ਕੋਰੋਨਾਵਾਇਰਸ: 20 ਸਾਲਾਂ ਤੋਂ ਹੱਸਦੇ-ਵਸਦੇ ਇਸ ਪਰਿਵਾਰ ਦੀਆਂ ਖੁਸ਼ੀਆਂ ਕੋਰੋਨਾ ਨੇ ਕੁਝ ਘੰਟਿਆਂ ''''ਚ ਉਜਾੜੀਆਂ

06/05/2020 9:18:50 AM

ਮੇਰੀ ਭਤੀਜੀ ਖੁਸ਼ਾਲੀ ਤਮਾਏਚੀ ਆਪਣੀ ਬਾਰਵ੍ਹੀਂ ਦਾ ਨੰਬਰ ਕਾਰਡ ਹੱਥ ਵਿੱਚ ਫੜ ਕੇ ਰੋ ਰਹੀ ਸੀ। ਉਹ ਕਲਾਸ ਦੇ ਕੁਝ ਇੱਕ ਵਿਦਿਆਰਥੀਆਂ ਵਿੱਚੋਂ ਸੀ ਜਿਨ੍ਹਾਂ ਨੇ ਪਹਿਲੇ ਦਰਜੇ ਵਿੱਚ ਪ੍ਰੀਖਿਆ ਪਾਸ ਕੀਤੀ ਸੀ।

ਉਸ ਦੇ ਹੰਝੂਆਂ ਦਾ ਸਬੱਬ ਸਾਰੇ ਜਾਣਦੇ ਸਨ। ਇਹ ਉਸ ਦੇ ਮਰਹੂਮ ਪਿਤਾ ਉਮੇਸ਼ ਤਮਾਏਚੀ ਦੇ ਜੀਵਨ ਦਾ ਮਕਸਦ ਸੀ। ਉਨ੍ਹਾਂ ਦੀ ਕੋਰੋਨਾਵਾਇਰਸ ਕਾਰਨ ਕੁਝ ਦਿਨ ਪਹਿਲਾਂ ਹੀ ਮੌਤ ਹੋਈ ਸੀ।

ਉਮੇਸ਼ ਅਹਿਮਦਾਬਾਦ ਦੀ ਮੈਟਰੋ ਅਦਾਲਤ ਵਿੱਚ ਵਕਾਲਤ ਕਰਦੇ ਸਨ ਅਤੇ 44 ਸਾਲਾਂ ਦੇ ਸਨ। 11 ਮਈ ਨੂੰ ਉਨ੍ਹਾਂ ਨੂੰ ਸਾਹ ਲੈਣ ਵਿੱਚ ਦਿੱਕਤ ਹੋਈ ਅਤੇ 12 ਮਈ ਨੂੰ ਉਨ੍ਹਾਂ ਦਾ ਕੋਰੋਨਾ ਪੌਜ਼ਿਟੀਵ ਦਾ ਨਤੀਜਾ ਆ ਗਿਆ।

ਮੇਰੀ ਭੈਣ ਸ਼ਿਫ਼ਾਲੀ ਉਨ੍ਹਾਂ ਨੂੰ ਨਜ਼ਦੀਕੀ ਅਨੰਦ ਸਰਜੀਕਲ ਹਸਪਤਾਲ ਲੈ ਗਈ ਜਿਸ ਨੂੰ ਸ਼ਹਿਰ ਦੀ ਮਿਊਂਸੀਪਲ ਕਾਰਪੋਰੇਸ਼ਨ ਨੇ ਕੁਝ ਦਿਨ ਪਹਿਲਾਂ ਹੀ ਕੋਰੋਨਾਵਾਇਰਸ ਦੇ ਇਲਾਜ ਲਈ ਪ੍ਰਵਾਨਗੀ ਦਿੱਤੀ ਸੀ।

ਸ਼ਿਫ਼ਾਲੀ ਨੇ ਹਸਪਤਾਲ ਤੋਂ ਫ਼ੋਨ ਕਰ ਕੇ ਮੈਨੂੰ ਖ਼ਬਰ ਕੀਤੀ। ਫੋਨ ਸੁਣ ਕੇ ਮੈਂ ਹਿੱਲ ਗਿਆ। ਕੋਰੋਨਾਵਾਇਰਸ ਨੂੰ ਆਪਣੇ ਘਰ ਦੀਆਂ ਬਰੂਹਾਂ ਤੇ ਖੜ੍ਹੇ ਦੇਖਣ ਦੀ ਕਲਪਨਾ ਵੀ ਨਹੀਂ ਸੀ।

ਉਸੇ ਦਿਨ ਮੈਂ ਇੱਕ ਮਹੀਨੇ ਦੇ ਵਕਫ਼ੇ ਤੋਂ ਬਾਅਦ ਮੈਂ ਇੱਕ ਅਸਾਈਨਮੈਂਟ ਤੋਂ ਵਾਪਸ ਆਇਆ ਸੀ। ਜਦੋਂ ਉਮੇਸ਼ ਨੇ ਸਾਹ ਦੀ ਸ਼ਿਕਾਇਤ ਕੀਤੀ ਸੀ ਤਾਂ ਮੈਨੂੰ ਲੱਗਿਆ ਸੀ ਕਿ ਉਹ ਇੱਕ ਸ਼ੱਕੀ ਮਰੀਜ਼ ਹੋ ਸਕਦੇ ਹਨ।

ਮੈਂ ਸ਼ਿਫ਼ਾਲੀ ਨੂੰ ਸ਼ਾਂਤ ਰਹਿਣ ਲਈ ਕਿਹਾ। ਹਸਪਤਾਲ ਵਾਰ-ਵਾਰ ਫੋਨ ਕਰਨ ''ਤੇ ਮੈਨੂੰ ਇਹੀ ਪਤਾ ਚੱਲਿਆ ਕਿ ਹਾਲੇ ਉਨ੍ਹਾਂ ਕੋਲ ਕੋਈ ਆਈਸੋਲੇਸ਼ਨ ਵਾਰਡ ਨਹੀਂ ਹੈ।

ਉਨ੍ਹਾਂ ਕੋਲ ਵੈਂਟਲੀਟੇਰ ਨਹੀਂ ਹਨ ਤੇ ਨਾ ਹੀ ਉਨ੍ਹਾਂ ਕੋਲ ਕੋਰੋਨਾ ਮਰੀਜ਼ਾਂ ਦਾ ਇਲਾਜ ਕਰ ਸਕਣ ਵਾਲੇ ਡਾਕਟਰ ਹਨ। ਮੈਂ ਸ਼ਿਫ਼ਾਲੀ ਨੂੰ ਹੋਰ ਹਸਪਤਾਲ ਅਜ਼ਮਾਉਣ ਲਈ ਕਿਹਾ। ਕਿਸੇ ਵੀ ਹਸਪਤਾਲ ਨੇ ਉਮੇਸ਼ ਨੂੰ ਮੁਢਲਾ ਉਪਚਾਰ ਦੇਣ ਦੀ ਵੀ ਸਹਿਮਤੀ ਨਾ ਭਰੀ।

ਕੋਰੋਨਾਵਾਇਰਸ
BBC

ਇੱਕ ਨਿੱਜੀ ਹਸਪਤਾਲ ਨੇ ਉਮੇਸ਼ ਦੀ ਛਾਤੀ ਦਾ ਐਕਸ-ਰੇ ਕਰਵਾਉਣ ਵਿੱਚ ਮਦਦ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਦੀ ਦਿੱਕਤ ਦਾ ਅਸਲ ਕਾਰਨ ਪਤਾ ਲੱਗ ਸਕਿਆ। ਸ਼ੱਕ, ਯਕੀਨ ਵਿੱਚ ਬਦਲ ਗਿਆ।

ਮੇਰੀ ਭੈਣ ਇੱਕ ਉੱਘੀ ਆਈਟੀ ਕੰਪਨੀ ਦੀ ਜਨਰਲ ਮੈਨੇਜਰ ਹੈ। ਉਹ ਕੁਬੇਰਨਗਰ ਦੇ ਛਰਨਾਗਰ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੀ ਹੈ।

ਇਹ ਇਲਾਕਾ ਮੁੰਬਈ ਦੀ ਧਾਰਾਵੀ ਬਸਤੀ ਦਾ ਛੋਟਾ ਰੂਪ ਹੀ ਹੈ। ਘਰਾਂ ਉੱਪਰ ਘਰ, ਕੋਈ ਬੁਨਿਆਦੀ ਸਹੂਲਤ ਨਹੀਂ। ਦੇਸੀ ਸ਼ਰਾਬ ਕੱਢਣ ਲਈ ਬਦਨਾਮ ਇਲਾਕਾ ਹੈ।

ਅਸੀਂ ਦੋਵੇਂ ਇੱਥੇ ਹੀ ਵੱਡੇ ਹੋਏ ਸੀ ਪਰ ਮੈਂ ਤਾਂ ਆਪਣੀ ਰਿਹਾਇਸ਼ ਬਦਲ ਲਈ ਪਰ ਮੇਰੀ ਭੈਣ ਨੇ ਨਹੀਂ ਬਦਲੀ।

ਮੇਰੀ ਭੈਣ ਤੇ ਜੀਜੇ ਨੇ ਮਿਹਨਤ ਕਰ ਕੇ ਨਵਖੋਲੀ ਇਲਾਕੇ ਵਿੱਚ ਘਰ ਬਣਾ ਲਿਆ। ਉਨ੍ਹਾਂ ਦੀ ਦੋਵੇਂ ਧੀਆਂ ਕਾਨਵੈਂਟ ਸਕੂਲ ਵਿੱਚ ਪੜ੍ਹਦੀਆਂ ਹਨ।

ਵੱਡੀ ਕੁੜੀ ਨੀਟ ਕੰਪੀਟੀਸ਼ਨ ਦੀ ਤਿਆਰੀ ਕਰ ਰਹੀ ਹੈ। ਛੋਟੀ ਨੇ ਹਾਲੇ 10ਵੀਂ ਦੀ ਪ੍ਰੀਖਿਆ ਦਿੱਤੀ ਹੈ ਤੇ ਆਪਣੇ ਪਿਤਾ ਵਾਂਗ ਇੱਕ ਵਕੀਲ ਬਣਨਾ ਚਾਹੁੰਦੀ ਹੈ।

ਐਕਸਰੇ ਤੋਂ ਬਾਅਦ ਸ਼ਿਫ਼ਾਲੀ ਨੇ ਮੈਨੂੰ ਦੱਸਿਆ ਕਿ ਰੇਡੀਔਲੋਜਿਸਟ ਨੂੰ ਕੋਰੋਨਾ ਦਾ ਸ਼ੱਕ ਹੈ। ਉਸ ਤੋਂ ਕੁਝ ਦਿਨ ਪਹਿਲਾਂ ਹੀ ਮੈਂ ਕੋਰੋਨਾਵਾਇਰਸ ਨਾਲ ਟਾਕਰੇ ਬਾਰੇ ਸੂਬਾ ਸਰਕਾਰ ਦੀਆਂ ਤਿਆਰੀਆਂ ਬਾਰੇ ਇੱਕ ਵੱਡੀ ਖ਼ਬਰ ਕੀਤੀ ਸੀ।

ਇਸ ਦੌਰਾਨ ਮੈਂ ਸੂਬੇ ਦੇ ਸਿਹਤ ਕਮਿਸ਼ਨਰ ਜੈਪ੍ਰਕਾਸ਼ ਸ਼ਿਵਾਰੇ ਅਤੇ ਅਹਿਮਦਾਬਾਦ ਸਿਵਲ ਹਸਪਤਾਲ ਦੇ ਮੈਡੀਕਲ ਸੁਪਰੀਡੈਂਟ ਜੀਐੱਚ ਰਾਠੌਰ ਨਾਲ ਵੀ ਮੁਲਾਕਾਤ ਕੀਤੀ ਸੀ।

ਅਧਿਕਾਰੀਆਂ ਨੇ ਕਿਹਾ ਸੀ ਕਿ ਕੋਰੋਨਾਵਾਇਰਸ ਨਾਲ ਲੜਨ ਦੀ ਪੂਰੀ ਤਿਆਰੀ ਹੈ ਤੇ ਉਨ੍ਹਾਂ ਨੇ ਹਸਪਤਾਲ ਵਿੱਚ ਵੈਂਟੀਲੇਟਰਾਂ ਦੀ ਗੁਣਵੱਤਾ ਅਤੇ ਸਟਾਫ਼ ਦੀ ਸਿਖਲਾਈ ਬਾਰੇ ਵੀ ਦਾਅਵੇ ਕੀਤੇ।

ਮੇਰੇ ਖ਼ਬਰ ਧਿਆਨ ਵਿੱਚ ਆਈ ਤਾਂ ਮੈਂ ਸ਼ਿਫ਼ਾਲੀ ਨੂੰ ਸਿਵਲ ਹਸਪਤਾਲ ਵਿੱਚ ਜਾਣ ਨੂੰ ਕਿਹਾ। ਹਸਪਤਾਲ ਦੀ ਓਪੀਡੀ ਕੋਰੋਨਾ ਮਰੀਜ਼ਾਂ ਨਾਲ ਭਰੀ ਹੋਈ ਸੀ ਮੈਂ ਡਾਕਟਰਾਂ ਨੂੰ ਅਤੇ ਸੁਪਰੀਟੈਂਡੈਂਟ ਨੂੰ ਫ਼ੋਨ ਕਰ ਚੁੱਕਿਆ ਸੀ।

ਉਨ੍ਹਾਂ ਨੇ ਕਿਹਾ ਕਿ ਉਹ ਮਰੀਜ਼ ਦੇਖ ਲੈਣਗੇ ਅਤੇ ਜੇ ਲੋੜ ਪਈ ਤਾਂ ਭਰਤੀ ਵੀ ਕਰ ਲੈਣਗੇ। ਐਕਸ-ਰੇ ਦੇਖਣ ਤੋਂ ਬਾਅਦ ਡਾਕਟਰਾਂ ਨੇ ਭਰਤੀ ਕਰਨ ਦੀ ਸਲਾਹ ਦਿੱਤੀ।

ਪਹਿਲਾਂ ਉਮੇਸ਼ ਨੂੰ ਸ਼ੱਕੀ ਵਾਰਡ ਅਤੇ ਫ਼ਿਰ ਕੋਰੋਨਾਵਾਰਡ ਵਿੱਚ ਭੇਜ ਦਿੱਤਾ ਗਿਆ। ਮੈਨੂੰ ਇਸ ਬਾਰੇ ਯਕੀਨ ਨਹੀਂ ਸੀ ਕਿ ਉੱਥੇ ਉਮੇਸ਼ ਦਾ ਸਹੀ ਇਲਾਜ ਹੋ ਸਕੇਗਾ।

ਮੈਂ ਉਪ ਮੁੱਖ ਮੰਤਰੀ ਨਿਤਿਨ ਭਾਈ ਪਟੇਲ ਨੂੰ ਸੰਪਰਕ ਕੀਤਾ ਜੋ ਗੁਜਰਾਤ ਦੇ ਸਿਹਤ ਮੰਤਰੀ ਵੀ ਹਨ। ਉਨ੍ਹਾਂ ਨੇ ਦਿਆਲੂ ਸੁਭਾਅ ਨਾਲ ਮੇਰੀ ਗੱਲ ਸੁਣੀ ਅਤੇ ਅਸਾਰਵਾ ਇਲਾਕੇ ਦੇ ਸਿਵਲ ਹਸਪਤਾਲ ਦੇ ਡਾਕਟਰਾਂ ਨਾਲ ਗੱਲ ਕਰ ਕੇ ਉਨ੍ਹਾਂ ਨੂੰ ਉਮੇਸ਼ ਵੱਲ ਬਣਦਾ ਧਿਆਨ ਦੇਣ ਨੂੰ ਕਿਹਾ।

ਆਮ ਤੌਰ ''ਤੇ ਡਾਕਟਰਾਂ ਵੱਲੋਂ ਮਰੀਜ਼ ਦੀ ਹਾਲਤ ਪਰਿਵਾਰ ਵਾਲਿਆਂ ਨੂੰ ਦੱਸੀ ਜਾਂਦੀ ਹੈ ਪਰ ਇੱਥੇ ਪਰਿਵਾਰ ਵਾਲਿਆਂ ਅਤੇ ਡਾਕਟਰਾਂ ਵਿੱਚ ਕੋਈ ਰਾਬਤਾ ਨਹੀਂ ਸੀ।

ਮੰਗਲਵਾਰ ਦੀ ਦੁਪਹਿਰ ਨੂੰ ਉਮੇਸ਼ ਦੀ ਹਾਲਤ ਵਿਗੜਨੀ ਸ਼ੁਰੂ ਹੋਈ ਅਤੇ ਆਈਸੀਯੂ ਵਿੱਚ ਭੇਜ ਦਿੱਤਾ ਗਿਆ। ਮੈਂ ਅਸੰਤੁਸ਼ਟੀ ਵਜੋਂ ਉਮੇਸ਼ ਨੂੰ ਨਿੱਜੀ ਹਸਪਤਾਲ ਵਿੱਚ ਤਬਦੀਲ ਕਰਵਾਉਣ ਦੀ ਕੋਸ਼ਿਸ਼ ਕੀਤੀ।

ਮੈਂ ਕੋਰੋਨਾ ਮਰੀਜ਼ਾਂ ਲਈ ਬਣੇ ਇੱਕ ਨਿੱਜੀ ਹਸਪਤਾਲ ਸਟਰਲਿੰਗ ਵਿੱਚ ਸੰਪਰਕ ਕੀਤਾ। ਹਾਲਾਂਕਿ ਬੋਰਡ ਮੈਂਬਰਾਂ ਨਾਲ ਸੰਪਰਕ ਕਰਨਾ ਸੌਖਾ ਨਹੀਂ ਸੀ ਪਰ ਮੈਨੂੰ ਜਵਾਬ ਮਿਲਿਆ ਕਿ ਹਸਪਤਾਲ ਫੁੱਲ ਹੈ। ਕਿਸੇ ਹੋਰ ਹਸਪਤਾਲ ਨੇ ਵੀ ਹਾਮੀ ਨਾ ਭਰੀ।

ਮੈਂ ਆਪਣੇ ਹੋਰ ਪੱਤਰਕਾਰ ਦੋਸਤਾਂ ਨੂੰ ਮਦਦ ਲਈ ਫ਼ੋਨ ਕੀਤਾ ਪਰ ਕੁੱਝ ਹੱਥ-ਪੱਲੇ ਨਾ ਪਿਆ। ਮੈਂ ਸ਼ਹਿਰ ਦੇ ਮੇਅਰ ਨੂੰ ਫ਼ੋਨ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਸ਼ਹਿਰ ਦੇ ਕਿਸੇ ਵੀ ਨਿੱਜੀ ਹਸਪਤਾਲ ਵਿੱਚ ਇਸ ਸਮੇਂ ਬੈੱਡ ਮਿਲਣਾ ਅਸੰਭਵ ਹੈ।

ਹਾਂ ਉਨ੍ਹਾਂ ਨੇ ਭਰੋਸਾ ਦਵਾਇਆ ਕਿ ਉਹ ਸਿਵਲ ਹਸਪਤਾਲ ਦੇ ਸੁਪਰੀਡੈਂਟ ਨਾਲ ਗੱਲ ਕਰਨਗੇ ਕਿ ਉਮੇਸ਼ ਦੀ ਸਹੀ ਦੇਖ-ਭਾਲ ਹੋਵੇ। ਮੈਨੂੰ ਯਕੀਨ ਹੈ ਕਿ ਉਨ੍ਹਾਂ ਨੇ ਅਜਿਹਾ ਕੀਤਾ ਹੋਵੇਗਾ।

ਸਾਰੇ ਪਾਸਿਓਂ ਨਿਰਾਸ਼ ਹੋ ਕੇ ਮੈਂ ਸਿਵਲ ਹਸਪਤਾਲ ਉੱਪਰ ਧਿਆਨ ਕੇਂਦਰਿਤ ਕੀਤਾ ਕਿ ਉੱਥੇ ਉਮੇਸ਼ ਦੀ ਠੀਕ ਤਰ੍ਹਾਂ ਦੇਖ-ਭਾਲ ਹੋ ਸਕੇ।

ਮੈਂ ਰੈਜ਼ੀਡੈਂਟ ਡਾਕਟਰ ਨਾਲ ਰਾਬਤਾ ਕੀਤਾ। ਇਸ ਦੌਰਾਨ ਉਮੇਸ਼ ਦੀ ਹਾਲਤ ਲਗਾਤਾਰ ਵਿਗੜਦੀ ਰਹੀ। ਇਸ ਦੇ ਨਾਲ ਹੀ ਉਨ੍ਹਾਂ ਦੀ ਬਾਹਰੀ ਆਕਸੀਜਨ ਉੱਪਰ ਨਿਰਭਰਤਾ ਵਧਦੀ ਰਹੀ।

ਉਮੇਸ਼ ਨੂੰ ਵੈਂਟੀਲੇਟਰ ਉੱਪਰ ਪਾਉਣ ਤੋਂ ਪਹਿਲਾਂ ਡਾਕਟਰ ਕਮਲੇਸ਼ ਉਪਾਧਿਆਏ ਦਾ ਫ਼ੋਨ ਆਇਆ ਕਿ ਉਮੇਸ਼ ਦੀ ਹਾਲਤ ਸੁਧਰ ਨਹੀਂ ਰਹੀ ਅਤੇ ਉਨ੍ਹਾਂ ਨੂੰ ਵੈਂਟੀਲੇਟਰ ਉੱਪਰ ਪਾਉਣਾ ਪਵੇਗਾ।

ਵੀਡੀਓ ਕਾਲ ਰਾਹੀਂ ਉਨ੍ਹਾਂ ਨੇ ਮੈਨੂੰ ਦਿਖਾਇਆ ਕਿ ਉਮੇਸ਼ ਕਿਵੇਂ ਸਾਹ ਲੈਣ ਲਈ ਸੰਘਰਸ਼ ਕਰ ਰਹੇ ਸੀ। ਬੋਲਣ ਤੋਂ ਅਸਮਰੱਥ ਉਮੇਸ਼ ਹੱਥ ਦੇ ਇਸ਼ਾਰੇ ਨਾਲ ਇਹੀ ਦੱਸ ਸਕੇ ਕਿ ਉਹ ਸਾਹ ਨਹੀਂ ਲੈ ਪਾ ਰਿਹਾ।

Click here to see the BBC interactive

ਉਮੇਸ਼ ਇੱਕ ਅਜਿਹੇ ਵਿਅਕਤੀ ਸੀ ਜਿਨ੍ਹਾਂ ਨੂੰ ਕਦੇ ਕੋਈ ਸਿਹਤ ਸਮੱਸਿਆ ਨਹੀਂ ਰਹੀ। ਉਸ ਨੂੰ ਦਵਾਈਆਂ ਨਾਲੋਂ ਜ਼ਿਆਦਾ ਭਰੋਸਾ ਆਪਣੇ ਸਵੈ-ਭੋਰੋਸੇ ਉੱਪਰ ਰਿਹਾ।

ਅੱਜ ਉਹ ਇੱਕ ਦੂਰ ਦੀ ਧਰਤੀ ਤੋਂ ਆਏ ਇੱਕ ਵਾਇਰਸ ਕਾਰਨ ਸਾਹ ਲਈ ਤੜਫ਼ ਰਹੇ ਸੀ। ਲੱਗ ਰਿਹਾ ਸੀ ਕਿ ਉਹ ਲੜਾਈ ਹਾਰ ਰਹੇ ਹਨ।

ਦੂਜੇ ਪਾਸੇ ਉਨ੍ਹਾਂ ਦਾ ਪਰਿਵਾਰ ਵੱਖਰੀ ਕਿਸਮ ਦੀ ਲੜਾਈ ਲੜ ਰਿਹਾ ਸੀ। ਮੇਰੀ ਭੈਣ ਇੱਕ ਪੜ੍ਹੀ-ਲਿਖੀ ਔਰਤ ਸੀ ਜਿਸ ਨੇ ਹਮੇਸ਼ਾ ਆਪਣੇ ਸੁਪਨਿਆਂ ਲਈ ਲੜਾਈ ਲੜੀ।

ਹਾਲਾਂਕਿ ਉਸ ਨੂੰ ਇਸ ਤਰ੍ਹਾਂ ਚਕਨਾ ਚੂਰ ਹੁੰਦਾ ਵੇਖਣਾ ਮੇਰੇ ਲਈ ਬਹੁਤ ਹੀ ਦੁੱਖਦਾਈ ਸੀ। ਇਹ ਇੱਕ ਅਜਿਹੀ ਸਥਿਤੀ ਸੀ, ਜਿਸ ''ਚ ਕੋਈ ਵੀ ਭਰਾ ਆਪਣੀ ਛੋਟੀ ਭੈਣ ਨੂੰ ਕਦੇ ਵੀ ਵੇਖਣਾ ਨਹੀਂ ਚਾਹੇਗਾ।

ਉਹ ਬਹੁਤ ਹੀ ਡਰੀ ਹੋਈ ਸੀ ਅਤੇ ਦਿਨੋ ਦਿਨ ਕਮਜ਼ੋਰ ਹੁੰਦੀ ਜਾ ਰਹੀ ਸੀ। ਭਾਵੇਂ ਕਿ ਉਸ ਦੇ ਨਜ਼ਦੀਕ ਪਰਿਵਾਰ ਦੇ ਕਈ ਮੈਂਬਰ ਰਹਿੰਦੇ ਸਨ ਪਰ ਫਿਰ ਵੀ ਉਹ ਇੱਕਲੀ ਸੀ।ਕੋਈ ਵੀ ਉਸ ਨੂੰ ਮਿਲਣ ਨਹੀਂ ਸੀ ਆ ਸਕਦਾ ਅਤੇ ਨਾ ਹੀ ਉਸ ਨੂੰ ਤਸੱਲੀ ਦੇ ਸਕਦਾ ਸੀ।

ਉਹ ਆਪਣੀਆਂ ਦੋ ਧੀਆਂ ਨਾਲ ਘਰ ''ਚ ਰਹਿ ਰਹੀ ਸੀ , ਜੋ ਕਿ ਹਰ ਪਲ ਆਪਣੇ ਪਿਤਾ ਦੇ ਵਾਪਸ ਆਉਣ ਦੀਆਂ ਦੁਆਵਾਂ ਕਰ ਰਹੀਆਂ ਸਨ।

ਹਾਲ ਹੀ ''ਚ ਹੀ ਦੋਵਾਂ ਨੇ ਆਪਣੇ ਪਿਤਾ ਦੀ ਤਸਵੀਰ ਨਾਲ ਬਣਿਆ ਇੱਕ ਪੋਸਟਰ ਉਨ੍ਹਾਂ ਨੂੰ ਤੋਹਫ਼ੇ ਵੱਜੋਂ ਦਿੱਤਾ ਸੀ, ਜਿਸ ਨੂੰ ਕਿ ਉਮੇਸ਼ ਨੇ ਬਹੁਤ ਹੀ ਪਿਆਰ ਨਾਲ ਡਰਾਇੰਗਰੂਮ ''ਚ ਸਜਾ ਕੇ ਰੱਖਿਆ ਸੀ।

ਕੋਰੋਨਾਵਾਇਰਸ
BBC

ਇੱਕ ਪਾਸੇ ਜਿੱਥੇ ਉਮੇਸ਼ ਦਾ ਇਲਾਜ਼ ਚੱਲ ਰਿਹਾ ਸੀ, ਉੱਥੇ ਹੀ ਦੂਜੇ ਪਾਸੇ ਸ਼ਿਫਾਲੀ ਦੇ ਟੈਸਟ ਕੀਤੇ ਜਾਣ ਦੀ ਜ਼ਰੂਰਤ ਸਾਹਮਣੇ ਆਈ ਕਿਉਂਕਿ ਉਹ ਪਿਛਲੇ ਕਈ ਦਿਨਾਂ ਤੋਂ ਆਪਣੇ ਪਤੀ ਨਾਲ ਸਿੱਧੇ ਤੌਰ ''ਤੇ ਸੰਪਰਕ ''ਚ ਸੀ।

ਉਹ ਪਹਿਲਾਂ ਹੀ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਮਰੀਜ਼ ਹੈ। ਉਸ ਨੇ 104 ਹੈਲਪਲਾਈਨ ਨੰਬਰ ''ਤੇ ਕਈ ਵਾਰ ਫੋਨ ਕੀਤਾ ਤਾਂ ਜੋ ਉਸ ਦਾ ਵੀ ਕੋਰੋਨਾ ਟੈਸਟ ਕੀਤਾ ਜਾ ਸਕੇ।

ਮੈਂ ਬਹੁਤ ਯਤਨ ਕੀਤੇ ਕਿ ਉਸ ਦਾ ਜਲਦ ਤੋਂ ਜਲਦ ਟੈਸਟ ਹੋ ਸਕੇ ਪਰ ਵਾਰ-ਵਾਰ ਫੋਨ ਕਰਨ ਅਤੇ ਸੰਬੰਧਿਤ ਅਧਿਕਾਰੀਆਂ ਨਾਲ ਸੰਪਰਕ ਕਾਇਮ ਕਰਨ ਦਾ ਕੋਈ ਨਤੀਜਾ ਨਾ ਨਿਕਲਿਆ।

ਅਗਲੇ ਤਿੰਨ ਦਿਨਾਂ ਤੱਕ ਪ੍ਰਸ਼ਾਸਨ ਵੱਲੋਂ ਕੋਈ ਵੀ ਉਸ ਦਾ ਕੋਰੋਨਾ ਟੈਸਟ ਕਰਨ ਨਾ ਪਹੁੰਚਿਆ। ਫਿਰ ਮੈਂ ਉੱਚ ਅਧਿਕਾਰੀਆਂ ਨਾਲ ਸੰਪਰਕ ਕੀਤਾ।

ਅਸੀਂ ਡਰੇ ਹੋਏ ਸੀ ਕਿਉਂਕਿ ਇਕ ਤਾਂ ਉਹ ਸ਼ੂਗਰ ਦੀ ਮਰੀਜ਼ ਅਤੇ ਜੇਕਰ ਉਸ ਨੂੰ ਕੋਰੋਨਾ ਵੀ ਹੋਇਆ ਤਾਂ ਉਸ ਦੀ ਸਿਹਤਯਾਬੀ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ।

ਸਰਕਾਰੀ ਅਧਿਕਾਰੀਆਂ ਵੱਲੋਂ ਢੁਕਵਾਂ ਜਵਾਬ ਨਾ ਮਿਲਣ ਤੋਂ ਬਾਅਦ ਅਸੀਂ ਮਾਨਤਾ ਪ੍ਰਾਪਤ ਲੈਬੋਰਟਰੀ ਤੋਂ ਕੋਰੋਨਾ ਟੈਸਟ ਕਰਵਾਉਣ ਬਾਰੇ ਸੋਚਿਆ।

ਅਜੇ ਤੱਕ ਸਰਕਾਰ ਵੱਲੋਂ ਨਿੱਜੀ ਲੈਬਾਂ ਜਾਂ ਹਸਪਤਾਲਾਂ ''ਚ ਕੋਰੋਨਾ ਟੈਸਟ ਕੀਤੇ ਜਾਣ ''ਤੇ ਰੋਕ ਲਗਾਉਣ ਵਾਲਾ ਸਰਕੂਲਰ ਆਉਣਾ ਬਾਕੀ ਸੀ।

ਲੈਬ ਅਧਿਕਾਰੀ ਨੇ ਡਾਕਟਰ ਵੱਲੋਂ ਤਜਵੀਜ਼ ਕੀਤੀ ਟੈਸਟ ਦੀ ਸਲਿੱਪ ਮੰਗੀ। ਉਸ ਦੇ ਨਜ਼ਦੀਕੀ ਖੇਤਰ ਵਿਚਲੇ ਡਾਕਟਰਾਂ ਨੇ ਆਪਣੀਆਂ ਡਿਸਪੈਂਸਰੀਆਂ ਬੰਦ ਕੀਤੀਆਂ ਹੋਈਆਂ ਸਨ।

ਉਸ ਸਮੇਂ ਕਿਵੇਂ ਵੀ ਕਰ ਕੇ ਮੈਂ ਆਪਣੇ ਹੀ ਆਸ-ਪਾਸ ਦੇ ਇੱਕ ਨਿੱਜੀ ਡਾਕਟਰ ਤੋਂ ਟੈਸਟ ਕਰਵਾਉਣ ਸਬੰਧੀ ਸਲਿੱਪ ਹਾਸਲ ਕੀਤੀ। ਇਹ ਡਾਕਟਰ ਘਾਟਲੋਡੀਆ ਖੇਤਰ ''ਚ ਸੀ। ਲੈਬ ਮੁਲਾਜ਼ਮ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਨੂੰ ਹੋਰ ਸੈਂਪਲ ਲੈਣ ਤੋਂ ਮਨਾ ਕਰ ਦਿੱਤਾ ਹੈ।

ਨਿੱਜੀ ਲੈਬ ''ਚ ਜਾਣ ਤੋਂ ਇੱਕ ਦਿਨ ਪਹਿਲਾਂ ਉਹ ਨੇੜਲੇ ਸ਼ਹਿਰੀ ਸਿਹਤ ਕੇਂਦਰ ''ਚ ਗਈ ਸੀ। ਉਸ ਨੇ ਉੱਥੇ ਵੇਖਿਆ ਕਿ ਕੋਰੋਨਾ ਟੈਸਟ ਕਰਵਾਉਣ ਲਈ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ ਪਰ ਕੋਈ ਵੀ ਸਟਾਫ ਟੈਸਟ ਦੇ ਸੈਂਪਲ ਲੈਣ ਲਈ ਉੱਥੇ ਮੌਜੂਦ ਨਹੀਂ ਸੀ।

ਉਹ ਇੱਕਲੀ ਇਸ ਹਾਲਤ ''ਚ ਆਪਣੀਆਂ ਧੀਆਂ ਨਾਲ ਉੱਥੇ ਸਟਾਫ ਦੀ ਉਡੀਕ ਕਰਦੀ ਰਹੀ, ਪਰ ਕੋਈ ਵੀ ਨਾ ਆਇਆ। ਸਾਰਾ ਦਿਨ ਉੱਥੇ ਇੰਤਜ਼ਾਰ ਕਰਨ ਤੋਂ ਬਾਅਦ ਉਹ ਖੱਜਲ ਖੁਆਰ ਹੋ ਕੇ ਘਰ ਪਰਤੀ। ਫਿਰ ਉਸ ਨੇ ਇੱਕ ਨਿੱਜੀ ਲੈਬ ''ਚ ਵੀ ਟੈਸਟ ਕਰਵਾਉਣ ਦੀ ਨਾਕਾਮ ਕੋਸ਼ਿਸ਼ ਕੀਤੀ।

ਉਸ ਦੀ ਇਸ ਪ੍ਰੇਸ਼ਾਨੀ ਨੇ ਮੈਨੂੰ ਟਵੀਟ ਕਰਨ ਲਈ ਮਜਬੂਰ ਕੀਤਾ ਤਾਂ ਜੋ ਮੁੱਖ ਮੰਤਰੀ, ਪ੍ਰਧਾਨ ਮੰਤਰੀ ਨੂੰ ਉਸ ਦੀ ਇਸ ਦੁੱਖਦਾਈ ਸਥਿਤੀ ਤੋਂ ਜਾਣੂ ਕਰਵਾਇਆ ਜਾ ਸਕੇ।

ਉਨ੍ਹਾਂ ਨੂੰ ਵੀ ਪਤਾ ਲੱਗੇ ਕਿ ਇੱਕ ਇੱਕਲੀ ਮਹਿਲਾ ਨੂੰ ਟੈਸਟ ਕਰਵਾਉਣ ਲਈ ਕਿੰਨੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਵੇਂ ਮੇਰੇ ਇਸ ਟਵੀਟ ਨੂੰ ਕਈ ਵਾਰ ਰੀਟਵੀਟ ਕੀਤਾ ਗਿਆ, ਪਰ ਇਹ ਤੀਰ ਵੀ ਖੁੰਝ ਗਿਆ।

ਮੇਰੇ ਇਸ ਟਵੀਟ ਕਰਨ ਦਾ ਮਕਸਦ ਸਰਕਾਰ ਦੇ ਯਤਨਾਂ ਦਾ ਨਿਰਾਦਰ ਕਰਨਾ ਨਹੀਂ ਸੀ ਪਰ ਮੈਂ ਸਰਕਾਰ ਨੂੰ ਜ਼ਮੀਨੀ ਹਾਲਾਤ ਤੋਂ ਜਾਣੂ ਕਰਵਾਉਣਾ ਚਾਹੁੰਦਾ ਸੀ। ਮੈਂ ਆਪਣੇ ਪਰਿਵਾਰ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਪ੍ਰਸ਼ਾਸਨ ਨੂੰ ਜਾਣਕਾਰੀ ਦੇਣਾ ਚਾਹੁੰਦਾ ਸੀ।

ਹਾਲਾਂਕਿ ਮੇਰੇ ਦਫ਼ਤਰ ਦੇ ਇੱਕ ਸਹਿਯੋਗੀ ਦੀ ਮਦਦ ਨਾਲ ਅਸੀਂ ਸ਼ਿਫਾਲੀ ਦਾ ਟੈਸਟ ਕਰਵਾਉਣ ''ਚ ਸਫਲ ਹੋਏ। ਆਖਰਕਾਰ 15 ਮਈ ਨੂੰ ਉਸ ਦਾ ਕੋਰੋਨਾ ਟੈਸਟ ਹੋਇਆ।

ਅਗਲੇ ਹੀ ਦਿਨ ਟੈਸਟ ਦੀ ਰਿਪੋਰਟ ਆਈ, ਜਿਸ ਤੋਂ ਪਤਾ ਲੱਗਿਆ ਕਿ ਸ਼ਿਫਾਲੀ ਅਤੇ ਉਸ ਦੀ ਛੋਟੀ ਧੀ ਉਰਵਸ਼ੀ ਦੋਵੇਂ ਹੀ ਕੋਰੋਨਾ ਸੰਕ੍ਰਮਿਤ ਹਨ।ਅਸੀਂ ਉਨ੍ਹਾਂ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ''ਚ ਭੇਜਣ ਬਾਰੇ ਫ਼ੈਸਲਾ ਲਿਆ।

16 ਮਈ ਨੂੰ ਸ਼ਾਮ ਦੇ ਚਾਰ ਵਜੇ ਦੇ ਕਰੀਬ 108 ਐਂਬੂਲੈਂਸ ਸ਼ਿਫਾਲੀ ਨੂੰ ਲੈਣ ਆਈ। ਮੈਂ ਆਪਣੀ ਕਾਰ ''ਚ ਐਂਬੂਲੈਂਸ ਦੇ ਪਿੱਛੇ-ਪਿੱਛੇ ਸੀ। ਸਾਇੰਸ ਸੀਟੀ ਰੋਡ ''ਤੇ ਪੈਂਦੇ ਸੀਆਈਐਮਐਸ ਹਸਪਤਾਲ ''ਚ ਉਸ ਨੂੰ ਲਿਜਾਇਆ ਗਿਆ।

ਮੇਰੇ ਦਫ਼ਤਰ ਦੇ ਸਹਿਯੋਗੀ ਦੀ ਮਿਹਰਬਾਨੀ ਸਦਕਾ ਉਸ ਦੀ ਹਸਪਤਾਲ ''ਚ ਭਰਤੀ ਦੀ ਪੁਸ਼ਟੀ ਹੋ ਗਈ ਸੀ।

ਅਸੀਂ ਜਦੋਂ ਵਾਪਸ ਪਰਤ ਰਹੇ ਸੀ ਤਾਂ ਮੇਰੇ ਇੱਕ ਰਿਸ਼ਤੇਦਾਰ ਨੇ ਕਿਹਾ ਕਿ ਕੀ ਅਸੀਂ ਉਮੇਸ਼ ਦੀ ਸਿਹਤ ਬਾਰੇ ਡਾਕਟਰਾਂ ਤੋਂ ਪੁੱਛਿਆ ਹੈ ਤਾਂ ਮੈਂ ਕਿਹਾ ਕਿ ਸਵੇਰ ਤੋਂ ਮੈਂ ਡਾਕਟਰਾਂ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਪਰ ਕੋਈ ਵੀ ਜਵਾਬ ਨਹੀਂ ਦੇ ਰਿਹਾ ਹੈ।

ਮੈਨੂੰ ਨਹੀਂ ਪਤਾ ਕਿ ਅੰਦਰ ਉਮੇਸ਼ ਦੀ ਕੀ ਸਥਿਤੀ ਹੈ। ਉਸ ਨੇ ਕਿਹਾ ਕਿ ਉਸ ਨੂੰ ਜਾਣਕਾਰੀ ਮਿਲੀ ਹੈ ਕਿ ਉਮੇਸ਼ ਦੀ ਸਵੇਰੇ ਹੀ ਮੌਤ ਹੋ ਗਈ ਸੀ।

ਇਸ ਖ਼ਬਰ ਨੇ ਮੈਨੂੰ ਬਿਲਕੁੱਲ ਸੁੰਨ ਕਰ ਦਿੱਤਾ। ਮੇਰੇ ਸੋਚਣ ਸਮਝਣ ਦੀ ਸ਼ਕਤੀ ਜਿਵੇਂ ਖ਼ਤਮ ਹੋ ਗਈ ਸੀ। ਮੈਂ ਸਿਵਲ ਹਸਪਤਾਲ ਦੇ ਬਾਹਰ ਕਾਰ ਨਾ ਰੋਕੀ ਅਤੇ ਐਂਬੂਲੈਂਸ ਦੇ ਪਿੱਛੇ -ਪਿੱਛੇ ਹੀ ਚੱਲਦਾ ਰਿਹਾ।

ਫਿਰ ਮੈਂ ਹਿੰਮਤ ਕਰਕੇ ਡਾਕਟਰ ਕਮਲੇਸ਼ ਉਪਾਧਿਆਏ ਨੂੰ ਫੋਨ ਕੀਤਾ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦੀ ਸ਼ਿਫਟ ਨਹੀਂ ਸੀ, ਇਸ ਲਈ ਉਹ ਨਹੀਂ ਜਾਣਦੇ ਕਿ ਉਮੇਸ਼ ਦੀ ਹਾਲਤ ਕਿਵੇਂ ਦੀ ਹੈ।

ਡਾਕਟਰ ਉਪਾਧਿਆਏ ਦਾ ਜਵਾਬ ਸੁਣ ਕੇ ਮੈਂ ਹੈਰਾਨ ਸੀ। ਕੁੱਝ ਸਮਾਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਸ਼ਾਇਦ ਮੈਂ ਸਿਵਲ ਹਸਪਤਾਲ ''ਤੇ ਭਰੋਸਾ ਕਰਕੇ ਸਭ ਤੋਂ ਵੱਡੀ ਗਲਤੀ ਕੀਤੀ ਹੈ।

ਉਮੇਸ਼ ਦੀ ਮੌਤ ਦੀ ਪੁਸ਼ਟੀ ਲਈ ਮੈਂ ਕੁੱਝ ਹੋਰ ਡਾਕਟਰਾਂ ਨੂੰ ਫੋਨ ਵੀ ਕੀਤੇ। ਫਿਰ ਡਾ. ਮੈਤਰੇ ਗੱਜਰ ਨੇ ਮੈਨੂੰ ਦੱਸਿਆ ਕਿ ਉਮੇਸ਼ ਨੇ ਸ਼ਨੀਵਾਰ ਦੀ ਸਵੇਰ ਨੂੰ ਆਪਣੇ ਆਖਰੀ ਸਾਹ ਲਏ ਸਨ।

ਹਸਪਤਾਲ ਨੇ ਮੈਨੂੰ ਉਮੇਸ਼ ਦੀ ਮੌਤ ਬਾਰੇ ਸੂਚਿਤ ਨਹੀਂ ਕੀਤਾ ਸੀ। ਸ਼ਾਮ ਨੂੰ ਮੇਰੇ ਫੋਨ ਕਰਨ ਤੋਂ ਬਾਅਦ ਹੀ ਮੈਨੂੰ ਦੱਸਿਆ ਗਿਆ।

ਇਸ ਸਥਿਤੀ ਬਾਰੇ ਅਸੀਂ ਸੋਚਿਆ ਵੀ ਨਹੀਂ ਸੀ। ਇੱਕ ਤੋਂ ਬਾਅਦ ਇੱਕ ਦੁੱਖਾਂ ਦਾ ਪਹਾੜ ਸਾਡੇ ''ਤੇ ਡਿੱਗ ਰਿਹਾ ਸੀ। ਸ਼ਿਫਾਲੀ ਦੀ ਐਂਬੂਲੈਂਸ ਸੀਆਈਐਮਐਸ ਹਸਪਤਾਲ ਪਹੁੰਚ ਚੁੱਕੀ ਸੀ ਪਰ ਸ਼ਿਫਾਲੀ ਨੇ ਭਰਤੀ ਹੋਣ ਤੋਂ ਮਨਾ ਕਰ ਦਿੱਤਾ ਕਿਉਂਕਿ ਉਹ ਉਮੇਸ਼ ਨੂੰ ਆਖਰੀ ਵਾਰ ਵੇਖਣਾ ਚਾਹੁੰਦੀ ਸੀ।

ਮੇਰੇ ਲਈ ਉਸ ਨੂੰ ਉਮੇਸ਼ ਦੀ ਮੌਤ ਦੀ ਖ਼ਬਰ ਦੇਣਾ ਬਹੁਤ ਮੁਸ਼ਕਲ ਸੀ। ਮੈਂ ਕਿਵੇਂ ਉਸ ਨੂੰ ਦੱਸਦਾ ਕਿ ਜਿਸ ਵਿਅਕਤੀ ਨੇ ਹਮੇਸ਼ਾਂ ਉਸ ਨੂੰ ਪਿਆਰ, ਮੁਹੱਬਤ ਦਿੱਤੀ ਉਹ ਅੱਜ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਹੈ।

ਉਮੇਸ਼ ਦੀ ਮ੍ਰਿਤਕ ਦੇਹ ਪਿਛਲੇ ਕਈ ਘੰਟਿਆਂ ਤੋਂ ਇੰਝ ਹੀ ਪਈ ਸੀ। ਪਰ ਫਿਰ ਵੀ ਮੈਨੂੰ ਇਹ ਦੁੱਖਦਾਈ ਖ਼ਬਰ ਉਸ ਨੂੰ ਦੇਣੀ ਪਈ।

108 ਐਂਬੂਲੈਂਸ ਉਸ ਨੂੰ ਘਰ ਵਾਪਸ ਨਹੀਂ ਛੱਡ ਸਕਦੀ ਸੀ ਅਤੇ ਨਾ ਹੀ ਕੋਈ ਨਿੱਜੀ ਆਵਾਜਾਈ ਉੱਥੇ ਉਪਲਬਧ ਸੀ। ਮੈਂ ਵੀ ਉਸ ਨੂੰ ਆਪਣੀ ਕਾਰ ''ਚ ਬਿਠਾ ਨਹੀਂ ਸੀ ਸਕਦਾ। ਉਸ ਨੂੰ ਘਰ ਵਾਪਸ ਲਿਆਉਣਾ ਬਹੁਤ ਮੁਸ਼ਕਲ ਹੋ ਰਿਹਾ ਸੀ।

ਮੈਂ ਉਸ ਨੂੰ ਝੂਠ ਬੋਲਿਆ ਕਿ ਡਾਕਟਰ ਨੇ ਇਸ ਸਮੇਂ ਭਰਤੀ ਕਰਨ ਤੋਂ ਮਨਾ ਕਰ ਦਿੱਤਾ ਹੈ। ਇਸ ਲਈ ਹੁਣ ਸਾਨੂੰ ਸਵੇਰ ਫਿਰ ਆਉਣਾ ਪਵੇਗਾ।

ਮੈਂ ਇੱਕ ਸਕੂਟਰ ਦਾ ਇੰਤਜ਼ਾਮ ਕੀਤਾ ਅਤੇ ਉਸ ਨੂੰ ਕਿਹਾ ਕਿ ਘਰ ਚੱਲ, ਮੈਂ ਤੇਰੇ ਪਿੱਛੇ-ਪਿੱਛੇ ਆ ਰਿਹਾ ਹਾਂ। ਜਦੋਂ ਉਹ ਘਰ ਪਹੁੰਚੀ ਤਾਂ ਉਸ ਨੂੰ ਉਮੇਸ਼ ਦੀ ਮੌਤ ਦੀ ਖ਼ਬਰ ਮਿਲੀ।

ਇਸ ਖ਼ਬਰ ਨੇ ਉਸ ਨੂੰ ਝੰਜੋੜ ਕੇ ਰੱਖ ਦਿੱਤਾ ਅਤੇ ਉਸ ਦੇ ਮੂੰਹੋ ਚੀਕ ਨਿਕਲੀ। ਉਸ ਨੇ ਮੈਨੂੰ ਕਿਹਾ, " ਵੀਰਜੀ ਤੁਸੀਂ ਵਾਅਦਾ ਕੀਤਾ ਸੀ ਕਿ ਉਮੇਸ਼ ਠੀਕ ਹੋ ਕੇ ਘਰ ਵਾਪਸ ਆਵੇਗਾ। ਮੇਰਾ ਉਮੇਸ਼ ਕਿੱਥੇ ਹੈ?"

ਭਿਆਨਕ ਕੋਰੋਨਾ ਨੇ ਤਿੰਨ ਹੀ ਦਿਨਾਂ ''ਚ ਸ਼ਿਫਾਲੀ ਦਾ ਘਰ ਉਜਾੜ ਦਿੱਤਾ ਸੀ। ਇਸ ਖੁਸ਼ਹਾਲ ਘਰ ਨੂੰ 20 ਸਾਲਾਂ ਤੱਕ ਦੋਵਾਂ ਨੇ ਪਿਆਰ ਨਾਲ ਸੰਜੋਇਆ ਸੀ ਪਰ ਇਸ ਮਹਾਮਾਰੀ ਨੇ ਤਿੰਨ ਦਿਨਾਂ ''ਚ ਹੀ ਸਭ ਕੁੱਝ ਤਹਿਸ ਨਹਿਸ ਕਰ ਦਿੱਤਾ।

ਸ਼ਿਫਾਲੀ ਪੂਰੀ ਤਰ੍ਹਾਂ ਨਾਲ ਟੁੱਟ ਚੁੱਕੀ ਸੀ। ਮੈਂ ਵੀ ਉਸ ਦੀ ਇਸ ਹਾਲਤ ਨੂੰ ਵੇਖਣ ''ਚ ਅਸਮਰਥ ਸੀ। ਉਸ ਨੂੰ ਮੇਰੇ ''ਤੇ ਅਟੁੱਟ ਵਿਸ਼ਵਾਸ ਸੀ ਕਿ ਮੈਂ ਉਮੇਸ਼ ਨੂੰ ਸਹੀ ਸਲਾਮਤ ਘਰ ਲੈ ਆਵਾਂਗਾ ਪਰ ਮੈਂ ਉਸ ਦੇ ਭਰੋਸੇ ਨੂੰ ਕਾਇਮ ਨਾ ਰੱਖ ਸਕਿਆ।

ਮੈਂ ਇਸ ਸ਼ਹਿਰ ''ਚ ਪਿਛਲੇ ਦੋ ਦਹਾਕਿਆਂ ਤੋਂ ਪੱਤਰਕਾਰੀ ਦੇ ਪੇਸ਼ੇ ''ਚ ਹਾਂ, ਜਿਸ ਕਰਕੇ ਰਾਜ ਦੀਆਂ ਕਈ ਉੱਚ ਹਸਤੀਆਂ ਨਾਲ ਮੇਰਾ ਉੱਠਣਾ ਬੈਠਣਾ ਹੈ।

ਪਰ ਮੇਰੇ ਇਹ ਉੱਚ ਜਾਣਕਾਰ ਵੀ ਲੋੜ ਵੇਲੇ ਮੇਰੇ ਕੰਮ ਨਾ ਆਏ। ਪਿਛਲੇ ਕੁੱਝ ਦਿਨਾਂ ''ਚ ਮੈਂ ਕਈ ਵਾਰ ਸ਼ਰਮਸਾਰ ਹੋਇਆ ਕਿਉਂਕਿ ਮੇਰੇ ਹੱਥ ''ਚ ਇੰਨ੍ਹਾਂ ਵੀ ਨਹੀਂ ਸੀ ਕਿ ਮੈਂ ਆਪਣੀ ਭੈਣ ਦੇ ਪਰਿਵਾਰ ਨੂੰ ਖਿੰਡਣ ਤੋਂ ਬਚਾ ਸਕਦਾ।ਅਹਿਮਦਾਬਾਦ ''ਚ ਕੋਰੋਨਾ ਦੀ ਮਾਰ ਅੱਗੇ ਮੈਂ ਹਾਰ ਗਿਆ।

ਉਮੇਸ਼ ਦੀ ਮੌਤ ਦੇ 20 ਦਿਨਾਂ ਬਾਅਦ ਵੀ ਮੈਂ ਇਸ ਗੱਲ ਤੋਂ ਅਣਜਾਣ ਹਾਂ ਕਿ ਉਸ ਦੇ ਬਚਾਅ ਲਈ ਕਿਹੜਾ ਇਲਾਜ ਕੀਤਾ ਗਿਆ ਸੀ।

ਉਮੇਸ਼ ਦੀ ਮੌਤ ਕਿਸ ਸਮੇਂ ਹੋਈ ਅਤੇ ਡਾਕਟਰਾਂ ਵੱਲੋਂ ਉਸ ਨੂੰ ਬਚਾਉਣ ਲਈ ਕੀ ਯਤਨ ਕੀਤੇ ਗਏ ਸਨ? ਉਸ ਨੂੰ ਕਿਸ ਵੈਂਟੀਲੈਂਟਰ ''ਤੇ ਪਾਇਆ ਗਿਆ ਸੀ? ਕੀ ਉਹ ਧਮਨ-1 ਵਿਵਾਦਿਤ ਸਾਹ ਲੈਣ ''ਚ ਮਦਦ ਕਰਨ ਵਾਲੀ ਪ੍ਰਣਾਲੀ ਸੀ?

ਅਜਿਹੇ ਕਈ ਸਵਾਲ ਅਜੇ ਵੀ ਖੜ੍ਹੇ ਹਨ।ਮੈਂ ਤੇ ਮੇਰੀ ਭੈਣ ਇੰਨ੍ਹਾਂ ਸਵਾਲਾਂ ਦੇ ਜਵਾਬ ਲਈ ਕਈ ਮੰਚਾਂ ''ਤੇ ਮੰਗ ਰੱਖਾਂਗੇ।

ਸਿਵਲ ਅਧਿਕਾਰੀ ਤਾਂ ਉਮੇਸ਼ ਦੇ ਗੁੰਮ ਹੋਏ ਫੋਨ , ਸਿਮ ਕਾਰਡ ਅਤੇ ਉਸ ਦੀ ਗੁੱਟ ਘੜੀ ਬਾਰੇ ਪੁੱਛੇ ਸਵਾਲਾਂ ਦੇ ਜਵਾਬ ਦੇਣ ''ਚ ਵੀ ਅਸਫਲ ਰਹੇ।ਸ਼ਾਇਦ ਉਮੇਸ਼ ਦੀਆਂ ਇਹ ਵਸਤਾਂ ਲਾਸ਼ ਤੋਂ ਚੋਰੀ ਹੋਈਆਂ ਹੋਣ।

ਮੈਂ ਜਦੋਂ ਵੀ ਲੋਕਾਂ ਨੂੰ ਆਪਣੇ ਨਾਲ ਬੀਤੀ ਕਹਾਣੀ ਸੁਣਾ ਰਿਹਾ ਹਾਂ ਤਾਂ ਹਰ ਕਿਸੇ ਦਾ ਕਹਿਣਾ ਹੈ ਕਿ ਜੇਕਰ ਇਹ ਤੁਹਾਡੇ ਨਾਲ ਹੋ ਸਕਦਾ ਹੈ ਤਾਂ ਆਮ ਵਿਅਕਤੀ ਦੀ ਸਥਿਤੀ ਕੀ ਹੋਵੇਗੀ?

ਇਹ ਬਹੁਤ ਹੀ ਨਾਜ਼ੁਕ ਹਾਲਾਤ ਹਨ। ਉਸ ਵਿਅਕਤੀ ਬਾਰੇ ਸੋਚੋ ਜਿਸ ਦਾ ਕੋਈ ਜਾਣਕਾਰ ਨਾ ਹੋਵੇ ਅਤੇ ਕੋਰੋਨਾ ਸੰਕ੍ਰਮਿਤ ਹੋਣ ਤੋਂ ਬਾਅਦ ਉਸ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ''ਤੇ ਕੀ ਬੀਤੇਗੀ।

ਅਹਿਮਦਾਬਾਦ ''ਚ ਰੋਜ਼ਾਨਾ ਹੀ ਸੰਕ੍ਰਮਿਤ ਮਾਮਲਿਆਂ ਦੀ ਗਿਣਤੀ ''ਚ ਇਜ਼ਾਫਾ ਹੋ ਰਿਹਾ ਹੈ ਅਤੇ ਹਸਪਤਾਲਾਂ ''ਚ ਬੈੱਡਾਂ ਦੀ ਗਿਣਤੀ ਘੱਟ ਰਹੀ ਹੈ।

ਮੌਜੂਦਾ ਸਮੇਂ ਸਿਰਫ ਕੋਰੋਨਾ ਲੱਛਣਾਂ ਵਾਲੇ ਮਰੀਜ਼ਾਂ ਦੇ ਹੀ ਟੈਸਟ ਹੋ ਰਹੇ ਹਨ। ਜਿਸ ਦਾ ਮਤਲਬ ਹੈ ਕਿ ਟੈਸਟ ਕੀਤੇ ਜਾਣ ਵਾਲੇ ਹਰ ਵਿਅਕਤੀ ਨੂੰ ਹਸਪਤਾਲ ''ਚ ਡਾਕਟਰ ਅਤੇ ਬੈੱਡ ਦੀ ਜ਼ਰੂਰਤ ਹੈ। ਪਰ ਸ਼ਹਿਰ ''ਚ ਨਾ ਤਾਂ ਵਾਧੂ ਡਾਕਟਰ ਹਨ ਅਤੇ ਨਾ ਹੀ ਵਾਧੂ ਬੈੱਡ ਮੌਜੂਦ ਹਨ।

ਅਹਿਮਦਾਬਾਦ ''ਚ ਕੋਰੋਨਾ ਸੰਕ੍ਰਮਿਤ ਮਾਮਲਿਆਂ ਦੀ ਵੱਧ ਰਹੀ ਗਿਣਤੀ ਕਰਕੇ ਸਥਿਤੀ ਬਹੁਤ ਭਿਆਨਕ ਹੁੰਦੀ ਜਾ ਰਹੀ ਹੈ। ਹੁਣ ਜਦੋਂ ਮੈਂ ਇਸ ਮਹਾਮਾਰੀ ਨਾਲ ਪੈਦਾ ਹੋ ਰਹੀਆਂ ਮੁਸ਼ਕਲਾਂ ਨੂੰ ਨੇੜੇ ਤੋਂ ਵੇਖਿਆ ਹੈ ਤਾਂ ਹੁਣ ਮੇਰੀ ਕੋਸ਼ਿਸ਼ ਹੈ ਕਿ ਮੈਂ ਲੋੜਵੰਦਾਂ ਦੀ ਹਰ ਸੰਭਵ ਮਦਦ ਕਰਾਂ।

ਇਸ ਲਈ ਕਈ ਲੋਕਾਂ ਵੱਲੋਂ ਮੇਰੇ ਤੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ। ਮੈਂ ਲੋੜਵੰਦਾਂ ਦੀ ਹਸਪਤਾਲਾਂ ''ਚ ਭਰਤੀ ਕਰਨ ''ਚ ਮਦਦ ਕਰ ਰਿਹਾ ਹਾਂ।

ਹਾਲ ''ਚ ਹੀ ਮੈਂ 60 ਸਾਲਾ ਸੁਰਸਿੰਘ ਬਜਰੰਗੇ ਦਾ ਮਾਮਲਾ ਵੇਖਿਆ, ਜੋ ਕਿ ਕੋਰੋਨਾ ਸੰਕ੍ਰਮਿਤ ਸਨ।ਉਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਵਿਵੇਕੰਤ ਬਜਰੰਗ ਨੇ ਕਈ ਨਿੱਜੀ ਹਸਪਤਾਲਾਂ ''ਚ ਉਨ੍ਹਾਂ ਨੂੰ ਭਰਤੀ ਕਰਵਾਉਣ ਦੀ ਕੋਸ਼ਿਸ਼ ਕੀਤੀ।

ਹੁਣ ਤਾਂ ਅਜਿਹਾ ਲੱਗ ਰਿਹਾ ਹੈ ਕਿ ਕੋਈ ਵੀ ਸਰਕਾਰੀ ਹਸਪਤਾਲਾਂ ''ਤੇ ਭਰੋਸਾ ਨਹੀਂ ਕਰ ਰਿਹਾ ਹੈ। ਉਸ ਨੇ ਸੀਆਈਐਮਐਸ, ਐਚਸੀਜੀ ਅਤੇ ਹੋਰ ਕਈ ਨਿੱਜੀ ਹਸਪਤਾਲਾਂ ''ਚ ਆਪਣੇ ਪਿਤਾ ਨੂੰ ਭਰਤੀ ਕਰਵਾਉਣ ਬਾਰੇ ਯਤਨ ਕੀਤੇ ਪਰ ਕਿਸੇ ਵੀ ਨਿੱਜੀ ਹਸਪਤਾਲ ਨੇ ਉਸ ਦੀ ਬਾਂਹ ਨਾ ਫੜੀ।

ਫਿਰ ਕਈ ਮਸ਼ਕਤ ਤੋਂ ਬਾਅਧ ਮੈਂ ਆਸ਼ਰਮ ਰੋਡ ''ਤੇ ਇੱਕ ਨਿੱਜੀ ਹਸਪਤਾਲ ''ਚ ਇੱਕ ਬੈੱਡ ਦਾ ਇੰਤਜ਼ਾਮ ਕਰਨ ''ਚ ਸਫਲ ਹੋਇਆ।

ਇਸ ਸਮੇਂ ਜਦੋਂ ਮੈਂ ਇਹ ਸਭ ਕੁੱਝ ਲਿੱਖ ਰਿਹਾ ਹਾਂ, ਇੱਕ ਨਿਕੁਲ ਇੰਦਰਾਕਰ ਨਾਂਅ ਦੇ ਨੌਜਵਾਨ ਦੀ ਮਾਂ ਜ਼ੈਡਸ ਹਸਪਤਾਲ ''ਚ ਜ਼ੇਰੇ ਇਲਾਜ ਹੈ ਅਤੇ ਅੱਜ ਦੇਰ ਸ਼ਾਮ ਉਸ ਦੇ ਕੋਵਿਡ ਟੈਸਟ ਦੀ ਰਿਪੋਰਟ ਆਵੇਗੀ।

ਜੇਕਰ ਉਸ ਦੀ ਮਾਂ ਦੀ ਰਿਪੋਰਟ ਪੌਜ਼ਟਿਵ ਆਉਂਦੀ ਹੈ ਤਾਂ ਉਨ੍ਹਾਂ ਨੂੰ ਦੂਜੇ ਹਸਪਤਾਲ ''ਚ ਭਰਤੀ ਕਰਨਾ ਪਵੇਗਾ। ਨਿਕੁਲ ਲਗਭਗ ਸਾਰੇ ਹੀ ਹਸਪਤਾਲਾਂ ''ਚ ਪਤਾ ਕਰ ਚੁੱਕਾ ਹੈ ਪਰ ਸ਼ਹਿਰ ਦੇ ਕਿਸੇ ਵੀ ਹਸਪਤਾਲ ''ਚ ਇੱਕ ਵੀ ਬੈੱਡ ਖਾਲੀ ਨਹੀਂ ਹੈ।ਉਸ ਨੂੰ ਸਰਕਾਰੀ ਹਸਪਤਾਲ ''ਤੇ ਬਿਲਕੁੱਲ ਭਰੋਸਾ ਨਹੀਂ ਹੈ।ਹੁਣ ਇਕ ਹੀ ਰਸਤਾ ਹੈ, ਉਹ ਇਹ ਕਿ ਉਹ ਕਿਸੇ ਨਿੱਜੀ ਹਸਪਤਾਲ ''ਚ ਬੈੱਡ ਖਾਲੀ ਹੋਣ ਦੀ ਉਡੀਕ ਕਰੇ।

ਅਹਿਮਦਾਬਾਦ ''ਚ ਰੋਜ਼ਾਨਾ ਹੀ ਕਈ ਲੋਕ ਇਸ ਬੇਵਸੀ ਦਾ ਸ਼ਿਕਾਰ ਹੋ ਰਹੇ ਹਨ।ਬਹੁਤ ਸਾਰੇ ਲੋਕ ਤਾਂ ਘਰਾਂ ''ਚ ਹੀ ਦਮ ਤੋੜ ਰਹੇ ਹਨ, ਕਿਉਂਕਿ ਹਸਪਤਾਲਾਂ ''ਚ ਭਰਤੀ ਲਈ ਬੈੱਡ ਹੀ ਨਹੀਂ ਹਨ।

ਨਿਕੁਲ ਨੇ ਮੈਨੂੰ ਕਿਹਾ ਕਿ ਸੂਬੇ ''ਚ ਵਿਕਾਸ ਦਾ ਕੀ ਫਾਇਦਾ ਹੈ, ਜੇਕਰ ਲੋੜ ਪੈਣ ''ਤੇ ਉਸ ਵਿਕਾਸ ਦਾ ਆਮ ਵਿਅਕਤੀ ਨੂੰ ਕੋਈ ਲਾਭ ਹੀ ਨਾ ਪਹੁੰਚੇ।

ਕੋਰੋਨਾ ਦੀ ਮਾਰ ਹੇਠ ਕਈ ਪਰਿਵਾਰ ਆ ਰਹੇ ਹਨ।ਸ਼ੀਫਾਲੀ ਦਾ ਪਰਿਵਾਰ ਵੀ ਉਨ੍ਹਾਂ ''ਚੋਂ ਇੱਕ ਹੈ।ਇਸ ਤੋਂ ਪਤਾ ਚੱਲ ਰਿਹਾ ਹੈ ਕਿ ਸਰਕਾਰ ਸਥਿਤੀ ਨੂੰ ਸੰਭਾਲਣ ''ਚ ਅਸਫਲ ਹੋ ਰਹੀ ਹੈ।ਦੇਸ਼ ਦੇ ਵਾਸੀ ਹੋਣ ਦੇ ਨਾਤੇ ਅਸੀਂ ਵਧੀਆ ਇਲਾਜ ਅਤੇ ਵੱਕਾਰੀ ਮੌਤ ਦੇ ਵੀ ਪੂਰੇ ਹੱਕਦਾਰ ਹਾਂ।

ਹੈਲਪਲਾਈਨ ਨੰਬਰ
BBC

ਕੋਰੋਨਾਵਾਇਰਸ
BBC

ਇਹ ਵੀਡੀਓਜ਼ ਵੀ ਦੇਖੋ

https://www.youtube.com/watch?v=8jDOqATdeQE

https://www.youtube.com/watch?v=CgwhNlKY-2s

https://www.youtube.com/watch?v=0407oU19Sl0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''6a79efec-2ea5-2d4c-93ee-828c2a25086d'',''assetType'': ''STY'',''pageCounter'': ''punjabi.india.story.52928833.page'',''title'': ''ਕੋਰੋਨਾਵਾਇਰਸ: 20 ਸਾਲਾਂ ਤੋਂ ਹੱਸਦੇ-ਵਸਦੇ ਇਸ ਪਰਿਵਾਰ ਦੀਆਂ ਖੁਸ਼ੀਆਂ ਕੋਰੋਨਾ ਨੇ ਕੁਝ ਘੰਟਿਆਂ \''ਚ ਉਜਾੜੀਆਂ'',''published'': ''2020-06-05T03:34:48Z'',''updated'': ''2020-06-05T03:34:48Z''});s_bbcws(''track'',''pageView'');

Related News