Russia Referendum: ਪੁਤਿਨ ਰਾਸ਼ਟਰਪਤੀ ਚੋਣਾਂ ਤੋਂ ਪਹਿਲਾ ਕਿਉਂ ਕਰਵਾ ਰਹੇ ਨੇ ਰਾਇਸ਼ੁਮਾਰੀ
Thursday, Jun 25, 2020 - 05:04 PM (IST)


''ਰੂਸ ਦਾ ਮਤਲਬ ਪੁਤਿਨ ਅਤੇ ਪੁਤਿਨ ਦਾ ਮਤਲਬ ਰੂਸ ਹੈ''
ਸਿਰਫ਼ ਰੂਸੀ ਰਾਸ਼ਟਰਪਤੀ ਦੇ ਦਫ਼ਤਰ, ਕਰੈਮਲਿਨ ਦੇ ਡਿਪਟੀ ਚੀਫ ਆਫ ਸਟਾਫ ਹੀ ਨਹੀਂ ਬਲਕਿ ਬੀਤੇ ਕਈ ਸਾਲਾਂ ਤੋਂ ਚੋਣਾਂ ਵਿੱਚ ਵਾਰ-ਵਾਰ ਪੁਤਿਨ ''ਤੇ ਭਰੋਸਾ ਪ੍ਰਗਟ ਕਰ ਰਹੇ ਲੱਖਾਂ ਰੂਸੀ ਨਾਗਰਿਕਾਂ ਦਾ ਵੀ ਇਹੀ ਮੰਨਣਾ ਹੈ।
ਲੋਕ ਪੁਤਿਨ ਨੂੰ ਜਾਂ ਤਾ ਦੇਸ਼ ਦੇ ਰਾਸ਼ਟਰਪਤੀ ਦੇ ਤੌਰ ''ਤੇ ਦੇਖਣਾ ਚਾਹੁੰਦੇ ਹਨ ਜਾਂ ਫਿਰ ਪ੍ਰਧਾਨ ਮੰਤਰੀ ਦੇ ਰੂਪ ਵਿੱਚ।
ਜੁਲਾਈ ਵਿੱਚ ਇਹ ਭਰੋਸਾ ਇੱਕ ਹੋਰ ਵਾਰ ਉਸ ਵਕਤ ਪੁਖ਼ਤਾ ਹੋ ਜਾਵੇਗਾ ਜਦੋਂ ਦੇਸ਼ ਵਿੱਚ ਰੂਸੀ ਸੰਵਿਧਾਨ ਵਿੱਚ ਤਬਦੀਲੀ ਕਰਨ ਦੇ ਇੱਕ ਪ੍ਰਸਤਾਵ ''ਤੇ ਜਨਮਤ ਸੰਗ੍ਰਹਿ ਕਰਾਇਆ ਜਾਵੇਗਾ।
ਸੰਵਿਧਾਨ ਦੀ ਇਸ ਸੋਧ ਦੇ ਬਾਅਦ ਪੁਤਿਨ ਦੋ ਵਾਰ ਹੋਰ ਰਾਸ਼ਟਰਪਤੀ ਪਦ ਲਈ ਚੋਣ ਲੜ ਸਕਣ ਵਿੱਚ ਸਮਰੱਥ ਹੋਣਗੇ। ਰੂਸ ਵਿੱਚ ਰਾਸ਼ਟਰਪਤੀ ਦਾ ਕਾਰਜਕਾਲ ਛੇ ਸਾਲ ਦਾ ਹੁੰਦਾ ਹੈ।
67 ਸਾਲ ਦੇ ਪੁਤਿਨ ਦਾ ਮੌਜੂਦਾ ਕਾਰਜਕਾਲ 2024 ਵਿੱਚ ਖ਼ਤਮ ਹੋ ਰਿਹਾ ਹੈ ਅਤੇ ਇਸ ਦੇ ਬਾਅਦ ਵੀ ਰਾਸ਼ਟਰਪਤੀ ਦੀ ਚੋਣ ਲੜਨ ਦੀ ਸੰਭਾਵਨਾ ਤੋਂ ਉਨ੍ਹਾਂ ਨੇ ਇਨਕਾਰ ਨਹੀਂ ਕੀਤਾ ਹੈ। ਜੇਕਰ ਉਹ ਹੋਰ ਦੋ ਵਾਰ ਚੋਣ ਲੜਦੇ ਹਨ ਤਾਂ ਉਹ ਸਾਲ 2036 ਤੱਕ ਦੇਸ਼ ਦੇ ਰਾਸ਼ਟਰਪਤੀ ਬਣੇ ਰਹਿਣਗੇ।
ਬੁੱਧਵਾਰ ਨੂੰ ਮਾਸਕੋ ਦੇ ਰੈੱਡ ਸਕੁਵੇਅਰ ਵਿੱਚ 75ਵੀਂ ਵਿਕਟਰੀ ਪਰੇਡ ਦੇ ਇੱਕ ਦਿਨ ਬਾਅਦ ਦੇਸ਼ ਵਿੱਚ ਜਨਮਤ ਸੰਗ੍ਰਹਿ ਕਰਾਇਆ ਜਾਣਾ ਤੈਅ ਕੀਤਾ ਗਿਆ ਹੈ।
ਰੂਸ ਹਰ ਸਾਲ ਦੂਜੇ ਵਿਸ਼ਵ ਯੁੱਧ ਵਿੱਚ ਨਾਜ਼ੀ ਜਰਮਨੀ ''ਤੇ ਸੋਵੀਅਤ ਜਿੱਤ ਦੀ ਵਰ੍ਹੇਗੰਢ ਮਨਾਉਂਦਾ ਹੈ।
ਇਸ ਦਿਨ ਵਿਸ਼ਾਲ ਸੈਨਾ ਪਰੇਡ ਦਾ ਆਯੋਜਨ ਕੀਤਾ ਜਾਂਦਾ ਹੈ ਜਿਸ ਵਿੱਚ ਰੂਸ ਆਪਣੀ ਸੈਨਾ ਸ਼ਕਤੀ ਦਾ ਪ੍ਰਦਰਸ਼ਨ ਕਰਦਾ ਹੈ।

ਅਧਿਕਾਰਕ ਤੌਰ ''ਤੇ ਹਰ ਸਾਲ 9 ਮਈ ਨੂੰ ਇਹ ਪਰੇਡ ਕਰਾਈ ਜਾਂਦੀ ਹੈ, ਪਰ ਇਸ ਸਾਲ ਕੋਰੋਨਾ ਮਹਾਂਮਾਰੀ ਕਾਰਨ ਇਸ ਨੂੰ ਦੋ ਮਹੀਨੇ ਬਾਅਦ ਕਰਾਉਣ ਦਾ ਫ਼ੈਸਲਾ ਕੀਤਾ ਗਿਆ ਸੀ।
ਕਿਉਂ ਕਰਾਇਆ ਜਾ ਰਿਹਾ ਹੈ ਜਨਮਤ ਸੰਗ੍ਰਹਿ?
ਇਸੀ ਸਾਲ ਜਨਵਰੀ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦੇਸ਼ ਦੇ ਸੰਵਿਧਾਨ ਵਿੱਚ ਇੱਕ ਅਹਿਮ ਤਬਦੀਲੀ ਕਰਨ ਦਾ ਪ੍ਰਸਤਾਵ ਦਿੱਤਾ।
ਪੁਤਿਨ ਨੇ ਜੋ ਪ੍ਰਸਤਾਵ ਰੱਖੇ ਹਨ, ਉਨ੍ਹਾਂ ''ਤੇ ਦੇਸ਼ ਭਰ ਵਿੱਚ ਵੋਟਾਂ ਪਾਈਆਂ ਜਾਣਗੀਆਂ। ਇਸ ਜ਼ਰੀਏ ਸੱਤਾ ਦੀ ਤਾਕਤ ਰਾਸ਼ਟਰਪਤੀ ਦੀ ਬਜਾਇ ਸੰਸਦ ਕੋਲ ਜ਼ਿਆਦਾ ਹੋਵੇਗੀ ਅਤੇ ਉਹ ਛੇ ਸਾਲ ਦੇ ਦੋ ਹੋਰ ਕਾਰਜਕਾਲ ਲਈ ਚੋਣ ਲੜ ਸਕਣਗੇ।
ਇਹ ਜਨਮਤ ਸੰਗ੍ਰਹਿ ਇਸੇ ਸਾਲ 22 ਅਪ੍ਰੈਲ ਨੂੰ ਕਰਾਇਆ ਜਾਣਾ ਸੀ, ਪਰ ਕੋਰੋਨਾ ਵਾਇਰਸ ਕਾਰਨ ਲਗਾਏ ਗਏ ਲੌਕਡਾਊਨ ਕਾਰਨ ਇਸ ਦੀ ਤਾਰੀਖ਼ ਅੱਗੇ ਕਰ ਦਿੱਤੀ ਗਈ, ਹੁਣ ਇਹ ਜਨਮਤ ਸੰਗ੍ਰਹਿ ਇੱਕ ਜੁਲਾਈ ਨੂੰ ਹੋਣਾ ਹੈ।
ਇਸ ਦੌਰਾਨ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨ ਲਈ ਨਵੇਂ ਨਿਯਮ ਬਣਾਏ ਗਏ ਹਨ ਅਤੇ ਇਹ ਪੂਰੀ ਪ੍ਰਕਿਰਿਆ ਇੱਕ ਦਿਨ ਦੀ ਬਜਾਇ ਪੰਜ ਦਿਨਾਂ ਵਿੱਚ ਪੂਰੀ ਕੀਤੀ ਜਾਵੇਗੀ।

ਕੋਰੋਨਾ ਕਾਰਨ ਜਿਨ੍ਹਾਂ ਇਲਾਕਿਆਂ ਵਿੱਚ ਫਿਲਹਾਲ ਸਖ਼ਤ ਵਿਵਸਥਾ ਲਾਗੂ ਹੈ, ਉੱਥੇ ਵੀ ਜਨਮਤ ਸੰਗ੍ਰਹਿ ਕਰਾਇਆ ਜਾਵੇਗਾ।
ਕੀ ਹੈ ਪੁਤਿਨ ਦੀ ਯੋਜਨਾ?
ਵੀਹਵੀਂ ਸਦੀ ਦੇ ਰੂਸ ਵਿੱਚ ਵੱਡੇ ਨੇਤਾ ਦੇ ਰੂਪ ਵਿੱਚ ਜੋ ਇੱਕ ਨਾਂ ਉੱਭਰਿਆ ਹੈ, ਉਹ ਹੈ-ਵਲਾਦੀਮੀਰ ਪੁਤਿਨ।
ਸਾਲ 1999 ਵਿੱਚ ਉਹ ਪ੍ਰਧਾਨ ਮੰਤਰੀ ਦੇ ਅਹੁਦੇ ''ਤੇ ਨਿਯੁਕਤ ਕੀਤੇ ਗਏ। ਇਸ ਦੇ ਬਾਅਦ 2000 ਤੋਂ 2008 ਤੱਕ ਉਹ ਰਾਸ਼ਟਰਪਤੀ ਦੇ ਪਦ ''ਤੇ ਚੁਣੇ ਗਏ।
ਇਸ ਦੇ ਬਾਅਦ 2008 ਤੋਂ 2012 ਤੱਕ ਉਹ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਅਤੇ 2012 ਦੇ ਬਾਅਦ ਤੋਂ ਹੁਣ ਤੱਕ ਰਾਸ਼ਟਰਪਤੀ ਦੇ ਤੌਰ ''ਤੇ ਦੇਸ਼ ਦਾ ਸਭ ਤੋਂ ਵੱਡਾ ਚਿਹਰਾ ਬਣੇ ਹੋਏ ਹਨ।
ਪੁਤਿਨ ਨੇ ਹੁਣ ਤੱਕ ਇਹ ਨਹੀਂ ਕਿਹਾ ਹੈ ਕਿ ਉਹ ਇਸ ਕਾਰਜਕਾਲ ਦੇ ਖ਼ਤਮ ਹੋਣ ਦੇ ਬਾਅਦ ਚੋਣ ਵਿੱਚ ਫਿਰ ਖੜ੍ਹੇ ਹੋਣਗੇ, ਪਰ ਉਨ੍ਹਾਂ ਨੇ ਹੁਣ ਤੱਕ ਇਸ ਤੋਂ ਇਨਕਾਰ ਵੀ ਨਹੀਂ ਕੀਤਾ ਹੈ।
ਇਸੀ ਕਾਰਨ ਉਨ੍ਹਾਂ ਦੇ ਆਲੋਚਕ ਮੰਨਦੇ ਹਨ ਕਿ ਸੰਵਿਧਾਨਕ ਸੋਧ ਨੇ ਹਮੇਸ਼ਾ ਲਈ ਜਾਂ ਘੱਟ ਤੋਂ ਘੱਟ 2036 ਤੱਕ ਉਨ੍ਹਾਂ ਦੇ ਸੱਤਾ ਵਿੱਚ ਬਣੇ ਰਹਿਣ ਦੀ ਸੰਭਾਵਨਾ ਨੂੰ ਹੋਰ ਪੁਖ਼ਤਾ ਕਰ ਦਿੱਤਾ ਹੈ।
ਉਨ੍ਹਾਂ ਦੀ ਕੱਟੜ ਸਮਰਥਕ ਅਤੇ ਰੂਸੀ ਸੰਸਦ ਮੈਂਬਰ ਵੇਲੇਂਟੀਨਾ ਤੇਰੇਸ਼ਕੋਵਾ ਮੰਨਦੀ ਹੈ ਕਿ ਪੁਤਿਨ ਨੂੰ ਹੁਣ ਲੰਬੇ ਵਕਤ ਤੱਕ ਦੇਸ਼ ਦਾ ਰਾਸ਼ਟਰਪਤੀ ਬਣੇ ਰਹਿਣਾ ਚਾਹੀਦਾ ਹੈ।
ਵੱਡੇ ਪੈਮਾਨੇ ''ਤੇ ਨਾਗਰਿਕਾਂ ਦਾ ਸਮਰਥਨ ਵੀ ਪੁਤਿਨ ਨੂੰ ਹਾਸਲ ਹੈ। ਸਾਲ 2018 ਵਿੱਚ ਹੋਈਆਂ ਚੋਣਾਂ ਵਿੱਚ ਪੁਤਿਨ ਨੇ 76 ਫ਼ੀਸਦੀ ਤੋਂ ਜ਼ਿਆਦਾ ਵੋਟ ਹਾਸਲ ਕਰਕੇ ਆਪਣੀ ਸਥਿਤੀ ਹੋਰ ਮਜ਼ਬੂਤ ਕੀਤੀ ਸੀ।
ਬੀਬੀਸੀ ਦੀ ਮਾਸਕੋ ਪੱਤਰਕਾਰ ਸਾਰਾ ਰੇਂਸਫੋਰਡ ਕਹਿੰਦੀ ਹੈ ਕਿ ਇਸ ਵਾਰ ''ਪੁਤਿਨ ਦੀ ਕੋਸ਼ਿਸ਼ ਸੀ ਕਿ ਉਹ ਇਹ ਸਾਬਤ ਕਰ ਸਕੇ ਕਿ ਸੰਵਿਧਾਨਕ ਸੋਧ ਦੀ ਮੰਗ ਜਨਤਾ ਦੀ ਹੈ ਨਾ ਕਿ ਸੱਤਾ ਦੀ।''
ਪੁਤਿਨ ਨੇ ਇੱਕ ਵਾਰ ਇਸ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਸੀ ਕਿ ਰੂਸ ਅਜੇ ਓਨਾ ਵਿਕਸਤ ਨਹੀਂ ਹੋਇਆ ਹੈ ਕਿ ਰਾਸ਼ਟਰਪਤੀ ਬਦਲਿਆ ਜਾਵੇ।
ਸਾਰਾ ਰੇਂਸਫੋਰਡ ਕਹਿੰਦੀ ਹੈ, "ਕਈ ਲੋਕ ਪੁਤਿਨ ਨੂੰ ਪਸੰਦ ਕਰਦੇ ਹਨ ਅਤੇ ਉਨ੍ਹਾਂ ਨੂੰ ਪੁਤਿਨ ਦੀ ਅਗਵਾਈ ਸਵੀਕਾਰ ਹੈ। ਕਈ ਲੋਕ ਉਨ੍ਹਾਂ ਨੂੰ ਇੱਕ ਅਜਿਹੇ ਮਜ਼ਬੂਤ ਨੇਤਾ ਦੇ ਤੌਰ ''ਤੇ ਦੇਖਦੇ ਹਨ ਜੋ ਪੱਛਮ ਨੂੰ ਚੁਣੌਤੀ ਦੇਣ ਵਿੱਚ ਸਮਰੱਥ ਹੈ। ਦੇਸ਼ ਵਿੱਚ ਇਹ ਵੀ ਚਰਚਾ ਹੈ ਕਿ ਫਿਲਹਾਲ ਉਨ੍ਹਾਂ ਦਾ ਕੋਈ ਵਿਕਲਪ ਨਹੀਂ ਹੈ।"
ਸੱਤਾ ਦੀ ਜ਼ਰੂਰਤ ਕਿਵੇਂ ਬਣ ਗਏ ਪੁਤਿਨ?
ਇੱਕ ਪਾਸੇ ਰੂਸ ਅਤੇ ਪੱਛਮੀ ਦੇਸ਼ਾਂ ਵਿਚਕਾਰ ਜਾਰੀ ਸ਼ੀਤ ਯੁੱਧ ਖ਼ਤਮ ਹੋਣ ਦੀ ਕਗਾਰ ''ਤੇ ਸੀ ਤਾਂ ਦੂਜੇ ਪਾਸੇ ਕਿਸਮਤ ਵਲਾਦੀਮੀਰ ਪੁਤਿਨ ਨੂੰ ਸੱਤਾ ਦੀਆਂ ਗਲੀਆਂ ਵੱਲ ਖਿੱਚ ਰਹੀ ਸੀ।
1989 ਦੀ ਕ੍ਰਾਂਤੀ ਦੌਰਾਨ ਪੁਤਿਨ ਡਰੈਸਡੇਨ ਵਿੱਚ ਰੂਸੀ ਖ਼ੂਫ਼ੀਆ ਏਜੰਸੀ ਕੇਜੀਬੀ ਦੇ ਏਜੰਟ ਦੇ ਤੌਰ ''ਤੇ ਤਾਇਨਾਤ ਸਨ।

ਇਹ ਜਗ੍ਹਾ ਜਰਮਨੀ ਦੇ ਉਸ ਹਿੱਸੇ ਵਿੱਚ ਸੀ ਜਿਸ ਨੂੰ ਉਦੋਂ ਕਮਿਊਨਿਸਟ ਪੂਰਬੀ ਜਰਮਨੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ।
ਇਸ ਦੌਰਾਨ ਉੱਥੇ ਵੱਡੇ ਪੈਮਾਨੇ ''ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਸਨ। ਪ੍ਰਦਰਸ਼ਨਕਾਰੀਆਂ ਨੇ ਬਰਲਿਨ ਦੀ ਦੀਵਾਰ ਅਤੇ ਆਇਰਨ ਕਰਟੇਨ ਨੂੰ ਗਿਰਾ ਦਿੱਤਾ ਸੀ।
ਇਸੀ ਦੌਰਾਨ ਸੋਵੀਅਤ ਸੰਘ ਦਾ ਪਤਨ ਵੀ ਹੋ ਰਿਹਾ ਸੀ ਜਿਸ ਦੇ ਫਲਸਰੂਪ ਰੂਸ ਵਿੱਚ ਸੱਤਾ ਦੇ ਗਲਿਆਰਿਆਂ ਵਿੱਚ ਅਗਵਾਈ ਦੀ ਅਣਹੋਂਦ ਵਿੱਚ ਇੱਕ ਤਰ੍ਹਾਂ ਦੀ ਖਾਲੀ ਜਗ੍ਹਾ ਬਣਨ ਲੱਗੀ ਸੀ।
ਇਸ ਪੂਰੇ ਮਾਮਲੇ ''ਤੇ ਪੈਨੀ ਨਜ਼ਰ ਰੱਖ ਰਹੇ ਨੌਜਵਾਨ ਪੁਤਿਨ ਨੂੰ ਜਨਤਾ ਦੀ ਤਾਕਤ ਦਾ ਅੰਦਾਜ਼ਾ ਹੋ ਰਿਹਾ ਸੀ।
ਪੁਤਿਨ ਨੇ ਦਸਬੰਰ 1989 ਦੀ ਉਸ ਘਟਨਾ ਬਾਰੇ ਖ਼ੁਦ ਵਿਸਥਾਰ ਨਾਲ ਦੱਸਿਆ ਹੈ ਜਦੋਂ ਡਰੈਸਡੇਨ ਵਿੱਚ ਕੇਜੀਬੀ ਦੇ ਹੈੱਡਕੁਆਰਟਰ ਨੂੰ ਭੀੜ ਨੇ ਘੇਰ ਲਿਆ ਸੀ ਅਤੇ ਉਨ੍ਹਾਂ ਨੇ ਮਾਸਕੋ ਨਾਲ ਸੰਪਰਕ ਕਰਕੇ ਮਦਦ ਮੰਗੀ ਸੀ। ਪੁਤਿਨ ਨੇ ਦੱਸਿਆ ਸੀ ਕਿ ਉਸ ਦੌਰਾਨ ਪੂਰਬ ਸੋਵੀਅਤ ਨੇਤਾ ਮਿਖਾਇਲ ਗੋਰਬਾਚੇਵ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਸੀ।
ਉਨ੍ਹਾਂ ਦੀ ਇੰਟਰਵਿਊ ''ਤੇ ਆਧਾਰਿਤ ਕਿਤਾਬ ''ਫਸਟ ਪਰਸਨ'' ਵਿੱਚ ਪੁਤਿਨ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਹੈੱਡਕੁਆਰਟਰ ਵਿੱਚ ਮੌਜੂਦ ਰਿਪੋਰਟਾਂ ਨੂੰ ਜਲਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ "ਉਨ੍ਹਾਂ ਨੇ ਇੰਨੀਆਂ ਰਿਪੋਰਟਾਂ ਜਲਾਈਆਂ ਕਿ ਫਰਨੈਂਸ ਹੀ ਫਟ ਗਿਆ।"

ਪੁਤਿਨ ਦੀ ਜੀਵਨੀ ਲਿਖਣ ਵਾਲੇ ਜਰਮਨ ਨਾਗਰਿਕ ਬੋਰਿਸ ਰੀਤਸ਼ੂਸਟਰ ਕਹਿੰਦੇ ਹਨ, "ਜੇਕਰ ਪੁਤਿਨ ਕਦੇ ਪੂਰਬੀ ਜਰਮਨੀ ਨਾ ਗਏ ਹੁੰਦੇ ਤਾਂ ਸ਼ਾਇਦ ਅੱਜ ਅਸੀਂ ਇੱਕ ਅਲੱਗ ਹੀ ਪੁਤਿਨ ਅਤੇ ਇੱਕ ਅਲੱਗ ਰੂਸ ਦੇਖ ਰਹੇ ਹੁੰਦੇ।"
ਪੁਤਿਨ ਦਾ ਤਾਕਤਵਰ ਹੁੰਦੇ ਜਾਣਾ
ਆਪਣੇ ਘਰ ਲੇਨਿਨਗਾਰਦ (ਪੁਰਾਣਾ ਸੇਂਟ ਪੀਟਸਬਰਗ) ਵਾਪਸ ਆਉਣ ਤੋਂ ਬਾਅਦ ਪੁਤਿਨ ਉੱਥੋਂ ਦੇ ਨਵੇਂ ਮੇਅਰ ਆਨਤੋਲੀ ਸੋਬਚਕ ਦੇ ਖ਼ਾਸ ਮਿੱਤਰ ਬਣ ਗਏ।
ਪੂਰਬੀ ਜਰਮਨੀ ਵਿੱਚ ਪੁਤਿਨ ਉਸ ਨੈੱਟਵਰਕ ਦਾ ਹਿੱਸਾ ਰਹਿ ਚੁੱਕੇ ਸਨ ਜੋ ਹੁਣ ਰੂਸ ਵਿੱਚ ਰਾਜਨੀਤਕ ਤੌਰ ''ਤੇ ਅੱਗੇ ਵਧ ਰਹੇ ਸਨ। ਪੁਤਿਨ ਦਾ ਕਰੀਅਰ ਵੀ ਤੇਜ਼ ਗਤੀ ਨਾਲ ਅੱਗੇ ਵਧ ਰਿਹਾ ਸੀ।
ਪੁਤਿਨ ਮਾਸਕੋ ਚਲੇ ਗਏ ਅਤੇ ਉਨ੍ਹਾਂ ਨੇ ਐੱਫਐੱਸਬੀ ਜੁਆਇਨ ਕਰ ਲਈ। ਉੱਥੋਂ ਉਹ ਹੁਣ ਕਰੇਮਿਲਨ ਲਈ ਕੰਮ ਕਰਨ ਲੱਗੇ ਸਨ। ਉਸ ਵਕਤ ਬੋਰਿਸ ਯੇਲਤਸਿਨ ਰੂਸੀ ਫੈਡਰੇਸ਼ਨ ਦੇ ਰਾਸ਼ਟਰਪਤੀ ਹੋਇਆ ਕਰਦੇ ਸਨ।
ਯੇਲਤਸਿਨ ਦੇ ਖ਼ਾਸ ਸਮਰਥਕਾਂ ਵਿੱਚੋ ਇੱਕ ਸਨ ਬਿਜ਼ਨਸਮੈਨ ਬੋਰਿਸ ਬੇਰੇਜ਼ੇਵਿਸਕੀ। ਮੰਨਿਆ ਜਾਂਦਾ ਹੈ ਕਿ ਚੋਣਾਂ ਦੌਰਾਨ ਲੋਕਾਂ ਦੀ ਸੋਚ ਪ੍ਰਭਾਵਿਤ ਕਰਨ ਵਿੱਚ ਉਹ ਕਾਬਲ ਸਨ।
ਉੱਥੋ ਹੀ ਸਾਬਕਾ ਪੱਤਰਕਾਰ ਵੇਲੇਂਟਿਨ ਯੁਮਾਸ਼ੋਵ (ਬਾਅਦ ਵਿੱਚ ਰੂਸੀ ਸਰਕਾਰ ਵਿੱਚ ਅਧਿਕਾਰੀ ਬਣੇ ਸਨ) ਬੋਰਿਸ ਯੇਲਤਸਿਨ ਦੇ ਸਭ ਤੋਂ ਭਰੋਸੇਮੰਦ ਸਹਿਯੋਗੀਆਂ ਵਿੱਚੋਂ ਇੱਕ ਸਨ। ਉਨ੍ਹਾਂ ਦਾ ਵਿਆਹ ਯੇਲਤਸਿਨ ਦੀ ਬੇਟੀ ਤਾਤਿਆਨਾ ਨਾਲ ਹੋਇਆ ਸੀ।
1997 ਵਿੱਚ ਯੇਲਤਸਿਨ ਦੇ ਚੀਫ ਆਫ ਸਟਾਫ ਦੇ ਰੂਪ ਵਿੱਚ ਉਨ੍ਹਾਂ ਨੇ ਹੀ ਪੁਤਿਨ ਨੂੰ ਕਰੇਮਲਿਨ ਵਿੱਚ ਸਭ ਤੋਂ ਪਹਿਲਾਂ ਕੰਮ ਕਰਨ ਦੀ ਪੇਸ਼ਕਸ਼ ਕੀਤੀ ਸੀ।

ਅਗਸਤ 1999 ਵਿੱਚ ਬੋਰਿਸ ਯੇਲਤਸਿਨ ਨੇ ਵਲਾਦੀਮੀਰ ਪੁਤਿਨ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ। ਇਹ ਸਪੱਸ਼ਟ ਸੰਕੇਤ ਸੀ ਕਿ ਰਾਸ਼ਟਰਪਤੀ ਯੇਲਤਸਿਨ ਕਰੇਮਲਿਨ ਯਾਨੀ ਦੇਸ਼ ਦੀ ਅਗਵਾਈ ਕਰਨ ਲਈ ਪੁਤਿਨ ਨੂੰ ਤਿਆਰ ਕਰ ਰਹੇ ਸਨ।
ਬੋਰਿਸ ਬੇਰੇਜ਼ੇਵਿਸਕੀ ਦਾ ਸਮਰਥਨ ਵੀ ਪੁਤਿਨ ਨੂੰ ਹਾਸਲ ਸੀ।
ਦੇਸ਼ ਦੇ ਨਵੇਂ ਰਾਸ਼ਟਰਪਤੀ
ਯੇਲਤਸਿਨ ਦੇ ਅਹੁਦਾ ਛੱਡਣ ਵਿੱਚ ਅਜੇ ਇੱਕ ਸਾਲ ਬਾਕੀ ਸੀ, ਪਰ ਦਸੰਬਰ, 1999 ਵਿੱਚ ਉਨ੍ਹਾਂ ਨੇ ਅਚਾਨਕ ਅਹੁਦਾ ਤਿਆਗਣ ਦਾ ਐਲਾਨ ਕਰ ਦਿੱਤਾ।
ਨਵੇਂ ਰਾਸ਼ਟਰਪਤੀ ਦੇ ਨਾਂ ''ਤੇ ਨਾ ਤਾਂ ਨੇਤਾਵਾਂ ਨੇ ਅਤੇ ਨਾ ਹੀ ਵਪਾਰੀ ਵਰਗ ਨੇ ਇਤਰਾਜ਼ ਕੀਤਾ। ਰਾਜਨੀਤੀ ਦੇ ਅਖਾੜੇ ਵਿੱਚ ਅਚਾਨਕ ਉੱਭਰ ਆਏ ਪੁਤਿਨ ਤੋਂ ਸਾਰੇ ਖ਼ੁਸ਼ ਸਨ।
ਪਰ ਸੱਤਾ ਵਿੱਚ ਆਉਣ ਦੇ ਤਿੰਨ ਮਹੀਨਿਆਂ ਦੇ ਅੰਦਰ ਹੀ ਪੁਤਿਨ ਨੇ ਮੀਡੀਆ ਨੂੰ ਕਾਬੂ ਵਿੱਚ ਕਰ ਲਿਆ ਅਤੇ ਮੰਨਿਆ ਜਾਂਦਾ ਹੈ ਕਿ ਇਸ ਦੇ ਬਾਅਦ ਕਰੇਮਲਿਨ ਦੇ ਪੁਰਾਣਾ ਸਹਿਯੋਗੀ ਰਿਹਾ ਵਪਾਰੀ ਵਰਗ ਰਾਜਨੀਤੀ ਤੋਂ ਦੂਰ ਹੁੰਦਾ ਗਿਆ।
ਇੱਕ ਤਰ੍ਹਾਂ ਨਾਲ ਇਸਦੇ ਬਾਅਦ ਪੁਤਿਨ ਦੇ ਕੰਮ ਕਰਨ ਦਾ ਤਰੀਕਾ ਵੀ ਸਪੱਸ਼ਟ ਹੋ ਗਿਆ।
ਵਿਰੋਧੀਆਂ ਦਾ ਦਮਨ
ਮੀਡੀਆ ਨੂੰ ਆਪਣੇ ਕਾਬੂ ਵਿੱਚ ਕਰਨ ਦੇ ਦੋ ਫਾਇਦੇ ਸਨ, ਪਹਿਲਾ ਇਹ ਕਿ ਆਪਣੇ ਤਾਕਤਵਰ ਵਿਰੋਧੀਆਂ ਦੀ ਆਵਾਜ਼ ਦਬਾਉਣਾ ਹੁਣ ਆਸਾਨ ਸੀ ਅਤੇ ਦੂਜਾ ਇਹ ਕਿ ਲੋਕਾਂ ਤੱਕ ਪਹੁੰਚਣ ਵਾਲੀਆਂ ਖ਼ਬਰਾਂ ਦੇ ਨੈਰੇਟਿਵ ਨੂੰ (ਚੇਚਨੀਆ ਦੇ ਯੁੱਧ ਤੋਂ ਲੈ ਕੇ ਮਾਸਕੋ ਅਤਿਵਾਦੀ ਹਮਲੇ ਤੱਕ) ਮਜ਼ਬੂਤ ਕਰਨਾ ਹੁਣ ਸੰਭਵ ਸੀ।
ਇਸਦਾ ਅਸਰ ਰਾਸ਼ਟਰਪਤੀ ਦੀ ਹਰਮਨਪਿਆਰਤਾ ''ਤੇ ਵੀ ਹੋਇਆ ਅਤੇ ਉਹ ਵਕਤ ਨਾਲ ਇੱਕ ਨਵੇਂ ਰੂਸ ਦੇ ਤਾਕਤਵਰ ਨੇਤਾ ਦਾ ਅਕਸ ਬਣਾਉਂਦੇ ਗਏ।
ਇਸ ਦੇ ਬਾਅਦ ਤੋਂ ਕਿਹਾ ਜਾ ਸਕਦਾ ਹੈ ਕਿ ਰੂਸੀ ਨਾਗਰਿਕ ਉਹੀ ਦੇਖਦੇ ਹਨ ਜੋ ਰਾਸ਼ਟਰਪਤੀ ਦੀ ਇੱਛਾ ਹੁੰਦੀ ਹੈ।
ਰੂਸ ਵਿੱਚ ਲਗਭਗ 3,000 ਟੈਲੀਵਿਜ਼ਨ ਚੈਨਲ ਹਨ, ਪਰ ਉਨ੍ਹਾਂ ਵਿੱਚੋਂ ਜ਼ਿਆਦਾਤਰ ਖ਼ਬਰਾਂ ਨਹੀਂ ਦਿਖਾਉਂਦੇ। ਜੇਕਰ ਕੋਈ ਚੈਨਲ ਰਾਜਨੀਤੀ ਨਾਲ ਜੁੜੀ ਕੋਈ ਖ਼ਬਰ ਦਿੰਦਾ ਵੀ ਹੈ ਤਾਂ ਇਸ ਲਈ ਉਨ੍ਹਾਂ ਨੂੰ ਸਰਕਾਰ ਤੋਂ ਪੁੱਛਣਾ ਪੈਂਦਾ ਹੈ।
ਪ੍ਰਾਂਤਾਂ ਲਈ ਸੰਦੇਸ਼: ''ਨਾ ਉਲਝੋ ਤਾਂ ਬਿਹਤਰ''
ਪੁਤਿਨ ਨੇ ਹੌਲੀ-ਹੌਲੀ ਆਪਣੇ ਭਰੋਸੇਮੰਦ ਨੇਤਾਵਾਂ ਨੂੰ ਰਾਜਪਾਲ ਦੇ ਤੌਰ ''ਤੇ ਨਿਯੁਕਤ ਕਰਦੇ ਹੋਏ ਰੂਸ ਦੇ 83 ਖੇਤਰਾਂ ''ਤੇ ਆਪਣਾ ਕੰਟਰੋਲ ਕਰ ਲਿਆ।
ਉਨ੍ਹਾਂ ਨੇ 2004 ਵਿੱਚ ਰਾਜਪਾਲਾਂ ਲਈ ਹੋਣ ਵਾਲੀਆਂ ਪ੍ਰਾਂਤਕ ਚੋਣਾਂ ਨੂੰ ਰੱਦ ਕਰ ਦਿੱਤਾ ਅਤੇ ਆਪਣੇ ਅਗਲੇ ਰਾਜਪਾਲ ਦੇ ਰੂਪ ਵਿੱਚ ਨਿਯੁਕਤੀ ਲਈ ਪ੍ਰਾਂਤਕ ਵਿਧਾਇਕਾਂ ਲਈ ਤਿੰਨ ਉਮੀਦਵਾਰਾਂ ਦੇ ਨਾਮਾਂ ਦੀ ਸੂਚੀ ਤਿਆਰ ਕੀਤੀ।

ਪੁਤਿਨ ਦੇ ਆਲੋਚਕਾਂ ਨੇ ਦੋਸ਼ ਲਗਾਇਆ ਕਿ ਉਹ ''ਲੋਕਤੰਤਰ ਦੀ ਹੱਤਿਆ'' ਕਰ ਰਹੇ ਹਨ, ਪਰ ਉਨ੍ਹਾਂ ਦੀ ਇਸ ਰਣਨੀਤੀ ਨੇ ਚੇਚਨੀਆ ਵਰਗੇ ਖੇਤਰਾਂ ਵਿੱਚ ਉਨ੍ਹਾਂ ਨੂੰ ਲਾਭ ਪਹੁੰਚਾਇਆ।
ਸਾਲ 2012 ਵਿੱਚ ਲੋਕਤੰਤਰ ਸਮਰਥਕ ਵਿਰੋਧ ਪ੍ਰਦਰਸ਼ਨਾਂ ਦੇ ਬਾਅਦ ਪ੍ਰਾਂਤਕ ਚੋਣਾਂ ਹੋਈਆਂ, ਪਰ ਅਪ੍ਰੈਲ 2013 ਵਿੱਚ ਇੱਕ ਵਾਰ ਫਿਰ ਇਹ ਪ੍ਰਦੇਸ਼ ਸਿੱਧੇ ਤੌਰ ''ਤੇ ਪੁਤਿਨ ਦੇ ਕੰਟਰੋਲ ਵਿੱਚ ਆ ਗਏ ਅਤੇ ਇੱਥੇ ਨਵੇਂ ਪਾਬੰਦੀਸ਼ੁਦਾ ਕਾਨੂੰਨ ਬਹਾਲ ਕਰ ਦਿੱਤੇ ਗਏ।
2011 ਤੋਂ 2013 ਵਿਚਕਾਰ ਮਾਸਕੋ ਸਮੇਤ ਰੂਸ ਦੇ ਕਈ ਇਲਾਕਿਆਂ ਵਿੱਚ ਚੋਣਾਂ ਵਿੱਚ ਵਿਆਪਕ ਸੁਧਾਰ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਹੋਏ।
ਇਸ ਨੂੰ ਬੋਲੋਤਨਾਇਆ ਵਿਰੋਧ ਵੀ ਕਿਹਾ ਜਾਂਦਾ ਹੈ। 90 ਦੇ ਦਹਾਕੇ ਦੇ ਬਾਅਦ ਦੇਸ਼ ਵਿੱਚ ਹੋਏ ਇਹ ਸਭ ਤੋਂ ਵੱਡੇ ਵਿਰੋਧ ਪ੍ਰਦਰਸ਼ਨ ਸਨ।
ਇਸੀ ਦੌਰਾਨ ਮੱਧ-ਪੂਰਬ ਵਿੱਚ ਅਰਬ ਸਪਰਿੰਗ ਵਰਗੇ ਵਿਰੋਧ ਹੋ ਰਹੇ ਸਨ। ਪੁਤਿਨ ਦਾ ਮੰਨਣਾ ਸੀ ਕਿ ਇਸ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨਾਂ ਜ਼ਰੀਏ ਪੱਛਮੀ ਦੇਸ਼ ਰੂਸ ਵਿੱਚ ਆਪਣੇ ਪੈਰ ਜਮਾਂ ਸਕਦੇ ਹਨ।

ਕਈ ਦੇਸ਼ਾਂ ਵਿੱਚ ਵੱਡੀਆਂ ਤਬਦੀਲੀਆਂ ਦੀ ਹਵਾ ਨੂੰ ਦੇਖਦੇ ਹੋਏ ਪੁਤਿਨ ਨੇ ਵੀ ਆਪਣੇ ਕੰਮ ਕਰਨ ਦਾ ਤਰੀਕਾ ਬਦਲਿਆ ਅਤੇ ਉਨ੍ਹਾਂ ਨੇ ਥੋੜ੍ਹੇ ਸਮੇਂ ਲਈ ਹੀ ਸਹੀ, ਉਦਾਰਵਾਦੀ ਨੀਤੀਆਂ ਅਪਣਾਉਣੀਆਂ ਸ਼ੁਰੂ ਕੀਤੀਆਂ। ਉਨ੍ਹਾਂ ਨੇ ਰਾਜਨੀਤਕ ਵਿਕੇਂਦਰੀਕਰਨ ਦੀ ਗੱਲ ਕੀਤੀ ਅਤੇ ਸਾਰੇ ਪ੍ਰਾਂਤਾਂ ਨਾਲ ਵਾਅਦਾ ਕੀਤਾ ਕਿ ਆਪਣੀ ਅਰਥਵਿਵਸਥਾ ''ਤੇ ਉਨ੍ਹਾਂ ਨੂੰ ਜ਼ਿਆਦਾ ਕੰਟਰੋਲ ਮਿਲੇਗਾ।
ਇਸ ਦੌਰਾਨ ਦਿੱਤੇ ਗਏ ਉਨ੍ਹਾਂ ਦੇ ਭਾਸ਼ਣ ਵਿੱਚ ''ਸੁਧਾਰ'' ਸ਼ਬਦ ਦੀ ਕਾਫ਼ੀ ਵਰਤੋਂ ਕੀਤੀ ਗਈ, ਪਰ ਜਿਵੇਂ ਹੀ ਆਲਮੀ ਪੱਖ ਤੋਂ ਖ਼ਤਰਾ ਟਲਿਆ, ਉਨ੍ਹਾਂ ਦੀ ਇਸ ਰਣਨੀਤੀ ''ਤੇ ਵੀ ਪੁਨਰਵਿਰਾਮ ਲੱਗ ਗਿਆ।
ਕਰੀਮਿਆ ਜਿੱਤ ਕੇ ਕੀਤਾ ਸ਼ਕਤੀ ਪ੍ਰਦਰਸ਼ਨ
ਕ੍ਰਾਂਤੀ ਦੇ ਬਾਅਦ ਯੂਕਰੇਨ ਦੀ ਸੱਤਾ ਵਿੱਚ ਇੱਕ ਤਰ੍ਹਾਂ ਦਾ ਖਾਲੀਪਣ ਬਣਿਆ ਜਿਸ ਨੇ ਪੁਤਿਨ ਨੂੰ ਬੈਠੇ-ਬਿਠਾਏ ਇੱਕ ਮਹੱਤਵਪੂਰਨ ਮੌਕਾ ਦੇ ਦਿੱਤਾ।
ਫਰਵਰੀ 2014 ਵਿੱਚ ਉਨ੍ਹਾਂ ਨੇ ਤੇਜ਼ੀ ਨਾਲ ਕਰੀਮਿਆ ''ਤੇ ਕਬਜ਼ਾ ਕਰ ਲਿਆ ਜੋ ਹੁਣ ਤੱਕ ਉਨ੍ਹਾਂ ਦੀ ਸਭ ਤੋਂ ਵੱਡੀ ਜਿੱਤ ਵਿੱਚੋਂ ਇੱਕ ਹੈ। ਇਹ ਪੱਛਮ ਲਈ ਇੱਕ ਵੱਡਾ ਝਟਕਾ ਸੀ।
ਰੂਸ ਨੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਦੇ ਹੋਏ ਗੁਆਂਢੀ ਦੇਸ਼ ਦੇ ਇੱਕ ਹਿੱਸੇ ''ਤੇ ਕਬਜ਼ਾ ਜਮਾਇਆ ਅਤੇ ਪੂਰੀ ਦੁਨੀਆ ਇਸ ਨੂੰ ਰੋਕਣ ਲਈ ਕੁਝ ਨਹੀਂ ਕਰ ਸਕੀ।
ਸਥਾਨਕ ਵਿਸ਼ਲੇਸ਼ਕ ਮੰਨਦੇ ਹਨ ਕਿ ਪੁਤਿਨ ਨੂੰ ਇਹ ਸਮਝ ਆ ਗਿਆ ਸੀ ਕਿ ਆਪਣੇ ਤਰੀਕੇ ਨਾਲ ਕੰਮ ਕਰਨ ਲਈ ਰੂਸ ਨੂੰ ਸੁਪਰਪਾਵਰ ਬਣਨ ਦੀ ਜ਼ਰੂਰਤ ਨਹੀਂ ਹੈ (ਸ਼ੀਤ ਯੁੱਧ ਦੇ ਦਿਨਾਂ ਵਿੱਚ ਇਹ ਮੰਨਿਆ ਜਾਂਦਾ ਸੀ ਕਿ ਰੂਸ ਨੂੰ ਸੁਪਰਪਾਵਰ ਬਣਨਾ ਚਾਹੀਦਾ ਹੈ)।

ਪੁਤਿਨ ਇੰਨੇ ਸ਼ਕਤੀਸ਼ਾਲੀ ਬਣ ਚੁੱਕੇ ਸਨ ਕਿ ਉਹ ਪੱਛਮੀ ਦੇਸ਼ਾਂ ਅਤੇ ਨੇਟੋ ਨਾਲ ਰੂਸ ਦੇ ਸਬੰਧਾਂ ਨੂੰ ਫਿਰ ਤੋਂ ਪਰਿਭਾਸ਼ਿਤ ਕਰ ਸਕਣ ਅਤੇ ਅਗਵਾਈ ਲੈ ਸਕਣ।
ਪੱਛਮੀ ਦੇਸ਼ਾਂ ਦੀ ਕਮਜ਼ੋਰੀ ਦਾ ਪੂਰਾ ਫਾਇਦਾ ਚੁੱਕਿਆ
ਪੁਤਿਨ ਨੇ ਪੱਛਮੀ ਦੇਸ਼ਾਂ ਵਿਚਕਾਰ ਵਿਦੇਸ਼ੀ ਮਾਮਲਿਆਂ ਨੂੰ ਲੈ ਕੇ ਸਹਿਭਾਗਤਾ ਦੀ ਘਾਟ ਅਤੇ ਉਨ੍ਹਾਂ ਦੀਆਂ ਕਮਜ਼ੋਰੀਆਂ ਦਾ ਵੀ ਪੂਰਾ ਫਾਇਦਾ ਉਠਾਇਆ।
ਉਨ੍ਹਾਂ ਨੇ ਪੱਛਮੀ ਦੇਸ਼ਾਂ ਖ਼ਿਲਾਫ਼ ਸੀਰੀਆ ਵਿੱਚ ਰਾਸ਼ਟਰਪਤੀ ਬਸਰ ਅਲ-ਅਸਦ ਦਾ ਸਾਥ ਦਿੱਤਾ ਅਤੇ ਸੀਰੀਆਈ ਸੈਨਾ ਨਾਲ ਗੱਠਜੋੜ ਵਿੱਚ ਅੱਗੇ ਵਧੇ। ਉਨ੍ਹਾਂ ਦੇ ਇਸ ਕਦਮ ਦਾ ਉਨ੍ਹਾਂ ਨੂੰ ਕਈ ਤਰ੍ਹਾਂ ਨਾਲ ਲਾਭ ਪਹੁੰਚਿਆ।
ਸਭ ਤੋਂ ਪਹਿਲਾਂ ਤਾਂ ਇਸ ਨਾਲ ਇਹ ਤੈਅ ਹੋ ਗਿਆ ਕਿ ਮੱਧ ਪੂਰਬ ਵਿੱਚ ਸਥਿਰਤਾ ਲਈ ਜ਼ਰੂਰੀ ਸੀਰੀਆ ਦੀ ਰਾਜਨੀਤੀ ਵਿੱਚ ਕਿਸੇ ਇੱਕ ਦੇਸ਼ ਦਾ ਪੂਰਾ ਕੰਟਰੋਲ ਨਹੀਂ ਰਹੇਗਾ। ਨਾਲ ਹੀ ਇੱਥੇ ਉਨ੍ਹਾਂ ਨੂੰ ਆਪਣੇ ਬਣਾਏ ਹਥਿਆਰਾਂ ਅਤੇ ਸੈਨਾ ਰਣਨੀਤੀ ''ਤੇ ਕੰਮ ਕਰਨ ਦਾ ਵੀ ਮੌਕਾ ਮਿਲਿਆ।
ਇਸ ਨਾਲ ਇੱਕ ਹੋਰ ਮਹੱਤਵਪੂਰਨ ਗੱਲ ਇਹ ਹੋਈ ਕਿ ਅਸਦ ਵੰਸ਼ ਦੇ ਇਲਾਵਾ ਮੱਧ-ਪੂਰਬ ਵਿੱਚ ਉਸਦੇ ਦੂਜੇ ਮਿੱਤਰਾਂ ਕੋਲ ਇਹ ਸੰਦੇਸ਼ ਗਿਆ ਕਿ ਰੂਸ ਆਪਣੇ ਪੁਰਾਣੇ ਸਾਥੀਆਂ ਦਾ ਹੱਥ ਕਦੇ ਨਹੀਂ ਛੱਡਦਾ।
ਤਾਂ ਕੀ ਪੁਤਿਨ ਬਣਨਗੇ ਨਵੇਂ ਰੂਸੀ ਜ਼ਾਰ?
ਆਪਣੀ ਸੱਤਾ ਦੌਰਾਨ ਪੁਤਿਨ ਨੇ ਰੂਸ ਦੇ ਵਿਸਥਾਰ ਦੀ ਨੀਤੀ ਨੂੰ ਸਹੀ ਠਹਿਰਾਉਣ ਵਾਲੀ ਸਾਮੰਤੀ ਧਾਰਨਾ ''''ਰੂਸੀ ਜ਼ਮੀਨ ਨੂੰ ਸਾਥ ਲਿਆਉਣ ਵਾਲਾ'''' ਨੂੰ ਬਾਖ਼ੂਬੀ ਸਾਬਤ ਕੀਤਾ ਹੈ।

ਇਸਦੇ ਮੱਦੇਨਜ਼ਰ ਸਮਝਿਆ ਜਾ ਸਕਦਾ ਹੈ ਕਿ ਕਰੀਮਿਆ ਅਤੇ ਰੂਸ ਨਾਲ ਲੱਗਦੇ ਛੋਟੇ-ਮੋਟੇ ਇਲਾਕੇ ਪੁਤਿਨ ਲਈ ਕੀ ਬੇਹੱਦ ਮਹੱਤਵਪੂਰਨ ਹਨ।
ਰੂਸੀ ਰਾਜਨੀਤੀ ''ਤੇ ਨਜ਼ਰ ਰੱਖਣ ਵਾਲੇ ਆਕਰਡ ਓਸਤਰੋਵਿਸਕੀ ਮੰਨਦੇ ਹਨ ਕਿ ਮੌਜੂਦਾ ਵਕਤ ਅਤੇ ਘਟਨਾਕ੍ਰਮ ਇੱਕ ਆਧੁਨਿਕ ਜ਼ਾਰ ਦੇ ਬਣਨ ਦਾ ਰਸਤਾ ਸਾਫ਼ ਕਰਨ ਵਰਗਾ ਪ੍ਰਤੀਤ ਹੁੰਦਾ ਹੈ।
ਉਹ ਕਹਿੰਦੇ ਹਨ ਕਿ ਰੂਸੀ ਰਾਜਨੀਤੀ ਵਿੱਚ ਇੱਕ ਅਜਿਹੇ ਅਲੱਗ ਨੇਤਾ ਦਾ ਜਨਮ ਹੋਇਆ ਹੈ ਜੋ ਦਲਗਤ ਰਾਜਨੀਤੀ ਤੋਂ ਕਿਧਰੇ ਉੱਪਰ ਹੈ।
ਗ਼ੌਰ ਕਰਨ ਵਾਲੀ ਗੱਲ ਇਹ ਹੈ ਕਿ ਲੰਘੀਆਂ ਰਾਸ਼ਟਰਪਤੀ ਚੋਣਾਂ ਵਿੱਚ ਪੁਤਿਨ ਆਜ਼ਾਦ ਉਮੀਦਵਾਰ ਦੇ ਤੌਰ ''ਤੇ ਮੈਦਾਨ ਵਿੱਚ ਉਤਰੇ ਸਨ।
ਮੌਜੂਦਾ ਦੌਰ ਵਿੱਚ ਰੂਸ ਵਿੱਚ ਪੁਤਿਨ ਉਸ ਜਗ੍ਹਾ ''ਤੇ ਹਨ ਜਿੱਥੋਂ ਉਨ੍ਹਾਂ ਨੂੰ ਕੋਈ ਹਿਲਾ ਤੱਕ ਨਹੀਂ ਸਕਦਾ, ਪਰ 2024 ਵਿੱਚ ਉਨ੍ਹਾਂ ਦਾ ਚੌਥਾ ਕਾਰਜਕਾਲ ਪੂਰਾ ਹੋਣ ਦੇ ਬਾਅਦ ਕੀ ਹੁੰਦਾ ਹੈ, ਇਹ ਕਹਿਣਾ ਅਜੇ ਮੁਸ਼ਕਿਲ ਹੈ।
ਭਵਿੱਖ ਕੀ ਹੋਵੇਗਾ ਕੋਈ ਨਹੀਂ ਕਹਿ ਸਕਦਾ, ਪਰ ਇਸ ਗੱਲ ਤੋਂ ਇਨਕਾਰ ਨਹੀਂ ਕਿ ਪੁਤਿਨ ਇਸਦੀ ਯੋਜਨਾ ਜ਼ਰੂਰ ਬਣਾ ਸਕਦੇ ਹਨ।
ਇਹ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=sjnU8621zI0
https://www.youtube.com/watch?v=ldHU5glYX0c
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''90e0dacf-9073-4a50-83cd-87515a1cd2ca'',''assetType'': ''STY'',''pageCounter'': ''punjabi.international.story.53179468.page'',''title'': ''Russia Referendum: ਪੁਤਿਨ ਰਾਸ਼ਟਰਪਤੀ ਚੋਣਾਂ ਤੋਂ ਪਹਿਲਾ ਕਿਉਂ ਕਰਵਾ ਰਹੇ ਨੇ ਰਾਇਸ਼ੁਮਾਰੀ'',''author'': ''ਈਵੇ ਓਨਟੀਵੇਰੋਸ'',''published'': ''2020-06-25T11:21:35Z'',''updated'': ''2020-06-25T11:21:35Z''});s_bbcws(''track'',''pageView'');