ਇਹ ਘੋੜੀ ਅਤੇ ਆਪਣੀ ਘੋੜ ਸਵਾਰੀ ਦੇ ਕਮਾਲ 1831 ਵਿੱਚ ਰੋਪੜ ਵਿੱਚ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿੰਕ ਨੂੰ ਦਿਖਾਏ ਸਨ।
ਉਨ੍ਹਾਂ ਨੇ ਬਹੁਤ ਤੇਜ਼ ਰਫ਼ਤਾਰੀ ਨਾਲ ਲੈਲਾ ਨੂੰ ਭਜਾਉਂਦੇ ਹੋਏ ਪੰਜ ਵਾਰ ਆਪਣੇ ਨੇਜੇ ਦੀ ਨੋਕ ਨਾਲ ਪਿੱਤਲ ਦਾ ਇੱਕ ਬਰਤਨ ਚੁੱਕਿਆ। ਦੇਖਣ ਵਾਲਿਆਂ ਨੇ ਬਹੁਤ ਹੀ ਤਾਰੀਫ਼ ਕੀਤੀ ਤਾਂ ਮਹਾਰਾਜਾ ਨੇ ਅੱਗੇ ਵਧ ਕੇ ਲੈਲਾ ਦਾ ਮੂੰਹ ਚੁੰਮ ਲਿਆ।
ਇਹ ਵੀ ਪੜ੍ਹੋ:
- ਰਾਣੀ ਜਿੰਦ ਕੌਰ ਨੂੰ ਪੁੱਤਰ ਦਲੀਪ ਸਿੰਘ ਨੇ ਚਿੱਠੀ ''ਚ ਕੀ ਲਿਖਿਆ?
- ਇਤਿਹਾਸਕ ਗੁਰਦੁਆਰਿਆਂ ਦੇ ਬਾਕੀ ਬਚੇ ਅੰਸ਼
- ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਨਾਲ ਜੁੜੀਆਂ ਲਾਹੌਰ ਦੀਆਂ ਯਾਦਾਂ
ਲੇਖਕ ਕਰਤਾਰ ਸਿੰਘ ਦੁੱਗਲ ਅਨੁਸਾਰ ਰਣਜੀਤ ਸਿੰਘ ਲੈਲਾ ਨੂੰ ਇੰਨਾ ਪਸੰਦ ਕਰਦੇ ਸਨ ਕਿ ਉਨ੍ਹਾਂ ਨੇ ਆਪਣੇ ਬੇਟੇ ਸ਼ੇਰ ਸਿੰਘ ਨੂੰ ਲੈਲਾ ''ਤੇ ਬਿਨਾਂ ਇਜਾਜ਼ਤ ਸਵਾਰੀ ਕਰਨ ਦੀ ਵਜ੍ਹਾ ਨਾਲ ਲਗਭਗ ਬੇਦਖਲ ਹੀ ਕਰ ਦਿੱਤਾ ਸੀ।
ਰਣਜੀਤ ਸਿੰਘ ਨੇ ਆਪਣੇ ਖ਼ਾਸ ਵਫ਼ਾਦਾਰ ਫਕੀਰ ਅਜ਼ੀਜ਼ੁਦੀਨ ਨੂੰ ਕਿਹਾ ਕਿ ਉਹ ਸ਼ੇਰ ਸਿੰਘ ਨੂੰ ਜਾਇਦਾਦ ਤੋਂ ਬੇਦਖਲ ਕਰਨ ਜਾ ਰਹੇ ਹਨ। ਫਕੀਰ ਨੇ ਜਵਾਬ ਵਿੱਚ ਪੰਜਾਬੀ ਵਿੱਚ ਕਿਹਾ, "ਜੀ ਓਹੀਓ ਸਜ਼ਾ ਬਣਦੀ ਐ-ਸ਼ੇਰ ਸਿੰਘ ਨੇ ਕੀ ਸਮਝਿਆ ਈ ਲੈਲਾ ਓਹਦੇ ਪਿਓ ਦਾ ਮਾਲ ਏ?''
ਮਹਾਰਾਜਾ ਇਹ ਜਵਾਬ ਸੁਣ ਕੇ ਹੱਸ ਪਏ ਅਤੇ ਸ਼ੇਰ ਸਿੰਘ ਨੂੰ ਮੁਆਫ਼ ਕਰ ਦਿੱਤਾ।
ਸਰ ਵਿਲੀਅਮ ਲੀ ਵਾਰਨਰ ਇੱਕ ਘਟਨਾ ਬਾਰੇ ਦੱਸਦੇ ਹਨ ਕਿ ਕਿਵੇਂ ਇੱਕ ਮੁਲਾਕਾਤ ਵਿੱਚ ਮਹਾਰਾਜਾ ਨੇ ਗਵਰਨਰ ਜਨਰਲ ਨੂੰ ਦੂਜੇ ਘੋੜਿਆਂ ਦੇ ਇਲਾਵਾ ਲੈਲਾ ਵੀ ਦਿਖਾਈ।
ਮਹਾਰਾਜਾ ਨੇ ਲੈਲਾ ਨੂੰ ਘੋੜਾ ਚਲਾਉਣ ਫਿਰਾਉਣ ਦੇ ਬਾਅਦ ਮਹਿਮਾਨ ਨੂੰ ਤੋਹਫ਼ੇ ਵਿੱਚ ਦੇਣ ਦੀ ਪੇਸ਼ਕਸ਼ ਕੀਤੀ। ਗਵਰਨਰ ਜਨਰਲ ਨੂੰ ਲੈਲਾ ਨਾਲ ਮਹਾਰਾਜ ਦੇ ਪਿਆਰ ਦਾ ਪਤਾ ਸੀ, ਇਸ ਲਈ ਉਨ੍ਹਾਂ ਨੇ ਪਹਿਲਾਂ ਤਾਂ ਇਹ ਤੋਹਫ਼ਾ ਸਵੀਕਾਰ ਕਰ ਲਿਆ ਅਤੇ ਫਿਰ ਇੱਕ ਹੋਰ ਲਗਾਮ ਮੰਗਵਾ ਕੇ ਘੋੜੀ ''ਤੇ ਪਾ ਕੇ ਰਣਜੀਤ ਸਿੰਘ ਨੂੰ ਕਿਹਾ ਕਿ ਉਹ ਇਸ ਨੂੰ ਉਨ੍ਹਾਂ ਦੀ ਦੋਸਤੀ ਅਤੇ ਇੱਜ਼ਤ ਦੇ ਸਬੂਤ ਦੇ ਤੌਰ ''ਤੇ ਵਾਪਸ ਸਵੀਕਾਰ ਕਰ ਲੈਣ।
ਵਿਲੀਅਮ ਲੀ ਵਾਰਨਰ ਅਨੁਸਾਰ ਫਿਰ ਲੈਲਾ ਸ਼ਾਹੀ ਤਬੇਲੇ ਵੱਲ ਵਾਪਸ ਜਾ ਰਹੀ ਸੀ ਅਤੇ ਮਹਾਰਾਜਾ ਦੀ ਖ਼ੁਸ਼ੀ ਛੁਪਾਇਆਂ ਨਹੀਂ ਛੁਪ ਰਹੀ ਸੀ।
https://www.youtube.com/watch?v=dVRVRZHYsUI
ਰਣਜੀਤ ਸਿੰਘ ''ਤੇ ਫ਼ਾਲਿਜ਼ ਦਾ ਅਟੈਕ ਹੋਇਆ ਤਾਂ ਕਿਹਾ ਜਾਂਦਾ ਹੈ ਕਿ ਜਦੋਂ ਉਨ੍ਹਾਂ ਨੂੰ ਲੈਲਾ ''ਤੇ ਬੈਠਾਇਆ ਜਾਂਦਾ ਸੀ ਤਾਂ ਉਨ੍ਹਾਂ ਦੀ ਹਾਲਤ ਚੰਗੀ ਹੋ ਜਾਂਦੀ ਅਤੇ ਅਜਿਹਾ ਲੱਗਦਾ ਜਿਵੇਂ ਉਹ ਬਿਮਾਰ ਹੀ ਨਹੀਂ। ਆਪਣੀ ਹੋਸ਼ ਵਿੱਚ ਪਰਤ ਆਉਂਦੇ। ਲੈਲਾ ਹੀ ਆਖ਼ਿਰੀ ਘੋੜੀ ਸੀ ਜਿਸ ''ਤੇ ਮਹਾਰਾਜਾ ਸਵਾਰ ਹੋਏ।
ਵਿਲੀਅਮ ਵਾਰਨਰ ਨੇ ਲੈਲਾ ਨੂੰ ਉਸਦੇ ਆਖ਼ਿਰੀ ਦਿਨਾਂ ਵਿੱਚ ਦੇਖਿਆ। ਉਨ੍ਹਾਂ ਦਾ ਕਹਿਣਾ ਹੈ ''''ਸਾਡਾ ਉਦੇਸ਼ ਇਹ ਸੀ ਕਿ ਉਸ ਘੋੜੀ ਨੂੰ ਦੇਖਿਆ ਜਾਵੇ ਕਿ ਜਿਸ ਨੂੰ ਹਾਸਲ ਕਰਨ ਲਈ ਮਹਾਰਾਜਾ ਨੇ ਪੈਸੇ ਅਤੇ ਜਾਨਾਂ ਦੀ ਕੁਰਬਾਨੀ ਦਿੱਤੀ। ਜਦੋਂ ਉਸਨੂੰ ਸਾਡੇ ਸਾਹਮਣੇ ਲਿਆਂਦਾ ਗਿਆ ਤਾਂ ਸਾਨੂੰ ਮਾਯੂਸੀ ਹੋਈ। ਜੇਕਰ ਉਹ ਚੰਗੀ ਹਾਲਤ ਵਿੱਚ ਹੁੰਦੀ ਤਾਂ ਖ਼ੂਬਸੂਰਤ ਲੱਗਦੀ। ਚੰਗੀ ਖੁਰਾਕ, ਪਰ ਕਮ ਵਰਸਿਜ਼ ਦੀ ਵਜ੍ਹਾ ਨਾਲ ਉਸ ''ਤੇ ਚਰਬੀ ਚੜ੍ਹ ਚੁੱਕੀ ਸੀ।''''
ਲੈਲਾ ਚਾਹੇ ਆਪਣੀ ਜਵਾਨੀ ਵਾਲੀ ਘੋੜੀ ਨਹੀਂ ਰਹੀ ਸੀ, ਪਰ ਰਣਜੀਤ ਸਿੰਘ ਦਾ ਇਸ ਨਾਲ ਪਿਆਰ ਉੱਥੇ ਦਾ ਉੱਥੇ ਹੀ ਸੀ ਅਤੇ ਲੈਲਾ ਦੇ ਮਰਨ ''ਤੇ ਮਹਾਰਾਜਾ ਇੰਨਾ ਰੋਏ ਸਨ ਕਿ ਚੁੱਪ ਕਰਾਉਣਾ ਮੁਸ਼ਕਿਲ ਹੋਇਆ। ਲੈਲਾ ਨੂੰ ਸਰਕਾਰੀ ਸਨਮਾਨ ਨਾਲ ਇੱਕੀ ਤੋਪਾਂ ਦੀ ਸਲਾਮੀ ਨਾਲ ਦਫ਼ਨ ਕੀਤਾ ਗਿਆ।
ਮਹਾਰਾਜਾ ਦੇ ਪੁੱਤਰ ਦਲੀਪ ਸਿੰਘ ਦੀਆਂ ਦੋ ਬੇਟੀਆਂ ਵਿੱਚੋਂ ਇੱਕ ਦਾ ਨਾਂ ਬਿੰਬਾ ਸੀ ਜਿਸਨੇ ਸਦਰਲੈਂਡ ਨਾਲ ਵਿਆਹ ਕੀਤਾ ਸੀ। ਉਸਦੇ ਆਖਰੀ ਸਮੇਂ ਵਿੱਚ ਬਿੰਬਾ ਬ੍ਰਿਟੇਨ ਤੋਂ ਲਾਹੌਰ ਸ਼ਿਫਟ ਹੋ ਗਈ।
ਉਹ ਖ਼ੁਦ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਇਕਲੌਤੀ ਵਾਰਸ ਸਮਝਦੀ ਸੀ ਅਤੇ ਵਿਰਾਸਤ ਵਿੱਚ ਉਨ੍ਹਾਂ ਨੂੰ ਰਣਜੀਤ ਸਿੰਘ ਦੀ ਘੋੜੀ ਲੈਲਾ ਅਤੇ ਉਸਦਾ ਹੀਰਿਆਂ ਨਾਲ ਸਜਿਆ ਸਾਮਾਨ ਮਿਲਿਆ।
ਬਿੰਬਾ ਨੇ ਸਨ 1957 ਵਿੱਚ ਮੌਤ ਤੋਂ ਪਹਿਲਾਂ ਆਪਣੀ ਜ਼ਿਆਦਾਤਰ ਵਿਰਾਸਤ ਪਾਕਿਸਤਾਨ ਸਰਕਾਰ ਨੂੰ ਸੌਂਪ ਦਿੱਤੀ ਤਾਂ ਕਿ ਉਸਦੀ ਦੇਖਭਾਲ ਕੀਤੀ ਜਾ ਸਕੇ। ਲੇਖਕ ਮੁਸਤਨਸੀਰ ਹੁਸੈਨ ਤਰਾੜ ਅਨੁਸਾਰ ਇਸੀ ਦੌਰਾਨ ਰਹੱਸਮਈ ਤੌਰ ''ਤੇ ਲੈਲਾ ਦਾ ਹੀਰਿਆਂ ਦਾ ਸਜਿਆ ਸਾਮਾਨ ਚੋਰੀ ਹੋ ਗਿਆ।
ਰਣਜੀਤ ਸਿੰਘ ਨਾਲ ਉਸ ਇਤਿਹਾਸਕ ਘੋੜੀ ਦੀ ਤਸਵੀਰ ਲਾਹੌਰ ਦੇ ਮਿਊਜ਼ੀਅਮ ਦੀ ਸਿੱਖ ਗੈਲਰੀ ਵਿੱਚ ਮੌਜੂਦ ਹੈ ਅਤੇ ਦੇਖਣ ਵਾਲਿਆਂ ਨੂੰ ਇਨਸਾਨ ਅਤੇ ਜਾਨਵਰ ਦੇ ਪਿਆਰ ਦੀ ਕਹਾਣੀ ਦੱਸਦੀ ਹੈ।


ਇਹ ਵੀ ਦੇਖੋ:
https://www.youtube.com/watch?v=5bVXd_eb1Ws
https://www.youtube.com/watch?v=MBgq2KfvjLw&t=5s
https://www.youtube.com/watch?v=2hZ1bxjS8ds&t=9s
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''16cb840b-fabd-4ed7-8fab-38c7189a02b0'',''assetType'': ''STY'',''pageCounter'': ''punjabi.international.story.53209869.page'',''title'': ''ਮਹਾਰਾਜਾ ਰਣਜੀਤ ਸਿੰਘ ਦੀ ਉਹ ਪਸੰਦੀਦਾ ਘੋੜੀ ਜਿਸ ਨੂੰ ਹਾਸਲ ਕਰਨ ਲਈ ਜੰਗ ਤੇ ਖ਼ੂਨ ਖ਼ਰਾਬਾ ਹੋਇਆ'',''author'': ''ਵਕਾਰ ਮੁਸਤਫ਼ਾ'',''published'': ''2020-06-29T06:08:53Z'',''updated'': ''2020-06-29T06:13:48Z''});s_bbcws(''track'',''pageView'');