1857 ਦਾ ਗਦਰ: ਦਿੱਲੀ ਨੇ ਜਿਸ ਦਿਨ ਦੇਖਿਆ ਮੌਤ ਦਾ ਤਾਂਡਵ

Wednesday, May 13, 2020 - 08:17 AM (IST)

1857 ਦਾ ਗਦਰ: ਦਿੱਲੀ ਨੇ ਜਿਸ ਦਿਨ ਦੇਖਿਆ ਮੌਤ ਦਾ ਤਾਂਡਵ

11 ਮਈ, 1857 ਨੂੰ ਸੋਮਵਾਰ ਦਾ ਦਿਨ ਸੀ। ਰਮਜ਼ਾਨ ਦਾ 16ਵਾਂ ਦਿਨ।

ਸਵੇਰੇ ਸੱਤ ਵਜੇ, ਬਾਦਸ਼ਾਹ ਬਹਾਦੁਰ ਸ਼ਾਹ ਜ਼ਫਰ ਨੇ ਨਦੀ ਦੇ ਸਾਹਮਣੇ ਲਾਲ ਕਿਲ੍ਹੇ ਵਿੱਚ ਸਵੇਰ ਦੀ ਨਮਾਜ਼ ਪੜ੍ਹ ਲਈ ਸੀ।

ਉਸੇ ਵੇਲੇ ਉਨ੍ਹਾਂ ਨੇ ਯਮੁਨਾ ਪੁਲ ਨੇੜੇ ''ਟੋਲ ਹਾਊਸ'' ਵਿੱਚੋਂ ਧੂੰਆਂ ਉੱਠਦਾ ਦੇਖਿਆ। ਇਸਦਾ ਕਾਰਨ ਜਾਣਨ ਲਈ ਉਨ੍ਹਾਂ ਨੇ ਤੁਰੰਤ ਆਪਣੇ ਦੌੜਾਕ ਨੂੰ ਭੇਜਿਆ।

ਨਾਲ ਹੀ ਕਿਲ੍ਹੇ ਦੀ ਸੁਰੱਖਿਆ ਲਈ, ਪ੍ਰਧਾਨ ਮੰਤਰੀ ਹਕੀਮ ਅਹਿਸਾਨਉੱਲਾ ਖਾਨ ਅਤੇ ਕੈਪਟਨ ਡਗਲਸ ਨੂੰ ਬੁਲਾਇਆ।

ਦੌੜਾਕ ਨੇ ਆ ਕੇ ਦੱਸਿਆ ਕਿ ਅੰਗਰੇਜ਼ੀ ਫ਼ੌਜ ਦੀ ਵਰਦੀ ਪਾਏ ਕੁਝ ਭਾਰਤੀ ਸਵਾਰ ਨੰਗੀਆਂ ਤਲਵਾਰਾਂ ਨਾਲ ਯਮੁਨਾ ਪੁੱਲ ਪਾਰ ਕਰ ਚੁੱਕੇ ਹਨ।

ਉਨ੍ਹਾਂ ਨੇ ਨਦੀ ਦੇ ਪੂਰਬੀ ਕੰਢੇ ''ਤੇ ਸਥਿਤ ਟੋਲ ਹਾਊਸ ਨੂੰ ਅੱਗ ਲਾ ਕੇ ਲੁੱਟ ਲਿਆ ਹੈ।

ਕੋਰੋਨਾਵਾਇਰਸ
BBC

ਬਾਦਸ਼ਾਹ ਨੂੰ ਸੁਨੇਹਾ

ਇਹ ਸੁਣਦਿਆਂ ਹੀ ਬਾਦਸ਼ਾਹ ਨੇ ਸ਼ਹਿਰ ਅਤੇ ਕਿਲ੍ਹੇ ਦੇ ਸਾਰੇ ਦਰਵਾਜ਼ੇ ਬੰਦ ਕਰਨ ਦੇ ਹੁਕਮ ਦੇ ਦਿੱਤੇ।

ਪਰ ਇਸ ਸਭ ਦੇ ਬਾਵਜੂਦ, ਇਨ੍ਹਾਂ ਬਾਗ਼ੀਆਂ ਦੇ ਨੇਤਾਵਾਂ ਨੇ ਬਾਦਸ਼ਾਹ ਨੂੰ ਸੁਨੇਹਾ ਭੇਜਿਆ ਕਿ ਉਹ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਹਨ।

ਉਹ ਦਿਵਾਨੇ-ਖਾਸ ਦੇ ਵਿਹੜੇ ਵਿੱਚ ਇਕੱਠੇ ਹੋ ਗਏ ਅਤੇ ਹਵਾ ਵਿੱਚ ਬੰਦੂਕਾਂ ਅਤੇ ਪਿਸਤੌਲ ਚਲਾਉਣ ਲਗੇ।

ਅਬਦੁੱਲ ਲਤੀਫ਼ ਉਸ ਵੇਲਿਆਂ ਦੇ ਦਿੱਲੀ ਦੇ ਇੱਕ ਪੂੰਜੀਪਤੀ ਸਨ। ਉਨ੍ਹਾਂ ਨੇ ਆਪਣੇ 11 ਮਈ, 1857 ਦੇ ਰੋਜ਼ਾਨਾ ਵਿੱਚ ਲਿਖਿਆ, “ਬਾਦਸ਼ਾਹ ਦੀ ਸਥਿਤੀ ਸ਼ਤਰੰਜ ਵਿੱਚ ਚੁਣੌਤੀ ਦਿੱਤੇ ਗਏ ਬਾਦਸ਼ਾਹ ਦੀ ਸਥਿਤੀ ਵਰਗੀ ਸੀ।"

“ਕਾਫ਼ੀ ਦੇਰ ਚੁੱਪ ਰਹਿਣ ਤੋਂ ਬਾਅਦ ਬਹਾਦੁਰ ਸ਼ਾਹ ਜ਼ਫਰ ਨੇ ਕਿਹਾ ਕਿ ਮੇਰੇ ਵਰਗੇ ਇੱਕ ਬਜ਼ੁਰਗ ਆਦਮੀ ਨੂੰ ਇੰਨਾ ਬੇਇੱਜ਼ਤ ਕਿਉਂ ਕੀਤਾ ਜਾ ਰਿਹਾ ਹੈ? ਇਸ ਹੰਗਾਮੇ ਦਾ ਕੀ ਕਾਰਨ ਹੈ? ਮੇਰੀ ਜ਼ਿੰਦਗੀ ਦਾ ਸੂਰਜ ਪਹਿਲਾਂ ਹੀ ਡੁੱਬਣ ਵਾਲਾ ਹੈ। ਇਹ ਮੇਰੀ ਜ਼ਿੰਦਗੀ ਦੇ ਆਖ਼ਰੀ ਦਿਨ ਹਨ ਤੇ ਮੈਂ ਇਨ੍ਹਾਂ ਦਿਨਾਂ ਵਿੱਚ ਇਕੱਲਾ ਰਹਿਣਾ ਚਾਹੁੰਦਾ ਹਾਂ।”

ਬਾਗ਼ੀਆਂ ਨੇ ਬਾਦਸ਼ਾਹ ਅੱਗੇ ਝੁਕਾਇਆ ਸਿਰ

ਚਾਰਲਸ ਮੈਟਕਾਲਫ ਨੇ ਆਪਣੀ ਕਿਤਾਬ ''ਟੂ ਨੇਸ਼ਨਜ਼ ਨਰੇਟਿਵ'' ਵਿੱਚ ਇਸ ਘਟਨਾ ਦਾ ਵੇਰਵਾ ਦਿੱਤਾ ਹੈ।

ਬਹਾਦੁਰ ਸ਼ਾਹ ਜ਼ਫਰ
Getty Images
ਤੁਰੰਤ ਕੋਈ ਫੈਸਲਾ ਨਾ ਲੈਣਾ, ਬਹਾਦੁਰ ਸ਼ਾਹ ਜ਼ਫਰ ਦੀ ਸ਼ਖਸੀਅਤ ਦੀ ਸਭ ਤੋਂ ਵੱਡੀ ਕਮੀ ਸੀ

ਮੈਟਕਾਲਫ ਲਿਖਦੇ ਹਨ, “ਅਹਿਸਾਨਉੱਲਾ ਖਾਨ ਨੇ ਸਿਪਾਹੀਆਂ ਨੂੰ ਕਿਹਾ, "ਤੁਸੀਂ ਅੰਗਰੇਜ਼ਾਂ ਲਈ ਕੰਮ ਕਰਦੇ ਆ ਰਹੇ ਹੋ ਅਤੇ ਹਰ ਮਹੀਨੇ ਬੰਨ੍ਹੀ ਤਨਖ਼ਾਹ ਲੈਣ ਦੇ ਆਦੀ ਹੋ ਗਏ ਹੋ। ਪਰ ਬਾਦਸ਼ਾਹ ਕੋਲ ਕੋਈ ਖ਼ਜ਼ਾਨਾ ਨਹੀਂ ਹੈ। ਉਹ ਤੁਹਾਨੂੰ ਤਨਖ਼ਾਹਾਂ ਕਿਥੋਂ ਦੇਣਗੇ?"

"ਸਿਪਾਹੀਆਂ ਨੇ ਉੱਤਰ ਦਿੱਤਾ, ''ਅਸੀਂ ਸਾਰੇ ਦੇਸ ਦਾ ਪੈਸਾ ਤੁਹਾਡੇ ਖਜ਼ਾਨੇ ਵਿੱਚ ਲੈ ਆਵਾਂਗੇ।'' ਜ਼ਫ਼ਰ ਨੇ ਕਿਹਾ, "ਸਾਡੇ ਕੋਲ ਨਾ ਤਾਂ ਫ਼ੌਜੀ ਹਨ, ਨਾ ਹੀ ਹਥਿਆਰ ਹਨ ਅਤੇ ਨਾ ਹੀ ਪੈਸਾ ਹੈ।'' ਉਨ੍ਹਾਂ ਕਿਹਾ, "ਸਾਨੂੰ ਸਿਰਫ਼ ਤੁਹਾਡੀ ਰਹਿਮਤ ਦੀ ਲੋੜ ਹੈ। ਅਸੀਂ ਤੁਹਾਡੇ ਲਈ ਸਭ ਕੁਝ ਲਿਆਵਾਂਗੇ।"

“ਜ਼ਫ਼ਰ ਕੁਝ ਸਮੇਂ ਲਈ ਚੁੱਪ ਰਹੇ। ਤੁਰੰਤ ਕੋਈ ਫੈਸਲਾ ਨਾ ਲੈਣਾ, ਉਨ੍ਹਾਂ ਦੀ ਸ਼ਖਸੀਅਤ ਦੀ ਸਭ ਤੋਂ ਵੱਡੀ ਕਮੀ ਸੀ। ਪਰ ਉਸ ਦਿਨ ਜ਼ਫ਼ਰ ਨੇ ਫ਼ੈਸਲਾ ਲੈਣ ਵਿੱਚ ਦੇਰੀ ਨਹੀਂ ਕੀਤੀ ਅਤੇ ਝੱਟ ਹਾਂ ਕਰ ਦਿੱਤੀ। ਉਹ ਕੁਰਸੀ ''ਤੇ ਬੈਠੇ ਅਤੇ ਸਾਰੇ ਸਿਪਾਹੀਆਂ ਨੇ ਵਾਰੀ-ਵਾਰੀ ਆ ਕੇ ਉਨ੍ਹਾਂ ਸਾਹਮਣੇ ਸਿਰ ਝੁਕਾਇਆ। ਬਾਦਸ਼ਾਹ ਨੇ ਵੀ ਉਨ੍ਹਾਂ ਦੇ ਸਿਰ ਤੇ ਆਪਣਾ ਹੱਥ ਰੱਖਿਆ।”

"ਕੁਝ ਸਿਪਾਹੀਆਂ ਨੇ ਕਿਲ੍ਹੇ ਦੇ ਕੁਝ ਕਮਰਿਆਂ ਵਿੱਚ ਆਪਣੀ ਰਿਹਾਇਸ਼ ਕਰ ਲਈ ਅਤੇ ਕਈਆਂ ਨੇ ਆਪਣੇ ਬਿਸਤਰੇ ਦਿਵਾਨੇ-ਖਾਸ ਵਿੱਚ ਹੀ ਲੈ ਲਏ।"

ਚਾਂਦੀ ਦਾ ਤਖ਼ਤ ਅਤੇ ਨਵੇਂ ਸਿੱਕੇ

ਬਾਦਸ਼ਾਹ ਨਾ ਤਾਂ ਇੰਨੇ ਵੱਡੇ ਲਸ਼ਕਰ ਨੂੰ ਕਾਬੂ ਕਰ ਸਕਦੇ ਸੀ ਅਤੇ ਨਾ ਹੀ ਉਨ੍ਹਾਂ ਲਈ ਕੋਈ ਪ੍ਰਬੰਧ ਕਰ ਸਕਦੇ ਸੀ।

ਇਸ ਲਈ ਉਹ ਆਪ ਲਸ਼ਕਰ ਦੇ ਕਬਜ਼ੇ ਵਿੱਚ ਆ ਗਏ।

ਅਗਲੇ ਦਿਨ ਬਾਦਸ਼ਾਹ ਨੇ ਆਪਣਾ ਸਭ ਤੋਂ ਵਧੀਆ ਪਹਿਰਾਵਾ ਪਾਇਆ।

ਇੱਕ ਪੁਰਾਣੇ ਚਾਂਦੀ ਦੇ ਤਖ਼ਤ ਨੂੰ ਝਾੜ-ਪੂੰਜ ਕੇ ਬਾਹਰ ਰੱਖਿਆ ਗਿਆ।

ਉਨ੍ਹਾਂ ਨੇ ਕੁਝ ਫ਼ੌਜੀ ਅਫ਼ਸਰਾਂ ਅਤੇ ਰਹਿਸਾਂ ਨੂੰ ਬਾਦਸ਼ਾਹ ਵਲੋਂ ਇਨਾਮ ਦਿੱਤੇ।

ਬਾਦਸ਼ਾਹ ਦੇ ਨਾਮ ਦੇ ਸਿੱਕੇ ਬਣਾਏ ਜਾਣ ਲੱਗੇ ਅਤੇ ਫਿਰ ਇੱਕ ਵੱਡੀ ਤੋਪ ਦਾਗ਼ੇ ਜਾਣ ਦੀ ਆਵਾਜ਼ ਸੁਣੀ ਗਈ।

ਕਾਰਤੂਸਾਂ ਵਿੱਚ ਗਾਂ ਅਤੇ ਸੂਰ ਦੀ ਚਰਬੀ ਬਣੀ ਬਗਾਵਤ ਦਾ ਮੁੱਖ ਕਾਰਨ

ਇਹ ਬਗਾਵਤ 10 ਮਈ, 1857 ਨੂੰ ਸ਼ੁਰੂ ਹੋਈ, ਜਦੋਂ ਬੰਗਾਲ ਦੇ ਕੁਝ ਫ਼ੌਜੀਆਂ ਨੇ ਬਗਾਵਤ ਕਰ ਦਿੱਲੀ ਦਾ ਰਸਤਾ ਫੜ ਲਿਆ ਸੀ।

1857 ਦੀਆਂ ਘਟਨਾਵਾਂ ''ਤੇ ਵਿਸਥਾਰ ਨਾਲ ਕੰਮ ਕਰਨ ਵਾਲੀ ਮਸ਼ਹੂਰ ਇਤਿਹਾਸਕਾਰ ਰਾਣਾ ਸਫ਼ਵੀ ਕਹਿੰਦੀ ਹੈ, "ਉਸ ਜ਼ਮਾਨੇ ''ਚ ਇਨਫਿਲਡ ਰਾਈਫਲਾਂ ਆਈਆਂ ਸਨ ਜਿਨ੍ਹਾਂ ਦੇ ਕਾਰਤੂਸਾਂ ਨੂੰ ਦੰਦਾਂ ਨਾਲ ਛਿਲ ਕੇ ਉਨ੍ਹਾਂ ਰਾਈਫਲਾਂ ਵਿੱਚ ਪਾਉਣਾ ਪੈਂਦਾ ਸੀ। ਉਨ੍ਹਾਂ ਦਿਨਾਂ ਵਿੱਚ ਇੱਕ ਅਫ਼ਵਾਹ ਉੱਡੀ ਕਿ ਕਾਰਤੂਸਾਂ ਵਿੱਚ ਗਾਂ ਅਤੇ ਸੂਰ ਦੀ ਚਰਬੀ ਵਰਤੀ ਹੋਈ ਹੈ।”

“ਇਸ ਲਈ ਮੁਸਲਮਾਨ ਤੇ ਹਿੰਦੂ ਦੋਵੇਂ ਉਨ੍ਹਾਂ ਨੂੰ ਛੂਹਣ ਤੋਂ ਝਿਜਕ ਰਹੇ ਸਨ। ਪਰ ਇਸ ਦੇ ਇਲਾਵਾ ਹੋਰ ਕਾਰਨ ਵੀ ਸਨ ਜਿਨ੍ਹਾਂ ਕਰਕੇ ਫ਼ੌਜੀਆਂ ਵਿੱਚ ਅਸੰਤੁਸ਼ਟੀ ਪੈਦਾ ਹੋਈ। ਇਨ੍ਹਾਂ ਲੋਕਾਂ ਨੂੰ ਲੜਾਈ ਲਈ ਵਿਦੇਸ਼ ਭੇਜ ਰਹੇ ਸਨ ਜਿਸ ਲਈ ਸਮੁੰਦਰ ਪਾਰ ਕਰਨਾ ਪੈਂਦਾ। ਬ੍ਰਾਹਮਣ ਮੰਦੇ ਸਨ ਕਿ ਜੇ ਉਹ ਸਮੁੰਦਰ ਪਾਰ ਕਰਦੇ ਹਨ, ਤਾਂ ਉਨ੍ਹਾਂ ਦਾ ਧਰਮ ਨਸ਼ਟ ਹੋ ਜਾਂਦਾ ਹੈ।”

"ਉਨ੍ਹਾਂ ਨੂੰ ਤਰੱਕੀਆਂ ਵੀ ਨਹੀਂ ਮਿਲਦੀਆਂ ਸਨ ਅਤੇ ਭਾਰਤੀ ਫ਼ੌਜੀ ਸੂਬੇਦਾਰ ਦੇ ਅਹੁਦੇ ਤੋਂ ਉੱਪਰ ਵੀ ਨਹੀਂ ਵੱਧ ਸਕਦੇ ਸੀ। ਇਨ੍ਹਾਂ ਭਾਰਤੀ ਫ਼ੌਜੀਆਂ ਨੇ ਆਪਣੇ ਅੰਗਰੇਜ਼ ਅਫ਼ਸਰਾਂ ਨੂੰ ਮਾਰਿਆ ਅਤੇ 44 ਮੀਲ ਦੂਰ, ਦਿੱਲੀ ਵੱਲ ਤੁਰ ਪਏ।”

ਦਿੱਲੀ ਦੇ ਲੋਕਾਂ ਨੇ ਕੀਤਾ ਠੰਢਾ ਸਵਾਗਤ

ਸ਼ੁਰੂ ਵਿੱਚ ਦਿੱਲੀ ਵਾਲਿਆਂ ਨੇ ਦਿਲ ਖੋਲ੍ਹ ਕੇ ਇਨ੍ਹਾਂ ਬਾਗੀਆਂ ਦਾ ਸਵਾਗਤ ਨਹੀਂ ਕੀਤਾ। ਸਵਾਗਤ ਦੀ ਬਜਾਇ, ਕੁਝ ਹਲਕਿਆਂ ਵਿੱਚ, ਇੱਥੋਂ ਤੱਕ ਕਿ ਬਹਾਦੁਰ ਸ਼ਾਹ ਦੇ ਨੇੜਲੇ ਲੋਕਾਂ ਨੇ ਵੀ ਇਨ੍ਹਾਂ ਦਾ ਵਿਰੋਧ ਕੀਤਾ ਸੀ।

ਇੱਥੋਂ ਤੱਕ ਕਿ ਇਹ ਬਾਗੀ, ਬਾਦਸ਼ਾਹ ਦਾ ਵੀ ਪੂਰੀ ਤਰ੍ਹਾਂ ਸਤਿਕਾਰ ਨਹੀਂ ਕਰਦੇ ਸੀ ਅਤੇ ਗੱਲ-ਗੱਲ ''ਤੇ ਦਰਬਾਰ ਦੇ ਨਿਯਮਾਂ ਨੂੰ ਤੋੜਦੇ ਸੀ। ਦਰਬਾਰ ਦੇ ਹੋਰ ਲੋਕਾਂ ਨੇ ਇਤਰਾਜ਼ ਜਤਾਇਆ ਕਿ ਇਹ ਬਾਗੀ ਦਰਬਾਰ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਜੁੱਤੇ ਨਹੀਂ ਉਤਾਰਦੇ ਸਨ ਤੇ ਬਾਦਸ਼ਾਹ ਦੇ ਸਾਮ੍ਹਣੇ ਹਥਿਆਰ ਵੀ ਲੈ ਜਾਂਦੇ ਸਨ।

ਮਸ਼ਹੂਰ ਇਤਿਹਾਸਕਾਰ ਅਤੇ ਮਸ਼ਹੂਰ ਕਿਤਾਬ ''ਬਿਸਿਸਡ 1857, ਵੋਇਸਜ਼ ਫਰੋਮ ਦਿੱਲੀ'' ਦੇ ਲੇਖਕ, ਮਹਿਮੂਦ ਫਾਰੂਕੀ ਨੇ ਕਿਹਾ, "ਦਿੱਲੀ ਦੇ ਲੋਕ ਬਹੁਤ ਨਾਰਾਜ਼ ਸਨ। ਪਰ ਇਸ ਦਾ ਇਹ ਮਤਲਬ ਨਹੀਂ ਸੀ ਕਿ ਉਹ ਅੰਗਰੇਜ਼ਾਂ ਦੇ ਵਿਰੁੱਧ ਲੜਾਈ ਵਿੱਚ ਹਿੱਸਾ ਨਹੀਂ ਲੈਣਾ ਚਾਹੁੰਦੇ ਸਨ। ਹਰ ਕੋਈ ਆਪਣੇ ਹਿਸਾਬ ਨਾਲ ਅੰਗਰੇਜ਼ਾਂ ਦੇ ਖਿਲਾਫ਼ ਲੜਾਈ ਲੜਨਾ ਚਾਹੁੰਦਾ ਸੀ।”

“ਉਹ ਨਿਸ਼ਚਤ ਤੌਰ ''ਤੇ ਨਹੀਂ ਚਾਹੁੰਦੇ ਸੀ ਕਿ ਅੰਗਰੇਜ਼ਾਂ ਦੇ ਵਿਰੁੱਧ ਲੜਾਈ ਵਿੱਚ 40 ਫ਼ੌਜੀ ਤੁਹਾਡੇ ਘਰ ਦੇ ਸਿਖ਼ਰ ''ਤੇ ਆ ਬੈਠਣ। ਜਦੋਂ ਮਹਾਤਮਾ ਗਾਂਧੀ ਅਤੇ ਭਗਤ ਸਿੰਘ ਦੇ ਸਮੇਂ ਵਿੱਚ ਵੀ ਆਜ਼ਾਦੀ ਦੀ ਲੜਾਈ ਲੜੀ ਜਾ ਰਹੀ ਸੀ, ਲੋਕ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦੇ ਘਰ ''ਤੇ ਕੋਈ ਮੁਸੀਬਤ ਆਵੇ ਜਾਂ ਪੁਲਿਸ ਉਨ੍ਹਾਂ ਦੇ ਘਰ ਆ ਕੇ ਕੋਈ ਧਮਕੀ ਦੇਵੇ। ਇਹ ਗੱਲ 1857 ਵਿੱਚ ਵੀ ਲਾਗੂ ਹੁੰਦੀ ਸੀ।"

ਹਫੜਾ-ਦਫੜੀ ਦੇ ਬਾਵਜੂਦ ਵੀ ਸਿਸਟਮ ਬਰਕਰਾਰ

ਕਿਹਾ ਜਾਂਦਾ ਹੈ ਕਿ ਇਨ੍ਹਾਂ ਘਟਨਾਵਾਂ ਨੇ ਦਿੱਲੀ ਵਾਸੀਆਂ ਦੇ ਜੀਵਨ ਵਿੱਚ ਹਫੜਾ-ਦਫੜੀ ਮਚਾ ਦਿੱਤੀ ਸੀ। ਪਰ ਫਾਰੂਕੀ ਦਾ ਮੰਨਣਾ ਹੈ ਕਿ ਸਾਰੀ ਗੜਬੜ ਦੇ ਬਾਵਜੂਦ, ਸਿਸਟਮ ਪਹਿਲਾਂ ਵਾਂਗ ਬਰਕਰਾਰ ਸੀ।

ਫਾਰੂਕੀ ਕਹਿੰਦੇ ਹਨ, "1857 ਬਾਰੇ ਕਿਹਾ ਜਾਂਦਾ ਹੈ ਕਿ ਭਾਰਤੀ ਸਮਾਜ ਵਿੱਚ ਏਕਤਾ ਨਹੀਂ ਸੀ। ਹਰ ਪਾਸੇ ਗੜਬੜ ਸੀ, ਫ਼ੌਜੀਆਂ ਵਿੱਚ ਕੋਈ ਅਨੁਸ਼ਾਸ਼ਨ ਨਹੀਂ ਸੀ। ਪਰ ਮੈਂ ਆਪਣੀ ਕਿਤਾਬ ਵਿੱਚ ਇਹ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਜਿਹੀ ਗੱਲ ਨਹੀਂ ਸੀ।"

“ਪਰ ਇਹ ਸਮਝਣ ਵਾਲੀ ਗੱਲ ਸੀ ਕਿ 1.5 ਲੱਖ ਦੀ ਅਬਾਦੀ ਵਾਲੇ ਸ਼ਹਿਰ ਵਿੱਚ, ਜੇ 30,000 ਸਿਪਾਹੀ ਆ ਜਾਣਗੇ ਤਾਂ ਕੁਝ ਹਫੜਾ-ਦਫੜੀ ਤਾਂ ਹੋਵੇਗੀ ਹੀ। ਪਰ ਇਸ ਦੇ ਬਾਵਜੂਦ, ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਦੋਂ ਕਮਾਂਡਰ ਇਨ ਚੀਫ਼ ਕੋਤਵਾਲ ਨੂੰ ਉਨ੍ਹਾਂ ਸੈਨਿਕਾਂ ਨੂੰ ਲਿਆਉਣ ਲਈ ਕਹਿੰਦਾ ਹੈ ਜਿਹੜੇ ਫਰੰਟ ਤੇ ਨਹੀਂ ਗਏ, ਚਾਰ ਸਿਪਾਹੀ ਫੜੇ ਜਾਂਦੇ ਹਨ ਅਤੇ ਉਹ ਆ ਕੇ ਮੁਆਫੀ ਵੀ ਮੰਗਦੇ ਹਨ। ਇਹ ਦਰਸ਼ਾਉਂਦਾ ਹੈ ਕਿ ਉਸ ਸਮੇਂ ਵੀ ਸਿਸਟਮ ਬਰਕਰਾਰ ਸੀ।”

56 ਅੰਗਰੇਜ਼ ਔਰਤਾਂ ਅਤੇ ਬੱਚਿਆਂ ਦਾ ਕਤਲ

12 ਮਈ ਦੀ ਸਵੇਰ ਤੱਕ, ਦਿੱਲੀ ਤੋਂ ਸਾਰੇ ਅੰਗਰੇਜ਼ ਜਾ ਚੁੱਕੇ ਸਨ।

ਪਰ ਉਨ੍ਹਾਂ ਵਿੱਚੋਂ ਕੁਝ ਅੰਗਰੇਜ਼ ਔਰਤਾਂ ਨੇ ਕਿਲ੍ਹੇ ਦੀ ਰਸੋਈ ਨੇੜੇ ਕੁਝ ਕਮਰਿਆਂ ਵਿੱਚ ਸ਼ਰਨ ਲਈ ਸੀ। ਬਾਦਸ਼ਾਹ ਦੇ ਵਿਰੋਧ ਦੇ ਬਾਵਜੂਦ ਵੀ ਬਾਗ਼ੀਆਂ ਨੇ ਉਨ੍ਹਾਂ ਸਾਰੀਆਂ ਔਰਤਾਂ ਨੂੰ ਮਾਰ ਦਿੱਤਾ।

ਰਾਣਾ ਸਫ਼ਵੀ ਦੱਸਦੇ ਹਨ, “ਜਦੋਂ ਇਨ੍ਹਾਂ ਨੇ ਹਮਲਾ ਕੀਤਾ ਤਾਂ ਬਹੁਤ ਸਾਰੇ ਅੰਗਰੇਜ਼ ਸ਼ਹਿਰ ਛੱਡ ਕੇ ਭੱਜ ਗਏ ਸਨ। ਪਰ ਅੰਗਰੇਜ਼ਾਂ ਅਤੇ ਔਰਤਾਂ ਨੇ ਕਿਲ੍ਹੇ ਦੇ ਅੰਦਰ ਆ ਕੇ ਇੱਕ ਭਵਨ ਵਿੱਚ ਪਨਾਹ ਲਈ ਸੀ। ਇਹ 56 ਲੋਕਾਂ ਨੂੰ, ਜਿਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸਨ, ਬਾਗ਼ੀਆਂ ਨੇ ਬੜੀ ਬੇਰਹਿਮੀ ਨਾਲ ਮਾਰ ਦਿੱਤਾ।”

“ਜਦੋਂ ਬਾਅਦ ਵਿੱਚ ਬਹਾਦੁਰ ਸ਼ਾਹ ਜ਼ਫ਼ਰ ਖ਼ਿਲਾਫ਼ ਮੁਕੱਦਮਾ ਚਲਾਇਆ ਗਿਆ ਤਾਂ ਉਨ੍ਹਾਂ ਖ਼ਿਲਾਫ਼ ਸਭ ਤੋਂ ਵੱਡਾ ਦੋਸ਼ ਇਹ ਸੀ ਕਿ ਉਨ੍ਹਾਂ ਨੇ ਇਨ੍ਹਾਂ ਔਰਤਾਂ ਨੂੰ ਮਰਵਾਇਆ ਸੀ। ਹਾਲਾਂਕਿ, ਜੇ ਤੁਸੀਂ ਜ਼ਹੀਰ ਦੇਹਲਵੀ ਦੀ ਕਿਤਾਬ ਪੜ੍ਹਦੇ ਹੋ, ਤਾਂ ਬਹੁਤ ਸਾਰੇ ਚਸ਼ਮਦੀਦ ਗਵਾਹਾਂ ਨੇ ਦੱਸਿਆ ਹੈ ਕਿ ਬਾਦਸ਼ਾਹ ਨੇ ਉਨ੍ਹਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਕਿਸੇ ਧਰਮ ਵਿੱਚ ਇਹ ਨਹੀਂ ਲਿਖਿਆ ਹੋਇਆ ਕਿ ਨਿਰਦੋਸ਼ਾਂ ਨੂੰ ਮਾਰ ਦਿਓ।”

ਫਿਰ ਅੰਗਰੇਜ਼ਾਂ ਨੇ ਕਤਲ ਕਰਨੇ ਸ਼ੁਰੂ ਕੀਤੇ

ਪਰ ਕੁਝ ਦਿਨਾਂ ਬਾਅਦ ਹੀ ਬਾਗੀਆਂ ਦੇ ਪੈਰ ਪਟੇ ਗਏ ਤੇ ਦਿੱਲੀ ਤੋਂ ਭਜਾਏ ਗਏ ਅੰਗਰੇਜ਼ ਵਾਪਸ ਪਰਤ ਆਏ।

ਅੰਬਾਲਾ ਤੋਂ ਆਏ ਫ਼ੌਜੀਆਂ ਨੇ ਬਾਜ਼ੀ ਪਲਟ ਦਿੱਤੀ ਅਤੇ ਅੰਗਰੇਜ਼ ਇਕ ਵਾਰ ਫਿਰ ਦਿੱਲੀ ਵਿੱਚ ਦਾਖਲ ਹੋ ਗਏ।

ਅੰਗਰੇਜ਼ਾਂ ਨੇ ਇੱਥੇ ਕਤਲੇਆਮ ਕੀਤਾ ਅਤੇ ਕੱਚਾ ਚਾਲਾ ਨਾਂ ਦੇ ਇਲਾਕੇ ਵਿੱਚ ਹੀ 1400 ਲੋਕ ਮਾਰ ਦਿੱਤੇ।

ਉਸ ਸਮੇਂ ਇੱਕ ਅੰਗਰੇਜ਼ ਸਿਪਾਹੀ, 19 ਸਾਲਾ ਐਡਵਰਡ ਵਿਬਰਡ ਨੇ ਆਪਣੇ ਚਾਚੇ ਗਾਰਡਨ ਨੂੰ ਲਿਖੀ ਚਿੱਠੀ ਵਿੱਚ ਲਿਖਿਆ, “ਮੈਂ ਇਸ ਤੋਂ ਪਹਿਲਾਂ ਵੀ ਬਹੁਤ ਭਿਆਨਕ ਦ੍ਰਿਸ਼ ਦੇਖੇ ਹਨ, ਪਰ ਜੋ ਮੈਂ ਕੱਲ੍ਹ ਦੇਖਿਆ ਹੈ, ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਇਸ ਤਰ੍ਹਾਂ ਦਾ ਦ੍ਰਿਸ਼ ਫਿਰ ਕਦੇ ਨਾ ਦੇਖਾ।"

“ਔਰਤਾਂ ਨੂੰ ਤਾਂ ਬਖਸ਼ ਦਿੱਤਾ ਗਿਆ, ਪਰ ਉਨ੍ਹਾਂ ਦੇ ਪਤੀ ਅਤੇ ਪੁੱਤਰਾਂ ਦੇ ਕਤਲ ਤੋਂ ਬਾਅਦ, ਔਰਤਾਂ ਦੀਆਂ ਚੀਕਾਂ ਅਜੇ ਵੀ ਮੇਰੇ ਕੰਨਾਂ ਵਿੱਚ ਗੂੰਜ ਰਹੀਆਂ ਹਨ। ਰੱਬ ਜਾਣਦਾ ਹੈ ਕਿ ਮੇਰੇ ਅੰਦਰ ਉਨ੍ਹਾਂ ਲਈ ਕੋਈ ਰਹਿਮ ਨਹੀਂ ਸੀ। ਪਰ ਜਦੋਂ ਬਜ਼ੁਰਗਾ ਨੂੰ ਮੇਰੀਆਂ ਅੱਖਾਂ ਦੇ ਸਾਹਮਣੇ ਇਕੱਠੇ ਕਰਕੇ ਗੋਲੀ ਮਾਰ ਦਿੱਤੀ ਗਈ, ਮੇਰੇ ‘ਤੇ ਇਸ ਦਾ ਬਹੁਤ ਪ੍ਰਭਾਵ ਪਿਆ।”

ਮਿਰਜ਼ਾ ਗ਼ਾਲਿਬ ਵੀ ਹੋਏ ਪ੍ਰਭਾਵਿਤ

ਮਹਿਮੂਦ ਫਾਰੂਕੀ ਦੱਸਦੇ ਹਨ, "1857 ਦੌਰਾਨ ਪੂਰੀ ਦਿੱਲੀ ਵਿੱਚ ਹਫੜਾ-ਦਫੜੀ ਸੀ ਅਤੇ ਕਿਉਂ ਨਾ ਹੋਵੇ। ਤੁਸੀਂ ਦੁਨੀਆਂ ਦੀ ਸਭ ਤੋਂ ਤਾਕਤਵਰ ਫੌਜ ਨਾਲ ਲੜ ਰਹੇ ਸੀ। ਸ਼ਹਿਰ ਵਿੱਚ ਬਹੁਤ ਜ਼ਬਰਦਸਤ ਦਹਿਸ਼ਤ ਦਾ ਮਾਹੌਲ ਸੀ ਪਰ 1857 ਵਿੱਚ ਦਿੱਲੀ ''ਚ ਮੁੜ ਵੜਨ ਤੋਂ ਬਾਅਦ ਜਿਸ ਤਰ੍ਹਾਂ ਅੰਗ੍ਰੇਜ਼ਾਂ ਨੇ ਸ਼ਹਿਰੀਆਂ ਦਾ ਦਮਨ ਕੀਤਾ ਉਸਦੀ ਮਿਸਾਲ ਕਿਤੇ ਨਹੀਂ ਮਿਲਦੀ।"

"ਸ਼ਹਿਰ ਦੇ ਸਾਰੇ ਲੋਕਾਂ ਨੂੰ ਦਿੱਲੀ ਤੋਂ ਬਾਹਰ ਕਰ ਦਿੱਤਾ ਗਿਆ ਅਤੇ ਪੂਰੇ ਛੇ ਮਹੀਨੇ ਤੱਕ ਉਹ ਖੁੱਲ੍ਹੇ ਵਿੱਚ ਮੀਂਹ ''ਚ ਰਹੇ। ਕਰੀਬ-ਕਰੀਬ ਸਾਰਿਆਂ ਦੇ ਘਰ ਲੁੱਟ ਲਏ ਗਏ।"

"ਉਸ ਵੇਲੇ ਦਿੱਲੀ ''ਚ ਰਹਿ ਰਹੇ ਮਿਰਜ਼ਾ ਗ਼ਾਲਿਬ ਇਸ ਸਭ ਤੋਂ ਐਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ 1857 ਤੋਂ ਬਾਅਦ ਆਪਣੀ ਜ਼ਿੰਦਗੀ ਦੇ ਬਾਕੀ 12 ਸਾਲਾਂ ਵਿੱਚ ਕੁੱਲ 11 ਗਜ਼ਲਾਂ ਲਿਖੀਆਂ ਯਾਨਿ ਇੱਕ ਸਾਲ ਦੀ ਇੱਕ ਗਜ਼ਲ ਵੀ ਨਹੀਂ ਨਿਕਲਦੀ। ਇਹ ਕਹਿਣਾ ਸ਼ਾਇਦ ਗ਼ਲਤ ਨਹੀਂ ਹੋਵੇਗਾ ਕਿ ਸ਼ਾਇਰ ਮਿਰਜ਼ਾ ਗ਼ਾਲਿਬ ਅਤੇ ਉਨ੍ਹਾਂ ਦੇ ਨਾਲ ਦੇ ਦੂਜੇ ਸ਼ਾਇਰ 1857 ਦੇ ਗਦਰ ਵਿੱਚ ਖ਼ਤਮ ਹੋ ਗਏ।"

ਬਹਾਦੁਰ ਸ਼ਾਹ ਜ਼ਫ਼ਰ ਦਾ ਆਤਮ-ਸਮਰਪਣ

ਜਦੋਂ ਅੰਗ੍ਰੇਜ਼ ਦਿੱਲੀ ਵਿੱਚ ਦਾਖ਼ਲ ਹੋ ਗਏ ਤਾਂ ਬਹਾਦੁਰ ਸ਼ਾਹ ਜ਼ਫ਼ਰ ਲਾਲ ਕਿਲੇ ਦੇ ਪਿਛਵਾੜੇ ਰਾਹੀਂ ਪਾਲਕੀ ਵਿੱਚ ਬੈਠ ਕੇ ਪਹਿਲਾਂ ਨਜ਼ਾਮੂਦੀਨ ਦੀ ਮਜ਼ਾਰ ''ਤੇ ਗਏ ਅਤੇ ਫਿਰ ਉੱਥੋਂ ਹਿਮਾਂਯੂ ਦੇ ਮਕਬਰੇ ''ਤੇ। ਉੱਥੇ 18 ਸਤੰਬਰ ,1857 ਨੂੰ ਕੈਪਟਨ ਵਿਲੀਅਮ ਹੌਡਸਨ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ।

ਬਾਅਦ ਵਿੱਚ ਸੀਬੀ ਸਾਊਂਡਰਸ ਨੂੰ ਲਿਖੀ ਚਿੱਠੀ ਵਿੱਚ ਉਨ੍ਹਾਂ ਨੇ ਇਸਦਾ ਜ਼ਿਕਰ ਕਰਦੇ ਹੋਏ ਲਿਖਿਆ, "ਬਾਦਸ਼ਾਹ ਜ਼ਫ਼ਰ ਮਿਰਜ਼ਾ ਇਲਾਹੀਬਖ਼ਸ਼ ਅਤੇ ਇੱਕ ਮੌਲਵੀ ਦੇ ਨਾਲ ਇੱਕ ਪਾਲਕੀ ''ਤੇ ਬੈਠ ਕੇ ਬਾਹਰ ਆਏ। ਉਨ੍ਹਾਂ ਦੇ ਪਿੱਛੇ ਬੇਗਮ ਆਪਣੇ ਮੁੰਡੇ ਮਿਰਜ਼ਾ ਜਵਾਨ ਬਖ਼ਤ ਅਤੇ ਪਿਤਾ ਮਿਰਜ਼ਾ ਕੁਲੀ ਖਾਂ ਦੇ ਨਾਲ ਬਾਹਰ ਨਿਕਲੀ।"

"ਫਿਰ ਉਨ੍ਹਾਂ ਦੋਵਾਂ ਦੀਆਂ ਪਾਲਕੀਆਂ ਰੁਕ ਗਈਆਂ ਅਤੇ ਬਾਦਸ਼ਾਹ ਨੇ ਸੰਦੇਸ਼ ਭੇਜਿਆ ਕਿ ਉਹ ਮੇਰੇ ਮੂੰਹੋਂ ਸੁਣਨਾ ਚਾਹੁੰਦੇ ਹਨ ਕਿ ਉਨ੍ਹਾਂ ਦੀ ਜਾਨ ਬਖ਼ਸ਼ ਦਿੱਤੀ ਜਾਵੇਗੀ। ਮੈਂ ਆਪਣੇ ਘੋੜੇ ਤੋਂ ਉਤਰਿਆ ਅਤੇ ਮੈਂ ਬਾਦਸ਼ਾਹ ਤੇ ਬੇਗ਼ਮ ਨੂੰ ਭਰੋਸਾ ਦਿੱਤਾ ਕਿ ਅਸੀਂ ਆਪਣੀ ਜ਼ਿੰਦਗੀ ਦੀ ਗਾਰੰਟੀ ਦਿੰਦੇ ਹਾਂ, ਸ਼ਰਤ ਹੈ ਕਿ ਤੁਹਾਨੂੰ ਬਚਾਉਣ ਦੀ ਕੋਈ ਕੋਸ਼ਿਸ਼ ਨਾ ਕੀਤੀ ਜਾਵੇ।"

"ਮੈਂ ਉਨ੍ਹਾਂ ਨੂੰ ਇਹ ਵੀ ਕਿਹਾ ਕਿ ਉਨ੍ਹਾਂ ਦੀ ਬੇਇੱਜ਼ਤੀ ਨਹੀਂ ਕੀਤੀ ਜਾਵੇਗੀ ਅਤੇ ਉਨ੍ਹਾਂ ਦੇ ਸਨਮਾਨ ਨੂੰ ਬਰਕਰਾਰ ਰੱਖਿਆ ਜਾਵੇਗਾ।"

ਕੋਰੋਨਾਵਾਇਰਸ
BBC

ਬਹਾਦੁਰ ਸ਼ਾਹ ਦੇ ਤਿੰਨ ਮੁੰਡਿਆਂ ਦਾ ਕਤਲ

ਬਹਾਦੁਰਸ਼ਾਹ ਜ਼ਫ਼ਰ ਦੀ ਜਾਨ ਤਾਂ ਬਖ਼ਸ਼ ਦਿੱਤੀ ਗਈ ਪਰ ਉਨ੍ਹਾਂ ਦੇ ਤਿੰਨ ਮੁੰਡਿਆਂ ਮਿਰਜ਼ਾ ਮੁਗ਼ਲ, ਖ਼ਿਜ਼ਰ, ਸੁਲਤਾਨ ਅਤੇ ਅਬੂ ਬਕਰ ਨੂੰ ਪੁਆਇੰਟ ਬਲੈਂਕ ਰੇਂਜ ਤੋਂ ਗੋਲੀ ਨਾਲ ਉਡਾ ਦਿੱਤਾ ਗਿਆ, ਉਹ ਵੀ ਉਸ ਵੇਲੇ ਜਦੋਂ ਉਨ੍ਹਾਂ ਨੇ ਹਥਿਆਰ ਸੁੱਟ ਦਿੱਤੇ ਸਨ।

ਵਿਲੀਅਮ ਹੌਡਸਨ ਨੇ ਆਪਣੀ ਭੈਣ ਨੂੰ ਚਿੱਠੀ ਵਿੱਚ ਲਿਖਿਆ, "ਮੈਂ ਸੁਭਾਅ ਤੋਂ ਕਠੋਰ ਨਹੀਂ ਹਾਂ ਪਰ ਮੈਂ ਮੰਨਦਾ ਹਾਂ ਕਿ ਇਨ੍ਹਾਂ ਕੰਬਖ਼ਤ ਲੋਕਾਂ ਨੂੰ ਧਰਤੀ ਤੋਂ ਛੁਟਕਾਰਾ ਦੁਆ ਕੇ ਮੈਨੂੰ ਬਹੁਤ ਹੀ ਆਨੰਦ ਮਿਲਿਆ।"

ਬਾਦਸ਼ਾਹ ਨੂੰ ਲਾਲ ਕਿਲੇ ਦੀ ਇੱਕ ਕੋਠਰੀ ਵਿੱਚ ਇੱਕ ਸਾਧਾਰਣ ਕੈਦੀ ਦੀ ਤਰ੍ਹਾਂ ਰੱਖਿਆ ਗਿਆ।

ਸਰ ਜੌਰਜ ਕੈਂਪਬੇਲ ਨੇ ਆਪਣੀ ਕਿਤਾਬ ''ਮੇਮੌਏਰਸ ਆਫ਼ ਮਾਈ ਇੰਡੀਅਨ ਕਰੀਅਰ ਵਿੱਚ ਲਿਖਿਆ, "ਬਾਦਸ਼ਾਹ ਨੂੰ ਇਸ ਤਰ੍ਹਾਂ ਰੱਖਿਆ ਗਿਆ ਜਿਵੇਂ ਪਿੰਜਰੇ ਵਿੱਚ ਜਾਨਵਰ ਨੂੰ ਰੱਖਿਆ ਜਾਂਦਾ ਹੈ।"

ਬਾਦਸ਼ਾਹ ਜਫ਼ਰ ਦੇ ਆਖ਼ਰੀ ਦਿਨ

ਉਸ ਵੇਲੇ ਉੱਥੇ ਤੈਨਾਤ ਲੈਫਟੀਨੈਂਟ ਚਾਰਲਸ ਗ੍ਰਿਫ਼ੀਥਸ ਨੇ ਵੀ ਆਪਣੀ ਕਿਤਾਬ ''ਸੀਜ ਆਫ਼ ਡੇਲੀ ਵਿੱਚ ਲਿਖਿਆ, "ਮੁਗਲ ਬਾਦਸ਼ਾਹ ਦਾ ਆਖ਼ਰੀ ਨੁਮਾਇੰਦਾ ਇੱਕ ਸਾਧਾਰਣ ਜਿਹੇ ਮੰਜੇ ''ਤੇ ਬੈਠਾ ਹੋਇਆ ਸੀ। ਉਨ੍ਹਾਂ ਦੀ ਲੰਬੀ ਚਿੱਟੀ ਦਾੜ੍ਹੀ ਸੀ ਜੋ ਉਨ੍ਹਾਂ ਦੇ ਲੱਕ ਨੂੰ ਛੂਹ ਰਹੀ ਸੀ। ਉਨ੍ਹਾਂ ਨੇ ਚਿੱਟੇ ਰੰਗ ਦੇ ਕੱਪੜੇ ਅਤੇ ਉਸੇ ਰੰਗ ਦਾ ਸਾਫ਼ਾ ਪਹਿਨਿਆ ਹੋਇਆ ਸੀ।"

"ਉਨ੍ਹਾਂ ਪਿੱਛੇ ਦੋ ਸੈਨਿਕ ਖੜ੍ਹੇ ਸਨ ਜੋ ਮੋਰ ਦੇ ਪੰਖ ਤੋਂ ਬਣੇ ਪੰਖੇ ਨਾਲ ਉਨ੍ਹਾਂ ਉੱਪਰ ਹਵਾ ਕਰ ਰਹੇ ਸਨ। ਉਨ੍ਹਾਂ ਦੇ ਮੂੰਹੋਂ ਇੱਕ ਸ਼ਬਦ ਵੀ ਨਹੀਂ ਨਿਕਲਿਆ। ਉਨ੍ਹਾਂ ਦੀਆਂ ਅੱਖਾਂ ਜ਼ਮੀਨ ਵੱਲ ਵੇਖ ਰਹੀਆਂ ਸਨ। ਬਾਦਸ਼ਾਹ ਤੋਂ ਤਿੰਨ ਫੁੱਟ ਦੀ ਦੂਰੀ ''ਤੇ ਇੱਕ ਬ੍ਰਿਟਿਸ਼ ਅਫਸਰ ਬੈਠਾ ਹੋਇਆ ਸੀ।"

"ਉਨ੍ਹਾਂ ਦੇ ਦੋਵੇਂ ਪਾਸੇ ਅੰਗ੍ਰੇਜ਼ ਸੰਤਰੀ ਖੜ੍ਹੇ ਹੋਏ ਸਨ। ਉਨ੍ਹਾਂ ਨੂੰ ਹੁਕਮ ਸੀ ਕਿ ਜੇਕਰ ਬਾਦਸ਼ਾਹ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਉਹ ਤੁਰੰਤ ਆਪਣੇ ਹੱਥਾਂ ਨਾਲ ਮਾਰ ਦੇਣ।"

ਜਾਨਵਰਾਂ ਦੀ ਤਰ੍ਹਾਂ ਕੋਠੜੀ ਵਿੱਚ ਰੱਖਿਆ ਗਿਆ

ਬਹਾਦੁਰਸ਼ਾਹ ਜ਼ਫ਼ਰ ਦੀ ਐਨੀ ਬੇਇੱਜ਼ਤੀ ਹੋਈ ਕਿ ਲਾਲ ਕਿਲੇ ਵਿੱਚ ਉਨ੍ਹਾਂ ਨੂੰ ਵੇਖਣ ਅੰਗ੍ਰੇਜ਼ਾਂ ਦੇ ਸੂਮਹ ਦੇ ਸਮੂਹ ਆਉਂਦੇ ਸਨ ਕਿ ਉਹ ਵੇਖਣ ਵਿੱਚ ਕਿਹੋ ਜਿਹੇ ਲਗਦੇ ਹਨ।

ਮਹਿਮੂਦ ਫਾਰੂਕੀ ਦੱਸਦੇ ਹਨ, "ਅੰਗ੍ਰੇਜ਼ ਸੈਲਾਨੀ ਜਿਵੇਂ ਲਾਲ ਕਿਲੇ ਨੂੰ ਵੇਖਣ ਆਉਂਦੇ ਸਨ ਉਸੇ ਤਰ੍ਹਾਂ ਉਨ੍ਹਾਂ ਦੀ ਕੋਠੜੀ ਵਿੱਚ ਆ ਕੇ ਵੇਖਦੇ ਸਨ ਕਿ ਬਹਾਦੁਰਸ਼ਾਹ ਜ਼ਫ਼ਰ ਕਿਸ ਤਰ੍ਹਾਂ ਦੇ ਲਗਦੇ ਹਨ। ਜਿਸ ਬਾਦਸ਼ਾਹੇ-ਹਿੰਦੁਸਤਾਨ ਦਾ ਦਿੱਲੀ ਵਿੱਚ ਇਹ ਹਾਲ ਸੀ, ਜ਼ਾਹਰ ਹੈ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਬਾਕੀ ਸਾਲ ਆਪਣੀ ਮੌਤ ਦੀ ਉਡੀਕ ਵਿੱਚ ਕੱਢੇ ਸਨ।"

"ਦਿੱਲੀ ਤੋਂ ਉਨ੍ਹਾਂ ਨੂੰ ਰੰਗੂਨ ਭੇਜਿਆ ਗਿਆ ਅਤੇ ਉਸੇ ਦੇ ਆਲੇ-ਦੁਆਲੇ ਬਰਮਾ ਦੇ ਬਾਦਸ਼ਾਹ ਨੂੰ ਭਾਰਤ ਭੇਜਿਆ ਗਿਆ ਰਤਨਾਗੀਰੀ ਵਿੱਚ। ਆਖ਼ਰ ਵਿੱਚ ਬਹਾਦੁਰਸ਼ਾਹ ਜ਼ਫ਼ਰ ਨੇ ਬਿਲਕੁਲ ਠੀਕ ਹੀ ਲਿਖਿਆ, ''ਕਿੰਨਾ ਬਦਨਸੀਬ ਹੈ ਜ਼ਫ਼ਰ ਦਫ਼ਨ ਲਈ ਦੋ ਗਜ ਜ਼ਮੀਨ ਵੀ ਨਾ ਮਿਲੀ ਕੂਏਯਾਰ ਵਿੱਚ।''"

ਬਾਦਸ਼ਾਹ ਦੀ ਮੌਤ

7 ਨਵੰਬਰ, 1862 ਨੂੰ ਰੰਗੂਨ ਦੇ ਇੱਕ ਜੇਲ੍ਹਨੁਮਾ ਘਰ ਵਿੱਚ 87 ਸਾਲ ਦੇ ਇੱਕ ਬਜ਼ੁਰਗ ਦੀ ਲਾਸ਼ ਨੂੰ ਕੁਝ ਬ੍ਰਿਟਿਸ਼ ਸੈਨਿਕ ਮੋਢਾ ਦੇ ਕੇ ਜੇਲ੍ਹ ਦੇ ਹੀ ਪ੍ਰਾਂਗੜ ਵਿੱਚ ਪਹਿਲਾਂ ਤੋਂ ਹੀ ਖੋਦੀ ਗਈ ਇੱਕ ਕਬਰ ਦੇ ਕੋਲ ਲੈ ਗਏ। ਉਸ ਲਾਸ਼ ਦੇ ਨਾਲ ਮਰਨ ਵਾਲੇ ਦੇ ਦੋ ਮੁੰਡੇ ਅਤੇ ਇੱਕ ਵੱਡੀ ਦਾੜ੍ਹੀ ਵਾਲੇ ਮੌਲਵੀ ਚੱਲ ਰਹੇ ਸਨ।

ਕਿਸੇ ਔਰਤ ਨੂੰ ਉਸ ਜਨਾਜ਼ੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਬਾਜ਼ਾਰ ਦੇ ਕੁਝ ਲੋਕਾਂ ਨੂੰ ਇਸ ਬਾਰੇ ਭਣਕ ਲੱਗ ਗਈ।

ਉਹ ਜਨਾਜ਼ੇ ਵੱਲ ਵਧੇ ਪਰ ਹਥਿਆਰਬੰਦ ਸੈਨਿਕਾ ਨੇ ਉਨ੍ਹਾਂ ਨੂੰ ਉਸਦੇ ਕੋਲ ਨਹੀਂ ਆਉਣ ਦਿੱਤਾ। ਅੰਗ੍ਰੇਜ਼ਾਂ ਨੇ ਲਾਸ਼ ਨੂੰ ਕਬਰ ਵਿੱਚ ਰੱਖਣ ਤੋਂ ਪਹਿਲਾਂ ਉਸ ''ਤੇ ਚੂਨੇ ਦਾ ਛਿੜਕਾਅ ਕੀਤਾ ਤਾਂ ਜੋ ਲਾਸ਼ ਬਹੁਤ ਛੇਤੀ ਗਲ ਕੇ ਮਿੱਟੀ ਵਿੱਚ ਮਿਲ ਜਾਵੇ।

ਇੱਕ ਹਫ਼ਤੇ ਬਾਅਦ ਬ੍ਰਿਟਿਸ਼ ਕਮਿਸ਼ਨਰ ਐਚਐਨ ਡੇਵਿਸ ਨੇ ਲੰਡਨ ਭੇਜੀ ਗਈ ਆਪਣੀ ਰਿਪੋਰਟ ਵਿੱਚ ਲਿਖਿਆ, "ਉਸ ਤੋਂ ਬਾਅਦ ਮੈਂ ਬਚੇ ਹੋਏ ਬੰਦੀਆਂ ਦੀ ਖ਼ਬਰ ਲੈਣ ਉਨ੍ਹਾਂ ਦੇ ਨਿਵਾਸ ''ਤੇ ਗਿਆ ਸੀ। ਸਭ ਠੀਕ ਹਾਲਤ ਵਿੱਚ ਹੈ। ਕਿਸੇ ''ਤੇ ਵੀ ਬਜ਼ੁਰਗਵਾਰ ਦੀ ਮੌਤ ਦਾ ਅਸਰ ਨਹੀਂ ਪਿਆ। ਉਨ੍ਹਾਂ ਦੀ ਮੌਤ ਗਲੇ ਵਿੱਚ ਫ਼ਾਲਿਜ ਡਿੱਗ ਜਾਣ ਕਰਕੇ ਹੋਈ ਸੀ।"

"ਦਫ਼ਨ ਕੀਤੇ ਜਾਣ ਦੀ ਸਵੇਰ ਉਨ੍ਹਾਂ ਦਾ ਇੰਤਕਾਲ ਹੋਇਆ। ਉਨ੍ਹਾਂ ਦੀ ਕਬਰ ਦੇ ਚਾਰੇ ਪਾਸੇ ਬਾਂਸ ਦੀ ਇੱਕ ਬਾੜ ਬਣਾ ਦਿੱਤੀ ਗਈ ਹੈ। ਜਦੋਂ ਤੱਕ ਇਹ ਬਾੜ ਨਸ਼ਟ ਹੋਵੇਗੀ ਉੱਥੇ ਘਾਹ ਨਿਕਲ ਕੇ ਉਸ ਪੂਰੇ ਇਲਾਕੇ ਨੂੰ ਢੱਕ ਲਵੇਗੀ ਅਤੇ ਕਿਸੇ ਨੂੰ ਇਹ ਪਤਾ ਨਹੀਂ ਲੱਗ ਸਕੇਗਾ ਕਿ ਇੱਥੇ ਮੁਗਲਾਂ ਦਾ ਆਖ਼ਰੀ ਬਾਦਸ਼ਾਹ ਦਫ਼ਨ ਹੈ।"


ਹੈਲਪਲਾਈਨ ਨੰਬਰ
BBC

ਕੋਰੋਨਾਵਾਇਰਸ
BBC

ਇਹ ਵੀ ਦੇਖੋ

https://www.youtube.com/watch?v=lMT_MOH8vVU

https://www.youtube.com/watch?v=8-WyQ6m0410

https://www.youtube.com/watch?v=NHbzuyEK-SQ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''9a90b91b-ae05-4b6e-9130-b9db52f6a620'',''assetType'': ''STY'',''pageCounter'': ''punjabi.india.story.52616891.page'',''title'': ''1857 ਦਾ ਗਦਰ: ਦਿੱਲੀ ਨੇ ਜਿਸ ਦਿਨ ਦੇਖਿਆ ਮੌਤ ਦਾ ਤਾਂਡਵ'',''author'': '' ਰੇਹਾਨ ਫਜ਼ਲ'',''published'': ''2020-05-13T02:38:46Z'',''updated'': ''2020-05-13T02:38:46Z''});s_bbcws(''track'',''pageView'');

Related News