ਪਿਛਲੇ ਸਾਲ ਦੇ ਹੜ੍ਹਾਂ ਤੋਂ ਪੰਜਾਬ ਨੇ ਕੋਈ ਸਬਕ ਲਿਆ ?

Sunday, Jun 28, 2020 - 03:04 PM (IST)

ਪਿਛਲੇ ਸਾਲ ਦੇ ਹੜ੍ਹਾਂ ਤੋਂ ਪੰਜਾਬ ਨੇ ਕੋਈ ਸਬਕ ਲਿਆ ?
ਪੰਜਾਬ ਵਿੱਚ ਹੜ੍ਹ
Getty images
ਪੰਜਾਬ ਵਿੱਚ ਹੜ੍ਹਾਂ ਦੀ ਫਾਈਲ ਤਸਵੀਰ

ਮਾਨਸੂਨ ਦੌਰਾਨ ਪੰਜਾਬ ਦੇ ਦਰਿਆਵਾਂ ਨੇੜਲੇ ਇਲਾਕੇ ਹੜ੍ਹਾਂ ਦੇ ਪ੍ਰਭਾਵ ਹੇਠ ਨਾ ਆਉਣ ਇਸ ਲਈ ਕੀ ਕਦਮ ਚੁੱਕੇ ਜਾ ਰਹੇ ਹਨ, ਇਹ ਜਾਨਣ ਦੀ ਅਸੀਂ ਕੋਸ਼ਿਸ਼ ਕੀਤੀ।

ਪੰਜਾਬ ਦੇ ਸਤਲੁਜ ਅਤੇ ਘੱਗਰ ਦੇ ਨੇੜਲੇ ਇਲਾਕੇ ਹਰ ਸਾਲ ਹੀ ਮਾਨਸੂਨ ਦੌਰਾਨ ਹੜ੍ਹਾਂ ਦੇ ਖ਼ਤਰੇ ਵਿੱਚ ਰਹਿੰਦੇ ਹਨ, ਪਰ ਪਿਛਲੇ ਸਾਲ ਹੜ੍ਹਾਂ ਨੇ ਇਨ੍ਹਾਂ ਇਲਾਕਿਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਸੀ।

ਰੋਪੜ, ਜਲੰਧਰ, ਕਪੂਰਥਲਾ, ਫਿਰੋਜ਼ਪੁਰ, ਫ਼ਾਜ਼ਿਲਕਾ, ਮੋਗਾ, ਪਟਿਆਲਾ ਅਤੇ ਸੰਗਰੂਰ ਜਿਲ੍ਹਿਆਂ ਦੇ ਕਈ ਪਿੰਡ ਪ੍ਰਭਾਵਿਤ ਹੋਏ ਸੀ। ਪਿਛਲੇ ਸਾਲ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਪੰਜਾਬ ਨੂੰ 1500 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਸੀ।

ਜਾਨੀ ਅਤੇ ਪਸ਼ੂਧਨ ਦਾ ਨੁਕਸਾਨ ਵੀ ਪੰਜਾਬ ਨੂੰ ਝੱਲਣਾ ਪਿਆ ਸੀ।

ਇਹ ਵੀ ਪੜ੍ਹੋ

ਸਰਕਾਰ ਅਤੇ ਪ੍ਰਸ਼ਾਸਨ ਦੀ ਕੀ ਤਿਆਰੀ ?

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਈ ਦੇ ਅਖੀਰ ਵਿੱਚ ਹੜ੍ਹਾਂ ਦੀ ਰੋਕਥਾਮ ਲਈ ਕੀਤੇ ਪ੍ਰਬੰਧਾਂ ਦਾ ਜਾਇਜਾ ਲਿਆ ਸੀ।

ਮੁੱਖ ਮੰਤਰੀ ਦੀ ਫੇਸਬੁੱਕ ਪ੍ਰੋਫਾਈਲ ਤੋਂ ਜਾਣਕਾਰੀ ਦਿੰਦਿਆਂ ਲਿਖਿਆ ਗਿਆ ਸੀ, “ਸੂਬੇ ਦੇ ਹੜ੍ਹ ਰੋਕੋ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਡਰੇਨਾਂ ਦੀ ਸਫਾਈ ਤੇ ਹੜ੍ਹ ਰੋਕੂ ਪ੍ਰਬੰਧਾਂ ਲਈ 50 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ। ਇਸਦੇ ਨਾਲ ਹੀ ਜਲ ਸਰੋਤ ਵਿਭਾਗ ਲਈ ਵੀ ਐਮਰਜੈਂਸੀ ਕੰਮਾਂ ਵਾਸਤੇ 5 ਕਰੋੜ ਰੁਪਏ ਹੋਰ ਮਨਜ਼ੂਰ ਕਰ ਦਿੱਤੇ ਹਨ।

ਹੜ੍ਹਾਂ ਕਾਰਨ ਪੈਦਾ ਹੋਣ ਵਾਲੇ ਹਾਲਾਤਾਂ ਨਾਲ ਨਜਿੱਠਣ ਲਈ ਮੌਸਮ ਵਿਭਾਗ ਨੂੰ ਮੌਸਮ ਬਾਰੇ ਜਾਣਕਾਰੀ ਦੇਣ ‘ਤੇ ਭਾਖੜਾ ਪ੍ਰਬੰਧਕੀ ਬੋਰਡ (ਬੀ.ਬੀ.ਐੱਮ.ਬੀ) ਨੂੰ ਡੈਮਾਂ ਦੇ ਪਾਣੀ ਦੇ ਪੱਧਰ ਦੀ ਲਗਾਤਾਰ ਨਿਗਰਾਨੀ ਦੀ ਵਿਵਸਥਾ ਕਰਨ ਲਈ ਵੀ ਕਿਹਾ ਹੈ।”

ਸਿੰਚਾਈ ਵਿਭਾਗ ਦੇ ਚੀਫ ਇੰਜੀਨੀਅਰ ਸੰਜੀਵ ਕੁਮਾਰ ਗੁਪਤਾ ਨੇ ਫੋਨ ‘ਤੇ ਗੱਲਬਾਤ ਦੌਰਾਨ ਦੱਸਿਆ ਕਿ ਹਰ ਹਫ਼ਤੇ ਡੈਮਾਂ ਦੇ ਪਾਣੀ ਦਾ ਨਿਰੀਖਣ ਕੀਤਾ ਜਾ ਰਿਹਾ ਹੈ। ਨਿਯਮਤ ਰੂਪ ਵਿੱਚ ਪਾਣੀ ਦੇ ਇਸਤੇਮਾਲ ਇਸ ਮੁਤਾਬਕ ਕੀਤਾ ਜਾ ਰਿਹਾ ਹੈ ਕਿ ਇਕੱਠਾ ਜਿਆਦਾ ਪਾਣੀ ਨਾ ਛੱਡਣਾ ਪਵੇ।

ਨਾਲ ਹੀ ਉਨ੍ਹਾਂ ਨੇ ਕਿਹਾ ਕਿ ਫਿਲਹਾਲ ਡੈਮ ਵਿੱਚ ਪਾਣੀ ਆਪਣੇ ਰੈਜ਼ਰਵਾਇਰ ਦੇ ਪੱਧਰ ਤੋਂ ਬਹੁਤ ਥੱਲੇ ਹੈ, ਸਤੰਬਰ ਮਹੀਨੇ ਜਿਆਦਾ ਚੌਕੰਨੇ ਰਹਿਣਾ ਪੈ ਸਕਦਾ ਹੈ।

ਇਹ ਵੀ ਪੜ੍ਹੋ:

ਸੰਜੀਵ ਕੁਮਾਰ ਨੇ ਕਿਹਾ ਕਿ ਇਸ ਵਾਰ ਕੋਵਿਡ-19 ਕਾਰਨ ਨਹਿਰਾਂ, ਨਾਲਿਆਂ ਦੀ ਸਫਾਈ ਅਤੇ ਬੰਨ੍ਹਾਂ ਦੀ ਮੁਰੰਮਤ ਦਾ ਕੰਮ ਅਪ੍ਰੈਲ ਦੀ ਬਜਾਏ ਮਈ ਅੰਤ ਵਿੱਚ ਸ਼ੁਰੂ ਹੋਇਆ, ਪਰ ਡਿਪਟੀ ਕਮਿਸ਼ਨਰਾਂ ਨੇ ਆਪੋ-ਆਪਣੇ ਇਲਾਕਿਆਂ ਵਿੱਚ ਦੌਰਾ ਕਰਕੇ ਵਿਭਾਗ ਨੂੰ ਸੰਵੇਦਨਸ਼ੀਲ ਹਿੱਸਿਆਂ ਬਾਰੇ ਜਾਣੂ ਕਰਵਾ ਦਿੱਤਾ ਹੈ ਅਤੇ ਕੰਮ ਜਾਰੀ ਹੈ। ਉਨ੍ਹਾਂ ਨੇ ਮੱਧ-ਜੁਲਾਈ ਤੱਕ ਸਾਰਾ ਕੰਮ ਪੂਰਾ ਕਰ ਲੈਣ ਦਾ ਭਰੋਸਾ ਦਵਾਇਆ।

ਜਿਨ੍ਹਾਂ ਜਿਲ੍ਹਿਆਂ ਵਿੱਚ ਹੜ੍ਹਾਂ ਦਾ ਖ਼ਤਰਾ ਰਹਿੰਦਾ ਹੈ, ਉੱਥੇ ਸਬੰਧਤ ਡਿਪਟੀ ਕਮਿਸ਼ਨਰਾਂ ਨੇ ਪਿਛਲੇ ਦਿਨਾਂ ਵਿੱਚ ਦੌਰੇ ਕੀਤੇ ਹਨ।

ਨਵਾਂਸ਼ਹਿਰ ਦੀ ਡਿਪਟੀ ਕਮਿਸ਼ਨਰ ਸ਼ੇਨਾ ਅਗਰਵਾਲ ਨੇ ਸਤਲੁਜ ਦਰਿਆ ਦੇ ਕਮਜੋਰ ਹਿੱਸਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਡਰੇਨੇਜ ਵਿਭਾਗ ਨੂੰ ਕਿਹਾ ਹੈ। ਸੰਵੇਦਨਸ਼ੀਲ ਧੁੱਸੀ ਬੰਨ੍ਹ ਨਵਾਂਸ਼ਹਿਰ ਅਧੀਨ ਆਉਂਦਾ ਹੈ।

ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਾਨ ਨੇ ਜ਼ੀਰਕਪੁਰ ਵਿੱਚ ਸੁਖਨਾ ਚੋਅ ਦੀ ਸਾਫ਼ ਸਫਾਈ ਅਤੇ ਘੱਗਰ ਨਦੀ ਦਾ ਓਵਰਫਲੋਅ ਰੋਕਣ ਲਈ ਲੋੜੀਂਦੇ ਕਦਮ ਚੁੱਕਣ ਦੇ ਹੁਕਮ ਦਿੱਤੇ।

ਰੂਪਨਗਰ, ਪਿਛਲੇ ਸਾਲ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਜਿਲ੍ਹਿਆਂ ਵਿੱਚੋਂ ਇੱਕ ਸੀ। ਰੂਪਨਗਰ ਦੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਫੋਨ ‘ਤੇ ਗੱਲਬਾਤ ਦੌਰਾਨ ਦੱਸਿਆ,“ਸਰਕਾਰ ਨੇ ਹੜ੍ਹ ਰੋਕੂ ਪ੍ਰਬੰਧਾਂ ਲਈ ਰੂਪਨਗਰ ਜਿਲ੍ਹੇ ਨੂੰ ਢਾਈ ਕਰੋੜ ਰੁਪਏ ਜਾਰੀ ਕੀਤੇ ਹਨ। 9 ਕਰੋੜ ਰੁਪਏ ਮਨਰੇਗਾ ਜ਼ਰੀਏ ਖਰਚੇ ਜਾ ਰਹੇ ਹਨ। ਅਸੀਂ ਸੰਵੇਦਨਸ਼ੀਲ ਥਾਵਾਂ ‘ਤੇ ਵਧੇਰੇ ਧਿਆਨ ਦੇ ਰਹੇ ਹਾਂ। ਜਿੱਥੇ ਜਿੱਥੇ ਨਦੀਆਂ, ਨਾਲਿਆਂ ਦੇ ਬੰਨ੍ਹ ਮਜ਼ਬੂਤ ਕਰਨ ਦੀ ਲੋੜ ਹੈ, ਉਹ ਕਰ ਰਹੇ ਹਾਂ। ਪਾਣੀ ਦੇ ਸਰੋਤਾਂ ਦੀ ਮੁਰੰਮਤ, ਸਾਫ਼ ਸਫਾਈ ਕਰਵਾ ਰਹੇ ਹਾਂ।”

ਸੋਨਾਲੀ ਗਿਰੀ ਨੇ ਕਿਹਾ, “ਜੇ ਹੜ੍ਹਾਂ ਦੇ ਹਾਲਾਤ ਬਣਦੇ ਹਨ ਤਾਂ ਸਭ ਤੋਂ ਵੱਡੀ ਚੁਣੌਤੀ ਰਾਹਤ ਅਤੇ ਬਚਾਅ ਟੀਮਾਂ ਨੂੰ ਪ੍ਰਭਾਵਿਤ ਖੇਤਰਾਂ ਵਿੱਚ ਜਲਦੀ ਭੇਜਣ ਦੀ ਰਹੇਗੀ, ਇਸ ਲਈ ਅਸੀਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਐਨਡੀਆਰਐਫ ਦੀ ਟੀਮ ਜਲੰਧਰ ਜਾਂ ਕਿਤੇ ਹੋਰ ਨੇੜੇ ਸਟੈਂਡਬਾਏ ਰੱਖੀ ਜਾਏ।”

ਇਹ ਵੀ ਪੜ੍ਹੋ:

ਪੰਜਾਬ ਵਿੱਚ ਹੜ੍ਹ
BBC
ਪੰਜਾਬ ਵਿੱਚ ਹੜ੍ਹਾਂ ਦੀ ਫਾਈਲ ਤਸਵੀਰ

ਸਤਲੁਜ ਦੇ ਬੰਨ੍ਹ ਮਜ਼ਬੂਤ ਕਰਨ ਦਾ ਜਿੰਮਾਂ ਆਮ ਲੋਕਾਂ ਨੇ ਸਾਂਭਿਆ

ਪੰਜਾਬ ਅੰਦਰ ਸਤਲੁਜ ਦੇ ਨਾਲ ਲਗਦੇ ਕਪੂਰਥਲਾ, ਜਲੰਧਰ, ਮੋਗਾ ਅਤੇ ਫਿਰੋਜ਼ਪੁਰ ਦੇ ਪਿੰਡ ਹੜ੍ਹਾਂ ਤੋਂ ਸਭ ਤੋਂ ਜਿਆਦਾ ਪ੍ਰਭਾਵਿਤ ਹੁੰਦੇ ਹਨ। ਸਤਲੁਜ ਦੇ ਬੰਨ੍ਹ ਮਜ਼ਬੂਤ ਕਰਨ ਦਾ ਕੰਮ ਪਿਛਲੇ ਸਾਲ ਹੜ੍ਹ ਆਉਣ ਤੋਂ ਹੀ ਕੀਤਾ ਜਾ ਰਿਹਾ ਹੈ।

ਇਹ ਪਹਿਲੀ ਸਰਕਾਰ ਨੇ ਨਹੀਂ, ਬਲਕਿ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਆਮ ਲੋਕਾਂ ਨੇ ਕੀਤੀ। ਅਗਸਤ 2019 ਤੋਂ ਹੁਣ ਤੱਕ 53 ਕਿਲੋਮੀਟਰ ਬੰਨ੍ਹ ਮਜ਼ਬੂਤ ਕੀਤਾ ਜਾ ਚੁੱਕਿਆ ਹੈ।

ਸੀਚੇਵਾਲ ਨੇ ਫੋਨ ‘ਤੇ ਗੱਲਬਾਤ ਦੌਰਾਨ ਦੱਸਿਆ, “ਪਿਛਲੇ ਸਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੰਗਰ ਅਤੇ ਹੋਰ ਚੀਜਾਂ ਦੀ ਸੇਵਾ ਨਿਭਾਉਂਦਿਆਂ ਮਨ ਵਿੱਚ ਖਿਆਲ ਆਇਆ ਕਿ ਕੀ ਹਰ ਵਾਰ ਇਸੇ ਤਰ੍ਹਾਂ ਤਬਾਹੀ ਤੋਂ ਬਾਅਦ ਸੇਵਾ ਨਿਭਾਉਣੀ ਹੈ ਜਾਂ ਤਬਾਹੀ ਆਉਣੋਂ ਰੋਕਣੀ ਹੈ। ਸਥਾਨਕ ਲੋਕਾਂ ਦੀ ਮਦਦ ਨਾਲ, ਜਿੱਥੇ ਜਿੱਥੇ ਬੰਨ੍ਹ ਕਮਜ਼ੋਰ ਸੀ, ਕੋਸ਼ਿਸ਼ ਕੀਤੀ ਉੱਥੇ-ਉੱਥੇ ਕੰਮ ਕੀਤਾ ਜਾਵੇ।”

Click here to see the BBC interactive

ਉਨ੍ਹਾਂ ਨੇ ਦੱਸਿਆ ਕਿ ਸਤਲੁਜ ਦੇ ਸੰਵੇਦਨਸ਼ੀਲ ਕਿਨਾਰੇ ਚੌੜੇ ਅਤੇ ਉੱਚੇ ਕੀਤੇ ਗਏ ਤਾਂਕਿ ਉਹਨਾਂ ਦੀ ਪਾਣੀ ਰੋਕਣ ਦੀ ਸਮਰਥਾ ਵਧੇ। ਇਸ ਤੋਂ ਇਲਾਵਾ ਜਲੰਧਰ ਦੇ ਗਿੱਦੜਪਿੰਡੀ ਵਾਲੇ ਪੁਲ ਨੇੜੇ ਪਾਣੀ ਦੇ ਨਿਕਾਸੀ ਵਾਲੇ ਰਾਹਾਂ ਵਿੱਚ ਬਹੁਤ ਮਿੱਟੀ ਜੰਮੀ ਹੋਣ ਕਾਰਨ ਪਾਣੀ ਅੱਗੇ ਨਹੀਂ ਵਧਦਾ ਸੀ ਅਤੇ ਓਵਰਫਲੋਅ ਹੁੰਦਾ ਸੀ, ਇਸ ਲਈ ਉਹ ਵੀ ਸਾਫ ਕਰਨ ਦਾ ਕੰਮ ਵੀ ਕੀਤਾ ਜਾ ਰਿਹਾ ਹੈ।

ਸਰਕਾਰ ਵੱਲੋਂ ਇਸ ਸਾਲ ਜਾਰੀ ਕੀਤੇ ਫੰਡ ਬਾਰੇ ਸੀਚੇਵਾਲ ਨੇ ਕਿਹਾ, “ਇਹ ਕੰਮ ਅਪ੍ਰੈਲ ਤੋਂ ਸ਼ੁਰੂ ਹੋ ਕੇ ਹੁਣ ਤੱਕ ਤਾਂ ਨਿਬੇੜ ਵੀ ਲੈਣਾ ਚਾਹੀਦਾ ਸੀ। ਸਰਕਾਰ ਵੱਲੋਂ ਐਲਾਨੀ ਰਾਸ਼ੀ ਜੇ ਸਹੀ ਤਰੀਕੇ ਇਸਤੇਮਾਲ ਹੋਵੇ ਤਾਂ ਹਾਲਾਤ ਬਿਹਤਰ ਹੋ ਜਾਣ ਪਰ ਅਜਿਹਾ ਹੁੰਦਾ ਨਹੀਂ।”

ਕਿਉਂ ਬਣਦੇ ਹਨ ਪੰਜਾਬ ਵਿੱਚ ਹੜ੍ਹਾਂ ਦੇ ਹਾਲਾਤ?

ਪੰਜਾਬ ਅੰਦਰ ਘੱਗਰ ਅਤੇ ਸਤਲੁਜ ਨੇੜਲੇ ਇਲਾਕੇ ਮਾਨਸੂਨ ਦੌਰਾਨ ਹੜ੍ਹਾਂ ਦੇ ਖ਼ਤਰੇ ਵਿੱਚ ਰਹਿੰਦੇ ਹਨ। ਘੱਗਰ ਬਰਸਾਤੀ ਨਦੀ ਹੈ।

ਪੰਜਾਬ ਅਤੇ ਪਹਾੜਾਂ ਵਿੱਚ ਭਾਰੀ ਮੀਂਹ ਕਾਰਨ ਜਾਂ ਬਰਫ਼ ਪਿਘਲਣ ਕਾਰਨ ਇਸ ਦਾ ਓਵਰਫਲੋਅ ਹੋ ਜਾਣਾ ਹੜ੍ਹਾਂ ਦਾ ਕਾਰਨ ਬਣਦਾ ਹੈ। ਕਈ ਵਾਰ ਨਦੀ ਦੇ ਕਿਨਾਰੇ ਕਮਜ਼ੋਰ ਹੋਣ ਕਾਰਨ ਟੁੱਟ ਜਾਂਦੇ ਹਨ ਜਾਂ ਫਿਰ ਸਾਫ਼ ਸਫਾਈ ਨਾ ਹੋਣ ਕਾਰਨ ਪਾਣੀ ਜਮ੍ਹਾਂ ਹੋ ਕੇ ਓਵਰਫਲੋਅ ਹੋ ਜਾਂਦਾ ਹੈ।

ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਭਾਰੀ ਬਾਰਿਸ਼ ਹੋਣ ਕਾਰਨ ਉੱਪਰ ਆਉਂਦਾ ਹੈ। ਜੇਕਰ ਪਹਾੜੀ ਨਦੀਆਂ ਤੋਂ ਭਾਖੜਾ ਵਿੱਚ ਆਉਂਦਾ ਪਾਣੀ ਵਧ ਜਾਵੇ ਤਾਂ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹਣੇ ਪੈਂਦੇ ਹਨ, ਇਹ ਪਾਣੀ ਵੀ ਸਤਲੁਜ ਵਿੱਚ ਜਾਣ ਲਗਦਾ ਹੈ। ਭਾਖੜਾ ਡੈਮ ਦੇ ਫੁੱਲ ਰਿਜ਼ਰਵਾਇਕ ਦਾ ਪੱਧਰ 1680 ਫੁੱਟ ਹੈ। ਇਸ ਪੱਧਰ ਤੋਂ ਪਾਣੀ ਵਧਣ ਲੱਗੇ ਤਾਂ ਫਲੱਡ ਗੇਟ ਖੋਲ੍ਹਣ ਦਾ ਫੈਸਲਾ ਲੈਣਾ ਪੈਂਦਾ ਹੈ।

ਕੋਰੋਨਾਵਾਇਰਸ
BBC

ਫਿਰ ਸਤਲੁਜ ਤੋਂ ਨਿੱਕਲਦੇ ਨਹਿਰਾਂ, ਨਾਲਿਆਂ ਦੀ ਸਾਫ਼ ਸਫਾਈ ਨਾ ਹੋਣਾ, ਬੰਨ੍ਹ ਕਮਜ਼ੋਰ ਹੋਣਾ ਵੀ ਹੜ੍ਹਾਂ ਦਾ ਕਾਰਨ ਬਣਦਾ ਹੈ।

ਪਿਛਲੇ ਸਾਲ ਭਾਖੜਾ ਦੇ ਫਲੱਡ ਗੇਟ ਖੋਲ੍ਹੇ ਗਏ ਸੀ, ਜਿਸ ਕਾਰਨ ਸਤਲੁਜ ਨੇੜਲੇ ਇਲਾਕੇ ਕਾਫੀ ਪ੍ਰਭਾਵਿਤ ਹੋਏ ਸੀ। ਇਸ ਤੋਂ ਪਹਿਲਾਂ 1988 ਵਿੱਚ ਵੀ ਭਾਖੜਾ ਤੋਂ ਕਾਫੀ ਪਾਣੀ ਛੱਡਿਆ ਗਿਆ ਸੀ।

ਇਸ ਵਾਰ ਫਿਲਹਾਲ ਫਲੱਡ ਗੇਟ ਖੋਲ੍ਹਣ ਦੀ ਚੇਤਾਵਨੀ ਨਹੀਂ ਦਿੱਤੀ ਗਈ ਹੈ। ਉਧਰ ਚੰਡੀਗੜ੍ਹ ਸਥਿਤ ਮੌਸਮ ਵਿਭਾਗ ਦੇ ਅਨੁਮਾਨ ਮੁਤਾਬਕ, ਸੂਬੇ ਅੰਦਰ ਮਾਨਸੂਨ ਚੰਗਾ ਰਹਿਣ ਵਾਲਾ ਹੈ। ਇਸ ਵਾਰ ਵੀ ਤਕਰੀਬਨ ਪਿਛਲੇ ਸਾਲ ਜਿਨ੍ਹੀਂ ਹੀ ਬਾਰਿਸ਼ ਹੋਣ ਦਾ ਅਨੁਮਾਨ ਹੈ।

ਹਾਲਾਂਕਿ ਫਿਲਹਾਲ, ਇਸ ਵਾਰ ਹੜ੍ਹਾਂ ਦੀ ਚੇਤਾਵਨੀ ਨਹੀਂ ਦਿੱਤੀ ਹੈ।

ਪੰਜਾਬ ਵਿੱਚ ਹੜ੍ਹ ਹਰ ਸਾਲ ਤਬਾਹੀ ਮਚਾਉਂਦੇ ਹਨ ਅਤੇ ਹਰ ਵਾਰ ਸਾਲ ਇਹ ਚੱਕਰ ਚਲਦਾ ਹੈ। ਪਿਛਲੇ ਸਾਲ ਦੇ ਹੜ੍ਹਾਂ ਦੀਆਂ ਬੀਬੀਸੀ ਨਿਊਜ਼ ਪੰਜਾਬੀ ਦੀਆਂ ਕੁਝ ਰਿਪੋਰਟਾਂ:

https://www.youtube.com/watch?v=b6qMgUIsbaw

https://www.youtube.com/watch?v=I3g5mZqRGF8

https://www.youtube.com/watch?v=25N3VfwVmrw

https://www.youtube.com/watch?v=U0PiU9Y35NI

https://www.youtube.com/watch?v=uR0AEOhIi20

ਹੈਲਪਲਾਈਨ ਨੰਬਰ
BBC
ਕੋਰੋਨਾਵਾਇਰਸ
BBC

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''5330f641-3d3a-4dc0-821f-cb299100c77f'',''assetType'': ''STY'',''pageCounter'': ''punjabi.india.story.53203087.page'',''title'': ''ਪਿਛਲੇ ਸਾਲ ਦੇ ਹੜ੍ਹਾਂ ਤੋਂ ਪੰਜਾਬ ਨੇ ਕੋਈ ਸਬਕ ਲਿਆ ?'',''published'': ''2020-06-28T09:22:36Z'',''updated'': ''2020-06-28T09:22:36Z''});s_bbcws(''track'',''pageView'');

Related News