ਕੋਰੋਨਾਵਾਇਰਸ: ਪਰਵਾਸੀ ਮਜ਼ਦੂਰਾਂ ਦਾ ਪਲਾਇਨ ਬਣਿਆ ਕਿਸਾਨਾਂ ਲਈ ਪਰੇਸ਼ਾਨੀ ਦਾ ਸਬਬ

04/04/2020 4:29:22 PM

ਮੁਹਾਲੀ ਜ਼ਿਲ੍ਹਾ ਦਾ ਪਿੰਡ ਤੀੜਾ ਪੰਜਾਬ ਦੇ ਬਾਕੀ ਪਿੰਡਾਂ ਵਾਂਗ ਕਰਫ਼ਿਊ ਕਾਰਨ ਸੁੰਨ-ਸਾਨ ਹੈ। ਟਾਂਵਾਂ ਟਾਂਵਾਂ ਵਿਅਕਤੀ ਮੂੰਹ ਉੱਤੇ ਰੁਮਾਲ ਰੱਖ ਕੇ ਪਸ਼ੂਆਂ ਦੀ ਦੇਖਭਾਲ ਕਰਦਾ ਨਜ਼ਰ ਆ ਰਿਹਾ ਸੀ।

ਹਾੜੀ ਦੇ ਸੀਜ਼ਨ ਵਿੱਚ ਪੰਜਾਬ ਵਿਚ ਅਜਿਹਾ ਦ੍ਰਿਸ਼ ਨਜ਼ਰ ਨਹੀਂ ਆਉਂਦਾ, ਸਗੋਂ ਕਾਫ਼ੀ ਚਹਿਲ ਪਹਿਲ ਹੁੰਦੀ ਹੈ ਕਿਉਂਕਿ ਕਿਸਾਨ ਕਣਕ ਦੀ ਵਢਾਈ ਦੀ ਤਿਆਰੀ ਵਿੱਚ ਰੁੱਝੇ ਹੁੰਦੇ ਹਨ। ਪਰ ਇਸ ਵੇਲੇ ਸਭ ਕੁਝ ਠੱਪ ਹੋਣ ਦਾ ਕਾਰਨ ਹੈ ‘ਕੋਰੋਨਾਵਾਇਰਸ’।


ਕੋਰੋਨਾਵਾਇਰਸ
BBC

ਪੂਰੇ ਪਿੰਡ ਦਾ ਚੱਕਰ ਲਗਾਉਂਦੇ ਹੋਏ ਸਾਨੂੰ ਇੱਕ ਵਿਅਕਤੀ ਕਣਕ ਦੇ ਖੇਤ ਵਿਚ ਕੰਮ ਕਰਦਾ ਹੋਇਆ ਨਜ਼ਰ ਆਇਆ। ਉਸ ਦਾ ਨਾਮ ਸੀ ਅਵਤਾਰ ਸਿੰਘ ਜੋ ਆਪਣੇ ਕਣਕ ਦੇ ਖੇਤ ਵਿੱਚੋਂ ਨਦੀਨ ਨੂੰ ਸਾਫ਼ ਕਰ ਰਿਹਾ ਸੀ। ਅਵਤਾਰ ਸਿੰਘ ਦੀ ਫਸਲ ਪੱਕਣ ਦੇ ਨੇੜੇ ਹੈ।

ਅਵਤਾਰ ਸਿੰਘ ਨੇ ਦੱਸਿਆ ਕਿ ਅਗਲੇ ਹਫ਼ਤੇ ਤੱਕ ਉਹ ਕਣਕ ਦੀ ਵਢਾਈ ਬਾਰੇ ਸੋਚ ਰਿਹਾ ਹੈ ਪਰ ਚਿੰਤਾ ਇਸ ਗੱਲ ਦੀ ਹੈ ਕਿ ਇਸ ਕੰਮ ਨੂੰ ਅੰਜਾਮ ਕਿਵੇਂ ਦਿੱਤਾ ਜਾਵੇ।

ਪਰਵਾਸੀ ਮਜ਼ਦੂਰ ਦਾ ਪਲਾਇਨ
BBC
ਆਮ ਤੌਰ ਉੱਤੇ ਖੇਤੀ ਦੇ ਕੰਮ ਕਰਨ ਵਾਲੇ ਪਰਵਾਸੀ ਮਜ਼ਦੂਰ ਇਹਨਾਂ ਦਿਨਾਂ ਵਿੱਚ ਪੰਜਾਬ ਵਿੱਚ ਆ ਜਾਂਦੇ ਹਨ ਪਰ ਇਸ ਵਾਰ ਅਜਿਹਾ ਨਹੀਂ ਹੋਇਆ। ਮਜ਼ਦੂਰ ਆਉਣ ਦੀ ਥਾਂ ਸਗੋਂ ਵਾਪਸ ਜਾ ਰਹੇ ਹਨ।

ਕਿੱਥੋਂ ਮਿਲਣਗੇ ਮਜ਼ਦੂਰ?

ਕਰੀਬ ਛੇ ਏਕੜ ਵਿੱਚ ਖੇਤੀ ਕਰਨ ਵਾਲੇ ਅਵਤਾਰ ਸਿੰਘ ਨੇ ਦੱਸਿਆ ਕਿ ਆਮ ਤੌਰ ਉੱਤੇ ਖੇਤੀ ਦੇ ਕੰਮ ਕਰਨ ਵਾਲੇ ਪਰਵਾਸੀ ਮਜ਼ਦੂਰ ਇਹਨਾਂ ਦਿਨਾਂ ਵਿੱਚ ਪੰਜਾਬ ਵਿੱਚ ਆ ਜਾਂਦੇ ਹਨ ਪਰ ਇਸ ਵਾਰ ਅਜਿਹਾ ਨਹੀਂ ਹੋਇਆ।

ਮਜ਼ਦੂਰ ਆਉਣ ਦੀ ਥਾਂ ਸਗੋਂ ਵਾਪਸ ਜਾ ਰਹੇ ਹਨ। ਖੇਤਾਂ ਵਿਚ ਮੋਟਰਾਂ ਖ਼ਾਲੀ ਪਈਆਂ ਹਨ ( ਇਹਨਾਂ ਥਾਵਾਂ ਉੱਤੇ ਹੀ ਪਰਵਾਸੀ ਮਜ਼ਦੂਰਾਂ ਦਾ ਡੇਰਾ ਹੁੰਦਾ ਹੈ)।

ਕੁਝ ਮਜ਼ਦੂਰ ਜਿਹੜੇ ਫ਼ਿਲਹਾਲ ਟਿਕੇ ਹੋਏ ਹਨ ਉਹ ਵੀ ਚਿੰਤਾ ਵਿੱਚ ਹਨ।

ਅਵਤਾਰ ਸਿੰਘ ਨੇ ਦੱਸਿਆ ਕਿ ਕਿਸਾਨ ਨੂੰ ਦੋਹਰੀ ਮਾਰ ਪੈ ਰਹੀ ਹੈ, ਇੱਕ ਤਾਂ ਮੌਸਮ ਦੀ ਮਾਰ ਅਤੇ ਦੂਜੀ ਚਿੰਤਾ ਮਜ਼ਦੂਰਾਂ ਦੀ ਹੈ।

ਉਨ੍ਹਾਂ ਦੱਸਿਆ ਕਿ ਕਣਕ ਦੀ ਵਢਾਈ ਕੰਬਾਈਨ ਨਾਲ ਵੀ ਕਰਵਾਈ ਜਾ ਸਕਦੀ ਹੈ ਪਰ ਪਸ਼ੂਆਂ ਲਈ ਤੂੜੀ ਦੀ ਸਮੱਸਿਆ ਖੜੀ ਹੋ ਜਾਵੇਗੀ। ਇਸ ਕਰਕੇ ਉਹ ਹੱਥ ਨਾਲ ਕਣਕ ਦੀ ਵਢਾਈ ਕਰਵਾਉਂਦੇ ਹਨ।

ਅਵਤਾਰ ਸਿੰਘ ਮੁਤਾਬਕ ਲੇਬਰ ਦੀ ਕਮੀ ਦੇ ਕਾਰਨ ਉਨ੍ਹਾਂ ਨੂੰ ਮਜਬੂਰੀ ’ਚ ਜ਼ਿਆਦਾ ਪੈਸੇ ਵੀ ਖ਼ਰਚ ਕਰਨੇ ਪੈਣਗੇ।

ਪਰਵਾਸੀ ਮਜ਼ਦੂਰ ਦਾ ਪਲਾਇਨ
BBC
ਲੇਬਰ ਦੀ ਕਮੀ ਦੇ ਕਾਰਨ ਕਿਸਾਨਾਂ ਨੂੰ ਮਜਬੂਰੀ ''ਚ ਜ਼ਿਆਦਾ ਪੈਸੇ ਵੀ ਖ਼ਰਚ ਕਰਨੇ ਪੈਣਗੇ।

ਮੌਜੂਦਾ ਮਜ਼ਦੂਰ ਵੀ ਕਿਸਾਨਾਂ ਲਈ ਬਣੇ ਮੁਸੀਬਤ

ਪਿੰਡ ਦੇ ਇੱਕ ਹੋਰ ਕਿਸਾਨ ਪਰਮਿੰਦਰ ਸਿੰਘ ਨੇ ਦੱਸਿਆ ਕਿ ਜੋ ਲੇਬਰ ਪਿੰਡ ਵਿੱਚ ਹੈ ਉਸ ਦਾ ਨਾ ਸਿਰਫ਼ ਉਹ ਖ਼ਿਆਲ ਰੱਖ ਰਹੇ ਹਨ ਬਲਕਿ ਉਨ੍ਹਾਂ ਨੂੰ ਰਾਸ਼ਨ ਵੀ ਮੁਹੱਈਆ ਕਰਵਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਵੱਡਾ ਜ਼ਿੰਮੀਦਾਰ ਤਾਂ ਮਸ਼ੀਨ ਰਾਹੀਂ ਕਟਾਈ ਕਰਵਾ ਸਕਦਾ ਹੈ ਪਰ ਛੋਟੇ ਜ਼ਿੰਮੀਦਾਰ ਨੂੰ ਤਾਂ ਪਰਵਾਸੀ ਮਜ਼ਦੂਰਾਂ ਉੱਤੇ ਹੀ ਨਿਰਭਰ ਹੋਣਾ ਪਵੇਗਾ।

ਉਨ੍ਹਾਂ ਦੱਸਿਆ, “ਫ਼ਸਲ ਦੀ ਬਿਜਾਈ ਅਤੇ ਵਢਾਈ ਲਈ ਕਿਸਾਨ, ਬਿਹਾਰ ਅਤੇ ਉੱਤਰ ਪ੍ਰਦੇਸ਼ ਤੋਂ ਆਉਣ ਵਾਲੇ ਲੇਬਰ ਉੱਤੇ ਨਿਰਭਰ ਹਨ ਅਤੇ ਇਸ ਵਾਰ ਕਰਫ਼ਿਊ ਦੇ ਕਾਰਨ ਖੇਤ ਮਜ਼ਦੂਰਾਂ ਦਾ ਪੰਜਾਬ ਵਿੱਚ ਵੱਡਾ ਸੰਕਟ ਖੜਾ ਹੋ ਜਾਵੇਗਾ।”

ਇਸ ਤਰ੍ਹਾਂ ਪੰਜਾਬ ਦੇ ਕੁਰਾਲੀ ਕਸਬੇ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਵਾਢੀ ਸ਼ੁਰੂ ਹੋਣ ਵਾਲੀ ਹੈ ਪਰ ਲੇਬਰ ਦੀ ਘਾਟ ਦੇ ਕਾਰਨ ਇਸ ਵਾਰ ਕੰਮ ਕਾਫ਼ੀ ਔਖਾ ਹੋਣ ਵਾਲਾ ਹੈ, ਖ਼ਾਸ ਕਰ ਕੇ ਛੋਟੇ ਕਿਸਾਨਾਂ ਲਈ ਜਿਹੜੇ ਕੰਬਾਈਨਾਂ ਨਾਲ ਵਾਢੀ ਨਹੀਂ ਕਰਵਾਉਂਦੇ।

ਕਿਸਾਨਾਂ ਮੁਤਾਬਕ ਲੇਬਰ ਦੀ ਘਾਟ ਕਾਰਨ ਮਜ਼ਦੂਰਾਂ ਦੀ ਦਿਹਾੜੀ ਦੀ ਕੀਮਤ ਵੀ ਵੱਧ ਜਾਵੇਗੀ ਅਤੇ ਇਸ ਦਾ ਅਸਰ ਕਿਸਾਨ ਦੀ ਜੇਬ ਉੱਤੇ ਪਵੇਗਾ।

ਪਰਵਾਸੀ ਮਜ਼ਦੂਰ ਦਾ ਪਲਾਇਨ
BBC
ਫ਼ਸਲ ਦੀ ਬਿਜਾਈ ਅਤੇ ਵਢਾਈ ਲਈ ਕਿਸਾਨ, ਬਿਹਾਰ ਅਤੇ ਉੱਤਰ ਪ੍ਰਦੇਸ਼ ਤੋਂ ਆਉਣ ਵਾਲੇ ਲੇਬਰ ਉੱਤੇ ਨਿਰਭਰ ਹਨ ਅਤੇ ਇਸ ਵਾਰ ਕਰਫ਼ਿਊ ਦੇ ਕਾਰਨ ਖੇਤ ਮਜ਼ਦੂਰਾਂ ਦਾ ਪੰਜਾਬ ਵਿੱਚ ਵੱਡਾ ਸੰਕਟ ਖੜਾ ਹੋ ਜਾਵੇਗਾ

ਪੰਜਾਬ ਵਿੱਚ ਕਣਕ ਦੀ ਖ਼ਰੀਦ

ਪੰਜਾਬ ਸਰਕਾਰ ਨੇ ਰਾਜ ਵਿੱਚ ਹਾੜੀ ਸੀਜ਼ਨ ਦੀ ਫ਼ਸਲ ਕਣਕ ਦੀ ਖ਼ਰੀਦ ਇਸ ਵਾਰ 15 ਅਪ੍ਰੈਲ ਤੋਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ ਜੋ 15 ਜੂਨ 2020 ਤੱਕ ਜਾਰੀ ਰਹੇਗੀ।

ਪੰਜਾਬ ਦੇ ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਮੁਤਾਬਕ ਦੇਸ਼ ਭਰ ਵਿੱਚ ਲਾਗੂ ਤਾਲਾਬੰਦੀ ਅਤੇ ਕੋਰੋਨਾ ਬਿਮਾਰੀ ਦਾ ਟਾਕਰਾ ਕਰਨ ਲਈ ਅਪਣਾਈ ਗਈ ਸਮਾਜਿਕ ਦੂਰੀ ਦੀ ਨੀਤੀ ਦੇ ਮੱਦੇਨਜ਼ਰ ਅਤੇ ਕਿਸਾਨਾਂ ਦੀ ਸਿਹਤ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫ਼ੈਸਲਾ ਕੀਤਾ ਗਿਆ ਹੈ।

ਪਰਵਾਸੀ ਮਜ਼ਦੂਰ ਦਾ ਪਲਾਇਨ
BBC
ਹਾੜੀ ਦੇ ਸੀਜ਼ਨ ਵਿਚ ਪੰਜਾਬ ''ਚ ਕਿਸਾਨ ਕਣਕ ਦੀ ਵਢਾਈ ਦੀ ਤਿਆਰੀ ਵਿਚ ਰੁੱਝੇ ਹੁੰਦੇ ਹਨ, ਪਰ ਇਸ ਵੇਲੇ ਸਭ ਕੁਝ ਠੱਪ ਹੋਣ ਦਾ ਕਾਰਨ ਹੈ ''ਕੋਰੋਨਾਵਾਇਰਸ''।

ਪਰਵਾਸੀ ਮਜ਼ਦੂਰਾਂ ਦੀ ਚਿੰਤਾ

ਮੂਲ ਰੂਪ ਵਿੱਚ ਬਿਹਾਰ ਦੇ ਰਹਿਣ ਵਾਲੇ ਵਿਜੈ ਵਿਸ਼ਵਾਸ ਨੇ ਦੱਸਿਆ ਕਿ ਉਹ ਕਰੀਬ ਤੀਹ ਸਾਲਾਂ ਤੋਂ ਪੰਜਾਬ ਵਿੱਚ ਮਿਹਨਤ ਮਜ਼ਦੂਰੀ ਲਈ ਆਉਂਦਾ ਹੈ ਪਰ ਇਸ ਵਾਰ ਕੋਰੋਨਾਵਾਇਰਸ ਦੇ ਕਾਰਨ ਚਿੰਤਤ ਹੈ।

ਵਿਜੈ ਵਿਸ਼ਵਾਸ ਨੇ ਕਿਹਾ, “ਪੰਜਾਬ ਵਿੱਚ ਸਾਨੂੰ ਖੀਣ ਪੀਣ ਦੀ ਕੋਈ ਚਿੰਤਾ ਨਹੀਂ ਹੈ ਪਰ ਕੋਰੋਨਾਵਾਇਰਸ ਦੀ ਬਿਮਾਰੀ ਦੇ ਕਾਰਨ ਮਨ ਵਿੱਚ ਡਰ ਹੈ।"

"ਘਰ ਤੋਂ ਰੋਜ਼ਾਨਾ ਫ਼ੋਨ ਆਉਂਦਾ ਹੈ... ਕੀ ਕਰੀਏ ਇੱਕ ਪਾਸੇ ਛੇ ਮਹੀਨੇ ਦੀ ਰੋਜ਼ੀ ਰੋਟੀ ਦਾ ਫ਼ਿਕਰ ਹੈ ਤੇ ਦੂਜੇ ਪਾਸੇ ਕਰਫ਼ਿਊ ਅਤੇ ਲੌਕਡਾਊਨ ਕਾਰਨ ਸਭ ਕੁਝ ਬੰਦ ਹੈ।”

ਉਨ੍ਹਾਂ ਦੱਸਿਆ ਕਿ ਇੱਕ ਵਾਰ ਤਾਂ ਉਸ ਨੇ ਆਪਣੇ ਸਾਥੀਆਂ ਨਾਲ ਜਾਣ ਦਾ ਮਨ ਬਣਾ ਲਿਆ ਸੀ ਪਰ ਫਿਰ ਸਵਾਲ ਇਹ ਖੜਾ ਹੋਇਆ ਕਿ ਜਾਇਆ ਕਿਵੇਂ ਜਾਵੇ।

ਵਿਜੇ ਮੁਤਾਬਕ ਉਸ ਦੇ ਬਹੁਤ ਸਾਥੀ ਹੋਲੀ ਦੇ ਤਿਉਹਾਰ ਦੇ ਕਾਰਨ ਆਪੋ ਆਪਣੇ ਪਿੰਡ ਗਏ ਹੋਏ ਹਨ ਅਤੇ ਉਨ੍ਹਾਂ ਨੇ ਹੁਣ ਕਣਕ ਦੀ ਵਾਢੀ ਲਈ ਆਉਣਾ ਸੀ, ਪਰ ਰੇਲ ਗੱਡੀਆਂ ਬੰਦ ਹੋ ਕਾਰਨ ਉਹ ਹੁਣ ਨਹੀਂ ਆਉਣਗੇ।

ਪਰਵਾਸੀ ਮਜ਼ਦੂਰ ਦਾ ਪਲਾਇਨ
Getty Images
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਰਵਾਸੀ ਮਜ਼ਦੂਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੂਬਾ ਛੱਡ ਕੇ ਨਾ ਜਾਣ

ਪੰਜਾਬ ਸਰਕਾਰ ਦੀ ਪਰਵਾਸੀ ਮਜ਼ਦੂਰਾਂ ਨੂੰ ਅਪੀਲ

ਪੰਜਾਬ ਸਰਕਾਰ ਦਾ ਵੀ ਮੰਨਣਾ ਹੈ ਕਿ ਜੇਕਰ ਪ੍ਰਵਾਸੀ ਮਜ਼ਦੂਰ ਵੱਡੀ ਗਿਣਤੀ ਵਿੱਚ ਸੂਬੇ ਵਿੱਚੋਂ ਪਲਾਇਨ ਕਰ ਗਏ ਤਾਂ ਸਥਿਤੀ ਗੰਭੀਰ ਹੋ ਜਾਵੇਗੀ।

ਇਸ ਕਰ ਕੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਰਵਾਸੀ ਮਜ਼ਦੂਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੂਬਾ ਛੱਡ ਕੇ ਨਾ ਜਾਣ।

ਮੁੱਖ ਮੰਤਰੀ ਨੇ ਆਪਣੇ ਸੰਦੇਸ਼ ਵਿੱਚ ਆਖਿਆ ਹੈ ਕਿ ਸੂਬਾ ਸਰਕਾਰ ਉਨ੍ਹਾਂ ਦਾ ਪੂਰਾ ਖ਼ਿਆਲ ਰੱਖੇਗੀ ਅਤੇ ਕਿਸੇ ਵੀ ਤਰ੍ਹਾਂ ਦੀ ਦਿੱਕਤ ਉਨ੍ਹਾਂ ਨੂੰ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।

ਕੈਪਟਨ ਅਮਰਿੰਦਰ ਸਿੰਘ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਵੀ ਫ਼ੋਨ ਕਰ ਕੇ ਮਜ਼ਦੂਰਾਂ ਨੂੰ ਪੰਜਾਬ ਨਾ ਛੱਡਣ ਦੀ ਅਪੀਲ ਕੀਤੀ ਹੈ।

ਪਰਵਾਸੀ ਮਜ਼ਦੂਰ ਦਾ ਪਲਾਇਨ
Getty Images
ਸੰਕੇਤਕ ਤਸਵੀਰ

ਪੰਜਾਬ ਵਿੱਚ ਪਰਵਾਸੀਆਂ ਦੀ ਗਿਣਤੀ

ਆਰਥਿਕ ਮਾਮਲਿਆਂ ਦੇ ਜਾਣਕਾਰ ਅਤੇ ਕੱਰਿਡ ਸੰਸਥਾਨ ਦੇ ਮੁਖ਼ੀ ਪ੍ਰੋਫੈਸਰ ਆਰ ਐੱਸ ਘੁੰਮਣ ਕਹਿੰਦੇ ਹਨ ਕਿ ਕੋਈ ਤਾਜ਼ਾ ਅਧਿਐਨ ਇਸ ਬਾਰੇ ਨਹੀਂ ਹੈ ਪਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਉਨ੍ਹਾਂ ਦੀ ਅਗਵਾਈ ਵਿੱਚ ਕਰਵਾਏ ਗਏ ਇੱਕ ਅਧਿਐਨ ਮੁਤਾਬਕ ਸੂਬੇ ਵਿੱਚ 8-10 ਲੱਖ ਪਰਵਾਸੀ ਮਜ਼ਦੂਰ ਹਨ। ਇਹ ਜ਼ਿਆਦਾਤਰ ਬਿਹਾਰ ਅਤੇ ਯੂਪੀ ਨਾਲ ਸਬੰਧਿਤ ਹੁੰਦੇ ਹਨ।

ਪ੍ਰੋਫੈਸਰ ਘੁੰਮਣ ਮੁਤਾਬਕ ਪਰਵਾਸੀ ਮਜ਼ਦੂਰ ਤਿੰਨ ਤਰ੍ਹਾਂ ਦੇ ਕੰਮ ਕਰਦੇ ਹਨ, ਪਹਿਲਾ ਖੇਤ ਮਜ਼ਦੂਰ ਅਤੇ ਖੇਤੀ ਸੈਕਟਰ ਨਾਲ ਜੁੜੇ ਕੰਮ ਕਾਰ।

ਦੂਜਾ ਪਿੰਡਾਂ ਅਤੇ ਸ਼ਹਿਰਾਂ ਵਿੱਚ ਇਮਾਰਤਾਂ ਅਤੇ ਪੁਲਾਂ ਸੜਕਾਂ ਦੀ ਉਸਾਰੀ ਅਤੇ ਫ਼ੈਕਟਰੀਆਂ ਵਿੱਚ ਮਜ਼ਦੂਰ ਅਤੇ ਤੀਜਾ ਰਿਕਸ਼ਾ- ਆਟੋ ਡਰਾਈਵਿੰਗ, ਸਬਜ਼ੀ ਫਲਾਂ ਦੀਆਂ ਰੇਹੜੀਆਂ ਲਾਉਣ ਵਾਲੇ ਛੋਟੇ ਮੋਟੇ ਕੰਮ।

ਪ੍ਰੋਫੈਸਰ ਘੁੰਮਣ ਮੁਤਾਬਕ ਖੇਤ ਮਜ਼ਦੂਰ ਤਾਂ ਜ਼ਿਆਦਾਤਰ ਸੀਜ਼ਨ ਉੱਤੇ ਆਉਂਦੇ ਹਨ, ਜਿਹੜੇ ਹੁਣ ਕਣਕ ਦੀ ਵਾਢੀ ਲਈ ਆਉਣੇ ਸਨ।

ਕਣਕ ਹੇਠ ਕਿੰਨਾ ਰਕਬਾ

ਪੰਜਾਬ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਸੁਤੰਤਰ ਕੁਮਾਰ ਐਰੀ ਨੇ ਦੱਸਿਆ ਕਿ ਕਰੀਬ 35 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਕੀਤੀ ਗਈ ਹੈ ਜਿਸ ਤੋਂ 1.80 ਤੋਂ 1.84 ਲੱਖ ਟਨ ਕਣਕ ਹੋਣ ਦੀ ਉਮੀਦ ਹੈ।

ਉਨ੍ਹਾਂ ਦੱਸਿਆ ਕਿ ਕਿਸਾਨ ਨੂੰ ਕਿਸੇ ਵੀ ਤਰ੍ਹਾਂ ਦੀ ਦਿਕੱਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਰਕਾਰ ਦੇ ਆਦੇਸ਼ ਮੁਤਾਬਕ ਕਿਸਾਨਾਂ ਨੂੰ ਵਢਾਈ ਸਮੇਂ ਜ਼ਿਆਦਾ ਇਕੱਠ ਨਾ ਕਰਨ (ਸੋਸ਼ਲ ਡਿਸਟੈਨਸਿੰਗ), ਲੇਬਰ ਲਈ ਮਾਸਕ ਦਾ ਪ੍ਰਬੰਧ ਕਰਨ ਪ੍ਰਤੀ ਜਾਗਰੂਕ ਕੀਤਾ ਜਾਵੇਗਾ।

ਪੰਜਾਬ ਸਰਕਾਰ ਦੀ ਇੱਕ ਵੱਖਰੀ ਸੂਚਨਾ ਮੁਤਾਬਕ, ਜ਼ਿੰਮੀਦਾਰਾਂ ਦੀ ਸੁਵਿਧਾ ਲਈ ਫ਼ਸਲ ਦੀ ਕਟਾਈ ਲਈ ਕੰਬਾਈਨਾਂ ਨੂੰ ਚਲਾਉਣ ਦੀ ਢਿੱਲ ਦਿੰਦਿਆਂ ਕਿਹਾ ਗਿਆ ਹੈ ਕਿ ਜੇਕਰ ਕੰਬਾਈਨ ਨੂੰ ਮੁਰੰਮਤ ਕਰਵਾਉਣ ਜਾਂ ਕਿਸੇ ਸਪੇਅਰ ਪਾਰਟਸ ਦੀ ਜ਼ਰੂਰਤ ਮਹਿਸੂਸ ਹੋਵੇ ਤਾਂ ਦੁਕਾਨ ਖੁਲਵਾ ਕੇ ਮੁਰੰਮਤ/ਸਪੇਅਰ ਪਾਰਟ ਲਿਆ ਜਾ ਸਕਦਾ ਹੈ।

ਕਟਾਈ ਉਪਰੰਤ ਫ਼ਸਲ ਦੀ ਸੰਭਾਲ ਅਤੇ ਢੋਆ-ਢੁਆਈ ਲਈ ਵਰਤੀ ਜਾਣ ਵਾਲੀ ਮਸ਼ੀਨਰੀ ਨੂੰ ਵਰਤੋਂ ਵਿੱਚ ਲਿਆਉਣ ਲਈ ਵੀ ਢਿੱਲ ਦਿੱਤੀ ਜਾਵੇਗੀ।

ਸੂਚਨਾ ਮੁਤਾਬਕ ਅਗਰ ਕੋਈ ਕੰਬਾਈਨ ਮਾਲਕ ਬਾਹਰਲੇ ਰਾਜਾਂ/ਜ਼ਿਲ੍ਹਿਆਂ ਵਿੱਚ ਕੰਬਾਈਨ ਲੈ ਕੇ ਜਾਣਾ ਚਾਹੁੰਦਾ ਹੋਵੇ, ਤਾਂ ਉਹ ਕੰਬਾਈਨ ਲੈ ਕੇ ਜਾ ਸਕਦਾ ਹੈ। ਪਰ ਇਸ ਦੀ ਸ਼ਰਤ, ਕੋਵਿਡ 19 ਅਧੀਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਦੀ ਵਰਤੋਂ ਕਰਨੀ ਯਕੀਨੀ ਬਣਾਉਣੀ ਹੋਵੇਗੀ।

ਹਰਿਆਣਾ ਦੀ ਸਥਿਤੀ

ਪੰਜਾਬ ਦੇ ਨਾਲ ਨਾਲ ਹਰਿਆਣਾ ਦੀ ਸਥਿਤੀ ਵੀ ਇਸ ਤਰ੍ਹਾਂ ਦੀ ਹੈ।

ਪਿੰਡ ਫੂਲਕਾਂ ਦੇ ਨੇੜੇ ਆਪਣੇ ਖੇਤ ਵਿੱਚ ਆਪਣੀ ਪਤਨੀ ਨਾਲ ਸਰੋਂ ਦੀ ਫ਼ਸਲ ਦੀ ਵਾਢੀ ਕਰ ਰਹੇ ਕਿਸਾਨ ਨੇ ਕਿਹਾ, “ਅਸੀਂ ਘਰਾਂ ਦੇ ਅੰਦਰ ਬੈਠ ਜਾਵਾਂਗੇ ਤਾਂ ਖਾਵਾਂਗੇ ਕੀ? ਸ਼ਹਿਰ ਦੇ ਲੋਕ ਕਿਥੋਂ ਖਾ ਲੈਣਗੇ। ਸਾਨੂੰ ਤਾਂ ਕੰਮ ਕਰਨਾ ਹੀ ਪਵੇਗਾ। ਅਸੀਂ ਕੰਮ ਕਰਾਂਗੇ ਤਾਂ ਹੀ ਲੋਕਾਂ ਦੇ ਢਿੱਡ ''ਚ ਅਨਾਜ ਦਾ ਦਾਣਾ ਜਾਵੇਗਾ।”

ਉਨ੍ਹਾਂ ਅੱਗੇ ਕਿਹਾ, “ਜੇਕਰ ਹੁਣ ਹਾੜੀ ਨਾ ਸੰਭਾਲੀ ਫਿਰ ਨਾ ਤਾਂ ਸਾਡੀ ਕੋਠੀ ਦਾਣੇ ਪੈਣੇਗੇ ਅਤੇ ਨਾ ਹੀ ਦੇਸ਼ ਦੇ ਅਨਾਜ ਭੰਡਾਰ ਭਰਨਗੇ। ਚਲੋ ਸਾਨੂੰ ਤਾਂ ਫਿਰ ਵੀ ਸਰਕਾਰ ਖਾਣ ਜੋਗਾ ਕੁਝ ਦਿਨ ਰਾਸ਼ਨ ਦੇ ਦੇਵੇਗੀ, ਪਰ ਸਾਡੇ ਪਸ਼ੂਆਂ ਦਾ ਕੀ ਬਣੇਗਾ? ਇੱਕ ਵਕਤ ਪਸ਼ੂ ਨੂੰ ਚਾਰਾ ਨਾ ਪਾਇਆ ਤਾਂ ਅਗਲੇ ਵਕਤ ਉਹ ਦੁੱਧ ਕਿਥੋਂ ਦੇਣਗੇ?”

ਸਿਰ ਮੂੰਹ ਚੰਗੀ ਤਰ੍ਹਾਂ ਢੱਕ ਕੇ ਆਪਣੀ ਪਤਨੀ ਨਾਲ ਸਰੋਂ ਦੀ ਵਾਢੀ ਕਰ ਰਹੇ ਕਿਸਾਨ ਨੇ ਕਿਹਾ ਕਿ ਅਸੀਂ ਤਾਂ ਘਰਾਂ ਨੂੰ ਲੌਕਡਾਊਨ ਕਰ ਕੇ ਖੇਤ ''ਚ ਇਕਾਂਤਵਾਸ ਹੋ ਗਏ ਹਾਂ।

ਦੇਸ਼ ਵਿੱਚ ਲੌਕਡਾਊਨ ਕਾਰਨ ਸੁੰਨ-ਸਾਨ ਪਈ ਬਾਜੇਕਾਂ ਫੂਲਕਾਂ ਸੜਕ ਦੇ ਕਿਨਾਰੇ ਫ਼ਸਲ ਦੀ ਵਾਢੀ ਕਰਦੇ ਕਿਸਾਨ ਨੇ ਕਿਹਾ ਕਿ ਜੇ ਵਾਢੀ ਵੇਲੇ ਸਿਰ ਨਾ ਹੋਈ ਤਾਂ ਇਹ ਜ਼ਿਆਦਾ ਪੱਕ ਕੇ ਖੇਤ ਵਿੱਚ ਹੀ ਕਿਰ ਸਕਦੀ ਹੈ। ਬੇਮੌਸਮੀ ਮੀਂਹ ਨਾਲ ਇਸ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ, ਮਜ਼ਦੂਰਾਂ ਦੀ ਵੀ ਘਾਟ ਹੈ ਹੁਣ ਤਾਂ ਖ਼ੁਦ ਹੀ ਕੰਮ ਕਰਨਾ ਪੈਣਾ ਹੈ।

ਉਹਾਂ ਕਿਹਾ, “ਵਾਢੀ ਤਾਂ ਅਸੀਂ ਔਖੇ ਸੌਖੇ ਹੋ ਕੇ ਕਰ ਲਵਾਂਗੇ, ਪਰ ਇਹ ਨਹੀਂ ਪਤਾ ਨਹੀਂ ਇਸ ਦੀ ਵਿੱਕਰੀ ਹੋਵੇਗੀ ਕਿ ਨਹੀਂ।”

ਕਿਸਾਨਾਂ ਮੁਤਾਬਕ ਕਣਕ ਦੀ ਵਾਢੀ ਦਾ ਕੰਮ ਤਾਂ ਮਸ਼ੀਨਾਂ (ਕੰਬਾਈਨਾਂ) ਦੇ ਜਰੀਏ ਕੀਤਾ ਜਾ ਸਕੇਗਾ ਪਰ ਕੁਝ ਫਸਲਾਂ ਦੀ ਵਾਢੀ ਤਾਂ ਕਿਸਾਨਾਂ ਨੂੰ ਹੱਥਾਂ ਨਾਲ ਹੀ ਕਰਨੀ ਪਵੇਗੀ। ਛੋਲਿਆਂ ਦੀ ਫਸਲ ਦੀ ਵਾਢੀ ਵੀ ਕਿਸਾਨਾਂ ਨੂੰ ਹੱਥੀ ਕਰਨੀ ਪਵੇਗੀ। ਕਿਸਾਨਾਂ ਨੂੰ ਜਿੱਥੇ ਵਾਢੀ ਦੇ ਪਛੜਨ ਦਾ ਖ਼ਦਸ਼ਾ ਹੈ ਉੱਥੇ ਹੀ ਉਹਨਾਂ ਨੂੰ ਇਸ ਦੇ ਵਿਕਣ ਦੀ ਚਿੰਤਾ ਵੀ ਹੈ।

ਕੋਰੋਨਾਵਾਇਰਸ
BBC

ਕੋਰੋਨਾਵਾਇਰਸ ਹੈਲਪਲਾਈਨ
MoHFW_INDIA
ਕੋਰੋਨਾਵਾਇਰਸ
BBC

ਇਹ ਵੀ ਦੇਖੋ:

https://www.youtube.com/watch?v=gHJA8s6C6F8

https://www.youtube.com/watch?v=DB61pSkKZdA

https://www.youtube.com/watch?v=sLO8tI1eGX8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News